14 July 2025

ਮੈਨੂੰ ਕੀ? — ਮਿੰਟੂ ਬਰਾੜ, ਅਸਟਰੇਲੀਆ

“ਮੈਨੂੰ ਕੀ” ਇਹ ਦੇਖਣ ਨੂੰ ਸਿਰਫ਼ ਦੋ ਸ਼ਬਦ ਲਗਦੇ ਹਨ। ਪਰ ਅਸਲ ‘ਚ ਇਹਨਾਂ ਦੋ ਸ਼ਬਦਾਂ ਵਿਚ ਜਿੰਨੀ ਕੁ ਲਾਪਰਵਾਹੀ ਕੁੱਟ ਕੁੱਟ ਕੇ ਭਰੀ ਹੋਈ ਹੈ, ਉਹ ਇਕ ਘਰ ਤਾਂ ਕਿ ਪੂਰਾ ਮੁਲਕ ਤਬਾਹ ਕਰ ਸਕਦੀ ਹੈ। ਸੋਚਣ ਦੀ ਗਲ ਹੈ ਕਿ ਜੇ “ਮੈਨੂੰ ਕੀ” ਐਨੀ ਖ਼ਤਰਨਾਕ ਚੀਜ਼ ਹੈ ਤਾਂ ਫੇਰ ਕੋਈ ਇਸ ਦਾ ਕੁਝ ਕਰਦਾ ਕਿਉਂ ਨਹੀਂ? ਜੇਕਰ ਇਹੀ ਚਰਚਾ ਕਿਸੇ ਨਾਲ਼ ਕੀਤੀ ਜਾਏ ਕਿ ਇਹ ਦੋ ਸ਼ਬਦ ਦੇਸ਼ ਬਰਬਾਦ ਕਰ ਰਹੇ ਹਨ ਤਾਂ ਮੂਹਰਲੇ ਬੰਦੇ ਦਾ ਇਹੀ ਜਵਾਬ ਹੋਵੇਗਾ ਕਿ ਜਦੋਂ ਸਾਰਿਆਂ ਦਾ ਹੀ ਆਵਾ ਊਤਿਆ ਪਿਆ ਹੈ ਤਾਂ ਕੋਈ ਇਕੱਲਾ ਕੀ ਕਰ ਸਕਦਾ ਹੈ । ਸੋ “ਮੈਨੂੰ ਕੀ” ਜੋ ਹੋਈ ਜਾਂਦਾ, ਹੋਈ ਜਾਵੇ ਸਾਡੀ ਤਾਂ ਬਾਹਲ਼ੀ ਨਿੱਬੜ ਗਈ ਥੋੜ੍ਹੀ ਰਹਿ ਗਈ। ਇਹ ਗੱਲ ਖ਼ਾਸ ਕਰ ਮੇਰੀ ਜਨਮ ਭੂਮੀ ਯਾਨੀ ਕਿ ਹਿੰਦੁਸਤਾਨ ਨੂੰ ਸਹਿਜੇ-ਸਹਿਜੇ ਨਿਗਲ਼ ਰਹੀ ਹੈ। ਸ਼ੁਕਰ ਹੈ ! ਹਾਲੇ ਇਸ ਦਾ ਪ੍ਰਕੋਪ ਮੇਰੀ ਕਰਮ ਭੂਮੀ ਆਸਟ੍ਰੇਲੀਆ ਤੇ ਨਹੀਂ ਪਿਆ।

ਹੁਣ ਤੁਸੀ ਕਹੋਗੇ ਕਿ ਜਦੋਂ ਅਜਿਹਾ ਕੁਝ ਆਸਟ੍ਰੇਲੀਆ ‘ਚ ਹੋ ਹੀ ਨਹੀਂ ਰਿਹਾ ਤਾਂ ਇਥੇ ਇਹ ਰੋਣੇ ਰੋਣ ਦਾ ਕੀ ਫ਼ਾਇਦਾ। ਪਰ ਦੋਸਤੋ ਜਿਵੇਂ-ਜਿਵੇਂ ਸਾਡੇ ਭਾਈਚਾਰੇ ਗਿਣਤੀ ਇਥੇ ਵਧਦੀ ਜਾ ਰਹੀ ਹੈ, ਉਵੇਂ-ਉਵੇਂ ਕੁਝ ਉਣਤਾਈਆਂ ਇਥੇ ਵੀ ਦਿਖਾਈ ਦੇਣ ਲਗ ਪਈਆਂ ਹਨ। ਸੋ ਲੋੜ ਹੈ ਵਕਤ ਤੋਂ ਪਹਿਲਾਂ ਸੁਚੇਤ ਹੋਣ ਦੀ, ਨਹੀਂ ਤਾਂ ਜਿਨ੍ਹਾਂ ਕਾਰਣਾਂ ਕਰਕੇ ਅਸੀਂ ਆਪਣੀ ਜਨਮ ਭੂਮੀ ਛੱਡ ਕੇ ਆਏ ਹਾਂ। ਉਹੀ ਕਾਰਣਾਂ ਵਾਲਾ ਸੱਪ ਇਥੇ ਨਾ ਕਿਤੇ ਫ਼ਨ ਚੁੱਕ ਲਵੇ। ਕਿਸੇ ਜ਼ਮਾਨੇ ‘ਚ ਸੋਨੇ ਦੀ ਚਿੜੀ ਕਹਾਉਣ ਵਾਲਾ ਹਿੰਦੁਸਤਾਨ ਅੱਜ ਇਕ ਮਜ਼ਬੂਤ ਰਾਸ਼ਟਰ ਦੇ ਤੌਰ ‘ਤੇ ਦੁਨੀਆ ਦੇ ਨਕਸ਼ੇ ‘ਤੇ ਉੱਭਰ ਕੇ ਆ ਰਿਹਾ ਹੈ। ਪਰ ਫੇਰ ਵੀ ਅਸੀਂ ਚੰਗੀ ਜ਼ਿੰਦਗੀ ਦੀ ਭਾਲ ‘ਚ ਵਿਦੇਸ਼ਾਂ ਨੂੰ ਭੱਜਦੇ ਹਾਂ। ਜਿਸ ਪਿੱਛੇ ਇਕੋ ਇਕ ਕਾਰਨ “ਮਾੜਾ ਸਿਸਟਮ” ਸਾਹਮਣੇ ਆਉਂਦਾ ਹੈ। ਸਿਸਟਮ ਕੋਈ ਇਕ ਚੀਜ਼ ਦਾ ਨਾਂ ਨਹੀਂ ਹੁੰਦਾ, ਉਸ ਵਿੱਚ ਮੈਂ-ਤੂੰ ਤੋਂ ਲੈ ਕੇ ਹਰ ਇਕ ਸ਼ਾਮਿਲ ਹੁੰਦਾ ਹੈ। ਕਹਿਣ ਦਾ ਮਤਲਬ ਜੇ ਇਕ ਚੀਜ਼ ਵੀ ਸਹੀ ਕੰਮ ਨਾ ਕਰੇ ਤਾਂ ਉਹ ਸਾਰੇ ਸਿਸਟਮ ਨੂੰ ਪ੍ਰਭਾਵਿਤ ਕਰ ਦਿੰਦੀ ਹੈ। ਅੱਜ ਹਿੰਦੁਸਤਾਨ ਦੁਨੀਆਂ ਵਿੱਚ ਚੋਟੀ ਦੇ ਮੁਲਕਾਂ ‘ਚ ਗਿਣਿਆ ਜਾਂਦਾ ਹੈ। ਪਰ ਜ਼ਿੰਦਗੀ ਜਿਉਣ ਲਈ ਇਸ ਦਾ ਨੰਬਰ ੧੩੦ਵੇਂ ਨੰਬਰ ਤੇ ਆਉਂਦਾ ਹੈ । ਕਿਉਂ? ਕਿਉਂਕਿ ਉੱਥੇ ਹਰ ਕਿਸੇ ਦੇ ਅੰਦਰ “ਮੈਨੂੰ ਕੀ” ਘਰ ਕਰੀ ਬੈਠੀ ਹੈ। ਦੋਸਤੋ ਅੱਜ ਦੇ ਇਸ ਪ੍ਰੇਸ਼ਾਨੀਆਂ ਭਰੇ ਜੀਵਨ ‘ਚ ਬੰਦਾ ਬੇਪਰਵਾਹ ਤਾਂ ਹੋਣਾ ਚਾਹੀਦਾ ਹੈ, ਪਰ ਲਾਪਰਵਾਹ ਨਹੀਂ। ਇਕ ਛੋਟੀ ਜਿਹੀ ਲਾਪਰਵਾਹੀ ਬਹੁਤ ਬੜਾ ਨੁਕਸਾਨ ਕਰ ਸਕਦੀ ਹੈ। ਪਰ ਅੱਜ ਤਾਂ ਹਾਲਾਤ ਇਹ ਬਣ ਚੁੱਕੇ ਹਨ ਕਿ ਹਰ ਮੋੜ ਤੇ ਅਸੀਂ ਲਾਪਰਵਾਹੀ ਕਰਦੇ ਹਾਂ। ਜੇ ਅਸੀਂ ਸਿਰਫ਼ ਆਪਣੇ ਆਪ ‘ਚ ਹੀ ਜ਼ੁੰਮੇਵਾਰ ਬਣ ਜਾਈਏ ਤਾਂ ਸਭ ਕੁਝ ਸਹੀ ਹੋ ਜਾਵੇਗਾ। ਹੁਣ ਦੇਖੋ ਅਸੀਂ ਹਰ ਦਿਨ ਇਹੋ ਜਿਹਾ ਕੁਝ ਦੇਖਦੇ ਹਾਂ, ਜਿਸ ਨੂੰ ਅਸੀਂ ਦੇਖਣਾ ਨਹੀ ਚਾਹੁੰਦੇ ਹੁੰਦੇ।

ਪਰ ਅਸੀਂ ਸਿਰਫ਼ ਤੇ ਸਿਰਫ਼ ਸੋਚਦੇ ਹਾਂ, ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ । ਕੁਝ ਅਜਿਹੇ ਵਿਚਾਰ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ ਜੇ ਸਿਰਫ਼ ਅਸੀਂ ਇਹ “ਮੈਨੂੰ ਕੀ” ਛੱਡ ਦੇਈਏ ਤਾਂ ਅਸੀਂ ਇਕ ਨਿਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਲਾਹਨਤ ਸਾਡੇ ਵਿੱਚ ਉਂਝ ਹੀ ਨਹੀਂ ਆ ਗਈ ਬਲਕਿ ਸਾਡੀ ਜਨਮ ਭੂਮੀ ਦੇ ਕਾਨੂੰਨ ਵਿੱਚ ਅਨੇਕਾਂ ਅਜਿਹੀਆਂ ਊਣਤਾਈਆਂ ਹਨ, ਜਿਨ੍ਹਾਂ ਨੇ ਸਾਨੂੰ ਸਮਾਜ ਸੇਵਾ ਵਾਲੇ ਪਾਸਿਓਂ ਅੱਖਾਂ ਮੀਚਣ ਲਈ ਮਜਬੂਰ ਕਰ ਦਿੱਤਾ ਹੈ । ਜਿਵੇਂ ਕਿ ਸੜਕ ਹਾਦਸਿਆਂ ਦੀ ਗੱਲ ਹੀ ਦੇਖ ਲਵੋ। ਇਕ ਮੇਰੀ ਹੱਡ ਬੀਤੀ ਤੁਹਾਨੂੰ ਸਭ ਦੱਸ ਦੇਵੇਗੀ। ੧੯੯੬ ਦੀ ਗੱਲ ਹੈ, ਅਸੀਂ ਕੁਝ ਮਿੱਤਰਾਂ ਨੇ ਰਲ ਕੇ ਇਕ “ਸਹਾਰਾ ਕਲੱਬ” ਨਾਂ ਦੀ ਸੰਸਥਾ ਬਣਾਈ ਜਿਸ ਦਾ ਮੁੱਖ ਉਦੇਸ਼ ਬੇ-ਸਹਾਰਾ ਲੋਕਾਂ ਨੂੰ ਸਹਾਰਾ ਦੇਣਾ ਤੇ ਖ਼ਾਸ ਕਰ ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣਾ ਰੱਖਿਆ ਗਿਆ। ਪਰ ਸਾਡੇ ਨਾਲ “ਸਿਰ ਮੁਨਾਉਂਦੇ ਗੜੇ ਪੈਣ” ਵਾਲੀ ਗੱਲ ਵਾਪਰ ਗਈ। ਹੋਇਆ ਇੰਜ ਕਿ ਅਸੀਂ ਨੇੜੇ-ਤੇੜੇ ਦੇ ਏਰੀਏ ‘ਚ ਆਪਣੇ ਕਲੱਬ ਦੇ ਫ਼ੋਨ ਨੰਬਰ ਲਾ ਦਿੱਤੇ ਕਿ ਜੇ ਕਿਤੇ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਕਾਲ ਕਰੋ ਤੇ ਅਸੀਂ ਉਸੇ ਵਕਤ ਉੱਥੇ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਪਹਿਲੀ ਕਾਲ ਮਿਲੀ ਕਿ ਰੇਲ ਗੱਡੀ ਥੱਲੇ ਕੋਈ ਨੌਜਵਾਨ ਆ ਗਿਆ। ਅਸੀਂ ਮੌਕੇ ਤੇ ਉੱਥੇ ਪਹੁੰਚ ਗਏ। ਬਦਕਿਸਮਤੀ ਨਾਲ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਅਸੀਂ ਉਸ ਦੀ ਪਹਿਚਾਣ ਖਾਤਰ ਉਸ ਦੀ ਜੇਬ ਵਿੱਚੋਂ ਕੁਝ ਕਾਗ਼ਜ਼ ਪੱਤਰ ਕੱਢੇ ਤਾਂ ਸਾਨੂੰ ਉਸ ਮੁੰਡੇ ਦੇ ਘਰ ਬਾਰ ਦਾ ਪਤਾ ਚੱਲ ਗਿਆ। ਇਸ ਦੌਰਾਨ ਅਸੀਂ ਪੁਲਿਸ ਤੇ ਉਸ ਦੇ ਘਰ ਦਿਆਂ ਨੂੰ ਵੀ ਸੁਨੇਹਾ ਘੱਲ ਦਿਤਾ। ਆਪਣੇ ਸੁਭਾਅ ਮੁਤਾਬਿਕ ਪੁਲਿਸ ਕਾਫ਼ੀ ਚਿਰ ਬਾਅਦ ਉੱਥੇ ਪਹੁੰਚੀ। ਇਕ ਹੌਲਦਾਰ ਸਾਹਿਬ ਨੂੰ ਸਾਡੀ ਸਹਾਰਾ ਕਲੱਬ ਦੀ ਇਹ ਮੁਫ਼ਤ ‘ਚ ਸਹਾਇਤਾ ਪਸੰਦ ਨਹੀਂ ਆਈ ਤੇ ਜਨਾਬ ਹੋਰਾਂ ਨੇ ਸਾਡੇ ਤੇ ਹੀ ਪਰਚਾ ਦਰਜ ਕਰ ਦਿਤਾ ਕਿ ਇਸ ਨੌਜਵਾਨ ਨੂੰ ਮਾਰ ਕੇ ਇਸ ਦੀ ਜੇਬ ਵਿੱਚੋਂ ਸਬੂਤ ਖ਼ੁਰਦ-ਬੁਰਦ ਕਰ ਦਿੱਤੇ ਹਨ। ਸਾਨੂੰ ਪੁਲਿਸ ਦੇ ਨਾਲ ਨਾਲ ਘਰ ਦੀਆਂ ਦੀ ਵੀ ਮਾਰ ਚੱਲਣੀ ਪਈ ।

ਘਰ ਦੇ ਕਹਿਣ ਕਿਉਂ ਤੁਸੀ ਮਰਿਆ ਸੱਪ ਗਲ ਪਾ ਲਿਆ। ਪਰ ਅਸੀਂ ਇਸ ਪ੍ਰੀਖਿਆ ਦੀ ਘੜੀ ‘ਚੋਂ ਹੋਰ ਮਜ਼ਬੂਤ ਹੋ ਕੇ ਨਿਕਲੇ, ਕਿਉਂਕਿ ਜਿਸ ਦਿਨ ਕਲੱਬ ਬਣਾਇਆ ਸੀ, ਉਸ ਦਿਨ ਇਕ ਸੌਂਹ ਖਾਧੀ ਸੀ ਕਿ ਅਸੀਂ ਆਹ “ਮੈਨੂੰ ਕੀ” ਨੂੰ ਆਪਣੇ ਨੇੜੇ ਨਹੀਂ ਲੱਗਣ ਦੇਣਾ। ਅੱਜ ਇਸ ਸਹਾਰਾ ਕਲੱਬ ਦਾ ਇਹ ਆਲਮ ਹੈ ਕਿ ਪਿਛਲੇ ਪੰਦਰਾਂ ਵਰ੍ਹਿਆਂ ‘ਚ ਤਕਰੀਬਨ ਦੋ ਹਜ਼ਾਰ ਦੇ ਕਰੀਬ ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਮਦਦ ਦੇ ਨਾਲ ਨਾਲ ਹੋਰ ਅਣਗਿਣਤ ਕੰਮ ਇਸ ਸਹਾਰਾ ਦੇ ਝੰਡੇ ਥੱਲੇ ਅਸੀਂ ਕਰ ਚੁੱਕੇ ਹਾਂ। ਅੰਕੜੇ ਦੱਸਦੇ ਹਨ ਕਿ ਦੁਨੀਆਂ ਭਰ ‘ਚ ਦੇਸ਼ ਭਗਤ ਹੋਣ ਦਾ ਸਭ ਤੋਂ ਵੱਧ ਰੌਲਾ ਭਾਰਤੀ ਪਾਉਂਦੇ ਹਨ। ਪਰ ਸੱਚਾਈ ਇਸ ਦੇ ਬਿਲਕੁਲ ਉਲਟ ਹੈ। ਜੇ ਸਾਡੇ ‘ਚ ਦੇਸ਼ ਭਗਤੀ ਹੁੰਦੀ ਤਾਂ ਅਸੀਂ ਇਸ ਨਾਂ ਦੀ ਸੋਨੇ ਦੀ ਚਿੜੀ ਨੂੰ ਸੱਚਮੁਚ ਦੀ ਬਣਾ ਸਕਦੇ ਸੀ। ਥਾਂ-ਥਾਂ ਗੰਦ ਪਾਉਣ ਤੋਂ ਲੈ ਕੇ ਸਰਕਾਰੀ ਜਾਇਦਾਦਾਂ ਨੂੰ ਤੋੜਨਾ ਭੰਨਣਾ, ਹਰ ਵਕਤ ਕਾਨੂੰਨ ਨਾਲ ਖਲਵਾੜ ਕਰਨਾ, ਟ੍ਰੈਫ਼ਿਕ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣੀਆਂ, ਰਿਸ਼ਵਤ ਦੇਣਾ ਤੇ ਲੈਣਾ, ਹਰ ਥਾਂ ਧੱਕੇ ਸ਼ਾਹੀ, ਜਾਤ-ਪਾਤ, ਅਮੀਰੀ-ਗ਼ਰੀਬੀ, ਟੈਕਸ ਚੋਰੀ, ਭਾਈ ਭਤੀਜਾਵਾਦ ਜਿਹੀਆਂ ਅਣਗਿਣਤ ਬਿਮਾਰੀਆਂ ਨਾਲ ਗ੍ਰਸਤ ਮੇਰੀ ਇਸ ਜਨਮ ਭੂਮੀ ਦਾ ਇਕੱਲੇ ਦੇਸ਼ ਭਗਤੀ ਦੇ ਗੀਤਾਂ ਨਾਲ ਕੁੱਝ ਨਹੀਂ ਸੰਵਰਨਾ। ਜੇ ਸੰਵਾਰਨਾ ਚਾਹੁੰਦੇ ਹੋ ਤਾਂ ਇਹ “ਮੈਨੂੰ ਕੀ” ਤੋਂ ਖਹਿੜਾ ਛਡਾਉਣਾ ਪਵੇਗਾ। ਜਿੱਡੀ ਵੱਡੀ ਇਹ ਸਮੱਸਿਆ ਲਗਦੀ ਹੈ, ਓਡੀ ਹੈ ਨਹੀਂ । ਜੇ ਹਰੇਕ ਇਨਸਾਨ ਬਸ ਇਕ ਨਿਸ਼ਚਾ ਕਰ ਲਵੇ ਕਿ “ਮੈਨੂੰ ਕਿਉਂ ਨਹੀਂ”? ਫੇਰ ਦੇਖੋ ! ਇਕ ਦਿਨ ‘ਚ ਹੀ ਕਿਵੇਂ ਸੁਧਾਰ ਹੁੰਦਾ ਹੈ।ਜੇਕਰ ਆਮ ਇਨਸਾਨ ਸਿਰਫ਼ ਤੇ ਸਿਰਫ਼ ਆਪਣੀ ਬੁੱਧੀ ਨਾਲ ਸੋਚੇ ਤੇ ਧੁਰ ਅੰਦਰੋਂ ਚਾਹੇ ਕਿ ਇਸੇ ਪਲ ਹੀ ਇਨ੍ਹਾਂ ਲਾਪਰਵਾਹੀਆਂ ਤੋਂ ਤੋਬਾ ਕਰਨੀ ਹੈ ਤਾਂ ਇਹ ਸਮੱਸਿਆ ਉਸੇ ਪਲ ‘ਚ ਹੀ ਹੱਲ ਹੋ ਸਕਦੀ ਹੈ। ਪਰ “ਡੁੱਬੀ ਤਾਂ ਜੇ ਸਾਹ ਨਾ ਆਇਆ” ਵਾਲੀ ਗਲ ਹੈ। ਆਮ ਆਦਮੀ ਨੂੰ ਆਪਣੇ ਦਿਮਾਗ਼ ਨਾਲ ਸੋਚਣ ਕਿਹੜਾ ਦਿੰਦਾ ਹੈ? ਵਿਚਾਰਿਆਂ ਦਾ ਕੁਝ ਦਿਮਾਗ਼ ਤਾਂ ਨੇਤਾਵਾਂ ਨੇ ਕੱਢ ਰੱਖਿਆ ਤੇ ਰਹਿੰਦਾ-ਖੂੰਹਦਾ ਬਾਬਿਆਂ ਨੇ ਧੋ ਛੱਡਿਆ। ਆਹ ਤਾਜ਼ਾ ਮਿਸਾਲ ਹੀ ਦੇਖ ਲਵੋ; ਅੰਨਾ ਹਜ਼ਾਰੇ ਨੇ ਜੋ ਭਰਿਸ਼ਟਾਚਾਰ ਦੇ ਖ਼ਿਲਾਫ਼ ਮੁਹਿੰਮ ਵਿੱਢੀ ਸੀ, ਉਸ ਵਿਚ ਫੇਰ ਕੁਝ ਦਮ ਦਿਖ ਰਿਹਾ ਸੀ। ਕਿਉਂਕਿ ਉਸ ਦੀ ਨੀਅਤ ਸਾਫ਼ ਤੇ ਨੀਤੀ ਸਪੱਸ਼ਟ ਸੀ।

ਉਸ ਦੇ ਅਨਸ਼ਨ ਤੋਂ ਲੱਗਿਆ ਸੀ ਕਿ ਉਹ ਦਿਨ ਦੂਰ ਨਹੀਂ ਜਦੋਂ ਅੱਤ ਤੇ ਖ਼ੁਦਾ ਦੇ ਵੈਰ ਵਾਲੀ ਕਹਾਵਤ ਸੱਚ ਸਿੱਧ ਹੋ ਜਾਵੇਗੀ। ਪਰ ਵਿਚਾਰਾ ਅੰਨਾ! ਜਿਸ ਕੋਲ ਸਾਫ਼ ਨੀਅਤ ਤੇ ਸਪੱਸ਼ਟ ਨੀਤੀ ਤੋਂ ਸਿਵਾਏ ਹੋਰ ਕੁਝ ਨਹੀਂ ਸੀ, ਉਹਨਾਂ ਲੋਕਾਂ ਨੂੰ ਹਜ਼ਮ ਨਹੀਂ ਹੋਇਆ, ਜਿਨ੍ਹਾਂ ਕੋਲ ਇਹ ਦੋ ਚੀਜ਼ਾਂ ਤੋਂ ਬਿਨਾਂ ਹੋਰ ਸਭ ਕੁਝ ਹੈ। ਉਹਨਾਂ ਨੂੰ ਇਸ ਭੁੱਖ ਨੰਗ ਨਾਲ ਘੁਲਦੇ ਸਮਾਜ ਸੇਵੀ ਦੀ ਜੈ ਜੈ ਕਾਰ ਚੰਗੀ ਨਹੀਂ ਲੱਗੀ। ਤਾਂ ਹੀ ਰਾਤੋ ਰਾਤ ਗੰਢ ਤੁੱਪ ਕਰ ਕੇ ਅੰਨਾ ਹਜ਼ਾਰੇ ਦੀ ‘ਇਕ ਆਦਰਸ਼ ਹਿੰਦੁਸਤਾਨ ਬਣਾਉਣ’ ਦੀ ਸੋਚ ਨੂੰ ਆਪਣੀ ਬਦਨੀਤੀ ਵਿੱਚ ਢਾਲ ਲਿਆ। ਵਿਰੋਧੀ ਧਿਰਾਂ ਜਦੋਂ ਆਪ ਰਾਜ-ਕਾਜ ‘ਚ ਹੁੰਦੀਆਂ ਉਦੋਂ ਇਹਨਾਂ ਨੂੰ ਕੋਈ ਮਸਲੇ ਨਹੀਂ ਦਿਖਦੇ ਤੇ ਜਦੋਂ ਵਿਰੋਧੀ ਧਿਰ ‘ਚ ਬੈਠਣਾ ਪੈਂਦਾ ਫੇਰ ਗੱਜਦੇ ਨੇ । ਬਸ ਇਸੇ ਦਾ ਨਤੀਜਾ ਵਿਰੋਧੀ ਧਿਰ ਨੇ ਧਰ ਲਈ ਬੰਦੂਕ ਬਾਬੇ ਰਾਮ ਦੇਵ ਦੇ ਮੋਢੇ ਤੇ । ਹੁਣ ਬਾਬੇ ਰਾਮ ਦੇਵ ਦੀ ਸੁਣ ਲਉ, ਜਿਹੜਾ ਦੁਨੀਆਂ ਭਰ ਨੂੰ ਆਪਣੇ ਮਗਰ ਲਾਈ ਬੈਠਾ ਹੈ। ਹਰ ਰੋਜ ਅਹਿੰਸਾ ਦੀ ਦੁਹਾਈ ਦੇਣ ਵਾਲਾ ਬਾਬਾ ਅੱਜ ਆਪਣੀ ਲੜਾਕੂ ਫੌਜ ਬਣਾਉਣ ਦੀ ਤਿਆਰੀ ‘ਚ ਹੈ। ਜਿਹੜਾ ਟੈਲੀਵਿਜ਼ਨ ਤੇ ਬੈਠਾ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਦਿੰਦਾ ਸੀ, ਉਹ ਅੱਜ ਕਹਿ ਰਿਹਾ ਕਿ ਆਪਣੀ ਫੌਜ ‘ਚ ਗਿਆਰਾਂ ਹਜ਼ਾਰ ਲੜਾਕੇ ਭਰਤੀ ਕਰਨੇ ਹਨ। ਹੁਣ ਤੁਸੀ ਦੱਸੋ ਕਿ ਇਹ ਸਭ ਕੁਝ ਬਾਬਾ ਕਰ ਰਿਹਾ ਹੈ? ਨਹੀਂ ਦੋਸਤੋ ਉਸ ਦਾ ਤਾਂ ਇਕੱਲਾ ਮੋਢਾ ਹੈ, ਜਿਸ ਤੇ ਬੰਦੂਕ ਧਰ ਕੇ ਨਿਸ਼ਾਨੇ ਤਾਂ ਕੋਈ ਹੋਰ ਹੀ ਲਾ ਰਿਹਾ। ਬਾਕੀ ਬਾਬੇ ਮਗਰ ਭਾਵੇਂ ਸਾਰੀ ਦੁਨੀਆਂ ਲੱਗੀ ਹੋਵੇ ਤੇ ਭਾਵੇਂ ਬਾਬਾ ਬਹੁਤ ਸਾਰੀਆਂ ਕਲਾਵਾਂ ਵਿੱਚ ਮੁਹਾਰਤ ਰੱਖਦਾ ਹੋਵੇ, ਪਰ ਉਸ ਦਾ ਕੱਦ ਕਦੇ ਵੀ ਅੰਨਾ ਹਜ਼ਾਰੇ ਦੇ ਬਰਾਬਰ ਦਾ ਨਹੀਂ ਹੋ ਸਕਦਾ। ਕਿਉਂਕਿ ਉਸ ਸੰਨਿਆਸੀ ਦੇ ਕੋਲ ਇਕ ਵਪਾਰੀ ਦਾ ਦਿਮਾਗ਼ ਹੈ ਤੇ ਇਹ ਗਲ ਜੱਗ ਜ਼ਾਹਰ ਹੈ ਕਿ ਵਪਾਰੀ ਲਾਲਚ ‘ਚ ਕਦੋਂ ਵੀ ਫਸ ਸਕਦਾ ਹੈ ਤੇ ਇਹ ਹੋ ਵੀ ਚੁੱਕਿਆ ਹੈ। ਦੋਸਤੋ ! ਤੁਸੀ ਕਹੋਗੇ ਕਿ ਮੈਂ ਵਿਸ਼ੇ ਤੋਂ ਭਟਕ ਗਿਆ ਹਾਂ । ਨਹੀਂ ਇਹ ਗਲ ਨਹੀਂ । ਇਹ ਕਾਂਡ ਆਪ ਜੀ ਨਾਲ ਸਾਂਝਾ ਕਰਨ ਦਾ ਇਹੀ ਕਾਰਣ ਹੈ ਕਿ ਸਾਨੂੰ ਆਪਣੇ ਆਪ ਨੂੰ ਸੁਧਾਰਨ ਲਈ ਇਹਨਾਂ ਨੇਤਾਵਾਂ ਤੇ ਬਾਬਿਆਂ ਦੀ ਕਿਉਂ ਲੋੜ ਪੈਂਦੀ ਹੈ ? ਕਿਉਂ!!! ਕਿਉਂਕਿ ਅਸੀਂ ਆਪਣੇ ਦਿਮਾਗ਼ ਤੋਂ ਕੰਮ ਹੀ ਨਹੀਂ ਲੈਂਦੇ ਸੁਧਾਰ ਅਸੀਂ ਆਪਣੇ ਆਪ ‘ਚ ਕਰਨਾ ਹੁੰਦਾ ਤੇ ਸਹਾਰਾ ਚਾਲਬਾਜ਼ ਤੇ ਜਾਲਸਾਜ਼ ਲੋਕਾਂ ਦਾ ਤੱਕਦੇ ਹਾਂ । ਪਤਾ ਨਹੀਂ ਕਿਉਂ ਸਾਨੂੰ ਨਾਹਰੇ ਤੇ ਮੁਜ਼ਾਹਰਿਆਂ ਦਾ ਰਾਹ ਫੜਨਾ ਪੈਂਦਾ? ਸੋਚੋ ਕਦੇ ਕਿਸੇ ਇਹੋ ਜਿਹੇ ਰੋਸ ਪ੍ਰਦਰਸ਼ਨ ਨਾਲ ਕਿਸੇ ਇਕ ਦਾ ਵੀ ਕੁੱਝ ਸੰਵਰਿਆ? ਰਿਸ਼ਵਤ ਲੈਣ ਵਾਲਾ ਮਨਾਂ ਨਹੀਂ ਕਰ ਸਕਦਾ, ਪਰ ਦੇਣ ਵਾਲਾ ਤਾਂ ਕਰ ਸਕਦਾ। ਦੇਣ ਵਾਲਾ ਕੌਣ ਹੈ ? ਆਮ ਇਨਸਾਨ ! ਜੋ ਕਿਸੇ ਚਮਤਕਾਰੀ ਬੰਦੇ ਦੀ ਉਡੀਕ ‘ਚ ਬੈਠਾ ਕਿ ਇਕ ਦਿਨ ਇਹੋ ਜਿਹਾ ਚਮਤਕਾਰੀ ਆਵੇਗਾ ਤੇ ਇਕ ਮਿੰਟ ‘ਚ ਸਭ ਦਰੁਸਤ ਕਰ ਦੇਵੇਗਾ! ਇਹ ਚਮਤਕਾਰ ਕਿਸੇ ਇਕ ਦੇ ਬੱਸ ਦੀ ਗਲ ਨਹੀਂ ਇਹ ਤਾਂ ਹਰ ਇਨਸਾਨ ਨੂੰ ਇਸ ਚੰਦਰੀ ‘ਮੈਨੂੰ ਕੀ’ ਦਾ ਖਹਿੜਾ ਛੱਡਣਾ ਪਉ। ਜਦੋਂ ਆਮ ਇਨਸਾਨ ਚ ਇਹ ਜੁਰਅਤ ਆ ਗਈ ਕਿ ਉਹ ਰਾਣੀ ਨੂੰ ਅੱਗਾ ਢੱਕਣ ਲਈ ਕਹਿ ਸਕੇ । ਉਸ ਦਿਨ ਸਮਝਿਓ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। ਇਸ ਗੱਲ ਤੇ ਇਕ ਵਾਕਿਆ ਯਾਦ ਆ ਗਿਆ ਲਓ ਜੀ ਜਾਂਦੇ-ਜਾਂਦੇ ਇਹ ਵੀ ਸੁਣ ਲਵੋ।ਗਲ ਇਸ ਸਦੀ ਦੇ ਸ਼ੁਰੂ ਦੀ ਹੈ।ਬਾਦਲ ਪਰਵਾਰ ਨਾਲ ਸਾਡੀਆਂ ਦੂਰੋਂ ਨੇੜੇ ਤੋਂ ਕਈ ਰਿਸ਼ਤੇਦਾਰੀਆਂ ਪੈਂਦੀਆਂ ਹਨ।

ਬਾਦਲ ਸਾਹਿਬ ਦੇ ਚਾਚੇ ਜਗਰਾਜ ਸਿੰਘ ਦੇ ਵੱਡੇ ਸਪੁੱਤਰ ਮੇਜਰ ਭੁਪਿੰਦਰ ਸਿੰਘ ਢਿੱਲੋਂ ਦੀ ਬੇਟੀ ਦਾ ਵਿਆਹ ਸੀ ਤੇ ਇਹ ਵਿਆਹ ਕਈ ਦਿਨ ਚੱਲਿਆ । ਹਰ ਰੋਜ ਸ਼ਾਮ ਨੂੰ ਚੰਡੀਗੜ੍ਹ ਕੋਈ ਨਾ ਕੋਈ ਪਾਰਟੀ ਪਰਵਾਰ ਵੱਲੋਂ ਰੱਖੀ ਜਾਂਦੀ । ਮੇਜਰ ਸਾਹਿਬ ਭਾਵੇਂ ਕਾਫ਼ੀ ਲੰਮਾ ਚਿਰ ਮੁੱਖ ਮੰਤਰੀ ਦੇ ਓ.ਐਸ.ਡੀ. ਰਹੇ ਹਨ, ਪਰ ਉਹਨਾਂ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਉਹਨਾਂ ਚ ਸਿਆਸਤੀ ਬੰਦਿਆਂ ਵਾਲੀਆਂ ਚਾਲਾਂ ਦੇਖਣ ਨੂੰ ਨਹੀਂ ਮਿਲਦੀਆਂ। ਉਹਨਾਂ ਸਾਡੀ ਵੀ ਡਿਊਟੀ ਪਾਰਟੀਆਂ ਦੇ ਕੰਮ ਕਾਰ ਦੇਖਣ ਤੇ ਲਾ ਦਿੱਤੀ। ਇਕ ਰਾਤ ਪਾਰਟੀ ਵਿੱਚ ਬਠਿੰਡੇ ਕਿਸੇ ਵੇਲੇ ਐਸ.ਪੀ. ਡੀ ਰਹੇ ਅਧਿਕਾਰੀ ਵੀ ਪੂਰੇ ਪਰਵਾਰ ਸਮੇਤ ਉੱਥੇ ਪਹੁੰਚਿਆ ਹੋਇਆ ਸੀ। ਇਸ ਪਰਵਾਰ ਨਾਲ ਸਾਡੇ ਕਾਫ਼ੀ ਨੇੜੇ ਦੇ ਪਰਵਾਰਕ ਸੰਬੰਧ ਹਨ। ਐਸ.ਪੀ. ਸਾਹਿਬ ਦੀ ਧਰਮ-ਪਤਨੀ ਕਹਿੰਦੇ ਅਜ ਮੈ ਸੁਰਿੰਦਰ ਕੌਰ ਬਾਦਲ ਨੂੰ ਨੇੜੇ ਤੋਂ ਦੇਖਣਾ ਤੇ ਹੋ ਸਕੇ ਤਾਂ ਮਿਲਣਾ ਵੀ ਹੈ। ਪਾਰਟੀ ਵਿੱਚ ਆਮ ਇਨਸਾਨ ਸ਼ਾਇਦ ਅਸੀਂ ਕੁਝ ਕੰਮਕਾਰ ਵਾਲੇ ਹੀ ਹੋਵਾਂਗੇ ਨਹੀਂ ਤਾਂ ਬਾਕੀ ਸਾਰੇ ਵੀ.ਵੀ.ਆਈ.ਪੀ. ਹੀ ਦਿਸਦੇ ਸਨ।

ਪਰ ਮੈਨੂੰ ਹੈਰਾਨੀ ਇਸ ਗਲ ਦੀ ਸੀ ਕਿ ਖਾਣੇ ਤੋਂ ਬਾਅਦ ਆਈਸ ਕਰੀਮ ਵਾਲੇ ਸਟਾਲ ਤੇ ਐਨੀ ਕੁ ਲੰਬੀ ਲਾਈਨ ਲੱਗੀ ਸੀ ਜਿਵੇਂ ਕਿ ਕੁਦਰਤੀ ਆਫ਼ਤ ਦੇ ਸ਼ਿਕਾਰ ਲੋਕਾਂ ਨੂੰ ਕਈ ਦਿਨਾਂ ਬਾਅਦ ਕੁਝ ਖਾਣ ਨੂੰ ਦਿਸਿਆ ਹੋਵੇ। ਬਸ ਫ਼ਰਕ ਇੰਨਾ ਕੁ ਸੀ ਇਸ ਲਾਈਨ ‘ਚ ਪੰਜਾਬ ਦੀ ਅੱਧੀ ਵਜ਼ਾਰਤ ਤੋਂ ਲੈ ਕੇ ਆਈ.ਪੀ.ਐਸ. ਤੇ ਆਈ.ਏ.ਐਸ. ਅਧਿਕਾਰੀ ਖੜ੍ਹੇ ਸੀ। ਬੱਸ ਥੋੜ੍ਹਾ ਜਿਹਾ ਫ਼ਰਕ ਇਹ ਸੀ ਪੜ੍ਹੇ ਲਿਖੇ ਜਾਂ ਫੇਰ ਅਨਪੜ੍ਹ ਪਰ ਪੂਛਾਂ ਲੱਗਿਆਂ ਵਾਲੇ ਹੋਣ ਕਾਰਨ ਇਹ ਲੋਕ ਧੱਕਾ ਮੁੱਕੀ ਆਪੋ ਆਪਣੀ ਪੁੱਛ ਨੂੰ ਧਿਆਨ ‘ਚ ਰੱਖ ਕੇ ਹੀ ਕਰ ਰਹੇ ਸਨ। ਮੈਨੂੰ ਸਾਡੇ ਐਸ.ਪੀ. ਸਾਹਿਬ ਦੀ ਧਰਮ-ਪਤਨੀ ਕਹਿੰਦੇ “ਵੀਰ ਜੀ ! ਆਈਸ ਕਰੀਮ ਖਾਣ ਨੂੰ ਤਾਂ ਮੇਰਾ ਵੀ ਜੀਅ ਕਰ ਰਿਹਾ, ਪਰ ਲਾਈਨ ਦੇਖ ਕੇ ਲੱਗਦਾ ਵਾਰੀ ਹੀ ਨਹੀਂ ਆਉਣੀ।” ਮੈਂ ਕਿਹਾ “ਲਾਈਨ ‘ਚ ਲੱਗਣ ਦਾ ਇਕ ਫ਼ਾਇਦਾ ਹੋ ਜਾਊ ਜੀ ਤੁਹਾਨੂੰ, ਕਿਉਂਕਿ ਬੀਬੀ ਬਾਦਲ ਵੀ ਉੱਥੇ ਜਹੇ ਹੀ ਗੇੜੇ ਕੱਢ ਰਹੇ ਆ, ਨਾਲੇ ਮਿਲ ਲਉ ਤੇ ਨਾਲੇ ਆਈਸ ਕਰੀਮ ਮਿਲ ਜਾਊ।” “ਨਹੀਂ ਵੀਰ ਜੀ ਐਸ.ਪੀ. ਸਾਹਿਬ ਨੂੰ ਚੰਗਾ ਨਹੀਂ ਲੱਗਣਾ, ਇੰਝ ਆਈਸ ਕਰੀਮ ਪਿੱਛੇ ਲਾਈਨ ‘ਚ ਖੜ੍ਹਨਾ।” ਉਹਨਾਂ ਕਿਹਾ ।ਚਲੋ ਜੀ ਮੈਂ ਸਿੱਧਾ ਸਪਲਾਈ ਵਾਲੇ ਥਾਂ ਤੇ ਗਿਆ ਤੇ ਇਕ ਵੇਟਰ ਨੂੰ ਆਈਸ ਕਰੀਮ ਦੁਆ ਕੇ ਨਾਲ ਲੈ ਆਇਆ। ਵੇਟਰ ਪੂਰਾ ਗੁਰ ਸਿੱਖ ਮੁੰਡਾ ਸੀ (ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ) ਇੰਨੇ ਇਕੱਠ ਚੋਂ ਬਚ-ਬਚਾ ਕੇ ਉਹ ਆਈਸ ਕਰੀਮ ਐਸ.ਪੀ. ਸਾਹਿਬ ਦੇ ਪਰਵਾਰ ਤਕ ਲਿਆਉਣ ਚ ਕਾਮਯਾਬ ਹੋ ਗਿਆ। ਹਾਲੇ ਉਹ ਵੇਟਰ ਆਈਸ ਕਰੀਮ ਫੜਾ ਹੀ ਰਿਹਾ ਸੀ ਕਿ ਅਸੀਂ ਹੈਰਾਨ ਜਿਹੇ ਹੋ ਗਏ ਜਦੋਂ ਬੀਬੀ ਬਾਦਲ ਸਾਡੇ ਕੋਲ ਆ ਕੇ ਉਸ ਵੇਟਰ ਵੱਲ ਦੇਖ ਕੇ ਕਹਿੰਦੇ “ਓ ਕਾਕਾ ! ਆਈਸ ਕਰੀਮ ਤਾਂ ਸਟਾਲ ਤੇ ਵੀ ਨਹੀਂ ਮਿਲ ਰਹੀ ਤੂੰ ਇਹ ਕਿਥੋਂ ਲੈ ਆਇਆ!” ਅਸੀਂ ਅਚਨਚੇਤ ਜਿਹੇ ਬੀਬੀ ਨੂੰ ਦੇਖ ਕੇ ਖੜ੍ਹੇ ਹੋ ਗਏ। ਪਰ ਉਹ ਗੁਰਸਿੱਖ ਵੇਟਰ ਦੇ ਪਤਾ ਨਹੀਂ ਕਿਹੜੀ ਗੱਲ ਦਿਲ ਨੂੰ ਲੱਗੀ ਹੋਈ ਸੀ? ਜਦੋਂ ਨੂੰ ਅਸੀਂ ਕੁਝ ਬੋਲਦੇ ਉਹ ਬੜੇ ਸਰਦਾਰ ਭਗਤ ਸਿੰਘ ਵਾਲੇ ਅੰਦਾਜ਼ ‘ਚ ਕਹਿੰਦਾ “ਬੀਬੀ ਜੀ ਤੁਹਾਡਾ ਰਾਜ ਹੈ । ਵੀਹ ਰੁਪਏ ਦਿਓ ਕਿਸੇ ਵੀ ਵੇਟਰ ਨੂੰ, ਜੋ ਕਹੋਗੇ ਉਹੀ ਬੈਠੀਆਂ ਨੂੰ ਟੇਬਲ ਤੇ ਹਾਜ਼ਰ ਕਰ ਦੇਉ।” ਵੇਟਰ ਦਾ ਇਹ ਜਵਾਬ ਸੁਣ ਕੇ ਬੀਬੀ ਇੰਝ ਮਹਿਸੂਸ ਕਰ ਰਹੀ ਸੀ, ਜਿਵੇਂ ਉਹ ਵੇਟਰ ਨਾ ਹੋ ਕੇ ਉਸ ਦਾ ਬੌਸ ਹੋਵੇ। ਵੇਟਰ ਹਾਲੇ ਵੀ ਅੱਖਾਂ ਚ ਅੱਖਾਂ ਪਾ ਕੇ ਗਲ ਕਰ ਰਿਹਾ ਸੀ ਤੇ ਬੀਬੀ ਜੀ ਵਿਚਾਰੇ ਅੱਖ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਬੀਬੀ ਜੀ ਥੋੜ੍ਹਾ ਜਿਹਾ ਪਾਸੇ ਹੋਏ ਮੇਰੇ ਮੂੰਹੋਂ ਅਚਨਚੇਤ ਹੀ ਨਿਕਲ ਗਿਆ “ਯਾਰ ! ਸੁਣਿਆ ਸੀ ਕਿ ਕਈ ਲੋਕਾਂ ਚ ਰਾਣੀ ਨੂੰ ਅੱਗਾ ਢੱਕਣ ਲਈ ਕਹਿਣ ਦੀ ਜੁਰਅਤ ਹੁੰਦੀ ਹੈ ਪਰ ਅੱਜ ਜਾ ਦੇਖੀ ‘ਬੱਲੇ ਓਏ ਸ਼ੇਰਾ’!ਦੋਸਤੋ ਇਹ ਤਾਂ ਕੁੱਝ ਹੱਡ ਬੀਤੀਆਂ ਸਨ ।

ਜੇ ਜੱਗ ਬੀਤੀਆਂ ਸੁਣਾਉਣ ਲਗ ਪਏ ਤਾਂ ਇਥੇ ਹੀ ਪ੍ਰਭਾਤ ਹੋ ਜਾਣੀ ਹੈ। ਬਸ ਹੁਣ ਤਾਂ ਇਸ ਮਸਲੇ ਨੂੰ ਲਪੇਟਣ ਚ ਹੀ ਫ਼ਾਇਦਾ। ਉਪਰੋਕਤ ਜੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹ ਜ਼ਿਆਦਾਤਰ ਮੇਰੀ ਜਨਮ ਭੂਮੀ ਨਾਲ ਹੀ ਸੰਬੰਧਿਤ ਹਨ। ਹਾਲੇ ਮੇਰੀ ਕਰਮ ਭੂਮੀ ਇਸ ਤੋਂ ਬਚੀ ਹੋਈ ਹੈ। ਹੁਣ ਤੁਸੀ ਕਹੋਗੇ ਕਿ ਆਸਟ੍ਰੇਲੀਆ ‘ਚ ਇਹਨਾਂ ਗੱਲਾਂ ਦਾ ਕੀ ਕੰਮ ? ਪਰ ਕਹਿੰਦੇ ਨਹੀ ਹੁੰਦੇ ਕਿ “ਵਾਰਿਸ ਸ਼ਾਹ ਆਦਤਾਂ ਜਾਂਦੀਆਂ ਨਾ, ਭਾਵੇ ਕੱਟੀਏ ਪੋਰੀਆਂ ਪੋਰੀਆਂ ਜੀ” ਸੋ ਦੋਸਤੋ ! ਜੇ ਅਸੀਂ ਆਪਣੇ ਸੁਪਨਿਆਂ ਦੇ ਸੰਸਾਰ ‘ਚ ਆਉਣ ‘ਚ ਕਾਮਯਾਬ ਹੋ ਗਏ ਹਾਂ ਤਾਂ ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਇਸ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਕੁਝ ਜ਼ਿੰਮੇਵਾਰ ਬਣਿਆ ਜਾਵੇ। ਕਿਉਂ ਨਾ ਆਪਣੀਆਂ ਆਦਤਾਂ ਨੂੰ ਮਜਬੂਰੀ ਵੱਸ ਬਦਲਣ ਦੀ ਥਾਂ ਦਿਲੋਂ ਹੀ “ਮੈਨੂੰ ਕੀ” ਨੂੰ ਕੱਢ ਦੇਈਏ ਤੇ ਆਪਣਾ ਇਖਲਾਕੀ ਫਰਜ਼ ਸਮਝਦੇ ਹੋਏ ਇਸ ਚੰਗੇ ਸਿਸਟਮ ਦਾ ਇਕ ਚੰਗਾ ਹਿੱਸਾ ਬਣੀਏ। ਦੋਸਤੋ! ਉਂਝ ਮੈਨੂੰ ਇਸ ਲੇਖਣੀ ਦਾ ਸਿਲਾ ਛਪਣ ਤੋਂ ਪਹਿਲਾਂ ਹੀ ਮਿਲ ਚੁੱਕਾ ਹੈ। ਜਦੋਂ ਮੈਂ ਇਹ ਵਿਸ਼ਾ ਆਪਣੇ ਇਕ ਹਮਦਰਦ ਨਾਲ ਸਾਂਝਾ ਕੀਤਾ ਤਾਂ ਮੂਹਰੋਂ ਉਸ ਨੇ ਇਹ ਕਹਿੰਦਿਆਂ ਸਿਰਫ਼ ਦੋ ਅੱਖਰਾਂ ‘ਚ ਹੀ ਇਸ ਦਾ ਮੁੱਲ ਪਾ ਦਿੱਤਾ ਕਿ ਜੋ ਹੁੰਦਾ ਹੋਈ ਜਾਣ ਦੇ, ਦਸ ਭਲਾ “ਤੈਨੂੰ ਕੀ”?

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1551
***

mint bar
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Gurshminder Singh
(Mintu Brar)
Editor-in-Cheif: "Punjabi Akhbar" (Punjabi News Paper)
Host & Producer Pendu Australia(Travel Show on Youtube)
Manager: Harman Radio (24/7 online radio from Australia)
Director: "Kookaburra"(Literary Magazine from Australia)
President, "Punjabi Cultural Association" South Australia

ਪਤਾ: Adelaide, Australia.
Whatsapp: (61 - 434 - 289 - 905)
Email: (mintubrar@gmail.com)

ਮਿੰਟੂ ਬਰਾੜ ਅਸਟਰੇਲੀਆ

Gurshminder Singh (Mintu Brar) Editor-in-Cheif: "Punjabi Akhbar" (Punjabi News Paper) Host & Producer Pendu Australia(Travel Show on Youtube) Manager: Harman Radio (24/7 online radio from Australia) Director: "Kookaburra"(Literary Magazine from Australia) President, "Punjabi Cultural Association" South Australia ਪਤਾ: Adelaide, Australia. Whatsapp: (61 - 434 - 289 - 905) Email: (mintubrar@gmail.com)

View all posts by ਮਿੰਟੂ ਬਰਾੜ ਅਸਟਰੇਲੀਆ →