|
ਸ਼ਗਨਾਂ ਵਾਲਾ ਲਿਫ਼ਾਫ਼ਾ… ਸਧਾਰਨ ਜਿਹੀ ਗੱਲ ਕਰੀਏ ਤਾਂ ਇਸ ਬਨਾਉਟੀ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਦੌਰ ਵਿੱਚ ‘ਕਬੂਤਰੀ-ਰੁੱਕਾ-ਯੁੱਗ’ ਨੂੰ ਡਿਜੀਟਲ ਯੁੱਗ / ਈ ਮੇਲ ਜਾਂ ਫਿਰ ‘ਗੱਡਾ-ਯੁੱਗ’ ਨੂੰ ਸੁਪਰਸੋਨਿਕ ਜਹਾਜ਼ਾਂ ਦੇ ਬਰਾਬਰ ਤੋਲਣਾ ਜਾਇਜ਼ ਨਹੀਂ ਹੈ। ਕੁਦਰਤ ਦੇ ਵਰਤਾਰੇ ਅਨੁਸਾਰ ਬਦਲਦੇ ਸਮੇਂ ਅਤੇ ਜ਼ਮਾਨੇ ਨਾਲ ਅਸੀਂ, ਸਾਡਾ ਚੁਫੇਰਾ ਅਤੇ ਸਾਡੇ ਰੀਤੀ ਰਿਵਾਜ ਵੀ ਬਦਲ ਰਹੇ ਹਨ। ਇਸ ਬਦਲਾਉ ਨੂੰ ਕੋਈ ਬੰਨ੍ਹ ਜਾਂ ਰੋਕ ਨਹੀਂ ਸਕਿਆ। ਬਸ ਕਾਂਵਾਂ-ਰੌਲ਼ੀ ਈ ਪੈਂਦੀ ਰਹਿੰਦੀ ਹੈ। ਇਹ ਕਿਉਂ ਹੋ ਰਿਹਾ ਹੈ, ਆਹ ਹੋਣਾ ਚਾਹੀਦਾ ਹੈ, ਜਾਂ ਫਿਰ ਆਹ ਨਹੀਂ ਹੋਣਾ ਚਾਹੀਦਾ। ਜੋ ਅੱਜ ਹੈ ਉਹ ਕੱਲ੍ਹ ਨਹੀਂ ਸੀ ਅਤੇ ਕੱਲ੍ਹ ਨੂੰ ਵੀ ਨਹੀਂ ਹੋਵੇਗਾ। ਇਹ ਰੌਲ਼ੀ ਪਾਉਣ ਵਾਲੇ ਅਤੇ ਸੁਣਨ ਵਾਲੇ ਵੀ ਬਹੁਤੇ ਦੋਗਲੇ ਹੀ ਹਨ – ਹਿਪੋਕਰੇਟ !! ਆਪ ਪਰਦੇ ਉਹਲੇ ਉਹ ਕੁਛ ਕਰਦੇ ਹਨ ਜਿਸ ਤੋਂ ਦੂਸਰਿਆਂ ਨੂੰ ਵਰਜਦੇ ਹਨ। ਹਮਾਤੜਾਂ ਨੂੰ ਬੁਰਾ ਭਲਾ ਕਹਿੰਦੇ ਅਤੇ ਗਾਲਾਂ ਕੱਢਣ ਤੱਕ ਅੱਪੜ ਜਾਂਦੇ ਹਨ। ਸ਼ਾਦੀ ਵਿਆਹ ਬਾਬਤ ਆਏ ਬਦਲਾਓ ਉੱਪਰ ਜੇਕਰ ਸਰੋ ਸਰੀ ਜਿਹੀ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਕਿ ਦੂਸਰੇ ਰੀਤੀ ਰਿਵਾਜ਼ਾਂ ਵਾਂਗ ਹੀ ਇਸ ਉੱਪਰ ਵੀ ਸਮੇਂ ਦਾ ਗਹਿਰਾ ਪ੍ਰਭਾਵ ਪਿਆ ਹੈ। ਵਿਆਹ ਦੇ ਸੱਦੇ-ਕਾਰਡ, ਰਸਮਾਂ ਅਤੇ ਸ਼ਗਨਾਂ ਦੇ ਤੌਰ-ਤਰੀਕੇ, ਕੱਠ-ਮੱਠ, ਮੈਰਿਜ ਪੈਲੇਸਾਂ ਵਿੱਚ ਹੁੰਦੀਆਂ ਪਾਰਟੀਆਂ, ਗੀਤ-ਸੰਗੀਤ, ਆਰਕੈਸਟਰਾ ਤੇ ਡੀ ਜੇ ਦਾ ਖੌਰੂ, ਅਤੇ ਕਰਜ਼ਾਈ ਕਰਨ ਵਾਲੇ ਖ਼ਰਚੇ ਸਭ ਮਾਡਰਨ ਦੌਰ ਦੀ ਦੌੜ ਵਿੱਚ ਕਾਫੀ ਅੱਗੇ ਨਿਕਲ ਗਏ ਹਨ। ਪੁਰਾਣੇ ਸਮਿਆਂ ਦੌਰਾਨ ਸਧਾਰਨ ਵਿਆਹ ਕਾਰਜਾਂ ਵੇਲੇ ਕੱਚੇ ਘਰਾਂ ਦੇ ਕੱਚੇ ਵਿਹੜਿਆਂ ਵਿੱਚ ਬਣਾਈਆਂ ਹਲਵਾਈਆਂ ਦੀਆਂ ਭੱਠੀਆਂ ਜਾਂ ਪਿੰਡਾਂ ਵਿੱਚੋਂ ਮੰਜੇ ਬਿਸਤਰੇ ਇਕੱਠੇ ਕਰਨਾ ਹੁਣ ਫਿਲਮਾਂ ਵਿੱਚ ਹੀ ਮਾੜਾ ਮੋਟਾ ਦਿਖਾਈ ਦਿੰਦਾ ਹੈ। ਲੱਡੂ, ਬੂੰਦੀ, ਸੀਰਨੀ, ਸ਼ਕਰਪਾਰੇ, ਗੋਗਲੇ, ਬਦਾਨੇ, ਬਾਲੂ-ਸ਼ਾਹੀਆਂ, ਜਲੇਬੀਆਂ ਵਗੈਰਾ ਵੀ ਮਾਡਰਨ ਸਵੀਟਸ ਅਤੇ ਡਰਾਈ ਫਰੂਟ ਦੇ ਮੁਕਾਬਲੇ ਦਮ ਤੋੜ ਰਹੇ ਹਨ। ਕੁਝ ਕੁ ਸਮਾਂ ਪਹਿਲਾਂ ਕਿਤੇ ਪੜ੍ਹਿਆ ਸੀ.. ਬਰਾਤੀਆਂ ਨੇ ਕਿਤਾਬਾਂ ਖ਼ਰੀਦੀਆਂ?? ਕ੍ਰਪਿਟੋਕਰੰਸੀ ਦਾ ਸ਼ਗਨ? ਵਿਆਂਹਦੜ ਦੇ ਹੈਲੀਕੈਪਟਰ ਵਿੱਚ ਉੱਡ ਕੇ ਜਾਂ ਫਿਰ ਹਾਥੀ ਉੱਪਰ ਚੜ੍ਹ ਕੇ ਵਿਆਹ ਵਾਲਿਆਂ ਦੇ ਘਰ ਪਹੁੰਚਣ ਵਾਲੀਆਂ ਖ਼ਬਰਾਂ ਵਾਂਗ??… ਪਤਾ ਨਹੀਂ। ਸਮਾਂ ਬਦਲ ਰਿਹਾ ਹੈ ਪਰ ਫਿਰ ਵੀ ਓਪਰੀਆਂ ਜਿਹੀਆਂ ਅਤੇ ‘ਅਲਟਰਾ ਮਾਡਰਨ’ ਜਾਂ ‘ਜੱਗੋਂ-ਤੇਰ੍ਹਵੀਆਂ’ ਜਿਹੀਆਂ ਗੱਲਾਂ ਲੱਗੀਆਂ ਸਨ। ਤਿੰਨ ਦਹਾਕਿਆਂ ਤੋਂ ਉੱਪਰ ਅਮਰੀਕਾ ਰਹਿੰਦਿਆਂ ਮੈਨੂੰ ਮਹਿਸੂਸ ਹੋਇਆ ਕਿ ਸਾਡੇ ‘ਅਮਰੀਕਾ ਵਾਲੇ ਭੈਣ-ਭਾਈ ਅਤੇ ਰਿਸ਼ਤੇਦਾਰ ਅਜੇ ਇਸ ਅਲਟਰਾ ਮਾਡਰਨਾਈਜੇਸ਼ਨ… ਵਿੱਚ ਥੋੜ੍ਹਾ ਪਿੱਛੇ ਹੀ ਹਨ। ‘ਕਿਤਾਬਾਂ-ਕਤੂਬਾਂ’ ਦੇ ਸ਼ਗਨਾਂ ਨੂੰ ਤਾਂ ਛੱਡੋ, ਵਿਆਹ ਸਮੇਂ ਅਕਸਰ ਇੱਕ ਦੂਸਰੇ ਨੂੰ ਪੁੱਛਦੇ ਦੇਖੇ ਜਾਂ ਸੁਣੇ ਜਾ ਸਕਦੇ ਹਨ … ਸ਼ਗਨ ਦਾ ਕਿੱਦਾਂ ਕਰੀਏ? ਇਹਨਾਂ ਗੱਲਾਂ-ਬਾਤਾਂ ਅਤੇ ਸੋਚਾਂ ਵਿੱਚ ਗੁਆਚਿਆਂ ਮੈਨੂੰ ਦਹਾਕਿਆਂ ਪਹਿਲਾਂ ਵਾਪਰੀ ਇੱਕ ਰਲਦੀ ਮਿਲਦੀ ਜੱਗੋ ਤੇਰ੍ਹਵੀਂ ਜਿਹੀ ਸ਼ਗਨ ਦੀ ਘਟਨਾ / ਦੁਰਘਟਨਾ ਯਾਦ ਆ ਗਈ। ਸਿਆਲੂ ਰੁੱਤ ਦੀ ਸੀਤ ਲਹਿਰ ਵਾਲੇ ਦਿਨ ਸਾਡੇ ਸ਼ਹਿਰ ਦੇ ਗੁਰਦਵਾਰੇ ਵਿੱਚ ਇੱਕ ਰਿਸ਼ਤੇਦਾਰ ਦੀ ਕੁੜੀ ਦਾ ਵਿਆਹ ਸੀ। ਵਿਆਹ ਦੀਆਂ ਲਾਵਾਂ ਦੀ ਸਮਾਪਤੀ ਤੋਂ ਬਾਅਦ ‘ਸ਼ਗਨ’ ਪਾਉਣ ਦੀ ਰਸਮ ਦੀ ਅਨਾਊਂਸਮੈਂਟ ਹੁੰਦਿਆਂ ਹੀ ਸਭ ਪਤੀ-ਪਤਨੀਆਂ ਦੇ ਜੋੜੇ ਇੱਕ ਦੂਸਰੇ ਨੂੰ ਹੱਥ ਮਾਰ-ਮਾਰ ਕੇ ਜਾਂ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਅਤੇ .. ਏਧਰ ਆਓ.. ਓਧਰ ਜਾਓ.. ਦਾ ਰੌਲਾ ਰੱਪਾ ਪਾਉਂਦੇ ਹੋਏ ਸ਼ਗਨ ਵਾਲੀ ਵਲ਼ ਖਾਂਦੀ ਲੰਬੀ ਲਾਈਨ ਵਿੱਚ ਸ਼ਾਮਲ ਹੋ ਗਏ। ‘ਖ਼ਾਸ’ ਰਿਸ਼ਤੇਦਾਰੀ ਵਿੱਚ ਵਿਆਹ ਹੋਣ ਕਰਕੇ ਸਾਨੂੰ ਵੀ ‘ਖ਼ਾਸ ਹਦਾਇਤ’ ਹੋਈ ਕਿ ਸ਼ਗਨ ਵੇਲੇ ਵਿਆਂਹਦੜ ਜੋੜੀ ਦੇ ਪਿੱਛੇ ‘ਖੜ੍ਹੇ ਹੋ ਕੇ ਫੋਟੋ ਖਿਚਾਉਣੀ ਹੈ’। ਅਸੀਂ ਮੀਆਂ-ਬੀਵੀ ਦੋਵੇਂ ਜਣੇ ਵੀ ਇੱਕ ਵਧੀਆ ਮੂਵੀ ਦੇ ਪਹਿਲੇ ਸ਼ੋਅ ਦੀਆਂ ਟਿਕਟ ਲੈਣ ਵਾਂਗ ਲੱਗੀ ਹੋਈ ਲੰਮੀ, ਵਿੰਗੀ-ਟੇਢੀ ਅਤੇ ਧੱਕਮ-ਧੱਕੇ ਵਾਲੀ ਲਾਈਨ ਵਿੱਚ ਜਾ ਖੜ੍ਹੇ ਹੋਏ। ਇੱਕ ਤੇਜ਼-ਤਰਾਰ ‘ਸੁਪਰਸੋਨਿਕ ਜੋੜਾ’, ਲੋਕਾਂ ਦੇ ਪੈਰ ਮਿੱਧਦਾ ਹੋਇਆ ਸਾਡੇ ਬਿਲਕੁਲ ਅੱਗੇ ਆ ਕੇ ਮੱਲੋ-ਮੱਲੀ ਲਾਈਨ ਵਿੱਚ ਘੁਸੜ ਗਿਆ… ਇਹ ਕਹਿੰਦੇ ਹੋਏ, .. “ਆਹ… ਅਸੀਂ ਤਾਂ ਜੀ ਬਸ ‘ਮਾੜਾ ਜਿਹਾ ਸ਼ਗਨ’ ਈ ਪਾਉਣਾ ਹੈ..।” ਠੀਕ ਆ ਜੀ.. ਕਹਿ, ਮੈਂ ਆਪਣੀ ਸਾਥਣ ਨੂੰ ਪੁੱਛਿਆ,… “ਪਾਉਣਾ ਤਾਂ ਆਪਾਂ ਵੀ ‘ਮਾੜਾ ਜਿਹਾ ਸ਼ਗਨ’ ਈ ਆ… ਪਰ ਆਪਾਂ ਕਿਤੇ ਗਲਤ ਲਾਈਨ ‘ਚ ਤਾਂ ਨਹੀਂ ਖੜ੍ਹੇ ਹੋ ਗਏ??” ਹੀ.. ਹੀ… ਖੀ.. ਖੀ.. ਕਰਕੇ ਹੱਸਦਿਆਂ, ਕਰੀਮ ਕੋਟ-ਪੈਂਟ ਪਹਿਨੇ ਅਤੇ ਆਪਣੀ ਸਾਥਣ ਦੇ ਦੁਪੱਟੇ ਨਾਲ ਮੈਚਿੰਗ ਕਰਦੀ ਗੁਲਾਬੀ ਟਾਈ ਵਾਲੇ ਇਹ ਸਰਦਾਰ ਜੀ ਬੋਲੇ,… ਨਹੀਂ ਜੀ… ਨਹੀਂ ਜੀ… ਐਹੀ ਲਾਈਨ ਆ…!! ਬਸ ਹੁਣੇ ਈ ਵਾਰੀ ਆ ਜਾਣੀ ਆ… ਤੁਹਾਡੀ ਵੀ!! ਕਮਾਲ ਦੇ ਭਾਈ ਸਾਹਿਬ ਜੋ ਸਾਡੇ ਤੋਂ ਮਗਰੋਂ ਆ ਕੇ, ਸਾਡੇ ‘ਅੱਗੇ’ ਜ਼ਬਰਦਸਤੀ ਲਾਈਨ ਵਿੱਚ ਘੁਸ ਕੇ, ਸਾਨੂੰ ਸਾਡੀ ਹੀ ਵਾਰੀ ਜਲਦੀ ਆਉਣ ਦਾ ਹੌਸਲਾ ਦੇ ਰਹੇ ਸਨ!! ’ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ’ ਦੇ ਕਹਿਣ-ਸੁਣਨ ਵਾਂਗ ਅਸੀਂ ਆਪਣੇ-ਆਪ ਨੂੰ ਪਿਛਾਂਹ ਵੱਲ ਨੂੰ ਖਿੱਚ ਕੇ ਆਪਣਾ ਅਤੇ ਆਪਣੇ ਪੈਰਾਂ ਦਾ ਆਪ ਈ ਬਚਾ ਕੀਤਾ! ਲਾਈਨ ਵਿੱਚ ਖੜ੍ਹਿਆਂ ਉਸ ਭਾਈ ਸਾਹਿਬ ਨੇ ਆਪਣੇ ਕੋਟ ਦੀ ਸੱਜੀ ਜੇਬ ਵਿੱਚ ਸੱਜਾ ਹੱਥ ਪਾ ਕੇ ਸ਼ਗਨ ਵਾਲਾ ਚਿੱਟਾ ਲਿਫ਼ਾਫ਼ਾ ਕੱਢਿਆ। ਫਿਰ ਪੁੱਠਾ-ਸਿੱਧਾ ਕਰਕੇ ਦੇਖਿਆ ਕਿ ਲਿਫ਼ਾਫ਼ੇ ਉੱਪਰ ਕੋਈ ਵਧਾਈਆਂ, ਸ਼ੁੱਭ-ਕਾਮਨਾਵਾਂ, ਜਾਂ ਉਸ ਆਪਣਾ ਨਾਮ ਤਾਂ ਲਿਖਿਆ ਈ ਨਹੀਂ…ਸੀ!! ਘਰਵਾਲੀ ਨੂੰ ਕਹਿਣ ਲੱਗਾ, ਘਰੋਂ ਕਾਹਲੀ-ਕਾਹਲੀ ‘ਚ ਨਾਂ ਲਿਖਣ ਦਾ ਤਾਂ ਚੇਤਾ ਈ ਭੁੱਲ ਗਿਆ…! ਉਹ ਅੱਗਿਓਂ ਬੋਲੀ, ਹੈਂਅ!! … ਇਹ ਕਹਿ ਕੇ ਉਸਨੇ ਆਪਣੇ ਕੋਟ ਦੀ ਉਪਰਲੀ ਖੱਬੀ ਜੇਬ ਵਿੱਚ ਟੰਗਿਆ ਪੈੱਨ ਲਾਹਿਆ। ਸ਼ਗਨ ਦੀ ਲੰਬੀ ਲਾਈਨ ਅਤੇ ਅੱਗੇ ਪਿੱਛੇ ਹੋ ਰਹੀ ਹਿੱਲਜੁਲ ਦੇ ਦਰਮਿਆਨ ਹੀ ਉਸ ਨੇ ਦੂਹਰੇ ਹੋ ਗਏ ਸ਼ਗਨ ਵਾਲੇ ਲਿਫ਼ਾਫ਼ੇ ਨੂੰ ਸਿੱਧਾ ਕੀਤਾ। ਪੈੱਨ ਨਾਲ ਲਿਖਣ ਦੀ ਕੋਸ਼ਿਸ਼ ਕੀਤੀ ਪਰ ਲੱਗਿਆ ਕਿ ਚਿਰ ਤੋਂ ਨਾ ਵਰਤਿਆ ਹੋਣ ਕਰਕੇ ਪੈੱਨ ਅੜ ਗਿਆ, ਜੁਆਬ ਦੇ ਗਿਆ। ਲਿਫ਼ਾਫ਼ਾ ਖਰਾਬ ਹੋਣ ਦੇ ਡਰੋਂ ਉਹਨੇ ਆਪਣੇ ਖੱਬੇ ਹੱਥ ਦੀ ਹਥੇਲੀ ਉੱਪਰ ਹੀ ਪੈੱਨ ਨੂੰ ਵਾਰ-ਵਾਰ ‘ਚਲਾ ਚਲਾ ਕੇ’ ਦੇਖਿਆ, ਪਰ ਪੈੱਨ ਨਾ ਮੰਨਿਆ। ਕੀ ਪਤਾ ਭਾਈ ਸਾਹਿਬ ਨੇ ਇਹ ਪੈੱਨ ਪਹਿਲਾਂ ਕਦੋਂ ਵਰਤਿਆ ਹੋਵੇਗਾ? ਪੈੱਨ ਕੋਈ ‘ਪਾਰਕਰ, ਸ਼ੈੱਫ਼ਰ, ਐਵਰਸ਼ਾਰਪ, ਬਲੈਕ-ਬਰਡ, ਸੈਨਿਟਰ, ਪੈਲੀਕਨ’ ਵਗੈਰਾ ਜਾਂ ‘ਡੋਕੇ ਵਾਲੀ ਸਿਆਹੀ’ ਵਾਲਾ ਵੀ ਨਹੀਂ ਲਗਦਾ ਸੀ, ਪਰ ਸ਼ਾਇਦ ਜੈੱਲ ਦੀ ਸਿਆਹੀ ਭਰਿਆ ਪੈੱਨ ਸੀ… ਜੋ ਕਿਸੇ ਕਾਰਨ ਐਨ ਮੌਕੇ ਤੇ ਅੜ ਗਿਆ। ਚਲੋ.. ਬਈ… ਅੱਗੇ ਚਲੋ ਹੁਣ! ਤੁਰੋ ਵੀ ਜੀ… ਹੁਣ! ਚਲੋ ਅੱਗੇ ਹੋਵੋ, ਜੀ.. ਦੀਆਂ ਅਵਾਜ਼ਾਂ ਲਾਈਨ ਦੇ ਪਿਛਲੇ ਪਾਸਿਓਂ ਆ ਰਹੀਆਂ ਸਨ। ਪਰ ਇਸ ਭਾਈ ਸਾਹਿਬ ਦਾ ਅੜਬ ਪੈੱਨ ਨਾਲ ਪੇਚਾ ਪੈ ਗਿਆ ਸੀ…। ਪੈੱਨ ਉਧਾਰਾ ਮੰਗਣ ਲਈ ਉਹਨੇ ਮੈਨੂੰ ‘ਤਾੜਿਆ’। ਮੇਰੇ ਕੋਟ ਦੀ ਉਪਰਲੀ ਖੱਬੀ ਜੇਬ ਵਿੱਚ ਕੋਈ ਲਟਕਦਾ ਪੈੱਨ ਨਾ ਦਿਸਣ ਕਾਰਨ ਉਸਨੇ ਪੁੱਛਿਆ,… ਪੈੱਨ ਹੈ ਨਹੀਂ, ਤੁਹਾਡੇ ਕੋਲ?? ਉਹਦਾ ਮੂਡ ‘ਰਵਾਂ ਕਰਨ ਲਈ ਮੈਂ ਕਿਹਾ,… ਪੈੱਨ.. ਤਾਂ.. ਜੀ… ਪੜ੍ਹਿਆਂ ਲਿਖਿਆਂ ਦੀਆਂ ਜੇਬਾਂ ਵਿੱਚ ਹੁੰਦੇ ਹਨ.. ਮੇਰੇ ਵਰਗੇ ਕੋਲ ਪੈੱਨ ਦਾ ਕੀ ਕੰਮ? ਮੇਰੇ ਕੋਲ ਪੈੱਨ ਨਾ ਹੋਣ ਦਾ ਇਹ ਗੋਲ-ਮੋਲ, ਬੇਅਰਥ ਅਤੇ ਵਿਅਰਥ ਜਿਹਾ ਜਵਾਬ ਸੁਣ ਕੇ ਉਹਦੀ ਘਰ ਵਾਲੀ ਉਹਦੇ ਮੂੰਹ ਵੱਲ ਨੂੰ ਮੂੰਹ ਕਰ ਕੇ ਬੋਲੀ,… ਲਿਆਉ ਜੀ… ਫੜਾਉ ਪੈੱਨ, ਮੈਨੂੰ!! ਕੀ ਗੱਲ? ਇਹ ਚਲਦਾ ਕਾਹਤੋਂ ਨਹੀਂ?? ਬਿਲਕੁਲ ਮੂਹਰੇ ਖੜ੍ਹੀ ਨੇ ਪੈੱਨ ਨੂੰ ਜ਼ੋਰ ਨਾਲ ਝਟਕਿਆ… ਤੇ ਫਿਰ ਲਿਖਣ ਦੀ ਕੋਸ਼ਿਸ਼ ਕੀਤੀ। ਪਰ ਪੈੱਨ ਫੇਰ ਵੀ ਨਹੀਂ ਚੱਲਿਆ। ਪੂਰੇ ਜ਼ੋਰ ਨਾਲ ਦੁਬਾਰਾ ਝਟਕਿਆ… ਤੇ ਫਿਰ ਆਪ ਮੁਹਾਰੇ ਬੋਲ ਪਈ… “ਉਹ… ਤੁਹਾਡੀ!! … ਆਹ ਕੀ ਹੋਇਆ?” ਪੈੱਨ ਦੀ ਨੀਲੀ ਸਿਆਹੀ ਨੇ ਸਰਦਾਰ ਜੀ ਦੇ ਕਰੀਮ ਕੋਟ ਉੱਪਰ ਵੱਡੇ-ਛੋਟੇ ਨੀਲੇ ਰੰਗ ਦੇ ਛਿੱਟੇ ਪਾ ਦਿੱਤੇ… ਜੋ ਇੰਜ ਜਾਪਦੇ ਸਨ.. ਜਿਵੇਂ ਚਾਨਣੀ ਰਾਤ ਨੂੰ ਖੁੱਲ੍ਹੇ ਅਸਮਾਨ ਵਿੱਚ ‘ਖਿੱਤੀਆਂ ਦੇ ਤਾਰੇ’ ਹੋਣ – ਸਿਰਫ ਰੰਗ ਹੀ ਉਲਟਾ – ਕਰੀਮ ਰੰਗ ਉੱਪਰ ਨੀਲੇ ਜਿਹੇ ਤਾਰੇ..। ਇਸ ਘਟਨਾ ਜਾਂ ਦੁਰਘਟਨਾ ਨਾਲ ਲਾਈਨ ਵਿੱਚ ਅੱਗੇ ਪਿੱਛੇ ਅਤੇ ਕੋਲ ਖੜ੍ਹੇ ਲੋਕਾਂ ਅਤੇ ਖ਼ਾਸ ਕਰਕੇ ਜ਼ਨਾਨੀਆਂ ਦੇ ‘ਬੂਟੀਕ’ ਵਾਲੇ ਸੂਟ ਵਾਹਿਗੁਰੂ ਦੀ ਮਿਹਰ ਨਾਲ ਬਚ ਗਏ.. ਨਹੀ ਤਾਂ… ਹੋਰ ਈ ਲੰਮਾ ਚੌੜਾ ਰੱਪੜ ਪੈ ਜਾਣਾ ਸੀ..। ਕੋਟ ਖਰਾਬ ਹੋ ਜਾਣ ਦਾ ਗੁੱਸਾ ਤਾਂ ਸਰਦਾਰ ਜੀ ਨੂੰ ਵੀ ਬਹੁਤ ਆਇਆ… ਪਰ ਇੰਜ ਲੱਗਿਆ ਕਿ ਉਹਦੀ ਐੰਗਰ ਮੈਨੇਜਮੈਂਟ ਦੀ ਟ੍ਰੇਨਿੰਗ ਵੇਲੇ ਸਿਰ ਕੰਮ ਆ ਗਈ… ਕਮਾਲ ਕਰ ਗਈ,.. ਤੇ ਉਹ ਗੁੱਸਾ ਪਾਣੀ ਵਾਂਗ ਪੀਅ ਗਿਆ..। ਸਿਰਫ ਐਨਾ ਈ ਬੋਲਿਆ,… “ਲੱਗਦਾ ਇਹ ਤਾਂ ਹੁਣ ਡਰਾਈ ਕਲੀਨ ਨਾਲ ਵੀ.. ਨਹੀਂ ਸਾਫ ਹੋਣਾ…।” ਉਦਾਸ ਮਨ ਨਾਲ ਉਸ ਨੇ ਫੋਟੋ ਵੀ ਵਿੰਗੇ ਟੇਢੇ ਜਿਹੇ ਹੁੰਦਿਆਂ ਖਿਚਾ ਲਈ.. ਤਾਂ ਕਿ ਸਿਆਹੀ ਦੇ ਛਿੱਟਿਆਂ ਵਾਲਾ ਹਿੱਸਾ ‘ਕੈਮਰੇ ਨੂੰ ਦਿਸੇ’ ਹੀ ਨਾ…। ਫੋਟੋ ਤੋਂ ਬਾਅਦ, ਉਸ ਨੇ ਕੋਟ ਨੂੰ ਲਾਹ ਕੇ ਬਾਂਹ ਉੱਪਰ ਟੰਗ ਲਿਆ… ਭਰ ਸਰਦੀ ਵਿੱਚ ਹੀ…। ਛੋਟੇ ਜਿਹੇ ਸ਼ਹਿਰ ਵਿੱਚ ਰਹਿੰਦਿਆਂ ਹੋਇਆਂ ਉਸ ਇਨਸਾਨ ਦੇ ਦਰਸ਼ਨ ਹੁਣ ਵੀ ਅਕਸਰ ਹੁੰਦੇ ਰਹਿੰਦੇ ਹਨ। ਇੱਕ ਦਿਨ ਮੈਂ ਅਤੇ ਘਰਵਾਲੀ ਆਪਣੇ ਕੁੱਤੇ ਨੂੰ ਨਾਲ ਲੈ ਕੇ ਸੈਰ ਕਰ ਰਹੇ ਸੀ ਤਾਂ ਅਚਾਨਕ ਇੱਕ ਤੇਜ਼ ਕਾਰ ਸਾਡੇ ਕੋਲ ਆ ਕੇ ਰੁਕ ਗਈ… ਕਾਰ ਦੀ ਤਾਕੀ ਦੇ ਖੁੱਲ੍ਹੇ ਸ਼ੀਸ਼ੇ ਵਿੱਚੋਂ ‘ਪੂਰੀ ਬਾਂਹ ਅਤੇ ਅੱਧਾ ਸਿਰ’ ਬਾਹਰ ਨੂੰ ਕੱਢ ਕੇ ਬੰਦਾ ਮੈਨੂੰ ਪੁੱਛਦਾ,… ਐਥੇ… ਛੋਟਾ ਜਿਹਾ.. ‘ਕਾਲੇ ਰੰਗ ਦਾ ਕੁੱਤਾ’ ਤਾਂ ਨਹੀਂ ਦੇਖਿਆ?? ਉਹਦੇ ਗਲ਼ ਵਿੱਚ ‘ਪੈੱਨ’ ਨਾਲ ਲਿਖਿਆ ਨਾਂਅ, ਫੋਨ, ਜਾਂ ਐਡਰੈਸ.. ਹੈ ਨਹੀਂ ਜੀ??, ਮੈਂ ਪੁੱਛਿਆ। ਗੋਲ-ਮੋਲ ਅਤੇ ਫਜ਼ੂਲ ਜਿਹਾ ਸਵਾਲ ਸੁਣ ਕੇ, ਬਿਨਾ ਕੁਝ ਬੋਲਿਆਂ ਹੀ, ਉਹ ਕਾਰ ਦੀ ਰੇਸ ਦਬਾ ਕੇ ਆਪਣਾ ਗੁਆਚਾ ਹੋਇਆ ਕਾਲਾ ਕੁੱਤਾ ਲੱਭਣ ਚਲਾ ਗਿਆ…। ਘਰਵਾਲੀ ਬੋਲੀ,… ਇਹ ਉਹੀ “ਸ਼ਗਨਾਂ ਦੇ ਲਿਫ਼ਾਫ਼ੇ” ਵਾਲਾ ਬੰਦਾ ਨਹੀਂ ਸੀ,… ਭਲਾ?? ਬੜੀ ਕੋਸ਼ਿਸ਼ ਨਾਲ ਭੁਲਾਉਂਦਿਆਂ ਵੀ ਇਸ ਸੱਜਣ ਦਾ ਸ਼ਰਾਰਤੀ ਪੈੱਨ, ਸ਼ਗਨ ਵਾਲਾ ਲਿਫ਼ਾਫ਼ਾ, ਅਤੇ ਨੀਲੇ ਤਾਰਿਆਂ ਵਾਲਾ ਕਰੀਮ ਕੋਟ ਨਹੀਂ ਭੁੱਲਦਾ!! ਤੇਜ਼ ਤਰਾਰ ਅਤੇ ਚਨੌਤੀਆਂ ਭਰਪੂਰ ਜ਼ਿੰਦਗੀ ਵਿੱਚ ਵਾਪਰਦੀਆਂ ਇਹ ਨਿੱਕੀਆਂ-ਨਿੱਕੀਆਂ ਘਟਨਾਵਾਂ ਅਤੇ ਯਾਦਾਂ ਸਾਨੂੰ ਚੱਲਦਾ ਰੱਖਦੀਆਂ ਹਨ। ਬਾਕੀ ਤਾਂ ਐਵੇਂ ਰੌਲਾ-ਰੱਪਾ ਹੀ ਹੈ। ਸੁੱਕੀ ਹੋਈ ਰੇਤ ਨੇ ਵਗਦੀ ਹੋਈ ਵਾਅ ਨੇ ਖਿੜੇ ਹੋਏ ਫੁੱਲ ਨੇ ਪਰ ਸੱਚ ਇਹ ਵੀ ਹੈ ਕਿ ਇਹ ਦੁਨੀਆ ਤਾਂ ਕੱਲ੍ਹ ਵੀ ਚਲਦੀ ਸੀ, ਅੱਜ ਵੀ ਚਲਦੀ ਹੈ, ਤੇ ਕੱਲ੍ਹ ਨੂੰ ਵੀ ਪੱਕਾ ਚੱਲਦੀ ਹੀ ਰਹੇਗੀ – ਬਗੈਰ ਕਿਸੇ ਦੀ ਉਡੀਕ ਕੀਤਿਆਂ!! ਕੱਲ੍ਹ… ਅੱਜ… ਕੱਲ੍ਹ… ਅੱਜ… ਕੱਲ੍ਹ… ਅੱਜ… ਜ਼ਿੰਦਗੀ ਜ਼ਿੰਦਾਬਾਦ ॥ |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸ਼ਗਨਾਂ ਵਾਲਾ ਲਿਫ਼ਾਫ਼ਾ… ਡਾ. ਕੁਲਵਿੰਦਰ ਸਿੰਘ ਬਾਠ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by 