21 September 2024

ਅਜ਼ੀਮ ਸ਼ਖਸੀਅਤ- ਨਛੱਤਰ ਸਿੰਘ ਭੋਗਲ — ਸੰਤੋਖ ਸਿੰਘ ਹੇਅਰ, ਕਾਵੈਂਟਰੀ ਯੂ.ਕੇ.

ਇਸ ਜੁੱਗ ਵਿੱਚ ਕੋਈ ਵਿਰਲਾ ਇਨਸਾਨ ਹੀ ਅਜਿਹਾ ਹੋਵੇਗਾ ਜਿਹੜਾ ਆਪਣੀ ਵਡਿਆਈ ਸੁਣ ਕੇ ਖੁਸ਼ ਨਾ ਹੁੰਦਾ ਹੋਵੇ। ਸਾਡੇ ਇੱਕ ਦੋਸਤ ਦੀ ਇਹ ਗੱਲ ਕਾਫ਼ੀ ਹੱਦ ਤੱਕ ਸਹੀ ਲਗਦੀ ਹੈ ਕਿ “ਉੰਝ ਤਾਂ ਇਹ ਨਾ- ਮੁਮਕਿਨ ਹੀ ਲਗਦਾ ਪਰ ਜੇ ਕਦੇ ਤੁਹਾਨੂੰ ਕਿਸੇ ਅਜਿਹੇ ਇਨਸਾਨ ਨੂੰ ਮਿਲਣ ਦਾ ਮੌਕਾ ਮਿਲੇ ਜਿਸ ਬਾਰੇ ਇਹ ਗੱਲ ਮਸ਼ਹੂਰ ਹੋਵੇ ਕਿ ਉਸ ਦੇ ਸਾਹਮਣੇ ਕੀਤੀ ਉਸਦੀ ਵਡਿਆਈ ਦਾ ਉਸ ਉਤੇ ਕੋਈ ਅਸਰ ਨਹੀਂ ਪੈਂਦਾ ਤਾਂ ਫਿਰ ਮੌਕਾ ਮਿਲਣ ‘ਤੇ ਦੋ-ਚਾਰ ਬੰਦਿਆਂ ਦੇ ਇਕੱਠ ਵਿੱਚ ਉਸਨੂੰ ਮੁਖਾਤਿਬ ਹੁੰਦਿਆਂ ਇਹ ਕਹਿ ਦਿਓ ਕਿ ਇਸ ਸਾਡੇ ਵੀਰ ‘ਤੇ ਇਸ ਦੀ ਕੀਤੀ ਬੱਲੇ-ਬੱਲੇ ਦਾ ਰਤੀ ਭਰ ਵੀ ਅਸਰ ਨਹੀਂ ਹੁੰਦਾ ਤਾਂ ਫਿਰ ਦੇਖਣਾ ਕਿ ਉਹ ਇਹ ਗੱਲ ਸੁਣ ਕੇ ਗਦ-ਗਦ ਹੁੰਦਾ ਕਿ ਨਹੀਂ।

ਪਰ ਸਾਡਾ ਵੀਰ ਨਛੱਤਰ ਸਿੰਘ ਭੌਗਲ ਕੋਈ ਅਡੰਬਰ ਨਹੀਂ ਰਚਦਾ…ਜਦੋਂ ਕਦੇ-ਕਦੇ ਲੋਰ ਵਿੱਚ ਆਇਆ ਉਹ ਕਹਿੰਦਾ ਕਿ “ਬਈ ਬਹੁਤ ਵਧੀਆ ਲਗਦਾ ਜਦੋਂ ਤੁਹਾਡੇ ਵਰਗੇ ਸੁਹਿਰਦ ਦੋਸਤ ਮੋਢਾ ਥਾਪੜਦੇ ਆ ਤਾਂ… ਬਿਨ ਪੀਤਿਆਂ ਹੀ ਰੂਹ ਧੁਰ ਅੰਦਰ ਤੱਕ ਸਰੂਰੀ ਜਾਂਦੀ ਆ। ਯਾਰ ਤੁਹਾਡੀ ਹੱਲਾਸ਼ੇਰੀ ਹੀ ਆ ਜਿਹੜੀ ਮੇਰੀ ਕਲਮ ਦੀ ਸਿਆਹੀ ਸੁੱਕਣ ਨਹੀਂ ਦਿੰਦੀ।

ਸਮਾਂ ਕਦੇ ਕਿਸੇ ਦਾ ਲਿਹਾਜ਼ ਨਹੀਂ ਕਰਦਾ…ਹਰ ਇਨਸਾਨ ਦੀ ਆਪਣੀ-ਆਪਣੀ ਸੀਮਾਂ ਹੁੰਦੀ ਹੈ …। ਇੰਝ ਲਗਦਾ ਜਿਵੇੰ ਕੱਲ੍ਹ ਦੀ ਗੱਲ ਹੋਵੇ ਜਦੋਂ ਮੈਂ ਅਤੇ ਨਛੱਤਰ ਸਿਹਾਰੀਆਂ-ਬਿਹਾਰੀਆਂ ਵਿੱਚ ਉਲਝੇ ਇੱਕ-ਦੂਸਰੇ ਦੀਆਂ ਲਿਖਤਾਂ ਉੱਤੇ ਕਿੰਤੂ-ਪ੍ਰੰਤੂ ਕਰਿਆ ਕਰਦੇ ਸਾਂ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਥੋੜੇ ਸਾਲਾਂ ਵਿੱਚ ਹੀ ਮੱਲਾਂ ਮਾਰਦਾ ਹੋਇਆ ਸਾਡਾ ਕਵੀ ਮਿੱਤਰ ਭੌਗਲ ਕਾਵਿਕ ਜਗਤ ਉੱਤੇ ਪੂਰੀ ਤਰ੍ਹਾਂ ਛਾ ਚੁੱਕਾ ਹੈ।

ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬੀਆਂ ਦੀ ਪੜ੍ਹਣ ਦੀ ਆਦਤ ਦਾ ਤਾਂ ਜਮਾਂ ਹੀ ਭੱਠਾ ਬੈਠ ਚੁੱਕਾ ਹੈ। ਮੁੱਲ ਖ਼ਰੀਦ ਕੇ ਕਿਤਾਬ ਪੜ੍ਹਣੀ ਤਾਂ ਕੀ ਅਖ਼ਬਾਰ ਖਰੀਦਣਾ ਵੀ ਇਨ੍ਹਾਂ ਨੂੰ ਬਾਰਾ ਨਹੀਂ ਖਾਂਦਾ। ਫਿਰ ਜੇ, ਖਾਸ ਤੋਰ ਤੇ ਪੜ੍ਹੀ ਜਾਂ ਸੁਣੀ ਜਾ ਰਹੀ ਕਵਿਤਾ ਬੇ-ਰਸ ਹੋਵੇ ਜਾਂ ਸਰੋਤਿਆਂ-ਪਾਠਕਾਂ ਨੂੰ ਸਮਝਣ ਵਿੱਚ ਦਿੱਕਤ ਆਵੇ ਜਾਂ ਫਿਰ ਪੜ੍ਹਣ-ਸੁਣਨ ਵਾਲ਼ੇ ਨੂੰ ਅਰਥ ਸਮਝਣ ਲਈ ਸ਼ਬਦ-ਕੋਸ਼ ਖਰੀਦਣਾ ਪਏ… ਤਾਂ… ਸੋਚੋ ਜ਼ਰਾ ਕਿੰਨੇ ਕੁ ਪੰਜਾਬੀ ਪਿਆਰੇ ਕਵਿਤਾ ਲਈ ਇੰਨਾ ਤਰੱਦਦ ਕਰਨ ਲਈ ਤਿਆਰ ਹੋਣਗੇ।

ਕਈ ਕਿਤਾਬਾਂ ਦੇ ਰਚੇਤਾ ਨਛੱਤਰ ਦੀ ਕੋਈ ਵੀ ਐਸੀ ਰਚਨਾ ਮੈਨੂੰ ਨਜ਼ਰ ਨਹੀ ਆਈ ਜਿਸ ਨੂੰ ਪੜ੍ਹਣ-ਸੁਣਨ ਮੌਕੇ ਸਮਝਣ ਲਈ ਕੋਈ ਦਿੱਕਤ ਆਈ ਹੋਵੇ। ਕਈ ਵਾਰ, ਸਾਡੇ ਕਈ ਕਵੀ, ਆਪਣੀ ਵਿਦਵਤਾ ਦਾ ਦਿਖਾਵਾ ਕਰਨ ਲਈ, ਆਪਣੀ ਰਚਨਾਂ ਵਿੱਚ ਬਿੰਬਾ, ਪ੍ਰਤੀਕਾਂ ਦਾ ਇੰਨਾਂ ਬੋਝਲ ਤਾਣਾ ਤਣ ਦਿੰਦੇ ਹਨ ਕਿ ਸਾਧਾਰਨ ਪਾਠਕ ਬੇਵੱਸ ਹੋ ਕੇ ਰਹਿ ਜਾਂਦਾ ਹੈ। ਨਛੱਤਰ ਦੀ ਲਿਖਤ ਦੀ ਇਹ ਖੂਬੀ ਸਹਿਲਾਉਣ ਯੋਗ ਹੈ ਕਿ ਸਰਲ ਭਾਸ਼ਾ ਵਿੱਚ ਲਿਖੇ ਉਸਦੇ ਗੀਤਾਂ-ਕਵਿਤਾਵਾਂ ਦਾ ਸਿੱਧਾ-ਸਪਾਟ ਅਸਰ ਪਾਠਕ ਦੇ ਦਿਲ-ਦਿਮਾਗ ਉੱਪਰ ਪੈਂਦਾ ਹੈ।

ਉਸਦੀ ਇਹ ਖੂਬੀ ਵੀ ਬਾਕਮਾਲ ਹੈ ਕਿ ਉਹ ਆਪਣੀ ਸ਼ਾਇਰੀ ਵਿੱਚ ਹਮੇਸ਼ਾਂ ਨਿੱਜ ਨਾਲ਼ੋ ਸਮੂਹ ਨੂੰ ਤਰਜੀਹ ਦਿੰਦਾ ਹੈ। ਸਾਦ-ਮੁਰਾਦੀ ਪਰ ਅਰਥ ਭਰਪੂਰ, ਪੜ੍ਹਣ-ਸੁਣਨ ਵਾਲਿਆਂ ਦੇ ਧੁਰ ਅੰਦਰ ਤੱਕ ਮਾਰ ਕਰਨ ਵਾਲ਼ੀ ਉਸਦੀ ਵਿਲੱਖਣ ਸ਼ਇਰੀ ਨਿੱਜ ਤੋਂ ਉੱਪਰ ਉੱਠ ਕੇ ਸਮਕਾਲੀ ਸਰੋਕਾਰਾਂ ਨੂੰ ਗਲਵੱਕੜੀ ਵਿੱਚ ਲੈ ਕੇ ਅੱਗੇ ਵੱਧਦੀ ਹੈ। ਲੰਮੇ ਸਮੇਂ ਤੋਂ ਪਰਦੇਸ ਵਿੱਚ ਰਹਿੰਦਿਆ ਹੋਇਆ ਵੀ ਉਹ ਦੇਸੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਵੇਂ ਭਰੂਣ ਹੱਤਿਆ, ਰਿਸ਼ਤਿਆਂ ਦੀ ਟੁੱਟ ਭੱਜ, ਗਰੀਬੀ, ਗੰਧਲੀ ਸਿਆਸਤ, ਅਖੌਤੀ ਆਜ਼ਾਦੀ, ਧਾਰਮਿਕ ਗਿਰਾਵਟ, ਗੱਲ ਕੀ ਇਨਸਾਨੀਅਤ ਨਾਲ਼ ਸਬੰਧਤ ਹਰ ਵਿਸ਼ੇ ਤੇ ਉਸਨੇ ਦੱਬ ਕੇ ਕਲਮ-ਅਜ਼ਮਾਈ ਕੀਤੀ ਹੈ। ਉਸਦੀ ਕਾਵਿ-ਵਿਧੀ ਜਿੱਥੇ ਸਧਾਰਨ ਪਾਠਕ ਨੂੰ ਮੋਹ ਲੈਣ ਦੀ ਸ਼ਕਤੀ ਰੱਖਦੀ ਹੈ ਉੱਥੇ ਸਾਹਿਤਕ ਵਿਦਵਾਨਾਂ ਨੂੰ ਵੀ ਗੰਭੀਰਤਾਂ ਨਾਲ਼ ਸੋਚਣ ਲਈ ਮਜ਼ਬੂਰ ਕਰਦੀ ਨਜ਼ਰ ਆਉਂਦੀ ਹੈ।

ਹੋ ਸਕਦਾ ਹੈ ਮੇਰੀ ਸੋਚਣੀ ਗਲਤ ਹੋਵੇ ਪਰ ਮੈਂ ਦਿਲੋਂ ਮਹਿਸੂਸ ਕਰਦਾ ਹਾਂ ਕਿ ਅਜੋਕੇ ਦੌਰ ਸਮੇਂ ਇੱਥੇ ਯੂ,.ਕੇ. ਵਿੱਚ ਆਮ ਲੋਕਾਂ ਲਈ ਨਿਰੰਤਰ ਲਿਖਣ ਵਾਲੇ ਨਛੱਤਰ ਭੋਗਲ ਦਾ ਕੋਈ ਕੋਈ ਸਾਨੀ ਨਹੀਂ ਹੈ।

ਇੱਕ ਸ਼ਾਮ ਜਦੋੰ ਉਸਦਾ ਫ਼ੋਨ ਆਇਆ ਤਾਂ ਉਸ ਵਕਤ ਮੈਂ ਖ਼ਬਰਾਂ ਦੇਖ ਰਿਹਾ, ਇਸਰਾਇਲ ਵਲੋਂ ਗਾਜ਼ਾ ਪੱਟੀ ਦੇ ਲੋਕਾਂ ਉੱਤੇ ਕੀਤੇ ਜਾ ਰਹੇ ਅੱਤਿਆਚਾਰ ਦੇਖ ਉਦਾਸ ਹੋਇਆ, ਕਦੇ ਹਿਟਲਰ ਅਤੇ ਹੁਣ ਇਸਰਾਇਲੀਆਂ ਵਲੋਂ ਮਨੁੱਖਤਾ ਦੇ ਕੀਤੇ ਜਾ ਰਿਹੇ ਘਾਣ ਵਿੱਚ ਫਰਕ ਲੱਭਣ ਦੀ ਕੋਸ਼ਿਸ ਕਰ ਰਿਹਾ ਸਾਂ…ਰੋਣ ਹਾਕੀ ਆਵਾਜ਼ ਵਿੱਚ ਮੈਂ ਕਿਹਾ ਯਾਰ, ਲਿੱਖ ਕੁੱਝ…ਅਗਲੀ ਸ਼ਾਮ ਜਦੋਂ ਉਸਨੇ ਰੇਡੀਓ ‘ਤੇ ਮੇਰੇ ਪ੍ਰੌਗਰਾਮ ਦੌਰਾਨ ਕਵਿਤਾ ਪੜ੍ਹੀ ਤਾਂ ਭਾਵੁੱਕ ਹੁੰਦਿਆਂ ਜ਼ਿੰਦਗੀ ਵਿੱਚ ਪਹਿਲੀ ਵਾਰ ਦਾਦ ਦੇਣ ਲਈ ਮੈਨੂੰ ਲਫਜ਼ ਨਹੀਂ ਸਨ ਔੜ੍ਹ ਰਹੇ। ਉਹ ਕਹਿ ਰਿਹਾ ਸੀ…

ਗਲੀਆਂ -ਬਜ਼ਾਰਾਂ ਵਿੱਚ, ਮੌਤ ਰਾਣੀ ਨੱਚਦੀ,
ਬੰਬਾਂ ‘ਤੇ ਮਿਜ਼ਾਈਲਾਂ ਵਿੱਚੋ, ਅਗਨੀ ਹੈ ਨੱਚਦੀ,
ਟੈਂਕਾਂ ਤੇ ਤੋਪਾਂ ਨੇ, ਮਚਾਈ ਪਈ ਤਬਾਹੀ ਆ।
ਸੁੰਨੀ ਤੇ ਯਹੂਦੀ, ਮੇਰੀ ਦੋਹਾਂ ਨੂੰ ਦੁਹਾਈ ਆ।
ਰੋਕ ਲਵੋ ਜੰਗ, ਥੋਡੀ ਇਸੇ ‘ਚ ਭਲਾਈ ਐ।

ਪਿਛਲੇ ਕਈ ਹਫਤਿਆਂ ਤੋੰ ਮੱਚ ਰਹੀ ਹਾ-ਹਾ-ਕਾਰ ਬਾਰੇ ਕਿਸੇ ਹੋਰ ਯੂ.ਕੇ ਦੇ ਸਾਹਿਤਕਾਰ ਨੇ ਹੁਣ ਤੱਕ ਹਾਅ ਦਾ ਨਾਹਰਾ ਮਾਰਿਆ ਹੋਵੇ ਤਾਂ ਮੈਨੂੰ ਪਤਾ ਨਹੀਂ।

ਪੰਜਾਬੀ ਦੀ ਇੱਕ ਮਸ਼ਹੂਰ ਕਹਾਵਤ ਆਪਾਂ ਸਾਰੇ ਜਾਣਦੇ ਹੀ ਅਾਂ ਕਿ “ਉਹ ਕਿਹੜੀ ਗਲ਼ੀ ਜਿੱਥੇ ਭਾਗੋ ਨਹੀਂ ਖਲ਼ੀ” ਇੰਗਲੈਂਡ ਦੀ ਗੱਲ ਛੱਡੋ ਦੁਨੀਆਂ ਭਰ ਵਿੱਚ ਕਿਹੜਾ ਅਜਿਹਾ ਰਸਾਲਾ, ਰੇਡੀਓ, ਟੀ.ਵੀ., ਇੰਟਰਨੈਟ ਜਾਂ ਫਿਰ ਕਿਹੜੀ ਅਜਿਹੀ ਪੰਜਾਬੀ ਸਭਾ ਹੈ, ਜਿੱਥੇ ਪੰਜਾਬੀ ਦੀ ਗੱਲ ਹੋ ਰਹੀ ਹੋਵੇ ਅਤੇ ਨਛੱਤਰ ਗੈਰ ਹਾਜ਼ਰ ਰਿਹਾ ਹੋਵੇ?

ਉਂਝ ਫੇਸ-ਬੁੱਕ ਜਾਂ ਵੱਟਸ-ਐਪ ਦੇ ਸਦਕਾ, ਦੁਨੀਆਂ ਭਰ ਵਿੱਚ ਫੈਲ ਚੁੱਕੀ…ਬੱਲੇ ਬੱਲੇ ਵਾਲ਼ੀ ਘਾਤਕ ਅਤੇ ਲਾ-ਇਲਾਜ਼ ਬਿਮਾਰੀ ਪੂਰੀ ਗ੍ਰਿਫਤ ਵਿੱਚ ਹੈ ਉਹ ਵੀ… ਲਿਖਤ ਬੇਸ਼ਕ ਚਿਮਟੇ ਨਾਲ਼ ਵੀ ਚੁੱਕਣ ਵਾਲ਼ੀ ਨਾ ਹੋਵੇ… ਵਾਹ ਜੀ ਵਾਹ…ਨਹੀਂ ਰੀਸਾਂ…ਕਿਆ ਕਹਿਣੇ… ਬਾ-ਕਮਾਲ, ਲਿਖਣ ਵਾਲਿਆਂ ਦੀ ਕਤਾਰ ਵਿੱਚ ਉਹ ਵੀ ਅਕਸਰ ਹਾਜ਼ਰੀ ਲਗਾਉਂਦਾ ਰਹਿੰਦਾ ਹੈ।

ਮਿੱਡਲੈਂਡ ਤੋਂ ਲੰਡਨ ਤੱਕ ਹਰ ਸਮਾਗਮ ਵਿੱਚ ਹਾਜ਼ਰ ਹੋਕੇ…ਜਾਂ ਫਿਰ ਉਹ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਵਿਚਰ ਰਿਹਾ ਹੋਵੇ…ਮੱਥੇ ਤੋਂ ਉੱਪਰ ਟਿੱਕੀਆਂ ਐਨਕਾਂ ਸਮੇਤ “ਵੱਡਿਆਂ” ਨਾਲ਼ ਫੋਟੋ ਲੈ ਕੇ ਵੱਟਸ ਐਪ ਤੇ ਪਾਉਣ ਦੀ ਵੀ ਜਦੋਂ ਉਹ ਕਦੇ ਘੌਲ਼ ਨਹੀਂ ਕਰਦਾ ਤਾਂ ਓਦੋਂ ਮੈਨੂੰ ਮਹਿਸੂਸ ਹੁੰਦਾ ਕਿ ਇਸ “ਮੁੰਡੇ” ਵਿੱਚ ਬਹੁਤ ਕੁੱਝ ਕਰਨ ਦੀ ਸਮਰੱਥਾ ਬਾਕੀ ਹੈ ਅਜੇ।

ਇੱਥੇ ਹੀ ਬਸ ਨਹੀਂ ਜਿੱਥੇ ਉਹ ਆਪ ਰੇਡੀਓ ਉੱਤੇ ਪ੍ਰੋਗਰਾਮ ਵੀ ਪੈਸ਼ ਕਰਦਾ ਹੈ ਅਤੇ ਦੂਸਰੇ ਰੇਡੀਓ, ਟੀ.ਵੀ. ਚੈਨਲਾਂ ਉੱਤੇ ਵੀ ਅਕਸਰ ਹਾਜ਼ਰੀ ਭਰਦਾ ਰਹਿੰਦਾ ਹੈ ਉਥੇ ਉਹ ਰਵਾਇਤੀ ਸ਼ਾਇਰਾਂ ਵਾਲ਼ੀ ਬਿਮਾਰੀ ਦਾ ਵੀ ਪੂਰੀ ਤਰ੍ਹਾਂ ਸ਼ਿਕਾਰ ਹੋ ਚੁੱਕਾ ਹੈ। ਅਕਸਰ ਕਵੀ ਦਰਬਾਰ ਸ਼ੁਰੂ ਹੁੰਦਿਆਂ ਸਾਰ ਹੀ ਸਟੇਜ-ਸੈਕ੍ਰੇਟਰੀ ਨੂੰ ਜਲਦੀ ਜਾਣ ਦੀ ਮਜ਼ਬੂਰੀ ਜ਼ਾਹਰ ਕਰਦਿਆਂ ਆਪਣੀ ਸੁਣਾ ਕੇ ਤੁਰ ਜਾਣ ਵਾਲ਼ੀ, ਬਹੁਤ ਸਾਰੇ ਸ਼ਾਇਰਾਂ ਨੂੰ ਘੁਣ ਵਾਂਗ ਲੱਗੀ ਇਸ ਬਿਮਾਰੀ ਤੋਂ ਉਹ ਵੀ ਨਹੀਂ ਬਚ ਸਕਿਆ।

ਸੱਚ ਦੱਸਾਂ….ਈਰਖਾ ਤਾਂ ਮੈਨੂੰ ਵੀ ਕਈ ਵਾਰ ਹੋ ਜਾਂਦੀ ਹੈ ਉਸ ਨਾਲ਼ ਪਰ ਜਦੋਂ ਉਹ ਮੈਨੂੰ ਸੰਤੋਖ “ਸਿਆਂ” ਕਹਿ ਕੇ ਸੰਬੋਧਨ ਹੁੰਦਾ ਹੈ ਤਾਂ ਬਚਪਨ ਸਮੇਂ ਗਰਮੀਆਂ ਵਿੱਚ ਘਰ ਦੇ ਨੈੜੇ ਹੀ ਸਦੀਆਂ ਪੂਰਾਣੇ ਬੋਹੜ ਦੀ ਛਾਂਅ ਹੈਠ ਸਿਖਰ ਦੁਪੇਹਿਰੇ ਉਂਘਲਾਉਂਦੇ ਬਜ਼ੁਰਗਾਂ ਦੀ ਯਾਦ ਦਿਲਾਉਂਦਾ ਉਹ ਮੈਨੂੰ ਹੋਰ ਵੀ ਆਪਣਾ-ਆਪਣਾ ਲੱਗਣ ਲਗਦਾ ਹੈ।

ਸ਼ਾਲਾ ਸਾਡੇ ਵੀਰ ਨਛੱਤਰ ਸਿੰਘ ਭੋਗਲ ਦੀ ਕਲਮ ਹਮੇਸ਼ਾਂ ਪੰਜਬੀ ਮਾਂ ਬੋਲੀ ਪ੍ਰਤੀ ਸਰਬੱਤ ਦੇ ਭਲੇ ਲਈ ਹੂਕਾਂ ਮਾਰਦੀ ਸੁਣਾਈ ਦੇਵੇ। ਦੁਆਵਾਂ।
***
ਸੰਤੋਖ ਸਿੰਘ ਹੇਅਰ
ਕਾਵੈਂਟਰੀ ਯੂ.ਕੇ.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1217
***

ਸੰਤੋਖ ਸਿੰਘ ਹੇਅਰ

ਜਨਮ: 12 ਅਪਰੈਲ 1950
ਪਿੰਡ: ਲਿੱਤਰਾਂ (ਜਲੰਧਰ)
1964 ਤੋਂ ਪਰਿਵਾਰ ਸਮੇਤ ਬਰਤਾਨੀਆ ਦੇ ਸ਼ਹਿਰ ਕਾਵੈਂਟਰੀ ਵਿਖੇ ਰਿਹਾਇਸ਼।

Geometry Engineer ਤੋਂ ਸੇਵਾ ਮੁੱਕਤੀ ਬਾਅਦ ਰੇਡੀਓ ਪ੍ਰੋਗਰਾਮ ਕਰਨ ਦੇ ਨਾਲ਼ ਨਾਲ਼ ਆਪ ਪੰਜਾਬੀ ਸਾਹਿਤਕ ਖੇਤਰ ਨਾਲ ਵੀ ਜੁੜੇ ਹੋਏ ਹਨ। ‘ਪੰਜਾਬੀ ਲੇਖਕ ਸਭਾ ਕਾਵੈਂਟਰੀ’ ਨਾਲ਼ ਪਿਛਲੇ 19 ਕੁ ਸਾਲ ਤੋਂ ਖ਼ਜਾਨਚੀ ਦੀ ਸੇਵਾ ਨਿਭਾਉਂਦੇ ਆ ਰਹੇ ਹਨ।

ਪ੍ਰਕਾਸ਼ਿਤ ਪੁਸਤਕਾਂ ਦਾ ਵੇਰਵਾ:

ਕਾਵਿ ਸੰਗ੍ਰਹਿ: 1. ’ਏਦਾਂ ਨਾ ਸੋਚਿਆ ਸੀ’, ਅਤੇ 2. ’ਸੋਚਾਂ ਦੇ ਵਣ’
ਕਹਾਣੀ ਸੰਗ੍ਰਹਿ: 1. ‘ਸੁਹਾਗਣ ਵਿਧਵਾ’, ਅਤੇ 2. ‘ਹਰਾ ਚੂੜਾ’

ਸੰਪਾਦਨਾ:
1. ‘ਕਲਮਾਂ ਕਾਵੈਂਟਰੀ ਦੀਆ ਂ’ (ਕਾਵੈਂਟਰੀ ਸ਼ਹਿਰ ਦੇ 42 ਕਵੀਆ ਂ ਦੀਆ ਂ ਕਵਿਤਾਵਾਂ) ਅਤੇ
2. ‘ਕਲਮਾਂ ਯੂ.ਕੇ. ਦੀਆ ਂ’ (ਯੂ. ਕੇ. ਭਰ ਦੇ 72 ਕਵੀਆ ਂ ਦੀਆ ਂ ਕਵਿਤਾਵਾਂ)

ਪਤਾ:
Santokh Sikh Hayer

114 Barker Butts Lane,
Coventry,
CV6 1DZ
U.K.
Phone: +44 7976263994
E-mail: santokhhayer@yahoo.co.uk

ਸੰਤੋਖ ਸਿੰਘ ਹੇਅਰ

ਸੰਤੋਖ ਸਿੰਘ ਹੇਅਰ ਜਨਮ: 12 ਅਪਰੈਲ 1950 ਪਿੰਡ: ਲਿੱਤਰਾਂ (ਜਲੰਧਰ) 1964 ਤੋਂ ਪਰਿਵਾਰ ਸਮੇਤ ਬਰਤਾਨੀਆ ਦੇ ਸ਼ਹਿਰ ਕਾਵੈਂਟਰੀ ਵਿਖੇ ਰਿਹਾਇਸ਼। Geometry Engineer ਤੋਂ ਸੇਵਾ ਮੁੱਕਤੀ ਬਾਅਦ ਰੇਡੀਓ ਪ੍ਰੋਗਰਾਮ ਕਰਨ ਦੇ ਨਾਲ਼ ਨਾਲ਼ ਆਪ ਪੰਜਾਬੀ ਸਾਹਿਤਕ ਖੇਤਰ ਨਾਲ ਵੀ ਜੁੜੇ ਹੋਏ ਹਨ। ‘ਪੰਜਾਬੀ ਲੇਖਕ ਸਭਾ ਕਾਵੈਂਟਰੀ’ ਨਾਲ਼ ਪਿਛਲੇ 19 ਕੁ ਸਾਲ ਤੋਂ ਖ਼ਜਾਨਚੀ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਪ੍ਰਕਾਸ਼ਿਤ ਪੁਸਤਕਾਂ ਦਾ ਵੇਰਵਾ: ਕਾਵਿ ਸੰਗ੍ਰਹਿ: 1. ’ਏਦਾਂ ਨਾ ਸੋਚਿਆ ਸੀ’, ਅਤੇ 2. ’ਸੋਚਾਂ ਦੇ ਵਣ’ ਕਹਾਣੀ ਸੰਗ੍ਰਹਿ: 1. ‘ਸੁਹਾਗਣ ਵਿਧਵਾ’, ਅਤੇ 2. ‘ਹਰਾ ਚੂੜਾ’ ਸੰਪਾਦਨਾ: 1. ‘ਕਲਮਾਂ ਕਾਵੈਂਟਰੀ ਦੀਆ ਂ’ (ਕਾਵੈਂਟਰੀ ਸ਼ਹਿਰ ਦੇ 42 ਕਵੀਆ ਂ ਦੀਆ ਂ ਕਵਿਤਾਵਾਂ) ਅਤੇ 2. ‘ਕਲਮਾਂ ਯੂ.ਕੇ. ਦੀਆ ਂ’ (ਯੂ. ਕੇ. ਭਰ ਦੇ 72 ਕਵੀਆ ਂ ਦੀਆ ਂ ਕਵਿਤਾਵਾਂ) ਪਤਾ: Santokh Sikh Hayer 114 Barker Butts Lane, Coventry, CV6 1DZ U.K. Phone: +44 7976263994 E-mail: santokhhayer@yahoo.co.uk

View all posts by ਸੰਤੋਖ ਸਿੰਘ ਹੇਅਰ →