25 September 2025

“ਨਾਮ ਚੋਟੀ ਦੇ ਮੁਲਕਾਂ ‘ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ” — ਮਿੰਟੂ ਬਰਾੜ

ਮਾਲਵੇ ਦੇ ਕ੍ਰਾਂਤੀਕਾਰੀ ਲੇਖਕ ਜਗਸੀਰ ਜੀ ਦਾ ਦੀ ਇਹ ਬੋਲੀ “ਬੰਦੇ ਮਾਰਨ ਲਈ ਖ਼ੋਜੀਆਂ ਮਿਜ਼ਾਈਲਾਂ ਤੇ ਨਰਮੇ ਦੀ ਸੁੰਡੀ ਨਾ ਮਰੇ।” ਅੱਜ ਵਾਰ-ਵਾਰ ਜ਼ਿਹਨ ‘ਚ ਦਸਤਕ ਦੇ ਰਹੀ ਹੈ। ਭਾਵੇਂ ਬਾਈ ਜਗਸੀਰ ਦੀ ਇਹ ਰਚਨਾ ਮਾਲਵੇ ਦੇ ਨਰਮਾ ਉਤਪਾਦਕ ਜ਼ਿਮੀਂਦਾਰ ਦੀ ਪੀੜ ‘ਚੋਂ ਨਿਕਲੀ ਹੋਈ ਹੈ। ਪਰ ਅੱਜ ਅੱਗ ‘ਚ ਸੜ ਰਹੇ ਆਸਟ੍ਰੇਲੀਆ ਨੂੰ ਦੇਖ ਕੇ ਕੁਝ ਇਹੋ ਜਿਹੀ ਬੋਲੀ ਮੇਰੇ ਜ਼ਿਹਨ ‘ਚ ਘੁੰਮ ਰਹੀ ਹੈ ਕਿ “ਨਾਮ ਚੋਟੀ ਦੀਆਂ ਮੁਲਕਾਂ ‘ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।”

ਇਹ ਹੀ ਸੱਚ ਹੈ ਅੱਜ ਦੀ ਘੜੀ ਤਾਂ। ਹੋਂਦ ‘ਚ ਆਉਣ ਤੋਂ ਤਕਰੀਬਨ ਦੋ-ਢਾਈ ਸਦੀਆਂ ‘ਚ ਆਸਟ੍ਰੇਲੀਆ ਦੁਨੀਆਂ ਦੇ ਮੋਹਰੀ ਮੁਲਕਾਂ ‘ਚ ਆਪਣਾ ਨਾਮ ਦਰਜ ਕਰਵਾ ਗਿਆ। ਇਕੱਲੇ ਭਾਰਤੀਆਂ ਦੀ ਹੀ ਨਹੀਂ ਦੁਨੀਆਂ ਦੇ ਬਹੁਤੇ ਮੁਲਕਾਂ ਦੇ ਲੋਕਾਂ ਦੀ ਪਰਵਾਸ ਕਰਨ ਲਈ ਆਸਟ੍ਰੇਲੀਆ ਪਹਿਲੀ ਪਸੰਦ ਹੈ। ਜਦੋਂ-ਕਦੇ ਸਰਵੇਖਣ ਹੁੰਦੇ ਹਨ ਤਾਂ ਆਸਟ੍ਰੇਲੀਆ ਦੇ ਕਈ ਸ਼ਹਿਰ ਦੁਨੀਆ ਦੇ ਪਹਿਲੇ ਦਸ ਰਹਿਣ ਲਈ ਸਭ ਤੋਂ ਚੰਗੇ ਸ਼ਹਿਰਾਂ ‘ਚ ਆਉਂਦੇ ਹਨ। ਸੋਸ਼ਲ ਸਿਕਿਉਰਿਟੀ ‘ਚ ਆਸਟ੍ਰੇਲੀਆ ਦੀ ਅਮਰੀਕਾ ਵੀ ਰੀਸ ਨਹੀਂ ਕਰ ਸਕਦਾ। ਹੈਲਥ ਅਤੇ ਸੇਫ਼ਟੀ ਦੇ ਮਾਮਲੇ ‘ਚ ਆਸਟ੍ਰੇਲੀਆ ਏਨਾ ਕੁ ਚੌਕਸ ਹੈ ਕਿ ਭਾਵੇਂ ਕਿੰਨਾ ਵੀ ਨੁਕਸਾਨ ਹੋ ਜਾਵੇ ਪਰ ਬੰਦੇ ਦੀ ਜਾਨ ਅਤੇ ਸਿਹਤ ਨਾਲ ਕੋਈ ਸਮਝੌਤਾ ਨਹੀਂ। ਸਾਫ਼ ਆਬੋ-ਹਵਾ, ਸ਼ੁੱਧ ਖਾਣ-ਪੀਣ, ਚੰਗੀਆਂ ਡਾਕਟਰੀ ਸਹੂਲਤਾਂ, ਚੰਗੀ ਪੜ੍ਹਾਈ-ਲਿਖਾਈ ਤੇ ਚੰਗੀਆਂ ਖੇਡਾਂ। ਹੁਣ ਏਨਾ ਕੁਝ ਚੰਗਾ ਹੋਣ ਦੇ ਬਾਵਜੂਦ ਅੱਜ ਆਸਟ੍ਰੇਲੀਆ ਦੁਨੀਆ ਦੀ ਨਜ਼ਰ ‘ਚ ਤਰਸ ਦਾ ਪਾਤਰ ਬਣਿਆ ਹੋਇਆ ਹੈ ਜਿਸ ਦਾ ਕਾਰਨ ਹੈ ਇੱਥੇ ਲੱਗੀਆਂ ਅੱਗਾਂ।

ਆਸਟ੍ਰੇਲੀਆ ‘ਚ ਅੱਗਾਂ ਦਾ ਇਤਿਹਾਸ: ਭਾਵੇਂ ਆਸਟ੍ਰੇਲੀਆ ‘ਚ ਜੀਵਨ ਹਜ਼ਾਰਾਂ ਸਾਲ ਪਹਿਲਾਂ ਤੋਂ ਪਾਇਆ ਜਾਂਦਾ ਪਰ ਅੱਜ ਦੇ ਆਸਟ੍ਰੇਲੀਆ ਦੀ ਹੋਂਦ ‘ਚ ਆਉਣ ਤੋਂ ਬਾਅਦ ਜਿਹੜਾ ਰਿਕਾਰਡ ਦਰਜ ਹੋਇਆ ਮਿਲਦਾ ਹੈ ਉਸ ਮੁਤਾਬਿਕ 1851 ਤੋਂ ਲੈ ਕੇ ਹੁਣ ਤੱਕ ਤਕਰੀਬਨ 800 ਇਨਸਾਨ ਅਤੇ ਲੱਖਾਂ ਦੀ ਗਿਣਤੀ ‘ਚ ਜਾਨਵਰ ਅੱਗਾਂ ਕਾਰਨ ਮਾਰੇ ਜਾ ਚੁੱਕੇ ਹਨ। ਪਿਛਲੀ ਡੇਢ ਸਦੀ ਦੌਰਾਨ ਆਏ ਇਹਨਾਂ ਭਿਆਨਕ ਦਿਨਾਂ ਦੀ ਮਾੜੀ ਯਾਦ ਆਸਟ੍ਰੇਲੀਆ ਵੱਸਦੇ ਲੋਕਾਂ ਦੇ ਮਨਾ ‘ਚ ਵੱਖੋ-ਵੱਖ ਨਾਮਾਂ ਨਾਲ ਉੱਕਰੀ ਪਈ ਹੈ। ‘ਕਾਲੇ ਵੀਰਵਾਰ’, ‘ਕਾਲੇ ਸ਼ਨੀਵਾਰ’ ਜਾ ‘ਸਵਾਹ ਰੰਗੇ ਬੁੱਧਵਾਰ’ ਦੀ ਗੱਲ ਅੱਜ ਵੀ ਪ੍ਰਭਾਵਿਤ ਲੋਕਾਂ ਦੇ ਗਲੇ ਭਰ ਦਿੰਦੀ ਹੈ।

ਇਤਿਹਾਸਕਾਰ ਲਿਖਦੇ ਹਨ ਕਿ 6 ਫਰਵਰੀ 1851 ਦਿਨ ਵੀਰਵਾਰ ਨੂੰ ਲੱਗੀ ਅੱਗ ‘ਚ ਬਹੁਤ ਸਾਰੇ ਇਨਸਾਨ, ਦਸ ਲੱਖ ਤੋਂ ਉੱਤੇ ਭੇਡਾਂ ਅਤੇ ਅਣਗਿਣਤ ਹੋਰ ਜਾਨਵਰ ਅੱਗ ਦੀ ਭੇਂਟ ਚੜ੍ਹ ਗਏ ਸਨ, ਜਿਸ ਕਾਰਨ ਅੱਜ ਵੀ ਇਸ ਦਿਨ ਨੂੰ ‘ਕਾਲੇ ਵੀਰਵਾਰ’ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ।

ਆਸਟ੍ਰੇਲੀਆ ਦੇ ਇਤਿਹਾਸ ‘ਚ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ 7 ਫਰਵਰੀ 2009 ਨੂੰ ਲੱਗੀ ਸੀ ਜਿਸ ਦੌਰਾਨ 173 ਇਨਸਾਨ, ਅਣਗਿਣਤ ਜਾਨਵਰ ਤੇ ਪੰਛੀ ਇਸ ਦੀ ਲਪੇਟ ‘ਚ ਆਏ ਸਨ। ਇਸ ਕਾਲੇ ਸ਼ਨੀਵਾਰ ਨੂੰ 400 ਦੇ ਕਰੀਬ ਵੱਖ-ਵੱਖ ਥਾਂਵਾਂ ਤੇ ਅੱਗ ਨੇ ਤਬਾਹੀ ਮਚਾਈ ਸੀ। ਜਿਸ ਵਿਚ 11 ਲੱਖ ਏਕੜ ਜ਼ਮੀਨ ਤਕਰੀਬਨ 2000 ਰਿਹਾਇਸ਼ੀ ਘਰਾਂ ਸਮੇਤ 3500 ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਸਨ। 400 ਦੇ ਕਰੀਬ ਲੋਕ ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਗਏ ਸਨ।

ਇਸ ਅੱਗ ਦੇ ਕਾਰਨ ਸਾਡੇ ਇੱਕ ਪੰਜਾਬੀ ਸ. ਚਰਨਾਮਤ ਸਿੰਘ ਦੇ ਪਰਵਾਰ ਨੇ ਵੀ ਆਪਣਾ ਸਭ ਕੁਝ ਗੁਆ ਲਿਆ ਸੀ। ਬੱਸ ਵਾਹਿਗੁਰੂ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਤੋਂ ਉਹ ਬਚ ਗਏ ਸਨ। ਦੁਨੀਆ ਭਰ ‘ਚ ਚਰਨਾਮਤ ਸਿੰਘ ਨੂੰ ਜਾਣਨ ਵਾਲੇ ਹਾਸਿਆਂ ਦਾ ਵਣਜਾਰਾ ਸਮਝਦੇ ਹਨ। ਪਰ ਉਨ੍ਹਾਂ ਦੇ ਨਜ਼ਦੀਕੀ ਜਾਣਦੇ ਹਨ ਕਿ ਉਨ੍ਹਾਂ ਦੇ ਹਾਸਿਆਂ ਥੱਲੇ ਜੋ ਅੱਗ ਮੱਚਦੀ ਹੈ ਉਸ ਨੂੰ ਯਾਦ ਕਰਕੇ ਉਹ ਅੱਜ ਵੀ ਡੋਰ-ਭੌਰ ਹੋ ਜਾਂਦੇ ਹਨ। ਉਹ ਦੱਸਦੇ ਹਨ ਕਿ ਅੱਗ ਉਨ੍ਹਾਂ ਦੇ ਫਾਰਮ ਤੋਂ ਕਾਫ਼ੀ ਦੂਰ ਸੀ ਪਰ ਹਵਾ ‘ਚ ਉੱਡ ਕੇ ਆਇਆ ਇਕ ਫਲੂਆ ਉਨ੍ਹਾਂ ਦੇ ਪਰਵਾਰ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਸੁਆਹ ਕਰ ਗਿਆ ਸੀ।

ਹਰ ਸਾਲ ਅੱਗ ਪੀੜਤਾਂ ਦੀ ਗਿਣਤੀ ਵਧਦੀ ਜਾਂਦੀ ਹੈ। ਹੁਣ ਤੱਕ ਅਣਗਿਣਤ ਪੀੜਤਾਂ ਨਾਲ ਦੁੱਖ ਵੰਡਾਉਣ ਦਾ ਸਬੱਬ ਬਣਿਆ। ਹਰ ਇਕ ਰੁਆ ਕੇ ਹੀ ਗਿਆ। ਅੱਜ ਦੋ ਅਧਖੜ ਜਿਹੀਆਂ ਗੋਰੀਆਂ ਸਾਡੇ ਕੋਲ ਖਾਣਾ ਖਾਣ ਆਈਆਂ, ਪੁੱਛਣ ਤੇ ਪਤਾ ਲੱਗਿਆ ਕਿ ਉਨ੍ਹਾਂ ‘ਚੋਂ ਇਕ ਗਿਬਸਲੈਂਡ ਤੋਂ ਆਈ ਸੀ ਜਿੱਥੇ ਅੱਗਾਂ ਨੇ ਸਭ ਤਹਿਸ ਨਹਿਸ ਕਰ ਦਿੱਤਾ। ਰੋ-ਰੋ ਸੁੱਕ ਚੁੱਕੀਆਂ ਅੱਖਾਂ ਸਾਰੀ ਕਹਾਣੀ ਬਿਆਨ ਕਰ ਰਹੀਆਂ ਸਨ। ਕਹਿੰਦੀ ਆਹ ਜੋ ਤਨ ‘ਤੇ ਕੱਪੜੇ ਤੇ ਇਹਨਾਂ ਤੋਂ ਬਿਨਾਂ ਉਹ ਕਾਰ ਹੈ ਜਿਸ ‘ਚ ਚੜ੍ਹ ਕੇ ਮੈਂ ਭੱਜ ਆਈ ਹਾਂ, ਸਭ ਤਬਾਹ ਹੋ ਗਿਆ। ਭਲੇ ਵੇਲਿਆਂ ‘ਚ ਇਸ ਕਸਬੇ ‘ਚ ਥੋੜ੍ਹੀ ਜਿਹੀ ਥਾਂ ਖ਼ਰੀਦੀ ਸੀ ਉਸ ਨੂੰ ਵੇਚ ਕੇ ਫੇਰ ਸਿਰ ਢੱਕਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਨਸਾਨਾਂ ਦੀਆਂ ਹੱਡ-ਬੀਤੀਆਂ ਤਾਂ ਬਹੁਤ ਲਿਖ ਸਕਦਾ ਹਾਂ ਪਰ ਉਹ ਅੱਗ ਪੀੜਤ ਲੱਖਾਂ ਬੇਸਹਾਰਾ ਚਿੜੀਆਂ-ਜਨੌਰਾਂ ਬਾਰੇ ਸੋਚ ਕੇ ਰੂਹ ਕੰਬ ਜਾਂਦੀ ਹੈ, ਜਿਨ੍ਹਾਂ ਦੀਆਂ ਦਰਦ ਕਹਾਣੀਆਂ ਸਮਝ ਕੇ ਬਿਆਨ ਕਰਨ ਵਾਲਾ ਕੋਈ ਨਹੀਂ।

ਪਿੱਛਲੇ ਸਾਲਾਂ ਦੇ ਅੰਕੜੇ ਤਾਂ ਸਦਾ ਲਈ ਦਰਜ ਹੋ ਚੁੱਕੇ ਹਨ ਤੇ ਇਸ ਸਾਲ ਦੇ ਅੰਕੜੇ ਚਾਰ ਕੁ ਦਿਨਾਂ ਨੂੰ ਦਰਜ ਹੋ ਜਾਣਗੇ ਤੇ ਇੰਝ ਹੀ ਹਰ ਸਾਲ ਅੱਗ ਪੀੜਤਾਂ ਦੀ ਗਿਣਤੀ ਵਧਦੀ ਜਾਵੇਗੀ? ਇਹ ਸਵਾਲ ਹਰ ਇਕ ਦੇ ਮਨ ‘ਚ ਹੈ ਕਿ ਕੀ ਆਸਟ੍ਰੇਲੀਆ ਜਿਹਾ ਵਿਕਸਤ ਦੇਸ਼ ਇਸ ਦਾ ਕੋਈ ਹੱਲ ਨਹੀਂ ਕੱਢ ਸਕਦਾ? ਇਹਨਾਂ ਸਵਾਲਾਂ ਦੇ ਜਵਾਬ ਲੱਭਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਅੱਗਾਂ ਲੱਗਣ ਦੇ ਕਾਰਨ ਕੀ ਹਨ?

ਕਾਰਨ ਕਈ ਹਨ। ਸੰਖੇਪ ਇਹ ਹੈ ਕਿ ਆਸਟ੍ਰੇਲੀਆ ‘ਚ ਸੂਰਜ ਦੀ ਤਪਸ਼ ਗਰਮੀ ‘ਚ ਬਨਸਪਤੀ ਨੂੰ ਇਨ੍ਹਾਂ ਕੁ ਸੁਕਾ ਦਿੰਦੀ ਹੈ ਕਿ ਇਹ ਸੁੱਕੀ ਹੋਈ ਬਨਸਪਤੀ ਅੱਗ ਨੂੰ ਬਹੁਤ ਹੀ ਤੇਜ਼ੀ ਨਾਲ ਫੜਦੀ ਹੈ। ਇਸ ਤੋਂ ਬਿਨਾਂ ਏਥੋਂ ਦੇ ਜੰਗਲਾਂ ਅਤੇ ਖ਼ਾਲੀ ਥਾਂਵਾਂ ਤੇ ਜ਼ਿਆਦਾਤਰ ਸਫ਼ੈਦੇ ਅਤੇ ਪਾਈਨ ਦੇ ਦਰਖ਼ਤ ਪਾਏ ਜਾਂਦੇ ਹਨ। ਮਾਹਿਰ ਮੰਨਦੇ ਹਨ ਕਿ ਇਹਨਾਂ ਦਰਖਤਾਂ ‘ਚ ਤੇਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਹਰੇ ਵੀ ਸੁੱਕਿਆਂ ਵਾਂਗ ਮੱਚਦੇ ਹਨ। ਇਹ ਅੱਗ ਕਈ ਬਾਰ ਸੂਰਜ ਦੀ ਜ਼ਿਆਦਾ ਤਪਸ਼ ਕਾਰਨ, ਬਿਜਲੀ ਦੇ ਸਪਾਰਕ ਕਾਰਨ, ਮਸ਼ੀਨਰੀ ਕਾਰਨ ਜਾਂ ਫੇਰ ਕਿਸੇ ਇਨਸਾਨ ਦੀ ਬੇਵਕੂਫ਼ੀ ਜਾਂ ਜਾਣ ਬੁੱਝ ਕੇ ਸੁੱਟੀ ਸਿਗਰਟ ਆਦਿ ਨਾਲ ਲਗਦੀ ਹੈ। ਹਾਦਸਾ ਤਾਂ ਕਦੋਂ ਵੀ ਤੇ ਕਿਤੇ ਵੀ ਹੋ ਸਕਦਾ ਹੈ ਪਰ ਜਦੋਂ ਜਾਣ ਬੁੱਝ ਕੇ ਕੋਈ ਗ਼ਲਤੀ ਕਰਦਾ ਹੈ ਤਾਂ ਤਕਲੀਫ਼ ਜ਼ਿਆਦਾ ਹੁੰਦੀ ਹੈ। ਜੇ ਕਰ ਪਿਛੋਕੜ ‘ਚ ਝਾਤ ਮਾਰੀ ਜਾਵੇ ਤਾਂ ਇਸ ਸਭਿਅਕ ਮੁਲਕ ‘ਚ ਵੀ ਅਸੱਭਿਅਕ ਤੇ ਸ਼ਰਾਰਤੀ ਲੋਕਾਂ ਦੀ ਕੋਈ ਘਾਟ ਨਹੀਂ ਦਿਸੀ। ਸ਼ਰਾਰਤੀ ਨਾਲੋਂ ਵੀ ਅਪਰਾਧਿਕ ਬਿਰਤੀ ਦੇ ਲੋਕ ਲਿਖਣਾ ਵਾਜਬ ਲੱਗਦਾ ਹੈ। ਪਹਿਲਾਂ ਕੁਝ ਕੁ ਹਾਦਸਿਆਂ ਪਿੱਛੇ ਮਛੋਹਰ ਮੱਤ ਦੇ ਮੁੰਡੇ ਕੁੜੀਆਂ ਦਾ ਹੱਥ ਸਾਬਿਤ ਹੋਇਆ ਸੀ। ਪਰ ਇਸ ਬਾਰ ਇਕ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਦੋ ਸੋ ਦੇ ਕਰੀਬ ਬੰਦਿਆਂ ਤੇ ਪੁਲਿਸ ਵੱਲੋਂ ਜਾਣਬੁੱਝ ਕੇ ਅੱਗ ਲਾਉਣ ਦਾ ਘਿਨੌਣਾ ਕਾਰਾ ਕਰਨ ਦਾ ਪਰਚਾ ਦਰਜ ਕੀਤਾ ਹੈ।

ਉਪਰਾਲੇ: ਆਸਟ੍ਰੇਲੀਆ ਦੀ ਵਿਸ਼ਾਲ ਭੂਗੋਲਿਕ ਰਚਨਾ ਸਰਕਾਰਾਂ ਲਈ ਇਕ ਵੱਡਾ ਚੈਲੰਜ ਰਿਹਾ ਹੈ। ਜਦੋਂ ਤੋਂ ਅੰਕੜੇ ਮਿਲਦੇ ਹਨ ਉਸ ਮੁਤਾਬਿਕ 1850 ‘ਚ ਵਿਕਟੋਰੀਆ ਸੂਬੇ ‘ਚ ਸੀ.ਐੱਫ.ਏ. (ਕੰਟਰੀ ਫਾਇਰ ਅਥਾਰਿਟੀ), 1859 ‘ਚ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ‘ਚ ਆਰ.ਐੱਫ.ਐੱਸ. (ਰੂਰਲ ਫਾਇਰ ਸਰਵਿਸਿਜ਼), 1913 ‘ਚ ਸਾਊਥ ਆਸਟ੍ਰੇਲੀਆ ‘ਚ ਸੀ.ਐੱਫ.ਐੱਸ. (ਕੰਟਰੀ ਫਾਇਰ ਸਰਵਿਸਿਜ਼) ਆਦਿ ਸੰਸਥਾਵਾਂ ਹੋਂਦ ‘ਚ ਆਈਆਂ ਸਨ ਤੇ ਜੋ ਅੱਜ ਤੱਕ ਹਰ ਸਾਲ ਇਸ ਆਫ਼ਤ ਨਾਲ ਜੂਝਦੀਆਂ ਆ ਰਹੀਆਂ ਹਨ।

ਆਪਣੇ ਸਲਾਨਾ ਬਜਟ ‘ਚ ਅੱਗਾਂ ਦੀ ਆਫ਼ਤ ਦੇ ਫ਼ੰਡ ‘ਚ ਕਟੌਤੀ ਕਰਕੇ ਅੱਜ ਦੀ ਸਰਕਾਰ ਦੀ ਕਿਰਕਰੀ ਹੋ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਗਰਮੀ ਦੇ ਮੌਸਮ ਵਿਚ ਕਿਤੇ ਵੀ ਅੱਗ ਲਾਉਣਾ ਗੈਰ ਕਾਨੂੰਨੀ ਹੈ। ਥਾਂ ਥਾਂ ਤੇ ਸਰਕਾਰ ਲਿਖਤੀ ਬੋਰਡ ਲਗਾ ਕੇ ਅਤੇ ਮੀਡੀਏ ਜ਼ਰੀਏ ਲੋਕਾਂ ਨੂੰ ਜਾਗ੍ਰਿਤ ਕਰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਸਿਆਲਾਂ ‘ਚ ਵੀ ਜਦੋਂ ਅਸੀਂ ਆਪਣੇ ਖੇਤਾਂ ਆਦਿ ਦੇ ਝਾੜ ਬੂਝ ਨੂੰ ਅੱਗ ਲਾਉਣੀ ਹੋਵੇ ਤਾਂ ਪਹਿਲਾਂ ਨੇੜੇ ਦੇ ਅੱਗ ਬੁਝਾਊ ਮਹਿਕਮੇ ਨੂੰ ਦੱਸਣਾ ਪੈਂਦਾ ਹੈ। ਤੁਸੀਂ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਮਚਾ ਸਕਦੇ ਜਿਸ ਨਾਲ ਜ਼ਹਿਰੀਲਾ ਧੂੰਆਂ ਬਣਦਾ ਹੋਵੇ ਮਸਲਨ ਜ਼ਹਿਰੀਲੀਆਂ ਦਵਾਈਆਂ ਲੱਗੀ ਲੱਕੜ ਜਾ ਪਲਾਸਟਿਕ ਆਦਿ।

ਪਰ ਇਹ ਤਾਂ ਆਮ ਜਿਹੇ ਉਪਰਾਲੇ ਹਨ ਲੋਕਾਂ ਨੂੰ ਜਾਗਰੂਕ ਕਰਨ ਦੇ। ਇਸ ਸੰਬੰਧੀ ਅਸੀਂ ਬਹੁਤ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਸਵਾਲ ਕੀਤਾ ਕਿ “ਸਾਇੰਸ ਦੇ ਇਸ ਯੁੱਗ ‘ਚ ਅਸੀਂ ਬਹੁਤ ਕੁਝ ਖੋਜ ਲਿਆ ਹੈ ਪਰ ਆਸਟ੍ਰੇਲੀਆ ‘ਚ ਹਰ ਸਾਲ ਲਗਦੀਆਂ ਇਹਨਾਂ ਭਿਆਨਕ ਅੱਗਾਂ ਦਾ ਕੋਈ ਤੋੜ ਕਿਉਂ ਨਹੀਂ ਲੱਭਿਆ?” ਬਹੁਤਿਆਂ ਨੇ ਆਸਟ੍ਰੇਲੀਅਨ ਲੋਕਾਂ ਦੇ ਸੁਸਤ-ਪੁਣੇ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦਾ ਮੰਨਣਾ ਸੀ ਕਿ ਆਸਟ੍ਰੇਲੀਆ ਸਾਲ ਭਰ ਕੁਝ ਨਹੀਂ ਕਰਦਾ ਤੇ ਜਦੋਂ ਅੱਗਾਂ ਲੱਗਣ ਦੀ ਰੁੱਤ ਆ ਜਾਂਦੀ ਹੈ ਫੇਰ ਕੁਰਲਾਉਂਦਾ।

ਇੱਥੇ ਮੈਨੂੰ ਮੋਹੀ ਵਾਲੇ ਬਾਈ ਪਰਮਜੀਤ ਪੰਮੇ ਦੀ ਗੱਲ ਚੇਤੇ ਆ ਰਹੀ ਹੈ। 90 ਦੇ ਦਹਾਕੇ ਦੀ ਗੱਲ ਹੈ ਅਸੀਂ ਬਠਿੰਡੇ ਦੇ ਕੁਝ ਉੱਦਮੀ ਨੌਜਵਾਨਾਂ ਨੇ ਹੇਮਕੁੰਟ ਸਾਹਿਬ ਦੇ ਰਾਹ ‘ਚ ਪੈਂਦੇ ਕਸਬੇ ਚਮੋਲੀ ‘ਚ ਲੰਗਰ ਲਾਉਣਾ ਸ਼ੁਰੂ ਕੀਤਾ। ਦਿਨੇ ਸਾਰਾ ਦਿਨ ਲੰਗਰ ਦੀ ਸੇਵਾ ‘ਚ ਰੁੱਝੇ ਰਹਿਣਾ ਅਤੇ ਜਦੋਂ ਰਾਤ ਨੂੰ ਇਕ ਖੜ੍ਹੇ ਟਰੱਕ ‘ਚ ਸੌ ਜਾਣਾ, ਤਾਂ ਪਹਾੜੀ ਏਰੀਆ ਹੋਣ ਕਾਰਨ ਅੱਧੀ ਕੁ ਰਾਤ ਨੂੰ ਮੀਂਹ ਲਹਿ ਪੈਣਾ। ਫੇਰ ਸਾਰੇ ਏਧਰ-ਓਦਰ ਲੁਕਦੇ ਫਿਰਨਾ ਗਿੱਲੀਆਂ ਰਜਾਈਆਂ ਲੈ ਕੇ। ਫੇਰ ਪੰਮੇ ਬਾਈ ਨੇ ਕਹਿਣਾ ਕੱਲ੍ਹ ਨੂੰ ਆਪਾਂ ਸਭ ਤੋਂ ਪਹਿਲਾਂ ਛੱਤ ਦਾ ਇੰਤਜ਼ਾਮ ਕਰਾਂਗੇ ਤੇ ਨਾਲ ਹੀ ਕੋੜ੍ਹਕਿਰਲੇ ਦੀ ਬਾਤ ਸੁਣਾ ਦੇਣੀ ਕਿ ਕੋੜ੍ਹਕਿਰਲਾ ਹਰ ਰੋਜ਼ ਰਾਤ ਨੂੰ ਕੋੜ੍ਹਕਿਰਲੀ ਨਾਲ ਵਾਅਦਾ ਕਰ ਕੇ ਪੈਂਦਾ ਕਿ ਭਾਗਵਾਨੇ ਕੱਲ੍ਹ ਨੂੰ ਸਭ ਤੋਂ ਪਹਿਲਾਂ ਆਪਾਂ ਖੁੱਡ ਪੱਟਣ ਦਾ ਕੰਮ ਕਰਨਾ। ਪਰ ਸਾਰੀ ਉਮਰ ਇੰਝ ਹੀ ਗੁਜ਼ਾਰ ਲੈਂਦਾ। ਉਹੀ ਹਾਲ ਆਸਟ੍ਰੇਲੀਆ ਦਾ। ਆਸਟ੍ਰੇਲੀਆ ਦੇ ਬਜਟ ‘ਚ ਸੋਸ਼ਲ ਸਿਕਿਉਰਿਟੀ ਦੇ ਨਾਮ ਤੇ ਵਿਹਲਿਆਂ ਨੂੰ ਖੁਆਉਣ ਤੋਂ ਲੈ ਕੇ ਐੱਨ.ਬੀ.ਐੱਨ. ਜਿਹੇ ਚਿੱਟੇ ਹਾਥੀ ਪਤਾ ਨਹੀਂ ਕਿੰਨੇ ਕੁ ਬੰਨ੍ਹ ਰੱਖੇ ਹਨ? ਪਰ ਜਿਹੜੀ ਖੁੱਡ ਪੱਟਣ ਦੀ ਲੋੜ ਹੈ ਉਸ ਬਾਰੇ ਕਦੇ ਕੋਈ ਵਿਚਾਰ ਨਹੀਂ।

ਹਾਸੋ ਹੀਣੀ ਗੱਲ ਇਹ ਹੈ ਕਿ ਅੱਜ ਆਸਟ੍ਰੇਲੀਆ ਬੈਠਾ ਅਮਰੀਕਾ ਤੋਂ ਮਦਦ ‘ਚ ਆ ਰਹੇ ਅੱਗ ਬੁਝਾਉਣ ਵਾਲੇ ਹੈਲੀਕਾਪਟਰ ਉਡੀਕ ਰਿਹਾ ਹੈ।

ਉਪਰੋਕਤ ਸਵਾਲ ਜਦੋਂ ਮੈਂ ਕਿਸੇ ਸਿਆਸੀ ਬੰਦੇ ਨੂੰ ਪਾਏ ਤਾਂ ਉਨ੍ਹਾਂ ਉਹੀ ਦੋਸ਼-ਪਰਦੋਸ਼ ਦਾ ਰਾਜਨੀਤਕ ਬਿਆਨ ਦਿੱਤਾ ਲੇਬਰ ਕਹਿੰਦੀ ਲਿਬਰਲ ਮਾੜੇ, ਲਿਬਰਲ ਕਹਿੰਦੇ ਲੇਬਰ ਮਾੜੀ ਤੇ ਦੋਨੇਂ ਰਲ ਕੇ ਕਹਿੰਦੇ ਗਰੀਨ ਪਾਰਟੀ ਵਾਲੇ ਮਾੜੇ। ਪਰ ਆਮ ਜਨਤਾ ਨੂੰ ਪਤਾ ਹੀ ਹੈ ਕਿ ਤੁਹਾਡੇ ‘ਚੋਂ ਦੁੱਧ ਧੋਤਾ ਕੋਈ ਵੀ ਨਹੀਂ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਜ਼ਮੀਨੀ ਪੱਧਰ ਤੇ ਆਪ ਪੀੜਤਾਂ ਨੂੰ ਮਿਲਣ ਗਏ ਤਾਂ ਮੋਹਰੋਂ ਪੀੜਤ ਪੈ ਗਏ ਕਹਿੰਦੇ ਤੁਹਾਨੂੰ ਸਿਰਫ਼ ਸ਼ਹਿਰਾਂ ਵਾਲੇ ਦਿਸਦੇ ਹਨ, ਤੁਸੀਂ ਸਾਡੀ ਪਿੰਡਾਂ ਵਾਲਿਆਂ ਦੀ ਸਾਰ ਨਹੀਂ ਲੈਂਦੇ। ਜਦੋਂ ਮੈਂ ਗਰੀਨ ਵਾਲੇ ਬਾਈ ਨਵਦੀਪ ਨੂੰ ਪੁੱਛਿਆ ਤਾਂ ਉਹ ਕਹਿੰਦੇ ਅਸੀਂ ਤਾਂ ਕਦੋਂ ਦੇ ਕੁਰਲਾਉਂਦੇ ਹਾਂ ਕੀ ਇਸ ਦਾ ਪੱਕਾ ਹੱਲ ਕੱਢ ਲਵੋ ਪਰ ਸਾਡੀ ਸੁਣਦੇ ਨਹੀਂ। ਉਨ੍ਹਾਂ ਦੀ ਦਲੀਲ ਹੈ ਕਿ ਜਿੰਨੇ ਦਰਖ਼ਤ ਆਸਟ੍ਰੇਲੀਆ ‘ਚ ਕੱਟੇ ਜਾਂਦੇ ਹਨ ਓਨੇ ਕਿਤੇ ਵੀ ਨਹੀਂ, ਜਿਸ ਦਾ ਨਤੀਜਾ ਤੁਸੀਂ ਦੇਖ ਲਵੋ ਮੀਂਹ ਵਾਲੇ ਜੰਗਲਾਂ (ਰੇਨ ਫਾਰੈਸਟ) ‘ਚ ਕਦੇ ਅੱਗਾਂ ਲਗਦੀਆਂ ਨਹੀਂ ਸੁਣੀਆਂ ਸਨ ਪਰ ਆਸਟ੍ਰੇਲੀਆ ‘ਚ ਇਹ ਵੀ ਮੱਚ ਰਹੇ ਹਨ।

ਬਹੁਤ ਕੁਝ ਲਿਖਿਆ ਜਾ ਸਕਦਾ ਹੈ ਇਸ ਵਿਸ਼ੇ ਤੇ ਪਰ ਸਮਾਪਤੀ ਤੋਂ ਪਹਿਲਾਂ ਜੇ ਇਕ ਰਾਹਤ ਅਤੇ ਮਾਣ ਕਰਨ ਵਾਲੀ ਗੱਲ ਲਿਖਾਂ ਤਾਂ ਉਹ ਇਹ ਹੈ ਕਿ ਆਸਟ੍ਰੇਲੀਆ ਦੇ ਹਰ ਛੋਟੇ ਵੱਡੇ ਇਨਸਾਨ ਵੱਲੋਂ ਕੀਤੀਆਂ ਜਾ ਰਹੀਆਂ ਨਿੱਜੀ ਕੋਸ਼ਿਸ਼ਾਂ। ਜਿੱਥੇ ਹਰ ਪਾਸੇ ਅੱਗਾਂ ਲੱਗਣ ਦੀਆਂ ਮਾੜੀਆਂ ਖ਼ਬਰਾਂ ਹਰ ਪਲ ਆ ਰਹੀਆਂ ਹਨ ਉੱਥੇ ਆਸਟ੍ਰੇਲੀਆ ਦਾ ਬੱਚਾ-ਬੱਚਾ ਰਾਹਤ ਕਾਰਜਾਂ ‘ਚ ਕਿਸੇ ਨਾ ਕਿਸੇ ਰੂਪ ‘ਚ ਆਪਣਾ ਯੋਗਦਾਨ ਪਾ ਰਿਹਾ ਹੈ। ਜਾਂਦੇ-ਜਾਂਦੇ ਇਕ ਆਸਟ੍ਰੇਲੀਅਨ ਹੋਣ ਦੇ ਨਾਤੇ ਉਨ੍ਹਾਂ ਦੇਸ਼ ਵਿਦੇਸ਼ ਬੈਠੀਆਂ ਸਾਰੀਆਂ ਰੂਹਾਂ ਦਾ ਧੰਨਵਾਦ ਕਰਨਾ ਆਪਣਾ ਫ਼ਰਜ਼ ਸਮਝਦਾ ਹਾਂ ਜਿਨ੍ਹਾਂ ਨੇ ਅਸਟਰੇਲੀਆ ਦੇ ਇਸ ਮੁਸ਼ਕਿਲ ਵਕਤ ‘ਚ ਕਿਸੇ ਨਾ ਕਿਸੇ ਰੂਪ ‘ਚ ਸਾਥ ਦੇ ਕੇ ਹਾਅ ਦਾ ਨਾਅਰਾ ਮਾਰਿਆ। ਲੇਖ ਦੇ ਅੰਤ ‘ਚ ਸਰਕਾਰੀ ਕੋੜ੍ਹਕਿਰਲੇ ਤੋਂ ਉਮੀਦ ਕਰਦਾ ਹਾਂ ਕਿ ਅਗਲੀ ਬਾਰ ਦੀਆਂ ਕੁਦਰਤੀ ਆਫ਼ਤਾਂ ਆਉਣ ਤੋਂ ਪਹਿਲਾਂ-ਪਹਿਲਾਂ ਉਹ ਆਪਣੀ ਖੁੱਡ ਜ਼ਰੂਰ ਪੁੱਟ ਲਵੇਗਾ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1613
***

mint bar
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Gurshminder Singh
(Mintu Brar)
Editor-in-Cheif: "Punjabi Akhbar" (Punjabi News Paper)
Host & Producer Pendu Australia(Travel Show on Youtube)
Manager: Harman Radio (24/7 online radio from Australia)
Director: "Kookaburra"(Literary Magazine from Australia)
President, "Punjabi Cultural Association" South Australia

ਪਤਾ: Adelaide, Australia.
Whatsapp: (61 - 434 - 289 - 905)
Email: (mintubrar@gmail.com)

ਮਿੰਟੂ ਬਰਾੜ ਅਸਟਰੇਲੀਆ

Gurshminder Singh (Mintu Brar) Editor-in-Cheif: "Punjabi Akhbar" (Punjabi News Paper) Host & Producer Pendu Australia(Travel Show on Youtube) Manager: Harman Radio (24/7 online radio from Australia) Director: "Kookaburra"(Literary Magazine from Australia) President, "Punjabi Cultural Association" South Australia ਪਤਾ: Adelaide, Australia. Whatsapp: (61 - 434 - 289 - 905) Email: (mintubrar@gmail.com)

View all posts by ਮਿੰਟੂ ਬਰਾੜ ਅਸਟਰੇਲੀਆ →