ਇੱਕ ਪੋਲਿਸ਼ ਆਦਮੀ, ਜੋਸਿਫ਼ ਕੌਂਰੈਡ ਨੇ ਆਪਣੇ ਆਪ ਨੂੰ ਰਸਾਲੇ ਅਤੇ ਕਿਤਾਬਾਂ ਪੜ੍ਹ ਪੜ੍ਹ ਕੇ ਇੰਗਲਿਸ਼ ਸਿਖਾਈ। ਇਸ ਤਰ੍ਹਾਂ ਹੀ ਜਦ ਕੋਈ ਬਰਤਾਨਵੀ ਯਾਤਰੀ ਪੋਲੈਂਡ ਨੂੰ ਦੇਖਣ ਆਉਂਦਾ ਸੀ ਉਸ ਨਾਲ਼ ਅੰਗ੍ਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦਾ। ਇੰਝ ਅੰਗ੍ਰੇਜ਼ੀ ਲਿਖਣੀ ਸਿਖ ਗਿਆ ਸੀ। ਦਸ ਵਰਿੵਅਾਂ ਬਾਅਦ ਖ਼ੁਦ ਵਲਾਇਤ ਪੁੱਜ ਗਿਆ ਸੀ ਅਤੇ ਅੰਗ੍ਰੇਜ਼ੀ ਵਿੱਚ ਨਾਵਲ ਲਿਖੀ। ਠੇਠ ਇੰਗਲਿਸ਼ ਤੋਂ ਉਸ ਦੀ ਸ਼ੈਲੀ ਅਲੱਗ ਸੀ ਪਰ ਉਸ ਦੇ ਪਰਵਾਸੀ ਜ਼ਿਹਨ ਨੇ ਅੰਗ੍ਰੇਜ਼ੀ ਸਾਹਿਤ ਵਿੱਚ ਨਵਾਂ ਅੰਦਾਜ਼ ਪਾ ਦਿੱਤਾ ਅਤੇ ਇਸ ਨਾਲ਼ ਅੱਜ ਦੀ ਇੰਗਲਿਸ਼ ਹੋਰ ਅਮੀਰ ਹੋ ਗਈ। ਇੰਝ ਹਰ ਬਾਹਰਲੇ ਬੰਦੇ ਤੋਂ ਕੁਝ ਲੈ ਲੈ ਕੇ ਹਾਲੇ ਵੀ ਅੰਗ੍ਰੇਜ਼ੀ ਸਾਹਿਤ ਤਰੱਕੀ ਕਰਦਾ ਹੈ।
ਜਿਸ ਤਰ੍ਹਾਂ ਕੌੰਰੈਡ ਨੇ ਆਪਣਾ ਅੰਦਾਜ਼ ਅਤੇ ਪੋਲਿਸ਼ ਦੇ ਤੌਰ ਤਰੀਕੇ ਇੰਗਲਿਸ਼ ਨੂੰ ਦੇ ਦਿੱਤੇ ਸਨ, ਕਈ ਆਇਰਿਸ਼ ਲਿਖਾਰੀਆਂ ਨੇ ਹੋਰ ਤਰ੍ਹਾਂ ਦੇ ਰੂਪ ਦਿੱਤੇ ਹਨ। ਜਿੱਥੇ ਕੌਂਰੈਡ ਨੇ ਵਿਆਕਰਣ ਨਾਲ਼ ਆਪ ਨੂੰ ਜਾਣੂ ਕਰ ਲਿਆ, ਜੇਮਜ਼ ਜਓਏਸ ਅਤੇ ਜੌਨ ਬੈਣਵਿਲ ਹੋਰਾਂ ਨੇ ਵਾਕਾਂ ਨੂੰ ਘੁਮ ਘੁਮਾ ਕੇ ਹੋਰ ਹੀ ਕੁਝ ਬਣਾ ਦਿੱਤਾ। ਤਜਰਬਾਤੀ ਲਿਖਤਾਂ ਲਿਖਦੇ ਸਨ ਪਰ ਦੋਹਾਂ ਜਣਿਆਂ ਨੂੰ ਅੰਗ੍ਰੇਜ਼ੀ ਅਧਿਆਪਕ ਪ੍ਰਤਿਭਾਵਾਨ ਸਮਝਦੇ ਹਨ।
ਰੂਪ ਢਿੱਲੋਂ ਇਨ੍ਹਾਂ ਦੋਹਾਂ ਤਰ੍ਹਾਂ ਦੇ ਲਿਖਾਰੀਆਂ ਦੇ ਵਿਚਾਲੇ ਦੀ ਥਾਂ ਲੈਂਦਾ ਹੈ। ਉਹ ਵੀ ਪੰਜਾਬੀ ਵਾਸਤੇ ਅਜਨਬੀ ਹੈ, ਜਿਸ ਦੀ ਪਹਿਲੀ ਬੋਲੀ ਪੰਜਾਬੀ ਨਹੀਂ ਹੈ ਪਰ ਅੰਗ੍ਰੇਜ਼ੀ ਹੈ। ਉਹ ਵੀ ਇਨ੍ਹਾਂ ਸਾਰਿਆਂ ਵਾਂਗਰ ਜਿਸ ਤਰ੍ਹਾਂ ਜਿੱਥੇ ਪਲ਼ਿਆ ਹੈ, ਉਸ ਤਰ੍ਹਾਂ ਦੀ ਬੋਲ਼ੀ-ਹੋਈ ਪੰਜਾਬੀ ਵਿੱਚ ਲਿਖਦਾ ਹੈ।
ਹਰ ਬਾਹਰਲੇ ਜੰਮਪਲ ਵਾਸਤੇ ਪੰਜਾਬੀ ਵਿੱਚ ਕੁਝ ਹੱਦ ਤੱਕ ਇੰਗਲਿਸ਼ ਫਿਕਰਾ-ਬੰਦੀ ਦਾ ਅਸਰ ਪੈ ਹੀ ਜਾਂਦਾ ਹੈ। ਰੂਪ ਵਰਗੇ ਠੇਠ ਪੰਜਾਬੀ ਦੇ ਜਾਣੂ ਨਹੀਂ ਹੋ ਸਕਦੇ। ਰੂਪ ਬਾਹਰਲੇ ਮੁਲਕ ਦਾ ਵਾਸੀ ਹੈ ਅਤੇ ਪੰਜਾਬੀ ਉਸ ਲਈ ਇੱਕ ਗੈਰ-ਮੁਲਕੀ ਜ਼ੁਬਾਨ ਹੈ। ਉਹ ਪੰਜਾਬੀ ਦਾ ਕੌਂਰੈਡ ਹੈ। ਠੀਕ, ਉਸ ਨੂੰ ਨਿੱਠਕੇ ਪੰਜਾਬੀਵਾਕ-ਬਣਤਰ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਕੁਝ ਪਾਠਕਾਂ ਨੂੰ ਪੜ੍ਹ ਕੇ ਉਸਦੇ ਫ਼ਿਕਰਾਂ ਉੱਤੇ ਖਿੱਝ ਆ ਸਕਦੀ ਹੈ। ਪਰ ਜਿਸ ਨੂੰ ਲਗਦਾ ਕਿ ਉਸ ਦੀ ਗ੍ਰੈਮਰ ਵਿੱਚ ਕਸਰ ਹੈ, ਉਹ ਨਾ ਕੇ ਰੂਪ ਨੂੰ ਸਮਝ ਰਹੇ, ਨਾ ਕੇ ਬਾਹਰਲੀ ਬੋਲ਼ੀ ਪੰਜਾਬੀ ਨੂੰ ਫੜ ਸਕਦੇ ਨੇ।
ਮੰਗਤ ਭਾਰਦਵਾਜ ( ਪੰਜਾਬੀ ਵਿਆਕਰਣਕਾਰ) ਨੇ ਕਿਹਾ ਹੈ ਕਿ ਜਿਹੜੇ ਲੋਕ ਬਰਤਾਨਵੀ-ਪੰਜਾਬੀ ਜਮਪਲਾਂ ਦੇ ਗ੍ਰੈਮਰ ਨੂੰ ਜ਼ਿਆਦਾ ਧਿਆਨ ਦੇ ਰਹੇ ਨੇ ਉਨ੍ਹਾਂ ਨੂੰ ਪੰਜਾਬੀ ਸਾਹਿਤਿਕ ਗ੍ਰੈਮਰ ਦੀ ਪੂਰੀ ਸਮਝ ਨਹੀਂ ਹੈ, ਖ਼ਾਸ ਕਰ ਬਾਹਰ ਜਾ ਕੇ ਬਦਲੀ ਹੋਈ ਪੰਜਾਬੀ ਦੀ।
ਉਸ ਦੇ ਹਿਸਾਬ ਨਾਲ਼ ਰੂਪ ਦੀ ਗ੍ਰੈਮਰ ਵਿੱਚ ਕੋਈ ਖ਼ਾਸ ਨੁਕਸ ਨਹੀਂ ਹੈ ਅਤੇ ਅਸੰਖ ਲਿਖਾਰੀ ਹਨ ਜਿਨ੍ਹਾਂ ਦੇ ਲੇਖ ਗ਼ਲਤੀਆਂ ਨਾਲ਼ ਭਰੇ ਹਨ ਜਾਂ ਬੇਜੋੜ ਹਿੱਜੇ ਵਰਤਦੇ ਹਨ। ਕਿਸੇ ਦੇ ਇਲਾਕੇ ਜਾਂ ਪੜ੍ਹਾਈ ਦੇ ਹਿਸਾਬ ਨਾਲ਼ ਕੋਈ ਜਣਾ ਕੁਝ, ਕੋਈ ਕੱਝ, ਕੋਈ ਉਂਝ ਜਾਂ ਉਂਜ ਲ਼ਿਖਦਾ ਹੈ। ਰੂਪ ਪੰਜਾਬ ਦੇ ਕੋਈ ਇਲਾਕੇ ਤੋਂ ਨਹੀਂ ਹੈ ਅਤੇ ਉਸ ਦੇ ਵਾਕ ਸ਼ਬਦ ਪਰਦੇਸੀ ਦਿਮਾਗ਼ ਦੀ ਪੰਜਾਬੀ ਦੇ ਹਨ।
ਬੋਲ਼ੀਆਂ ਦੇ ਰੂਪ ਬਦਲਦੇ ਰਹਿੰਦੇ ਨੇ। ਜਿਸ ਤਰ੍ਹਾਂ ਫ਼ਰਾਂਸੀਸੀ ਕੈਨਡਾ ਜਾ ਕੇ ਬਦਲ ਗਈ, ਜਾਂ ਸਪੈਨਿਸ਼ ਲਾਤੀਨੀ ਮੁਲਕਾਂ ਵਿੱਚ ਪੁੱਜ ਕੇ ਗ੍ਰੈਮਰ ਵਿੱਚ ਥੌੜਾ ਬਹੁਤਾਬਦਲ ਗਈ ਹੈ। br>ਇਇਸ ਹਿਸਾਬ ਨਾਲ ਰੂਪ ਢਿੱਲੋਂ ਦੇ ਵਾਕ ਪੜ੍ਹਨੇ ਪੈਂਦੇ ਨੇ।
‘ਚਿੱਟਾ ਤੇ ਕਾਲ਼ਾ’ ਬਰਤਾਨਵੀ ਲਹਿਜੇ ਵਿੱਚ ਇੰਝ ਲਿਖਿਆ ਹੋਇਆ ਹੈ। ਆਮ ਪੰਜਾਬੀ ਨਾਵਲ ਤੋਂ ਅਲੱਗ ਹੈ। ਵਿਚਿੱਤਰ ਵਾਕਾਂ ਦਾ ਵਿਸ਼ਾ ਬਹੁਤ ਤਾਜ਼ਾ ਹੈ। ਤਿੰਨ ਭਾਗ ਦੀ ਕਿਤਾਬ ਹੈ ਜੋ ਪੰਜ ਹਿੱਸਿਆ ਵਿੱਚ ਪੇਸ਼ ਕੀਤੀ ਹੈ। ਕਹਿ ਸਕਦੇ ਤਿੰਨ ਹੀ ਕਹਾਣੀਆਂ ਇੱਕ ਦੂਜੇ ਨਾਲ਼ ਸੰਬੱਧ ਰੱਖਦੀਆਂ ਨੇ। ਸਭ ਤੋਂ ਲੰਮੀ ਕਹਾਣੀ ‘ਸਮੁੰਦਰ ਪਾਰ’ ਵਾਲ਼ੀ ਹੈ ਜਿਸ ਵਿੱਚ ਇੱਕ ਪਰਵਾਸੀ ਖ਼ਾਨਦਾਨ ਦਾ ਜੀਵਨ ਦਿਖਾਇਆ ਹੈ। ਖ਼ਾਸ ਗੱਲ ਹੈ ਕਿ ਆਮ ਵਾਂਗ ਇਕੱਲੇ ਪਰਵਾਸੀ ਕਿਰਦਾਰਾਂ ਦੇ ਪੱਖ ਤੋਂ ਨਹੀਂ ਲਿਖੀ ਗਈ ਪਰ ਅਗੱਲੀ ਪੀੜ੍ਹੀ ਜੋ ਬਰਤਾਨਵੀ ਜਮਪਲ ਹੈ ਦੇ ਪੱਖ ਤੋਂ ਵੀ ਲਿਖੀ ਹੈ। ਉਨ੍ਹਾਂ ਨੂੰ ਮਾਂ-ਪਿਓ ਕਿਵੇਂ ਜਾਪਦੇ, ਪੰਜਾਬੀਅਤ ਬਾਰੇ ਕੀ ਸੋਚਦੇ ਵਗੈਰਾ ਵਗੈਰਾ ਦਿਖਾਈਆ ਹੈ। ਉਨ੍ਹਾਂ ਦੀਆਂ ਆਸਾਂ ਕੀ ਹਨ। ਇਸ ਰਾਹੀਂ ਸਾਡੇ ਸਮਾਜ ਬਾਰੇ ਕਈ ਕੌੜੇ ਸੱਚਾਂ ਬਾਰੇ ਜ਼ਿਕਰਕੀਤਾ ਹੈ।
ਦੂਜੀ ਕਹਾਣੀ ‘ਸ਼ੇਰ ਦੇ ਟਸੂਏ’ ਹੈ, ਮਤਲਬ ਸ਼ੇਰ ਦੇ ਹੰਝੂ। ਇਸ ਵਿੱਚ ਪਹਿਲੀ ਕਹਾਣੀ ਵਿੱਚੋਂ ਇੱਕ ਦੋ ਰੂਹਾਂ ਜੰਗਲ ਦੇ ਜਾਨਵਰ ਬਣ ਕੇ ਵਾਪਸ ਆਉਂਦੇ ਅਤੇ ਸਾਨੂੰ ਦੋਭਰਾ ਮਿਲਦੇ ਨੇ। ਦੋਵੇਂ ਸ਼ੇਰ, ਇੱਕ ਚਿੱਟਾ ‘ਤੇ ਇੱਕ ਕਾਲ਼ਾ। ਇਨ੍ਹਾਂ ਦੀ ਕਹਾਣੀ ਪੰਜਾਬੀਆਂ ਦੀ ਕਥਾ ਹੈ। ਚਿੱਟੇ ‘ਤੇ ਕਾਲ਼ੇ ਦਾ ਹਰ ਮਤਲਬ ਤੇ ਪਰਤੀਕ ਇਸ ਨਾਵਲ ਵਿੱਚ ਦਿਖਾਇਆ ਗਿਆ ਹੈ। ਚਾਹੇ ਲੋਕਾਂ ਦਾ ਮਨ, ਸੋਚ, ਰੰਗ ਜਾਂ ਨਸਲਵਾਦੀ ਤਅੱਸਬ ਹਰ ਚੀਜ ਦੇ ਦੇ ਦੋ ਪਾਸੇ ਦਿਖਾਏ, ਚਿੱਟੇ ਤੇ ਕਾਲ਼ੇ ਦਾ ਹਰ ਪਾਸਾ ਖੋਜਿਆਗਿਆ ਹੈ। ਅਫ਼ੀਮ ਦਾ ਅਸਰ ਵੀ ਦਿਖਾਇਆ ਹੈ।
ਪਰ ਸਭ ਤੋਂ ਦਿਲਚਸਪ ਭਾਗ ਤੀਜੀ ਕਹਾਣੀ ਦਾ ਹੈ। ਉਸ ਦਾ ਨਾਂ ਹੈ ‘ਰੂਪ ਪਰਿਵਰਤਨ।’
ਇਸ ਹਿੱਸੇ ਵਿੱਚ ਇੱਕ ਔਰਤ ਆਪਣੇ ਭਾਰਤੀ ਰੰਗ ਨੂੰ ਗੋਰਾ ਕਰਨਾ ਚਾਹੁੰਦੀ ਹੈ ਪਰ ਇਸ ਮੁੱਦੇ ਨੂੰ ਅੱਤ ਤੱਕ ਲੈ ਜਾਂਦੀ। ਇਸ ਕਹਾਣੀ ਰਾਹੀਂ ਸਾਡੇ ਸਮਾਜ ਦਾ ਗੋਰੇ ਰੰਗ ਨਾਲ਼ ਜਨੂੰਨ ਨੰਗਾ ਹੁੰਦਾ ਹੈ। ਭਾਵੇਂ ਤਿੰਨ ਹੀ ਕਹਾਣੀਆਂ ਦੇਖਣ ਵਿੱਚ ਅਲੱਗ ਲੱਗਦੀਆਂ ਹਨ, ਸੱਚ ਹੈ ਕਿ ਜੁੜ ਕੇ ਇੱਕ ਮਹਾਨ ਨਾਵਲ ਬਣਦਾ ਹੈ।
ਤਿੰਨ ਹੀ ਕਹਾਣੀਆਂ ਦੇ ਕਿਰਦਾਰਾਂ ਵਿੱਚ ਸੰਜੋਗ ਹਨ। ਟਿਨਾ, ਜੋ ਪਹਿਲੀ ਕਹਾਣੀ ਵਿੱਚ ਹੈ ਇੱਕ ਕਿਤਾਬ ਲਿਖਦੀ ਹੈ-ਜੋ ਦੂਜੀ ਕਹਾਣੀ ਹੈ। ਇੱਕ ਸ਼ੇਰਨੀ ਜੋ ਦੂਜੀ ਕਹਾਣੀ ਵਿੱਚ ਹੈ ਤੁਸੀਂ ਕਹਿ ਸਕਦੇ ਹੋ ਕਿ ਪੁਨਰ ਜੀਵਨ ਰਾਹੀਂ ਤੀਜੀ ਵਿੱਚ ਖ਼ਾਸ ਪਾਤਰ ਹੋ ਜਾਂਦੀ ਹੈ।
ਵੈਸੇ ਰੂਪ ਢਿੱਲੋਂ ਨੇ ਤਰ੍ਹਾਂ ਤਰ੍ਹਾਂ ਦੇ ਬਰਤਾਂਤ ਵਰਤੇ ਹਨ। ਇੱਕ ਵਾਰੀ ਵਾਕ ਨੂੰ ਅੱਧ ਵਿੱਚ ਟੁਕ ਦਿੰਦਾ ਅਤੇ ਉਸ ਨੂੰ ਅੱਧ ਵਿੱਚ ਹੋਰ ਕਾਂਡ ਵਿੱਚ ਜਾਰੀ ਰੱਖਦਾ। ਜੇ ਤੁਹਾਨੂੰ ਆਮ ਸਿੱਧੀ ਲਿਖੀ ਰਸਮੀ-ਕਹਾਣੀ ਚਾਹੀਦੀ ਹੈ ਫੇਰ ਰੂਪ ਨੂੰ ਨਹੀਂ ਪੜ੍ਹਨਾ ਚਾਹੀਦਾ। ਜੇ ਤੁਹਾਨੂੰ ਸਨਾਤਨੀ ਗ੍ਰੈਮਰ ਚਾਹੀਦੀ ਹੈ, ਇਸ ਕਿਤਾਬ ਤੋਂ ਪਰ੍ਹੇ ਰਹੋ। ਪਰ ਜੇ ਤੁਹਾਡਾ ਦਿਲ ਖੁੱਲ੍ਹਾ ਡੁੱਲ੍ਹਾ ਹੈ ਅਤੇ ਜਦੀਦ ਕਥਾ ਪੜ੍ਹਨਾ ਚਾਹੁੰਦੇ ਹੋ, ਜਿਸ ਵਿੱਚ ਕਈ ਵਾਕ ਔਖੇ ਹਨ ਅਤੇ ਬਾਰ ਬਾਰ ਪੜ੍ਹ ਕੇ ਹੀ ਸਮਝ ਲੱਗਦੇ; ਜਿਸ ਦਾ ਵਿਸ਼ਾ ਅਤੇ ਸ਼ਬਦ-ਜੋੜ ਦੀ ਤਕਨੀਕ ਤੁਹਾਨੂੰ ਡੂੰਘੀਆਂ ਸੋਚਾਂ ਤੱਕ ਲੈ ਜਾਂਦੀ ਹੈ, ਫੇਰ ਰੂਪ ਦਾ ਹੀ ਨਾਵਲ ਪੜ੍ਹੋ।
ਚਿੱਟਾ ਤੇ ਕਾਲ਼ਾ (ਨਾਵਲ) – ਰੂਪ ਢਿੱਲੋਂ
ਸਫ਼ੇ:390
ਮੁੱਲ: 650 ਰੁਪਏ
ਪ੍ਰਕਾਸ਼ਕ: ਐਵਿਸ ਪਬਲੀਕੇਸ਼ਨ, ਦਿੱਲੀ।
***
883
***
|