ਨੀਮ ਪਹਾੜੀਆਂ ਦੇ ਇਲਾਕੇ ਗੜਸ਼ੰਕਰ ਤਹਿਸੀਲ ਦਾ ਪਿੰਡ ਚਾਹਲਪੁਰ ਦੇ ਸਾਂਝੇ ਅਮੀਰ ਘਰਾਣੇ ਵਿੱਚ ਪੈਦਾ ਹੋਇਆ ਤੇ ਨਾਂਅ ਰੱਖਿਆ ਗਿਆ ਅਵਤਾਰ। ਨਾਲ ਘਰਾਣੇ ਦੀ ਗੋਤ ‘ਸੰਘਾ’ ਵੀ ਜੁੜ ਗਈ ਤਿੰਨ ਭੈਣਾਂ ਤੇ ਇੱਕ ਭਰਾ ਦੇ ਇਸ ਵੀਰ ਅਵਤਾਰ ਸੰਘਾ ਨੇ ਹੋਸ਼ ਸੰਭਾਲਦਿਆਂ ਪਰਿਵਾਰਕ ਕਿੱਤੇ ਖੇਤੀਬਾੜੀ ਦੇ ਹਰ ਕੰਮ ਵਿਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਵਿਰਾਸਤੀ ਖੇਤੀ ਦੀ ਹਰ ਰੰਗ ਨੂੰ ਮਾਣਿਆਂ ਵੀ ਤੇ ਪਿੰਡੇ ਉੱਤੇ ਹੰਢਾਇਆ ਵੀ। ਪਰਵਾਰਕ ਵੰਡ ਹੋ ਜਾਣ ਨਾਲ, ਪਿਤਾ ਦੇ ਵੰਡੇ ਹਿੱਸੇ ਮੁਤਾਬਿਕ ਜੋ ਵੀ ਜਾਇਦਾਦ ਆਈ ਤਾਂ ਬਾਪ ਨੇ ਬਣਦਾ ਫਰਜ਼ ਨਿਭਾਉਂਦਿਆਂ ਧੀਆਂ ਨੂੰ ਵਿਆਹਿਆ ਤੇ ਦੋਹਾਂ ਨੂੰ ਮੈਟ੍ਰਿਕ ਤੱਕ ਪੜ੍ਹਾਇਆ। ਪਰ ਅਵਤਾਰ ਸਿੰਘ ਜ਼ਿੱਦੀ ਸੁਭਾਅ ਦਾ ਮਾਲਕ ਸੀ। ਇਸ ਨੇ ਜ਼ਿੱਦ ਫੜ ਲਈ ਕਿ ਮੈਂ ਅਗੇ ਹੋਰ ਪੜਨੈ। ਇਸ ‘ਜ਼ਿੱਦ’ ਨੇ ਅਵਤਾਰ ਸਿੰਘ ਨੂੰ ਸਿਰੜੀ ਤੇ ਮਿਹਨਤੀ ਬਣਾਉਣਾ ਸ਼ੁਰੂ ਕਰ ਦਿੱਤਾ। ਸਿਰੜ ਤੇ ਮਿਹਨਤ ਸਦਕਾ ਬੀ.ਏ.ਆਨਰਜ਼ ਵਿੱਚ ਅਵੱਲ ਦਰਜੇ ਵਿਚ ਪਾਸ ਕਰਦਿਆਂ ਅੰਗਰੇਜੀ ਦੀ ਐਮ.ਏ ਕਰਕੇ ਚੰਡੀਗੜ੍ਹ ਦੇ ਡੀ.ਏ.ਵੀ. ਕਾਲਜ ਵਿੱਚ ਅੰਗਰੇਜ਼ੀ ਲੈਕਚਰਾਰ ਵਜੋਂ ਸੇਵਾਵਾਂ ਨਿਭਾਉਣ ਲੱਗ ਪਿਆ ਪਰ ਪੱਕੇ ਤੌਰ ਖਾਲਸਾ ਕਾਲਜ ਗੜ੍ਹਸ਼ੰਕਰ ਆਣ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤਾ। ਫਿਰ ਪੀ.ਐਚ.ਡੀ ਕਰਕੇ ‘ਡਾਕਟਰ’ ਦੀ ਉਪਾਧੀ ਵੀ ਹਾਸਲ ਕਰ ਲਈ। ਕਈ ਵਾਰ ਜਿਵੇਂ ਗੰਨਿਆਂ ਦੇ ਢੇਰ ਵਿਚੋਂ ਕੋਈ ਵੀ ਗੰਨਾ ਪਸੰਦ ਨਹੀਂ ਆਉਂਦਾ ਉਵੇਂ ਹੀ ਅਵਤਾਰ ਸੰਘਾ, ਆਪਣਾ ਜੀਵਨ ਸਾਥੀ ਨਾ ਲੱਭਣ ਕਾਰਨ ਗ੍ਰਹਿਸਥ ਪੱਖੋਂ ਪੱਛੜ ਜ਼ਰੂਰ ਰਿਹਾ ਸੀ ਪਰ ਛੋਟੇ ਭਰਾ ਦਾ ਵਿਆਹ ਪਹਿਲਾਂ ਹੋਣ ਕਰਕੇ ‘ਛੜਾ ਜੇਠ/ਛੜਾ ਤਾਇਆ’ ਅਖਵਾਉਣ ਦਾ ਹੱਕਦਾਰ ਜ਼ਰੂਰ ਬਣ ਗਿਆ ਸੀ। ਆਖਰ 16 ਜਮਾਤਾਂ ਪੜ੍ਹੀ ਬੀਬੀ ਅਮਰਜੀਤ ਕੌਰ ਨੇ ਅਵਤਾਰ ਸੰਘਾ ਦੀ ਜੀਵਨ ਸਾਥਣ ਵਜੋਂ ਇਸ ਘਰ ਪ੍ਰਵਾਰ ਪ੍ਰਵੇਸ਼ ਕਰਦਿਆਂ ਜਿੱਥੇ ਬਾਗ਼ ਫੁਲਵਾੜੀ ਨੂੰ ਮਹਿਕਾਇਆ ਉਥੇ ਨਿੱਜੀ ਸਕੂਲ ਚਲਾ ਕੇ ਅਵਤਾਰ ਸੰਘਾ ਨੂੰ ਆਰਥਿਕਤਾ ਵਿੱਚ ਇੱਕ ਤਕੜਾ ਹੁਲਾਰਾ ਵੀ ਦਿੱਤਾ। ਅੱਗੋਂ ਇਹ ਸੰਘਾ ਪ੍ਰਵਾਰ ਬੱਚਿਆਂ ਸਮੇਤ ਸਿਡਨੀ ਆਸਟ੍ਰੇਲੀਆ ਆਣ ਪੱਕੇ ਤੌਰ ‘ਤੇ ਵੱਸ ਗਿਆ। ਸੱਤ ਸਮੁੰਦਰ ਪਾਰ ਕਰਕੇ ਅੰਗਰੇਜ਼ੀ ਦੇ ਮਾਹਰ ਵਜੋਂ ਅੰਗਰੇਜਾਂ ਵਿੱਚ ਵਿਚਰਦਿਆਂ ਵੀ ਅਵਤਾਰ ਸੰਘਾ ਦਾ ਆਪਣੀ ਮਾਂ ਬੋਲੀ ਪੰਜਾਬੀ, ਸੱਭਿਆਚਾਰ, ਰੀਤੀ ਰਿਵਾਜਾਂ ਤੇ ਮਾਣ ਮਤੇ ਵਿਰਸੇ ਤੋਂ ਉਕਾ ਹੀ ਮੋਹ ਭੰਗ ਨਹੀਂ ਹੋਇਆ। ਸਗੋਂ ਪੰਜਾਬੀ ਦੇ ਇਸ ਮੋਹ ਨੂੰ ਹੋਰ ਪੀਡਾ ਕਰਨ ਲਈ ਲੇਖਕ ਜਿਥੇ ਪਹਿਲਾਂ ਹੀ ਪੰਜਾਬੀ ਦੀਆਂ ਬਹੁਤ ਹੀ ਚਰਚਿਤ ਪੰਜ ਪੁਸਤਕਾਂ ਸਾਹਿਤ ਜਗਤ ਦੀ ਝੋਲੀ ਵਿੱਚ ਪਾ ਚੁੱਕਾ ਹੈ। ਉਥੇ ਆਹ ਛੇਵੀਂ ਪੁਸਤਕ ‘ਮੰਗਵੇਂ ਕੋਟ ਦਾ ਨਿੱਘ’ ਵੀ ਪਾਠਕਾਂ ਦੇ ਸਨਮੁੱਖ ਕੀਤੀ ਹੈ। ਇਸ ਦੇ ਨਾਲ ਨਾਲ ਮਹੀਨਾਵਾਰੀ ਅਖ਼ਬਾਰ ‘ਦ ਪੰਜਾਬ ਹੈਰਲਡ’ ਪ੍ਰਕਾਸ਼ਿਤ ਕਰਕੇ ਅਵਤਾਰ ਸੰਘਾ ਪੰਜਾਬੀ ਮਾਂ ਬੋਲੀ ਦੀ ਇੱਕ ਵੱਡੀਮੁੱਲੀ ਸੇਵਾ ਕਰਨ ਵਿੱਚ ਵੀ ਪੂਰਾ ਯਤਨਸ਼ੀਲ ਹੈ। ਪੁਸਤਕ ਦੇ ਉਕਤ ਸਿਰਲੇਖ ਵਾਲੀ ਕਹਾਣੀ ‘ਮੰਗਵੇਂ ਕੋਟ ਦਾ ਨਿੱਘ’ ਵਿਆਹ ਅਧਾਰਤ ਆਸਟ੍ਰੇਲੀਆ ਪਹੁੰਚੀ ਮੁਟਿਆਰ ਰਿੰਪੀ ਦਾ ਵਿਆਹ ਟੁੱਟ ਜਾਂਦਾ ਹੈ ਤਾਂ ਉਹ ਖੁਦ ਨੈਤਿਕ ਕਦਰਾਂ ਕੀਮਤਾਂ ਅਤੇ ਕਿਰਦਾਰ ਦੀ ਲਛਮਣ ਰੇਖਾ ਦੀਆਂ ਧੱਜੀਆਂ ਉਡਾਉਂਦੀ ਹੋਈ ਜ਼ਾਹਲੀ ਵਿਆਹ ਕਰਵਾ ਕੇ ਮੁੰਡਿਆਂ ਨੂੰ ਵਿਦੇਸ਼ ਪਹੁੰਚਾਉਣ ਦਾ ਇੱਕ ਘਿਨਾਉਣਾ ਕਿੱਤਾ ਅਪਣਾਉਂਦਿਆਂ ਅਥਾਹ ਧਨ ਦੌਲਤ ਕਮਾਉਣ (ਵੰਨ ਸੁਵੰਨੇ ਕੋਟਾਂ ਦਾ ਨਿੱਘ ਮਾਨਣ) ਦੇ ਰਾਹੇ ਤੁਰ ਪੈਂਦੀ ਹੈ। ‘ਸ਼ਾਦੀ ਸ਼ੁਦਾ ਛੜਾ’ ਕਹਾਣੀ ਵੀ ਅਜਿਹੀ ਹੀ ਬਾਤ ਪਾਉਂਦੀ ਹੈ ਕਿ ਨਕਲੀ ਵਿਆਹ ਵਿਦੇਸ਼ੀਂ ਵੱਸਣ ਦੇ ਝਾਂਸੇ ਹੀ ਸਾਬਿਤ ਹੋ ਰਹੇ ਹਨ। ‘ਓਵਰ ਟਾਈਮ’ ਵਿੱਚ ਵੀ ਕੋਹਲੂ ਦਾ ਬੈਲ ਬਣ ਜਾਣ ਕਾਰਨ ਵਿਆਹੁਤਾ ਜੀਵਨ ਖਿੰਡ ਜਾਣ ਦੀ ਤ੍ਰਾਸਦੀ ਹੈ। ਵਿਦੇਸ਼ੀ ਸੱਭਿਆਚਾਰ ਵਿੱਚ ਵਿਆਹ ਦੀ ਟੁੱਟ ਭੱਜ ਆਮ ਹੀ ਗੱਲ ਹੈ। ਜੋ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਨੂੰ ਰਿਸ਼ਤਿਆਂ ਦਾ ਇਹ ਊਂਟ ਪਤੰਗ ਉਕਾ ਰਾਸ ਨਹੀਂ ਆਉਂਦਾ ਪਰ ਜਦ ਗਭਰੂ ਮੁਟਿਆਰਾਂ ਅਜਿਹੇ ਭਰਮਾਊ ਮੱਕੜ ਜਾਲ ਵਿੱਚ ਫਸ ਜਾਂਦੀਅਾਂ ਹਨ ਤਾਂ ਫਿਰ ਨਾਨੀ ਚੇਤੇ ਜ਼ਰੂਰ ਆਉਂਦੀ ਹੈ। ‘ਅਬਦੁੱਲਾ ਤੇ ਅਮੈਂਡਾ’ ਕਹਾਣੀ ਵੀ ਅਜਿਹਾ ਹੀ ਸਬਕ ਦਿੰਦੀ ਹੈ ‘ਜੇ ਪੱਕਾ ਹੋਣ ਲਈ ਕੌੜਾ ਅੱਕ ਚੱਬਦਿਆਂ ਉਖਲੀ ਵਿੱਚ ਸਿਰ ਦੇ ਹੀ ਦਿੱਤਾ ਹੈ ਤਾਂ ਫਿਰ ਹੁਣ ਮੋਹਲਿਆਂ ਤੋਂ ਕਿਉਂ ਡਰੀ ਜਾਂਦੇ ਜੇ। ਜੋ ਬੀਜਿਆ ਸੋ ਵੱਡੀ ਜਾਓ ਯਾਨੀ ਚੁਪ ਕਰਕੇ ਮੱਖੀਆਂ ਭਰੇ ਵਿਆਹ ਦੇ ਮੋਤੀ ਚੂਰ ਲੱਡੂ ਛਕੀ ਜਾਓ।’ ‘ਰੇਲ ਦਾ ਸਫਰ’ ਤੇ ‘ਪੈਨਸ਼ਨਰ ਪ੍ਰੀਤਮ ਸਿੰਘ’ ਕਹਾਣੀਆਂ ਪ੍ਰਤੱਖ ਪ੍ਰਤੀਕ ਹਨ ਕਿ ਕੰਜੂਸ ਮੱਖੀ ਚੂਸਾਂ ਨੂੰ ਕਈ ਵਾਰ ਲੈਣੇ ਦੇ ਦੇਣੇ ਵੀ ਪੈ ਜਾਂਦੇ ਹਨ। ਸਿੱਖਿਆ ਤੇ ਪ੍ਰਾਪਤੀਆਂ ਦਾ ਪੀੜ੍ਹੀ ਦਰ ਪੀੜ੍ਹੀ ਦੇ ਪਾੜੇ ਕਰਕੇ ‘ਬੱਦਲਾਂ ਹੇਠ ਛੁਪਿਆ ਸੂਰਜ’, ‘ਤੂੜੀ ਗਿੱਲੀ’ ਹੋਣ ਕਰਕੇ ਏਧਰ ਉਧਰ ਦੀਆਂ ਖੁਰਲੀਆਂ ਮੂੰਹ ਵੱਜਣੇ, ਵਿਦੇਸ਼ੀ ਵੱਸਦਿਆਂ ਦੇ ਪਿੱਛਲੇ ਸਰਾਪਿਆਂ ਘਰਾਂ ਵੱਲੋਂ ਆਪਣਿਆਂ ਦੀ ਉਡੀਕ, ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ, ਧਾਕੜਾਂ, ਅਖੌਤੀ ਸਮਾਜ ਸੇਵੀਆਂ ਦੀਆਂ ਹੜੱਪੂ ਸਕੀਮਾਂ, ਕੁੱਤੇ ਖਾਣ ਅਫੀਮਾਂ, ਹੜ੍ਹਾਂ ਦੀ ਤਬਾਹੀ ਤੇ ਲੁਟੇਰਿਆਂ ਦੀਆਂ ਮੌਜਾਂ, ਸਿਆਸੀ ਲੂੰਮੜੀਆਂ ਬਨਾਮ ਸਿਆਸਤ ਦਾ ਨਿਰਾਲਾ ਬਾਬਾ ਆਦਮ, ਸੂਰਜ ਨੂੰ ਦੀਵਾ ਵਿਖਾਉਣ ਵਾਲੀ ਇੰਟਰਵਿਊ ਕਮੇਟੀ (ਸੁਗਲੀ ਰਾਮ), ਦੌੜੇ ਜਾ ਰਹੇ ਸਮੇਂ ਦੀਆਂ ਪੈੜਾਂ ਨਾਪਣੀਆਂ(ਪੱਚੀ ਸਾਲ) ਆਦਿ ਯਥਾਰਥ ਤੇ ਮਨੋਵਿਗਿਆਨਕ ਭਾਵਪੂਰਤ ਵਿਸ਼ੇ ਪਾਠਕ ਨੂੰ ਐਸੀ ਕਰਿੰਗੜੀ ਮਾਰ ਲੈਂਦੇ ਹਨ ਕਿ ਉਨਾਂ ਕਹਾਣੀ ਨੂੰ ਅੰਤ ਤੱਕ ਪੜ੍ਹਨ ਦੀ ਚੇਸ਼ਟਾ ਨੂੰ ਕਈ ਗੁਣਾਂ ਵਧਾ ਦਿੰਦੇ ਹਨ। ਜਿਸ ਕਰਕੇ ਲੇਖਕ ਅਵਤਾਰ ਸਿੰਘ ਸੰਘਾ ਦੀ ਇਸ ਪੁਸਤਕ ‘ਮੰਗਵੇਂ ਕੋਟ ਦਾ ਨਿੱਘ’ ਦਾ ਖੂਬ ਮਾਣਦੇ ‘ਤੇ ਲੁੱਟਦੇ ਹਨ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਪੁੱਤਰ: ਸ੍ਰ ਸੋਹਨ ਸਿੰਘ ਨੰਬਰਦਾਰ/ਮਾਤਾ ਧੰਨ ਕੌਰ
ਕਿੱਤਾ: ਖੇਤੀਬਾੜੀ, ਸੇਵਾ ਮੁਕਤ ਅਧਿਆਪਕ
ਸ਼ੌਂਕ: ਪੜਨਾ, ਲਿਖਣਾ ਤੇ ਸੈਰ ਸਪਾਟਾ
* ਸ਼ੁਧ ਵਾਤਾਵਰਨ/ ਸੁਹਾਵੀ ਧਰਤੀ ਬਣਾਉਣ ਦਾ ਹੋਕਾ ਦੇਣ ਲਈ ਕਰੀਬ 3000 ਕਿਲੋਮੀਟਰ (ਪੰਜਾਬ, ਚੰਡੀਗੜ੍ਹ,ਹਰਿਆਣਾ, ਹਿਮਾਚਲ, ਦਿੱਲੀ, ਯੂਪੀ ਅਤੇ ਨਿਪਾਲ ਤੱਕ ਦੇ ਇਲਾਕਿਆਂ) ਦੀ ਸਾਈਕਲ ਯਾਤਰਾ।
* ਦੇਸ਼ ਦੀ ਏਕਤਾ ਅਤੇ ਅਖੰਡਤਾ ਕਾਇਮ ਲਈ ਖ਼ਤਰਨਾਕ ਹਾਲਤਾਂ ਵਿੱਚ ਸੰਨ 2002 ਜੰਮੂ ਕਸ਼ਮੀਰ ਚੋਣ ਡਿਊਟੀ ਕਰਨਾ।
* ਪੰਜਾਬ ਦੀਆਂ ਸਿਰਮੌਰ ਪੰਜਾਬੀ ਅਖ਼ਬਾਰਾਂ ਵਿੱਚ ਲਿਖਤਾਂ ਤੇ ਹਫ਼ਤਾਵਾਰੀ ਕਾਲਮ ਪ੍ਰਕਾਸ਼ਿਤ ਹੋਣੇ।
* ਪੰਜ ਕਿਤਾਬਾਂ ਦਾ ਪ੍ਰਕਾਸ਼ਿਤ ਹੋਣਾ।
* ਕੁਝ ਲਿਖਤਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਖ ਵੱਖ ਜਮਾਤਾਂ ਦੇ ਪਾਠਕ੍ਰਮਾਂ ਵਿਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਣਾ।
* ਪਾਕਿਸਤਾਨ, ਬੰਗਲਾਦੇਸ਼ ‘ਤੇ ਆਸਟ੍ਰੇਲੀਆ ਦਾ ਸੈਰ ਸਪਾਟਾ।
* ਵੱਖ ਵੱਖ ਸਾਹਿਤ ਸਭਾਵਾਂ, ਸਮਾਜਿਕ ਸੰਸਥਾਵਾਂ, ਪੰਜਾਬ ਚੋਣ ਕਮਿਸ਼ਨ ਅਤੇ ਸਿਖਿਆ ਵਿਭਾਗ ਵੱਲੋਂ ਬਲਾਕ ਪੱਧਰ ਤੋਂ ਲੈ ਕੇ ਰਾਜਪੱਧਰ ਤੱਕ ਵਿਸ਼ੇਸ਼ ਮਾਣ ਸਨਮਾਣ ਅਤੇ ਖਾਸ ਕਰਕੇ ਡੀਡੀ ਪੰਜਾਬੀ ਵੱਲੋਂ ਵੀ ਸਾਈਕਲ ਯਾਤਰਾ ਨੂੰ ਸਟੋਰੀ ਦੇ ਰੂਪ ਵਿੱਚ ਖਬਰਾਂ ਵਿੱਚ ਪੇਸ਼ ਕਰਕੇ ਵਿਸ਼ੇਸ਼ ਮਾਣ ਤਾਣ।
ਮਾਸਟਰ ਲਖਵਿੰਦਰ ਸਿੰਘ ਰਈਆ (ਸਟੇਟ ਐਵਾਰਡੀ)
ਰਈਆ ਖੁਰਦ ਹਵੇਲੀਆਣਾ, ਜ਼ਿਲ੍ਹਾ ਅੰਮ੍ਰਿਤਸਰ
ਫੋਨ: +91 98764-74858