ਕੈਨੇਡਾ ਵਿੱਚ ਸਰੀ ਵਿਖੇ ਮੈਨੂੰ ਤੇ ਮੇਰੀ ਬੀਵੀ ਨੂੰ ਮੇਰੇ ਇੱਕ ਪੁਰਾਣੇ ਵਿਦਿਆਰਥੀ ਨੇ ਆਪਣੇ ਘਰ ਸ਼ਾਮ ਦੇ ਖਾਣੇ ਤੇ ਬੁਲਾਇਆ ਸੀ। ਮੇਰੀ ਬੀਵੀ ਤਾਂ ਮੇਰੇ ਇਸ ਵਿਦਿਆਰਥੀ ਦੀ ਬੀਵੀ ਤੇ ਬੱਚਿਆਂ ਨਾਲ ਘੁਲ ਮਿਲ ਗਈ। ਮੈਨੂੰ ਮੇਰਾ ਇਹ ਵਿਦਿਆਰਥੀ ਆਪਣੇ ਖੁੱਲ੍ਹੇ ਡੁੱਲ੍ਹੇ ਘਰ ਦੇ ਪਿਛਲੇ ਵਿਹੜੇ ਵਿੱਚ ਬਿਠਾ ਕੇ ਮੇਰੀ ਆਓ ਭਗਤ ਦਾ ਪ੍ਰਬੰਧ ਕਰਨ ਲੱਗ ਪਿਆ। ਮੇਰਾ ਇਹ ਵਿਦਿਆਰਥੀ ਖਾਣ ਪੀਣ ਦਾ ਖਾਸਾ ਹੀ ਸ਼ੌਕੀਨ ਸੀ ਤੇ ਖਾ ਪੀ ਕੇ ਰਿਕਾਰਡ ਪਲੇਅਰ ਤੇ ਗੀਤ ਲਗਾ ਕੇ ਸੁਣਿਆ ਕਰਦਾ ਸੀ। ਇੱਥੋਂ ਤੱਕ ਉਹ ਆਪਣੇ ਘਰ ਦੇ ਪਿਛਲੇ ਕਮਰੇ ਵਿੱਚ ਇੱਕ ਤੂੰਬੀ ਵੀ ਰੱਖਿਆ ਕਰਦਾ ਸੀ। ਇੱਕ ਦੋ ਪੈੱਗ ਲਗਾ ਕੇ ਮਸਤੀ ਵਿੱਚ ਆ ਕੇ ਤੂੰਬੀ ਵਜਾ ਕੇ ਕਿਸੇ ਪੰਜਾਬੀ ਗਾਣੇ ਦੀ ਹੇਕ੍ਹ ਵੀ ਲਗਾ ਦਿਆ ਕਰਦਾ ਸੀ। ਥੋੜ੍ਹੀ ਦੇਰ ਵਿੱਚ ਦੋ ਪ੍ਰਕਾਰ ਦੀ ਵਿਸਕੀ ਦੀਆਂ ਬੋਤਲਾਂ ਮੇਜ਼ ਤੇ ਲਿਆ ਧਰੀਆਂ — ਜਾਨੀ ਵਾਕਰ ਬਲੈਕ ਲੈਵਲ ਤੇ ਕੈਨੇਡੀਅਨ ਕਲੱਬ ਬ੍ਰਾਂਡ। ਮੈਂ ਬਹੁਤ ਘੱਟ ਪੀਂਦਾ ਸਾਂ ਤੇ ਉਹ ਚੋਖੀ ਪੀ ਲੈਂਦਾ ਸੀ। ਇੱਕ ਇੱਕ ਪੈੱਗ ਲੈ ਕੇ ਨਵੀਆਂ ਪੁਰਾਣੀਆਂ ਗੱਲਾਂ ਚੱਲ ਪਈਆਂ। “ਜਗਜੀਤ, ਤੁਸੀਂ ਕਿਹੜੇ ਸਾਲਾਂ ਵਿੱਚ ਕਾਲਜ ਪੜ੍ਹਦੇ ਹੁੰਦੇ ਸੀ?” “ਸਰ ਜੀ, ਤੁਹਾਨੂੰ ਯਾਦ ਨਹੀਂ? ਕਮਾਲ ਹੈ!” “ਸਮਾਂ ਬਹੁਤ ਬੀਤ ਗਿਆ। ਮੈਂ ਹੁਣ 70 ਦਾ ਹਾਂ। ਮੈਨੂੰ ਸੇਵਾ ਮੁਕਤ ਹੋਏ ਨੂੰ ਵੀ 10 ਸਾਲ ਹੋ ਗਏ। 35 ਸਾਲ ਮੈਂ ਕਾਲਜ ਵਿੱਚ ਪੜ੍ਹਾਇਆ ਸੀ। ਯਾਦ ਥੋੜ੍ਹਾ ਰਹਿੰਦਾ ਕਿਹੜਾ ਵਿਦਿਆਰਥੀ ਕਿਸ ਸਾਲ ਸਾਡਾ ਵਿਦਿਆਰਥੀ ਸੀ।” “ਸਰ, ਮੈਂ ਸੰਨ 82 ਵਿੱਚ ਬੀ. ਏ. ਕੀਤੀ ਸੀ। ਇੱਕ ਗੱਲ ਹੋਰ ਵੀ ਏ ਅਸੀਂ ਜਮਾਤਾਂ ਵੀ ਘੱਟ ਹੀ ਲਗਾਇਆ ਕਰਦੇ ਸਾਂ। ਫੁੱਟਬਾਲ ਦੇ ਪਲੇਅਰ ਸਾਂ। ਸਾਡਾ ਬਹੁਤਾ ਵਾਸਤਾ ਡੀ.ਪੀ.ਈ. ਸਾਹਿਬ ਨਾਲ ਹੋਇਆ ਕਰਦਾ ਸੀ। ਡੀ.ਪੀ.ਈ. ਸਾਹਿਬ ਸਾਡੇ ਲੈਕਚਰ ਪੂਰੇ ਕਰਵਾ ਦਿਆ ਕਰਦੇ ਸਨ। ਉਹ ਤੁਹਾਨੂੰ ਸੈਸ਼ਨ ਦੇ ਸ਼ੁਰੂ ਵਿੱਚ ਹੀ ਕਹਿ ਦਿਆ ਕਰਦੇ ਸਨ ਕਿ ਖਿਡਾਰੀਆਂ ਦਾ ਖਿਆਲ ਰੱਖਿਓ। ਤੁਸੀਂ ਸਾਨੂੰ ਅੰਗਰੇਜ਼ੀ ਪੜਾਉਂਦੇ ਹੁੰਦੇ ਸੀ। ਤੁਸੀਂ ਵੈਸੇ ਵੀ ਬੜੇ ਫਿਰਾਖਦਿਲ ਸੀ। ਦੂਜਾ ਸਮਾਂ ਤੁਹਾਥੋਂ ਕੰਮ ਲੈਣ ਦਾ ਸਲਾਨਾ ਇਮਤਿਹਾਨ ਵੇਲੇ ਹੁੰਦਾ ਸੀ। ਇਮਤਿਹਾਨ ਤੋਂ ਮਹੀਨਾ ਕੁ ਪਹਿਲਾਂ ਤੁਸੀਂ ਸਾਨੂੰ ਸਵਾਲਾਂ ਦਾ ਐਸਾ ਗੈੱਸ ਲਗਾ ਕੇ ਦਿਆ ਕਰਦੇ ਸੀ ਕਿ ਤੁਹਾਡੇ ਦੱਸੇ ਸਵਾਲ ਅਕਸਰ ਪਰਚੇ ਵਿੱਚ ਆ ਹੀ ਜਾਇਆ ਕਰਦੇ ਸਨ। ਤੁਸੀਂ ਨਕਲ ਕਰਵਾਉਣ ਦੇ ਖਿਲਾਫ ਹੋਇਆ ਕਰਦੇ ਸੀ। ਅਸੀਂ ਤੁਹਾਡੇ ਦੱਸੇ ਸਵਾਲਾਂ ਦੇ ਜਵਾਬ ਅਕਸਰ ਅੰਦਰ ਲੈ ਜਾਇਆ ਕਰਦੇ ਸਾਂ। ਉਹਨਾਂ ਸਾਲਾਂ ਵਿੱਚ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਸਨ। ਪੰਜਾਬ ਵਿੱਚ ਖਾੜਕੂ ਲਹਿਰ ਚੱਲ ਰਹੀ ਸੀ। ਸਟਾਫ ਡਰਦਾ ਡਰਦਾ ਇਮਤਿਹਾਨਾਂ ਵਿੱਚ ਡਿਊਟੀ ਦਿੰਦਾ ਸੀ। ਭਾਵੇਂ ਅਸਲੀ ਖਾੜਕੂ ਨਕਲ ਦੇ ਖਿਲਾਫ ਸਨ ਫਿਰ ਵੀ ਆਮ ਜਿਹੇ ਮੁੰਡੇ ਵੀ ਸਟਾਫ ਲਈ ਡਰ ਦਾ ਕਾਰਨ ਬਣ ਹੀ ਜਾਂਦੇ ਸਨ। ਇਸ ਲਈ ਇਮਤਿਹਾਨਾਂ ਵਿੱਚ ਬਹੁਤੀ ਸਖਤੀ ਨਹੀਂ ਸੀ ਹੁੰਦੀ। ਕੁਝ ਤਾਂ ਨਕਲ ਵੱਜ ਜਾਂਦੀ ਸੀ ਤੇ ਕੁਝ ਅੰਦਰ ਆ ਕੇ ਸਾਡੇ ਡੀ.ਪੀ.ਈ. ਸਾਹਿਬ ਮਦਦ ਕਰਵਾ ਜਾਇਆ ਕਰਦੇ ਸਨ। ਡੀ.ਪੀ.ਈ. ਸਾਹਿਬ ਉਦੋਂ ਆਪਣੇ ਦੂਰ ਪੈਂਦੇ ਪਿੰਡ ਨਕੋਦਰ ਪਾਸ ਨਹੀਂ ਜਾਇਆ ਕਰਦੇ ਸਨ। ਉਦੋਂ ਉਹ ਛੜੇ ਹੀ ਸਨ ਤੇ ਕਾਲਜ ਦੇ ਨੇੜੇ ਹੀ ਕਮਰਾ ਕਿਰਾਏ ਤੇ ਲੈ ਕੇ ਰਹਿੰਦੇ ਹੁੰਦੇ ਸਨ। ਦੇਰ ਸ਼ਾਮ ਤੱਕ ਉਹ ਸਾਨੂੰ ਖਿਡਾਉਂਦੇ ਰਹਿੰਦੇ ਸਨ। ਉਹਨਾਂ ਸਾਲਾਂ ਵਿੱਚ ਸਾਡੀ ਟੀਮ ਇੱਕ ਵਾਰ ਇੰਟਰਵਰਸਿਟੀ ਚੈਂਪੀਅਨ ਵੀ ਬਣੀ ਸੀ।” “ਹਾਂ ਹੁਣ ਮੈਨੂੰ ਉਹ ਸਾਲ ਯਾਦ ਆ ਗਿਆ। ਉਦੋਂ ਫੁੱਟਬਾਲ ਵਿੱਚ ਸਾਡੇ ਕਾਲਜ ਦਾ ਸੱਚ ਮੁੱਚ ਹੀ ਬੜਾ ਵੱਡਾ ਨਾਮ ਸੀ। ਫੁਟਬਾਲ ਵਿੱਚ ਹੀ ਨਹੀਂ ਉਦੋਂ ਤਾਂ ਸਾਡੇ ਤਿੰਨ ਚਾਰ ਵਿਦਿਆਰਥੀਆਂ ਨੇ ਭਾਰ ਚੁੱਕਣ ਵਿੱਚ, ਕਬੱਡੀ ਵਿੱਚ ਤੇ ਇੱਕ ਕਰਾਸ ਕੰਟਰੀ ਰੇਸ ਵਿੱਚ ਵੀ ਚੰਗਾ ਨਾਮਣਾ ਖੱਟਿਆ ਸੀ।” “ਸਰ, ਮੈਨੂੰ ਲੱਗਦਾ ਤੁਹਾਨੂੰ ਗੇਜਾ ਤੇ ਸੰਤੋਖ ਯਾਦ ਆ ਗਏ। ਉਹਨਾਂ ਦੇ ਨਾਮ ਕਾਲਜ ਦੇ ਸਨਮਾਨ ਬੋਰਡ ਤੇ ਵੀ ਲਿਖੇ ਹੋਏ ਹਨ।” “ਹਾਂ, ਇਹ ਨਾਮ ਮੈਂ ਹੀ ਤਾਂ ਲਿਖਵਾਏ ਸਨ। ਪ੍ਰਿੰਸੀਪਲ ਨੇ ਸਨਮਾਨ ਬੋਰਡ ਨੂੰ ਪੂਰਾ ਕਰਵਾਉਣ ਦੀ ਡਿਊਟੀ ਮੇਰੀ ਹੀ ਲਗਾਈ ਸੀ। ਮੈਂ ਕਾਲਜ ਦਾ ਐਨ.ਸੀ.ਸੀ. ਅਫਸਰ ਸਾਂ। ਸਾਡਾ ਇੱਕ ਐਨ.ਸੀ.ਸੀ. ਦਾ ਕੈਡਟ ਦਿੱਲੀ ਰਿਪਬਲਿਕ ਡੇਅ ਪੈਰੇਡ ਲਈ ਵੀ ਚੁਣਿਆ ਗਿਆ ਸੀ। ਉਸਦਾ ਨਾਮ ਸੰਜੀਵ ਸੀ। ਉਹ ਕਾਲਜ ਵਿੱਚ ਐਨ.ਸੀ.ਸੀ. ਦਾ ਸਾਰਜੈਂਟ ਵੀ ਹੁੰਦਾ ਸੀ। ਮੈਂ ਉਸਦਾ ਨਾਮ ਵੀ ਸਨਮਾਨ ਬੋਰਡ ਤੇ ਲਿਖਵਾਇਆ ਸੀ। ਇਸ ਦੇ ਨਾਲ ਹੀ ਅਥਲੈਟਿਕਸ ਵਾਲਿਆਂ ਦਾ ਵੀ ਤੇ ਫੁੱਟਬਾਲ ਦੇ ਖਿਡਾਰੀਆਂ ਦਾ ਵੀ। ਹੋਰ ਵੀਕਐਂਡ ਕਿਵੇਂ ਬੀਤਿਆ?” “ਸਰ, ਮੇਰਾ ਮਿੱਤਰ ਇੱਕ ਗੋਰਾ ਸਾਈਮਨ ਏ। ਉਹਦੇ ਨਾਲ ਗੱਡੀ ਵਿੱਚ ਵਿਸਲਰ ਸ਼ਹਿਰ ਵੱਲ ਗਿਆ ਸਾਂ। ਨਾਲ ਉਸਦੀ ਗਰਲਫਰੈਂਡ ਤੇ ਇੱਕ ਬੱਚਾ ਵੀ ਸਨ। ਮੈਂ ਗੱਡੀ ਚਲਾਈ। ਉੱਥੇ ਜਾ ਕੇ ਲੰਚ ਕੀਤਾ ਸੀ। ਫਿਰ ਗੰਡੋਲਾ (Gondola) ਤੇ ਚੜ੍ਹਕੇ ਪਹਾੜਾਂ ਦੇ ਸਿਖਰ ਤੱਕ ਸੈਰ ਕਰਨ ਗਏ। ਹੁਣ ਦੋ ਹਫਤਿਆਂ ਤੱਕ ਸਾਈਮਨ ਤੇ ਉਸ ਦੀ ਗਰਲਫਰੈਂਡ ਕੈਥਰੀਨ ਦਾ ਵਿਆਹ ਏ। ਵਿਆਹ ਵਿੱਚ ਵੀ ਹਿੱਸਾ ਲਵਾਂਗੇ।” “ਵਿਆਹ ਅਜੇ ਹੋਇਆ ਹੀ ਨਹੀਂ? ਇਹ ਬੱਚਾ ਕਿਵੇਂ ਹੋ ਗਿਆ?” ਮੈਂ ਹੈਰਾਨੀ ਜ਼ਾਹਿਰ ਕੀਤੀ। “ਸਰ, ਜੋ ਕੁਝ ਤੁਹਾਨੂੰ ਹੈਰਾਨ ਕਰ ਰਿਹਾ ਏ ਇਹ ਕੁਝ ਇੱਥੇ ਆਮ ਵਰਤਾਰਾ ਏ। ਗੋਰੇ ਲੰਬਾ ਸਮਾਂ ਦੋਸਤੀ ਪਾ ਕੇ ਲੰਘਾ ਦਿੰਦੇ ਹਨ। ਇਸ ਸਮੇਂ ਦੌਰਾਨ ਕਈਆਂ ਦੇ ਤਾਂ ਬੱਚੇ ਵੀ ਹੋ ਜਾਂਦੇ ਹਨ। ਫਿਰ ਕਿਤੇ ਜਾ ਕੇ ਵਿਆਹ ਦੀ ਰਸਮ ਕਰਦੇ ਹਨ। ਹੁਣ ਤਾਂ ਸਾਡੇ ਦੇਸ਼ਾਂ ਦੇ ਮੁੰਡੇ ਕੁੜੀਆਂ ਵੀ ਇੱਥੇ ਲੰਬਾ ਸਮਾਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗ ਪਏ ਹਨ। ਇਹ ਵੱਖਰੀ ਗੱਲ ਹੈ ਕਿ ਇਹ ਬੱਚਾ ਪੈਦਾ ਕਰਨ ਤੋਂ ਗੁਰੇਜ਼ ਕਰਦੇ ਹਨ। ਇਨ੍ਹਾਂ ਦੇ ਮਨ ਵਿੱਚ ਸਮਾਜ ਅਤੇ ਧਰਮ ਦਾ ਮਾੜਾ ਮੋਟਾ ਡਰ ਭੈਅ ਅਜੇ ਵੀ ਹੈ।” “ਜਗਜੀਤ, ਮੈਨੂੰ ਤਾਂ ਲੱਗਦਾ ਏ ਕਿ ਵਿਆਹ ਵਾਲੀ ਸੰਸਥਾ ਨੂੰ ਖਤਰਾ ਪੈਦਾ ਹੋਣ ਲੱਗ ਪਿਆ ਏ। ਅੱਜ ਦੇ ਯੁੱਗ ਦੇ ਇਸ ਰੁਝਾਨ ਨੇ ਰਿਸ਼ਤਿਆਂ ਦੀ ਟੁੱਟ ਭੱਜ ਵਧਾਉਣ ਹਿੱਤ ਚੋਖੀ ਮਾੜੀ ਭੂਮਿਕਾ ਨਿਭਾਈ ਏ। ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟਰੇਲੀਆ ਜਿਹੇ ਦੇਸ਼ਾਂ ਵਿੱਚ ਕਾਫੀ ਲੋਕ ਐਸੇ ਹਨ ਜੋ ਵਿਆਹ ਕਰਵਾਉਂਦੇ ਹੀ ਨਹੀਂ। ਕੁਝ ਐਸੇ ਹਨ ਜੋ ਮਾਂ ਬਾਪ ਪਹਿਲਾਂ ਬਣ ਜਾਂਦੇ ਹਨ ਤੇ ਵਿਆਹ ਬਾਅਦ ਵਿੱਚ ਕਰਵਾਉਂਦੇ ਹਨ। ਐਸੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਜਿਨਾਂ ਦੇ ਤਲਾਕ ਤੇ ਟੁੱਟ ਭੱਜ ਹੋ ਜਾਂਦੀ ਏ। ਕੀ ਇਹ ਸਭ ਕੁਝ ਧਾਰਮਿਕ ਬੰਧਨ ਦੀ ਘਾਟ ਕਰਕੇ ਨਹੀਂ ਹੋ ਰਿਹਾ?” “ਸਰ, ਗੱਲ ਤੁਹਾਡੀ ਠੀਕ ਲੱਗਦੀ ਏ। ਕੋਈ ਵੀ ਸਿਸਟਮ ਮਾਣ ਮਰਿਆਦਾ ਤੋਂ ਬਗੈਰ ਠੀਕ ਤਰ੍ਹਾਂ ਨਹੀਂ ਚੱਲ ਸਕਦਾ। ਇਸ ਦਾ ਕਾਰਨ ਸਮਾਜ ਦਾ ਵੱਡੇ ਪੱਧਰ ਤੇ ਸ਼ਹਿਰੀਕਰਨ ਵੀ ਹੈ। ਪਹਿਲੇ ਸਮਿਆਂ ਵਿੱਚ ਪਿੰਡ ਇੱਕ ਖੂਬਸੂਰਤ ਤੇ ਸਚਿਆਰੀ ਇਕਾਈ ਹੋਇਆ ਕਰਦੀ ਸੀ। ਕਈ ਪਿੰਡਾਂ ਵਿੱਚ ਤਾਂ ਸਾਰੇ ਪਿੰਡ ਦਾ ਗੋਤ ਵੀ ਇੱਕ ਹੀ ਹੋਇਆ ਕਰਦਾ ਸੀ। ਪਿੰਡ ਦੇ ਸਾਰੇ ਲੋਕ ਭੈਣ ਭਰਾ ਹੋਇਆ ਕਰਦੇ ਸਨ। ਆਪਸ ਵਿੱਚ ਸ਼ਾਦੀ ਕਰਨ ਬਾਰੇ ਸੋਚਣਾ ਹੀ ਘਟੀਆ ਸੀ। ਦੂਜੇ ਪਿੰਡਾਂ ਤੱਕ ਸੰਬੰਧ ਕਾਇਮ ਕਰਨ ਲਈ ਲੋਕਾਂ ਪਾਸ ਨਾ ਤਾਂ ਸਾਧਨ ਸਨ ਤੇ ਨਾ ਹੀ ਦਲੇਰੀ। ਪਿੰਡਾਂ ਵਿੱਚ ਲੋਕ ਇੱਕ ਦੂਜੇ ਤੋਂ ਡਰਦੇ ਵੀ ਸਨ। ਪਿੰਡ ਵਿੱਚ ਮੁਹਤਬਰਾਂ ਦੀ ਚਲਦੀ ਵੀ ਬਹੁਤ ਸੀ। ਹਰਿਆਣੇ ਵਿੱਚ ਹੁਣ ਤੱਕ ਖੇਪ ਪੰਚਾਇਤਾਂ ਦਾ ਪੂਰਾ ਰੋਅਬ ਦਾਅਬ ਏ। ਜਦ ਹੁਣ ਵੱਡੇ ਵੱਡੇ ਸ਼ਹਿਰ ਵਿਕਸਿਤ ਹੋ ਗਏ ਹਨ ਤਾਂ ਇਹਨਾਂ ਵਿੱਚ ਵਣ ਵਣ ਦੀ ਲੱਕੜੀ ਇਕੱਠੀ ਹੋ ਗਈ ਏ ਕਿਸੇ ਨੂੰ ਕੋਈ ਪਤਾ ਹੀ ਨਹੀਂ ਕੋਈ ਕਿੱਥੋਂ ਆਇਆ ਏ। ਬੇਗਾਨਗੀ ਜੀਵਨ ਦਾ ਧੁਰਾ ਬਣ ਗਈ ਏ। ਸ਼ਹਿਰੀਕਰਨ ਨੇ ਇੱਕ ਹੋਰ ਪ੍ਰਵਿਰਤੀ ਨੂੰ ਵੀ ਜਨਮ ਦਿੱਤਾ ਏ। ਜੇ ਕਿਸੇ ਦੀ ਮਾੜੀ ਹਰਕਤ ਕਾਰਨ ਵੱਡੇ ਸ਼ਹਿਰ ਦੇ ਇੱਕ ਇਲਾਕੇ ਵਿੱਚ ਕੁਝ ਬੇਇਜ਼ਤੀ ਹੋ ਜਾਵੇ ਤਾਂ ਉਹ ਆਪਣੀ ਰਿਹਾਇਸ਼ ਸ਼ਹਿਰ ਦੇ ਦੂਜੇ ਦੂਰ ਦੁਰਾਡੇ ਪਾਸੇ ਜਾ ਕੇ ਬਣਾ ਲੈਂਦਾ ਹੈ। ਜੇ ਦਿੱਲੀ ਵਿੱਚ ਕੋਈ ਸ਼ਾਲੀਮਾਰ ਬਾਗ ਛੱਡ ਕੇ ਪੱਛਮ ਵਿਹਾਰ ਚਲਾ ਜਾਵੇ ਤਾਂ ਕਿਸੇ ਨੂੰ ਉਸਦੇ ਪਹਿਲੇ ਜੀਵਨ ਦਾ ਕੁਝ ਵੀ ਪਤਾ ਨਹੀਂ ਲੱਗਦਾ। ਮੈਂ ਤੁਹਾਨੂੰ ਪੰਜਾਬ ‘ਚ ਸਾਡੇ ਇਲਾਕੇ ਦੀ ਇੱਕ ਸੱਚੀ ਘਟਨਾ ਬਿਆਨ ਕਰਦਾ ਹਾਂ।” “ਰੀਅਲੀ? ਖਾਸ ਕੀ ਵਾਪਰ ਗਿਐ?” “ਇੱਥੇ ਅਮਰੀਕਾ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਇੱਕ ਰੇਸ਼ਮ ਸਿੰਘ ਨਾਮਕ ਅੱਧਖੜ ਤੋਂ ਵੀ ਜਿਆਦਾ ਉਮਰ ਦਾ ਬੰਦਾ ਏ। ਹੁਣ ਤੋਂ 25 ਕੁ ਸਾਲ ਪਹਿਲਾਂ ਉਹ ਅਮਰੀਕਾ ਨੂੰ ਆ ਗਿਆ ਸੀ। ਕਾਫੀ ਸਾਲ ਪੱਕਾ ਨਹੀਂ ਹੋ ਸਕਿਆ। ਪਿੱਛੇ ਮਾਂ ਪਿਓ ਕਾਫੀ ਉਮਰ ਦੇ ਹੋ ਗਏ। ਉਹ ਵਿਆਹ ਦੀ ਦੁਹਾਈ ਦੇਈ ਜਾਣ। ਮੰਗਣੀ ਕਰਵਾਉਣ ਲਈ ਮੰਨ ਗਿਆ। ਫੋਟੋ ਤੇ ਪਿੰਡ ਵਿੱਚ ਮੰਗਣੀ ਕਰ ਦਿੱਤੀ। ਇਸ ਮੰਗਣੀ ਵਿੱਚ ਧਰਮ ਦੀ ਸ਼ਮੂਲੀਅਤ ਹੈ ਹੀ ਨਹੀਂ ਸੀ। ਜਦ ਕਿਤੇ ਰੇਸ਼ਮ ਸਿੰਘ ਪੱਕਾ ਹੋਇਆ। ਕੁਝ ਸਮਾਂ ਗਰੀਨ ਕਾਰਡ ਨੂੰ ਲੱਗ ਗਿਐ। ਪੱਕਾ ਹੋਣ ਤੇ ਘਰਵਾਲੀ ਅਮਰੀਕਾ ਮੰਗਵਾ ਲਈ। ਖਰਚਾ ਚੰਗਾ ਹੋ ਗਿਐ। ਵਿਆਹ ਤੋਂ ਬਗੈਰ ਹੀ ਦੰਪਤੀ ਇਕੱਠੇ ਰਹਿੰਦੇ ਰਹੇ। ਹੁਣ ਉਹਨਾਂ ਦਾ 10 ਕੁ ਸਾਲ ਦਾ ਇੱਕ ਲੜਕਾ ਹੈ। ਕਦੀ ਲਾਵਾਂ ਲੈਣ ਲਈ ਸਮਾਂ ਨਾ ਮਿਲਿਆ, ਕਦੀ ਲਾਵਾਂ ਲੈਣ ਲਈ ਪੰਜਾਬ ਨਾ ਜਾ ਹੋਇਆ, ਕਦੀ ਪੈਸਿਆਂ ਦੀ ਥੁੜ੍ਹ ਰਹੀ, ਕਦੀ ਪੱਕਾ ਹੋਣ ਲਈ ਸਮਾਂ ਲੱਗ ਗਿਐ। ਉਹਨੂੰ ਹੁਣ ਪੁੱਛੋ, ‘ਰੇਸ਼ਮ ਸਿਹਾਂ, ਲਾਵਾਂ ਤਾਂ ਲੈ ਲੈਣੀਆਂ ਸੀ। ਹੁਣ ਤਾਂ ਟੂ ਮੱਚ ਹੋ ਗਿਐ।’ ਉਹ ਜਵਾਬ ਵਿੱਚ ਕਹੂ, ‘ਕਾਮਰੇਡਾਂ ਨੂੰ ਕੀ ਫਰਕ ਪੈਂਦਾ? ਸੰਬੰਧ ਠੀਕ ਚੱਲ ਰਹੇ ਹਨ। ਜੇ ਲਾਵਾਂ ਨਾ ਵੀ ਲਈਏ ਤਾਂ ਕੀ ਹੋ ਜਾਊ?” “ਉਸ ਦਾ ਇਹ ਉੱਤਰ ਸੁਣ ਕੇ ਅਸੀਂ ਸੋਚਾਂ ਵਿੱਚ ਪੈ ਜਾਂਦੇ ਹਾਂ। ਮਨ ਵਿੱਚ ਆਉਂਦਾ ਏ: ਲਾਵਾਂ ਸੰਬੰਧਾਂ ਨੂੰ ਪਕੇਰਾ ਤੇ ਪਵਿੱਤਰ ਕਰਦੀਆਂ ਹਨ। ਮਰਿਆਦਾ ਤੇ ਧਾਰਮਿਕ ਬੰਧਨ ਸਮਾਜਿਕ ਸੰਬੰਧਾਂ ਦਾ ਧੁਰਾ ਹਨ।” “ਕੀ ਰੇਸ਼ਮ ਸਿੰਘ ਠੀਕ ਕਰ ਰਿਹਾ ਏ?” ਮੈਂ ਬੇਬਾਕੀ ਨਾਲ ਪੁੱਛਿਆ। “ਮੈਨੂੰ ਲੱਗਦਾ ਏ ਨਹੀਂ”, ਇਹ ਕਹਿ ਕੇ ਉਹ ਚੁੱਪ ਕਰ ਗਿਐ ਤੇ ਫਿਰ ਕੁਝ ਸੋਚ ਕੇ ਬੋਲਿਆ, “ਅਸੀਂ ਸਮਾਜਿਕ ਪ੍ਰਾਣੀ ਹਾਂ। ਸਾਡੇ ਸੰਬੰਧ ਤਾਂ ਪੱਕੇ ਹੁੰਦੇ ਹਨ ਜੇ ਉਹਨਾਂ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੋਵੇ। ਸਮਾਜ ਦਾ ਵੱਡਾ ਹਿੱਸਾ ਅਨਪੜ੍ਹ ਤੇ ਅਰਧ ਪੜ੍ਹਿਆ ਲਿਖਿਆ ਹੁੰਦਾ ਏ। ਇੱਹ ਵੱਡਾ ਹਿੱਸਾ ਧਰਮ ਤੇ ਰੱਬ ਦੇ ਡਰ ਭੈਅ ਵਿੱਚ ਰਹਿੰਦਾ ਹੋਇਆ ਹੀ ਸਦਾਚਾਰੀ ਤੇ ਸੱਚਾ ਸੁੱਚਾ ਬਣਦਾ ਹੈ। ਕਾਨੂੰਨ ਨਾਲੋਂ ਸਮਾਜਿਕ ਮਾਨਤਾ ਜਿਆਦਾ ਮਹੱਤਵ ਰੱਖਦੀ ਹੈ। ਕਿਸੇ ਵੀ ਖਿੱਤੇ ਦੇ ਕਾਨੂੰਨ ਉਥੋਂ ਦੇ ਰਸਮਾਂ ਰਿਵਾਜ਼ਾਂ ਨੂੰ ਦੇਖ ਕੇ ਉਹਨਾਂ ਮੁਤਾਬਕ ਬਣਾਏ ਜਾਂਦੇ ਹਨ। ਰੇਸ਼ਮ ਨੂੰ ਚਾਹੀਦਾ ਹੈ ਕਿ ਲਾਵਾਂ ਜਰੂਰ ਲੈ ਲਵੇ। ਦੇਰ ਆਏ ਦਰੁਸਤ ਆਏ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।” ਉਸ ਦੇ ਵਿਚਾਰ ਸੁਣ ਕੇ ਮੈਂ ਚੁੱਪ ਹੋ ਗਿਆ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com
My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**