19 March 2024

ਮੁੱਖ ਮੰਤਰੀ ਦੀ ਮਾਨਸਿਕਤਾ ਦਾ ਦਰਪਣ ਹੈ ਮਾਰਕਫੈੱਡ ਦਾ ਕੈਲੰਡਰ—ਬਲਜਿੰਦਰ ਭਨੋਹੜ

ਬਤੌਰ ਕਮੇਡੀਅਨ, ਆਪਣੇ ਕਲਾਕਾਰ ਜੀਵਨ ਵਿੱਚ ਭਗਵੰਤ ਮਾਨ ਸਮਾਜਕ ਕੁਰੀਤੀਆਂ ਨੂੰ ਵਿਅੰਗਮਈ ਚੋਟਾਂ ਮਾਰ ਕੇ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਹਮੇਸ਼ਾਂ ਯਤਨ ਕਰਦੇ ਆਏ ਹਨ। ਰਾਜਨੀਤਕ ਲੀਡਰਾਂ ਨੂੰ ਉਹ ਸਮੇਂ-ਸਮੇਂ ‘ਤੇ ਹਾਸੇ-ਹਾਸੇ ਵਿੱਚ ਵਿਅੰਗਮਈ ਚੂੰਢੀਆ ਵੱਢਦੇ ਰਹੇ ਹਨ। ਰਾਜਨੀਤਕ ਪਿੜ ਵਿੱਚ ਪੈਰ ਧਰਦਿਆਂ ਹੀ ਉਹ ਲੀਡਰਾਂ ਖ਼ਿਲਾਫ਼ ਵਿਅੰਗ ਕਸਣ ਵਾਲੇ ਪੰਜਾਬ ਦੇ ਇੱਕੋ ਇੱਕ ਲੀਡਰ ਜਾਣੇ ਜਾਣ ਲੱਗੇ। ਲੋਕ ਸਭਾ ਵਿੱਚ ਆਪਣੇ ਭਾਸ਼ਣ ਸਮੇਂ ਭਗਵੰਤ ਮਾਨ ਹਰ ਸਿਆਸੀ ਲੀਡਰ ਨੂੰ ਪਾਣੀ ਪੀ-ਪੀ ਲੈਂਦੇ ਰਹੇ ਹਨ ਅਤੇ ਉਹਨਾਂ ਦੇ ਭਾਸ਼ਣ ਸਮੇਂ ਲੋਕ ਸਭਾ ਅਕਸਰ ਹੀ ਹਾਸਿਆਂ ਨਾਲ ਗੂੰਜਿਆ ਕਰਦੀ ਸੀ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਉਹਨਾਂ ਨੇ ਪਿਛਲੀਆਂ ਸਰਕਾਰਾਂ ਸਮੇਂ ਵੱਖ-ਵੱਖ ਵਿਭਾਗਾਂ ਵਿੱਚ ਲੋਕ ਭਲਾਈ ਸਕੀਮਾਂ ਦੌਰਾਨ ਇਸ਼ਤਿਹਾਰਬਾਜੀ ‘ਤੇ ਮੁੱਖ ਮੰਤਰੀਆਂ ਦੀਅਾਂ ਫੋਟੋ ਲਗਾਉਣ ਸਬੰਧੀ ਜੋਰਦਾਰ ਭੰਡੀ ਪ੍ਰਚਾਰ ਕੀਤਾ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਂਬੂਲੈਂਸਾਂ ਅਤੇ ਮਾਈ ਭਾਗੋ ਸਕੀਮ ਅਧੀਨ ਸਾਈਕਲਾਂ ਉੱਤੇ ਫੋਟੋਆਂ ਲਗਾਉਣ ਉੱਤੇ ਭਗਵੰਤ ਮਾਨ ਨੇ ਵਿਅੰਗਮਈ ਤਰੀਕੇ ਨਾਲ ਵਿਰੋਧ ਕੀਤਾ। ਪਰ ਪੰਜਾਬ ਵਿੱਚ ਸੱਤਾ ਦੀ ਕੁਰਸੀ ਸੰਭਾਲਣ ਦੇ ਨਾਲ ਹੀ ਮਾਨਯੋਗ ਮੁੱਖ ਮੰਤਰੀ ਆਪਣੀ ‘ਕਹਿਣੀ ਅਤੇ ਕਰਨੀ’ਦਾ ਲਿਬਾਸ ਲਾਹ ਕੇ  ਜਿਵੇਂ ਲਕੀਰ ਦੇ ਫ਼ਕੀਰ ਬਣ ਗਏ ਹੋਣ। ਜਾਪਦਾ ਹੈ ਕਿ ਸੱਤਾ ਦੇ ਨਸ਼ੇ ਵਿੱਚ ਗ਼ਲਤਾਨ ਭਗਵੰਤ ਮਾਨ ਨੇ ਮਾਰਕਫੈੱਡ ਦੇ ਨਵੇਂ ਸਾਲ ‘ਤੇ ਜਾਰੀ ਕੀਤੇ ਜਾਂਦੇ ਕੈਲੰਡਰ ਦੀ ਪੁਰਾਣੀ ਪ੍ਰੰਪਰਾ ਨੂੰ ਅੱਖੋਂ ਪਰੋਖੇ ਕਰਦਿਆਂ ਆਪਣੀ ਫੋਟੋ ਵਾਲਾ ਸਾਲ ਦੋ ਹਜ਼ਾਰ ਤੇਈ ਦਾ ਨਵਾਂ ਕੈਲ਼ੰਡਰ ਜਾਰੀ ਕਰਕੇ ਆਪਣੀ ਅਸਲ ਮਾਨਸਿਕਤਾ ਜੱਗ ਜ਼ਾਹਰ ਕਰ ਦਿੱਤੀ ਹੈ। ਪਿਛਲੇ ਦੋ ਦਹਾਕਿਆਂ ਤੋਂ ਮਾਰਕਫੈੱਡ ਵੱਲੋਂ ਸਾਡੇ ਗੁਰੂਆਂ ਅਤੇ ਗੁਰੂ-ਘਰਾਂ ਨਾਲ ਸਬੰਧਤ ਇਤਿਹਾਸ ਨੂੰ ਰੂਪਮਾਨ ਕਰਦੇ ਨਵੇਂ ਸਾਲ ਦੇ ਕੈਲੰਡਰ ਜਾਰੀ ਹੁੰਦੇ ਆਏ ਹਨ। ਪਰ ਇਸ ਵਾਰ ਆਪਣੀ ਫੋਟੋ ਵਾਲਾ ਕੈਲੰਡਰ ਜਾਰੀ ਕਰਕੇ ਮਾਨ ਸਾਹਿਬ

ਇਹ ਸਪਸ਼ਟ ਕਰਦੇ ਹਨ ਕਿ ਸੱਤਾ ਦਾ ਨਸ਼ਾ ਕਿਸ ਹੱਦ ਤੱਕ ਇਨਸਾਨ ਨੂੰ ਆਪਣੇ ਸਿਧਾਂਤਾਂ ਅਤੇ ਅਸੂਲਾਂ ਤੋਂ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਸਾਡੇ ਮਾਣਯੋਗ ਮੁੱਖ ਮੰਤਰੀ ਨੂੰ ਆਪਣੀਆਂ ਤਸਵੀਰਾਂ ਲਗਾਉਣ ਦਾ ਚਾਅ ਇਸ ਹੱਦ ਤੱਕ ਸਿਰ ਚੜ੍ਹਕੇ ਅਸਵਾਰ ਹੋ ਚੁੱਕਾ ਹੈ ਕਿ ਉਹ, ਅੱਜ ਆਪਣੇ ਪਹਿਲੇ ਸਟੈਂਡ ਤੋਂ ਹੀ ਪਿੱਛੇ ਨਹੀਂ ਹਟਿਆ, ਸਗੋਂ ਸਾਡੇ ਗੁਰੂਆਂ, ਦੇਸ਼ ਭਗਤਾਂ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਦੀਆਂ ਯਾਦਗਾਰੀ ਇਮਾਰਤਾਂ ਉੱਤੋਂ ਵੀ ਉਹਨਾਂ ਦੇ ਨਾਂ ਮਿਟਾਕੇ ਆਪਣੀ ਨਿੱਜੀ ਹੋਂਦ ਪੈਦਾ ਕਰਨ ਦਾ ਯਤਨ ਕਰ ਰਿਹਾ ਹੈ। ਪਿਛਲੀਆਂ ਸਰਕਾਰਾਂ ਸਮੇਂ ਸਰਕਾਰੀ ਸਕੀਮਾਂ ਦੀ ਸਮੱਗਰੀ ਉੱਤੇ ਸਿਆਸੀ ਲੀਡਰਾਂ ਦੀਆਂ ਲੱਗੀਆਂ ਫੋਟੋਆਂ ਤੇ ਤੰਜ ਕਸਣ ਵਾਲੇ ਅੱਜ ਦੇ ਮੁੱਖ ਮੰਤਰੀ ਦੀ ਸਰਕਾਰੀ ਇਸ਼ਤਿਹਾਰਾਂ, ਪ੍ਰਚਾਰ ਸਮੱਗਰੀ, ਸਰਕਾਰੀ ਇਮਾਰਤਾਂ ਅਤੇ ਕੈਲੰਡਰਾਂ ਉੱਪਰ ਲੱਗੀ ਫੋਟੋ ਦੇਖਕੇ ਆਮ ਲੋਕਾਂ ਵਿੱਚ ਚਰਚਾ ਛਿੜੀ ਹੋਈ ਹੈ ਕਿ ਭਗਵੰਤ ਮਾਨ ਆਪਣੇ ਲਏ ਸਟੈਂਡ ਤੋਂ ਪਿੱਛੇ ਹਟਕੇ ਪਹਿਲੇ ਰਾਜਨੀਤਕ ਲੀਡਰਾਂ ਦੇ ਰਾਹਾਂ ‘ਤੇ ਆਪ ਹੀ ਚੱਲਣ ਲੱਗੇ ਹਨ। ਇੰਝ ਪ੍ਰਤੀਤ ਹੋ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਦੇ ਉਲਟ ਕੁਝ ਵੀ ਨਹੀਂ ਬਦਲਿਆ। ਜੇਕਰ ਬਦਲਿਆ ਹੈ ਤਾਂ ਕੇਵਲ ਨਾਮ ਅਤੇ ਫੋਟੋ ਹੀ ਬਦਲੀਆਂ ਹਨ। ਬਾਕੀ ਹੋਰ ਕੋਈ ਬਦਲਾਅ ਆਇਆ ਪ੍ਰਤੀਤ ਨਹੀਂ ਹੋ ਰਿਹਾ। 

ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਹਜ਼ਾਰ ਤੇਈ ਦੇ ਚੜ੍ਹਦੇ ਹੀ ਨਵੇਂ ਸਾਲ ‘ਤੇ ਇਤਿਹਾਸਕ ਬਦਲਾਅ ਕਰਦਿਆਂ ਪੰਜਾਬ ਸਰਕਾਰ ਦੇ ਅਦਾਰਾ ਮਾਰਕਫੈੱਡ ਦੇ ਨਵੇਂ ਸਾਲ ਦੇ ਕੈਲੰਡਰ ‘ਤੇ ਆਪਣੀ ਫੋਟੋ ਛਪਵਾਕੇ ਅੱਜ ਰਾਜਨੀਤਕ ਅਤੇ ਧਾਰਮਿਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਪਿਛਲੇ ਦੋ ਦਹਾਕਿਆਂ ਤੋਂ ਮਾਰਕਫੈੱਡ ਨੇ ਆਪਣੇ ਅਦਾਰੇ ਦੇ ਹਰ ਸਾਲ ਨਵੇਂ ਵਰਹੇ ਤੇ ਜਾਰੀ ਕਰਨ ਵਾਲੇ ਕੈਲੰਡਰ ਰਾਹੀਂ ਸਾਡੇ ਗੁਰੂਆਂ ਅਤੇ ਗੁਰੂ-ਘਰਾਂ ਦੀਅਾਂ ਫੋਟੋ ਲਗਾਕੇ ਸਾਡੀ ਰਵਾਇਤੀ ਮਰਿਆਦਾ ‘ਤੇ ਪਹਿਰਾ ਦਿੱਤਾ ਹੋਇਆ ਸੀ। ਪਰ ਮਾਰਕਫੈੱਡ ਦੀ ਇਸ ਇਤਿਹਾਸਕ ਰਵਾਇਤ ਨੂੰ ਤੋੜਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵਾਰ ਕੈਲੰਡਰ ਉੱਤੇ ਆਪਣੀ ਤਸਵੀਰ ਛਪਵਾਕੇ ਪਿਛਲੇ 20 ਵਰਹਿਆਂ ਤੋਂ ਚੱਲੀ ਆ ਰਹੀ  ਇਸ ਇਤਿਹਾਸਕ ਰਵਾਇਤ ਨੂੰ ਤੋੜਦਿਆਂ ਇੱਕ ਨਵੀਂ ਪਿਰਤ ਪਾ ਕੇ ਆਪਣੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਜਦੋਂ ਕਿ ਮਾਰਕਫੈੱਡ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਉਤਸਵ ਉੱਤੇ ਸਾਲ 2019 ਅਤੇ 2020 ਦਾ ਕੈਲੰਡਰ ਗੁਰੂ ਜੀ ਦੀ ਤਸਵੀਰ ਛਾਪਕੇ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਸੀ। ਇਸੇ ਤਰ੍ਹਾਂ ਅਦਾਰੇ ਨੇ ਸਾਲ 2021 ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ 2022 ਵਿੱਚ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੀ ਤਸਵੀਰ ਲਗਾਈ ਸੀ।

ਸੂਤਰ ਦੱਸਦੇ ਹਨ ਕਿ ਇਸ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਇਸ ਨਵੇਂ ਸਾਲ ਦੇ ਵਰ੍ਹੇ ‘ਤੇ ਵੀ ਅਦਾਰਾ ਮਾਰਕਫੈੱਡ ਦੀ ਸਿੱਖ ਧਰਮ ਨਾਲ ਹੀ ਸਬੰਧਤ ਕੈਲੰਡਰ ਜਾਰੀ ਕੀਤੇ ਜਾਣ ਦੀ ਯੋਜਨਾ ਸੀ, ਪਰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਆਪਣੀ ਨਿੱਜੀ ਦਖਲਅੰਦਾਜ਼ੀ ਕਰਕੇ ਇਸ ਨਵੇਂ ਵਰ੍ਹੇ ਦੇ ਕੈਲੰਡਰ ਉੱਤੇ ਆਪਣੀ ਤਸਵੀਰ ਲਗਾਉਣ ਨੂੰ ਤਰਜੀਹ ਦਿੱਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਜਿਹਾ ਫੈਸਲਾ ਕਰਕੇ ਅਤੇ ਇਸ ਤਰਾਂ ਦੀਆਂ ਸਾਡੀਆਂ ਧਾਰਮਿਕ ਅਤੇ ਸੱਭਿਆਚਾਰਕ ਰਹੁ-ਰੀਤਾਂ ਵਿੱਚ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰਦਿਆਂ ਅਜਿਹੇ ਬਦਲਾਅ ਕਰਕੇ ਕੀ ਸਾਬਤ ਕਰਨਾ ਚਹੁੰਦੇ ਹਨ? ਅਜਿਹਾ ਕਰਕੇ ਉਹ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਹੁੰਦੇ ਹ ?  ਵਰਤਮਾਨ ਦਾ ਭਵਿੱਖ ਨੂੰ ਇਹ ਇੱਕ ਸੰਜੀਦਾ ਸਵਾਲ ਹੈ।
***
ਬਲਜਿੰਦਰ ਭਨੋਹੜ
ਸੰਪਾਦਕ, ਪੰਜਾਬਈਮੇਜ.ਕਮ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1012
***

About the author

ਬਲਜਿੰਦਰ ਭਨੋਹੜ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਬਲਜਿੰਦਰ ਭਨੋਹੜ
ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਚਪਨ ਤੋਂ ਹੀ ਜੁੜਿਆ ਆ ਰਿਹਾ ਬਲਜਿੰਦਰ ਭਨੋਹੜ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਸਾਹਿਤ ਨਾਲ ਕਾਲਜ ਮੈਗਜ਼ੀਨਾਂ, ਅਖ਼ਬਾਰਾਂ, ਮੈਗਜ਼ੀਨਾਂ, ਪੰਜਾਬੀ ਮਿਊਜ਼ਕ ਕੰਪਨੀਆਂ ਵਿੱਚ ਬਤੌਰ ਗੀਤਕਾਰ ਤੋਂ ਇਲਾਵਾ ਉੱਘੇ ਪੰਜਾਬੀ ਟੀਵੀ ਰਾਹੀਂ ਜੁੜਿਆ ਰਿਹਾ ਹੈ।

ਬਲਜਿੰਦਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਕਵਿਤਾਵਾਂ, ਗੀਤਾਂ, ਲੇਖਾਂ ਅਤੇ ਛੋਟੇ ਪਰਦੇ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੜੀਵਾਰ ਸੀਰੀਅਲ ਦੇ ਬਤੌਰ ਸਕ੍ਰਿਪਟ ਲੇਖਕ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ।

ਆਪਣੀ ਮਾਤ ਭੋਇੰ ਤੋਂ ਹਜ਼ਾਰਾਂ ਕੋਹਾਂ ਦੂਰ ਸੱਤ ਸਮੁੰਦਰੋਂ ਪਾਰ ਕਨੇਡਾ ਦੀ ਧਰਤੀ ‘ਤੇ ਅੱਜ ਵੀ ਨਿਰੰਤਰ ਆਪਣੇ ਸੋਹਣੇ ਅਤੇ ਮਨ-ਮੋਹਣੇ ਪੰਜਾਬ, ਮਾਖਿਓਂ ਮਿੱਠੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਨਾਲ ਜੁੜਕੇ, ਕਨੇਡਾ ਤੋਂ  ਇੱਕ ਨਿਵੇਕਲਾ ਵੈੱਬ ਨਿਊਜ਼ ਪੋਰਟਲ www.punjabimage.com ਆਪਣੇ ਸਾਥੀ ਸ. ਸੁਰਿੰਦਰ ਸਿੰਘ ਨਾਲ ਮਿਲਕੇ ਚਲਾ ਰਹੇ ਹਨ।

ਬਲਜਿੰਦਰ ਭਨੋਹੜ

ਬਲਜਿੰਦਰ ਭਨੋਹੜ ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਚਪਨ ਤੋਂ ਹੀ ਜੁੜਿਆ ਆ ਰਿਹਾ ਬਲਜਿੰਦਰ ਭਨੋਹੜ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਸਾਹਿਤ ਨਾਲ ਕਾਲਜ ਮੈਗਜ਼ੀਨਾਂ, ਅਖ਼ਬਾਰਾਂ, ਮੈਗਜ਼ੀਨਾਂ, ਪੰਜਾਬੀ ਮਿਊਜ਼ਕ ਕੰਪਨੀਆਂ ਵਿੱਚ ਬਤੌਰ ਗੀਤਕਾਰ ਤੋਂ ਇਲਾਵਾ ਉੱਘੇ ਪੰਜਾਬੀ ਟੀਵੀ ਰਾਹੀਂ ਜੁੜਿਆ ਰਿਹਾ ਹੈ। ਬਲਜਿੰਦਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਕਵਿਤਾਵਾਂ, ਗੀਤਾਂ, ਲੇਖਾਂ ਅਤੇ ਛੋਟੇ ਪਰਦੇ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੜੀਵਾਰ ਸੀਰੀਅਲ ਦੇ ਬਤੌਰ ਸਕ੍ਰਿਪਟ ਲੇਖਕ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ। ਆਪਣੀ ਮਾਤ ਭੋਇੰ ਤੋਂ ਹਜ਼ਾਰਾਂ ਕੋਹਾਂ ਦੂਰ ਸੱਤ ਸਮੁੰਦਰੋਂ ਪਾਰ ਕਨੇਡਾ ਦੀ ਧਰਤੀ ‘ਤੇ ਅੱਜ ਵੀ ਨਿਰੰਤਰ ਆਪਣੇ ਸੋਹਣੇ ਅਤੇ ਮਨ-ਮੋਹਣੇ ਪੰਜਾਬ, ਮਾਖਿਓਂ ਮਿੱਠੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਨਾਲ ਜੁੜਕੇ, ਕਨੇਡਾ ਤੋਂ  ਇੱਕ ਨਿਵੇਕਲਾ ਵੈੱਬ ਨਿਊਜ਼ ਪੋਰਟਲ www.punjabimage.com ਆਪਣੇ ਸਾਥੀ ਸ. ਸੁਰਿੰਦਰ ਸਿੰਘ ਨਾਲ ਮਿਲਕੇ ਚਲਾ ਰਹੇ ਹਨ।

View all posts by ਬਲਜਿੰਦਰ ਭਨੋਹੜ →