|
ਦੋਸਤੋ, ਜਦੋਂ ਮੁਹੱਬਤ ਦੀ ਗੱਲ ਤੁਰਦੀ ਹੈ… ਤਾਂ ਸਾਡੇ ਰੰਗਲੇ ਪੰਜਾਬ ਦੇ ਸੱਭਿਆਚਾਰ ਦੀਆਂ ਡੂੰਘੀਆਂ ਜੜ੍ਹਾਂ ਖ਼ੁਦ-ਬ-ਖ਼ੁਦ ਯਾਦ ਆਉਂਦੀਆਂ ਹਨ। ਮੁਹੱਬਤ ਪੰਜਾਬ ਅਤੇ ਪੰਜਾਬੀਆਂ ਦੀ ਰੂਹ ਦੇ ਧੁਰ ਅੰਦਰ ਸਮਾਈ ਹੋਈ ਹੈ। ਬਾਬੇ ਨਾਨਕ ਅਤੇ ਮਰਦਾਨੇ ਦੀ ਮੁਹੱਬਤ ਦੀ ਤਾਰ ਰਬਾਬ ਦੀ ਧੁਨ ਦਾ ਸੰਗੀਤ ਸੀ ਜੋ ਉਨਾਂ ਨੂੰ ਆਪਸ ਵਿੱਚ ਜੋੜਨ ਦੇ ਨਾਲ਼ ਹੀ ਰੱਬ ਨਾਲ਼ ਵੀ ਜੋੜੀ ਰੱਖਦੀ ਸੀ। ਪੰਜਾਬ ਦੀ ਵਿਲੱਖਣ ਭੋਇੰ ਅਤੇ ਇਤਿਹਾਸ ਨੂੰ ਫਰੋਲਦਿਆਂ ਮੁਹੱਬਤੀ ਯੋਗੀਆਂ ਨੂੰ ਅਨੇਕਾਂ ਅਮਰ ਮੁਹੱਬਤਾਂ ਦੀਆਂ ਪੈੜਾਂ ਮਿਲ ਜਾਣਗੀਆਂ। ਇਹ ਸੱਚਾ ਇਸ਼ਕ ਜਾਂ ਸੱਚੀ ਮੁਹੱਬਤ ਚਾਹੇ ਰੱਬ ਨਾਲ਼ ਹੋਵੇ, ਕੁਦਰਤ ਨਾਲ਼ ਜਾਂ ਫਿਰ ਯਾਰ-ਦਿਲਦਾਰ ਨਾਲ਼ ਹੋਵੇ। ਸੁਖਪ੍ਰੀਤ ਬੱਡੋਂ ਦੀ ਸੂਖ਼ਮਤਾ ਅਤੇ ਸੰਵੇਦਨਾ ਨਾਲ਼ ਲਬਰੇਜ਼ ਕਵਿਤਾ ਵੀ ਇਸ ਮੁਹੱਬਤ ਦੀ ਨਿਸ਼ਾਨਦੇਹੀ ਕਰਦੀ ਹੈ। ਸੁਖਪ੍ਰੀਤ ਬੱਡੋਂ ਦੇ ਸਾਹਿਤਕ ਸਫ਼ਰ ਨੂੰ ਜਾਣਦਿਆਂ… ਦਰਅਸਲ ਸੰਵੇਦਨਸ਼ੀਲ ਮਨੁੱਖ ਦੀ ਕੋਮਲ ਰੂਹ ਅੰਦਰ ਅਨੁਭਵਾਂ ਜਾਂ ਅਹਿਸਾਸਾਂ ਦਾ ਚਸ਼ਮਾ ਫੁੱਟਦਾ ਹੀ ਰਹਿੰਦਾ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅਤੇ ਚਾਹੁੰਦਿਆਂ ਹੋਇਆਂ ਵੀ ਉਹ ਇਸ ਪ੍ਰਕਿਰਿਆ ਨੂੰ ਬਾਹਲ਼ੀ ਦੇਰ ਤੱਕ ਰੋਕ ਜਾਂ ਟੋਕ ਨਹੀਂ ਸਕਦਾ। ਇਨ੍ਹਾਂ ਅਨੁਭਵਾਂ, ਜਜ਼ਬਾਤਾਂ, ਅਹਿਸਾਸਾਂ ਅਤੇ ਵਲਵਲਿਆਂ ਦਾ ਸੰਗਮ ਫਿਰ ਸ਼ਬਦਾਂ ਦਾ ਵਹਿਣ ਬਣ ਵਹਿ ਤੁਰਦਾ ਹੈ – ਗੀਤ, ਗ਼ਜ਼ਲ, ਕਵਿਤਾ, ਕਹਾਣੀ, ਵਾਰਤਾ, ਜਾਂ ਫਿਰ ਸਾਹਿਤ ਦੇ ਕਿਸੇ ਵੀ ਰੂਪ ਵਿੱਚ… ਪਾਣੀ ਦੀ ਤਰਾਂ – ਕਦੇ ਵਾਸ਼ਪਾਂ ਵਿੱਚ, ਬੱਦਲਾਂ ਤੇ ਝੀਲਾਂ, ਨਦੀਆਂ, ਨਾਲਿਆਂ, ਦਰਿਆਵਾਂ ਤੇ ਕਦੇ ਵਿਸ਼ਾਲ ਸਮੁੰਦਰਾਂ ਦੀਆਂ ਵਿਸ਼ਾਲ ਛੱਲਾਂ ਵਾਂਗ..। ਕੈਨੇਡਾ ਦੇ ਖ਼ੂਬਸੂਰਤ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਇਲਾਕੇ ਵਿੱਚ ਦਹਾਕਿਆਂ ਤੋਂ ਪਰਵਾਸ ਦਾ ਦੁੱਖ-ਸੁਖ ਹੰਡਾਉਦਿਆਂ ਸੁਖਪ੍ਰੀਤ ਬੱਡੋਂ ਦੇ ਸੰਵੇਦਨਸ਼ੀਲ ਮਨ ਅੰਦਰ ਵੀ ਸਾਹਿਤ ਦਾ ਫੁੱਟਿਆ ਹੋਇਆ ਚਸ਼ਮਾ ਆਖ਼ਰ ਕਾਵਿਕ ਅਲਫ਼ਾਜ਼ਾਂ ਦਾ ਰੂਪ ਲੈ ਕੇ ਵਹਿੰਦਾ-ਵਹਿੰਦਾ ਵਹਿ ਤੁਰਿਆ ਅਤੇ ਲਗਾਤਾਰ ਵਹਿ ਰਿਹਾ ਹੈ। ਉਸ ਦੇ ਪਲੇਠੇ ਕਾਵਿ ਸੰਗ੍ਰਹਿ “ਯਾਰ ਰਬਾਬੀ” ਤੋਂ ਇੰਜ ਮਹਿਸੂਸ ਹੁੰਦਾ ਹੈ ਕਿ ਸੁਖਪ੍ਰੀਤ ਬੱਡੋਂ ਦੀ ਕਵਿਤਾ ਉਸ ਦੇ ਹਿਰਦੇ ਦੇ ਵਲਵਲਿਆਂ ਦੀ ਸੁਹਜਮਈ ਤਰਜਮਾਨੀ ਕਰਦੀ ਹੈ। ਉਸ ਦੀ ਕਵਿਤਾ ਵਿਚਲੀ ਗਹਿਰੀ ਸੰਵੇਦਨਾ, ਅਧਿਆਤਮਿਕਤਾ ਅਤੇ ਅਨੁਭਵਾਂ / ਅਹਿਸਾਸਾਂ ਦੀ ਸੂਖ਼ਮਤਾ ਕਵਿਤਾ ਵਿਚਲੇ ਸ਼ਬਦਾਂ ਦੇ ਸਿੱਧੇ-ਸਾਧੇ ਅਰਥਾਂ ਦੀ ਬਜਾਏ ਭਾਵਨਾਵਾਂ ਦੇ ਅਹਿਸਾਸ ਨੂੰ ਪ੍ਰਗਟ ਕਰਦੇ ਨੇ! “ਯਾਰ ਰਬਾਬੀ” ਨੂੰ ਪੜ੍ਹਦਿਆਂ ਅਤੇ ਮਾਣਦਿਆਂ… ਹਰਫ ਜੁੜਦੇ ਹਨ ਤਾਂ ਸ਼ਬਦ ਬਣ ਜਾਂਦੇ ਹਨ… । ਸ਼ਬਦ ਰੂਹ ਨੂੰ ਆਵਾਜ਼ ਦਿੰਦੇ ਹਨ। ਸੁਖਪ੍ਰੀਤ ਬੱਡੋਂ ਦੀ ਕਵਿਤਾ ਦੇ ਅੰਤਰੀਵ ਵਿੱਚੋਂ ਕੁਦਰਤ, ਰੂਹਾਨੀਅਤ, ਸੂਫ਼ੀ, ਰੋਮਾਂਸ, ਪਦਾਰਥ, ਪਰਵਾਸੀ ਪਰਵਾਜ਼, ਸਮਾਜਿਕ ਨਾਬਰਾਬਰੀ ਅਤੇ ਨਾਰੀਵਾਦ ਦੇ ਵਿਸ਼ਿਆਂ ਦੇ ਰੰਗ ਅਤੇ ਰਸ ਉੱਭਰਦੇ ਹਨ, ਜੋ ਸੁਹਿਰਦ ਪਾਠਕ ਦੇ ਮਨ ਨੂੰ ਮੋਹ ਲੈਂਦੇ ਹਨ। ਉਸ ਦਾ ਇਹ ਪਲੇਠਾ ਕਾਵਿ ਸੰਗ੍ਰਹਿ ਪਾਠਕ ਨੂੰ ਪਲੇਠਾ ਮਹਿਸੂਸ ਨਹੀਂ ਹੁੰਦਾ। ਜਿਸ ਦਾ ਕਾਰਨ ਯਕੀਨਨ ਹੀ ਸੁਖਪ੍ਰੀਤ ਦੇ ਮਨ ਦੇ ਵਲਵਲਿਆਂ, ਜਜ਼ਬਾਤਾਂ ਅਤੇ ਅਹਿਸਾਸਾਂ ਦਾ ਕੜ੍ਹ ਕੇ, ਰੜ੍ਹ ਕੇ, ਪੱਕ ਕੇ ਅਤੇ ਰਸ ਕੇ ਬਾਹਰ ਆਉਣਾ ਲੱਗਦਾ ਹੈ ਜੋ ਸੁਖਪ੍ਰੀਤ ਦੀ ਸਿਰਜਣਾ ਨੂੰ ਸਹਿਜ ਅਤੇ ਸੁਹਜ ਦਿੰਦਾ ਹੈ। “ਯਾਰ ਰਬਾਬੀ” ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚਲੀ ਮੁਹੱਬਤੀ ਲੈਅ, ਰਸ, ਰਬਾਬੀ ਧੁਨਾਂ ਅਤੇ ਸੁਰ ਉਸ ਦੀਆਂ ਕਵਿਤਾਵਾਂ ਨੂੰ ਹੋਰ ਰਸੀਲੀਆਂ ਬਣਾ ਦਿੰਦੀਆਂ ਹਨ। ਉਹਦੀ ਕਵਿਤਾ ਪਾਠਕ ਨਾਲ ਸੰਵਾਦ ਰਚਾਉਂਦੀ ਹੈ, ਗੱਲ-ਬਾਤ ਕਰਦੀ ਹੈ ਅਤੇ ਆਪਣੇ ਨਾਲ਼ ਤੋਰਦੀ ਹੋਈ ਪਾਠਕ ਦੀ ‘ਰੂਹ ਨੂੰ ਧੂਹ’ ਵੀ ਪਾਉਂਦੀ ਹੈ। ਚੇਤਨਾ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ 111 ਪੰਨਿਆਂ ਦੇ ਇਸ ਕਾਵਿ ਸੰਗ੍ਰਹਿ ਵਿੱਚ 97 ਚੋਣਵੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਹਨ। ਵਿਭਿੰਨ ਵਿਸ਼ਿਆਂ ਅਤੇ ਰੰਗਾਂ-ਰਸਾਂ ਨਾਲ਼ ਭਰਪੂਰ ਇਹ ਗੁਲਦਸਤਾ ਸੁਖਪ੍ਰੀਤ ਬੱਡੋਂ ਵੱਲੋਂ ਸਾਹਿਤ ਪ੍ਰੇਮੀਆਂ ਲਈ ਉਸ ਦਾ ਪਲੇਠਾ ਸਾਹਿਤਕ ਤੋਹਫ਼ਾ ਹੈ। ਸੰਗ੍ਰਹਿ ਦੀ ਸ਼ੁਰੂਆਤੀ ਕਵਿਤਾ “ਤੇਰੇ ਮਨ ‘ਚ ਕੀ” ਤੋਂ ਤੁਰਦਿਆਂ ਅਖੀਰਲੀ ਰਚਨਾ “ਰੱਬ ਦਾ ਡੰਡਾ” ਤੱਕ ਪਹੁੰਚਦਿਆਂ ਪਾਠਕ ਨੂੰ ਸੁਖਪ੍ਰੀਤ ਬੱਡੋਂ ਦੇ ਵਿਭਿੰਨ ਅਹਿਸਾਸਾਂ ਅਤੇ ਰੰਗਾਂ ਰਸਾਂ ਦੀ ਰਮਣੀਕ ਝਲਕ ਮਿਲਦੀ ਹੈ। ਕਵਿਤਾਵਾਂ ਸਾਰਥਿਕ ਸੁਨੇਹੇ ਵੀ ਦਿੰਦੀਆਂ ਜਾਂਦੀਆਂ ਹਨ। ਮਹਿਜ਼ ‘ਤਿੰਨ ਅੱਖਰਾਂ’ ਦਾ ਸ਼ਬਦ ‘ਇਸ਼ਕ’ ਆਪਣੀ ਰੂਹ ਅੰਦਰ ਵਿਸ਼ਾਲ ਅਤੇ ਗਹਿਰੇ ਰਹੱਸ ਸਮੋਈ ਬੈਠਾ ਹੈ। ਗੱਲ ਇਸ਼ਕ ਹਕੀਕੀ (ਰੂਹਾਨੀ) ਜਾਂ ਫਿਰ ਮਜਾਜੀ (ਦੁਨਿਆਵੀ) ਦੀ ਹੋਵੇ, ਇਸ ਤੋਂ ਬਗੈਰ ਮਨੁੱਖ ਜਿਉਂਦਾ ਕਿੱਥੇ ਹੈ? ਸੱਚੇ-ਸੁੱਚੇ ਇਸ਼ਕ ਵਿੱਚ ਸਮਾਈਆਂ ਦੋ ਰੂਹਾਂ ਇੱਕ ਹੋ ਜਾਂਦੀਆਂ ਹਨ। ਸਾਡੇ ਰੰਗਲੇ ਸਾਂਝੇ ਪੰਜਾਬ ਦਾ ਇਤਿਹਾਸ ਇਸ ਦਾ ਗਵਾਹ ਹੈ। ਇਹ ਇਸ਼ਕ ਚਾਹੇ ਬਾਬਾ ਬੁੱਲੇ ਸ਼ਾਹ ਦਾ ਰੱਬ ਨਾਲ਼ ਹੋਵੇ – ‘ਤੇਰੇ ਇਸ਼ਕ ਨਚਾਇਆ, ਕਰ ਥਈਆ ਥਈਆ’… ਜਾਂ ਫਿਰ ਦੋ ਦੁਨਿਆਵੀ ਆਸ਼ਕਾਂ ਦਾ ਹੋਵੇ – ‘ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ’…! ਸੁਖਪ੍ਰੀਤ ਬੱਡੋਂ ਦੀ ਕਵਿਤਾ “ਇਸ਼ਕ ਨੂਰ” ਵੀ ਹੀਰ-ਰਾਂਝਾ, ਸੋਹਣੀ-ਮਹੀਂਵਾਲ ਅਤੇ ਸ਼ੀਰੀ-ਫ਼ਰਹਾਦ ਦੀ ਪਾਕਿ ਮੁਹੱਬਤ ਬਾਰੇ ਇਹੀ ਕਹਿ ਰਹੀ ਹੈ… ਇਸ਼ਕ ਅਵੱਲਾ ਨੂਰ ਹੈ ਐਸਾ “ਅੱਖੀਆਂ” ਕਵਿਤਾ ਵਿੱਚ ਸੁਖਪ੍ਰੀਤ ਬੱਡੋਂ ਨੇ ਅੱਖੀਆਂ ਨੂੰ ਬਹੁਤ ਵਿਲੱਖਣ ਸੂਖ਼ਮ ਅੰਦਾਜ਼ ਵਿੱਚ ਪਾਠਕਾਂ ਨਾਲ ਸਾਂਝਿਆਂ ਕੀਤਾ ਹੈ… ਇਸ਼ਕ ਕਰ ਜਾਏ ਰੂਹ ‘ਤੇ ਹੱਲਾ ਦਰਦਾਂ ਇਨ੍ਹਾਂ ਤੋ ਸਹਿ ਨਹੀਂ ਹੁੰਦਾ ਸੂਫ਼ੀ ਰੂਹ ਅਤੇ ਅੰਦਾਜ਼ ਵਾਲੀ ਸਿਰਜਣਾ “ਪਰਛਾਵਾਂ” ਨੂੰ ਪੜ੍ਹਦਿਆਂ ਮੈਨੂੰ ਇਸ਼ਕ ਹਕੀਕੀ ਅਤੇ ਸੂਫ਼ੀ ਸੁਲਤਾਨ ਬਾਹੂ, ਸ਼ਾਹ ਹੁਸੈਨ ਤੇ ਬਾਬਾ ਬੁੱਲ੍ਹੇ ਸ਼ਾਹ ਯਾਦ ਆ ਗਿਆ… ਨਾ ਮੈਂ ਵਿੱਚ ਗਿਰਜੇ ਜਾਵਾਂ ਪਰਵਾਸ ਦੀ ਤ੍ਰਾਸਦੀ ਅਤੇ ਪਰਵਾਸੀਆਂ ਦੇ ਮਨ ਦੀ ਕਸ਼ਮਕਸ਼ ਨੂੰ ਪ੍ਰਗਟਾਉਂਦੀ ਕਵਿਤਾ “ਠੱਗ ਮਿੱਟੀ” ਵਿੱਚ ਲੇਖਿਕਾ ਦੇ ਲਲਾਰੀ ਮਨ ਨੇ ਖ਼ੂਬਸੂਰਤੀ ਨਾਲ਼ ਇੰਜ ਰੰਗਿਆ ਹੈ… …. ਜਿੱਥੇ ਰੂਹ ਹੈ ਮੇਰੀ ਵੱਸਦੀ ਵਿਛੋੜਾ ਦਰਦਨਾਕ ਸਥਿਤੀ ਦਾ ਪ੍ਰਤੀਕ ਹੁੰਦਾ ਹੈ। ਆਪਣੇ ਪ੍ਰਦੇਸੀ ਪਤੀ ਤੋਂ ਵਿਛੜੀ ਔਰਤ ਦੇ ਦਿਲ ਦੀ ਹੂਕ ਨੂੰ ਸੁਖਪ੍ਰੀਤ ਬੱਡੋਂ ਨੇ “ਬਿਰਹਣ ਦੀ ਪੁਕਾਰ” ਰਚਨਾ ਵਿੱਚ ਵਿਲੱਖਣ ਰੰਗ ਰੂਪ ਦਿੱਤਾ ਹੈ… ਉੱਪਰੋਂ ਉਪਰੋਂ ਰਹਿੰਦੀ ਹੱਸਦੀ ਵਿੱਚ ਪ੍ਰਦੇਸੀਂ ਜਾ ਕੇ ਬਹਿ ਗਇਓਂ ਸੂਖਮਤਾ ਨਾਲ ਲਬਰੇਜ਼ ਛੋਟੀਆਂ ਨਜ਼ਮਾਂ “ਦਸਤੂਰ”, “ਸਜਦਾ”, “ਤੇਰੀ ਸ਼ਰੀਅਤ”, “ਸ਼ੀਸ਼ੇ ਪਿੱਛੇ”, “ਇਸ਼ਕ ਦਾ ਰਾਹ”, “ਤੈਨੂੰ ਕਿਓਂ ਮਨਾਊਂ”, “ਖਾਰੇ”, “ਦੀਵਾ ਬੱਤੀ”, “ਮੇਰੀ ਇੱਛਾ”, “ਜਿਸਮਾਂ ਦਾ ਬਾਜ਼ਾਰ”, “ਕਰਮ ਜੋਗਣ”, “ਪਿੱਛਲੱਗ”, “ਮਜ਼ਾਜੀ ਤੇ ਹਕੀਕੀ”, “ਯਾਦਾਂ”, “ਜਿੰਦ ਨਿਮਾਣੀ”, “ਗੁਜ਼ਰਾ ਪਲ”, “ਫੱਕਰ”, “ਵੈਰਾਗ”, “ਜਿੰਦ ਮਜਾਜਣ”, ਅਤੇ “ਮਤਲਬੀ ਰੂਹ” ਆਦਿ ਚੰਦ ਕੁ ਸ਼ਬਦਾਂ ਵਿੱਚ ਹੀ ਢੇਰ ਸਾਰੀਆਂ ਰੂਹ ਦੀਆਂ ਰਮਜ਼ਾਂ ਸਮਝਾ ਜਾਂਦੀਆਂ ਹਨ ਅਤੇ ਪਾਠਕ ਨਾਲ਼ ਕਿੱਕਲੀ ਪਾ ਜਾਂਦੀਆਂ ਹਨ। ਭਾਵੇਂ ਪੰਜਾਬੀਆਂ ਦੇ ਪੈਰ ਚੱਕਰ ਪਿਆ ਹੋਇਆ ਹੈ ਅਤੇ ਪੰਜਾਬ ਵਿੱਚੋਂ ਉਡਾਰੀ ਮਾਰਨ ਲਈ ਹਰ ਕੋਈ ਤਰਲੋ ਮੱਛੀ ਹੋ ਰਿਹਾ ਹੈ। ਪਰ ਪਰਵਾਸ ਵੀ ਦੂਰੋਂ ਦਿਖਦੇ ਪਹਾੜਾਂ ਵਰਗਾ ਰੰਗੀਨ ਅਤੇ ਹੁਸੀਨ ਹੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ‘ਰਾਹ ਪਿਆ ਜਾਣੀਏ ਜਾਂ ਫਿਰ ਵਾਹ ਪਿਆ ਜਾਣੀਏ’..। “ਕੋਹਲੂ ਦਾ ਬੈਲ” ਕਵਿਤਾ ਵਿੱਚ ਸੁਖਪ੍ਰੀਤ ਬੱਡੋਂ ਨੇ ਪਰਵਾਸੀ ਜੀਵਨ ਦੇ ਸੰਘਰਸ਼ ਨੂੰ ਕੁਝ ਕੁ ਲਾਈਨਾਂ ਵਿੱਚ ਹੀ ਇੰਨ-ਬਿੰਨ ਪਰੋ ਦਿੱਤਾ… ਆਪਣੀ ਮਿੱਟੀ ਵਿੱਚ ਹੁੰਦੇ ਸੀ ਜਿਨ੍ਹਾਂ ਦੇ ਕੱਪੜੇ ਗੰਦੇ ਜੰਮਣ ਤੋਂ ਚਿਰ ਪਹਿਲਾਂ ਤੋਂ ਸ਼ੁਰੂ ਹੋਈ ਧੀ-ਪੁੱਤ ਦੀ ਨਾ-ਬਰਾਬਰੀ ਧੁਰ ਸਿਵਿਆਂ ਤੱਕ ਜਾਰੀ ਰਹਿੰਦੀ ਹੈ। ਧੀ ਨੂੰ ‘ਚੰਗਾ ਜੀਅ’ ਗਿਣਿਆ ਜਾਂ ਮੰਨਿਆ ਹੀ ਨਹੀਂ ਗਿਆ। ਪੰਜਾਬੀਆਂ ਵਿੱਚ ਧੀਆਂ ਨੂੰ ਕੁੱਖਾਂ ਵਿੱਚ ਹੀ ਦਫ਼ਨ ਕਰ ਦੇਣ ਦੇ ਰਿਵਾਜ ਨਾਲ਼ ਤਾਂ ਇਹ ਤ੍ਰਾਸਦੀ ਹੱਦਾਂ ਬੰਨੇ ਹੀ ਪਾਰ ਕਰ ਗਈ। ਮਰਦ ਪ੍ਰਧਾਨ ਸਮਾਜ ਵਿੱਚ ਨਾਰੀ ਦਾ ਸ਼ੋਸ਼ਣ ਜਾਰੀ ਰਹਿੰਦਾ ਹੈ। ਏਸ ਨਾ-ਬਰਾਬਰੀ ਨੂੰ ਪੁਕਾਰਦੀਆਂ ਲਾਜਵਾਬ ਕਵਿਤਾਵਾਂ “ਧੀ ਦੀ ਪੁਕਾਰ” ਅਤੇ “ਔਰਤ” ਦੀਆਂ ਇਹ ਕੁਛ ਸਤਰਾਂ ਖੁਦ-ਬ-ਖ਼ੁਦ ਬਹੁਤ ਕੁਝ ਕਹਿ ਰਹੀਆਂ ਨੇ… ਪੁੱਤ ਬਰਾਬਰ ਸਾਂ ਬੱਸ ਕਹਿਣ ਨੂੰ ਮੈਂ ਔਰਤ… ਆਪਣੇ “ਵੈਨਕੂਵਰ ਸ਼ਹਿਰ” ਬਾਰੇ ਵੀ ਸੁਖਪ੍ਰੀਤ ਨੇ ਬਹੁਤ ਖ਼ੂਬ ਲਿਖਿਆ ਹੈ। ਉਹ ਸ਼ਹਿਰ ਜਿੱਥੇ ਸੂਰਜ ਸੌਂ ਜਾਂਦਾ ਹੈ ਅਤੇ ਜਾਗ ਵੀ ਉੱਠਦਾ ਹੈ, ਪਰ ਪੱਥਰਾਂ ਦਾ ਇਹ ਸ਼ਹਿਰ ਖ਼ੁਦ ਕਦੇ ਸੌਂਦਾ ਹੀ ਨਹੀਂ…। “ਇਸ਼ਕੇ ਦਾ ਰੰਗ” ਕਵਿਤਾ ਵਿੱਚ ਸੁਖਪ੍ਰੀਤ ਨੇ ਮਨ ਦੇ ਵਲਵਲਿਆਂ ਨੂੰ ਰੋਮਾਂਸ ਵਿੱਚ ਰੰਗਿਆ ਹੈ। ਖ਼ੂਬਸੂਰਤ ਕਵਿਤਾ ਹੈ… ਜਿਸ ਦੀਆਂ ਕੁੱਝ ਲਾਈਨਾਂ ਵਿੱਚੋਂ ਪਾਠਕ ਨੂੰ ਲੇਖਿਕਾ ਦੇ ਸੰਵੇਦਨਸ਼ੀਲ ਕਾਵਿ ਮਨ ਦੀ ਝਲਕ ਪੈਂਦੀ ਹੈ। ਤੂੰ ਖਿੱਚ ਖਿੱਚ ਮਾਰੇ ਪੁਸਤਕ ਦੇ ਟਾਈਟਲ ਵਾਲੀ ਕਵਿਤਾ “ਯਾਰ ਰਬਾਬੀ” ਅਤੇ ਕੁਦਰਤ ਪ੍ਰਤੀ ਸਨੇਹ ਪ੍ਰਗਟਾਉਂਦੀਆਂ ਰਚਨਾਵਾਂ “ਕੁਦਰਤ” ਅਤੇ “ਬਸੰਤ” ਦੀਆਂ ਕੁਝ ਲਾਈਨਾਂ ਪਾਠਕਾਂ ਨਾਲ਼ ਸਾਂਝੀਆਂ ਕਰਨੀਆਂ ਬਣਦੀਆਂ ਹਨ, ਜੋ ਸੁਖਪ੍ਰੀਤ ਬੱਡੋਂ ਦੀ ਬਹੁਪੱਖੀ ਸਿਰਜਣਾਤਮਿਕ ਸਮਰੱਥਾ ਦੀਆਂ ਪ੍ਰਮਾਣ ਵੀ ਹਨ। ਪੰਜਵੀਂ ਅੱਗ ਇਹ ਕੈਸੀ… ਲੋਕੋ… ਲੈ ਰੰਗ ਬਰੰਗੀਆਂ ਚੁੰਨੀਆਂ ਲੱਗਦਾ ਐ ਹੋਇਆ ਏ ਅੰਬਰ ਵੀ ਅੱਜ ਆਸ਼ਿਕ ਮਨੁੱਖ ਦਾ ਜਮਾਂਦਰੂ ਸੁਭਾਅ ਹੈ ਕਿ ਜਿੱਥੇ ਤੱਕ ਉਹਦੀਆਂ ਚੰਮ ਦੀਆਂ ਚਲਦੀਆਂ ਹਨ ਉਹ ਚਲਾਉਣ ਤੋਂ ਬਾਜ ਨਹੀਂ ਆਉਂਦਾ! ਦੁਨਿਆਵੀ ਪਦਾਰਥਾਂ ਜਾਂ ਫਿਰ ਹੋਰ ਵਿਕਾਰਾਂ ਦਾ ਭਰਿਆ ਅਤੇ ਸਤਾਇਆ ਮਨੁੱਖ ਦੂਸਰਿਆਂ ਨੂੰ ਤੰਗ ਕਰਦਾ ਹੈ ਅਤੇ ਕਮਜ਼ੋਰਾਂ ਦਾ ਸ਼ੋਸ਼ਣ ਕਰਦਾ ਹੈ। ਸ਼ਾਇਦ ਇਸ ਲਈ ਪੁਸਤਕ ਦੇ ਆਖ਼ਰੀ ਸੁਨੇਹੇ ਵਿੱਚ ਸੁਖਪ੍ਰੀਤ ਬੱਡੋਂ “ਰੱਬ ਦਾ ਡੰਡਾ” ਪਾਠਕਾਂ ਨਾਲ ਸਾਂਝਿਆਂ ਕਰਨ ਤੋਂ ਨਹੀਂ ਖੁੰਝੀ ਅਤੇ ਭੁੱਲੀ ਵੀ ਨਹੀਂ… ਨਾ ਹੱਥ ਉੱਠਿਆ, ਨਾ ਕੋਈ ਆਵਾਜ਼ ਆਈ ਪਾਠਕ ਦੋਸਤੋ, ਮੈਂ ਗਲਤ ਵੀ ਹੋ ਸਕਦਾ ਹਾਂ, ਪਰ ਸਾਰੀ ਪੁਸਤਕ ਨੂੰ ਗਹੁ ਅਤੇ ਰੂਹ ਨਾਲ਼ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਮੈਨੂੰ ਇੰਜ ਮਹਿਸੂਸ ਹੋਇਆ ਕਿ ਪਰਵਾਸੀ ਜੀਵਨ, ਮੁਹੱਬਤ ਅਤੇ ਨਾਰੀ ਸੰਘਰਸ਼ / ਚੇਤਨਾ ਦੇ ਵਿਸ਼ਿਆਂ ਵਾਲੀਆਂ ਕਵਿਤਾਵਾਂ ਵਿੱਚ ਕਵਿਤਾ ਸੁਖਪ੍ਰੀਤ ਬੱਡੋਂ ਨੂੰ ਹੀ ਲਿਖ-ਬੋਲ ਰਹੀ ਹੈ। ਜਦੋਂ ਕਵਿਤਾ ਕਵੀ ਅਤੇ ਕਵੀ ਕਵਿਤਾ ਬਣ ਜਾਂਦਾ ਹੈ ਤਾਂ ਇਹ ਸੰਗਮ ਖ਼ੂਬਸੂਰਤ ਕਾਫ਼ਲਾ ਬਣਦਿਆਂ ਇੱਕ ਵਿਲੱਖਣ ਪੈਂਡਾ ਅਖ਼ਤਿਆਰ ਕਰ ਲੈਂਦਾ ਹੈ। ਜਾਂ ਇੰਜ ਕਹਿ ਲਵੋ ਕਿ ਕਵੀ ਸਿਰਫ਼ ਕਵਿਤਾ ਲਿਖਦਾ ਹੀ ਨਹੀਂ ਬਲਕਿ ਕਵਿਤਾ ਨੂੰ ਜਿਉਂਦਾ ਵੀ ਹੈ, ਜਿਸ ਨਾਲ ਉਸ ਦੀ ਰੂਹ ਨੂੰ ਸੰਤੁਸ਼ਟੀ ਮਿਲਦੀ ਹੈ। “ਯਾਰ ਰਬਾਬੀ” ਨੂੰ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਮੈਨੂੰ ਸੁਖਪ੍ਰੀਤ ਬੱਡੋਂ ਦੀ ਇਹ ਪਹਿਲੀ ਕੋਸ਼ਿਸ਼ ਬੜੀ ਚੰਗੀ ਲੱਗੀ। ਪੁਸਤਕ ਵਿੱਚ ਹੋਰ ਬਹੁਤ ਸਾਰੀਆਂ ਕਵਿਤਾਵਾਂ ਸ਼ਾਮਲ ਹਨ ਜੋ ਪਾਠਕ ਦਾ ਧਿਆਨ ਖਿੱਚਦੀਆਂ ਹਨ। ਮਾੜੀਆਂ ਮੋਟੀਆਂ ਊਣਤਾਈਆਂ ਤਾਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਹਰੇਕ ਸਿਰਜਣਾ ਵਿੱਚ ਰਹਿ ਜਾਂਦੀਆਂ ਹਨ। ਪੁਸਤਕ ਨੂੰ ‘ਸਮੁੱਚੇ ਰੂਪ’ ਅਤੇ ‘ਖੁੱਲ੍ਹੇ ਮਨ’ ਨਾਲ਼ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਮੈਨੂੰ ਬਹੁਤ ਹੀ ਖ਼ੂਬਸੂਰਤ ਸਿਰਜਣਾ ਲੱਗੀ ਜੋ ਲੇਖਕ ਦੇ ਮਨ ਦਾ ਸੁਨੇਹਾ ਪਾਠਕਾਂ ਦੀ ਰੂਹ ਤੱਕ ਅੱਪੜਦਾ ਕਰ ਰਹੀ ਹੈ। ਸੋਨਾ ਤਪਦਾ-ਤਪਦਾ ਕੁੰਦਨ ਬਣ ਹੀ ਜਾਏਗਾ…। ਸੁਖਪ੍ਰੀਤ ਬੱਡੋਂ ਦੇ ਇਸ ਪਲੇਠੇ ਕਾਵਿ ਸੰਗ੍ਰਹਿ ਦਾ ਸਾਹਿਤ ਪ੍ਰੇਮੀਆਂ ਵੱਲੋਂ ਖੁੱਲ੍ਹੇ ਦਿਲ ਨਾਲ਼ ਸਵਾਗਤ ਕਰਨਾ ਬਣਦਾ ਹੈ। ਆਸ ਅਤੇ ਉਮੀਦ ਵੀ ਹੈ ਕਿ ਆਪਣੇ ਸਾਹਿਤਕ ਪੈਂਡਿਆਂ ‘ਤੇ ਚਲਦਿਆਂ ਸੁਖਪ੍ਰੀਤ ਬੱਡੋਂ ਨਿਵੇਕਲੀਆਂ ਪੈੜਾਂ ਪਾਵੇਗੀ!! ਜ਼ਿੰਦਗੀ ਜ਼ਿੰਦਾਬਾਦ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਯਾਰ ਰਬਾਬੀ…ਸੁਖਪ੍ਰੀਤ ਬੱਡੋਂ ਦੇ ਸੂਖ਼ਮ ਤੇ ਸੰਵੇਦਨਸ਼ੀਲ ਕਾਵਿ-ਮਨ ਦੀ ਸੁਹਜਮਈ ਸਿਰਜਣਾ!! — ਡਾ. ਕੁਲਵਿੰਦਰ ਸਿੰਘ ਬਾਠ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by
‘ਯਾਰ’ ਅਤੇ ‘ਰਬਾਬ’ ਸ਼ਬਦ ਮੋਹ-ਮੁਹੱਬਤ ਦੇ ਪ੍ਰਤੀਕ ਹਨ…