20 April 2024

ਡਾ. ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਅੱਧਾ ਅੰਬਰ ਅੱਧੀ ਧਰਤੀ ਸਾਹਿਤਕ ਵਿਅੰਗ —ਉਜਾਗਰ ਸਿੰਘ, ਪਟਿਆਲਾ 

ਰਵਿੰਦਰ ਸਿੰਘ ਸੋਢੀ ਬਹੁ-ਪੱਖੀ ਸਾਹਿਤਕਾਰ ਹੈ। ਉਸ ਨੇ ਹੁਣ ਤੱਕ ਆਲੋਚਨਾ, ਨਾਟਕ, ਜੀਵਨੀ, ਕਵਿਤਾ ਅਤੇ ਸਾਹਿਤ ਦੇ ਹੋਰ ਰੂਪਾਂ ਵਿੱਚ ਇਕ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ। ਉਨ੍ਹਾਂ ਨੇ ਇਕ ਪੁਸਤਕ ਹਿੰਦੀ ਵਿੱਚ ਵੀ ਪ੍ਰਕਾਸ਼ਤ ਕਰਵਾਈ ਹੈ। ਇੱਕ ਅਧਿਆਪਕ ਹੋਣ ਕਰਕੇ ਉਸ ਨੂੰ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਦੀ ਜਾਣਕਾਰੀ ਹੈ।

ਉਨ੍ਹਾਂ ਦਾ ‘ਅੱਧਾ ਅੰਬਰ ਅੱਧੀ ਧਰਤੀ’ ਦੂਜਾ ਕਾਵਿ ਸੰਗ੍ਰਹਿ ਹੈ। ਪਹਿਲਾ ਕਾਵਿ ਸੰਗ੍ਰਹਿ 2008 ਵਿੱਚ ਪ੍ਰਕਾਸ਼ਤ ਹੋਇਆ ਸੀ। ਇਸ ਕਾਵਿ ਸੰਗ੍ਰਹਿ ਵਿੱਚ ਜ਼ਿੰਦਗੀ ਦੀਆਂ ਅਟੱਲ ਸਚਾਈਆਂ ‘ਤੇ ਅਧਾਰਤ 160 ਕਾਵਿ ਟੱਪੇ ਹਨ। ਮੇਰੀ ਸੋਚ ਅਨੁਸਾਰ ਕਾਵਿ ਟੱਪਿਆਂ ਦਾ ਇਹ ਨਵਾਂ ਸਾਹਿਤਕ ਰੂਪ ਹੈ। ਹਰ  ਇੱਕ ਟੱਪੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਪਹਿਲੇ ਹਿੱਸੇ ਵਿੱਚ ਵਰਤਮਾਨ ਕਾਨੂੰਨ, ਪਰੰਪਰਾ, ਸਮਾਜਿਕ ਵਿਸੰਗਤੀਆਂ ਬਾਰੇ ਲਿਖਿਆ ਹੈ, ਦੂਜੇ ਹਿੱਸੇ ਵਿੱਚ ਉਸ ‘ਤੇ ਸਮਾਜ ਕੀ ਅਮਲ ਕਰ ਰਿਹਾ ਹੈ, ਉਸ ਨੂੰ ਵਿਅੰਗਾਤਮਿਕ ਢੰਗ ਨਾਲ ਲਿਖਿਆ ਗਿਆ ਹੈ। ਇੱਕ ਕਿਸਮ ਨਾਲ ਸਮਾਜ ਨੂੰ ਵਿਅੰਗ ਰਾਹੀਂ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। 

ਉਨ੍ਹਾਂ ਦਾ ਇਹ ਕਾਵਿ ਸੰਗ੍ਰਹਿ ਵਿਚਾਰ ਪ੍ਰਧਾਨ ਕਵਿਤਾਵਾਂ ਦਾ ਪੁਲੰਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਸੰਵੇਦਨਸ਼ੀਲ ਅਤੇ ਸਰਲ ਸ਼ਬਦਾਵਲੀ ਵਿੱਚ ਲਿਖੀਆਂ ਹੋਈਆਂ ਹਨ। ਲੋਕ ਬੋਲੀ ਵਿੱਚ ਹੋਣ ਕਰਕੇ ਬਹੁਤ ਜਲਦੀ ਸਮਝੀਆਂ ਜਾਂਦੀਆਂ ਹਨ। ਇਕ ਵਿਦਵਾਨ ਅਧਿਆਪਕ ਹੋਣ ਕਰਕੇ ਵਿਚਾਰ ਪ੍ਰਧਾਨ ਕਵਿਤਾ ਲਿਖਣਾ ਕੁਦਰਤੀ ਹੈ। ਉਨ੍ਹਾਂ ਦੀਆਂ ਕਵਿਤਾਵਾਂ ਅਨੁਸਾਰ ਸਮਾਜ ਸਥਾਪਤ ਕਾਨੂੰਨਾਂ ਅਤੇ ਪਰੰਪਰਾਵਾਂ ‘ਤੇ ਪਹਿਰਾ ਦੇਣ ਦੀ ਥਾਂ ਉਲੰਘਣਾ ਕਰ ਰਿਹਾ ਹੈ। ਵੈਸੇ ਤਾਂ ਸਾਰਾ ਹੀ ਕਾਵਿ ਸੰਗ੍ਰਹਿ ਸਮਾਜਿਕ ਤਾਣੇ ਬਾਣੇ ਵਿੱਚ ਫ਼ੈਲੀਆਂ ਬੁਰਾਈਆਂ, ਅਲਾਮਤਾਂ ਬਾਰੇ ਤਿੱਖਾ ਵਿਅੰਗ ਕਰਦਾ ਹੈ ਪਰੰਤੂ ਇਸ ਕਾਵਿ ਸੰਗ੍ਰਹਿ ਦਾ ਪਹਿਲਾ ਹੀ ‘ਲਾਲ ਬੱਤੀ’ ਸਿਰਲੇਖ  ਵਿੱਚ ਲਿਖਿਆ ਕਾਵਿ ਟੱਪਾ ਸਮਾਜਿਕ ਬੁਰਾਈ ਲਈ ਸ਼ਰਮਸਾਰ ਕਰਦਾ ਹੈ। 

‘ਗੰਧਲੇ ਰਿਸ਼ਤੇ’ ਸਿਰਲੇਖ ਵਿੱਚ ਕਵੀ ਨੇ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੌਣ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਿਹਾ ਹੈ ਪਰੰਤੂ ਅਸੀਂ ਤਿੰਨਾਂ ਨੂੰ ਗੰਧਲੇ ਕਰਕੇ ਰਿਸ਼ਤੇ ਵੀ ਗੰਧਲੇ ਕਰ ਦਿੱਤੇ ਹਨ। ਭਾਵ ਅਸੀਂ ਆਪਣੇ ਗੁਰੂ ਦੀ ਵਿਚਾਰਧਾਰਾ ਤੋਂ ਵੀ ਮੁਨਕਰ ਹੋ ਗਏ ਹਾਂ। ਇਕ ਪਾਸੇ ਅਖੌਤੀ ਪਤਵੰਤੇ ਆਪਣੀਆਂ ਕਾਰਾਂ ‘ਤੇ ਲਾਲ ਬੱਤੀਆਂ ਲਗਾ ਕੇ ਆਪਣੀ ਹਓਮੈ ਦਾ ਪ੍ਰਗਟਾਵਾ ਕਰਦੇ ਹੋਏ ਆਪਣੀ ਆਤਮਾ ਵੇਚ ਰਹੇ ਹਨ ਪਰੰਤੂ ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਵਿੱਚ ਇਸਦੇ ਉਲਟ ਲਾਲ ਬੱਤੀ ਇਲਾਕਿਆਂ ਵਿੱਚ ਸਰੀਰ ਵਿਕ ਰਹੇ ਹਨ:

ਰਾਜ ਦੀ ਰਾਜਧਾਨੀ ਤੋਂ
ਦੇਸ਼ ਦੀ ਰਾਜਧਾਨੀ ਤੱਕ
ਲਾਲ ਬੱਤੀ ਵਾਲੀਆਂ ਕਾਰਾਂ
ਲਾਲ ਬੱਤੀ ਇਲਾਕਿਆਂ ਦੀ ਪੁੱਛ
ਕਿਤੇ ਆਤਮਾ ਵਿਕਾਊ
ਕਿਤੇ ਸਰੀਰ?

ਕਵੀ ਨੇ ਕਿਤਨਾ ਡੂੰਘਾ ਵਿਅੰਗ ਕਸਿਆ ਹੈ। ਰਵਿੰਦਰ ਸਿੰਘ ਸੋਢੀ ਦੀਆਂ ਇਨ੍ਹਾਂ ਨਿੱਕੀਆਂ-ਨਿੱਕੀਆਂ ਲਗਪਗ ਸਾਰੀਆਂ ਕਵਿਤਾਵਾਂ ਦੇ ਸਿਰਲੇਖ ਦਿਲਚਸਪ ਹਨ। ਸਿਰਲੇਖ ਨੂੰ ਪੜ੍ਹਨ ਸਾਰ ਹੀ ਕਵਿਤਾ ਦੀ ਭਾਵਨਾ ਦਾ ਪਤਾ ਲੱਗ ਜਾਂਦਾ ਹੈ। ਕਵੀ ਦੀਆਂ ਕਵਿਤਾਵਾਂ ਦੀ ਵਿਅੰਗਾਤਮਿਕ ਚੋਟ ਬਹੁਤ ਹੀ ਤੀਖਣ ਹੈ ਜੋ ਪਾਠਕਾਂ ਦੇ ਮਨਾਂ ਝੰਜੋੜਦੀ ਹੋਈ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਵੇਖਣ ਅਤੇ ਪੜ੍ਹਨ ਨੂੰ ਇਹ ਕਾਵਿ ਟੱਪੇ ਨਿੱਕੇ ਲਗਦੇ ਹਨ ਪਰੰਤੂ ਇਨ੍ਹਾਂ ਦੇ ਅਰਥ ਅਤੇ ਪ੍ਰਭਾਵ ਬਹੁਤ ਵੱਡੇ ਅਤੇ ਗਹਿਰੇ ਹਨ। 

ਦੋ ਅਕਤੂਬਰ, ਚੌਦਾਂ ਨਵੰਬਰ ਅਤੇ ਦੀਵਾਲੀ ਆਦਿ ਸਿਰਲੇਖਾਂ ਵਾਲੀਆਂ ਕਵਿਤਾਵਾਂ ਕੌਮੀ ਪੱਧਰ ਤੇ ਮਨਾਏ ਜਾਂਦੇ ਤਿਓਹਾਰਾਂ ਬਾਰੇ ਹਨ। ਅਜਿਹੇ ਤਿਓਹਾਰਾਂ ਦੇ ਸ਼ਾਬਦਿਕ ਅਰਥ ਤੇ ਪ੍ਰਭਾਵ ਭਾਵੇਂ ਕੁਝ ਵੀ ਹੋਣ ਪਰੰਤੂ ਅਸਲੀਅਤ ਇਸ ਦੇ ਉਲਟ ਹੁੰਦੀ ਹੈ। ਰਵਿੰਦਰ ਸਿੰਘ ਸੋਢੀ ਨੇ ਕਮਾਲ ਹੀ ਕਰ ਦਿੱਤੀ ਕਿਉਂਕਿ ਸਮਾਜ ਦੀ ਅਜਿਹੀ ਕੋਈ ਵਿਸੰਗਤੀ ਰਹਿ ਨਹੀਂ ਗਈ ਜਿਸ ਬਾਰੇ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਵਿਅੰਗ ਨਾ ਕੀਤਾ ਹੋਵੇ। ਸਰਕਾਰਾਂ ਵਿੱਚ ਵੱਧ ਰਹੇ ਭਰਿਸ਼ਟਾਚਾਰ ਬਾਰੇ ਉਨ੍ਹਾਂ ਨੇ ਮਹੀਨਾ ਵਸੂਲੀ, ਖਾਲੀ ਕੁਰਸੀਆਂ, ਆਪਣੀ ਆਪਣੀ ਖ਼ੁਸ਼ੀ, ਸੇਕ, ਬਿਜਲੀ, ਸੁਧਾਰ ਘਰ ਵਿੱਚ ਹਰ ਕਦਮ ‘ਤੇ ਹੋ ਰਹੇ ਭਰਿਸ਼ਟਾਚਾਰ ਦਾ ਵਿਵਰਣ ਦਿੱਤਾ ਹੈ। ਉਨ੍ਹਾਂ ਸਰਕਾਰ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਿਆ ਹੈ:

ਮਹਿੰਗਾਈ
ਕਾਬੂ ਨਹੀਂ
ਅਫ਼ਸਰਸ਼ਾਹੀ
ਹੋ ਗਈ ਬੇਲਗ਼ਾਮ
ਸਰਕਾਰ ਸਾਡੀ
ਸ਼ਾਇਦ
ਹੋ ਗਈ ਨਿਲਾਮ

ਭਰਿਸ਼ਟਾਚਾਰ ਬਾਰੇ ਬੇਬਾਕੀ ਨਾਲ ਇਸ ਤੋਂ ਵੱਡੀ ਕਿਹੜੀ ਗੱਲ ਕੀਤੀ ਜਾ ਸਕਦੀ ਹੈ। ਭਾਵ ਭਰਿਸ਼ਟਾਚਾਰ ਵੱਡੇ ਪੱਧਰ ‘ਤੇ ਫੈਲਿਆ ਹੋਇਆ ਹੈ ਅਤੇ ਸਰਕਾਰ ਦੀ ਨੀਲਾਮੀ ਹੋਈ ਪਈ ਹੈ। ਇਸੇ ਤਰ੍ਹਾਂ ਭਰਿਸ਼ਟਾਚਾਰ ਬਾਰੇ ਇਕ ਹੋਰ ਕਵਿਤਾ ਅਧਰੰਗ ਵਿੱਚ ਲਿਖਦੇ ਹਨ:

ਰਿਸ਼ਵਤ ਵਿਰੋਧੀ ਅਫ਼ਸਰ
ਰਿਸ਼ਵਤ ਖ਼ੋਰ ਹੋ ਗਿਐ
ਲੋਕਰਾਜ ਸਾਡਾ
ਅਧਰੰਗ ਦਾ
ਸ਼ਿਕਾਰ ਹੋ ਗਿਐ

ਸਮਾਜ ਵਿੱਚ ਵਿਭਚਾਰ ਦੀ ਪ੍ਰਵਿਰਤੀ ਭਾਰੂ ਹੈ। ਵਿਭਚਾਰ ਭਰਿਸ਼ਟਾਚਾਰ ਤੋਂ ਵੀ ਵੱਧ ਖ਼ਤਰਨਾਕ ਕਿਹਾ ਜਾ ਸਕਦਾ ਹੈ, ਜਿਸ ਸੰਬੰਧੀ ਕਵੀ ਨੇ ਘਿਓ-ਖਿਚੜੀ, ਸੂਰਜ ਦੀ ਰੌਸ਼ਨੀ, ਇੰਤਜ਼ਾਰ-1 ਆਦਿ ਕਵਿਤਾਵਾਂ ਵਿੱਚ ਲਿਖਿਆ ਹੈ। 

ਕਵੀ ਨੇ ਇਸ ਸੰਗ੍ਰਹਿ ਵਿੱਚ 160 ਕਾਵਿ ਟੱਪੇ ਅਤੇ  ਆਦਿਕਾ ਅਤੇ ਅੰਤਿਕਾ ਦੋ ਕਵਿਤਾਵਾਂ ਦਿੱਤੀਆਂ ਹਨ। ਇਹ ਕਾਵਿ ਟੱਪੇ ਇਤਨੇ ਦਿਲਚਸਪ ਅਤੇ ਵਿਅੰਗਾਤਮਿਕ ਹਨ ਕਿ ਪਾਠਕ ਪੂਰਾ ਕਾਵਿ ਸੰਗ੍ਰਹਿ ਪੜ੍ਹੇ ਤੋਂ ਬਿਨਾ ਹਟ ਨਹੀਂ ਸਕਦਾ। ਇਸ ਦੀ ਵਜਾਹ ਇਹ ਹੈ ਕਿ ਅਜੋਕੇ ਹਾਲਾਤ ਵਿੱਚ ਸਮੁੱਚਾ ਸਮਾਜ ਇਨ੍ਹਾਂ ਵਿਸੰਗਤੀਆਂ ਤੋਂ ਪ੍ਰਭਾਵਤ ਅਤੇ ਦੁੱਖੀ ਹੈ। ਰਾਜਨੀਤਕ, ਅਫ਼ਸਰਸ਼ਾਹੀ ਅਤੇ ਸਮਾਜ ਦੇ ਪਤਵੰਤੇ ਲੋਕ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਹੋ ਰਹੇ ਹਨ। 

ਇਨ੍ਹਾਂ ਕਾਵਿ ਟੱਪਿਆਂ ਵਿੱਚ ਰਵਿੰਦਰ ਸਿੰਘ ਸੋਢੀ ਨੇ ਇਹੋ ਊਣਤਾਈਆਂ ਨੂੰ ਕਾਵਿਕ ਰੂਪ ਵਿੱਚ ਲਿਖਕੇ ਸਮਾਜ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਲੋਕਾਈ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸਕੇ। ਕੁੜੀਆਂ ਤੇ ਚਿੜੀਆਂ ਕਵਿਤਾ ਸਮਾਜ ਅਤੇ ਖਾਸ ਤੌਰ ‘ਤੇ ਇਸਤਰੀਆਂ ਦੀ ਸੋਚ ਤੇ ਡੂੰਘੀ ਕਟਾਕਸ਼ ਕਰਦੀ ਹੈ। ਇਸ ਕਵਿਤਾ ਵਿੱਚ ਕੁੜੀਆਂ ਨੂੰ ਚਿੜੀਆਂ ਕਹਿਣ ਬਾਰੇ ਕਵੀ ਕਹਿੰਦਾ ਹੈ ਕਿ ਕੁੜੀਆਂ ਨਾਲੋਂ ਚਿੜੀਆਂ ਵਧੇਰੇ ਗੁਣਵਾਨ ਹਨ ਕਿਉਂਕਿ ਉਹ ਆਪਣੇ ਬੱਚਆਂ ਦੀ ਆਪ ਪ੍ਰਵਰਿਸ਼ ਕਰਦੀਆਂ ਹਨ। ਜਦੋਂ ਕਿ ਕੁੜੀਆਂ ਆਪਣੇ ਬੱਚਿਆਂ ਨੂੰ ਕ੍ਰੈਚਾਂ ਦੇ ਸਹਾਰੇ ਛੱਡ ਕੇ ਪਾਲ ਦੀਆਂ ਹਨ। ਭਰੂਣ ਹੱਤਿਆ ਵਿੱਚ ਕੁੜੀਆਂ ਦੇ ਯੋਗਦਾਨ ਬਾਰੇ ਵੀ ਕਵੀ ਚਿੰਤਾ ਪ੍ਰਗਟ ਕਰਦਾ ਲਿਖਦਾ ਹੈ ਕਿ ਉਹ ਲੰਗ ਟੈਸਟ ਕਰਵਾਉਣ ਨੂੰ ਪਹਿਲ ਦਿੰਦੀਆਂ ਹਨ ਜੋ ਸਹੀ ਸੋਚ ਨਹੀਂ ਹੈ।

ਰਾਜਨੀਤੀ ਸੰਬੰਧੀ ਲੋਕਤੰਤਰ ਦੀ ਚਾਦਰ, ਰਾਜਨੀਤੀ ਅਤੇ ਧਰਮ, ਕੁਰਬਾਨੀ ਦਾ ਮੁੱਲ, ਸ਼ਤਰੰਜ ਦੀ ਖੇਡ ,ਲੋਕ ਨੁਮਾਇੰਦੇ, ਲੋਕਾਂ ਦੀਆਂ ਮੁਸੀਬਤਾਂ, ਪ੍ਰਸ਼ਨ-ਉਤਰ, ਦੁਨਿਆਵੀ ਸ਼ਕਤੀ, ਕੁਰਸੀ ਦਾ ਮੋਹ, ਮਹੀਨਾ ਵਸੂਲੀ ਆਦਿ ਕਵਿਤਾਵਾਂ ਰਾਜਨੀਤੀਤਕ ਲੋਕਾਂ ਦੀਆਂ ਆਪ ਹੁਦਰੀਆਂ ਦਾ ਪਰਦਾ ਫਾਸ਼ ਕਰਦੀਆਂ ਹਨ। ਕਵੀ ਦੀਆਂ ਕਾਵਿ ਵੰਨਗੀਆਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ ਜਿਵੇਂ, ਦਾਜ ਦਹੇਜ, ਭਰੂਣ ਹੱਤਿਆ, ਭਰਿਸ਼ਟਾਚਾਰ,  ਗ਼ਰੀਬੀ, ਨੈਤਿਕਤਾ, ਹਓਮੈ, ਰਾਜਨੀਤੀ, ਵਿਭਚਾਰ, ਕਾਮ, ਮਹਿੰਗਾਈ, ਵਾਤਾਵਰਨ, ਨਸ਼ੇ, ਪ੍ਰਵਾਸ ਆਦਿ ਹਨ। 

ਪ੍ਰਵਾਸ ਵਿੱਚ ਵਸਣ ਲਈ ਪੰਜਾਬੀ ਨੈਤਿਕ ਤੌਰ ‘ਤੇ ਇਤਨੇ ਗਿਰ ਗਏ ਹਨ ਕਿ ਉਹ ਆਪਣੇ ਨਜ਼ਦੀਕੀ ਸੰਬੰਧੀਆਂ ਨਾਲ ਹੀ ਵਿਆਹ ਕਰਵਾਉਣ ਤੋਂ ਸੰਕੋਚ ਨਹੀਂ ਕਰਦੇ। ਸ਼ਾਇਰ ਤਿੰਨ ਸ਼ਿਅਰਾਂ ਵਿਅੰਗ ਕਰਦਾ ਲਿਖਦਾ ਹੈ:

ਕਿਹੜੇ ਪੈ ਗਏ ਚੱਕਰਾਂ
ਕੱਚੇਪੱਕੇ ਵਿਆਹ ਹੋ ਗਏ
ਬਾਹਰ ਜਾਣ ਦੇ ਚੱਕਰਾਂਚ।

ਨਸ਼ੇ ਨੇ ਪੰਜਾਬ ਦੀ ਜਵਾਨੀ ਤਬਾਹ ਕਰ ਦਿੱਤੀ ਹੈ। ਕੋਈ ਵਿਰਲਾ ਹੀ ਘਰ ਬਚਿਆ ਹੈ ਜਿਹੜਾ ਨਸ਼ੇ ਤੋਂ ਬਚਿਆ ਹੋਵੇ ਪਰੰਤੂ ਕਵੀ ਉਸਦਾ ਕਾਰਨ ਆਪਣੇ ਇਕ ਸ਼ਿਅਰ ਵਿੱਚ ਦੱਸ ਰਿਹਾ ਹੈ:

ਬਾਗੇ ਵਿੱਚ ਫੁੱਲ ਖਿੜਦਾ
ਪੁਲਿਸ ਦੇ ਨਾਕੇ ਬੜੇ
ਨਸ਼ਾ ਹਰ ਥਾਂ ਆਮ ਮਿਲਦਾ।

ਇਸੇ ਤਰ੍ਹਾਂ ਪੰਜਾਬ ਵਿੱਚ ਕਾਨੂੰਨਾ ਦੀ ਉਲੰਘਣਾ ਦਾ ਰਾਮ ਰੌਲਾ ਪਿਆ ਹੋਇਆ ਹੈ। ਇਹ ਉਲੰਘਣਾਵਾਂ ਕਿਵੇਂ ਹਟਣਗੀਆਂ ਜਦੋਂ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨਾਂ ਦੀ ਉਲੰਘਣਾ ਕਰਨ ਵਿੱਚ ਮੋਹਰੀ ਹੋਣ:

ਕੋਠੇ ਤੇ ਕਾਂ ਬੋਲੇ
ਕਾਨੂੰਨ ਉਹ ਬਣਾਉਣ ਲੱਗ ਪਏ
ਜਿਨ੍ਹਾਂ ਦਾ ਠਾਣਿਆਂ ਨਾਂ ਬੋਲੇ।

ਰਵਿੰਦਰ ਸਿੰਘ ਸੋਢੀ ਮੁੱਢਲੇ ਤੌਰ ‘ਤੇ ਨਾਟਕਕਾਰ ਹੈ ਪ੍ਰੰਤੂ ਉਸ ਨੇ ਆਲੋਚਨਾ, ਖੋਜ ਅਤੇ ਕਵਿਤਾ ‘ਤੇ ਵੀ ਹੱਥ ਅਜਮਾਇਆ ਹੈ। ਪਿਛਲੀ ਲਗਪਗ ਅੱਧੀ ਸਦੀ ਤੋਂ ਉਸ ਨੇ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਸੀ, ਜਦੋਂ ਉਨ੍ਹਾਂ ਦੀ ਪਹਿਲੀ ਆਲੋਚਨਾ ਦੀ ਪੁਸਤਕ 1974 ਵਿੱਚ ‘ਨਾਨਕ ਸਿੰਘ ਦੇ ਨਾਵਲਾਂ ਦਾ ਵਸਤੂ ਵਿਵੇਚਨ’ ਆਲੋਚਨਾ ਪ੍ਰਕਾਸ਼ਤ ਕਰਵਾਈ ਸੀ। ਉਸ ਤੋਂ ਬਾਅਦ ਚਲ ਸੋ ਚਲ ‘ਹਿੰਦ ਦੀ ਚਾਦਰ’ ਨਾਟਕ, ‘ਦੋ ਬੂਹਿਆਂ ਵਾਲਾ ਘਰ’, ਨਾਟਕ, ‘ਗੋਗਾ ਕਥਾ ਆਧੁਨਿਕ ਪਰਿਪੇਖ’ ਖੋਜ, ‘ਇੱਕ ਵਿਲੱਖਣ ਸ਼ਖ਼ਸੀਅਤ:ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ’ ਜੀਵਨੀ ਸਹਿ ਲੇਖਕ, ‘ਸੂਰਾ ਸੋ ਪਹਿਚਾਨੀਐ’ ਨਾਟਕ, ‘ਧੰਨਵਾਦ! ਧੰਨਵਾਦ! ਧੰਨਵਾਦ! ’ ਕਵਿਤਾ, ‘ਬੁੱਢੀ ਮੈਨਾ ਦਾ ਗੀਤ’ ਨਾਟਕ, ਸ੍ਰੀ ਜੈਵੰਤ ਦਲਵੀ ਦੇ ਮਰਾਠੀ ਨਾਟਕ ‘ਸੰਧਿਆ ਛਾਇਆ’ ਦਾ ਪੰਜਾਬੀ ਰੂਪ, ‘ਸ੍ਰੀ ਗੁਰੂ ਗ੍ਰੰਥ ਸਾਹਿਬ-ਮੁੱਢਲੀ ਜਾਣਕਾਰੀ’ ‘ਸਿੱਖ ਧਰਮ ਦੀਆਂ ਝਲਕੀਆਂ’, ‘ਜਿਥੇ ਬਾਬਾ ਪੈਰ ਧਰੇ’ ਨਾਟਕ ਅਤੇ ਪਰਵਾਸੀ ਕਲਮਾ ਸੰਪਾਦਿਤ ਪ੍ਰਕਾਸ਼ਤ ਕਰਵਾਈਆਂ ਹਨ।

ਸਚਿਤਰ ਰੰਗਦਾਰ ਮੁੱਖ ਕਵਰ, 94 ਪੰਨਿਆਂ, 290 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਐਵਿਸ ਪਬਲੀਕੇਸ਼ਨਜ਼ ਚਾਂਦਨੀ ਚੌਕ ਦਿੱਲੀ ਨੇ ਪ੍ਰਕਾਸ਼ਤ ਕੀਤਾ ਹੈ। ਭਵਿਖ ਵਿੱਚ ਰਵਿੰਦਰ ਸਿੰਘ ਸੋਢੀ ਤੋਂ ਹੋਰ ਬਿਹਤਰੀਨ ਵਿਅੰਗਾਤਮਿਕ ਕਾਵਿ ਸੰਗ੍ਰਹਿ ਦੀ ਆਸ ਕੀਤੀ ਜਾ ਸਕਦੀ ਹੈ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
***
884
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ