|
ਕਹਾਵਤ ਹੈ – ਜਿਸ ਕਾ ਕਾਮ ਉਸੀ ਕੋ ਸਾਜੇ, ਔਰ ਕਰੇ ਤੋ ਡੀਂਗਾ ਵਾਜੇ…। ਇਸ ਲਈ ਜ਼ਰਾ ਕੁ ਸੰਭਲ਼ ਕੇ ਚੱਲਣਾ ਚਾਹੀਦਾ ਹੈ, ਦੋਸਤੋ! ਕਿਤੇ ਇਹ ਡੀਂਗਾ ਡਾਂਗ ਬਣਕੇ ਸਿਰ ਵਿੱਚ ਵੱਜਣ ਵਾਲਾ ਈ ਨਾ ਹੋ ਨਿੱਬੜੇ।
ਕਹਿੰਦੇ ਹਨ… ਕਿ ਇੱਕ ਵਾਰ ਇੱਕ ਖੇਤੀਬਾੜੀ ਦੇ ਧੰਦੇ ਵਾਲੇ ਸਧਾਰਨ ਜਿਹੇ ਜੱਟ ਨੂੰ ਕਣਕ ਦਾ ਬੋਹਲ਼ ਸੰਭਾਲਦਿਆਂ ਦੇਖ ਕੇ ਇੱਕ ਚੁਸਤ ਚਲਾਕ ਵਿਉਪਾਰੀ ਬਿਰਤੀ ਵਾਲਾ ਬਾਣੀਆ ਬੋਲਿਆ,…
“ਭਰਾ, ਕਿਉਂ ਨਾ ਆਪਾਂ ਖੇਤੀ-ਬਾੜੀ ਦਾ ਕੰਮ-ਧੰਦਾ ਸਾਂਝਾ ਕਰ ਲਈਏ?
ਕੰਮ-ਕਾਰ ਅਤੇ ਫ਼ਸਲ ਦੀ ਦੇਖ-ਭਾਲ ਤੇਰੀ, ਖ਼ਰਚਾ ਪੂਰੇ ਦਾ ਪੂਰਾ ਮੇਰੇ ਸਿਰ… ਅਤੇ ਫਸਲ ‘ਅੱਧੋ-ਅੱਧ’।”
ਬਾਣੀਏ ਦੇ ਵਿਉਪਾਰੀ ਮਨ ਨੂੰ ਫ਼ਸਲ ਦਾ ਵੱਡਾ ਬੋਹਲ਼ ਨਜ਼ਰ ਆਉਂਦਾ ਸੀ ਅਤੇ ਜੱਟ ਨੂੰ ਆੜ੍ਹਤੀਆਂ ਤੋਂ ਲਿਆ ਹੋਇਆ ਕਰਜ਼ਾ ਸਤਾਉਂਦਾ ਸੀ। ਪਰ ਅੰਦਰੋਂ-ਅੰਦਰੀਂ ਦੋਵੇਂ ਹੀ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੀਆਂ ਸੋਚਾਂ ਦਾ ਤਾਣਾ-ਬਾਣਾ ਬੁਣਨ ਲੱਗ ਪਏ ਅਤੇ ਆਖ਼ਰ ਮੰਨ ਗਏ।
ਸਾਂਝੀ ਖੇਤੀ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੱਟ ਨੇ ਪਹਿਲ ਕਰਦਿਆਂ ਬਾਣੀਏ ਨੂੰ ਪੁੱਛਿਆ,…
“ਵੱਡੇ ਭਾਈ, ਤੂੰ ਅਗਲੀ ਫਸਲ ਦਾ ਕਿਹੜਾ ਹਿੱਸਾ ਲੈਣਾ ਪਸੰਦ ਕਰੇਂਗਾ?
ਜ਼ਮੀਨ ਦਾ ਉਪਰਲਾ ਹਿੱਸਾ ਜਾਂ ਥੱਲੇ ਦਾ??
ਜੱਟ ਦੀ ਦਰਿਆਦਿਲੀ ਨੂੰ ਮਾਣਦਿਆਂ ਅਤੇ ਕੁਝ ਜ਼ਰਬਾਂ-ਤਕਸੀਮਾਂ ਕਰਦਿਆਂ ਬਾਣੀਆ ਬੋਲਿਆ, ਜ਼ਮੀਨ ਤੋਂ ਉੱਪਰ ਵਾਲਾ!!
‘ਮਚਲੇ ਜੱਟ’ ਨੇ ਬਾਣੀਏ ਦੀ ‘ਸਲਾਹ’ ਨਾਲ ਆਲੂ ਲਾ ਲਏ। ਫ਼ਸਲ ਆਉਣ ‘ਤੇ ਆਲੂ ਆਪ ਰੱਖ ਲਏ ਅਤੇ ਵੇਲਾਂ-ਪੱਤਿਆਂ ਦਾ ਗੱਡਾ ਭਰ ਕੇ ਬਾਣੀਏ ਦੇ ਘਰ ਸੁੱਟ ਆਇਆ।
ਫਸਲ ਦਾ ਐਸਾ ਅੱਧ ਦੇਖਦਿਆਂ ਹੈਰਾਨ ਹੋਇਆ ਬਾਣੀਆ ਬੋਲਿਆ, …
“ਬਈ ਗੱਲ ਐਦਾਂ ਕਿ ਅਗਲੀ ਫ਼ਸਲ ਦਾ ਮੇਰਾ ਅੱਧ ਜ਼ਮੀਨ ਦੇ ਥੱਲੇ ਵਾਲਾ… ਅਤੇ ਤੇਰਾ ਉੱਪਰ ਵਾਲਾ।”
ਇਸ ਵਾਰ ਜੱਟ ਨੇ ਕਣਕ ਬੀਜ ਦਿੱਤੀ। ਦਾਣੇ ਆਪ ਰੱਖ ਕੇ ਨਾੜ-ਤੂੜੀ ਨਾਲ ਬਾਣੀਏ ਦਾ ਵਿਹੜਾ ਭਰ ਆਇਆ।
ਦੋ ਵਾਰੀ ਤੰਗ ਅਤੇ ਤੁੰਨਿਆ ਹੋਇਆ ਬਾਣੀਆ ਇਸ ਵਾਰ ਜੱਟ ਨੂੰ ਤੁੰਨਣ ਲਈ ਬੋਲਿਆ,…
“ਭਰਾਵਾ, ਭਾਵੇਂ ਫੈਸਲਾ ਮੇਰਾ ਹੀ ਸੀ ਪਰ ਮੈਨੂੰ ਦੋ ਵਾਰੀ ਬੜਾ ਤਕੜਾ ਘਾਟਾ ਪਿਆ ਹੈ!
ਐਤਕੀਂ ਫ਼ਸਲ ਦੇ ਜ਼ਮੀਨੋਂ ‘ਉੱਪਰਲੇ ਅਤੇ ਥੱਲੇ’ ਵਾਲੇ ਦੋਨੋ ਹਿੱਸੇ ਮੇਰੇ ਹੋਣਗੇ… ਅਤੇ ਤੂੰ ਵਿਚਕਾਰਲਾ ਹਿੱਸਾ ਰੱਖ ਲਵੀਂ।”
ਜੱਟ ਮੁਸਕਰਾਉਂਦਾ ਹੋਇਆ ਬੋਲਿਆ, …”ਜਿਸ ਤਰਾਂ ਆਪ ਦੀ ਮਰਜ਼ੀ, ਭਰਾਵਾ!”
ਬਾਣੀਏ ਨੂੰ ਸੱਤ ਬਚਨ ਕਹਿ ਕਿ ਉਹ ਆਪਣੇ ਖੇਤੀਂ ਪਹੁੰਚਿਆ… ਤੇ ਇਸ ਵਾਰ ਮੱਕੀ ਬੀਜ ਦਿੱਤੀ। ਫਸਲ ਪੱਕਣ ‘ਤੇ ਛੱਲੀਆਂ ਆਪ ਰੱਖ ਲਈਆਂ ਅਤੇ ਟਾਂਡ੍ਹਿਆਂ ਦੇ ਢੇਰ ਬਾਣੀਏ ਦੇ ਬੂਹੇ ਦੇ ਨਾਲ਼ ਲਗਾ ਆਇਆ…।
ਕਈ ਵਾਰੀ ਤਾਂ ਬੰਦਾ ਕਿਸੇ ਕੰਮ-ਕਾਰ ਨੂੰ ਨਾ ਜਾਣਦਿਆਂ ਆਪ ਹੀ ਪੰਗਾ ਲੈ ਲੈਂਦਾ ਹੈ, ਪਰ ਕਦੇ ਕਦਾਈਂ ਕੋਈ ਭੋਲ਼ਾ ਬੰਦਾ ਐਵੇਂ ਫਸ ਵੀ ਜਾਂਦਾ ਹੈ…। ਪਰ ਜ਼ਿੰਦਗੀ ਦਾ ਸਬਕ ਦੋਵੇਂ ਸਿਖਾ ਜਾਂਦੇ ਨੇ।
ਰਹਿੰਦੇ
ਵੰਡਦੇ ਸੀ ਮੱਤਾਂ
ਬਹੁਤੇ ਬਣ ਕੇ ਸਿਆਣੇ
ਐਵੇਂ
ਨਿਕਲੇ ਭੁਲੇਖੇ
ਤੈਥੋਂ ਸੱਭ ਨੇ ਸਿਆਣੇ !
ਪਿੰਡ ਦੀ ਵਿਸਾਖੀ ਦੇ ਮੇਲੇ ਵਾਲਾ ਸੈਕਟਰੀ ਤੇ ਤਾਰਾ ਸਿਹੁੰ ਦਾ ਗੁਪਤ ਦਾਨ…
ਸਟੇਜ ਸੈਕਟਰੀ ਜਾਂ ਸਕੱਤਰ ਦਾ ਕੰਮ ਵੀ ਬੜਾ ਜੋਖ਼ਮ ਵਾਲਾ ਹੀ ਹੁੰਦਾ ਹੈ। ਖ਼ਾਸ ਕਰਕੇ ਮੈਂ… ਮੈਂ… ਮੈ… ਅਤੇ ਮੈਂ-ਮੈਂ ਕਰਨ ਵਾਲੇ ਮੰਨੇ-ਪ੍ਰਮੰਨੇ ਵਿਦਵਾਨਾਂ, ਸਾਹਿਤਕਾਰਾਂ ਜਾਂ ਸਿਆਸਤਦਾਨਾਂ ਵਗੈਰਾ ਵਾਲੇ ਪ੍ਰੋਗਰਾਮ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਵਾਸਤੇ।
ਉਸ ਦੇ ਮਨ ਨੂੰ ਅਕਸਰ ਧੁੜਕੂ ਹੀ ਲੱਗਾ ਰਹਿੰਦਾ ਹੈ ਕਿ ਅੱਜ ਕਿਹੜੇ ਡਾਹਢੇ ਦੇ ਨਜ਼ਲੇ ਨਾਲ ਉਸ ਨੂੰ ਭਿੱਜਣਾ ਪਵੇਗਾ। ਹਰ ਕੋਈ ਬੋਲਣਾ, ਬੋਲਣਾ ਅਤੇ ਬੱਸ ਬੋਲਣਾ ਹੀ ਚਾਹੁੰਦਾ ਹੁੰਦਾ ਹੈ!! ਸੁਣਨ ਵਾਲੇ ਮਹਾਤੜਾਂ ਦਾ ਅਕਸਰ ਕਾਲ ਪੈ ਜਾਂਦਾ ਹੈ।
ਸਟੇਜ ਸੈਕਟਰੀ ਚੰਗਾ ਬੁਲਾਰਾ ਹੁੰਦਾ ਹੈ ਜਾਂ ਫਿਰ ਹੋਣਾ ਚਾਹੀਦਾ ਹੀ ਹੈ, ਪਰ ਇਸ ਦੇ ਨਾਲ਼ ਹੀ ਉਸ ਨੂੰ ਪ੍ਰੋਗਰਾਮ ਦੀ ਸਫਲਤਾ ਲਈ ਕਾਫ਼ੀ ਮਿਹਨਤ ਵੀ ਕਰਨੀ ਪੈਂਦੀ ਹੈ। ਪ੍ਰੋਗਰਾਮ ਅਨੁਸਾਰ ਕਾਫ਼ੀ ਜਾਣਕਾਰੀ ਇਕੱਠੀ ਕਰਨੀ ਪੈਂਦੀ ਹੈ। ਪ੍ਰਬੰਧਕਾਂ, ਬੁਲਾਰਿਆਂ ਅਤੇ ਸਰੋਤਿਆਂ ਦੀ ਉਸਤਤ ਕਰਨ ਲਈ ਉਹ ਵਧੀਆ-ਵਧੀਆ ਲਫਜ਼ ਢੂੰਡਦਾ ਰਹਿੰਦਾ ਹੈ। ਅਕਸਰ ਹੀ ‘ਢੀਠ ਬੁਲਾਰਿਆਂ’ ਦੀਆਂ ਬੇਤੁਕੀਆਂ ਅਤੇ ਉਕਾਉਣੀਆਂ ਗੱਲਾਂ ਦਾ ਸਤਾਇਆ ਹੋਇਆ ਉਹ ਵਾਰ-ਵਾਰ ਘੜੀ ਦੀ ਤੇਜ਼ ਦੌੜਦੀ ਸੂਈ ਅਤੇ ਦੇਰੀ ਨਾਲ ਸ਼ੁਰੂ ਹੋਏ ਪ੍ਰੋਗਰਾਮ ਦਾ ਟਾਇਮ ਟੇਬਲ ਵੀ ਦੇਖਦਾ ਰਹਿੰਦਾ ਹੈ। ਸਮੇਂ ਅਤੇ ਹਾਲਾਤ ਦੇ ਅਨੁਸਾਰ ਕਈ ਵਾਰੀ ਮੌਕੇ ਅਨੁਸਾਰ ਢੁਕਵੀਂ ‘ਫੇਰਬਦਲ’ ਵੀ ਕਰਦਾ ਹੈ।
ਹਾਲਾਂ ਕਿ ਟਾਇਮ ਕਦੇ ਖੜ੍ਹਦਾ ਨਹੀਂ ਹੈ, ਪਰ ਫਿਰ ਵੀ ‘ਖੜ੍ਹੇ ਟਾਇਮ’ ਅਤੇ ਮਜਬੂਰੀ ਵੱਸ ਕੀਤੇ ਹੋਏ ਫੇਰ-ਬਦਲ ਕਈ ਵਾਰੀ ਰੁਆਉਣੇ ਜਾਂ ਫਿਰ ਹਾਸੋਹੀਣੇ ਵੀ ਹੋ ਨਿੱਬੜਦੇ ਹਨ। ਅਜਿਹੀਆਂ ਤਬਦੀਲੀਆਂ ਭਾਵੇਂ ਕਿਸੇ ਰੜ੍ਹਿਓ ਅਤੇ ਹੰਢਿਓ ਸੈਕਟਰੀ ਦੁਆਰਾ ਹੋਣ ਜਾਂ ਫਿਰ ਕਿਸੇ ਹਮਾਤੜ ਬੰਦੇ ਦੇ ਗਲ਼ ਵਿੱਚ ਪਏ ਤਾਜ਼ੇ ‘ਸੈਕਟਰੀਪੁਣੇ ਦੇ ਸੱਪ’ ਕਾਰਨ ਹੋਵਣ…।
‘ਦਾਨ’ ਇੱਕ ਸ੍ਰੇਸ਼ਠ ਕਰਮ ਹੈ ਜਿਸ ਦਾ ਸਾਡੇ ਜੀਵਨ ਵਿੱਚ ਬੜਾ ਮਹੱਤਵ ਹੈ। ਦਾਨ-ਅਰਥਾਤ ਦੇਣ ਦਾ ਭਾਵ, ਅਰਪਣ ਕਰਨ ਦੀ ‘ਨਿਸ਼ਕਾਮ ਭਾਵਨਾ’ ਨਾਲ ਜੁੜਿਆ ਹੈ। ਬਹੁਤ ਸਾਰੇ ਲੋਕ ਬਹੁਤ ਸਾਰੇ ਅਤੇ ਭਾਂਤ ਭਾਂਤ ਦੇ ਦਾਨ ਪੁੰਨ ਕਰਦੇ ਰਹਿੰਦੇ ਹਨ… ਇਹ ਕੋਈ ਨਵੀਂ ਗੱਲ ਨਹੀਂ ਹੈ।
ਕਹਿਣ ਨੂੰ ਤਾਂ ਕੁੜੀਆਂ ਦੇ ਵਿਆਹ ਨੂੰ ਵੀ ‘ਕੰਨਿਆਦਾਨ’ ਈ ਕਹਿੰਦੇ ਹਨ, ਮਤਲਬ ਕੁੜੀ / ਕੰਨਿਆ ਦਾ ਦਾਨ। ਬਹੁਤੇ ਦਾਨਾਂ ਦਾ ਤਾਂ ਸਾਨੂੰ ਆਮ ਈ ਪੱਥਰਾਂ, ਸੰਗਮਰਮਰਾਂ, ਬਿਲਡਿੰਗਾਂ, ਪੱਖਿਆਂ, ਅਖਬਾਰਾਂ, ਰਸਾਲਿਆਂ, ਸੋਸ਼ਲ ਮੀਡੀਆ ਦੇ ਪਲੈਟਫੌਰਮਾਂ, ਚਿੱਤਰਾਂ, ਗੱਲਾਂ-ਬਾਤਾਂ, ਜਾਂ ਮੂੰਹੋਂ-ਮੂਹੀਂ ਪਤਾ ਲੱਗ ਜਾਂਦਾ ਹੈ।
ਦਾਨ ਦੀ ਗੱਲ ਤੁਰੀ ਹੈ ਤਾਂ ਯਕੀਨਨ ਹੀ ‘ਗੁਪਤ ਦਾਨ’ ਬਾਰੇ ਵੀ ਤੁਸੀਂ ਜ਼ਰੂਰ ਸੁਣਿਆ ਹੋਵੇਗਾ!
ਛੋਟੇ ਹੁੰਦਿਆਂ, ਅਸੀਂ ਪਿੰਡ ਵਿੱਚ ਲੱਗਦੇ ਵਿਸਾਖੀ ਦੇ ਮੇਲੇ ਵਿੱਚੋਂ ਪਕੌੜੇ ਜਲੇਬੀਆਂ ਖਾਂਦੇ-ਖਾਂਦੇ ਅਤੇ ਘੁੰਮਦੇ-ਘੁਮਾਉਂਦੇ ਕੜ੍ਹਾਹ ਪ੍ਰਸ਼ਾਦ ਲੈਣ ਲਈ ਪੰਡਾਲ ਵਿੱਚ ਪਹੁੰਚ ਜਾਂਦੇ । ਲਾਗਲੇ ਪਿੰਡਾਂ ਦੇ ਲੋਕਾਂ ਦੀ ਸ਼ਮੂਲੀਅਤ ਇਸ ਵਿਸਾਖੀ ਮੇਲੇ ਦੀਆਂ ਰੌਣਕਾਂ ਨੂੰ ਹੋਰ ਵੀ ਰਮਣੀਕ ਬਣਾ ਦਿੰਦੀ ਸੀ। ਮੇਲੇ ਦੇ ਅਖੀਰ ਵਿੱਚ ਪੈਂਦੀ ਛਿੰਝ ਵਿੱਚ ਕੁਸ਼ਤੀਆਂ ਦੇਖਣ ਚਲੇ ਜਾਂਦੇ। ਉਸ ਸਮੇਂ ਸਕੂਲ ਵਿੱਚ ਲੱਗੀ ਕਿਤਾਬ ਵਿੱਚ “ਧਨੀ ਰਾਮ ਚਾਤ੍ਰਿਕ” ਦੀਆਂ ਇਹ ਅਮਰ ਲਾਈਨਾਂ ਪੜ੍ਹ ਕੇ ਮੈਨੂੰ ਇੰਜ ਲੱਗਦਾ ਹੁੰਦਾ ਸੀ ਜਿਵੇਂ ਉਹ ਮੇਰੇ ਪਿੰਡ ਦੇ ਵਿਸਾਖੀ ਦੇ ਮੇਲੇ ਅਤੇ ਛਿੰਝ ਦੀ ਹੀ ਗੱਲ ਕਰਦਾ ਹੋਵੇ! ‘ਕਿੱਸੂ ਅਤੇ ਸੁਰੈਣਾ’ ਮੇਰੇ ਪਿੰਡ ਦੇ ਦੋ ਬਜ਼ੁਰਗ ਭਰਾ ਹੁੰਦੇ ਸਨ।
ਛਿੰਝ ਦੀ ਤਿਆਰੀ ਹੋਈ, ਢੋਲ ਵੱਜਦੇ,
ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ,
ਲਿਸ਼ਕਦੇ ਨੇ ਪਿੰਡੇ ਗੁੰਨੇ ਹੋਏ ਤੇਲ ਦੇ,
ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ,
ਕਿੱਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਇਸ ਕਵਿਤਾ ਨੂੰ ਪੜ੍ਹ ਕੇ ਮੈਂ ਮਨ ਹੀ ਮਨ ਇਹ ਵੀ ਸੋਚਦਾ ਹੁੰਦਾ ਕਿ ਕਿੱਸੂ ਨੇ ‘ਢਹਿਣ ਲਈ’ ਸੁਰੈਣੇ ਨਾਲ ਕਿਉਂ ਪੰਗਾ ਲਿਆ ਹਊਗਾ? ਉਹ ਕਿੱਦਾਂ ਅਤੇ ਕਿਹੜਾ ਦਾਅ ਲਾਉਂਦਾ ਹੋਵੇਗਾ? ਉਸ ਨੂੰ ਤਾਂ ਅੱਖਾਂ ਤੋਂ ਦਿਸਦਾ ਈ ਨਹੀਂ ਸੀ, ਡੰਡੇ ਨਾਲ ਤਾਂ ਉਹ ਮਸਾਂ ਤੁਰਦਾ ਸੀ! ਸੁਰੈਣਾ ਤਾਂ ਖੁਦ ਆਪ ਮਾੜਕੂ ਅਤੇ ਘਸਿਆ ਜਿਹਾ ਕਾਗਜ਼ੀ ਪਹਿਲਵਾਨ ਹੀ ਸੀ, ਉਸ ਨੇ ਕਿੱਸੂ ਨੂੰ ਕਿਵੇਂ ਢਾਹ ਲਿਆ? ਕਈ ਤਰਾਂ ਦੇ ਸਵਾਲ ਐਵੇਂ ਆ-ਆ ਕੇ ਘੇਰ ਲੈਂਦੇ।
ਇਸ ਵਾਰੀ ਵਿਸਾਖੀ ਦੇ ਮੇਲੇ ਵਿੱਚ ਲਗਾਈ ਪੰਡਾਲ ਦੀ ਸਟੇਜ ਚਲਾਉਣ ਵਾਲੇ ਸੁੱਘੜ ਸਿਆਣੇ ਸੈਕਟਰੀ ਦੀ ਤਬੀਅਤ ਵਿਗੜਨ ਕਾਰਨ ਉਹ ਐਨ ਮੌਕੇ ਤੇ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਜਵਾਬ ਦੇ ਗਿਆ। ਪ੍ਰਧਾਨ ਸਾਹਿਬ ਨੂੰ ਹੱਥਾਂ ਪੈਰਾਂ ਦੀ ਪੈ ਗਈ… ।
ਉਸ ਨੇ ਪ੍ਰਬੰਧਕੀ ਕਮੇਟੀ ਨੂੰ ਕਿਹਾ,…
”ਮੇਰਾ ਕੰਮ ਤਾਂ “ਪ੍ਰਧਾਨਾਂ” ਵਾਲਾ ਹੈ!
ਪਰ ਫੇਰ ਵੀ… ਮੈਨੂੰ ਕੁਛ ਨਾ ਕੁਛ ਤਾਂ ਕਰਨਾ ਈ ਪਊ!!”
ਉਸ ਨੇ ਤਰਲਾ-ਮਿੰਨਤ ਕਰਦਿਆਂ ਸਟੇਜ ਸੈਕਟਰੀ ਦੀ ‘ਜ਼ਿੰਮੇਵਾਰੀ ਦਾ ਸੱਪ’ ਇੱਕ ਅਨਾੜੀ ਜਿਹੇ ਬੰਦੇ ਦੇ ਗਲ਼ ਪਾ ਦਿੱਤਾ।
ਉਸ ਬੰਦੇ ਨੇ ਬਥੇਰਾ ਰੌਲ਼ਾ ਪਾਇਆ,… “ਪ੍ਰਧਾਨ ਸਾਹਿਬ! ਮੈਂ ਇਹ ਕੰਮ ਨਹੀਂ ਕਦੇ ਕੀਤਾ!”
ਪਰ ਪ੍ਰਧਾਨ ਸਾਹਿਬ ਉਸ ਨੂੰ ‘ਹੌਸਲੇ ਦੀ ਹਵਾ’ ਦਿੰਦੇ ਹੋਏ ਬੋਲੇ…
“ਹਰੇਕ ਕੰਮ ਨੂੰ ਕਦੇ ਨਾ ਕਦੇ ਤਾਂ ਪਹਿਲੀ ਵਾਰ ਕਰਨਾ ਹੀ ਪੈਂਦਾ ਹੈ!
ਪਰ ਤੂੰ ਮੇਰਾ ਯਕੀਨ ਕਰ ਕਿ ਮੇਰੀ ਲਾਗੇ… ਜਾਂ ਦੂਰ ਦੀ ਨਜ਼ਰ ਵਿੱਚ ਤੇਰੇ ਨਾਲ਼ੋਂ ਜ਼ਿਆਦਾ ‘ਸਿਆਣਾ ਤੇ ਕਾਬਲੀਅਤ’ ਵਾਲਾ ਸ਼ਖ਼ਸ ਕੋਈ ਹੋਰ ਹੈ ਹੀ ਨਹੀਂ!”
ਕਮਲ਼ੀ ਦੇ ਸਿਵਿਆਂ ਵਾਲੇ ਰਾਹ ਪੈਣ ਵਾਂਗ.. ਨਵੇਂ ਸੈਕਟਰੀ ਤੋਂ ਸਟੇਜ ਸੰਭਾਲਦਿਆਂ ਕਈ ਹੋਰ ਵੀ ਉੱਪਰ-ਥੱਲੇ ਵਾਲੀਆਂ ਹਾਸੋਹੀਣੀਆਂ ਗੱਲਾਂ ਹੋ ਗਈਆਂ… ਪਰ ਇੱਕ ਨਾ ਭੁੱਲਣਯੋਗ ਗੱਲ ਅੱਜ ਤੱਕ ਯਾਦਾਂ ਵਿੱਚ ਕੈਦ ਹੈ।
ਤਾਜ਼ਾ ਬਣੇ ਸਟੇਜ ਸੈਕਟਰੀ ਨੇ ਲੰਮੀ ਹੇਕ ਲਾ ਕੇ ਆਖਿਆ,…
“ਮਾਈਓ… ਭੈਣੋ…ਅਤੇ ਸੱਜਣੋ!
ਖੜ੍ਹੇ-ਬੈਠੇ, ਦੂਰੋਂ ਅਤੇ ਲਾਗਿਓਂ ਆਏ ਦੋਸਤੋ ਅਤੇ ਮਿੱਤਰੋ!!
ਅੱਜ ਦੇ ਸ਼ੁੱਭ ਦਿਨ… ਆਹ… ਇੱਕ ਬੜੀ ਖੁਸ਼ੀ ਦੀ ਗੱਲ ਹੋਈ ਆ… ਕਿ
‘ਤਾਰਾ ਸਿਹੰ ਵਲਦ ਮਲੂਕ ਸਿਹੰ’ ਨੇ ‘ਪੂਰੇ ਪੰਜ ਸੌ ਰੁਪਈਆਂ’ ਦਾ “ਗੁਪਤ ਦਾਨ” ਕੀਤਾ ਹੈ!!
“ਗੁਪਤ ਦਾਨ” ‘ਤੇ ਜ਼ੋਰ ਪਾਉਂਦਿਆਂ ਉਸ ਨੇ ਦੋਵੇਂ ਪੈਰਾਂ ਦੀਆਂ ਅੱਡੀਆਂ ਚੁੱਕ ਕੇ ਅਤੇ ਮਾਈਕ ਦੇ ਨਾਲ ਮੂੰਹ ਜੋੜ ਕੇ ਪੂਰੇ ਜ਼ੋਰ-ਸ਼ੋਰ ਅਤੇ ਥੁੱਕ ਦੀ ਵਾਛੜ ਕਰਦਿਆਂ ਫੇਰ ਆਖਿਆ…
ਸੱਜਣ ਪਿਆਰਿਓ! “ਗੁਪਤ ਦਾਨ” ਹੋਵਣ ਤਾਂ… ਐਦਾਂ ਦੇ ਹੀ ਹੋਵਣ!!
ਹੁਣ… ਤੁਸੀਂ ਵੀ ਮਾਰੋ ਹੰਭਲਾ!
ਕੱਢੋ ਦਸਵੰਧ! ਅਤੇ ਕਰੋ “ਗੁਪਤ ਦਾਨ” ਤਾਰਾ ਸਿਹੰ ਦੇ ਪੰਜ ਸੌ ਰੁਪਈਆਂ ਵਰਗਾ!!”
ਮਾਰੋ ਆਪਣੇ ਬੋਝਿਆਂ ‘ਚ ਹੱਥ! ਮਾਰੋ ਖੀਸਿਆਂ ‘ਚ ਹੱਥ!
ਹੁਣੇ ਈ… ਤੇ ਐਸ ਸਟੇਜ ਤੋਂ ਹੀ ਨੱਕੋ-ਨੱਕ ਭਰੇ ਮੇਲੇ ਨੂੰ ਵੀ ਪਤਾ ਲੱਗੇ “ਗੁਪਤ ਦਾਨ” ਦੇ ਦਾਨੀਆਂ ਦਾਂ!! ਲੰਮੀ ਪੂਛ ਵਾਲੇ ਲਾਊਡ-ਸਪੀਕਰਾਂ ਦੀ ਆਵਾਜ਼ ਲਾਗਲੇ ਪਿੰਡਾਂ ਦੀਆਂ ਜੂਹਾਂ ਪਾਰ ਕਰ ਗਈ।
ਖੈਰ ਪੰਜ ਸੌ ਰੁਪਈਆ ਰਕਮ ਤਾਂ ਵੱਡੀ ਹੀ ਸੀ ਉਸ ਟਾਇਮ, ਪਰ ਕਈ ਲੋਕ ਖ਼ੁਦ ਦਾ ਸਿਰ ਖੁਰਕਣ ਲੱਗ ਪਏ… ਹਮਾਤੜ ਅਤੇ ਅਨਾੜੀ ਸੈਕਟਰੀ ਦੀ ਜ਼ੁਬਾਨੋਂ “ਗੁਪਤ ਦਾਨ” ਦੀ ਨਵੀਂ ਪਰਿਭਾਸ਼ਾ ਨੂੰ ਸੁਣਦਿਆਂ ਤੇ ਜਾਣਦਿਆਂ…।
ਭੁੱਲ ਚੁੱਕ ਮੁਆਫ਼…
ਪਰ ਦਹਾਕਿਆਂ ਪਹਿਲਾਂ ਦੀ ਇਹ ਹਾਸੋਹੀਣੀ ਗੱਲ… ਹੁਣ ਤਾਂ ਆਮ ਹੀ ਹੈ, ਸੱਜਣੋ!
ਜ਼ਰਾ ਮਾਰੋ ਨਿਗ੍ਹਾ ਆਲੇ-ਦੁਆਲੇ, ਸੋਸ਼ਲ ਮੀਡੀਆ ਦੇ ਪਲੈਟਫੌਰਮਾਂ ‘ਤੇ…
ਕਿਸੇ ਅਨਾੜੀ ਸੈਕਟਰੀ ਦੀ ਜ਼ਰੂਰਤ ਨਹੀਂ ਰਹੀ। ‘ਗੁਪਤ ਦਾਨ’ ਬਾਰੇ ‘ਗੁਪਤ ਦਾਨੀਆਂ’ ਦੀ ਖ਼ੁਦ ਦੀ ਜਾਂ ਫਿਰ ਕਿਸੇ ਦੋਸਤ-ਮਿੱਤਰ ਦੀ ਦੱਬੀ ਹੋਈ ਇੱਕ ਉਂਗਲ ਹਜਾਰਾਂ ਲੋਕਾਂ ਦੇ ਗਰੁੱਪਾਂ ਵਿੱਚ ਫੋਟੋਆਂ ਸਮੇਤ ਸੈਕਿੰਡਾਂ ਵਿੱਚ ਪਹੁੰਚ ਜਾਂਦੀ ਹੈ… ਅਤੇ ‘ਗੁਪਤ ਦਾਨੀ’ ਆਪਣੇ ‘ਗੁਪਤ ਦਾਨ’ ਬਾਰੇ ਮਿਲੇ ਹੁੰਗਾਰਿਆਂ ਨੂੰ ਪਰਦੇ ਪਿਛਿਓਂ ਗਿਣਦੇ, ਮਿਣਦੇ ਅਤੇ ਮਾਣਦੇ ਰਹਿੰਦੇ ਨੇ।
ਜਿਉਂਦੇ ਵੱਸਦੇ ਰਹੋ ਸੱਜਣੋ!
ਜ਼ਿੰਦਗੀ ਜ਼ਿੰਦਾਬਾਦ॥
*** ਕੁਲਵਿੰਦਰ ਬਾਠ
ਕੈਲੀਫ਼ੋਰਨੀਆ
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by 