23 January 2026

ਔਰਤ ਅਤੇ ਕਮਜ਼ੋਰ ਧਿਰ ਦੀ ਨੁਮਾਇੰਦਗੀ ਕਰਦੀ ਸ਼ਾਇਰੀ, “ਉਮਰਾਂ ਧੁੱਪਾਂ ਹੋਈਆਂ”!!— ਡਾ. ਕੁਲਵਿੰਦਰ ਸਿੰਘ ਬਾਠ

ਪੰਜਾਬੀਆਂ ਦੀ ‘ਰੂਹ ਵਿੱਚ ਵੱਸਦੇ ਪੰਜਾਬ’ ਦੀ ਸ਼ਾਇਰਾ ਧੀ ‘ਸਫ਼ੀਆ ਹਯਾਤ’ ਦੀ ਵਿਲੱਖਣ ਸਿਰਜਣਾ “ਉਮਰਾਂ ਧੁੱਪਾਂ ਹੋਈਆਂ” ਨੂੰ ਕੁਝ ਸਮਾਂ ਪਹਿਲਾਂ ਪੜ੍ਹਨ ਦਾ ਮੌਕਾ ਮਿਲਿਆ। ਪੁਸਤਕ ਨੂੰ ਪੜ੍ਹਦਿਆਂ ਹੋਇਆਂ ਮੈਂ ਇਹ ਵੀ ਸੋਚਦਾ ਰਿਹਾ ਕਿ ਤਰਲੋਕ ਬੀਰ ਦੇ ਲਿਪੀ ਅੰਤਰ ਅਤੇ ਸੰਪਾਦਨ ਤੋਂ ਬਗੈਰ ਸ਼ਾਇਦ ਇਹ ਸਿਰਜਣਾ ਮੇਰੇ ਜਾਂ ਫਿਰ ਮੇਰੇ ਵਰਗੇ ਸ਼ਾਹਮੁਖੀ ਤੋਂ ਅਣਜਾਣ ਪਾਠਕਾਂ ਦੇ ਹੱਥਾਂ ਵਿੱਚ ਕਦੇ ਵੀ ਨਾ ਪਹੁੰਚਦੀ।

ਚੁਸਤ-ਚਲਾਕ ਮਨੁੱਖ ਦੀਆਂ ਪਾਈਆਂ ਹੋਈਆਂ ਵੰਡੀਆਂ ਅਤੇ ਭਾਸ਼ਾਵਾਂ ਦੇ ਵਖਰੇਵੇਂ ਦੀ ਧੁੰਦ ਵਿੱਚ ਬੜਾ ਕੁਝ ਗੁਆਚ ਗਿਆ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੀ ਨਹੀਂ, ਬਲਕਿ, ਨਾਮੁਮਕਿਨ ਹੈ।

ਮਨੁੱਖ ਦਾ ਜੀਵਨ ਸਮਾਜਿਕ, ਆਰਥਿਕ, ਸੱਭਿਆਚਾਰਕ, ਧਾਰਮਿਕ, ਅਤੇ ਰਾਜਨੀਤਕ ਸਰੋਕਾਰਾਂ ਅਤੇ ਵਰਤਾਰਿਆਂ ਦੀਆਂ ਤੰਦਾਂ ਦੇ ਤਾਣਿਆਂ-ਬਾਣਿਆਂ ਨਾਲ ਬੁਣਿਆ ਹੈ। ਮਨੁੱਖ ਦੇ ਖ਼ੁਦ ਦੇ ਜਮਾਂਦਰੂ ਸੁਭਾਅ ਕਾਰਨ ਇਹ ਵਰਤਾਰੇ ਬਹੁਤੀ ਵਾਰੀ ਬੇਇਨਸਾਫ਼ੀਆਂ ਅਤੇ ਧੱਕੇਸ਼ਾਹੀਆਂ ਦਾ ਧੁਰਾ ਬਣ ਜਾਂਦੇ ਹਨ। ਇਨ੍ਹਾਂ ਤ੍ਰਾਸਦੀਆਂ ਅਤੇ ਘਿਨਾਉਣੇ ਕਾਰਨਾਮਿਆਂ ਵਿਰੁੱਧ ਉੱਠਦੀ ਦਲੇਰਾਨਾ ਅਤੇ ਇਨਕਲਾਬੀ ਆਵਾਜ਼ ਹੈ… ‘ਉਮਰਾਂ ਧੁੱਪਾਂ ਹੋਈਆਂ’ ਅਤੇ ਇਸ ਦੀ ਰਚੇਤਾ ਸਫ਼ੀਆ ਹਯਾਤ!

ਸਫ਼ੀਆ ਹਯਾਤ ਦੀ ਸ਼ਾਇਰੀ

ਸਫ਼ੀਆ ਹਯਾਤ ਉਰਦੂ ਅਤੇ ਪੰਜਾਬੀ ਭਾਸ਼ਾ ਦੀ ਬਹੁ-ਵਿਧਾਵੀ ਲੇਖਿਕਾ ਹੈ। ਸਕੂਲ ਦੇ ਸਮੇਂ ਤੋਂ ਸ਼ੁਰੂ ਹੋਇਆ ਸਾਹਿਤਕ ਸਫ਼ਰ ਲਗਾਤਾਰਤਾ ਨਾਲ਼ ਅੱਜ ਵੀ ਜਾਰੀ ਹੈ। ਪੁਸਤਕ ਪ੍ਰਕਾਸ਼ਨ ਤੋਂ ਇਲਾਵਾ ਸਫ਼ੀਆ ਹਯਾਤ ਦੀਆਂ ਰਚਨਾਵਾਂ ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ, ਰਸਾਲਿਆਂ ਅਤੇ ਸ਼ੋਸ਼ਲ ਮੀਡੀਆ ਦੇ ਮੰਚਾਂ ‘ਤੇ ਵੀ ਪਾਠਕਾਂ ਨਾਲ਼ ਸਾਂਝਾਂ ਪਾਉਂਦੀਆਂ ਹਨ। ਇਸ ਲਈ ਲਹਿੰਦੇ, ਚੜ੍ਹਦੇ ਜਾਂ ਫਿਰ ਸੱਤ ਸਮੁੰਦਰਾਂ ਦੀਆਂ ਹੱਦਾਂ ਤੋਂ ਵੀ ਪਾਰ ਵੱਸਦੇ ਪੰਜਾਬ ਦੇ ਸਾਹਿਤ ਪ੍ਰੇਮੀਆਂ ਨੂੰ ਸਫ਼ੀਆ ਹਯਾਤ ਬਾਰੇ ਬਹੁਤਾ ਵਿਸਥਾਰ ਵਿੱਚ ਦੱਸਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ।

ਉਂਜ ਭਾਵੇਂ ਅਸੀਂ ਸਫ਼ੀਆ ਹਯਾਤ ਨੂੰ ਲਹਿੰਦੇ ਜਾਂ ਓਸ-ਪਾਰ ਦੇ ਪੰਜਾਬ ਦੀ ਸ਼ਾਇਰਾ ਕਹਿ ਦੇਈਏ, ਪਰ ਅਸਲ ਵਿੱਚ ਉਹ ਇਨ੍ਹਾਂ ਮਨੁੱਖੀ ਵੰਡੀਆਂ ਨੂੰ ਪਾਣੀ ‘ਤੇ ਮਾਰੀਆਂ ਲੀਕਾਂ ਮੰਨਦਿਆਂ ਖ਼ੁਦ ਨੂੰ ਉਸ ਪੰਜਾਬ ਦੀ ਧੀ ਮੰਨਦੀ ਹੈ ਜੋ ਪੰਜਾਬੀਆਂ ਦੀ ਰੂਹਾਂ ਅਤੇ ਧੜਕਣਾਂ ਵਿੱਚ ਵੱਸਦਾ ਅਤੇ ਧੜਕਦਾ ਹੈ। ਚੁਸਤ ਚਲਾਕ ਬੰਦਾ ਭੂਗੋਲਿਕ ਅਤੇ ਨਫ਼ਰਤ ਦੀਆਂ ਲਕੀਰਾਂ ਖਿੱਚ ਕੇ ਸਧਾਰਨ ਤੇ ਮੁਹੱਬਤੀ ਇਨਸਾਨ ਦੀਆਂ ਸਭਿਆਚਾਰਕ, ਦਿਲ ਅਤੇ ਰੂਹ ਦੀਆਂ ਗਹਿਰੀਆਂ ਸਾਂਝਾਂ ਨੂੰ ਤੋੜਨ ਦਾ ਵਹਿਮ ਪਾਲ਼ ਬੈਠਾ ਹੈ। ਵੈਸੇ ਵੀ ਹੁਣ ਪੰਜਾਬ ਲਹਿੰਦਾ ਜਾਂ ਚੜ੍ਹਦਾ ਨਹੀਂ ਰਿਹਾ, ਬਲਕਿ ਪੰਜਾਬੀਆਂ ਦੀ ਧੜਕਣ ਵਿੱਚ ਧੜਕਦਾ ਹੋਇਆ ਸੰਸਾਰ ਦੇ ਹਰ ਕੋਨੇ ਵਿੱਚ ਫੈਲ ਗਿਆ ਹੈ ਜਿੱਥੇ ਪੰਜਾਬੀਆਂ ਦਾ ਵਾਸਾ ਹੈ।

ਖ਼ੁਦ ਔਰਤ ਦਾ ਜੀਵਨ ਹੰਢਾਉਂਦਿਆਂ ਹੋਇਆਂ ਸਫ਼ੀਆ ਹਯਾਤ ਆਪਣੀ ਸ਼ਾਇਰੀ ਵਿੱਚ ਔਰਤਾਂ ਦੇ ਹੋ ਰਹੇ ਸ਼ੋਸ਼ਣ ਦੇ ਵਿਰੁੱਧ ਅਤੇ ਸਮਾਜ ਦੇ ਕਮਜ਼ੋਰ ਵਰਗ ਦੇ ਪੱਖ ਵਿੱਚ ਜਦੋ-ਜਹਿਦ ਕਰਦਿਆਂ ਇਨਕਲਾਬੀ ਆਵਾਜ਼ ਬੁਲੰਦ ਕਰਦੀ ਹੈ। ਉਨ੍ਹਾਂ ਦੀ ਨੁਮਾਇੰਦਗੀ ਕਰਦੀ ਹੈ। ਸਮੁੱਚੇ ਸੰਸਾਰ ਦੀ ਨਾਰੀ ਦੇ ਮਨੋਭਾਵਾਂ ਦੀ ਤਰਜ਼ਮਾਨੀ ਕਰਦਿਆਂ ਔਰਤਾਂ ਉੱਪਰ ਹੋ ਰਹੇ ਜ਼ੁਲਮ ਅਤੇ ਨਾ-ਇਨਸਾਫੀ ਨੂੰ ਉਭਾਰਦਿਆਂ ਉਨ੍ਹਾਂ ਦੇ ਮੌਲਿਕ ਹੱਕਾਂ ਅਤੇ ਅਜ਼ਾਦੀ ਦਾ ਨਾਹਰਾ ਮਾਰਦੀ ਹੈ।

ਔਰਤ ਅਤੇ ਕਮਜ਼ੋਰ ਧਿਰ ਦੀ ਨੁਮਾਇੰਦਗੀ ਕਰਦੀ ਸ਼ਾਇਰੀ, ‘ਉਮਰਾਂ ਧੁੱਪਾਂ ਹੋਈਆਂ’…

ਚੰਗੀਆਂ ਪੁਸਤਕਾਂ ਪਾਠਕ ਨੂੰ ਵਾਜਾਂ ਮਾਰ ਕੇ ਬੁਲਾ ਲੈਂਦੀਆਂ ਨੇ… ਮੁੱਢ ਬੈਠਾ ਲੈਂਦੀਆਂ ਨੇ, ਕਿੱਕਲੀ ਪਾ ਲੈਂਦੀਆਂ ਨੇ, ਸੰਵਾਦ ਰਚਾ ਲੈਂਦੀਆਂ ਨੇ ਅਤੇ ਨਾਲ਼ ਤੋਰ ਲੈਂਦੀਆਂ ਨੇ। ਆੱਟਮ ਆਰਟ,ਪਟਿਆਲਾ ਵੱਲੋਂ ਪ੍ਰਕਾਸ਼ਿਤ 124 ਸਫ਼ਿਆਂ ਦੀ ‘ਉਮਰਾਂ ਧੁੱਪਾਂ ਹੋਈਆਂ’ ਵੀ ਇਕ ਇਹੋ ਜਿਹੀ ਪੁਸਤਕ ਹੀ ਹੈ। 90 ਤੋਂ ਵੀ ਜ਼ਿਆਦਾ ਵੰਨ-ਸੁਵੰਨੇ ਵਿਸ਼ਿਆਂ, ਰੰਗਾਂ ਅਤੇ ਰਸਾਂ ਵਾਲੀਆਂ ਵੱਡੀਆਂ-ਛੋਟੀਆਂ ਕਵਿਤਾਵਾਂ ਦੇ ਸੰਗ੍ਰਹਿ ਨੂੰ ਸਫ਼ੀਆ ਹਯਾਤ ਨੇ ਆਪਣੇ ਬੱਚਿਆਂ ਅਲੀਨਾ, ਆਇਮਾ ਅਤੇ ਅਹਿਮਦ ਨੂੰ ਸਮਰਪਿਤ ਕੀਤਾ ਹੈ।

ਕਿਸੇ ਵੀ ਸੰਵੇਦਨਸ਼ੀਲ ਮਨੁੱਖ ਦੀ ਰੂਹ ਅੰਦਰ ਖਿਆਲਾਂ, ਅਨੁਭਵਾਂ ਜਾਂ ਅਹਿਸਾਸਾਂ ਦਾ ਚਸ਼ਮਾ ਫੁੱਟਦਾ ਰਹਿੰਦਾ ਹੈ। ਚਾਹੁੰਦਿਆਂ ਹੋਇਆਂ ਵੀ ਉਹ ਇਸ ਪ੍ਰਕਿਰਿਆ ਨੂੰ ਜ਼ਿਆਦਾ ਦੇਰ ਤੱਕ ਰੋਕ ਜਾਂ ਟੋਕ ਨਹੀਂ ਸਕਦਾ। ਇਨ੍ਹਾਂ ਅਨੁਭਵਾਂ, ਅਹਿਸਾਸਾਂ ਅਤੇ ਵਲਵਲਿਆਂ ਦਾ ਸੰਗਮ ਸ਼ਬਦਾਂ ਦਾ ਵਹਿਣ ਬਣਦਿਆਂ ਵਹਿ ਤੁਰਦਾ ਹੈ – ਗੀਤ, ਕਵਿਤਾ, ਗ਼ਜ਼ਲ, ਕਹਾਣੀ, ਵਾਰਤਾ, ਜਾਂ ਫਿਰ ਸਾਹਿਤ ਦੇ ਕਿਸੇ ਵੀ ਰੰਗ-ਰੂਪ ਵਿੱਚ। ਪਾਣੀ ਦੀ ਤਰਾਂ – ਕਦੇ ਵਾਸ਼ਪਾਂ ਵਿੱਚ, ਬੱਦਲਾਂ ਤੇ ਝੀਲਾਂ, ਨਦੀਆਂ, ਨਾਲਿਆਂ, ਦਰਿਆਵਾਂ ਅਤੇ ਕਦੇ ਸਮੁੰਦਰ ਦੀਆਂ ਵਿਸ਼ਾਲ ਛੱਲਾਂ ਵਾਂਗ..। ‘ਉਮਰਾਂ ਧੁੱਪਾਂ ਹੋਈਆਂ’ ਕਾਵਿ ਸੰਗ੍ਰਹਿ ਨੂੰ ਪੜ੍ਹਦਿਆਂ ਮੈਨੂੰ ਮਹਿਸੂਸ ਹੋਇਆ ਜਿਵੇਂ ਸਫ਼ੀਆ ਹਯਾਤ ਦੇ ਸੰਵੇਦਨਸ਼ੀਲ ਅਤੇ ਕੋਮਲ ਮਨ ਵਿੱਚ ਫੁੱਟਿਆ ਚਸ਼ਮਾ ਖ਼ੁਦ-ਬ-ਖ਼ੁਦ ਵਹਿੰਦਾ ਜਾਂਦਾ ਹੈ – ਆਪਣੀ ਤੋਰੇ, ਆਪਣੇ ਰਾਹੀਂ, ਬੇਰੋਕ, ਬੇਟੋਕ.. ਅਤੇ ਬੇਖੌਫ਼।

‘ਉਮਰਾਂ ਧੁੱਪਾਂ ਹੋਈਆਂ’ ਵਿੱਚ ਸਫ਼ੀਆ ਹਯਾਤ ਦੀ ਸ਼ਾਇਰੀ ਜਿੱਥੇ ਰੂਹ ਨੂੰ ਧੂਹ ਪਾਉਂਦੀਆਂ ਬੇਇਨਸਾਫ਼ੀਆਂ ਅਤੇ ਤ੍ਰਾਸਦੀਆਂ ਦੀ ਗੱਲ ਤੋਰਦੀ ਹੈ, ਉੱਥੇ ਹੀ ਕਈ ਇਨਕਲਾਬੀ, ਸਕਾਰਾਤਮਕ ਅਤੇ ਸਾਰਥਕ ਸੁਨੇਹੇ ਵੀ ਵੰਡਦੀ। ਸਫ਼ੀਆ ਹਯਾਤ ਦੇ ਦਿਲ ਦੀਆਂ ਗੱਲਾਂ ਅਤੇ ਢਿੱਡ ਦੀਆਂ ਗੱਲਾਂ ਫਰੋਲਦੀ ਅਤੇ ਸ਼ਬਦਾਂ ਦੀ ਸਾਂਝ ਪਾਉਂਦੀ ਇਹ ਬਾਕਮਾਲ ਸ਼ਾਇਰੀ ਪਾਠਕ ਦੀ ਜ਼ਿੰਦਗੀ ਦੇ ਸਫ਼ਰ ਦਾ ਮਾਰਗ ਦਰਸ਼ਨ ਕਰਦੀ ਹੈ ਅਤੇ ਹਮੇਸ਼ਾ ਚੱਲਦੇ ਰਹਿਣ ਦੇ ਹੌਸਲੇ ਵੀ ਬੁਲੰਦ ਕਰਦੀ ਜਾਂਦੀ ਹੈ।

ਸਫ਼ੀਆ ਹਯਾਤ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੇ ਹੋ ਰਹੇ ਸ਼ੋਸ਼ਣ ਨੂੰ ਉਭਾਰਦੀ ਹੈ। ਨਾਰੀ ਨੂੰ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਖੜ੍ਹਨ ਲਈ ਵੰਗਾਰਦੀ ਹੈ। ਮਰਦ ਦੇ ਦੂਹਰੇ-ਤੀਹਰੇ ਕਿਰਦਾਰ ਨੂੰ ਸਵਾਲ ਕਰਦੀ ਹੈ। ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਵੰਡ ਉੱਪਰ ਸਵਾਲ ਕਰਦੀ ਹੈ। ਬਾਬੇ ਨਾਨਕ ਦੀ ਬਾਣੀ ਵਿੱਚ ਔਰਤ ਦੇ ਸਥਾਨ, ਸਤਿਕਾਰ, ਅਤੇ ਇੱਜ਼ਤ ਮਾਣ ਦੀ ਯਾਦ ਦੁਆਉਂਦੀ ਹੈ ਅਤੇ ਉਸ ਨੂੰ ਸਾਂਝਾਂ ਦਾ ਚੋਅ ਮੰਨਦੀ ਹੈ। ਪੰਜਾਬ ਦੀ ਇਹ ਧੀ ਪੰਜਾਬੀਆਂ ਨੂੰ ਹੌਸਲਾ ਅਤੇ ਯਕੀਨ ਵੀ ਦੁਆ ਰਹੀ ਹੈ ਕਿ ਪੰਜਾਬੀਆਂ ਦੀ ਰੂਹ ਵਿੱਚ ਵੱਸਦੇ ਪੰਜਾਬ ਅਤੇ ਪੰਜਾਬੀਆਂ ਦੀ ਮੁਹੱਬਤ ਨੂੰ ਵੰਡਣਾ ਨਾਮੁਮਕਿਨ ਹੈ। ਪਾਣੀ ‘ਤੇ ਕਦੇ ਲਕੀਰਾਂ ਨਹੀਂ ਵੱਜਦੀਆਂ…!

ਸਫ਼ੀਆ ਹਯਾਤ ਅਤੇ ਉਸ ਦੀ ਸ਼ਾਇਰੀ ਦੀ ਇਹ ਵਿਲੱਖਣਤਾ ਹੈ ਕਿ ਉਹ ਸੱਚ ਨੂੰ ਸੱਚ ਕਹਿਣ ਤੋਂ ਪਾਸਾ ਨਹੀਂ ਵੱਟਦੀ। ਇਸ ਦੀ ਝਲਕ ਪੁਸਤਕ ਦੀਆਂ ਅਨੇਕਾਂ ਰਚਨਾਵਾਂ ਵਿੱਚ ਮਿਲਦੀ ਹੈ। ਸਫ਼ੀਆ ਨੇ ਆਪਣੀ ਪੁਸਤਕ ਦੀ ਸ਼ੁਰੂਆਤ ਹੀ ਇੱਕ ਐਸੀ ਕਵਿਤਾ ਨਾਲ ਕੀਤੀ ਹੈ।

“ਪੈਲੀਆਂ”… ਵਿੱਚ ਉਸ ਨੇ ਮਰਦ ਦੇ ਦੋਗਲੇ ਕਿਰਦਾਰ ਨੂੰ ਖ਼ੂਬਸੂਰਤੀ ਨਾਲ਼ ਪਾਠਕਾਂ ਦੇ ਸਾਹਮਣੇ ਰੱਖਿਆ ਹੈ। ਜ਼ਮੀਨ ਜਾਇਦਾਦ ਦਾ ਹਿੱਸਾ ‘ਮਾਰ ਕੇ’ ਵੀ ਇਹ ਮਰਦ ‘ਝੱਲੀਆਂ ਅਤੇ ਮਰ ਜਾਣੀਆਂ’ ਉੱਪਰ ਅਹਿਸਾਨ ਜਿਤਾਉਣ ਦਾ ਕੋਈ ਮੌਕਾ ਨਹੀਂ ਛੱਡਦਾ।

ਨਿੱਕੇ ਭਤੀਜੇ ਨੂੰ ਦਿੱਤੇ ਮੇਰੇ ਰੁਪੱਈਏ
ਵੀਰੇ ਨੇ ਖੋਹ ਕੇ
ਮੇਰੇ ਹੱਥ ‘ਤੇ ਰੱਖ ਦਿੱਤੇ, ਤੇ ਬੋਲਿਆ
‘ਝੱਲੀਏ ! ਤੈਨੂੰ ਤੇ ਪਤਾ,
ਅਸੀਂ ਧੀਆਂ ਕੋਲੋਂ ਕੁਝ ਨਹੀਂ ਲੈਂਦੇ

ਮੈਂ ਅੰਦਰੋਂ ਬੋਲੀ !
‘ਵੀਰੇ ! ਮੇਰੀਆਂ ਪੈਲੀਆਂ?’

ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਪੀੜ੍ਹੀ ਦਰ ਪੀੜ੍ਹੀ ਦੀ ਹਾਲਤ ਅਤੇ ਮਜਬੂਰੀ ਨੂੰ ਬਿਆਨ ਕਰਦੀਆਂ ਰਚਨਾਵਾਂ “ਉਮਰਾਂ ਧੁੱਪਾਂ ਹੋਈਆਂ” ਅਤੇ “ਜੁੱਤੀ” ਖ਼ੁਦ-ਬ-ਖ਼ੁਦ ਬਹੁਤ ਕੁਝ ਕਹਿ ਰਹੀਆਂ ਨੇ।

ਮੇਰੀ ਮਾਂ ਨੇ ਆਪਣੀ ਮਾਂ ਦੀ
ਮੈਂ ਆਪਣੀ ਮਾਂ ਦੀ ਚੁੰਨੀ ਲੈ ਕੇ
ਰੱਬ ਜਾਣੇ ਕਿਹੜੇ ਵੇਲੇ
ਧੁੱਪ ਨੂੰ ਪਾਣੀ ਵਿੱਚ ਘੋਲ ਕੇ
ਇੱਕੋ ਸਾਹ ਵਿੱਚ ਪੀ ਗਈ…

ਮੈਂ ਕਿਹਾ – ਅੱਬਾ !
ਮੈਨੂੰ ਲੈ ਜਾ
ਔਰਤ ਨੂੰ ਜੁੱਤੀ ਕਹਿਣ ਵਾਲੇ ਦੇ ਨਾਲ
ਮੈਂ ਨਹੀਂਓਂ ਰਹਿਣਾ
ਤੇ
ਅੱਬਾ ਪਿਛਲੇ ਪੈਰੀਂ ਪਰਤ ਗਿਆ
ਤੇ
ਮੇਰੇ ਘਰ ਆਣਾ ਛੱਡ ਦਿੱਤਾ..

ਹਰ ਸੰਵੇਦਨਸ਼ੀਲ ਅਤੇ ਮੁਹੱਬਤੀ ਰੂਹ ਵਾਲੇ ਪੰਜਾਬੀ ਵਾਂਗ ਸੰਤਾਲੀ ਦੀ ਵੰਡ ਸਫ਼ੀਆ ਹਯਾਤ ਨੂੰ ਸਤਾਉਂਦੀ ਹੈ ਅਤੇ ਰੁਲਾਉਂਦੀ ਵੀ ਹੈ। ਉਸ ਨੂੰ ਇਹ ਵੰਡ ਆਪਣੀ ਮਾਂ ਦੀ ਵੰਡ ਦੇ ਸਮਾਨ ਮਹਿਸੂਸ ਹੁੰਦੀ ਹੈ, ਪਰ ਫਿਰ ਵੀ ਉਹ ਆਸ ਦਾ ਪੱਲਾ ਨਹੀਂ ਛੱਡਦੀ। ਉਸ ਨੂੰ ਇਹ ਵੰਡ “ਪਾਣੀਆਂ ‘ਤੇ ਲੀਕ” ਦੀ ਤਰਾਂ ਝੂਠੀ ਅਤੇ ਵਕਤੀ ਹੀ ਜਾਪਦੀ ਹੈ।

ਝੂਠੀ ਜਾਪੇ ਵੰਡ ਇਹ ਜਿਓਂ ਪਾਣੀਆਂ ‘ਤੇ ਲੀਕ ਏ
ਪਾਣੀਆਂ ‘ਤੇ ਲੀਕ ਭਲਾ ਰਹਿੰਦੀ ਕਦ ਤੀਕ ਏ
ਇੱਕ ਹੋਣਾ ਮੁੜ ਇਹ ਯਕੀਨ ਤੇ ਉਡੀਕ ਏ
ਇੱਕ ਦੂਜੇ ਵੱਲ ਖ਼ੌਰੇ ਕਾਹਤੋਂ ਕੰਡ ਹੋ ਗਈ
ਤੁਸੀਂ ਵੰਡਿਆ ਪੰਜਾਬ ਮੇਰੀ ਮਾਂ ਵੰਡ ਹੋ ਗਈ।

ਇਹ ਸੱਚ ਹੈ ਕਿ ਭੁੱਖੇ ਢਿੱਡ ਨੂੰ ਸਭ ਗੱਲਾਂ ਖੋਟੀਆਂ ਮਹਿਸੂਸ ਹੁੰਦੀਆਂ ਹਨ, ਭਗਤੀ ਕਰਨੀ ਤਾਂ ਬੜੇ ਦੂਰ ਦੀ ਗੱਲ ਹੈ। “ਮੁੱਲ੍ਹਾ ਨਾਲ ਲੜਾਈ” ਇੱਕ ਖ਼ੂਬਸੂਰਤ ਰਚਨਾ ਹੈ, ਜਿਸ ਦੀਆਂ ਸਤਰਾਂ ਸੱਚੋ-ਸੱਚ ਖ਼ੁਦ-ਬ-ਖ਼ੁਦ ਬਹੁਤ ਕੁਝ ਕਹਿ ਗਈਆਂ…

ਕੱਲ੍ਹ ਮੇਰੀ
ਮੁੱਲ੍ਹਾ ਨਾਲ ਲੜਾਈ ਹੋ ਗਈ
ਉਹ ਕਹਿੰਦਾ :
‘ਮੈਂ ਬਾਗੀ ਆਂ’
ਮੈਂ ਤੇ ਏਨਾ ਈ ਕਿਹਾ ਸੀ :
‘ਵੇ ਮੁੱਲ੍ਹਾ !
ਢਿੱਡ ਭੁੱਖਾ ਹੋਵੇ, ਤਾਂ
ਤੇਰੀ ਬਾਂਗ ਨਹੀਂ ਸੁਣਦੀ।’

“ਅੱਜ ਦੀ ਨਾਰੀ”, “ਇਨਕਾਰ”, ਅਤੇ “ਔਰਤ ਦੀ ਨਾਂਹ” ਇਨਕਲਾਬੀ ਰੂਹ ਵਾਲੀਆਂ ਅਤੇ ਜਾਗਰੂਕਤਾ ਨਾਲ ਭਰਪੂਰ ਕਵਿਤਾਵਾਂ ਹਨ, ਜਿਸ ਵਿੱਚ ਸਫ਼ੀਆ ਕਹਿ ਰਹੀ ਹੈ…

ਮੈਂ ਅੱਜ ਦੀ ਨਾਰੀ ਹਾਂ
ਰੀਤਾਂ ਰਿਵਾਜਾਂ ਦੀ ਗੱਲ ਮੇਰੇ ਨਾਲ ਨਾ ਕਰੀਂ
ਮੈਂ ਤੇ ਆਪ ਉਹ ਹਾਂ,
ਜਿਸਦੇ ਵੱਲ ਵੇਖ ਕੇ
ਜ਼ਮਾਨਾ ਰੀਤਾਂ ਬਣਾਉਂਦਾ ।

ਕੁੜੇ !
ਤੂੰ ਵੀ ਇਨਸਾਨ ਏਂ
ਉੱਠ !
ਬੋਲ !
ਛੱਡ ‘ਜੀ ਜੀ’
ਨਾਂਹ ਕਹਿਣ ਦਾ ਚੱਜ ਸਿੱਖ ਹੁਣ
ਇਨਕਾਰ ‘ਚ ਬੜੀ ਤਾਕਤ ਏ
ਨਾਂਹ ਸੁਣ ਕੇ
ਚਿਹਰਿਆਂ ਦੇ ਨਕਾਬ ਉੱਤਰ ਜਾਂਦੇ ਨੇ ।

ਆਪਣੀਆਂ ਡਿਗਰੀਆਂ ਨੂੰ ਅੱਗ ਲਾ ਦੇ
ਜੇਕਰ
ਤੈਨੂੰ
ਔਰਤ ਦੀ
‘ਨਾਂਹ’
ਦੀ
ਅਲਫ਼ ਬੇ ਨਹੀਂ ਆਉਂਦੀ ।

ਅਸੀਂ ਸਭ ਜਾਣਦੇ ਹਾਂ ਪੰਜਾਬ ਲਹਿੰਦਾ ਹੋਵੇ ਜਾਂ ਫਿਰ ਚੜ੍ਹਦਾ, ਧੀਆਂ ਦੇ ਜੰਮਣ ‘ਤੇ ਉਹੋ ਜਿਹੀਆਂ ਖੁਸ਼ੀਆਂ ਨਹੀਂ ਮਨਾਈਆਂ ਜਾਂਦੀਆਂ ਜੋ ਪੁੱਤਰ ਦੇ ਜਨਮ ਸਮੇਂ ਮਨਾਈਆਂ ਜਾਂਦੀਆਂ ਹਨ। ਧੀਆਂ ਨੂੰ ਕੁੱਖ ਵਿੱਚ ਮਾਰਨ ਦਾ ਕਲੰਕ ਪੰਜਾਬੀਆਂ ਦੇ ਮੱਥੇ ਤੋਂ ਨਹੀਂ ਲਹਿ ਰਿਹਾ।

“ਅੰਮੜੀਏ ! ਧੀਆਂ ਕਿਉਂ ਜੰਮੀਆਂ”, “ਮਸ਼ਵਰਾ”, “ਮਾਏ ਨੀ ਮਾਏ” ਅਤੇ “ਕਿੱਦਾਂ ਦੀਆਂ ਰੀਤਾਂ” ਦੀ ਲਾਜਵਾਬ ਸ਼ਾਇਰੀ ਨੂੰ ਪੜ੍ਹਦਿਆਂ ਪਾਠਕ ਦੀ ਰੂਹ ਪਸੀਜੀ ਜਾਂਦੀ ਹੈ।

ਨਾ ਸਹੁਰਾ ਨਾ ਪੇਕਾ ਆਪਣਾ
ਹਰ ਥਾਂ ਧੀ ਪਰਾਈ
ਹੋਰਾਂ ਦੀ ਉਹ ਜੀਣ ਹਯਾਤੀ
ਲੱਗਦਾ ਜੱਗ ਤੇ ਆਈ
ਨਾ ਕੋਈ ਚਾਅ ਨਾ ਲੋਰੀ ਮਾਏਂ
ਧੀਆਂ ਹਿੱਸੇ ਆਈ
ਪਿਆਰ ‘ਚ ਵੀ ‘ਮਰ ਜਾਣੀ’ ਆਖਣ
ਸਾਨੂੰ ਪਿਓ ਤੇ ਮਾਂ
ਅੰਮੜੀਏ ! ਧੀਆਂ ਕਿਉਂ ਜੰਮੀਆਂ
ਮਾਏ ਨੀ !
ਹੁਣ
ਧੀ ਜੰਮੇ
ਤਾਂ
ਧੁੰਨੀ ਤੋਂ ਥੱਲੇ ਧੜ ਨਾ ਜੰਮੀ ।
ਮਾਏ ਨੀ ਮਾਏ
ਤੇਰੇ ਵਿਹੜੇ ਦੀਆਂ ਚਿੜੀਆਂ
ਮਾਰ ਉਡਾਰੀ ਉੱਡ ਜਾਣਾ ।
ਸਾਡਾ ਹੱਕ ਨਾ ਕੋਈ ਦਾਅਵਾ ਤੇਰੇ ਦੇਸ਼ ‘ਤੇ
ਜਿਵੇਂ ਕੂੰਜਾਂ ਪਰਦੇਸਣਾਂ ਨੇ ਆਈਆਂ ਬਾਬਲਾ।

“ਕੋਈ ਹੈ” ਕਵਿਤਾ ਦੇ ਬੋਲ ਵੀ ਬਾਕਮਾਲ ਨੇ।
ਇਬਾਬਤ ਲਈ ਤਾਂ
ਦਿਲ ਦਾ ਸਹਿਨ ਹੀ ਕਾਫ਼ੀ ਹੁੰਦੈ
ਤਾਂ
ਕੋਈ ਹੈ
ਜੋ ਸਾਰੇ ਮੰਦਿਰ
ਮਸਜਿਦਾਂ, ਗੁਰਦਵਾਰੇ
ਤੇ ਚਰਚ
ਹਟਾਕੇ
ਬੇਘਰਿਆਂ ਦੇ ਘਰ ਬਣਾ ਦੇਵੇ !

“ਮਾਂ ਨੂੰ ਸੌਣਾ ਭੁੱਲ ਗਿਆ” ਇੱਕ ਸੰਵੇਦਨਸ਼ੀਲ ਅਤੇ ਸ਼ਾਇਰ ਮਨ ਦੀ ਖ਼ੂਬਸੂਰਤ ਸ਼ਾਇਰੀ ਹੈ। ਅਸੀਂ ਕੁੜੀਆਂ ਨੂੰ ਚਿੜੀਆਂ ਕਹਿ ਤਾਂ ਦਿੰਦੇ ਹਾਂ, ਪਰ ਅੰਦਰੋ-ਅੰਦਰੀ ਡਰਦੇ ਵੀ ਰਹਿੰਦੇ ਹਾਂ ਕਿ ਕਿਤੇ ਇੰਨ੍ਹਾਂ ਦੇ ਖੰਭ ਨਿਕਲਦਿਆਂ ਬਹੁਤਾ ਉੱਡਣ ਹੀ ਨਾ ਲੱਗ ਜਾਵਣ… ਕਿਤੇ ਉੱਚੀਆਂ-ਲੰਮੀਆਂ ਅੰਬਰੀ ਪਰਵਾਜ਼ਾਂ ਹੀ ਨਾ ਭਰ ਲੈਣ!

ਮਾਂ ਨੂੰ ਸੌਣਾ ਭੁੱਲ ਗਿਆ
ਜਦੋਂ
ਮੈਂ ਉੱਚੀ ਦੇਣੀ ਆਖਿਆ:
ਮਾਂ !
ਮੇਰਾ ਉੱਡਣ ਨੂੰ ਬੜਾ ਦਿਲ ਕਰਦਾ ।

“ਤੂੰ ਸਾਂਝਾਂ ਦਾ ਚੋਅ ਓ ਬਾਬਾ” ਇਕ ਸ਼ਾਨਦਾਰ ਅਤੇ ਜਾਨਦਾਰ ਕਵਿਤਾ ਹੈ, ਜਿਸ ਵਿੱਚ ਸਫ਼ੀਆ ਹਯਾਤ ਨੇ ਬਾਬੇ ਨਾਨਕ ਪ੍ਰਤੀ ਆਪਣੇ ਮਨ ਦੀ ਸ਼ਰਧਾ ਪ੍ਰਗਟਾਉਂਦਿਆਂ ਉਸ ਦੀ ਸਮਾਜਕ ਕੁਰੀਤੀਆਂ ਦੇ ਖਿਲਾਫ਼ ਜੰਗ, ਹੱਥੀਂ ਕਿਰਤ ਕਰਨ, ਔਰਤ ਦੇ ਸਨਮਾਨ, ਮਨੁੱਖੀ ਬਰਾਬਰਤਾ ਅਤੇ ਸਾਂਝੀਵਾਲਤਾ ਦੇ ਸੁਨੇਹਿਆਂ ਨੂੰ ਪਾਠਕਾਂ ਦੇ ਨਾਲ ਸਾਂਝਿਆਂ ਕੀਤਾ ਹੈ।

ਨੀਵੇਂ ਦਾ ਹਮਦਰਦ ਤੂੰ ਬਾਬਾ
ਨਾਰੀ ਦਾ ਸਤਿਕਾਰ
ਕਿਰਤੀਆਂ ਨਾਲ ਯਰਾਨੇ ਤੇਰੇ
ਜਾਣੇ ਕੁਲ ਸੰਸਾਰ
ਗੁਰੂ ਜੀ ਗਲੀ ਗਲੀ ਕੰਨਸੋਅ
ਓ ਬਾਬਾ ! ਤੂੰ ਸਾਂਝਾਂ ਦੇ ਚੋਅ

ਦੋਸਤੋ, ਇਸ ਖ਼ੂਬਸੂਰਤ ਪੁਸਤਕ ਵਿੱਚ ਸ਼ਾਮਲ ਸਾਰੀਆਂ ਰਚਨਾਵਾਂ ਦਾ ਜ਼ਿਕਰ ਕਰਨਾ ਮੁਮਕਿਨ ਨਹੀਂ, ਪਰ ਹਨ ਸਭ ਪੜ੍ਹਨਯੋਗ। ਨਜ਼ਮਾਂ ਪਾਠਕ ਦੇ ਮਨ ‘ਤੇ ਚਿਰਜੀਵੀ ਪ੍ਰਭਾਵ ਪਾਉਂਦੀਆਂ ਹਨ ਅਤੇ ਇਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ।

ਸਾਹਿਤ ਦੇ ਸੁਹਿਰਦ ਪਾਠਕਾਂ ਨੂੰ ਇਹ ਪੁਸਤਕ ਜਰੂਰ ਪੜ੍ਹਨ ਚਾਹੀਦੀ ਹੈ। ਮੇਰੀ ਵੱਲੋਂ ਪੰਜਾਬ ਦੀ ਧੀ ਸਫ਼ੀਆ ਹਯਾਤ ਨੂੰ ਇਸ ਖ਼ੂਬਸੂਰਤ ਸਿਰਜਣਾ ਦੀਆਂ ਬਹੁਤ ਮੁਬਾਰਕਾਂ ਅਤੇ ਉਸ ਦੇ ਸਿਰਜਣਾਤਮਿਕ ਸਫ਼ਰ ਦੀ ਨਿਰੰਤਰਤਾ ਅਤੇ ਕਾਮਯਾਬੀ ਲਈ ਸ਼ੁਭ ਕਾਮਨਾਵਾਂ।
ਜ਼ਿੰਦਗੀ ਜ਼ਿੰਦਾਬਾਦ।
***
ਡਾ.ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
209 600 2897

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1730
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →