15 September 2025

ਮੁਹੱਬਤੀ ਰੂਹ ਦਾ ਨਿਵੇਕਲਾ ਰੰਗ ਹੈ,…’ਵੇਖਿਆ ਸ਼ਹਿਰ ਬੰਬਈ’!! — ਡਾ. ਕੁਲਵਿੰਦਰ ਬਾਠ

ਕਿਤਾਬਾਂ ਦੀ ਦੁਕਾਨ ਅੰਦਰ ਪੰਜਾਬੀ ਸਾਹਿਤ ਦੀਆਂ ਕੁਝ ਕਿਤਾਬਾਂ ਨੂੰ ਫਰੋਲਦਿਆਂ ਅਤੇ ਟਟੋਲਦਿਆਂ ਇੱਕ ਦਿਲਚਸਪ ਟਾਈਟਲ ਅਤੇ ਫੋਟੋ ਵਾਲੀ ਕਿਤਾਬ ਨਜ਼ਰੀਂ ਪਈ। ਜ਼ਰਾ ਕੁ ਹੋਰ ਗਹੁ ਨਾਲ ਦੇਖਿਆ ਤਾਂ ਇਹ ਸੀ ਚੰਨੇ ਲਲਾਰੀ ਉਰਫ਼ ਗੁਰਚਰਨ ਸਿੰਘ ਸੱਗੂ ਦੀ ਫੋਟੋ ਵਾਲੀ ਕਿਤਾਬ, “ਵੇਖਿਆ ਸ਼ਹਿਰ ਬੰਬਈ”…। ਕਿਤਾਬ ਖ਼ਰੀਦਣ ਨੂੰ ਅਜੇ ਪੋਲਾ ਜਿਹਾ ਹੱਥ ਪਾਇਆ ਹੀ ਸੀ ਕਿ ਮੇਰੇ ਕੋਲ ਹੀ ਖੜ੍ਹੀ ਜੀਵਨ ਸਾਥਣ ਬੋਲ ਪਈ,… “ਆਹ ਲਗਦੀ ਤਾਂ ਦਿਲਚਸਪ ਹੈ, ਪਰ ਕਿਸੇ ‘ਮੁਜਰੇ-ਮਜਰੇ’ ਜਿਹੇ ਵਾਲੀ ਕਿਤਾਬ ਲੱਗਦੀ ਆ! ਕੀ ਇਹ ਪੜ੍ਹਨੀ ਆ??’

”ਦੇਖਦੇ ਹਾਂ, ਕਹਿ ਮੈਂ ਵਰਕੇ ਫਰੋਲਣ ਦੇ ਨਾਲ਼ ਹੀ ਸੋਚੀਂ ਵੀ ਪੈ ਗਿਆ। ਇਹ ਕਿਤਾਬ ਕੀ ਸ਼ੈਅ ਹੋਵੇਗੀ? ਕੀ ਕੋਈ ਬੰਬਈ ਦਾ ਸਫ਼ਰਨਾਮਾ ਹੋਵੇਗਾ? ਜਾਂ ਫਿਰ ਕੁਝ ਹੋਰ.. ਪਤਾ ਨਹੀਂ? ਖ਼ੈਰ, ਕਿਤਾਬ ‘ਓਪਰੀ ਨਜ਼ਰੇ’ ਵੀ ਚੰਗੀ ਹੀ ਲੱਗੀ ਅਤੇ ਖ਼ਰੀਦਣ ਲਈ ਕੱਢੀਆਂ ਬਾਕੀ ਕਿਤਾਬਾਂ ਵਿੱਚ ਰੱਖ ਲਈ। ਇੰਡੀਆ ਦੇ ਹਰੇਕ ਗੇੜੇ ਮੈਂ ਪੰਜਾਬੀ ਦੀਆਂ ਕਿਤਾਬਾਂ ਲੈ ਆਉਂਦਾ ਹਾਂ, ਇਹ ਸੋਚਦਿਆਂ ਕਿ ‘ਵਿਹਲੇ ਟਾਇਮ’ ਪੜ੍ਹਾਂਗਾ ਅਤੇ ਇਸ ਕਿਤਾਬ ਨੂੰ ਪੜ੍ਹਨ ਦਾ ਮੌਕਾ ਤਕਰੀਬਨ ਸਾਲ ਬਾਅਦ ਮਿਲਿਆ। ਸੱਗੂ ਸਾਹਿਬ ਨੂੰ ਮੈਂ ਪਹਿਲਾਂ ਕਦੇ ਵੀ ਪੜ੍ਹਿਆ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਮਿਲਿਆ ਹੀ ਹਾਂ। ਕਿਤਾਬ ਪੜ੍ਹ ਕੇ ਰੂਹ ਨੂੰ ਬਹੁਤ ਚੰਗੀ ਲੱਗੀ। ਪਾਠਕ ਦੇ ਤੌਰ ਤੇ ਇਸ ਬਾਰੇ ਕੁਝ ਲਾਈਨਾਂ ਲਿਖਣ ਤੋਂ ਬਗੈਰ ਨਾ ਰਹਿ ਸਕਿਆ!

ਵੇਖਿਆ ਸ਼ਹਿਰ ਬੰਬਈ

ਬਹੁਤ ਹੀ ਮੁਹੱਬਤੀ ਰੂਹ ਵਾਲੇ ਗੁਰਚਰਨ ਸੱਗੂ ਜੀ ਹੁਣ ਤੱਕ ਸੱਤ ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ। 208 ਸਫ਼ਿਆਂ ਦੀ ਕਿਤਾਬ ‘ਵੇਖਿਆ ਸ਼ਹਿਰ ਬੰਬਈ’ ਨੂੰ ਪ੍ਰੀਤ ਪਬਲੀਕੇਸ਼ਨ ਵੱਲੋਂ ਛਾਪਿਆ ਗਿਆ ਹੈ। ਇੱਕ ਸਵੈ-ਜੀਵਨੀ ਹੈ, ਜਿਸ ਵਿੱਚ ਸੱਗੂ ਜੀ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਸੁਪਨੇ ਅਤੇ ਜ਼ਿੰਦਗੀ ਦੇ ਮਹੱਤਵਪੂਰਨ ਪਹਿਲੂ ਇੱਕ ਲੰਮੀ ਫਿਲਮ ਵਾਂਗ ਤਹਿ ਦਰ ਤਹਿ ਫਰੋਲਦਿਆਂ ਸਾਂਝੇ ਕੀਤੇ ਹਨ…। ਕਿਤਾਬ ਵਿੱਚ ਸੱਗੂ ਜੀ ਗੰਢੇ ਦੀਆਂ ਛਿਲਕਾਂ ਉਧੇੜਨ ਵਾਂਗ ਆਪਣੀ ਜ਼ਿੰਦਗੀ ਦੀਆਂ ਪਰਤਾਂ ਨੂੰ ਖੋਲ੍ਹੀ ਜਾ ਰਹੇ ਹਨ। ਬਚਪਨ ਤੋਂ ਹੁਣ ਤੱਕ ਦੇ ਜੀਵਨ ਦੇ ਸੁਪਨੇ, ਦੇਸ ਪਰਦੇਸ ਦੇ ਚੱਕਰ, ਫ਼ਿਲਮਾਂ ਦਾ ਜਨੂਨ, ਫ਼ਿਲਮ ਇੰਡਸਟਰੀ ਦਾ ਮੱਕੜੀ-ਜਾਲ਼, ਤਿੜਕਦੇ ਹੋਏ ਰਿਸ਼ਤਿਆਂ ਦੇ ਦਰਦ, ਪਲ਼-ਪਲ਼ ਬਦਲਦੇ ਚਿਹਰੇ, ਲਾਲਚ ਅਤੇ ਝੂਠ-ਫਰੇਬ ਦਾ ਤਾਣਾ-ਬਾਣਾ ਅਤੇ ਹੋਰ ਬਹੁਤ ਕੁਝ ਦਰਜ ਹੈ ਇਸ ਹੱਡ-ਬੀਤੀ ਦਾਸਤਾਨ ਅੰਦਰ।

ਲੇਖਕ ਦੀਆ ਰਚਨਾਵਾਂ ਪ੍ਰਤੀ ਹਰੇਕ ਪੜ੍ਹਨ ਵਾਲੇ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ। ਗੁਰਚਰਨ ਸੱਗੂ ਦੀ ਇਸ ਹੱਡ-ਬੀਤੀ ਦਾਸਤਾਨ ਵਿੱਚੋਂ ਮੈਨੂੰ ਤਿੰਨ “ਜਨੂਨਾਂ” ਦੀ ਝਲਕ ਬੜੀ ਸਾਫ਼-ਸਾਫ਼ ਦਿਖਾਈ ਦਿੱਤੀ।

ਪਹਿਲਾ – ਆਪਣੇ ਕੰਮ ਪ੍ਰਤੀ ਸਮਰਪਣ, ਇਮਾਨਦਾਰੀ, ਅਤੇ ਸਖ਼ਤ ਮਿਹਨਤ ਦਾ ਜਨੂਨ ਜਿਸ ਨੇ ਲੇਖਕ ਨੂੰ ਕੱਖ ਤੋਂ ਲੱਖ ਤੱਕ ਪਹੁੰਚਾਇਆ। ਨਕੋਦਰ ਚੌਂਕ ਦੇ ‘ਚੰਨੇ ਲਲਾਰੀ’ ਤੋਂ ਲੰਡਨ ਦੇ ਸਫ਼ਲ ਕਾਰੋਬਾਰੀ ‘ਗੁਰਚਰਨ ਸਿੰਘ ਸੱਗੂ’ ਤੱਕ।

ਦੂਸਰਾ – ਫਿਲਮ ਇੰਡਸਟਰੀ ਵਿੱਚ ਐਕਟਿੰਗ, ਡਾਇਰੈਕਟਿੰਗ, ਪ੍ਰੋਡਕਸ਼ਨ ਜਾਂ ਫਿਰ ਮਸ਼ਹੂਰ ਹੋਣ ਦਾ ਜਨੂਨ ਜੋ ਸੱਗੂ ਸਾਹਿਬ ਦੇ ਲੱਖਾਂ ਨੂੰ… ਕੱਖਾਂ ਵੱਲ ਮੋੜ ਲਿਆਇਆ।

ਤੀਸਰਾ (ਅਤੇ ਸੱਭ ਤੋਂ ਮਹੱਤਵਪੂਰਨ) – ਸੱਗੂ ਸਾਹਿਬ ਦੀ ਜੀਵਨ-ਸਾਥਣ ਦੀ ਬੇਪਨਾਹ ਮੁਹੱਬਤ ਦਾ ਜਨੂਨ ਜੋ ਝੂਠ ਅਤੇ ਫ਼ਰੇਬਾਂ ਦੇ ਤੁਫ਼ਾਨਾਂ ਵਿੱਚ ਗ਼ੋਤੇ ਖਾ ਰਹੇ ਸੱਗੂ ਸਾਹਿਬ ਨੂੰ ਡੋਰ ਪਾ ਕੇ ਡੁੱਬਣ ਤੋਂ ਬਚਾਉਂਦਾ ਰਿਹਾ…।

‘ਇੱਕ ਸੁਪਨੇ ਵੱਲ ਤੁਰਦਿਆਂ’… ਤੋਂ ਸ਼ੁਰੂ ਕਰਦਿਆਂ, ਪਹਿਲੇ ਅੱਠ ਕੁ ਪੰਨਿਆਂ ‘ਚ ਲੇਖਕ ਨੇ ਆਪਣੇ ਸੁਪਨੇ ਅਤੇ ਬੰਬਈ ਸ਼ਹਿਰ ਦਾ ਬਹੁਤ ਸੁੰਦਰ ਸ਼ਬਦਾਂ ਵਿੱਚ ਵਰਨਣ ਕੀਤਾ ਹੈ। ਇੱਕ ਉਹ ਬੰਬਈ ਸ਼ਹਿਰ ਜੋ ਕਦੇ ਸੌਂਦਾ ਹੀ ਨਹੀਂ ਅਤੇ ਦੂਸਰਾ ਫ਼ਿਲਮੀ ਬੰਬਈ, ਜਾਣੀ ਕਿ ਬੌਲੀਵੁੱਡ ਦੀ ਫ਼ਿਲਮ ਇੰਡਸਟਰੀ। ਜਿਹੜਾ ਬੰਦਾ ਕਦੇ ਬੰਬਈ ਨਹੀਂ ਵੀ ਗਿਆ ਉਸ ਨੂੰ ਵੀ ਇੱਕ ਫਿਲਮ ਵਾਂਗ ਬੰਬਈ ਦਿਖਾ ਅਤੇ ਘੁਮਾ ਵੀ ਦਿੱਤੀ, ਇਸ ਬਾਕਮਾਲ ਲਿਖਤ ਨੇ!!

ਨਕੋਦਰ ਸ਼ਹਿਰ ਦਾ ਨਕੋਦਰ ਚੌਂਕ

ਆਪਣੇ ਬਚਪਨ ਅਤੇ ਚੜ੍ਹਦੀ ਜਵਾਨੀ ਦੀ ਭੋਇੰ ਨੂੰ ਲੇਖਕ ਕਦੇ ਵੀ ਮਨ ਵਿੱਚੋਂ ਵਿਸਾਰ ਨਾ ਸਕਿਆ। ਦੁਆਬੇ ਦਾ ਪੁਰਾਣਾ ਤੇ ਮਸ਼ਹੂਰ ਸ਼ਹਿਰ ਨਕੋਦਰ ਅਤੇ ਸ਼ਹਿਰ ਦਾ ਨਕੋਦਰ ਚੌਂਕ.. ਅਤੇ ਚੌਂਕ ਦੀ ‘ਕਰਮਾਂ ਵਾਲੀ ਮਿੱਟੀ’। ਚੜ੍ਹਦੀ ਜਵਾਨੀ ਵੇਲੇ ਫ਼ਿਲਮਾਂ ਦੇਖਣ ਦਾ ਸ਼ੌਕ ਅਤੇ ਫਿ਼ਲਮੀ ਸਿਤਾਰਿਆਂ ਨੂੰ ਦੇਖ-ਦੇਖ ਆਪ ਹੀਰੋ ਬਣਨ ਦਾ ਸੁਪਨਾ ਅਤੇ ਤੀਬਰ ਇੱਛਾ ਦਾ ਖ਼ੂਬ ਬਿਆਨ ਕੀਤਾ ਹੈ। ਮੈਟ੍ਰਿਕ ਪਾਸ ਕਰ ਕੇ ਅਖ਼ਬਾਰ ਦੀ ਨੌਕਰੀ ਕੀਤੀ ਅਤੇ ਫਿਰ ਨਕੋਦਰ ਚੌਕ ਦੀ ਗਾਥਾ… ਕਿਆ ਬਾਤ। ‘ਚੰਨੇ ਲਲਾਰੀ’ ਦੀ ਚੜ੍ਹਦੀ ਜਵਾਨੀ ਦੀ ਕਰਮ-ਭੂਮੀ ਜਿੱਥੇ ਗ਼ਮਾਂ ਦੀਆਂ ਪੰਡਾਂ ਉੱਪਰ ਬੈਠਾ ਵੀ ਚੰਨਾ ਧੁਰ ਅੰਦਰੋਂ ਬੌਲੀਵੁੱਡ ਵਿੱਚ ਐਕਟਿੰਗ ਅਤੇ ਨੱਚਣ – ਟੱਪਣ ਦੇ ਸੁਪਨੇ ਲੈਂਦਾ ਰਿਹਾ। ਪਤਾ ਈ ਨਹੀਂ ਕਿਤਨੀ ਵਾਰੀ ਬੰਬੇ ਨੂੰ ਜਾਂਦੀ ਗੱਡੀ ਫੜ ਕੇ ਫ਼ਿਲਮੀ ਦੁਨੀਆ ਵੱਲ ਨੂੰ ਜਾਣ ਦੇ ਸੁਪਨੇ ਲੈਂਦਾ ਰਿਹਾ। ਇਸ ਚੌਂਕ ਵਿੱਚ ਹੀ ਰੰਗ-ਬਰੰਗੀਆਂ ਪੱਗਾਂ ਰੰਗੀਆਂ, ਖਰਬੂਜ਼ੇ ਵੀ ਵੇਚੇ, ਅਤੇ ਪਰਕਾਸ਼ ਵਰਗੇ ਪਾਕਿ ਪਵਿੱਤਰ ਦਿਲ ਵਾਲੇ ਮੁਹੱਬਤੀ ਦੋਸਤ ਵੀ ਬਣਾਏ। ਉਸ ਦੀ ਮੁਹੱਬਤ ਅਤੇ ਵਡੱਪਣ ਕਿ ਉਹ ਅੱਜ ਤੱਕ ਵੀ ਪਰਕਾਸ਼ ਦੇ ‘ਮੰਗਵੇਂ ਸਵੈਟਰ’ ਨੂੰ ਭੁੱਲ ਨਹੀਂ ਸਕਿਆ।

ਦੇਸ ਤੋਂ ਪਹਿਲਾਂ ਪਰਦੇਸ ਉਡਾਰੀ

ਲੇਖਕ ਦੀ ਪਹਿਲੀ ਚਾਹਤ ਤਾਂ ‘ਬੰਬੇ ਵਾਲੀ ਰੇਲ ਗੱਡੀ’ ਫੜਨ ਦੀ ਸੀ, ਪਰ ਇਹ ਚਾਹਤ ਕਿਤੇ ਦਿਲ ਵਿੱਚ ਹੀ ਡੂੰਘੀ ਦੱਬ ਕੇ ਸੱਗੂ ਸਾਹਿਬ 1963 ਵਿੱਚ ਪਰਦੇਸ ਉਡਾਰੀ ਮਾਰ ਗਏ – ਨਕੋਦਰ ਚੌਂਕ ਟੂ ਲੰਡਨ..!! 1964 ਵਿੱਚ ਦੇਸ ਪਰਦੇਸ ਅਖ਼ਬਾਰ ਦੇ ਸੰਸਥਾਪਕ – ਪੁਰੇਵਾਲ, ਜੰਡਿਆਲਵੀ, ਵਿਰਦੀ, ਅਤੇ ਜੰਗ ਜਾਂਗਲੀ ਦੇ ਕਾਫ਼ਲੇ ਵਿੱਚ ਜਾ ਰਲ਼ੇ। ਫਿਰ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਨਾਲ ਤਰੱਕੀ ਕਰਦੇ ਗਏ ਅਤੇ ਸਫਲ ਕਾਰੋਬਾਰੀ ਬਣ ਗਏ। ਕੁਝ ਸਮਾਂ ਪਾ ਕੇ ਕਮਾਇਆ ਅਤੇ ਜਮ੍ਹਾ ਕੀਤਾ ਪੈਸਾ ‘ਤੰਗ’ ਕਰਨ ਲੱਗਾ, ਜਿਸ ਨੂੰ ਲੇਖਕ ਨੇ ਇਮਾਨਦਾਰੀ, ਪਾਰਦਰਸ਼ਿਤਾ, ਅਤੇ ਖ਼ੂਬਸੂਰਤੀ ਨਾਲ ਇੰਜ ਬਿਆਨਿਆ ਹੈ, … “ਕਹਾਵਤ ਹੈ ਕਿ ਜਦੋਂ ਕੀੜੇ ਦੀ ਮੌਤ ਆਉਂਦੀ ਹੈ ਤਾਂ ਉਸਦੇ ਖੰਭ ਨਿੱਕਲ ਆਉਂਦੇ ਹਨ,… ਮੇਰੇ ਵੀ ਕੁਝ ਇਸ ਤਰਾਂ ਦੇ ਖੰਭ ਨਿਕਲ ਰਹੇ ਸਨ।” ਲੇਖਕ ਦਾ ਇਹ ਵਡੱਪਣ ਹੈ ਕਿ ਉਸਨੇ ਨੇ ਆਪਣੇ ਆਪ ਨੂੰ ਭੰਡਣ ਅਤੇ ਨਿੰਦਣ ਵਿੱਚ ਕਿਤੇ ਵੀ ਕੋਈ ਲਿਹਾਜ਼ ਨਹੀਂ ਕੀਤਾ। ਕੋਈ ਵੀ ਲੁਕ-ਲੁਕੋ ਰੱਖਿਆ ਹੀ ਨਹੀਂ!! ਬਹੁਤੇ ਲੋਕ ਅਤੇ ਲੇਖਕ ਸਿਰਫ਼ ਆਪਣੇ ਗੁਣ ਗਾਉਣ ਅਤੇ ਸੁਨਾਉਣ ਦੇ ਹੀ ਆਦੀ ਹੁੰਦੇ ਹਨ।

ਪੈਸਾ, ਪੈਸਾ ਅਤੇ ਪੈਸਾ

ਕਿਹਾ ਤਾਂ ਜਾਂਦਾ ਹੈ ਪੈਸੇ ਦੀ ਜ਼ੁਬਾਨ ਨਹੀਂ ਹੁੰਦੀ, ਪਰ ਸੱਗੂ ਸਾਹਿਬ ਕਹਿੰਦੇ ਕਿ ਹੁਣ ਪੈਸਾ ਤੰਗ ਕਰਨ ਲੱਗਾ ਅਤੇ ਖੌਰੂ ਵੀ ਪਾਉਣ ਲੱਗਾ। ਵਲੈਤ ਵਿੱਚ ਗੁਰਦਾਸ ਮਾਨ ਦਾ ਸ਼ਾਨਦਾਰ ਸ਼ੋਅ ਕਰਵਾਇਆ। ਪੈਸੇ ਨੇ ਥੋੜ੍ਹਾ ਹੋਰ ਰੌਲਾ ਪਾਇਆ ਤਾਂ ਅਰੁਨ ਭਰਾਵਾਂ ਦੀ ਕੁੰਡਲੀ ਦਾ ਸ਼ਿਕਾਰ ਬਣ ਗਿਆ ਅਤੇ ਫਿਰ ਚੱਲ ਸੋ ਚੱਲ। ਫ਼ਿਲਮੀ ਸਿਤਾਰਿਆਂ ਦੇ ਸ਼ੋਅ ਕਰਾਉਣ ਤੋਂ ਬਾਅਦ ਬੰਬਈ ਵਾਲਿਆਂ ਨਾਲ ਯਾਰੀਆਂ ਕਾਰਨ ਦਹਾਕਿਆਂ ਪਹਿਲਾਂ ਡੂੰਘਾ ਦੱਬਿਆ ਕਲਾਕਾਰੀ ਅਤੇ ਫਿਲਮਾਂ ਦਾ ਬੀਜ ਪੁੰਗਰ ਨਿਕਲਿਆ – ਚੱਲ ਬਈ ਸੱਗੂ … ਚੱਲ ਹੁਣ ਫ਼ਿਲਮ ਬਣਾਈਏ…।

ਫ਼ਿਲਮ ਬਣਾਉਣ ਲਈ ‘ਮਨ ਹੀ ਮਨ’ ਪ੍ਰੋਡਿਊਸਰ ਤੇ ਡਾਇਰੈਕਟਰ ਬਣੇ ਸੱਗੂ ਸਾਹਿਬ ਕਦੇ ਕਦਾਈਂ ਤਾਂ ਆਪਣੀ ਪਤਨੀ ਨੂੰ ਵੀ ‘ਪੈ ਨਿਕਲਿਆ ਕਰਦੇ’,… “ਤੈਨੂੰ ਪਤਾ ਤਾਂ ਕਿਸੇ ਗੱਲ ਦਾ ਹੁੰਦਾ ਨਹੀਂ,… ਬਸ ਆਪਣੀ ਲੈਕਚਰਬਾਜ਼ੀ ਸ਼ੁਰੂ ਕਰ ਦਿੰਨੀ ਏਂ… ਮੈਂ ਕਹਿਨਾ ਤੂੰ ਐਵੇਂ ਆਪਣੀ ਟੰਗ ਨਾ ਅੜਾਈਂ… ਇਸ ਫ਼ਿਲਮ ਦੇ ਮਾਮਲੇ ‘ਚ…।” ਹੀਰੋ, ਐਕਟਰ, ਅਤੇ ਡਾਇਰੈਕਟਰ ਬਦਲਦੇ ਰਹੇ, ਫ਼ਿਲਮ ਬਣਦੀ-ਢਹਿੰਦੀ ਵੀ ਰਹੀ, ‘ਊਠਾਂ ਵਾਲੇ ਯਾਰਾਂ’ ਲਈ ਬੂਹੇ ਹੋਰ ਵੱਡੇ ਹੋਈ ਗਏ, ਪੈਸੇ ਉੱਡਦੇ ਗਏ, ਖਾਤੇ ਖਾਲ਼ੀ ਹੋਈ ਗਏ, ਬੈਂਕਾਂ ਵਾਲੇ ਠੋਕਵਾਂ ਵਿਆਜ ਲਾ ਲਾ ਕੇ ਗਲ਼ਾ ਘੁੱਟਦੇ ਰਹੇ, ਅਤੇ ਕਾਰੋਬਾਰ ਡਿਗਦਾ ਗਿਆ…। ਕੱਪੜੇ ਦੀ ਦੁਕਾਨ ਖ਼ਾਲੀ ਹੋ ਗਈ, ਗਾਹਕ ਪੈਸੇ ਦੱਬ ਕੇ ਦੌੜ ਗਏ, ਬੈਂਕ ਦੇ ਕਰਜ਼ੇ ਦੀ ਗੰਢ ਹੁਣ ਕੁੱਪ ਬਣ ਗਈ… ਅਤੇ ‘ਸੱਗੂ ਦੀਵਾਲੀਆ ਹੋ ਗਿਆ’!!

ਪਹਿਲੀ ਫਿਲਮ ਚੌਥੀ ਦੁਨੀਆ ਤੋਂ ਦੁਬਾਰਾ ਪਹਿਲੀ ਫਿਲਮ ਅੰਤਿਮ ਨਿਯਾਏ’…

ਚਮਚਿਆਂ ਨੇ ਸੱਗੂ ਸਾਹਿਬ ਨੂੰ ਪੰਪ ਦੇ ਦੇ ਕੇ ਹਵਾ ਵਿੱਚ ਹੀ ਚੌਥੀ ਦੁਨੀਆ ਨਾਂ ਦੀ ਫ਼ਿਲਮ ਦਾ ਪਹਿਲਾਂ ਪ੍ਰੋਡਿਊਸਰ ਅਤੇ ਫਿਰ ਡਾਇਰੈਕਟਰ ਬਣਾ ਦਿੱਤਾ…। ਸੱਗੂ ਜੀ ਨੇ ਆਪਣੀ ਹੱਡ-ਬੀਤੀ ਬਿਆਨ ਕਰਦਿਆਂ ਮੈਨੂੰ ਇੱਕ Danish writer, Hans Christian Anderson ਦੀ ਯਾਦਗਾਰੀ folktale, “The Emperor’s New Clothes” ਯਾਦ ਕਰਾ ਦਿੱਤੀ! ਸੁਪਨੇ ਲੈਂਦਾ ਹੋਇਆ ਸੱਗੂ ਸਾਹਿਬ ਭਾਵੇਂ ਮਹਿਸੂਸ ਤਾਂ ਕਰਦਾ ਰਿਹਾ ਕਿ ਉਹ ਲੁੱਟ ਹੋ ਰਿਹਾ ਹੈ ਪਰ ਫਿਰ ਵੀ ਲੁੱਟ ਹੁੰਦਾ ਹੀ ਰਿਹਾ। ਕਿਤਾਬ ਦੇ ਪੰਨਾ 60 ਉੱਪਰ ਲੇਖਕ ਆਪਣੇ ਆਪ ਨੂੰ ‘ਕੋਸਦਾ ਤੇ ਦਬਕਦਾ’ ਵੀ ਹੈ,… “ਉਹ ਵੱਡੇ ਡਾਇਰੈਕਟਰ ਬੇਵਕੂਫ ਸੱਗੂ, ਇਹ ਡਾਇਰੈਕਟਰ ਦਾ ਭੂਤ ਅੰਦਰੋਂ ਕੱਢ!! ਪਹਿਲੇ ਹੀ ਤੇਰਾ ਦਿਮਾਗ਼ ਹਿੱਲ ਚੁੱਕਿਆ ਹੈ। ਇਸ ਨੂੰ ਹੋਰ ਨਾ ਹਿਲਾ… ਜਲਦੀ ਨਿਕਲ… ਜਲਦੀ।” ਇਸ ਦੀਆਂ ਹੋਰ ਉਦਾਹਰਨਾਂ ਹਨ ਪੰਨਾ 146 ਤੇ.. ਵੇਖ ਸੋਚ ਕਿਵੇਂ ਬਦਲਦੀ ਹੈ… ਆਰਟਿਸਟ, ਹਰਾਮੀ ਲਾਲਾ, ਪ੍ਰੋਡਿਊਸਰ, ਤੇ ਗੁਰਚਰਨ ਸੱਗੂ.. । ਪੰਨਾ 150 ਤੇ ‘ਆਪਣੇ ਫ਼ਿਲਮੀ ਰੋਲ ਦੀ ਤਸਵੀਰ’ ਬਾਰੇ ਐਲਬਮ ਡਿਜ਼ਾਈਨਰ ਦੇ ਬੋਲੇ ਇਹ ਬੋਲ ਉਸਨੂੰ ਸੁੰਨ ਕਰ ਗਏ… “ਇਹ ਹਰਾਮੀ ਲਾਲਾ… ਇਸ ਫੋਟੋ ਵਿੱਚ ਕਿਧਰੇ ਵੀ ਫਿੱਟ ਨਹੀਂ ਹੋ ਰਿਹਾ।”

ਇਸ ਸਮੇਂ ਦੌਰਾਨ ਹੀ ਆਪਣੇ ਜੁਆਨ ਪੁੱਤਰ ਦਾ ਇੱਕ ਕਾਰ ਦੁਰਘਟਨਾ ਵਿੱਚ ਬੁਰੀ ਤਰਾਂ ਫੱਟੜ ਹੋਣਾ ਉਸ ਨੂੰ ਇੱਕ ਸਜ਼ਾ ਵਾਂਗ ਮਹਿਸੂਸ ਹੋਇਆ ਕਿਉਂਕਿ ਉਸ ਨੇ ਆਪਣੀ ਪਤਨੀ ਨੂੰ ਚਾਰ ਮਹੀਨਿਆਂ ਦੇ ਬੱਚੇ ਦਾ ਗਰਭਪਾਤ ਕਰਾਉਣ ਲਈ ਮਜਬੂਰ ਕੀਤਾ ਸੀ।

ਪਰਾਇਆਂ ਦੇ ਸੰਗ ਰਲ਼ ਕੇ ਆਪਣੇ ਹੀ ਦੋਦੋ ਹੱਥੀਂ ਲੁੱਟਦੇ ਰਹੇ

ਪਰਾਇਆਂ ਨੇ ਤਾਂ ਲੁੱਟਣਾ ਹੀ ਸੀ ਪਰ ਸੱਗੂ ਸਾਹਿਬ ਨੂੰ ਉਹਦੇ “ਆਪਣੇ” ਵੀ ਲੁੱਟਦੇ ਰਹੇ। ਵਾੜ ਹੀ ਫ਼ਸਲ ਨੂੰ ਖਾਂਦੀ ਰਹੀ ਤੇ ਫ਼ਸਲ ਖਾ ਹੋਣ ਨੂੰ ਵਾਰ ਵਾਰ ਤਿਆਰ ਹੁੰਦੀ ਰਹੀ।

ਹਮੇਂ ਤੋ ਅਪਨੋਂ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ,
ਹਮਾਰੀ ਕਸ਼ਤੀ ਵਹਾਂ ਡੂਬੀ ਜਹਾਂ ਪਾਨੀ ਕਮ ਥਾ।

ਦੁੱਖ, ਦਰਦ, ਨਿਰਾਸ਼ਾ, ਤੇ ਹਨੇਰੇ ‘ਚ ਜੇਕਰ ਆਸ ਹੀ ਬੇ-ਆਸ ਕਰ ਜਾਵੇ ਤਾਂ ਮਨ ਤਾਂ ਡੋਲੇਗਾ ਹੀ। ਇੰਜ ਹੀ ਸੱਗੂ ਸਾਹਿਬ ਨਾਲ ਵੀ ਵਾਪਰਿਆ, ਇੱਕ ਵਾਰ ਨਹੀਂ ਬਲਕਿ ਵਾਰ-ਵਾਰ!

ਮੰਦਿਆਂ ਦੇ ਸੰਗ ਚੰਗੇ ਬੰਦੇਵੀ

ਜੇਕਰ ਸਭ ਮੰਦੇ ਹੀ ਹੋਣ ਤਾਂ ਪਰਲੋ ਨੂੰ ਕੋਈ ਨਹੀਂ ਰੋਕ ਸਕਦਾ। ਮੰਦਿਆਂ ਦੇ ਸੰਗ ਚੰਗੇ ਹੋਣ ਕਰਕੇ ਪਰਲੋ ਤੋਂ ਬਚਾ ਹੁੰਦਾ ਰਹਿੰਦਾ ਹੈ। ਚੰਗੇ ਵੀ ਹੋਣ ਭਾਵੇਂ ਇਹ ਵਿਰਲੇ ਵਿਰਲੇ ਹੀ ਹੋਣ – ਪਰਕਾਸ਼ ਅਤੇ ਵਿਦਿਆ ਭੂਸ਼ਨ ਸਹਿਦੇਵ ਵਰਗੇ.. ਜਾਗ ਲਗਾਉਣ ਵਾਲੇ…।

ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈਂ

ਜੀਵਨ ਭਰ ਦੇ ਸੁੱਖ-ਦੁੱਖ ਦੀ ਸਾਥਣ ਮਿਸਿਜ਼ ਸੱਗੂ ਨੇ ਜ਼ਿੰਦਗੀ ਦੇ ਹਰ ਮੋੜ ਤੇ ਸੱਗੂ ਸਾਹਿਬ ਨੂੰ ਡੋਲਣ ਅਤੇ ਟੁੱਟਣ ਤੋਂ ਬਚਾਇਆ, ਭਾਵੇਂ ਕਿ ਸੱਗੂ ਸਾਹਿਬ ਨੇ ਬੰਬਈ ਅਤੇ ਬੰਬਈ ਵਾਲਿਆਂ ਦੇ ਨਸ਼ੇ ਵਿੱਚ ਉਸ ਨੂੰ ਜਾਣੇ-ਅਣਜਾਣੇ ਅਣਗੌਲਣ ਅਤੇ ਅਣਡਿੱਠ ਕਰਨ ਦੇ ਨਾਲ਼ ਨਾਲ਼ ਕੁਝ ਕੁ ਪਹਾੜ ਜਿੱਡੇ ਦੁੱਖ ਵੀ ਦਿੱਤੇ। ਇਹ ਤਾਂ ਮਿਸਿਜ਼ ਸੱਗੂ ਦੀ ਮੁਹੱਬਤ ਦਾ ਜਨੂਨ ਹੈ – ਮੁਹੱਬਤਾਂ ਜ਼ਿੰਦਾਬਾਦ !!

ਇਸ ਕਿਤਾਬ ਬਾਰੇ, ਕਿਤਾਬ ਅੰਦਰ ਕਈ ਵਿਦਵਾਨਾਂ ਅਤੇ ਸੂਝਵਾਨ ਸੱਜਣਾਂ ਵੱਲੋਂ ਵਧੀਆ ਸ਼ਬਦ ਲਿਖੇ ਹੋਏ ਹਨ। ਇੱਕ ਪਾਠਕ ਦੇ ਤੌਰ ਤੇ ਮੈਨੂੰ ਇਹ ਕਿਤਾਬ ਬਹੁਤ ਚੰਗੀ ਲੱਗੀ ਅਤੇ ਇਨ੍ਹਾਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਵੀ ਦਿਲਚਸਪੀ ਵਧ ਗਈ। ਮੈਨੂੰ ਲੱਗਦਾ ਇਹ ਕਿਤਾਬ ਹੋਰਨਾ ਪੜ੍ਹਨ ਵਾਲਿਆਂ ਨੂੰ ਵੀ ਬਹੁਤ ਚੰਗੀ ਲੱਗੇਗੀ ਅਤੇ ਉਹ ਵੀ ਸੱਗੂ ਸਾਹਿਬ ਨੂੰ ਮਿਆਰੀ ਸਾਹਿਤ ਦੀ ਲਗਾਤਾਰਤਾ ਲਈ ਹਲਾਸ਼ੇਰੀ ਵੀ ਦਿੰਦੇ ਰਹਿਣਗੇ। ਇਸ ਖ਼ੂਬਸੂਰਤ ਰਚਨਾ ਦੁਆਰਾ ਗੁਰਚਰਨ ਸੱਗੂ ਜੀ ਆਪਣੀ ਰੂਹ ਦਾ ਸੁਨੇਹਾ ਪਾਠਕਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋਏ ਹਨ ਅਤੇ ਵਧਾਈ ਦੇ ਪਾਤਰ ਵੀ ਹਨ। ਮੇਰੇ ਵੱਲੋਂ ਇਨ੍ਹਾਂ ਦੇ ਅਗਲੇ ਤੇ ਅਗਲੇਰੇ ਸਾਹਿਤਿਕ ਸਫ਼ਰ ਲਈ ਸ਼ੁਭ-ਕਾਮਨਾਵਾਂ!!

ਜ਼ਿੰਦਗੀ ਜ਼ਿੰਦਾਬਾਦ।
***
ਡਾ. ਕੁਲਵਿੰਦਰ ਬਾਠ
ਕੈਲੀਫ਼ੋਰਨੀਆ ਯੂ ਐਸ ਏ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1593
****

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →