ਗਿਅਨ ਚੰਦ ਬਹੁਤ ਸੋਹਣੀ ਦਾਲ ਤੜਕਦਾ ਸੀ। ਪਹਿਲਾਂ ਪਹਿਲ ਤੇ ਅਸੀਂ ਭਟਕਦੇ ਹੀ ਰਹੇ ਫੇਰ ਅਸੀਂ ਗਿਆਨ ਚੰਦ ਦੇ ਪੱਕੇ ਗਾਹਕ ਬਣ ਗਏ। ਦੁਪਹਿਰੇ ਤਾਂ ਉੱਥੇ ਖ਼ਾਸੀ ਭੀੜ ਹੁੰਦੀ ਪਰ ਗਿਆਨ ਚੰਦ ਕਦੇ ਵੀ ਆਪਾ ਨਾਂ ਗਵਾਉਂਦਾ। ਮੁਸਕਰਾ ਕੇ ਬਠਾਲ ਲੈਂਦਾ। ਜਿਸ ਨੇ ਰੁਕਣਾ ਹੈ ਰੁਕੇ ਜਿਸ ਨੇ ਜਾਣਾ ਹੈ ਜਾਵੇ, ਗਿਆਨ ਚੰਦ ਦੀ ਦਾਲ ਤਾਂ ਇੰਜ ਹੀ ਤੜਕੀ ਜਾਵੇਗੀ। ਖੋਖੇ ਪਿੱਛੇ ਉਸ ਨੇ ਇੱਕ ਪਲਾਟ ਖ਼ਰੀਦ ਲਿਆ। ਲੋਕ ਹੁਣ ਬੈਂਚਾਂ ਤੇ ਬਹਿਣ ਲੱਗ ਪਏ। ਸਾਡੇ ਨਾਲ ਖੋਖੇ ਵਾਲਾ ਲਿਹਾਜ਼ ਸੀ। ਸ਼ਾਮ ਨੂੰ ਉਹ ਬਿਨਾ ਮੰਗੇ ਹੀ ਜੱਗ ਦੇ ਪਾਣੀ ਵਿੱਚ ਢੇਰ ਸਾਰੀ ਬਰਫ਼ ਪਾਕੇ ਸਾਡੇ ਵਲ ਭੇਜ ਦਿੰਦਾ। ਅਸੀਂ ਵੀ ਅੰਨੇ ਗਲਾਸ ਨੂੰ ਭਰ ਕੇ ਗਿਆਨ ਚੰਦ ਦੇ ਹਵਾਲੇ ਕਰ ਦਿੰਦੇ ਤੇ ਉਹ ਦੋ ਕੁ ਘੁੱਟਾਂ ਵਿੱਚ ਹੀ ਕੰਮ ਤਮਾਮ ਕਰ ਦਿੰਦਾ। ਦੁਕਾਨਦਾਰ ਸੀ, ਫੇਰ ਵੀ ਉਸ ਨੇ ਕਦੇ ਪੈਸੇ ਨਹੀਂ ਮੰਗੇ। ਅਸੀਂ ਆਪ ਹੀ ਦੇ ਦਿੰਦੇ। ਘੱਟ ਹੋਣ ਤਾਂ ਲਿਖ ਲੈਂਦਾ, ਵੱਧ ਹੋਣ ਤਾਂ ਰੱਖ ਲੈਂਦਾ। ਇੱਕ ਦਿਨ ਉਸ ਦੇ ਢਾਬੇ ਤੇ ਇੱਕ ਔਰਤ ਵਿਖਾਈ ਦਿੱਤੀ। ਸ਼ਕਲ ਸੂਰਤ ਕਮਾਲ ਦੀ। ਸਾਰੇ ਉਸ ਵੱਲ ਵੇਖਦੇ ਰਹੇ ਤੇ ਉਹ ਸਾਮ ਤੱਕ ਬੈਠੀ ਰਹੀ। ਅਗਲੇ ਦਿਨ ਵੀ ਆਈ ਤੇ ਚਾਹ ਪੀ ਰਹੀ ਸੀ ਜਦੋਂ ਅਸੀਂ ਉੱਥੇ ਪਹੁੰਚੇ। ਗਿਆਨ ਚੰਦ ਸਾਡੇ ਕੋਲ ਆਇਆ ਤੇ ਪੁੱਛਣ ਲੱਗਾ “ਤੁਸੀਂ ਪੜੇ ਲਿਖੇ ਹੋ, ਤੁਹਾਨੂੰ ਉਹ ਔਰਤ ਕਿਹੋ ਜਿਹੀ ਲਗਦੀ ਹੈ?” ਅਜੀਬ ਜਿਹਾ ਸੁਆਲ ਸੀ ਪਰ ਅਸੀਂ ਕੁੱਝ ਵੀ ਕਹਿਣ ਦੀ ਸਥਿਤੀ ਵਿਚ ਨਹੀਂ ਸੀ। ਚਾਚਾ ਠੀਕ ਠਾਕ ਹੈ, ਪਰ ਤੂੰ ਪੁੱਛ ਕਿਉਂ ਰਿਹਾ ਹੈਂ?” “ ਉਹ ਇਸ ਢਾਬੇ ਤੇ ਕੰਮ ਕਰਨਾ ਚਾਹੁੰਦੀ ਹੈ।“ “ਇਹ ਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ? ਰੋਟੀ ਪਾਣੀ ਬਣਾਉਣ ਵਿੱਚ ਸੁਚੱਜੀ ਹੋਵੇਗੀ, ਲੱਗਦਾ ਤੇ ਇੰਜ ਹੀ ਹੈ।“ “ਕਿਤੇ ਹੋਰ ਹੀ ਚੰਦ ਨਾ ਚੜ ਜਾਵੇ, ਇੱਥੇ ਤਾਂ ਸਭ ਕਿਸਮ ਦੇ ਲੋਕ ਆਉਂਦੇ ਹਨ। ਪੁਲੀਸ ਵੀ ਗੇੜਾ ਮਾਰਦੀ ਰਹਿੰਦੀ ਹੈ, ਕੋਈ ਊਚ ਨੀਚ ਨਾ ਹੋ ਜਾਵੇ। ਔਰਤਾਂ ਕਿੱਥੇ ਕੰਮ ਕਰਦੀਆਂ ਹਨ ਢਾਬਿਆਂ ਤੇ!” “ਫੇਰ ਇੰਜ ਕਰ ਚਾਚਾ, ਉਸ ਦੇ ਨਾਲ ਵਿਆਹ ਕਰਵਾ ਲੈ।“ ਬਲਦੇਵ ਨੇ ਕਿਹਾ। “ਓਏ ਝੇਡਾਂ ਨਾ ਕਰ, ਹੁਣ ਕੋਈ ਉਮਰ ਹੈ ਮੇਰੀ ਵਿਆਹ ਕਰਵਾਉਣ ਦੀ? ਨਾਲੇ ਮੁੰਡਾ ਮੇਰਾ ਕੀ ਕਹੇਗਾ?” “ਚਾਚਾ ਇਤਨਾ ਸਿਧਾ, ਸਪਸ਼ਟ ਤੇ ਚੰਗਾ ਹੈ, ਇਸ ਨਾਲ ਕੋਈ ਮਾੜਾ ਵਰਤਾਰਾ ਹੋ ਹੀ ਨਹੀ ਸਕਦਾ। ਕਾਇਨਾਤ ਇਤਨੀ ਵੀ ਮਾੜੀ ਨਹੀ। ” ਬਲਦੇਵ ਨੇ ਇਤਨਾ ਕਹਿਕੇ ਸਭ ਦੇ ਤੌਖਲਿਆਂ ਤੇ ਵਿਰਾਮ ਲਗਾ ਦਿੱਤਾ। “ਵੇਖ ਚਾਚਾ, ਤੂੰ ਕੰਮ ਤੇ ਰੱਖ ਹੀ ਲੈ, ਪਤਾ ਲੱਗ ਜਾਵੇਗਾ, ਇਸ ਦੇ ਟਾਈਪ ਟੂਪ ਦਾ।“ “ਹਾਂ ਇਹ ਠੀਕ ਹੈ।“ ਗਿਆਨ ਦੇ ਨਾਲ ਹੁਣ ਸਮਿਤਰਾ ਵੀ ਤੜਕੇ ਲਾਉਣ ਲੱਗ ਪਈ। ਗਾਹਕੀ ਵਿੱਚ ਤੇ ਕੋਈ ਖ਼ਾਸ ਫ਼ਰਕ ਨਹੀਂ ਪਿਆ ਪਰ ਢਾਬੇ ਦਾ ਨਕਸ਼ਾ ਦਿਨੋਂ ਦਿਨ ਬਦਲ ਰਿਹਾ ਸੀ। ਨਵਾਂ ਫ਼ਰਨੀਚਰ ਆ ਗਿਆ। ਚਾਰੇ ਪਾਸੇ ਲਇਟਾਂ ਦੀ ਜਗਮਗ ਹੋ ਗਈ ਤੇ ਫੇਰ ਵੇਖਦੇ ਹੀ ਵੇਖਦੇ ਦੂਜੀ ਮੰਜ਼ਿਲ ਤੇ ਫੇਰ ਤੀਜੀ ਮੰਜ਼ਿਲ.. ਇਹ ਪੈਸੇ ਕਿੱਥੋਂ ਆ ਰਹੇ ਹਨ ਗਿਆਨ ਚੰਦ ਕੋਲ?” ਇਹ ਸੁਆਲ ਸਾਡਾ ਹੀ ਨਹੀਂ ਸਾਰੇ ਪੱਕੇ ਗਾਹਕਾਂ ਦਾ ਸੀ। ਸਮਿਤਰਾ ਦੇ ਨਾਗ਼ੇ ਪੈਣ ਲੱਗ ਪਏ ਤੇ ਫੇਰ ਉਹ ਦਿਸਣੋਂ ਹੀ ਹੱਟ ਗਈ। ਦੋ ਚਾਰ ਹਫ਼ਤੇ ਤੇ ਲੰਘ ਗਏ ਫੇਰ ਅਸੀਂ ਪੁੱਛ ਹੀ ਲਿਆ। “ਉਹ ਹੁਣ ਘਰ ਹੀ ਰਹਿੰਦੀ ਹੈ।“ “ਕਿਹੜੇ ਘਰ, ਚਾਚਾ?” “ਮੈ ਵਿਆਹ ਕਰਵਾ ਲਿਆ ਹੈ ਸਮਿਤਰਾ ਨਾਲ। ” “ਚਾਚਾ ਚੁੱਪ ਚੁਪੀਤੇ, ਕੋਈ ਪਾਰਟੀ ਨਹੀਂ।” “ਮੈ ਤੇ ਪਾਰਟੀ ਕਰਨਾ ਚਾਹੁੰਦਾ ਸੀ ਪਰ ਸਮਿਤਰਾ ਨੇ ਮਨਾ ਕਰ ਦਿੱਤਾ। ਮੁੰਡਾ ਵੀ ਮੰਨ ਗਿਆ।” “ਅਤਾ ਪਤਾ ਵੀ ਜਾਣਦਾ ਹੈਂ ਕਿ ਉਂਜ ਹੀ ਸੋਹਣੀ ਵੇਖ ਕੇ ਰੱਖ ਲਈ?” “ਪਤਾ ਕਿਉਂ ਨਹੀਂ ਕੀਤਾ। ਇਹ ਪੂਨੇ ਦੀ ਹੈ। ਪੂਨੇ ਤੋਂ ਦਿਲੀ ਸ਼ਿਫ਼ਟ ਹੋ ਗਈ ਤੇ ਫੇਰ ਪੰਜਾਬ ਆ ਗਈ। ਪੈਸੇ ਵੀ ਚੋਖੇ ਹਨ। ਇਹ ਸਾਰਾ ਕੁੱਝ ਸਮਿਤਰਾ ਦੀ ਹੀ ਮਿਹਰਬਾਨੀ ਹੈ ਸਾਹਬ। ” ਇਤਨਾ ਕਹਿ ਕੇ ਗਿਆਨ ਚੰਦ ਤੇ ਚਲੇ ਗਿਆ ਪਰ ਸਾਨੂੰ ਸ਼ਸ਼ੋਪੰਜ ਵਿੱਚ ਪਾ ਗਿਆ। “ਯਾਰ ਪਤਾ ਤੇ ਕਰੋ, ਇਹ ਚੱਕਰ ਕੀ ਹੈ? ਉਂਜ ਤਾਂ ਚਾਲੀਆਂ ਤੋਂ ਵਧ ਹੀ ਹੈ ਪਰ ਇਤਨੀ ਸੋਹਣੀ ਔਰਤ ਗਿਆਨ ਚੰਦ ਨਾਲ ਵਿਆਹ ਕਿਉਂ ਕਰਵਾ ਬੈਠੀ, ਅਸੀਂ ਮਰ ਗਏ ਸਾਂ?” “ਫੁਫੜਾ, ਸ਼ਰਮ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਕਿ ਨਹੀਂ? ਤੇਰਾ ਰਸਦਾ ਵੱਸਦਾ ਘਰ ਹੈ, ਧੀਆਂ ਪੁੱਤ ਹਨ, ਤੇਰੇ ਨਾਲ ਉਹ ਵਿਆਹ ਕਿਵੇਂ ਕਰਵਾ ਲੈਂਦੀ, ਸੁਣਿਆ ਪੈਸੇ ਵਾਲੀ ਵੀ ਹੈ।” “ਨਹੀਂ ਮੈ ਤੇ ਵੈਸੇ ਹੀ ਕਿਹਾ ਸੀ,ਬਿਨਾ ਸੋਚੇ ਸਮਝੇ।” “ਹਾਂ ਅਸੀ ਬਿਨਾਂ ਸੋਚੇ ਸਮਝੇ ਹੀ ਬਹੁਤ ਕੁੱਝ ਬੋਲ ਜਾਂਦੇ ਹਾਂ ਪਰ ਚੁੱਪ ਵੀ ਨਹੀਂ ਰਿਹਾ ਜਾਂਦਾ। ਉੱਤੋਂ ਸਮਾਂ ਕਿਹੜਾ ਜਾ ਰਿਹਾ ਹੈ। ਕੁੱਝ ਤੇ ਗੜਬੜ ਹੈ।” ਬਲਦੇਵ ਜਿਹੜਾ ਕਿਤਨੀ ਦੇਰ ਤੋਂ ਚੁੱਪ ਬੈਠਾ ਸੀ ਬੋਲ ਪਿਆ। “ਪਹਿਲਾਂ ਤੇ ਤੂੰ ਕਹਿੰਦਾ ਸੀ, ਚਾਚੇ ਨਾਲ ਕੁਝ ਮਾੜਾ ਹੋ ਨਹੀ ਸਕਦਾ।” “ਸ਼ਾਇਦ ਮੇਰਾ ਕਹਿੰਣਾ ਵੀ ਉਸੇ ਲੜੀ ਵਿੱਚ ਆਉਂਦਾ ਹੋਵੇ। ਦੁਨੀਆਂ ਤਾਂ ਸਿਸਟਮ ਵਿੱਚ ਹੀ ਚਲਦੀ ਹੈ।” “ਸਾਡੇ ਕੋਲ ਦੋ ਹੀ ਹੱਲ ਹਨ। ਵੇਖੋ ਇਲਾਕੇ ਦੀ ਸੇਫ਼ਟੀ ਦਾ ਵੀ ਸੁਆਲ ਹੈ। ਕਿਤੇ ਹੋਰ ਹੀ ਨਾਂਹ ਜਾਹ ਜਾਂਦੀ ਹੋ ਜਾਵੇ। ਗਿਆਨ ਚੰਦ ਨਾਲ ਗੱਲ ਕਰੋ ਜਾਂ ਪੁਲੀਸ ਨੂੰ ਸੂਚਨਾ ਦੇਵੋ।” ਵਿੱਚੋਂ ਇੱਕ ਬੋਲ ਪਿਆ। “ਗਿਆਨ ਚੰਦ ਕਿਉਂ ਦੱਸੇਗਾ? ਇਸ ਉਮਰ ਵਿੱਚ ਉਸ ਦੇ ਹੱਥ ਕਾਰੂ ਦਾ ਖ਼ਜ਼ਾਨਾ ਲੱਗਿਆ ਹੈ, ਚੁੱਪ ਕਰ ਕੇ ਪੁਲੀਸ ਨੂੰ ਦਸ ਦੇਵੋ, ਪੁਲੀਸ ਆਪੇ ਪਤਾ ਕਰ ਲਵੇਗੀ, ਇਸ ਵਿੱਚ ਗਿਆਨ ਚੰਦ ਦਾ ਵੀ ਭਲਾ ਹੈ। ਚਾਰਾਂ ਦੀ ਢਾਣੀ ਨੇ ਇਹੀ ਫ਼ੈਸਲਾ ਕੀਤਾ ਕਿ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ। “ਠਾਣੇ ਨਹੀਂ ਜਾਣਾ, ਠੀਕ ਨਹੀਂ ਰਹੇਗਾ। ਇੰਜ ਗਿਆਨ ਚੰਦ ਵੀ ਕੁੜੱਕੀ ਵਿੱਚ ਫਸ ਜਾਵੇਗਾ। ਮੇਰਾ ਇੱਕ ਵਾਕਫ਼ ਖ਼ੁਫ਼ੀਆ ਪੁਲਿਸ ਵਿੱਚ ਵੱਡੇ ਅਹੁਦੇ ਤੇ ਲੱਗਾ ਹੈ, ਮੈ ਉਸ ਨਾਲ ਗੱਲ ਕਰਦਾ ਹਾਂ।“ ਬਲਦੇਵ ਨੇ ਕਿਹਾ। ਹਰਦੇਵ ਸਿੰਘ ਨੇ ਸਾਰੀ ਗੱਲ ਸੁਣ ਲਈ। ਉਸਨੂੰ ਵੀ ਗੱਲ ਹੈਰਾਨ ਕਰਨ ਵਾਲੀ ਸੀ ਤੇ ਉਸ ਨੇ ਸੁਮਿਤਰਾ ਦੀ ਫਾਈਲ ਬਣਾ ਲਈ। ਆਪਣੇ ਸੀਨੀਅਰ ਅਫ਼ਸਰ ਨੂੰ ਵੀ ਦੱਸ ਦਿੱਤਾ। “ ਪੁਲੀਸ ਨੇ ਸਭ ਤੋਂ ਪਹਿਲਾਂ ਬੈਂਕ ਨਾਲ ਸੰਪਰਕ ਕੀਤਾ, ਜਿਸ ਵਿਚ ਗਿਆਨ ਚੰਦ ਤੇ ਸਮਿਤਰਾ ਦਾ ਸਾਂਝਾ ਖਾਤਾ ਸੀ। ਸਮਿਤਰਾ ਦਾ ਆਧਾਰ ਕਾਰਡ ਮਿਲ ਗਿਆ। ਜਿਸਤੋਂ ਪਤਾ ਲੱਗਾ ਕਿ ਸਮਿਤਰਾ ਪੂਨੇ ਦੀ ਰਹਿਣ ਵਾਲੀ ਸੀ ਤੇ ਪੜ੍ਹਨ ਲਈ ਦਿੱਲੀ ਆ ਗਈ। ਬਾਹਮਣ ਪਰਵਾਰ ਦੀ ਹੋਣ ਕਰ ਕੇ, ਬਹੁਤ ਹੀ ਸੰਸਕਾਰੀ ਸੀ। ਪੂਨੇ ਵਿੱਚ ਬੜੀ ਇੱਜ਼ਤ ਸੀ ਪਰਵਾਰ ਦੀ ਪਰ ਦਿੱਲੀ ਨੇ ਸਮਿਤਰਾ ਦੇ ਸੰਸਕਾਰ ਖਾ ਲਏ। ਪਿਆਰ ਵਿੱਚ ਸਭ ਲੁਟਾ ਕੇ ਹੱਥਲ਼ ਹੋ ਗਈ। ਸਮਿਤਰਾ ਦਾ ਬਾਪ ਕਿਸ਼ੋਰੀ ਲਾਲ ਤੇ ਸਹਾਰ ਨਹੀਂ ਸਕਿਆ ਤੇ ਮਰ ਗਿਆ। ਮਾਂ ਪਾਗਲ ਹੋ ਗਈ ਤੇ ਸਮਿਤਰਾ ਦਾ ਘਰ ਵਿੱਚ ਦਾਖ਼ਲਾ ਵੀ ਬੰਦ ਹੋ ਗਿਆ। ਭਾਬੀਆਂ ਨੂੰ ਹੋਰ ਕੀ ਚਾਹੀਦਾ ਸੀ। ਅੰਤਾਂ ਦੀ ਜਾਇਦਾਦ ਵਿੱਚੋਂ ਸਮਿਤਰਾ ਨੂੰ ਝੂੰਗਾ ਦੇ ਦਿੱਤਾ ਗਿਆ ਤੇ ਸ਼ਰਤ ਇਹ ਰੱਖੀ ਕਿ ਉਹ ਹੁਣ ਕਦੇ ਪੂਨੇ ਨਹੀਂ ਆਵੇਗੀ। ਪੂਨੇ ਤੋਂ ਤੜੀਪਾਰ ਹੋਕੇ ਸਮਿਤਰਾ ਪੱਕੇ ਤੌਰ ਤੇ ਦਿਲੀ ਆ ਗਈ ਪਰ ਬੁਰਾ ਵਕਤ ਅਜੇ ਖਤਮ ਨਹੀਂ ਸੀ ਹੋਇਆ। ਪੜਾਈ ਛੁੱਟ ਗਈ। ਪੈਸੇ ਇਤਨੇ ਸਨ ਕਿ ਨੌਕਰੀ ਦੀ ਲੋੜ ਨਹੀਂ ਸੀ ਪਰ ਜੋ ਗੁਆਚ ਗਿਆ ਸੀ ਉਹ ਹੁਣ ਵਾਪਸ ਹੋਣ ਵਾਲਾ ਨਹੀਂ ਸੀ। ਉਨ੍ਹਾਂ ਹੀ ਦਿਨਾਂ ਵਿੱਚ, ਦਿਲੀ ਵਿਚ ਇੱਕ ਮਸਜਿਦ ਦਾ ਗੁੰਬਦ ਢਹਿ ਗਿਆ ਤੇ ਉਸ ਦੀ ਇਤਿਹਾਸਕ ਜਾਣਕਾਰੀ ਵਾਇਰਲ ਹੋਣੀ ਸ਼ੁਰੂ ਹੋ ਗਈ। ਇਸ ਗੱਲ ਦਾ ਸਮਿਤਰਾ ਤੇ ਬਹੁਤ ਅਸਰ ਹੋਇਆ। ਉਸ ਨੇ ਇਸ ਘਟਨਾ ਨੂੰ ਆਪਣੀ ਹੋਣੀ ਨਾਲ ਜੋੜ ਲਿਆ। ਆਸੇ ਪਾਸੇ ਗਲੀਆਂ ਵਿੱਚ ਫੈਲੀ ਅਫ਼ਰਾ ਤਫ਼ਰੀ ਵੇਖ ਕੇ ਸਮਿਤਰਾ ਨੂੰ ਲੱਗਾ ਕਿ ਐਸੀ ਹੀ ਅਫ਼ਰਾ ਤਫ਼ਰੀ ਉਸ ਦੇ ਦਿਲ ਦਿਮਾਗ਼ ਵਿੱਚ ਵੀ ਫੈਲੀ ਹੋਈ ਹੈ। ਲਾਲ ਇੱਟਾਂ ਨਾਲ ਬਣੀ ਹੋਈ ਇਹ ਮਸਜਿਦ ਪੁਰਾਣੀ ਦਿੱਲੀ ਦੇ ਚਾਵੜੀ ਬਾਜ਼ਾਰ ਦੀਆਂ ਤੰਗ ਗਲੀਆਂ ਵਿਚ ਮੌਜੂਦ ਹੈ। ਮਸਜਿਦ ਨੂੰ ਕੋਈ ਕਿਸੇ ਵੀ ਨਾਮ ਨਾਲ ਪੁਕਾਰੇ ਪਰ ਇਸ ਦਾ ਅਸਲ ਨਾਮ ‘ਮੁਬਾਰਕ ਬੇਗ਼ਮ ਦੀ ਮਸਜਿਦ’ ਸੀ। ਇਹ ਸਪਸ਼ਟ ਨਹੀਂ ਹੈ ਕਿ ਇਹ ਮੁਬਾਰਕ ਬੇਗ਼ਮ ਨੇ ਬਣਾਈ ਸੀ ਜਾਂ ਇਹ ਉਨ੍ਹਾਂ ਦੀ ਯਾਦ ਵਿਚ ਬਣਾਈ ਗਈ ਸੀ। ਮਸਜਿਦ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਇਹ ਮਸਜਿਦ ਖ਼ੁਦ ਮੁਬਾਰਕ ਬੇਗ਼ਮ ਨੇ ਬਣਾਈ ਸੀ। ਉਹ ਬਹੁਤ ਚੰਗੀ ਔਰਤ ਸੀ।” ਇਸ ਦਾਅਵੇ ਨਾਲ ਸਮਿਤਰਾ ਦੇ ਰੌਂਗਟੇ ਖੜੇ ਹੋ ਗਏ। ਉਹ ਵੀ ਤੇ ਚੰਗੀ ਔਰਤ ਸੀ ਫੇਰ ਉਸ ਨੂੰ ਕੀ ਹੋ ਗਿਆ? ਹੁਣ ਉਸ ਦੀ ਬੇਟੀ ਦਾ ਕੀ ਬਣੇਗਾ? ਕੀ ਉਹ ਵੀ ਸਮਿਤਰਾ ਵਾਂਗ ਹੀ ਲੁੱਟੀ ਪੁੱਟੀ ਜਾਵੇਗੀ? ਅਜੇ ਤਾਂ ਬੋਰਡਿੰਗ ਵਿੱਚ ਸੀ ਪਰ ਕਦੇ ਲੋਕਾਂ ਦੇ ਸਮੁੰਦਰ ਵਿੱਚ ਵੀ ਤੇ ਆਵੇਗੀ। ਉਦੋਂ ਤੇ ਉਸ ਕੋਲ ਕੁਝ ਵੀ ਨਹੀ ਹੋਵੇਗਾ, ਮਾਂ ਦੇ ਅਤੀਤ ਨੂੰ ਛੱਡ ਕੇ। ਇਸ ਅਤੀਤ ਨੇ ਹੀ ਉਸਦੇ ਮੱਥੇ ਤੇ ਲਿਖ ਦੇਣਾ ਸੀ ਕੁਝ ਐਸਾ, ਜੋ ਸਮਿਤਰਾ ਨੂੰ ਮਨਜੂਰ ਹੀ ਨਹੀ ਸੀ। ਸਮਿਤਰਾ ਨੇ ਆਪਣੀਆਂ ਖਿੰਡੀਆਂ ਪੁੰਡੀਆਂ ਇੱਟਾਂ ਨੂੰ ਇਕੱਠਾ ਕੀਤਾ। ਦਿੱਲੀ ਛੱਡ ਦਿੱਤੀ ਤੇ ਭਾਰਤ ਦੇ ਵਿਸ਼ਾਲ ਲੋਕ ਸਾਗਰ ਵਿੱਚ ਘੁੰਮਣ ਲੱਗ ਪਈ। ਆਪਣੀਆਂ ਚਾਰ ਪੀੜੀਆਂ ਨੂੰ ਉਸ ਨੇ ਵਿਸਾਰ ਦਿੱਤਾ ਤੇ ਨਵਾਂ ਗੁੰਬਦ ਉਸਾਰਨ ਲਈ ਉਸ ਦੀ ਪੀੜਾ ਉਸ ਦੇ ਸਿਰ ਨੂੰ ਚੜ ਗਈ। ਦੁੱਖਾਂ ਨੇ ਇਤਨੀ ਸਮਝ ਦੇ ਦਿੱਤੀ ਸੀ ਕਿ ਉਹ ਲੋਕਾਂ ਦੀਆਂ ਨਜ਼ਰਾਂ ਨੂੰ ਪੜ ਸਕੇ। ਅੱਖਾਂ ਰਾਹੀਂ ਅਗਲੇ ਦੇ ਅੰਦਰ ਨੂੰ ਜਾਣ ਸਕੇ। ਗਿਆਨ ਚੰਦ ਦੀਆਂ ਅੱਖਾਂ ਹੀ ਸਨ ਜਿਨ੍ਹਾਂ ਰਾਹੀਂ ਸਮਿਤਰਾ ਨੂੰ ਆਪਣੀ ਮੰਜ਼ਿਲ ਮਿਲ ਗਈ। ਗਿਆਨ ਚੰਦ ਦੇ ਦਿਲ ਵਿੱਚ ਰਾਣੀਆਂ ਨਹੀਂ ਸਨ। ਉਸ ਦੇ ਦਿਲ ਵਿੱਚ ਇੱਕ ਐਸੀ ਤਲਾਸ਼ ਸੀ ਜਿਸ ਨੂੰ ਸਹਿਜੇ ਹੀ ਸਮਿਤਰਾ ਨੇ ਸਮਝ ਲਿਆ। ਇੱਕ ਫ਼ਕੀਰ, ਗਿਆਨ ਚੰਦ ਦਾ ਲੰਗੋਟੀਆ ਦੋਸਤ ਸੀ। ਉਸ ਨੇ ਉਸ ਫ਼ਕੀਰ ਨਾਲ ਸਮਿਤਰਾ ਨੂੰ ਮਿਲਾਇਆ। “ਬੇਟੀ, ਗੁੰਬਦ ਉਸਾਰਨੇ ਇਤਨੇ ਸੌਖੇ ਨਹੀਂ ਹਨ ਹਾਂ ਗੁੰਬਦ ਢਾਉਣੇ ਲੋਕਾਂ ਨੂੰ ਸੌਖੇ ਲਗਦੇ ਹਨ। ਉਹ ਢਾਹ ਦਿੰਦੇ ਹਨ ਤੇ ਫੇਰ ਕਿਸੇ ਹੋਰ ਗੁੰਬਦ ਦੀ ਤਲਾਸ਼ ਵਿੱਚ ਨਿਕਲ ਜਾਂਦੇ ਹਨ।“ “ਜੀ” ਸਮਿਤਰਾ ਨੇ ਉਦੋਂ ਇਹੋ ਇੱਕ ਸ਼ਬਦ `ਜੀ` ਕਿਹਾ ਪਰ ਇਸ ਦੇ ਮਾਇਨੇ ਬਹੁਤ ਵਿਸ਼ਾਲ ਸਨ। “ਸਮਿਤਰਾ ਤੈਨੂੰ ਪਤਾ ਹੈ, ਗਿਆਨ ਚੰਦ ਦੀ ਉਮਰ ਤੇਰੇ ਨਾਲੋਂ ਦਸ ਪੰਦਰਾਂ ਸਾਲ ਵਧ ਹੈ?” “ਜੀ ਗੁੰਬਦ ਦੀ ਉਮਰ ਨਹੀਂ ਉਸ ਦੀ ਲਿਸ਼ਕੋਰ ਵੇਖੀ ਜਾਂਦੀ ਹੈ।” “ਇਸ ਗੁੰਬਦ ਦੇ ਸੰਸਕਾਰ, ਮੈ ਆਪਣੀ ਬੇਟੀ ਵਿੱਚ ਬੀਜਣੇ ਹਨ। ਮੈ ਚਾਹੁੰਦੀ ਹਾਂ ਜਦੋਂ ਮੇਰੀ ਬੇਟੀ ਵੱਡੀ ਹੋਵੇ ਉਸ ਦੀਆਂ ਅੱਖਾਂ, ਗਿਆਨ ਚੰਦ ਵਾਂਗ ਚਮਕਣ। ਉਸ ਚਮਕ ਵਿੱਚੋਂ ਮੈਨੂੰ ਆਪਣਾ ਬਾਪ ਦਿਸੇਗਾ। “ਬੇਟੀ ਰਸਤਾ ਕਠਨ ਹੈ ਪਰ ਅਸੰਭਵ ਨਹੀਂ, ਰੱਬ ਤੇਰੇ ਤੇ ਮੇਹਰ ਕਰੇ।“ “ਹੁਣ ਉਹ ਕਿੱਥੇ ਹੈ?” “ਜੀ ਅਜੇ ਤੇ ਦਿੱਲੀ ਹੀ ਹੈ ਬੋਰਡਿੰਗ ਵਿੱਚ ਪਰ ਬਹੁਤ ਜਲਦੀ ਮੈ ਉਸ ਨੂੰ ਪੰਜਾਬ ਲੈ ਆਉਣਾ ਹੈ। ਪਾਠਸ਼ਾਲਾ ਵਿੱਚ ਦਾਖਲਾ ਲੈ ਲਵੇਗੀ ਤੇ ਤੁਹਾਡੀ ਨਿਗਰਾਨੀ ਵਿੱਚ ਹੀ ਉਸ ਦਾ ਵਾਧਾ ਹੋਵੇਗਾ।“ “:ਬੇਟੀ ਤੈਨੂੰ ਪਤਾ ਹੈ ਇਹ `ਵਾਧਾ` ਸ਼ਬਦ ਕੀ ਹੈ?” “ਨਹੀਂ” “ਕਣਕ ਪੱਕਣ ਤੋਂ ਬਾਦ ਜਦੋਂ ਜੋਖੀ ਜਾਂਦੀ ਹੈ ਤਾਂ ਤੱਕੜੀ ਦਾ ਪਹਿਲਾਂ ਤੋਲ `ਵਾਧਾ` ਅਖਵਾਉਂਦਾ ਹੈ ਫੇਰ ਦੂਆ ਤੀਆ ਤੇ ਚੌਥਾ ਗਿਣਿਆ ਜਾਂਦਾ ਹੈ। ਤੇਰੇ ਮੂੰਹ ਵਿੱਚੋਂ ਬਹੁਤ ਮੁਬਾਰਕ ਸ਼ਬਦ ਨਿਕਲਿਆ ਹੈ। ਇਹ ਸ਼ਰੇਣੀ ਹੀ ਰੱਬ ਦੀ ਆਵਾਜ਼ ਕਹਾਉਂਦੀ ਹੈ। ਇਨਸਾਨ ਗਲਤੀਆਂ ਦਾ ਪੁਤਲਾ ਹੈ,ਮੰਨ ਮੈਲਾ ਨਾਂ ਰੱਖ ਤੇ ਜੁੱਟ ਜਾ ਆਪਣੇ ਗੁੰਬਦ ਦੀ ਉਸਾਰੀ ਵੱਲ। ” “ਜੀ ਮੈ ਤੁਹਾਨੂੰ ਕੀ ਕਹਿਕੇ ਸੰਬੋਧਨ ਕਰ ਸਕਦੀ ਹਾਂ?” “ਸੁਮਿਤਰਾ, ਇੱਥੇ ਸਾਰੇ ਮੈਨੂੰ ਫ਼ਕੀਰ ਸਾਈਂ ਹੀ ਕਹਿੰਦੇ ਹਨ।” “ਫ਼ਕੀਰ ਸਾਈਂ ਮੈ ਤੁਹਾਨੂੰ ਕਿਸੇ ਹੋਰ ਨਾਮ ਨਾਲ ਬੁਲਾਉਣਾ ਚਾਹੁੰਦੀ ਹਾਂ। ਇਸ ਦਾ ਇੱਕ ਕਾਰਣ ਵੀ ਹੈ।” ਸਾਈਂ ਮੁਸਕਰਾਇਆ ਤੇ ਬੋਲਿਆ, “ਲਗਦੈ ਤੇਰਾ ਕੋਈ ਮਿਸ਼ਨ ਹੈ। ਕੋਈ ਗੱਲ ਨਹੀਂ, ਤੇਰੀਆਂ ਅੱਖਾਂ ਵਿੱਚ ਨੂਰ ਹੈ। ਮੈ ਤੇਰੀ ਮਦਦ ਕਰਾਂਗਾ, ਜੋ ਵੀ ਤੂੰ ਕਰਨਾ ਚਾਹੁੰਦੀ ਹੈਂ।” “ਸਾਈਂ ਜੀ ਮੈ ਚਲਦਾ ਹਾਂ। ਲਗਦੈ ਸਮਿਤਰਾ ਨੂੰ ਤੇ ਸਮਾਂ ਲੱਗੇਗਾ।” “ਹਾਂ ਗਿਆਨ ਚੰਦ ਜੀ, ਲਗਦੈ, ਆਪਣੇ ਇਲਾਕੇ ਨੂੰ ਇੱਕ ਸਮਿਤਰਾ ਮਿਲਣ ਵਾਲੀ ਹੈ।” ਗਿਆਨ ਚੰਦ ਦੇ ਜਾਣ ਤੋਂ ਬਾਦ ਸਮਿਤਰਾ ਨੂੰ ਕਿਹਾ, “ਸਾਈਂ ਜੀ ਤੁਹਾਨੂੰ ਕਿਵੇਂ ਪਤਾ ਲੱਗਾ,ਮੇਰੇ ਦਿਲ ਵਿੱਚ ਕੀ ਰਿੱਝ ਰਿਹਾ ਹੈ?” “ਬੇਟੀ ਇਸੇ ਕਰ ਕੇ ਹੀ ਲੋਕਾਂ ਨੇ ਸਾਈਂ ਕਹਿਣਾ ਸ਼ੁਰੂ ਕਰ ਲਿਆ। ਵੈਸੇ ਮੈ ਕੋਈ ਸਨਿਆਸੀ ਨਹੀਂ ਹਾਂ। ਬੱਸ ਲੋਕਾਂ ਦਾ ਭਲਾ ਚਾਹੁਣ ਵਾਲਾ ਆਮ ਇਨਸਾਨ ਹਾਂ। ਮੇਰੇ ਵਰਗਿਆਂ ਨਾਲ ਤੇ ਦੁਨੀਆ ਭਰੀ ਪਈ ਹੈ। ਬਹੁਤਿਆਂ ਨੂੰ ਲੋਕ ਪਛਾਣਦੇ ਹੀ ਨਹੀਂ ਤੇ ਉਹ ਫ਼ਾਕਿਆਂ ਨਾਲ ਹੀ ਤੁਰ ਜਾਂਦੇ ਹਨ ਆਪਣੇ ਅਸਲ ਘਰ।” “ਲੋਕਾਂ ਨੇ ਤੁਹਾਨੂੰ ਕਿਵੇਂ ਪਛਾਣ ਲਿਆ ਬਾਊ ਜੀ?” “ ਤੇ ਤੂੰ ਮੈਨੂੰ ਨਵਾਂ ਨਾਮ ਦੇ ਹੀ ਦਿੱਤਾ। ਬੇਟੀ ਇਸ ਇਲਾਕੇ ਦੇ ਲੋਕ ਬੜੇ ਚੰਗੇ ਹਨ। ਲਗਦੈ ਕਿਸੇ ਮਹਾਂਪੁਰਸ਼ ਦੀ ਛੋਹ ਪ੍ਰਾਪਤ ਹੈ ਇਸ ਇਲਾਕੇ ਦੀ ਮਿੱਟੀ ਨੂੰ। ਇਹ ਵੀ ਹੋ ਸਕਦਾ ਹੈ ਇੱਥੋਂ ਮਹਾਂਪੁਰਸ਼ ਲੰਘੇ ਹੀ ਹੋਣ ਤੇ ਠਹਿਰੇ ਨਾਂ ਹੋਣ, ਪਰ ਕੁੱਝ ਨਾਂ ਕੁੱਝ ਤੇ ਹੈ।” “ਮੈ ਆਪਣੇ ਬਾਪ ਨੂੰ ਬਾਊ ਜੀ ਕਹਿਕੇ ਬੁਲਾਉਂਦੀ ਸੀ।” “ ਆ ਤੈਨੂੰ ਰਾਮ ਨਗਰ ਦੀ ਗੇੜੀ ਤੇ ਲੈ ਚਲਾਂ।” “ਠੀਕ ਹੈ ਬਾਉਂ ਜੀ” ਸਮਿਤਰਾ ਨੇ ਚਪਲਾਂ ਪਾਉਂਦਿਆਂ ਕਿਹਾ। ਉਹ ਬਾਹਰ ਵਲ ਤੁਰ ਪਏ ਤੇ ਥੋੜੀ ਦੂਰ ਜਾਕੇ ਸਾਈਂ ਜੀ ਬੋਲੇ, “ਉਸ ਪੁਰਾਣੇ ਮੰਦਿਰ ਨੂੰ ਵੇਖ ਰਹੀ ਹੈਂ? ਇੱਥੇ ਲੋਕ ਮਸਿਆ ਤੇ ਇੱਕਠੇ ਹੁੰਦੇ ਹਨ ਤੇ ਮਨੋ ਕਾਮਨਾਵਾਂ ਲਈ ਮਨੌਤਾ ਮੰਨਦੇ ਹਨ। ਮੈ ਉਨ੍ਹਾਂ ਦੀ ਕੋਈ ਮਦਦ ਨਹੀ ਕਰ ਸਕਿਆ ਤੇ ਚੁੱਪ ਹੀ ਰਿਹਾ। ਲੋਕ ਰਵਾਇਤਾਂ ਦੇ ਖਿਲਾਫ ਕੋਈ ਗੱਲ ਨਹੀ ਸੁਣਦੇ ਪਰ ਐਸਾ ਕੁਝ ਹੁੰਦਾ ਨਹੀ। ਸਮਾਂ ਲੋਕਾਂ ‘ਤੇ ਕੋਈ ਅਸਰ ਨਹੀਂ ਕਰ ਸਕਿਆ। ਉਹ ਅਜੇ ਵੀ ਜਿਉਂ ਦੇ ਤਿਉਂ ਇੰਜ ਕਰਦੇ ਹਨ। ਆ ਵੇਖ ਇੱਕ ਤਲਾਬ ਹੈ ਇਸ ਮੰਦਰ ਦੇ ਐਨ ਵਿਚਕਾਰ। ਪਾਣੀ ਵਿਚ ਕੋਈ ਵਹਾਅ ਨਹੀਂ ਹੈ। ਇਸੇ ਲਈ ਪਾਣੀ ਦੀ ਰੰਗਤ ਇਹੋ ਜਿਹੀ ਹੈ। ਮੈ ਕਿਹਾ ਵੀ ਸੀ ਕਿ ਪਾਣੀ ਬਦਲਣ ਦਾ ਕੁਝ ਕਰੀਏ ਪਰ ਲੋਕ ਮੰਨੇ ਹੀ ਨਹੀ ਸਗੋਂ ਮੇਰੇ ਖਿਲਾਫ ਹੀ ਬੋਲਣ ਲੱਗ ਪਏ ਤੇ ਮੈ ਚੁੱਪ ਕਰ ਗਿਆ। ਤੁਲਸੀ ਦੇ ਕੁਝ ਪੱਤੇ ਹੇਠਾਂ ਡਿੱਗ ਪਏ ਸਨ। ਢਹਿ-ਢੇਰੀ ਹੋ ਚੁੱਕਿਆ ਮੀਲ ਪੱਥਰ ਵੀ ਬੁਝੇ ਦੀਵਿਆ ਨਾਲ ਭਰਿਆ ਪਿਆ ਸੀ। ਇਸ ਦੇ ਘਾਹ ‘ਤੇ ਤੁਰਦਿਆਂ ਮੈਂ ਬਹੁਤ ਵਾਰੀ ਸੋਚਿਆ ਤੇ ਮੁੜ ਜਾਂਦਾ ਰਿਹਾ। ਮੈਂ ਆਪਣੇ ਆਪ ਨੂੰ ਪੁੱਛਦਾ ਹਾਂ, ਮੈ ਕਿਉਂ ਆਉਂਦਾ ਹਾਂ ਇੱਥੇ? ਪਰ ਕੀ ਮੈਂ ਬਿਨਾਂ ਆਉਣ ਤੋਂ ਰਹਿ ਸਕਦਾ ਹਾਂ? ਉਹ ਥੋੜ੍ਹਾ ਅੱਗੇ ਗਏ ਤਾਂ ਇੱਕ ਸੱਤ-ਅੱਠ ਸਾਲ ਦਾ ਮੁੰਡਾ ਤਲਾਬ ਵਿੱਚ ਕਾਗਜ਼ ਦੀ ਕਿਸ਼ਤੀ ਚਲਾ ਰਿਹਾ ਸੀ। ਕਿਸ਼ਤੀ ਉਸਦੀ ਮਰਜੀ ਮੁਤਾਬਕ ਚਲ ਨਹੀ ਰਹੀ ਸੀ। ਕਾਗ਼ਜ ਭਿੱਜ ਜਾਂਦਾ ਤੇ ਉਹ ਫੇਰ ਨਵੀ ਕਿਸ਼ਤੀ ਬਣਾ ਲੈਂਦਾ।” “ਬਾਊ ਜੀ ਮੰਦਰ ਦੇ ਕੋਲ ਇਹ ਜਿਹੜੀ ਅਜਾੜ ਜ਼ਮੀਨ ਪਈ ਹੈ,ਇਹ ਕਿਸਦੀ ਹੈ? ” “ਇਹ ਪਿੰਡ ਦੇ ਹੀ ਵਸਨੀਕ ਰਣਬੀਰ ਦੀ ਹੈ। ਪਹਿਲਾਂ ਇਸ ਤੇ ਖੇਤੀ ਹੁੰਦੀ ਸੀ। ਹੁਣ ਨਹੀ ਹੁੰਦੀ। ਰਣਬੀਰ ਨੂੰ ਕਿਸੇ ਦਸਿਆ ਕਿ ਸ਼ਹਿਰ ਦੇ ਨਾਲ ਲਗਦਾ ਹੈ ਰਾਮ ਨਗਰ। ਸ਼ਹਿਰ ਇਧਰ ਵਧ ਰਿਹਾ ਹੈ। ਇਸ ਤੇ ਖੇਤੀ ਕਰਨੀ ਛੱਡ ਦੇ। ਇਹ ਤੇ ਨਿਰਾ ਸੋਨਾ ਹੈ। ਪਲਾਟ ਬਣਾ ਇਸਦੇ। ਉਦੋਂ ਤੋਂ ਰਣਬੀਰ ਨੇ ਖੇਤੀ ਕਰਨੀ ਤੇ ਛੱਡ ਦਿੱਤੀ ਹੈ ਪਰ ਪਲਾਟ ਅਜੇ ਨਹੀ ਬਣਾਏ। ਉਸਨੇ ਵੇਚ ਦੇਣੀ ਹੈ, ਇੱਕ ਦਿਨ।” “ਅੰਦਾਜ਼ਨ ਕਿਤਨੀ ਕੁ ਕੀਮਤ ਹੋਵੇਗੀ ਇਸਦੀ?” “ਮੈਨੂੰ ਨਹੀ ਪਤਾ, ਅੰਦਾਜ਼ਾ ਵੀ ਨਹੀ ਹੈ।” “ਮੈ ਰਣਬੀਰ ਨੂੰ ਮਿਲ ਸਕਦੀ ਹਾਂ?” “ਹਾਂ ਕਿਉਂ ਨਹੀ, ਮੈ ਸੱਦ ਲੈਂਦਾ ਹਾਂ। ਇਜ਼ਤ ਕਰਦਾ ਹੈ ਆ ਜਾਵੇਗਾ ਫੌਰਨ।” ਪਾਣੀ ਵਿੱਚੋਂ ਕਾਗਜ਼ ਦੀ ਕਿਸ਼ਤੀ ਚੁੱਕਦੇ ਹੋਏ ਮੁੰਡੇ ਨੇ ਬੜੀ ਲਾਪਰਵਾਹੀ ਨਾਲ ਕਿਹਾ – “ਮਰ ਗਿਆ!” “ਕੌਣ ਮਰ ਗਿਆ, ਰਾਣੇ?” ਉਹ ਕੋਲ ਹੀ ਸਨ ਤੇ ਉਨ੍ਹਾਂ ਨੇ ਸੁਣ ਲਿਆ ਸੀ ਰਾਣੇ ਦਾ ਬੋਲ। “ਸਾਈ ਜੀ, ਡਡੂ ਸੀ ਪਾਣੀ ਦੇ ਕੰਡੇ ਬੈਠਾ,ਮੈ ਸੋਟੀ ਨਾਲ ਹਿਲਾਇਆ ਤੇ ਉਹ ਇੱਕ ਪਾਸੇ ਲੁੜਕ ਗਿਆ ਹੈ।” “ਅਗਲੇ ਦਿਨ ਸਮਿਤਰਾ, ਰਣਬੀਰ ਨੂੰ ਸੁਣਕੇ ਸੋਚੀਂ ਪੈ ਗਈ। “ਠੀਕ ਹੈ ਬੇਟੀ,ਮੈ ਕੋਸ਼ਿਸ਼ ਕਰਾਂਗਾ, ਬਾਊ ਜੀ ਕਹਾਉਣ ਲਈ, ਤੂੰ ਗੱਲ ਖ਼ੋਲ ਕੇ ਦਸ,ਕਿਵੇਂ ਆ ਗਈ ਤੂੰ ਰਾਮ ਨਗਰ।” ਸਾਰੀ ਗੱਲ ਸੁਣਾ ਕੇ ਸਮਿਤਰਾ ਨੇ ਕਿਹਾ, “ਮੈ ਆਪਣੇ ਬਾਊ ਜੀ ਨੂੰ ਜਿਊਦਾ ਕਰਨਾ ਹੈ। ਆਪਣੀ ਬੇਟੀ ਨੂੰ ਇਸ ਮਿੱਟੀ ਨਾਲ ਜੋੜਨਾ ਹੈ। ਬੱਸ ਬਾਕੀ ਜ਼ਿੰਦਗੀ, ਇਸ ਲੇਖੇ ਲਾਉਣੀ ਹੈ।” ਸਮਿਤਰਾ ਦੇ ਬਾਪ ਤੋਂ ਬਾਦ, ਬਾਪ ਦੀ ਪੱਗ ਸਮਿਤਰਾ ਦੇ ਭਰਾ ਬਿਸ਼ੰਬਰ ਨੂੰ ਬੰਨ੍ਹ ਦਿੱਤੀ ਗਈ ਤੇ ਘਰ ਦੀ ਮਰਿਆਦਾ ਦਾ ਪਹਿਰੇਦਾਰ ਬਿਸ਼ੰਬਰ ਬਣ ਗਿਆ। ਆਪਣੇ ਬਾਊ ਜੀ ਵਾਂਗ ਉਹ ਬਿਜ਼ਨਸ ਵੀ ਕਰਦਾ ਤੇ ਬਰਾਦਰੀ ਵਿੱਚ ਵੀ ਵਿਚਰਦਾ। ਆਪਣੇ ਬਾਪ ਵਾਂਗ ਉਸ ਨੇ ਵੀ ਇੱਜ਼ਤ ਦੀ ਕਮਾਈ ਕੀਤੀ। ਸਮਿਤਰਾ ਸਾਰੀ ਖ਼ਬਰ ਰੱਖਦੀ ਸੀ। “ ਸਾਈਂ ਜੀ ਮੈ ਚਾਹੁੰਦੀ ਹਾਂ, ਤੁਸੀਂ ਪੂਨੇ ਮੇਰੇ ਘਰ ਜਾਵੋ। ਮੇਰਾ ਭਰਾਤਾ ਬਿਸ਼ੰਬਰ ਹੁਣ ਬਾਊ ਜੀ ਦੀ ਪੱਗ ਬੰਨ੍ਹ ਚੁੱਕਾ ਹੈ, ਉਸਨੂੰ ਮਿਲੋ। ਸ਼ਾਇਦ ਤੁਸੀਂ ਮੇਰੇ ਦਿਲ ਦੀ ਗੱਲ ਸਮਝਾ ਸਕੋ।” “ਹਾਂ ਬੇਟੀ, ਮੈ ਇਹ ਪੁੰਨ ਜ਼ਰੂਰ ਕਮਾਵਾਂਗਾ। ਮੈਨੂੰ ਘਰ ਦਾ ਪਤਾ ਲਿਖ ਦੇ। ਮੈ ਕਲ ਹੀ ਚਲਾ ਜਾਂਦਾ ਹਾਂ।” “ਬਿਸ਼ੰਬਰ ਨੂੰ ਮਿਲ ਕੇ ਸਾਈਂ ਵਾਪਸ ਆ ਗਏ ਤੇ ਸਮਿਤਰਾ ਨੂੰ ਕਿਹਾ, “ਬਿਸ਼ੰਬਰ ਬਹੁਤ ਨੇਕ ਇਨਸਾਨ ਹੈ। ਅਜੇ ਵੀ ਤੈਨੂੰ ਪਿਆਰ ਕਰਦਾ ਹੈ। ਤੇਰੇ ਵਿਜੋਗ ਵਿੱਚ ਉਸਦੀਆਂ ਅੱਖਾਂ ਭਰ ਆਈਆਂ। ਤੂੰ ਇੰਜ ਕਰ, ਉਸਨੂੰ ਇੱਕ ਆਪਣੇ ਵਲੋਂ ਚਿੱਠੀ ਲਿਖ ਦੇ। ਕਰਤਾਰ ਸਭ ਭਲੀ ਕਰੇਗਾ।” ਸਮਿਤਰਾ ਨੇ ਭਰਾ ਨੂੰ ਚਿੱਠੀ ਲਿਖੀ ਤੇ ਆਪਣੇ ਪਸ਼ਚਾਤਾਪ ਦੀ ਗੱਲ ਕੀਤੀ। ਉਸ ਲਈ ਕੋਈ ਵੀ ਸਜਾ ਭੁਗਤਣ ਲਈ ਤਿਆਰ ਸੀ। ਸਾਈਂ ਦੇ ਬੋਲ ਕੰਨਾਂ ਵਿੱਚ ਰੜਕਣ ਲੱਗੇ, “ਤੈਨੂੰ ਪਤਾ ਹੈ ਸਮਿਤਰਾ, ਇਸ ਕੰਮ ਲਈ ਧੰਨ ਵੀ ਬਹੁਤ ਖ਼ਰਚ ਹੋਵੇਗਾ। ਰਾਮ ਨਗਰ ਵਿੱਚ ਨਵੀਂ ਨਵੀਂ ਆਈ ਹੈਂ। ਲੋਕ ਯਕੀਨ ਵੀ ਨਹੀਂ ਕਰਨਗੇ।” “ਮੇਰੇ ਬਾਊ ਜੀ ਨੇ ਵੀ ਮੇਰੇ ਤੇ ਯਕੀਨ ਨਹੀਂ ਕੀਤਾ ਸੀ ਤੇ ਉਹ ਠੀਕ ਵੀ ਸਨ। ਹੁਣ ਮੈ ਠੀਕ ਵੀ ਕਰਨਾ ਹੈ ਤੇ ਯਕੀਨ ਵੀ ਪੈਦਾ ਕਰਨਾ ਹੈ, ਬਾਕੀ ਤੁਹਾਡਾ ਹੱਥ ਮੇਰੇ ਸਿਰ ਤੇ ਰਹੇ, ਮੇਰੇ ਲਈ ਰਸਤਾ ਆਸਾਨ ਹੋ ਜਾਵੇਗਾ।” ਬਿਸ਼ੰਬਰ ਨੂੰ ਚਿੱਠੀ ਮਿਲੀ ਤੇ ਉਹ ਸ਼ਸ਼ੋਪੰਜ ਵਿੱਚ ਪੈ ਗਿਆ। ਬਾਕੀ ਭਰਾਵਾਂ ਨਾਲ ਮਸ਼ਵਰਾ ਕੀਤਾ। ਘਰ ਦੀਆ ਔਰਤਾਂ ਤੇ ਨਹੀਂ ਮੰਨਦੀਆਂ ਸਨ ਪਰ ਭਰਾਵਾਂ ਨੇ ਸ਼ੁੱਧੀ ਕਰਨ ਲਈ ਸਮਿਤਰਾ ਦਾ ਨਾਮ ਬਰਾਦਰੀ ਵਿੱਚ ਤਜਵੀਜ਼ ਕਰ ਦਿੱਤਾ। ਬਰਾਦਰੀ ਨੇ ਸਜਾ ਦੇ ਤੌਰ ਤੇ ਪੰਦਰਾਂ ਦਿਨ ਦਾ ਵਰਤ,ਤੇ ਮੰਤਰ ਜਾਪ ਦਾ ਫ਼ੈਸਲਾ ਕਰ ਲਿਆ। ਬਿਸ਼ੰਬਰ ਨੇ ਸਮਿਤਰਾ ਨੂੰ ਚਿੱਠੀ ਦਾ ਜਵਾਬ ਦੇ ਦਿੱਤਾ। ਸਾਈਂ ਜੀ ਜਦੋਂ ਪਤਾ ਲੱਗਾ ਤੇ ਉਸ ਨੇ ਵੀ ਨਾਲ ਚੱਲਣ ਲਈ ਤਿਆਰੀ ਕਰ ਲਈ। ਸਮਿਤਰਾ ਵੀ ਚਾਹੁੰਦੀ ਸੀ ਕਿ ਕੋਈ ਤੇ ਹੋਵੇ ਜੋ ਉਸ ਦੀ ਪੈਰਵੀ ਕਰ ਸਕੇ। ਨਗਰੋਂ ਬਾਹਰ ਹੀ ਸਮਿਤਰਾ ਨੂੰ ਰੋਕ ਲਿਆ ਗਿਆ ਤੇ ਧਰਮਸ਼ਾਲਾ ਵਿੱਚ ਉਸ ਦਾ ਪਸ਼ਚਾਤਾਪ ਸ਼ੁਰੂ ਹੋ ਗਿਆ। ਭਾਬੀਆਂ ਨੇ ਫੈਸਲਾ ਕਰ ਲਿਆ ਸੀ ਕਿ ਸਮਿਤਰਾ ਨੂੰ ਕੋਈ ਹੋਰ ਧੰਨ ਨਹੀਂ ਦੇਣਾ, ਇਹ ਭਾਵੇਂ ਕਿਤਨੇ ਵੀ ਪਖੰਡ ਕਰ ਲਵੇ। ਸਮਿਤਰਾ ਨੇ ਵਰਤ ਸ਼ੁਰੂ ਕਰ ਲਏ। ਦਿਨ ਰਾਤ ਵਿੱਚ ਸਿਰਫ਼ ਇੱਕ ਵਾਰ ਭੋਜਨ ਕਰਨਾ ਸੀ ਤੇ ਨਿੱਤ ਮੰਤਰ ਉਚਾਰਨ ਕਰਨੇ ਸਨ। ਸਮਿਤਰਾ ਦਾ ਹਠ ਵੇਖ ਕੇ ਬਿਸ਼ੰਬਰ ਪਸੀਜ ਗਿਆ। ਸਾਰੇ ਸਮੇਂ ਦੌਰਾਨ ਸਾਈਂ ਵੀ ਧਰਮਸ਼ਾਲਾ ਹੀ ਠਹਿਰੇ ਤੇ ਰੋਜ਼ ਬਿਸ਼ੰਬਰ ਨਾਲ ਵਿਚਾਰ ਵਿਮਰਸ਼ ਹੁੰਦਾ। ਭਿਣਕ ਤੇ ਪੈ ਗਈ ਸੀ ਪਰ ਸਮਿਤਰਾ ਨੇ ਆਪਣੇ ਮੂੰਹੋਂ ਅਜੇ ਕੁੱਝ ਕਹਿਣਾ ਸੀ। ਆਖ਼ਰੀ ਦਿਨ ਸਮਿਤਰਾ ਨੇ ਅਸ਼ਨਾਨ ਕਰ ਕੇ ਬਿਸ਼ੰਬਰ ਦੇ ਪੈਰੀਂ ਹੱਥ ਲਾਇਆ ਤੇ ਬੋਲੀ, “ ਬਾਊ ਜੀ,ਮੈ ਵੱਡੇ ਬਾਊ ਜੀ ਦਾ ਨਾਮ ਰੌਸ਼ਨ ਕਰਨਾ ਹੈ। ਉਨ੍ਹਾਂ ਦੇ ਨਾਮ ਤੇ ਗੁੰਬਦ ਉਸਾਰਨਾ ਹੈ। ਗੁੰਬਦ ਦੀ ਛਾਂ ਥੱਲੇ ਪਾਠਸ਼ਾਲਾ ਚੱਲੇਗੀ, ਜਿੱਥੇ ਗ਼ਰੀਬ ਬੱਚਿਆਂ ਦੀ ਪੜਾਈ ਦਾ ਇੰਤਜ਼ਾਮ ਹੋਵੇਗਾ। ਇਸ ਦੇ ਨਾਲ ਹੀ ਅਬਲਾ ਔਰਤਾਂ ਲਈ ਸਿਖਲਾਈ ਕੇਂਦਰ ਖੋਲ੍ਹਣਾ ਹੈ। ਆਪਣੀ ਪਾਈ ਪਾਈ ਖ਼ਰਚ ਕਰਾਂਗੀ। ਜੇ ਲੋੜ ਪਈ ਤੇ ਬਾਊ ਜੀ ਤੁਸੀਂ ਵੱਡੇ ਬਾਊ ਜੀ ਦੇ ਸਦਕੇ ਆਪਣਾ ਹੱਥ ਰੱਖਿਓ।” “ਕਿਉਂ ਨਹੀ ਰਖਾਂਗਾ ਸਮਿਤਰਾ? ਤੂੰ ਚਿੰਤਾ ਨਾ ਕਰ ਤੇ ਕੰਮ ਸ਼ੁਰੂ ਕਰ। ਤੇਰਾ ਇਹ ਗੁੰਬਦ ਤੇ ਕੋਈ ਬਿਲਡਿੰਗ ਨਹੀ ਹੈ। ਬਿਲਡਿੰਗ ਪਾਠਸ਼ਾਲਾ ਦਾ ਹਿੱਸਾ ਮਾਤਰ ਹੈ।“ “ਸਾਈਂ ਜੀ ਨੇ ਤੇਰੇ ਹਠ ਬਾਰੇ ਮੈਨੂੰ ਪਹਿਲਾਂ ਹੀ ਦਸ ਦਿੱਤਾ ਹੈ। ਬਾਊ ਜੀ ਲਈ ਤੇ ਮੈ ਕੁੱਝ ਵੀ ਕਰ ਸਕਦਾ ਹਾਂ। ਮੈ ਤੇਰੇ ਨਾਲ ਹਾਂ। ਨਾਮ ਕੀ ਰੱਖੇਂਗੀ?” “ਪੰਡਤ ਕਿਸ਼ੋਰੀ ਲਾਲ ਪਾਠਸ਼ਾਲਾ” “ ਇਹ ਕੰਮ ਤੂੰ ਪੂਨੇ ਕਿਉਂ ਨਹੀਂ ਕਰਦੀ,ਨਾਲੇ ਘਰ ਰਹੇਂਗੀ।” “ਨਹੀਂ ਬਾਊ ਜੀ, ਪੂਨੇ ਨਹੀਂ। ਰਾਮ ਨਗਰ ਹੀ ਉਸਾਰਾਂਗੀ। ਪੰਜਾਬ ਦੇ ਲੋਕ ਵੀ ਸਾਡੇ ਵਾਂਗ ਬਹੁਤ ਚੰਗੇ ਹਨ। ਪੂਨੇ ਰਹਿ ਕੇ ਮੈ ਆਪਣੇ ਬੀਤੇ ਨੂੰ ਝੂਰਦੀ ਰਹਾਂਗੀ। ਮੇਰੀ ਸੁਰਤ ਨਹੀਂ ਟਿਕੇਗੀ।” ਪੰਡਤ ਕਿਸ਼ੋਰੀ ਲਾਲ ਦਾ ਗੁੰਬਦ, ਦਿਲਾਂ ਵਿੱਚ ਵਸੇਗਾ। ਕਿਤਨੀ ਵੀ ਹਨੇਰੀ ਝੁਲ ਜਾਵੇ ਇਹ ਗੁੰਬਦ ਕਦੇ ਵੀ ਨਹੀਂ ਟੁੱਟੇਗਾ। ਸਾਈਂ ਜੀ ਮੇਰੇ ਨਾਲ ਹਨ, ਗਿਆਨ ਚੰਦ ਜੀ ਮੇਰੇ ਨਾਲ ਹਨ। ਹੋ ਸਕਦਾ ਹੈ ਇਹੋ ਜਿਹੇ ਗੁੰਬਦ ਦੀ ਰੀਤ ਹੀ ਚਲ ਪਵੇ। ਵੱਡੇ ਬਾਊ ਜੀ ਰਹਿੰਦੀ ਦੁਨੀਆ ਤੱਕ ਜਿਉਂਦੇ ਰਹਿੰਣਗੇ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਕੁਲਜੀਤ ਮਾਨ
ਜਨਮ ਸਥਾਨ: ਅੰਮ੍ਰਿਤਸਰ
ਜਨਮ ਮਿਤੀ: ਸਤੰਬਰ 27, 1953
ਵਿਦਿਆ: ਐਮ.ਏ (ਫਿਲਾਸਫੀ) ਐਲ. ਐਲ.ਬੀ
ਪਤਨੀ: ਸਰਬਜੀਤ ਮਾਨ
ਬੱਚੇ: ਜਸਜੀਤ, ਜਪਜੋਤ, ਹਰਜਸ਼
ਕਹਾਣੀ ਸੰਗ੍ਰਹਿ: ਪੁੱਤਰ ਦਾਨ, ਵਿਚਲੀ ਉਂਗਲ
ਸੰਪਰਕ:
ਫੋਨ: 416-213-8715/647-880-6266
ਈ ਮੇਲ: kuljeetmann100@yahoo.ca