23 February 2024

ਕਾਲੇ ਹੋਏ ਸਫ਼ੇ ਹਜ਼ਾਰ, ਪੜ੍ਹਨਯੋਗ ਨਾ ਮਿਲਦੇ ਚਾਰ – ਗੁਰਬਚਨ ਸਿੰਘ ਭੁੱਲਰ

ਕਾਲੇ ਹੋਏ ਸਫ਼ੇ ਹਜ਼ਾਰ, ਪੜ੍ਹਨਯੋਗ ਨਾ ਮਿਲਦੇ ਚਾਰ

-ਗੁਰਬਚਨ ਸਿੰਘ ਭੁੱਲਰ-

ਜਗਤ-ਪ੍ਰਸਿੱਧ ਅੰਗਰੇਜ਼ੀ ਕਵੀ ਸੈਮੂਅਲ ਟੇਲਰ ਕਾਲਰਿਜ ਦੀ ਕਵਿਤਾ ‘ਏਨਸ਼ਿਐਂਟ ਮੈਰੀਨਰ’ ਦਾ ਪਾਤਰ ਠਾਠਾਂ ਮਾਰਦੇ ਸਾਗਰ ਦੇ ਖਾਰੇ ਪਾਣੀ ਵਿਚਕਾਰ ਘਿਰਿਆ ਹੋਇਆ ਦੂਰ ਤਕ ਨਜ਼ਰ ਮਾਰ ਕੇ ਝੂਰਦਾ ਹੈ:

ਚਾਰ-ਚੁਫੇਰੇ ਪਾਣੀ ਪਾਣੀ,
ਪੀਣ ਲਈ ਨਾ ਬੂੰਦ ਨਿਮਾਣੀ!

ਪੰਜਾਬੀ ਸਾਹਿਤ ਦੇ ਖੇਤਰ ਵਿਚ ਹਾਲਤ ਐਨ ਇਹੋ ਹੋਈ ਪਈ ਹੈ। ਬੇਸ਼ੁਮਾਰ ਪੁਸਤਕਾਂ ਛਪ ਰਹੀਆਂ ਹਨ ਪਰ ਉਨ੍ਹਾਂ ਵਿੱਚੋਂ ਮਨ-ਚਿੱਤ ਨੂੰ ਪੜ੍ਹਨ ਲਈ ਅਵਾਜ਼ਾਂ ਮਾਰਨ ਵਾਲੀ ਕੋਈ ਕੋਈ ਹੀ ਨਿਕਲਦੀ ਹੈ। ਜੇ ਕਾਲਰਿਜ ਦੀਆਂ ਇਨ੍ਹਾਂ ਸਤਰਾਂ ਦਾ ਟੀਕਾ ਕਰਨਾ ਹੋਵੇ, ਉਹ ਇਹੋ ਹੋਵੇਗਾ:

ਕਾਲੇ ਹੋਏ ਸਫ਼ੇ ਹਜ਼ਾਰ,
ਪੜ੍ਹਨਯੋਗ ਨਾ ਮਿਲਦੇ ਚਾਰ!

ਉਂਜ ਕਾਲਰਿਜ ਦੀਆਂ ਇਨ੍ਹਾਂ ਤੋਂ ਪਹਿਲੀਆਂ ਦੋ ਸਤਰਾਂ ਵੀ ਅਜੋਕੇ ਪੰਜਾਬੀ ਸਾਹਿਤ ਉੱਤੇ ਪੂਰੀ ਤਰ੍ਹਾਂ ਢੁਕਦੀਆਂ ਹਨ:

ਚਾਰ-ਚੁਫੇਰੇ ਪਾਣੀ ਪਾਣੀ,
ਡੋਲੇ-ਹਿੱਲੇ ਨਾਓ ਪੁਰਾਣੀ!

ਪੰਜਾਬੀ ਸਾਹਿਤ ਦੀ ਪੁਰਾਣੀ ਨਾਓ ਕੱਚਘਰੜ ਸਾਹਿਤ ਦੇ ਖਾਰੇ ਸਾਗਰ ਵਿਚ ਡੋਲ ਰਹੀ ਹੈ, ਹਿੱਲ ਰਹੀ ਹੈ ਅਤੇ ਇਸਦੇ ਫੱਟੇ ਛੱਲਾਂ ਦੀ ਮਾਰ ਨਾਲ ਉੱਖੜੂੰ-ਉੱਖੜੂੰ ਕਰ ਰਹੇ ਹਨ।

ਅਜਿਹੇ ਸਾਹਿਤਕਾਰਾਂ ਦਾ ਉਦੇਸ਼ ਨਾ ਤਾਂ ਅਜਿਹੀਆਂ ਭਾਵਨਾਵਾਂ ਨੂੰ ਜ਼ਬਾਨ ਦੇਣਾ ਹੁੰਦਾ ਹੈ ਜੋ ਪ੍ਰਗਟ ਹੋਣ ਲਈ ਸਾਹਿਤ ਦਾ ਮਾਧਿਅਮ ਲੱਭਦੀਆਂ ਹੋਣ; ਕਿਉਂਕਿ ਅਜਿਹੀ ਸੂਖਮਤਾ ਉਨ੍ਹਾਂ ਵਿਚ ਹੁੰਦੀ ਹੀ ਨਹੀਂ, ਨਾ ਸਮਾਜਕ ਜ਼ਿੰਮੇਂਵਾਰੀ ਦਾ ਨਿਭਾਾਅ ਹੁੰਦਾ ਹੈ ਅਤੇ ਨਾ ਹੀ ਸਾਹਿਤਕ ਵਿਕਾਸ ਵਿਚ ਯੋਗਦਾਨ ਦੇਣਾ ਹੁੰਦਾ ਹੈ, ਸਗੋਂ ਕੇਵਲ ਅਤੇ ਕੇਵਲ ਕੁਝ ਨਾ ਕੁਝ ‘ਪ੍ਰਸਿੱਧੀ’ ਖੱਟਣਾ ਹੁੰਦਾ ਹੈ। ਬੱਸ ਕੁਝ ਚਰਚਾ ਹੋ ਜਾਵੇ, ਕੁਝ ਤਸਵੀਰਾਂ ਛਪ ਜਾਣ, ਕੁਝ ਲੋਕ ਜਾਨਣ ਲੱਗ ਪੈਣ।

ਨਾਟਕਕਾਰ ਅਤੇ ਸਾਹਿਤ ਤੇ ਕਲਾ ਦੇ ਸੋਚਵਾਨ ਗੁਰਸ਼ਰਨ ਸਿੰਘ ਜੀ ਨੇ ਇਕ ਸਾਹਿਤਕ ਇਕੱਠ ਵਿਚ ਦੱਸਿਆ ਸੀ ਕਿ ਉਨ੍ਹਾਂ ਦੇ ਅੰਦਾਜ਼ੇ ਅਨੁਸਾਰ ਪੰਜਾਬੀ ਵਿਚ 1998 ਵਿਚ ਕੋਈ 3200 ਪੁਸਤਕਾਂ ਛਪੀਆਂ ਸਨ। ਸਾਫ਼ ਹੈ ਕਿ ਹੋਰ ਪੁਸਤਕਾਂ ਅਜਿਹੀਆਂ ਵੀ ਹੋਣਗੀਆਂ ਜੋ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਈਆਂ ਹੋਣਗੀਆਂ। ਤੇ ਉਨ੍ਹਾਂ ਨੇ ਇਨ੍ਹਾਂ ਵਿੱਚੋਂ ਵੱਡੀ ਬਹੁਗਿਣਤੀ ਪੁਸਤਕਾਂ ਦੇ ਮਿਆਰ ਦੀ ਗੱਲ ਬੜੇ ਨਿਝੱਕ ਹੋ ਕੇ ਦੋ-ਟੁੱਕ ਅਤੇ ਸਖ਼ਤ ਸ਼ਬਦਾਂ ਵਿਚ ਸਾਂਝੀ ਕਰਦਿਆਂ ਭਾਰੀ ਚਿੰਤਾ ਪ੍ਰਗਟਾਈ ਸੀ।

ਇਕ ਵਾਰ ਪ੍ਰੋ. ਮੋਹਨ ਸਿੰਘ ਨੇ, ਜੋ ਪ੍ਰਮੁੱਖ ਕਵੀ ਹੋਣ ਦੇ ਨਾਲ ਨਾਲ ਇਕ ਪ੍ਰਮੁੱਖ ਮਾਸਕ ‘ਪੰਜ ਦਰਿਆ’ ਦੇ ਮਾਲਕ-ਸੰਪਾਦਕ ਵੀ ਸਨ ਅਤੇ ਪੰਜਾਬੀ ਸਾਹਿਤ ਦੇ ਮੰਨੇ ਹੋਏ ਪ੍ਰਕਾਸ਼ਕ ਵੀ ਸਨ, ਇਕ ਸਾਹਿਤਕ ਇਕੱਠ ਵਿਚ ਕੱਚਘਰੜ ਸਾਹਿਤ ਬਾਰੇ, ਜੋ ਉਸ ਸਮੇਂ ਥੋੜ੍ਹਾ ਹੀ ਹੁੰਦਾ ਸੀ, ਪੁੱਛੇ ਜਾਣ ਉੱਤੇ ਉੱਤਰ ਦਿੱਤਾ ਸੀ ਕਿ ਜਿਵੇਂ ਵਾਧੂ ਕੂੜਾ ਫਸਲ ਲਈ ਖਾਦ ਬਣ ਜਾਂਦਾ ਹੈ, ਅਜਿਹਾ ਸਾਹਿਤ ਵੀ ਖਰੇ ਸਾਹਿਤ ਲਈ ਖਾਦ ਦਾ ਕੰਮ ਦਿੰਦਾ ਹੈ। ਪਰ ਹੁਣ ਇਹ ਗੱਲ ਵੀ ਠੀਕ ਨਹੀਂ ਲਗਦੀ। ਜਿਵੇਂ ਪਲਾਸਟਿਕੀ ਕੂੜਾ ਫਸਲਾਂ ਲਈ ਖਾਦ ਨਹੀਂ ਬਣ ਸਕਦਾ, ਇਸੇ ਪ੍ਰਕਾਰ ਅਜਿਹੇ ਸਾਹਿਤ ਵਿਚ ਖਾਦ ਬਣਨ ਵਾਲੇ ਗੁਣ ਵੀ ਨਹੀਂ ਹਨ। ਇਹ ਸਾਹਿਤ ਪਲਾਸਟਿਕ ਦੇ ਖੂਬਸੂਰਤ ਲਫਾਫਿਆਂ ਵਾਂਗ ਖੂਬਸੂਰਤ ਕਾਗਜ਼, ਛਪਾਈ, ਜਿਲਦ ਅਤੇ ਕਵਰ ਵਾਲਾ ਹੁੰਦਾ ਹੈ। ਜਿਵੇਂ ਪਲਾਸਟਿਕ ਦੇ ਲਫਾਫੇ ਸਦੀਆਂ ਤਕ ਨਸ਼ਟ ਨਹੀਂ ਹੁੰਦੇ, ਇਹ ਸਾਹਿਤ ਵੀ ਇਸ ਕੰਪਿਊਟਰੀ ਅਤੇ ਇਲੈਕਟ੍ਰਾਨਿਕਸ ਯੁੱਗ ਵਿਚ ਕਿਸੇ ਨਾ ਕਿਸੇ ਪੱਧਰ ਉੱਤੇ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਅੰਗ ਬਣ ਜਾਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਅਜਿਹਾ ਸਾਹਿਤ ਪੜ੍ਹ ਕੇ ਆਪਣੇ ਵਡੇਰਿਆਂ ਦੇ ਸਾਹਿਤਕ ਮਿਆਰ ਬਾਰੇ ਹੈਰਾਨ ਹੋਇਆ ਕਰਨਗੀਆਂ।

ਸਭ ਤੋਂ ਪਹਿਲਾਂ ਵਿਚਾਰਨ ਵਾਲੀ ਗੱਲ ਇਹ ਹੈ ਕਿ ਨੀਵੇਂ ਜਾਂ ਅਤਿਅੰਤ ਨੀਵੇਂ ਪੱਧਰ ਦੀਆਂ ਏਨੀਆਂ ਪੁਸਤਕਾਂ ਕਿਉਂ ਅਤੇ ਕਿਵੇਂ ਛਪ ਰਹੀਆਂ ਹਨ।

ਪਹਿਲੀ ਗੱਲ ਤਾਂ ਇਹ ਹੈ ਕਿ ਸਾਹਿਤ ਵਿਚ (ਜਾਂ ਹੋਰ ਕਿਸੇ ਵੀ ਕਲਾ ਵਿਚ) ਸਿਰਜਣਾ ਕਰਨ ਲਈ ਕਿਸੇ ਅਕਾਦਮਿਕ, ਸਿਖਿਆਤਮਕ ਜਾਂ ਹੋਰ ਯੋਗਤਾ ਦੀ ਸ਼ਰਤ ਨਹੀਂ ਅਤੇ ਕਿਤੋਂ ਕੋਈ ਸਰਟੀਫਿਕੇਟ ਜਾਂ ਲਾਇਸੈਂਸ ਨਹੀਂ ਲੈਣਾ ਪੈਂਦਾ। ਇਕ ਗੱਲੋਂ ਇਹ ਹੈ ਵੀ ਠੀਕ। ਸੰਸਾਰ ਵਿਚ ਅਨੇਕ ਪ੍ਰਤਿਭਾਸ਼ਾਲੀ ਲੇਖਕ (ਤੇ ਹੋਰ ਕਲਾਕਾਰ) ਹੋਏ ਹਨ ਜਿਨ੍ਹਾਂ ਨੇ ਨਾ ਕੋਈ ਬਹੁਤੀ ਪੜ੍ਹਾਈ ਹੀ ਕੀਤੀ ਹੋਈ ਸੀ ਅਤੇ ਨਾ ਕਿਤੋਂ ਸਬੰਧਿਤ ਕਲਾ-ਖੇਤਰ ਦੀ ਸਿਖਲਾਈ ਹੀ ਲਈ ਹੋਈ ਸੀ। ਪਰ ਪਲਾਸਟਿਕੀ ਸਾਹਿਤ ਦੇ ਰਚਨਹਾਰ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਲੇਖਕਾਂ ਕੋਲ ਇਕ ਚੀਜ਼ ਅਜਿਹੀ ਸੀ ਜੋ ਇਨ੍ਹਾਂ ਕੋਲ ਨਹੀਂ; ਉਹ ਸੀ ਪ੍ਰਤਿਭਾ। ਜਿਸ ਨੂੰ ਉਹ ਅਧਿਐਨ ਅਤੇ ਅਭਿਆਸ ਨਾਲ ਹੋਰ ਨਿਤਾਰਦੇ, ਨਿਖਾਰਦੇ ਅਤੇ ਸ਼ਿੰਗਾਰਦੇ ਰਹਿੰਦੇ ਸਨ।

ਜਮਾਂਦਰੂ ਪ੍ਰਤਿਭਾ ਦੀ ਅਤੇ ਸਿਖਾਂਦਰੂ ਅਧਿਐਨ-ਅਭਿਆਸ ਦੀ ਭੂਮਿਕਾ ਬਾਰੇ ਅਤੇ ਲੇਖਕ ਦੀ ਸਾਹਿਤਕ ਪ੍ਰਾਪਤੀ ਵਿਚ ਇਨ੍ਹਾਂ ਦੀ ਅਨੁਪਾਤੀ ਦੇਣ ਬਾਰੇ ਬਹਿਸ ਬਹੁਤ ਪੁਰਾਣੀ ਹੈ। ਪਰ ਇਕ ਗੱਲ ਬਾਰੇ ਸਾਰੇ ਸਿਆਣੇ ਸਹਿਮਤ ਹਨ ਕਿ ਇਨ੍ਹਾਂ ਦੋਵਾਂ ਦਾ ਸੁਮੇਲ ਹੀ ਰਚਨਾ ਵਿਚ ਲੋੜੀਂਦਾ ਜਲੌਅ ਭਰ ਸਕਦਾ ਹੈ। ਲੇਖਕ ਵਿਚ ਜਮਾਂਦਰੂ ਪ੍ਰਤਿਭਾ ਭਾਵੇਂ ਕਿੰਨੀਂ ਵੀ ਹੋਵੇ, ਤੇ ਉਹ ਹਰ ਖਰੇ ਲੇਖਕ (ਤੇ ਹੋਰ ਹਰ ਖਰੇ ਕਲਾਕਾਰ) ਵਿਚ ਬਿਨਾਂ-ਸ਼ੱਕ ਹੁੰਦੀ ਵੀ ਹੈ, ਤਾਂ ਵੀ ਉਹ ਮਨੁੱਖ ਦੇ, ਸਮਾਜ ਦੇ, ਵਿਚਾਰਧਾਰਾਵਾਂ ਦੇ, ਚਿੰਤਨ ਦੇ, ਮਨੁੱਖੀ ਰਿਸ਼ਤਿਆਂ ਦੇ, ਮਨੁੱਖੀ ਇਤਿਹਾਸ ਦੇ, ਧਰਮ ਤੋਂ ਪਹਿਲਾਂ ਦੇ ਯੁੱਗ ਦੇ, ਧਰਮ ਦੇ ਅਤੇ ਮਿਥਿਹਾਸ ਦੇ ਅਧਿਐਨ ਬਿਨਾਂ ਅਤੇ ਭਾਸ਼ਾ ਨੂੰ, ਸ਼ੈਲੀ ਨੂੰ, ਸ਼ਿਲਪ ਨੂੰ ਕਲਾਵੰਤ ਬਣਾਉਣ ਦੇ ਸਿਰੜੀ ਅਭਿਆਸ ਬਿਨਾਂ ਖੇੜੇ ਅਤੇ ਨਿਖਾਰ ਤਕ ਨਹੀਂ ਪੁੱਜ ਸਕਦੀ। ਇਸ ਤੱਥ ਦਾ ਦੂਜਾ ਪਾਸਾ ਵੀ ਏਨਾ ਹੀ ਸਹੀ ਹੈ। ਅਧਿਐਨ-ਅਭਿਆਸ ਕਿੰਨਾਂ ਵੀ ਕਰ ਲਿਆ ਜਾਵੇ, ਮੂਲ ਪ੍ਰਤਿਭਾ ਦੀ ਅਣਹੋਂਦ ਵਿਚ ਉਹ ਰੇਤੇ ਵਿਚ ਘਿਉ ਡੋਲ੍ਹਣ ਵਾਲੀ ਗੱਲ ਹੀ ਹੋਵੇਗੀ। ਇਹ ਸੁਮੇਲ ਸਾਹਿਤ-ਰਚਨਾ ਲਈ ਸਦੀਆਂ ਤੋਂ ਇਕ ਲਾਜ਼ਮੀ ਸ਼ਰਤ ਰਿਹਾ ਹੈ। ਪਰ ਆਪਾਧਾਪੀ ਦੇ ਵਰਤਮਾਨ ਦੌਰ ਵਿਚ ਜੀਵਨ ਦੇ ਹਰ ਖੇਤਰ ਅੰਦਰ ਆਪਹੁਦਰੀ ਪ੍ਰਤਿਭਾਹੀਣਤਾ ਗੰਭੀਰ ਪ੍ਰਤਿਭਾ ਨੂੰ ਲਿਤਾੜ-ਪਿਛਾੜ ਕੇ ਅੱਗੇ ਵਧ ਰਹੀ ਹੈ। ਖ਼ੁਦ ਕਲਾ ਦੇ ਕਈ ਰੂਪਾਂ ਵਿਚ ਇਸ ਸੁਮੇਲ ਨਾਲੋਂ ਮਾੜੀ-ਮੋਟੀ ਪ੍ਰਤਿਭਾ ਦਾ ਰਚਨਾ ਦੇ ਮੰਡੀਕਰਨ ਦੀ ਤਿੱਖੀ ਬਾਜ਼ਾਰੂ ਚੁਸਤੀ ਨਾਲ ਸੁਮੇਲ ਵਧੇਰੇ ਕਾਰਗਰ ਸਿੱਧ ਹੋ ਰਿਹਾ ਹੈ। ਇਸ ਹਾਲਤ ਵਿਚ ਸਾਹਿਤ ਵਿਚ ਵੀ ਇਸ ਸੁਮੇਲ ਨੂੰ ਬੇਲੋੜਾ ਸਮਝਿਆ ਜਾਣ ਲੱਗ ਪਿਆ ਹੈ। ਜੇ ਸਾਹਿਤ ਦੇ ਮਾੜੇ ਕਰਮਾਂ ਨੂੰ ਕਿਸੇ ਨੂੰ ਸਫ਼ੇ ਕਾਲੇ ਕਰਨ ਦੀ ਮਾੜੀ-ਮੋਟੀ ਜਾਚ ਹੈ, ਭਾਵੇਂ ਉਹ ਕਿੰਨੀ ਵੀ ਤੁੱਛ ਕਿਉਂ ਨਾ ਹੋਵੇ, ਸਾਹਿਤਕਾਰ ਬਣਨ ਲਈ ਇਕੋ-ਇਕ ਲੋੜ ਕਾਗਜ਼ ਅਤੇ ਕਲਮ ਖਰੀਦਣਾ ਹੁੰਦੀ ਹੈ।

ਇਕ ਮਹੱਤਵਪੂਰਨ ਨੁਕਤਾ ਇਹ ਹੈ ਕਿ ਕੁਝ ਸਮਾਂ ਪਹਿਲਾਂ ਤਕ ਪੰਜਾਬੀ ਲੇਖਕਾਂ ਵਲੋਂ ਪ੍ਰਕਾਸ਼ਕਾਂ ਨੂੰ ਪੈਸੇ ਦੇ ਕੇ ਪੁਸਤਕਾਂ ਛਪਾਏ ਜਾਣ ਦੀ ਕਾਢ ਨਹੀਂ ਸੀ ਨਿਕਲੀ। ਅਖਾੜੇ ਲਾ ਕੇ ਕਵੀਸ਼ਰੀ ਕਰਨ ਵਾਲੇ ਕਿੱਸਾਕਾਰਾਂ ਤੋਂ ਤਾਂ ਕਿੱਸਿਆਂ ਦੇ ਪ੍ਰਕਾਸ਼ਕ ‘ਅਸਲੀ ਤੇ ਵੱਡੇ ਵਿਸ਼ੇਸ਼ਣ ਵਾਲਾ ਕਿੱਸਾ ਛਾਪਣ ਨਾਲ ਦੂਰ-ਦੂਰ ਫੈਲਣ ਵਾਲੀ ਪ੍ਰਸਿੱਧੀ ਸਦਕਾ ਹੋਰ ਬਹੁਤੇ ਅਖਾੜਿਆਂ ਦੀ ਸੰਭਾਵਨਾ ਖੁੱਲ੍ਹਣ’ ਦੀ ਦਲੀਲ ਦੇ ਕੇ ਵੀਹ-ਤੀਹ ਰੁਪਏ ਅਤੇ ‘ਫੋਟੂ’ ਛਾਪਣ ਦਾ ਲਾਲਚ ਦੇ ਕੇ ਹੋਰ ਪੰਜ ਰੁਪਏ ਲੈ ਲੈਂਦੇ ਸਨ, ਪਰ ਇਸ ਬੀਮਾਰੀ ਦਾ ਪ੍ਰਵੇਸ਼ ਮੁੱਖ-ਧਾਰਾਈ ਸਾਹਿਤ ਵਿਚ ਨਹੀਂ ਸੀ ਹੋਇਆ। ਸਾਹਿਤਕਾਰ ਖਰੜਾ ਪ੍ਰਕਾਸ਼ਕ ਨੂੰ ਸੌਂਪਦਾ ਸੀ। ਜੇ ਉਹਨੂੰ ਪੜ੍ਹਨਯੋਗ ਅਤੇ ਇਸ ਲਈ ਵਿਕਣਯੋਗ ਲੱਗ ਕੇ ਵਣਜੀ ਪੱਖੋਂ ਵਾਰਾ ਖਾਂਦਾ ਸੀ ਤਾਂ ਉਹ ਛਾਪ ਦਿੰਦਾ ਸੀ, ਨਹੀਂ ਤਾਂ ਮੋੜ ਦਿੰਦਾ ਸੀ। ਕਾਢਾਂ ਦੇ ਇਸ ਯੁੱਗ ਵਿਚ ਪ੍ਰਕਾਸ਼ਨ ਦਾ ਰਾਹ ਪੱਧਰਾ ਕਰਨ ਲਈ ਖਰੜੇ ਨਾਲ ਨੋਟਾਂ ਦੀ ਦੱਥੀ ਦੇ ਸੁਮੇਲ ਦੀ ਜਦੋਂ ਕਾਢ ਨਿਕਲੀ, ਹਾਲਤ ਪੂਰੀ ਤਰ੍ਹਾਂ ਬਦਲ ਗਈ।

ਇਸ ਮਾਇਆ-ਆਧਾਰਤ ਪ੍ਰਕਾਸ਼ਨ ਵਿਚ ਅੱਗੋਂ ਹੇਠਾਂ ਵੱਲ ਤਿਲ੍ਹਕਣੇ ਪੜਾਅ ਹੀ ਆਏ। ਪਹਿਲੇ ਪੜਾ ਵਿਚ ਪ੍ਰਕਾਸ਼ਕ ਪੈਸਿਆਂ ਦੇ ਬਾਵਜੂਦ ਮਿਆਰ ਦਾ ਥੋੜ੍ਹਾ-ਬਹੁਤਾ ਖਿਆਲ ਕਰ ਲੈਂਦੇ ਸਨ ਅਤੇ ਘੋਰ ਅਸਾਹਿਤ ਨੂੰ ਛਾਪਣੋਂ ਝਿਜਕਦੇ ਸਨ। ਪਰ ਹੁਣ ਹਾਲਤ ਇਹ ਹੈ ਕਿ ਬਹੁਤੇ ਪ੍ਰਕਾਸ਼ਕ ਪ੍ਰਾਪਤ ਹੋਏ ਖਰੜੇ ਤੋਂ ਲੈ ਕੇ ਪ੍ਰਕਾਸ਼ਿਤ ਕੀਤੀ ਪੁਸਤਕ ਤਕ ਕਿਸੇ ਵੀ ਪੜਾਅ ਉੱਤੇ ਉਹਦਾ ਪਾਠ ਤਰਦੀ ਨਜ਼ਰ ਨਾਲ ਕਰਨ ਵਿਚ ਵੀ ਵਿਸ਼ਵਾਸ ਨਹੀਂ ਰੱਖਦੇ।

ਪਹਿਲੇ ਪੜਾਅ ਵਿਚ ਪ੍ਰਕਾਸ਼ਕ ਖਰੜੇ ਨਾਲ ਲਈ ਰਕਮ ਪਹਿਲਾਂ ਨਿਸਚਿਤ ਸਮਿਆਂ ਉੱਤੇ ਦੋ-ਤਿੰਨ ਕਿਸ਼ਤਾਂ ਵਿਚ ਮੋੜ ਦਿਆ ਕਰਦੇ ਸਨ। ਫੇਰ ਬੜੀ ਹੁਸ਼ਿਆਰੀ ਨਾਲ ਉਨ੍ਹਾਂ ਨੇ ਪੈਸੇ ਦੀ ਮੁੜਵਾਈ ਪੁਸਤਕ ਦੀ ਵਿਕਰੀ ਨਾਲ ਜੋੜ ਲਈ। ਨਾ ਉਹ ਪੁਸਤਕਾਂ ਵਿਕੀਆਂ ਮੰਨਣ ਅਤੇ ਨਾ ਹੀ ਪੈਸੇ ਮੋੜਨ। ਦੂਰ ਬੈਠਾ ਲੇਖਕ ਉਨ੍ਹਾਂ ਦੀ ਕੀ ਲੱਤ ਤੋੜ ਲਵੇਗਾ। ਹੁਣ ਕੁਝ ਪ੍ਰਕਾਸ਼ਕਾਂ ਨੇ ਅਜਿਹੇ ਝਗੜਿਆਂ ਤੋਂ ਬਚਣ ਲਈ ਇਕ ਹੋਰ ਵਧੀਆ ਕਾਢ ਕੱਢ ਲਈ ਹੈ। ਉਹ ਛਪੀ ਹੋਈ ਕੀਮਤ ਦੇ ਅੱਧ ਦੇ ਹਿਸਾਬ ਨਾਲ ਲੇਖਕ ਨੂੰ ਸਾਰੇ ਪੈਸਿਆਂ ਦੀਆਂ ਪੁਸਤਕਾਂ ਚੁਕਾ ਕੇ ਝੰਜਟ ਮੁੱਕਦਾ ਕਰਦੇ ਹਨ ਅਤੇ ਬਾਕੀ ਪੁਸਤਕਾਂ ਭੋਰ-ਭੋਰ ਕੇ ਛਕਦੇ ਰਹਿੰਦੇ ਹਨ। ਇਸ ਵਿਚ ਉਹ ਇਹ ‘ਸਿਆਣਪ’ ਵੀ ਵਰਤਦੇ ਹਨ ਕਿ ਲੇਖਕ ਨੂੰ ਦਿੱਤੀਆਂ ਜਾਣ ਵਾਲੀਆਂ ਪੁਸਤਕਾਂ ਤੋਂ ਵੱਧ ਓਨੀਆਂ ਕੁ ਹੀ ਹੋਰ ਛਾਪਦੇ ਹਨ, ਜੋ ਕਮਿਸ਼ਨ ਦੇ ਕੇ ਜਾਂ ਹੋਰ ਕਿਸੇ ਢੰਗ ਨਾਲ ਲਾਇਬਰੇਰੀਆਂ ਵਿਚ ਖਪ ਸਕਣ। ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਲੇਖਕ ਦੇ ਮੂੰਹ ਉੱਤੇ ਰਕਮ ਦੀ ਚੁਪੇੜ ਵੀ ਵਿਧਾ ਦੀ ਵਿਕਣਯੋਗਤਾ ਅਤੇ ਲੇਖਕ ਦੇ ‘ਨਾਂ’ ਦਾ ਧਿਆਨ ਰੱਖਦਿਆਂ ਹੀ ਮਾਰੀ ਜਾਂਦੀ ਹੈ। ਗਲਪ ਨਾਲੋਂ ਕਵਿਤਾ ਲਈ ਵੱਧ ਪੈਸੇ ਲਏ ਜਾਂਦੇ ਹਨ। ਕੁਝ ਨਾ ਕੁਝ ਨਾਂ ਵਾਲੇ ਲੇਖਕ ਨਾਲੋਂ ਬੇਨਾਂਵੇਂ ਲੇਖਕ ਤੋਂ ਵੱਧ ਰਕਮ ਮੰਗੀ ਜਾਂਦੀ ਹੈ। ਇਹ ਵਰਤਾਰਾ ਸਾਹਿਤ ਲਈ ਬਹੁਤ ਹਾਨੀਕਾਰਕ ਹੈ। ਅਜਿਹੀਆਂ ਕੱਚਘਰੜ ਪੁਸਤਕਾਂ ਦੀ ਬਹੁਲਤਾ ਪਾਠਕਾਂ ਨੂੰ ਸਾਹਿਤ ਵਲੋਂ ਨਿਰਉਤਸ਼ਾਹਤ, ਬੇਦਿਲ ਤੇ ਬੇਮੁਖ ਕਰਦੀ ਹੈ ਅਤੇ ਅਜਿਹਾ ਮਾਹੌਲ ਸਿਰਜਦੀ ਹੈ ਜਿਸ ਵਿਚ ਨਵੇਂ ਪਾਠਕ ਪੈਦਾ ਹੋਣ ਦੀ ਸੰਭਾਵਨਾ ਘਟਦੀ ਜਾਂਦੀ ਹੈ। ਇਸ ਤੋਂ ਵੱਧ ਮਾੜੀ ਗੱਲ ਇਹ ਹੈ ਕਿ ਨੇੜੇ ਦੇ ਭਵਿੱਖ ਵਿਚ ਅਜਿਹੀ ਹਾਲਤ ਬਣ ਸਕਦੀ ਹੈ ਕਿ ਅਜਿਹੇ ਸਾਹਿਤ ਦਾ ਹੜ੍ਹ ਸਭ ਕੁਝ ਨੂੰ ਵਹਾ ਕੇ ਲੈ ਜਾਵੇ।

ਹੁਣ ਸਾਹਿਤ ਦਾ ਪ੍ਰਕਾਸ਼ਨ ਇਕ ਨਵੇਂ ਦੌਰ ਵਿਚ ਦਾਖਲ ਹੋ ਗਿਆ ਹੈ। ਲੇਖਕਾਂ ਨੇ ਪੁਸਤਕਾਂ ਆਪ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਦੇ ਸ਼ਹਿਰਾਂ-ਕਸਬਿਆਂ ਵਿਚ ਗਲੀ-ਗਲੀ ਕੰਪਿਊਟਰ ਲੱਗੇ ਹੋਏ ਹਨ। ਲੇਖਕ ਨਾਲ ਠੇਕੇ ਦੇ ਆਧਾਰ ਉੱਤੇ ਕੰਪਿਊਟਰਾਂ ਵਾਲੇ ਪੰਨਿਆਂ ਦਾ ਚਰਬਾ ਕੱਢਦੇ ਹਨ ਅਤੇ ਆਪਣੇ ਵਣਜੀ ਸੰਪਰਕ ਅਨੁਸਾਰ ਕਿਸੇ ਵੱਡੇ ਸ਼ਹਿਰ ਤੋਂ ਪੁਸਤਕਾਂ ਨਾਲ ਲੱਦਿਆ ਹੋਇਆ ਰੇੜ੍ਹਾ ਲੇਖਕ ਦੇ ਬੂਹੇ ਅੱਗੇ ਲਿਆ ਖੜ੍ਹਾ ਕਰਦੇ ਹਨ।

ਕੁਝ ਦਹਾਕੇ ਪਹਿਲਾਂ ਜੇ ਲੇਖਕ ਆਪ ਪੁਸਤਕ ਛਾਪਣੀ ਵੀ ਚਾਹੁੰਦਾ, ਉਹਨੂੰ ਇਹ ਸਮਝ ਨਹੀਂ ਸੀ ਪੈਂਦੀ ਕਿ ਉਹ ਕੀ ਕਰੇ ਅਤੇ ਕਿਵੇਂ ਕਰੇ। ਉਨ੍ਹਾਂ ਦਿਨਾਂ ਵਿਚ ਸਾਹਿਤ ਸਭਾਵਾਂ ਸਰਗਰਮ ਸਨ ਅਤੇ ਕੋਈ ਕੋਈ ਸਾਹਿਤ ਸਭਾ ਹੀ ਆਪਣੇ ਮੈਂਬਰਾਂ ਦੀ ਸਾਂਝੀ ਪੁਸਤਕ ਜਾਂ ਸੰਭਾਵਨਾ ਭਰਪੂਰ ਮੈਂਬਰ ਦੀ ਇਕੱਲੇ ਦੀ ਪੁਸਤਕ ਛਪਵਾਉਣ ਦਾ ਉੱਦਮ ਕਰਦੀ ਸੀ। ਅੱਜ ਛਪਾਈ ਦੀ ਸੌਖ ਨੇ ਹਾਲਤ ਇੱਥੇ ਲਿਆ ਖੜ੍ਹੀ ਕੀਤੀ ਹੈ ਕਿ ਲੇਖਕ ਇਹ ਉਡੀਕ ਵੀ ਨਹੀਂ ਕਰਦਾ ਕਿ ਉਸ ਕੋਲ, ਕੱਚੀ-ਪੱਕੀ ਹੀ ਸਹੀ, ਸਾਧਾਰਨ ਆਕਾਰ ਦੀ ਪੁਸਤਕ ਜਿੰਨੀਂ ਰਚਨਾ ਤਾਂ ਹੋ ਜਾਵੇ। ਜਦੋਂ ਚਾਲੀ ਕੁ ਪੰਨੇ ਦਾ ਮਸਾਲਾ (ਉਰਦੂ ਵਾਲਿਆਂ ਵਲੋਂ ਵਰਤਿਆ ਜਾਂਦਾ ਸ਼ਬਦ ‘ਮਵਾਦ’ ਆਪਣੇ ਪੰਜਾਬੀ ਅਰਥਾਂ ਵਿਚ ਇਸ ਦੀ ਥਾਂ ਵਧੀਕ ਢੁਕਵਾਂ ਹੈ) ਲੇਖਕ ਆਪਣੇ ਦੋਸਤਾਂ ਅਤੇ ਕੁਝ ਆਲੋਚਕਾਂ ਦੀ ਕਿਰਪਾ ਨਾਲ ਭੂਮਿਕਾ, ਜਾਣ-ਪਛਾਣ, ਆਦਿਕਾ, ਮੁੱਖਬੰਦ ਆਦਿ ਦੇ ਨਾਲ ਨਾਲ ‘ਲੇਖਕ ਵਲੋਂ ਦੋ ਸ਼ਬਦ’ ਦੇ ਸੋਲਾਂ ਕੁ ਪੰਨੇ ਬਣਾ ਕੇ 56 ਪੰਨੇ ਦੀ ਪੁਸਤਕ ਛਾਪ ਲੈਂਦਾ ਹੈ। ਅਜਿਹੇ ਵੇਲੇ ਪ੍ਰੇਮ-ਪਿਆਲਾ ਬਹੁਤ ਸਹਾਈ ਸਿੱਧ ਹੁੰਦਾ ਹੈ, ਕਿਉਂਕਿ ਇਹ ਆਧੁਨਿਕ ਪੰਜਾਬੀ ਆਲੋਚਨਾ ਦੇ ਜਨਮ ਤੋਂ ਹੀ ਆਲੋਚਕ ਅਤੇ ਲੇਖਕ ਵਿਚਕਾਰ ਬੜਾ ਮਜ਼ਬੂਤ ਪੁਲ ਬਣ ਗਿਆ ਸੀ।

ਇਨ੍ਹਾਂ ਲੇਖਕਾਂ ਦੇ ਪੱਖ ਵਿਚ ਜਾਣ ਵਾਲੀ ਇਕ ਗੱਲ ਇਹ ਹੈ ਕਿ ਚੰਗੇ-ਮਾੜੇ ਸਾਹਿਤ ਦਾ ਫਰਕ ਕਰਨ ਲਈ ਨਾ ਕੋਈ ਗਜ਼ ਹੈ ਅਤੇ ਨਾ ਹੀ ਕੋਈ ਤੱਕੜੀ। ਹੁਣ ਹਰ ਲੇਖਕ ਪੰਜਾਬੀ ਸਾਹਿਤ ਦਾ ‘ਨਵਾਂ ਹਸਤਾਖਰ’ ਹੈ। ਅਜਿਹੇ ਨਿਰਣਿਆਂ ਨੂੰ ਕਿਸੇ ਅਦਾਲਤ ਵਿਚ ਤਾਂ ਵੰਗਾਰਿਆ ਨਹੀਂ ਜਾ ਸਕਦਾ, ਇੱਕੋ ਇਕ ਆਸ ਇਨ੍ਹਾਂ ਰਚਨਾਵਾਂ ਲਈ ਪਾਠਕਾਂ ਦੇ ਬੇਸੰਕੋਚ ਤ੍ਰਿਸਕਾਰ ਉੱਤੇ ਹੀ ਰੱਖੀ ਜਾ ਸਕਦੀ ਸੀ। ਪਰ ਦਿਲਚਸਪ ਗੱਲ ਇਹ ਹੈ ਕਿ ਅਜਿਹੇ ਲੇਖਕਾਂ ਨੇ ਪਾਠਕਾਂ ਨੂੰ ਆਪਣੀਆਂ ਗਿਣਤੀਆਂ-ਮਿਣਤੀਆਂ ਵਿੱਚੋਂ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਉਹ ਸਹਿਜੇ ਹੀ ਆਪਣੀ ਪੁਸਤਕ ਛਾਪ ਲੈਂਦੇ ਹਨ ਕਿਉਂਕਿ ਬਹੁਤ ਸਾਰੇ ਅਜਿਹੇ ਲੇਖਕਾਂ ਨੂੰ ਮੁਲਾਜ਼ਮ ਜਾਂ ਕਾਰੋਬਾਰੀ ਹੋਣ ਕਾਰਨ ਪੈਸੇ ਦੀ ਬਹੁਲਤਾ ਦੇ ਇਸ ਯੁੱਗ ਵਿਚ ਖਰਚ ਵਿਚ ਸੰਕੋਚ ਕਰਨ ਦੀ ਲੋੜ ਉੱਕਾ ਹੀ ਮਹਿਸੂਸ ਨਹੀਂ ਹੁੰਦੀ। ਤੇ ਇਸ ਪਿੱਛੋਂ ਉਹ ਪਾਠਕਾਂ ਨੂੰ, ਜੋ ਸਾਹਿਤਕ ਖੇਤਰ ਦਾ ਇਕ ਜ਼ਰੂਰੀ ਅਤੇ ਮਹੱਤਵਪੂਰਨ ਧੁਰਾ ਹਨ, ਪੂਰੀ ਤਰ੍ਹਾਂ ਲਾਂਭੇ ਛੱਡਦਿਆਂ ‘ਮਹਾਨ ਸਾਹਿਤਕਾਰ’ ਬਣਨ ਦੇ ਰਾਹ ਤੁਰ ਪੈਂਦੇ ਹਨ। ਵਾਹ-ਵਾਹ ਕਰਨ ਵਾਲੇ ਗਰੁੱਪਬਾਜ਼ ਮਿੱਤਰ ਇਸ ਕੰਮ ਵਿਚ ਸਹਾਈ ਹੁੰਦੇ ਹਨ।

ਪੁਸਤਕ ਛਪ ਕੇ ਆ ਜਾਣ ਮਗਰੋਂ ਇਨ੍ਹਾਂ ਸਾਹਿਤਕਾਰਾਂ ਵਲੋਂ ਪ੍ਰਾਪਤੀ ਅਤੇ ਸੰਤੁਸ਼ਟੀ ਦੀ ਮੰਜ਼ਲ ਪਾਉਣ ਲਈ ਚਾਰ ਪੜਾਅ ਪਾਰ ਕਰਨੇ ਜ਼ਰੂਰੀ ਸਮਝੇ ਜਾਂਦੇ ਹਨ ਅਤੇ ਉਹ ਹਰ ਹੀਲੇ ਪਾਰ ਕੀਤੇ ਵੀ ਜਾਂਦੇ ਹਨ।

ਪਹਿਲਾ ਹੈ, ਘੁੰਡ-ਚੁਕਾਈ, ਜਿਸ ਨੂੰ ਆਲੋਚਨਾ ਦੀ ਸ਼ਬਦਾਵਲੀ ਵਿਚ ਵਿਮੋਚਨ ਕਿਹਾ ਜਾਂਦਾ ਹੈ। ਇਸ ਸਮਾਗਮ ਦਾ ਮਾਹੌਲ ਪਰੰਪਰਾਵਾਦੀ ਜਗੀਰੂ ਸਮਾਜ ਵਿਚ ਮੁੰਡਾ ਜੰਮਣ ਵੇਲੇ ਬਣਦੇ ਮਾਹੌਲ ਵਰਗਾ ਹੁੰਦਾ ਹੈ: ਬੱਲੇ ਬੱਲੇ, ਧੰਨਭਾਗ, ਵਧਾਈਆਂ, ਮੁੰਡਾ ਚੌਦਵੀਂ ਦੇ ਚੰਨ ਵਰਗਾ ਹੈ, ਸੁੱਖ ਨਾਲ ਜੋੜੀ ਬਣੇ, ਫੇਰ ਤਿਕੜੀ ਬਣੇ, ਫੇਰ ਚੌਂਕੜੀ …, ਵਗੈਰਾ ਵਗੈਰਾ। ਇਹ ਸਮਾਗਮ ਮੁੰਡਾ ਜੰਮਣ ਦੇ ਸਮਾਗਮ ਵਾਂਗ ਹੀ ਦੋ ਹਿੱਸਿਆਂ ਵਿਚ ਹੁੰਦਾ ਹੈ। ਇਕ ਦਿਨੇ, ਜਦੋਂ ਹਰੇਕ ਮਾਈ-ਭਾਈ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ ਅਤੇ ਦੂਜਾ ਆਥਣੇ, ਜਦੋਂ ਯਾਰਾਂ-ਬੇਲੀਆਂ ਦਾ ਮੂੰਹ ਕੌੜਾ ਕਰਵਾਇਆ ਜਾਂਦਾ ਹੈ।

ਦੂਜੇ ਪੜਾਅ ਵਿਚ ਪੁਸਤਕ ਬਾਰੇ ਗੋਸ਼ਟੀ ਕਰਵਾਈ ਜਾਂਦੀ ਹੈ। ਜਿਵੇਂ ਕੁਝ ਦਹਾਕੇ ਪਹਿਲਾਂ ਮੁਕਾਣਾਂ ਦੇ ਰਿਵਾਜ ਸਮੇਂ ਵੈਣ ਪਾਉਣ ਅਤੇ ਪਿੱਟ-ਪਟਊਆ ਕਰਨ ਵਿਚ ਨਿਪੁੰਨ ਕੁਝ ਜ਼ਨਾਨੀਆਂ ਅਜਿਹੀਆਂ ਹੁੰਦੀਆਂ ਸਨ, ਜਿਹੜੀਆਂ ਕਿਸੇ ਸਮੇਂ ਵੀ ਬੁਲਾਈਆਂ ਜਾ ਸਕਦੀਆਂ ਸਨ; ਹੁਣ ਪੰਜਾਬੀ ਸਾਹਿਤ ਵਿਚ ਕੁਝ ਪੇਪਰਬਾਜ਼ ਅਜਿਹੇ ਹਨ ਜਿਨ੍ਹਾਂ ਨੂੰ ਖਰਚਾ-ਪਾਣੀ ਦੇ ਕੇ ਇਨ੍ਹਾਂ ਗੋਸ਼ਟੀਆਂ ਵਿਚ ਕਿਸੇ ਸਮੇਂ ਵੀ ਅਵਾਜ਼ ਮਾਰੀ ਜਾ ਸਕਦੀ ਹੈ। ਇਹ ਕਹਿਣ ਦੀ ਤਾਂ ਲੋੜ ਹੀ ਨਹੀਂ ਕਿ ‘ਵਿਮੋਚਨ’ ਵਾਂਗ ਗੋਸ਼ਟੀ ਦੇ ਵੀ ਦੋ ਭਾਗ ਹੁੰਦੇ ਹਨ।

ਤੀਜੇ ਪੜਾਅ ਵਿਚ, ਗੋਸ਼ਟੀ ਸਮੇਂ ਵੰਡੀਆਂ ਗਈਆਂ ਪੁਸਤਕਾਂ ਤੋਂ ਅੱਗੇ ਵਧ ਕੇ, ਪੁਸਤਕ ਵੱਧ ਤੋਂ ਵੱਧ ਲੇਖਕਾਂ, ਆਲੋਚਕਾਂ ਅਤੇ ਦੋਸਤਾਂ ਦੇ ਹੱਥਾਂ ਵਿਚ ਮੁਫਤ ਪੁੱਜਦੀ ਕੀਤੀ ਜਾਂਦੀ ਹੈ।

ਚੌਥਾ ਅਤੇ ਅੰਤਿਮ ਪੜਾਅ ਇਸ ਪੁਸਤਕ ਦੇ, ਜੋ ਹੁਣ ਤਕ ‘ਪੰਜਾਬੀ ਸਾਹਿਤ ਦੀ ਇਕ ਮਾਣਯੋਗ ਪ੍ਰਾਪਤੀ’ ਬਣ ਚੁੱਕੀ ਹੁੰਦੀ ਹੈ, ਦੇ ਆਧਾਰ ਉੱਤੇ ਮਾਣ-ਸਨਮਾਨ ਕਰਵਾਉਣ ਦਾ ਹੁੰਦਾ ਹੈ। ਇਸ ਕੰਮ ਵਿਚ ਲੇਖਕ ਦੇ ਆਪਣੇ ਨਗਰ ਦੀ ਸਾਹਿਤ ਸਭਾ ਸਹਾਈ ਹੁੰਦੀ ਹੈ। ਜੇ ਕਿਸੇ ਕਾਰਨ ਉਹ ਨਾ ਮੰਨੇ ਤਾਂ ਨਵੀਂ ਸਾਹਿਤ ਸਭਾ ਬਣਾਈ ਜਾ ਸਕਦੀ ਹੈ। ਨਹੀਂ ਤਾਂ ਫੇਰ ਇਸ ਮੰਤਵ ਨਾਲ ਸਨਮਾਨ ਕਮੇਟੀ ਹੋਂਦ ਵਿਚ ਆ ਜਾਂਦੀ ਹੈ। ਚਾਸ਼ਨੀ ਦੀ ਘਾਟ ਨਹੀਂ ਰਹਿੰਦੀ, ਕਿਉਂਕਿ ਜਿੰਨਾਂ ਮਿੱਠਾ ਕਰਨਾ ਹੋਵੇ, ਗੁੜ ਕੋਲੋਂ ਹੀ ਪਾਉਣਾ ਹੁੰਦਾ ਹੈ।

ਇਹ ਚਾਰ ਪੜਾਅ ਲੰਘ ਕੇ ਮੰਜ਼ਲ ਪਾਉਂਦਿਆਂ ਸਾਹਿਤਕਾਰ ਇਸ ਬੁਲੰਦ ਮੁਕਾਮ ਉੱਤੇ ਪੁੱਜ ਜਾਂਦਾ ਹੈ ਕਿ ਆਪਣੀ ਵਿਧਾ ਦੇ ਆਪਣੇ ਨਾਲੋਂ ਪਹਿਲੇ ਪ੍ਰਮੁੱਖ ਲੇਖਕਾਂ ਬਾਰੇ ਕਹਿ ਸਕੇ ਕਿ ਮੋਹਣ ਸਿੰਘ, ਨਾਨਕ ਸਿੰਘ, ਗੁਰਬਖਸ਼ ਸਿੰਘ ਜਾਂ ਕੁਲਵੰਤ ਸਿੰਘ ਵਿਰਕ “ਕਿਹੜੀਆਂ ਤੇਗਾਂ ਮਾਰ ਗਏ ਹਨ। ਉਨ੍ਹਾਂ ਦੀਆਂ ਗੱਲਾਂ ਉਨ੍ਹਾਂ ਦੇ ਸਮੇਂ ਨਾਲ ਗਈਆਂ“। ਇਸ ਕਥਨ ਦਾ ਟੀਕਾ ਕੀਤਿਆਂ ਅਰਥ ਇਹ ਨਿਕਲਦਾ ਹੈ ਕਿ ਹੁਣ ਸਾਡਾ ਜ਼ਮਾਨਾ ਹੈ! ਤੇ ਨਾਲ ਹੀ ਉਹ ਪਾਠਕਾਂ ਦੀ ਬੇਰੁਖੀ ਅਤੇ ਆਪਣੇ ਸਾਹਿਤਕਾਰੀ ਮਿਆਰ ਬਾਰੇ ਅੰਦਰੋਂ ਪੋਲੇ ਹੋਣ ਕਾਰਨ ਇਹ ਵੀ ਕਹਿ ਦਿੰਦੇ ਹਨ ਕਿ ਸਾਡਾ ਸਾਹਿਤ ਪਹਿਲਿਆਂ ਵਾਂਗ ਛਿਣ-ਭੰਗਰ ਨਹੀਂ, ਇਹਨੂੰ ਤਾਂ ਲੋਕ ਸਮਝਣਾ ਹੀ ਅਗਲੀ ਸਦੀ ਵਿਚ ਸ਼ੁਰੂ ਕਰਨਗੇ। ਵਰਤਮਾਨ ਪਾਠਕਾਂ ਦੀ ਬੁੱਧੀ ਇਸਦੇ ਮੇਚ ਦੀ ਨਹੀਂ।

ਕੁਝ ਸਾਲ ਪਹਿਲਾਂ ਹੋਈ ਬਾਲ-ਸਾਹਿਤ ਬਾਰੇ ਇਕ ਤਿੰਨ-ਦਿਨਾਂ ਗੋਸ਼ਟੀ ਵਿਚ ਜਦੋਂ ਬਾਲ-ਸਾਹਿਤ ਦੇ ਪ੍ਰਕਾਸ਼ਨ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਚਰਚਾ ਸ਼ੁਰੂ ਹੋਈ, ਉੱਥੇ ਹਾਜ਼ਰ ਬਹੁਤ ਸਾਰੇ ਸੱਜਣ ਵਾਰੋ ਵਾਰੀ ਇਹ ਦੁੱਖ ਰੋਣ ਲੱਗ ਪਏ ਕਿ ਕੋਈ ਛਾਪਦਾ ਹੀ ਨਹੀਂ, ਮੇਰੀ ਅਲਮਾਰੀ ਵਿਚ ਏਨੇ ਖਰੜੇ ਤਿਆਰ ਪਏ ਹਨ। ਇਕ ਲੇਖਕ ਨੇ ਆਪਣੇ ਖਰੜਿਆਂ ਦੀ ਗਿਣਤੀ ਚਾਲੀ ਦੱਸੀ। ਮੈਂ ਬੋਲਣ ਸਮੇਂ ਬੇਨਤੀ ਕੀਤੀ ਕਿ “ਬਾਲ-ਸਾਹਿਤ ਲਿਖਣਾ ਬਹੁਤ ਔਖਾ ਕਾਰਜ ਹੈ। ਕਾਗਜ਼-ਕਲਮ ਲੈ ਕੇ ਕੁਝ ਵੀ ਇੱਲ-ਕੋਕੋ ਲਿਖਣ ਨਾਲ ਉਹ ਬਾਲ ਸਾਹਿਤ ਨਹੀਂ ਬਣ ਜਾਂਦਾ। ਜਿਹੜੇ ਵੀਰ ਇੱਥੇ ਬੋਲ ਕੇ ਗਏ ਹਨ, ਕੀ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਜੋ ਕੁਝ ਉਨ੍ਹਾਂ ਦੀਆਂ ਅਲਮਾਰੀਆਂ ਵਿਚ ਪਿਆ ਹੈ, ਉਹ ਬਾਲ ਸਾਹਿਤ ਹੀ ਹੈ?“ ਕੁਝ ਲੋਕਾਂ ਨੇ ਮੇਰੀ ਗੱਲ ਦੀ ਪੁਸ਼ਟੀ ਕੀਤੀ, ਪਰ ਬਹੁਤਿਆਂ ਨੇ ਬੁਰਾ ਹੀ ਮਨਾਇਆ।

ਇਕ ਵਾਰ ਭਾਪਾ ਪ੍ਰੀਤਮ ਸਿੰਘ, ਜੋ ਪੰਜਾਬੀ ਪ੍ਰਕਾਸ਼ਨ ਨੂੰ ਕਿੱਥੋਂ ਚੁੱਕ ਕੇ ਕਿੱਥੇ ਲੈ ਗਏ ਹਨ, ਕਹਿਣ ਲੱਗੇ ਕਿ “ਤੁਸੀਂ ਚਾਰ ਲੇਖਕ ਹੋਰ ਆਪਣੇ ਨਾਲ ਲਾ ਲਵੋ ਅਤੇ ਮੈਨੂੰ ਇਕ ਸੌ ਉੱਤਮ ਕਿਸਮ ਦੇ ਖਰੜੇ ਚੁਣ ਕੇ ਦੇ ਦਿਓ, ਮੈਂ ਇਕ ਸੌ ਖੂਬਸੂਰਤ ਪੁਸਤਕਾਂ ਆਪੇ ਪ੍ਰਕਾਸ਼ਿਤ ਕਰ ਦੇਵਾਂਗਾ।“ ਛੇਤੀ ਹੀ ਮੈਨੂੰ ਹੱਥ ਖੜ੍ਹੇ ਕਰਨੇ ਪਏ ਕਿ ਪਹਿਲੀ ਗੱਲ ਤਾਂ ਸੌ ਉੱਤਮ ਖਰੜੇ ਲੱਭਣਾ ਹੀ ਕਠਿਨ ਕਾਰਜ ਹੋਵੇਗਾ ਅਤੇ ਫੇਰ ਪੰਜ ਲੇਖਕਾਂ ਦੀ ਇਨ੍ਹਾਂ ਸੌ ਖਰੜਿਆਂ ਬਾਰੇ ਸਹਿਮਤੀ ਹੋਣੀ ਇਸ ਤੋਂ ਵੀ ਕਠਿਨ ਹੋਵੇਗੀ।

ਪੰਜਾਬੀ ਸਾਹਿਤ ਦੀ ਇਸ ਅਧੋਗਤੀ ਦਾ ਇਕ ਕਾਰਨ ਸਾਹਿਤ ਸਭਾਵਾਂ ਦਾ ਨਿਰੋਲ ਵਿਮੋਚਨਾਂ, ਗੋਸ਼ਟੀਆਂ ਅਤੇ ਸਨਮਾਨਾਂ ਉੱਤੇ ਇਕਾਗਰ ਹੋ ਕੇ ਰਚਨਾ ਕਾਰਜ ਵਲੋਂ ਅਵੇਸਲੀਆਂ ਅਤੇ ਨਿਸਕਿਰਿਆ ਹੋ ਜਾਣਾ ਹੈ। ਇੱਥੇ ਇਹ ਗੱਲ ਪਹਿਲਾਂ ਹੀ ਸਪੱਸ਼ਟ ਕਰਨੀ ਠੀਕ ਰਹੇਗੀ ਕਿ ਕੋਈ ਵੀ ਸਾਹਿਤ ਸਭਾ ਕਿਸੇ ਅਲੇਖਕ ਨੂੰ ਲੇਖਕ ਨਹੀਂ ਬਣਾ ਸਕਦੀ। ਪਰ ਸਾਹਿਤ ਦੇ ਸਕੂਲਾਂ ਵਜੋਂ ਸਾਹਿਤ ਸਭਾਵਾਂ ਦੀ ਭੂਮਿਕਾ ਤੋਂ, ਜੇ ਉਹ ਆਪਣੀ ਭੂਮਿਕਾ ਠੀਕ ਤਰ੍ਹਾਂ ਨਿਭਾਉਣ, ਇਨਕਾਰ ਨਹੀਂ ਕੀਤਾ ਜਾ ਸਕਦਾ। ਉਹ ਔਝੜ ਭਟਕਦੇ ਨਵੇਂ ਲੇਖਕ ਨੂੰ ਰਾਹੇ ਪਾ ਸਕਦੀਆਂ ਹਨ। ਉਸਦੀ ਰਚਨਾ ਦਾ ਸਹੀ ਮੁਲੰਕਣ ਕਰ ਕੇ ਉਹਨੂੰ ਅਗਵਾਈ ਦੇ ਸਕਦੀਆਂ ਹਨ। ਸਾਹਿਤ ਦਾ ਸਮਾਜਿਕ ਮਹੱਤਵ ਦੱਸ ਕੇ ਸਾਹਿਤ ਤੇ ਸਮਾਜ ਪ੍ਰਤੀ ਲੇਖਕ ਦੀ ਆਸਥਾ ਤੇ ਵਚਨਵੱਧਤਾ ਦੀ ਲੋੜ ਸਪੱਸ਼ਟ ਕਰ ਸਕਦੀਆਂ ਹਨ। ਉਹ ਚੰਗਾ ਸਾਹਿਤ ਪੜ੍ਹਨ ਦੀ, ਭਾਸ਼ਾਈ ਨਿਪੁੰਨਤਾ ਦੀ ਤੇ ਸ਼ੈਲੀ ਦੀ ਲਿਸ਼ਕ ਦੀ ਜ਼ਰੂਰਤ ਅਤੇ ਆਪਣੇ ਲਿਖੇ ਦਾ ਮੁੱਢਲੇ ਤੌਰ ਉੱਤੇ ਆਪੇ ਮੁਲੰਕਣ ਕਰਨ ਦੀ ਜਾਚ ਵੀ ਦੱਸ ਸਕਦੀਆਂ ਹਨ। ਪੰਜਾਹਵਿਆਂ ਅਤੇ ਸੱਠਵਿਆਂ ਵਿਚ ਸਾਹਿਤ ਸਭਾਵਾਂ ਨੇ ਅਜਿਹਾ ਕੀਤਾ ਵੀ ਸੀ, ਪਰ ਮਗਰੋਂ ਆਪ ਹੀ ਰਾਹੋਂ ਭਟਕ ਗਈਆਂ; ਜਿਸ ਕਰਕੇ ਉਨ੍ਹਾਂ ਤੋਂ ਨਵੇਂ ਲੇਖਕਾਂ ਨੂੰ ਰਾਹ ਦਿਖਾਉਣ ਦੀ ਆਸ ਕਰਨਾ ਬੇਅਰਥ ਹੋ ਗਿਆ।

ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦੇ ਪੱਲੇ ਤਾਂ ਇਤਿਹਾਸ, ਭੂਗੋਲ ਅਤੇ ਧਰਮ ਨੇ ਏਨੇ ਮਸਲੇ ਅਤੇ ਉਲਝੇਵੇਂ ਪਾਏ ਹੋਏ ਹਨ ਕਿ ਉਹ ਇਨ੍ਹਾਂ ਦੇ ਵਿਕਾਸ ਲਈ ਬਾਧਕ ਬਣੇ ਹੋਏ ਹਨ। ਇਨ੍ਹਾਂ ਦੇ ਨਾਲ ਹੀ ਅਜਿਹੀਆਂ ਕਠਿਨਾਈਆਂ ਅਤੇ ਉਲਝਣਾਂ ਜੁੜ ਰਹੀਆਂ ਹਨ ਜਿਨ੍ਹਾਂ ਦੇ ਜ਼ਿੰਮੇਵਾਰ ਲੇਖਕ ਆਪ ਹਨ। ਜਿਵੇਂ ਮੈਂ ਇਸ ਲੇਖ ਦੇ ਸ਼ੁਰੂ ਵਿਚ ਹੀ ਕਿਹਾ ਸੀ, ਕਿਸੇ ਨੂੰ ਲੇਖਕ ਹੋਣ ਦਾ ਦਾਅਵਾ ਕਰਨ ਤੋਂ ਅਤੇ ਲਿਖਣ ਤੋਂ ਹਟਾਇਆ ਨਹੀਂ ਜਾ ਸਕਦਾ। ਹਾਂ, ਜਿਵੇਂ ਫਿਲਮਾਂ ਦੇ, ਪੱਤਰਕਾਰੀ ਦੇ, ਵੋਟ-ਆਧਾਰਤ ਰਾਜਨੀਤੀ ਦੇ ਸਬੰਧ ਵਿਚ ਆਖ਼ਰ ਨੂੰ ਇਹੋ ਨਿਰਣਾ ਦਿੱਤਾ ਜਾਂਦਾ ਹੈ ਕਿ ਸਭ ਤੋਂ ਵਧੀਆ ਅਤੇ ਕਾਰਗਰ ਰਾਹ ਸਵੈ-ਮਰਯਾਦਾ, ਸਵੈ-ਬੰਧੇਜ, ਸਵੈ-ਅਨੁਸ਼ਾਸਨ ਦਾ ਰਾਹ ਹੈ, ਉਸੇ ਪ੍ਰਕਾਰ ਲੇਖਕਾਂ ਲਈ ਵੀ ਜ਼ਰੂਰੀ ਹੈ ਕਿ ਉਹ ਆਪਣੀ ਰਚਨਾ ਦੇ ਨਿਰਣੇਕਾਰ ਆਪ ਬਣਨਾ ਸਿੱਖਣ ਅਤੇ ਇਸ ਸਵੈ-ਨਿਰਣੇ ਨੂੰ ਲਾਗੂ ਕਰਨ ਸਮੇਂ ਲੋੜੀਂਦੀ ਬੇਕਿਰਕੀ ਦਿਖਾਉਣ ਕਿਉਂਕਿ ਜੇ ਆਪਣੀ ਆਤਮਾ ਨੂੰ ਸਵਾਲ ਕੀਤਾ ਜਾਵੇ, ਉਸਦਾ ਜਵਾਬ ਆਮ ਕਰ ਕੇ ਸਹੀ ਹੀ ਹੁੰਦਾ ਹੈ।

*****

ਟਿੱਪਣੀ: ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 18 ਜੁਲਾਈ 2004)
(ਦੂਜੀ ਵਾਰ 27 ਸਤੰਬਰ 2021)

***
401
***

About the author

ਗੁਰਬਚਨ ਸਿੰਘ ਭੁੱਲਰ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਬਚਨ ਸਿੰਘ ਭੁੱਲਰ

View all posts by ਗੁਰਬਚਨ ਸਿੰਘ ਭੁੱਲਰ →