2 February 2023

ਲੋਹੜੀ ਦਾ ਤਿਉਹਾਰ ਅਤੇ ਮਾਘ ਮਹੀਨੇ ਦਾ ਮਾਘੀ ਮੇਲਾ—ਬਲਜਿੰਦਰ ਭਨੋਹੜ

 

1. ਲੋਹੜੀ ਦਾ ਤਿਉਹਾਰ ਅਤੇ 2 ਮਾਘ ਮਹੀਨੇ ਦਾ ਮਾਘੀ ਮੇਲਾ

1. ਲੋਹੜੀ ਦਾ ਤਿਉਹਾਰ 

ਲੋਹੜੀ ਦਾ ਤਿਉਹਾਰ ਭਾਵੇਂ ਕੋਈ ਧਾਰਮਿਕ ਮਹੱਤਤਾ ਨਹੀਂ ਰੱਖਦਾ, ਪਰ ਇਹ ਸੱਭਿਆਚਾਰਕ ਪੱਖ ਤੋਂ ਬਹੁਤ ਖ਼ਾਸ ਤਿਉਹਾਰ ਹੈ। ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ। ਇਸ ਮਹੀਨੇ ਫ਼ਸਲਾਂ ਦੀ ਬਿਜਾਈ ਤਕਰੀਬਨ-ਤਕਰੀਬਨ ਹੋ ਚੁੱਕੀ ਹੁੰਦੀ ਹੈ, ਬੱਸ ਥੋੜ੍ਹੀ ਬਹੁਤ ਦੇਖ ਭਾਲ ਹੀ ਬਾਕੀ ਹੁੰਦੀ ਹੈ। ਲੋਹੜੀ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਿਤ ਹੋਣ ਦਾ ਸਮਾਂ ਹੁੰਦਾ ਹੈ।

ਲੋਹੜੀ–ਤਸਵੀਰ: punjabimage.com ਦੇ ਧੰਨਵਾਦ ਨਾਲ

ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਨਵ-ਵਿਆਹੀ ਵਹੁਟੀ ਆਈ ਹੋਵੇ, ਉਸ ਦੀ ਪਹਿਲੀ ਲੋਹੜੀ ਨੂੰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘੱਟ ਜਾਣ ਨਾਲ ਜੋੜਦੇ ਹਨ। ਸੂਰਜ ਦੇ ਚਾਨਣ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ। ਲੋਹੜੀ ਦੇ ਤਿਉਹਾਰ ਦਾ ਸਬੰਧ ਭਾਵੇਂ ਮੂਲ ਰੂਪ ਵਿਚ ਮੌਸਮ ਨਾਲ ਜੁੜਿਆ ਹੈ, ਪਰ ਇਸ ਤਿਉਹਾਰ ਨਾਲ ਕਈ ਦੰਦ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਕੁਝ ਲੋਕ ਇਸ ਤਿਉਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ ‘ਲੋਈ’ ਦੇ ਨਾਂਅ ਨਾਲ ਵੀ ਜੋੜਦੇ ਹਨ ਕਿ ‘ਲੋਈ’ ਦੇ ਨਾਂਅ ਤੋਂ ਹੀ ‘ਲੋਹੜੀ’ ਦਾ ਨਾਂਅ ਪਿਆ ਹੈ। ਕੁਝ ਲੋਕ ਲੋਹੜੀ ਸ਼ਬਦ ‘ਲੋਹ’ ਸ਼ਬਦ ਤੋਂ ਪਿਆ ਦੱਸਦੇ ਹਨ, ਜਿਸ ਦਾ ਅਰਥ ਰੌਸ਼ਨੀ ਅਤੇ ਸੇਕ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿਲ ਅਤੇ ਰਿਉੜੀਆਂ ਸ਼ਬਦਾਂ ਦੇ ਸੁਮੇਲ ਤੋਂ ਇਹ ਸ਼ਬਦ ਬਣਿਆ ਹੈ, ਪਹਿਲਾਂ ਇਹ ‘ਤਿਲੋਹੜੀ’ ਸੀ, ਪਰ ਬਾਅਦ ਵਿਚ ‘ਲੋਹੜੀ’ ਮਸ਼ਹੂਰ ਹੋ ਗਿਆ। ਲੋਹੜੀ ਦਾ ਇਤਿਹਾਸ ਅਕਬਰ ਬਾਦਸ਼ਾਹ ਦੇ ਸਮੇਂ ‘ਦੁੱਲਾ ਭੱਟੀ’ ਨਾਂਅ ਦੇ ਕਿਰਦਾਰ ਨਾਲ ਵੀ ਜੋੜਿਆ ਜਾਂਦਾ ਹੈ, ਜੋ ਅਮੀਰ ਲੋਕਾਂ ਨੂੰ ਲੁੱਟ ਕੇ ਸਾਰਾ ਧਨ ਗ਼ਰੀਬਾਂ ਵਿਚ ਵੰਡ ਦਿੰਦਾ ਸੀ। ਇਕ ਵਾਰ ਉਸ ਨੇ ਅਗਵਾਕਾਰਾਂ ਦੇ ਚੁੰਗਲ ਵਿਚੋਂ ਇਕ ਲੜਕੀ ਨੂੰ ਛੁਡਾਇਆ ਤੇ ਆਪਣੀ ਧਰਮ ਦੀ ਧੀ ਬਣਾ ਲਿਆ। ਇਕ ਹੋਰ ਲਿਖਤ ਅਨੁਸਾਰ ਕਿਸੇ ਗ਼ਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂਅ ਦੀਆਂ ਦੋ ਬਹੁਤ ਖੂਬਸੂਰਤ ਧੀਆਂ ਸਨ, ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ। ਉਸ ਸਮੇਂ ਦੇ ਹਾਕਮ ਦੀ ਨਜ਼ਰੀਂ ਇਹ ਲੜਕੀਆਂ ਚੜ੍ਹ ਗਈਆਂ ਤੇ ਉਹ ਹਾਕਮ ਦੋਵਾਂ ਭੈਣਾਂ ਤੇ ਮੈਲੀ ਅੱਖ ਰੱਖਣ ਲੱਗ ਪਿਆ। ਦੁੱਲੇ ਭੱਟੀ ਨੇ ਕੁੜੀਆਂ ਦੇ ਵਿਆਹ ਕਰਵਾਉਣ ਦਾ ਵਚਨ ਦਿੱਤਾ। ਲੜਕੀਆਂ ਦੇ ਸਹੁਰੇ, ਹਾਕਮਾਂ ਤੋਂ ਡਰਦੇ ਮਾਰੇ, ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ। ਦੁੱਲੇ ਭੱਟੀ ਨੇ ਲਾਗਲੇ ਪਿੰਡਾਂ ਵਿਚੋਂ ਦਾਨ ਦੇ ਰੂਪ ਵਿਚ ਗੁੜ, ਸ਼ੱਕਰ, ਬਾਲਣ, ਦਾਣੇ ਇਕੱਠੇ ਕੀਤੇ। ਲੋਕ ਸੁੰਦਰੀ ਤੇ ਮੁੰਦਰੀ ਦੇ ਵਿਆਹ ‘ਤੇ ਇਕੱਠੇ ਹੋਏ। ਦੁੱਲੇ ਭੱਟੀ ਨੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ ‘ਤੇ ਸੇਰ-ਸੇਰ ਸ਼ੱਕਰ ਪਾਈ। ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਦੁੱਲਾ ਭੱਟੀ ਏਨਾ ਮਸ਼ਹੂਰ ਹੋ ਗਿਆ ਕਿ ਅੱਜ ਵੀ ਜਦ ਬੱਚੇ ਘਰਾਂ ਵਿਚੋਂ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ ਹਨ।

ਸੁੰਦਰ ਮੁੰਦਰੀਏ-ਹੋ!
ਤੇਰਾ ਕੌਣ ਵਿਚਾਰਾ-ਹੋ!
ਦੁੱਲਾ ਭੱਟੀ ਵਾਲਾ-ਹੋ!
ਦੁੱਲੇ ਨੇ ਧੀ ਵਿਆਈ-ਹੋ!
ਸੇਰ ਸ਼ੱਕਰ ਪਾਈ-ਹੋ!….

ਲੋਹੜੀ ਤੋਂ 10-15 ਦਿਨ ਪਹਿਲਾਂ ਮੁੰਡੇ ਕੁੜੀਆਂ (ਅੱਜਕਲ੍ਹ ਤਾਂ ਬੱਚੇ) ਟੋਲੀਆਂ ਬਣਾ ਕੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ ਕਿ :

ਦੇਹ ਮਾਈ ਪਾਥੀ, ਤੇਰਾ ਪੁੱਤ ਚੜੂਹਗਾ ਹਾਥੀ।
ਦੇਹ ਮਾਈ ਲੋਹੜੀ, ਤੇਰਾ ਪੁੱਤ ਚੜੂਹਗਾ ਘੋੜੀ।

ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਕਾਹਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ:

ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।

ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਗਾਉਂਦੀਆਂ ਹੋਈਆਂ ਅਗਲੇ ਘਰ ਲਈ ਰਵਾਨਾ ਹੋ ਜਾਂਦੀਆਂ ਹਨ:

ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।

ਲੋਹੜੀ ਵਾਲੀ ਰਾਤ ਜਿਸ ਘਰ ਨਵਾਂ ਵਿਆਹ ਹੋਵੇ ਜਾਂ ਮੁੰਡੇ ਦਾ ਜਨਮ ਹੋਇਆ ਹੋਵੇ, ਦੇ ਸੱਦੇ ‘ਤੇ ਕਿਸੇ ਖੁੱਲ੍ਹੇ ਥਾਂ ‘ਤੇ ਲੱਕੜਾਂ ਦਾ ਢੇਰ ਲਗਾ ਕੇ ਅੱਗ ਬਾਲ਼ੀ ਜਾਂਦੀ ਹੈ ਤੇ ਸਾਰੇ ਲੋਕ ਉਸ ਅੱਗ ਦੁਆਲੇ ਇਕੱਠੇ ਹੋ ਜਾਂਦੇ ਹਨ ਤੇ ਮੂੰਗਫਲੀ ਰਿਉੜੀਆਂ, ਗੱਚਕ ਤੇ ਹੋਰ ਕਈ ਪਕਵਾਨ ਖਾਂਦੇ ਹਨ ਤੇ ਅੱਗ ਵਿਚ ਤਿੱਲ ਸੁੱਟ ਕੇ ਬੋਲਦੇ ਹਨ ਕਿ

ਈਸ਼ਰ ਆ, ਦਲਿੱਦਰ ਜਾ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।

ਅੱਗ ਵਿਚ ਤਿੱਲ ਸੁੱਟਦੇ ਸਮੇਂ ਇਹ ਧਾਰਨਾ ਹੁੰਦੀ ਹੈ ਕਿ ਜਿੰਨੇ ਤਿਲ ਜਠਾਣੀ ਅੱਗ ਵਿਚ ਸੁੱਟੇਗੀ, ਉਨ੍ਹੇ ਹੀ ਦਰਾਣੀ ਮੁੰਡੇ ਜੰਮੇਗੀ। ਲੋਹੜੀ ਵਾਲੇ ਦਿਨ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਮੂਲੀ, ਗੰਨੇ, ਮੂੰਗਫਲੀ, ਰਿਉੜੀਆਂ, ਗੱਚਕ, ਭੁੱਗਾ, ਖਿੱਲਾਂ, ਖਜੂਰਾਂ, ਗੰਨੇ ਦੇ ਰਸ (ਰਹੂ ਦੀ ਖੀਰ) ਤੇ ਖਿਚੜੀ ਬਣਾਈ ਜਾਂਦੀ ਹੈ। ਅਗਲੇ ਦਿਨ ਮਾਘੀ ‘ਤੇ ਖਾਧੀ ਜਾਂਦੀ ਹੈ। ਇਸੇ ਲਈ ਆਖਦੇ ਹਨ ਕਿ  ‘ਪੋਹ ਰਿੰਨ੍ਹੀ ਮਾਘ ਖਾਧੀ।’

ਪਰ ਅੱਜਕਲ੍ਹ ਇਹ ਲੋਹੜੀ ਦਾ ਤਿਉਹਾਰ ਸਿਰਫ ਸਕੂਲਾਂ ਕਾਲਜਾਂ ਦੇ ਮੰਚਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਕਈ ਵਿਦਵਾਨ ਲੋਕਾਂ ਦੀ ਸਮਝ ਸਦਕਾ ਇਹ ਤਿਉਹਾਰ ਹੁਣ ਧੀਆਂ ਦੀ ਲੋਹੜੀ ਕਰਕੇ ਵੀ ਮਨਾਇਆ ਜਾਣ ਲੱਗਾ ਹੈ। ਧੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਤੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਹੀਆਂ ਹਨ, ਚਾਹੇ ਉਹ ਖੇਡਾਂ ਦਾ ਖੇਤਰ, ਚਾਹੇ ਪੜ੍ਹਾਈ ਦਾ ਖੇਤਰ, ਚਾਹੇ ਸੰਗੀਤ ਦਾ ਖੇਤਰ ਤੇ ਚਾਹੇ ਕੋਈ ਹੋਰ ਖੇਤਰ ਹੋਵੇ, ਹਰ ਖੇਤਰ ਵਿਚ ਧੀਆਂ ਨੇ ਮੱਲਾਂ ਮਾਰੀਆਂ ਹਨ। ਕੰਪਿਊਟਰੀਕਰਨ ਦੇ ਇਸ ਯੁੱਗ ਵਿਚ ਸਾਨੂੰ ਆਪਣੀ ਰੂੜੀਵਾਦੀ ਸੋਚ ਨੂੰ ਛੱਡਣਾ ਪਵੇਗਾ। ਅੱਜ ਦੇ ਜ਼ਮਾਨੇ ਵਿਚ ਧੀ ਪੁੱਤ ਵਿਚ ਕੋਈ ਫ਼ਰਕ ਨਹੀਂ ਰੱਖਣਾ ਚਾਹੀਦਾ। ਭਰੂਣ ਹੱਤਿਆ ਵਰਗੇ ਬੱਜਰ ਗੁਨਾਹਾਂ ਤੋਂ ਤੋਬਾ ਕਰਨੀ ਹੋਵੇਗੀ ਤਾਂ ਹੀ ਲੋਹੜੀ ਵਰਗੇ ਤਿਉਹਾਰ ਮਨਾਉਣੇ ਸਭ ਲਈ ਸਾਰਥਕ ਹੋਣਗੇ। ਲੋਹੜੀ ਵਾਲੇ ਦਿਨ ਲੋਕੀਂ ਘਰਾਂ ਦੀਆਂ ਛੱਤਾਂ ਉੱਪਰ ਚੜ੍ਹ ਕੇ ਰੰਗ ਬਿਰੰਗੀਆਂ ਪਤੰਗਾਂ ਵੀ ਉਡਾਉਂਦੇ ਹਨ ਤੇ ਉੱਚੀ-ਉੱਚੀ ਰੌਲਾ ਪਾਉਂਦੇ ਹਨ ਤੇ ਖੁਸ਼ੀਆਂ ਮਨਾਉਂਦੇ ਹਨ।
***

ਮਾਘ ਮਹੀਨੇ ਦਾ ਮਾਘੀ ਮੇਲਾ

ਦੇਸੀ ਮਹੀਨਿਆਂ ਦਾ ਵਜੂਦ ਪੁਰਾਤਨ ਸਮਿਆਂ ਤੋਂ ਆਪਣੀ ਹੋਂਦ ਵਿੱਚ ਜਿਉਂਦਾ ਆ ਰਿਹਾ ਹੈ। ਮੌਸਮ ਦੀ ਤਬਦੀਲੀ ਅਤੇ ਰੁੱਤਾਂ ਦੀ ਆਮਦ ਦਾ ਵਰਨਣ ਇਹਨਾਂ ਦੇਸੀ ਮਹੀਨਿਆਂ ਨਾਲ ਨਹੁੰ ਅਤੇ ਮਾਸ ਦੇ ਰਿਸ਼ਤੇ ਦੀ ਤਰਾਂ ਜੁੜਿਆ ਹੋਇਆ ਹੈ। ਪੰਜਾਬ ਦੇ ਇਹ ਦੇਸੀ ਮਹੀਨੇ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਅਤੇ ਸਾਡੇ ਵਿਰਸੇ ਦੀ ਇੱਕ ਅਮਰ ਕਹਾਣੀ ਵੀ।

ਮਾਘ ਦਾ ਮਹੀਨਾ ਨਾਨਕਸ਼ਾਹੀ ਜੰਤਰੀ ਦਾ ਗਿਆਰੵਵਾਂ ਮਹੀਨਾ ਹੈ। ਇਹ ਮਹੀਨਾ ਗ੍ਰੈਗਰੀ ਅਤੇ ਯੂਲੀਅਨ ਕੈਲੰਡਰਾਂ ਵਿੱਚ ਜਨਵਰੀ ਅਤੇ ਫਰਵਰੀ ਦੇ ਵਿਚਕਾਰ ਆਉਂਦਾ ਹੈ। ਮਾਘ ਦੇ ਮਹੀਨੇ ਵਿੱਚ 30 ਦਿਨ ਹੁੰਦੇ ਹਨ। ਇਹ ਮਹੀਨਾ “ਤਿਉਹਾਰਾਂ ਦਾ ਮਹੀਨਾ” ਦੇ ਨਾਂ ਨਾਲ ਮਸ਼ਹੂਰ ਹੈ। ਕਿਉਂਕਿ ਮਾਘ ਮਹੀਨੇ ਦਾ ਆਗਾਜ਼ ਤਿਉਹਾਰਾਂ ਦੀ ਆਮਦ ਨਾਲ ਸੁਰੂ ਹੁੰਦਾ ਹੈ। ਮਾਘੀ ਦਾ ਦਿਹਾੜਾ ਮਾਘ ਮਹੀਨੇ ਦੀ ਸੰਗਰਾਂਦ ਭਾਵ ਮਹੀਨੇ ਮਾਘ ਦਾ ਪਹਿਲਾ ਦਿਨ ਹੁੰਦਾ ਹੈ। ਪੁਰਾਤਨ ਸਮਿਆਂ ਤੋਂ ਹੀ ਇਹ ਦਿਨ ਧਾਰਮਿਕ ਪੱਖੋਂ ਪਵਿੱਤਰ ਦਿਹਾੜੇ ਦੇ ਤੌਰ ਤੇ ਮੰਨਿਆ ਜਾਂਦਾ ਹੈ। ਮਾਘ ਦੀ ਸੰਗਰਾਂਦ ਉੱਤੇ ਮਾਘੀ ਦਾ ਮੇਲਾ ਲੱਗਦਾ ਹੈ। ਇਸੇ ਦਿਨ ਤੋਂ ਮੌਸਮ ਵਿੱਚ ਬਦਲਾਵ ਆਉਣਾ ਸੁਰੂ ਹੋ ਜਾਂਦਾ ਹੈ। ਸਰਦ ਰੁੱਤ ਜਾਣ ਲਈ ਪੁਲਾਂਘਾਂ ਪੱਟਣ ਲੱਗ ਪੈਂਦੀ ਹੈ ਅਤੇ ਕੁਦਰਤ ਬਨਸਪਤੀ ਦੇ ਮੁੜ ਫੁਟਾਰੇ ਲਈ ਸੁਹਾਵਣੇ ਮੌਸਮ ਨੂੰ ਦਸਤਕ ਦੇ ਦਿੰਦੀ ਹੈ। ਮਾਘ ਦਾ ਮਹੀਨਾ ਵਿਸ਼ੇਸ਼ ਤੌਰ ਤੇ ਧਾਰਮਿਕ ਸਥਾਨਾਂ ‘ਤੇ ਸਰੋਵਰਾਂ ਅਤੇ ਨਦੀਆਂ ਵਿੱਚ ਇਸ਼ਨਾਨ ਕਰਨ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ। 

ਅਸਲ ਵਿੱਚ ਮਾਘੀ ਦੇ ਦਿਹਾੜੇ ਦਾ ਲੋਹੜੀ ਦੇ ਤਿਉਹਾਰ ਨਾਲ ਖਾਸ ਸਬੰਧ ਮੰਨਿਆ ਜਾਂਦਾ ਹੈ। ਮਾਘੀ ਦਾ ਦਿਨ ਅਤੇ ਲੋਹੜੀ ਦੇ ਦਿਨ ਮਘਾਈ ਜਾਣ ਵਾਲੀ ਅੱਗ। ਭਾਵ ਲੋਹੜੀ ਦੇ ਦਿਹਾੜੇ ਦਾ ਸਬੰਧ ਮਘਣ ਨਾਲ, ਜਦ ਕਿ ਮਾਘੀ ਦੇ ਦਿਹਾੜੇ ਦਾ ਠੰਢ ਨਾਲ। ਲੋਹੜੀ ਦੇ ਮੌਕੇ ਰਾਤ ਭਰ ਖਾਧੀਆਂ ਗੁੜ ਦੀਆਂ ਰਿਉੜੀਆਂ, ਗੱਚਕ, ਮੂੰਗਫਲੀ ਅਤੇ ਤਿਲਾਂ ਦੇ ਭੁੱਗੇ ਆਦਿ ਗਰਮ ਪਦਾਰਥਾਂ ਨਾਲ ਸਰੀਰ ਦੀ ਗਰਮ ਹੋਈ ਤਸੀਰ ਨੂੰ ਠੰਢਾ ਕਰਨ ਲਈ ਦੂਸਰੇ ਦਿਨ ਸਵੇਰੇ ਨਿਰਨੇ ਕਾਲਜੇ ਖਾਲੀ ਪੇਟ ਗੰਨੇ ਦੇ ਰਸ ਵਿੱਚ ਰਿੰਨ੍ਹੀ ਖੀਰ ਜਾਂ ਦਹੀਂ ‘ਚ ਕਾਲੀ ਮਿਰਚ ਪਾ ਕੇ ਖਾਧੀ ਜਾਂਦੀ ਹੈ। ਇਸਨੂੰ “ਪੋਹ ਰਿੰਨ੍ਹੀ, ਮਾਘ ਖਾਧੀ” ਵੀ ਕਿਹਾ ਜਾਂਦਾ ਹੈ। ਮਾਘੀ ਦੀ ਸੰਗਰਾਂਦ ਦੇ ਦਿਨ ਸਵੇਰੇ ਉੱਠ ਠੰਢੇ ਪਾਣੀ ਨਾਲ ਇਸ਼ਨਾਨ ਕਰਨਾ ਵੀ ਸ਼ਾਇਦ ਇਸੇ ਸਬੰਧ ਨੂੰ ਦਰਸਾਉਂਦਾ ਹੈ। 

ਮਾਘ ਮਹੀਨਾ ਪੂਰੇ ਭਾਰਤ ਵਿੱਚ ਧਾਰਮਿਕ ਪੱਖ ਤੋਂ ਮਨਾਇਆ ਜਾਣ ਵਾਲਾ ਮਹੀਨਾ ਹੈ। ਇਸ ਮਹੀਨੇ ਅਨੇਕਾਂ ਮੇਲੇ ਲੱਗਦੇ ਹਨ। ਪਰ ਸਿੱਖ ਧਰਮ ਵਿੱਚ ਮਾਘ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਸ ਦਿਹਾੜੇ ‘ਤੇ ਪੰਜਾਬ ਵਿੱਚ ਮੁਕਤਸਰ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਬਹੁਤ ਭਾਰੀ ਮੇਲਾ ਲੱਗਦਾ ਹੈ ਜਿਸ ਵਿੱਚ ਵੱਡੀ ਤਾਦਾਦ ਵਿੱਚ ਸੰਗਤਾਂ, ਇਹਨਾਂ ਮੁਕਤਿਆਂ ਦੀ ਯਾਦ ਵਿੱਚ, ਸੁਬਹ-ਸਵੇਰੇ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਸਰੋਵਰ ਵਿੱਚ ਇਸ਼ਨਾਨ ਕਰਕੇ ਮੱਥਾ ਟੇਕਣ ਪੁੱਜਦੀਆਂ ਹਨ। ਮਾਘ ਮਹੀਨੇ ਵਾਰੇ ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਬਾਣੀ ਵਿੱਚ ਬੜਾ ਸੁੰਦਰ ਵਰਨਣ ਕੀਤਾ ਮਿਲਦਾ ਹੈ –

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸ਼ਨਾਨੁ ॥
ਹਰਿ ਕਾ ਨਾਮ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨ ॥
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨ ॥
ਸਚੇ ਮਾਰਗ ਚਲਦਿਆ ਉਸਤਤ ਕਰੇ ਜਹਾਨੁ ॥
ਅਠਸਠਿ ਤੀਰਥ ਸਗਨ ਪੁੰਨ ਜੀਅ ਦਇਆ ਪਰਵਾਨ ॥
ਜਿਸ ਨੋ ਦੇਵੇ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨੁ ॥ 
ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰ ਮਿਹਰਬਾਨੁ ॥ 

ਦੇਸੀ ਮਹੀਨੇ ਪੰਜਾਬੀ ਸੱਭਿਆਚਾਰ ਦੀ ਇੱਕ ਅਮੀਰ ਵਿਰਾਸਤ ਹਨ ਅਤੇ ਪੰਜਾਬੀ ਸਾਹਿਤ ਲੋਕ ਰੰਗਾਂ ਵਿੱਚ ਵੀ ਇਹਨਾਂ ਦਾ ਵਿਸ਼ੇਸ਼ ਜਿਕਰ ਕੀਤਾ ਮਿਲਦਾ ਹੈ। ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਮਾਘ ਮਹੀਨੇ ਦੀ ਸੰਗਰਾਂਦ ਦਾ ਬੜੀ ਬਾਖ਼ੂਬੀ ਨਾਲ ਕਾਵਿ ਚਿਤਰਣ ਕੀਤਾ ਹੈ –

ਮਾਂ ਨੀ ਮਾਂ
ਜੇ ਇਜਾਜ਼ਤ ਦਏਂ ਤਾਂ
ਮੈਂ ਇੱਕ ਵਾਰੀ ਲੈ ਲਵਾਂ
ਮਾਘ ਦੀ ਹਾਏ ਸੁੱਚੜੀ
ਸੰਗਰਾਂਦ ਵਰਗਾ ਤੇਰਾ ਨਾਂ।

ਮੁਕਤਸਰ ਵਿਖੇ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਮਾਘੀ ਦੇ ਮੇਲੇ ਦਾ ਇਤਿਹਾਸ ਦਸਵੇਂ ਗੁਰੂ ਸਾਹਿਬਾਨ ਦੀ ਮੁਗਲਾਂ ਦੇ ਵਿਰੁੱਧ ਲੜੀ ਅਖੀਰਲੀ ਜੰਗ ਦੇ ਇਤਿਹਾਸ ਦੀ ਦਾਸਤਾਨ ਨਾਲ ਸਬੰਧਤ ਹੈ। ਗੁਰਦੁਆਰਾ ਮੁਕਤਸਰ ਸਾਹਿਬ ਦੇ ਪਵਿੱਤਰ ਅਸਥਾਨ ‘ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਵਿਰੁੱਧ ਆਪਣੀ ਆਖਰੀ ਜੰਗ ਜਿੱਤੀ ਸੀ। ਗੁਰੂ ਜੀ ਵੱਲੋਂ ਲੜੀ ਇਹ ਜੰਗ “ਖਿਦਰਾਣੇ ਦੀ ਜੰਗ” ਦੇ ਨਾਂ ਨਾਲ ਜਾਣੀ ਜਾਂਦੀ ਹੈ। ਸੰਨ 1705 ਈਸਵੀ ਵਿੱਚ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਪਿੱਛੋਂ ਦਸਮੇਸ਼ ਪਿਤਾ ਜੀ ਧਰਮ ਯੁੱਧ ਦੌਰਾਨ ਮੁਗਲਾਂ ਨਾਲ ਯੁੱਧ ਕਰਦਿਆਂ ਵੱਖ-ਵੱਖ ਇਲਾਕਿਆਂ ‘ਚੋਂ ਵਿਚਰਦੇ ਹੋਏ ਪੰਜਾਬ ਵਿੱਚ ਮਾਲਵੇ ਦੀ ਧਰਤੀ ਤੇ ਪ੍ਰਵੇਸ਼ ਕਰ ਗਏ। ਗੁਰੂ ਜੀ ਦੀ ਆਪਣੇ ਸਿੱਖ ਸਿਪਾਹੀਆਂ ਨਾਲ ਖਦਰਾਣੇ ਦੀ ਢਾਬ ਉੱਤੇ ਮੁਗ਼ਲਾਂ ਨਾਲ ਟੱਕਰ ਹੋਈ। ਜਿਕਰਯੋਗ ਹੈ ਕਿ ਇਸ ਸਥਾਨ ਤੇ ਗੁਰੂ ਜੀ ਨੇ ਜੋ ਖਦਰਾਣੇ ਦੀ ਢਾਬ ਤੇ ਜੰਗੀ ਲੜੀ ਸੀ, ਉਸ ਵਿੱਚ ਅਨੰਦਪੁਰ ਸਾਹਿਬ ਤੋਂ ਬੇਦਾਵਾ ਲੈ ਕੇ ਮੁਕਤੀ ਪ੍ਰਾਪਤ ਕਰਨ ਵਾਲੇ ਸਿੰਘਾਂ ਨੇ ਇਸ ਸਥਾਨ ਤੇ ਯੁੱਧ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਮੁਕਤਸਰ ਵਿਖੇ ਇਸ ਪਵਿੱਤਰ ਸਥਾਨ ਉੱਤੇ ਹੀ ਭਾਈ ਮਹਾਂ ਸਿੰਘ ਸਮੇਤ ਅਨੰਦਪੁਰ ਸਾਹਿਬ ਤੋਂ ਬੇਦਾਵਾ ਲੈ ਕੇ ਆਏ ਚਾਲ਼ੀ ਸਿੰਘਾਂ ਦੇ ਬੇਦਾਵੇ ਨੂੰ ਪਾੜਕੇ ਗੁਰੂ ਜੀ ਨੇ ਮੁਕਤੀ ਦਿੱਤੀ ਸੀ। ਭਾਈ ਮਹਾਂ ਸਿੰਘ ਨੇ ਆਪਣੇ ਸਾਥੀ ਸਿੰਘਾਂ ਸਮੇਤ ਇਸੇ ਸਥਾਨ ਤੇ ਯੁੱਧ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਅਤੇ ਇਸ ਮਗਰੋਂ ਇਸ ਪਵਿੱਤਰ ਧਰਤੀ ਦਾ ਨਾਂ ਮੁਕਤਸਰ ਪਿਆ ਸੀ।

ਮਾਘੀ ਦੇ ਮੇਲੇ ਨਾਲ ਜਿੱਥੇ ਪੰਜਾਬੀ ਧਾਰਮਿਕ ਆਸਥਾ ਨਾਲ ਜੁੜੇ ਹੋਏ ਹਨ, ਉੱਥੇ ਇਹ ਦਿਹਾੜਾ ਪੁਰਾਤਨ ਸਮਿਆਂ ਤੋਂ ਪੰਜਾਬੀਆਂ ਦੀ ਮੇਲੇ ਦਾ ਅਨੰਦ ਮਾਨਣ ਦੀ ਇੱਛਾ ਦੀ ਪੂਰਤੀ ਦਾ ਵੀ ਸਾਧਨ ਹੈ। ਪੰਜਾਬ ਦੇ ਲੋਕ ਗੀਤਾਂ ਅਤੇ ਬੋਲੀਆਂ ਵਿੱਚ ਮੁਕਤਸਰ ਦੇ ਮੇਲੇ ਦਾ ਜਿਕਰ ਆਮ ਹੁੰਦਾ ਆਇਆ ਹੈ। ਮੁਟਿਆਰਾਂ ਦੇ ਦਿਲਾਂ ਵਿੱਚ ਇਸ ਮੇਲੇ ਸਬੰਧੀ ਜੋ ਤਾਂਘ ਵਸੀ ਹੁੰਦੀ ਹੈ, ਉਹ ਮੇਲਾ ਆਉਣ ‘ਤੇ ਆਪਣੇ ਪਤੀ ਸਾਹਮਣੇ ਉਜਾਗਰ ਕਰੇ ਬਿਨਾ ਨਹੀਂ ਰਹਿ ਸਕਦੀਆਂ – 

ਕਦੇ ਨਾ ਮੇਰੇ ਸ਼ੌਕ ਪੁਗਾਏ ਕਦੇ ਨਾ ਕੀਤੇ ਚਾਅ ਪੂਰੇ।
ਸੱਧਰਾਂ ਰਹੀਆਂ ਧਰੀਆਂ ਧਰਾਈਆਂ
ਰਹਿ ਗਏ ਸਾਰੇ ਸੁਪਨੇ ਅਧੂਰੇ।
ਪਰ ਹੁਣ ਨਹੀਂ ਮੈਂ ਚੁੱਪ ਰਹਿਣਾ
ਅੜੀ ਆਪਣੀ ਨੂੰ ਪੁਗਾਉਣਾ।
ਲੈ ਜਾ ਮੇਲੇ ਮੁਕਤਸਰ ਦੇ
ਮੈਂ ਮੇਲਾ ਦੇਖ ਕੇ ਆਉਣਾ। 
ਲੈ ਜਾ ਮੇਲੇ …….

ਮੁਕਤਸਰ ਦੇ ਮਾਘੀ ਮੇਲੇ ਵਿੱਚ ਹਰ ਉਮਰ ਦੇ ਲੋਕ ਮੇਲੇ ਦਾ ਅਨੰਦ ਮਾਨਣ ਲਈ ਵਹੀਰਾਂ ਘੱਤਕੇ ਜਾਂਦੇ ਹਨ। ਮੁਟਿਆਰਾਂ ਜਦੋਂ ਇਹ ਮੇਲਾ ਦੇਖਣ ਜਾਣ ਲਈ ਸਜ ਸੰਵਰਕੇ ਤੁਰਦੀਆਂ ਹਨ ਤਾਂ ਉਹਨਾਂ ਉੱਪਰ ਬੋਲੀਆਂ ਦੇ ਬਾਣ ਚੱਲਣੇ ਸੁਭਾਵਿਕ ਹਨ –

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਦਾ ਪਿੰਡ ਸੁਣੀਦਾ ਮੱਲੀਆਂ।
ਉੱਥੋਂ ਦੇ ਦੋ ਬਲਦ ਸੁਣੀਦੇ
ਗਲ਼ ਚ ਜਿਹਨਾਂ ਦੇ ਟੱਲੀਆਂ ।
ਮੇਲੇ ਮੁਕਤਸਰ ਦੇ
ਦੋ ਮੁਟਿਆਰਾਂ ਚੱਲੀਆਂ ।
ਮੇਲੇ ……..

ਮੁਕਤਸਰ ਦਾ ਮਾਘੀ ਮੇਲਾ ਘੋੜਿਆਂ ਦੀ ਮੰਡੀ ਵਜੋਂ ਵੀ ਦੂਰ ਦੁਰਾਡੇ ਇਲਾਕਿਆਂ ਤੱਕ ਮਸ਼ਹੂਰ ਹੈ। ਇੱਥੇ ਘੋੜੇ-ਘੋੜੀਆਂ ਦੇ ਸ਼ੌਕੀਨ ਮੇਲੇ ਵਿੱਚ ਆਪਣੇ ਪਸ਼ੂ ਵੇਚਣ ਅਤੇ ਖ੍ਰੀਦਣ ਲਈ ਆਉਂਦੇ ਹਨ। ਸਮੇਂ ਦੇ ਬਦਲਦੇ ਦੌਰ ਨੇ ਇਸ ਮੇਲੇ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ‘ਤੇ ਕਾਫੀ ਅਸਰ ਪਾਇਆ ਹੈ। ਇਸ ਮਾਘੀ ਮੇਲੇ ਵਿੱਚ ਇੱਕ ਪਾਸੇ ਲੋਕ ਸੰਗਤ ਦੇ ਰੂਪ ਵਿੱਚ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਸਿਜਦਾ ਕਰਨ ਲਈ ਆਉਂਦੇ ਹਨ ਅਤੇ ਦੂਸਰੇ ਪਾਸੇ ਮੇਲੇ ਵਿੱਚ ਲੱਗੀਆਂ ਵੱਖ ਵੱਖ ਰਾਜਨੀਤਿਕ ਕਾਨਫਰੰਸਾਂ ਵਿੱਚ ਲੀਡਰਾਂ ਵੱਲੋਂ ਆਪਣੇ ਰਾਜਨੀਤਕ ਵਿਰੋਧੀਆਂ ਨੂੰ ਨਿੰਦਣ ਅਤੇ ਭੰਡਣ ਦਾ ਵਰਤਾਰਾ ਮੇਲੇ ਦੇ ਮਹੱਤਵ ਅਤੇ ਮਰਿਯਾਦਾ ਨੂੰ ਜਿਵੇਂ ਮੂੰਹ ਚਿੜਾ ਰਿਹਾ ਹੋਵੇ। ਪਰ ਫਿਰ ਵੀ ਮੁਕਤਸਰ ਦਾ ਮਾਘੀ ਮੇਲਾ ਪੰਜਾਬੀਆਂ ਲਈ ਇਕ ਸਤਿਕਾਰਤ ਮੇਲਾ ਹੈ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
1004
***

About the author

ਬਲਜਿੰਦਰ ਭਨੋਹੜ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਬਲਜਿੰਦਰ ਭਨੋਹੜ
ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਚਪਨ ਤੋਂ ਹੀ ਜੁੜਿਆ ਆ ਰਿਹਾ ਬਲਜਿੰਦਰ ਭਨੋਹੜ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਸਾਹਿਤ ਨਾਲ ਕਾਲਜ ਮੈਗਜ਼ੀਨਾਂ, ਅਖ਼ਬਾਰਾਂ, ਮੈਗਜ਼ੀਨਾਂ, ਪੰਜਾਬੀ ਮਿਊਜ਼ਕ ਕੰਪਨੀਆਂ ਵਿੱਚ ਬਤੌਰ ਗੀਤਕਾਰ ਤੋਂ ਇਲਾਵਾ ਉੱਘੇ ਪੰਜਾਬੀ ਟੀਵੀ ਰਾਹੀਂ ਜੁੜਿਆ ਰਿਹਾ ਹੈ।

ਬਲਜਿੰਦਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਕਵਿਤਾਵਾਂ, ਗੀਤਾਂ, ਲੇਖਾਂ ਅਤੇ ਛੋਟੇ ਪਰਦੇ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੜੀਵਾਰ ਸੀਰੀਅਲ ਦੇ ਬਤੌਰ ਸਕ੍ਰਿਪਟ ਲੇਖਕ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ।

ਆਪਣੀ ਮਾਤ ਭੋਇੰ ਤੋਂ ਹਜ਼ਾਰਾਂ ਕੋਹਾਂ ਦੂਰ ਸੱਤ ਸਮੁੰਦਰੋਂ ਪਾਰ ਕਨੇਡਾ ਦੀ ਧਰਤੀ ‘ਤੇ ਅੱਜ ਵੀ ਨਿਰੰਤਰ ਆਪਣੇ ਸੋਹਣੇ ਅਤੇ ਮਨ-ਮੋਹਣੇ ਪੰਜਾਬ, ਮਾਖਿਓਂ ਮਿੱਠੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਨਾਲ ਜੁੜਕੇ, ਕਨੇਡਾ ਤੋਂ  ਇੱਕ ਨਿਵੇਕਲਾ ਵੈੱਬ ਨਿਊਜ਼ ਪੋਰਟਲ www.punjabimage.com ਆਪਣੇ ਸਾਥੀ ਸ. ਸੁਰਿੰਦਰ ਸਿੰਘ ਨਾਲ ਮਿਲਕੇ ਚਲਾ ਰਹੇ ਹਨ।

ਬਲਜਿੰਦਰ ਭਨੋਹੜ

ਬਲਜਿੰਦਰ ਭਨੋਹੜ ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਚਪਨ ਤੋਂ ਹੀ ਜੁੜਿਆ ਆ ਰਿਹਾ ਬਲਜਿੰਦਰ ਭਨੋਹੜ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਸਾਹਿਤ ਨਾਲ ਕਾਲਜ ਮੈਗਜ਼ੀਨਾਂ, ਅਖ਼ਬਾਰਾਂ, ਮੈਗਜ਼ੀਨਾਂ, ਪੰਜਾਬੀ ਮਿਊਜ਼ਕ ਕੰਪਨੀਆਂ ਵਿੱਚ ਬਤੌਰ ਗੀਤਕਾਰ ਤੋਂ ਇਲਾਵਾ ਉੱਘੇ ਪੰਜਾਬੀ ਟੀਵੀ ਰਾਹੀਂ ਜੁੜਿਆ ਰਿਹਾ ਹੈ। ਬਲਜਿੰਦਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਕਵਿਤਾਵਾਂ, ਗੀਤਾਂ, ਲੇਖਾਂ ਅਤੇ ਛੋਟੇ ਪਰਦੇ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੜੀਵਾਰ ਸੀਰੀਅਲ ਦੇ ਬਤੌਰ ਸਕ੍ਰਿਪਟ ਲੇਖਕ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ। ਆਪਣੀ ਮਾਤ ਭੋਇੰ ਤੋਂ ਹਜ਼ਾਰਾਂ ਕੋਹਾਂ ਦੂਰ ਸੱਤ ਸਮੁੰਦਰੋਂ ਪਾਰ ਕਨੇਡਾ ਦੀ ਧਰਤੀ ‘ਤੇ ਅੱਜ ਵੀ ਨਿਰੰਤਰ ਆਪਣੇ ਸੋਹਣੇ ਅਤੇ ਮਨ-ਮੋਹਣੇ ਪੰਜਾਬ, ਮਾਖਿਓਂ ਮਿੱਠੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਨਾਲ ਜੁੜਕੇ, ਕਨੇਡਾ ਤੋਂ  ਇੱਕ ਨਿਵੇਕਲਾ ਵੈੱਬ ਨਿਊਜ਼ ਪੋਰਟਲ www.punjabimage.com ਆਪਣੇ ਸਾਥੀ ਸ. ਸੁਰਿੰਦਰ ਸਿੰਘ ਨਾਲ ਮਿਲਕੇ ਚਲਾ ਰਹੇ ਹਨ।

View all posts by ਬਲਜਿੰਦਰ ਭਨੋਹੜ →