![]() ਜਦ ਇਨਸਾਨ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਤਾਂ ਉਹ ਸੰਸਾਰ ਨੂੰ ਜਿੱਤ ਲੈਂਦਾ ਹੈ। ਅਜਿਹਾ ਇਨਸਾਨ ਹਰ ਪਰਿਸਥਿਤੀ ਵਿੱਚ ਜੇਤੂ ਮਹਿਸੂਸ ਕਰਦਾ ਹੈ। ਸਿਆਣੇ ਕਹਿ ਗਏ ਨੇ ਕਿ ਅੱਥਰੇ ਘੋੜੇ ਵਰਗੇ ਮਨ ਉੱਪਰ ਕਾਬੂ ਪਾ ਲਿਆ ਤਾਂ… ਵਾਰੇ ਨਿਆਰੇ, ਨਹੀਂ ਤਾਂ… ਪੁਆੜੇ ਹੀ ਪੁਆੜੇ! ਜਦ ਮਨ ਕਾਬੂ ਵਿੱਚ ਨਹੀਂ ਰਹਿੰਦਾ ਤਾਂ ਇਨਸਾਨ ਦੇ ਅੰਦਰਲਾ ਪਸ਼ੂ ਬੇਕਾਬੂ ਹੋਇਆ ਆਲੇ-ਦੁਆਲੇ ਭਿੜਦਾ ਫਿਰਦਾ ਰਹਿੰਦਾ ਹੈ। ਦੋਸਤੋ, ਜਦ ਇਨਸਾਨ ਦੇ ਅੰਦਰ ਇਨਸਾਨੀਅਤ ਮਰ ਜਾਂਦੀ ਹੈ ਤਾਂ ਵੀ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ। ਯਾਨੀ, ਬੰਦਾ ਜਿਉਂਦਿਆਂ ਹੀ ਮਰ ਜਾਂਦਾ ਹੈ। ਡਾ. ਕਰਮਜੀਤ ਸਿੰਘ ਨਡਾਲਾ ਦੇ ਸੱਜਰੇ ਕਹਾਣੀ ਸੰਗ੍ਰਹਿ “ਗਲੇਸ਼ੀਅਰ ਪਿਘਲ ਗਿਆ” ਨੂੰ ਪੜ੍ਹਦਿਆਂ ਇਹ ਅਟੱਲ-ਸੱਚ ਵੀ ਸਾਹਮਣੇ ਆ ਰਿਹਾ ਹੈ ਕਿ ਮਨੁੱਖ ਨੂੰ ‘ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ’ ਵਰਗੇ ਕਈ ਵਿਕਾਰ / ਪਸ਼ੂ ਮਾਰ ਲੈਂਦੇ ਹਨ…! ਇਹ ਕਰੜਾ ਮਾਨਵੀ ਸੰਘਰਸ਼ ਹੈ।
ਮਾਨਵੀ ਕਦਰਾਂ-ਕੀਮਤਾਂ ਦੇ ਨਿਘਾਰ ਦੀ ਇਸ ਬੇਬਾਕ ਦਾਸਤਾਨ ਵਿੱਚ ਸ਼ਾਮਲ ਕਈ ਕਹਾਣੀਆਂ ਮਰਦ ਪ੍ਰਧਾਨ ਸਮਾਜ ਵਿੱਚ ਵਿਕਾਰਾਂ ਦੁਆਰਾ ਉਲ਼ਝਾਈਆਂ ਤੇ ਉਲਝੀਆਂ, ਸੰਤਾਪੀਆਂ ਅਤੇ ਸਰਾਪੀਆਂ ਰੂਹਾਂ ਦੀਆਂ ਬਾਤਾਂ ਪਾਉਂਦੀਆਂ ਹਨ।
ਕਰਮਜੀਤ ਨਡਾਲਾ ਅਤੇ ਉਸ ਦਾ ਸਾਹਿਤਕ ਪੈਂਡਾ…
ਪੇਸ਼ੇ ਵਜੋਂ ਮੈਡੀਕਲ ਡਾਕਟਰ, ਕੋਮਲ, ਸੰਵੇਦਨਸ਼ੀਲ ਅਤੇ ਮਨੋਵਿਗਿਆਨਕ ਬਿਰਤੀ ਵਾਲੇ ਕਰਮਜੀਤ ਦਾ ਤਿੰਨ ਕੁ ਦਹਾਕਿਆਂ ਤੋਂ ਸ਼ੁਰੂ ਹੋਇਆ ਸਾਹਿਤਕ ਸਫ਼ਰ ਮੰਜ਼ਿਲ ਤੋਂ ਬਾਅਦ ਮੰਜ਼ਿਲ ਸਰ ਕਰਦਾ ਅਗਾਂਹ ਵੱਧ ਰਿਹਾ ਹੈ। ਜਸਵੰਤ ਸਿੰਘ ਕੰਵਲ ਦੇ ਨਾਵਲ ‘ਪੂਰਨਮਾਸ਼ੀ’ ਨੂੰ ਪੜ੍ਹਦਿਆਂ ਉਹ ਜਵਾਨੀ ਵੇਲੇ ਹੀ ਸਾਹਿਤ ਸਿਰਜਣਾ ਦੇ ਪੈਂਡਿਆਂ ‘ਤੇ ਨਿਕਲ ਤੁਰਿਆ। ਭਾਵੇਂ ਨਿੱਕੀਆਂ ਕਹਾਣੀਆਂ ਦਾ ਵੱਡਾ ਲੇਖਕ ਤਾਂ ਹੈ ਹੀ, ਪਰ ਅੱਜਕਲ੍ਹ ਵੱਡੀਆਂ ਕਹਾਣੀਆਂ ਵੱਲ ਨੂੰ ਮੋੜਾ ਕੱਟਦਿਆਂ-ਕੱਟਦਿਆਂ ਇਨ੍ਹਾਂ ਸਾਹਿਤਕ ਪੈਂਡਿਆਂ ‘ਤੇ ਨਵੀਆਂ ਪੈੜਾਂ ਪਾ ਰਿਹਾ ਹੈ। ਕਰਮਜੀਤ ਦੀ ਸਿਰਜਣਾ ਵਿੱਚ ਸਹਿਜ ਅਤੇ ਸੁਹਜ ਹੈ। ਭਾਵੇਂ ਦੋ ਪੈਰ ਘੱਟ ਹੀ ਸਹੀ ਪਰ ਮੜ੍ਹਕ ਨਾਲ਼ ਤੁਰਦਿਆਂ ਉਨ੍ਹਾਂ ਪੰਜਾਬੀ ਸਾਹਿਤ ਜਗਤ ਆਪਣੀ ਵਿਲੱਖਣ ਪਛਾਣ ਬਣਾ ਲਈ ਹੈ। ਤਿੰਨ ਮਿੰਨੀ ਕਹਾਣੀ ਸੰਗ੍ਰਹਿ ਅਤੇ ਇੱਕ ਕਹਾਣੀ ਸੰਗ੍ਰਹਿ “ਮੈਂ ਕਿਉਂ ਜੀ ਰਿਹਾ ਹਾਂ” ਤੋਂ ਬਾਅਦ “ਗਲੇਸ਼ੀਅਰ ਪਿਘਲ ਗਿਆ” ਨਾਲ਼ ਪਾਠਕਾਂ ਦੇ ਸਨਮੁੱਖ ਹੋਇਆ ਹੈ। ਐਡਵੋਕੇਟ ਨੀਲਮ ਨਾਰੰਗ ਨੇ ਇਸ ਕਹਾਣੀ ਸੰਗ੍ਰਹਿ ਦਾ ਰੂਹ ਨਾਲ ਹਿੰਦੀ ਅਨੁਵਾਦ ਕਰਦਿਆਂ ਕਰਮਜੀਤ ਦੇ ਪਾਠਕਾਂ ਦਾ ਵੱਡਾ ਘੇਰਾ ਵਿਸ਼ਾਲ ਕਰ ਦਿੱਤਾ ਹੈ।
ਗਲੇਸ਼ੀਅਰ ਪਿਘਲ ਗਿਆ…
ਡਾ. ਕਰਮਜੀਤ ਨਡਾਲਾ ਨੇ ਇਸ ਕਹਾਣੀ ਸੰਗ੍ਰਹਿ ਨੂੰ ਬਹੁਤ ਸਤਿਕਾਰ, ਸ਼ਰਧਾ ਅਤੇ ਮੋਹ ਨਾਲ ਆਪਣੀ ਮਾਤਾ ਦੇ ਕਦਮਾਂ ਵਿੱਚ ਸਮਰਪਣ ਕੀਤਾ ਹੈ। ਵਿਭਿੰਨ ਵਿਸ਼ਿਆਂ ਤੇ ਰੰਗਾਂ-ਰਸਾਂ ਨਾਲ ਲਬਰੇਜ਼ 6 ਕਹਾਣੀਆਂ ਦੇ ਇਸ ਪਰਾਗੇ ਨੂੰ ਨਵਰੰਗ ਪਬਲੀਕੇਸ਼ਨ, ਸਮਾਣਾ ਨੇ ਪ੍ਰਕਾਸ਼ਿਤ ਕੀਤਾ ਹੈ। ਪੁਸਤਕ ਦਾ ਨਾਮ ਵੀ ਖ਼ੂਬਸੂਰਤ ਅਤੇ ਢੁਕਵਾਂ ਹੈ।
“ਗਲੇਸ਼ੀਅਰ ਪਿਘਲ ਗਿਆ” ਵਿਚਲੀਆਂ ਸਾਰੀਆਂ ਕਹਾਣੀਆਂ ਦੇ ਟਵਿਸਟ ਪਾਠਕਾਂ ਨੂੰ ਨਾਲ਼-ਨਾਲ਼ ਹੀ ਘੁਮਾਈ ਜਾਂਦੇ ਹਨ। ਪਾਠਕ ਪੂਰੀ ਕਹਾਣੀ ਪੜ੍ਹੇ ਬਗੈਰ ਰਹਿ ਹੀ ਨਹੀਂ ਸਕਦਾ। ਕਹਾਣੀਆਂ ਪਾਠਕ ਨੂੰ ਆਪਣੇ ਆਲੇ-ਦੁਆਲੇ ਵਾਪਰਦੀਆਂ ਜਾਂ ਵਾਪਰ ਚੁੱਕੀਆਂ ਘਟਨਾਵਾਂ ਜਾਂ ਦੁਰਘਟਨਾਵਾਂ ਮਹਿਸੂਸ ਹੁੰਦੀਆਂ ਹਨ। ਕਹਾਣੀਆਂ ਦੇ ਪਾਤਰ ਵੀ ਸਧਾਰਨ ਜਨ ਜੀਵਨ ਵਿੱਚੋਂ ਜਾਣੇ-ਪਛਾਣੇ ਅਤੇ ਪਾਠਕ ਦੇ ਅੰਗ-ਸੰਗ ਵਿਚਰਦੇ ਲੱਗਦੇ ਹਨ।ਪੁਸਤਕ ਦੀ ਸਧਾਰਨ ਸ਼ੈਲੀ ਪਾਠਕ ਨੂੰ ਬਿਲਕੁਲ ਤੰਗ ਨਹੀਂ ਕਰਦੀ ਅਤੇ ਨਾ ਹੀ ਉਸ ਨੂੰ ‘ਪੰਜਾਬੀ ਤੋਂ ਪੰਜਾਬੀ’ ਡਿਕਸ਼ਨਰੀ ਜਾਂ ਗੂਗਲ ਸਰਚ ਦੀ ਜ਼ਰੂਰਤ ਪੈਂਦੀ ਹੈ। ਅਸਲ ਵਿੱਚ ਪਾਠਕਾਂ ਲਈ ਸਿਰਜੀ ਅਜਿਹੀ ਕੋਈ ਵੀ ਰਚਨਾ ਜੋ ਸਰਲ ਭਾਸ਼ਾ ਅਤੇ ਸ਼ੈਲੀ ਵਿੱਚ ਉਨ੍ਹਾਂ ਦੀ ਰੂਹ ਨੂੰ ਧੂਹ ਪਾ ਜਾਂਦੀ ਹੈ ਤਾਂ ਉਹ ਮਕਬੂਲ ਹੋ ਜਾਂਦੀ ਹੈ। ਕਹਾਣੀਆਂ ਦੇ ਵਿਭਿੰਨ ਵਿਸ਼ੇ ਖ਼ੂਬਸੂਰਤੀ ਨਾਲ਼ ਸਮਾਜ-ਸੱਭਿਆਚਾਰ ਵਿਚਲੀਆਂ ਊਣਤਾਈਆਂ, ਕੁਰੀਤੀਆਂ ਅਤੇ ਚੇਤਨਾ ਨੂੰ ਉਭਾਰਦੇ ਹਨ। ਅਜੋਕੇ ਪਦਾਰਥਵਾਦੀ ਸਮਾਜ ਦੀਆਂ ਕਦਰਾਂ-ਕੀਮਤਾਂ ਅਤੇ ਸਰੋਕਾਰਾਂ ਵਿੱਚ ਆਏ ਨਿਘਾਰ ਨੂੰ ਡਾ. ਕਰਮਜੀਤ ਨੇ ਬਾਖੂਬੀ ਪਾਠਕਾਂ ਨਾਲ਼ ਸਾਂਝਿਆਂ ਕੀਤਾ ਹੈ। ਜਜ਼ਬਾਤੀ ਭਾਵਨਾਵਾਂ ਨਾਲ਼ ਲਬਰੇਜ਼ ਜ਼ਿੰਦਗੀ ਵਿੱਚ ਮਾਨਵ ਦੀ ਸਹਿਣਸ਼ੀਲਤਾ ਅਤੇ ਸਬਰ ਦੀ ਘਾਟ ‘ਤੇ ਵੀ ਸਵਾਲ ਕੀਤਾ ਹੈ।
ਪੁਸਤਕ ਦੀ ਪਹਿਲੀ ਕਹਾਣੀ “ਇਵੇਂ ਠੀਕ ਨਹੀਂ ਰੂਪਾ” ਨੂੰ ਲੇਖਕ ਨੇ ਟਵਿਸਟ ਨਾਲ ਸ਼ੁਰੂ ਕੀਤਾ ਹੈ। ਇਹ ਖ਼ੂਬਸੂਰਤ ਕਹਾਣੀ ਰੂਪਾ, ਉਸ ਦੇ ਪਤੀ ਪ੍ਰੇਮੀ ਅਤੇ ਲੱਡੂ ਥਾਣੇਦਾਰ ਦੇ ਦੁਆਲੇ ਘੁੰਮਦੀ ਹੈ। ਰੂਪਾ ਇਕ ਗਰੀਬ ਪਰਿਵਾਰ ਵਿੱਚ ਜੰਮੀ ਅਤੇ ਜਵਾਨ ਹੋਈ। ਜਵਾਨੀ ਦੀਆਂ ਦਹਿਲੀਜ਼ਾਂ ਨੂੰ ਆਰ-ਪਾਰ ਕਰਦੀ ਨੇ ਪਿੰਡ ਦੀਆਂ ਗਲੀਆਂ ਕੋਠੇ ਵੀ ਆਰ-ਪਾਰ ਕਰਨੇ ਸ਼ੁਰੂ ਕਰ ਦਿੱਤੇ। ਚੜ੍ਹਦੀ ਜਵਾਨੀ ਅਤੇ ਅਸਮਾਨੀ ਟਾਕੀਆਂ ਲਾਉਂਦੀ ਸਰੀਰਕ ਭੁੱਖ ਦੇ ਜੋਸ਼ ਵਿੱਚ ਉਹ ਸਾਰੇ ਹੋਸ਼ ਗੁਆ ਬਹਿੰਦੀ ਹੈ। ਮਾਂ ਬਾਪ ਉਸ ਨੂੰ ਇੱਕ ਗ਼ਰੀਬੜੇ ਮਿਸਤਰੀ ਪ੍ਰੇਮੀ ਨਾਲ਼ ਤੋਰ ਕੇ ਖ਼ੁਦ ਨੂੰ ਫ਼ਿਕਰਾਂ ਤੋਂ ਮੁਕਤ ਲੈਂਦੇ ਨੇ। ਪ੍ਰੇਮੀ ਆਪਣੇ ਨਾਮ ਵਰਗਾ ਪ੍ਰੇਮੀ ਤਾਂ ਹੈ, ਪਰ ਆਰਥਿਕ ਪੱਖੋਂ ਗ਼ਰੀਬੜਾ ਹੀ ਹੈ। ਪ੍ਰੇਮੀ ਨਾਲ ਰਹਿੰਦਿਆਂ ਹੋਇਆਂ ਰੂਪਾ ਦਾ ਐਸ਼ ਪ੍ਰਸਤੀ ਮਨ ਅਤੇ ਰਾਜ ਕੁਮਾਰੀ ਵਰਗੇ ਜੀਵਨ ਦਾ ਸੁਪਨਾ ਉਸ ਨੂੰ ਤੰਗ ਕਰਨ ਲੱਗਦਾ ਹੈ। ਉੱਪਰ ਥਲੀ ਦੇ ਦੋ ਨਿਆਣੇ ਜੰਮਣ ਤੋਂ ਬਾਅਦ ਵੀ ਉਸਦੀ ਜਵਾਨੀ ਅਤੇ ਸਰੀਰਕ ਮੰਗ ਉਸ ਨੂੰ ਗਲਤ ਅਤੇ ਬਦਅਖਲਾਕੀ ਪੈਂਡਿਆਂ ‘ਤੇ ਨਿਕਲਣ ਲਈ ਉਤਸ਼ਾਹਿਤ ਕਰਦੀ ਹੈ। ਲੰਡੇ ਨੂੰ ਮੀਣਾ ਸੌ ਕੋਹ ਦਾ ਵਲ਼ ਪਾ ਕੇ ਵੀ ਮਿਲ ਲੈਂਦਾ ਹੈ। ਇਸ ਪੈਂਡੇ ਦੇ ਅਨੈਤਿਕ ਪਾਂਧੀ ‘ਲੱਡੂ ਥਾਣੇਦਾਰ’ ਵਿੱਚ ਉਸ ਨੂੰ ਆਪਣੀ ਸੁਪਨਈ ਮੰਜ਼ਿਲ ਨਜ਼ਰੀਂ ਪਈ। ਐਸ਼ ਪ੍ਰਸਤੀ ਦੇ ਲੰਮੇ ਦੌਰ ਤੋਂ ਬਾਅਦ ਉਹ ਚਾਹੁੰਦਿਆਂ ਹੋਇਆਂ ਵੀ ਲੱਡੂ ਥਾਣੇਦਾਰ ਦੇ ਵਾਰਸ ਨੂੰ ਜਨਮ ਨਹੀਂ ਦੇ ਸਕੀ। ਮੱਖਣ ਵਿੱਚੋਂ ਵਾਲ਼ ਕੱਢਣ ਵਾਂਗ ਮਤਲਬੀ ਲੱਡੂ ਥਾਣੇਦਾਰ ਉਸਨੂੰ ਵਰਤ ਕੇ ਆਪਣੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਮਾਰਦਾ ਹੈ। ‘ਫੰਡਰ ਮੱਝ’ ਜਿਹੀ ਜ਼ਨਾਨੀ ਦਾ ਇਲਜ਼ਾਮ ਲਾਉਂਦਿਆਂ ਅਤੇ ਦੋ ਲੱਖ ਰੁਪਈਏ ਰੂਪਾ ਦੇ ਹੱਥ ‘ਤੇ ਧਰਦਿਆਂ ਉਸਨੂੰ ਬਾਹਰ ਦਾ ਰਸਤਾ ਦਿਖਾਉਂਦਾ ਹੈ। ਕਿਸੇ ਘਰ-ਘਾਟ ਦੀ ਨਾ ਮਹਿਸੂਸ ਕਰਦਿਆਂ ਵੀ ਰੂਪਾ ਪ੍ਰੇਮੀ ਮਿਸਤਰੀ ਦੇ ਕੋਲ ਵਾਪਸ ਆ ਜਾਂਦੀ ਹੈ। ਆਪਣੀ ਹੈਸੀਅਤ ਨੂੰ ਜਾਣਦਿਆਂ ਗ਼ਰੀਬੜਾ ਪ੍ਰੇਮੀ ਰੂਪਾ ਨੂੰ ਸਵੀਕਾਰ ਕਰ ਲੈਂਦਾ ਹੈ।
ਪੁਸਤਕ ਦੇ ਟਾਈਟਲ ਵਾਲੀ ਕਹਾਣੀ “ਗਲੇਸ਼ੀਅਰ ਪਿਘਲ ਗਿਆ” ਜਿੱਥੇ ਇਨਸਾਨ ਦੀਆਂ ਕੁਦਰਤੀ ਸਰੀਰਕ ਜ਼ਰੂਰਤਾਂ ਨੂੰ ਉਭਾਰਦੀ ਹੈ ਉੱਥੇ ਹੀ ਮਰਦ ਪ੍ਰਧਾਨ ਸਮਾਜ ਦੇ ਦੋਹਰੇ ਮਾਪ ਦੰਡ ਨੂੰ ਬਿਆਨ ਕਰਦੀ ਹੈ। ਮਰਦ ਖ਼ੁਦ ਜੋ ਮਨ ਆਉਂਦਾ ਬਿਨਾਂ ਝਿਜਕ ਕਰਦਾ ਹੈ। ਪਰ ਇਹੀ ਵਰਤਾਰਾ ਔਰਤ ਲਈ ਵਰਜਿਤ ਅਤੇ ਨਾ ਮੁਆਫ਼ ਹੋਣ ਵਾਲਾ ਗੁਨਾਹ ਬਣ ਜਾਂਦਾ ਹੈ। ਮੁੱਢ ਕਦੀਮ ਤੋਂ ਹੀ ਔਰਤਾਂ ਨਾਬਰਾਬਰੀ ਅਤੇ ਮਰਦ ਦੇ ਕਹਿਰ ਦਾ ਸ਼ਿਕਾਰ ਬਣ ਰਹੀਆਂ ਹਨ। ਮਰਦ ਔਰਤ ਨੂੰ ਉਕਸਾਉਣ, ਵਰਗਲਾਉਣ, ਫਸਾਉਣ ਜਾਂ ਫਿਰ ਰੁਆਉਣ ਦਾ ਕੋਈ ਮੌਕਾ ਖੁੰਝਣ ਨਹੀਂ ਦਿੰਦਾ। ਇਸ ਕਹਾਣੀ ਵਿੱਚ ‘ਨਿੰਮੋ’ ਦਾ ਪਤੀ ਅਮਰੀਕਾ ਚਲਾ ਜਾਂਦਾ ਹੈ ਅਤੇ ਉਸ ਦੀ ਜਵਾਨ ਜ਼ਿੰਦਗੀ ਵਿੱਚ ਨਾ-ਮੁੱਕਣ ਵਾਲੀ ਔੜ ਦੇ ਬਾਵਜੂਦ ਵੀ ਉਹ ਖ਼ੁਦ ਅਤੇ ਪਰਿਵਾਰ ਦਾ ਖ਼ਿਆਲ ਰੱਖਦੀ ਹੈ। ਗਰੀਨ ਕਾਰਡ ਦੇ ਲਾਰਿਆਂ ਵਿੱਚ ਅਤੇ ਪਰਵਾਸੀ ਪਤੀ ਦੇ ਸ਼ਰੇਆਮ ਨਜਾਇਜ਼ ਸੰਬੰਧਾਂ ਦੇ ਬਾਵਜੂਦ ਵੀ ਉਹ ਡੋਲਦੀ ਨਹੀਂ। ਪਰ ਸਮਾਂ ਬੀਤਦਿਆਂ ਉਸ ਨੂੰ ਆਪਣੀ ਜ਼ਿੰਦਗੀ ਇੱਕ ਕੀਲੇ ਨਾਲ ਬੱਝੀ ਹੋਈ ਗਾਂ ਨਾਲੋਂ ਵੀ ਬਦਤਰ ਮਹਿਸੂਸ ਹੁੰਦੀ ਹੈ, ਜਿਸ ਦੀ ਸਰੀਰਕ ਜ਼ਰੂਰਤ ਬੰਦਾ ਆਪ ਪੂਰੀ ਕਰਵਾਉਂਦਾ ਹੈ। ਮਰਦ ਦਾ ਸਾਥ ਨਿੰਮੋ ਦੇ ਜਵਾਨ ਸਰੀਰ ਦੀ ਮੰਗ ਹੈ। ਆਖ਼ਰਕਾਰ ਨਿੰਮੋ ਦਾ ਸਬਰ ਟੁੱਟ ਜਾਂਦਾ ਹੈ ਅਤੇ ਉਹ ਪਤੀ ਦੇ ਮੌਕਾ ਪ੍ਰਸਤ ਰਿਸ਼ਤੇਦਾਰ ‘ਅਰਜਨ ਥਾਣੇਦਾਰ’ ਦੇ ਸੁੱਟੇ ਜਾਲ਼ ਵਿੱਚ ਫਸ ਜਾਂਦੀ ਹੈ। ਗਲੇਸ਼ੀਅਰ ਪਿਘਲ ਜਾਂਦਾ ਹੈ… ਅਤੇ ਉਹ ਅਰਜਨ ਅਤੇ ਉਸ ਦੇ ਸਾਥੀਆਂ ਦੀ ਖੇਹ ਖ਼ਰਾਬੀ ਦਾ ਸ਼ਿਕਾਰ ਬਣ ਜਾਂਦੀ ਹੈ। ਪਛਤਾਉਣ ਤੋਂ ਇਲਾਵਾ ਉਸ ਕੋਲ ਕੋਈ ਹੋਰ ਚਾਰਾ ਨਹੀਂ ਰਹਿ ਜਾਂਦਾ। ਮਰਦਾਂ ਦੀ ਮਰਦਾਨਗੀ ਕਾਰਨ ਸਭ ਦੋਸ਼ ਉਸ ਦੇ ਸਿਰ ਹੀ ਮੜ੍ਹੇ ਜਾਂਦੇ ਹਨ। ਆਖ਼ਰ, ਖੁਦ ਦੇ ਨਾਲ਼ ਦੇ ਜੰਮੇ ਮਰਦ-ਭਰਾ ਹੱਥੋਂ ਹੀ ਉਹ ਦੂਸਰੀ ਦੁਨੀਆਂ ਵਿੱਚ ਪਹੁੰਚ ਜਾਂਦੀ ਹੈ। ਨਿੰਮੋ ਦੀ ਗਲਤੀ ਉਸ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਲੇਖਕ ਨੇ ਔਰਤ-ਮਰਦ ਵਾਸਤੇ ਵੱਖੋ ਵੱਖਰੀ ਮਰਿਆਦਾ, ਮਾਪਦੰਡਾਂ ਦੇ ਨਾਲ਼ ਹੀ ਔਰਤ ਦੀ ਗ਼ੁਲਾਮੀ, ਮਰਦ ਦੀ ਹੈਂਕੜਬਾਜੀ ਅਤੇ ਕਮੀਨਗੀ ਨੂੰ ਵੀ ਖ਼ੂਬਸੂਰਤੀ ਨਾਲ ਉਜਾਗਰ ਕੀਤਾ ਹੈ।
“ਬਣਵਾਸ” ਕਹਾਣੀ ਵਿਚ ਕਰਮਜੀਤ ਨਡਾਲਾ ਨੇ ਖ਼ੂਬਸੂਰਤੀ ਨਾਲ਼ ਪਦਾਰਥਾਂ ਅਤੇ ਮਾਇਆ ਦੇ ਲੋਭ ਕਾਰਨ ਮਨੁੱਖੀ ਕਦਰਾਂ ਕੀਮਤਾਂ ਵਿੱਚ ਆਏ ਨਿਘਾਰ ਅਤੇ ਹੈਵਾਨੀਅਤ ਦੇ ਵਿਸ਼ੇ ਨੂੰ ਪਾਠਕਾਂ ਨਾਲ ਸਾਂਝਿਆਂ ਕੀਤਾ ਹੈ। ਝੂਠ ਅਤੇ ਮਾਇਆ ਦੇ ਜ਼ੋਰ ਹੇਠ ‘ਨਿਆਂਪਾਲਿਕਾ’ ਦੁਆਰਾ ਲਏ ਗਏ ‘ਅਨਿਆਂ’ ਵਾਲੇ ਫ਼ੈਸਲੇ ਜ਼ਿੰਦਗੀਆਂ ਬਰਬਾਦ ਕਰ ਜਾਂਦੇ ਹਨ। ਕਹਾਣੀ ਦੇ ਪਾਤਰ ‘ਮਾਸਟਰ ਸੁੱਚਾ ਸਿੰਘ’ ਨੂੰ ਇੱਕ ਝੂਠੇ ਕੇਸ ਵਿੱਚ ਫਸਾ ਕੇ ਅਤੇ ਨਜ਼ਾਇਜ ਸਜ਼ਾ ਕਰਵਾਉਂਦਿਆਂ ਉਸ ਦੇ ਪਰਿਵਾਰ ਦੀ ਖੇਹ ਖ਼ਰਾਬੀ ਅਤੇ ਬਰਬਾਦੀ ਦੀ ਜੜ੍ਹ ਉਸਦੀ ਸਕੀ ਭਰਜਾਈ ਬਣਦੀ ਹੈ। ਉਹ ਜਾਇਦਾਦ ਦੇ ਲਾਲਚ ਵਿੱਚ ਕਮੀਨਗੀ ਦੀਆਂ ਸਭ ਹੱਦਾਂ ਪਾਰ ਕਰ ਜਾਂਦੀ ਹੈ। ਬੇਗੁਨਾਹ ਹੁੰਦਿਆਂ ਵੀ ਲੰਮੀ ਸਜ਼ਾ ਭੁਗਤ ਕੇ ਵਾਪਸ ਘਰ ਜਾਂਦਿਆਂ ਜਦ ਮਾਸਟਰ ਸੁੱਚਾ ਸਿੰਘ ਨੂੰ ਉਹਦੇ ਹੱਸਦੇ-ਵੱਸਦੇ ਪਰਿਵਾਰ ਦੀ ਬਰਬਾਦੀ ਦਾ ਪਤਾ ਲੱਗਦਾ ਹੈ ਤਾਂ ਉਹ ਉੱਥੇ ਹੀ ਦਮ ਤੋੜ ਦਿੰਦਾ ਹੈ। ਮਰਨ ਤੋਂ ਪਹਿਲਾਂ ਉਸ ਦੇ ਮਨ ਨੂੰ ਇਸ ਗੱਲ ਦੀ ਤਸੱਲੀ ਹੋ ਜਾਂਦੀ ਹੈ ਕਿ ਪਿੰਡ ਵਾਲਿਆਂ ਦੀਆਂ ਨਜ਼ਰਾਂ ਵਿੱਚ ਉਹ ਗੁਨਾਹਗਾਰ ਨਹੀਂ ਸੀ। ਭਰਜਾਈ ਦੀ ਕਮੀਨਗੀ ਕਾਰਨ ਮਾਸਟਰ ਸੁੱਚਾ ਸਿੰਘ, ਉਸਦੇ ਛੋਟੇ ਭਰਾ, ਪਤਨੀ, ਪੁੱਤਰ ਅਤੇ ਦੋ ਬੇਟੀਆਂ ਦੀ ਬਰਬਾਦੀ ਦੀ ਦਿਲ ਕੰਬਾਊ ਦਾਸਤਾਨ ਨੂੰ ਬਾਕਮਾਲ ਸ਼ਬਦਾਂ ਵਿੱਚ ਵਰਨਣ ਕੀਤਾ ਹੈ। ਕਹਾਣੀ ਨੂੰ ਪੜ੍ਹਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਇਹ ਘਟਨਾ ਸਾਡੇ ਆਲੇ-ਦੁਆਲੇ ਹੀ ਵਾਪਰੀ ਹੋਵੇ।
“ਅੰਦਰਲਾ ਮਹਾਂਭਾਰਤ” ਕਹਾਣੀ ਮੁਹੱਬਤ, ਦਿੱਲੀ ਦੇ ਦੰਗਿਆਂ ਦੀ ਹੈਵਾਨੀਅਤ ਅਤੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਗੁਲਾਮੀ ਅਤੇ ਮਾਨਸਿਕ ਪੀੜਾ ਨੂੰ ਬਿਆਨ ਕਰਦੀ ਹੈ। ਮਰਦ ਦੀ ਹੈਂਕੜਬਾਜੀ ਅਤੇ ਦੂਹਰੇ-ਤੀਹਰੇ ਕਿਰਦਾਰ ਔਰਤ ਨੂੰ ਉਹ ਕੁਝ ਕਰਨ ਤੋਂ ਵਰਜਦੇ ਹਨ ਜੋ ਉਹ ਖ਼ੁਦ ਸ਼ਰੇਆਮ ਕਰਨਾ ਚਾਹੁੰਦਾ ਹੈ ਅਤੇ ਕਰਦਾ ਵੀ ਹੈ। ਉਹ ਔਰਤ ਦੇ ਜੀਵਨ ਨੂੰ ਆਪਣਾ ਅਧਿਕਾਰ ਸਮਝਦਾ ਹੈ ਅਤੇ ਉਸ ਦਾ ਸ਼ੋਸ਼ਣ ਕਰਦਾ ਹੈ। ਉਸ ਦੀ ਸਧਾਰਨ ਜਿਹੀ ਜ਼ਿੰਦਗੀ ਵਿੱਚ ਵੀ ਅੜਿੱਕੇ ਖੜ੍ਹੇ ਕਰਦਾ ਰਹਿੰਦਾ ਹੈ, ਜਿਸ ਕਾਰਨ ਔਰਤ ਖ਼ੁਦਮੁਖਤਿਆਰੀ ਵਾਲੇ ਫੈਸਲੇ ਲੈਣ ਤੋਂ ਕੋਹਾਂ ਦੂਰ ਰਹਿੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਕਹਾਣੀ ਦੀ ਪਾਤਰ ‘ਹਰਦੀਪ’ ਚਾਹੁੰਦੀ ਹੋਈ ਵੀ ਆਪਣੇ ਮਨ ਦੀ ਪਸੰਦ ਦੇ ਲੜਕੇ ‘ਗੁਰਮੀਤ’ ਨਾਲ ਵਿਆਹ ਨਾ ਕਰਵਾ ਸਕੀ। ਦੰਗੇ ਤਾਂ ਦੰਗੇ ਹੀ ਹੁੰਦੇ ਹਨ ਚਾਹੇ ਉਹ ਸੰਤਾਲੀ ਦੇ ਹੋਣ ਜਾਂ ਫਿਰ ਚੌਰਾਸੀ ਦੇ। ਹੈਵਾਨੀਅਤ ਦਾ ਨੰਗਾ ਨਾਚ ਤੇ ਇਨਸਾਨੀਅਤ ਦਾ ਘਾਣ। ਕਹਾਣੀ ਉਦੋਂ ਨਵਾਂ ਮੋੜ ਲੈ ਲੈਂਦੀ ਹੈ ਜਦ ਹਰਦੀਪ ਦਾ ਪਤੀ ਦੰਗਿਆਂ ਵਿੱਚ ਮਾਰਿਆ ਜਾਂਦਾ ਹੈ। ਉਹ ਆਪਣੇ ਮਾਂ ਪਿਓ ਦੇ ਘਰ ਵਾਪਸ ਆ ਜਾਂਦੀ ਹੈ ਅਤੇ ਆਖ਼ਰ ਆਪਣੇ ਪਹਿਲੇ ਪਿਆਰ ਗੁਰਮੀਤ ਨੂੰ ਮਿਲ ਜਾਂਦੀ ਹੈ।
“ਲੰਬੀ ਪਤਝੜ” ਇੱਕ ਖ਼ੂਬਸੂਰਤ ਅਤੇ ਮੁਹੱਬਤੀ ਰੂਹ ਦੇ ਵਿਛੋੜੇ ਦੀ ਕਹਾਣੀ ਹੈ। ‘ਪ੍ਰੀਤਮ’ ਅਤੇ ‘ਸ਼ਾਰਦਾ’ ਦੇ ਪਿਆਰ, ਸੁਖੀ ਵਿਆਹੁਤਾ ਜੀਵਨ ਅਤੇ ਵਿਯੋਗ ਦੀ ਦਾਸਤਾਨ। ਪਹਾੜਨ ਲੜਕੀ ਸ਼ਾਰਦਾ ਨੇ ਪੰਜਾਬੀ ਮੁੰਡੇ ਪ੍ਰੀਤਮ ਨਾਲ ਆਪਣੇ ਮਾਂ ਬਾਪ ਦੀ ਮਰਜ਼ੀ ਦੇ ਖਿਲਾਫ਼ ਵਿਆਹ ਤਾਂ ਕਰਵਾ ਲਿਆ ਪਰ ਉਹ ਉਨ੍ਹਾਂ ਨੂੰ ਆਪਣੇ ਦਿਲ ਦਿਮਾਗ਼ ਵਿੱਚੋਂ ਵਿਸਾਰ ਨਾ ਸਕੀ ਅਤੇ ਖ਼ੁਦ ਨੂੰ ਇਸ ਬਾਰੇ ਕੋਸਦੀ ਵੀ ਰਹੀ। ਚੰਗੀ ਭਲੀ ਚੱਲ ਰਹੀ ਜ਼ਿੰਦਗੀ ਨੂੰ ਵਿੱਚ-ਵਿਚਾਲਿਓਂ ਛੱਡ ਕੇ ਸਦਾ ਲਈ ਮਾਂ ਬਾਪ ਅਤੇ ਪਹਾੜੀ ਵਾਦੀਆਂ ਵਿੱਚ ਚਲੇ ਜਾਂਦੀ ਹੈ। ਪ੍ਰੀਤਮ ਵਿਯੋਗ ਅਤੇ ਸੋਚਾਂ ਵਿੱਚ ਡੁੱਬਿਆ ਉਸ ਦਾ ਇੰਤਜ਼ਾਰ ਕਰਦਾ ਹੈ। ਦੂਸਰੀਆਂ ਕਹਾਣੀਆਂ ਵਾਂਗ ਇਹ ਕਹਾਣੀ ਵੀ ਪਾਠਕ ਨੂੰ ਅੰਤ ਤੱਕ ਨਾਲ਼ ਜੋੜੀ ਰੱਖਦੀ ਹੈ।
“ਮਰੀਜ਼” ਇੱਕ ਬਹੁਤ ਹੀ ਖ਼ੂਬਸੂਰਤ ਅਤੇ ਸੰਵੇਦਨਸ਼ੀਲ ਮਨ ਚੋਂ ਉਪਜੀ ਸਿਰਜਣਾ ਹੈ। ਕੋਰੋਨਾ ਦੌਰ ਨਾਲ ਸਬੰਧਿਤ ਇਹ ਕਹਾਣੀ ਬਹੁਤ ਕੁਝ ਫਰੋਲ ਰਹੀ ਹੈ। ਡਾਕਟਰ ਨੂੰ ਮਰੀਜ਼ ਰੱਬ ਦੇ ਬਰਾਬਰ ਮੰਨਦੇ ਹਨ। ਰੱਬ ਦਿਸਦਾ ਨਹੀਂ ਪਰ ਡਾਕਟਰ ਵਿੱਚ ਮਰੀਜ਼ ਨੂੰ ਰੱਬ ਦਿਖਦਾ ਅਤੇ ਮਹਿਸੂਸ ਵੀ ਹੁੰਦਾ ਹੈ। ਇਹ ਬਹੁਪਰਤੀ ਕਹਾਣੀ ਮੈਡੀਕਲ ਡਾਕਟਰ ‘ਗੁਰਮੇਲ’ ਦੇ ਦੁਆਲ਼ੇ ਘੁੰਮਦੀ ਹੈ। ਮਹਾਂਮਾਰੀਆਂ ਅਤੇ ਸਰਬਵਿਆਪੀ ਮਹਾਂਮਾਰੀਆਂ ਇਨਸਾਨ ਦੀ ਜ਼ਿੰਦਗੀ ਵਿੱਚ ਤਰਥੱਲੀ ਮਚਾ ਦਿੰਦੀਆਂ ਹਨ। ਮਹਾਂਮਾਰੀਆਂ ਵਿਸ਼ਾਲ ਸਮੁੰਦਰੀ ਸੁਨਾਮੀਆਂ ਵਾਂਗ ਚਿਰਜੀਵੀ ਪ੍ਰਭਾਵ ਛੱਡ ਜਾਂਦੀਆਂ ਹਨ। ਇਹ ਕਹਾਣੀ ਕਰੋਨਾ ਵਾਇਰਸ ਦੀ ਉਤਪਤੀ, ਫੈਲਾਓ ਅਤੇ ਕੋਵਿਡ-19 ਦੇ ਸਰਬਵਿਆਪੀ ਸਮਾਜਿਕ, ਆਰਥਿਕ, ਸਿਆਸੀ ਪ੍ਰਭਾਵ ਦੇ ਤਾਣੇ-ਬਾਣੇ ਨਾਲ ਸੰਬੰਧਿਤ ਹੈ। ਲੇਖਕ ਨੇ ਆਪਣੇ ਢਿੱਡ ਦੀਆਂ ਅਤੇ ਮਨ ਦੀਆਂ ਗੱਲਾਂ ਬਹੁਤ ਸਰਲ ਅਤੇ ਪ੍ਰਭਾਵਸ਼ਾਲੀ ਸ਼ੈਲੀ ਵਿੱਚ ਕੀਤੀਆਂ ਹਨ, ਜੋ ਪਾਠਕ ਨੂੰ ਧੁਰ ਅੰਦਰੋਂ ਹਸਾਉਂਦੀਆਂ ਹਨ ਅਤੇ ਕਦੇ ਉਦਾਸ ਵੀ ਕਰਦੀਆਂ ਹਨ। ਮੈਡੀਕਲ ਡਾਕਟਰ ਹੁੰਦਿਆਂ ਅਤੇ ਕੋਵਿਡ-19 ਦੇ ਮੁਸ਼ਕਲ ਵਕਤ ਨੂੰ ਆਪਣੇ ਪਿੰਡੇ ‘ਤੇ ਹੰਡਾਉਦਿਆਂ ਉਸ ਨੇ ਇਸ ਗੱਲ ਨੂੰ ਪਾਠਕਾਂ ਨਾਲ ਸਾਂਝਿਆਂ ਕੀਤਾ ਹੈ ਕਿ ਕਿਵੇਂ ਅਣਸੁਖਾਵੇਂ ਸਮਿਆਂ ਵਿੱਚ ਵੀ ਚੰਗੇ ਡਾਕਟਰਾਂ ਨੇ ਆਪਣਾ ਧਰਮ ਨਿਭਾਉਂਦਿਆਂ ਅਤੇ ਆਪਣੀ ਜਾਂ ਆਪਣੇ ਪਰਿਵਾਰ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਅਣਗਿਣਤ ਮਰੀਜ਼ਾਂ ਦੀ ਜਾਨ ਬਚਾਈ। ਸਮਾਜ ਨੂੰ ਅਜਿਹੇ ਡਾਕਟਰਾਂ ਦੇ ਬੁਲੰਦ ਹੌਸਲਿਆਂ ਨੂੰ ਸਲਾਮ ਕਰਨਾ ਵੀ ਬਣਦਾ ਹੈ। ਇਹ ਉਹ ਭਿਆਨਕ ਦੌਰ ਸੀ ਜਦ ਬੰਦੇ ਦੇ ਖ਼ੁਦ ਆਪਣੇ ਅਤੇ ਕਰੀਬੀ ਉਸ ਨੂੰ ਕਰੋਨਾ ਕਾਰਨ ਮੌਤ ਦੇ ਮੰਝਧਾਰ ਵਿੱਚ ਮਰਨ ਲਈ ਛੱਡ ਕੇ ਦੌੜ ਜਾਂਦੇ ਸਨ। ਇਸ ਨਸੀਹਤਨੁਮਾ ਕਹਾਣੀ ਵਿੱਚੋਂ ਬਹੁਤ ਹੀ ਸਕਾਰਾਤਮਕ ਅਤੇ ਪ੍ਰੇਰਨਾਦਾਇਕ ਸੁਨੇਹਾ ਪਾਠਕ ਦੇ ਮਨ ਨੂੰ ਟੁੰਬਦਾ ਹੈ ਕਿ ਹਾਲਾਤ ਜਾਂ ਪ੍ਰਸਥਿਤੀਆਂ ਭਾਵੇਂ ਕਿਤਨੀਆਂ ਵੀ ਗੰਭੀਰ ਜਾਂ ਗੁੰਝਲਦਾਰ ਕਿਉਂ ਨਾ ਹੋਵਣ, ਹਿੰਮਤ, ਦਲੇਰੀ ਅਤੇ ਉਸਾਰੂ ਸੋਚ ਨਾਲ ਵੱਡੀ ਤੋ ਵੱਡੀ ਜੰਗ ਜਿੱਤੀ ਜਾ ਸਕਦੀ ਹੈ!
ਦੋਸਤੋ ਗਲੇਸ਼ੀਅਰ ਭਾਵੇਂ ਬਰਫ਼ ਦਾ ਹੋਵੇ ਜਾਂ ਫਿਰ ਇਨਸਾਨ ਦੀ ਜ਼ਿੰਦਗੀ ਵਿਚਲੇ ਉਤਰਾਵਾਂ-ਚੜ੍ਹਾਵਾਂ ਦਾ, ਇਹ ਇੱਕ ਦਿਨ ਵਿੱਚ ਹੀ ਨਹੀਂ ਬਣ ਜਾਂਦਾ। ਇਹਦੇ ਬਣਨ ਵਿੱਚ ਆਲਾ-ਦੁਆਲਾ ਵੀ ਮਹੱਤਵਪੂਰਨ ਹਿੱਸਾ ਪਾਉਂਦਾ ਹੈ। ਪਿਘਲਦਾ ਹੋਇਆ ਗਲੇਸ਼ੀਅਰ ਤਰਥੱਲੀਆਂ ਮਚਾ ਦਿੰਦਾ ਹੈ ਅਤੇ ਜ਼ਿੰਦਗੀਆਂ ਬਰਬਾਦ ਕਰ ਜਾਂਦਾ ਹੈ, ਜੋ ਇੰਨ੍ਹਾਂ ਕਹਾਣੀਆਂ ਦੇ ਪਰਾਗੇ ਵਿੱਚੋਂ ਸਾਫ਼ ਝਲਕਦਾ ਹੈ।
ਇਸ ਪੁਸਤਕ ਨੂੰ ਪੜ੍ਹਦਿਆਂ ਅਤੇ ਮਾਣਦਿਆਂ ਮੇਰੇ ਖ਼ੁਦ ਦੇ ਪਾਠਕ ਮਨ ਨੂੰ ਇੱਕ ਵਿਲੱਖਣ ਜਿਹਾ ਅਹਿਸਾਸ ਹੋਇਆ ਕਿ ਕਰਮਜੀਤ ਨਡਾਲਾ ਕਿਸੇ ਵੀ ਕਹਾਣੀ ਵਿੱਚ ਕਿਸੇ ਵੀ ਪਾਤਰ ਦੇ ਮੂੰਹ ਵਿੱਚ ਸ਼ਬਦ ਤੁੰਨਦਾ ਨਹੀਂ ਹੈ। ਉਹ ਪਾਤਰਾਂ ਨੂੰ ਆਪਣੇ ਮਨ ਦੀ ਗੱਲ ਕਹਿਣ / ਕਰਨ ਦਾ ਪੂਰਾ ਮੌਕਾ ਬਖਸ਼ਦਾ ਹੈ, ਉਨ੍ਹਾਂ ਦੇ ਮਨ ਦੀਆਂ ਬਾਤਾਂ ਨੂੰ ਪਾਠਕਾਂ ਦੇ ਨਜ਼ਰੀਂ ਕਰਦਾ ਹੈ। ਜਿਸ ਕਰਕੇ ਪੁਸਤਕ ਵਿਚਲੀ ਵਾਰਤਾਲਾਪ ਵਿੱਚ ਪਾਠਕ ਨੂੰ ਕਹਾਣੀਆਂ ਦਾ ਪਾਤਰ ਹੂਬਹੂ ਦਿਖਾਈ ਦਿੰਦਾ ਹੈ, ਬੋਲਦਾ ਸੁਣਦਾ ਹੈ, ਹੱਸਦਾ, ਰੋਂਦਾ… ਦਿਖਾਈ ਦਿੰਦਾ ਹੈ ਅਤੇ ਮਹਿਸੂਸ ਵੀ ਹੁੰਦਾ ਹੈ। ਇੱਕ ਨਾਟਕ ਜਾਂ ਚੱਲ ਰਹੀ ਫਿਲਮ ਦੀ ਤਰਾਂ। ਪੁਸਤਕ ਵਿੱਚੋਂ ਸਿਰਫ ਦੋ ਤਿੰਨ ਵਾਰਤਾਲਾਪ ਦੇ ਨਮੂਨੇ ਪਾਠਕਾਂ ਦੀ ਨਜ਼ਰੀਂ ਕਰਨੇ ਬਣਦੇ ਹਨ…
ਪ੍ਰੇਮੀ ਮਿਸਤਰੀ ਦੇ ਮਨ ਦਾ ਖੌਰੂ…
“ਕੁੱਤੀਏ…. ਅੱਜ ਨਹੀਂ ਤੈਨੂੰ ਛੱਡਦਾ…. ਅੱਜ ਆਈ ਤੂੰ ਮੇਰੇ ਅੜਿੱਕੇ…. ਨਿਕਲ ਗਈ ਸੈਂ ਝਾਟੇ ‘ਚ ਖੇਹ ਪਵਾ ਕੇ ਵੱਢਦਾਂ ਤੇਰਾ ਅੱਜ ਫਸਤਾ….।”
ਜਾਂ ਫਿਰ ਲੱਡੂ ਥਾਣੇਦਾਰ ਦਾ ਪੁਲਸ ਵਾਲਾ ਰੋਹਬ…
“ਸੋਹਣੀਏ… ਹੁਣ ਤੇਰਾ ਪ੍ਰੇਮੀ ਤਾਂ ਨਹੀਂ ਤੈਨੂੰ ਘੂਰਦਾ… ਕਿ ਲਾਈਏ ਇੱਕ ਵਾਰੀ ਹੋਰ… ਚਿੱਤੜਾਂ ‘ਤੇ ਚਾਰ ਡੰਡੇ…।”
ਜਾਂ ਫਿਰ ਇਹ ਹੋਰ ਥਾਣੇਦਾਰ ਅਰਜਨ ਦੇ ਮਨ ਦੀ ਭੁੱਖ ਦਾ ਨਮੂਨਾ… ਜੋ ਨਿੰਮੋ ਦੇ ਮਨ ਦੇ ਗਲੇਸ਼ੀਅਰ ਨੂੰ ਪਿਘਲਾਉਣ ਲੱਗਾ…
“ਵਿਆਹ ਤਾ ਜਦੋਂ ਹੋਊ ਭਾਬੀ… ਦੇਖੀ ਜਾਊ… ਮੈਨੂੰ ਤਾਂ ਤੇਰੇ ਵੱਲ ਦੇਖ ਦੇਖ ਤਰਸ ਆਉਂਦਾ… ਖੌਰੇ ਰੱਬ ਨੇ ਮੈਨੂੰ ਤੇਰੇ ਕਰਕੇ ਈ ਭੇਜਿਆ ਹੋਵੇ…।”
ਇਸ ਤਰਾਂ ਦੀਆਂ ਰੰਗਾਂ-ਰਸਾਂ ਨਾਲ਼ ਭਰਪੂਰ ਅਨੇਕਾਂ ਵਾਰਤਾਲਾਪਾਂ ਪੁਸਤਕ ਨੂੰ ਹੁਸੀਨ ਅਤੇ ਰੌਚਕ ਬਣਾ ਦਿੰਦੀਆਂ ਹਨ। ਇਸ ਲਿਖਤ ਦੇ ਨਿਵੇਕਲੇ ਲਫ਼ਜ਼ ਇਸ ਨੂੰ ਸ਼ਿੰਗਾਰਦੇ ਹਨ।
ਪਾਠਕਾਂ ਦੀ ਆਪਣੀ ਪਸੰਦ ਹੁੰਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ। “ਗਲੇਸ਼ੀਅਰ ਪਿਘਲ ਗਿਆ” ਨੂੰ ਪੜ੍ਹਦਿਆਂ ਮੈਨੂੰ ਇੰਜ ਮਹਿਸੂਸ ਹੋਇਆ ਡਾ. ਕਰਮਜੀਤ ਨਡਾਲਾ ਆਪਣੇ ਅਤੇ ਪਾਤਰਾਂ ਦੇ ਮਨ ਦੀਆਂ ਗੱਲਾਂ ਪਾਠਕਾਂ ਦੇ ਸਨਮੁੱਖ ਕਰਨ ਵਿੱਚ ਸਫ਼ਲ ਹੋਇਆ ਹੈ, ਜਿਸ ਲਈ ਉਹ ਵਧਾਈ ਦਾ ਪਾਤਰ ਹੈ। ਪੰਜਾਬੀ ਸਾਹਿਤ ਜਗਤ ਵਿੱਚ ਇਸ ਨਿਵੇਕਲੀ ਪੁਸਤਕ ਦਾ ਦਿਲ ਦੇ ਦੁਆਰ ਖੋਲ੍ਹਦਿਆਂ ਸਵਾਗਤ ਕਰਨਾ ਬਣਦਾ ਹੈ!
ਜ਼ਿੰਦਗੀ ਜ਼ਿੰਦਾਬਾਦ।
*** ਡਾ. ਕੁਲਵਿੰਦਰ ਸਿੰਘ ਬਾਠ ਕੈਲੀਫ਼ੋਰਨੀਆ, ਯੂ ਐਸ ਏ 209 600 2897 |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by 
“ਗਲੇਸ਼ੀਅਰ ਪਿਘਲ ਗਿਆ” ਵਿਚਲੀਆਂ ਸਾਰੀਆਂ ਕਹਾਣੀਆਂ ਦੇ ਟਵਿਸਟ ਪਾਠਕਾਂ ਨੂੰ ਨਾਲ਼-ਨਾਲ਼ ਹੀ ਘੁਮਾਈ ਜਾਂਦੇ ਹਨ। ਪਾਠਕ ਪੂਰੀ ਕਹਾਣੀ ਪੜ੍ਹੇ ਬਗੈਰ ਰਹਿ ਹੀ ਨਹੀਂ ਸਕਦਾ। ਕਹਾਣੀਆਂ ਪਾਠਕ ਨੂੰ ਆਪਣੇ ਆਲੇ-ਦੁਆਲੇ ਵਾਪਰਦੀਆਂ ਜਾਂ ਵਾਪਰ ਚੁੱਕੀਆਂ ਘਟਨਾਵਾਂ ਜਾਂ ਦੁਰਘਟਨਾਵਾਂ ਮਹਿਸੂਸ ਹੁੰਦੀਆਂ ਹਨ। ਕਹਾਣੀਆਂ ਦੇ ਪਾਤਰ ਵੀ ਸਧਾਰਨ ਜਨ ਜੀਵਨ ਵਿੱਚੋਂ ਜਾਣੇ-ਪਛਾਣੇ ਅਤੇ ਪਾਠਕ ਦੇ ਅੰਗ-ਸੰਗ ਵਿਚਰਦੇ ਲੱਗਦੇ ਹਨ।