ਡਾ. ਜਸਵਿੰਦਰ ਸਿੰਘ ਹੁਰਾਂ ਦਾ ਨਾਵਲ “ਸੁਰਖ ਸਾਜ਼” ਮਾਤ ਭੂਮੀ ਦੀ ਬਦਹਾਲ ਸੂਰਤ ਤੋਂ ਭਾਂਜਵਾਦੀ ਹੋਏ ਮਨੁੱਖਾਂ ਦੀ ਪਰਵਾਸ ਧਾਰਨ ਕਰਨ ਦੀ ਮਜਬੂਰੀ ਜਾਂ ਅਕਾਂਖਿਆ ਵਿੱਚੋਂ ਉੱਪਜੇ ਬਹੁਤ ਹੀ ਗੁੰਝਲ਼ਾਏ ਅਤੇ ਉਲਝੇ ਤਾਣੇ ਬਾਣੇ ਦੇ ਧਰਾਤਲ ਉੱਤੇ ਫ਼ੈਲੇ ਬਦਹਵਾਸ ਜੀਵਨਾਂ ਦੀ ਦਾਸਤਾਨ ਬਿਆਨਦਾ ਕਿਸੇ ਹੱਦ ਵਿਅੰਗਾਤਮਕ ਨਾਵਲ ਹੈ। ਮਨੁੱਖ ਦੀ ਚੰਗਾ ਜੀਵਨ ਜਿਉਣ ਦੀ ਬੇਥਵ੍ਹੀ ਲਲਕ ਅਤੇ ਲਾਲਸਾ ਵਿੱਚੋਂ ਪੈਦਾ ਹੋਈ ਕੋਝੀ ਤਸਵੀਰ ਅਤੇ ਭੈੜੀ ਤਕਦੀਰ ਦਾ ਕਥਾਨਕ ਸਿਰਜਦਾ ਨਾਵਲ ਹੈ। ਦੁਆਬੇ ਦੇ ਧਰਾਤਲੀ ਕੈਨਵਸ ਤੇ ਉਸਾਰਿਆ ਗਿਆ ਇਹ ਨਾਵਲੀ ਪਲਾਟ, ਵਿਸ਼ਾ ਵਸਤੂ ਦੇ ਪੱਖੋਂ ਪੰਜਾਬ ਅਤੇ ਅਮਰੀਕਾ ਦੀ ਧਰਤੀ ਤੇ ਵਿੱਚਰਦੇ ਕੁੱਝ ਲੋਕਾਂ ਰਾਹੀਂ ਜਨਸਮੂਹ ਦੀ ਪ੍ਰਤੀਨਿਧਤਾ ਕਰਦੇ ਪਾਤਰਾਂ ਦੇ ਜੀਵਨਾਂ ਉੱਪਰ ਆਧਾਰਿਤ ਹੈ। ਜਦੋਂ ਜੀਵਨ ਵਿੱਚੋਂ ਸਰਲਤਾ, ਸਾਦਗੀ ਅਤੇ ਸਪਸ਼ਟਤਾ ਵਰਗੇ ਤੱਤ ਖ਼ਾਰਜ ਹੋ ਜਾਂਦੇ ਹਨ ਤਾਂ ਪਰਿਵਾਰਿਕ ਅਤੇ ਸਾਮਾਜਿਕ ਗੁੰਝਲਾਂ ਵਧ ਜਾਂਦੀਆਂ ਹਨ,ਜਿਸ ਦੇ ਸਿੱਟੇ ਵਜੋਂ ਮਨੁੱਖ ਦੀਆਂ ਮਾਨਸਿਕ ਪਰੇਸ਼ਾਨੀਆਂ ਵਿੱਚ ਬੇਹਿਸਾਬ ਵਾਧਾ ਹੋ ਜਾਂਦਾ ਹੈ। ਆਮ ਲੋਕ ਤਾਂ ਅਜਿਹੇ ਵਿਹਾਰ ਨੂੰ ਕੇਵਲ ਚੁੱਪ-ਚਾਪ ਭੋਗਦੇ ਰਹਿ ਜਾਂਦੇ ਅਤੇ ਕੁੱਝ ਕਰ ਨਹੀਂ ਸਕਦੇ । ਅਜਿਹੇ ਵਿੱਚ ਸਮਰੱਥ ਸਾਹਿਤਕਾਰ ਹੀ ਹੁੰਦਾ ਹੈ ਜਿਹੜਾ ਬੀਤ ਰਹੇ ਸਾਮਾਜਿਕ , ਆਰਥਿਕ , ਰਾਜਨੀਤਕ ਅਤੇ ਧਾਰਮਿਕ ਪ੍ਰਬੰਧ ਉੱਤੇ ਨਜ਼ਰਸਾਨੀ ਕਰਦਿਆਂ ਆਪਣੀ ਕਲਮ ਚੁੱਕਦਾ ਹੈ ਅਤੇ ਸਮਾਜ ਦੇ ਸੁਧਾਰ ਦੀ ਗੱਲ ਛੇੜਦਾ ਹੈ। ਉਹ ਆਪ ਅਜਿਹਾ ਜੀਵਨ ਬਿਲਕੁਲ ਨਹੀਂ ਜਿਉਂ ਰਿਹਾ ਹੁੰਦਾ, ਫ਼ੇਰ ਵੀ ਉਹ ਲੋਕਤਾ ਦੀ ਪੀੜ ਨੂੰ ਮਹਿਸੂਸ ਕਰਦਾ ਹੈ। ਉਸਦੀ ਜਾਗਦੀ ਜ਼ਮੀਰ ਅਤੇ ਸ਼ੁੱਧ ਸੰਵੇਦਨਾ ਉਸ ਦੇ ਅਵਚੇਤਨ ਨੂੰ ਹੰਘਾਲ਼ ਕੇ ਬੇਮਿਸਾਲ ਰਚਨਾ ਕਰ ਜਾਣ ਦਾ ਸਬੱਬ ਬਣ ਜਾਂਦੀ ਹੈ। ਡਾ. ਜਸਵਿੰਦਰ ਸਿੰਘ ਹੁਰਾਂ ਦੇ ਨਾਵਲ “ਸੁਰਖ਼ ਸਾਜ਼” ਬਾਰੇ ਮੈਂ ਏਸੇ ਸਿੱਟੇ ਤੇ ਪੁੱਜੀ ਹਾਂ। ਨਾਵਲਕਾਰ ਨੇ ਆਪਣੇ ਇਲਾਕੇ ਦੇ ਲੋਕਾਂ, ਹਾਣੀਆਂ, ਦੋਸਤਾਂ ਦੇ ਜੀਵਨਾਂ ਦੇ ਦਰਦ ਅਤੇ ਦਰਦਾਂ ਦੀਆਂ ਪੇਚੀਦਗੀਆਂ ਨੂੰ ਸਮਝਣ ਦਾ ਸਫ਼ਲ ਯਤਨ ਕੀਤਾ ਹੈ। ਵੈਸੇ ਇਹ ਇਲਾਕਾਈ ਨਾਵਲ ਹੈ ਪਰ ਹੁਣ ਇਹ ਸਥਿਤੀ ਭੂਗੋਲਿਕ ਹੋ ਚੁੱਕੀ ਹੈ। ਇਸ ਸਥਿਤੀ ਵਿੱਚ ਇਸ ਨਾਵਲ ਦੇ ਵਿਸ਼ਾ-ਵਸਤੂ ਅਤੇ ਪਰਪੱਕ ਨਿਭਾਅ ਦੇ ਕਾਰਣ ਪੂਰੇ ਸਮਾਜ ਦੀ ਪ੍ਰਤਿਨਿਧਤਾ ਕਰ ਰਿਹਾ ਜਾਪਦਾ ਹੈ, ਜਿਸ ਤਰ੍ਹਾਂ ਦੀ ਜੀਵਨ-ਸ਼ੈਲੀ ਤੋਂ ਇਸ ਦੇ ਪਾਤਰ ਪ੍ਰਭਾਵਿਤ ਹਨ, ਉਸ ਤਰ੍ਹਾਂ ਦੇ ਵਿਘਟਨ ਅਸੀਂ ਬਹੁਤ ਹੇਠਲੇ ਦਰਜੇ ਦੇ ਮਜ਼ਦੂਰ ਵਰਗ ਦੇ ਲੋਕਾਂ ਵਿੱਚ ਵੀ ਦੇਖ ਰਹੇ ਹਾਂ, ਜਿਹੜੇ ਯੂ.ਪੀ. ਅਤੇ ਬਿਹਾਰ ਤੋਂ ਪੰਜਾਬ ਵੱਲ ਪਰਵਾਸਿਤ ਹੋਏ ਹਨ । ਨਾਵਲ ਦੇ ਬੈਕਪੇਜ ਉੱਤੇ ਲਿਖਦਿਆਂ ਪ੍ਰੋ਼ ਸੁਖਵਿੰਦਰ ਕੰਬੋਜ ਲਿਖਦੇ ਹਨ, “ਸੁਰਖ਼ ਸਾਜ਼” ਦਾ ਕਥਾਨਕ ਦੁਆਬੇ ਦੇ ਬੇਟ ਏਰੀਏ ਤੋਂ ਸ਼ੁਰੂ ਹੋ ਕੇ ਗੋਲਡਨ ਸਟੇਟ ਕੈਲੇਫ਼ੋਰਨੀਆ ਤੀਕ ਫ਼ੈਲਿਆ ਹੋਇਆ ਹੈ।” ਮੈਂ ਇਸ ਨਾਵਲ ਬਾਰੇ ਕਹੀ ਗਈ ਇਸ ਗੱਲ ਦੀ ਪ੍ਰੋੜ੍ਹਤਾ ਕਰਦਿਆਂ ਇਸ ਖ਼ਿੱਤੇ ਦੇ ਲੋਕਾਂ ਦੀਆਂ ਮਜਬੂਰੀਆਂ ਸਮਝਦੀ ਹੋਈ ਨਿਭੇ ਹੋਏ ਪਾਤਰਾਂ ਦੇ ਜੀਵਨਾਂ ਦਾ ਸਾਰ ਭਲੀ-ਭਾਂਤ ਜਾਣਦੀ ਅਤੇ ਸਮਝਦੀ ਹਾਂ। ਅਖਾਣ ਹੈ ਕਿ ਜੇ ਜੰਝ ਚੜ੍ਹੇ ਨਹੀਂ ਤਾਂ ਚੜ੍ਹਦੇ ਤਾਂ ਦੇਖੇ ਹਨ। ਭਾਵ ਇਹ ਕਿ ਮੇਰੇ ਪੰਜਾਬ ਨਾਲ਼ ਅੰਤਾਂ ਦੇ ਪ੍ਰੇਮ ਸਦਕਾ ਮੈਂ ਵਿਦੇਸ਼ ਨਹੀਂ ਗਈ ਪਰ ਮੈਂ ਵਿਦੇਸ਼ ਰਹਿਣ ਵਾਲਿਆਂ ਦੇ ਜੀਵਨਾਂ ਬਾਰੇ ਭਲੀ-ਭਾਂਤ ਜਾਣਦੀ ਹਾਂ। ਬੇਟ ਦੇ ਇਸ ਇੱਲਾਕੇ ਦੇ ਥੋੜ੍ਹੀਆਂ ਜ਼ਮੀਨਾਂ ਵਾਲ਼ੇ ਲੋਕਾਂ ਦੀ ਸਥਾਨਕ ਕਮਜ਼ੋਰ ਆਰਥਿਕ ਅਵੱਸਥਾ ਦੀ ਕਨਸੋਅ ਚੰਗੀ ਤਰ੍ਹਾਂ ਜਾਣਦੀ ਹਾਂ, ਆਪ ਵੀ ਉਹ ਅਵੱਸਥਾ ਕਦੇ ਹੰਢਾਈ ਹੈ…। ਪਰ ਸ਼ੁਕਰ ਹੈ ਕਿ ਓਸ ਪਰਵਾਸ ਦਾ ਦਰਦ ਨਹੀਂ ਭੋਗਿਆ ਜਿਸ ਨੂੰ ਉਸ ਖ਼ਿੱਤੇ ਦੇ ਬਹੁਤੇ ਪਰਿਵਾਰਾਂ ਨੇ ਇਸ ਨਾਵਲ ਦੇ ਪਰਿਵਾਰਾਂ ਵਾਂਗ ਭੋਗਿਆ ਹੈ। ਹਾਂ, ਪਰ ਮੈਂ ਸਥਾਨਕ ਮੁਸ਼ਕਲਾਂ ਨਾਲ਼ ਦੋ ਚਾਰ ਹੋਏ ਅਤੇ ਹੋ ਰਹੇ ਜੀਵਨਾਂ ਨਾਲ਼ ਚੰਗੀ ਤਰ੍ਹਾਂ ਬਾਵਾਸਤਾ ਹਾਂ। “ਜਦੋਂ ਤੱਕ ਕਿਸੇ ਰਚਨਾ ਵਿੱਚ ਲੇਖਕ ਦੀ ਨਜ਼ਰ ਅਤੇ ਸਮਾਜ ਦੇ ਨਜ਼ਾਰੇ ਵਿੱਚ ਕੋਈ ਸਜੀਵ ਅੰਤਰ-ਸੰਬੰਧ ਨਹੀਂ ਬਣਦਾ, ਉਦੋਂ ਤੱਕ ਉਹ ਰਚਨਾ ਮੁਕੰਮਲ ਨਹੀਂ ਕਹੀ ਜਾਂ ਸਕਦੀ।” ਇਹ ਉਪਰੋਕਤ ਕਥਨ ਨਾਵਲ ਦੇ ਬੈਕਪੇਜ ਉੱਤੇ ਡਾ. ਹਰਸਿਮਰਨ ਸਿੰਘ ਰੰਧਾਵਾ ਹੁਰਾਂ ਦੁਆਰਾ ਲਿਖਿਆ ਨਿਹਿਤ ਹੈ। ਇਸ ਕਥਨ ਦੀ ਰੌਸ਼ਨੀ ਵਿੱਚ ਮੈਨੂੰ ਕੁੱਝ ਮਜਬੂਰੀ ਵੱਸ ਨਿੱਜੀ ਅਨੁਭਵ ਦਾ ਜ਼ਿਕਰ ਕਰਨਾ ਪੈ ਰਿਹਾ ਹੈ, ਇਹ ਕਹਿੰਦਿਆਂ ਕਿ ਇਹ ਮੇਰਾ ਆਪਣਾ ਇਲਾਕਾ ਹੈ…., ਜਿੱਥੇ ਆਰ ਤੇ ਪਾਰ ਦੇ ਅਨੇਕਾਂ ਦਵੰਧਾਂ ਹੇਠ ਪਿਸਦੀ ਆਮ ਲੋਕਾਈ ਦੇ ਅਜਿਹੇ ਅਣਗਿਣਤ ਵਰਤਾਰਿਆਂ ਦੇ ਮਾਰਮਿਕ ਕਥਾਨਕ ਸਿਰਜੇ ਜਾ ਸਕਦੇ ਹਨ ,ਜਿੰਨ੍ਹਾਂ ਦੀ ਮੈਂ ਖ਼ੁਦ ਗਵਾਹ ਅਤੇ ਜਾਣੂੰ ਹਾਂ। ਹੋ ਸਕਦਾ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਮੈਂ ਆਪ ਵੀ ਉਹਨਾਂ ਵਰਗੇ ਨਾਵਲੀ-ਬਿਰਤਾਂਤ ਸਿਰਜ ਸਕਾਂ ਜਿਨ੍ਹਾਂ ਦੀ ਪੀੜ ਨਾਵਲਕਾਰ ਡਾ. ਜਸਵਿੰਦਰ ਸਿੰਘ ਹੁਰਾਂ ਨੇ ਬੜੀ ਸ਼ਿੱਦਤ ਨਾਲ਼ ਮਹਿਸੂਸ ਕੀਤੀ ਹੈ ਅਤੇ ਇਸ ਤਰ੍ਹਾਂ ਦੇ ਬਹੁਤ ਔਖੇ ਜੀਵਨ-ਚਿੱਤਰਾਂ ਅਤੇ ਮਾਨਸਿਕ ਦਵੰਧਾਂ ਨੂੰ ਬੜੀ ਮਿਹਨਤ ਨਾਲ਼ ਨਾਵਲਕਾਰੀ ਨਾਲ਼ੋਂ ਵੱਧ ਨਾਟਕੀ ਸ਼ੈਲੀ ਵਿੱਚ ਸਿਰਜਿਆ ਹੈ। ਪ੍ਰੋ. ਹਰਿਭਜਨ ਸਿੰਘ ਨਾਵਲ ਦੇ ਬੈਕਪੇਜ ਉੱਤੇ ਲਿਖਦੇ ਹਨ ,”ਸੁਰਖ਼ ਸਾਜ਼ “ ਨਾਵਲ ਵਿੱਚ ਜਸਵਿੰਦਰ ਸਿੰਘ ਨੇ ਪਰਵਾਸੀ ਪੰਜਾਬੀ ਜੀਵਨ ਦੀਆਂ ਅੰਤਰ-ਸੱਭਿਆਚਾਰਕ ਮਹੀਨ ਤੰਦਾਂ ਦਾ ਸੰਘਣਾ ਤਾਣਾ ਬੁਣਿਆ ਹੈ”। ਡਾ. ਜਸਵਿੰਦਰ ਸਿੰਘ ਹੋਰਾਂ ਦੀ ਲਿਖਣ ਕਲਾ ਬਾਰੇ ਕਹਿਣਾ ਚਾਹੁੰਦੀ ਹਾਂ ਕਿ ਇਸ ਵਿੱਚ ਸ਼ਾਇਦ ਨਵੀਨਤਮ ਅੰਤਰਰਾਸ਼ਟਰੀ ਨਾਵਲੀਕਰਣ ਦੀ ਇੱਕ ਸੁਚੇਤ ਪਰਬੁੱਧਤਾ ਸਹਿਤ ਅਪਨਾਈ ਗਈ ਵਿਧਾ ਹੈ ਜਿਸ ਨੂੰ ਹਾਲੇ ਆਮ ਸਾਧਾਰਣ ਪੰਜਾਬੀ ਪਾਠਕ ਨੂੰ ਪੜ੍ਹਨ ਅਤੇ ਸਮਝਣ ਲਈ ਬਹੁਤ ਮਿਹਨਤ ਕਰਨੀ ਪਵੇਗੀ। ਘੱਟੋ ਘੱਟ ਮੈਂ ਇਸ ਨਾਵਲ ਨੂੰ ਬਹੁਤ ਮਿਹਨਤ ਅਤੇ ਸਮਾਂ ਦੇ ਕੇ ਹੀ ਪੜ੍ਹ ਸਕੀ ਹਾਂ। ਇਹ ਮੇਰੇ ਇੱਕੋ ਰਾਤ ਵਿੱਚ ਮੋਮਬੱਤੀ ਦੀ ਲਾਟ ਹੇਠ “ਰਾਮ ਸਰੂਪ ਅਣਖੀ ਹੋਰਾਂ ਦੇ ਨਾਵਲ “ਪ੍ਰਤਾਪੀ” ਵਾਂਗ ਮੇਰੇ ਕੋਲ਼ੋਂ ਨਹੀੰ ਪੜ੍ਹਿਆ ਗਿਆ। ਮੇਰੇ ਕਹਿਣ ਦਾ ਭਾਵ “ਪ੍ਰਤਾਪੀ” ਵਿੱਚ ਵਰਤੀ ਸ਼ੈਲੀ ਨੂੰ ਕਿਸੇ ਤਰ੍ਹਾਂ ਵੀ ਛੁਟਿਆਉਣਾ ਨਹੀਂ ਸਗੋਂ ਪੰਜਾਬੀ ਨਾਵਲ ਦੀ ਨਵੀਨ ਸ਼ੈਲੀ ਦਾ ਬੋਧ ਕਰਵਾਉਣਾ ਹੈ। ਇਹ ਵੀ ਕਹਿਣਾ ਕਿ ਇਸ ਦੀ ਗੋਂਦ ਕਿਸੇ ਤਰ੍ਹਾਂ ਦੀ ਰਸਿਕ ਸ਼ੈਲੀ ਵਿੱਚ ਨਹੀਂ ਰਚੀ ਗਈ ਸਗੋਂ ਬਹੁਤ ਹੀ ਔਖੀ ਅਤੇ ਗੁੰਝਲ਼ਦਾਰ ਕਿਸਮ ਦੀ ਕਿਤੇ-ਕਿਤੇ ਵਾਰਤਾਲਾਪੀ ਅਤੇ ਕਿਤੇ ਬਿਰਤਾਂਤਕ ਸ਼ੈਲੀ ਵਿੱਚ ਗੁੰਦੀ ਗਈ ਹੈ। ਸੱਚ ਪੁੱਛੋ ਤਾਂ ਇਹ ਗੋਂਦ ਏਨੀ ਪੀਡੀ ਹੈ ਕਿ ਪਾਠਕ ਬਿਰਤੀ ਦੇ ਕਈ ਵਾਰ ਕਪਾਟ ਖੋਲ੍ਹ ਦੇਣ ਵਾਂਗ ਜਾਪਦੀ ਹੈ। ਪਾਤਰ -ਉਸਾਰੀ ਕਰਦਿਆਂ ਨਾਵਲਕਾਰ ਪੂਰਨ ਤੌਰ ਤੇ ਜ਼ਿੰਮੇਵਾਰ ਹੈ। ਇੱਕ ਪਾਸੇ ਨਾਵਲਕਾਰ ਦੀ ਪ੍ਰਵਾਸ ਬਾਰੇ ਏਨੀ ਬਾਰੀਕੀ ਨਾਲ਼ ਸਮਝ ਹੈਰਾਨੀਜਨਕ ਹੈ ਤਾਂ ਦੂਜੇ ਪਾਸੇ ਉਸਦੇ ਸਥਾਨਕ ਸਾਮਾਜਿਕ ਗਿਆਨ ਦੀ ਸਮਰੱਥਾ ਵੀ ਉਸਦੀ ਬੁਲੰਦ ਲੇਖਣੀ ਦਾ ਬਾਕਮਾਲ ਮੁਜ਼ਾਹਿਰਾ ਕਰਦੀ ਹੈ। ਮਤਲਬ ਪੰਜਾਬ ਵਿੱਚ ਬੈਠਿਆਂ ਨਾਵਲ ਪੜ੍ਹਦਿਆਂ ਸਾਨੂੰ ਅਮਰੀਕਾ ਦੀ ਸਾਮਾਜਿਕ ਸਥਿਤੀ ਦੀਆਂ ਬਾਰੀਕੀਆਂ, ਵਿਵਸਥਾ ਦੀਆਂ ਚੁਣੌਤੀਆਂ ਨਾਲ਼ ਦੋ ਚਾਰ ਹੋ ਰਹੇ ਪਾਤਰਾਂ ਦੇ ਜੀਵਨ, ਕਾਨੂੰਨ ਦੀਆਂ ਉਲ਼ਝਾਊ ਪੇਚੀਦਗੀਆਂ ਬੜੀ ਸਰਲਤਾ ਨਾਲ਼ ਪੈਦਾ ਹੋਣ ਜਾਣ ਵਾਲੀਆਂ ਪਰਿਵਾਰਿਕ ਗੁੰਝਲਾਂ ਅਤੇ ਬਹੁਤ ਸਾਰੇ ਨਿਰਾਰਥਕ ਸਿੱਟਿਆਂ ਦਾ ਵਰਨਣ ਕਰਦਿਆਂ ਨਾਵਲਕਾਰ ਦੀ ਕਲਾ-ਕੌਸ਼ਲਤਾ ਆਚੰਭਿਤ ਕਰਦੀ ਹੈ। ਅਸਲ ਵਿੱਚ ਅਜਿਹੇ ਨਾਵਲਾਂ ਵਿੱਚ ਇਹ ਸਾਮਾਜਕਤਾ ਦਾ ਭੂਗੋਲਿਕ ਗਲੋਬਲੀਕਰਣਿਕ ਵਰਤਾਰਾ ਪ੍ਰਮਾਣਿਤ ਹੁੰਦਾ ਹੈ। ਮੈਂ ਸਮਝਦੀ ਹਾਂ ਕਿ ਪੰਜਾਬੀ ਭਾਸ਼ਾ ਵਿੱਚ ਇਸ ਤਰ੍ਹਾਂ ਦਾ ਨਾਵਲ ਲਿਖ ਸਕਣ ਵਾਲ਼ੇ ਹੋਰ ਨਾਵਲਕਾਰ ਵੀ ਪੈਦਾ ਹੋ ਸਕਣਗੇ ਤਾਂ ਪੰਜਾਬੀ ਨਾਵਲ ਲਿਖਣ-ਵਿਧੀ ਵਿੱਚ ਅਗਰਸਰ ਹੋਵੇਗਾ। ਇਸ ਦੀ ਸ਼ੈਲੀ ਪ੍ਰਮੁੱਖ ਤੌਰ ਤੇ ਵਿਚਾਰਨਯੋਗ ਹੈ, ਪਰ ਬਹੁਤ ਔਖੀ ਹੈ, ਆਸਾਧਾਰਣ ਸ਼ੈਲੀ ਹੈ, ਮੈਂ ਫ਼ੇਰ ਕਹਾਂਗੀ ਕਿ “ਸੁਰਖ਼ ਸਾਜ਼” ਬੜੀ ਗੁੰਝਲਦਾਰ ਸ਼ੈਲੀ ਵਿੱਚ ਲਿਖਿਆ ਗਿਆ ਨਾਵਲ ਹੈ ਪਰ ਇਸ ਨਾਵਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਮ ਸਾਧਾਰਣ ਇਨਸਾਨ ਦੇ ਆਮ ਜੀਵਨ ਦੀ ਗੱਲ ਕਰਦਾ ਹੈ ਜੋ ਨਿਰੇ ਦੁਖਾਂਤ ਨਾਲ਼ ਭਰਿਆ ਹੈ। ਗੱਲ ਨਿਰੇ ਸਦੀਆਂ ਤੋਂ ਚਲੇ ਆ ਰਹੇ ਪ੍ਰਵਾਸ ਦੀ ਨਹੀਂ ਬਲਕਿ ਗੱਲ ਲਗਾਤਰ ਅਤੇ ਅੰਨ੍ਹੇਵਾਹ ਹੋ ਰਹੇ ਪ੍ਰਵਾਸ ਦੀ ਹੈ। ਦੁਆਬੇ ਦੀ ਧਰਤੀ ਤੋਂ ਪੈਦਾ ਹੋਏ ਜਾਂ ਸ਼ੁਰੂ ਹੋਏ ਇਸ ਪ੍ਰਵਾਸ ਦੇ ਰੁਝਾਨ ਨੇ ਪੰਜਾਬ ਦੀ ਸਥਾਨਕਤਾ ਨੂੰ ਬਹੁਤ ਸਾਰੇ ਪੱਖਾਂ ਤੋਂ ਖੋਰੀ ਲਾਈ ਹੈ, ਜਿਸ ਦਾ ਖ਼ਮਿਆਜ਼ਾ ਹੁਣ ਸਾਰਾ ਮਾਲਵਾ ਵੀ ਭੁਗਤ ਰਿਹਾ ਹੈ। ਕਹਿਣ ਦਿਓ ਮੈਨੂੰ ਕਹਿਣ ਦਿਓ ….ਨਾਵਲ ਦਾ ਵਿਸ਼ਾ ਮੁੱਖ ਪਾਤਰ ਹਰੀਪਾਲ ਰਾਹੀਂ ਉਜਾਗਰ ਹੁੰਦਾ ਹੈ। ਮਹਿਤਪੁਰ ਦੇ ਇੱਕ ਪਰਿਵਾਰ ਦਾ ਪੜ੍ਹਿਆ ਲਿਖਿਆ ਮੁੰਡਾ ਅਮਰੀਕਾ ਦੀ ਧਰਤੀ ਉੱਤੇ ਜਾ ਕੇ ਜਿਸ ਤਰ੍ਹਾਂ ਸਿਆਣਪ ਵਰਤਦਾ ਹੋਇਆ ਵੀ ਸੰਤਾਪਾਂ ਨਾਲ਼ ਅੰਤ ਤੱਕ ਜੂਝਦਾ ਹੈ, ਖ਼ੁਆਰ ਹੁੰਦਾ ਹੋਇਆ ਉਸਦਾ ਸਾਰਾ ਪਰਿਵਾਰ ਜੋ ਭੋਗਦਾ ਹੈ, ਪੂਰੇ ਬੇਟ ਦੇ ਇਲਾਕੇ ਦੇ ਪਰਿਵਾਰਾਂ ਦੀ ਮਾਰਮਿਕ ਗਾਥਾ ਹੀ ਨਹੀੱ ਬਿਆਨਦਾ ਸਗੋਂ ਪੂਰੇ ਅਜੋਕੇ ਪੰਜਾਬ ਦੀ ਗੁੱਝੀ ਅਤੇ ਜ਼ਾਹਿਰਾ ਪੀੜ ਨੂੰ ਦਰਸਾਉਂਦਾ ਨਾਵਲ ਹੈ। ਛੋਟੀ ਕਿਰਸਾਣੀ ਅਤੇ ਛੋਟੇ ਧੰਦਿਆਂ ਨਾਲ਼ ਜੀਵਨ ਬਿਤਾਉਂਦੇ ਪਰਿਵਾਰਾਂ ਦੇ ਨੌਜੁਆਨ ਮੁੰਡੇ ਅਸਲ ਵਿੱਚ ਗ਼ਲਤ ਪ੍ਰਭਾਵਾਂ ਅਤੇ ਮਜਬੂਰੀਆਂ ਦੇ ਦਬਾਅ ਹੇਠ ਪੱਛਮੀ ਦੇਸ਼ਾਂ ਦੀ ਚਮਕ-ਦਮਕ ਵਿੱਚ ਗੁਆਚ ਕੇ ਗੁੰਮਰਾਹ ਹੋਏ, ਪੈਸੇ ਦੀ ਅੰਨ੍ਹੀ ਦੌੜ, ਫ਼ੋਕੀ ਚਮਕ ਅਤੇ ਵਿਦੇਸ਼ੀ ਸਾਬਣਾਂ, ਸ਼ੈਪੂੰਆਂ ਸੁਰਖ਼ੀਆਂ, ਕਰੀਮਾਂ ਦੀ ਲਾਲਸਾ ਨੇ ਹਰ ਘਰ ਵਿੱਚੋਂ ਖ਼ੁਸ਼ਹਾਲੀ ਜਿਵੇਂ ਗਾਇਬ ਹੀ ਕਰ ਦਿੱਤੀ ਹੋਵੇ। ਬੇਰੁਜ਼ਗਾਰੀ ਦਾ ਭਿਆਨਕ ਦੈਂਤ ਇਸ ਸਾਰੇ ਸਾਮਾਜਿਕ ਦੁਖਾਂਤ ਦਾ ਕਾਰਣ ਬਣਿਆ ਹੋਇਆ ਹੈ। ਸਿਸਟਮ ਦੀ ਅਸਫ਼ਲਤਾ ਦੇ ਚੱਲਦੇ, ਸਰਕਾਰਾਂ ਦੇ ਨਾਕਸ ਪ੍ਰਬੰਧਾਂ ਕਾਰਣ, ਅਫ਼ਸਰਸ਼ਾਹੀ ਦੀ ਅਨੈਤਿਕਤਾ, ਯੋਗ ਆਰਥਿਕ ਨੀਤੀਆਂ ਦਾ ਨਾ ਬਣ ਸਕਣਾ ਅਤੇ ਹੋਰ ਬਹੁਤ ਸਾਰੇ ਅਜਿਹੇ ਕਾਰਣ ਹਨ ਜਿਹੜੇ ਪਰਿਵਾਰਾਂ ਦੀ ਉਪਜੀਵਕਾ ਲਈ ਮੁਸ਼ਕਲਾਂ ਦਾ ਕਾਰਣ ਬਣਦੇ ਰਹਿੰਦੇ ਹਨ ਜਿਸ ਦਾ ਸਿੱਧਾ ਪ੍ਰਭਾਵ ਨੌਜੁਆਨੀ ਤੇ ਪੈਂਦਾ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਇਸ ਗੱਲ ਦੀ ਨਿਰੰਤਰਤਾ ਬਣੀ ਹੋਈ ਹੈ। ਰੁਜ਼ਗਾਰ ਦੇ ਕੋਈ ਸਾਰਥਿਕ ਅਤੇ ਪਾਇਦਾਰ ਹੱਲ ਨਹੀਂ ਨਿਕਲ ਰਹੇ। ਗੱਲ ਫ਼ਿਰ ਪ੍ਰਵਾਸ ਤੇ ਹੀ ਆਣ ਮੁੱਕਦੀ ਹੈ। ਜੇ ਕੋਈ ਪੁਰਾਣੇ ਗਏ ਲੋਕ ਆ ਕੇ ਦੱਸਦੇ ਵੀ ਸਨ ਕਿ ਵਲਾਇਤ, ਕੈਨੇਡਾ ਜਾਂ ਅਮਰੀਕਾ ਵਿੱਚ ਜੀਵਨ ਸੌਖਾ ਨਹੀਂ ਤਾਂ ਇੱਧਰ ਬੈਠੇ ਲੋਕ ਮੰਨਦੇ ਹੀ ਨਹੀਂ ਕਿ ਅਜਿਹਾ ਹੋ ਸਕਦਾ ਹੈ। ਉਨ੍ਹਾਂ ਨੂੰ ਜਾਪਦਾ ਕਿ ਉਹ ਲੋਕ ਝੂਠ ਬੋਲ ਰਹੇ ਨੇ, ਸਾਨੂੰ ਸੱਦਣਾ ਨਹੀਂ ਚਾਹੁੰਦੇ ਜਾਂ ਹੋਰ ਅਜਿਹੀਆਂ ਅਲਾਮਤਾਂ। ਅਜਿਹੇ ਵਿੱਚ ਜਿਵੇਂ ਕਿਵੇਂ ਮੌਕਾ ਮਿਲਦਾ ਲੋਕ ਨਿਕਲ ਜਾਂਦੇ ਰਹੇ ਅਤੇ ਅਜਿਹੀ ਘੁੰਮਣ-ਘੇਰੀ ਵਿੱਚ ਜਾ ਫਸਦੇ ਕਿ ਮੁੜ ਨਿਕਲ ਨਾ ਸਕਦੇ। ਬੱਚੇ ਹੱਥਾਂ ਵਿੱਚ ਨਾ ਰਹਿੰਦੇ ਅਤੇ ਮਾਪੇ ਰੱਜਵੇਂ ਖ਼ੁਆਰ ਹੁੰਦੇ। ਨਾਵਲ “ਸੁਰਖ਼ ਸਾਜ਼” ਅਜਿਹੇ ਹੀ ਹਾਲਾਤਾਂ ਨਾਲ਼ ਘਿਰੇ ਹਰੀਪਾਲ ਵਰਗੇ ਅਨੇਕਾਂ ਨੌਜੁਆਨਾਂ ਦੀ ਦਰਦਮਈ ਦਾਸਤਾਨ ਹੈ। ਉਸਦੀ ਬੇਟੀ ਜਸਲੀਨ ਦੀ ਜਿਸ ਤਰ੍ਹਾਂ ਦੀ ਪਰਵਰਿਸ਼ ਹੋਈ ਉਹ ਅਮਰੀਕਾ ਦੇ ਸਿਸਟਮ ਵਿੱਚ ਉਸ ਤਰ੍ਹਾਂ ਹੀ ਹੋਣੀ ਸੀ। ਗੁਜਰਾਤੀ ਮੁੰਡੇ ਨਾਲ਼ ਉਸਦਾ ਵਿਆਹ ਕਰਵਾਉਣ ਦਾ ਨਿੱਜੀ ਅਤੇ ਅਣਭੋਲ ਫ਼ੈਸਲਾ ਅਤੇ ਲਾਵਾਂ ਸਿਰੇ ਨਾ ਚੜ੍ਹਨ ਦੀ ਧਾਰਮਿਕ ਸਜ਼ਾ….ਅਜਿਹੇ ਬਿੰਬ ਅਤੇ ਪ੍ਰਤੀਕ ਨੇ ਜਿਹੜੇ ਪੰਜਾਬੀ ਸਮਾਜ ਦੀ ਅੰਦਰੂਨੀ ਅਰਾਜਕਤਾ ਦੀ ਮਾਰਮਿਕ ਗਾਥਾ ਬਿਆਨਦੇ ਹਨ,ਉਹ ਪੰਜਾਬੀ ਸਮਾਜ ਜਿਹੜਾ ਪੂਰੇ ਜਗਤ ਵਿੱਚ ਥਾਂ ਪੁਰ ਥਾਂ ਖਿੰਡਿਆ ਪਿਆ ਹੈ…. ਆਪੋ ਆਪਣੀਆਂ ਬੇਬੱਸੀਆਂ ਭੋਗਦੇ ਲੋਕ, ਅਥਾਹ ਸੰਤਾਪ ਭੋਗਦੇ ਪਰਿਵਾਰ, ਨਸਲੀ ਵਿਤਕਰੇ ਭੋਗਦਿਆਂ ਜਸ਼ਨ ਵਰਗੀਆਂ ਮਿਹਨਤੀ ਕੁੜੀਆਂ ਦੇ ਜੀਵਨਾਂ ਦਾ ਭਟਕ ਜਾਣਾ, ਹਰੀਪਾਲ ਦੇ ਪਰਿਵਾਰ ਦਾ ਬਿਖਰ ਜਾਣਾ, ਯਾਨਿ ਸਾਡੇ ਸਾਰੇ ਪੰਜਾਬ ਦਾ ਬਿਖਰ ਜਾਣਾ। ਕਿੰਨਾ ਦਰਦ ਸਮੋਇਆ ਹੈ ਡਾ. ਜਸਵਿੰਦਰ ਸਿੰਘ ਨਾਵਲਕਾਰ ਦੀ ਆਤਮਾ ਦੇ ਅੰਦਰ ਜਿਹੜਾ ਉਹਨਾਂ ਦੇ ਇਸ ਨਾਵਲ ਰਾਹੀਂ ਰੂਪਾਂਤਰਿਤ ਹੋਇਆ ਹੈ। ਮੈਂ ਬੜੀ ਆਸ ਰੱਖਦੀ ਹਾਂ ਕਿ ਹਾਲੇ ਵੀ ਜਿਹੜੀ ਮਾਨਸਿਕ ਕੁਰਬਲ ਸਾਡੇ ਨਵੇਂ ਗਏ ਬੱਚਿਆਂ ਦੇ ਮਨਾਂ ਅੰਦਰ ਹੋ ਰਹੀ ਹੈ, ਪ੍ਰਵਾਸ ਬਾਰੇ ਜਿਹੜੀ ਚੇਤਨਾ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਇਹ ਨਾਵਲ ਉਸ ਚੇਤਨਾ ਲਈ ਚਿੰਗਾਰੀ ਦਾ ਕੰਮ ਕਰੇਗਾ ਕਿ ਹੁਣ ਹੀ ਲੋਕ ਰੁਕ ਜਾਣ! ਪ੍ਰਵਾਸ ਦੇ ਭਿਆਨਕ ਸਿੱਟਿਆਂ ਤੋਂ ਬਚਣ ਦੇ ਰਾਹ ਲੱਭਣ! ਪੰਜਾਬ ਦੀ ਧਰਤੀ ਉੱਤੇ ਵੱਸਣ ਵਾਲੇ ਲੋਕਾਂ ਪ੍ਰਤੀ ਸਥਾਨਕ ਪੱਧਰ ਉੱਤੇ ਚੇਤੰਨ ਹੋਣ ਦੀ ਲੋੜ ਹੈ, ਭਾਂਜਵਾਦੀ ਹੋ ਕੇ ਸਮੱਸਿਆਵਾਂ ਦਾ ਹੱਲ ਨਹੀਂ। ਇਸ ਨਾਵਲ ਬਾਰੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਪਰ ਮੈਂ ਆਪਣੀ ਗੱਲ ਨੂੰ ਇੱਥੇ ਹੀ ਖ਼ਤਮ ਕਰਦਿਆਂ ਬਹੁਪੱਖੀ ਸਾਹਿਤਕਾਰ ਅਤੇ ਆਪਣੇ ਬਜ਼ੁਰਗਵਾਰ ਡਾ. ਜਸਵਿੰਦਰ ਸਿੰਘ ਜੀ ਨੂੰ ਇਸ ਮਹਾਨ ਨਾਵਲ ਨੂੰ ਏਨੀ ਸ਼ਿੱਦਤ ਨਾਲ਼ ਲਿਖਣ ਲਈ ਵਧਾਈ ਭੇਜਦੀ ਹਾਂ ਜੀ! ਮਿਲਣ ਦਾ ਪਤਾਃ ਗਰੇਸ਼ੀਅਸ ਬੁਕਸ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |