25 April 2024

ਰੂਪ ਸਿੱਧੂ ਦੇ ਗ਼ਜ਼ਲ ਸੰਗ੍ਰਹਿ ‘ਅਹਿਸਾਸ’ ਦੇ ਸੰਦਰਭ ਵਿਚ—✍️ਡਾ. ਸਰਵਣ ਸਿੰਘ ਮਾਨ

ਪਰਵਾਸ ਵਿਚ ਲਿਖਿਆ ਜਾ ਰਿਹਾ ਪੰਜਾਬੀ ਸਾਹਿਤ ਗਿਣਾਤਮਿਕ ਅਤੇ ਗੁਣਾਤਮਿਕ ਪੱਖੋਂ ਵਿਸ਼ੇਸ਼ ਧਿਆਨ ਖਿੱਚਦਾ ਹੈ। ਪਰਵਾਸ ਆਦਿ ਕਾਲੀ ਮਨੁੱਖ ਦੀ ਹੋਣੀ ਸੀ ਪਰ ਆਧੁਨਿਕ ਪਰਵਾਸ ਵੱਖਰੀ ਕਿਸਮ ਦਾ ਹੈ।

‘ਪਰਵਾਸੀ’ ਸ਼ਬਦ ਦੇ ਸਮਾਨਾਰਥਕ ਸ਼ਬਦ immigrant ਇਹ ਸ਼ਬਦ ਉਹਨਾਂ ਲੋਕਾਂ ਲਈ ਹੈ ਜੋ ਕਿਸੇ ਦੇਸ਼ ਵਿਚ ਪ੍ਰਵੇਸ਼ ਕਰਦੇ ਹਨ। ‘ਪਰ’ ਤੋਂ ਭਾਵ ਹੈ ਦੂਜਾ ਤੇ ਪਰਾਇਆ ਅਤੇ ‘ਵਾਸੀ’ ਸ਼ਬਦ ਤੋਂ ਭਾਵ ਹੈ ਕਿਸੇ ਥਾਂ ਦਾ ਵਸਨੀਕ। ਮੱਤਲਬ ਕਿ ‘ਪਰਵਾਸੀ’ ਉਹ ਹੈ ਜਿਸ ਦਾ ਮੂਲ ਵਿਰਸਾ ਕੁਝ ਹੋਰ ਹੋਵੇ, ਪਰ ਰੋਜ਼ੀ ਰੋਟੀ ਕਮਾਉਣ ਲਈ ਜਾਂ ਵਧੇਰੇ ਸੁਖਦਾਇਕ ਸੁਵਿਧਾ ਤੇ ਜ਼ਿੰਦਗੀ ਜਿਊਣ ਦੇ ਮਨੋਰਥ ਹਿੱਤ ਪਰਾਈ ਧਰਤੀ ‘ਤੇ ਆ ਵਸਿਆ ਹੋਵੇ। ਪਰ ਸਥਿਤੀ ਦਾ ਵਿਅੰਗ ਇਹ ਹੈ ਕਿ ਪਰਵਾਸ ਵਿਚ ਇਕ ਪੰਜਾਬੀ ਮਨੁੱਖ ਤੰਗੀਆਂ ਤੁਰਸ਼ੀਆਂ ਥੁੜ੍ਹਾਂ ਤੋਂ ਅੱਕ ਥੱਕ ਕੇ ਵਿਦੇਸ਼ ਆਉਂਦਾ ਹੈ ਤੇ ਉਥੇ ਵੀ ਉਸ ਨੂੰ ਫ਼ਿਕਰਾਂ ਅਤੇ ਡਾਇਸਪੋਰਕ ਸਥਿਤੀਆਂ ਦੇ ਦੁਖਾਂਤ ਨੂੰ ਮਿਲਵੇ ਰੂਪ ਵਿਚ ਝਲੱਣਾ ਪੈਂਦਾ ਹੈ। ਓਸ ਸਾਰੇ ਕੁਛ ਨੂੰ ਆਪਣੇ ਅੰਦਰ ਸਮੋਈ ਰੱਖਦਾ ਹੈ।

ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਵਿਚੋਂ ਇਕ ਮੁੱਖ ਪ੍ਰਵਿਰਤੀ ਹੈ ਕਿ ਉਹ ਕਲਾ ਰਾਹੀਂ ਆਪਣੇ ਸਵੈ ਦੀ ਸਿਰਜਣਾ ਅਤੇ ਪੁਨਰ ਨਿਰਮਾਣ ਕਰਦਾ ਹੈ। ਉਹ ਆਪਣੇ ਅਨੁਭਵ ਵਿਚੋਂ ਉਹਨਾਂ ਸੁਹਜਾਤਮਕ ਵਸਤਾਂ ਦੀ ਪੁਨਰ ਸਿਰਜਣਾ ਕਰਦਾ ਰਹਿੰਦਾ ਹੈ, ਆਪਣੇ ਅੰਦਰ ਸਮੋਈ ਬੈਠੀ ਅਜਿਹੀ ਚੇਤਨਾ ਨੂੰ ਜਗਾ ਦਿੰਦਾ ਹੈ, ਜੋ ਉਸ ਦੀ ਚੇਤਨਾ ਦਾ ਹੀ ਪਾਸਾਰ ਹੁੰਦੀਆਂ ਹਨ। ਚੇਤਨਾ ਦੇ ਸ਼ਾਬਦਿਕ ਅਰਥ ਬੁੱਧੀ,ਹੋਸ਼, ਧਿਆਨ, ਵਿਚਾਰ, ਸਮਝਣਾ ਆਦਿ।

ਇਸ ਰਚਨਾ ਵਿਚ ਰੂਪ ਸਿੱਧੂ ਨੇ ਕਿਸੇ ਇੱਕ ਮਨੁੱਖ ਦੀ ਕਹਾਣੀ ਨਹੀਂ ਸਗੋਂ ਹਰ ਇਕ ਮਨੁੱਖ ਦੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੱਖ ਨੂੰ ਲੈ ਕੇ ਆਪਣੇ ਕਾਵਿਕ ਬਿਰਤਾਂਤ ‘ਚ ਸਿਰਜਣ ਦੀ ਕੋਸ਼ਿਸ਼ ਕੀਤੀ ਹੈ।

ਅਸਲ ਵਿਚ ‘ਵਿਸੇਸ਼ ‘ ਮਨੁੱਖ ਦੀ ਥਾਂ ‘ਆਮ ਮਨੁੱਖ’ ਦੇ ਖਿਆਲਾਂ ਨੂੰ ਜ਼ੁਬਾਨ ਦੇਣ ਦੀ ਵਸ਼ਿਸ਼ਟ ( canoinical) ਸਾਹਿਤ ਦਾ ਨਹੀਂ ਸਗੋਂ ਲੋਕ ਸਾਹਿਤ ਦਾ ਗੁਣ ਹੈ। ਅੱਜ ਦੇ ਸੰਦਰਭ ਵਿਚ ਅਸੀਂ ਇਸ ਨੂੰ ਲੋਕ ਮਨ ਦਾ ਸਾਹਿਤ ਵੀ ਕਹਿ ਸਕਦੇ ਹਾਂ। ਇਹ ਸਾਹਿਤ ਆਮ ਵਿਅਕਤੀ ਨੂੰ ਵਿਸ਼ੇਸ਼ ਬਣਾਉਣ ਦੀ ਥਾਂ ਉਸਦੇ ਸਰਬ-ਸਾਂਝੇ ਚਰਿੱਤਰ ਨੂੰ ਰੂਪਮਾਨ ਕਰਦਾ ਹੈ। ਲੋਕ ਸਾਹਿਤ ਦਾ ਗੁਣ ਰੱਖਣ ਵਾਲੀਆਂ ਸਾਹਿਤਕ ਕਿਰਤਾਂ ਦੀ ਇਹ ਹੀ ਵਿਸ਼ੇਸ਼ਤਾ ਹੁੰਦੀ ਹੈ ਕਿ ਇਸ ਵਿਚ ਕਦੇ ਵੀ ਕਾਵਿ ਭਾਸ਼ਾ ਵਿਧਾ, ਪ੍ਰਤੀਕ-ਪ੍ਰਬੰਧ ਅਤੇ ਛੰਦ ਵਿਧਾਨ ਦੀ ਮੁਹਾਰਤ ਦਿਖਾਈ ਨਹੀਂ ਦਿੰਦੀ। ਇਸ ਦੇ ਉਲਟ ਇਸ ਦੀ ਸਾਰਥਿਕਤਾ ਤਾਂ ਸਾਰਿਆਂ ਦੇ ਮਨਾਂ ਵਿਚ ਵਸਦੀ ਗੱਲ ਨੂੰ ਆਮ-ਭਾਸ਼ਾ ਵਿਚ ਸਾਰਿਆਂ ਦੇ ਸਾਹਮਣੇ ਰੱਖਣਾ ਹੁੰਦਾ ਹੈ। ਇਸ ਦੀ ਚਮਕ ਨਹੀਂ ਹੁੰਦੀ ਸਗੋਂ ਖਿਆਲਾਂ ਤੇ ਕਥਾ ਦੀ ਗਹਿਰਾਈ ਅਤੇ ਪ੍ਰਸੰਗਕਿਤਾ ਹੁੰਦੀ ਹੈ। ਇਸੇ ਕਰਕੇ ਰੂਪ ਸਿੱਧੂ ਦੀ ਇਸ ਰਚਨਾਕਾਰੀ ਨੂੰ ਸੌਂਦਰਯ ਤੇ ਭਾਸ਼ਾਈ ਵਿਉਂਤ ਤੋਂ ਵੱਧ ਭਾਵ-ਸੌਂਦਰਯ ਅਤੇ ਸਮਕਾਲੀ ਪ੍ਰਸੰਗਕਿਤਾ ਦੇ ਨਜ਼ਰੀਏ ਤੋਂ ਸਮਝਣਾ ਵਧੇਰੇ ਜ਼ਰੂਰੀ ਹੈ।

ਰੂਪ ਸਿੱਧੂ ਨੇ ਆਪਣੀ ਰਚਨਕਾਰੀ ਵਿਚ ਪ੍ਰਵਾਸੀਆਂ ਦੇ ਜੀਵਨ ਦੀਆਂ ਕਠਿਨਾਈਆਂ ਦੇ ਨਾਲ ਨਾਲ ਆਪਣੇ ਦੇਸ਼ ਦੀ ਨਿਘਰਦੀ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਵਿਵਸਥਾ ਤੇ ਅਗਿਆਨਤਾ ਦੇ ਘੇਰੇ ਵਿਚ ਘਿਰੇ ਦੇਸ਼ਵਾਸੀਆਂ ਦੀ ਸਥਿਤੀ ਨੂੰ ਵੀ ਰੂਪਮਾਨ ਕੀਤਾ ਹੈ। ਉਸਨੇ ਅਜਿਹੇ ਸੰਵੇਦਨਸ਼ੀਲ ਮੁੱਦੇ ਸਾਹਮਣੇ ਲਿਅਾਂਦੇ ਹਨ ਜੋ ਯਥਾਰਥ ਦੀਆਂ ਡੂੰਘੀਆਂ ਪਰਤਾਂ ਨੂੰ ਫ਼ਰੋਲਦਿਅਾਂ ਹੋਇਆ ਇਸ ਦੀਆਂ ਤਹਿਆਂ ਨੂੰ ਕਾਵਿਕ ਰੂਪ ‘ਚ ਚਿਤਰਨ ਦੀ ਸਮਰੱਥਾ ਰੱਖਦੇ ਹਨ ਅਤੇ ਇਸ ਵਿਚ ਤਤਕਾਲੀ ਤੇ ਸਮਕਾਲੀ ਮਸਲੇ ਤੇ ਸੰਕਲਪ ਨੂੰ ਜਿਵੇਂ; ਹੇਰਵਾ, ਭੂਹੇਰਵਾ, ਨਸਲਵਾਦ, ਪੀੜ੍ਹੀ ਦਾ ਪਾੜਾ ਅਤੇ ਅਜਨਬੀਅਤ ਜਾਤੀਗਤ ਵਿਤਕਰੇ ਆਦਿ ਪੇਸ਼ ਕੀਤੇ ਹਨ।

ਜਿਸ ਦੌਰ ਵਿਚੋਂ ਅਸੀਂ ਗੁਜ਼ਰ ਰਹੇ ਹਾਂ, ਇਸ ਨੂੰ ਕੲੀ ਦ੍ਰਿਸ਼ਟੀਆਂ ਤੋਂ ਪਰਿਭਾਸ਼ਤ ਕੀਤਾ ਜਾ ਰਿਹਾ ਹੈ। ਪੁਰਾਣੀਆਂ ਸਮਾਜਿਕ-ਆਰਥਿਕ ਸਰੰਚਨਾਵਾਂ ਦੇ ਨਾਲ ਨਾਲ ਸਭਿਆਚਾਰਕ ਮੁੱਲ-ਵਿਧਾਨ, ਦਾਰਸ਼ਨਿਕ ਮਾਨਤਾਵਾਂ, ਵਿਸ਼ਵਾਸਾਂ, ਨੈਤਿਕਤਾ ਅਤੇ ਸੁਹਜ-ਸੁਆਦ ਦਾ ਵੀ ‘ਅੰਤ’ ਹੋਇਆ ਹੈ।

ਪਰ ਪਾਰ-ਰਾਸ਼ਟਰੀ ਜਾਂ ਪਾਰ-ਦੇਸੀ ਸਭਿਆਚਾਰਕ ਆਦਾਨ ਪ੍ਰਦਾਨ ਵਧਿਆ ਹੈ-ਕੌਮ, ਰੰਗ, ਨਸਲ, ਭਾਸ਼ਾ, ਖੇਤਰ ਆਦਿ ਦੀਆਂ ਦੂਰੀਆਂ ਘਟੀਆਂ ਹਨ। ਸਮਾਜਿਕ ਸਰੰਚਨਾਵਾਂ ਅਤੇ ਮਨੁੱਖ ਦਾ ਵਿਵਹਾਰ ਵਧੇਰੇ ਜਟਿਲ ਅਤੇ ਬੁਹਪਰਤੀ ਹੋ ਗੲੇ ਹਨ। ਸਮਾਜ ਤੇ ਮਨੁੱਖ ਨੂੰ ਸਮਝਣ ਵਾਲੇ ਗਿਆਨ-ਅਨੁਸਾਸ਼ਨਾਂ ਵਿਚ ਵੀ ਰੋਲ-ਘਚੋਲਾ ਵਧਿਆ ਹੈ।

ਸਿਆਸੀ ਤੇ ਹੋਰ ਕਈ ਇਤਿਹਾਸਕ ਕਾਰਣਾਂ ਕਰਕੇ ਪੰਜਾਬ ਪਿਛਲੀ ਅੱਧੀ ਸਦੀ ਵਿਚ ਵੰਡਾਂ ਤੇ ਬਟਵਾਰਿਆਂ ਦਾ ਸਰਾਪ ਭੋਗਦਾ ਰਿਹਾ ਹੈ, ਪਰ ਪੰਜਾਬੀ ਭਾਈਚਾਰਾ ਵਿਸ਼ਵ ਦੇ ਵਿਭਿੰਨ ਖਿਤਿਆਂ/ਦੀਪਾਂ/ਉਪ-ਮਹਾਦੀਪਾਂ ਵਿਚ ਫੈਲਦਾ ਰਿਹਾ। ਹਰ ਥਾਂ ਅਡਜਸਟ ਕਰ ਸਕਣ ਦੀ ਬਿਰਤੀ ਕਰਕੇ ਪੰਜਾਬੀ ਮਨੁੱਖ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਚਣੌਤੀਆਂ/ਵੰਗਾਰਾਂ ਨਾਲ ਦਸਤਪੰਜਾ ਲੈਂਦੇ ਪੰਜਾਬੀ ਮਨੁੱਖ ਨੇ ਉਦਾਸੀਨਤਾ ਵਾਲਾ ਰਵੱਈਆ ਨਹੀਂ ਅਪਣਾਇਆ ਸਗੋਂ ਇਨ੍ਹਾਂ ਦੇ ਪ੍ਰਤਿ-ਉੱਤਰ ਵਜੋਂ ਬਦਲਵੇਂ-ਪ੍ਰਬੰਧ ਜਾਂ ਪ੍ਰਪੰਚ ਸਿਰਜੇ ਹਨ। ਦੂਜੇ ਮੁਲਕਾਂ, ਕੌਮਾਂ ਤੇ ਨਸਲਾਂ ਨਾਲ ਆਦਾਨ-ਪ੍ਰਦਾਨ ਨੇ ਪੰਜਾਬੀ ਮਨੁੱਖ ਦੀ ਮਾਨਸਿਕਤਾ, ਵਿਚਾਰਧਾਰਾਵਾਂ ਅਤੇ ਵਿਸ਼ਵਾਸਾਂ ਨੂੰ ਨਵੇਂ ਧਰਾਤਲ ਪ੍ਰਦਾਨ ਕੀਤੇ ਹਨ। ਨਤੀਜੇ ਵਜੋਂ ਪੰਜਾਬੀ ਭਾਈਚਾਰਾ ਵਿਸ਼ਵ ਪੱਧਰ ‘ਤੇ ਪੈਦਾ ਹੋ ਰਹੇ ਨਵੇਂ ਗਿਆਨ, ਸਭਿਆਚਾਰਕ ਮੁੱਲ-ਪ੍ਰਬੰਧ, ਵਿਸ਼ਵਾਸਾਂ, ਨੈਤਿਕਤਾ, ਸੁਹਜ ਸੁਆਦ ਆਦਿ ਨਾਲ ਇਕਸੁਰ ਹੋਇਆ ਹੈ। ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ/ਬਚਾਉਣ ਲਈ ਯਤਨਸ਼ੀਲ ‘ਰੂਪ ਸਿੱਧੂ’ ਇਕ ਨਵਾਂ ਨਾਮ ਹੈ ਤੇ ਸਜਰਾ ਲੇਖਕ ਹੈ।

ਭੂਗੋਲਿਕ ਤੌਰ ‘ਤੇ ਪੰਜਾਬ ਤੋਂ ਬਾਹਰ ਪਰਾ ਪੰਜਾਬੀ ਮੁਹਾਜ਼ ਦਾ ਵਾਹ ਵਾਸਤਾ ਪੰਜਾਬ ਦੀਆਂ ਕੁਦਰਤੀ ਹੱਦਾਂ ਤੋਂ ਪਰਾ ਦੀ ਧਰਤੀ ਨਾਲ ਜਾ ਜੁੜਦਾ ਹੈ। ਪੰਜਾਬੀ ਮਨੁੱਖ ਵਿਦੇਸ਼ਾਂ ਵਿਚ ਜਾਇਜ਼ ਨਾਜਾਇਜ਼ ਢੰਗ ਨਾਲ ਨਿਵਾਸ ਕਰਨ ਦਾ ਚਾਹਵਾਨ ਹੁੰਦਾ ਹੈ। ਉਨ੍ਹਾਂ ਦੀ ਕੁੱਲ ਆਸ, ਉਮੰਗ, ਸੁਪਨਾ ਤੇ ਸੁੱਖ ਪ੍ਰਵਾਸ ਦੇ ਹੀ ਸੁਪਰਦ ਹੋ ਗਿਆ ਲਗਦਾ ਹੈ। ਕੲੀ ਵਾਰ ਸੰਕਟਕਾਲੀਨ ਮੋੜਾਂ ਤੇ ਸ਼ੋਸ਼ਣ ਤੇ ਸਜ਼ਾ ਵਰਗੀ ਸਥਿਤੀ ਵੀ ਉਭਰ ਆਉਂਦੀ ਹੈ ਜਿਸ ਦਾ ਦੁਰਪ੍ਰਭਾਵ ਪੰਜਾਬੀ ਪ੍ਰਵਾਸੀ ਨੂੰ ਵੀ ਭੋਗਣਾ ਪੈਂਦਾ ਹੈ। ਇਸਦੀ ਪ੍ਰਤੀਕਿਰਿਆ ਵਜੋਂ ਪੰਜਾਬ ਦੇ ਜੰਮਪਲ ਜੋ ਇਸ ਦੀਆਂ ਹੱਦਾਂ ਤੋਂ ਪਾਰ ਵਸਦੇ ਹਨ। ਮਾਂ ਬੋਲੀ ਪੰਜਾਬੀ ਤੇ ਸਭਿਆਚਾਰਕ ਵਿਸ਼ੇਸ਼ਤਾ ਦਾ ਵਾਸਤਾ ਪਾਉਣ/ਪਹਿਰਾ ਦੇਣ ਦੀ ਥਾਂ ਉਨ੍ਹਾਂ ਨੂੰ ਵਿਸ਼ਵੀਕਰਣ/ਨਿਜੀਕਰਣ ਤੇ ਉਦਾਰੀਕਰਣ ਵਿਚ ਖੁਰ ਕੇ ਹੀ ਆਤਮ ਵਿਰੇਚਨ ਦੇ ਯੋਗ ਹੋਣਾ ਪੈਂਦਾ ਹੈ। ਉਹ ਸਾਹਿਤ ਸਿਰਜਣਾ ਕਿਸੇ ਮਿੱਥ, ਮਾਣ-ਮਰਿਆਦਾ, ਤਲਿਸਮੀ ਅਹਿਸਾਸ ਨੂੰ ਆਦਿ-ਬਿੰਦੂ ਜਾਣ ਕੇ ਇਸ ਸਾਹਿਤ ਸਿਰਜਣਾ ਨੂੰ ਬੇਪਰਦਗੀ ਦੀ ਥਾਂ ਜਿਵੇਂ ਬਾਪਰਦਗੀ ਨਾਲ ਜੁੜਨਾ ਪੈਂਦਾ ਹੈ, ਉਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

ਰੂਪ ਸਿੱਧੂ ਦੀ ਸਾਹਿਤ ਸਿਰਜਣਾ ਨਵੇਂ ਪੁਰਾਣੇ ਮਰਹਲਿਆਂ ਨੂੰ ਆਵਾਜ਼ ਦਿੰਦੀ ਲਗਦੀ ਹੈ। ਸਾਡੀ ਪਹੁੰਚ ਨਿਗਮਨੀ (deductive) ਦੀ ਥਾਂ ਆਗਮਨੀ (inductive) ਹੋਣੀ ਚਾਹੀਦੀ ਹੈ ਇਹ ਪੰਹੁਚ ਕਿਸੇ ਵਿਧਾ ਸੰਬੰਧੀ ਪੂਰਵ ਮਨੌਤਾਂ ਨੂੰ ਜਿਉਂ ਦਾ ਤਿਉਂ ਸਵੀਕਾਰ ਨਹੀਂ ਕਰਦੀ ਅਤੇ ਪੂਰਵ ਨਿਸ਼ਚਿਤ ਨਿਯਮਾਂ ਦੇ ਆਧਾਰ ਤੇ ਵਿਧਾਵਾਂ ਦੇ ਨਿਖੇੜੇ ਤੋਂ ਵੀ ਪਾਸਾ ਵੱਟਦੀ ਹੈ।

‘ਅਹਿਸਾਸ’ ਰੂਪ ਸਿੱਧੂ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ। ਮੇਰਾ ਸਾਹਿਤਕ ਖੇਤਰ ਨਾਵਲ ਹੈ  ਗ਼ਜ਼ਲ ਬਾਰੇ ਮੈਨੂੰ ੲੇਨਾ ਬਹੁਤਾ ਗਿਆਨ ਨਹੀਂ ਹੈ ਪਰ ਪੁਸਤਕ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ: ਰੂਪ ਸਿੱਧੂ ਨੇ ਦ੍ਰਿਰੜ ਇਰਾਦੇ, ਸ਼ਕਤੀਸ਼ਾਲੀ, ਬੇਪਰਵਾਹ, ਬੇਦਰਦ, ਅੰਨਤਕਾਲ ਦਾ ਸਫ਼ਰ ਕਰਦਿਆਂ, ਦੁਨੀਆਂ ਨਾਮੀ ਭੀੜ ਵਿੱਚ ਰਿਸ਼ਤਿਆਂ ਦੀ ਉਂਗਲ ਫੜ ਕੇ ਤੁਰਨਾ ਸ਼ੁਰੂ ਕੀਤਾ ਤੇ ਵਹਿ ਰਹੇ ਸਮੇਂ ਦੇ ਇੱਕ ਕਣ ਜੋ ਵੇਲੇ ਦੇ ਯਥਾਰਥ ਵਿਚੋਂ ਉਪਜਿਆ, ਜਿਵੇਂ ਇੱਕ ਰਮਣੀਕ ਹਵਾ ਦਾ ਬੁੱਲਾ ਰਾਹ ਭੁੱਲ ਇਨਸਾਨੀ ਰੂਪ ਧਾਰ ਧਰਤੀ ‘ਤੇ ਅਟਕ ਗਿਆ ਹੋਵੇ। ਉਹ ਕਦੇ ਪੱਤਿਆਂ ਦੀ ਗੱਲ ਕਰਦਾ, ਕਦੇ ਟਾਹਣੀਆਂ ਦੀ ਗੱਲ ਕਰਦਾ, ਹਾਣੀਆਂ ਦੀ ਢਾਣੀ ਦੀ ਗੱਲ ਕਰਦੇ ਹੋਏ ਝੱਖੜਾਂ ਸੰਗ ਝੁੱਲਣ, ਆਪਣੇ ਵਜੂਦ ਦਾ ਤੀਲਾ ਤੀਲਾ ਤੋੜ ਨਵਾਂ ਵਜੂਦ ਬਣਾਉਣ ਲਈ ਤੜਪਦਾ ਹੈ। ਜਿਵੇਂ ਇਹ ਲਿਖਤ ਜੋ ਮਹਿਸੂਸ ਹੁੰਦਾ ਦੂਸਰਿਆਂ ਦੇ ਦਰਦ ਦੇ ਅਹਿਸਾਸ ‘ਚੋਂ ਪੁੰਗਰੀ ਹੈ।

ਗ਼ਜ਼ਲ (ਅਰਬੀ/ਫ਼ਾਰਸੀ/ਉਰਦੂ: غزل‎) ਮੂਲ ਤੌਰ ‘ਤੇ ਅਰਬੀ ਸ਼ਾਇਰੀ ਦੀ ਇੱਕ ਵਿਧਾ ਹੈ। ਬਾਅਦ ਵਿੱਚ ਇਹ ਇਰਾਨ ਤੋਂ ਹੁੰਦੀ ਹੋਈ ਭਾਰਤ ਪਹੁੰਚੀ ਅਤੇ ਫ਼ਾਰਸੀ ਅਤੇ ਉਰਦੂ ਸ਼ਾਇਰੀ ਵਿੱਚ ਰਚਮਿਚ ਗਈ। ਇਸ ਕਾਵਿ-ਵਿਧਾ ਵਿੱਚ ‘ਅਰੂਜ਼’ ਦੇ ਨਿਯਮਾਂ ਦੀ ਬੰਦਸ਼ ਨੇ ਇਸ ਨੂੰ ਸੰਗੀਤ ਨਾਲ ਇੱਕਸੁਰ ਕਰ ਦਿੱਤਾ। ਇਸ ਲਈ ਇਹ ਗਾਇਕੀ ਦੇ ਖੇਤਰ ਵਿੱਚ ਸੁਹਜਾਤਮਕ ਬੁਲੰਦੀਆਂ ਛੂਹ ਗਈ। ਚੌਧਵੀਂ ਸਦੀ ਦੇ ਫ਼ਾਰਸੀ ਸ਼ਾਇਰ ਹਾਫਿਜ਼ ਸ਼ਿਰਾਜ਼ੀ ਦੀ ਕਾਵਿਕ ਜਾਦੂਗਰੀ ਨੇ ਯੂਰਪ ਵਿੱਚ ਮਹਾਨ ਜਰਮਨ ਕਵੀ ਗੇਟੇ ਅਤੇ ਸਪੇਨੀ ਕਵੀ ਲੋਰਕਾ ਤੱਕ ਨੂੰ ਇਸ ਵਿਧਾ ਵਿੱਚ ਸ਼ਾਇਰੀ ਕਰਨ ਲਈ ਪ੍ਰੇਰ ਲਿਆ।

ਗ਼ਜ਼ਲ ਇਕ ਬਹੁਤ ਜੀਵੰਤ ਕਾਵਿ ਰੂਪ ਹੈ। ਇਸ ਵਿਚ ਪਿੰਗਲ ਅਤੇ ਅਰੂਜ਼ ਦੀਆਂ ਮਾਤਰਿਕ ਪਾਬੰਦੀਆਂ ਨੂੰ ਨਿਭਾਉਣਾ ਪੈਂਦਾ ਹੈ ਅਤੇ ਮਨੁੱਖ ਦੇ ਸੂਖਮ ਅਹਿਸਾਸਾਂ ਦੀ ਸੰਖੇਪ ਰੂਪ ਵਿਚ ਪੇਸ਼ਕਾਰੀ ਕਰਨੀ ਪੈਂਦੀ ਹੈ। ਕੇਵਲ ਬਹਿਰ ਅਤੇ ਵਜ਼ਨ ਨਾਲ ਗ਼ਜ਼ਲ ਨਹੀਂ ਲਿਖੀ ਜਾਂਦੀ।

ਜੀਵਨ ਅੱਗੇ ਤੁਰਦਾ ਹੈ ਪਰ ਇਸਦਾ ਅਨੁਭਵ ਪਿਛੱਲਖੁਰਾ ਹੈ। ਸਮਾਂ ਭੂਤ ਬਣ ਬੰਦੇ ਦੇ ਅੰਦਰ ਸਿਮਰਤੀਆਂ ਦੇ ਰੂਪ ‘ਚ ਜਿਉਂਦੈ।

“ਫ਼ਰਾਂਸਿਸੀ ਸਾਹਿਤਕਾਰ ਮਾਰਸਲ ਪਰਾਉਸਟ ਆਪਣੇ ਨਾਵਲ ‘ਰਿਮੈਂਬਰੈਂਸ ਆਫ਼ ਥਿੰਗਜ਼ ਪਾਸਟ’ ‘ਚ ਕਹਿੰਦਾ ਹੈ ਕਿ ਸਿਮਰਤੀ ਸਿਰਫ਼ ਭੂਤ ਦੇ ਪ੍ਰਭਾਵਾਂ ਨੂੰ ਯਾਦ ਕਰਨਾ ਹੀ ਨਹੀਂ ਬਲਕਿ ਭੂਤ ‘ਚ ਜਾ ਕੇ ਸੁੰਦਰਤਾ ਅਤੇ ਸੁਹਜ ਦੇ ਕਾਲਪਨਿਕ ਜਗਤ ਨੂੰ ਅਨੁਭਵ ਕਰਨ ਦੀ ਅੰਤਰਦ੍ਰਿਸ਼ਟੀ ਹੈ। ਇਸੇ ਗੱਲ ਦੀ ਤਸ਼ਰੀਹ ਨੋਬਲ ਪੁਰਸਕਾਰ ਵਿਜੇਤਾ ਨਾਵਲਕਾਰ ਗੈਬਰੀਅਲ ਗਾਰਸ਼ੀਆ ਮਾਰਕੁਏਜ਼ ਵੀ ਆਪਣੀ ਕਿਤਾਬ ‘ਇਨ ਮੈਮੋਆਇਰਜ਼’ ‘ਚ ਕਰਦਾ ਹੈ ਕਿ ਜੀਵਨ ਉਹ ਨਹੀਂ ਜੋ ਜੀਵਿਆ ਹੁੰਦੈ ਬਲਕਿ ਉਹ ਹੈ ਜੋ ਸਾਡੀਆਂ ਸਿਮਰਤੀਆਂ ‘ਚ ਪਿਆ ਹੁੰਦੈ। ਸਿਮਰਤੀਆਂ ਆਤਮਾ ਦੀ ਆਵਾਜ਼ ਹਨ। ਲੁਡਵਿੰਗ ਵਿਟਜਨਸਟੀਨ ਲਿਖਦਾ ਹੈ ਕਿ ਹਰ ਮਨੁੱਖ ਦਾ ਆਪਣਾ ਅੰਦਰੂਨ ਹੁੰਦੈ ਅਤੇ ਇਹ ਦੋ ਤਰ੍ਹਾਂ ਦਾ ਹੁੰਦਾ: ’ਸਭਾਵਿਕ ਜੀਵਨ ਅਨੁਭੂਤੀਆਂ ਨਾਲ ਭਰਿਆ ਤੇ ਦੂਜਾ ਉਨ੍ਹਾਂ ਦਾ ਸਿਰਜਣਾਤਮਕ ਪ੍ਰਗਟਾਵਾ।’ ਸਿਮਰਤੀਆਂ ਅਨੁਭੂਤੀਆਂ ਦਾ ਪ੍ਰਗਟਾਵੀ ਕੋਸ਼ ਹੁੰਦੀਆਂ ਹਨ।

ਬ੍ਰਾਜ਼ੀਲੀ ਨਾਵਲਕਾਰ ਪਾਅਲੋ ਕੈਲਓ ਕਹਿੰਦਾ ਹੈ ਕਿ ਉਸਨੂੰ ਆਪਣੀ ਆਤਮਾ ਦੇ ਜ਼ਖਮਾਂ ‘ਤੇ ਮਾਣ ਹੈ ਜੋ ‘ਮੈਨੂੰ ਯਾਦ ਦਿਵਾਉਂਦੇ ਨੇ ਕਿ ਮੈਂ ਕਿੰਨੀ ਤੀਬਰ ਜ਼ਿੰਦਗੀ ਜੀਵੀ ਹੈ।’  ਕੲੀ ਵਾਰ ਚੰਗੀਆਂ ਸਿਮਰਤੀਆਂ ਅਹੰਕਾਰ ਦੇ ਜਾਂਦੀਆਂ ਨੇ ਤੇ ਬੁਰੀਆਂ ਉਦਾਸ ਕਰ ਜਾਂਦੀਆਂ ਨੇ। (ਮਨਮੋਹਨ, ਸ਼ਬਦ, ਜਨਵਰੀ ਫਰਵਰੀ,2021,ਪੰ-52 )

ਵਰਤਮਾਨ ਤੇ ਅਤੀਤ ਵਿਚਾਲੇ ਸੰਵਾਦ ਤਾਂ ਹੀ ਸੰਭਵ ਹੈ ਜਦੋਂ ਪਹਿਲਾਂ ਗਏ ਲਈ ਇਹ ਮੰਨਿਆ ਜਾਵੇ ਕਿ ਵਰਤਮਾਨ ‘ਚ ਸੱਭ ਕੁੱਝ ਚੰਗਾ ਨਹੀਂ ਅਤੇ ਅਤੀਤ ‘ਚ ਸਾਰਾ ਕੁਝ ਕੂੜਾ ਨਹੀਂ।

ਸਿੱਧੂ ਸਾਹਿਬ, ਆਪਣੇ ਨਿੱਜੀ ਅਹਿਸਾਸ ਵਿਚ ਲਿਖਦੇ ਹਨ ਕਿ 40 ਸਾਲ ਪਹਿਲਾਂ ਜਦ ਰੁਝਾਨ ਕਾਵਿ ਰਚਨਾ ਵੱਲ ਹੋਇਆ ਤਾਂ ਆਲੇ -ਦੁਆਲੇ ਪੰਜਾਬੀ ਪਿੰਗਲ ਦਾ ਗਿਆਨ ਹਾਸਿਲ ਕਰਨ ਦੀ ਸੁਵਿਧਾ ਸੀ ਤੇ 1976 ਤੋਂ ਹੌਲੀ ਹੌਲੀ ਪੰਜਾਬੀ ਪਿੰਗਲ ਸਿੱਖਣ ਅਤੇ ਸਮਝਣ ਵਲ ਰੁਚੀ ਬਣ ਗੲੀ। 40 ਸਾਲ ਤਾਂ ਸਿੱਧੂ ਸਾਹਿਬ ਦੇ ਤਜਰਬੇ ਨਾਲ 50-60 ਸਾਲ ਪਿਓ ਦਾਦੇ ਦੇ ਨਾਲ ਸਾਂਝੇ ਕੀਤੇ ਤਜਰਬੇ ਤੇ ਪੰਜਾਬੀ ਮਨੁੱਖ ਦੇ ਜੀਣ-ਥੀਣ ਤੇ ਖੀਣ ਹੋਣ ਦੇ ਪ੍ਰਕਰਣ ਤੇ ਪੰਜਾਬੀ ਸੱਭਿਆਚਾਰਕ ਲੋਕ ਅਖਾਣਾਂ ਤੇ ਮੁਹਾਵਰਿਆਂ ਨੂੰ ਆਪਣੇ ਇਲਾਹੀ ਪੈਨ ਨਾਲ ੲੇਨੀ ਸੂਖ਼ਮ ਦ੍ਰਿਸ਼ਟੀ ਅਤੇ ਚਾਅ ਨਾਲ ਮਹੀਨਤਰ ਚੀਜ਼ਾਂ ਤੇ ਘਟਨਾਵਾਂ ਨੂੰ ਬਿਆਨ ਕੀਤਾ ਹੈ ਕਿ ਤੁਸੀਂ ਸ਼ਬਦਾਂ ਦੇ ਧੁਰ ਅੰਦਰ ਤੱਕ ਜਾਣ ਤੋਂ ਬਿਨਾਂ ਰਹਿ ਨਹੀਂ ਸਕਦੇ।

ਰੂਪ ਸਿੱਧੂ ਦੀ ਗ਼ਜ਼ਲ ਬਾਰੇ ਗੁਰਦਿਆਲ ਰੌਸ਼ਨ ਜੀ ਦੇ ਵਿਚਾਰ ਹਨ ਕਿ: ‘ਮੇਰੀ ਜਾਚੇ ਗ਼ਜ਼ਲ ਦੇ ਪੰਜਾਬੀਕਰਣ ਦਾ ਇਹ ਅਗਲਾ ਪੜਾਅ ਹੈ ਕਿਉਂਕਿ ਇਨ੍ਹਾਂ ਗ਼ਜ਼ਲਾਂ ਵਿਚ ਪੰਜਾਬੀ ਦੇ ਪਿੰਡ ਧੜਕਦੇ ਹਨ।’

ਇਕ ਰੂਸੀ ਕਹਾਵਤ ਹੈ,’ਕਵੀ ਸੰਸਾਰ ਦੀ ਰਚਨਾ ਤੋਂ ਸੌ ਸਾਲ ਪਹਿਲਾਂ ਜੰਮਿਆ ਸੀ ਜੋ ਆਪਣੇ ਸਮੇਂ ਤੋਂ ਪਹਿਲਾਂ ਦੀਆਂ ਕਥਾ-ਕਹਾਣੀਆਂ, ਯਾਦਾਂ-ਸਿਮਰਤੀਆਂ, ਹੌਕੇ-ਹਾਵਿਅਾਂ ਨੂੰ ਸਾਹਿਤ ਰਾਹੀਂ ਜੀਵਤ ਰੱਖਦਾ ਹੈ। ‘ਵੱਖ-ਵੱਖ ਸਾਹਿਤਕ ਵੰਨਗੀਆ ਕਿਸੇ ਖਾਸ ਭੂਗੋਲਿਕ ਖਿੱਤੇ ਦੇ, ਆਰਥਿਕ, ਸਮਾਜਿਕ, ਸੱਭਿਆਚਾਰਕ, ਧਾਰਮਿਕ, ਰਾਜਨੀਤਕ ਅਤੇ ਜਾਤੀਗਤ ਵਿਤਕਰੇ ਦੇ ਅੰਤਰਕਾਰਜ ਵਿਚੋਂ ਉਪਜਦੀਆਂ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਸਗਲੀ ਕਾਇਨਾਤ ਪਾਰਬ੍ਰਹਮ ਦੀ ਸ਼ਾਇਰੀ ਹੈ, ਕਾਦਰ ਦੀ ਕਵਿਤਾ ਹੈ। ਕਵੀ ਸੁਹਜ ਦਾ ਪੁਜਾਰੀ ਹੁੰਦਾ ਹੈ। ਅਸਲ ਵਿਚ ਕਵੀ ਸੁਹਜ ਦਾ ਹੀ ਦੂਸਰਾ ਨਾਂ ਹੈ। ਵਿਲਫ਼ਰੈਡ ਫ਼ੰਕ ਨੇ ਵੀ ਆਪਣੀ ਪੁਸਤਕ With regards Origins and Their Romantic Stories ਦੇ ਪ੍ਰਾਰੰਭ ਵਿਚ ਲਿਖਿਆ ਹੈ ਕਿ “Every word was once a poem; Each began as a picture; Our language began with metaphors.”

ਅਜੋਕੇ ਮਨੁੱਖ ਦੇ ਸੁਭਾਅ ਨੇ ਹੀ ਮਨੁੱਖ ਨੂੰ ਭਚਲਾ ਰੱਖਿਆ ਹੈ। ਮਨ ਅੰਦਰੋਂ ਪੁੰਗਰਦੀਆਂ ਰਹਿੰਦੀਆਂ ਵਿਰੋਧੀ ਪ੍ਰਸਿਥਤੀਆਂ ਦਾ ਡੰਗਿਆ ਮਨੁੱਖ ਟੱਪਲਿਆ ‘ਚ ਉਲਝਿਆ ਜੀਵਨ ਭੋਗ ਰਿਹਾ ਹੈ। ਸਿੱਧੂ ਸਾਹਿਬ ਦੀ ਰਚਨਾ ਸ਼ੈਲੀ ਦਾ ਵੱਡਾ ਤੇ ਮੀਰੀ ਗੁਣ ਹੈ ਕਿ ਉਹ ਇਕੋ ਸਮੇਂ ਆਪਣੀ ਲਿਖਤ ਵਿਚ ਕਈ ਘਟਨਾਵਾਂ, ਮਨੌਤਾਂ, ਦੁਸ਼ਵਾਰੀਆਂ ਦਾ ਜ਼ਿਕਰ ਕਰ ਜਾਂਦਾ ਹੈ। ਉਹ ਸਮਾਜਿਕ ਵਿਵਸਥਾ ਦੇ ਵਿਗਠਨ ਪ੍ਰਬੰਧ ਤੇ ਸਮਸਿਆਗ੍ਰਸਤ ਅਤੇ ਸੰਕਟਮਈ ਨਾਂਹਦਰੂ ਪਹਿਲੂਆਂ ਨੂੰ ਇਸ ਢੰਗ ਨਾਲ ਬਿਆਂ ਕਰਦਾ ਹੈ ਕਿ ਜਿਥੇ ਉਹ ਸਮਾਜ ਦੇ ਸ਼ੋਸ਼ਿਤ ਵਰਗ ਨਾਲ ਉਸ ਦੀ ਹਮਦਰਦੀ ਸੁਭਾਵਿਕ ਉਸਾਰੂ ਪੱਖਾਂ ਨੂੰ ਉਜਾਗਰ ਕਰਦਾ ਹੈ ਉਥੇ ਉਨ੍ਹਾਂ ਦੀਆਂ ਕਮੀਆਂ ਨੂੰ ਵੀ ਨਸ਼ਰ ਕਰਦਾ ਹੈ ਤੇ ਇਕ ਵੰਗਾਰ ਵਾਂਗਰ ਉਹਨਾਂ ਅੱਗੇ ਰੱਖਦਾ ਹੈ। ਆਪਣੀ ਹੋਂਦ ਨੂੰ ਬਚਾਉਣ/ਕਾਇਮ ਰੱਖਣ ਦਾ ਸਵਾਲ ਖੜ੍ਹਾ ਕਰਦਾ ਹੈ।

ਰੂਪ ਸਿੱਧੂ ਦੀ ਗ਼ਜ਼ਲ ਦੇ ਵਿਲੱਖਣ ਰੂਪ ਬਾਰੇ, ਅਮਰੀਕ ਗ਼ਾਫ਼ਿਲ ਲਿਖਦੇ ਨੇ ਇਸ ਸੰਗ੍ਰਹਿ ਵਿਚ ਜਿਥੇ ਸ਼ਾਇਰ ਨੇ ਬਹੁਤ ਹੀ ਆਸਾਨ ਸ਼ਬਦਾਵਲੀ ਵਰਤੀ ਹੈ ਉਥੇ ਖਿਆਲਾਂ ਦੀ ਵੰਨ-ਸੁਵੰਨਤਾ ਅਤੇ ਸਾਦਗੀ ਨਾਲ ਪੇਸ਼ ਕੀਤਾ ਹੈ; ਸ਼ਿਅਰਾਂ ਵਿਚ, ਸਰੋਕਾਰ, ਵਿਸ਼ਾ-ਵਸਤੂ, ਗ਼ਜ਼ਲੀਅਤ, ਸਿਅਰੀਅਤ ਤੇ ਗ਼ਜ਼ਲ ਦੇ ਗੁਣ,  ਜਿਵੇਂ ਨਫ਼ਾਸਤ, ਫੁਸਾਹਤ, ਜਿੱਦਤ, ਨੁਦਰਤ, ਬਲਾਗ਼ਤ, ਇਸਤਿਆਰਾ, ਤੇਵਰ, ਤਨਜ਼, ਸੋਖੀ, ਮੰਜ਼ਰ ਨਿਗਾਰੀ, ਖੂਬਸੂਰਤ ਬਿਆਨ ਢੰਗ ਆਦਿ ਵੀ ਹਨ ਜੋ ਬੜੀ ਆਸਾਨੀ ਨਾਲ ਦੇਖੇ ਤੇ ਪਰਖੇ ਜਾ ਸਕਦੇ ਹਨ। ਥਾਂ-ਪਰ-ਥਾਂ ਨਵੇਂ ਅਛੋਹੇ ਕਾਫੀਏ, ਰਦੀਫ਼ਾਂ, ਬਹਿਰਾਂ ਦੇ ਅੱਲਗ-ਅੱਲਗ ਨਿਭਾਅ। ਸ਼ਾਇਰ ਦੀ ਵਿਚਾਰਕ ਸਮਰੱਥਾ ਦੇ ਨਾਲ-ਨਾਲ ਸ਼ਾਇਰ ਦੀ ਗ਼ਜ਼ਲ ਦੀ ਬਣਤਰ ਅਤੇ ਅਰੂਜ਼ ਉੱਤੇ ਮੁੰਕਮਲ ਅਬੂਰ ਦੀ ਗਵਾਹੀ ਭਰਦੇ ਨੇ।’ ਪੰ-12

ਕੋਈ ਵਿਸ਼ੇਸ਼ ਸਾਹਿਤ ਰੂਪ ਸੰਬੰਧਿਤ ਸਮਾਜ ਦੀ ਚੇਤਨਾ ਦੀ ਸਿਰਜਣਾ ਹੋਣ ਕਰਕੇ ਦੂਸਰੇ  ਸਾਹਿਤ ਰੂਪਾਂ ਦੇ ਅਨਸਾਰੀ ਹੀ ਹੁੰਦਾ ਹੈ। ਪੰਜਾਬੀ ਗ਼ਜ਼ਲ ਦੇ ਸਰੋਕਾਰ ਵੀ ਪੰਜਾਬੀ ਸਾਹਿਤ ਅਤੇ ਵਿਸ਼ੇਸ਼ ਕਰਕੇ ਪੰਜਾਬੀ ਕਵਿਤਾ ਤੋਂ ਵੱਖਰੇ ਨਹੀਂ ਹਨ। ਮੁੱਢਲੇ ਸਮੇਂ ਵਿਚ ਉਰਦੂ ਦੀ ਗ਼ਜ਼ਲ’ ਅੌਰਤਾਂ ਨਾਲ ਮਹੱਬਤ ਦੀਆਂ ਗੱਲਾਂ’ ਅਤੇ ਰਾਜਾ ਸ਼੍ਰੇਣੀ ਦੇ ਸੁਹਜ-ਸੁਆਦਾਂ ਤੱਕ ਸੀਮਤ ਹੋ ਸਕਦੀ ਹੈ ਪਰ ਪੰਜਾਬੀ ਗ਼ਜ਼ਲ ਆਰੰਭ ਤੋਂ ਹੀ ਅਜਿਹੀ ਨਹੀਂ ਹੈ। ਪੰਜਾਬੀ ਗ਼ਜ਼ਲ ਆਰੰਭ ਤੋਂ ਹੀ ਪੰਜਾਬੀ ਕਾਵਿ ਧਾਰਾ ਦਾ ਅੰਗ ਰਹੀ ਹੈ ਅਤੇ ਪੰਜਾਬੀ ਕਵਿਤਾ ਵਾਲੇ ਸਰੋਕਾਰਾਂ ਨੂੰ ਹੀ ਅਪਣਾਉਂਦੀ ਰਹੀ ਹੈ।

‘ਸਾਹਿਤ’ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ: ਸ+ਹਿਤ। ਜਿਸ ਦਾ ਸ਼ਾਬਦਿਕ ਅਰਥਾਂ ਦੀ ਪੱਧਰ ਉਪਰ ‘ਸ’ ਤੋਂ ਭਾਵ ‘ਸਾਰਿਆਂ ਨਾਲ’ ਅਤੇ ‘ਹਿੱਤ’ ਤੋਂ ਭਾਵ ਹੈ ਕਲਿਆਣ, ਲਾਭ ਜਾਂ ਭਲਾ। ( ਕਸੇਲ, ਸਾਹਿਤ ਦੇ ਰੂਪ ਪੰ-14)

ਗ਼ਜ਼ਲਗੋ ਜਗਤਾਰ ਦੇ ਅਨੁਸਾਰ, “ਗ਼ਜ਼ਲ ਲਿਖਣ ਲੲੀ ਉਸਾਰੂ ਵਿਚਾਰਧਾਰਾ ਸੂਖ਼ਮ ਜਜ਼ਬੇ, ਪਿੰਗਲ ਦਾ ਗਿਆਨ, ਭਾਸ਼ਾਈ ਸਮਰੱਥਾ ਅਤੇ ਯਥਾਰਥਕ ਦ੍ਰਿਸ਼ਟੀ ਦਾ ਹੋਣਾ ਜ਼ਰੂਰੀ ਹੈ।”

ਮੇਰਾ ਸਭ ਤੋਂ ਪਹਿਲਾਂ ਇਹ ਸਪਸ਼ਟ ਕਰ ਦੇਣਾ ਯੋਗ ਹੋਵੇਗਾ ਕਿ ਇਸ ਦਾ ਗ਼ਜ਼ਲ ਦੀ ਤਕਨੀਕੀ ਬਣਤਰ ਦੀ ਪਰਖ ਦੀ ਤੌਰ’ਤੇ ਨਹੀਂ ਹੈ ਏਥੇ ਕੇਵਲ ਯਥਾਰਥਵਾਦੀ ਦ੍ਰਿਸ਼ਟੀ ਤੋਂ ਵਾਚਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।

ਜਿਥੋਂ ਤੱਕ ਰਚਨਾ/ਕਿਰਤ ਦਾ ਸਵਾਲ ਹੈ ਇਸ ਵਿਚ ਸ਼ਬਦਾਂ ਦੀ ਚਮਤਕਾਰੀ ਸ਼ਕਤੀ ਤੇ ਸਮਰੱਥਾ ਦਾ ਝਲਕਾਰਾ ਹੈ। ਸ਼ਬਦ ਕਵੀ ਦੇ ਮਨ ਨੂੰ ਤਰੰਗਿਤ ਕਰ ਕੇ ਉਸ ਦੀ ਕਲਮ ਨੂੰ ਹੁਲਾਰਾ ਦਿੰਦੇ ਹਨ। ਰੂਪ ਸਿੱਧੂ ਦੀ ਗ਼ਜ਼ਲਕਾਰੀ ਵਿਚ ਆਪਣੇ ਅੰਦਰਲੀ ਧਰਤੀ ਨੂੰ ਲੱਭਣ ਤੇ ਗੁੰਮ ਜਾਣ ਦੀ ਖੇਡ ਹਰ ਪਲ ਨਵੇਂ ਸਿਰੇ ਤੋਂ ਬਣਾਉਣ ਮਿਟਾਉਣ ਦਾ ਕਾਰਜ ਹੈ। ਉਸ ਦੀ ਗ਼ਜ਼ਲ ਨੂੰ ਨਵੇਂ ਕੋਣ ਤੋਂ ਮਨੁੱਖ, ਪ੍ਰਕਿਰਤੀ ਅਤੇ ਸਮਾਜ ਨੂੰ ਦੇਖਣਾ ਹੈ। ਸੁਆਲ ਨਵੀਂ ਗ਼ਜ਼ਲ ਨੂੰ ਸਿਰਫ਼ ਘਟਨਾਵੀ ਘਟਨਾਕ੍ਰਮ ਨਾਲ ਜੋੜਨਾ-ਮੇਲਣਾ ਨਹੀਂ ਸਗੋਂ ਇਨ੍ਹਾਂ ਘਟਨਾਵਾਂ ਬਾਅਦ ਮਨੁੱਖੀ ਮਾਨਸਿਕਤਾ ਵਿਚ ਵਾਪਰੇ ਪਰਿਵਰਤਨ ਨੂੰ ਸਮਝਣਾ ਹੈ।

ਦੂਜਾ ਲੇਖਕ ਦੀ ਸੁਰਤ ਕਿੱਥੇ ਅਟਕੀ ਹੋਈ ਹੈ-ਉਹਦੀ ਰਚਨ-ਪ੍ਰਕਿਰਿਆ ਤੇ ਏਸ ਦਾ ਪ੍ਰਭਾਵ ਪੈਣਾ ਲਾਜ਼ਮੀ ਹੈ। ਸੁਆਲ ਖੜ੍ਹਾ ਹੁੰਦਾ ਹੈ ਕਿ ਇਸ ਪੁਸਤਕ ਨੂੰ ਪਰਵਾਸੀ ਸਾਹਿਤ ਅਧੀਨ ਲਿਆਉਣ ਹੈ ਜਾਂ ਇਹ ਲਿਖਤ ਪਰਵਾਸ ਬਾਰੇ ਹੈ ਕਿ ਪਰਵਾਸ ਵਿਚ ਬੈਠ ਕੇ ਪੰਜਾਬੀ ਸੱਭਿਆਚਾਰਕ ਚਿਨ੍ਹਾਂ ਦੀ ਪਛਾਣ ਕਰਦੀ ਹੈ, ਜਾਂ ਇਸ ਪੁਸਤਕ ਦੇ ਲਿਖੇ ਪਤੇ ਤੋਂ ਇਸ ਨੂੰ ਕਿਸ ਸ਼੍ਰੇਣੀ ਵਿੱਚ ਲਿਆ ਜਾਵੇ ਇਹ ਬਹੁਤ ਸਾਰੇ ਨਵੇਂ ਸੁਆਲ ਹਨ।

ਗ਼ਜ਼ਲ ਬਾਰੇ ਡਾ. ਵਨੀਤਾ ਲਿਖਦੇ ਹਨ ਕਿ, ‘ਸੁਰਜੀਤ ਪਾਤਰ ਜਾਂ ਕੁਝ ਹੋਰ ਨਵੇਂ ਗ਼ਜ਼ਲਕਾਰ ਵੀ ਹਨ, ਜਿਨ੍ਹਾਂ ਨੇ ਬਹਿਰ ਨੂੰ ਸਮਝਿਆ ਤਾਂ ਹੈ ਪਰ ਨਿਰੋਲ ਬਹਿਰ ਦੀ ਬਹੁਤੀ ਹਮਾਇਤ ਨਹੀਂ ਕੀਤੀ। ਗ਼ਜ਼ਲ ਦੇ ਬਾਕੀ ਵਿਧਾਨ ਵੱਲੋਂ ਚੇਤਨ ਰਹਿੰਦਿਆਂ ਚੰਗੀ ਗ਼ਜ਼ਲ ਦੀ ਰਚਨਾ ਕੀਤੀ ਹੈ… ‌‌ਪੰਜਾਬੀ ਵਿਚ ਜੋ ਗ਼ਜ਼ਲ ਲਿਖੀ ਗਈ ਹੈ, ਉਸ ਵਿਚ ਬਹੁਤੀ ਖੂਬਸੂਰਤੀ ਜਾਂ ਤਾਂ ਕਟਾਖਸ਼ ਵਿਚੋਂ ਪੈਦਾ ਹੋਈ ਹੈ ਜਾਂ ਅਲੰਕਾਰ ਦੀ ਵਿਧੀ ਨਾਲ, ਖਾਸ ਤੌਰ ਤੇ ਵਿਰੋਧਾਭਾਸ ਜਾਂ ਵਿਕ੍ਰੋਕਤੀ ਨਾਲ ਤੇ ਜਿਸ ਕਿਸਮ ਦੀ ਦਾਰਸ਼ਨਿਕ ਡੂੰਘਾਈ ਦੀ ਮੈਂ ਉਰਦੂ ਦੀ ਗ਼ਜ਼ਲ ਬਾਰੇ ਗੱਲ ਕੀਤੀ ਹੈ ਉਸ ਵੱਲ ਘੱਟ ਧਿਆਨ ਦਿੱਤਾ ਗਿਆ ਹੈ। ਪੰਜਾਬੀ ਗ਼ਜ਼ਲ ਇਸ ਗੱਲ ਵਿਚ ਰੁੱਝੀ ਰਹੀ ਹੈ ਕਿ ਉਹ ਉਸ ਮਾਹੌਲ ‘ਚੋਂ ਕਿਵੇਂ ਨਿਕਲੇ ਜਿਸ ਦਾ ਸੰਬੰਧ ਸਾਕੀ, ਮੈਖ਼ਾਨੇ, ਰਿੰਦਾਂ ਜਾਂ ਮਹਿਫ਼ਲ ਦੇ ਮਾਹੌਲ ਨਾਲ ਸੀ।’

ਰੂਪ ਸਿੱਧੂ ਦੀਆਂ ਗ਼ਜ਼ਲਾਂ ਵਿਚ ਅਜਿਹਾ ਭਾਵ-ਪ੍ਰਬੰਧ ਨੂੰ ਵੇਖਿਆ ਜਾ ਸਕਦਾ ਹੈ ਜੋ ਵਿਸਤ੍ਰਿਤ ਸਪੇਸ ਵਿਚ ਫੈਲਦੇ ਹਨ।

ਗ਼ਜ਼ਲਕਾਰ ਦੀਆਂ ਗ਼ਜ਼ਲਾਂ ਵਿਚ ਢਹਿੰਦੀ ਕਲਾ ਵਾਲੇ ਜੀਵਨ ਨੂੰ ਸਾਹਸ ਜੁਟਾਇਆ ਹੈ ਤੇ ਚੜ੍ਹਦੀ ਕਲਾ ਦੇ ਸੰਕਲਪ ਤੇ ਕਟਾਖਸ਼ ਕਰਦਾ ਹੈ:

‘ਲੜੇ ਬਿਨ ਹਾਰਨਾ ਚੜ੍ਹਦੀ ਕਲਾ ਸਮਝਾਂ? ਓ ਨਾ ਜੀ ਨਾ।

ਕਿਵੇਂ ਇਸ ਬੁਜ਼ਦਿਲੀ ਨੂੰ ਹੌਸਲਾ ਸਮਝਾਂ? ਓ ਨਾ ਜੀ ਨਾ।’ ਪੰ-51

ਇਹ ਰੂਪ ਸਿੱਧੂ ਦੀ ਸੰਘਰਸ਼ ਚੇਤਨਾ ਹੀ ਹੈ ਜਿਹੜੀ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਦੀ ਹੈ। ਸਮਾਜਿਕ ਵਾਤਾਵਰਣ ਦੀਆਂ ਮੁਸਕਲਾਂ ਨਾਲ ਨਜਿੱਠਣ ਲਈ ਸੰਘਰਸ਼ ਲਾਜ਼ਮੀ ਹੈ। ਸੰਘਰਸ਼ ਵਿਹੂਣੇ ਹੋ ਕੇ ਸਾਰਥਕ ਨੀਤੀਜਿਆਂ ਦੀ ਆਸ ਮੂਰਖਤਾ ਹੈ। ਇਸ ਲਈ ਗ਼ਜ਼ਲਕਾਰ ਲੋਕਾਂ ਨੂੰ ਚੁੱਪ-ਚਾਪ ਬੈਠ ਕੇ ਦੂਸਰਿਆਂ ਸਿਰ ਦੋਸ਼ ਮੜ੍ਹਨ ਦੀ ਥਾਂ ਆਪਣੇ ਸੰਘਰਸ਼ਾਂ ਨੂੰ ਸ਼ਿੱਦਤ ਦੇਣ ਲਈ ਪ੍ਰਰੇਦਾ ਹੈ। ਇਹ ਹੀ ਚੰਗੇ ਸਮਾਜ ਦੀ ਸਥਾਪਨਾ ਦਾ ਸਾਹਸ ਹੈ। ਦਿਲ ‘ਚ ਜੇ ਅਹਿਸਾਸ ਦੀ ਸ਼ਿੱਦਤ ਨਹੀਂ, ਕੋਈ ਹਲਚਲ ਨਹੀਂ। ਅਗਲੀ ਗ਼ਜ਼ਲ ਵਿਚ ਉਹ ਮਨੋਬਲ ਵਧਾਉਣ ਲਈ ਤਕਰੀਰ ਕਰਦਾ ਹੈ:

‘ਜਿੱਤਣਾ ਜੇ ਸੋਚ ਵਿਚ ਹੈ ਹੀ ਨਹੀਂ

ਜੀ ਜਿਵੇਂ ਕਰਦੈ ਹਰੀ ਜਾਹ, ਮੌਜ ਕਰ।’ਪੰ-126

ਜ਼ੁਲਮ ਸਹਿਣੇ ਦਾ ਅਗਰ ਭੁਸ ਹੈ ਦਿਲਾ 

ਬੈਠ ਚੁਪ ਕਰਕੇ ਜਰੀ ਜਾਹ,ਮੌਜ ਕਰ।ਪੰ-126

ਦਲਿਤ ਆਪਣਾ ਜੀਵਨ ਬਸਰ ਕਰਨ ਲਈ ਉੱਚੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਕੰਮ ਧੰਦਿਆਂ ਤੋਂ ਪ੍ਰਾਪਤ ਆਮਦਨ ਨੂੰ ਹੀ ਜੀਵਨ ਦੀ ਸਚਾਈ ਸਮਝਣ ਦਾ ਭਰਮ ਪਾਲਦਾ ਹੈ ਪਰ ਉਸ ਦਾ ਭਰਮ ਟੁੱਟ ਜਾਂਦਾ ਹੈ। ਜਿਥੇ ਉੱਚ ਵਰਗ ਦੀ ਚੌਧਰ ਨੂੰ ਲਲਕਾਰਿਆ ਵੀ ਜਾਂਦਾ ਹੈ ਅਤੇ ਸਵਰਨ ਜਾਤਾਂ ਦੇ ਸ਼ੋਸ਼ਣ ਪ੍ਰਤੀ ਜਨ-ਸਧਾਰਨ ਨੂੰ ਸੁਚੇਤ ਵੀ ਕੀਤਾ ਗਿਆ ਹੈ। ਅਜਿਹਾ ਕਰਦਿਆਂ ਉਹ ਵਿਲੱਖਣ ਸੁਹਜ ਸ਼ਾਸਤਰ ਸਿਰਜ ਕੇ ਦਲਿਤ ਚਿੰਤਨ ਅਤੇ ਪੰਜਾਬੀ ਸਾਹਿਤ ਵਿਚ ਆਪਣਾ ਵਿਸ਼ੇਸ਼ ਸਥਾਨ ਸਥਾਪਤ ਕਰਨ ਵਿਚ ਸਫ਼ਲ ਹੋਇਆ ਹੈ:

‘ਨੀਚੋਂ ਊਚ ਕਰੇਂਦਾ ਮੇਰਾ ਰਹਿਬਰ ਜਦ
ਤੁਰਨਾ ਹੋ ਹੋ ਨੀਵਾਂ, ਹੁਣ ਮਨਜ਼ੂਰ ਨਹੀਂ।

ਲੈ ਫੜ ਅਪਣੇ ਰੰਬੇ ਕਹੀਆਂ ਦਾਤਰੀਆਂ
ਸੀਰੀ ਬਣਕੇ ਥੀਵਾਂ, ਹੁਣ ਮਨਜ਼ੂਰ ਨਹੀਂ

ਦੱਸੀ, ਕਿਹੜੇ ਹੁਨਰ ‘ਚ ਵੱਧ ਤੂੰ, ਹੁਣ ਮੈਨੂੰ
ਦਰਜਾ ਪੰਜਵਾਂ, ਛੀਵਾਂ, ਹੁਣ ਮਨਜ਼ੂਰ ਨਹੀਂ। ਪੰ-90

ਇਕ ਗ਼ਜ਼ਲ ‘ਚ ਹੀ ਮੈਟਾਫਰ ਕਹਾਣੀਆਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਜਿਵੇਂ ਇਕੋ ਹੀ ਗ਼ਜ਼ਲ ਚੋਂ:

‘ਬੱਕਰੇ ਦੀ ਕਹਾਣੀ ਦੋਹੀਂ ਧਿਰੀਂ ਉਹੋ ਹੀ
ਸਿਰ ਝਟਕ ਦੇਣ ਏਧਰ ਓਧਰ ਹਲਾਲ ਕਰਦੇ।’ ਪੰ-128

‘ਲਿਖਦੋਂ ਤਰੀਕ ਤਨ ਤੇ ਤੂੰ ਖਾਤਮੇ ਦੀ ਜੇਕਰ
ਤੁਰ ਜਾਣ ਦੀ ਤਿਆਰੀ ਕੁਝ ਨਾਲ ਨਾਲ ਕਰਦੇ।’ਪੰ-128

‘ਸੰਸਦ ‘ਚ ਹੋ ਰਿਹਾ ਹੈ ਇਨ ਬਿਨ ਉਹੀ ਵਤੀਰਾ
ਇੱਲਤਾਂ ਸ਼ਰਾਰਤਾਂ ਜਿਉਂ ਗਲੀਆਂ ‘ਚ ਬਾਲ ਕਰਦੇ।’ਪੰ-128

ਸਮਾਜ ਦੇ ਕਰੂਰ ਯਥਾਰਥ ਦਾ ਸਿਖ਼ਰ ਹੈ। ਪਦਾਰਥਵਾਦ ਤੇ ਨਿਜੀ ਸੁਖ ਸੁਵਿਧਾ ਦੇ ਲੋਭ ਚ ਖੱਚਤ ਮਨੁੱਖ ਦੀ ਸੌੜੀ ਸੋਚ ਨੂੰ ਪੇਸ਼ ਕਰਦੀ ਇਹ ਗ਼ਜ਼ਲ:

‘ਕਰਾ ਕੇ ਕਤਲ ਕੰਜਕ ਕਾਤਿਲੋ ਕੁੱਖੀਂ, ਕਿਵੇਂ ਕੋੲੀ
ਸੁਖੀ ਘਰ ਬਾਰ ਹੁੰਦਾ, ਕਦ ਕਿਸੇ ਨੇ ਦੇਖਿਆ? ਦੱਸੋ।
..
ਵਿਦੇਸ਼ਾਂ ਵਿਚ ਤਾਂ ਮੰਨਿਆ, ਦੇਸ਼ ਵਿਚ, ਬੇਟੇ ਘਰੇ ਬਾਪੂ
ਕਿਰਾਏਦਾਰ ਹੁੰਦਾ, ਕਦ ਕਿਸੇ ਨੇ ਦੇਖਿਆ? ਦੱਸੋ। ਪੰ-46

ਦੇਹ ਰੁਮਾਂਸ ਦੇ ਪਿੱਛੇ ਜੇਕਰ ਸਰਬ-ਵਿਆਪਕ ਆਤਮਿਕ ਨੇਮ ਨਾ ਹੋਵੇ ਤਾਂ ਇਹ ਨਿੱਜ ਤੱਕ ਸੀਮਤ ਹੋ ਜਾਂਦਾ ਹੈ। ਇਸ ਕਰਕੇ ਬਹੁਤੇ ਰੁਮਾਂਟਿਕ ਕਵੀ ਸਮਾਜਿਕ ਜ਼ਿੰਮੇਵਾਰੀ ਤੋਂ ਗੋਸਾ਼ਨਸੀ਼ਨੀ ਅਖ਼ਤਿਆਰ ਕਰਦੇ ਹਨ। ਯਥਾਰਥਵਾਦੀ ਚਿੰਤਕਾਂ ਨੇ ਰੁਮਾਂਟਿਕ ਕਵੀਆਂ ਤੇ ਇਹੀ ਦੋਸ਼ ਲਾਇਆ ਕਿ ਰੁਮਾਂਸ ਦਾ ਨਿੱਜ-ਕੇਂਦਰਿਤ ਅਨੁਭਵ ਸਮਾਜਿਕ ਯਥਾਰਥ ਤੋਂ ਘਬਰਾ ਕੇ ਕਿਸੇ ਵਿਅਕਤੀਗਤ ਕਾਲਪਨਿਕ ਜਗਤ ਦੀ ਸ਼ਰਨ ਲੈਂਦਾ ਹੈ ਸਮਾਜਿਕ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ ਹੁੰਦਾ ਪਰ ਰੂਪ ਸਿੱਧੂ ਆਪਣੀ ਗ਼ਜ਼ਲ ਵਿਚ ਆਪਣੇ ਨਾਲ ਨਾਲ ਦੂਜੇ ਸਿਰਜਣਕਾਰਾਂ ਨੂੰ ਵੀ ਤਾਕੀਦ ਕਰਦਾ ਹੈ:

‘ਕਦੇ ਦੇ ਤਿਤਲੀਆਂ ਦੇ ਖੰਭ ਗਿਣਨੋਂ ਵਿਹਲ ਮਿਲ ਜਾਵੇ
ਅਦੀਬਾ ਕੌਮ ਮੇਰੀ ਨੂੰ ਜਗਾਉਣੇ ਦੇ ਲਈ ਵੀ ਲਿਖ।’

ਪੰਜਾਬ ਵਿਚ ਪਸਰ ਰਹੇ ਬਿਰਧ ਆਸ਼ਰਮ ਤੇ ਇਸ ‘ਚ ਇਕਲਾਪੇ ਦਾ ਸੰਤਾਪ ਭੋਗਦੀ ਹੋਈ ਵੀ ਇਕ ਮਾਂ ਆਪਣੇ ਪੁੱਤਰ ਲਈ ਸੁੱਖ ਮੰਗਦੀ ਹੈ, ਸਮੇਂ ਦੇ ਕਰੂਰ ਯਥਾਰਥ ਤੇ ਪੰਜਾਬੀ ਮਨੁੱਖ ਦੀ ਹੋਣੀ ਨੂੰ ਗ਼ਜ਼ਲ ਵਿਚ ਇਸ ਤਰ੍ਹਾਂ ਪੇਸ਼ ਕੀਤਾ ਹੈ:

‘ਬਿਰਧਘਰ ਵਿਚ ਝੂਰਦੀ ਰਹਿੰਦੀ ਜੋ,
ਤੇਰੀ ਸੁੱਖ ਮਨਾਉਣੀ ਕਿੰਝ ਕੁੱਖ ਨੇ, ਠੀਕ ਹੀ ਹੈ।’ ਪੰ-18

ਵਿਸ਼ਵਾਸਾਂ ਦੀ ਅਣਹੋਂਦ ਤੇ ਅਹਿਸਾਸ/ਅਪਣੱਤ ਦੀ ਘਾਟ ਕਾਰਨ ਘਰਾਂ ‘ਚ ਮਾਯੂਸ ਤੇ ਸੰਤਾਪ ਭੋਗਦੇ ਮਨੁੱਖ ਦੀ ਹੋਣੀ ਨੂੰ (heyper) ਝੂਠੇ ਯਥਾਰਥ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਹੈ:

‘ਜੇ ਸਜ਼ਾ ਦੇਣੀ ਤਾਂ ਇਸਨੂੰ ਰੱਖ ਘਰੇ ਹੀ
ਗੌਲ ਨਾ, ਬਨਵਾਸ ਦੀ ਹੁਣ ਲੋੜ ਹੀ ਨੲੀਂ।’ ਪੰ-19

ਸਿੱਧੂ ਦੀ ਇਹ ਸਿਮਰਤੀ ਕਿਸੇ ਜਜ਼ਬਾਤੀ ਤਰੰਗ ਜਾਂ ਅਵਚੇਤਨ ਸਾਮੰਤੀ ਸੰਸਕਾਰਾਂ ਦਾ ਸਿੱਟਾ ਨਹੀਂ, ਸਗੋਂ ਇਹ ਦਰਪੇਸ਼ ਆਮਾਨਵੀ ਸਥਿਤੀਆਂ ਦੀ ਕਰੂਰਤਾ ‘ਚੋਂ ਉਪਜੀ ਸਮਾਜਿਕ ਅਨਿਵਾਰਤਾ ਦਾ ਫ਼ਲ ਹੈ। ਉਹ ‘ਪ੍ਰਤਿ-ਹਿੰਸਾ’ ( counter-violence ) ਦੀ ਵਕਾਲਤ ਕਿਸੇ ਭਾਵੁਕਤਾ ਕਰਕੇ ਨਹੀਂ ਸਗੋਂ ਉਹ ਪੀੜਤ ਮਨੁੱਖ ਦੇ ਪਸਤ ਹੋਏ ਮਨੋਬਲ, ਹੋਣ-ਥੀਣ ਦੇ ਸੁਪਨੇ ਅਤੇ ਗੁਆਚੇ ਹੋਏ ਮਨੁੱਖੀ ਗੌਰਵ ਪਿਆਰ ਦੀ ਬਹਾਲੀ ਲਈ ਹੈ।

ਗ਼ਜ਼ਲਕਾਰ ਦੇ ਮਨ ਵਿਚ ਅੰਤਰ ਘੋਲ ਚਲਦਾ ਰਹਿੰਦਾ ਹੈ ਤੇ ਪ੍ਰੋਟੈਸਟਵਾਦੀ ਵਿਦਰੋਹੀ ਸੁਰ ਸਮੇਂ ਦੇ ਰਾਜਨੀਤਿਕ ਆਕਾਵਾਂ ਦੀ ਵੰਗਾਰ ਨੂੰ ਬੜੇ ਦਲੇਰਾਨਾ ਢੰਗ ਨਾਲ ਬਿਆਂ ਕੀਤਾ ਹੈ:

‘ਦਮ ‘ਚ ਦਮ ਜਦ ਤਕ ਰਹੂ ਲੜਦਾ ਰਹਾਂਗਾ
ਹਾਰ ਤੋਂ ਡਰਕੇ ਮੈਂ ਹਰ ਲਾਂ ? ਜੀ ਨਹੀਂ ਜੀ।
……

ਕੀ ਕਿਹੈ ? ਡੁਬ ਲੈਣ ਦੇਵਾਂ ਨਾਲ ਦੇ ਸਭ?
ਖ਼ੁਦ ਬਚਾਂ? ਮੈਂ ਆਪ ਤਰ ‘ਲਾਂ ? ਜੀ ਨਹੀਂ ਜੀ।’ ਪੰ-22

ਅਜੋਕੇ ਸਮਾਜ ਦੀ ਤਪਨਮਈ ਹਾਲਾਤਾਂ ਤੇ ਘਰਾਂ ‘ਚ ਇਕਲਾਪੇ ਦਾ ਸੰਤਾਪ ਭੋਗਦੇ ਲੋਕ ਜੋ ਬੱਚਿਆਂ ਦੇ ਅਣਦੇਖੀ ਕਰਕੇ ਮਾਨਸਿਕ ਤਣਾਓ ਭੋਗ ਰਹੇ ਹਨ ਅਤੇ ਉਨ੍ਹਾਂ ਦੇ ਬੱਚੇ ਦੇ ਪਦਾਰਥਿਕਤਾ/ਭੋਤਿਕਤਾ ਵਿਚ ਖਚਤ ਹੋਣ ਦੇ ਦਵੰਦ ਨੂੰ ਪੇਸ਼ ਕਰਦੀ ਇਹ ਗ਼ਜ਼ਲ :

‘ਉਫ, ਇਹ ਗੁੱਸਾ, ਰੋਸਾ, ਚੁੱਪੀ, ਸਨਾਟਾ ਤੇ ਵੱਟਿਆ ਮੂੰਹ
ਮੈਨੂੰ ਮੇਰੇ ਘਰ ਵਿਚ ਹੀ ਲੱਗਦੇ ਬਨਵਾਸ ਜਿਹਾ ਹੋਇਆ।

ਅੱਜ ਫਿਰ ਨੂੰਹਾਂ, ਪੁੱਤਾਂ ਨੇ ਪਿਕਨਿਕ ਕਰ ਮੌਜ਼ ਮਨਾਈ ਹੈ
ਅੱਜ ਫਿਰ ਮੱਲੋ ਜ਼ੋਰੀ ਹੀ ਮਾਂ ਦਾ ਉਪਵਾਸ ਜਿਹਾ ਹੋਇਆ। ਪੰ-26

ਅੰਲਕਾਰਾਂ ਦੀ ਬਾਖ਼ੂਬੀ ਵਰਤੋਂ ਕੀਤੀ ਗਈ ਹੈ ਜਿਵੇਂ:

‘ਬੇਬਸ, ਬੇਕਸੂਰ, ਬੇਕਲ, ਬੇਦਿਲ, ਬੇਸੁਧ, ਬੇਘਰ, ਬੇਚਾਰਾ
ਉਹ ਕੀ ਜਾਣੇ ਕੀ ਕੀ ਕੀਤਾ ਉਸਦੀ ਬੇਪਰਤੀਤੀ ਨੇ। ‘ਪੰ-99

ਕੲੀ ਵਾਰ ਪਾਠਕ ਸੋਚਦੇ ਹਨ ਕਿ ਇਹ ਰਚਨਾ/ਸਾਹਿਤ ਉਸ ਲੇਖਕ ਨੇ ਲਿਖਿਆ ਜਿਸ ਦਾ ਤੁਹਾਡੇ ਨਾਲ ਕੋਈ ਵਾਹ ਵਾਸਤਾ ਨਹੀਂ ਅਤੇ ਉਹ ਤੁਹਾਡੇ ਤੋਂ ਕੲੀ ਸਮੁੰਦਰ ਪਾਰ ਰਹਿੰਦਾ ਹੈ।

ਪਰਵਾਸ ਵਿਚ ਰਹਿੰਦਿਆਂ ਪੰਜਾਬੀ ਮਨੁੱਖ ਕੲੀ ਵਾਰ ਵਰ੍ਹਿਆਂ ਬਾਅਦ ਪਿੱਛੇ ਮੁੜ ਕੇ ਦੇਖਦਾ ਹੈ। ਆਪਣੀਆਂ ਪੁਰਾਣੀਆਂ ਡਾਇਰੀਆਂ ਅਤੇ ਖਬਰਾਂ ਫ਼ਰੋਲਦਾ ਹੈ। ਆਪਣੇ ਧੁਰ ਅੰਦਰ ਦਰਜ ਲਹੂ ਦੀਆਂ ਅਣਗਿਣਤ ਕਥਾਵਾਂ ਵਰਤਮਾਨ ਦੀਆਂ ਉਂਗਲਾਂ ਨਾਲ ਪਲਟਦਾ ਹੈ ਅਤੇ ਇਹ ਹਾਸਲ ਕਰਦਾ ਹੈ ਕਿ ਇਹ ਵਕਫਾ ਜ਼ਿੰਦਗੀ ਨੂੰ ਦੇਖਣ ਦੀ ਨਵੀਂ ਦ੍ਰਿਸ਼ਟੀ ਦਿੰਦਾ ਹੈ, ਪਿਛਲੀ ਨਜ਼ਰ ਅਤੇ ਦਰਜ ਹੋਏ ਸ਼ਬਦਾਂ ਦੀ ਇਸਲਾਹ ਵੀ ਕਰਦਾ ਹੈ ਕਿ ਜੀਣ ਜਾਂ ਸੋਚਣ ਦਾ ਤਰੀਕਾ, ਭਾਵੇਂ ਕਿੰਨਾ ਚੰਗਾ ਜਾਂ ਮਹਾਨ ਹੋਵੇ, ਉਹ ਸਦਾ ਲਈ ਨਹੀਂ ਰਹਿ ਸਕਦਾ। ਇਸ ਲਈ ਕੁਲ ਆਰਥਿਕਤਾ ਅਤੇ ਰੋਜ਼ਮਰਾ ਦੇ ਜੀਣ ਨੂੰ ਨਵੀਂ ਅੱਖ ਨਾਲ ਵੇਖਣ ਅਤੇ ਮੁੱਢੋਂ ਰਚਨਾ ਦਾ ਹੈ।

ਰੂਪ ਸਿੱਧੂ ਦੀਅਾਂ ਗ਼ਜ਼ਲਾਂ ਵਿਚ ਪੱਛਮੀ ਸੱਭਿਆਚਾਰ ਤੇ ਭਾਰਤੀ ਸਭਿਆਚਾਰ ਦੇ ਆਪਸੀ ਟਕਰਾਓ ਤੇ ਇਸ ਟਕਰਾਓ ਵਿਚ ਟੁੱਟ ਰਹੇ ਜਾਂ ਪਿਸ ਰਹੇ ਭਾਰਤੀ/ਪੰਜਾਬੀ ਮਨੁੱਖ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਕਰਨ ਦੇ ਵਿਸ਼ੇ ਉਪਰ ਕੇਂਦਿ੍ਤ ਹਨ ਪਰ ਇਸ ਟਕਰਾਓ ਦੀ ਸ਼ਿਦਤ ਤੇ ਹਾਲਾਤ ਦੀ ਵੱਖਰਤਾ ਹਰ ਗ਼ਜ਼ਲ ਵਿਚ ਮੈਟਾਫਰ ਕਹਾਣੀ ਨੂੰ ਇਕ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਤੇ ਦੇਖਣ ਦੇ ਨਾਲ ਜੁੜੀ ਹੋਈ ਹੈ। ਇਸ ਕਰਕੇ ਇਨ੍ਹਾਂ ਵਿਚ ਦਹਰਾਓ ਦਾ ਝਲਕਾਰਾ ਹੋ ਕੇ ਵੀ ਦੁਹਰਾਓ ਦੀ ਉਕਤਾਹਟ ਨਜ਼ਰ ਨਹੀਂ ਆਉਂਦੀ।

ਕਦੇ ਉਹ ਸਵੈ ਸੰਬੋਧਿਤ ਸ਼ਾਇਰੀ ਦੀ ਦੂਸਰੀ ਪਰਤ ਆਧੁਨਿਕ ਜੀਵਨ ਸੰਦਰਭਾਂ ਵਿਚ ਨਿਜੀ ਸਪੇਸ ਦੀ ਅਮੁੱਕ ਅਤੇ ਅੰਟਕ ਲਾਲਸਾ ਦੇ ਵਿਭਿੰਨ ਯਥਾਰਥਕ ਪਰ ਤ੍ਰਾਸਦਿਕ ਪਹਿਲੂਆਂ ਵੱਲ ਅਗਰਸਰ ਹੈ। ਇਹ ਗ਼ਜ਼ਲ ਸੰਗ੍ਰਹਿ ਵਿਚਲੀ ਸ਼ਾਇਰੀ ਸਵੈ-ਹੁਲਾਸ ਦੀ ਕਾਮਨਾ ਤੋਂ ਸ਼ੁਰੂ ਹੋ ਕੇ ਸਵੈ-ਸੰਤਾਪ ਦੀ ਤ੍ਰਾਸਦਿਕ ਸਥਿਤੀ ਦੇ ਦਿਲਚਸਪ ਵੇਰਵੇ ਪੇਸ਼ ਕਰਦੀ ਹੈ।

ਕੁਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਰੂਪ ਸਿੱਧੂ ਨੇ ਆਪਣੇ ਗ਼ਜ਼ਲ ਸੰਗ੍ਰਹਿ’ ਅਹਿਸਾਸ’ ਵਿਚ ਸਮਾਜਿਕ ਬੋਧ ਨੂੰ ਪੇਸ਼ ਕੀਤਾ ਹੈ ਉਸਦੇ ਕੇਂਦਰ ਵਿਚ ਮਨੁੱਖ ਦੀ ਆਜ਼ਾਦੀ ਦੀ ਚੇਸ਼ਠਾ ਵਿਅਕਤ ਕੀਤੀ ਗਈ ਹੈ। ਜਿਸਨੂੰ ਉਹ ਸਮਾਜਿਕ ਤੇ ਇਤਿਹਾਸਕ ਪ੍ਰਕਰਣ ਵਿੱਚ ਰੱਖਕੇ ਵੇਖਣ ਦਾ ਯਤਨ ਕਰਦਾ ਹੈ ਤੇ ਇਸ ਯਤਨ ਲੲੀ ਉਹ ਵਿਚਾਰਧਾਰਕ ਕ੍ਰਾਂਤੀ ਜਾਂ ਵਿਦਰੋਹ ਨੂੰ ਵੀ ਪ੍ਰਥਾਮਿਕ ਠਹਿਰਾਉਂਦਾ ਹੈ। ਇਸ ਤਰ੍ਹਾਂ ਪੰਜਾਬੀ ਸਮੁੱਚੀ ਗ਼ਜ਼ਲ ਪ੍ਰਪੰਰਾ ਵਿਚ ਇਹ ਗ਼ਜ਼ਲ ਸੰਗ੍ਰਹਿ ਆਪਣੀ ਨਿਵੇਕਲੀ ਪ੍ਰਕ੍ਰਿਤੀ ਕਾਰਨ ਪੰਜਾਬੀ ਚੇਤਨਾ ਨੂੰ ਇਕ ਨਵੀਂ ਦਿਸ਼ਾ ਦੇਣ ਦੇ ਸਮਰੱਥ ਪ੍ਰਤੀਤ ਹੁੰਦਾ ਹੈ। ਉਮੀਦ ਹੈ ਪਾਠਕ ਇਹ ਗ਼ਜ਼ਲ ਸੰਗ੍ਰਹਿ ਪੜ੍ਹ ਕੇ ਜ਼ਿੰਦਗੀ ਦੇ ਸਫ਼ਰ ਲਈ ਯਥਾਰਥਕ ਸੇਧਾਂ ਲੈ ਸਕਦੇ ਹਨ।

(ਡਾ. ਮਾਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)

(126)

About the author

ਡਾ. ਸਰਵਣ ਸਿੰਘ ਮਾਣ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ