ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਭਗਤਾਂ, ਭੱਟਾਂ ਅਤੇ ਕੁਝ ਗੁਰਸਿੱਖਾਂ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਭਗਤਾਂ ਵਿੱਚੋਂ ਭਗਤ ਕਬੀਰ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਿਰੋਮਣੀ ਸਥਾਨ ਦਿੱਤਾ ਹੈ। ਅਰਥਾਤ ਭਗਤ-ਬਾਣੀ ਦੇ ਅੰਤਰਗਤ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਪਹਿਲਾਂ ਦਿੱਤੀ ਹੋਈ ਹੈ। ਆਪ ਦੇ ਜਨਮ, ਦਿਹਾਂਤ ਅਤੇ ਜੀਵਨ ਬਾਰੇ ਵਿਦਵਾਨਾਂ ਵਿਚ ਕਾਫੀ ਮੱਤਭੇਦ ਹਨ, ਪਰ ਤਾਂ ਵੀ ਇੱਕ ਮਾਨਤਾ ਅਨੁਸਾਰ ਆਪ 1398 ਈ. ਵਿੱਚ ਬਨਾਰਸ ਵਿਖੇ ਪੈਦਾ ਹੋਏ। ਆਪ ਦੀ ਪਰਵਰਿਸ਼ ਨੀਰੂ ਜੁਲਾਹੇ ਅਤੇ ਮਾਤਾ ਨੀਮਾ ਨੇ ਕੀਤੀ ਅਤੇ ਆਪ ਦਾ ਨਾਂ ਕਬੀਰ ਰੱਖਿਆ। ਕਬੀਰ ਜੀ ਇੱਕ ਗ੍ਰਹਿਸਥੀ ਵਿਅਕਤੀ ਸਨ। ਆਪ ਦੀ ਪਤਨੀ ਦਾ ਨਾਂ ਲੋਈ ਅਤੇ ਪੁੱਤਰ ਦਾ ਨਾਂ ਕਮਾਲ ਸੀ। ਆਪ 120 ਸਾਲ ਦੀ ਉਮਰ ਵਿੱਚ 1518 ਈ. ਵਿੱਚ ਮਗਹਰ ਵਿਖੇ ਬ੍ਰਹਮਲੀਨ ਹੋ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ 31 ਰਾਗਾਂ ਵਿੱਚੋਂ ਕਬੀਰ ਜੀ ਦੀ ਬਾਣੀ 17 ਰਾਗਾਂ ਵਿਚ ਸੰਕਲਿਤ ਹੈ, ਜਿਸ ਵਿੱਚ ਸਿਰੀ, ਗਉੜੀ, ਆਸਾ, ਗੂਜਰੀ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਮਾਰੂ, ਕੇਦਾਰਾ, ਭੈਰਉ, ਬਸੰਤ, ਸਾਰੰਗ ਤੇ ਪ੍ਰਭਾਤੀ ਰਾਗ ਸ਼ਾਮਲ ਹਨ। ਇਸ ਮੁਤਾਬਕ ਆਪ ਦੇ ਕੁੱਲ 225 ਸ਼ਬਦ, ਇੱਕ ਬਾਵਨ ਅੱਖਰੀ,ਇੱਕ ਥਿਤੀ, ਇੱਕ ਸਤਵਾਰਾ ਅਤੇ 243 ਸਲੋਕ ਸੰਕਲਿਤ ਹਨ। ਇਸ ਪ੍ਰਕਾਰ ਆਪ ਦੀ ਬਾਣੀ ਹੋਰ ਸਾਰੇ ਭਗਤ ਕਵੀਆਂ ਨਾਲੋਂ ਵਧੀਕ ਹੈ। ਡਾ. ਜੋਧ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਡਾ. ਤਾਰਨ ਸਿੰਘ ਅਤੇ ਡਾ. ਰਾਜ ਕੁਮਾਰ ਵਰਮਾ ਜਿਹੇ ਵਿਦਵਾਨਾਂ ਦਾ ਮੱਤ ਹੈ ਕਿ ਆਦਿ ਗ੍ਰੰਥ ਵਿਚ ਸ਼ਾਮਲ ਬਾਣੀ ਹੀ ਕਬੀਰ ਜੀ ਦੀ ਅਸਲੀ ਬਾਣੀ ਹੈ, ਜਦ ਕਿ ਕਬੀਰ ਜੀ ਦੀ ਹੋਰ ਥਾਂਵਾਂ ਤੇ ਮਿਲਦੀ ਬਾਣੀ ਵਿੱਚ ਮਿਲਾਵਟ ਦਾ ਅੰਸ਼ ਮਿਲਦਾ ਹੈ। ਕਬੀਰ ਜੀ ਦਾ ਸਮੁੱਚਾ ਜੀਵਨ ਬਹੁਤ ਹੀ ਪਵਿੱਤਰ ਅਤੇ ਸਿੱਖਿਆਦਾਇਕ ਸੀ। ਉਹ ਆਪਣੇ ਪਿਤਾ ਦੇ ਕੰਮਾਂ ਵਿੱਚ ਹੱਥ ਵਟਾਉਂਦੇ, ਦਸਾਂ ਨਹੁੰਆਂ ਦੀ ਕਿਰਤ ਕਰਦੇ ਅਤੇ ਪ੍ਰਭੂ ਦੀ ਭਗਤੀ ਲਈ ਵੀ ਸਮਾਂ ਕਢਦੇ। ਆਪ ਦੀ ਬਾਣੀ ਵਿੱਚ ਫੋਕਟ ਕਰਮਕਾਂਡਾਂ, ਮੂਰਤੀ ਪੂਜਾ ਦੇ ਖੰਡਨ ਦੇ ਨਾਲ-ਨਾਲ ਨੈਤਿਕਤਾ, ਪ੍ਰੇਮ, ਭਗਤੀ, ਨਿਰਭੈਤਾ, ਮਾਇਆ, ਸੰਪਰਦਾਇਕ ਭਾਵਨਾ, ਆਦਿ ਵਿਚਾਰਾਂ ਦੀ ਨਿਸ਼ਾਨਦੇਹੀ ਹੋਈ ਹੈ। ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ॥ ਜੌ ਤੂ ਬ੍ਰਾਹਮਣੁ ਬ੍ਰਾਹਮਣੀ ਜਾਇਆ॥ ਕਬੀਰ ਜੀ ਦੇ ਸਮੇਂ ਵਿੱਚ ਕਈ ਤਰ੍ਹਾਂ ਦੇ ਨਸ਼ਿਆਂ ਨੇ ਲੋਕਾਂ ਨੂੰ ਗ੍ਰੱਸਿਆ ਹੋਇਆ ਸੀ, ਜੋ ਵਿਅਕਤੀ ਦੇ ਮਨ ਤੇ ਬੁਰਾ ਪ੍ਰਭਾਵ ਪਾਉਂਦੇ ਸਨ। ਹਰ ਤਰ੍ਹਾਂ ਦੇ ਨਸ਼ੇ ਵਿਚ ਜ਼ਹਿਰ ਹੁੰਦੀ ਹੈ, ਜੋ ਵਿਅਕਤੀ ਦੇ ਸਰੀਰ ਨੂੰ ਕੁਝ ਸਮੇਂ ਲਈ ਬੇਸੁਰਤ ਕਰਕੇ ਉਸਤੋਂ ਗਲ਼ਤ ਕੰਮ ਕਰਵਾਉਂਦੀ ਹੈ। ਕਬੀਰ ਜੀ ਨੇ ਇਨ੍ਹਾਂ ਨਸ਼ਿਆਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਆਚਰਣ ਤੋਂ ਡਿੱਗੇ ਹੋਏ ਸਿੱਧ ਕੀਤਾ ਹੈ: ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥ ਕਬੀਰ-ਬਾਣੀ ਵਿੱਚ ਡਰ ਜਾਂ ਘਬਰਾਹਟ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਹੈ, ਸਗੋਂ ਉਹ ਵਿਅਕਤੀ ਨੂੰ ਸੂਰਮਾ ਬਣਾਉਣਾ ਲੋਚਦੇ ਸਨ, ਜਿਹੜਾ ਜੰਗੇ-ਮੈਦਾਨ ਵਿਚ ਪੁਰਜ਼ਾ-ਪੁਰਜ਼ਾ ਹੋ ਕੇ ਕੱਟਿਆ ਜਾਂਦਾ ਹੈ, ਪਰ ਆਪਣੇ ਧਰਮ ਦੀ ਪਾਲਣਾ ਹਿੱਤ ਪਿੱਠ ਨਹੀਂ ਵਿਖਾਉਂਦਾ। ਅਜਿਹੇ ਬਹਾਦਰ ਹੀ ਰਣਭੂਮੀ ਵਿੱਚ ਜੂਝ ਮਰਨ ਨੂੰ ਪਹਿਲ ਦਿੰਦੇ ਹਨ: ਗਗਨ ਦਮਾਮਾ ਬਾਜਿਓ ਪਰਿਓ ਨੀਸਾਨੇ ਘਾਓ॥ ਕਬੀਰ ਜੀ ਮੂਰਤੀ ਪੂਜਾ ਜਿਹੇ ਮਿਥਿਆ ਕਰਮਾਂ ਵਿੱਚ ਵਿਸ਼ਵਾਸ ਨਹੀਂ ਸਨ ਰੱਖਦੇ। ਜੋ ਲੋਕ ਪੱਥਰ ਦੀਆਂ ਮੂਰਤਾਂ ਨੂੰ ਪਰਮਾਤਮਾ ਸਮਝ ਕੇ ਪੂਜਦੇ ਹਨ, ਉਨ੍ਹਾਂ ਦੀ ਸਾਰੀ ਪੂਜਾ ਫ਼ਜ਼ੂਲ ਹੈ। ਇਹ ਗੂੰਗੇ ਪੱਥਰ ਪਰਮਾਤਮਾ ਨਹੀਂ ਹੋ ਸਕਦੇ ਤੇ ਨਾ ਹੀ ਕਿਸੇ ਪੱਥਰ ਦੀ ਮੂਰਤੀ ਵਿਚ ਕੋਈ ਦੈਵੀ-ਸ਼ਕਤੀ ਹੁੰਦੀ ਹੈ। ਕਬੀਰ ਜੀ ਦਾ ਫੁਰਮਾਨ ਹੈ: ਜੋ ਪਾਥਰ ਕਉ ਕਹਤੇ ਦੇਵ॥ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ ਅਲਹੁ ਏਕ ਮਸੀਤਿ ਬਸਤੁ ਹੈ ਅਲਹੁ ਮੁਲਖੁ ਕਿਸ ਕੇਰਾ॥ ਕਬੀਰ ਸਭ ਸੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥ ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ॥ ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥ ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ॥ ਕਬੀਰ ਸਾਤ ਸਮੁਦਹਿ ਮਸੁ ਕਰਉ ਕਲਮ ਕਰਉ ਬਨਰਾਇ॥ ਕਬੀਰ ਜੀ ਦੇ ਸਮੇਂ ਵਿਚ ਹਿੰਦੂ, ਮੁਸਲਿਮ, ਬੁੱਧ, ਜੈਨ, ਨਾਥ, ਜੋਗੀ ਆਦਿ ਆਪੋ-ਆਪਣੀ ਥਾਂ ਕਾਰਜਸ਼ੀਲ ਸਨ, ਪਰ ਇਨ੍ਹਾਂ ਦੇ ਆਗੂ ਲੋਕ-ਭਲਾਈ ਦੀ ਥਾਂ ਸੁਆਰਥ ਵਿੱਚ ਗਲਤਾਨ ਸਨ ਅਤੇ ਕੱਟੜਵਾਦੀ ਵਿਚਾਰਧਾਰਾ ਕਰਕੇ ਇਕ-ਦੂਜੇ ਨੂੰ ਭੰਡ ਰਹੇ ਸਨ। ਅਜਿਹੇ ਮਾਹੌਲ ਵਿੱਚ ਲੋਕਾਈ ਨੂੰ ਸਦਾਚਾਰਕ ਸਿੱਖਿਆ ਦੇਣੀ ਵਾਕਈ ਜੋਖਮ ਵਾਲਾ ਕਾਰਜ ਸੀ। ਭਗਤ ਕਬੀਰ ਜੀ ਨੇ ਜਨ-ਸਾਧਾਰਨ ਨਾਲ ਸਾਂਝ ਬਣਾ ਕੇ ਲੋਕ-ਕਾਵਿ ਅਤੇ ਲੋਕ-ਭਾਸ਼ਾ ਵਿਚ ‘ਬ੍ਰਹਮ ਬੀਚਾਰ’ ਕੀਤਾ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
About the author

ਪ੍ਰੋ. ਨਵ ਸੰਗੀਤ ਸਿੰਘ
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015