25 April 2024

ਨਿੱਜਤਾ ਨਾਲ ਸੰਵਾਦ ਰਚਾਉਂਦੇ 101 ਸਵਾਲ ‘ਨਿਰੰਜਣ ਬੋਹਾ’ ਨੂੰ—ਦਰਸ਼ਨ ਦਰਵੇਸ਼

?ਦਰਸ਼ਨ ਦਰਵੇਸ਼
– ਨਿਰੰਜਣ ਬੋਹਾ 

 1-ਅੱਜ ਤੱਕ ਕਿਹੜੀ ਪਿਆਰੀ ਅਤੇ ਕੀਮਤੀ ਖੁਸ਼ੀ ਦਾ ਨਸ਼ਾ ਸੰਭਾਲ ਕੇ ਰੱਖਿਆ ਹੈ?
-ਸਾਹਿਤ ਨਾਲ ਜੁੜਣ ਤੇ ਜੁੜੇ ਰਹਿਣ ਦਾ।

2- ਜ਼ਿੰਦਗੀ ਵਿੱਚ ਕਿਸ ਘਟਨਾਂ ਦੇ ਸਵਾਦ ਤੋਂ ਪ੍ਰਭਾਵਿਤ ਹੋਏ ਹੋ ?
– ਜਨਮ ਲੈਂਦਿਆਂ  ਹੀ ਸੋਕੜੇ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ। ਸਰੀਰਕ ਕੰਮਜੋਰੀ ਏਨੀ, ਕਿ ਪੰਜ ਦੀ ਉਮਰ ਤੱਕ ਤੁਰ ਫਿਰ ਨਹੀਂ ਸਾਂ ਸਕਿਆ। ਮੇਰੀ ਜ਼ਿੰਦਗੀ ਦੀ ਸਭ ਤੋਂ ਸਵਾਦਲੀ ਘਟਨਾ ਉਹੀ ਹੈ ਜਦੋਂ ਮੈਂ ਆਪਣੀ ਉਮਰ ਦੇ ਛੇਵੇਂ ਵਰ੍ੇ  ਵਿਚ ਆਪਣੀ ਮਾਂ ਦੀ ਗੋਦ ਵਿਚੋਂ ਉਤਰ ਕੇ ਧਰਤੀ ਤੇ ਪਹਿਲੀ ਪੁਲਾਂਘ ਪੁੱਟੀ ਸੀ, ਆਪਣੇ ਪੈਰਾਂ ‘ਤੇ ਤੁਰਣ ਦੀ ਘਟਨਾ ਹੀ ਮੈਨੂੰ ਸਭ ਤੋਂ ਪ੍ਰਭਾਵਿਤ ਕਰਨ ਤੇ ਮੇਰੇ ਵਿਚ ਆਤਮ ਵਿਸ਼ਵਾਸ ਪੈਦਾ ਕਰਨ ਵਾਲੀ ਸਿੱਧ ਹੋਈ  ਹੈ।

 3- ਕਿਸ ਗੱਲ ਤੋਂ ਸਭ ਤੋਂ ਜ਼ਿਆਦਾ ਡਰੇ ਕਿ ਮੁੜਕੇ ਕਦੇ ਡਰੇ ਹੀ ਨਹੀਂ ?
-ਬਚਪਨ ਦੀ ਸਰੀਰਕ ਕੰਮਜੋਰੀ  ਕਾਰਨ ਸਕੂਲੀ ਜੀਵਨ ਮੈਨੂੰ ਸਭ ਤੋਂ ਵੱਧ ਡਰ ਆਪਣੇ ਨਾਲ ਪੜ੍ਹਣ ਵਾਲੀਆਂ ਕੁੜੀਆਂ ਤੋਂ ਲੱਗਦਾ ਸੀ ਕਿ  ਕਿਤੇ ਉਹ ਮੇਰਾ ਮਜ਼ਾਕ ਨਾ ਉਡਾ ਦੇਣ, ਆਈ. ਟੀ. ਆਈ. ਵਿਚ ਟ੍ਰੇਨਿੰਗ ਕਰਦਿਆਂ  ਮੇਰਾ ਇਹ ਡਰ ਵੀ ਕਿਸੇ ਕੁੜੀ ਨੇ ਹੀ ਦੂਰ ਕੀਤਾ ਸੀ ਤੇ ਮੁੜ ਕੇ ਮੈਂ ਅੱਜ ਤੱਕ ਬਿਨਾਂ ਡਰ ਹਰ ਔਖੀ ਸਥਿਤੀ ਦਾ ਸਾਹਮਣਾ ਕੀਤਾ ਹੈ।

4-ਤੁਹਾਡਾ ਸਭ ਤੋਂ ਪਿਆਰਾ ਸੁਪਨਾਂ ਜੋ ਵਾਰ ਵਾਰ ਆਉਂਦਾ ਹੈ ?
-ਮੈਂ ਅਕਸਰ ਉਹੀ ਸੁਪਨੇ ਵੇਖਦਾ ਹਾਂ ਜੋ ਸਰੀਰਕ ਤੌਰ ‘ਤੇ ਮੇਰੀ  ਮੌਤ ਹੋਣ ਤੋਂ ਬਾਦ ਵੀ ਮੈਨੂੰ ਜਿਉਂਦਾ ਰੱਖ ਸੱਕਣ। 

5. ਆਪਣੇਂ ਆਪ ਨਾਲ ਵੀ ਲੜਾਈ ਕਰਕੇ ਅਕਸਰ ਕੀ ਖੋਇਆ ਕੀ ਪਾਇਆ ਹੈ ?
 -ਆਪਣੇ ਆਪ ਨਾਲ ਜਦੋਂ ਵੀ ਲੜਾਈ ਕੀਤੀ ਹੈ, ਪਾਇਆ ਹੀ ਪਾਇਆ ਹੈ, ਖੋਇਆ ਕੁਝ ਨਹੀਂ। ਮੈਂ ਹਮੇਸ਼ਾ ਆਪਣੇ ਅੰਦਰਲੀ ਹੈਵਾਨੀਅਤ ਦੀ ਰਹਿੰਦ ਖੂੰਹਦ ਨਾਲ ਹੀ ਲੜਿਆ ਹਾਂ ਤੇ ਅਕਸਰ ਜਿੱਤ ਹੀ ਪ੍ਰਾਪਤ ਕੀਤੀ ਹੈ। 

6. ਜ਼ਿੰਦਗੀ ਵਿੱਚ ਜਦੋਂ ਜਦੋਂ ਵੀ ਰੋਏ ਹੋ ਕੀ ਸਿਰਜਿਆ ਹੈ ?
– ਰੋਣਾ ਮੇਰੇ ਲਈ ਤਣਾਉ ਮੁਕਤੀ ਦਾ ਵਸੀਲਾ ਹੈ, ਮਨ ਭਰਿਆ ਹੋਵੇ ਤਾਂ ਰੋਣਾ ਆਪਣੇ ਆਪ ਹੀ ਆ ਜਾਂਦਾ ਹੈ ਤੇ ਇਸ ਤੋਂ ਬਾਦ ਮੈਂ ਬਹੁਤ ਰਾਹਤ ਮਹਿਸੂਸ ਕਰਦਾ ਹਾਂ ਜਿਵੇਂ ਜ਼ਿੰਦਗੀ ਦੀ ਸਾਰੀ ਕੁੱੜਤਣ ਹੰਝੂਆਂ ਰਾਹੀ ਬਾਹਰ ਵਹਿ ਗਈ ਹੋਵੇ। ਮੈਂ ਇਸ ਰਾਹਤ ਨੂੰ ਵੀ ਆਪਣੀ ਸਿਰਜਣਾ ਹੀਂ ਮੰਨਦਾ ਹਾਂ।   

7. ਸ਼ੌਕ ਪੂਰਨ ਲਈ ਆਪਣੀਂ ਮਿਹਨਤ ਦੀ ਕਮਾਈ ਵਿੱਚੋਂ ਕਦੇ ਖਰਚ ਵੀ ਸਕੇ ਹੋ ?
-ਚਾਦਰ ਅਨੁਸਾਰ ਪੈਰ ਪਸਾਰਣ ਦੀ ਨੀਤੀ ਤੇ ਚਲਦਿਆਂ ਜਿੰਨੀ ਕੁ ਮਿਹਨਤ ਦੀ ਕਮਾਈ ਹੈ, ਉਸ ਅਨੁਸਾਰ ਸ਼ੌਂਕ ਵੀ ਪੂਰੇ ਕੀਤੇ ਨੇ, ਖਾਸ ਤੌਰ ਤੇ ਘੁੰਮਣ ਫਿਰਨ ਦੇ। 

8. ਦੂਜਿਆਂ ਦੇ ਵਿਅਕਤੀਤਵ ਵਿੱਚੋਂ ਤੁਸੀਂ ਕੀ ਕੁੱਝ ਚੋਰੀ ਕੀਤਾ ਹੈ ਅੱਜ ਤੱਕ ?
-ਸਾਦਗੀ, ਖੁਲ੍ਹਦਿਲੀ ਤੇ ਵਫਾਦਰੀ।

9 . ਆਪਣੇਂ ਵਿਅਕਤੀਤਵ ਵਿੱਚੋਂ ਤੁਸੀਂ ਕੀ ਕੀ ਹੋਰਨਾਂ ਨੂੰ ਵੰਡ ਦੇਣਾਂ ਚਾਹੁੰਦੇ ਹੋ ?
-ਸੁਭਾਅ ਦੀ ਫਕੀਰੀ ਤੇ ਆਪਣਾ ਪਣ।

10. ਸਭ ਤੋਂ ਪਿਆਰੀ ਥਾਂ ਉੱਪਰ ਜਾ ਕੇ ਲਗਾਤਾਰ ਕੀ ਕਰਨਾਂ ਪਸੰਦ ਕਰਦੇ ਹੋ ?
-ਮੁਹੱਬਤ ਕਰਨਾ ਪਸੰਦ ਕਰਦਾ ਹਾਂ , ਕੁਦਰਤ , ਆਪਣੇ ਆਪ ਤੇ ਹੋਰਨਾਂ ਨਾਲ। 

11. ਸਾਹਿਤ ਦੇ ਸਭ ਤੋਂ ਵੱਡੇ ਦੁਸ਼ਮਣ ਨਾਲ ਮਿੱਤਰਤਾ ਕਿਵੇਂ ਹੋਣੀ ਚਾਹੀਦੀ ਹੈ ?
-ਸਾਹਿਤਕਾਰ ਹੋਣ ਦੇ ਨਾਲ ਨਾਲ ਆਪਾਂ ਦੁਨੀਆਦਾਰ ਵੀ ਹਾਂ ਤੇ ਦੁਨੀਆਦਾਰੀ ਸਾਥੋਂ ਮੰਗ ਕਰਦੀ ਹੈ ਕਿ ਅਸੀਂ ਉਨ੍ਹਾਂ  ਨਾਲ ਵੀ ਮੁਹੱਬਤ ਕਰੀਏ ਜੋ ਸਾਹਿਤ ਦੀ ਮਹਤੱਤਾ ਤੋਂ ਅਨਜਾਣ ਹਨ। ਦੂਸਰੇ ਪਾਸੇ ਸਾਹਿਤ ਦੀ ਵੀ ਇਹੋ ਮੰਗ ਹੈ ਕਿ ਅਸੀਂ ਉਸਦੇ ਸਭ ਤੋਂ ਵੱਡੇ ਦੁਸ਼ਮਣ ਨਾਲ ਵੀ ਮਿਤਰਤਾ ਕਰੀਏ। ਉਸਤੋਂ ਅਸੀਂ ਅਜਿਹਾ ਬਹੁਤ ਕੁਝ ਸਿਖ ਸਕਦੇ ਹਾਂ ਜੋ ਸਾਡੇ ਲਈ  ਹੋਰ ਬਿਹਤਰ ਲਿਖਣ ਵਿਚ ਸਹਾਈ ਬਣ ਸਕਦਾ ਹੈ।

12. ਪਹਿਲੀ ਮੁਹੱਬਤ ਦੀ ਸੁੱਚਤਾ ਨੂੰ ਕਿਸ ਕਵਿਤਾ ਵਿੱਚ ਕਿਵੇਂ ਬਿਆਨ ਕੀਤਾ ਹੈ?
-ਜ਼ਿੰਦਗੀ ਦੇ ਸੁਹਜ ਦਾ ਅਨੁਭਵ ਮਹਿਬੂਬ ਨਾਲ ਬਿਤਾਏ ਸਮੇਂ ਦੌਰਾਨ ਹੀ ਹੋਇਆ ਹੈ। ਇਸ ਸੁਹਜ ਦੇ ਵਿਸ਼ਮਾਦ ਅਤੇ ਇਸਦੀ ਉੱਚਤਾ ਤੇ ਸੁੱਚਤਾ ਨੂੰ ਮੈਂ ਕਵਿਤਾਵਾਂ ਜਾਂ ਕਿਸੇ ਹੋਰ ਲਿਖਤਾਂ ਵਿਚ ਬਿਆਨ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਪੂਰਾ ਸਫਲ ਨਹੀਂ ਹੋਇਆ ।

13. ਆਪਣੇ ਕਿਸ ਰੂਪ ਨੂੰ ਕਦੇ ਵੀ ਯਾਦ ਕੀਤਾ ਜਾਣਾਂ ਪਸੰਦ ਨਹੀਂ ਕਰੋਗੇ ?
-ਮੈ ਆਪਣੇ ਆਪ ਨੂੰ ਦਿਆਨਤਦਾਰ, ਵਫਾਦਰ ਤੇ ਇਮਾਨਦਾਰ ਮਨੁੱਖ ਵਜੋਂ ਹੀ ਯਾਦ ਕੀਤੇ ਜਾਣਾ ਪਸੰਦ ਕਰਾਂਗਾ।

14. ਜੇਕਰ ਪੁਨਰ ਜਨਮ ਵਿੱਚ ਵਿਸ਼ਵਾਸ਼ ਹੈ ਤਾਂ ਕਿਸ ਰੂਪ ਵਿੱਚ ਪੈਦਾ ਹੋਣਾ ਚਾਹੋਗੇ ?
– ਪੁਨਰ ਜਨਮ ਹੈ ਜਾਂ ਨਹੀਂ ਇਸ ਬਾਰੇ ਮੈਂ ਆਪਣੀ ਪੁਖਤਾ ਰਾਇ ਕਾਇਮ ਨਹੀਂ ਕਰ ਸਕਿਆ। ਜੇ ਹੈ ਤਾਂ ਫਿਰ ਮੈਂ ਦੁਬਾਰਾ ਨਿਰੰਜਣ ਬੋਹਾ ਦੇ ਰੂਪ ਵਿਚ ਹੀ ਪੈਦਾ ਹੋਣਾ ਚਾਹਾਂਗਾ। ਨਾਂ ਤੇ ਥਾਂ ਬੇਸ਼ੱਕ ਬਦਲ ਜਾਵੇ, ਪਰ ਮੇਰੀ ਖਾਸੀਅਤ ਨਹੀਂ ਬਦਲਣੀ ਚਾਹੀਦੀ। 

15 . ਪ੍ਰਾਪਤੀਆਂ ਤੋਂ ਸੰਤੁਸ਼ਟੀ ਅਤੇ ਅਸੰਤੁਸ਼ਟੀ ਵਿਚਕਾਰ ਕੀ ਤੰਗ ਕਰਦਾ ਹੈ ?
-ਸੰਤੁਸ਼ਟੀ ਦੀ ਕੋਈ ਸੀਮਾ  ਨਹੀਂ ਹੁੰਦੀ ਪਰ ਮੈਂ ਅਸੰਤੁਸ਼ਟ  ਵੀ ਨਹੀਂ ਹਾਂ । ਇਸ ਵੇਲੇ ਜੋ ਮੈਂਨੂੰ ਪ੍ਰਾਪਤ ਹੈ ਉਹ ਮੇਰੀ ਵੀਹ ਸਾਲ ਪਹਿਲੋਂ ਕੀਤੀ ਕਲਪਣਾ ਤੋਂ ਵੱਧ ਹੈ, ਇਸ ਲਈ ਮੈਂ ਸੰਤੁਸ਼ਟੀ ਤੇ ਅਸੁੰਤਸ਼ਟੀ ਵਿਚਕਾਰਲੀ ਸੀਮਾਂ ਮੈਨੂੰ ਪ੍ਰੇਸ਼ਾਨ ਨਹੀਂ ਕਰਦੀ।

16 . ਤੁਹਾਨੂੰ ਦੂਜਿਆਂ ਦੀਆਂ ਕਿਹੜੀਆਂ ਗੱਲਾਂ ਤੋਂ ਜਲਨ ਮਹਿਸੂਸ ਹੁੰਦੀ ਹੈ?
– ਕੋਸ਼ਿਸ ਤਾਂ ਕਰਦਾ ਹਾਂ ਕਿ ਮੈਂ ਈਰਖਾ ਤੇ ਜਲਨ ਤੋਂ ਦੂਰ ਰਹਾਂ ਪਰ ਕੋਸ਼ਿਸ਼ ਕਰਨ ‘ਤੇ ਵੀ ਮੈਂ ਇਸ ਮਨੁੱਖੀ ਕੰਮਜੋਰੀ ਦਾ ਸ਼ਿਕਾਰ ਹੋ ਜਾਂਦਾ ਹਾਂ। ਜਦੋਂ ਕੋਈ ਮੇਰਾ ਹੱਕ ਮਾਰ ਕੇ ਮੈਨੂੰ ਅਗੂੰਠਾ ਵਿਖਾਵੇ ਤਾਂ ਜਲਨ ਜ਼ਰੂਰ ਹੁੰਦੀ ਹੈ।

17 . ਕਿਹੜੀਆਂ ਗੱਲਾਂ ਅਤੇ ਕਿਹੜੇ ਮੌਕਿਆਂ ਉੱਪਰ ਝੂਠ ਬੋਲਣਾਂ ਪਸੰਦ ਕਰਦੇ ਹੋ ?
-ਕੋਸ਼ਿਸ਼ ਹੈ ਕਿ ਝੂਠ ਘੱਟ ਤੋ ਘੱਟ ਬੋਲਾਂ ਪਰ ਕਈ ਵਾਰ ਦੂਜਿਆਂ ਨੂੰ ਖੁਸ਼ ਕਰਨ ਜਾਂ ਉਨ੍ਹਾਂ ਦਾ ਦਿਲ ਧਰਾਉਣ ਤੇ ਕਈ ਵਾਰ ਆਪਣੇ ਫਾਇਦੇ ਲਈ ਵੀ ਝੂਠ ਬੋਲ ਲਈਦਾ ਹੈ। 

18. ਕਿਹੜੀ ਆਦਤ ਜਿਹੜੀ ਵਾਰ ਵਾਰ ਬਦਲਨਾਂ ਚਾਹੁੰਦੇ ਹੋਏ ਵੀ ਬਦਲ ਨਹੀਂ ਸਕੇ?
-ਜ਼ਜ਼ਬਾਤੀ ਤੇ ਭਾਵੁਕ ਫੈਸਲੇ ਲੈਣ ਤੋਂ ਬਚਣਾ ਚਾਹੁੰਦਾ ਹਾਂ ਫਿਰ ਵੀ ਫਿਰ ਵੀ ਇਹ ਆਦਤ ਬਦਲ ਨਹੀਂ ਸਕਿਆ।

19. ਕਿਹੋ ਜਿਹੇ ਕੱਪੜਿਆਂ ਵਿੱਚ ਚੁਸਤ ਦਰੁਸਤ ਮਹਿਸੂਸ ਕਰਦੇ ਹੋ ?
– ਆਪਣੇ ਪਹਿਰਾਵੇ ਪ੍ਰਤੀ ਮੈਂ ਬਹੁਤਾ ਸੁਚੇਤ ਨਹੀਂ ਹਾਂ, ਕਿੱਤੇ ਜਾਣ ਵੇਲੇ ਮੈਂ ਕੀ ਪਹਿਨਣਾ ਹੈ ਇਸ ਦਾ ਫੈਸਲਾ ਵਧੇਰੇ ਕਰਕੇ ਮੇਰੀ ਸ਼੍ਰੀ ਮਤੀ ਕਰਦੀ ਹੈ। ਉਹ ਸਵੇਰ ਨਹਾਉਣ ਵੇਲੇ ਜਿਹੜੇ ਕਪੜੇ ਅਲਮਾਰੀ ਵਿਚੋਂ ਕੱਢ ਕੇ ਦੇਂਦੀ ਹੈ ਉਹੀ ਪਾ ਲਈ ਦੇ ਹਨ।  

20. ਤੁਰੰਤ ਆਪਣੀਂ ਗਲਤੀਂ ਉੱਪਰ ਕਿਸ ਤਰਾਂ ਪਰਦਾ ਪਾਉਂਦੇ ਹੋ ?
-ਕਈ ਵਾਰ ਗਲਤੀ ਮੰਨ ਲਈ ਦੀ ਹੈ ਤੇ ਕਈ ਵਾਰ ਝੂਠ ਦਾ ਸਹਾਰਾ ਲੈ ਲਈ ਦਾ ਹੈ।

21. ਅੱਜ ਤੱਕ ਅਨਿਆਂ ਦੇ ਖਿਲਾਫ਼ ਕਿਸ ਰੂਪ ਵਿੱਚ ਆਵਾਜ਼ ਉਠਾਈ ਹੈ ?
-ਆਪਣੀਆਂ ਲਿਖਤਾਂ ਰਾਹੀਂ, ਪੱਤਰਕਾਰੀ ਰਾਹੀਂ ਤੇ ਲੋਕ ਪੱਖੀ ਸਟੇਜਾਂ ਤੇ ਬੋਲ ਕੇ । ਮੈਂ ਅਨਿਆਂ ਵਿਰੁੱਧ ਅਕਸਰ ਹੀ ਆਪਣੀ ਅਵਾਜ਼ ਉਠਾਉਂਦਾ ਰਹਿੰਦਾ ਹਾਂ, ਆਪਣੇ ਇਲਾਕੇ ਵਿਚ ਇਕ ਲੋਕ ਪੱਖੀ ਬੁਲਾਰੇ ਵਜੋਂ ਵੀ ਮੇਰੀ ਚੰਗੀ ਪਛਾਣ ਹੈ।   

 22- ਜੇਕਰ ਸੰਘਰਸ਼ ਦੀ ਕਹਾਣੀਂ ਦੋ ਲਾਈਨਾਂ ਵਿੱਚ ਕਹਿਣੀਂ ਹੋਵੇ ਤਾਂ ਕਿਵੇਂ ਕਹੋਗੇ?
-ਮਨੁੱਖ ਦਾ ਸੰਘਰਸ਼ ਉਸਦੇ ਸੁਰਤ ਸੰਭਾਲਣ ਤੋਂ ਲੈ ਕੇ ਉਸਦੇ ਆਖਿਰੀ ਸਾਹ ਤੱਕ ਜਾਰੀ ਰਹਿੰਦਾ ਹੈ। ਇਹ ਸੰਘਰਸ਼ ਕ੍ਰਿਆਤਮਕ ਤੇ ਮਾਨਸਿਕ ਦੋਹਾਂ ਧਰਾਤਲ ਤੇ ਲੜਿਆਂ ਜਾਂਦਾ ਹੈ। 

23. ਅਜਿਹਾ ਕੰਮ ਜਿਹੜਾ ਤੁਸੀਂ ਹਰ ਰੋਜ ਸਭ ਤੋਂ ਪਹਿਲਾਂ ਕਰਨ ਲਈ ਉਤਸੁਕ ਰਹਿੰਦੇ ਹੋ ਲੇਕਿਨ ਅੱਜ ਤੱਕ ਨਹੀਂ ਕਰ ਸਕੇ ?
– ਸਾਰਿਆਂ ਤੋਂ ਚੰਗਾ ਕਹਾਉਣ ਦਾ ਕਾਰਜ਼ ਹੀ ਹੈ ਜੋ ਹਰ ਰੋਜ਼ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਕਰ ਨਹੀਂ ਪਾਉਂਦਾ ।

24 . ਹਰ ਇੱਛਾ ਪੂਰੀ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਸਭ ਤੋਂ ਪਹਿਲਾਂ ਕਿਹੜੀ ਇੱਛਾ ਪੂਰੀ ਕਰਨੀਂ ਚਾਹੋਗੇ ?
– ਬਚਪਨ ਵਿਚ ਕੋਈ ਖੇਡ ਨਹੀ ਖੇਡ ਸਕਿਆ, ਬੱਚਿਆਂ ਵਾਂਗ ਊਛਲ ਕੂਦ ਕਰਾਂਗਾ। 

25 . ਅਜਿਹਾ ਕੀ ਸੀ ਜੋ ਅਣਮੰਨੇ ਮਨ ਨਾਲ ਕੀਤਾ ਅਤੇ ਅਜੇ ਵੀ ਕਰ ਰਹੇ ਹੋ?
-ਕੁਝ ਲੋਕਾਂ ਨੂੰ ਮੈਂ ਦਿਲੋਂ ਪਸੰਦ ਨਹੀਂ ਕਰਦਾ ਫਿਰ ਵੀ ਸਮਾਜਿਕ ਜਾਂ ਪਰਿਵਾਰਕ ਮਰਿਆਦਾ ਬਣਾਈ ਰੱਖਣ ਲਈ ਉਨ੍ਹਾਂ ਨਾਲ ਨਿਭ ਰਿਹਾ ਹਾਂ। 

26. ਜਦੋਂ ਪਹਿਲੀ ਵਾਰ ਜ਼ੇਬ ਖਰਚੀ ਮਿਲੀ ਤਾਂ ਤੁਹਾਡੇ ਮਨ ਦੀ ਖੁਸ਼ੀ ਕਿਹੋ ਜਿਹੀ ਸੀ?
-ਮੇਰਾ ਬਚਪਨ ਬੁਢਾਪੇ ਵਰਗਾ ਗਹਿਰ ਗੰਭੀਰ ਸੀ। ਸੋਕੜੇ ਦੀ ਬਿਮਾਰੀ ਨੇ ਬਚਪਨ ਦੇ ਸਾਰੇ ਚਾਅ ਨਿਗਲ ਲਏ ਸਨ, ਇਸ ਲਈ ਪਹਿਲੀ ਖਰਚੀ ਮਿਲਣ ਦੀ ਘਟਨਾ ਮੇਰੇ ਜ਼ਿਹਨ ਵਿਚ ਨਹੀਂ ਹੈ। 

27. ਦੋਬਾਰਾ ਵੀਹ ਸਾਲ ਦਾ ਹੋਣ ਦਾ ਮੌਕਾ ਦਿੱਤਾ ਜਾਵੇ ਤਾਂ ਸਭ ਤੋਂ ਪਹਿਲਾਂ ਕੀ ਕਰੋਗੇ?
  ਕੁਝ ਖਾਸ  ਦੋਸਤਾਂ ਨੂੰ  ਪਹਾੜਾਂ ਦੀ ਸੈਰ ਤੇ  ਲਿਜਾ ਕੇ ਉਨ੍ਹਾਂ ਨਾਲ ਮਸਤੀ ਮਾਰਾਂਗਾ। 

28. ਅੱਜ ਤੱਕ ਦਾ ਸਭ ਤੋਂ ਯਾਦਗਾਰੀ ਪਲ ਕਿਹੜਾ ਹੈ, ਜਿਸਨੂੰ ਲਿਖਣਾ ਬਾਕੀ ਹੈ?
– ਸੰਨ 1775 ਜਦੋਂ ਭੱਠਾ ਮੁਨਸ਼ੀ ਵਜੋਂ 200 ਰੁਪਏ ਦੀ ਤਨਖਾਹ ਪਹਿਲੀ ਵਾਰ ਮੇਰੀ ਹਥੇਲੀ ‘ਤੇ ਟਿੱਕੀ ਸੀ।

29 . ਮਨਪਸੰਦ ਖਾਣੇਂ ਕਿਹੜੇ ਹਨ ਅਤੇ ਉਹੀ ਕਿਉਂ ਹਨ ?
-ਜਿਹੜੇ ਖਾਣੇ ਬਚਪਨ ਵਿਚ ਮਾਂ ਦੇ ਹੱਥੋਂ ਖਾਧੇ ਨੇ ਉਹੀ ਖਾਣੇ ਹੁਣ ਵੀ ਮੇਰੀ ਪਹਿਲੀ ਪਸੰਦ ਨੇ। ਬਚਪਨ ਵਿਚ ਮਾਂ ਚੂਰੀ ਕੁੱਟ ਕੇ ਖਵਾਉਂਦੀ ਰਹੀ ਹੈ ਇਸ ਲਈ ਹੁਣ ਵੀ ਮੈਂ ਸ਼੍ਰੀ ਮਤੀ ਨੂੰ ਚੂਰੀ ਬਣਾਉਣ ਦੀ ਫਰਮਾਇਸ਼ ਕਰਦਾ ਰਹਿੰਦਾ ਹਾਂ। ਮੇਰੇ ਅੱਗੇ ਭਾਵੇ 36 ਪ੍ਰਕਾਰ ਦੇ ਭੋਜਨ ਪਰੋਸੇ ਹੋਣ, ਪਰ ਮੈਂ ਦਾਲ, ਸਰੋਂ ਦਾ ਸਾਗ ‘ਤੇ ਮੱਕੀ ਦੀ ਰੋਟੀ ਖਾਣ ਨੂੰ ਹੀ ਪਹਿਲ ਦੇਂਦਾ ਹਾਂ।

30 . ਮਨਪਸੰਦ ਸੰਗੀਤ ਸੁਣਨ ਵੇਲੇ ਆਲੇ ਦੁਆਲੇ ਦਾ ਮਹੌਲ ਕਿਹੋ ਜਿਹਾ ਚਾਹੁੰਦੇ ਸੀ ?
-ਬਿਲਕੁਲ ਸ਼ਾਂਤ।

31. ਤੁਹਾਡੇ ਘਰ ਅਤੇ ਦਫ਼ਤਰ ਵਿੱਚ ਤੁਹਾਡਾ ਸਭ ਤੋਂ ਪਿਆਰਾ ਕੋਣਾ ਕਿਹੜਾ ਹੈ?
-ਜਿਸ ਕੋਣੇ ਵਿਚ ਮੇਰੀ ਨਿਜੀ ਲਾਇਬਰੇਰੀ ਸਥਾਪਿਤ ਹੈ। 

32 . ਅਜਿਹਾ ਕੰਮ ਜਿਹੜਾ ਕਦੇ ਵੀ ਨਹੀਂ ਸੀ ਕਰਨਾ ਚਾਹਿਆ ਪਰ ਉਹੀ ਹੁੰਦਾ ਗਿਆ?
-ਕਿਸੇ ਦੂਸਰੇ ਨਾਲ ਮੁਕਾਬਲੇ ਬਾਜ਼ੀ। 

33. ਤੁਹਾਡੇ ਮੂੰਹੋਂ ਆਪਣੀਂ ਕਿਹੜੀ ਖਾਸੀਅਤ ਦੱਸਦਿਆਂ ਚਾਅ ਚੜ੍ਹ ਜਾਂਦਾ ਹੈ ?
-ਮੈਂ  ਚੰਗੇ  ਸਾਹਿਤ ਦਾ ਪਾਠਕ ਵੀ ਹਾਂ।

34. ਆਪਣੇਂ ਘਰ ਵਿੱਚ ਸਭ ਤੋਂ ਪਿਆਰਾ ਦਿਨ ਕਿਹੜਾ ਬਿਤਾਇਆ ਹੈ?
– ਉਹ ਦਿਨ ਜਦੋਂ ਮੈਂ ‘ਪਾਪਾ’ ਕਹਾਉਣ ਦਾ ਹੱਕ ਪ੍ਰਾਪਤ ਕੀਤਾ।

35. ਉਹ ਬੁਰੀ ਆਦਤ ਜਿਸਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ?
– ਮੇਰੇ ਆਲੇ ਦੁਆਲੇ ਦੇ ਸਮਾਜ ਵਿਚ ਸਾਹਿਤ ਲਿਖਣਾ ਪੜ੍ਹਣਾ ਵੀ ਕਈਆਂ ਲਈ ਮੁਫਤ ਦੀ ਮਗਜ਼ ਖਪਾਈ ਤੇ ਬੁਰੀ ਆਦਤ ਹੈ ਪਰ ਮੈਂ ਆਪਣੀ ਇਸ ਆਦਤ ਨੂੰ ਬਹੁਤ ਪਿਆਰ ਕਰਦਾ ਹਾਂ। 

36 . ਸਟੱਡੀ ਰੂਮ ਵਿੱਚ ਰੱਖੇ ਟੇਬਲ ਉੱਪਰ ਕੀ ਕੀ ਸਜਾ ਕੇ ਰੱਖਣਾਂ ਪਸੰਦ ਕਰਦੇ ਹੋ?
-ਕੰਮਪਿਊਟਰ, ਕਿਤਾਬਾਂ, ਮੈਗ਼ਜੀਨ ਤੇ ਕਲਮ। 

37. ਘਰ ਛੱਡਣ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਲੈਕੇ ਜਾਣਾਂ ਪਸੰਦ ਕਰੋਗੇ?
-ਕਿਤਾਬਾਂ ਤੇ ਅਰਾਮ ਦਾਇਕ ਕਪੜੇ। 

38. ਉਹ ਗੱਲ ਦੱਸੋ ਜਿਹੜੀ ਤੁਸੀਂ ਕਦੇ ਵੀ ਕਿਸੇ ਨੂੰ ਵੀ ਨਹੀਂ ਦੱਸਣੀਂ ਚਾਹੁੰਦੇ?
-ਜੋ ਹੋਰਨਾਂ ਨੂੰ ਦੱਸਣਾ ਨਹੀਂ ਚਾਹੁੰਦਾ, ਉਹ ਤੁਹਾਨੂੰ ਵੀ ਨਹੀਂ ਦਸਾਂਗਾ। 

39. ਤੁਸੀਂ ਆਪਣੇਂ ਪਰਸ ਵਿੱਚ ਸਭ ਤੋਂ ਵੱਧ ਕੀ ਸੰਭਾਲਕੇ ਰੱਖਦੇ ਹੋ?
-ਡਾਕ ਟਿੱਕਟਾਂ।

40. ਆਪਣੀਂ ਕਿਹੜੀ ਇੱਛਾ ਪੂਰਤੀ ਲਈ ਅੱਤ ਦੇ ਰੁਝੇਵੇਂ ‘ਚੋਂ ਵੀ ਵਕਤ ਕੱਢ ਹੀ ਲੈਂਦੇ ਹੋ?
– ਦੋਸਤਾਂ ਨਾਲ ਦਿਲ ਦੀਆਂ ਗੱਲਾਂ ਕਰਨਾਂ  ਲਈ। 

41. ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਹਰ ਸਮੇਂ ਚੁਸਤ ਦਰੁਸਤ ਰੱਖਦੀ ਹੈ?
-ਮੇਰੇ ਵੱਲੋਂ ਲਿਖੀ ਗਈ ਨਵੀਂ ਸਾਹਿਤਕ ਰਚਨਾ। 

42 . ਉਹ ਖੂਬਸੂਰਤ ਪਲ ਜਿਹੜਾ ਤੁਸੀਂ ਸਭ ਤੋਂ ਵੱਧ ਅਤੇ ਵਾਰ ਵਾਰ ਜੀਵਿਆ ਹੈ?
– ਸਵੈ ਮਾਣ ਤੇ ਖੁਦਾਰੀ ਦੇ ਪਲ। 

 43 . ਉਹ ਕੌਣ ਹੈ ਜਿਸ ਨਾਲ ਤੁਸੀਂ ਆਪਣੇਂ ਮਨ ਦਾ ਹਰੇਕ ਕੋਣਾ ਸਾਂਝਾ ਕਰ ਲੈਂਦੇ ਹੋ?
-ਉਹ ਖੁਦ ਮੈਂ ਹੀ ਹਾਂ, ਹੋਰ ਹਰ ਕਿਸੇ ਤੋਂ ਕੁਝ ਨਾ ਕੁਝ ਛੁਪਾਇਆ ਜਾਂਦਾ ਹੈ। 

44. ਜੇਕਰ ਇੱਕ ਮਹੀਨੇਂ ਦੀਆਂ ਛੁਟੀਆਂ ਮਿਲ ਜਾਣ ਤਾਂ ਕਿਸ ਤਰਾਂ ਬਿਤਾਉਣੀਆਂ ਪਸੰਦ ਕਰੋਗੇ ?
-ਰੂਸੀ ਸਾਹਿਤ ਦੀਆ ਪਹਿਲੋਂ ਪੜ੍ਹੀਆ ਕਿਤਾਬਾਂ ਫਿਰ ਪੜ੍ਹਾਂਗਾ। 

45. ਹਰੇਕ ਇਨਸਾਨ ਦੀਆਂ ਕਿਹੜੀਆਂ ਪੰਜ ਖੂਬੀਆਂ ਤੁਸੀਂ ਪਸੰਦ ਕਰਦੇ ਹੋ?
-ਨਿਮਰਤਾ, ਸਾਦਗੀ, ਖੁਲ੍ਹਦਿਲੀ, ਸਮਰਪਣ ਦੀ ਭਾਵਨਾ ਤੇ ਮੋਹ ਖੋਰਾ ਸੁਭਾਅ।

46. ਤੁਸੀਂ ਕਿਹੜੀ ਫਿਲਮ ਜਾਂ ਪੜ੍ਹੀ ਹੋਈ ਰਚਨਾਂ ਦੇ ਕਿਸ ਕਿਰਦਾਰ ਵਰਗੀ ਜ਼ਿੰਦਗੀ ਜਿਉਣ ਦੀ ਕਦੇ ਲਾਲਸਾ ਕੀਤੀ ਸੀ?
-ਮੈਂ ਹੋਰਨਾਂ ਦੀ ਜ਼ਿੰਦਗੀ ਦੀ ਰੀਸ ਕਰਨ ਦੀ ਬਜਾਇ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣ ਵਿਚ ਵਿਸ਼ਵਾਸ ਰੱਖਦਾ ਹਾਂ। 

47. ਆਪਣੇਂ ਮਾਂ ਬਾਪ ਨਾਲ ਬਿਤਾਇਆ ਹੋਇਆ ਸਭ ਤੋਂ ਸ਼ਾਨਦਾਰ ਪਲ?
-ਸੰਨ1980 ਦੇ ਨੇੜ ਤੇੜ ਜਦੋਂ ਮੇਰੀ ਪਹਿਲੀ ਕਵਿਤਾ ‘ਮਹਿਲ ਉਸਾਰੀ’ ਰੋਜ਼ਾਨਾਂ ਅਖਬਾਰ ‘ਲੋਕ ਲਹਿਰ’ ਵਿਚ ਛਪੀ ਸੀ। 

48. ਤੁਹਾਡਾ ਰੋਡ ਸਾਈਡ ਫੇਵਰਟ ਫੂਡ ਕਿਹੜਾ ਹੈ?
-ਦਾਲ ਤੇ ਸਾਦਾ ਰੋਟੀ।

49. ਤੁਸੀਂ ਅੱਜ ਤੱਕ ਦਾ ਸਭ ਤੋਂ ਮਹਿੰਗਾ ਖਾਣਾਂ ਕਦੋਂ ਅਤੇ ਕਿੱਥੇ ਖਾਧਾ ?
-ਅੰਮ੍ਰਿਤਸਰ ਦੇ ਫਾਈਵ ਸਟਾਰ ਹੋਟਲ ਰੈਡੀਸ਼ਨ ਵਿਚ। 

50. ਤੁਹਾਨੂੰ ਕਿਸੇ ਮਜ਼ਬੂਰੀ ਵੱਸ ਸਭ ਤੋਂ ਸਸਤਾ ਖਾਣਾ ਕਦੋਂ ਅਤੇ ਕਿੱਥੇ ਖਾਣਾ ਪਿਆ?
-1975 ਦੇ ਨੇੜ ਤੇੜ ਬਠਿੰਡੇ ਗਿਆਨੀ ਦੇ ਪੇਪਰ ਦੇਣ ਗਿਆ ਸਾਂ ਤਾਂ ਰੇਲਵੇ ਸਟੇਸ਼ਨ ਨੇੜਲੇ ਇਕ ਢਾਬੇ ਤੋਂ ਦੋ ਰੁਪਏ ਵਿਚ ਰੋਟੀ ਖਾਂਦਾ ਰਿਹਾ ਹਾਂ। 

51. ਇੱਕ ਖੂਬਸੂਰਤ ਘਰ ਕਿਹੋ ਜਿਹਾ ਹੋਣਾਂ ਚਾਹੀਦਾ ਹੈ?
-ਜਿੱਥੇ ਘਰ ਦੇ ਸਾਰੇ ਮੈਂਬਰ ਇਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਸਤਿਕਾਰ ਕਰਨ। ਮੇਰਾ ਆਪਣਾ ਘਰ ਇਸਦੀ ਉਦਾਹਰਣ ਹੈ। 

52. ਭਾਰਤੀ ਇਤਿਹਾਸ ਵਿੱਚ ਤੁਹਾਡਾ ਸਭ ਤੋਂ ਪਿਆਰਾ ਨਾਇਕ ਕੌਣ ਹੈ ?
-ਸ਼੍ਰੀ ਗੁਰੂ ਗੋਬਿੰਦ ਸਿੰਘ।

53. ਫੁਰਸਤ ਦੇ ਪਲਾਂ ਵਿੱਚ ਆਪਣੇਂ ਆਪ ਲਈ ਕਿੰਨ੍ਹਾਂ ਕੁ ਜਿਊਂਦੇ ਹੋ?
-ਜਿੰਨਾਂ ਵੀ ਵੱਧ ਤੋਂ ਵੱਧ ਜਿਉਂਇਆ ਜਾ ਸਕੇ। 

54. ਤੁਹਾਨੂੰ ਕਿਹੜੀਆਂ ਅਤੇ ਕਿਹੋ ਜਿਹੀਆਂ ਗੱਲਾਂ ਉੱਪਰ ਹਾਸਾ ਆਉਂਦਾ ਹੈ?
– ਜਦੋਂ ਵੱਡੇ ਵਿਦਵਾਨ ਕਹਾਉਂਦੇ ਲੋਕ ਬੇ- ਥੱਵੀਆਂ ਮਾਰਦੇ ਹਨ ਤੇ ਆਪਣੇ ਮਿਆਰ ਤੋਂ ਡਿੱਗ ਕੇ ਜੁਗਾੜਬੰਦੀਆ ਕਰਦੇ ਹਨ ਤਾਂ ਹਾਸਾ ਆਉਣਾ ਸੁਭਾਵਿਕ ਹੈ।

55. ਕੀ ਕਦੇ ਜ਼ਿੰਦਗੀ ਵਿੱਚ ਸ਼ਰਮਿੰਦਾ ਵੀ ਹੋਣਾਂ ਪਿਆ ਹੈ ਜਾਂ ਨਹੀਂ?
-ਬਹੁਤ ਵਾਰੀ, ਕਈ ਵਾਰ ਦੋਸਤ ਮੇਰੇ ਤੋਂ ਅਜਿਹੀ ਆਸ ਕਰ ਲੈਂਦੇ ਹਨ ਜਿਸ ‘ਤੇ ਪੂਰਾ ਉਤਰਣਾ ਮੇਰੇ ਲਈ  ਸੰਭਵ ਨਹੀਂ ਹੁੰਦਾ ਤਾਂ ਸ਼ਰਮਿੰਦਾ ਹੋਣ ਤੋਂ ਇਲਾਵਾਂ ਮੈਂ ਹੋਰ ਕੁਝ ਨਹੀਂ ਕਰ ਸਕਦਾ।

56. ਸਾਹਿਤ ਕੁਲਵਕਤੀ ਨਿਰੰਜਣ ਬੋਹਾ ਨਾਲ ਮੋਹ ਭੰਗ ਵਾਲੀ ਸਥਿਤੀ ਕਿਹੋ ਜਿਹੀ ਹੁੰਦੀ ਹੈ?
ਜਦੋਂ ਦਾ ਮੈਂ ਸਾਹਿਤ ਕੁਲਵਕਤੀ ਨਿਰੰਜਣ ਬੋਹਾ ਨੂੰ ਜਾਨਣ ਲੱਗਿਆ ਹਾਂ, ਉਸ ਨਾਲ ਮੋਹ ਭੰਗ ਹੋਣ ਦੀ ਬਜਾਇ ਹੋਰ ਗੂੜ੍ਹੇ ਤੋਂ ਗੂੜ੍ਹਾ ਹੁੰਦਾ ਗਿਆ ਹੈ।

57. ਸਭ ਤੋਂ ਮਨਪਸੰਦ ਫਿਲਮ ਕਿਹੜੀ ਹੈ ਅਤੇ ਕਿਉ?
-ਦੇਵ ਦਾਸ, ਅਲ੍ਹੜ ਉਮਰ ਦੇ ਪਿਆਰ ਸਬੰਧਾਂ ਦੀ ਸਜੀਵਤਾ ਨੂੰ ਬਿਆਨ ਕਰਦੀ ਬਹੁਤ ਪਿਆਰੀ ਫਿਲਮ ਹੈ। 

58. ਕੋਈ ਅਜਿਹਾ ਕੌੜਾ ਸੱਚ ਜੋ ਵਾਰ ਵਾਰ ਸਤਾਉਂਦਾ ਹੋਵੇ?
-ਮੈਂ ਆਪਣੇ ਜੀਵਨ ਵਿਚ ਅਧਿਆਪਕ ਬਣਨ ਦਾ ਟੀਚਾ ਮਿੱਥਿਆ ਸੀ, ਪਰ ਬਣ ਨਹੀਂ ਸਕਿਆ।

59. ਹਰ ਪਲ ਸੁਰਖੀਆਂ ਵਿੱਚ ਬਣੇ ਰਹਿਣ ਦਾ ਤਰੀਕਾ ਕਿੰਨਾਂ ਕੁ ਜ਼ਾਇਜ ਮੰਨਦੇ ਹੋ?
– ਹਰ ਪਲ ਸੁਰਖੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਆਪਣੇ ਜਲੌਅ ਦੇ ਮੱਧਮ ਪੈਣ ਦਾ ਡਰ ਹਰ ਵੇਲੇ ਸਤਾਉਂਦਾ ਹੈ। ਸਮੇਂ ਤੇ ਕੀਤੇ ਕੰਮ ਕਿਸੇ ਵੇਲੇ ਆਪਣੇ ਆਪ ਮੈਨੂੰ ਸੁਰਖੀਆਂ ਵਿਚ ਲੈ ਆਉਣ ਤਾਂ ਵੱਖਰੀ ਗੱਲ ਹੈ ਪਰ ਮੈਂ ਸੁਰਖੀਆਂ ਵਿਚ ਆਉਣ ਲਈ ਜੁਗਾੜਬੰਦੀਆ ਕਦੇ ਨਹੀਂ ਕੀਤੀਆਂ। 

60. ਜ਼ਿੰਦਗੀ ਵਿੱਚ ਕਿਸਦਾ ਸਾਥ ਸਭ ਤੋਂ ਪਿਆਰਾ ਲੱਗਦਾ ਹੈ, ਜਿਸਮਾਨੀ ਜਾਂ ਰੂਹਾਨੀ?
-ਆਪਣੀ ਪਤਨੀ ਸੰਤੋਸ਼ ਕੱਕੜ ਦਾ। ਚਾਹੇ ਦਿਨ ਵਿਚ ਵੀਹ ਵਾਰ ਲੜੀਏ । 

61. ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਕਦੋਂ, ਕਿੱਥੋਂ, ਕਿਸ ਕੋਲੋਂ ਮਿਲਿਆ ਸੀ?
-ਜ਼ਿੰਦਗੀ ਵਿਚ ਸੱਭ ਤੋਂ ਵੱਡਾ ਸਬਕ ਮੈਨੂੰ ਉਨ੍ਹਾਂ  ਦੋਸਤ ਕੋਲੋ ਮਿਲਿਆ ਜਿਨਾਂ ਮੈਨੂੰ ਹਮੇਸ਼ਾ ਆਪਣੇ ਫਾਇਦੇ ਲਈ  ਹੀ ਵਰਤਣ ਦੀ ਕੋਸ਼ਿਸ਼ ਕੀਤੀ। ਇਸ ਲਈ ਨਵੇਂ ਦੋਸਤ ਬਣਾਉਣ ਵੇਲੇ ਮੈਂ ਬਹੁਤ ਸੁਚੇਤ ਰਹਿੰਦਾ ਹਾਂ।

62. ਜੇਕਰ ਤੁਹਾਨੂੰ ਦੇਸ਼ ਦੇ ਕਿਸੇ ਇਤਿਹਾਸਿਕ ਦੌਰ ਵਿੱਚ ਰਹਿਣ ਅਤੇ ਉਵੇਂ ਹੀ ਜੀਣ ਵਾਸਤੇ ਆਖਿਆ ਜਾਵੇ, ਤਾਂ ਤੁਸੀਂ ਕਿਸ ਦੌਰ ਵਿੱਚ ਜਾਣਾ ਪਸੰਦ ਕਰੋਗੇ?
-ਆਦਿ ਕਲੀਨ ਯੁਗ, ਜਦੋਂ ਸਮਾਜ ਦਾ ਮੁੱਢ ਨਹੀਂ ਸੀ ਬੱਝਾ ਤੇ ਮਨੁੱਖ ਤੇ ਕੋਈ ਵੀ ਬੰਦਿਸ਼ ਨਹੀਂ ਸੀ।

63. ਤੁਹਾਡੀ ਪਹਿਲੀ ਮਨਪਸੰਦ ਜਗ੍ਹਾ ਜਿੱਥੇ ਤੁਸੀਂ ਲੱਖ ਚਾਹਕੇ, ਅੱਜ ਤੱਕ ਵੀ ਨਹੀਂ ਜਾ ਸਕੇ?
-ਪਿੰਡ ਭਿੰਡਾ ਸਮੰਦ ਖਾਨ, ਮੰਡੀ ਚਿਸਤੀਆਂ ਰਿਆਸਤ ਬਹਾਵਲਪੁਰ (ਪਾਕਸਿਤਾਨ) ਜਿੱਥੇ ਮੇਰੇ ਪੁਰਖਿਆਂ ਨੇ ਦਸਾਂ ਨੌਹਾਂ ਦੀ ਕਿਰਤ ਕਮਾਈ ਕੀਤੀ ਸੀ।   

64. ਆਪਣੀ ਅਦਾ ਕਿਹੋ ਜਿਹੇ ਰੂਪ ਵਿੱਚ ਝਲਕਦੀ ਖੂਬਸੂਰਤ ਪੁਆੜਾ ਪਾਉਂਦੀ ਹੈ?
– ਮੇਰੀ ਹਰ ਅਦਾ ਸਹਿਜ ਮਤੇ ਵਾਲੀ ਹੈ, ਪੁਆੜੇ ਹੱਥੀ ਨਹੀ।

65. ਆਪਣੇ ਵੱਲੋਂ ਨਾਂ ਛੁਪਾਈ ਜਾ ਸਕਣ ਵਾਲੀ ਸਭ ਤੋਂ ਵੱਡੀ ਬੁਰਾਈ ਕਿਹੜੀ ਹੈ?
– ਮੇਰਾ ਸੰਕੋਚਵਾਂ ਸੁਭਾਅ ਜੋ ਕਿਸੇ ਨੂੰ ਵੀ ਖੇਚਲ ਦੇਣ ਲਈ ਤਿਆਰ ਨਹੀਂ ਹੁੰਦਾ। 

66. ਅਚਨਚੇਤ ਤੁਹਾਨੂੰ ਵੀਹ ਲੱਖ ਰੁਪਿਆ ਮਿਲ ਜਾਵੇ ਅਤੇ ਇੱਕ ਦਿਨ ਵਿੱਚ ਹੀ ਖਰਚਣਾਂ ਪੈ ਜਾਵੇ ਤਾਂ ਤੁਸੀਂ ਕਿਸ ਵਾਸਤੇ ਖਰਚ ਕਰੋਗੇ?
-ਅਧਿਆਪਕ ਬਨਣ ਦੀ ਇੱਛਾ ਸੀ, ਨਹੀਂ ਬਣ ਸਕਿਆ, ਹੁਣ ਮੈਂ ਆਪਣੀ  ਇੱਛਾ ਆਪਣੇ ਇਲਾਕੇ ਦੇ ਸਾਰੇ ਸਕੂਲਾਂ ਨਾਲ ਜੁੜੇ ਰਹਿ ਕੇ ਪੂਰੀ ਕਰਦਾ ਹਾਂ।  ਜੇ ਵੀਹ ਲੱਖ ਰੁਪਏ ਇਕ ਦਿਨ ਵਿਚ ਖਰਚਣੇ ਹੋਣ ਤਾ ਮੈਂ ਇਹ ਸਾਰੀ ਰਕਮ ਸਰਕਾਰੀ ਸਕੂਲਾਂ ਨੂੰ ਦਾਨ ਵਿਚ ਦੇ ਦੇਵਾਂਗਾ।  

67. ਉਹਨਾਂ ਪਲਾਂ ਦੀ ਕੀ ਅਹਿਮੀਅਤ ਹੈ ਜਦੋਂ ਪਹਿਲੀ ਕਿਤਾਬ ਪੜ੍ਹੀ ਜਾਂ ਪਹਿਲੀ ਫਿਲਮ ਵੇਖੀ ਸੀ?
– ਬਹੁਤ ਅਹਿਮੀਅਤ ਹੈ, ਉਨ੍ਹਾਂ ਪਲਾਂ ਵਿਚ ਮੈਂ ਕਹਾਣੀ ਜਾਂ ਕਿਤਾਬ ਦੇ ਪਾਤਰਾਂ ਦਾ ਜੀਵਨ ਆਪ ਜਿਉਂ ਕੇ ਵੇਖਿਆ ਸੀ।

68. ਤੁਹਾਡੇ ਘਰ ਵਿੱਚ ਅਚਾਨਕ ਹੀ ਦੋ ਬਹੁਤ ਹੀ ਪਿਆਰੇ ਅਤੇ ਨਜ਼ਦੀਕੀ ਮਹਿਮਾਨ ਆ ਜਾਣ ਤਾਂ ਤੁਸੀਂ ਉਹਨਾਂ ਨਾਲ ਕਿਸ ਮੁੱਦੇ ਉੱਪਰ ਵਿਚਾਰ ਵਟਾਂਦਰਾ ਕਰਨਾਂ ਚਾਹੋਗੇ?
-ਮੈਂ ਵਿਚਾਰ ਕਰਨ ਲਈ ਮਹਿਮਾਨਾਂ ਦੀ ਰੁਚੀ ਅਨੁਸਾਰ ਹੀ ਵਿਸ਼ੇ ਦੀ ਚੋਣ ਕਰਾਂਗਾ ਤੇ ਆਪਣੀ ਰਾਇ ਉਨ੍ਹਾਂ ‘ਤੇ ਲੱਦਾਗਾਂ ਨਹੀਂ।

69. ਤੁਹਾਡੀ ਨਜ਼ਰ ਵਿੱਚ ਕੋਈ ਦਿਨ ਅਹਿਮ ਕਿਵੇਂ ਬੀਤਣਾ ਚਾਹੀਦੈ?
-ਉਸ ਦਿਨ ਦੀ ਅਹਿਮੀਅਤ ਨੂੰ ਪਛਾਣ ਕੇ ਉਸ ਨੂੰ ਰੱਜ ਕੇ ਮਾਣਿਆ ਜਾਵੇ। 

70 . ਬੋਰੀਅਤ ਨੂੰ ਬਾਰ ਬਾਰ ਕਿਵੇਂ ਮਾਣਦੇ ਹੋ?
-ਬੋਰੀਅਤ ਪਹਿਲਾਂ ਥੋੜਾ ਪ੍ਰੇਸ਼ਾਨ ਕਰਦੀ ਹੈ ਫਿਰ ਮੈਂ ਇਸ ਦੀ ਦਿਸ਼ਾ ਮੋੜ ਕੇ ਕੋਈ ਸਾਹਿਤ ਰਚਨਾ ਰਚਣ ਵਿਚ ਜੁੱਟ ਜਾਂਦਾ ਹਾਂ। ਜੇ ਕੁਝ ਮੌਲਿਕ ਨਾ ਲਿਖਿਆ ਜਾਵੇ ਤਾਂ ਕਿਸੇ ਪੁਸਤਕ ਦੀ ਸਮੀਖਿਆ ਕਰ ਲੈਂਦਾ ਹਾਂ। 

71. ਤੁਹਾਡਾ ਸੁਪਨਾਂ ਜਿਸਨੂੰ ਕਿਸੇ ਵੀ ਕੀਮਤ ਉੱਪਰ ਵਿਕਸਿਤ ਕਰਨਾਂ ਹੀ ਕਰਨਾਂ ਹੈ?
-ਸਾਹਿਤ ਦੇ ਖੇਤਰ ਵਿਚ ਆਪਣਾ ਨਾਂ ਥਾਂ ਚੰਗੀ ਤਰ੍ਹਾ ਸੁੱਰਖਿਅਤ ਕਰਨਾ।

72. ਪੂਰੀ ਦੁਨੀਆਂ ਵਿੱਚ ਤੁਹਾਡੀ ਸਭ ਤੋਂ ਪਿਆਰੀ ਥਾਂ ਕਿਹੜੀ ਹੈ?
 -ਇਕ ਮੇਰੀ ਜਨਮ ਥਾਂ ਬੋਹਾ ਜ਼ਿਲ੍ਹਾ ਮਾਨਸਾ ਤੇ ਦੂਜੀ ਮੇਰੀ ਸਾਹਿਤਕ ਜਨਮ ਭੂੰਮੀ ਬਾਘਾਪੁਰਾਣਾ ਜ਼ਿਲ੍ਹਾ ਮੋਗਾ। 

73. ਦੁਨੀਆਂ ਦੀ ਉਹ ਕਿਹੜੀ ਸਖਸ਼ੀਅਤ ਹੈ ਜਿਹੜੀ ਹਰ ਸਮੇਂ ਪਰਛਾਵੇਂ ਵਾਂਗ ਤੁਹਾਡੇ ਨਾਲ ਰਹਿੰਦੀ ਹੈ?
-ਗੁਰੂ ਨਾਨਕ (ਵਿਚਾਰ ਧਾਰਕ ਰੂਪ ਵਿਚ) ਹਰ ਸਮੇਂ ਮੇਰੇ ਜ਼ਿਹਨ ਵਿਚ ਰਹਿੰਦਾ ਹੈ।  

74. ਅਜਿਹੀ ਕਿਹੜੀ ਚੀਜ਼ ਹੈ ਜਿਸ ਬਾਰੇ ਅਕਸਰ ਹੀ ਤੁਹਾਡਾ ਦਿਮਾਗ਼ ਕਸਰਤ ਕਰਦਾ ਰਹਿੰਦਾ ਹੈ?
-ਕੀ ਮੈਂ ਇਕ ਮਨੁੱਖ ਵਜੋਂ ਆਪਣੇ ਮਨੁੱਖੀ ਫਰਜ਼ ਠੀਕ ਢੰਗ ਨਾਲ ਨਿਭਾਅ ਰਿਹਾ ਹਾਂ।

75. ਆਪਣੇਂ ਸਭ ਤੋਂ ਨੇੜਲੇ ਮਿੱਤਰਾਂ ਨਾਲ ਤੁਸੀਂ ਕਿਹੋ ਜਿਹੇ ਰਾਜ਼ ਸਾਂਝੇ ਕਰਦੇ ਹੋ?
-ਜਿਹੜੇ ਰਾਜ ਸਾਂਝੇ ਕਰਨ ਤੋਂ ਬਾਦ ਵੀ ਉਹਨਾਂ ਤੇ ਹੋਰ ਦੋਸਤਾਂ ਨਾਲ ਮੇਰੀ ਸਾਂਝ ਬਣੀ ਰਹੇ। 

76. ਤੁਹਾਡੀ ਕੋਈ ਅਜੇਹੀ ਗੱਲ ਜਿਹੜੀ ਕੋਈ ਵੀ ਨਹੀਂ ਜਾਣਦਾ ਪਰ ਤੁਸੀਂ ਦੱਸਣ ਲਈ ਕਾਹਲੇ ਹੋ?
-ਬੱਸ ਇਹੀ ਗੱਲ ਕਿ ਮੈਂ 21ਵੀਂ ਸਦੀ ਵਿਚ ਪਹੁੰਚ ਕੇ ਵੀ ਪੂਰੀ ਤਰਾਂ ਮਸ਼ੀਨ ਨਹੀਂ ਬਣਿਆ ਤੇ ਮੇਰੇ ਅੰਦਰ ਅਜੇ ਵੀ ਮਨੁੱਖੀ ਭਾਵਨਾਵਾਂ ਮੌਜੂਦ ਨੇ।

77. ਜੇਕਰ ਤੁਸੀਂ ਅੱਜ ਸਾਹਿਤਕਾਰ ਨਾਂ ਹੁੰਦੇ ਤਾਂ ਕੀ ਹੁੰਦੇ?
 -ਕਰਿਆਣਾ ਜਾਂ ਕਪੜਾ ਵੇਚਣ ਵਾਲ ਆਮ  ਦੁਕਾਨਦਾਰ।

78 . ਅਜਿਹਾ ਕਿਹੜਾ ਕੰਮ ਹੈ ਜਿਹੜਾ ਬਾਰ ਬਾਰ ਕਰਨ ਨੂੰ ਤੁਹਾਡਾ ਦਿਲ ਕਰਦਾ ਹੈ ਪਰ ਤੁਹਾਡੀ ਪਕੜ ਵਿੱਚ ਨਹੀਂ ਆ ਰਿਹਾ?
 -ਮੈਂ ਵੱਡ ਅਕਾਰੀ ਨਾਵਲ ਲਿਖਣਾ ਚਾਹੁੰਦਾ ਪਰ ਲਿਖ ਨਹੀਂ ਪਾ ਰਿਹਾ। 

78. ਜ਼ਿੰਦਗੀ ਦੇ ਕਿਹੋ ਜਿਹੇ ਵਰਤਾਰੇ ਨਾਲ ਸਖਤ ਨਫ਼ਰਤ ਹੈ ਤੁਹਾਨੂੰ?
– ਜਿਹੜੇ ਵਰਤਾਰੇ ਆਮ ਲੋਕਾਂ ਤੋਂ ਮਨੁੱਖੀ ਢੰਗ ਨਾਲ ਜਿਉਣ ਦੇ ਅਧਿਕਾਰ ਖੋਂਹਦੇ ਹਨ। 

 79. ਕਿਹੜੀ ਚੀਜ਼ ਹੈ ਜੇ ਉਹ ਤੁਹਾਥੋਂ ਖੋਹ ਲਈ ਜਾਵੇ ਤਾਂ ਤੁਸੀਂ ਗੁੰਮ ਜਾਓਗੇ?
-ਜੇ ਕਲਮ ਸਾਥੋਂ  ਖੋਹ ਲਈ ਜਾਵੇ ਤਾਂ ਮੈਂ ਤਾਂ ਸਾਡੀ ਕੀ ਪਛਾਣ ਰਹਿ ਜਾਵੇਗੀ? 

80. ਕਿਹੋ ਜਿਹੀਆਂ ਸਥਿਤੀਆਂ ਹੁੰਦੀਆਂ ਨੇ ਜਦੋਂ ਤੁਸੀਂ ਲੰਮੇ ਸਮੇ ਲਈ ਨਿਰੰਜਣ ਬੋਹਾ ਨਹੀਂ ਹੁੰਦੇ?
-ਜਦੋਂ ਮੈਂ ਸਾਹਿਤ ਲਿਖਦਾ ਤੇ ਪੜ੍ਹਦਾ ਹਾਂ ਜਾਂ ਲੇਖਕ ਦੋਸਤਾਂ ਨਾਲ ਵਿਚਰਦਾ ਹਾਂ ਉਸ ਵੇਲੇ ਹੀ ਨਿਰੰਜਣ ਬੋਹਾ ਹੁੰਦਾ ਹਾਂ। ਅਖਬਾਰਾਂ ਲਈ ਖਬਰਾਂ ਲਿਖਣ ਵੇਲੇ ਮੈਂ ਨਿਰੰਜਣ ਪੱਤਰਕਾਰ ਬਣ ਜਾਂਦਾ ਹਾਂ ਤੇ ਸਮਾਜਕ ਕਾਰਜ ਕਰਦਿਆਂ ਮੇਰੀ ਪਛਾਣ ਨਿਰੰਜਣ ਮੈਂਬਰ ਵਜੋਂ ਬਣ ਜਾਂਦੀ ਹੈ। ਸਰਕਾਰੀ ਕਾਗਜ਼ਾਂ ਤੇ ਦਸਤਖਤ ਕਰਨ ਵੇਲੇ ਮੈਂ ਨਿਰੰਜਣ ਕੁਮਾਰ ਹੁੰਦਾ ਹਾਂ।

82 . ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਟਰਨਿੰਗ ਪੁਆਇੰਟ ਕਿਹੜਾ ਸੀ?
-ਜਦੋਂ ਮੈਂ ਰੋਜੀ ਰੋਟੀ ਦੇ ਚੱਕਰ ਵਿਚ ਬਾਘਾਪੁਰਣਾ ਗਿਆ ਸੀ। 

83. ਕਿਸ ਮਹਾਨ ਜਾਂ ਬਦਨਾਮ ਸਖਸ਼ੀਅਤ ਨਾਲ ਮਿਲਨ ਲਈ ਤਤਪਰ ਰਹਿੰਦੇ ਹੋ?
-ਆਪਣੇ ਆਪ ਨੂੰ, ਕਿਉਂ ਕਿ ਮਹਾਨ, ਸ਼ੈਤਾਨ ਤੇ ਬਦਨਾਮ ਸਾਰੇ ਰੰਗ ਮੇਰੇ ਵਿਚ ਸਮੋਏ ਹਨ।  

84. ਸਮੇਂ ਨੂੰ ਮੁੱਠੀ ਵਿੱਚ ਕਰਨ ਦੀ ਸੋਚ ਕਦੋਂ ਜਿਊਂਦੀ, ਕਦੋਂ ਮਰ ਜਾਂਦੀ ਹੈ?
-ਸਮੇ ਨੂੰ ਮੁੱਠੀ ਵਿਚ ਕਰਨ ਦੀ ਸੋਚ ਹਮੇਸ਼ਾ ਜਾਗਦੀ ਹੀ ਹੁੰਦੀ ਹੈ, ਪ੍ਰਤੀਕੂਲ ਸਥਿਤੀਆਂ ਦੇ ਚਲਦਿਆਂ ਇਹ ਕੁਝ ਸਮੇ ਲਈ ਦੱਬ ਜ਼ਰੂਰ ਜਾਂਦੀ ਹੈ ਪਰ ਮਰਦੀ ਨਹੀਂ।

 85. ਤੁਸੀਂ ਕਿਹੋ ਜਿਹੀਆਂ ਸਥਿਤੀਆਂ ਵਿੱਚ ਅਧਿਆਤਮਕ ਆਨੰਦ ਮਹਿਸੂਸ ਕਰਦੇ ਹੋ?
-ਜਦੋਂ ਕੋਈ ਰੂਹ ਦੀਆਂ ਗੱਲਾਂ ਕਰਨ ਤੇ ਮੇਰੀਆਂ ਕੀਤੀਆ ਗੱਲਾਂ ਦਾ ਮੁੱਲ ਪਾਉਣ ਵਾਲਾ ਕੋਈ ਰੂਹਦਾਰ ਸਖਸ਼ ਮਿਲ ਜਾਵੇ। 

86. ਕਿਹੜਾ ਸੰਗੀਤ ਹੈ ਜਿਹੜਾ ਤੁਹਾਨੂੰ ਰੁਮਾਂਟਿਕ ਬਣਾ ਦਿੰਦਾ ਹੈ?
-ਧੀਮੀ ਸੁਰ ਦਾ ਧੁਰ ਅੰਦਰ ਤੱਕ ਲਹਿ ਜਾਣ ਵਾਲਾ ਸੰਗੀਤ। 

87. ਅੱਜ ਤੱਕ ਦੇਖੀਆਂ ਫਿਲਮਾਂ ਦਾ ਸਭ ਤੋਂ ਯਾਦਗਾਰੀ ਕਿਰਦਾਰ ਜਿਸਨੂੰ ਦੇਖਕੇ ਤੁਹਾਨੂੰ ਮਨੋਰੰਜਨ ਦੀ ਦੁਨੀਆਂ ਉੱਪਰ ਮਾਣ ਮਹਿਸੂਸ ਹੋਇਆ ਹੋਵੇ?
-‘ਕਾਬਲੀਵਾਲਾ’ ਫਿਲਮ ਵਿਚ ਬਲਰਾਜ ਸਾਹਨੀ ਦਾ ਕਿਰਦਾਰ। 

88. ਤੁਹਾਡੇ ਆਪਣੇਂ ਸ਼ਹਿਰ ਦਾ ਫੇਵਰਟ ਰੈਸਟੋਰੈਂਟ ਕਿਹੜਾ ਹੈ?
-ਮੈਂ ਕਸਬਾ ਨੁਮਾ ਛੋਟੇ ਜਿਹੇ ਸ਼ਹਿਰ ਵਿਚ ਰਹਿੰਦਾ ਹੈ ਜਿਥੇ ਅਜੇ ਕੋਈ ਵੀ ਰੈਸਟੋਰੈਂਟ ਨਹੀਂ ਹੈ। 

89. ਤੁਹਾਡਾ ਮਨਪਸੰਦ ਨਾਈਟ ਸਪੌਟ ਕਿਹੜਾ ਹੈ?
-ਛੋਟੇ ਬੇਟੇ ਦਾ ਮੋਹਾਲੀ  ਵਿਚਲਾ ਘਰ।

90. ਘੱਟ ਬਿਲ ਵਿੱਚ ਕਿਸ ਥਾਂ ਦਾ ਖਾਣਾ ਸਭ ਤੋਂ ਵਧੀਆ ਲੱਗਦਾ ਹੈ?
-ਮਾਈ ਦਾ ਢਾਬਾ ਬੁਢਲਾਡਾ। 

91. ਕਿਸ ਥਾਂ ਤੋਂ ਆਊਟਫਿਟਸ ਖਰੀਦਣ ਵਾਸਤੇ ਹਰ ਪਲ ਤੁਹਾਡਾ ਮਨ ਕਾਹਲਾ ਪੈਂਦਾ ਰਹਿੰਦਾ ਹੈ?
-ਕਾਰਪੋਰੇਟ ਜਗਤ ਵੱਲੋਂ ਬਣਾਏ ਮਲਟੀਪਰਪਜ਼ ਕੰਪਲੈਕਸਾਂ ਵਿਚੋਂ ਕੁਝ ਵੀ ਖਰੀਦਣ ਲੱਗਿਆ ਮੇਰਾ ਮਨ ਅਕਸਰ ਕਾਹਲਾ ਪੈਂਦਾ ਹੈ।

92. ਪਹਿਰਾਵੇ ਪ੍ਰਤੀ ਖੁਦ ਸੁਚੇਤ ਰਹਿੰਦੇ ਹੋ ਜਾਂ ਕੋਈ ਯਾਦ ਕਰਾਉਂਦਾ ਹੈ?
-ਆਪਣੇ ਪਹਿਰਾਵੇ ਸੰਬਧੀ ਮੈਂ ਬਿਲਕੁਲ ਵੀ ਸੁਚੇਤ ਨਹੀਂ ਹਾ। ਇਸਦਾ ਫਿਕਰ ਮੇਰੀ ਪਤਨੀ ਜਾਂ ਮੇਰੀ ਨੂੰਹ ਬੇਟੀਆਂ ਨੂੰ ਰਹਿੰਦਾ ਹੈ।

93. ਆਪਣੇਂ ਸ਼ਹਿਰ ਦੀ ਕਿਸ ਥਾਂ ਉੱਪਰ ਦੋਸਤਾਂ ਦਾ ਇਕੱਠ ਵੇਖਕੇ ਖੁਸ਼ੀ ਹੁੰਦੀ ਹੈ?
-ਕਿਸੇ ਸਾਹਿਤਕ ਸਮਾਗਮ ਜਾ ਸੰਵਾਦ ਚਰਚਾ ਵਾਲੇ ਸਥਾਨ ਵਿੱਚ। 

94. ਬਾਹਰੋਂ ਘਰ ਆਉਣ ਵੇਲੇ ਸਭ ਤੋਂ ਪਹਿਲਾਂ ਕਿਸ ਨੂੰ ਬਹੁਤ ਪਿਆਰ ਨਾਲ ਨਿਹਾਰਦੇ ਹੋ?
-ਆਪਣੀਆਂ ਪੋਤੀਆਂ ਅਵਨੀਤ ਤੇ ਪੋਤਰੇ ਅਰਮਾਨ ਨੂੰ।  

95. ਆਪਣੀਂ ਮਨਪਸੰਦ ਖਰੀਦਦਾਰੀ ਕਰਨ ਲਈ ਕਿੰਨਾਂ ਲੰਮਾਂ ਸਮਾਂ ਸੋਚਣਾਂ ਪੈਂਦਾ ਹੈ?
-ਬਹੁਤ ਘੱਟ 

96. ਕਿਤਾਬਾਂ ਜਦੋਂ ਬੋਝ ਲੱਗਣ ਲੱਗ ਪੈਂਦੀਆਂ ਨੇ ਕੀ ਫੈਸਲਾ ਲੈਂਦੇ ਹੋ?
-ਅਜੇ ਤੱਕ ਅਜਿਹੀ  ਨੌਬਤ ਨਹੀਂ ਆਈ।

97. ਅੱਜ ਤੱਕ ਦੀ ਸਭ ਤੋਂ ਸਸਤੀ ਅਤੇ ਮਹਿੰਗੀ ਸ਼ਾਪਿੰਗ ਕਿਹੜੀ ਕੀਤੀ ਸੀ?
-ਬਚਪਨ ਤੇ ਜਵਾਨੀ ਦੇ ਕੁਝ ਹਿੱਸੇ ਵਿਚੋਂ ਲੰਘਦਿਆਂ ਆਰਥਿਕ ਤੰਗੀਆਂ ਤੁਰਸ਼ੀਆੰ ਨਾਲ ਨੇੜਿਉਂ ਵਾਹ ਰਿਹਾ ਹੈ, ਉਸ ਸਮੇ ਦੀ ਪਈ ਆਦਤ ਅਨੁਸਾਰ ਮੈਂ ਹੁਣ ਵੀ ਮਹਿੰਗੀ ਸ਼ਾਪਿੰਗ ਕਰਨ ਦੇ ਰਾਹ ਨਹੀਂ ਪੈਂਦਾ ਤੇ ਵਧੇਰੇ ਕਰਕੇ ਸੱਸਤੀ ਤੇ ਮਹਿੰਗੀ ਸ਼ਾਪਿੰਗ ਦੇ ਵਿਚਕਾਰਲੀ ਦਰਮਿਆਨੀ ਸ਼ਾਪਿੰਗ ਹੀ ਕਰਦਾ ਹਾਂ।

98 . ਦੇਸ਼ ਦੀ ਕਿਸ ਥਾਂ ਉੱਪਰ ਰਹਿਣਾਂ ਪਸੰਦ ਹੈ?
-ਜਿੱਥੇ ਰਹਿ ਰਿਹਾ ਹਾਂ ਉਸ ਥਾਂ ਤੇ ਹੀ ਪੂਰੀ ਤਰ੍ਹਾਂ ਸਤੁੰਸ਼ਟ ਹਾਂ,  ਸਥਾਈ ਤੌਰ ‘ਤੇ ਇਸ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦਾ। ਘੁੰਮਣ ਫਿਰਨ ਦੀ ਗੱਲ ਵੱਖਰੀ ਹੈ। 

99. ਕਿਹੜੀ ਇਤਿਹਾਸਿਕ ਥਾਂ ਦੇ ਖੰਡਰ ਦੇਖਕੇ ਮਨ ਕੁਸੈਲਾ ਹੁੰਦਾ ਹੈ?
-ਜਦੋਂ ਮੈ ਆਪਣੇ ਬੋਹਾ ਕਸਬੇ ਦੀਆਂ ਸਾਰੀਅਾਂ ਉਜਾੜ ਤੇ ਖੰਡਰ ਬਣੀਆਂ ਮਸੀਤਾ ਨੂੰ ਵੇਖਦਾ ਹਾਂ ਤਾਂ ਆਪਣੀ ਮਾਤਾ ਵੱਲੋਂ ਸੁਣਾਈਆ ਸੰਤਾਲੀ ਦੇ ਉਜਾੜੇ ਦੀਆਂ ਕਹਾਣੀਆਂ ਮੇਰੇ ਦਿਲ ਦਿਮਾਗ ਵਿਚ ਘੁੰਮਣ ਲੱਗਦੀਆਂ ਹਨ ਤੇ ਮਨ ਕੁਸੈਲਾ ਹੋ ਜਾਂਦਾ ਹੈ। ਸੋਚਦਾ ਹਾਂ ਮੇਰੇ ਮਾਪਿਆ ਵਾਂਗ ਇੱਥੇ ਰਹਿਣ ਵਾਲੇ ਮੁਸਲਮਾਨ ਭਰਾਵਾਂ ਨੂੰ ਵੀ ਉਜਾੜੇ ਦਾ ਡੂੰਘਾ ਸੰਤਾਪ ਝਲਣਾ ਪਿਆ ਹੋਵੇਗਾ। 

100. ਸਭ ਤੋਂ ਚੰਗੀ ਅਤੇ ਮਾੜੀ ਯਾਦ ਕਿਸ ਥਾਂ ਨਾਲ ਜੁੜੀ ਹੋਈ ਹੈ?
-ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀ ਨਗਰ ਨਾਲ, ਚੰਗੀ ਇਸ ਲਈ ਕਿ ਜੁਲਾਈ 2019 ਨੂੰ ਮੈਂ ਧਰਤੀ ਤੇ ਸਵਰਗ ਕਹੇ ਜਾਣ ਵਾਲੇ ਇਸ ਖੇਤਰ ਦੀ ਯਾਤਰਾ ਦਾ ਰੱਜ਼ ਕੇ ਆਨੰਦ ਮਾਣਿਆ ਸੀ, ਮਾੜੀ ਇਸ ਲਈ ਕਿ ਮੇਰੇ ਵਾਪਸ ਆਉਣ ਤੋਂ ਵੀਹ ਕੁ ਦਿਨ ਬਾਦ ਹੀ ਭਾਰਤੀ ਹਕੂਮਤ ਨੇ ਇੱਥੋਂ ਦੇ ਵਸਨੀਕਾਂ ਦੇ ਵਿਸ਼ੇਸ਼ ਅਧਿਕਾਰ ਖੋਹ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਆਪਣਾ ਗੁਲਾਮ ਬਣਾ ਲਿਆ ਸੀ।

101 . ਉਹ ਥਾਂ ਜਿੱਥੇ ਰਹਿਣ ਦਾ ਸੁਪਨਾਂ ਅਜੇ ਤੱਕ ਪੂਰਾ ਨਹੀਂ ਹੋਇਆ?
– ਕੋਲਕਾਤਾ (ਪੱਛਮੀ ਬੰਗਾਲ) ਮੈਂ ਏਥੋਂ ਦੀ ਬਗਾਵਤੀ ਸੁਭਾਅ ਦੀ ਸੰਸਕ੍ਰਿਤੀ ਨੂੰ ਨੇੜਿਉਂ ਵੇਖਣਾ ਚਾਹੁੰਦਾ ਹਾਂ। 

***

About the author

ਦਰਸ਼ਨ ਦਰਵੇਸ਼
ਦਰਸ਼ਨ ਦਰਵੇਸ਼
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ