19 June 2024

ਧਰਮ ਅਤੇ ਮਜ਼ਹਬ: ਦਾਰਸ਼ਨਿਕ ਅਤੇ ਵਿਹਾਰਕ ਪੱਧਰ ਦੇ ਬੁਨਿਆਦੀ ਮੱਤ-ਭੇਦ —ਡਾ: ਬਲਦੇਵ ਸਿੰਘ ਕੰਦੋਲਾ

ਆਮ ਭਾਸ਼ਾ ਵਿਚ ‘ਮਜ਼ਹਬ’, ‘ਦੀਨ’ ਅਤੇ ‘ਧਰਮ’ ਸ਼ਬਦਾਂ ਦੇ ਅਰਥ ਇਕ ਬਰਾਬਰ ਲਏ ਜਾਂਦੇ ਹਨ। ਜੇ ਅਸੀਂ ਯੂਰਪ ਦੀ ਅੰਗਰੇਜ਼ੀ ਭਾਸ਼ਾ ਵੀ ਲੈ ਲਈਏ ਤਾਂ ‘ਰਿਲੀਜਨ’ ਸ਼ਬਦ ਵੀ ਇਸ ਸੂਚੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ; ਭਾਵ ਇਹ ਇਕਦਮ ਮੰਨ ਲਿਆ ਜਾਂਦਾ ਹੈ ਕਿ ਇਹ ਸਾਰੇ ਸ਼ਬਦ ਲਗਪਗ ਸਮਾਨਾਂਤਰ ਵਿਚਾਰਧਾਰਾਵਾਂ ਨੂੰ ਦਰਸਾਉਂਦੇ ਹਨ। ਇਸ ਦਾਅਵੇ ਦਾ ਸੰਕੇਤ ਇਹ ਹੁੰਦਾ ਹੈ ਕਿ ‘ਸਿੱਖ ਧਰਮ’, ‘ਹਿੰਦੁ ਧਰਮ’ ਜਾਂ ‘ਬੁੱਧ ਧਰਮ’ ਮੁੱਖ ਤੌਰ ’ਤੇ ‘ਈਸਾਈ ਮਜ਼ਹਬ’ ਜਾਂ ‘ਇਸਲਾਮੀ ਮਜ਼ਹਬ’ ਤੋਂ ਮੂਲ ਰੂਪ ਵਿਚ ਅਲਗ ਨਹੀ ਹਨ; ਸਾਂਝੇ ਟੀਚੇ ’ਤੇ ਪਹੁੰਚਣ ਦੇ ਵਿਭਿੰਨ ਰਾਹ ਹਨ ਪਰ ਪਹੁੰਚਣਾ ਇਕ ਹੀ ਮੰਜ਼ਲ ’ਤੇ ਹੁੰਦਾ ਹੈ। ਪਰ ਇਸ ਦੇ ਨਾਲ ਨਾਲ ਹਰ ‘ਮਜ਼ਹਬ’ ਦੇ ਚਰਮਪੰਥੀ ਅਨੁਯਾਈ ਆਪਣੇ ‘ਮਜ਼ਹਬ’ ਨੂੰ ਦੂਜਿਆਂ ਨਾਲੋਂ ਵਰਿਸ਼ਟ ਦੱਸ ਕੇ ‘ਧਰਮ ਯੁੱਧ’ ਜਾਂ ‘ਜਿਹਾਦ’ ਦੇ ਨਾਮ ਥੱਲੇ ਮਨੁੱਖਤਾ ਨੂੰ ‘ਪਵਿੱਤਰ’ ਕਰਨ ਲਈ ਅਣ-ਮਨੁੱਖੀ ਅੱਤਿਆਚਾਰ ਅਤੇ ਦਰਿੰਦਗੀ ਨੂੰ ਪਰਵਰਦਿਗਾਰ ਦਾ ਫਰਮਾਨ ਕਰਾਰ ਦਿੰਦੇ ਹੋਏ ਇਸ ਨੂੰ ਮਨੁੱਖਤਾ ਦੀ ਭਲਾਈ ਅਤੇ ਮੁਕਤੀ ਸਮਝਦੇ ਹਨ। ਪ੍ਰੰਤੂ ਦਾਰਸ਼ਨਿਕ ਅਤੇ ਬੌਧਿਕ ਪੱਧਰ ’ਤੇ ‘ਮਜ਼ਹਬ’ ਅਤੇ ‘ਧਰਮ’ ਦੇ ਅਰਥ ਬਹੁਤ ਵੱਖਰੇ ਹਨ: ਪੂਰਬਲਾ (ਯਾਨੀ ‘ਮਜ਼ਹਬ’) ਕਿਸੇ ਅਲੌਕਿਕ ਕਾਲਪਨਿਕ ਸ਼ਕਤੀ ਵਿਚ ਵਿਸ਼ਵਾਸ ਅਤੇ ਉਸਦੀ ਪੂਜਾ ਭਗਤੀ ਕਰਦਾ ਹੈ ਜਦਕਿ ਮਗਰਲਾ (ਯਾਨੀ ‘ਧਰਮ’), ਦ੍ਰਿਸ਼ਮਾਨ ਸ੍ਰਿਸ਼ਟੀ ਤੋਂ ਪਰੇ ਹੋਰ ਕਿਸੇ ਹੋਂਦ ਦੀ ਵਾਸਵਿਕਤਾ ਤੋਂ ਇਨਕਾਰ ਕਰਦਾ ਹੈ; ਪੂਰਬਲਾ ਈਸ਼ਵਰ-ਅਰਾਧਨਾ ਦਾ ਪੂਜਾਰੀ ਅਤੇ ਮਗਰਲਾ ਮਨੁੱਖੀ ਨੈਤਿਕਤਾ ਨੂੰ ਪਹਿਲ ਦਿੰਦਾ ਹੈ; ਪੂਰਬਲਾ ਕਰਮ ਕਾਡਾਂ ਅਤੇ ਬਲੀ-ਕਰਮਾਂ ਦੀ ਪਾਲਣਾ ਕਰਦਾ ਹੈ ਅਤੇ ਮਗਰਲਾ ਮਾਨਵਤਾ ਲਈ ਕਰਮ ਕਰਦਾ ਹੈ।

ਆਮ ਤੌਰ ’ਤੇ ‘ਮਜ਼ਹਬ’ ਜਾਂ ‘ਰਿਲੀਜਨ’ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਜਾਂਦੀ ਹੈ ਕਿ “… ਇਹ ਕਿਸੇ ਪਰਾ-ਮਨੁੱਖੀ ਸਰਵ ਨਿਯੰਤ੍ਰਕ ਸ਼ਕਤੀ ਵਿਚ ਵਿਸ਼ਵਾਸ ਹੈ ਜਿਸ ਦੀ ਪੂਜਾ ਕੀਤੀ ਜਾਂਦੀ ਹੋਵੇ, ਜਿਵੇਂ ਰੱਬ ਜਾਂ ਪ੍ਰਭੂ।” ਭਾਵ ‘ਮਜ਼ਹਬ’ ਜਾਂ ‘ਰਿਲੀਜਨ’ ਰੱਬ ਵਿਚ ਵਿਸ਼ਵਾਸ ਰੱਖਣ ਅਤੇ ਉਸਦੀ ਬੰਦਗੀ ਕਰਨ ਦਾ ਅਕੀਦਾ ਹੈ। ‘ਰੱਬ’ ਵਿੱਚ ਵਿਵਾਦਰਹਿਤ ‘ਅੰਧ’ ਵਿਸ਼ਵਾਸ ਮਜਹਬ ਕਹਾਉਂਦਾ ਹੈ। ਇਸ ਤਰ੍ਹਾਂ ‘ਮਜ਼ਹਬ’ ਵਿਚ ਰੱਬ ਦਾ ਖ਼ੌਫ ਅਤੇ ਭੈ ਆਦਮੀ ਦੇ ਸਮਾਜਕ ਵਤੀਰੇ ਨੂੰ ਨਿਧਾਰਿਤ ਕਰਦਾ ਹੈ।

ਧਰਮ ਸ਼ਬਦ ‘ਧ੍ਰਿ’ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਧਾਰਣ ਕਰਨਾ [ਮਹਾਨ ਕੋਸ਼]। ਇਸ ਅਨੁਸਾਰ ਧਾਰਣ ਕਰਨ ਵਾਲੇ ਨੂੰ ‘ਧਾਰਮੀ’ ਜਾਂ ‘ਧਰਮੀ’ ਕਿਹਾ ਜਾਂਦਾ ਹੈ ਜਿਸ ਦਾ ਆਧਾਰ ਨੈਤਿਕ-ਨਿਯਮ ਅਤੇ ਸਦਾਚਾਰ ਹੈ। ਮੂਲ ਅਰਥਾਂ ਵਿਚ ‘ਧਰਮ’ ਦਾ ਭਾਵ ਕਿਸੇ ਚੀਜ਼ ਦਾ ਉਹ ਤਾਤਵਿਕ ਸ੍ਵਰੂਪ ਹੈ, ਜਿਸ ਤੋਂ ਬਿਨਾਂ ਉਸ ਚੀਜ਼ ਦੀ ਕੋਈ ਹੋਂਦ ਨਹੀ ਹੁੰਦੀ। ਕੁਦਰਤ ਦੀ ਹਰ ਚੀਜ਼ ਕਿਸੇ ਵਿਸ਼ਿਸ਼ਟ, ਅੰਤਰਨਿਹਤ ‘ਗੁਣ’ ਦੀ ‘ਧਾਰਨੀ’ ਹੁੰਦੀ ਹੈ ਜਿਸ ਨੂੰ ‘ਧਰਮ’ ਸੰਕੇਤ ਕਰਦਾ ਹੈ। ਉਹ, ਜਿਸ ਕਰਕੇ ਇਕ ਚੀਜ਼ ਆਪਣੇ ਆਪ ਵਿਚ ਚੀਜ਼ ਹੁੰਦੀ ਹੈ ਜਿਸ ਬਗੈਰ ਉਹ ਚੀਜ਼ ਉਹ ਨਹੀ ਰਹਿੰਦੀ ਜੋ ਉਹ ਹੈ, ਉਹ ਉਸ ਚੀਜ਼ ਦਾ ‘ਧਰਮ’ ਹੁੰਦਾ ਹੈ। ਜੈਸੇ, ਤਰਲਤਾ ਪਾਣੀ ਦਾ ‘ਧਰਮ’ ਹੈ ਅਤੇ ਤਰਲਤਾ ਖੋਹ ਜਾਣ ਨਾਲ ਇਹ ਬਰਫ ਜਾਂ ਭਾਫ (ਵਾਸ਼ਪ) ਬਣ ਜਾਵੇਗਾ। ਇਸੇ ਤਰ੍ਹਾਂ ਅੱਗ ਦਾ ‘ਧਰਮ’ ਤਾਪ (ਗਰਮਾਇਸ਼) ਹੈ, ਜੇਕਰ ਅੱਗ ਵਿਚੋਂ ਗਰਮੀ ਨਹੀ ਨਿਕਲਦੀ ਤਾਂ ਇਹ ਅੱਗ ਨਹੀ ਰਹੇਗੀ। ਜਦੋਂ ਅਸੀਂ ‘ਧਰਮ’ ਨੂੰ ਮਾਨਸ (ਮਨੁੱਖ) ਦੇ ਤਾਤਵਿਕ ਸ੍ਵਭਾਵ (ਸੁਭਾਉ) ਤੋਂ ਲੈਂਦੇ ਹਾਂ ਤਾਂ ‘ਧਰਮ’ ਦਾ ਸੰਕਲਪ ਨੈਤਿਕ ਜਾਂ ਸਦਾਚਾਰਕ ਮਹੱਤਤਾ ਰੱਖਦਾ ਹੈ। ਨੈਤਿਕਤਾ, ਮਨੁੱਖ ਦਾ ਅੰਤਰਨਿਹਤ (ਸਮਵਾਯ) ਗੁਣ ਹੈ ਜਿਸ ਬਗੈਰ ਮਨੁੱਖ, ਮਨੁੱਖ ਨਹੀ ਰਹਿੰਦਾ; ਭਾਵ ਨੈਤਿਕਤਾ ਦਾ ‘ਧਾਰਮੀ’ ਮਨੁੱਖ ਕਹਾਉਂਦਾ ਹੈ। ਮਨੁੱਖ ਦਾ ‘ਧਰਮ’ ਉਹ ਮੂਲ ਸਿਧਾਂਤ ਹੈ ਜਿਸ ਵਿੱਚੋਂ ਸਮੁੱਚਾ ‘ਨੈਤਿਕ’ ਸੰਕਲਪ ਆਪਣਾ ਅਰਥ ਪ੍ਰਾਪਤ ਕਰਦਾ ਹੈ। ਸਮੁੱਚੀ ‘ਮਾਨਵ ਨੈਤਿਕਤਾ’ ਆਦਮੀ ਦੇ ਤਾਤਵਿਕ ਸ੍ਵਭਾਵ ਉੱਪਰ ਨਿਰਭਰ ਕਰਦੀ ਹੈ, ਕਿਉਂਕਿ ਆਦਮੀ ਦਾ ਸ੍ਵਭਾਵ ਦੈਵੀ ਮੰਨਿਆ ਗਿਆ ਹੈ।

ਸਮਾਜਕ ਸਰੂਪ ਹੋਣ ਦੇ ਨਾਤੇ ਧਰਮ ਇਕ ਐਸਾ ਸੋਮਾ ਹੈ ਜੋ ਆਦਮੀ ਨੂੰ ਸਰਵ ਸ੍ਰੇਸ਼ਠ ਬਣਨ ਲਈ ਪ੍ਰੇਰਨਾ ਅਤੇ ਉਤਸ਼ਾਹ ਦਿੰਦਾ ਹੈ ਅਤੇ ਉਸ ਦੇ ਸਾਹਮਣੇ ‘ਪਰਮ ਮਨੁੱਖ’ ਦਾ ਸਰਵੋਤਮ ਆਦਰਸ਼ ਉਪਸਥਿਤ ਕਰਦਾ ਹੈ। ਇਹ ਉਸ ਨੂੰ ਸਧਾਰਨ ਆਦਮੀ ਦੀ ਪੱਧਰ ਤੋਂ ਉੱਪਰ ਵਲ ਉਠਾਉਂਦਾ ਅਤੇ ਉਸ ਦੇ ਮਨ ਵਿਚ ਉੱਚਾ ਅਤੇ ਸੰਤੁਸ਼ਟ ਜੀਵਨ ਨਿਰਬਾਹ ਕਰਨ ਦੀ ਲਲਕ ਪੈਦਾ ਕਰਦਾ ਹੈ। ਧਰਮ ਦੇ ਨਿਯਮਾਂ ਦੀ ਪਾਲਣਾ ਕਰਨ ਵਾਲਾ ਆਦਮੀ ਸੁਆਰਥ ਨੂੰ ਭੁੱਲ ਕੇ ਸਮਾਜ ਦੇ ਦੂਜੇ ਪ੍ਰਾਣੀਆਂ ਦੇ ਹਿਤ ਸਾਧਨ ਵਿਚ ਲੀਨ ਹੋ ਜਾਂਦਾ ਹੈ। ਇਸ ਦਾ ਮੂਲ ਮਨੋਰਥ ਆਦਮੀ ਨੂੰ ਆਦਮੀ ਨਾਲ ਮਿੱਤਰਤਾ ਪੈਦਾ ਕਰਨਾ ਹੁੰਦਾ ਹੈ। ‘ਸ਼ੁੱਭ ਕਰਮਨ’ ਨੂੰ ਮਾਨਵ ਜੀਵਨ ਦਾ ਨਿਸ਼ਕਪਟ ਨੈਤਿਕ ਨਿਯਮ ਮੰਨਣਾ ਧਰਮ ਹੈ। ਧਰਮ, ਤਾਂ ਹੀ ਸੱਚਾ ਧਰਮ (ਸਦਧਰਮ) ਕਿਹਾ ਜਾ ਸਕਦਾ ਹੈ ਜਦ ਉਹ ਸਮਾਜਕ ਸੰਬੰਧ ਅਤੇ ਅਨੁਸ਼ਾਸਨ ਸਥਾਪਤ ਕਰੇ ਅਤੇ ਜਨਸਧਾਰਨ ਲਈ ਗਿਆਨ ਅਤੇ ਪ੍ਰਤਿਭਾ ਦਾ ਦੁਆਰ ਖੋਲ ਦੇਵੇ; ਸ਼ੀਲਤਾ ਅਤੇ ਸੂਝ-ਬੂਝ ਵਿਚ ਵਾਧਾ ਕਰੇ; ਕਰੁਣਾ ਅਤੇ ਮੈਤਰੀ ਦਾ ਵਿਕਾਸ ਕਰੇ; ਆਦਮੀ ਅਤੇ ਆਦਮੀ ਵਿਚ ਸਮਾਨਤਾ ਦੇ ਭਾਵ ਦਾ ਵਾਧਾ ਕਰੇ। ਧਰਮ ਕੋਈ ਮਨੌਤ ਜਾਂ ਨਿਰਾ ਸ਼ਰਧਾ ਮਾਤ੍ਰ ਇਹਸਾਸ ਨਹੀ ਬਲਕਿ ਸਮਯਕ ਗਿਆਨ ਅਤੇ ਸਵੈ ਨਿਸ਼ਚਾ ਹੈ। ਇਹ ਵਿਅਰਥ ਭਾਵਨਾਵਾਂ ਦਾ ਉਨਮਾਦ ਜਾਂ ਆਪਮੁਹਾਰਾ ਵਲਵਲਿਆਂ ਦਾ ਉਛਾਲ ਵੀ ਨਹੀ ਹੈ। ਇਹ ਇਕ ਨਿਸ਼ਚਿਤ ਅਤੇ ਮੰਨਣਯੋਗ ਮੇਲਮਿਲਾਪ-ਯੁਕਤ ਤਰਕਮਈ ਪੱਧਤੀ ਹੈ ਜਿਸ ਦਾ ਆਧਾਰ ਮਿਥਿਆ-ਵਿਸ਼ਵਾਸ ਚੇਤਨਾ ਜਾਂ ਵਿਹਾਰਕ ਉਪਯੋਗਤਾ ਨਹੀ ਬਲਕਿ ਯਥਾਰਥ ਬੁੱਧੀਵਾਦ ਹੈ। ਹਿਰਦੇ ਦੀ ਪਵਿੱਤਰਤਾ ਅਤੇ ਮਾਨਵ ਜਾਤੀ ਲਈ ਦਰਦ ਅਤੇ ਮਨੋਵੇਗ ਹੀ ਧਾਰਮਿਕ ਜੀਵਨ ਦੇ ਸਾਰ ਤੱਤ ਹਨ। ਸਦਾਚਾਰ ਹੀ ਧਰਮ ਹੈ ਅਰਥਾਤ ਧਰਮ ਹੀ ਸਦਾਚਾਰ ਹੈ।

ਸਮਾਜਕ ਜਾਂ ਸੱਭਿਆਚਾਰਕ ਧਰਮ ਵਿਚ ਰੱਬ, ਈਸ਼ਵਰ ਜਾਂ ਆਤਮਾ ਵਰਗੇ ਪਰਾ-ਪ੍ਰਾਕਿਰਤਕ (ਪਾਰਲੌਕਿਕ) ਸੰਕਲਪਾਂ ਦਾ ਕੋਈ ਸਥਾਨ ਨਹੀ ਹੈ। ‘ਧਰਮ’ ਵਿਚ ਸਦਾਚਾਰ (ਨੈਤਿਕਤਾ) ਦਾ ਉਹੀ ਸਥਾਨ ਹੈ ਜੋ ‘ਮਜਹਬ’ ਵਿਚ ਰੱਬ ਜਾਂ ਕਰਤਾਰ ਦਾ ਹੈ। ਧਰਮ ਵਿਚ ਤਰਕਹੀਣ ਮਨੌਤਾਂ, ਜਾਪ, ਯਗ, ਤੀਰਥ-ਯਾਤਰਾਵਾਂ, ਅੰਧ-ਵਿਸ਼ਵਾਸ, ਕਰਮ-ਕਾਂਡ, ਜਾਂ ਬਲੀ-ਕਰਮਾਂ ਲਈ ਕੋਈ ਜਗ੍ਹਾ ਨਹੀ ਹੈ ਕਿਉਂਕਿ ਇਹ ਮਜ਼ਹਬ ਦੇ ਵਿਸ਼ੇ ਹਨ। ਨੈਤਿਕਤਾ ਇਸ ਦਾ ਕਰਮ ਖੇਤ੍ਰ ਹੈ; ਜੇ ਨੈਤਿਕਤਾ ਨਹੀ ਤਾਂ ਧਰਮ ਵੀ ਨਹੀ। ਧਰਮ, ਸਮਾਜ ਦੇ ਸਾਰੇ ਭੇਦ ਭਾਵਾਂ ਨੂੰ ਮਿਟਾਉਂਦਾ ਹੈ ਅਤੇ ਆਦਮੀ ਦਾ ਮੁਲਾਂਕਣ ‘ਜਨਮ’ ਨਾਲ ਨਹੀ ਕਰਦਾ ਬਲਕਿ ‘ਕਰਮ’ ਦੇ ਆਧਾਰ ’ਤੇ ਕਰਨ ਦੀ ਸਿੱਖਿਆ ਦਿੰਦਾ ਹੈ। ਇਸ ਤਰ੍ਹਾ ਧਰਮ, ਮਜ਼ਹਬ ਤੋਂ ਬਿਲਕੁਲ ਭਿੰਨ ਹੈ: ਮਜ਼ਹਬ ਵਿਅਕਤੀਗਤ ਧਾਰਨਾ ਹੈ, ਇਕ ਨਿੱਜੀ ਰੱਬ ਵਿਚ ਨਿੱਜੀ ਆਸਥਾ ਹੈ, ਜਦਕਿ ਧਰਮ ਸਮਾਜਕ ਕਾਰਜ ਪ੍ਰਣਾਲੀ ਹੈ, ਇੱਕ ਸਮੂਹਿਕ ਪ੍ਰਕਿਰਿਆ ਹੈ। ਧਰਮ, ਇਕ ਜੀਵਨ ਜੀਣ ਦੀ ਕਲਾ ਹੈ; ਆਪ ਸੁੱਖ ਨਾਲ ਜੀਣ ਅਤੇ ਦੂਜਿਆਂ ਨੂੰ ਸੁੱਖ ਨਾਲ ਜੀਅ ਲੈਣ ਦੀ ਪ੍ਰਥਾ ਹੈ। ਵਾਸਤਵਿਕ ਸੁੱਖ ਆਂਤਰਿਕ ਸ਼ਾਂਤੀ ਨਾਲ ਮਿਲਦਾ ਹੈ ਅਤੇ ਆਂਤਰਿਕ ਸ਼ਾਂਤੀ ਚਿੱਤ ਦੀ ਨਿਰਮਲਤਾ ਨਾਲ ਪ੍ਰਾਪਤ ਹੁੰਦੀ ਹੈ। ਚਿੱਤ ਦੀ ਵਿਕਾਰਵਿਹੀਨ ਅਵਸਥਾ ਹੀ ਵਾਸਤਵਿਕ ਸੁੱਖ-ਸ਼ਾਂਤੀ ਦੀ ਅਵਸਥਾ ਹੈ। ਨਿਰਮਲ ਅਤੇ ਸਵੱਛ ਚਿੱਤ ਦਾ ਆਚਰਣ ਹੀ ਧਰਮ ਹੈ।

ਭਾਰਤੀ ਸੱਭਿਆਚਾਰ ਅਤੇ ਸਮਾਜ ਵਿਚ ‘ਧਰਮ’ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਸਮਾਜਕ ਜੀਵਨ ਵਿਚ ਮਨੁੱਖ ਦਾ ਆਪਸੀ ਵਰਤਾਰਾ ਅਤੇ ਸੰਬੰਧ ਉਸਦੇ ਮਾਨਸਿਕ ਅਤੇ ਅਧਿਆਤਮਕ ਸੁੱਖ ਸ਼ਾਂਤੀ ਲਈ ਬੜੇ ਜ਼ਰੂਰੀ ਅਤੇ ਸਮਾਜਕ ਉੱਨਤੀ ਲਈ ਬੜੇ ਅਨਿਵਾਰੀ ਮੰਨੇ ਗਏ ਹਨ। ਧਰਮ ਇਹਨਾਂ ਸੰਬੰਧਾਂ ਨੂੰ ਵਿਵਸਥਿਤ, ਨਿਯਮਿਤ ਅਤੇ ਨਿਯੰਤ੍ਰਿਤ ਕਰਦਾ ਹੈ। ਇਹ ਸੰਬੰਧ, ਭਾਵ ਲੋਕਾਂ ਦੇ ਆਪਸੀ ਵਿਵਹਾਰ, ਸਦਾਚਾਰ (ਨੈਤਿਕਤਾ) ਦੇ ਰੂਪ ਵਿਚ ਧਰਮ ਦੇ ਲੱਛਣ ਬਣਦੇ ਹਨ ਅਤੇ ਇਹ ਸਦਾਚਾਰ ਹੀ ‘ਸ੍ਰੇਸ਼ਠ ਧਰਮ’ ਬਣਦਾ ਹੈ। ਸਮਾਜ ਦੀ ਪਰੰਪਰਾ (ਸ਼੍ਰੁਤੀਆਂ ਅਤੇ ਸਿਮ੍ਰਤੀਆਂ) ਵਿਚ ਮਨੁੱਖ ਦੇ ਲਈ ਜੋ ਕਰਤੱਵ ਦਰਸਾਏ ਹੁੰਦੇ ਹਨ, ਉਹਨਾਂ ਦਾ ਸ਼ਰਧਾ ਪੂਰਵਕ ਪਾਲਣ ਹੀ ‘ਧਰਮ’ ਹੁੰਦਾ ਹੈ। ਮਾਨਵੀ ਕਦਰਾਂ-ਕੀਮਤਾਂ (ਜਿਵੇਂ ਸਤਿ, ਅਹਿੰਸਾ, ਦਮ, ਖਿਮਾ, ਸ਼ਰਧਾ, ਮਧੁਰ ਬੋਲ ਅਤੇ ਸੇਵਾ ਆਦਿ) ਫਲੀਭੂਤ ਸਮਾਜਕ ਜੀਵਨ ਦਾ ਆਧਾਰ ਬਣਦੀਆਂ ਹਨ।

ਸਦਾਚਾਰ ਸ਼ਬਦ ‘ਸਦ’ ਅਤੇ ‘ਆਚਾਰ’ ਤੋਂ ਬਣਿਆ ਹੈ; ਸਦ ਤੋਂ ਭਾਵ ਹੈ ਚੰਗਾ ਅਤੇ ਆਚਾਰ ਤੋਂ ਭਾਵ ਹੈ ਵਿਵਹਾਰ ਜਾਂ ਚਾਲਚਲਨ, ਅਰਥਾਤ ਸਮਾਜ ਵਿਚ ਰਹਿ ਕੇ ਚੰਗਾ ਵਿਵਹਾਰ ਕਰਨ ਦਾ ਰਾਹ ਜਾਂ ਨਿਯਮ ਸਦਾਚਾਰ ਹੈ। ਇਸ ਤਰ੍ਹਾਂ ਸਦਾਚਾਰ ਦਾ ਸੰਬੰਧ ਮਨੁੱਖ ਅਤੇ ਸਮਾਜ ਦੇ ਆਪਸੀ ਮੇਲ ਮਿਲਾਪ ਨਾਲ ਹੈ। ਪ੍ਰੰਤੂ ਕਈ ਬਾਰ ਇਸ ਨੂੰ ਵਿਅਕਤੀਗਤ ਰੂਪ ਵਿਚ ਵੀ ਲਿਆ ਜਾਂਦਾ ਹੈ ਜਿਸ ਵਿਚ ਮਨੁੱਖੀ ਜੀਵਨ ਦਾ ਪਰਮ ਲਕਸ਼ ਮੋਕਸ਼-ਪ੍ਰਾਪਤੀ ਹੁੰਦਾ ਹੈ। ਇਸ ਲਕਸ਼ ਦੀ ਪੂਰਤੀ ਲਈ ਜੋ ਮਾਰਗ ਅਪਣਾਇਆ ਜਾਂਦਾ ਹੈ ਉਸ ਨੂੰ ਵਿਅਕਤੀਗਤ ਸਦਾਚਾਰ ਕਿਹਾ ਗਿਆ ਹੈ। ਪਰ ਕਿਉਂਕਿ ਮਨੁੱਖ ਇਕ ਸਮਾਜਕ ਪ੍ਰਾਣੀ ਹੈ ਇਸ ਲਈ ਸਮਾਜਕ-ਸੱਭਿਆਚਾਰਕ ਸਦਾਚਾਰ ਜ਼ਿਆਦਾ ਮਹੱਤਤਾ ਰੱਖਦਾ ਹੈ ਹਾਲਾਂਕਿ ਇਸ ਨੂੰ ਵਿਅਕਤੀਗਤ ਸਦਾਚਾਰ ਤੋਂ ਪੂਰਨ ਰੂਪ ਵਿਚ ਨਿਖੇੜਿਆ ਨਹੀ ਜਾ ਸਕਦਾ।

ਭਾਰਤ ਦੇ ਹਰ ‘ਧਰਮ’ ਵਿਚ ਚੰਗਾ ਵਿਅਕਤੀ ਅਤੇ ਚੰਗਾ ਸਮਾਜ ਸਿਰਜਣ ਲਈ ਵਿਭਿੰਨ ਸਦਾਚਾਰਕ ਸਿਖਿਆਵਾਂ ਦਿੱਤੀਆਂ ਗਈਆਂ ਹਨ। ਸਿੱਖ ਧਰਮ ਵਿਚ ਇਹ ਦੱਸਿਆ ਗਿਆ ਹੈ ਕਿ ਵਿਅੱਕਤੀਗਤ ਪੱਧਰ ’ਤੇ ਮਨੁੱਖ ਦਾ ਪਰਮ ਮਨੋਰਥ ‘ਮੁਕਤੀ’ ਪ੍ਰਾਪਤ ਕਰਨਾ ਹੈ (ਬ੍ਰਹਮ-ਮਿਲਾਪ)। ਇਸ ਲਈ ਮੂਲ ਸਿੱਖਿਆ ‘ਪਰਮਾਤਮਾ’ ਜਾਂ ਪਰਮ-ਸੱਤਾ ਵਿਚ ਪੂਰਨ ਵਿਸ਼ਵਾਸ ਦੱਸਿਆ ਗਿਆ ਹੈ। ਪਰਮਾਤਮਾ ‘ਇੱਕ’ ਅਤੇ ਕੇਵਲ ‘ਇੱਕ’ ਹੈ; ਉਹ ਸਤਿ ਹੈ, ਅਮਰ ਹੈ; ਜਨਮਹੀਣ ਹੈ; ਰੂਪਰਹਿਤ ਹੈ; ਆਪ ਵੀ ਸੱਚ ਹੈ ਅਤੇ ਉਸ ਦਾ ਨਾਮ ਵੀ ਸੱਚ ਹੈ। ਉਹ ਚੇਤਨ ਸ਼ਕਤੀ ਹੈ ਅਤੇ ਸ੍ਰਿਸ਼ਟੀ ਦਾ ਕਰਤਾ ਹੈ। ਉਹ ਨਿਰਭਉ ਹੈ, ਨਿਰਵੈਰ ਹੈ, ਕਾਲ ਤੋਂ ਸੁਤੰਤਰ ਹੈ। ਉਸਦੀ ਹੋਂਦ ਦਾ ਕੋਈ ਕਾਰਣ ਨਹੀ ਹੈ (“ਕਰਣ ਕਾਰਣ ਪ੍ਰਭੂ ਏਕੁ ਹੈ ਦੂਸਰ ਨਾਹੀ ਕੋਇ॥”) ਕਿਉਂਕਿ ਉਹ ਸਵੈ ਜੋਤਿ-ਸਰੂਪ ਹੈ (“ਆਪੀਨੈ ਆਪੁ ਸਾਜਿਉ ਆਪੀਨੈ ਰਚਿਉ ਨਾਉ॥”)। ਉਹ ਸਰਗੁਣ ਹੈ ਅਤੇ ਨਿਰਗੁਣ-ਨਿਰਾਕਾਰ ਵੀ ਹੈ (“ਸਰਗੁਨ ਨਿਰਗੁਨ ਨਿਰੰਕਾਰ”)। ਇਹ ਸਭ ਜੀਵਾਂ ਵਿਚ ਵਸਦਾ ਹੈ ਅਤੇ ਨਾਲ ਹੀ ਅਛੁਹ ਅਤੇ ਅਭਿੱਜ ਵੀ ਹੈ। ਇਸ ਪਰਿਭਾਸ਼ਾ ਨੂੰ ਮੁੱਖ ਰੱਖਦੇ ਹੋਏ ਸਿੱਖ ਧਰਮ ਵਿਚ ਮੁਕਤੀ-ਪ੍ਰਾਪਤੀ ਦੇ ਕਈ ਸਾਧਨ ਦੱਸੇ ਗਏ ਹਨ ਜਿਨ੍ਹਾਂ ਰਾਹੀਂ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਜਿਵੇਂ ਵਿਦਿਆ, ਪ੍ਰਭੂ ਦਾ ਹੁਕਮ, ਰਜ਼ਾ ਅਤੇ ਭਾਣਾ ਮੰਨਣਾ, ਗੁਰੂ ਦੀ ਸ਼ਰਣ ਲੈਣਾ ਅਤੇ ਗੁਰੂ ਦੀ ਸੇਵਾ ਕਰਨਾ ਆਦਿ। ਇਸ ਤੋਂ ਇਲਾਵਾ ਹਉਮੈ ਤਿਆਗ ਕੇ ਜੀਵਨ ਜੀਣਾ, ਪਰਮਾਤਮਾ ਦੇ ਨਾਮ ਵਿਚ ਲਿਵਲੀਨ ਰਹਿਣਾ ਵੀ ਮੁਕਤੀ ਦੇ ਸਾਧਨ ਮੰਨੇ ਗਏ ਹਨ। ਇਸ ਤੋਂ ਵੀ ਸਰਵ-ਸ੍ਰੇਸ਼ਠ ਪ੍ਰੇਮ-ਭਗਤੀ ਦਾ ਰਾਹ ਦੱਸਿਆ ਗਿਆ ਹੈ ਜਿਸ ਨਾਲ ਆਦਮੀ ਪਰਮਾਤਮਾ ਨਾਲ ਇਕਮਿਕ ਹੋ ਜਾਂਦਾ ਹੈ।

ਪ੍ਰੰਤੂ, ਭਾਰਤੀ ਪਰੰਪਰਾ ਦੇ ਸੰਦਰਭ ਵਿਚ ਸਿੱਖ ਧਰਮ ਦੀਆਂ ਸਮਾਜਕ ਅਤੇ ਸੱਭਿਆਚਾਰਕ ਸਦਾਚਾਰ ਸੰਬੰਧੀ ਸਿਖਿਆਵਾਂ ਜ਼ਿਆਦਾ ਮਹੱਤਤਾ ਰੱਖਦੀਆਂ ਹਨ ਅਤੇ ਇਹ ਸਿੱਖ ਧਰਮ ਨੂੰ ਭਾਰਤ ਦੇ ਦੂਜੇ ਧਰਮਾਂ ਨਾਲੋਂ ਮੁੱਖ ਤੌਰ ’ਤੇ ਸਪਸ਼ਟਰੂਪ ਵਿਚ ਨਿਖੇੜਦੀਆਂ ਵੀ ਹਨ। ਇਹ ਹਨ:

ਰਾਜਸੱਤਾ: ਰਾਜੇ ਨੂੰ ਰਾਜ ਕਰਨ ਦਾ ਰੱਬੀ ਹੱਕ ਦੇਣ ਦੀ ਬਜਾਏ ਉਸ ਨੂੰ ਲੋਕਾਂ ਦੀ ਭਲਾਈ ਵਾਸਤੇ ਰਾਜ ਕਰਨ ਲਈ ਕਿਹਾ ਗਿਆ ਹੈ। ਰਾਜੇ ਨੂੰ ਲੋਕਾਂ ਦੇ ਭੈ ਅਤੇ ਰਜ਼ਾਮੰਦੀ ਨਾਲ ਹੀ ਰਾਜ ਕਰਨ ਦਾ ਹੱਕ ਹੈ। ਰਾਜ ਤਖਤ ਉੱਪਰ ਉਹੀ ਬੈਠ ਸਕਦਾ ਹੈ ਜੋ ਤਖਤ ਦੇ ਲਾਇਕ ਹੋਵੇ ਅਤੇ ਲਾਇਕ ਉਹ ਹੈ ਜੋ ਗੁਰਮਤਿ ਦਾ ਧਾਰਣੀ ਜਾਂ ਵਿਦਿਆਵਾਨ ਅਤੇ ਸੂਝਵਾਨ ਹੋਵੇ ਅਤੇ ਸੱਚ ਅਤੇ ਨਿਆਂ ਦਾ ਪਾਲਣ ਕਰਦਾ ਹੋਵੇ। ਜਿਸ ਰਾਜੇ ਦੀ ਪਰਜਾ ਉਸ ਦਾ ਸਤਿਕਾਰ ਨਹੀ ਕਰਦੀ, ਉਹ ਰਾਜਾ ਨਹੀ ਹੋ ਸਕਦਾ। ਜਿਸ ਰਾਜੇ ਦਾ ਰਾਜ ਲੋਕਾਂ ਨਾਲ ਲੜਨ-ਝਗੜਨ ਤੱਕ ਹੀ ਸੀਮਿਤ ਹੋਵੇ ਉਹ ਰਾਜਾ ਨਹੀ ਬਣ ਸਕਦਾ। ‘ਰਾਮ-ਰਾਜ’ ਰਾਜੇ ਦਾ ਮੁੱਖ ਲਕਸ਼ ਹੋਣਾ ਚਾਹੀਦਾ ਹੈ ਜਿਸ ਵਿਚ ਸਭ ਲੋਕ ਸੁਖੀ ਵਿਚਰਣ ਅਤੇ ਰਾਜ ਕਰਨ ਦਾ ਆਧਾਰ ਹਉਮੈ ਸ਼ਕਤੀ ਦੀ ਬਜਾਇ ਹਲੀਮੀ ਅਤੇ ਨਿੰਮ੍ਰਤਾ ਹੋਵੇ।

ਵਰਣ-ਵਿਵਸਥਾ: ਸਦੀਆਂ ਤੋਂ ਸਮਸਤ ਭਾਰਤੀ ਸਮਾਜ ਨੂੰ ਚਾਰ ਵਰਣਾਂ ਵਿਚ ਵੰਡਿਆ ਰਿਹਾ ਹੈ, ਅਰਥਾਤ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਧਰਮ-ਗ੍ਰੰਥਾਂ ਵਿਚ ਬ੍ਰਾਹਮਣ ਦਾ ਦਰਜਾ ਸਭ ਤੋਂ ਉੱਪਰਲਾ ਸੀ ਅਤੇ ਬਾਕੀ ਤਿੰਨ ਜਾਤਾਂ ਲਈ ਬ੍ਰਾਹਮਣ ਦੀ ਸੇਵਾ ਕਰਨੀ ਜ਼ਰੂਰੀ ਦੱਸਿਆ ਗਿਆ ਸੀ। ਇਸ ਤਰ੍ਹਾਂ ਦੇ ਬ੍ਰਾਹਮਣਵਾਦ ਵਿਚ ਸਮੁੱਚਾ ਸਮਾਜ ਪਾਖੰਡਾਂ, ਮਿਥਿਆਚਾਰਾਂ ਅਤੇ ਕਰਮ-ਕਾਂਡਾਂ ਵਿਚ ਭਟਕਿਆ ਪਿਆ ਸੀ। ਗੁਰੂ ਨਾਨਕ ਦੇਵ ਜੀ ਨੇ ਇਸ ਬ੍ਰਾਹਮਣਵਾਦ ਦਾ ਪੁਰਜ਼ੋਰ ਖੰਡਨ ਕੀਤਾ ਅਤੇ ਕਿਹਾ ਕਿ ਚਹੁੰ ਵਰਣਾਂ ਵਿਚੋਂ ਉੱਚੀ ਪਦਵੀ ਉਸੇ ਦੀ ਹੈ ਜਿਸ ਦੇ ਹਿਰਦੇ ਵਿਚ ਹਰਿ ਦਾ ਵਾਸ ਹੈ ਅਰਥਾਤ ਬ੍ਰਾਹਮਣ ਦਾ ਉੱਚ ਪਦਵੀ ਲਈ ਕੋਈ ਜਮਾਦਰੂ ਹੱਕ ਨਹੀ ਹੈ ਅਤੇ ਉਸਨੂੰ ਇਹ ਹੱਕ ਆਪਣੇ ਕਰਮਾਂ ਦੁਆਰਾ ਹਾਸਲ ਕਰਨਾ ਹੋਵੇਗਾ। ਬ੍ਰਾਹਮਣ ਨੇ ਨੀਚ ਜਾਤਿ ਵਾਲਿਆਂ ਨੂੰ ਵੇਦ-ਮੰਤਰਾਂ ਦੇ ਸੁਣਨ ਅਤੇ ਪੜ੍ਹਨ ਉੱਪਰ ਪਾਬੰਦੀ ਲਾਈ ਹੋਈ ਸੀ ਪਰ ਸਿੱਖ ਧਰਮ ਵਿਚ ਵਰਣਵੰਡ ਨੂੰ ਅਸਵੀਕਾਰ ਕਰਕੇ ਸਾਰੇ ਵਰਣਾਂ ਪ੍ਰਤੀ ਸਮਭਾਵ ਰੱਖਣ ਦੀ ਸਿੱਖਿਆ ਦਿੱਤੀ ਗਈ ਅਤੇ ਜਾਤ-ਪਾਤ ਦੀ ਥਾਂ ਕਰਮਾਂ ਉੱਪਰ ਜ਼ੋਰ ਦਿੱਤਾ ਗਿਆ, ਭਾਵ ਮਨੁੱਖ, ਜਾਤ ਕਰਕੇ ਨਹੀ ਬਲਕਿ ਆਪਣੇ ਕਰਮਾਂ ਕਰਕੇ ਵੱਡਾ ਹੈ।

ਸੱਚ-ਆਚਾਰ: ਸੱਚ ਨੂੰ ਸਿੱਖ ਧਰਮ ਵਿਚ ਸਭ ਤੋਂ ਉੱਤਮ ਮੰਨਿਆ ਗਿਆ ਹੈ। ਸੱਚੀ ਰਹਿਣੀ-ਬਹਿਣੀ ਨੂੰ ਇਸ ਤੋਂ ਵੀ ਉਚੇਰਾ ਦਰਜਾ ਦਿੱਤਾ ਗਿਆ ਹੈ ਜਿਸ ਨਾਲ ਉੱਚਾ ਸੁੱਖ ਪ੍ਰਾਪਤ ਹੁੰਦਾ ਹੈ।

ਨਿੰਮ੍ਰਤਾ ਅਤੇ ਮਿੱਠਾ ਬੋਲਣਾ: ਨਿੰਮ੍ਰਤਾ ਅਤੇ ਮਿੱਠਾ ਬੋਲਣ ਨੂੰ ਸਭ ਚੰਗਿਆਈਆਂ ਦਾ ਤੱਤ ਮੰਨਿਆ ਗਿਆ ਹੈ। ਚੰਗਾ ਗਿਆਨ ਅਤੇ ਵਿਦਿਆ ਪ੍ਰਾਪਤੀ ਦਾ ਅਰਥ ਇਹੋ ਹੈ ਕਿ ਕਿਸੇ ਨੂੰ ਵੀ ਮੰਦਾ ਨਾ ਆਖਿਆ ਜਾਵੇ। ਇਸ ਤੋਂ ਵੀ ਉਪਰੰਤ ਮੂਰਖ ਅਤੇ ਅਗਿਆਨੀ ਨਾਲ ਵਾਦ-ਵਿਵਾਦ ਜਾਂ ਬਹਿਸ ਵਿਚ ਪੈਣ ਦੀ ਵੀ ਕੋਈ ਜ਼ਰੂਰਤ ਨਹੀ।

ਉੱਦਮ: ਸਮਾਜ ਵਿਚ ਅਨੁਕੂਲ ਵਿਚਰਨ ਲਈ ਉੱਦਮ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਵਿਭਿੰਨ ਸੁੱਖਾਂ ਦੀ ਪ੍ਰਾਪਤੀ ਦਾ ਕਾਰਣ ਉੱਦਮ ਨੂੰ ਹੀ ਦੱਸਿਆ ਗਿਆ ਹੈ, “ਆਪਣ ਹੱਥੀਂ ਆਪਣਾ ਆਪੇ ਹੀ ਕਾਜੁ ਸਵਾਰੀਐ” ਵਿਚ ਹੀ ਮਨੁੱਖ ਦਾ ਕਲਿਆਣ ਦੱਸਿਆ ਗਿਆ ਹੈ।

ਸੇਵਾ: ਸਿੱਖ ਧਰਮ ਵਿਚ ਸੇਵਾ ਬੜੀ ਅਹਿਮ ਅਤੇ ਪ੍ਰਮੁਖ ਸਦਾਚਾਰਕ ਸਿੱਖਿਆ ਹੈ। ਮਨੁੱਖ ਸਮਾਜ ਵਿਚ ਰਹਿੰਦਾ ਹੋਇਆ ‘ਸੇਵਾ-ਕਰਮ’ ਨਾਲ ਪਰਮਾਤਮਾ ਨੂੰ ਪਾ ਸਕਦਾ ਹੈ। ਇਹ ਸੇਵਾ ਕਿਸੇ ਪਦਾਰਥਕ ਲਾਭ ਲਈ ਨਹੀ ਅਤੇ ਨਾ ਹੀ ਕਿਸੇ ਸ਼ੁਹਰਤ ਲਈ ਕੀਤੀ ਜਾਂਦੀ ਹੈ ਸਗੋਂ ਇਹ ਨਿਸ਼ਕਾਮ ਭਾਵੀ ਸੇਵਾ ਹੈ। ਨਿਸ਼ਕਾਮ ਸੇਵਾ ਹੀ ਮਨੁੱਖ ਨੂੰ ਪਰਮਾਤਮਾ ਤੱਕ ਲੈ ਕੇ ਜਾ ਸਕਦੀ ਹੈ।

ਸੁਕਿਰਤ: ਹੱਥਾਂ ਦੀ ਕਮਾਈ ਭਾਵ ਸੁ-ਕਿਰਤ ਨੂੰ ਵਾਸਤਵਿਕ ਧਰਮ ਦਾ ਦਰਜਾ ਦਿੱਤਾ ਗਿਆ ਹੈ। ਇਸ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿਚੋਂ ਲੋੜਵੰਦ ਨੂੰ ਕੁੱਝ ਹਿੱਸਾ ਦੇਣਾ ਵੀ ਸਹੀ ਦੱਸਿਆ ਗਿਆ ਹੈ।

ਸਬਰ-ਸੰਤੋਖ: ਜੋ ਵਸਤੂ ਮਨੁੱਖ ਨੂੰ ਆਪਣੀ ਸੁਕਿਰਤ ਨਾਲ ਹਾਸਲ ਹੋਈ ਹੈ ਉਸ ਨਾਲ ਸੰਤੁਸ਼ਟ ਰਹਿਣ ਦੀ ਸਿੱਖਿਆ ਦਿੱਤੀ ਗਈ ਹੈ। ਪਰ ਇਹ ਵੀ ਕਿਹਾ ਗਿਆ ਹੈ ਕਿ ਜੋ ਵਸਤੂ ਤੁਹਾਨੂੰ ਨਹੀ ਮਿਲੀ ਉਸ ਲਈ ਜਤਨਸ਼ੀਲ ਨਾ ਹੋਣ ਨੂੰ ਸਬਰ-ਸੰਤੋਖ ਨਹੀ ਕਿਹਾ ਜਾ ਸਕਦਾ। ਸੰਤੋਖ ਦਾ ਅਰਥ ਉੱਦਮ-ਹੀਣਤਾ ਨਹੀ ਹੈ। ਆਦਮੀ ਨੂੰ ਹਰ ਵੇਲੇ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ।

ਸੰਜਮ: ਸੰਤੋਖ ਅਤੇ ਸੰਜਮ ਆਪਸ ਵਿਚ ਸਹਾਇਕ ਗੁਣ ਹਨ। ਸੰਜਮੀ ਆਦਮੀ ਸੰਤੋਖੀ ਆਦਮੀ ਵੀ ਹੁੰਦਾ ਹੈ। ਸੁਖੀ ਜੀਵਨ ਲਈ ਸੰਜਮ ਵੀ ਜ਼ਰੂਰੀ ਦੱਸਿਆ ਗਿਆ ਹੈ।

ਸਹਿਣਸ਼ਾਲਤਾ: ਜਿੰਦਗੀ ਦੇ ਵਰਤਮਾਨ ਹਾਲਾਤਾਂ ਨੂੰ ਸਿਰ ਮੱਥੇ ਸਵੀਕਾਰ ਕਰਨਾ ਸਹਿਣਸ਼ੀਲਤਾ ਕਿਹਾ ਗਿਆ ਹੈ। ਸਿੱਖ ਧਰਮ ਵਿਚ ਸਹਿਣਸ਼ੀਲਤਾ ਨੂੰ ਅਪਣਾਉਣ ਦੀ ਸਿਖਿਆ ਦਿੱਤੀ ਗਈ ਹੈ।

ਖਿਮਾ-ਦਇਆ-ਦਾਨ: ਦਇਆ ਦੀ ਭਾਵਨਾ ਤੋਂ ਖਿਮਾ ਅਤੇ ਦਾਨ ਪੈਦਾ ਹੁੰਦੇ ਹਨ। ਕਿਸੇ ਨੂੰ ਦੁਖੀ ਦੇਖ ਕੇ ਉਸ ਦੀ ਸਹਾਇਤਾ ਲਈ ਉਤੇਜਿਤ ਹੋਣਾ ਰਹਿਮ ਜਾਂ ਦਇਆ ਕਿਹਾ ਜਾਂਦਾ ਹੈ। ਦਇਆ ਤੋਂ ਬਗੈਰ ਖਿਮਾ ਜਾਂ ਦਾਨ ਸੰਭਵ ਨਹੀ। ਇਹ ਸਿਖਾਇਆ ਗਿਆ ਹੈ ਕਿ ਦਇਆ ਅਤੇ ਖਿਮਾ ਦਾ ਧਾਰਣੀ ਹੀ ਪਰਮ ਪੁਰਖ ਹੋ ਸਕਦਾ ਹੈ। ਖਿਮਾ, ਬਦਲੇ ਦੀ ਭਾਵਨਾ ਤੋਂ ਮੁਕਤ ਹੋ ਕੇ ਹੀ ਸੰਭਵ ਹੈ। ਜਿੱਥੇ ਖਿਮਾ ਹੈ ਉੱਥੇ ਪਰਮਾਤਮਾ ਹੈ, “ਜਹਾਂ ਖਿਮਾ ਤਹ ਆਪਿ।” “ਫਰੀਦਾ ਬੁਰੇ ਦਾ ਭਲਾ ਕਰ।”

ਪਰਉਪਕਾਰ: ਸਿੱਖ ਧਰਮ ਵਿਚ ਸਾਰੇ ਔਗਣਾਂ ਨੂੰ ਤਿਆਗ ਕੇ ਪਰਉਪਕਾਰ ਦੇ ਸਦਗੁਣ ਨੂੰ ਅਪਣਾਉਣ ਦੀ ਸਿੱਖਿਆ ਦਿੱਤੀ ਗਈ ਹੈ। ਨਾਲ ਇਹ ਵੀ ਦੱਸਿਆ ਗਿਆ ਹੈ ਕਿ ਸਹੀ ਵਿਦਿਆ ਨਾਲ ਹੀ ਪਰਉਪਕਾਰੀ ਬਣਿਆ ਜਾ ਸਕਦਾ ਹੈ “ਵਿਦਿਆ ਵੀਚਾਰੀ ਅਤੇ ਪਰਉਪਕਾਰੀ।” ਇਹ ਵਿਦਿਆ ਬ੍ਰਹਮ ਗਿਆਨ ਹੈ ਜਿਸ ਤੋਂ ਉਪਕਾਰ-ਕਰਮ ਪੈਦਾ ਹੁੰਦਾ ਹੈ।

ਸਮਬੁੱਧੀ ਅਤੇ ਸਮਦ੍ਰਿਸ਼ਟੀ: ਇੱਥੇ ਸਮ ਦਾ ਅਰਥ ਹੈ ਸਮਾਨ ਜਾਂ ਤੁੱਲ। ਸਮਬੁੱਧੀ ਤੋਂ ਭਾਵ ਇਹ ਹੈ ਕਿ ਅਣ ਸੁਖਾਵੇ ਹਾਲਾਤਾਂ (ਦੁੱਖ, ਸੁੱਖ) ਵਿਚ ਵੀ ਇਕ ਸਾਰ ਬੁੱਧੀ ਰੱਖਣ ਦਾ ਅਰਥ ਹੈ ਇਨ੍ਹਾਂ ਹਾਲਾਤਾਂ ਨੂੰ ਇਕੋ ਜਿਹੀ ਦ੍ਰਿਸ਼ਟੀ ਨਾਲ ਦੇਖਣਾ। ਅਰਥਾਤ ਸੁਖ ਮਿਲਣ ’ਤੇ ਨਾ ਤਾਂ ਬੇਹੱਦ ਖੁਸ਼ੀਆਂ ਮਨਾਉਣਾ ਅਤੇ ਨਾ ਹੀ ਦੁੱਖ ਦੀ ਹਾਲਤ ਵਿਚ ਇੰਨੀ ਨਿਰਾਸ਼ਾ ਹੀ ਕਰਨੀ ਕਿ ਸਭ ਕੁਝ ਛੱਡ ਕੇ ਬੈਠ ਜਾਣਾ। ਬੁੱਧ ਧਰਮ ਵਿਚ ਇਸ ਨੂੰ ਮੱਧ-ਮਾਰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਖੁਸ਼ੀ, ਗਮੀ ਅਤੇ ਅਮੀਰੀ, ਗਰੀਬੀ ਵਿਚ ਵੀ ਆਪਣੀ ਬੁੱਧੀ ਨੂੰ ਸੰਤੁਲਨ ਰੱਖਣਾ ਸਮਬੁੱਧੀ ਅਤੇ ਸਮਦ੍ਰਿਸ਼ਟੀ ਕਿਹਾ ਜਾਂਦਾ ਹੈ। ਸਿੱਖ ਧਰਮ ਵਿਚ ਇਨ੍ਹਾਂ ਗੁਣਾਂ ਦੇ ਧਾਰਨੀ ਨੂੰ ਬ੍ਰਹਮ ਗਿਆਨੀ ਕਿਹਾ ਗਿਆ ਹੈ। “ਬ੍ਰਹਮ ਗਿਆਨੀ ਕੇ ਦ੍ਰਿਸਟਿ ਸਮਾਨਿ॥” ਜਾਂ “ਬ੍ਰਹਮ ਗਿਆਨੀ ਸਦਾ ਸਮਦਰਸੀ॥”

ਨਿਰਭੈਤਾ: ਦਲੇਰ ਹੋਣ ਨੂੰ ਨਿਰਭੈ ਕਿਹਾ ਗਿਆ ਹੈ ਪਰ ਦੂਜਿਆਂ ਨੂੰ ਡਰਾਉਣ ਵਾਲਾ ਨਿਰਭੈ ਨਹੀ ਕਿਹਾ ਜਾ ਸਕਦਾ। ਨਿਰਭੈ ਉਹੀ ਮੰਨਿਆ ਜਾਂਦਾ ਹੈ ਜੋ ਨਾ ਕਿਸੇ ਤਾਕਤਵਰ ਤੋਂ ਡਰਦਾ ਹੈ ਅਤੇ ਨਾ ਹੀ ਕਿਸੇ ਕਮਜ਼ੋਰ ਨੂੰ ਡਰਾਂਉਦਾ ਹੈ। ਸੱਚ ਦੇ ਗਿਆਨ ਦੀ ਪ੍ਰਾਪਤੀ ਡਰ ਅਤੇ ਭੈ ਨੂੰ ਦੂਰ ਕਰਦੀ ਹੈ। “ਮਨ ਰੇ ਸਚੁ ਮਿਲੇ ਭਉ ਜਾਇ॥”

ਨਿਰਲੇਪਤਾ: ਨਿਰਲੇਪ ਤੋਂ ਭਾਵ ਹੈ ਕਿਸੇ ਕਿਸਮ ਦੇ ਬੰਧਨਾਂ ਜਾਂ ਮੋਹਾਂ ਤੋਂ ਸੁਤੰਤਰ ਰਹਿਣਾ। ਇਹ ਮਾਨਵ ਮਨ ਦੀ ਉਹ ਪ੍ਰਵਿਰਤੀ ਹੈ ਜੋ ਮਨੁੱਖ ਨੂੰ ਦੁਨਿਆਵੀ ਮੋਹ ਅਤੇ ਕਸ਼ਿਸ਼ਾਂ ਤੋਂ ਰੋਕਦੀ ਹੈ। ਇਸ ਦਾ ਮਤਲਬ ਇਹ ਨਹੀ ਕਿ ਆਦਮੀ ਸਮਾਜ ਵਿਚ ਵਿਚਰਨਾ ਤਿਆਗ ਦੇਵੇ ਜਾਂ ਕਿਸੇ ਚੀਜ਼ ਵਿਚ ਵੀ ਦਿਲਚਸਪੀ ਨਾ ਲਵੇ ਪਰ ਨਿਰਲੇਪ ਵਿਅਕਤੀ ਉਹ ਹੈ ਜੋ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿਣ ਦੀ ਜੀਵਨ-ਜੁਗਤੀ ਸਿੱਖ ਲੈਂਦਾ ਹੈ। ਐਸੇ ਵਿਅਕਤੀ ਨੂੰ ਸਿੱਖ ਧਰਮ ਵਿਚ ਆਦਰਸ਼-ਮਨੁੱਖ ਜਾਂ ਬ੍ਰਹਮ-ਗਿਆਨੀ ਦਾ ਦਰਜਾ ਦਿੱਤਾ ਗਿਆ ਹੈ। “ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ॥”

ਨਿਆਂਸ਼ੀਲਤਾ: ਸਿੱਖ ਧਰਮ ਵਿਚ ਨਿਆਂਸ਼ੀਲ ਹੋਣ ਨੂੰ ਰੱਬ ਦਾ ਵਿਸ਼ਵਾਸੀ ਹੋਣ ਦਾ ਦਰਜਾ ਦਿੱਤਾ ਗਿਆ ਹੈ। ਪਰਾਇਆ ਹੱਕ ਮਾਰਨਾ ਨਿਆਂਸ਼ੀਲ ਦੇ ਬਿਲਕੁਲ ਉਲਟ ਦੱਸਿਆ ਗਿਆ ਹੈ। ਇਸੇ ਕਰਕੇ ਪਰਾਇਆ ਹੱਕ ਮਾਰਨਾ ਹਿੰਦੂ ਲਈ ਗਊ ਖਾਣ ਦੇ ਬਰਾਬਰ ਅਤੇ ਮੁਸਲਮਾਨ ਲਈ ਸੂਰ-ਖਾਣ ਦੇ ਬਰਾਬਰ ਦਾ ਪਾਪ ਦੱਸਿਆ ਗਿਆ ਹੈ। ਇਸੇ ਤਰ੍ਹਾ ਪਰਾਈ ਚੀਜ਼ ’ਤੇ ਅੱਖ ਰੱਖਣੀ ਜਾਂ ਉਸਨੂੰ ਹਥਿਆਉਣਾ ਸਦਾਚਾਰ ਦੀ ਉਲੰਘਣਾ ਕਰਨਾ ਹੈ ਜੋ ਦੁੱਖ ਪੈਦਾ ਕਰਦਾ ਹੈ।

ਦੁਰਗੁਣਾਂ ਦਾ ਤਿਆਗ: ਸਿੱਖ ਧਰਮ ਵਿਚ ਜਿਸ ਜ਼ੋਰ ਨਾਲ ਸਦਗੁਣਾਂ ਨੂੰ ਅਪਣਾਉਣ ਦੀ ਸਿੱਖਿਆ ਦਿੱਤੀ ਗਈ ਉਸ ਤੋਂ ਵੱਧ ਜ਼ੋਰ ਨਾਲ ਦੁਰਗੁਣਾਂ ਦਾ ਤਿਆਗ ਦਰਸਾਇਆ ਗਿਆ ਹੈ। ਦੁਰਗੁਣਾਂ ਦਾ ਤਿਆਗ ਹੀ ਸਦਗੁਣ ਹੈ। ਜਿਹੜੇ ਦੁਰਗੁਣਾਂ ਨੂੰ ਤਿਆਗਣ ਲਈ ਕਿਹਾ ਗਿਆ ਹੈ ਉਹ ਹਨ: ਕੂੜ, ਕਪਟ-ਪਾਖੰਡ, ਠੱਗੀ, ਹਿੰਸਾ, ਵੈਰ-ਵਿਰੋਧ, ਨਿੰਦਿਆ-ਚੁਗਲੀ, ਕਾਮ, ਕ੍ਰੋਧ, ਮੋਹ, ਹੰਕਾਰ, ਆਲਸ, ਈਰਖਾ, ਪਾਪ, ਅਨਿਆ, ਅਗਿਆਨਤਾ, ਅਕਿਰਤਘਣਤਾ, ਨਿਰਦੈਤਾ, ਨਸ਼ਿਆਂ ਦਾ ਸੇਵਣ, ਜੂਆਬਾਜ਼ੀ, ਚੋਰੀ, ਵੱਢੀ, ਕੁਸੰਗਤ ਅਤੇ ਦੁਬਿਧਾ।

ਭਾਰਤ ਦੇ ਹੋਰ ਧਰਮਾਂ ਵਾਂਗ, ਉੱਪਰ ਦੱਸੇ ਗੁਣਾਂ ਦੇ ਪਾਲਣਹਾਰ ਜਾਂ ‘ਧਾਰਮੀ’ ਨੂੰ “ਸਿੱਖ” ਕਿਹਾ ਜਾਂਦਾ ਹੈ, ਸਿਰਫ ਇਸ ਲਈ ਨਹੀ ਕਿ ਇਹ ‘ਇੱਕ ਓਂਕਾਰ’ (ਭਾਵ ਸਤਿ) ਵਿਚ ਵਿਸ਼ਵਾਸ ਰੱਖਦਾ ਹੈ। ‘ਆਤਮਾ’ ਅਤੇ ‘ਪਰਮਾਤਮਾ’ ਵਿੱਚ ਵਿਸ਼ਵਾਸ ਨਾ ਰੱਖਣ ਵਾਲਾ ਬੁੱਧਮੱਤ ਵੀ ਇੱਕ ‘ਧਰਮ’ ਹੈ। ਵਿਸ਼ਵਾਸਮਾਤ੍ਰ ਨਾ ਹੁੰਦਾ ਹੋਇਆ, ਧਰਮ ਇੱਕ ਜੀਵਨ ਜਾਚ ਹੈ, ਇੱਕ ਜੀਵਨ ਸਾਧਨਾ ਹੈ। ਜਬਰੀ ‘ਮਜ਼ਹਬ ਬਦਲੀ’ ਵਾਂਗ ਧਰਮ ਦਾ ਬਦਲੀਮਾਤ੍ਰ ਹੋਣਾ ਅਸੰਭਵ ਹੈ। ਸਿੱਖ ‘ਧਰਮ’ ਵਿਚ ਸਿਖਾਏ ਗਏ ਉਪਰੋਕਤ ਸਦਾਚਾਰ ਦੇ ਪਰਮ ਲਕਸ਼ ਇਕ ਚੰਗੇ ਸਮਾਜ ਦਾ ਨਿਰਮਾਣ ਕਰਦੇ ਹਨ ਅਤੇ ਇਹ ਹੀ ਇਨ੍ਹਾਂ ਸਿਖਿਆਵਾਂ ਦਾ ਟੀਚਾ ਹੈ। ਇਹ ਸਦਾਚਾਰ ਕਿਸੇ ‘ਮਜ਼ਹਬ’ ਦੇ ਕਾਲਪਨਿਕ ਜਾਂ ਖਿਆਲੀ ਨਿਯਮ ਨਹੀ ਬਲਕਿ ਵਾਸਤਵਿਕ ਅਤੇ ਵਿਹਾਰਕ ਸਮਾਜ ਜਾਂ ਸੱਭਿਆਚਾਰ ਦੇ ਕਿਰਿਆਤਮਕ ਲਕਸ਼ ਹਨ ਜਿਨ੍ਹਾਂ ਦੀ ਸਮਯਕ ਅਤੇ ਨਿਸ਼ਕਪਟ ਉਪਯੋਗਤਾ ਨਾਲ ਇਕ ਮਨੁੱਖੀ ਕਦਰਾਂ ਕੀਮਤਾਂ ਵਾਲੇ ਸਮਾਜ ਦੀ ਸਿਰਜਣਾ ਕਰਨ ਦਾ ਦਾਅਵਾ ਕੀਤਾ ਗਿਆ ਹੈ।
***
207
***
(5abi.com ਦੇ ਧੰਨਵਾਦ ਨਾਲ)

About the author

ਡਾ: ਬਲਦੇਵ ਸਿੰਘ ਕੰਦੋਲਾ

ਡਾ: ਬਲਦੇਵ ਸਿੰਘ ਕੰਦੋਲਾ

View all posts by ਡਾ: ਬਲਦੇਵ ਸਿੰਘ ਕੰਦੋਲਾ →