19 June 2025

ਅੰਮੜੀ—ਬੁਸ਼ਰਾ ਰਹਿਮਾਨ/ਅਨੁਵਾਦ ਸੰਦੀਪ ਰਾਣਾ

ਫੋਟੋ ਬੁਸ਼ਰਾ ਰਹਿਮਾਨ Rekhta ਤੋਂ ਧੰਨਵਾਦ ਨਾਲ

ਪਿਆਰੀ ਮਾਂ! ਮੈਨੂੰ ਮੁਆਫ਼ ਕਰ ਦੇਈਂ, ਮੈਂ ਢੰਗ ਨਾਲ਼ ਤੇਰਾ ਸ਼ੋਕ ਵੀ ਨਹੀਂ ਕਰ ਸਕੀ, ਨਹੀਂ ਤਾਂ ਮੇਰਾ ਖ਼ਿਆਲ ਸੀ ਜਦੋਂ ਤੂੰ ਮੇਰੇ ਤੋਂ ਹਮੇਸ਼ਾ ਹਮੇਸ਼ਾ ਲਈ ਜੁਦਾ ਹੋ ਜਾਵੇਂਗੀ ਤਾਂ ਮੈਂ ਜ਼ਮਾਨੇ ਤੋਂ ਮੂੰਹ ਮੋੜ ਲਵਾਂਗੀ… ਪਰ ਜ਼ਮਾਨਾ ਤਾਂ ਹਰ ਵਾਰ ਜ਼ਿੰਦਾ ਲੋਕਾਂ ਤੇ ਮੁਰਦਿਆਂ ਵਿੱਚ ਆ ਰੁਕਾਵਟ ਬਣਦਾ ਹੈ।

ਮੈਂ ਸੋਚਿਆ ਸੀ… ਸਵਾ ਮਹੀਨਾ ਦੁਨੀਆਂ ਦਾ ਹਰ ਕੰਮ ਛੱਡ ਦੇਵਾਂਗੀ, ਸਾਰਾ ਦਿਨ ਕਲਾਮ-ਏ-ਪਾਕ ਪੜ੍ਹਿਆ ਕਰਾਂਗੀ, ਹਾਰ ਸ਼ਿੰਗਾਰ ਨੂੰ ਹੱਥ ਨਹੀਂ ਲਾਵਾਂਗੀ, ਹਰ ਉਹ ਕੰਮ ਕਰਾਂਗੀ ਜਿਸ ਨਾਲ਼ ਮੇਰੀ ਮਾਂ ਨੂੰ ਚੈਨ ਪਹੁੰਚੇ…. ਉਹ ਜੋ ਦਿਲ ਨੂੰ ਹੋਰ ਬਹੁਤ ਰੋਗ ਲੱਗੇ ਹੋਏ ਨੇ, ਉਹ ਵੀ ਤੇਰੇ ਨਾਂ ਲਾ ਦੇਵਾਂਗੀ, ਜੀ ਭਰ ਕੇ ਰੋਵਾਂਗੀ, ਰੁੱਸਾਂਗੀ ਤੇ  ਨਾਰਾਜ਼ ਹੋ ਜਾਵਾਂਗੀ।

ਪਰ ਇਹ ਜ਼ਮਾਨਾ ਹੈ… ਇਹ ਜ਼ਿੰਦਗੀ ਹੈ… ਇਹ ਤਾਂ ਢੰਗ ਨਾਲ਼ ਸ਼ੋਕ ਵੀ ਨਹੀਂ ਮਨਾਉਣ ਦਿੰਦੇ। ਕਲ੍ਹ ਤੇਰਾ ਚੌਥਾ ਹੋਇਆ ਹੈ ਤੇ ਅੱਜ ਮੈਂ ਇੰਞ ਬੈਠੀ ਹਾਂ ਜਿਵੇਂ ਕਦੀ ਤੇਰੇ ਨਾਮ ਨਾਲ਼ ਮੇਰਾ ਵਜੂਦ ਜੁੜਿਆ ਹੀ ਨਹੀਂ।

ਤੂੰ ਕੌਣ ਸੀ…?
ਤੂੰ ਕੀ ਸੀ…?

ਮਾਂ! ਵੇਖ ਤਾਂ ਭਲਾ ਮੈਂ ਇੰਞ ਬੈਠੀ ਹਾਂ ਜਿਵੇਂ ਕਿਸੇ ਮਾਂ ਨੇ ਮੈਨੂੰ ਜੰਮਿਆ ਹੀ ਨਾ ਹੋਵੇ, ਸਦਾ ਤੋਂ ਇਥੇ ਧਰਤੀ ‘ਤੇ ਹੀ ਬੈਠੀ ਹੋਵਾਂ… ਅੰਤ ਦਾ ਇੰਤਜ਼ਾਰ ਕਰਨ ਲਈ। ਅੱਜ ਸਵੇਰੇ ਉਠ ਕੇ ਕੰਮ ਵਿੱਚ ਇੰਞ ਲੱਗ ਗਈ ਸੀ ਜਿਵੇਂ ਕੋਈ ਖ਼ਰੀਦਿਆ ਹੋਇਆ ਮਜ਼ਦੂਰ ਬਿਨਾ ਕਹੇ ਮਜ਼ਦੂਰੀ ‘ਤੇ ਲੱਗ ਜਾਂਦਾ ਹੈ।

ਸਵੇਰੇ ਸਵੇਰੇ ਉੱਠ ਕੇ ਮੈਂ ਸਾਰੇ ਘਰ ਦੇ ਫ਼ਰਸ਼ ਧੋਤੇ, ਸਫ਼ੇਦ ਚਾਨਣੀਆਂ ਚੁੱਕ ਦਿੱਤੀਆਂ, ਧੂਪ ਤੇ ਅਗਰਬੱਤੀ ਨੂੰ ਕੂੜੇ ਵਾਲੇ ਬਿਨ ਵਿੱਚ ਸੁੱਟ ਦਿੱਤਾ, ਬਾਹਰ ਕਮਰੇ ਵਿੱਚ ਪਲੰਘ ਵਿਛਾ ਕੇ ਉਹਨਾਂ ‘ਤੇ ਸੁਹਣੇ ਪਲੰਘ ਪੋਸ਼ ਵਿਛਾ ਦਿੱਤੇ। ਡਰਾਇੰਗ ਰੂਮ ਨੂੰ ਨਵੇਂ ਸਿਰਿਓਂ ਸਜਾਇਆ ਸੰਵਾਰਿਆ ਤੇ ਘਰ ਨੂੰ ਘਰ ਬਣਾ ਦਿੱਤਾ, ਫਿਰ ਮੈਲੇ ਕਪੜਿਆਂ ਦਾ ਵੱਡਾ ਢੇਰ ਲੈ ਕੇ ਬਾਹਰ ਨਲਕੇ ‘ਤੇ ਧੋਣ ਬੈਠ ਗਈ। ਇੰਞ ਲੱਗਦਾ ਸੀ ਇਹਨਾਂ ਤਿੰਨ ਦਿਨਾਂ ਵਿੱਚ ਲੋਕਾਂ ਨੇ ਕਪੜੇ ਬਦਲ ਬਦਲ ਕੇ ਮੇਰੇ ਤੋਂ ਸਾਰੇ ਬਦਲੇ ਲੈ ਲਏ ਹਨ।

ਤਿੰਨ ਦਿਨਾਂ ਤੋਂ ਮੇਰੀ ਸੱਸ ਨੱਕ ਬੁਲ੍ਹ ਵੱਟ ਰਹੀ ਸੀ। ਉਹ ਘਰ ਦੇ ਇਸ ਸ਼ੋਕਮਈ ਮਾਹੌਲ ਤੋਂ ਉਕਤਾ ਗਈ ਸੀ ਤੇ ਅਫ਼ਸੋਸ ਕਰਨ ਆਉਂਦੇ ਲੋਕ ਉਸਨੂੰ ਜ਼ਹਿਰ ਲੱਗਦੇ ਸਨ। ਜਦੋਂ ਵੀ ਕੋਈ ਆਉਂਦਾ ਤਾਂ ਸਿਰ ਚੁੱਕ ਕੇ ਕਹਿੰਦੀ, ਇਨ੍ਹਾਂ ਕਮਬਖ਼ਤਾਂ ਦੇ ਤਾਂ ਆਉਣ ਜਾਣ ਦਾ ਕੋਈ ਵਕਤ ਨਹੀਂ, ਖਾਣੇ ਦੇ ਵਕਤ ਵੀ ਮੂੰਹ ਚੁੱਕੀ ਤੁਰੇ ਆਉਂਦੇ ਨੇ, ਘਰ ਨਾ ਹੋਇਆ ਕਬਰਿਸਤਾਨ ਹੋ ਗਿਆ। ਤੌਬਾ, ਤੌਬਾ ਇਹ ਮਾਤਮੀ ਦਰੀਆਂ ਚੱਕੋ। ਮੇਰਾ ਤਾਂ ਧੂਪ ਦੀ ਬੋਅ ਨਾਲ਼ ਸਾਹ ਘੁੱਟਦਾ ਹੈ। ਇੰਨੇ ਦਿਨ ਸ਼ੋਕ ਕਰਨਾ ਆਪਣੇ ਮਜਹਬ ਵਿੱਚ ਹੀ ਗੁਨਾਹ ਹੈ, ਚੁੱਕੋ ਸਭ ਕੁਝ ਹੁਣ, ਬੱਸ ਉਹ ਆਪਣੀ ਪੂਰੀ ਉਮਰ ਗੁਜ਼ਾਰ ਗਈ ਹੈ। ਕਿਹੜਾ ਉਸ ਦੀ ਜਵਾਨ ਮੌਤ ਹੋਈ ਹੈ?

ਤੇ ਸੱਚ ਪੁੱਛੋ ਤਾਂ ਮਾਂ! ਕਪੜਿਆਂ ਦਾ ਵੱਡਾ ਸਾਰਾ ਢੇਰ ਧੋਣ ਤੋਂ ਬਾਅਦ ਮੈਂ ਇਸ ਹੱਦ ਤਕ ਥੱਕ ਚੁੱਕੀ ਸੀ ਕਿ ਮੈਨੂੰ ਵੀ ਉਹਨਾਂ ਅਫ਼ਸੋਸ ਕਰਨ ਵਾਲਿਆਂ ਦਾ ਆਉਣਾ ਚੰਗਾ ਨਹੀਂ ਲੱਗਿਆ। ਜਿਹੜੇ ਦੋ ਚਾਰ ਕਪੜੇ ਧੋਣੇ ਰਹਿ ਗਏ ਸਨ ਉਹ ਛੱਡ ਕੇ ਆ ਤਾਂ ਗਈ ਪਰ ਧਿਆਨ ਉਸੇ ਪਾਸੇ ਲੱਗਿਆ ਰਿਹਾ। ਇਕ ਵਾਰ ਉੱਠ ਜਾਈਏ ਤਾਂ ਦੁਬਾਰਾ ਬੈਠਣ ਦੀ ਹਿੰਮਤ ਨਹੀਂ ਹੋ ਸਕਦੀ। ਉੱਧਰ ਖਾਣੇ ਦਾ ਵਕਤ ਹੋ ਰਿਹਾ ਸੀ ਤੇ ਮੈਂ ਸਾਰੇ ਘਰ ਵਾਲਿਆਂ ਲਈ ਫੁਲਕੇ ਬਣਾਉਣੇ ਸਨ।

ਦੂਰ ਬੈਠੀ ਮੇਰੀ ਸੱਸ ਦੁਹਾਈ ਦੇ ਰਹੀ ਸੀ ਤੇ ਮੈਂ ਸੋਚ ਰਹੀ ਸੀ ਕਿ ਮਾਂ ਮਰਨਾ ਇਕ ਰਸਮ ਕਿਉਂ ਹੈ? ਤੇ ਇਸ ਰਸਮ ਨੂੰ ਸਿਰਫ਼ ਨਿਭਾਇਆ ਜਿਹਾ ਕਿਉਂ ਜਾਂਦਾ ਹੈ? ਅਜੇ ਇਕ ਦਿਨ ਪਹਿਲਾਂ ਦੀ ਹੀ ਤਾਂ ਗੱਲ ਹੈ, ਤੇ ਹੁਣ ਤੇਰਾ ਘਰ ਆਉਣਾ-ਜਾਣਾ ਇਕ ਕਹਾਣੀ ਬਣ ਗਿਆ ਹੈ।

ਉਸ ਦਿਨ ਮੇਰਾ ਘਰ ਲੋਕਾਂ ਨਾਲ਼ ਭਰਿਆ ਸੀ ਤੇ ਤੇਰਾ ਸਰੀਰ ਇਕ ਖ਼ਾਲੀ ਪਿੰਜਰੇ ਵਾਂਗ ਸਫ਼ੇਦ ਚਾਦਰਾਂ ਵਿੱਚ ਲਪੇਟਿਆ ਹੋਇਆ ਪਿਆ ਸੀ। ਸਾਰੀਆਂ ਔਰਤਾਂ ਦੋ ਪਲਾਂ ਲਈ ਮੇਰੇ ਕੋਲ ਆ ਕੇ ਬੈਠਦੀਆਂ, ਤਸੱਲੀ ਦੇ ਦੋ ਬੋਲ ਬੋਲਦੀਆਂ ਤੇ ਫਿਰ ਉੱਠ ਕੇ ਚਲੀਆਂ ਜਾਂਦੀਆਂ।

‘ਹਾਂ ਜੀ ਮਾਂ ਬਹੁਤ ਵੱਡੀ ਨੇਅਮਤ ਹੁੰਦੀ ਹੈ।‘
‘ਵੱਡੀ ਸ਼ੈਅ ਹੈ ਜੀ ਮਾਂ।‘
‘ਮਾਂ ਦਾ ਥਾਂ ਕੌਣ ਲੈ ਸਕਦਾ ਹੈ?’
‘ਮਾਵਾਂ ਠੰਢੀਆਂ ਛਾਵਾਂ।‘

ਬਾਜ਼ਾਰ ਵਿੱਚ ਵਿਕਣ ਵਾਲੀਆਂ ਚੀਜ਼ਾਂ ਵਾਂਗ ਇਹ ਫ਼ਿਕਰੇ ਉਹਨਾਂ ਔਰਤਾਂ ਦੇ ਮੂੰਹੋਂ ਨਿਕਲ ਰਹੇ ਸਨ।

ਬਜ਼ੁਰਗ ਔਰਤਾਂ ਗੱਲ ਕਰਨ ਤੋਂ ਪਹਿਲਾਂ ਇਕ ਠੰਢਾ ਸਾਹ ਭਰਦੀਆਂ ਜਿਵੇਂ ਉਹਨਾਂ ਨੂੰ ਆਪਣੇ ਹੀ ਮੂੰਹੋਂ ਬੋਲੇ ਜਾਣ ਵਾਲੇ ਫ਼ਿਕਰਿਆਂ ਵਿੱਚ ਆਪਣਾ ਭਵਿੱਖ ਨਜ਼ਰ ਆ ਰਿਹਾ ਹੋਵੇ, ਤੇ ਜਵਾਨ ਔਰਤਾਂ ਇਹਨਾਂ ਫ਼ਿਕਰਿਆਂ ਦੀਆਂ ਗੇਂਦਾਂ ਇਵੇਂ ਉਛਾਲਦੀਆਂ ਜਿਵੇਂ ਕ੍ਰਿਕਟ ਦਾ ਮੰਨਿਆ ਖਿਡਾਰੀ ਗੇਂਦਾਂ ਇਧਰੋਂ ਉਧਰ ਸੁੱਟਦਾ ਹੈ। ਜਵਾਨ ਔਰਤਾਂ ਸਮਝਦੀਆਂ ਹਨ ਬਜ਼ੁਰਗ ਉਹਨਾਂ ਤੋਂ ਬਹੁਤ ਦੂਰ ਹਨ। ਅਜਿਹੇ ਵਿੱਚ ਨੌਜਵਾਨ ਬੱਚੀਆਂ ਇਵੇਂ ਸਾਰਾ ਤਮਾਸ਼ਾ ਇਕ ਟਕ ਵੇਖਦੀਆਂ ਹਨ ਜਿਵੇਂ ਇਹ ਫ਼ਾਨੀ ਜਹਾਨ ਤਾਂ ਉਹਨਾਂ ਦਾ ਜਹਾਨ ਹੈ ਹੀ ਨਹੀਂ। ਹਕੀਕਤ ਵਿੱਚ ਉਹ ਸੁਫ਼ਨਿਆਂ ਦੇ ਅਲੌਕਿਕ ਜਹਾਨ ਵਿੱਚ ਰਹਿੰਦੀਆਂ ਹਨ।

ਅੰਮਾ! ਮੈਂ ਉਹਨਾਂ ਗੱਲਾਂ ਦਾ ਕੀ ਜਵਾਬ ਦਿੰਦੀ, ਜਦੋਂ ਅੱਥਰੂ ਜ਼ੁਬਾਨ ਬਣ ਜਾਣ ਤੇ ਅੰਦਰਲਾ ਹੌਸਲਾ ਗਵਾਚ ਜਾਂਦਾ ਹੈ।
ਅੰਮਾ ਮੈਂ ਇਕਦਮ ਚੁੱਪ ਬੈਠੀ ਸੀ ਜਿਵੇਂ ਸਭ ਪਾਸੇ ਹਨੇਰਾ ਛਾ ਗਿਆ ਹੋਵੇ।  ਬਾਹਰ ਦੀਆਂ ਰੌਸ਼ਨੀਆਂ ਬੁੱਝਦੀਆਂ ਹਨ ਤਾਂ ਅੰਦਰ ਇਕ ਜਹਾਨ ਰੌਸ਼ਨ ਹੋ ਜਾਂਦਾ ਹੈ।

ਸਾਰੀਆਂ ਔਰਤਾਂ ਇਕ ਅੱਧਾ ਰਵਾਇਤੀ ਫ਼ਿਕਰਾ ਬੋਲਣ ਤੋਂ ਬਾਅਦ ਦੂਰ ਜਾ ਬੈਠਦੀਆਂ ਸਨ। ਹੌਸਲਾ ਦੇਣ ਵਾਲੇ ਫ਼ਿਕਰੇ ਬਹੁਤ ਭਾਰੇ ਹੁੰਦੇ ਹਨ, ਇਕ ਅੱਧੇ ਫ਼ਿਕਰੇ ਦੀ ਅਦਾਇਗੀ ਤੋਂ ਬਾਅਦ ਹੀ ਇਨਸਾਨ ਥੱਕ ਜਾਂਦਾ ਹੈ ਫਿਰ ਉਹ ਆਪਣੀ ਜ਼ੁਬਾਨ ਨੂੰ ਲੋਹੇ ਦੇ ਉਨ੍ਹਾਂ ਸ਼ਤੀਰਾਂ ਤੋਂ ਆਜ਼ਾਦ ਕਰਕੇ ਇਧਰ ਉਧਰ ਦੀ ਜ਼ਿੰਦਗੀ ਦੀਆਂ ਹਲਕੀਆਂ ਫੁਲਕੀਆਂ ਗੱਲਾਂ ਕਰਨ ਲੱਗਦਾ ਹੈ।
ਉਹ ਔਰਤਾਂ ਜਲਦੀ ਮੇਰੇ ਕੋਲੋਂ ਦੂਰ ਚਲੀਆਂ ਜਾਂਦੀਆਂ ਤੇ ਉਹਨਾਂ ਦਾ… ਗੱਲਾਂ ਦਾ ਵਿਸ਼ਾ ਵੀ ਬਦਲ ਜਾਂਦਾ।

ਅੰਮਾ! ਮੈਂ ਆਪਣੇ ਕੰਨਾਂ ਨਾਲ਼ ਸੁਣਿਆ ਕਿ ਉਹ ਆਪਣੀ ਪਹਿਲੇ ਬੱਚੇ ਦੀ ਪੈਦਾਇਸ਼ ਤੋਂ ਲੈ ਕੇ ਆਖ਼ਰੀ ਬੱਚੇ ਦੀ ਪੈਦਾਇਸ਼ ਤਕ ਇਕ ਇਕ ਵੇਰਵਾ ਮਜ਼ੇ ਲੈ ਲੈ ਕੇ ਇਕ ਦੂਸਰੇ ਨੂੰ ਦੱਸ ਰਹੀਆਂ ਸਨ। ਉਹ ਪਹਿਲੀ ਰਾਤ ਤੋਂ ਲੈ ਕੇ ਆਪਣੀ ਸੱਸ ਦੇ ਗੁੱਤ ਫੜਨ ਤਕ ਦੇ ਤਮਾਮ ਕਿੱਸੇ ਬਿਆਨ ਕਰ ਰਹੀਆਂ ਸਨ। ਬੱਚਿਆਂ ਦੇ ਵਿਗੜਨ ਨੂੰ ਰੋਕਣ ਲਈ ਨਵੇਂ ਤੇ ਵਿਸ਼ਵਾਸਯੋਗ ਵਰਤੇ ਹੋਏ ਨੁਸਖ਼ੇ ਇਕ ਦੂਸਰੇ ਦੀ ਝੋਲੀ ਪਾ ਰਹੀਆਂ ਸਨ।

ਵੈਸੇ ਔਰਤਾਂ ਨੂੰ ਮੈਂ ਇਸ ਲਈ ਜਮ੍ਹਾਂ ਕੀਤਾ ਸੀ ਕਿ ਉਹ ਕਲਾਮ-ਏ-ਪਾਕ ਪੜ੍ਹ ਕੇ ਤੇਰੀ ਰੂਹ ਨੂੰ ਚੈਨ ਪਹੁੰਚਾਉਣਗੀਆਂ ਤੇ ਖਜੂਰਾਂ ਦੀਆਂ ਗਿਟਕਾਂ ‘ਤੇ ਕਲਮ-ਏ-ਤਈਬਾ ਦਾ ਵਰਦ(ਪਾਠ) ਕਰਣਗੀਆਂ ਤਾਂ ਕਿ ਤੇਰੀ ਕਬਰ ਵਿੱਚ ਠੰਢੀ ਹਵਾ ਦੇ ਬੁੱਲ੍ਹੇ ਪਹੁੰਚਣ ਤਾਂ ਤੈਨੂੰ ਅੰਦਾਜ਼ਾ ਹੋਵੇ ਕਿ ਚੰਗੀ ਔਲਾਦ ਕਿਵੇਂ ਮਹਿਕਾਂ ਵੰਡਣ ਵਾਲੀ ਹੁੰਦੀ ਹੈ ਪਰ ਇਵੇਂ ਲੱਗਦਾ ਹੈ ਮਾਂ! ਕਿਸੇ ਦੀ ਮਾਂ ਨੂੰ ਕੋਈ ਹੋਰ ਠੰਢਕ ਨਹੀਂ ਪਹੁੰਚਾਉਣਾ ਚਾਹੁੰਦਾ। ਸਪਾਰੇ(ਪਵਿੱਤਰ ਕੁਰਾਨ ਦਾ ਭਾਗ) ਪੜ੍ਹਦੀਆਂ ਪੜ੍ਹਦੀਆਂ ਔਰਤਾਂ ਸਿਰ ਚੁੱਕ ਕੇ ਗੱਲਾਂ ਕਰਨ ਲੱਗਦੀਆਂ ਤੇ ਗਿਟਕਾਂ ਨੂੰ ਸੁੱਟਦਿਆਂ ਸੁੱਟਦਿਆਂ ਉਨ੍ਹਾਂ ਨੂੰ ਕਈ ਦਿਲਚਸਪ ਕਿੱਸੇ ਯਾਦ ਆ ਜਾਂਦੇ ਜੋ ਉਹ ਇਕ ਦੂਸਰੇ ਨੂੰ ਕੰਨਾਂ ਵਿੱਚ ਸੁਣਾਏ ਬਿਨਾਂ ਨਹੀਂ ਰਹਿ ਸਕਦੀਆਂ। ਐਵੇਂ ਬਹੁਤ ਸਾਰੀਆਂ ਔਰਤਾਂ ਵੀ ਆਉਂਦੀਆਂ ਹਨ ਜਿਨ੍ਹਾਂ ਨੇ ਸਪਾਰਾ ਨਹੀਂ ਪੜ੍ਹਨਾ ਹੁੰਦਾ। ਇਸ ਲਈ ਉਹ ਅਲੱਗ ਮੰਡਲੀ ਬਣਾ ਕੇ ਬੈਠ ਜਾਂਦੀਆਂ ਹਨ ਤੇ ਕਈ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਡਾਕਟਰ ਨੇ ਜ਼ਮੀਨ ‘ਤੇ ਬੈਠਣ ਤੋਂ ਮਨ੍ਹਾਂ ਕੀਤਾ ਹੁੰਦਾ ਹੈ। ਉਹ ਕੋਈ ਗੱਦੀ ਮੰਗਵਾਉਂਦੀਆਂ ਹਨ ਜਾਂ ਕੁਰਸੀ ਦੀ ਮੰਗ ਕਰਦੀਆਂ ਹਨ। ਮਾਂ! ਡਰ ਹੈ ਅਜਿਹੀਆਂ ਔਰਤਾਂ ਨੂੰ ਜੇ ਡਾਕਟਰ ਨੇ ਮਰਨ ਤੋਂ ਬਾਅਦ ਜ਼ਮੀਨ ਵਿੱਚ ਦਫ਼ਨ ਹੋਣ ਤੋਂ ਪਰਹੇਜ਼ ਦੱਸਿਆ… ਤਾਂ ਉਹ ਕੀ ਕਰਣਗੀਆਂ?

ਆਖ਼ਰ ਸੋਨੇ ਜਾਂ ਰੁਪਏ ਵਿੱਚ ਤਾਂ ਕੋਈ ਦਫ਼ਨ ਨਹੀਂ ਹੋ ਸਕਦਾ ਨਾ।

ਮੇਰੇ ਕੋਲ ਵੀ ਇਕ ਅਜਿਹੀ ਔਰਤ ਬੈਠੀ ਸੀ, ਚਿਹਰਾ ਨੇੜੇ ਕਰਕੇ ਬੋਲੀ: ਮੈਂ ਤਾਂ ਇੰਨੀ ਦੇਰ ਜ਼ਮੀਨ ‘ਤੇ ਨਹੀਂ ਬੈਠ ਸਕਦੀ, ਬੱਸ ਤੁਹਾਡੀ ਮਾਤਾ ਜੀ ਬਾਰੇ ਸੁਣਿਆ ਤਾਂ ਮੈਂ ਆ ਗਈ। ਡਾਕਟਰ ਸਾਹਬ ਨੇ ਫ਼ਰਸ਼ ‘ਤੇ ਬੈਠਣ ਤੋਂ ਮਨ੍ਹਾਂ ਕੀਤਾ ਹੈ।

ਫਿਰ ਉਹ ਇਕ ਵੈਣ ਪਾ ਕੇ ਪਾਸਾ ਜਿਹਾ ਲੈ ਕੇ ਦੂਸਰੇ ਪਾਸੇ ਮੂੰਹ ਕਰਕੇ ਕਿਸੇ ਨਾਲ਼ ਗੱਲਾਂ ਵਿੱਚ ਰੁਝ ਗਈ। ਗੱਲਾਂ ਵਿੱਚ ਉਸ ਨੂੰ ਪਰਹੇਜ਼ ਦਾ ਖ਼ਿਆਲ ਨਹੀਂ ਆਇਆ। ਮਾਂ! ਵੈਸੇ ਜੇ ਕੁਝ ਪੜ੍ਹਨ ਨੂੰ ਕਿਹਾ ਜਾਵੇ ਤਾਂ ਉਹਨਾਂ ਨੂੰ ਡਾਕਟਰ ਸਾਹਬ ਦੀਆਂ ਹਦਾਇਤਾਂ ਯਾਦ ਆ ਜਾਂਦੀਆਂ ਨੇ।

ਅਜਿਹੇ ਮੌਕਿਆਂ ‘ਤੇ ਬਹੁਤ ਸਾਰੀਆਂ ਔਰਤਾਂ ਨੂੰ ਉਹਨਾਂ ਘਾਤਕ ਰੋਗਾਂ ਦੀ ਸੂਚੀ ਯਾਦ ਹੁੰਦੀ ਹੈ ਜਿਨ੍ਹਾਂ ਕਾਰਨ ਉਹਨਾਂ ਨੇ ਬੇਸ਼ੁਮਾਰ ਲੋਕਾਂ ਨੂੰ ਮਰਦੇ ਵੇਖਿਆ ਹੁੰਦਾ ਹੈ। ਫਿਰ ਉਹ ਚਟਕਾਰੇ ਲੈ ਲੈ ਕੇ ਇਵੇਂ ਉਹਨਾਂ ਦਾ ਹਾਲ ਬਿਆਨ ਕਰਦੀਆਂ ਹਨ ਜਿਵੇਂ ਉਹਨਾਂ ‘ਤੇ ਤਾਂ ਕਦੀ ਮਰਨ ਵੇਲੇ ਦੇ ਕਸ਼ਟ ਵਾਲਾ ਵਕਤ ਨਹੀਂ ਆਵੇਗਾ।

ਹਾਂ ਇਹ ਤਾਂ ਇਕ ਸ਼ੁਰੂਆਤੀ ਫ਼ਿਕਰਾ ਹੋਇਆ ਨਾ।
‘ਕੀ ਹੋਇਆ ਸੀ ਉਹਨਾਂ ਨੂੰ…?
‘ਉਸ ਨੂੰ ਕੀ ਹੋਣਾ ਸੀ… ਮੇਰੀ ਸੱਸ ਦੂਰ ਬੈਠੀ ਆਪਣੀ ਸੁੱਕੀਆਂ ਸੜੀਆਂ ਬਾਹਾਂ ਵਿੱਚ ਸੋਨੇ ਦੀ ਮੋਟੀ ਚੂੜੀ ਪਾਈ ਹੱਥ ਮਾਰ ਮਾਰ ਕੇ ਦੱਸ ਰਹੀ ਸੀ।

‘ਬੁਢਾਪੇ ਵਿੱਚ ਕੁਝ ਹੋਣਾ ਨਾ ਹੋਣਾ ਤਾਂ ਸਿਰਫ਼ ਇਕ ਬਹਾਨਾ ਹੁੰਦਾ ਹੈ, ਬੱਸ ਜਾਣ ਦਾ ਬਹਾਨਾ… ਕੀ ਹੋਣਾ ਸੀ ਉਸ ਨੂੰ… ਸੱਠ ਤੋਂ ਉਪਰ ਹੋ ਗਈ ਸੀ, ਬੱਚੇ ਵਿਆਹ ਲਏ ਸਨ, ਪੋਤਿਆਂ ਦੋਹਤਿਆਂ ਵਾਲੀ ਹੋ ਗਈ ਸੀ। ਕੀ ਹੁਣ ਵੀ ਨਾ ਜਾਂਦੀ? ਹੋਰ ਕਿੰਨਾ ਜੀ ਲੈਂਦੀ, ਦੋ ਸਾਲ, ਚਾਰ ਸਾਲ, ਚੰਗਾ ਹੀ ਹੋਇਆ ਚਲੀ ਗਈ। ਅਪਾਹਜ ਹੋ ਕੇ ਜੀਉਣ ਨਾਲ਼ੋਂ ਬਿਹਤਰ ਹੈ ਆਦਮੀ ਆਰਾਮ ਨਾਲ਼ ਕਬਰ ਵਿੱਚ ਜਾ ਲੇਟੇ।‘

ਮੇਰੀ ਸੱਸ ਖ਼ੈਰ ਨਾਲ਼ ਸੱਠ ਤੋਂ ਉਪਰ ਹੀ ਹੈ ਪਰ ਜ਼ਰਾ ਜਿਹਾ ਪੇਟ ਵਿੱਚ ਅਫ਼ਾਰਾ ਹੋ ਜਾਵੇ ਤਾਂ ਦੱਸ ਡਾਕਟਰ ਬੁਲਾ ਲੈਂਦੀ ਹੈ। ਫਿਰ ਹਰ ਪਤਾ ਲੈਣ ਵਾਲੇ ਨੂੰ ਬੇਨਤੀ ਭਰੇ ਅੰਦਾਜ਼ ਵਿੱਚ ਕਹਿੰਦੀ ਹੈ:

‘ਮੇਰੀ ਸਿਹਤ ਤੇ ਤੰਦਰੁਸਤੀ ਲਈ ਦੁਆ ਕਰਿਓ, ਅੱਲਾ ਦੇ ਘਰ ਕਿਸ ਚੀਜ਼ ਦੀ ਕਮੀ ਹੈ, ਅੱਲਾ ਮੈਨੂੰ ਨਵਾਜ਼ ਬੇਟੇ ਦੇ ਸਿਹਰੇ ਦੇ ਫੁੱਲ ਵਿਖਾਵੇ। ਅਜੇ ਮੈਂ ਵੇਖਿਆ ਹੀ ਕੀ ਹੈ।‘

ਮੇਰਾ ਪੁੱਤ ਜੋ ਦੱਸ ਸਾਲ ਦਾ ਹੈ, ਦਾਦੀ ਅੰਮਾ ਨੂੰ ਉਸ ਦੇ ਸਿਹਰੇ ਦੇ ਫੁੱਲ ਵੇਖਣ ਦਾ ਚਾਅ ਹੈ। ਸੱਤ ਪੁੱਤ ਤੇ ਪੰਜ ਧੀਆਂ ਜੰਮਣ ਦੇ ਬਾਵਜੂਦ ਉਹਨਾਂ ਨੇ ਅਜੇ ਦੁਨੀਆਂ ਵਿੱਚ ਵੇਖਿਆ ਨਹੀਂ ਕੁਝ, ਹਰ ਨੂੰਹ ਦੇ ਸੀਨੇ ‘ਤੇ ਸੱਪ ਬਣ ਕੇ ਲੋਟਦੀ ਹੈ ਤੇ ਹਰ ਜਵਾਈ ਨੂੰ ਆਪਣੀ ਧੀ ਰੂਪੀ ਨੱਥ ਪਾਈ ਹੋਈ ਹੈ। ਉਸ ‘ਤੇ ਵੀ ਕੀ ਚਾਅ ਹੈ ਕਿ ਅਗਲੀ ਨਸਲ ਵੇਖਣਾ ਚਾਹੁੰਦੀ ਹੈ।

‘ਹਾਂ ਭੈਣ! ਬੁਢਾਪਾ ਸਭ ਤੋਂ ਵੱਡਾ ਰੋਗ ਹੈ, ਅਜਿਹਾ ਰੋਗ ਜਿਸ ਨਾਲ਼ ਇਨਸਾਨ ਮਰ ਹੀ ਜਾਵੇ’ ਕਿਸੇ ਦੂਸਰੀ ਔਰਤ ਨੇ ਠੰਢਾਸਾਹ ਲੈ ਕੇ ਕਿਹਾ।
‘ਚੰਗਾ ਹੋਇਆ ਮਰ ਗਈ।‘ ਮੇਰੀ ਸੱਸ ਨੇ ਉਸ ਦੀ ਗੱਲ ਸੁਣੀ ਅਣਸੁਣੀ ਕਰਦੇ ਹੋਏ ਨੱਕ ਬੁੱਲ੍ਹ ਵੱਟਦਿਆਂ ਜਵਾਬ ਦਿੱਤਾ, ਅਜਿਹਾ ਮਰੀਜ਼ ਤਾਂ ਖ਼ਾਹ-ਮ-ਖ਼ਵਾਹ ਬੋਝ ਬਣ ਜਾਂਦਾ ਹੈ।‘

ਪਤਾ ਨਹੀਂ ਮੇਰੀ ਸੱਸ ਕਿਸ ਰੋਗ ਨਾਲ਼ ਜਾਵੇਗੀ? ਉਸ ਨੂੰ ਤਾਂ ਖ਼ੁਦ ਇਸ ਦਾ ਪਤਾ ਨਹੀਂ।

ਮੈਂ ਇਕ ਇਕ ਦਾ ਚਿਹਰਾ ਵੇਖਿਆ। ਚਿਹਰੇ ਦਿਲ ਦਾ ਸ਼ੀਸ਼ਾ ਨਹੀਂ ਹੁੰਦੇ ਜਾਂ ਫਿਰ ਸਾਰੇ ਸ਼ੀਸ਼ੇ ਝੂਠੇ ਹੁੰਦੇ ਹਨ। ਹੁਣ ਅਸਲੀ ਚੀਜ਼ ਤਾਂ ਦੁਨੀਆਂ ਵਿੱਚ ਕੋਈ ਹੈ ਹੀ ਨਹੀਂ। ਇਸ ਲਈ ਤਾਂ ਤੈਨੂੰ ਵਿਹੜੇ ਵਿੱਚ ਪਈ ਵੇਖ ਕੇ ਵੀ ਮੈਨੂੰ ਯਕੀਨ ਨਹੀਂ ਆਉਂਦਾ ਸੀ ਕਿ ਤੂੰ ਮਰ ਗਈ ਹੈਂ। ਮਾਂ! ਇਵੇਂ ਲੱਗਦਾ ਸੀ ਕਿ ਤੂੰ ਹੁਣੇ ਉੱਠ ਜਾਵੇਂਗੀ, ਹੁਣੇ ਤੇਰੇ ਸਾਹਾਂ ਨਾਲ਼ ਮੁਰਦਾ ਕਫ਼ਨ ਧੜਕ ਉੱਠੇਗਾ।

‘ਸੱਚੀ ਗੱਲ ਦੱਸਾਂ…?’ ਕੋਈ ਜ਼ਿੰਦਾ ਆਦਮੀ ਇਹ ਨਹੀਂ ਚਾਹੁੰਦਾ ਕਿ ਮੁਰਦਾ ਜਾਗ ਉੱਠੇ।ਜੋ ਮਰ ਜਾਏ ਉਸ ਨਾਲ਼ ਦੁਨੀਆਂ ਦਾ ਨਾਤਾ ਫ਼ੌਰਨ ਟੁੱਟ ਜਾਂਦਾ ਹੈ। ਜੇ ਉਹ ਜੋੜਨਾ ਚਾਹੇ ਤਾਂ ਉਸ ਦੀ ਭੁੱਲ ਹੈ। ਉਸੇ ਨੂੰ ਤਾਂ ਕਹਿੰਦੇ ਹਨ ਕਿ ਸਿਰਫ਼ ਆਪਣਾ ਦਮ ਲੈ ਕੇ ਜਾਣਾ ਹੈ… ਇਹ ਔਲਾਦ… ਔਲਾਦ ਲਈ ਝਗੜੇ, ਨਾਇੰਨਸਾਫ਼ੀਆਂ, ਝੂਠ, ਜਾਇਦਾਦਾਂ ਜਿਸ ਤਰ੍ਹਾਂ ਵੀ ਬਣਾਈਆਂ ਜਾਂਦੀਆਂ, ਇਥੇ ਹੀ ਰਹਿ ਜਾਂਦੀਆਂ ਨੇ ਤੇ ਔਲਾਦ, ਮਾਂ, ਮਾਪੇ ਕਿਸ ਹੱਦ ਤਕ ਝੂਠ ਬੋਲਦੇ ਹਨ ਉਸ ਔਲਾਦ ਲਈ? ਕਿਸ ਹੱਦ ਤਕ ਬੇਇੱਜ਼ਤ ਅਤੇ ਔਖੇ ਹੁੰਦੇ ਹਨ? ਇਹ ਔਲਾਦ ਤਾਂ ਇਕ ਸਪਾਰਾ ਪੜ੍ਹ ਕੇ ਵੀ ਉਹਨਾਂ ਨੂੰ ਬਖ਼ਸ਼ਣ ਦਾ ਕਾਰਨ ਵੀ ਨਹੀਂ ਬਣ ਸਕਦੀ।

ਮਾਂ! ਮੈਂ ਦੁਨਿਆਵੀਂ ਤੌਰ ‘ਤੇ ਡਰੀ ਹੋਈ ਸੀ ਕਿ ਤੂੰ ਜ਼ਿੰਦਾ ਹੋ ਕੇ ਉੱਠ ਖੜੀ ਨਾ ਹੋਵੇ।
ਕੀ ਮੈਂ ਇੰਨੀ ਮਤਲਬੀ ਹੋ ਗਈ ਆਂ?
‘ਨਹੀਂ ਮਾਂ।‘
ਹੁਣ ਤੇਰੇ ਤੋਂ ਆਪਣੀਆਂ ਮਜ਼ਬੂਰੀਆਂ ਕੀ ਲੁਕਾਵਾਂ?
ਮੈਂ ਤੈਨੂੰ ਹਸਪਤਾਲ ਤੋਂ ਘਰ ਤਾਂ ਲੈ ਆਈ ਪਰ ਮੇਰੇ ‘ਤੇ ਉਸ ਡੇਢ ਮਹੀਨੇ ਵਿੱਚ ਕੀ ਬੀਤ ਗਈ, ਉਹ ਮੈਂ ਤੈਨੂੰ ਨਹੀਂ ਦੱਸ ਸਕਦੀ।
ਮਾਂ! ਇਸ ਦੁਨੀਆਂ ਦੇ ਕਾਨੂੰਨ ਬੜੇ ਜ਼ਾਲਮ ਹਨ। ਤੇਰੇ ਜਾਂ ਮੇਰੇ ਰੋਣ ਨਾਲ਼ ਇਹ ਜ਼ੁਲਮ ਦੇ ਨਿਸ਼ਾਨ ਖ਼ਤਮ ਨਹੀਂ ਹੋ ਜਾਣਗੇ।

ਦੋਵੇਂ ਭਰਾ ਤਾਂ ਤੈਨੂੰ ਹਸਪਤਾਲ ਵਿੱਚ ਦਾਖ਼ਲ ਕਰਕੇ ਰੁਖ਼ਸਤ ਹੋ ਗਏ। ਜਾਂਦੇ ਜਾਂਦੇ ਭਲਾਈ ਤੇ ਪੁੰਨ ਪ੍ਰਾਪਤ ਕਰਨ ਲਈ ਤੈਨੂੰ ਥੋੜ੍ਹੀ ਜਿਹੀ ਭੀਖ ਵੀ ਦੇ ਗਏ।
ਪਰ ਛੇ ਮਹੀਨਿਆਂ ਤਕ ਮੈਂ ਹਸਪਤਾਲ ਵਿੱਚ ਜਿਸ ਤਰ੍ਹਾਂ ਤੇਰੀ ਦੇਖਭਾਲ ਕੀਤੀ ਹੈ, ਉਹ ਮੇਰੇ ਸਿਵਾ ਹੋਰ ਕੌਣ ਜਾਣ ਸਕਦਾ ਹੈ? ਤੈਨੂੰ ਪਤਾ ਹੈ ਤੈਨੂੰ ਜਨਰਲ ਵਾਰਡ ਵਿੱਚ ਲਵਾਰਸਾਂ ਵਾਂਗ ਰਹਿਣਾ ਪੈਂਦਾ ਸੀ।

ਤੇਰੇ ਵਾਰਸ ਕਿੱਥੇ ਸੀ ਮਾਂ? ਮੈਨੂੰ ਵੀ ਘਰ ਦੇ ਸਾਰੇ ਬਖੇੜੇ ਨਿਪਟਾ ਕੇ ਹੀ ਹਸਪਤਾਲ ਜਾਣ ਦੀ ਆਗਿਆ ਮਿਲਦੀ ਸੀ। ਹਸਪਤਾਲ ਜਾਣ ਲਈ ਮੈਨੂੰ ਘਰ ਦੇ ਸਾਰੇ ਕੰਮ ਕਰ ਕੇ ਜਾਣਾ ਪੈਂਦਾ ਸੀ ਕਿ ਕਿਤੇ ਮੇਰੀ ਸੱਸ ਮੇਰੇ ਪਤੀ ਦੇ ਕੰਨ ਨਾ ਭਰ ਦੇਵੇ ਤੇ ਸੱਸ ਹੀ ਕੀ… ਸਾਰੇ ਲੋਕ ਇਹ ਕਹਿੰਦੇ ਸਨ ਕਿ ਇਕ ਔਰਤ ਜੋ ਸੱਠ ਤੋਂ ਉਪਰ ਹੋ ਚੁੱਕੀ ਹੋਵੇ ਤੇ ਕੈਂਸਰ ਦੀ ਮਰੀਜ਼ ਹੋਵੇ, ਉਸ ਨੂੰ ਮਰਨ ਵਿੱਚ ਦੇਰ ਨਹੀਂ ਲਗਾਉਣੀ ਚਾਹੀਦੀ ਹੈ। ਇਸ ਤਰ੍ਹਾਂ ਉਹ ਆਪਣੇ ਤੋਂ ਇਲਾਵਾ ਦੂਸਰਿਆਂ ਦਾ ਵੀ ਵਕਤ ਖ਼ਰਾਬ ਕਰਦੀ ਹੈ। ਆਖ਼ਰ ਉਹ ਦਿਨ ਆਣ ਪਹੁੰਚਿਆ ਜਦੋਂ ਡਾਕਟਰਾਂ ਨੇ ਕਹਿ ਦਿੱਤਾ: ‘ਇਸ ਨੂੰ ਹੁਣ ਘਰ ਲੈ ਜਾਓ।’

ਅਸਲ ਵਿੱਚ ਡਾਕਟਰਾਂ ਦਾ ਮਕਸਦ ਹੁੰਦਾ ਹੈ ਕਿ ਹੁਣ ਉਸ ਨੂੰ ਅਗਲੇ ਜਹਾਨ ਵਿੱਚ ਭੇਜਣ ਦੀਆਂ ਤਿਆਰੀਆਂ ਸ਼ੁਰੂ ਕਰ ਦਿਓ। ਉਹ ਬੜੇ ਢੰਗ ਨਾਲ਼ ਘਰ ਭੇਜ ਦਿੰਦੇ ਹਨ ਕਿ ਘਰ ਵਿੱਚ ਸਕੂਨ ਨਾਲ਼ ਮੌਤ ਆ ਜਾਂਦੀ ਹੈ। ਹਸਪਤਾਲ ਵਿੱਚ ਮੌਤ ਰਸਤਾ ਭੁੱਲ ਜਾਂਦੀ ਹੈ ਕਿ ਉਥੇ ਹੋਰ ਵੀ ਮਰੀਜ਼ ਹੁੰਦੇ ਹਨ^।

ਤੇ ਮਾਂ! ਮੈਂ ਬੇਦਿਲੀ ਨਾਲ਼ ਨਾ ਚਾਹੁੰਦੇ ਹੋਏ ਵੀ ਤੈਨੂੰ ਆਪਣੇ ਘਰ ਲੈ ਆਈ ਕਿਉਂਕਿ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਤੂੰ ਕੁਝ ਦਿਨਾਂ ਦੀ ਨਹੀਂ, ਕੁਝ ਘੰਟਿਆਂ ਦੀ ਮਹਿਮਾਨ ਹੈਂ ਤੇ ਕੁਝ ਘੰਟਿਆਂ ਦੇ ਮਹਿਮਾਨ ਨੂੰ ਤਾਂ ਫੁੱਲਾਂ ਵਿੱਚ ਰੱਖਦੇ ਹਨ। ਮਾਂ ਘਰ ਵਿੱਚ ਕਿਉਂਕਿ ਇੰਨੀ ਥਾਂ ਨਹੀਂ ਸੀ, ਪਰ ਮੇਰੇ ਦਿਲ ਵਿੱਚ ਤਾਂ ਥਾਂ ਸੀ ਨਾ। ਮੈਂ ਬੱਚਿਆਂ ਦਾ ਕਮਰਾ ਤੇਰੇ ਲਈ ਸਾਫ਼ ਕਰਵਾ ਦਿੱਤਾ, ਤੇਰੇ ਸਿਰਹਾਣੇ ਨਰਗਿਸ ਦੇ ਫੁੱਲ ਰੱਖੇ ਕਿ ਨਰਗਿਸ ਦੇ ਫੁੱਲ ਹਮੇਸ਼ਾ ਇੰਤਜ਼ਾਰ ਕਰਦੇ ਹਨ, ਉਹਨਾਂ ਵਿੱਚ ਵਸਲ ਦੀ ਨਹੀਂ ਜੁਦਾਈ ਦੀ ਖ਼ੁਸ਼ਬੂ ਹੁੰਦੀ ਹੈ ਤੇ ਤੈਨੂੰ ਗੋਦ ਵਿੱਚ ਲੈ ਕੇ ਇੰਞ ਦਵਾਈ ਦੇਣ ਲੱਗੀ ਜਿਵੇਂ ਤੂੰ ਮੇਰਾ ਪਲੇਠੀ ਦਾ ਬੱਚਾ ਹੋਵੇਂ।

ਪਤਾ ਨਹੀਂ ਤੂੰ ਇਸ ਦੁਨੀਆਂ ਵਿੱਚੋਂ ਕੀ ਲੈ ਕੇ ਜਾ ਰਹੀ ਸੀ।

ਸਭ ਨੂੰ ਤੇਰੇ ਨਾਲ਼ ਹਮਦਰਦੀ ਹੋ ਗਈ ਸੀ। ਸਾਰੇ ਤੇਰਾ ਪਤਾ ਲੈਣ ਇਵੇਂ ਆਉਂਦੇ ਜਿਵੇਂ ਕਲੀਆਂ ਦੀ ਰਾਹ ਵਿੱਚ ਫੁੱਲ ਚੁੰਮਣ ਆਉਂਦੇ ਹਨ, ਇੰਨੀ ਸਹਿਜਤਾ ਅਤੇ ਨਰਮੀ ਨਾਲ਼ ਤੇਰਾ ਹਾਲ ਪੁੱਛਦੇ ਕਿ ਮੈਨੂੰ ਤੇਰੇ ‘ਤੇ ਰਸ਼ਕ ਆਉਣ ਲੱਗਦਾ।

ਤੇ ਫਿਰ ਦਿਨ ਹਫ਼ਤਿਆਂ ਵਿੱਚ ਤੇ ਹਫ਼ਤੇ ਮਹੀਨਿਆਂ ਵਿੱਚ ਬਦਲਦੇ ਗਏ, ਤਾਂ ਸਭ ਦਾ ਰਵੱਈਆ ਉਖੜਿਆ ਉਖੜਿਆ ਜਿਹਾ ਹੋ ਗਿਆ। ਮਾਂ ਉਹ ਖੜੇ ਖੜੇ ਪਤਾ ਲੈਣਾ ਵੀ ਭੁੱਲ ਗਏ। ਉਹ ਤੈਨੂੰ ਇੰਞ ਵੇਖਦੇ ਜਿਵੇਂ ਕਹਿ ਰਹੇ ਹੋਣ: ‘ਇਹ ਸਭ ਫ਼ਰਾੱਡ ਹੈ, ਬੁੱਢੀ ਜਾਂਦੀ ਨਹੀਂ ਅਜੇ।’
‘ਬਹਾਨੇ ਨਾਲ਼ ਆਸਰਾ ਲੱਭ ਰਹੀ ਸੀ, ਆਸਰਾ ਮਿਲ ਗਿਆ ਤਾਂ ਕਿਉਂ ਜਾਵੇ?’

ਮੇਰੀ ਸੱਸ ਦੇ ਸਿਰ ਵਿੱਚ ਲਗਾਤਾਰ ਦਰਦ ਰਹਿਣ ਲੱਗਾ। ਮੇਰੇ ਪਤੀ ਹਰ ਰਾਤ ਨੂੰ ਦੇਰ ਨਾਲ਼ ਆਉਣ ਲੱਗੇ। ਮੈਂ ਆਵਾਜ਼ ਉੱਚੀ ਕਰਕੇ ਉਹਨਾਂ ਦੇ ਦੇਰ ਨਾਲ਼ ਆਉਣ ਦਾ ਕਾਰਨ ਨਹੀਂ ਪੁੱਛ ਸਕਦੀ ਸੀ ਕਿਉਂਕਿ ਹਰ ਗੱਲ ਦਾ ਲਿੰਕ ਮੇਰੀ ਮਾਂ ਨਾਲ਼ ਜਾ ਕੇ ਮਿਲ ਜਾਇਆ ਕਰਦਾ ਸੀ।
ਬੱਚਿਆਂ ਨੂੰ ਗੱਲ ਗੱਲ ‘ਤੇ ਮਾਰ ਪੈਣ ਲੱਗੀ।
ਕਦੀ ਘਰ ਵਿੱਚ ਸਬਜ਼ੀ ਠੀਕ ਨਾ ਬਣਦੀ ਤੇ ਕਦੀ ਘਰ ਦੀ ਸਫ਼ਾਈ ਵਿੱਚ ਕੀੜੇ ਨਜ਼ਰ ਆਉਣ ਲੱਗਦੇ, ਮਾਂ!
ਜਦੋਂ ਤਕ ਕੋਈ ਇਨਸਾਨ ਜ਼ਿੰਦਾ ਹੋਵੇ ਉਸ ਨੂੰ ਰੋਟੀ ਤੇ ਕਪੜੇ ਦੀ ਜ਼ਰੂਰਤ ਰਹਿੰਦੀ ਹੈ। ਮੌਤ ਦੇ ਇੰਤਜ਼ਾਰ ਵਿੱਚ ਭੁੱਖ ਪਿਆਸ ਉੱਡ ਤਾਂ ਨਹੀਂ ਜਾਂਦੀ।

ਮੈਂ ਘਰ ਦੇ ਖ਼ਰਚੇ ਵਿੱਚੋਂ ਪਾਈ ਪਾਈ ਜੋੜ ਕੇ ਪੰਜ ਹਜ਼ਾਰ ਰੁਪਏ ਜਮ੍ਹਾਂ ਕੀਤੇ ਸਨ ਜੋ ਮੇਰੀ ਅਲਮਾਰੀ ਦੇ ਸਭ ਤੋਂ ਪਿਛਲੇ ਖਾਨੇ ਵਿੱਚ ਅਖ਼ਬਾਰ ਦੇ ਕਾਗ਼ਜ਼ਾਂ ਥੱਲੇ ਪਏ ਰਹਿੰਦੇ ਸਨ। ਮੈਂ ਉਹਨਾਂ ਵਿੱਚੋਂ ਇਕ ਇਕ ਲਾਲ ਨੋਟ ਖਿਸਕਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਤੇਰੇ ਲਈ ਫੁੱਲ ਤੇ ਦਵਾਈਆਂ ਆ ਸਕਣ ਤਾਂ ਕਿ ਘਰ ਵਿੱਚ ਹਮੇਸ਼ਾ ਵਾਂਗ ਚੰਗਾ ਖਾਣਾ ਬਣਦਾ ਰਹੇ, ਤਾਂ ਕਿ ਘਰ ਦੇ ਹਰ ਮੈਂਬਰ ਨੂੰ ਫਲ ਮਿਲਦੇ ਰਹਿਣ। ਕੋਈ ਤੇਰੇ ਬੀਮਾਰ ਵਜੂਦ ਨੂੰ ਤਾਅਨਿਆਂ ਦੀਆਂ ਸੂਈਆਂ ਨਾਲ਼ ਨਾ ਛੇਦ ਦੇਵੇ।

ਮਾਂ!  ਮੈਨੂੰ ਬਚਪਨ ਤੋਂ ਹੀ ਲਾੱਕਟ ਪਾਉਣ ਦਾ ਬੜਾ ਸ਼ੌਂਕ ਸੀ। ਜਵਾਨੀ ਦੀ ਪਹਿਲੀ ਮੁਹੱਬਤ ਵਾਂਗ ਹਰ ਔਰਤ ਥੋੜ੍ਹੀ ਜਿਹੀ ਰਕਮ ਬਚਾ ਕੇ ਰੱਖਦੀ ਹੈ। ਇਹੀ ਰਕਮ ਇਸ ਦੁਨੀਆਂ ਵਿੱਚ ਉਸ ਦਾ ਭਵਿੱਖ ਬਣ ਜਾਂਦੀ ਹੈ।
ਮੈਂ ਆਪਣਾ ਉਮਰ ਭਰ ਦਾ ਖ਼ਜ਼ਾਨਾ ਖ਼ਰਚਣਾ ਸ਼ੁਰੂ ਕਰ ਦਿੱਤਾ।

ਮਾਂ! ਮੌਤ ਤੇ ਜ਼ਿੰਦਗੀ ਤਾਂ ਖ਼ੁਦਾ ਦੇ ਹੱਥ ਵਿੱਚ ਹੈ, ਭਲਾ ਕੋਈ ਧੀ ਵੀ ਆਪਣੀ ਮਾਂ ਦੇ ਮਰਨ ਦੀ ਦੁਆ ਮੰਗ ਸਕਦੀ ਹੈ? ਸਾਰੇ ਘਰ ਦਾ ਵਾਤਾਵਰਣ ਤਣਿਆ ਤਣਿਆ ਜਿਹਾ ਹੋ ਗਿਆ। ਘਰ ਹਰ ਆਏ ਗਏ ਨੂੰ ਮੇਰੀ ਸੱਸ ਕਹਿੰਦੀ: ਚੰਗੇ ਖ਼ਾਸੇ ਘਰ ਨੂੰ ਹਸਪਤਾਲ ਬਣਾ ਦਿੱਤਾ ਹੈ।

ਮਾਂ! ਤੂੰ ਨਹੀਂ… ਅਸਲ ਵਿੱਚ ਮੈਂ ਮੌਤ ਸਮੇਂ ਦਾ ਕਸ਼ਟ ਝੱਲ ਰਹੀ ਸੀ। ਤੂੰ ਤਾਂ ਬੜੇ ਸਕੂਨ ਵਿੱਚ ਸੀ, ਖ਼ਾਮੋਸ਼ ਸੀ, ਜ਼ਰਾ ਜਿਹੀ ਆਹਟ ‘ਤੇ ਕੰਨ ਅਤੇ ਨਜ਼ਰਾਂ ਲਾਈ ਬੈਠੀ ਸੀ। ਤੈਨੂੰ ਪਤਾ ਸੀ ਕਿ ਤੂੰ ਜਾਣਾ ਹੈ… ਜਾਣ ਵਾਲੇ ਤਾਂ ਸਿਰਫ਼ ਆਪਣੇ ਬਾਰੇ ਸੋਚ ਰਹੇ ਹੁੰਦੇ ਹਨ ਨਾ।

ਫਿਰ ਜਦੋਂ ਉਹਨਾਂ ਲਾਲ ਨੋਟਾਂ ਵਿੱਚੋਂ ਪੂਰੇ ਇਕ ਸੌ ਪੰਜਾਹ ਨੋਟ ਖ਼ਰਚ ਹੋ ਚੁੱਕੇ ਸਨ ਤਾਂ ਤੂੰ ਆਖ਼ਰੀ ਹਿਚਕੀ ਲਈ।
ਮਾਂ! ਮੈਂ ਫੁੱਟ ਫੁੱਟ ਕੇ ਰੋਈ, ਪਰ ਕਿਉਂ?

ਕੀ ਇਸ ਲਈ ਕਿ ਮੈਂ ਤੇਰੇ ਮਰ ਜਾਣ ਦੀਆਂ ਦੁਆਵਾਂ ਮੰਗੀਆਂ ਸਨ?

ਕੀ ਇਸ ਲਈ ਕਿ ਮੈਂ ਤੇਰੇ ਬੋਝ ਨਾਲ਼ ਥੱਕ ਗਈ ਸੀ ਜਾਂ ਇਸ ਲਈ ਕਿ ਮੈਂ ਜੀਵਨ ਦੀ ਠੰਢੀ ਮਿੱਠੀ ਛਾਂ ਤੋਂ ਹਮੇਸ਼ਾ ਹਮੇਸ਼ਾ ਲਈ ਮਹਿਰੂਮ ਹੋ ਗਈ ਸੀ।

ਮਾਂ! ਦੱਸ ਨਾ ਮੈਂ ਭਲਾ ਕਿਉਂ ਰੋਈ? ਇਸ ਤਰ੍ਹਾਂ ਚੀਕ ਚੀਕ ਕੇ ਤੇ ਵਿਲਕ ਵਿਲਕ ਕੇ ਕਿਉਂ ਰੋਈ…? ਤੂੰ ਤਾਂ ਔਰਤ ਹੈ, ਦੱਸ… ਜਦੋਂ ਮਾਂ ਦੀ ਲਾਸ਼ ਧੀ ਦੇ ਘਰ ਪਈ ਹੋਵੇ ਤੇ ਮਾਂ ਦੇ ਪੁੱਤਾਂ ਨੂੰ ਪਤਾ ਵੀ ਨਾ ਹੋਵੇ ਕਿ ਉਹਨਾਂ ਨੂੰ ਖ਼ੂਨ-ਏ-ਜਿਗਰ ਪਿਆਉਣ ਵਾਲੀ ਚਲੀ ਗਈ ਹੈ ਤਾਂ ਕੀ ਜਜ਼ਬਾਤ ਹੁੰਦੇ ਹਨ, ਮਾਂ!

ਮੈਂ ਸਾਰੇ ਭਰਾਵਾਂ ਨੂੰ ਤਾਰ ਦੇ ਦਿੱਤੇ, ਜਾਣ ਪਛਾਣ ਵਾਲਿਆਂ ਨੂੰ ਵੀ ਖ਼ਬਰ ਕਰ ਦਿੱਤੀ। ਮੌਤ ਦੀ ਖ਼ਬਰ ਤਾਂ ਪਲਾਂ ਛਿਣਾਂ ਵਿੱਚ ਇਧਰ ਉਧਰ ਫੈਲ ਜਾਂਦੀ ਹੈ।

ਮਾਂ! ਮੈਂ ਕੁਝ ਹੋਰ ਲਾਲ ਨੋਟ ਕੱਢੇ ਤੇ ਤੇਰੀਆਂ ਆਖ਼ਰੀ ਰਸਮਾਂ ਲਈ ਦੇ ਦਿੱਤੇ ਕਿ ਇਸ ਸਮੇਂ ਤੇਰੀ ਅਰਥੀ ਤਿਆਰ ਕੀਤੀ ਜਾ ਰਹੀ ਸੀ, ਮੈਂ ਆਪਣੇ ਪਤੀ ਤੋਂ ਰਹਿਮ ਦੀ ਭੀਖ ਨਹੀਂ ਮੰਗਣਾ ਚਾਹੁੰਦੀ ਸੀ, ਮੈਂ ਤੈਨੂੰ ਆਖ਼ਰੀ ਸਫ਼ਰ ‘ਤੇ ਇੱਜ਼ਤ,ਆਬਰੂ ਨਾਲ਼ ਭੇਜਣਾ ਚਾਹੁੰਦੀ ਸੀ।

ਮਾਂ! ਮੇਰੇ ਸਿਵਾ ਕੋਈ ਨਹੀਂ ਰੋ ਰਿਹਾ ਸੀ। ਇਹ ਮਾਂ ਬੇਟੀ ਦਾ ਰਿਸ਼ਤਾ ਵੀ ਬੜਾ ਅਜੀਬ ਹੁੰਦਾ ਹੈ।
ਫਿਰ ਸਭ ਤੈਨੂੰ ਲੈ ਗਏ।
ਕੀ ਤੈਨੂੰ ਕਿਸੇ ਦਾ ਇੰਤਜ਼ਾਰ ਨਹੀਂ ਸੀ?

ਮੈਨੂੰ ਆਪਣੇ ਭਰਾਵਾਂ ਦਾ ਇੰਤਜ਼ਾਰ ਸੀ ਮਾਂ। ਰਾਤ ਨੂੰ ਵੱਡੇ ਭਾਈ ਜਾਨ ਆ ਗਏ ਜੋ ਖ਼ੈਰ ਨਾਲ਼ ਵੱਡੇ ਅਫ਼ਸਰ ਹਨ, ਕਿਤੇ ਦੂਰ ਪਾਰ ਸਰਹੱਦ ‘ਤੇ ਸਨ ਇਸ ਲਈ ਆਉਣ ਵਿੱਚ ਦੇਰ ਹੋ ਗਈ। ਮੈਂ ਉਹਨਾਂ ਨੂੰ ਵੇਖ ਕੇ ਪਾਗ਼ਲ ਹੋ ਗਈ। ਜੀ ਕੀਤਾ ਭੱਜ ਕੇ ਭਾਈ ਜਾਨ ਦੇ ਗੱਲ ਨਾਲ਼ ਲੱਗ ਜਾਵਾਂ ਤੇ ਚੀਕ ਚੀਕ ਕੇ ਰੋਵਾਂ ਪਰ ਉਹਨਾਂ ਨੇ ਹੱਥ ਦੇ ਇਸ਼ਾਰੇ ਨਾਲ਼ ਮੈਨੂੰ ਆਪਣੇ ਆਕੜੇ ਹੋਏ ਸੀਨੇ ਤੋਂ ਦੂਰ ਰਹਿਣ ਲਈ ਕਿਹਾ: ਤੇਰਾ ਕੀ ਲੈ ਗਈ ਹੈ ਜੋ ਇਸ ਤਰ੍ਹਾਂ ਰੋ ਰਹੀ ਹੈਂ?

ਮਾਂ! ਕੀ ਤੂੰ ਮੇਰਾ ਕੁਝ ਲੈ ਗਈ ਸੀ।
ਮੈਂ ਭਾਈ ਜਾਨ ਨੂੰ ਕੀ ਦੱਸਦੀ ਕਿ ਤੂੰ ਮੇਰਾ ਕੀ ਲੈ ਗਈ ਹੈਂ। ਕਲੇਜਾ ਲੈ ਗਈ ਹੈਂ, ਸਭ ਕੁਝ ਲੈ ਗਈ ਹੈਂ।
ਲੋਕੋ` ਗ਼ਜ਼ਬ ਖ਼ੁਦਾ ਦਾ` ਮਾਂ ਮਰ ਜਾਵੇ ਤੇ ਧੀ ਰੋਵੇ ਨਾ।
ਅਗਲੀ ਸਵੇਰ ਛੋਟੇ ਭਾਈ ਜਾਨ ਵੀ ਆ ਗਏ।

ਦੋਵੇਂ ਭਾਬੀਆਂ ਦੂਰ ਕੋਨੇ ਵਿੱਚ ਮੂੰਹ ਲਟਕਾਏ ਬੈਠੀਆਂ ਸਨ ਤੇ ਲੋਕਾਂ ਦੁਆਰਾ ਕੀਤੇ ਅਫ਼ਸੋਸ ‘ਤੇ ਤਸੱਲੀਆਂ ਬਟੋਰ ਰਹੀਆਂ ਸਨ ਜਿਵੇਂ ਉਹਨਾਂ ਨੇ ਹੀ ਆਪਣੀ ਸੱਸ ਦੀ ਆਖ਼ਰੀ ਦਮ ਤਕ ਸੇਵਾ ਕੀਤੀ ਹੋਵੇ।

ਇਹੀ ਭਾਬੀਆਂ ਹਨ, ਜਦੋਂ ਉਹਨਾਂ ਨੇ ਸੁਣਿਆ ਸੀ ਕਿ ‘ਮਾਂ ਤੈਨੂੰ ਕੈਂਸਰ ਹੋ ਗਿਆ ਹੈ’ ਤਾਂ ਫ਼ੌਰਨ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਸਲਾਹ ਦਿੱਤੀ ਸੀ। ਵੱਡੀ ਭਾਬੀ ਨੇ ਤਾਂ ਸਾਫ਼ ਕਹਿ ਦਿੱਤਾ ਸੀ ਕਿ ਸਾਡੀ ਥਾਂ ਥਾਂ ਟਰਾਂਸਫ਼ਰ ਹੁੰਦੀ ਰਹਿੰਦੀ ਹੈ, ਅਸੀਂ ਕਿਵੇਂ ਉਸ ਨੂੰ ਚੁੱਕੀ ਫਿਰਾਂਗੇ, ਤੇ ਛੋਟੀ ਭਾਬੀ ਦੇ ਤੀਸਰਾ ਬੱਚਾ ਹੋਣ ਵਾਲਾ ਸੀ। ਸੋ ਮਾਂ! ਤੈਨੂੰ ਆਪਣੇ ਜਵਾਈ ਦੇ ਦਰਵਾਜ਼ੇ ‘ਤੇ ਆ ਕੇ ਮਰਨਾ ਪਿਆ। ਹੁਣ ਕਿੰਨੇ ਮਜ਼ੇ ਨਾਲ਼ ਅੱਥਰੂ ਵਹਾਉਂਦੀਆਂ ਹਨ ਤੇ ਕਹਿ ਰਹੀਆਂ ਸਨ: ‘ਅਸੀਂ ਤਾਂ ਬਹੁਤ ਕਿਹਾ ਪਰ ਅੰਮੀ ਜਾਨ ਦਾ ਦਿਲ ਸਾਡੇ ਘਰ ਲੱਗਦਾ ਹੀ ਨਹੀਂ ਸੀ।‘ ਪੁੱਤਾਂ ਦੇ ਮਜਬੂਰ ਕਰਨ ‘ਤੇ ਵੀ ਉਹਨਾਂ ਕੋਲ ਨਾ ਰਹਿੰਦੀ?

ਬੱਸ ਉਹਨਾਂ ਦੀ ਜਾਨ ਤਾਂ ਇਕਲੌਤੀ ਧੀ ਵਿੱਚ ਅਟਕੀ ਰਹਿੰਦੀ ਸੀ।

ਪਰ ਇਵੇਂ ਲੱਗਦਾ ਸੀ ਜਿਵੇਂ ਭਾਬੀਆਂ ਦੇ ਸਿਰ ਤੋਂ ਸਿਰੇ ਦਾ ਬੋਝ ਉਤਰ ਗਿਆ ਹੋਵੇ। ਚੌਥੇ ਦੀ ਰਸਮ ਸੀ ਤੇ ਇਹ ਆਖ਼ਰੀ ਰਸਮ ਹੁੰਦੀ ਹੈ ਜੋ ਜਾਣ ਵਾਲੇ ਦੀ ਯਾਦ ਵਿੱਚ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਮਤਲਬ ਸਭ ਫ਼ਰਜ਼ ਅਦਾ ਹੋ ਜਾਂਦੇ ਹਨ। ਤੇ ਲੋਕ ਆਪਣੇ ਆਪਣੇ ਕੰਮ ਵਿੱਚ ਮਗ਼ਨ ਹੋ ਜਾਂਦੇ ਹਨ। ਬਹੁਤ ਦੇਰ ਤਕ ਭਾਬੀਆਂ ਦਾ ਮੂੰਹ ਵੇਖਦੀ ਰਹੀ। ਫਿਰ ਮੈਂ ਅੰਦਰੋਂ ਲਾਲ ਨੋਟ ਕੱਢੇ ਤੇ ਰਸਦ ਦਾ ਇੰਤਜ਼ਾਮ ਕਰਨ ਲਈ ਆਪਣੇ ਪਤੀ ਦੇ ਹੱਥ ‘ਤੇ ਰੱਖ ਦਿੱਤੇ, ਇਹ ਕਹਿ ਕੇ ਕਿ ਭਾਈ ਜਾਨ ਨੇ ਦਿੱਤੇ ਸਨ। ਖ਼ਿਆਲ ਸੀ ਕਿ ਜਾਂਦੇ ਹੋਏ ਭਾਈ ਜਾਨ ਖ਼ੁਦ ਇਹ ਸਾਰਾ ਖ਼ਰਚਾ ਮੈਨੂੰ ਦੇ ਕੇ ਜਾਣਗੇ।

ਔਰਤਾਂ ਚਟਕਾਰੇ ਲੈ ਕੇ ਖਾਣਾ ਵੀ ਖਾਂਦੀਆਂ ਜਾਂਦੀਆਂ ਤੇ ਹੌਲੀ ਜਿਹੀ ਮੂੰਹ ਜੋੜ ਜੋੜ ਪੁੱਛਦੀਆਂ ਜਾਂਦੀਆਂ: ‘ਇਹ ਸਭ ਕਿਸ ਨੇ ਕੀਤਾ ਹੈ?
‘ਪਤਾ ਨਹੀਂ।‘
‘ਜਵਾਈ ਨੇ ਕੀਤਾ ਹੋਵੇਗਾ।‘
‘ਅਜਿਹੇ ਜਵਾਈ ਰੱਬ ਸਭ ਨੂੰ ਦੇਵੇ।‘
‘ਪਰ ਜਵਾਈ ਕਿੱਥੇ ਕਰਦੇ ਹਨ, ਦੋ ਜਵਾਨ ਪੁੱਤ ਵੀ ਆਏ ਹੋਏ ਹਨ, ਉਹਨਾਂ ਨੇ ਕੀਤਾ ਹੋਵੇਗਾ।’

ਰਾਤ ਨੂੰ ਜਦੋਂ ਦੋਵੇਂ ਭਰਾ ਰੁਖ਼ਸਤ ਹੋਣ ਨੂੰ ਮੇਰੇ ਕਮਰੇ ਵਿੱਚ ਆਏ ਤਾਂ ਉਹਨਾਂ ਨੇ ਮੇਰੇ ਸਿਰ ‘ਤੇ ਹੱਥ ਰੱਖਿਆ ਤਾਂ ਮੈਂ ਹੰਝੂਆਂ ਨਾਲ਼ ਉਹਨਾਂ ਨੂੰ ਦੱਸਿਆ ਕਿ ਹੁਣ ਤਕ ਅੰਮਾ ‘ਤੇ ਮੇਰੇ ਸਾਢੇ ਚਾਰ ਹਜ਼ਾਰ ਰੁਪਏ ਖ਼ਰਚ ਹੋ ਚੁੱਕੇ ਹਨ।

ਵੱਡੇ ਭਾਈ ਜਾਨ ਨੇ ਫ਼ੌਰਨ ਜੇਬ ਵਿੱਚ ਹੱਥ ਪਾਇਆ ਤੇ ਸੌ ਸੌ ਦੇ ਪੰਜ ਨੋਟ ਕੱਢ ਕੇ ਮੇਰੇ ਅੱਗੇ ਰੱਖ ਦਿੱਤੇ ਤੇ ਬੋਲੇ:
‘ਅੱਲਾ ਤੈਨੂੰ ਇਸ ਦਾ ਫਲ ਦੇਵੇਗਾ ਬੀਬੀ! ਤੂੰ ਬਹੁਤ ਵੱਡਾ ਪੁੰਨ ਹਾਸਲ ਕੀਤਾ ਹੈ, ਇਹ ਪੰਜ ਸੌ ਰੱਖ ਲੈ, ਜਦੋਂ ਚਾਲੀਵਾਂ ਕਰੇਂ ਤਾਂ ਉਸ ਵਿੱਚ ਪਾ ਲਈਂ।‘
ਮੈਂ ਹੈਰਾਨ ਹੋ ਕੇ ਭਾਈ ਜਾਨ ਦੀ ਸੂਰਤ ਵੇਖੀ।
ਵਤਨ ਦੇ ਰਖਵਾਲੇ ਦੇ ਚਿਹਰੇ ‘ਤੇ ਗ਼ੈਰਤ ਦਾ ਨਿਸ਼ਾਨ ਤਕ ਨਹੀਂ ਸੀ।
ਫਿਰ ਮੈਂ ਛੋਟੇ ਭਾਈ ਜਾਨ ਵੱਲ ਵੇਖਿਆ।
‘ਇਹਨਾਂ ਦੀ ਜ਼ਰੂਰਤ ਨਹੀਂ ਹੈ ਭਾਈ ਜਾਨ, ਸ਼ਾਇਦ ਇਹ ਪੈਸੇ ਤੁਹਾਡੇ ਕੰਮ ਆ ਜਾਣ। ਤੁਸੀਂ ਬਾਲ ਬੱਚਿਆਂ ਵਾਲੇ ਹੋ। ਭਾਈ ਨੇ ਕਮਾਲ ਦੀ ਢੀਠਤਾ ਨਾਲ਼ ਉਹ ਪੈਸੇ ਦੁਬਾਰਾ ਜੇਬ ਵਿੱਚ ਪਾ ਲਏ।
ਮੈਂ ਫਿਰ ਕਿਹਾ: ‘ਤੁਸੀਂ ਇਵੇਂ ਕਰੋ ਕਿ ਅੰਮਾ ਦੇ ਚਾਲੀਵੇਂ ਦਾ ਖਾਣਾ ਆਪਣੇ ਆਪਣੇ ਘਰ ਵਿੱਚ ਖਵਾ ਦਿਓ, ਇਸ ਤਰ੍ਹਾਂ ਤੁਹਾਨੂੰ ਵੀ ਪੁੰਨ ਮਿਲ ਜਾਵੇਗਾ।‘

ਅੰਮਾ! ਭਲਾ ਮੁਰਦਿਆਂ ਨੂੰ ਵੀ ਖਾਣ ਪੀਣ ਦੀ ਜ਼ਰੂਰਤ ਹੁੰਦੀ ਹੈ? ਭਲਾ ਮੁਰਦੇ ਵੀ ਕੁਝ ਮੰਗਦੇ ਹਨ? ਇਹ ਸਭ ਤਾਂ ਜ਼ਿੰਦਾ ਲੋਕ ਆਪਣੀ ਅਮਲਾਂ ਨੂੰ ਸੁਧਾਰਨ ਲਈ ਕਰਦੇ ਹਨ। ਮੈਨੂੰ ਯਕੀਨ ਹੈ ਕਿ ਅੰਮਾ ਤੂੰ ਚਾਲੀਵੇਂ ਵਗੈਰਾ ਤੋਂ ਆਜ਼ਾਦ ਹੋ ਗਈ ਹੈਂ।

ਤੂੰ ਉਹਨਾਂ ਬੇਟਿਆਂ ਦੀ ਮੁਹਤਾਜ ਕਦੀ ਵੀ ਨਹੀਂ ਸੀ ਅੰਮਾ! ਇਸੇ ਲਈ ਤਾਂ ਉਹਨਾਂ ਦਾ ਅਹਿਸਾਨ ਲੈਣਾ ਪਸੰਦ ਨਾ ਕੀਤਾ।
ਅੰਮਾ! ਮੈਂ ਕਿੱਥੇ ਤੈਨੂੰ ਆਪਣੇ ਦੁੱਖੜੇ ਸੁਣਾਉਣ ਆ ਗਈ ਹਾਂ।
ਅਜੇ ਤਾਂ ਤੇਰੇ ਆਪਣੇ ਸਫ਼ਰ ਦੀ ਥਕਾਨ ਨਹੀਂ ਉੱਤਰੀ ਅੰਮਾ!
ਤੇਰੀ ਕਬਰ ਗਿੱਲੀ ਹੈ ਤੇ ਗਿੱਲੀ ਕਬਰ ‘ਤੇ ਅੱਥਰੂ ਵਹਾਉਣਾ ਚੰਗੀ ਗੱਲ ਨਹੀਂ। ਮੈਂ ਤਾਂ ਐਵੇਂ ਹੀ ਰਾਤ ਦਾ ਓਹਲਾ ਤਕ ਕੇ ਮੁਆਫ਼ੀ ਮੰਗਣ ਆ ਗਈ, ਅੰਮਾ ਭਲਾ ਵੇਖ।
ਦੁਨੀਆਂ ਤਾਂ ਸ਼ੋਕ ਵੀ ਸਲੀਕੇ ਨਾਲ਼ ਮਨਾਉਣ ਨਹੀਂ ਦਿੰਦੀ, ਚਾਰ ਦਿਨ ਮੂੰਹ ਲੁਕਾ ਕੇ ਰੋਣ ਵੀ ਨਹੀਂ ਦਿੰਦੀ।

ਅੰਮਾ…. ਓ ਅੰਮਾ…..
ਜਦੋਂ ਗ਼ਮ ਨਾਲ਼ ਕਲੇਜਾ ਭਰ ਜਾਵੇ ਤੇ ਹਾਲਤ ਚੀਕਣ ਦੀ ਆਗਿਆ ਨਾ ਦਿੰਦੇ ਹੋਣ, ਚੀਕਾਂ ਸੰਘ ਵਿੱਚ ਦਮ ਤੋੜ ਰਹੀਆਂ ਹੋਣ ਤੇ ਘਰ ਭਰ ਲਈ ਖਾਣਾ ਪਕਾਉਣਾ ਪਵੇ।
ਜਦੋਂ ਦੁਨੀਆਂ ਤੋਂ ਮੂੰਹ ਮੋੜ ਕੇ ਦੂਰ ਚਲੇ ਜਾਣ ਨੂੰ ਜੀ ਕਰ ਰਿਹਾ ਹੋਵੇ ਪਰ ਸਾਰੇ ਘਰ ਨੂੰ ਚਮਕਾ ਕੇ ਸਾਫ਼ ਸੁਥਰਾ ਕਰਨਾ ਪਵੇ।
ਜਦੋਂ ਖ਼ੁਦਕੁਸ਼ੀ ਕਰਨ ਨੂੰ ਜੀ ਕਰ ਰਿਹਾ ਹੋਵੇ ਤੇ ਮਾਸੂਮ ਬੱਚੀ ਉੱਚੀ ਆਵਾਜ਼ ‘ਚ ਰੋਟੀ ਮੰਗੇ ਤੇ….
ਜਦੋਂ ਦਿਲ ਰੇਜ਼ਾ ਰੇਜ਼ਾ ਹੋ ਰਿਹਾ ਹੋਵੇ ਤੇ ਪਤੀ ਦੀ ਸੇਜ ਸਜਾਉਣੀ ਪਵੇ ਤਾਂ ਫਿਰ ਕੀ ਕਰਦੇ ਹਨ ਅੰਮਾ!
**

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1516
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸੰਦੀਪ ਰਾਣਾ,
ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ,
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ,
ਤਲਵੰਡੀ ਸਾਬੋ।
+91 9872887551
rsandeep251@gmail.com

ਡਾ. ਸੰਦੀਪ ਰਾਣਾ

ਡਾ. ਸੰਦੀਪ ਰਾਣਾ, ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ। +91 9872887551 rsandeep251@gmail.com

View all posts by ਡਾ. ਸੰਦੀਪ ਰਾਣਾ →