15 December 2025

ਲਹਿੰਦੇ ਸੂਰਜ ਦੀ ਸੁਰਖੀ: ਕਾਵਿ ਸੰਗ੍ਰਹਿ — ਰੀਵਿਊਕਾਰ: ਅਤਰਜੀਤ ਕਹਾਣੀਕਾਰ

ਪੁਸਤਕ: ਲਹਿੰਦੇ ਸੂਰਜ ਦੀ ਸੁਰਖੀ: ਕਾਵਿ ਸੰਗ੍ਰਹਿ — ਰੀਵਿਊਕਾਰ: ਅਤਰਜੀਤ ਕਹਾਣੀਕਾਰ
ਸ਼ਾਇਰ: ਗੁਰਨਾਮ ਢਿੱਲੋਂ
ਰੀਵਿਊਕਾਰ: ਅਤਰਜੀਤ ਕਹਾਣੀਕਾਰ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ

ਗੁਰਨਾਮ ਢਿੱਲੋਂ ਪ੍ਰਵਾਸੀ ਸ਼ਾਇਰ ਨੂੰ ਜਿੰਨਾ ਕੁ ਪੜ੍ਹ ਕੇ ਮੈਂ ਜਾਣ ਸਕਿਆ ਹਾਂ, ਉਹ ਕਲਾ ਅਤੇ ਸਾਹਿਤ ਦੇ ਜ਼ਿੰਦਗੀ ਨਾਲ ਰਿਸ਼ਤੇ ਨੂੰ ਖੂਬ ਪਹਿਚਾਣਦਾ ਹੈ। ਵਿਸ਼ਵ ਚਿੰਤਨੀ ਵਿਚਾਰਧਾਰਾ ਉਸ ਦਾ  ਮਾਰਗ ਦਰਸ਼ਨ ਕਰਦੀ ਹੈ। ਉਹ ਕਲਾ ਅਤੇ ਸਾਹਿਤ ਦੀ ਸਮਾਜਿਕ ਅੰਦੋਲਨ ਵਿਚ ਬਣਦੀ ਭੂਮਿਕਾ  ਬਾਰੇ ਪੂਰਨ ਤੌਰ ‘ਤੇ ਸਜੱਗ ਹੈ। ਇਸ ਕਾਵਿ ਸੰਗ੍ਰਹਿ ਦਾ ਪਾਠ ਕਰਦਿਆਂ ਮੈਂ ਡਾਢਾ ਸਕੂਨ ਮਹਿਸੂਸ ਕੀਤਾ ਹੈ। ਕਵੀ ਦੀ ਕਵਿਤਾ ਵਿਚ ਤਸ਼ਬੀਹਾਂ, ਬਿੰਬਾਵਲੀ ਆਦਿ ਦੇ ਬਹੁਤ ਖੂਬਸੂਰਤ ਕਾਵਿ ਰੰਗ ਉੱਘੜੇ ਹਨ। ਉਦਾਹਰਣ ਵਜੋਂ  ਆਪਣੀ ‘ਰਸੀਦ’ ਨਜ਼ਮ ਵਿਚ ਉਹ ਲਿਖਦਾ ਹੈ-

‘ਅਸੀਂ ਕੋਈ ਅੰਬਰ ਤੋਂ ਬਿਜਲੀ ਬਣ ਉਤਰੇ
ਵਿਸ਼ੇਸ਼, ਅਨੋਖੇ, ਕਲਪਿਤ, ਕਰਾਮਾਤੀ ਦੇਵਤੇ ਨਹੀਂ’
(ਪੰਨਾ 9)

ਇਸੇ ਤਰਾਂ-
‘ਜ਼ਖਮੀ ਹੋਈਆਂ ਤਿਤਲੀਆਂ ਦਾ
ਬੇਜ਼ੁਬਾਨ, ਲਾਚਾਰ ਪੰਛੀਆਂ ਦਾ
ਆਸ਼ਿਆਨੇ ਉੱਜੜੇ ਬੋਟਾਂ ਦਾ

ਕਬਰਿਸਤਾਨ ਬਣੀਆਂ ਬਸਤੀਆਂ ਦਾ
ਬੇਕੱਫਣ ਪਈਆਂ ਲਾਸ਼ਾਂ ਦਾ
ਵਿਲਕ ਰਹੇ ਬੱਚਿਆਂ ਦਾ

ਮਾਨਵਵਾਦੀ ਕਾਵਿ ਚਿਤਰ ਪੇਸ਼ ਕਰਦਿਆਂ, ਉਹ ਐਲਾਨ ਕਰਦਾ ਹੈ:

‘ਕਿ ਜ਼ਿੰਦਗੀ ਦਾ ਹਰ ਲਮਹ ਕਿਉਂ ਨਾ
ਉਨ੍ਹਾਂ ਦੇ ਨਾਮ ਰਸੀਦ ਕਰ ਦਿੱਤਾ ਜਾਵੇ

ਉਨ੍ਹਾਂ  ਦੇ ਨਾਮ ਰਸੀਦ ਕਰ ਦਿੱਤਾ ਜਾਵੇ’।
(ਪੰਨਾ 10)

‘ਅਸੀ’ ਨਜ਼ਮ ਵਿਚ ਉਹ ਸੱਤਾਧਾਰੀ ਨੂੰ ਵੰਗਾਰਦਾ ਹੋਇਆ ਲਿਖਦਾ ਹੈ-

‘ਅਸੀਂ ਆਕਾਸ਼ ਜੋ ਸਿਰਜੇ
ਤੁਹਾਨੂੰ ਸੁੱਝ ਨਹੀਂ ਸਕਦੇ
ਅਸਾਡੀ ਜਿੱਤ ਲਾਜ਼ਮ ਹੈ
ਤੁਸੀਂ ਕਰ ਕੁੱਝ ਨਹੀਂ ਸਕਦੇ

ਅਸੀਂ ਪਾ ਕੇ ਲਹੂ ਜੋ ਲਟ ਲਟ
ਦੀਵੇ ਜਗਾਏ ਨੇ
ਤੁਸੀਂ ਅਜ਼ਮਾ ਲਵੋ ਝਖੜ
ਕਦੀ ਵੀ ਬੁੱਝ ਨਹੀਂ ਸਕਦੇ

( ਪੰਨਾ 11 )

ਇਸ ਤਰਾਂ ਉਹ ਆਪਣੀ ਸ਼ਾਇਰੀ ਦੇ ਵਸਤੂ ਤੱਤ ਨੂੰ ਇਨਕਲਾਬੀ ਰੰਗਣ ਵਿਚ ਰੰਗ ਦਿੰਦਾ ਹੈ। ‘ਸ਼ਹਿਨਸ਼ਾਹ ਦਾ ਹੁਕਮ’ ਨਜ਼ਮ ਵਿਚ ਜਿੱਥੇ ਹੁਕਮਰਾਨ ਨੇ ਲਿਖਣ, ਬੋਲਣ ਦੀ ਆਜ਼ਾਦੀ ਉੱਪਰ ਪਾਬੰਦੀ ਲਗਾ ਛੱਡੀ ਹੈ। ਸਹਿਮ ਦਾ ਆਲਮ ਪੈਦਾ ਕਰਨ ਲਈ ਜ਼ੁਬਾਨਬੰਦੀ ਦਾ ਹਥਿਆਰ ਵਰਤ ਕੇ ਸਿਤਮ ਢਾਉਣਾ ਉਸ ਦੀ ਫ਼ਿਤਰਤ ਬਣੀ ਹੋਈ ਹੈ। ਸ਼ਹਿਨਸ਼ਾਹ ਦੇ ਹੁਕਮ ਨੂੰ’ ਟਿਚ ਜਾਣਦਾ ਲਿਖਦਾ ਹੈ-

‘ਸ਼ਹਿਨਸ਼ਾਹ ਦਾ ਹੁਕਮ ਹੈ
ਸੂਰਜ, ਚੰਦ, ਸਿਤਾਰੇ, ਕਹਿਕਸ਼ਾਂ
ਸਭ ਪਾਬੰਦ ਕਰੋ

ਰੋਸ਼ਨੀ ਦੇ ਮੁਨਾਰੇ,
ਅਕਲ ਦੇ ਦਰਵਾਜੇ, ਖਿੜਕੀਆਂ, ਰੋਸ਼ਨਦਾਨ
ਇਕਦਮ ਬੰਦ ਕਰੋ। — ( ਪੰਨਾ 15 )

ਅਜੋਕੇ ਭਗਵੇਂ ਰੰਗ ਦੇ ਵਪਾਰੀਆਂ ਨੂੰ ਵੰਗਾਰਦਾ ਹੈ।

ਕਿਸਾਨ ਦੀ ਘਾਲਣਾ, ਖੇਤਾਂ ਵਿਚ ਕੀਤੀ ਤਪੱਸਿਆ, ਮੰਡੀਆਂ ਵਿਚ ਰੁਲਦੀ ਉਸ ਦੇ ਲਹੂ ਦੀ ਮਹਿਕ, ਸੱਤਾ ਦੀ ਚਤੁਰਾਈ ਭਰੀ ਸਿਆਸਤ, ਬਸਤੀਆਂ ਦਾ ਉਜਾੜਾ, ਮਨੁੱਖੀ ਜਾਨਾਂ ਦੀ ਬਲੀ, ਹੱਕ, ਸੱਚ, ਭਾਈਚਾਰਕ ਸਾਂਝ ਮਿਟਾ ਕੇ ਇੱਕੋ ਰੰਗ ਵਿਚ ਅੰਬਰ ਨੂੰ ਰੰਗਣ ਦੇ ਮਨਸੂਬੇ ਅਤੇ ਕਾਲਖਾਂ ਵਿਰੁੱਧ ਉਠਦੀ ਹਰ ਆਵਾਜ਼ ਦੇ ਗਲ਼ ਉੱਪਰ ਸਤਾਧਾਰੀ ਪੈਰ ਦਾ ਅੰਗੂਠਾ ਦਿੱਤਾ ਹੋਇਆ ਹੈ ਜਿਸ ਨੂੰ ਕਵੀ ‘2024 ਦੀ ਦੀਵਾਲੀ’ ਨਜ਼ਮ ਵਿਚ ਜ਼ੁਬਾਨ ਦਿੰਦਾ ਹੈ।

ਇਸ ਕਾਲਖ ਭਰੀ ਰਾਤ ਵਿਰੁੱਧ ਉੱਠੀਆਂ ਹੱਕੀ ਆਵਾਜ਼ਾਂ ਸੀਖਾਂ ਅੰਦਰ ਤਾੜੀਆਂ ਹੋਈਆਂ ਹਨ। ਦਰਜਨਾਂ ਹੀ ਬੁੱਧੀਜੀਵੀਆਂ, ਪਤਰਕਾਰਾਂ, ਇਤਿਹਾਸਕਾਰਾਂ, ਅਧਿਆਪਕਾਂ, ਵਿਦਆਰਥੀਆਂ ਨੂੰ ਜੇਲ੍ਹੀ ਤੂੜਿਆ ਹੋਇਆ ਹੈ। ਹੁਕਮਰਾਨ ਦੀ ਇਕਪਾਸੜ ਫਿਰਕੂ ਸਿਆਸਤ ਨੂੰ ‘ਸ਼ਹਿਨਸ਼ਾਹ ਦਾ ਹੁਕਮ’ ਨਾਮੀ ਕਵਿਤਾ ਵਿਚ ਵਿਅੰਗਾਤਮਕ ਸ਼ੈਲੀ ਵਿਚ ਦ੍ਰਿਸ਼ਟੀਮਾਨ ਕੀਤਾ ਹੈ:

‘ਸ਼ਹਿਨਸ਼ਾਹ ਹੈ ਦਾਨਾ-ਬੀਨਾ, ਡਾਢਾ ਸ਼ਾਤਰ
ਵਾਂਙ ‘ਸ਼ਕੁਨੀ’ ਚਾਲ ਚਲਾਵੇ
ਰਾਜ-ਭਾਗ ਦੀ ਬਾਜ਼ੀ ਜਿੱਤੇ
ਹੱਕ-ਹਕੂਕ ਤੇ ਸਦਾਚਾਰ ਨੂੰ ਖੂਹ ਵਿਚ ਪਾਵੇ
ਭਖੀ ਸਿਆਸਤ ਦੇ ਅੰਬਰ ਨੂੰ ਜ਼ਾਤ-ਪਾਤ ਦੀ ਟਾਕੀ ਲਾਵੇ। —
( ਪੰਨਾ 16 )

ਥੋੜੇ ਸ਼ਬਦਾਂ ਵਿਚ ਕੁੱਜੇ ਵਿਚ ਸਮੁੰਦਰ ਬੰਨ੍ਹਣ ਦੀ ਕਲਾ ਦਾ ਪ੍ਰਮਾਣ ਹੈ।

ਕਵੀ  ਵਿਸ਼ਵ ਦ੍ਰਿਸ਼ਟੀਕੋਣ ਅਨੁਸਾਰ ਆਪਣੇ ਜੀਵਨ ਵਿਚ ਵਿਚਰਦਾ, ਅਮਲ ਦਾ ਯੋਧਾ, ਕਰਨੀ ਦਾ ਪਹਿਰੇਦਾਰ, ਸੰਸਾਰ ਵਰਤਾਰਿਆਂ ਤੋਂ ਵੀ ਅਣਭਿੱਜ ਨਹੀਂ। ਉਹ ਫਲਸਤੀਨ ਦਾ ਪੱਖ ਪੂਰਦਿਆਂ ਅਤੇ ਜੰਗਬਾਜ਼ ਇਜਰਾਈਲ ਨੂੰ ਵੰਗਾਰਦਾ ‘ਫਲਸਤੀਨ’ ਨਾਮੀ ਕਵਿਤਾ ਵਿਚ ਲਿਖਦਾ ਹੈ :

‘ਵੇਖੋ! ਜ਼ਾਲਮ ਕਿੰਨਾ
ਕਹਿਰ ਗੁਜ਼ਾਰ ਰਿਹਾ ਹੈ
ਕੋਹ ਕੋਹ ਕੇ ਨਿਰਦੋਸ਼ਾਂ ਤਾਈਂ ਮਾਰ ਰਿਹਾ ਹੈ
ਮਾਨਵਤਾ ਨੂੰ ਕਰ ਅੱਜ ਸ਼ਰਮਸਾਰ ਰਿਹਾ ਹੈ
ਫਾਸ਼ੀਵਾਦੀ ਨਾਗ ਕਿਵੇਂ ਫੁੰਕਾਰ ਰਿਹਾ ਹੈ’। — ( ਪੰਨਾ 21)

ਸੁਖ, ਰੁਜ਼ਗਾਰ ਅਤੇ ਸੁਖੈਨ ਜ਼ਿੰਦਗੀ ਦੀ ਤਾਂਘ ਲੈ ਕੇ ਵਿਦੇਸ਼ ਵਿਚ ਜੀਵਨ ਬਸਰ ਕਰਨ ਵਾਲੀ ਤਾਰ ਤਾਰ ਹੋ ਰਹੀ ਮਾਨਸਿਕਤਾ ਨੂੰ ‘ਜੀਵਨ ਬਸਰ’ ਕਵਿਤਾ ਵਿਚ ਹੇਠ ਲਿਖੇ ਅਨੁਸਾਰ ਪ੍ਰਭਾਸ਼ਿਤ ਕੀਤਾ ਗਿਆ ਹੈ:

‘ਡਾਢਾ ਅਚੰਭਿਤ ਹੈਰਾਨ ਸੀ ਮੈਂ
ਕਿਸ ਜਗਾਹ ਬਿਰਾਜਮਾਨ ਸੀ ਮੈਂ!
ਓਥੇ ਭਲਾ ਮੈਂ ਕਿਹੜਾ ਸੂਰਜ ਭਾਲ ਰਿਹਾ ਸੀ?

ਕਿਤਨਾ ਪ੍ਰੇਸ਼ਾਨ ਸੀ ਮੈਂ!
ਉਸ ਪ੍ਰਬੰਧ ਵਿਚ ਖੁਰ ਖੁਰ ਕੇ ਖ਼ਤਮ ਹੋਂਣ ਵਿਰੁੱਧ-

‘ਅਚਾਨਕ ਉਠ ਕੇ ਮੈਂ ਬਾਗੀ ਡਗਰ ‘ਤੇ ਤੁਰ ਪਿਆ ਸੀ’ —( ਪੰਨਾ 23 )

‘ਦੀਵਾਲੀ’, ‘ਬੰਦੀ ਛੋੜ  ਨਜ਼ਮਾਂ ਵਿਚ ਧਾਰਮਿਕ ਸਥਾਨਾਂ ‘ਤੇ ਹੁੰਦੇ ਪ੍ਰਪੰਚ, ਰੋਸ਼ਨੀਆਂ. ਪਟਾਕੇ ਪਰ ਧਰਤੀ ਉੱਪਰ ਵਰਤਦੇ ਕਹਿਰ ਵੱਲ ਅੱਖਾਂ ਮੀਟ ਕੇ ਲੰਘ ਜਾਣਾ ਜਿਵੇਂ ਫਲਸਤੀਨੀ ਲੋਕਾਂ ਉੱਪਰ ਇਜਰਾਈਲਾਂ ਵੱਲੋਂ ਅਤਿਆਚਾਰਾਂ ਦੇ ਲੂੰਬੇ. ਵਿਲਕਦੇ, ਤੜਪਦੇ ਬੱਚੇ ਅਤੇ ਜਨਮ ਤੋਂ ਪਹਿਲਾਂ ਖੂੰਨ ‘ਚ ਡੁੱਬੇ ਸੁਪਨੇ. ਸੰਘ ‘ਚ ਮੋਈਆਂ ਲੋਰੀਆਂ ਵੱਲ ਸਾਡਾ ਧਿਆਨ ਕਿਉਂ ਨਹੀਂ ਜਾਂਦਾ? ਵੱਡਾ ਪ੍ਰਸ਼ਨ ਹੈ?

ਕਵੀ ਦੇ ਵਿਚਾਰ ਅਨੁਸਾਰ ‘ਸ਼ਾਇਰ ਅਤੇ ਕਵਿਤਾ’ ਬਾਬੇ ਨਾਨਕ ਵਾਂਙ ਮਰਦਾਨੇ ਨੂੰ ਨਾਲ ਲੈ ਕੇ ਤੁਰਦੀ ਹੈ। ਕਵਿਤਾ ਕਦੇ ਬਾਦਸ਼ਾਹ ਦਰਵੇਸ਼ ਦੇ ਨਾਲ ਸਫ਼ਰ ਕਰਦੀ ‘ ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ’ ਬਣ ਜਾਂਦੀ ਹੈ। ਸੱਤਾਧਾਰੀ ਬਾਰੇ ਉਸ ਦਾ ਨਜ਼ਰੀਆ ਹੈ ਕਿ:

‘ਨਿਰਾ ਛਲੇਡਾ ਹੈ ਉਹ
ਹਰ ਪਲ ਆਪਣਾ ਰੂਪ-ਰੰਗ, ਢੰਗ ਬਦਲੇ!
ਕਦੀ ਹਰਨਾਕਸ਼, ਕਦੀ ਕੰਸ, ਕਦੀ ਸ਼ਕੁਨੀ
ਕਦੀ ਦੁਰਯੋਜਨ, ਕਦੀ ਦੁਸ਼ਾਸਨ ਦੀ ਜੂਨੀ ਧਾਰੇ
ਨਿਰਾ ਛਲੇਡਾ ਹੈ ਉਹ। —-( ਪੰਨਾ 36)

‘ ਨਵਾਂ ਸਾਲ-2 ਕਵਿਤਾ ਵਿਚ ਉਹ ਕਾਮਨਾ ਕਰਦਾ ਹੈ:

‘ ਜ਼ਮਾਨੇ ਵਿਚ ਵਗੇ ਮੁਹੱਬਤ ਦੀ ਹਵਾ
ਆਓ! ਰਲ਼- ਮਿਲ ਕੇ ਕਰੀਏ ਇਹ ਦੁਆ’
( ਪੰਨਾ 33 )

ਸੱਠ ਕਵਿਤਾਵਾਂ ਦੇ ਇਸ ਸੰਗ੍ਰਹਿ  ਦੀ ਰੂਹ ਤਕ ਜਾ ਕੇ ਮੈਂ ਵੇਖਿਆ ਹੈ। ਇਸ ਸੰਗ੍ਰਹਿ ਵਿਚ ਗੁਰਨਾਮ ਢਿੱਲੋਂ ਦੀਆਂ ਤੁਕ ਰਹਿਤ ਖੁਲ੍ਹੀਆਂ ਕਵਿਤਾਵਾਂ, ਮਿੰਨੀ ਕਵਿਤਾਵਾਂ, ਤੁਕ ਬੱਧ ਕਵਿਤਾਵਾਂ ਸਮੇਤ ਦੋ ਦਰਜਨ ਗ਼ਜ਼ਲਾਂ ਸ਼ਾਮਲ ਹਨ। ਕੁੱਝ ਸ਼ੇਅਰ ਨਮੂਨੇ ਵਜੋਂ ਪੇਸ਼ ਹਨ:
‘ਇਕ ਦਿਨ ਸੂਰਜ ਨੇ ਮੇਰੇ ਕੰਨ ਵਿਚ ਆਖਿਆ
ਤੇਰੀ, ਮੇਰੀ ਸਾਂਝ ਯਾਰਾ! ਰਾਜ਼ ਹੁੰਦੀ ਜਾ ਰਹੀ ਹੈ’।—( ਪੰਨਾ 89 )

ਵਿਚ-ਵਿਚਾਲੇ ਦਾ ਦੋਗਲਾਪਣ ਉਸ ਦੇ ਸੁਭਾਅ ਦਾ ਹਿੱਸਾ ਨਹੀਂ:
‘ਆ ਮੇਰੇ ਦਿਲ ਵਿਚ ਵਸ ਜਾ, ਫੈਸਲਾ ਕਰ, ਜਾਂ ਉਧਰ ਹੋ ਜਾ’।—(ਪੰਨਾ 99 )

ਜੇ ਜ਼ਿੰਦਗੀ ਨਾਲ ਆਪਣੀ ਪ੍ਰਤੀਬੱਧਤਾ ਨਾਮੀ ਵਫ਼ਾ ਤਜ ਦਿੱਤੀ ਤਾਂ ਕਵੀ ਜਿਉਂਦਿਆਂ ਵਿਚ ਨਹੀਂ ਰਹੇ ਗਾ। ਗੁੰਮਨਾਮੀ ਦੀ ਗੁਫ਼ਾ ਦੇ ਹਨੇਰੇ ਵਿਚ ਗੁਆਚ ਜਾਵੇ ਗਾ।
‘ਸੂਰਜ ਨੂੰ ਬੇਦਾਵਾ ਦੇ ਕੇ ‘ਨੇਰ ਗੁਫ਼ਾ ਵਿਚ ਮਰ ਜਾਵੇਂ ਗਾ’
( ਪੰਨਾ 101 )

ਮੈਂ ‘ਲਹਿੰਦੇ ਸੂਰਜ ਦੀ ਸੁਰਖੀ’ ਕਾਵਿ ਸੰਗ੍ਰਹਿ ਨੂੰ ਜੀ ਆਇਆਂ ਆਖਦਾ ਹਾਂ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1672
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ