21 April 2024

ਇੱਧਰ ਕਣਕ ਰੁਲਦੀ ਹੈ ਤੇ ਓਧਰ ਬਾਦਾਮ – ਬੀ.ਐਸ. ਢਿੱਲੋਂ ਚੰਡੀਗੜ੍ਹ

ਇੱਧਰ ਕਣਕ ਰੁਲਦੀ ਹੈ ਤੇ ਓਧਰ ਬਾਦਾਮ

ਐਡਵੋਕੇਟ
ਬੀ.ਐਸ. ਢਿੱਲੋਂ ਚੰਡੀਗੜ੍ਹ

ਸਰਦਾਰ ਬਰਿੰਦਰ ਸਿੰਘ ਢਿੱਲੋਂ, ਹਾਈਕੋਰਟ ਦੇ ਐਡਵੋਕੇਟ ਹੋਣ ਦੇ ਨਾਲ ਨਾਲ, ਪੰਜਾਬੀ ਸਾਹਿਤਕ ਜਗਤ ਵਿੱਚ ਵੀ ਇੱਕ ਜਾਣੇ-ਪਹਿਚਾਣੇ ਲੇਖਕ ਹਨ। ਪੰਜਾਬੀ ਟ੍ਰਿਬੀਊਨ ਅਤੇ ਦੇਸ਼ ਸੇਵਕ ਵਿੱਚ ਉਹਨਾਂ ਦੇ ਦੋ ਸੌ ਤੋਂ ਵੀ ਵੱਧ ਲੇਖ ਪ੍ਰਕਾਸਿ਼ਤ ਹੋ ਚੁੱਕੇ ਹਨ। ਉਹਨਾਂ ਦੇ ਦੋ ਨਾਵਲ: (1) ਵਾਵਰੋਲੇ, ਅਤੇ (2) ਬਾਜ਼ ਛੱਪਣ ਉਪਰੰਤ ਬਹੁਤ ਸਲਾਹੇ ਗਏ। 1986 ਤੋਂ ਹੀ ਉਹ ਕੇਂਦਰੀ ਲੇਖਕ ਸਭਾ ਚੰਡੀਗੜ੍ਹ ਦੀਆਂ ਸਾਹਿਤਕ ਅਤੇ ਕਾਨੂੰਨੀ ਗਤਿਵਿੱਧੀਆਂ ਨਾਲ ਜੁੜੇ ਆ ਰਹੇ ਹਨ। ‘ਸਮਾਜ ਦੀ ਭਲਾਈ ਅਤੇ ਸਰਬਤ ਨਾਲ ਨਿਆਂ’ ਢਿੱਲੋਂ ਸਾਹਿਬ ਦੀ ਸੱਧਰ ਹੈ। ‘ਲਿਖਾਰੀ’ ਦੇ ਪਾਠਕਾਂ ਲਈ ਉਹਨਾਂ ਦਾ ਇੱਕ ਹੋਰ ਲੇਖ ਹਾਜ਼ਰ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।—–‘ਲਿਖਾਰੀ’

ਪ੍ਰਧਾਨ ਮੰਤਰੀ ਸ੍ਰੀ ਬਾਜਪਾਈ ਜੀ ਦੇ ਯਤਨਾਂ ਸਦਕਾ ਭਾਰਤ ਅਤੇ ਪਾਕਿਸਤਾਂਨ ਵਿਚਕਾਰ ਸਬੰਧ ਸੁਧਰਣ ਲੱਗੇ ਹਨ ਤਾਂ ਹਰ ਹਫਤੇ ਹੀ ਵੱਖੋ ਵੱਖਰੇ ਖੇਤਰਾਂ ਨਾਲ ਸਬੰਧਤ ਡੈਲੀਗੇਸ਼ਨ ਵਾਅਗਾ ਬਾਰਡਰ ਲੰਘਣ ਲੱਗੇ । ਸਮਝੌਤਾ ਐਕਸਪ੍ਰੈਸ ਅਤੇ ਦਿੱਲੀ ਲਾਹੌਰ ਬੱਸ ਸੇਵਾ ਫਿਰ ਤੋਂ ਸ਼ੁਰੂੂ ਹੋ ਗਈਆਂ । ਸਰਹੱਦ ਤੇ ਠਾਹ- ਠਾਹ ਬੰਦ ਹੋ ਗਈ ।ਭਾਰਤ ਦੀ ਤਰਾਂ ਹੀ ਪਾਕਿਸਤਾਂਨ ਵੀ ਦਹਿਸ਼ਤਗਰਦਾਂ ਨਾਲ ਸਿੱਝਣ ਲੱਗਾ ਹੈ। ਅਲਕਾਇਦਾ ਨੇ ਜਰਨਲ ਮੁਸ਼ੱਰਫ ਸਾਹਿਬ ਨੂੰ ਵੀ ਧਮਕੀ ਦੇ ਦਿੱਤੀ ਹੈ।

ਪਿਛਲੇ ਸਾਲ 29 ਸਤੰਬਰ ਨੂੰ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕੌਮਾਂਤਰੀ ਕਾਨੂੰਨੀ ਕਾਨਫਰੰਸ ਕਰਵਾਈ ਸੀ, ਜਿਸ ਦੀ ਪ੍ਰਧਾਨਗੀ ਡਾ: ਕਲਾਮ ਰਾਸ਼ਟਰਪਤੀ ਜੀ ਨੇ ਕੀਤੀ ਸੀ । ਉਸ ਸਮੇਂ ਬੰਗਲਾਦੇਸ਼, ਭੂਟਾਨ, ਨੇਪਾਲ,ਬੰਗਲਾਦੇਸ਼,ਸ੍ਰੀ ਲੰਕਾ ਅਤੇ ਪਾਕਿਸਤਾਂਨ ਤੋ ਡੈਲੀਗੇਟ ਆਏ । ਸੱਭ ਤੋ ਵੱਧ ਵਕੀਲ ਅਤੇ ਜੱਜ ਪਾਕਿਸਤਾਂਨ ਤੋ ਸਨ । ਇੰਜ ਦਸੰਬਰ ਦੀਆਂ ਛੁੱਟੀਆਂ ਵਿੱਚ ਪੰਜਾਬ ਹਾਈਕੋਰਟ ਦੇ ਵਕੀਲਾਂ ਅਤੇ ਜੱਜਾਂ ਦਾ ਇੱਕ ਡੈਲੀਗੇਸ਼ਨ ਲਾਹੌਰ ਹਾਈਕੋਰਟ ਦੀ ਬਾਰ ਦੇ ਸੱਦੇ ਤੇ ਪਾਕਿਸਤਾਂਨ ਗਿਆ। ਹੁਣ ਫਿਰ ਫਰਵਰੀ ਦੇ ਪਹਿਲੇ ਹਫਤੇ ਵੀਹ ਕੁ ਵਕੀਲਾਂ ਦਾ ਇੱਕ ਛੋਟਾ ਜਿਹਾ ਜਥਾ ਪਾਕਿਸਤਾਨੋ ਆਇਆ । ਇਸ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਦੋਹਾਂ ਪੰਜਾਬਾਂ ਦੀਆਂ ਹਾਈਕੋਰਟਾਂ ਦੀਆਂ ਬਾਰਾਂ ਦੀ ਸਾਂਝ ਗੂਹੜੀ ਹੋ ਗਈ(ਕਦੀ ਇੱਕੋ ਬਾਰ ਹੋਇਆ ਕਰਦੀ ਸੀ) । ਪਾੀਕਸਤਾਂਨ ਤੋ ਆਏ ਇਸ ਡੈਲੀਗੇਸ਼ਨ ਦਾ ਹਾਈਕੋਰਟ ਦੇ ਬਾਰ ਰੂਮ ਵਿੱਚ ਸਵਾਗਤ ਕਰਦਿਆਂ ਬਜੁਰਗ ਵਕੀਲਾਂ ਨੇ ਸੰਕੇਪ ਜਿਹੇ ਭਾਸ਼ਨ ਕਰਦਿਆਂ ਉਨ੍ਹਾ ਨੂੰ ਜੀE ਆਇਆਂ ਕਹਿੰਦਿਆਂ ਪਾਕਿਸਤਾਨ ਵਿੱਚ ਰਹਿ ਗਏ ਆਪਣੇ ਪਿੰਡਾਂ ਨੂੰ ਯਾਦ ਕੀਤਾ । ਮਾਹੌਲ ਭਾਵਕ ਹੋ ਗਿਆ । ਸਾਂਝੀ ਸੁਰ ਇੱਕੋ ਸੀ ਕਿ ਕੌਮਾਂਤਰੀ ਸਾਜਿਸ਼ਾਂ ਕਾਰਨ ਦੋ ਭਰਾ ਅੱਧੀ ਸਦੀ ਤੋ ਵੱਧ ਸਮਾਂ ਲੜ ਲੜ ਮਰਦੇ ਰਹੇ ।ਇੱਕ ਬੁਲਾਰੇ ਨੇ ਬਾਰਡਰ ਫਿਲਮ ਦੇ ਗੀਤ ਦੇ ਬੋ਼ਲ(ਮੇਰੇ ਦੁਸ਼ਮਨ,ਮੇਰੇਭਾਈ,ਮੇਰੇ ਹਮਸਾਏ) ਨਾਲ ਵੀ ਸੰਬੋਧਤ ਕੀਤਾ। ਇੱਕ ਦੋ ਨੇ ਵਿਅੰਗ ਵੀ ਕਸਿਆ ਕਿ ਆਪਣੇ ਹਿੱਤਾਂ ਲਈ ਲੜੌਣ ਵਾਲੇ ਵੀ ਅੰਗਰੇਜ (ਇਗਲੈਡ) ਸਨ ਤੇ ਹੁਣ ਮਿਲਾਉਣ ਵਾਲੇ ਵੀ ਅੰਗਰੇਜ (ਅਮਰੀਕਾ) ਹੀ ਹਨ ।

ਦੁਪਹਿਰ ਸਮੇ ਦੇ ਇਸ ਸਵਾਗਤੀ ਸਮਾਰੋਹ ਪਿੱਛੋ ਆਏ ਡੈਲੀਗੇਸ਼ਨ ਨੂੰ ਚੰਡੀਗੜ੍ਹ ਦੇ ‘ਚੰਡੀਗੜ੍ਹ ਕਲੱਬ’ ਵਿੱਚ ਲੰਚ ਕਰਵਾਇਆ ਗਿਆ । ਸਾਡੇ ਵਾਲੇ ਪਾਸਿੳਂੁ ਉਸ ਸਮੇ ਅਸੀਂ ਪੰਜ ਛੇ ਜਣੇ ਹੀ ਸੀ । ਇੱਥੇ ਹੀ ਇਹ ਲੇਖ ਬਣਿਆ ਹੈ।ਡੈਲੀਗੇਸ਼ਨ ਵਿੱਚ ਇਕ ਵਕੀਲ ਸਾਹਿਬਾ ਮਿੱਸ ਸਮਾ੍ਹ ਖਾਨ ਵੀ ਸੀ । ਤੇ ਕੁਦਰਤੀ ਉਹਨੂੰ ਵੀ ਵਕਾਲਤ ਦੇ ਪੇਸ਼ੇ ਤੋ ਇਲਾਵਾ ਲੇਖਕਾ ਹੋਣ ਦੀ ਵੀ ‘ਬਿਮਾਰੀ’ ਸੀ।ਬਿਮਾਰੀ ਤੋਂ ਮੈਨੂੰ ਯਾਦ ਆਇਆ ਕਿ ਅਕਸਰ ਮੇਰਾਂ ਭਾਈਚਾਰਾ ਅਜਿਹੇ ਮੌਕਿਆਂ ਤੇ ‘ਇਹ ਲੇਖਕ ਵੀ ਹੈ’ ਕਹਿ ਕਿ ਮੇਰੀ ਜਾਣ ਪਹਿਚਾਣ ਕਰਾਉਂਦੇ ਹਨ । ਮੈਨੂੰ ਸਮਝ ਨਹੀਂ ਆਉ਼ਦੀ ਕਿ ਉਹ ਮੇਰੀ ਸਿਫਤ ਕਰ ਰਹੇ ਹੁੰਦੇ ਹਨ ਜਾਂ ਮੈਨੂੰ ਨਿਕੰਮਾਂ ਕਹਿ ਰਹੇ ਹੁੰਦੇ ਹਨ, ਜਿਹੜਾ ਖਾਹਮਖਾਹ ਹੀ ਭਾਰਤ ਵਰਗੇ ਦੇਸ਼ ਵਿੱਚ ਲੋਕਾਂ ਦੀ ਚਿੰਤਾ ਕਰਨ ਦੀ ਬਿਮਾਰੀ ਸਹੇੜੀ ਫਿਰਦਾ ਹੈ,ਕਿਉਂਕਿ ਪੰਜਾਬੀ ਲੋਕ ਲਿਖਣ ਪੜ੍ਹਣ ਨੂੰ ਫਜੂਲ ਦਾ ਕੰਮ ਹੀ ਸਮਝਦੇ ਹਨ,ਤੇ ਪੰਜਾਬੀ ‘ਚ ਲਿਖਣਾ ਹੈ ਵੀ ਮੁਫਤ ਦਾ ਹੀ ਕੰਮ ।

ਖੈਰ ਮੇਰਾ ਨਾਮ ਸੁਣਦਿਆਂ ਹੀ ਉਹ ਬੋਲੀ ਕਿ ਉਹਨੇ ਇਹ ਨਾਂਮ ਸੁਣਿਆ ਹੈ। ਮਿੱਸ ਖਾਨ ਨੇ ਮੈਨੂੰ ਦੱਸਿਆ ਕਿ ਉਹ ਸਾਹਿਰ ਲੁਧਿਆਣਵੀਂ ਬਾਰੇ ਇੱਕ ਕਿਤਾਬ ਲਿਖ ਰਹੀ ਹੈ। ੳੇਹ ਦੱਸਣ ਲੱਗੀ ਕਿ ‘ਸਾਹਿਰ ਦੋਨਾਂ ਪੰਜਾਬਾਂ ਦਾ ਮਾਣ ਹੈ। ਉਸਨੂੰ ਭਾਰਤ ਸਰਕਾਰ ਨੇ ਪਦਮ ਸਿਰੀ ਅਵਾਰਡ ਦਿੱਤਾ ਸੀ। ਸਾਹਿਰ ਸ਼ਬਦਾਂ ਦਾ ਜਾਦੂਗਰ ਸੀ। ਉਹਦੇ ਲਿਖੇ ਫਿਲਮੀਂ ਗੀਤ ਦੋਵਾਂ ਦੇਸ਼ਾਂ ਦੀਆਂ ਤਿੰਨੋ ਪੀਹੜੀਆ ਗਾਉਂਦੀਆਂ ਹਨ’। ਮੈਂ ਉਹਦੀ ਜਾਣਕਾਰੀ ਲਈ ਉਹਨੂੰ ਦੱਸਿਆ ਕਿ, ‘ਸਾਹਿਰ ਨੇ ਲੁਧਿਆਣਾ ਦੇ ਖਾਲਸਾ ਕਾਲਿਜ ਤੋਂ ਦਸਵੀਂ ਪਾਸ ਕੀਤੀ ਸੀ। ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਉਹਦੇ ਨਾਮ ਤੇ “ਸਾਹਿਰ ਫਲਾਵਰ” ਨਾਮ ਨਾਲ ਇੱਕ ਫੁੇੱਲ ਦੀ ਕਿਸਮ ਤਿਆਰ ਕੀਤੀ ਹੈ। ਕਾਲਿਜ ਸਮੇਂ ਹੀ ਲਿਖੀ ਆਪਣੀ ਨਜ਼ਮ “ਤਾਜ਼” (ਇੱਕ ਬਾਦਸ਼ਾਹ ਨੇ ਬਣਾਕੇ ਤਾਜ ਹਮ ਗਰੀਬੋਂ ਕੀ ਮੁਹੱਬਤ ਕਾ ੳੱਡਾਇਆ ਹੈ ਮਜ਼ਾਕ)ਨਾਲ ਉਹ ਰਾਤੋ ਰਾਤ ਮਸ਼ਹੂਰ ਹੋ ਗਿਆ ਸੀ। ਉਹ ਪ੍ਰਗਤੀਸ਼ੀਲ ਲਹਿਰ ਨਾਲ ਜੁੜਿਆ ਹੋਇਆ ਰੋਮਾਂਟਿਕ ਤੇ ਇਨਕਲਾਬੀ ਕਵੀ ਸੀ। ਉਸਦੀਆਂ ‘ਤਲਖੀਆਂ’ ਤੇ ‘ਪ੍ਰਛ਼ਾਈਆਂ’ ਦੋ ਪੁਸਤਕਾਂ ਬਹੁਤ ਮਸ਼ਹੂਰ ਹੋਈਆਂ ਸਨ। ਉਹਦੀ ਤਾਜ ਬਾਰੇ ਲਿਖੀ ਨਜ਼ਮ ਦੀ ਤਰ੍ਹਾਂ ਹੀ ਸਿ਼ਵ ਬਟਾਲਵੀ ਨੇ ‘ਲੂਣਾ’ ਵਿਰੋਧੀ ਪੱਖੋ਼ ਸੋਚਕੇ ਨਵੇਂ ਨਜਰੀਏ ਨਾਲ ਲਿਖੀ ਸੀ ਤੇ ਉੰਸ ਵਾਂਗ ਹੀ ਮਸ਼ਹੂਰੀ ਲੁੱਟ ਲਈ ਸੀ।ਮੈਂ ਬਲਵੰਤ ਗਾਰਗੀ ਦੇ ਸਾਹਿਰ ਬਾਰੇ ਇੱਕ ਲਿਖੇ ਇੱਕ ਰੇਖਾਚਿੱਤਰ ਵਿੱਚ ਪੜ੍ਹਿਆ ਸੀ ਕਿ ਇੱਕ ਸ਼ਾਮ ਜਦੋਂ ਅੰਮ੍ਰਿਤਾ ਪ੍ਰੀਤਮ ਸਾਹਿਰ ਕੋਲੋਂ ਉੱਠ ਕਿ ਚਲੀ ਗਈ ਤਾਂ ਪਿੱਛੋਂ ਸਾਹਿਰ ਇਕੱਲਾ ਹੀ ਦੋਵਾਂ ਦੇ ਗਲਾਸਾਂ ਵਿੱਚ ਵ੍ਹਿਸਕੀ ਪੀਂਦਾ ਰਿਹਾ ਸੀ। ਉਸ ਸਮੇਂ ਉਸ ਨੇ ਬੇਹੱਦ ਮਕਬੂਲ ਫਿਲਮੀਂ ਗੀਤ ਲਿਖਿਆ ਸੀ,”ਮੇਰੇ ਸਾਥੀ ਖਾਲੀ ਜ਼ਾਂਮ,ਤੁਮ ਆਬਾਦ ਘਰੋਂ ਕੇ ਬਾਸੀ ਹਮ ਠਹਿਰੇ ਗੁੰਮਨਾਮ”।

ਸਾਡੀਆਂ ਗੱਲਾਂ ਵਿੱਚ ਦੋ ਤਿੰਨ ਹੋਰ ਵੀ ਸ਼ਾਂਮਲ ਹੋ ਗਏ। ਉਸ ਸਮੇਂ ਪੰਜਾਬ ਦੀ ਭੂਗੋਲਕ ਪਰੀਭਾਸ਼ਾ ਹੀ ਬਦਲ ਗਈ।ਝਨਾਂ ਤੋਂ ਲੈ ਕੇ ਮਾਰਕੰਡਾ ਦਰਿਆ ਤੱਕ ਸਾਰਾ ਇਲਾਕਾ ਹੀ ਪੰਜਾਬ ਬਣ ਗਿਆ। ਕਿਉਂਕੇ ਦਸਵੀਂ ਸਦੀ ਦੇ ਮਹਿਮੂਦ ਗਜਨਵੀ ਦੇ ਦਰ੍ਹਾ ਖੈਬਰ ਤੋਂ ਸ਼ੁਰੂ ਹੋਏ ਹਮਲੇ ਦਿੱਲੀ ਲੁੱਟਣ ਲਈ ਹੁੰਦੇ ਸਨ। ਹਜਾਰਾਂ ਸਾਲ ਇਹ ਇਲਾਕਾ ਧਾੜਵੀਆਂ ਦੇ ਘੋੜਿਆਂ ਦੀਆਂ ਟਾਪਾਂ ਥੱਲੇ ਰੋਲਿਆ ਜਾਂਦਾ ਰਿਹਾ। ਔਰਤਾਂ,ਬੱਚਿਆਂ,ਬੁੱਢਿਆਂ ਸਮੇਤ ਆਦਮੀਆਂ ਦਾ ਕਤਲੇਆਂਮ ਹੰਦਾ ਰਿਹਾ। ਪੰਜਾਬੀ ਔਰਤਾਂ ਗਜ਼ਨੀ ਦੇ ਬਜਾਰਾਂ ‘ਚ ਨਿਲਾਂਮ ਹੁੰਦੀਆਂ ਰਹੀਆਂ। ਬਹੁਤਾ ਸੇਕ ਭਾਰਤ ਦੇ ਇਸ ਹਿੱਸੇ ਨੂੰ ਹੀ ਲੱਗਿਆ।ਦੱਖਣ ਵੱਲ ਕੋਈ ਗਿਆ ਹੀ ਨਹੀਂ। ਉੱਧਰ ਲੋਕੀ਼ ਮੰਦਰਾਂ ਤੇ ਨੰਗੀਆਂ ਮੂਰਤੀਆਂ ਬਣਾਉਂਦੇ ਨੱਚਦੇ ਰਹੇ ਸਨ। ਅੰਬਾਲੇ ਦੇ ਇੱਕ ਵਕੀਲ ਨੇ ਇੱਕ ਘਸਿਆ ਪਿੱਟਿਆ ਚੱਟਕਲਾ ਸੁਣਾਦਿਆਂ ਦਾਅਵਾ ਕੀਤਾ ਕਿ ਹਨੂਮਾਨ ਵੀ ਪੰਜਾਬੀ ਸੀ। ਕਿਉਂਕੇ ਦੱਖਣ ਵਾਲੇ ਤਾਂ ਲੜਦੇ ਹੀ ਨਹੀਂ ਸਨ। ਸ੍ਰੀ ਰਾਮਚੰਦਰ ਜੀ ਦੀ ਮੱਦਤ ਤੇ ਐਡੀ ਦੂਰ ਲੜਨ ਲਈ ਕੋਈ ਪੰਜਾਬੀ ਸ਼ੇਰ ਹੀ ਜਾ ਸਕਦਾ ਸੀ।ਜਿਵੇਂ ਪੰਜਾਬੀ, ਦੋ ਸੰਸਾਰ ਜੰਗਾਂ ’ਚ ਜਪਾਨ,ਯੂਰਪ ਤੇ ਅਫਰੀਕਾ ’ਚ ਜਾਕੇ ਲੜੇ ਸਨ। ਉਂਜ ਵੀ ਜਿਵੇਂ ਕਈ ਲੋਕੀਂ ਆਪਣੇ ਨਾਮ ਦਾ ਵਿਚਕਾਰਲਾ ਨਾਂ ਛੱਡਕੇ ਆਖਰੀ ਗੋਤ ਜਾਂ ਤਖੱਲਸ ਹੀ ਲਿਖਦੇ ਹਨ,ਮਸਾਲ ਲਈ ਇਕਬਾਲ ਰਾਂਮੂੰਵਾਲੀਆ, ਬਲਦੇਵ ਘੰਧੋਲਾ, ਹਰਭਜਨ ਹਲਵਾਰਵੀ, ਬਲਵੰਤ ਗਾਰਗੀ, ਜਸਬੀਰ ਭੁੱਲਰ,ਸੁਖਬੀਰ ਬਾਦਲ ਆਦਿ; ਇੰਜ ਹੀ ਹਨੂੰ ਸਿੰਘ ਦਾ ਮਾਨ ਗੋਤ ਸੀ ਤੇ ਸਾਰੇ ਉਹਨੂੰ ਹਨੂੰਮਾਨ ਕਹਿਣ ਲੱਗ ਪਏ।

ਲੰਚ ਤੋਂ ਪਹਿਲਾਂ ਖਾਣ ਪੀਣ ਦਾ ਦੌਰ ਚੱਲਦਾ ਰਿਹਾ। ਗੱਲਬਾਤ ਭਾਰਤ ਪਾਕਿਸਤਾਂਨ ਦੀ ਵੰਡ ਵੇਲੇ ਦੇ ਹੋਏ ਕਤਲੇਆਂਮ ਤੋਂ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਹੋਈਆਂ ਲੜਾਈਆਂ ਨਾਲ ਹੋਏ ਨੁਕਸਾਨ ਬਾਰੇ ਹੁੰਦੀ ਰਹੀ। ਸਾਰੇ ਖੁਸ਼ ਸਨ ਕਿ ਆਖਰ ਭਾਰਤ ਪਾਕਿਸਤਾਂਨ ਵਿਚਕਾਰ ਦੋਸਤੀ ਹੋਣ ਲੱਗੀ ਹੈ ਤੇ ਇਸ ਤਰ੍ਹਾਂ ਇਹਦਾ ਬਹੁਤਾ ਲਾਭ ਵੀ ਦੋਵਾਂ ਪੰਜਾਬਾਂ ਨੂੰ ਹੀ ਹੋਵੇਗਾ। ਕਿਸੇ ਵੀ ਕੌਮ ਅਥਵਾ ਦੇਸ਼ ਦੀ ਤਰੱਕੀ ਦੋ ਗੱਲਾਂ ਤੇ ਨਿਰਭਰ ਕਰਦੀ ਹੈ, ਪਹਿਲੀ ਸਿੱਖਿਆ ਤੇ ਦੂਜੀ ਆਰਥਿਕਤਾ । ਪਰ ਇਹਨੂੰ ਸਿੱਖ ਕੌਮ ਦੀ ਬਦਕਿਸਮਤੀ ਹੀ ਕਹਾਂਗੇ ਕਿ ਇਹਦੇ ਲੀਡਰ ਦੋਵਾਂ ਪੱਖਾਂ ਤੋਂ ਹੀ ਅਵੇਸਲੇ/ਅਨਾੜੀ ਰਹੇ ਹਨ। ਜਦੋਂ ਵੀ ਕਦੀ ਕੋਈ ਪਾਕਿਸਤਾਂਨੀ ਲੀਡਰ ਭਾਰਤ ਆਇਆ ਜਾਂ ਇੱਧਰੋਂ ਗੁਰਦਵਾਰਿਆਂ ਦੇ ਦਰਸ਼ਨਾਂ ਲਈ ਗਏ ਜਥਿਆਂੇ ਦੇ ਲੀਡਰਾਂ ਨੂੰ ਜਰਨਲ ਜਿਆ ੳੱਲ ਹੱਕ ਤੇ ਜਰਨਲ ਮੁਸ਼ੱਰਫ ਹੋਰੀਂ ਮਿਲਦੇ ਰਹੇ ਨੇ ਤਾਂ ਸਿੱਖ ਲੀਡਰ ਸਿਰਫ ਗੁਰਦਵਾਰਿਆਂ ਦੀ ਹੀ ਸਾਂਭ ਸੰਭਾਲ ਤੇ ਹੋਰ ਦਰਸ਼ਨ ਦਿਦਾਰ ਕਰਨ ਦੀ ਹੀ ਮੰਗ ਕਰਦੇ ਰਹੇ ਹਨ। ਜਦੋਂ ਕਿ ਇੱਧਰ ਹੀ ਹਰ ਦਸ ਮੀਲ ਤੇ ਗੁਰਦਵਾਰਾ ਸਾਹਿਬ ਹੈਨ,ਹਰ ਜਾਤ ਦੇ ਆਪੋੇ ਆਪਣੇ ਤੇ ਇੱਕ ਪਿੰਡ ਵਿੱਚ ਚਾਰ ਚਾਰ ਗੁਰਦਵਾਰੇ ਹਨ ਪਰ ਦਰਸ਼ਨ ਦਸ ਫੀ ਸਦੀ ਲੋਕ ਵੀ ਨਹੀ਼ ਕਰਦੇ।ਨੱਬੇ ਫੀ ਸਦੀ ਨੂੰ ਤਾਂ ਰੋਟੀ ਰੋਜੀ ਦੇ ਚੱਕਰਾਂ ‘ਚੋਂ ਹੀ ਵਿਹਲ ਨਹੀਂ ਮਿਲਦੀ। ਸੂਬੇ ਦੀ ਆਰਥਿਕਤਾ ਲੜਖੜਾ ਗਈ ਹੈ।ਧਾਰਮਿਕ ਸਥਾਨਾ ਦੇ ਦਰਸ਼ਨ ਮਨੁੱਖ ਦੀ ਅਧਿਆਤਮਿਕ ਲੋੜ ਪੂਰੀ ਕਰਦੇ ਹਨ,ਪਰ ਢਿੱਡ ਭਰਣ ਤੇ ਆਰਥਿਕ ਤਰੱਕੀ ਲਈ ਪੈਸੇ ਦੀ ਲੋੜ ਪੈਂਦੀ ਹੈ ਤੇ ਪੈਸਾ ਖੇਤੀ,ਮਜਦੂਰੀ,ਦੁਕਾਨਦਾਰੀ,ਨੌਕਰੀ ਤੇ ਵਪਾਰ ਵਿੱਚੋਂ ਆਉਂਦਾ ਹੈ।ਧੰਨੇ ਭਗਤ ਜਿਸਦੀ ਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਹੈ ਨੇ ਭੁੱਖ ਤੋਂ ਅੱਕ ਕੇ ਰੱਬ ਨੂੰ ਵੀ ਕਹਿ ਦਿੱਤਾ ਸੀ ‘ਆਹ ਲੈ ਮਾਲਾ ਸਾਂਭ ਅਪਣੀ ਸਾਥੋਂ ਭੁਖਿਆਂ ਤੋਂ ਭਗਤੀ ਨਾ ਹੋਵੇ’।ਸੋ ਇਸ ਵੇਲੇ ਪੰਜਾਬ ਦੀ ਮੱਢਲੀ ਲੋੜ ਆਰਥਿਕ ਤਰੱਕੀ ਦੀ ਹੈ।ਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਹੁਣ ਵਾਅਗਾ ਬਾਰਡਰ ਤੇ ਕਿਸਾਨਾਂ ਨੇ ਮੁਜਾਹਰਾ ਕਰਕੇ ਮੰਗ ਕੀਤੀ ਹੈ ਕਿ ਉਹਨਾ ਨੂੰ ਪਾਕਿਸਤਾਨ ਵਿੱਚ ਕਣਕ ਵੇਚਣ ਦੀ ਆਗਿਆ ਦਿੱਤੀ ਜਾਵੇ। ਪਿਛਲੇ ਦਿਨੀਂ ਪੰਜਾਬੀ ਲੇਖਕ ਕਾਨਫਰੰਸ ਤੇ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਪਾਕਿਸਤਾਂਨ ਗਏ ਸਨ ਤਾਂ ਦੋਵਾਂ ਪੰਜਾਬਾਂ ਦੇ ਮੱਖ ਮੰਤਰੀਆਂ ਨੇ ਸਾਂਝੇ ਵਪਾਰ ਦੀ ਮੰਗ ਕੀਤੀ ਸੀ।ਇੱਧਰ ਮੂੰਗਫਲੀ ਰੁਲਦੀ ਹੈ ਤੇ ੳੱੁਧਰ ਬਾਦਾਮ,ਪਾਕਿਸਤਾਂਨ ਵਿੱਚ ਦੋਵਾਂ ਦੀਆਂ ਕੀਮਤਾਂ ਬਰਾਬਰ ਹਨ। ਸਾਡੀ ਕਣਕ ਗੁਦਾਮਾਂ ਵਿੱਚ ਸੜ ਰਹੀ ਹੈ ਉੱਧਰ ਗਿਆਰਾਂ ਸੌ ਨੂੰ ਕੁਇੰਟਲ ਹੈ।ਸਾਡੀ ਚੀਨੀ ਨੂੰ ਕੇਂਦਰ ਚੁੱਕ ਨਹੀਂ ਰਿਹਾ ਪਾਕਿਸਤਾਂਨ ਬਾਹਰੋਂ ਮੰਗਵਾਉਂਦਾ ਹੈ। ਸਾਡੇ ਕਿਸਾਨ ਦੋ ਦੋ ਸਾਲ ਦੇ ਗੰਨੇ ਦੇ ਬਕਾਏ ਲਈ ਧਰਨੇ ਦੇ ਰਹੇ ਹਨ। ਬਾਰਡਰ ਖੁੱਲ੍ਹਣ ਨਾਲ ਜੱਟ ਇਰਾਕ ਤੱਕ ਕਣਕ ਦੀਆਂ ਟਰਾਲੀਆਂ ਲੈ ਜਾਣਗੇ।ਪੰਜਾਬ ਦੀ ਖੁਸ਼ਹਾਲੀ ਲਈ ਵਪਾਰ ਲਈ ਬਾਰਡਰ ਖੋਲ੍ਹਣਾ ਸ਼ੁਭ ਸ਼ਗਨ ਤੇ ਸਮੇਂ ਦੀ ਲੋੜ ਹੈ।

ਕਭੀ ਗੈਰੋਂ ਪੇ ਭੀ ਅਪਨੋ ਕਾ ਗੁਮਾਂ ਹੋਤਾ ਹੈ,
ਕਭੀ ਅਪਂਨੇ ਭੀ ਨਜਰ ਆਤੇ ਹੈਂ ਬੇਗਾਨੇ ਸੇ।

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2005)
(ਦੂਜੀ ਵਾਰ 16 ਸਤੰਬਰ 2021)

***
367
***

About the author

ਬੀ.ਐਸ.ਢਿੱਲੋਂ, ਐਡਵੋਕੇਟ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

146, ਐਡਵੋਕੇਟ ਸੋਸਾਇਟੀ, ਸੈਕਟਰ 49–ਏ.
ਚੰਡੀਗੜ੍ਹ – 160047
ਫੋਨ: 0172–631684

ਬੀ.ਐਸ.ਢਿੱਲੋਂ, ਐਡਵੋਕੇਟ

146, ਐਡਵੋਕੇਟ ਸੋਸਾਇਟੀ, ਸੈਕਟਰ 49–ਏ. ਚੰਡੀਗੜ੍ਹ – 160047 ਫੋਨ: 0172–631684

View all posts by ਬੀ.ਐਸ.ਢਿੱਲੋਂ, ਐਡਵੋਕੇਟ →