ਸ਼ੇਰ-ਏ-ਪੰਜਾਬ—ਪ੍ਰੋ. ਨਵ ਸੰਗੀਤ ਸਿੰਘ
ਮਹਾਂ ਸਿੰਘ ਤੇ ਰਾਜ ਕੌਰ ਦਾ, ਪੁੱਤ ਸੀ ਭਾਗਾਂ ਵਾਲਾ
ਰਣ ਨੂੰ ਜਿੱਤਣ ਵਾਲਾ ਜੰਮਿਆ, ਸ਼ਹਿਰ ਗੁੱਜਰਾਂਵਾਲਾ।
ਦੋ ਨਵੰਬਰ ਸਤਾਰਾਂ ਸੌ ਅੱਸੀ, ਜਨਮ ਰਾਜੇ ਦਾ ਹੋਇਆ
ਲੇਖਾਂ ਵਿੱਚ ਸੀ ਲਿਖਿਆ, ਉਹਦੇ ਹੱਥ ‘ਚ ਰਾਜ ਸਮੋਇਆ।
ਸਿੱਖ, ਹਿੰਦੂ ਤੇ ਮੁਸਲਮਾਨਾਂ ਨੂੰ, ਬੰਨ੍ਹਿਆ ਵਿੱਚ ਇੱਕ ਧਾਗੇ
ਅੰਗਰੇਜ਼ਾਂ ਤੇ ਰੋਅਬ ਸੀ ਉਹਦਾ, ਆਉਂਦੇ ਨਾ ਉਹ ਲਾਗੇ।
ਸਿੱਖ-ਮਿਸਲਾਂ ਨੂੰ ‘ਕੱਠਿਆਂ ਕੀਤਾ, ਕੀਤੀ ਦੂਰ-ਅੰਦੇਸ਼ੀ
ਉਹਦੀ ਸੈਨਾ ਵਿੱਚ ਫ਼ੌਜੀ ਸਨ, ਦੇਸੀ ਅਤੇ ਵਿਦੇਸ਼ੀ।
ਸਾਫ਼ ਤੇ ਸੱਚੀ-ਸੁੱਚੀ ਹੈਸੀ, ਓਸ ਰਾਜੇ ਦੀ ਨੀਤੀ
ਹਰਿਮੰਦਰ ਦੀ ਨਾਲ ਸੋਨੇ ਦੇ, ਖੁੱਲ੍ਹ ਕੇ ਸੇਵਾ ਕੀਤੀ।
ਸਭ ਧਰਮਾਂ ਦੇ ਸਭ ਲੋਕਾਂ ਦਾ, ਕਰਦਾ ਸੀ ਸਤਿਕਾਰ
ਭਲਾ ਮੰਗੇ ਸਰਬੱਤ ਦਾ, ਕਰਦਾ ਰਹਿੰਦਾ ਪਰਉਪਕਾਰ।
ਚੇਚਕ ਕਾਰਨ ਬਚਪਨ ਵਿੱਚ, ਇੱਕ ਅੱਖ ਤੇ ਹਮਲਾ ਹੋਇਆ
ਮੰਗੀ ਮਾਫ਼ੀ ਗਲ ਪੱਲਾ ਪਾ, ਜਾ ਤਖ਼ਤ ਦੇ ਸਾਹਵੇਂ ਖਲੋਇਆ।
ਅਫ਼ਗਾਨ, ਪਠਾਣ, ਫ਼ਰੰਗੀ ਵਿਰੋਧੀ, ਜਿੱਤੀਆਂ ਸਭ ਮੁਹਿੰਮਾਂ
ਜੋ ਅੜਿਆ ਸੋ ਝੜਿਆ, ਕੀ-ਕੀ ਦੱਸਾਂ ਕਿੰਨਾ-ਕਿੰਨਾ।
ਜੂਨ ਅਠਾਰਾਂ ਸੌ ਉਨਤਾਲੀ, ਦਿਨ ਸਤਾਈਵਾਂ ਆਇਆ
ਚਮਕ ਰਹੇ ਪੰਜਾਬ ਦੇ ਸੂਰਜ, ਉੱਤੇ ਬੱਦਲ ਛਾਇਆ।
ਸਤੀ ਹੋਈਆਂ ਕੁਝ ਰਾਣੀਆਂ, ਉਹਦੀ ਅਰਥੀ ਉੱਤੇ ਆ ਕੇ
ਦਿੱਤਾ ਸਬੂਤ ਪਿਆਰ ਦਾ ਏਦਾਂ, ਆਪਣਾ-ਆਪ ਮਿਟਾ ਕੇ।
ਮਹਾਂਬਲੀ ਤੇ ਪਰਉਪਕਾਰੀ, ਸੀ ਸਾਡਾ ਮਹਾਰਾਜਾ
ਅਟਕ ਵੀ ਰੋਕ ਨਾ ਸਕਿਆ ਉਹਨੂੰ, ਲਾਵੇ ਕੌਣ ਅੰਦਾਜ਼ਾ।
***
# ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ,
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302
(ਬਠਿੰਡਾ) 9417692015.
***
ਰਫ਼ ਕਾਪੀ ਤੇ ਦਰਜਨ ਰਫ਼ ਕਵਿਤਾਵਾਂ
* ਮੂਲ : ਵਿਨੋਦ ਵਿੱਠਲ
* ਹਿੰਦੀ ਤੋਂ ਅਨੁਵਾਦ : ਪ੍ਰੋ. ਨਵ ਸੰਗੀਤ ਸਿੰਘ
1.
ਹਰ ਕਾਪੀ ਰਫ਼ ਕਾਪੀ ਨਹੀਂ ਹੁੰਦੀ ਸ਼ੁਰੂ ਵਿੱਚ
ਬਣ ਜਾਂਦੀ ਹੈ ਪਿੱਛੋਂ
ਜਿਵੇਂ ਕੁਝ ਬੱਚੇ ਬਣ ਜਾਂਦੇ ਨੇ ਚੋਰ ਜਾਂ ਭਿਖਾਰੀ
2.
ਹਰ ਕਾਪੀ ਫ਼ੇਅਰ ਬਣੀ ਰਹਿਣਾ ਚਾਹੁੰਦੀ ਹੈ
ਸੰਭਾਲੀ ਜਾਣਾ ਚਾਹੁੰਦੀ ਹੈ ਕਿਸੇ ਪ੍ਰੇਮ ਪੱਤਰ ਵਾਂਗ
ਉਹ ਕੀ ਹੁੰਦਾ ਹੈ ਨਾਗਰਿਕ ਵਾਂਗ ਜੋ ਉਹਨੂੰ ਬੇਬੱਸ ਕਰ ਦਿੰਦਾ ਹੈ
3.
ਸ਼ੁਰੂਆਤ ਠੀਕ ਹੁੰਦੀ ਹੈ ਹਰ ਕਾਪੀ ਦੀ ਰਿਸ਼ਤਿਆਂ ਵਾਂਗ ਹੀ
ਪਰ ਗਰਮੀਆਂ ਵਿੱਚ ਅਚਾਨਕ ਬੋ ਮਾਰਦੀ ਆਲੂ ਦੀ ਸਬਜ਼ੀ ਵਾਂਗ ਕੁਝ ਵਿਗੜ ਜਾਂਦਾ ਹੈ
ਅਤੇ ਰਫ਼ ਹੋ ਜਾਂਦੀ ਹੈ ਕੋਈ ਕਾਪੀ ਜਿਵੇਂ ਮੁਸ਼ਕੇ ਜਾਂਦੇ ਨੇ ਰਿਸ਼ਤੇ
4.
ਨਵੀਆਂ ਕਾਪੀਆਂ ਨੂੰ ਨਵੇਂ ਰਿਸ਼ਤਿਆਂ ਵਾਂਗ ਹੀ
ਨਹੀਂ ਪਤਾ ਹੁੰਦਾ ਸਾਡੀ ਫ਼ਿਤਰਤ ਬਾਰੇ
ਅਤੇ ਇਸ ਤਰ੍ਹਾਂ ਉਹ ਵੀ ਰਫ਼ ਕਾਪੀਆਂ ਵਿੱਚ ਬਦਲ ਜਾਂਦੀਆਂ ਹਨ
5.
ਕਟੀ ਪਤੰਗ ਅਤੇ ਅਮਰ ਪ੍ਰੇਮ ਦੇ ਗੀਤ
ਸੁਸ਼ਮਾ ਪਾਲੀਵਾਲ ਦੇ ਲੈਂਡਲਾਈਨ ਨੰਬਰ
ਮਧੂ ਗਹਿਲੋਤ ਅਤੇ ਕਵਿਤਾ ਸ਼ਰਮਾ ਦੇ ਜਨਮਦਿਨ
ਸਿਤਾਰ ਵਜਾਉਂਦੀ ਖੁੱਲ੍ਹੇ ਵਾਲ਼ਾਂ ਵਾਲ਼ੀ ਪ੍ਰੇਰਨਾ ਸ਼ਰਮਾ ਦਾ ਇੱਕ ਸਕੈੱਚ
ਇੰਨੀਆਂ ਜ਼ਰੂਰੀ ਚੀਜ਼ਾਂ ਅਸੀਂ ਗ਼ੈਰਜ਼ਰੂਰੀ ਸਮਝ ਕੇ ਰਫ਼ ਕਾਪੀ ਵਿੱਚ ਲਿਖਦੇ ਹਾਂ
ਅਤੇ ਫ਼ਿਰ ਪੂਰੀ ਜ਼ਿੰਦਗੀ ਉਦਾਸ ਰਹਿੰਦੇ ਹਾਂ
6.
ਪੰਜ ਸਾਲ ਵਿੱਚ ਇੱਕ ਵਾਰੀ ਪਾਉਂਦੇ ਹਾਂ ਵੋਟ
ਫ਼ੇਅਰ ਕਾਪੀ ਵਾਂਗ
ਸਰਕਾਰਾਂ ਉਹਨੂੰ ਰਫ਼ ਕਾਪੀ ਬਣਾ ਦਿੰਦੀਆਂ ਹਨ
7.
ਜਦੋਂ ਰਫ਼ ਕਾਪੀਆਂ ਨਹੀਂ ਹੋਣਗੀਆਂ ਅਸੀਂ ਕਿਸ ਤੇ ਅਭਿਆਸ ਕਰਾਂਗੇ
ਵੱਡੇ ਹੋਣ ਤੇ ਕੀ ਜ਼ਿੰਦਗੀ ਹੀ ਰਫ਼ ਕਾਪੀ ਹੋ ਜਾਂਦੀ ਹੈ
8.
ਫ਼ੇਅਰ ਕਾਪੀਆਂ ਦੇ ਬਚੇ ਪੰਨਿਆਂ ਦੀ ਕੁਝ ਬਣਾਉਂਦੇ ਨੇ ਰਫ਼ ਕਾਪੀਆਂ
ਕੁਝ ਇੱਕ ਲਈ ਇਹ ਹੀ ਫ਼ੇਅਰ ਹੁੰਦੀਆਂ ਹਨ
ਫ਼ੇਰ ਵੀ, ਉਨ੍ਹਾਂ ਨੂੰ ਫੜੋ ਜੋ ਦੇਸ਼ ਦੀ ਕਾਪੀ ਨੂੰ ਰਫ਼ ਕਾਪੀ ਵਿੱਚ ਬਦਲ ਰਹੇ ਨੇ
9.
ਰਫ਼ ਕਾਪੀ ਦਾ ਕੋਈ ਇੱਕ ਵਿਸ਼ਾ ਨਹੀਂ ਹੁੰਦਾ
ਇੱਕ ਭਾਸ਼ਾ ਵੀ ਨਹੀਂ
ਫ਼ੇਰ ਦੁਨੀਆਂ ਨੂੰ ਇੱਕਰੰਗਾ ਕਿਉਂ ਬਣਾਇਆ ਜਾ ਰਿਹਾ ਹੈ
ਦੇਸ਼ ਨੂੰ ਕੁਝ ਲੋਕ ਬਣਾ ਰਹੇ ਨੇ ਜਿਵੇਂ
10.
ਕੁਝ ਤੁਕਾਂ ਹੁੰਦੀਆਂ ਨੇ ਇਨ੍ਹਾਂ ਵਿੱਚ ਕੁਝ ਰੇਖਾਵਾਂ ਵੀ
ਰਫ਼ ਕਾਪੀ ਨਾਲ਼ ਇਸ ਤਰ੍ਹਾਂ ਗੁੰਮ ਜਾਂਦੇ ਨੇ ਕੁਝ ਕਵੀ ਅਤੇ ਚਿੱਤਰਕਾਰ
11.
ਕੋਈ ਤਾਂ ਸਕੂਲ ਹੋਵੇ ਜਿੱਥੇ ਰਫ਼ ਕਾਪੀ ਦੇ ਵੀ ਨੰਬਰ ਮਿਲਣ
ਬਹੁਤ ਘੱਟ ਜਾਂ ਘੱਟ ਸਜਾਵਟੀ ਹੋਣਾ ਕੀ ਕੋਈ ਮੁੱਲ ਨਹੀਂ
12.
ਨੌਕਰੀ ਵਿੱਚ ਵਰ੍ਹਿਆਂ ਪਿੱਛੋਂ ਸਮਝ ਵਿੱਚ ਆਉਂਦਾ ਹੈ
ਮੈਂ ਤਾਂ ਇੱਕ ਰਫ਼ ਕਾਪੀ ਸਾਂ, ਸਿਰਫ਼ ਵਰਤਿਆ ਹੋਇਆ
****
# ਮੂਲ : ਵਿਨੋਦ ਵਿੱਠਲ, 8094005345.
vinod.vithall@gmail.com
***
# ਅਨੁ : ਪ੍ਰੋ. ਨਵ ਸੰਗੀਤ ਸਿੰਘ,
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302
(ਬਠਿੰਡਾ) 9417692015. |