ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ੍ਹ ਨੂੰ ਹੋਰ…
ਇਨਸਾਨ ਦੀ ਜ਼ਿੰਦਗੀ ਕਈ ਪੜਾਵਾਂ ਵਿੱਚੋਂ ਗੁਜ਼ਰਦੀ ਹੋਈ ਅੱਗੇ ਤੁਰਦੀ ਰਹਿੰਦੀ ਹੈ। ਹਰ ਪੜਾਅ ਦਾ ਆਪਣਾ ਹੀ ਰੰਗ-ਰੂਪ ਹੁੰਦਾ ਹੈ। ਜਨਮ ਤੋਂ ਸ਼ੁਰੂ ਹੋਇਆ ਜੀਵਨ ਚੱਕਰ ਬਚਪਨ, ਜਵਾਨੀ, ਅਤੇ ਬੁਢਾਪੇ ਦੀਆਂ ਦਹਿਲੀਜ਼ਾਂ ਵਿੱਚ ਦੀ ਹੁੰਦਾ ਹੋਇਆ ‘ਭੌਰ ਉਡਾਰੀ ਮਾਰਨ’ ਨਾਲ ਪੂਰਾ ਹੋ ਜਾਂਦਾ ਹੈ। ਜਵਾਨੀ ਅਤੇ ਵਿਦਿਆਰਥੀ ਜੀਵਨ ਇਨਸਾਨ ਦੀ ਜ਼ਿੰਦਗੀ ਦੇ ਮਹੱਤਵਪੂਰਨ ਦੌਰ ਹੁੰਦੇ ਹਨ। ਜੀਵਨ ਦੇ ਇਹ ਕਲਪਨਾ, ਉਤਸ਼ਾਹ, ਜਨੂਨ, ਜੋਸ਼ ਅਤੇ ਧੜਕਣਾ ਨਾਲ ਭਰਪੂਰ ਦਿਨ ਸਾਡੇ ਅਗਲੇ ਪੜਾਅ ਦੀ ਬੁਨਿਆਦ ਬਣਦੇ ਹਨ। ਅਸਮਾਨ ਤੋਂ ਤਾਰੇ ਤੋੜਨ ਦੀ ਕਲਪਨਾ ਜਾਂ ਦਾਅਵਿਆਂ ਦਾ ਸਮਾਂ ਵੀ ਇਹੀ ਗਿਣਿਆ ਗਿਆ ਹੈ। ਕਾਲਜ ਜਾਂ ਯੂਨੀਵਰਸਿਟੀ ਦਾ ਸਮਾਂ ਤਾਂ ਹੋਰ ਵੀ ਮਹੱਤਵਪੂਰਨ ਕਿਹਾ ਜਾ ਸਕਦਾ ਹੈ। ਇਸ ਵਕਤ ਦੌਰਾਨ ਜ਼ਿੰਦਗੀ ਦੀ ਉੱਚੀ-ਲੰਮੀ ਪਰਵਾਜ਼ ਭਰਨ ਦੇ ਸੁਪਨੇ ਬੁਣੇ ਜਾਂਦੇ ਨੇ। ਕੁੱਝ ਚੰਗੇ ਦੋਸਤ, ਕਰੀਬੀ ਸਾਥੀ ਜਾਂ ਫਿਰ ਜੀਵਨ ਸਾਥੀ ਵੀ ਬਣ ਜਾਂਦੇ ਨੇ।
ਕੁਝ ਕੁ ਸਮਾਂ ਪਹਿਲਾਂ, ਕੈਲੀਫ਼ੋਰਨੀਆ ਦੇ ਇੱਕ ਮਾਲ ਵਿੱਚ ਕਾਊਂਟਰ ‘ਤੇ ਪੈਸੇ ਦੇ ਕੇ ਵਾਪਸ ਮੁੜਿਆ ਤਾਂ ਲਾਈਨ ਕੋਲੋਂ ਲੰਘਦਿਆਂ ਇੱਕ ਚਿਹਰਾ ਕੁਝ ਧੁੰਦਲਾ, ਪਰ ਜਾਣਿਆ-ਪਛਾਣਿਆ ਜਿਹਾ ਲੱਗਿਆ। ਅੱਖਾਂ ਨਾਲ ਅੱਖਾਂ ਤਾਂ ਮਿਲੀਆਂ, ਪਰ ਮੈਂ ਆਪਣੀ ਚਾਲੇ ਵਾਪਸ ਜਾਂਦਾ ਸੋਚਾਂ ਅਤੇ ਖ਼ਿਆਲਾਂ ਵਿੱਚ ਗੁਆਚ ਜਾਂਦਾ ਹਾਂ ਅਤੇ ਖ਼ੁਦ ਨਾਲ਼ ਹੀ ਗੱਲੀਂ ਪੈ ਜਾਂਦਾ ਹਾਂ,… “ਨਹੀਂ… ਨਹੀਂ… ਨਹੀਂ… ਏਦਾਂ ਕਿਵੇਂ ਹੋ ਸਕਦਾ ਹੈ? ਦੇਸ ਤੋਂ ਹਜ਼ਾਰਾਂ ਮੀਲ ਦੂਰ, ਸੱਤ ਸਮੁੰਦਰ ਪਾਰ!!.. ਨਹੀਂ.. ਨਹੀਂ…। ਪਰ ਯਾਰ, ਇਹ ਚਿਹਰਾ?… ਮੇਰੇ ਮਨ ਵਿੱਚ ਉੱਕਰੇ ਕਿਸੇ ਚਿਹਰੇ ਨਾਲ ਮਿਲਦਾ ਜੁਲਦਾ ਕਿਉਂ ਹੈ? ਖ਼ੈਰ,… ਛੱਡ ਪਰਾਂ…, ਇਹ ਐਵੇਂ ਵਹਿਮ ਈ ਆ… ਅਤੇ ਵਹਿਮ ਦਾ ਕਿਹੜਾ ਇਲਾਜ ਹੁੰਦਾ? ਓਹ ਮੇਰੇ ਮਨਾ ਕਿਉਂ ਤੂੰ ਐਵੇਂ ਦਿਨੇ ਈ ਸੁਪਨੇ ਲੈਂਦਾ ਰਹਿੰਦਾ ਹੈਂ?” ਇਹਨਾਂ ਭੰਬਲ਼ਭੂਸਿਆਂ ਵਿੱਚ ਗੁਆਚਾ ਜਦੋਂ ਸਟੋਰ ਦਾ ਬਾਹਰਲਾ ਦਰਵਾਜ਼ਾ ਪਾਰ ਕਰਨ ਲੱਗਾ ਤਾਂ ਅਚਾਨਕ ਮੇਰਾ ਨਾਂਅ ਲੈਂਦਿਆਂ ਪਿਛਿਓਂ ਜਾਣੀ ਪਛਾਣੀ ਜਿਹੀ ਆਵਾਜ਼ ਕੰਨੀਂ ਪਈ…। ਮੇਰਾ ‘ਚੁੱਪ’ ਮਨ ਫੇਰ ਬੋਲਿਆ,…“ਲਓ ਕਰ ਲਓ ਗੱਲ!! ਇੱਕ ਹੋਰ ਵਹਿਮ ਹੁਣ ‘ਅਵਾਜ਼ ਬਣ ਕੇ’ ਆ ਗਿਆ!” ਇਹ ਸੋਚਦਿਆਂ ਹੋਇਆਂ ਵੀ ਅਚਾਨਕ ਮੇਰਾ ਚਿਹਰਾ ਖ਼ੁਦ ਬ ਖ਼ੁਦ ਉਸ ਆਵਾਜ਼ ਵੱਲ ਨੂੰ ਘੁੰਮ ਗਿਆ… । ਦਹਾਕਿਆਂ ਪਹਿਲਾਂ ਦੀ “ਹਰਜੀਤ” ਨੂੰ ਆਪਣੀਆਂ ਜਾਗਦੀਆਂ ਤੇ ਖੁੱਲ੍ਹੀਆਂ ਅੱਖਾਂ ਮੂਹਰੇ ਦੇਖ ਕੇ ਯਕੀਨ ਹੋ ਗਿਆ ਕਿ ਸਾਰੇ ਵਹਿਮ ਖ਼ਾਲੀ ਵਹਿਮ ਨਹੀਂ ਹੁੰਦੇ ਅਤੇ ਕੁਝ ਸੁਪਨੇ ਸੱਚੇ ਵੀ ਹੋ ਸਕਦੇ ਹਨ!!
‘ਤੁਸੀਂ-ਤੁਸੀਂ’ ਦੀ ਲਿਆਕਤ ਵਾਲੀ ਆਪਸੀ ਗੱਲ-ਬਾਤ ਤੋਂ ਸ਼ੁਰੂ ਹੋਈ ਗੱਲ ਦਹਾਕਿਆਂ ਪਹਿਲਾਂ ਯੂਨੀਵਰਸਿਟੀ ਦੇ ਸਮੇਂ ਦੀ ਬੇਪ੍ਰਵਾਹ ‘ਤੂੰ-ਤੂੰ, ਮੈਂ-ਮੈਂ’ ਵਾਲੀ ਬੋਲੀ ਵੱਲ ਖਿਸਕ ਗਈ। ਅਮਰੀਕਾ ਦਾ ਲੰਮਾ-ਚੌੜਾ ਮਾਲ ਮੈਨੂੰ ਯੂਨੀਵਰਸਿਟੀ ਜਾਪਣ ਲੱਗ ਗਿਆ ਅਤੇ ਪੁਰਾਣੇ ਸਮਿਆਂ ਅਤੇ ਪੁਰਾਣੇ ਦੋਸਤਾਂ ਨੂੰ ਯਾਦ ਕਰਦਿਆਂ ਮੇਰੀ ਰੂਹ ਪਲ ਦੀ ਪਲ ਧੁਰ ਅੰਦਰੋਂ ਖਿੜ ਗਈ!!
ਜਸਵਿੰਦਰ, ਹਰਜੀਤ ਅਤੇ ਮੈਂ ਕਦੇ ਇਕੱਠੇ ਇੱਕ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਦੇ ਸਾਂ। ਜਸਵਿੰਦਰ ਮਾਈਕਰੋਬਾਇਉਲੋਜੀ ਡਿਪਾਰਟਮੈਂਟ ਵਿੱਚ ਅਤੇ ਹਰਜੀਤ ਕੈਮਿਸਟਰੀ ਡਿਪਾਰਟਮੈਂਟ ਵਿੱਚ ਪੜ੍ਹਦੀ ਸੀ। ਉਹ ਦੋਨੋ ਮੇਰੇ ਤੋਂ ਸੀਨੀਅਰ ਸਟੂਡੈਂਟ ਸਨ ਅਤੇ ਪੀ ਐਚ ਡੀ ਦੇ ਆਖਰੀ ਵਰ੍ਹਿਆਂ ਵਿੱਚ ਸਨ। ਜਸਵਿੰਦਰ ਮੇਰਾ ਚੰਗਾ ਦੋਸਤ ਬਣ ਗਿਆ ਅਤੇ ਹਰਜੀਤ ਵਰ੍ਹਿਆਂ ਤੋਂ ਹੀ ਉਸ ਦੀ ਗੁੜ੍ਹੀ ਤੋਂ ਵੀ ਗੂੜ੍ਹੀ ਦੋਸਤ ਸੀ। ਉਹ ਪੜ੍ਹਾਈ ਪੂਰੀ ਕਰਨ ਬਾਅਦ ਇਸ ‘ਦੋਸਤੀ’ ਨੂੰ ‘ਜੀਵਨ ਸਾਥੀ’ ਦੇ ਰਿਸ਼ਤੇ ਵਿੱਚ ਬਦਲਣ ਦੇ ਸੁਪਨੇ ਬੁਣ ਰਹੇ ਸਨ। ਦੋਨੋ ਮੇਰੇ ਨਾਲ਼ ਆਪਣੇ ਢਿੱਡ ਅਤੇ ਦਿਲ ਦੀਆਂ ਗੱਲਾਂ ਬੇਝਿਜਕ ਹੀ ਕਰ ਲੈਂਦੇ ਸਨ। ਦੋਹਾਂ ਨੂੰ ਖੁਸ਼ ਦੇਖਦਿਆਂ ਮੇਰਾ ਮਨ ਖੁਸ਼ ਹੋ ਜਾਂਦਾ ਸੀ। ਭਾਵੇਂ ਜਸਵਿੰਦਰ ਦਾ ਹੋਸਟਲ ਵਿੱਚ ਅਲੱਗ ਕਮਰਾ ਸੀ ਪਰ ਉਹ ਅਕਸਰ ਮੇਰੇ ਕੋਲ ਬੈਠ ਗੱਲਾਂ-ਬਾਤਾਂ ਮਾਰਦਾ ਰਹਿੰਦਾ। ਦੋਨੋ ਸਮਝਦਾਰ, ਸਹਿਜ ਬਿਰਤੀ ਵਾਲੀਆਂ ਮੁਹੱਬਤੀ ਰੂਹਾਂ ਲੱਗਦੀਆਂ। ਸਮਾਂ ਬੀਤਦਿਆਂ ਹਰਜੀਤ ਦੀ ਪੀ ਐਚ ਡੀ ਖ਼ਤਮ ਹੋ ਗਈ ਅਤੇ ਜਸਵਿੰਦਰ ਖ਼ਤਮ ਕਰ ਰਿਹਾ ਸੀ। ਦੋਨੋ ਬਹੁਤ ਖੁਸ਼ ਸਨ ਆਪਣੀ ਜ਼ਿੰਦਗੀ ਦੀ ਨਵੀਂ ਪਰਵਾਜ਼ ਭਰਨ ਲਈ।
ਆ… ਦੋਸਤ
ਆ ਮੇਰੇ ਹਮਸਫ਼ਰ…
ਮਨ ਦੀਆਂ ਹਲਚਲਾਂ ਦੇ ਸੰਗ
ਮਨ ਦੇ ਵਲਵਲਿਆਂ ਦੇ ਸੰਗ
ਅਨੁਭਵਾਂ ਅਹਿਸਾਸਾਂ ਦੇ ਸੰਗ
ਮਨ ਦੇ ਰੰਗਾਂ-ਤਰੰਗਾਂ ਦੇ ਸੰਗ
ਮਨ ਦੇ ਚਾਵਾਂ-ਭਾਵਾਂ ਦੇ ਸੰਗ…
ਆ ਅੰਬਰੀਂ ਪਰਵਾਜ਼ ਭਰੀਏ!!
ਮਨ ਦੇ ਸੁਪਨਿਆਂ ਨੂੰ ਸੰਗ ਲੈ
ਮਨ ਦੇ ਖ਼ਿਆਲਾਂ ਨੂੰ ਸੰਗ ਲੈ
ਖੁਸ਼ੀਆਂ ਗ਼ਮੀਆਂ ਨੂੰ ਸੰਗ ਲੈ
ਮਨ ਦੀਆਂ ਛਾਵਾਂ ਨੂੰ ਸੰਗ ਲੈ
ਮਨ ਦੀਆਂ ਧੁੱਪਾਂ ਨੂੰ ਸੰਗ ਲੈ…
ਆ ਦੋਸਤ…
ਆ ਮੇਰੇ ਹਮਸਫ਼ਰ…
ਆ ਅੰਬਰੀਂ ਪਰਵਾਜ਼ ਭਰੀਏ!!
ਹਰਜੀਤ ਆਪਣਾ ਸਮਾਨ ਸਮੇਟ ਕੇ ਘਰ ਜਾਣ ਦੀ ਤਿਆਰੀ ਕਰ ਰਹੀ ਸੀ।
ਉਸ ਦਾ ਮਨ ਅਜੇ ਯੂਨੀਵਰਸਿਟੀ ਤੋਂ ਭਰਿਆ ਨਹੀਂ ਸੀ, ਪਰ ਡਿਗਰੀ ਪੂਰੀ ਹੋ ਗਈ… । ਉਸ ਨੂੰ ਲੱਗਾ ਜਿਵੇਂ…
ਗੱਲ ਮੁਕੀ ਨਾ ਸੱਜਣ ਨਾਲ ਮੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈ..
ਨਾ ਚਾਹੁੰਦਿਆਂ ਵੀ ਉਹ ਆਪਣੇ ਘਰ ਚਲੇ ਗਈ। ਉਸ ਦੇ ਘਰ ਵਾਲੇ ਬਹੁਤ ਖੁਸ਼ ਸਨ ਕਿ ਉਹਨਾਂ ਦੀ ਲਾਡਲੀ ਨੇ ਪੜ੍ਹਾਈ ਦੀ ਟੀਸੀ ਸਰ ਕਰ ਲਈ ਹੈ। ਜਸਵਿੰਦਰ ਨੇ ਵੀ ਆਪਣਾ ਪ੍ਰੌਜੈਕਟ ਸਮੇਟਣਾ ਸ਼ੁਰੂ ਕਰ ਦਿੱਤਾ। ਮਹੀਨੇ ਕੁ ਬਾਅਦ ਜਦ ਉਹ ਆਪਣੇ ਪਿੰਡੋਂ ਹੋ ਕੇ ਵਾਪਸ ਹੋਸਟਲ ਆਇਆ ਤਾਂ ਬੜਾ ਉਦਾਸ ਜਾਪਿਆ। ਕੋਲ ਬਹਿ ਕੇ ਪੁੱਛਿਆ ਤਾਂ ਉਸ ਨੇ ‘ਫਿਸਦੇ ਹੋਏ’ ਨੇ ਦੱਸਿਆ ਕਿ ਜਦ ਪਿੰਡੋਂ ਹੋ ਕੇ ਹਰਜੀਤ ਨੂੰ ਮਿਲਣ ਚਲਾ ਗਿਆ… ਤਾਂ ਹਰਜੀਤ ਦੇ ਹਮੇਸ਼ਾ ਮੁਸਕਰਾਉਂਦੇ ਚਿਹਰੇ ਦੀ ਉਦਾਸੀ ਨੇ ਉਸ ਨੂੰ ਪੈਰਾਂ ਤੋਂ ਈ ਕੱਢ ਦਿੱਤਾ!! ਹਰਜੀਤ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਵਿਆਹ ਦਾ ਰਿਸ਼ਤਾ ਉਸ ਦੇ ਘਰ ਵਾਲਿਆ ਨੇ ਪੱਕਾ ਕਰ ਦਿੱਤਾ ਹੈ। ਉਸ ਨੇ ਦੋ ਟੁੱਕ ਜਵਾਬ ਦਿੱਤਾ ਕਿ ਮਾਂ-ਬਾਪ ਦੀ ਮਰਜ਼ੀ ਦੇ ਖਿਲਾਫ਼ ਜਾਂਦਿਆਂ ਉਹ ਕੋਈ ਫ਼ੈਸਲਾ ਨਹੀਂ ਲੈ ਸਕਦੀ…। ਜੇਕਰ ਹੋ ਸਕੇ ਤਾਂ ਉਸ ਨੂੰ ਮੁਆਫ਼ ਕਰ ਦੇਵੀਂ। “ਬਈ, ਕੋਈ ਹੋਰ ਵਜ੍ਹਾ ਜਾਂ ਮਜਬੂਰੀ ਵੀ ਤਾਂ ਹੋ ਸਕਦੀ ਹੈ?”,… ਮੈਂ ਪੁੱਛਿਆ। ਪਤਾ ਨਹੀਂ… ਕਹਿ ਉਹ ਮੇਰੇ ਕੋਲੋਂ ਉੱਠ ਕੇ ਚਲਾ ਗਿਆ। ਮੇਰੇ ਮਨ ਨੂੰ ਵੀ ਠੇਸ ਲੱਗੀ ਕਿ ਜ਼ਰੂਰ ਕੋਈ ਵਜ੍ਹਾ ਹੋਵੇਗੀ, ਕਿਉਂਕਿ ਜਿਤਨਾ ਕੁ ਮੈਂ ਹਰਜੀਤ ਨੂੰ ਜਾਣਿਆ ਸੀ ਉਹ ਇੰਜ ਕਾਹਲ਼ ਵਿੱਚ ਤੋੜ-ਵਿਛੋੜਾ ਕਰਨ ਵਾਲੀ ਤਾਂ ਨਹੀਂ ਸੀ।
ਹਾਸਿਆਂ ਖੇੜਿਆਂ ਦੀ ਜਵਾਨ ਉਮਰੇ ਅਸੀਂ ਅਕਸਰ ਲਾਪ੍ਰਵਾਹ ਵੀ ਹੋ ਜਾਂਦੇ ਹਾਂ। ਅੰਬਰੀਂ ਉੱਚੀਆਂ ਉਡਾਰੀਆਂ ਮਾਰਨ ਲਈ ਤੇਜ਼ ਚਾਲੇ ਪੈਂਦਿਆਂ ਬਹੁਤ ਕੁੱਝ ਮਨੋ ਵਿਸਾਰ ਦਿੰਦੇ ਹਾਂ। ਜਸਵਿੰਦਰ ਅਤੇ ਹਰਜੀਤ ਨਾਲੋਂ ਵੀ ਮੇਰਾ ਨਾਤਾ ਇੰਜ ਹੀ ਟੁੱਟ ਗਿਆ… ਉਹ ਦੋਨੋ ਆਪਣੇ ਰਾਹੀਂ ਅਤੇ ਮੈਂ ਆਪਣੇ ਰਾਹੀਂ ਪੈ ਗਿਆ। ਪਰਵਾਸੀ ਜ਼ਿੰਦਗੀ ਵਿੱਚ ਵਿਅਸਤ ਹੋਇਆਂ ਦਹਾਕਾ ਈ ਬੀਤ ਗਿਆ। ਪੰਜਾਬ ਵਾਪਸ ਗਿਆ ਤਾਂ ਭੁੱਲੀਆਂ ਵਿਸਰੀਆਂ ਰਾਹਾਂ ਯਾਦ ਆਈਆਂ। ਉਹ ਥਾਹਾਂ ਵੀ ਯਾਦ ਆਈਆਂ ਜਿੱਥੇ ਚਿਰ ਪਹਿਲਾਂ ਵਿਛੜੀਆਂ ਰੂਹਾਂ ਨੂੰ ਛੱਡ ਕੇ ਦੌੜ ਗਿਆ ਸੀ। ਮਨ ਵਿੱਚ ਸੋਚਿਆ ਕਿਉਂ ਨਾ ਜਸਵਿੰਦਰ ਜਾਂ ਹਰਜੀਤ ਨੂੰ ਲੱਭਿਆ ਅਤੇ ਮਿਲਿਆ ਜਾਵੇ? ਇੱਕ ਦਿਨ ਅੰਦਾਜ਼ੇ ਜਿਹੇ ਨਾਲ ਲੱਭਦਾ-ਲੁਭਾਉਂਦਾ ਜਸਵਿੰਦਰ ਦੇ ਪਿੰਡ ਜਾ ਵੜਿਆ। ਪਤਾ ਕਰਦਿਆਂ ਕਰਦਿਆਂ ਉਸ ਦੇ ਘਰ ਪਹੁੰਚ ਗਿਆ। ਬਜ਼ੁਰਗ ਪਿਤਾ ਅਤੇ ਮਾਤਾ ਵਿਹੜੇ ਦੀ ਕੰਧ ਨਾਲ ਲਾਏ ਮੰਜੇ ‘ਤੇ ਬੈਠੇ ਢਲਦੇ ਸਿਆਲ਼ੂ ਸੂਰਜ ਦੀ ਨਿੱਘੀ ਧੁੱਪ ਸੇਕ ਰਹੇ ਸਨ।
ਅੱਖਾਂ ਉੱਪਰ ਹੱਥ ਰੱਖ ਸਿਆਣਾ ਬਜ਼ੁਰਗ ਬੋਲਿਆ,… “ਮੱਲਾ… ਮੈਂ ਪਛਾਣਿਆ ਨਹੀਂ…। ਪਰ ਜਦ ਇਸ ਘਰ ਦਾ ਬੂਹਾ ਲੰਘ ਹੀ ਆਇਆਂ ਹੈਂ… ਤਾਂ.. ਜ਼ਰੂਰ ਆਪਾਂ ਜਾਣਦੇ ਈ ਹੋਵਾਂਗੇ!! ਥੋੜ੍ਹਾ ਲਾਗੇ ਜਿਹੇ ਹੋ ਕੇ ਅਤੇ ਉਸ ਦੀ ਬਾਂਹ ‘ਤੇ ਹੱਥ ਧਰਦਿਆਂ ਮੈਂ ਕਿਹਾ… “ਜਸਵਿੰਦਰ ਤੇ ਮੈਂ ‘ਕੱਠੇ ਪੜ੍ਹਦੇ ਹੁੰਦੇ ਸੀ!… ਚਿਰ ਪਹਿਲਾਂ ਦੀ ਗੱਲ ਆ! ਪਰ ਮੈਂ ਤੁਹਾਨੂੰ ਕਦੇ ਨਹੀਂ ਮਿਲਿਆ, .. ਤੇ ਨਾ ਹੀ ਕਦੇ ਤੁਹਾਡੇ ਘਰ ਆਇਆ ਈ ਸੀ। ਕੋਲ ਹੀ ਬੈਠੀ ਮਾਤਾ ਨੇ ਮੇਰੇ ਸਿਰ ਨੂੰ ਮੋਹ ਨਾਲ ਪਲੋਸਿਆ… ਤੇ ਫੇਰ ਚੁੱਪ-ਚਾਪ ਉੱਠ ਕੇ ਰਸੋਈ ਵੱਲ ਚਲੇ ਗਈ। ਬਜ਼ੁਰਗ ਦੀਆਂ ਅੱਖਾਂ ਵਿੱਚ ਲਿਸ਼ਕ ਆ ਗਈ ਤੇ ਉਹ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲਿਆ,… “ਹੱਛਾਅ… ਹੱਛਾ… ਜਸਵਿੰਦਰ ਦਾ ਦੋਸਤ! ਚੰਗਾ ਹੋਇਆ… ਪੁੱਤ ਤੂੰ ਉਹਦੇ ਬਹਾਨੇ ਮਿਲਣ ਆ ਗਿਆ… ਸਾਡੀਆਂ ਬੁਢਾਪੇ ਦੀਆਂ ਨਜ਼ਰਾਂ ਤੇ ਔਹ ਬਾਹਰਲਾ ਬੂਹਾ ਤੱਕਦਾ ਈ ਥੱਕ ਗਿਆ… । ਨਾ ਉਹ ਖ਼ੁਦ ਬਹੁੜਿਆ ਤੇ ਨਾ ਈ ਕਦੇ ਕੋਈ ਹੋਰ…!” ਉਸ ਦੀਆਂ ਥੱਕੀਆਂ ਅੱਖਾਂ ਵਿੱਚੋਂ ਨਿਕਲੇ ਹੰਝੂ ਚਿੱਟੀ ਦਾੜ੍ਹੀ ‘ਤੇ ਮੋਤੀਆਂ ਵਾਂਗ ਕਿਰ ਗਏ।
ਇਹ ਦੇਖ ਮੇਰਾ ਮਨ ਹੋਰ ਵੀ ਉਤਾਵਲਾ ਹੋ ਗਿਆ ਜਸਵਿੰਦਰ ਨੂੰ ਦੇਖਣ ਅਤੇ ਮਿਲਣ ਵਾਸਤੇ। ਹੱਥ ਵਿੱਚ ਪਾਣੀ ਦਾ ਗਲਾਸ ਫੜੀ ਮਾਤਾ ਬੋਲੀ,… “ਓਸ ਦਿਨ… ਸਵੇਰੇ ਈ ਘਰੋਂ ਸ਼ਹਿਰ ਕਾਲਜ ਨੂੰ ਪੜ੍ਹਾਉਣ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਅੰਨ੍ਹੀ ਧੁੰਦ ਵਿੱਚ ਟਰੱਕ ਨੇ ਐਸੀ ਟੱਕਰ ਮਾਰੀ ਕਿ ‘ਉਹਦੀ ਹੋਣੀ’ ਨਾਲ ਈ ਲੈ ਤੁਰੀ..। ਛੋਟੀਆਂ ਭੈਣਾਂ ਦਾ ਵਿਆਹ ਕਰ ਗਿਆ… ਉਹਨਾਂ ਦੇ ਘਰ ਵਸਾ ਗਿਆ, ਜਾਂਦਾ-ਜਾਂਦਾ। ਅਸੀਂ ਸਾਰਿਆਂ ਨੇ ਤਾਂ ਅੱਡੀਆਂ ਤੱਕ ਜ਼ੋਰ ਲਾਇਆ ਪਰ ਉਹਨੇ ਖ਼ੁਦ ਦਾ ਘਰ ਨਾ ਵਸਾਇਆ।ਖ਼ੌਰੇ ਕੀ ਤੇ ਕਿਹਨੂੰ ਉਡੀਕਦਾ ਰਿਹਾ?” ਘਰ ਵਿੱਚ ਬੈਠਕ ਦੀ ਕੰਧ ‘ਤੇ ਲੱਗੀਆਂ ਤਸਵੀਰਾਂ ਵਿੱਚੋਂ ਯੂਨੀਵਰਸਿਟੀ ਦੇ ਚੰਗੇ-ਭਲੇ ਦਿਨ ਯਾਦ ਕਰਦਿਆਂ ਮੇਰੀਆਂ ਅੱਖਾਂ ਭਰ ਗਈਆਂ। ਮੈਨੂੰ ਲੱਗਾ ਜਿਵੇਂ ਹਰਜੀਤ ਦੇ ਵਿਛੋੜੇ ਦੀ ਯਾਦ ਵਿੱਚ ਜਸਵਿੰਦਰ ਮੇਰੇ ਕੰਨਾਂ ਵਿੱਚ ਧੀਮੇ ਜਿਹੇ ਕੁਝ ਪੁਕਾਰ ਰਿਹਾ ਹੋਵੇ…
ਕੋਲ਼ੋਂ ਉੱਠ ਕੇ ਤੁਰ ਗਏ ਸੱਜਣ
ਸੁੰਨੀਆਂ ਕਰ ਗਏ ਥਾਵਾਂ ।
ਵਿੱਚ ਉਡੀਕਾਂ ਅੱਖੀਆਂ ਥੱਕੀਆਂ
ਚਿੱਠੀਆਂ ਨਾ ਸਿਰਨਾਵਾਂ ।
ਤੁਰ ਗਏ ਸੱਜਣ ਮੁੜ ਨਾ ਪਰਤਣ
ਰੁੱਤ ਆਵੇ ਰੁੱਤ ਜਾਵੇ ।
ਹੁਣ ਤਾਂ ਰਾਹਾਂ ਤੱਕਦੇ ਥੱਕ ਗਏ
ਆਸ ਹੀ ਮੁੱਕਦੀ ਜਾਵੇ ।
ਪੈੜਾਂ ਵੀ ਹੁਣ ਮਿਟਦੀਆਂ ਜਾਵਣ
ਜਿੰਦ ਵੀ ਮੁੱਕਦੀ ਜਾਵੇ ।
ਉੱਡ ਕੇ ਮਿਲਣ ਦੀ ਖੁਸ਼ੀ ਸੋਗ ਵਿੱਚ ਬਦਲ ਗਈ ਅਤੇ ਉਦਾਸ ਮਨ ਨਾਲ ਮੈਂ ਵਾਪਸ ਆ ਗਿਆ। ਹਰਜੀਤ ਨੂੰ ਢੂੰਡਣ ਜਾਂ ਮਿਲਣ ਦੀ ਇੱਛਾ ਅਤੇ ਉਤਸ਼ਾਹ ਖ਼ਤਮ ਹੀ ਹੋ ਗਿਆ।
ਅੱਜ ਹਰਜੀਤ ਨੂੰ ਅਚਨਚੇਤ ਸਾਹਮਣੇ ਦੇਖ ਅਨੇਕਾਂ ਦ੍ਰਿਸ਼ ਸੈਕਿੰਡਾਂ ਵਿੱਚ ਹੀ ਮੇਰੀਆਂ ਅੱਖਾਂ ਅੱਗਿਉਂ ਗੁਜ਼ਰ ਗਏ। ਕੁਝ ਦੇਰ ਮੇਰਾ ਹਾਲ ਚਾਲ ਪੁੱਛਣ, ਜਾਨਣ ਅਤੇ ਯੂਨੀਵਰਸਿਟੀ ਦੀਆਂ ਯਾਦਾਂ ਤਾਜ਼ਾ ਕਰਦਿਆਂ ਉਸ ਦੇ ਚਿਹਰੇ ਦੇ ਹਾਲ ਭਾਵ ਬਦਲਦੇ ਰਹੇ। ਆਖ਼ਰ ਲੰਮਾ ਹਉਕਾ ਲੈਂਦਿਆਂ ਉਸ ਨੇ ਪੁੱਛ ਈ ਲਿਆ,…”ਜਸ..ਵਿੰਦਰ.. ਦਾ ਕੀ ਹਾਲ ਹੈ?” ਮਿਲਿਆ ਵੀ ਕਦੇ? ਕਿ ਨਹੀਂ? ਮੈਂ ਕਿਹਾ, ਉਹ ਤਾਂ… ਜੀ ਬੜੀ ਦੂਰ ਚਲਾ ਗਿਆ। ਇਸ ਤੋਂ ਪਹਿਲਾਂ ਕਿ ਉਹ ਮੇਰੀ ਲੰਮੀ ਚੁੱਪ ਦਾ ਅੰਦਾਜ਼ਾ ਲਗਾਉਂਦੀ, ਮੈਂ ਸਾਰੀ ਕਹਾਣੀ ਸੱਚੋ-ਸੱਚ ਦੱਸ ਦਿੱਤੀ।
ਹਰਜੀਤ ਦੀਆਂ ਅੱਖਾਂ ਵਿੱਚੋਂ ਵਗੇ ਅੱਥਰੂਆਂ ਦਾ ਹੜ੍ਹ ਬਿਨ ਬੋਲਿਆਂ ਉਹਦੇ ਮਨ ਦੀ ਅਸਹਿ ਪੀੜਾ ਬੋਲ ਗਿਆ! ਉਸ ਨੂੰ ਉਦਾਸ ਦੇਖ, ਨਾ ਚਾਹੁੰਦਿਆਂ ਹੋਇਆਂ ਵੀ, ਮੈਂ ਆਪਣੇ ਮਨ ਦੀ ਗੱਲ ਪੁੱਛ ਈ ਬੈਠਾ,…”ਸ਼ਾਇਦ ਮੈਨੂੰ ਪੁੱਛਣ ਦਾ ਹੱਕ ਵੀ ਹੈ ਜਾਂ ਨਹੀਂ, ਪਰ ਜ਼ਿੰਦਗੀ ਨੇ ਅਚਾਨਕ ਕੂਹਣੀ-ਮੋੜ ਕਿਵੇਂ ਕੱਟ ਲਿਆ? ਜਸਵਿੰਦਰ ਨੇ ਤਾਂ ਕਦੇ ਕੋਈ ਖ਼ਾਸ ਕਾਰਨ ਨਹੀਂ ਸਾਂਝਾ ਕੀਤਾ ਸੀ… ਬਸ ਚੁੱਪ-ਚਾਪ ਜਿਹਾ ਹੀ ਰਿਹਾ ਤੇ ਫੇਰ ਬਿਨ ਦੱਸਿਆਂ ਅਤੇ ਬਿਨ ਮਿਲਿਆਂ ਈ ਆਪਣੇ ਪਿੰਡ ਚਲੇ ਗਿਆ। ਫੇਰ ਕਦੇ ਦੁਬਾਰਾ ਮਿਲਿਆ ਈ ਨਹੀਂ। ਸ਼ਾਇਦ ਉਹ ਅੰਦਰੋਂ ਪੂਰਾ ਟੁੱਟ ਚੁੱਕਿਆ ਸੀ। ਮੈਂ ਖ਼ੁਦ ਵੀ ਏਧਰ ਅਮਰੀਕਾ ਨੂੰ ਉਡਾਰੀ ਮਾਰ ਆਇਆ।”
ਦੋਹਾਂ ਹੱਥਾਂ ਨਾਲ ਦੋਹਾਂ ਅੱਖਾਂ ਦੇ ਹੰਝੂ ਸਾਫ਼ ਕਰਦੀ ਨੇ ਦੱਸਿਆ,…”ਕਸੂਰ ਉਸ ਦਾ ਨਹੀਂ ਸੀ। ਉਸ ਟਾਇਮ ਉਹਨੂੰ ਜਿਤਨਾ ਮੈਂ ਦੱਸਿਆ ਉਹ ਅਧੂਰਾ ਸੀ – ਪੂਰਾ ਨਹੀਂ ਸੀ। ਇਹ ਮੇਰਾ ਡਰ, ਕਮਜ਼ੋਰੀ, ਨਮੋਸ਼ੀ ਜਾਂ ਬੇਵਕੂਫ਼ੀ… ਜਾਂ ਪਤਾ ਨਹੀਂ ਕੀ ਸੀ? ਮੇਰੇ ਮਾਂ ਪਿਓ ਨੇ ਮੇਰੇ ਵਿਆਹ ਦੇ ਰਿਸ਼ਤੇ ਦੀ ਗੱਲ ਅਮਰੀਕਾ ਤੋਂ ਗਏ ਕਿਸੇ ਦੂਰ ਦੇ ਰਿਸ਼ਤੇਦਾਰਾਂ ਦੇ ਮੁੰਡੇ ਨਾਲ ਪੱਕੀ ਕਰ ਦਿੱਤੀ ਸੀ। ਉਸ ਨੇ ਫੋਟੋ ਦੇਖ ਕੇ ਈ ਹਾਂ ਕਰ ਦਿੱਤੀ। ਕਿਸੇ ਨੇ ਵੀ ਮੇਰੀ ਰਾਏ ਲੈਣੀ ਜਾਇਜ਼ ਹੀ ਨਹੀਂ ਸਮਝੀ, ਮੈਨੂੰ ਪੁੱਛਿਆ ਈ ਨਹੀਂ… ਬਸ ਇਹੀ ਵਾਸਤਾ ਪਾ ਦਿੱਤਾ ਕੇ ‘ਤੇਰੇ ਮਗਰ’ ਆਹ ਛੋਟੇ ਭੈਣ-ਭਰਾਵਾਂ ਦਾ ‘ਬੇੜਾ’ ਵੀ ਪਾਰ ਲੱਗ ਜਾਊ!! ਮਾਂ-ਬਾਪ ਨੂੰ ‘ਅਮਰੀਕਾ ਦਾ ਰਿਸ਼ਤਾ’ ਅਤੇ ਅਮਰੀਕਾ ਵਾਲਿਆਂ ਨੂੰ ਮੇਰੀ ‘ਪੀ ਐਚ ਡੀ’ ਲਾਟਰੀ ਵਰਗੀ ਲੱਗੀ। ਬਲਦ ਭੁੱਖਾ ਤੇ ਤੂੜੀ ਗਿੱਲੀ, ਦੋਹਾਂ ਦਾ ਸੂਤ ਆ ਗਿਆ..। ਇਸ ‘ਬੇਜੋੜ ਤੇ ਨਰੜ ਰਿਸ਼ਤੇ’ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਮੈਂ ਦਿਲ ਦੀਆਂ ਰੀਝਾਂ ਦਿਲ ਅੰਦਰ ਹੀ ਡੂੰਘੀਆਂ ਦੱਬ ਦਿਤੀਆਂ ਅਤੇ ਉੱਪਰ ਗਮ਼ ਦਾ ਪਹਾੜ ਧਰ ਕੇ ਜਸਵਿੰਦਰ ਨੂੰ ਸਿਰਫ ਇਹੀ ਕਹਿ ਸਕੀ ਕਿ “ਹੁਣ ਗੱਲ ਮੇਰੇ ਵੱਸ ਤੋਂ ਬਾਹਰ ਦੀ ਹੈ”।
ਮਾਂ ਪਿਓ ਦੇ ਸਹੀ ਜਾਂ ਗ਼ਲਤ ਫੈਸਲੇ ਦੀ ਇੱਜ਼ਤ ਕਰਦਿਆਂ ਅਤੇ ਭੈਣਾਂ ਭਰਾਵਾਂ ਦੇ ਚੰਗੇ ਭਵਿੱਖ ਦੀ ਖ਼ਾਤਰ ਮੈਂ ਪੜ੍ਹੀ-ਲਿਖੀ ਅਨਪੜ੍ਹ ਬਣ ਗਈ…। ਪੀ ਐਚ ਡੀ ਕਰਦਿਆਂ ਕਦੇ ਕਦੇ ਸੋਚਦੀ ਹੁੰਦੀ ਸੀ ਕਿ ਜ਼ਮਾਨਾ ਸੱਚ ਹੀ ਬਦਲ ਰਿਹਾ ਹੈ, ਪਰ ਆਖ਼ਰ ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਕੁੱਝ ਜ਼ਿਆਦਾ ਈ ਉੱਡ ਲਿਆ ਹੋਵੇ ਅਤੇ ਮੇਰੇ ਨਿਕਲੇ ਹੋਏ ਖੰਭ ਕੁਤਰ ਦਿੱਤੇ ਗਏ ਹੋਵਣ। ਮੈਂ ਛੋਟੇ ਭੈਣ-ਭਰਾਵਾਂ ਦੇ ਬੇੜਿਆਂ ਦੀ ਮਲਾਹ ਬਣਦੀ ਰਹੀ… ਖ਼ੁਦ ਡੁੱਬਦੀ-ਤਰਦੀ ਵੀ! ਉਹ ਸਭ ਤਾਂ ਖੁਸ਼ ਨੇ, ਆਪਣੀਆਂ ਜਿੰਦਗੀਆਂ ਦੇ ਜਸ਼ਨ ਮਾਣ ਰਹੇ ਨੇ। ਆਪਣੀ ਕਿਸਮਤ ਅਤੇ ਟੱਬਰ ਖ਼ਾਤਰ ਦਿੱਤੀ ਕੁਰਬਾਨੀ ਸਮਝ ਕੇ… ਸਬਰ ਕਰ ਲਿਆ। ਸੁਪਨਿਆਂ ਦਾ ਵਣਜ ਕਰ ਲਿਆ, ਦੂਸਰਿਆਂ ਵਾਸਤੇ ਰੰਗੀਲੇ ਸੁਪਨੇ ਖ਼ਰੀਦਣ ਲਈ ਖ਼ੁਦ ਦੇ ਰੰਗੀਨ ਸੁਪਨੇ ਵੇਚ ਹੀ ਦਿੱਤੇ। ਪਰ ਉਹਨਾਂ ਭਾਣੇ… ਕੀ?”
ਵੇਚਦੇ ਰਹੇ
ਖ਼ੁਦ ਦੇ ਰੰਗੀਨ ਸੁਪਨੇ
ਜਿਨ੍ਹਾਂ ਸ਼ਖ਼ਸਾਂ ਦੀ ਖ਼ਾਤਰ
ਉਮਰ ਭਰ…
ਪੁੱਛ ਰਹੇ
ਨੇ ਅੱਜ, ਉਹੀ ਸ਼ਖ਼ਸ
ਇਹ ਕੇਹਾ ਅਜੀਬ ਵਣਜ ਕਰਦੇ ਰਹੇ?
ਉਮਰ ਭਰ…
ਜ਼ਿੰਦਗੀ ਉਲਝ ਗਏ ਧਾਗੇ ਵਾਂਗ ਉਲਝਦੀ ਚਲੀ ਗਈ। ਮੈਂ ਦੁਬਾਰਾ ਕਦੇ ਵੀ ਜਸਵਿੰਦਰ ਨੂੰ ਦੱਸਣ, ਮਿਲਣ ਜਾਂ ਦੇਖਣ ਦੀ ਹਿੰਮਤ ਹੀ ਨਾ ਕਰ ਸਕੀ! ਬਦਕਿਸਮਤੀ ਨਾਲ ਜੀਵਨ ਦੀਆਂ ਰਮਣੀਕ ਤੇ ਮੁਹੱਬਤੀ ਡੰਡੀਆਂ ‘ਤੇ ਅਸੀਂ ਸਾਥ-ਸਾਥ ਬਹੁਤੀ ਦੂਰ ਤੱਕ ਚੱਲ ਹੀ ਨਾ ਸਕੇ। ਨਾ ਡੰਡੀਆਂ ਤੇ ਨਾ ਉਹ ਰਸਤੇ ਹੀ ਰਹੇ। ਪਾਂਧੀ ਵੀ ਤੁਰ ਗਏ ਨੇ… ਤੇ ਅਸਾਂ ਵੀ ਕਿਹੜੇ ਬੈਠੇ ਰਹਿਣਾ… ਆਖ਼ਰ ਇਕ ਦਿਨ ਤੁਰ ਈ ਜਾਣਾ! ਜ਼ਿੰਦਗੀ ਦੇ ਰੰਗ ਬਦਲਦੇ ਰਹਿੰਦੇ ਨੇ.. ਤੇ ਮੇਰੀ ਜ਼ਿੰਦਗੀ ਵਿੱਚ ਆਏ ਤੁਫ਼ਾਨ ਬਾਅਦ ਬਣੇ ਨਵੇਂ, ਅਕਾਵੇਂ ਤੇ ਥਕਾਵੇਂ ਪੈਂਡਿਆਂ ‘ਤੇ ਚਲਦੇ ਨਵੇਂ ਹਮਸਫ਼ਰ ਕਦੇ ਮਿਲ ਹੀ ਨਾ ਸਕੇ…
ਵਰ੍ਹਿਆਂ
ਤੋਂ ਸਾਥ ਸਾਥ
ਚੱਲਦੇ ਹੋਏ ਵੀ
ਬਸ ਤਰਸਦੇ ਈ ਰਹੇ
ਨਦੀ ਦੇ
ਕਿਨਾਰਿਆਂ ਦੀ ਤਰਾਂ
ਕਿਵੇਂ… ਨਾ… ਕਿਵੇਂ
ਕਦੇ… ਨਾ… ਕਦੇ
ਮਿਲ ਕੇ ਇੱਕ ਹੋ ਜਾਣ ਨੂੰ
ਪੁਰਾਣੀਆਂ ਯਾਦਾਂ ਨੂੰ ਫਰੋਲਦਿਆਂ ਅਤੇ ਗੱਲਾਂ-ਬਾਤਾਂ ਵਿੱਚ ਗੁਆਚਿਆਂ ਕਦੋਂ ਸ਼ਾਮ ਢਲ ਗਈ, ਸਾਨੂੰ ਪਤਾ ਈ ਨਾ ਲੱਗਾ। ਦੁੱਖ ਸੁੱਖ ਸਾਂਝੇ ਕਰ ਅਸੀਂ ਆਪੋ-ਆਪਣੇ ਘਰਾਂ ਨੂੰ ਚਾਲੇ ਪਾ ਲਏ। ਵਾਪਸ ਘਰ ਆਉਂਦਿਆਂ ਮਨ ਵਿੱਚ ਆਏ ਉਤਰਾਅ-ਚੜ੍ਹਾਅ ਅਤੇ ਮੋੜ-ਘੇੜਾਂ ਵਿੱਚੋਂ ਲੰਘਦਿਆਂ ਮੈਂ ਖ਼ੁਦ ਨੂੰ ਹੀ ਸਵਾਲ ਕਰਦਾ ਰਿਹਾ ਤੇ ਜਵਾਬ ਵੀ ਢੂੰਡਦਾ ਰਿਹਾ,…
ਕਿੰਨੀਆਂ ਕੁ ਹੋਰ ਜਸਵਿੰਦਰ-ਹਰਜੀਤ ਜਿਹੀਆਂ ਮੁਹੱਬਤੀ ਰੂਹਾਂ ‘ਪਰਵਾਸ ਰੂਪੀ ਠੱਗ’ ਨੇ ਠੱਗੀਆਂ ਹੋਣਗੀਆਂ?
ਕਿਤਨਿਆਂ ਕੁ ਸੌਦਾਗਰਾਂ ਨੇ ਖ਼ੁਦ ਦੇ ਰੰਗੀਨ ਸੁਪਨੇ ਵੇਚ ਦਿੱਤੇ ਹੋਣਗੇ… ਦੂਸਰਿਆਂ ਦੇ ਹੁਸੀਨ ਸੁਪਨਿਆਂ ਤੇ ਜਸ਼ਨਾਂ ਦੀ ਖ਼ਾਤਰ??
ਪਤਾ ਨਹੀਂ, ਸ਼ਾਇਦ ਅਣਗਿਣਤ ਹੀ!!
*** ਕੁਲਵਿੰਦਰ ਬਾਠ
ਕੈਲੀਫ਼ੋਰਨੀਆ
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897