27 April 2024

ਲਹਿੰਦੇ ਪੰਜਾਬ ਦੀ ਪੰਜਾਬੀ ਕਵਿਤਾ ਰੋਹ ਅਤੇ ਵਿਦਰੋਹ ਦੀ ਕਲਾਤਮਕ ਪੇਸ਼ਕਾਰੀ ‘ਉਮਰਾਂ ਧੁੱਪਾਂ ਹੋਈਆਂ'(ਸਫ਼ੀਆ ਹਯਾਤ)—ਰਵਿੰਦਰ ਸਿੰਘ ਸੋਢੀ

ਰੋਹ ਸ਼ਬਦ ਦੇ ਅਰਥ ਹਨ ਗੁੱਸਾ, ਹਿਰਖ ਅਤੇ ਵਿਦਰੋਹ ਤੋਂ ਭਾਵ ਹੈ ਗਲਤ ਵਰਤਾਰੇ ਜਾਂ ਵਰਤਾਰਿਆਂ ਵਿਰੁੱਧ ਆਵਾਜ ਬੁਲੰਦ ਕਰਨਾ। ਜਦੋਂ ਅਸੀਂ ਰੋਹ ਲਈ ਗੁੱਸਾ-ਗਿਲਾ ਸ਼ਬਦ ਵਰਤਦੇ ਹਾਂ ਤਾਂ ਇਸ ਦਾ ਮਤਲਬ ਉਲਾਂਭਾ ਦੇਣਾ ਹੁੰਦਾ ਹੈ। ਕਈ ਵਾਰ ਕੁਝ ਦਾਨਸ਼ਵਰ ਆਪਣੇ ਗੁੱਸੇ ਨੂੰ ਸ਼ਬਦਾਂ ਦੀ ਅਜਿਹੀ ਰੰਗਤ ਦਿੰਦੇ ਹਨ ਕਿ ਉਹਨਾਂ ਦਾ ਗੁੱਸਾ ਦੇਖ ਕੇ ਬੁਰਾ ਨਹੀਂ ਲੱਗਦਾ, ਸਗੋਂ ਇਸ ਤਰਾਂ ਪ੍ਰਤੀਤ ਹੁੰਦਾ ਹੈ ਕਿ ਕਹਿਣ ਵਾਲਾ ਕਿਸੇ ਸੁਲਝੇ ਹੋਏ ਇਨਸਾਨ ਵਾਂਗ ਪਿਆਰ ਨਾਲ ਕੁਝ ਸਮਝਾ ਰਿਹਾ ਹੈ। ਪਾਕਿਸਤਾਨ ਦੀ ਪੰਜਾਬੀ ਕਵਿਤ੍ਰੀ ਸਫ਼ੀਆ ਹਯਾਤ ਦੀ ਕਲਮ ‘ਚੋਂ ਨਿਕਲੇ ਮਘਦੇ ਕੋਲਿਆਂ ਵਰਗੇ ਹਰਫ਼ ਪੜ੍ਹਨ ਵਾਲਿਆਂ ਤੇ ਕੋਈ ਅਗਨ ਬਾਣ ਨਹੀਂ ਚਲਾਉਂਦੇ ਸਗੋਂ ਸੋਚਣ ਤੇ ਮਜਬੂਰ ਕਰਦੇ ਹਨ ਕਿ ਉਹ ਜੋ ਕੁਝ ਵੀ ਕਹਿ ਰਹੀ ਹੈ ਉਸ ਵਿਚ ਕੁਝ ਵੀ ਗਲਤ ਨਹੀਂ। ਸਫ਼ੀਆ ਦੀ ਅਜਿਹੀ ਕਾਵਿ ਸ਼ੈਲੀ ਵਿਚੋਂ ਪੈਦਾ ਹੋਏ ਵਿਦਰੋਹ ਪੈਦਾ ਨਾਲ ਪਾਠਕ ਉਸ ਦੀਆਂ ਭਾਵਨਾਵਾਂ ਨਾਲ ਹੀ ਵਹਿ ਜਾਂਦਾ ਹੈ।

‘ਉਮਰਾ ਧੁੱਪਾਂ ਹੋਈਆਂ’ ਕਾਵਿ ਸੰਗ੍ਰਿਹ ਵਿਚ ਸਫ਼ੀਆ ਹਯਾਤ ਦੀਆਂ ਛੋਟੀਆਂ-ਛੋਟੀਆਂ ਨੱਬੇ ਕਵਿਤਾਵਾਂ ਦਰਜ ਹਨ। ਤਰਲੋਕ ਬੀਰ ਨੇ ਬੜੀ ਮਿਹਨਤ ਨਾਲ ਸ਼ਾਹਮੁਖੀ ਵਿਚ ਲਿਖੀਆਂ ਇਹਨਾਂ ਕਵਿਤਵਾਂ ਦਾ ਲਿਪੀ ਅੰਤਰ ਕੀਤਾ ਹੈ। ਅਸਲ ਵਿਚ ਤਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੋਹਾਂ ਦਾ ਰਹਿਣ-ਸਹਿਣ, ਬੋਲੀ, ਸਭਿਆਚਾਰ ਥੋੜ੍ਹੇ-ਬਹੁਤ ਫ਼ਰਕ ਨਾਲ ਇਕੋ ਜਿਹਾ ਹੀ ਹੈ। ਇਤਿਹਾਸ ਦੇ ਗਲਤ ਫੈਸਲੇ ਨਾਲ ਦੋ ਖਿੱਤਿਆਂ ਵਿਚ ਵੰਡੇ ਪੰਜਾਬਾਂ ਦੀਆਂ ਖੂਬੀਆਂ ਅਤੇ ਸਮੱਸਿਆਵਾਂ ਵੀ ਤਕਰੀਬਨ-ਤਕਰੀਬਨ ਇਕੋ ਜਿਹੀਆਂ ਹੀ ਹਨ, ਇਸੇ ਲਈ ਪ੍ਰਸਤੁਤ ਪੁਸਤਕ ਸਾਡੇ ਪੰਜਾਬ ਦੀ ਵੀ ਉਨੀ ਹੀ ਹੈ ਜਿੰਨੀ ਓਧਰਲੇ ਪੰਜਾਬ ਦੀ।

ਤਰਲੋਕ ਬੀਰ ਨੇ ਪੁਸਤਕ ਦੇ ਮੁੱਖ ਬੰਦ ਵੱਜੋਂ ‘ਦੱਬੀ ਕੁਚਲੀ ਧਿਰ ਦੀ ਆਵਾਜ-ਸਫ਼ੀਆ ਹਯਾਤ’ ਵਿਚ ਲਿਖਿਆ ਹੈ ਕਿ ਇਸਲਾਮੀ ਮੁਲਕ ਭਾਵੇਂ ਮਾਲੀ ਸੁੱਖ ਸਹੂਲਤਾਂ ਵਿਚ ਬਹੁਤ ਉੱਪਰ ਉੱਠ ਚੁੱਕੇ ਹਨ, ਪਰ ਔਰਤ ਦਾ ਇਜ਼ਤ ਨਾਲ ਬਰਾਬਰੀ ਦੇ ਮਾਹੌਲ ਵਿਚ ਜੀਣ ਦਾ ਤੱਸਵਰ ਕਰਨਾ ਵੀ ਮੁਸ਼ਕਿਲ ਹੈ। ਮੇਰੇ ਅਨੁਸਾਰ ਇਹ ਸਿਰਫ ਮੁਸਲਿਮ ਦੇਸ਼ਾਂ ਵਿਚ ਹੀ ਨਹੀਂ ਬਹੁਤੇ ਏਸ਼ੀਆਈ ਮੁਲਕਾਂ ਤੇ ਵੀ ਢੁੱਕਦਾ ਹੈ, ਖਾਸ ਕਰ ਭਾਰਤ ਵਿਚ। ਸਾਫ਼ੀਆ ਨੇ ਇਸ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਅਜਿਹੀ ਦਬਲੀ-ਕੁਚਲੀ ਔਰਤ ਦੀ ਪੀੜ ਨੂੰ ‘ਔਰਤ ਦੀ ਆਵਾਜ’ ਬਣ ਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ। ਅੰਮ੍ਰਿਤਾ ਪ੍ਰੀਤਮ ਦੀਆਂ ਤਾਂ ਕੁਝ ਕਵਿਤਾਵਾਂ ਵਿਚ ਹੀ ਔਰਤ ਦੀ ਤਰਸਯੋਗ ਹਾਲਤ ਨੂੰ ਰੂਪਮਾਨ ਕੀਤਾ ਗਿਆ ਹੈਂ, ਪਰ ਇਸ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਔਰਤ ਦੇ ਅੰਦਰੂਨੀ ਮਨੋਭਾਵਾਂ ਦੀ ਤਰਜਮਾਨੀ ਕਰਦੀਆਂ ਹਨ। ਇਸ ਕਾਵਿ ਸੰਗ੍ਰਿਹ ਦੀ ਪਹਿਲੀ ਕਵਿਤਾ ‘ਪੈਲੀਆਂ’ ਦੋਹਾਂ ਪੰਜਾਬਾਂ ਦੇ ਮਰਦ ਪ੍ਰਧਾਨ ਸਮਾਜ ਵਿਚ ਕੁੜੀਆਂ ਨੂੰ ਪਿਉ ਦੀ ਜਾਇਦਾਦ ਵਿਚੋਂ ਹਿੱਸਾ ਨਾ ਮਿਲਣ ਦੇ ਭੈੜੇ ਚਲਣ ਨੂੰ ਪੇਸ਼ ਕਰਦੀ ਹੈ। ਸਾਡੇ ਪੰਜਾਬ ਵਿੱਚ ਭਾਵੇਂ ਕਾਨੂੰਨੀ ਤੌਰ ਤੇ ਕੁੜੀਆਂ ਪੇਕਿਆਂ ਦੀ ਜਾਇਦਾਦ ਦੀਆਂ ਹਿੱਸੇਦਾਰ ਹੁੰਦੀਆਂ ਹਨ, ਪਰ ਭਰਾਵਾਂ ਤੋਂ ਵੱਖ ਹੋਣ ਦੇ ਡਰੋਂ ਉਹ ਹਿੱਸਾ ਨਹੀਂ ਲੈਂਦੀਆਂ। ਚੜ੍ਹਦੇ ਪੰਜਾਬ ਵਿਚ 60-70 ਸਾਲ ਪਹਿਲਾਂ ਤੱਕ ਕਈ ਪਰਿਵਾਰਾਂ ਵਿਚ ਵਿਆਹੀ ਕੁੜੀ ਤੋਂ ਕੁਝ ਲੈਣਾ ਜਾਂ ਉਹਨਾਂ ਦੇ ਘਰ ਦਾ ਪਾਣੀ ਪੀਣਾ ਵੀ ਮਾੜਾ ਸਮਝਿਆ ਜਾਂਦਾ ਸੀ। ਪਰ ਅਜਿਹੇ ਲੋਕਾਂ ਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਉਹ ਧੀਆਂ ਨੂੰ ਪਿਉ ਦੀ ਜਾਇਦਾਦ ਵਿਚੋਂ ਹਿੱਸਾ ਕਿਉਂ ਨਹੀਂ ਦਿੰਦੇ? ਅਜਿਹੇ ਵਤੀਰੇ ਤੇ ਸਫ਼ੀਆ ਦੀਆਂ ਇਹ ਸਤਰਾਂ ਕਰਾਰੀ ਚੋਟ ਹਨ:

ਨਿੱਕੇ ਭਤੀਜੇ ਨੂੰ ਦਿੱਤੇ ਮੇਰੇ ਰੁੱਪਈਏ/ਵੀਰੇ ਨੇ ਖੋਹ ਕੇ/ਮੇਰੇ ਹੱਥ ਤੇ ਰੱਖ ਦਿੱਤੇ  ਤੇ ਬੋਲਿਆ: “ਝਲੀਏ! ਤੈਨੂੰ ਤੇ ਪਤਾ/ਅਸੀਂ ਧੀਆਂ ਕੋਲੋਂ ਕੁਝ ਨਹੀਂ ਲੈੰਦੇ/ਮੈਂ ਅੰਦਰੋਂ ਬੋਲੀ! ‘ਵੀਰੇ! ਮੇਰੀਆਂ ਪੈਲੀਆਂ?

ਸ਼ਾਇਦ ਇਸ ਦੁਖਾਂਤਕ ਵਰਤਾਰੇ ਨੂੰ ਅਜੇ ਤੱਕ ਕਿਸੇ ਕਵੀ ਨੇ ਸਫ਼ੀਆ ਵਾਂਗ ਅਜਿਹੇ ਮਾਰਮਿਕ ਢੰਗ ਨਾਲ ਪੇਸ਼ ਨਹੀਂ ਕੀਤਾ।

ਪ੍ਰਸਤੁਤ ਕਾਵਿ ਸੰਗ੍ਰਿਹ ਵਿਚ ਸਫ਼ੀਆ ਨੇ ਨਿੱਕੀਆਂ ਬਾਲੜੀਆਂ ਤੋਂ ਲੈ ਕੇ ਵੱਡੀ ਉਮਰ ਦੀਆਂ ਕੁੜੀਆਂ, ਔਰਤਾਂ ਨੂੰ ਦਰਪੇਸ਼ ਦੁਸ਼ਵਾਰੀਆਂ ਨੂੰ ਆਪਣੀ ਮੌਲਿਕ ਕਾਵਿ ਸ਼ੈਲੀ ਵਿਚ ਪੇਸ਼ ਕੀਤਾ ਹੈ। ਆਪਣੀ ਅਖੌਤੀ ਵਿਦਵਤਾ ਦਾ  ਦਿਖਾਵਾ ਕਰਨ ਲਈ ਉਸ ਨੇ ਕੋਈ ਮੁਸ਼ਕਿਲ ਭਾਸ਼ਾ ਦੀ ਵਰਤੋਂ ਨਾ ਕਰਕੇ ਜਿੰਨਾਂ ਆਮ ਕੁੜੀਆਂ, ਔਰਤਾਂ ਦੇ ਦੁਖੜੇ ਪੇਸ਼ ਕੀਤੇ ਹਨ, ਭਾਸ਼ਾ ਵੀ ਉਹਨਾਂ ਦੀ ਹੀ ਵਰਤੀ ਹੈ। ਉਸ ਨੇ ਤਾਂ ਕਵਿਤਾ ‘ਸੈਕਸ ਟੌਏ’ ਵਿਚ ਮਾਂ ਦੀ ਕੁੱਖ ਵਿਚ ਪਲ ਰਹੇ ਭਰੂਣ ਵੱਲੋਂ ਹੀ ਮਾਂ ਨੂੰ ਅਪਰੇਸ਼ਨ ਕਰਵਾ ਲੈਣ ਦੀ ਸਲਾਹ ਦਿੱਤੀ ਹੈ ਕਿਉਂ ਕਿ ਉਹ ਜਨਮ ਲੈ ਕੇ ਸੈਕਸ ਟੌਏ ਨਹੀਂ ਬਣਨਾ ਚਾਹੁੰਦੀ। ਇਸੇ ਤਰਾਂ ਹੀ ਪਾਠਕਾਂ ਦੇ ਦਿਲ ਵਿਚ ਹੂਕ ਪੈਦਾ ਕਰਨ ਵਾਲੀ ਇਕ ਹੋਰ ਚਾਰ ਸਤਰਾਂ ਦੀ ਕਵਿਤਾ ਹੈ ‘ਮਸ਼ਵਰਾ’:

ਮਾਏ ਨੀ! ਹੁਣ
ਧੀ ਜੇ ਜੰਮੇ
ਤਾਂ
ਧੁੰਨੀ ਤੋਂ ਥੱਲੇ ਧੜ ਨਾ ਜੰਮੀ ।

ਇਸ ਪੁਸਤਕ  ਦੀਆਂ ਹੋਰ ਕਈ ਨਜ਼ਮਾਂ ਵਿਚ ਵੀ ਕੁੜੀਆਂ ਦੇ ਰੁਦਨ ਨੂੰ ਪੇਸ਼ ਕੀਤਾ ਹੈ, ਜੋ ਪਾਠਕਾਂ ਨੂੰ ਝੰਜੋੜਣ ਦੀ ਸਮਰਥਾ ਹੈ। ਜਿਵੇਂ:

*ਕਿੱਦਾਂ ਦੀਆਂ ਰੀਤਾਂ ਬਣਾਈਆਂ ਬਾਬਲਾ, ਪੁੱਤ ਆਪਣੇ ਤੇ ਧੀਆਂ ਨੇ ਪਰਾਈਆਂ ਬਾਬਲਾ।—-
ਕਿੰਨਾ ਏ ਕਰੂਰ ਦਸਤਾਰ ਤੇਰੇ ਦੇਸ਼ ਦਾ, ਧੀਆਂ ਜਿੱਥੇ ਮੱਝੀਆਂ ਤੇ ਗਾਈਆਂ ਬਾਬਲਾ।—
ਅਸੀਂ ਜੰਮੀਆਂ ਤੇਰੇ ਔੜ ਮਾਰੇ ਦੇਸ਼ ਵਿਚ, ਮੀਂਹ ਵਾਸਤੇ ਜੋ ਫੂਕਣ ਨੂੰ ਆਈਆਂ ਬਾਬਲਾ। (ਕਿੱਦਾਂ ਦੀਆਂ ਰੀਤਾਂ)

*ਨਵੇਂ ਘਰ/ਮਾਂ ਦੇ ਦਿੱਤੇ/ਰੰਗਲੇ ਪਲੰਘ ਨੂੰ/ਪਹਿਲੀ ਰਾਤੇ/ਸਿਉਂਕ ਖਾ ਗਈ/ਤੇ/ ਮੈਨੂੰ ਸਾਰੀ ਹਯਾਤੀ/ਤਾਬੂਤ ਵਿਚ/ ਸੌਣਾ ਪਿਆ। (ਸਿਉਂਕ)
*ਅੰਮੜੀਏ/ਧੀਆਂ ਕਿਉਂ ਜੰਮੀਆਂ/ਨਾ ਸਹੁਰਾ ਨਾ ਪੇਕਾ ਆਪਣਾ। (ਧੀਆਂ ਦੇ ਦੁਖੜੇ)

ਉਸ ਨੂੰ ਪਤਾ ਹੈ ਕਿ ਮੁੰਡੇ ਦੀ ਆਸ ਲਾਈ ਬੈਠੇ ਮਾਪਿਆਂ ਦੇ ਜਦੋਂ ਧੀ ਜੰਮ ਪਵੇ ਤਾਂ ਸਾਰੇ ਪਰਿਵਾਰ ਵਿਚ ਹੀ ਸੋਗੀ ਮਾਹੌਲ ਪਸਰ ਜਾਂਦਾ ਹੈ। ‘ਗੁੜ੍ਹਤੀ’ ਕਵਿਤਾ ਦੀਆਂ ਸਤਰਾਂ ਹਨ–ਮਾਂ ਨੇ ਖ਼ੌਫ਼ ਦੀ ਗੁੜ੍ਹਤੀ ਦਿੱਤੀ/ ਪਿਓ ਨੇ ਲੱਜਾ ਦੀ ਸੂਲੀ ਟੰਗਿਆ। ‘ਸ਼ਨਾਖ਼ਤੀ ਕਾਰਡ’ ਵਿਚ ਉਸ ਨੇ ਕੁੜੀਆਂ ਦੀ ਤੁਲਨਾ ਗੁਲਾਮਾਂ ਨਾਲ ਕੀਤੀ ਹੈ, ਜਿੰਨਾਂ ਦਾ ਕੋਈ ਸ਼ਨਾਖ਼ਤੀ ਕਾਰਡ ਨਹੀਂ ਹੁੰਦਾ।

ਸਫ਼ੀਆ ਹਯਾਤ ਨੇ ਆਪਣੀਆਂ ਕੁਝ ਕਵਿਤਾਵਾਂ ਵਿਚ ਸਮਾਜ ਦੀ ਉਸ ਸੌੜੀ ਸੋਚ ਨੂੰ ਵੀ ਚਿੱਤਰਿਆ ਹੈ, ਜਿਸ ਵਿਚ ਕੁੜੀਆਂ ਨੂੰ ਆਪਣੇ ਦਿਲ ਦੇ ਵਲਵਲਿਆਂ ਨੂੰ ਕਾਗਜ ਦੀ ਹਿਕ ਤੇ ਸ਼ਬਦਾਂ ਰਾਹੀਂ ਬਿਆਨ ਕਰਨ ਦਾ ਹੱਕ ਨਹੀਂ ਦਿੱਤਾ ਜਾਂਦਾ।

‘ਪਾਨ ਦੀ ਪੀਕ’ ਕਵਿਤਾ ਵਿਚ ਉਹ ਲਿਖਦੀ ਹੈ, “ਹਰ ਲਿਖਣ ਵਾਲੀ ਔਰਤ/ ਅਵਾਰਾ ਹੁੰਦੀ ਹੈ।” ਅਤੇ ‘ਮੇਰੀ ਹਯਾਤੀ’ ਵਿਚ ਉਸ ਨੇ ਲਿਖਿਆ ਹੈ, “ਬੱਸ ਜੇ ਮਿਰਚਾਂ ਵਾਲੀ ਪੁੜੀ ਦੇ/ ਕਾਗਜ ਨੂੰ ਵੀ ਪੜ੍ਹਦੀ ਹਾਂ,ਤਾਂ/ ਮਿਰਚਾਂ ਹੀ ਅੱਖਾਂ ਵਿਚ ਪਾ ਦਿੱਤੀਆਂ ਜਾਂਦੀਆਂ ਹਨ।”

ਸਫ਼ੀਆ ਅਜਿਹੇ ਹਾਲਾਤ ਨੂੰ ਬਿਆਨ ਹੀ ਨਹੀਂ ਕਰਦੀ, ਇਹਨਾਂ ਵਿਰੁੱਧ ਬਗਾਵਤ ਦਾ ਝੰਡਾ ਖੜਾ ਕਰਨ ਦੀ ਹਿੰਮਤ ਵੀ ਰੱਖਦੀ ਹੈ। ਕਈ ਕਵਿਤਾਵਾਂ ਵਿਚ ਉਸ ਦੇ ਬਗਾਵਤੀ ਸੁਰ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਜਿਵੇਂ: ‘ਜੀਭ ਤੇ ਧਰਿਆ ਕੋਲਾ’ ਕਵਿਤਾ ਵਿਚ ਉਹ ਆਪਣੀ ਭੂਆ, ਮਾਸੀ ਦੀ ਸਮੇਂ ਵਿਚ ਚੁੱਪ ਰਹਿਣ ਦੀ ਆਦਤ ਨੂੰ ਨਿੰਦਦੇ ਹੋਏ ਲਿਖਦੀ ਹੈ, “ਮੈਂ/ਤੁਹਾਡਾ/ਜੀਭ ‘ਤੇ ਧਰਿਆ ਕੋਲਾ/ਭੌਂਕਦੇ ਕੁੱਤਿਆਂ ਦੇ ਮੂੰਹ ਵਿਚ ਰੱਖ ਦਿੱਤੈ।” ‘ਮਾਂ ਨਾਲ ਗੱਲ’ ਵਿਚ ਉਹ ਲਿਖਦੀ ਹੈ, “ਹੁਣ ਦੀਵੇ ਵਿਚ/ਮੈਂ ਅੱਗ ਨਹੀਂ ਓ ਬਾਲਣੀ/ਆਪਣੀਆਂ ਅੱਖਾਂ ਬਾਲਾਂ ਗੀ/ ਹੁਣ, ਮੈਂ ਹਾਰਨਾ ਨਹੀਂ।”

‘ਇਲਾਜ’ ਕਵਿਤਾ ਵਿਚ ਉਸ ਦਾ ਰੋਹ ਸਿਖਰ ਤੇ ਪਹੁੰਚਦਾ ਹੈ–ਹੁਣ ਕੁੜੀਆਂ ਨੂੰ ਜੰਮਦਿਆਂ ਹੀ/ ਟੋਕਾ ਦੇਣਾ ਏ ਫੜਾ।

ਇਹੋ ਨਹੀਂ ਕਿ ਉਸ ਨੇ ਸਿਰਫ ਔਰਤਾਂ ਦੇ ਦੁੱਖਾਂ ਨੂੰ ਹੀ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕੀਤਾ ਹੈ। ਸਫ਼ੀਆ ਦੀ ਨਜ਼ਰ ਆਪਣੇ ਚਾਰ ਚੁਫ਼ੇਰੇ ਫੈਲੇ ਹਰ ਗਲਤ ਵਰਤਾਰੇ ਨੂੰ ਨਿੰਦਣ ਦਾ ਹੌਂਸਲਾ ਰੱਖਦੀ ਹੈ। ਮਸਲਨ ਉਹ ਭੁੱਖੇ ਲੋਕਾਂ ਦੇ ਹੱਕ ਵਿਚ ਅਵਾਜ ਉਠਾਉਂਦੇ ਹੋਏ ਲਿਖਦੀ ਹੈ, “ਢਿੱਡ ਦੀ ਰਿਆਸਤ ਵਿਚ/ ਭੁੱਖ ਤੋਂ ਵੱਡਾ ਕੋਈ ਮਜ਼ਹਬ ਨਹੀਂ ਹੁੰਦਾ।”  ‘ਭੁੱਖ ਦੀ ਬਾਂਗ’ ਕਵਿਤਾ ਵਿਚ ਉਸ ਦੀਆਂ ਇਹ ਪੰਕਤੀਆਂ ਵਿਸ਼ੇਸ਼ ਧਿਆਨ ਖਿੱਚੀਆਂ ਹਨ, “ਬਾਲਾਂ ਨੂੰ ਭੁੱਖਿਆਂ ਵੇਖ ਕੇ/ ਖੌਰੇ  ਕਿਉਂ /ਮੈਨੂੰ/ਪੰਜ ਵੇਲੇ ਦੀ ਬਾਂਗ ਨਹੀਂ ਸੁਣਦੀ।” ਇਸੇ ਤਰਾਂ ‘ਮੁਲਾ ਨਾਲ ਲੜਾਈ’ ਵਿਚ ਉਹ ਲਿਖਦੀ ਹੈਂ, “ਕੱਲ੍ਹ ਮੇਰੀ/ਮੁੱਲਾ ਨਾਲ ਲੜਾਈ ਹੋ ਗਈ/ਉਹ ਕਹਿੰਦਾ:/ ‘ਮੈਂ ਬਾਗੀ ਆ’/ ਮੈਂ ਤੇ ਏਨਾ ਹੀ ਕਿਹਾ ਸੀ:/ ਵੇ ਅੱਲ੍ਹਾ!/ਢਿੱਡ ਭੁੱਖਾ ਹੋਏ ਤਾਂ/ਤੇਰੀ ਬਾਂਗ ਨਹੀਂ ਸੁਣਦੀ।” ‘ਖੁਦਾ ਕਿੱਥੇ ਹੈ’ ਵਿਚ ਉਹ ਸਾਰੇ ਧਰਮਾਂ ਤੇ ਹੀ ਚੋਟ ਕਰਦੀ ਹੋਈ ਵਿਚਾਰ ਪੇਸ਼ ਕਰਦੀ ਹੈ ਕਿ ਸਭ ਧਰਮ ਇਕੋ ਜਿਹੇ ਹੀ ਹਨ, ਲਾਊਡ ਸਪੀਕਰਾਂ ਦੇ ਸ਼ੋਰ ਵਿਚ ਦਮ ਤੋੜਦੀਆਂ ਦੀਆਂ ਅਵਾਜ਼ਾਂ ਇਹ ਪੁੱਛਦੀਆਂ ਹਨ ਕਿ “ਧਰਮ ਕਿੱਥੇ ਹੈ?”। ‘ਮਜ਼ਾਰ’ ਕਵਿਤਾ ਦੀ ਇਕ ਸਤਰ ਹੈ, “ਸਾਨੂੰ ਸਿਰਫ ਮਜ਼ਾਰ ਬਣਾਉਣੇ ਹੀ ਆਉਂਦੇ ਹਨ।” ‘ਖਤਰਾ’ ਕਵਿਤਾ ਵਿਚ ਉਹ ਸਾਰੇ ਪੁਆੜਿਆਂ ਦੀ ਜੜ ‘ਧਰਮ ਤੇ ਸਿਆਸਤ’ ਨੂੰ ਕਹਿੰਦੀ ਹੈ।

ਉਪਰੋਕਤ ਤੋਂ ਇਲਾਵਾ ਉਸ ਨੇ ਆਪਣੀਆਂ ਕਵਿਤਾਵਾਂ ਵਿਚ ਦੁਨੀਆਂ ਭਰ ਦੇ ਕੁਝ ਇਨਕਲਾਬੀਆਂ ਨੂੰ ਵੀ ਸਿਜਦਾ ਕੀਤਾ ਹੈ, 1947 ਦੀ ਵੰਡ ਤੇ ਵੀ ਅੱਥਰੂ ਕੇਰੇ ਹਨ, ਬਾਬਾ ਨਾਨਕ ਦੇ ਦੁਨਿਆਵੀ ਫਲਸਫੇ ਦਾ ਵੀ ਉਹ ਜ਼ਿਕਰ ਕਰਦੀ ਹੈ, ਸਿਆਸੀ ਜਿਆਦਤੀਆਂ ਕਰਨ ਵਾਲਿਆਂ ਨੂੰ ਵੀ ਭੰਡਦੀ ਹੈ, ਜੰਗ ਦੇ ਵਿਰੁੱਧ ਵੀ ਅਵਾਜ ਉਠਾਉਂਦੀ ਹੈ। ‘ਜੰਗ’ ਕਵਿਤਾ ਵਿਚ ਉਹ ਸਪਸ਼ਟ ਤੌਰ ਤੇ ਲਿਖਦੀ ਹੈ  “ਜੰਗ ਦਾ ਹੁਕਮ ਦੇਣ ਵਾਲਾ ਨਹੀਂ ਮਰਦਾ/ ਹਮੇਸ਼ਾਂ ਮਾਂ ਦੇ ਲਾਲ ਮਰਦੇ।” ਕੁਝ ਕਵਿਤਾਵਾਂ ਵਿਚ ਉਸ ਦਾ ਫਲਸਫਾਨਾ ਅੰਦਾਜ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ, ਜਿਵੇਂ ਕੰਧ ਬਨਾਮ ਜ਼ਿੰਦਗੀ ਦੀ ਵੰਡ ਅਤੇ ਉਫ਼! ਇਹ ਮੁਹੱਬਤ ਆਦਿ।

ਪ੍ਰਸਤੁਤ ਪੁਸਤਕ ਦਾ ਸਿਰਲੇਖ ‘ਉਮਰਾਂ ਧੁੱਪਾਂ ਹੋਈਆਂ’ ਵੀ ਪ੍ਰਤੀਕ ਆਤਮਕ ਹੈ। ਗਰਮੀਆਂ ਦੀ ਲੂ ਨਾਲ ਹਰ ਪਾਸੇ ਹਾਹਾ ਕਾਰ ਮਚਦੀ ਹੈ। ਜਿਆਦਾ ਗਰਮੀ ਵੀ ਦੁਖ ਤਕਲੀਫ਼ਾਂ ਦਾ ਹੀ ਪਰਤੀਕ ਹੈ। ਇਸ ਪੁਸਤਕ ਦੀਆਂ ਜਿਆਦਾ ਕਵਿਤਾਵਾਂ ਕਿਉਂ ਜੋ ਔਰਤਾਂ ਨੂੰ ਦਰਪੇਸ਼ ਦੁਸ਼ਵਾਰੀਆਂ ਨੂੰ ਰੂਪਮਾਨ ਕਰਦੀਆਂ ਹਨ, ਇਸ ਲਈ ਇਰ ਨਾਮਕਰਨ ਢੁਕਵਾਂ ਹੈ।

ਆਟਮ ਆਰਟ, ਪਟਿਆਲਾ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਪੜ੍ਹਨ ਉਪਰੰਤ ਲਹਿੰਦੇ ਪੰਜਾਬ ਦੀ ਕਵਿਤਾ ਦਾ ਨਵਾਂ ਰੂਪ ਸਾਹਮਣੇ ਆਉਂਦਾ ਹੈ ਅਤੇ ਸਫ਼ੀਆ ਹਯਾਤ ਉਸ ਨਵੇਂ ਰੂਪ ਦਾ ਪਰਚਮ ਲੈ ਕੇ ਮੋਢੀ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਤਰਲੋਕ ਬੀਰ ਨੂੰ ਇਸ ਪੁਸਤਕ ਦਾ ਲਿਪੀਅੰਤਰ ਲਈ ਇਕ ਵਾਰ ਫੇਰ ਮੁਬਾਰਕਬਾਦ ਅਤੇ ਸਫ਼ੀਆ ਹਯਾਤ ਦੇ ਸਾਹਿਤਕ ਸਫਰ ਲਈ ਸ਼ੁਭਕਾਮਨਾਵਾਂ।
***
ਰਵਿੰਦਰ ਸਿੰਘ ਸੋਢੀ
ਰਿਚਮੰਡ,  ਕੈਨੇਡਾ
001-604-369-2371

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1116
***

About the author

ਰਵਿੰਦਰ ਸਿੰਘ ਸੋਢੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ