|
ਕੈਲੀਫ਼ੋਰਨੀਆ ਦੇ ਇਸ ਛੋਟੇ ਜਿਹੇ ਸ਼ਹਿਰ ਦੇ ਖ਼ੂਬਸੂਰਤ ਪਾਰਕ ਦੀ ਨੁੱਕਰ ਵਿੱਚ ਬੈਠੀ ਪੰਜਾਬੀਆਂ ਦੀ ਢਾਣੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਵਾਂਗ ਹਵਾ ਵਿੱਚ ਹਾਸੇ-ਖੁਸ਼ੀਆਂ ਦੇ ਰਮਣੀਕ ਫੁਆਰੇ ਛੱਡ ਰਹੀ ਸੀ…। ਭਾਵੇਂ ਇਸ ਸੱਥ ਦੇ ਹਾਲਾਤ ਅਕਸਰ ਮੱਛੀ ਮਾਰਕਿਟ ਜਿਹੇ ਹੀ ਹੁੰਦੇ, ਪਰ ਅੱਜ ਵਧੀਆ ਮੌਸਮ ਦੇ ਅਨੁਕੂਲ ਹਾਸਿਆਂ ਅਤੇ ਮੁਹੱਬਤਾਂ ਦੀ ਮਹਿਫ਼ਲ ਆਪਣਾ ਜਾਦੂਮਈ ਰੰਗ ਰੂਪ ਦਿਖਾ ਰਹੀ ਸੀ…। “ਉਏ ਡਾਕਟਰਾ!… ਢਾਣੀ ਵਿੱਚੋਂ ‘ਨੌਂ-ਲੱਖੇ’ ਨੇ ਆਪਣੇ ਹੀ ਖਿਆਲਾਂ ‘ਚ ਗੁੰਮ-ਸੁੰਮ ਡਾ. ਪਾਲ ਨੂੰ ਆਪਣੇ ਕੋਲ ਬੁਲਾਉਣ ਦੇ ਇਰਾਦੇ ਨਾਲ਼ ਹੱਥ ਦੇ ਇਸ਼ਾਰੇ ਅਤੇ ਲਾਊਡ ਸਪੀਕਰ ਨੁਮਾ ਉੱਚੀ ਸੁਰ ਵਿੱਚ ‘ਵਾਜ ਮਾਰੀ। ‘ਡਾ. ਪਾਲ’ ਸੱਥ ਦਾ ਪੱਕਾ ਮੈਂਬਰ ਨਾ ਹੁੰਦਿਆ ਵੀ ਸੈਰ ਕਰਦਿਆਂ ਮਨ ਦੇ ਪ੍ਰਚਾਵੇ ਲਈ ਕਦੇ ਕਦਾਈਂ ਇਸ ਇਕੱਠ ਵਿੱਚ ਸ਼ਾਮਲ ਹੋ ਜਾਂਦਾ। ਉੱਥੇ ਸ਼ਾਮਲ ਲੋਕਾਂ ਦੇ ਹਾਸੇ-ਮਖੌਲਾਂ ਅਤੇ ਦੁੱਖ-ਤਕਲੀਫ਼ਾਂ ਦਾ ਆਪਣੇ ਈ ਹਿਸਾਬ ਨਾਲ਼ ਮਨ ਵਿੱਚ ਵਿਸ਼ਲੇਸ਼ਣ ਵੀ ਕਰਦਾ ਰਹਿੰਦਾ। ਆਦਤ ਅਨੁਸਾਰ ਬੋਲਦਾ ਬਹੁਤ ਹੀ ਘੱਟ ਪਰ ਸੁਣਦਾ ਉਸ ਤੋਂ ਕਿਤੇ ਜ਼ਿਆਦਾ। ਭਾਵੇਂ ਕਦੇ-ਕਦਾਈਂ ਮੁਸਕਰਾ ਵੀ ਛੱਡਦਾ, ਪਰ ਖੁੱਲ੍ਹ ਕੇ ਹੱਸਿਆਂ ਤਾਂ ਸ਼ਾਇਦ… ਮੁੱਦਤਾਂ ਹੀ ਹੋ ਗਈਆਂ ਹੋਣ। ਪੰਜਾਬ ਦੇ ਚੁੱਲ੍ਹਾ ਟੈਕਸ ਤੋਂ ਲੈ ਕੇ ਦੁਨੀਆਂ ਭਰ ਦੇ ਵੰਨ-ਸੁਵੰਨੇ ਸਮਾਜਿਕ ਤੇ ਸਿਆਸੀ ਮਸਲਿਆਂ ਉੱਪਰ ਹੁੰਦੀ ‘ਵਿਹਲੜਿਆਂ ਦੀ ਬੇਲੋੜੀ’ ਬਹਿਸ ਵਿੱਚ ਬਹੁਤੇ ਬੋਲਣ ਵਾਲਿਆਂ ਅਤੇ ਚੁਸਤ ਚਲਾਕਾਂ ਦੇ ਦਰਮਿਆਨ ਡਾ. ਪਾਲ ਦਾ ਚੁੱਪ ਰਹਿਣਾ ਉਨਾਂ ਨੂੰ ਬਹੁਤ ਰਾਸ ਆਉਂਦਾ ਸੀ। ਭਾਵੇਂ ਸੁਆਦ ਲੈਣ ਲਈ ਹੀ ਸਹੀ, ਉਹਦੀ ਪਿੱਠ ਪਿੱਛੇ ਉਹ ਡਾ. ਪਾਲ ਨੂੰ ਪੜ੍ਹਿਆ ਲਿਖਿਆ ਅਨਪੜ੍ਹ ਵੀ ਕਹਿ ਦਿੰਦੇ। ਕੋਲ ਹੁੰਦਿਆ ਆਪਣੀਆਂ ਬਿਮਾਰੀਆਂ ਦਾ ਚਿੱਠਾ ਖੋਲ੍ਹ ਕੇ ਮੁਫ਼ਤ ਦਾ ਸਲਾਹ ਮਸ਼ਵਰਾ ਅਤੇ ਅਮਰੀਕਾ ਦੇ ਮਹਿੰਗੇ ਇਲਾਜ ਤੋਂ ਵੀ ਬਚ ਜਾਂਦੇ। ਸੱਥ ਵਿੱਚ ਚੱਲਦੀਆਂ ਬਹੁਤੀਆਂ ਗੱਲਾਂ-ਬਾਤਾਂ ਡਾ. ਪਾਲ ਨੂੰ ਹਲਕੀਆਂ ਅਤੇ ਹਾਸੋਹੀਣੀਆਂ ਹੀ ਲੱਗਦੀਆਂ। ਉਸ ਨੂੰ ਖ਼ੁਦ ਦਾ ਬੋਲਣਾ ਜਾਂ ਕੁਝ ਕਹਿਣਾ ਅੰਦਰੋ-ਅੰਦਰੀ ‘ਊਤ ਲਾਣੇ ਵਿੱਚ ਅਕਲ ਨੂੰ ਕੁੱਟ ਪੈਣ ਵਾਂਗ’ ਹੀ ਮਹਿਸੂਸ ਹੁੰਦਾ, ਪਰ ਫੇਰ ਵੀ ਇਕੱਠ ਵਿੱਚ ਬੈਠਿਆਂ ਪਿੰਡ ਦੀ ਸੱਥ ਦੀ ਯਾਦ ਆ ਜਾਂਦੀ। ਦਹਾਕਿਆਂ ਦੀ ‘ਹਾਈ-ਪ੍ਰੋਫਾਈਲ ਕਾਰਡੀਅਕ ਪ੍ਰੈਕਟਿਸ’ ਤੋਂ ਅੱਕ-ਥੱਕ ਕੇ ਡਾ. ਪਾਲ ਦੁਬਾਰਾ ਪਹਿਲੇ ਸ਼ਹਿਰ ਵਿੱਚ ਆ ਗਿਆ ਸੀ ਜਿੱਥੋਂ ਕਦੇ ਉਸ ਨੇ ਮੈਡੀਕਲ ਸਟੂਡੈਂਟ ਡਾ. ‘ਹਰਪਾਲ ਸਿੰਘ ਸੰਧੂ’ ਦੇ ਤੌਰ ‘ਤੇ ਲੰਮਾ ਕੈਰੀਅਰ ਸ਼ੁਰੂ ਕੀਤਾ ਸੀ। ਨਿਊਯਾਰਕ, ਸਿਐਟਲ, ਸ਼ਿਕਾਗੋ ਅਤੇ ਫੇਰ ਸੈਨ-ਫਰਾਂਸਿਸਕੋ ਵਰਗੇ ਮਹਾਨਗਰਾਂ ਦੀ ਕਾਵਾਂ-ਰੌਲ਼ੀ ਅਤੇ ਦੌੜ-ਭੱਜ ਵਾਲੀ ਜ਼ਿੰਦਗੀ ਤੋਂ ਅੱਕਿਆ ਅਤੇ ਥੱਕਿਆ ਹੋਇਆ ਡਾ. ਪਾਲ ਇਸ ਛੋਟੇ ਸ਼ਹਿਰ ਵਿੱਚ ਆਪਣੇ ਪੰਜਾਬੀਆਂ ਦੇ ਦਰਮਿਆਨ ਕੁਝ ਸਕੂਨ ਮਹਿਸੂਸ ਕਰਨ ਲੱਗ ਪਿਆ ਸੀ। ਸੱਥ ਵਿੱਚ ਉਹ ਕਦੇ ਸੱਥ ਵਾਲਿਆਂ ਦੀਆਂ ਨਬਜ਼ਾਂ ਟੋਹਦਾਂ, ਉਨ੍ਹਾਂ ਦੇ ਦਿਲਾਂ ਦੀਆਂ ਧੜਕਣਾਂ ਨਾਪਦਾ ਅਤੇ ਖੁਸ਼ੀਆਂ ਵੰਡਦਾ ਹੋਇਆ ਖ਼ੁਦ ਨੂੰ ਖ਼ੁਦ ਦੀ ਰੂਹ ਵਿੱਚੋਂ ਚੰਗਾ ਮਹਿਸੂਸ ਕਰਦਾ। ਉਸ ਦੀ ਰੂਹ ਦੇ ਜੜ੍ਹਾਂ ਵਾਲੇ ਅਤੇ ਰਿਸਦੇ ਫਟ ਕੁਛ-ਕੁਛ ਮਿਟਣ ਲੱਗਦੇ…। ਇਲਾਕੇ ਦੇ ਮੰਨੇ ਪ੍ਰਮੰਨੇ ਹਰਟ ਸਪੈਸ਼ਲਿਸਟ ਹੁੰਦਿਆਂ ਵੀ ਸੱਥ ਵਿੱਚ ਫੁੱਟਦੇ ਸਧਾਰਨ ਜਿਹੇ ਹਾਸੇ ਮਜ਼ਾਕ ਉਸ ਨੂੰ ਮੱਲਮ ਪੱਟੀ ਜਿਹੇ ਮਹਿਸੂਸ ਹੁੰਦੇ। ਕਿਸੇ ਵਾਧੂ ਬਹਿਸ ਜਾਂ ਵਿਵਾਦ ਵਿੱਚ ਤਾਂ ਬਿਲਕੁਲ ਹੀ ਨਾ ਪੈਂਦਾ ਅਤੇ ਨਾਨਕ ਦੀ ਜੀਵਨ ਜਾਚ “ਮੂਰਖੈ ਨਾਲਿ ਨ ਲੁਝੀਐ” ਨੂੰ ਮੰਨਦਿਆਂ ਅਤੇ ਵਿਚਾਰਦਿਆਂ ਉੱਥੋਂ ਪੱਤਰਾ ਵਾਚ ਜਾਂਦਾ… ਹਾਰ ਕੇ ਵੀ ਜਿੱਤ ਜਾਂਦਾ। ਗੁਲਾਬ ਦੇ ਫੁੱਲਾਂ ਦੀ ਕੰਡਿਆਂ ਸੰਗ ਯਾਰੀ ਵਾਂਗ ਕਈ ਘਰਾਂ ਦੇ ਸਤਾਏ ਹੋਏ ਅਤੇ ਦਿਮਾਗੀ ਖੁਸ਼ਕੀ ਦੇ ਮਾਰੇ ਹੋਏ ਬੰਦੇ ਐਵੇਂ ਹੀ ਖਹਿਬੜ ਪੈਂਦੇ। ਚੰਗੀ ਭਲੀ ਰੰਗੀਲੀ ਮਹਿਫ਼ਲ ਦਾ ਰੰਗ-ਰਸ ਹੀ ਮਾਰ ਦਿੰਦੇ। ਸੱਥ ਵਿਚਲੇ ਕੁਝ ਲੋਕ ਤਾਂ ਸੱਥ ਦੇ ‘ਵੱਡੇ-ਸਿਰ’ ਵਾਲੇ ‘ਨੌਂ-ਲੱਖੇ’ ਲੀਡਰ ਤੱਕ ਨੂੰ ਵੀ ਨਾ ਬਖਸ਼ਦੇ…! ਜਦ ਕਦੇ ਉਹ ਬਹੁਤਾ ਈ ਬੁੜ੍ਹਕਦਾ ਤਾਂ ਕਹਿ ਦਿੰਦੇ,… “ਇਹ ਕਸੂਰ ਤੇਰਾ ਨਹੀਂ ਹੈ,.. ਸੱਜਣਾ! ਅਕਸਰ ਦੀ ਤਰਾਂ ਈ ਅੱਜ ਫਿਰ ਡਾ. ਪਾਲ ਦਾ ਮਨ ਆਪਣੇ ਅਤੀਤ ਵਿੱਚ ਗੁਆਚਾ ਹੋਇਆ ਫਿਰਦਾ ਹੈ। ਮੈਡੀਕਲ ਡਾਕਟਰ ਹੁੰਦਿਆਂ ਉਹ ਭਲੀ ਭਾਂਤ ਜਾਣਦਾ ਹੈ ਕਿ ਮਨੁੱਖ ਦਾ ਮਨ ਇਸ ਦੁਨੀਆ ਦੀ ਸੱਭ ਤੋਂ ਤਾਕਤਵਰ ਅਤੇ ਤੇਜ਼ ‘ਸ਼ੈਅ’ ਹੈ ਜੋ ਨੈਨੋ-ਸੈਕਿੰਡ ਵਿੱਚ ਬੰਦੇ ਨੂੰ ਦੂਰ-ਦੁਰਾਡੇ ਅਤੇ ਜਾਣੇ-ਅਣਜਾਣੇ ਰਾਹਾਂ ਤੇ ਥਾਹਾਂ ‘ਚ ਘੁਮਾ ਲਿਆਉਂਦੀ ਹੈ। ਬੰਦੇ ਲਈ ਮਨ ਦਾ ਜਿੱਤਣਾ ਬਹੁਤ ਮੁਸ਼ਕਲ ਕਾਰਜ ਹੈ ਅਤੇ ਡੋਲਦਾ ਹੋਇਆ ਮਨ ਸਥਾਈ ਤੇ ਅਸਥਾਈ ਮਾਨਸਿਕ ਸੰਕਟ ਖੜ੍ਹੇ ਕਰ ਜਾਂਦਾ ਹੈ! ਕੋਈ ਤੀਹ ਕੁ ਸਾਲ ਪਹਿਲਾਂ ‘ਹਰਪਾਲ ਸਿੰਘ ਸੰਧੂ’ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਅਜੇ ਦਾਖ਼ਲ ਹੀ ਹੋਇਆ ਸੀ ਕਿ ਉਸ ਦਾ ਵਾਹ ‘ਡੌਲੀ (ਦਿਲਜੀਤ) ਗਰੇਵਾਲ’ ਨਾਲ ਪੈ ਗਿਆ। ਮੈਡੀਕਲ ਕਾਲਜ ਦੀ ਰੈਗਿੰਗ ਦਾ ਨਾਮ ਸੁਣਦਿਆਂ ਹੀ ਨਵੇਂ ਵਿਦਿਆਰਥੀਆਂ ਨੂੰ ਤਾਂ ਬੁਖ਼ਾਰ ਜਿਹਾ ਚੜ੍ਹ ਜਾਂਦਾ ਸੀ। ਕਾਲਜ ਦੇ ਸੀਨੀਅਰ ਵਿਦਿਆਰਥੀ ਆਪਣੀ ਖ਼ੁਦ ਦੀ ਹੋ ਚੁੱਕੀ ਰੈਗਿੰਗ ਦਾ ਬਦਲਾ ਵਿਆਜ ਸਮੇਤ ਅਗਲੀ ਕਲਾਸ ਦੀ ਪਨੀਰੀ ਤੋਂ ਲੈਂਦੇ ਸਨ। ਪ੍ਰੋਫੈਸ਼ਨਲ ਕਾਲਜਾਂ ਵਿੱਚ ਇਹ ਸਿਲਸਿਲਾ ਚੱਲਦਾ ਆਇਆ ਹੈ ਅਤੇ ਚੱਲਦਾ ਰਹੇਗਾ। ਇਸ ਲੰਮੀ-ਚੌੜੀ ਅਤੇ ਔਖੀ ਘੜੀ ਦੇ ਖੱਟੇ-ਮਿੱਠੇ ਪਲਾਂ ਵਿਚੋਂ ਕੁਝ ਕੁ ਪਲ ਡਾ. ਹਰਪਾਲ ਦੀ ਰੂਹ ਅੰਦਰ ਵੀ ਵਸ ਗਏ ਸਨ। ਕਿਹੜੇ ਕਿਹੜੇ ਸ਼ੌਕ ਪਾਲ਼ ਰੱਖੇ ਆ… ਤੂੰ ਮੁੰਡਿਆ? “ਬਸ ਕੁਛ ਨੀ ਜੀ… “ਹੋਰ ਕੋਈ ਸ਼ੌਕ…ਨਹੀਂ ਪਾਲ਼ਿਆ ਨਵਾਬਾਂ ਵਾਲਾ? ‘ਚੈੱਕ-ਚੁਕ’ ਦਾ ਘਬਰਾਇਆ ਅਤੇ ਚਕਰਾਇਆ ਹਰਪਾਲ ਬੋਲਿਆ,… “ਹੈਂਅ… ਹੈਂਅ… ਹੈਂਅ… ਕਬੱਡੀ? ਤੇ ਪੇਂਡੂ ਗੇਮਾਂ? “ਚਲੋ ਛੱਡੋ ਵੀ ਯਾਰ… ਹੁਣ ਹਰਪਾਲ ਨੂੰ ਮਹਿਸੂਸ ਹੋਇਆ ਕਿ ਹਾਲ ਦੀ ਘੜੀ ਖੱਲ ਲਹਿੰਦੀ-ਲਹਿੰਦੀ ਬਚ ਗਈ… ਅਗਲੀ ਵਾਰੀ ਫੇਰ ਦੇਖੀ ਜਾਊ…। ਉਸ ਨੇ ਅੱਖ ਚੁਰਾ ਕੇ ਡੌਲੀ ਗਰੇਵਾਲ ਵੱਲ ਦੇਖਿਆ… ਤਾਂ ਉਹ ਅੱਖਾਂ ਈ ਅੱਖਾਂ ਵਿੱਚ ਮੁਸਕਰਾ ਪਈ। ਪਹਿਲੀ ਮੁਲਾਕਾਤ ਤੋਂ ਕਈ ਦਿਨ ਬਾਅਦ… ਹਰਪਾਲ ਨੂੰ ਕਾਲਜ ਦੀ ਕੈਨਟੀਨ ਵੱਲੋਂ ਆਉਂਦੀਆਂ ਕੁੜੀਆਂ ਦੇ ਝੁੰਡ ਵਿੱਚ ਡੌਲੀ ਗਰੇਵਾਲ ਵੀ ਦਿਸ ਪਈ। ਜਿਵੇਂ ਚਾਰ ਅੱਖੀਆਂ ਇੱਕ ਦੂਸਰੇ ਦਾ ਸਿਰਨਾਵਾਂ ਹੀ ਭਾਲਦੀਆਂ ਹੋਣ। ਸਹੇਲੀਆਂ ਦੇ ਝੁੰਡ ਵਿੱਚ ਹੁੰਦੀ ਹੋਈ ਵੀ ਲੰਘਦੀ-ਲੰਘਦੀ ਡੌਲੀ ਹਰਪਾਲ ਦੀਆਂ ਸੰਗਾਉੂ ਅੱਖਾਂ ਨਾਲ਼ ਗੱਲ ਕਰ ਗਈ… । ਮੁਹੱਬਤੀ ਸੱਜਣ ਦੀ ਮੁਹੱਬਤੀ ਝਲਕ ਹਰਪਾਲ ਨੂੰ ਹੌਸਲਾ ਦਿੰਦੀ ਹੋਈ ਜ਼ਿੰਦਗੀ ਦੀ ਸਤਰੰਗੀ ਪੀਂਘ ‘ਤੇ ਚੜ੍ਹਾ ਗਈ। ਉਹ ਮਨ ਹੀ ਮਨ ਲੋਕ ਬੋਲੀਆਂ ਗੁਣਗੁਣਾਉਂਦਾ ਫਿਰਦਾ… ਪੱਲਾ ਮਾਰ ਕੇ ਬੁਝਾ ਗਈ ਦੀਵਾ ਜ਼ਿੰਦਗੀ ਦੇ ਅਗਲੇ ਕਈ ਸੁਨਹਿਰੇ ਸਾਲ ਮੈਡੀਕਲ ਕਾਲਜ ਵਿੱਚ ਕਿੰਝ ਬੀਤ ਗਏ ਇਸ ਦਾ ਪਤਾ ਨਾ ਹਰਪਾਲ ਅਤੇ ਨਾ ਹੀ ਡੌਲੀ ਨੂੰ ਲੱਗਿਆ। ਅੰਮ੍ਰਿਤਸਰ ਉਨ੍ਹਾਂ ਨੂੰ ਆਪਣਾ ਘਰ ਮਹਿਸੂਸ ਹੁੰਦਾ। ਲਾਰੈਂਸ ਰੋਡ ਦੀਆਂ ਰੰਗੀਨ ਅਤੇ ਹੁਸੀਨ ਸ਼ਾਮਾਂ ਕਿਸੇ ਸਵਰਗ ਤੋਂ ਘੱਟ ਮਹਿਸੂਸ ਨਹੀਂ ਹੁੰਦੀਆਂ ਸਨ। ਦਿਲ ਦੀਆਂ ਰੀਝਾਂ-ਚਾਵਾਂ ਨਾਲ ਵਸਾਏ ਅਤੇ ਸਮੇਂ ਦੇ ਨਾਲ਼ ਉੱਜੜ ਚੁੱਕੇ ਪ੍ਰੀਤ ਨਗਰ ਵਿੱਚ ਉਨ੍ਹਾਂ ਨੂੰ ਗੁਰਬਖ਼ਸ਼ ਪ੍ਰੀਤਲੜੀ ਦੇ ਦਿਲ ਦੀ ਮੁਹੱਬਤ ਮਹਿਸੂਸ ਹੁੰਦੀ। ਭਾਈ ਵੀਰ ਸਿੰਘ ਹਰਪਾਲ ਨੂੰ ਅੰਗ-ਸੰਗ ਵਿਚਰਦਾ ਹੀ ਲੱਗਦਾ। ਕਦੇ ਕਦੇ ਵਾਹਗੇ ਬਾਰਡਰ ਦੀ ਪਰੇਡ ਵੀ ਦੇਖ ਆਉਂਦੇ। ਖ਼ਾਲਸਾ ਕਾਲਜ ਅਤੇ ਯੂਨੀਵਰਸਿਟੀ ਦੇ ਖ਼ੂਬਸੂਰਤ ਕੈਂਪਸ ਦੀ ਰੌਣਕ ਵੱਲ ਵੀ ਗੇੜਾ ਕੱਢ ਆਉਂਦੇ, ਦੋਸਤਾਂ ਮਿੱਤਰਾਂ ਨੂੰ ਮਿਲ ਆਉਂਦੇ। ਕੇਸਰ ਦੇ ਢਾਬੇ ‘ਤੇ ਦੇਸੀ ਘਿਉ ਦੇ ਪਰੌਂਠੇ ਖਾਣ ਚਲੇ ਜਾਂਦੇ ਅਤੇ ਪੁਤਲੀ ਘਰ ਮਹਾਜਨ ਦੀਆਂ ਗਰਮੋ-ਗਰਮ ਗੁਲਾਬ ਜਾਮਨਾਂ ਖਾਂਦੇ। ਜਿੰਦਗੀ ਦੇ ਰਮਣੀਕ ਅਤੇ ਮੁਹੱਬਤੀ ਪਲ ਖ਼ੂਬਸੂਰਤ ਰੂਹਾਂ ਦੇ ਸੰਗ ਕਿੱਕਲੀਆਂ ਪਾਉਂਦੇ ਫਿਰਦੇ। ਪਰ ਵਕਤ ਤਾਂ ਕਦੇ ਰੋਕਿਆਂ ਨਾ ਰੁਕਦਾ, ਦੋਸਤੋ! ਡੌਲੀ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਅਤੇ ਹਰਪਾਲ ਆਖ਼ਰੀ ਸਾਲ ਵਿੱਚ ਸੀ। ਹਰਪਾਲ ਆਪਣੀ ਅਗਲੀ ਪੜ੍ਹਾਈ ਅਤੇ ਸਪੈਸ਼ਲਟੀ ਅਮਰੀਕਾ ਵਿੱਚ ਪੂਰੀ ਕਰਨ ਦੇ ਬਾਅਦ ਡੌਲੀ ਨਾਲ ਜ਼ਿੰਦਗੀ ਬਤੀਤ ਕਰਨੀ ਚਾਹੁੰਦਾ ਸੀ। ਡੌਲੀ ਭਾਵੇਂ ਆਪਣੇ ਮਾਂ ਬਾਪ ਦੀ ਇਕਲੌਤੀ ਔਲਾਦ ਹੁੰਦਿਆਂ ਉਨ੍ਹਾਂ ਨੂੰ ਇਕੱਲਿਆਂ ਛੱਡ ਕੇ ਪਰਦੇਸ ਨਹੀਂ ਜਾਣਾ ਚਾਹੁੰਦੀ ਸੀ, ਪਰ ਉਹ ਹਰਪਾਲ ਦੇ ਇਸ ਫ਼ੈਸਲੇ ਨਾਲ ਸਹਿਮਤ ਸੀ ਕਿ ਉਹ ਅਮਰੀਕਾ ਵਿੱਚ ਅਗਲੀ ਪੜ੍ਹਾਈ ਪੂਰੀ ਕਰ ਕੇ ਵਾਪਸ ਪੰਜਾਬ ਮੁੜ ਆਵੇ। ਇਸ ਸਹਿਮਤੀ ਨਾਲ ਹਰਪਾਲ ਅਮਰੀਕਾ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਆ ਵਸਿਆ ਅਤੇ ਫੇਰ ਅਮਰੀਕਾ ਦੀ ਮੈਡੀਕਲ ਸਪੈਸ਼ਲਟੀ ਦੀ ਲੰਮੀ ਪੜ੍ਹਾਈ ਦੇ ਚੱਕਰਾਂ ਵਿੱਚ ਪੈ ਗਿਆ। ਸਮੇਂ ਦੇ ਗੇੜ ਨੇ ਉਸ ਨੂੰ ਕਾਫੀ ਮਧੋਲਿਆ। ਨਾ ਚਾਹੁੰਦਿਆਂ ਹੋਇਆਂ ਵੀ ਉਹ ਡੌਲੀ ਨਾਲੋਂ ਟੁੱਟਦਾ-ਟੁੱਟਦਾ ਟੁੱਟ ਹੀ ਗਿਆ। ਕੱਲ੍ਹ ਦੇ ਅੰਮ੍ਰਿਤਸਰ ਕਾਲਜ ਵਾਲਾ ‘ਡਾ. ਹਰਪਾਲ ਸਿੰਘ ਸੰਧੂ’ ਤੇ ਅੱਜ ਦੇ ਕੈਲੀਫ਼ੋਰਨੀਆ ਵਾਲਾ ਹਰਟ ਸਪੈਸ਼ਲਿਸਟ ‘ਡਾ. ਪਾਲ’ ਆਪਣੇ ਕੈਰੀਅਰ ਦੀਆਂ ਪੌੜੀਆਂ ਚੜ੍ਹਦਾ ਗਿਆ। ਵਕਤ ਨਾਲ ਡਾ. ਡੌਲੀ ਗਰੇਵਾਲ ਦੀ ਜਗ੍ਹਾ ਡਾ. ਪਾਲ ਨਾਲ਼ ਪੜ੍ਹਦੀ ਅਤੇ ਕੰਮ ਕਰਦੀ ‘ਡਾ. ਮਰੀਆ ਸਮਿਥ’ ਨੇ ਲੈ ਲਈ। ਬਹੁਤ ਚੰਗੇ ਅਤੇ ਨਰਮ ਸੁਭਾਅ ਵਾਲੀ ਡਾ਼. ਮਰੀਆ ਸਮਿਥ ਖ਼ੁਦ ਇੱਕ ਨਾਮੁਰਾਦ ਕੈਂਸਰ ਨਾਲ ਜੂਝਦਿਆਂ ਇਸ ਸੰਸਾਰ ਤੋਂ ਰੁਖ਼ਸਤ ਹੋ ਗਈ। ਉਨ੍ਹਾਂ ਦਾ ਇਕੱਲਾ ਛੈਲ-ਛਬੀਲਾ ਅਤੇ ਹੋਣਹਾਰ ਪੁੱਤਰ ‘ਗੈਰੀ ਸੰਧੂ’ ਅਚਾਨਕ ਭਰ ਜਵਾਨੀ ਵਿੱਚ ‘ਮੈਸਵ ਕਾਰਡੀਅਕ ਅਰੈਸਟ’ – ਦਿਲ ਦੇ ਦੌਰੇ ਨਾਲ ਬੇਵਕਤ ਤੁਰ ਗਿਆ। ਪੈਸੇ-ਧੇਲੇ ਅਤੇ ਨਾਮ-ਸ਼ੁਹਰਤ ਦੀ ਕੋਈ ਕਮੀ ਨਹੀਂ ਸੀ, ਪਰ ਡਾ. ਪਾਲ ਅੰਦਰੋਂ ਅੰਦਰੀ ਟੁੱਟ ਗਿਆ ਅਤੇ ਉਸ ਦੀ ਚੁੱਪ ਵਿੱਚ ਸੱਭ ਤੋਂ ਵੱਧ ਸ਼ੋਰ ਇਹੋ ਹੀ ਹੁੰਦਾ ਸੀ ਕਿ ਖ਼ੁਦ ਹਰਟ ਸਪੈਸ਼ਲਿਸਟ ਹੁੰਦਿਆਂ ਵੀ ਉਹ ਆਪਣਿਆਂ ਲਈ ਕੁਝ ਨਹੀਂ ਕਰ ਸਕਿਆ ਅਤੇ ਨਾ ਹੀ ਡਾ. ਡੌਲੀ ਗਰੇਵਾਲ ਦੀਆਂ ਇੱਛਾਵਾਂ ਹੀ ਪੂਰੀਆਂ ਕਰ ਸਕਿਆ। ਇਹ ਦੁੱਖ ਉਸ ਦੀ ਰੂਹ ਅੰਦਰ ਘਰ ਚੁੱਕਾ ਸੀ। ਪ੍ਰਛਾਵੇਂ ਖ਼ੁਦ ਨਾਲੋਂ ਲੰਮੇ ਹੋਣੇ ਸ਼ੁਰੂ ਹੋ ਗਏ ਅਤੇ ਡਾ. ਪਾਲ ਨੂੰ ਅਤੀਤ ਸਤਾਉਣ ਲੱਗਾ। ਵਿਸਰੀਆਂ ਰਾਹਾਂ ਦੇ ਪਾਂਧੀ ਅਤੇ ਹੱਸਦੇ-ਵੱਸਦੇ ਜ਼ਿੰਦਗੀ ਦੇ ਬਾਗ਼ ਮਨ ਦੇ ਕੈਨਵਸ ਦੀਆਂ ਯਾਦਾਂ ਵਿੱਚੋਂ ਉੱਭਰਨੇ ਸ਼ੁਰੂ ਹੋਏ। ਵਾਪਸ ਪੰਜਾਬ ਪਹੁੰਚ ਗਿਆ ਅਤੇ ਮਨ ਦੀਆਂ ਨਜ਼ਰਾਂ ਡਾ. ਡੌਲੀ ਗਰੇਵਾਲ ਨੂੰ ਢੂੰਡਣ ਲੱਗੀਆਂ। ਅੰਮ੍ਰਿਤਸਰ ਦੀਆਂ ਯਾਦਾਂ ਸਿਰਫ਼ ਯਾਦਾਂ ਹੀ ਰਹਿ ਗਈਆਂ… ਨਾ ਉਹ ਲਾਰੈਂਸ ਰੋਡ ਰਹੀ, ਨਾ ਪੁਤਲੀਘਰ ਅਤੇ ਨਾ ਹੀ ਪ੍ਰੀਤ ਨਗਰ ਹੀ। ਸਮੇਂ ਦੇ ਨਾਲ਼ ਸਭ ਕੁਝ ਬਦਲ ਗਿਆ। ਕਿਲਾ ਰਾਏਪੁਰ ਜੋ ਕਦੇ ਉਸ ਦਾ ਦੂਸਰਾ ਘਰ ਹੁੰਦਾ ਸੀ… ਉਸ ਦੇ ਉਦਾਸ ਮਨ ਨੂੰ ਵਿਰਾਨ, ਉਜਾੜ-ਬੀਆਬਾਨ ਜਾਪਿਆ। ਦੁੱਖ ਅਤੇ ਪਛਤਾਵਾ ਹੀ ਬਾਕੀ ਰਹਿ ਗਿਆ। ਕੁਝ ਜਾਣਕਾਰਾਂ ਕੋਲੋਂ ਪਤਾ ਲੱਗਾ ਕਿ ਡੌਲੀ ਗਰੇਵਾਲ ਨੇ ਖ਼ੁਦ ਦਾ ਹਸਪਤਾਲ ਖੋਲ੍ਹਣ ਦਾ ਹੌਸਲਾ ਅਤੇ ਫੈਸਲਾ ਇਸ ਆਸ ਵਿੱਚ ਕੀਤਾ ਸੀ ਕਿ ਹਰਪਾਲ ਜਲਦੀ ਵਾਪਸ ਆਵੇਗਾ। ਲੰਮੀਆਂ ਉਡੀਕਾਂ ਵਿੱਚ ਪਤਾ ਹੀ ਨਾ ਲੱਗਾ ਕਦੋਂ ਜ਼ਿੰਦਗੀ ਦੀ ਸ਼ੁਰੂਆਤ ਜ਼ਿੰਦਗੀ ਦੇ ਅੰਤ ਵੱਲ ਨੂੰ ਖਿਸਕ ਗਈ। ‘ਘਰ ਵਸਾਉਣ’ ਵਾਸਤੇ ਮਾਪਿਆਂ ਦੇ ਪਾਏ ਜ਼ੋਰ ਅੱਗੇ ਝੁਕਦਿਆਂ ਵਿਆਹ ਤਾਂ ਕਰਵਾਇਆ, ਪਰੰਤੂ ਉਹ ਵੀ ਨਾ ਹੋਣ ਜਿਹਾ ਹੀ। ਸਾਲ ਕੁ ਬਾਅਦ ਹੀ ਰਸਤੇ ਬਦਲ ਗਏ। ਇੱਕੋ ਇੱਕ ਲੜਕੀ ਨੂੰ ਡਾਕਟਰ ਬਣਾ ਪਰਦੇਸ ਤੋਰ ਦਿੱਤਾ। ਖ਼ੁਦ ਨੂੰ ਲੋਕ ਸੇਵਾ ਹਿਤ ਸਮਰਪਿਤ ਕਰਦਿਆਂ ਅਤੇ ਦਿਲ ਦੀਆਂ ਦਿਲ ਵਿੱਚ ਲੈ ਕੇ ਡਾ. ਡੌਲੀ ਖ਼ੁਦ ਇੱਕ ਮੰਦਭਾਗੀ ਸੜਕ ਦੁਰਘਟਨਾ ਵਿੱਚ ਕਿਤੇ ਦੂਰ ਦੇਸ਼ ਚਲੇ ਗਈ। ਦੋ ਕੁ ਸਾਲ ਪਹਿਲਾਂ ਹਸਪਤਾਲ ਦੇ ਬੈਡ ‘ਤੇ ਪਿਆ ਡਾ. ਪਾਲ ਆਪਣੇ ਮਨ ਨਾਲ਼ ਗੁਫ਼ਤਗੂ ਕਰ ਰਿਹਾ ਹੈ,… “ਯਾਰ… ਇਹ ਕੇਹਾ ਮਜ਼ਾਕ ਹੈ ਕਿ ਹਰਟ ਅਟੈਕ ‘ਆਉਣ ਅਤੇ ਢਾਉਣ’ ਤੋਂ ਪਹਿਲਾਂ ਇਹ ਵੀ ਨਹੀਂ ਸੋਚਦਾ ਕਿ ਬੰਦਾ ਖ਼ੁਦ ਹਰਟ ਸਪੈਸ਼ਲਿਸਟ ਹੈ? ਫੇਰ ਖ਼ੁਦ ਹੀ ਜਵਾਬ ਦੇਂਦਾ ਹੈ,…”ਹਰਪਾਲ ਸਿਆਂ! … ਸੱਚ ਇਹ ਵੀ ਹੈ ਕਿ ਅਨੇਕਾਂ ਹਰਟ ਸਪੈਸ਼ਲਿਸਟ ਹਰਟ ਅਟੈਕ ਨਾਲ਼ ਈ ਮਰਦੇ ਹਨ! ਤੇ… ਆਹ ਇਤਫ਼ਾਕ ਵੀ ਕਿ ਜਿਸ ਬਲਾਕ ਵਿੱਚ ਤੂੰ ਪਿਆ ਏਂ ਇਹ ਵੀ ਇਲਾਕੇ ਦੇ ਮੰਨੇ-ਪ੍ਰਮੰਨੇ ਦਿਲ ਦੇ ਮਾਹਰ ਡਾਕਟਰ ਦੀ ਯਾਦ ਵਿੱਚ ਬਣਾਇਆ ਗਿਆ ਹੈ ਜੋ ਖ਼ੁਦ ਵੀ ਹਰਟ ਅਟੈਕ ਨਾਲ਼ ਮਰਿਆ ਸੀ!” ਸੋਚਾਂ ਵਿੱਚ ਡੁੱਬੇ ਡਾ. ਪਾਲ ਦੇ ਕਮਰੇ ਦਾ ਅਚਾਨਕ ਬੂਹਾ ਖੜਕਾ ਕੇ ਨਰਸ ਬੋਲੀ,…”ਡਾ. ਪਾਲ ਹੁਣ ਤੁਸੀਂ ਬਿਲਕੁਲ ਦਰੁਸਤ ਹੋ। ਹਸਪਤਾਲ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਤੁਹਾਡੇ ਸਰਜਨ ਨੇ ਗੱਲ ਕਰਨੀ ਹੈ। ਉਹ ਰਸਤੇ ਵਿੱਚ ਆ ਹੀ ਰਹੀ ਹੈ, ਕੀ ਤੁਸੀਂ ਕੁਝ ਸਮਾਂ ਇੰਤਜ਼ਾਰ ਕਰ ਸਕਦੇ ਹੋ?” ਪੰਜ-ਸੱਤ ਮਿੰਟ ਬਾਅਦ ਉਸ ਦੀ ਸਰਜਨ ਅੰਦਰ ਆਈ ਅਤੇ ਆਪਣੇ ਹੱਸਮੁੱਖ ਚਿਹਰੇ ‘ਤੇ ਮੁਸਕਾਨ ਲਿਆਉਂਦੀ ਇੱਕੋ ਸਾਹੇ ਬੋਲੀ,…”ਡਾ. ਹਰਪਾਲ ਸਿੰਘ ਸੰਧੂ ਜੀ, ਮੇਰਾ ਨਾਮ ਰਿੰਮੀ ਸਹੋਤਾ ਹੈ, ਮੈਂ ਹੀ ਤੁਹਾਡੀ ਸਰਜਰੀ ਕੀਤੀ ਸੀ। ਤੁਸੀਂ ਬਿਲਕੁਲ ਠੀਕ ਹੋ। ਪਿਛਲੇ ਕਈ ਦਿਨਾਂ ਤੋਂ ਦੂਸਰੀਆਂ ਸਰਜਰੀਆਂ ਵਿੱਚ ਵਿਅਸਤ ਹੋਣ ਕਾਰਨ ਮੈਂ ਤੁਹਾਨੂੰ ਮਿਲ ਨਹੀਂ ਸਕੀ। ਕੱਲ ਤੁਸੀਂ ਸੌਂ ਰਹੇ ਸੀ ਤੇ ਮੈਂ ਜਗਾਉਣਾ ਬੇਹਤਰ ਨਹੀਂ ਸਮਝਿਆ!” ਅਮਰੀਕਾ ਵਿੱਚ ਪਹਿਲੀ ਵਾਰੀ ਆਪਣਾ ਅੰਬਰਸਰੀ ਨਾਮ ਸੁਣਦਿਆਂ ਅਤੇ ਡਾ. ਰਿੰਮੀ ਦੇ ਮੂੰਹੋਂ ਐਨੀਆਂ ਗੱਲਾਂ ਇਕੋ ਸਾਹੇ ਸੁਣਦਿਆਂ ਡਾ. ਪਾਲ ਕਦੇ ਉਸ ਦੇ ਮੂੰਹ ਵੱਲ ਅਤੇ ਕਦੇ ਖ਼ੁਦ ਵੱਲ ਝਾਕ ਰਿਹਾ ਸੀ। ਉਸ ਦੀ ਹੈਰਾਨਗੀ ਨੂੰ ਭਾਂਪਦਿਆਂ ਡਾ. ਰਿੰਮੀ ਬੋਲੀ,…”ਮੁਆਫ਼ ਕਰਨਾ, ਮੈਂ ਕੇਸ ਸਟੱਡੀ ਦੇ ਨਾਲ਼ ਈ ਤੁਹਾਡੀ ਬੈਗਰਾਊਂਡ ਤੇ ਵੀ ਨਿਗ੍ਹਾ ਮਾਰੀ ਸੀ। ਇਸ ਲਈ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਸੀ,… ਅੰਕਲ ਜੀ?” ‘ਡਾ. ਹਰਪਾਲ ਸੰਧੂ’ ਤੋਂ ‘ਅੰਕਲ ਜੀ’ ਵਿੱਚ ਬਦਲਦਿਆਂ ਉਸ ਦਾ ਦਿਲ ਫੇਰ ਧੱਕ-ਧੱਕ ਕਰਨ ਲੱਗ ਪਿਆ। ਉਸ ਨੂੰ ਡਰ ਲੱਗਣ ਲੱਗਾ ਕਿ ਕਿਤੇ ਇਕ ਹੋਰ ਹਰਟ ਅਟੈਕ ਈ ਨੀ ਹੋ ਜਾਵੇ! ਉਸ ਨੇ ਕਿਹਾ,…”ਹਾਂ ਬੇਟੀ ਜੀ, ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ, ਤੁਸੀਂ?” ਡਾ. ਪਾਲ ਦਾ ‘ਬੇਟੀ’ ਕਹਿਣਾ ਡਾ. ਰਿੰਮੀ ਦੀ ਰੂਹ ਨੂੰ ਧੂਹ ਪਾ ਗਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ। ਖ਼ੁਦ ਦੇ ਮਨ ਨੂੰ ਕਾਬੂ ਕਰਦਿਆਂ ਉਸ ਨੇ ਆਖਿਆ,…” ਅੰਕਲ ਜੀ, ‘ਡੌਲੀ-ਦਿਲਜੀਤ-ਗਰੇਵਾਲ’ ਨਾਮ ਨਾਲ਼ ਕੋਈ ਜਾਣ-ਪਛਾਣ ਜਾਂ ਯਾਦ ਮਨ ਵਿੱਚ ਆਉਂਦੀ ਹੈ?” ਜ਼ੁਬਾਨ ਦੀ ਹਰਕਤ ਤੋਂ ਪਹਿਲਾਂ ਈ ਡਾ. ਪਾਲ ਦੀਆਂ ਅੱਖਾਂ ਨੇ ਝੜੀ ਲਾ ਦਿੱਤੀ ਅਤੇ ਮੋਤੀਆਂ ਵਰਗੇ ਕਿਰਦੇ ਹੰਝੂ ਉਸ ਦੀ ਕੱਟੀ ਹੋਈ ਸਫੇਦ ਦਾੜ੍ਹੀ ਨੂੰ ਪਾਰ ਕਰਦਿਆਂ ਧੁਰ ਗਰਦਨ ਤੱਕ ਪਹੁੰਚ ਗਏ। ਬਿਨਾ ਕਿਸੇ ਜਵਾਬ ਦੀ ਉਡੀਕ ਕਰਦਿਆਂ ਡਾ. ਰਿੰਮੀ ਬੋਲੀ,… “ਡਾ. ਹਰਪਾਲ ਸਿੰਘ ਸੰਧੂ ਜੀ, ਤੁਹਾਨੂੰ ਕੁਛ ਵੀ ਕਹਿਣ ਦੀ ਜ਼ਰੂਰਤ ਨਹੀਂ! ਪਰ ਮੈਨੂੰ ਇਹ ਦੱਸਣ ਦੀ ਜਰੂਰਤ ਹੈ ਕਿ ਮੈਂ… ਉਸੀ ਡਾ. ਡੌਲੀ ਗਰੇਵਾਲ ਦੀ ਬਦਨਸੀਬ ਧੀ ਹਾਂ। ਜਿਉਂਦੇ ਜੀਅ… ਉਸ ਨੇ ਸਾਰੀ ਦਾਸਤਾਨ ਮੇਰੇ ਨਾਲ ਸਾਂਝੀ ਕੀਤੀ ਸੀ ਅਤੇ ਵਾਅਦਾ ਵੀ ਲਿਆ ਸੀ ਕਿ ਹੋ ਸਕੇ ਤਾਂ ਇੱਕ ਦਿਨ ਮੈਂ ਤੁਹਾਨੂੰ ਜ਼ਰੂਰ ਮਿਲਾਂ ਅਤੇ ਇਹ ਵੀ ਦੱਸ ਦੇਵਾਂ ਡੌਲੀ ਗਰੇਵਾਲ ਨੇ ਤੁਹਾਡਾ ਬਹੁਤ ਇੰਤਜ਼ਾਰ ਕੀਤਾ…!” ਆਪਣੀ ਮੁਲਾਕਾਤ ਇੰਜ ਹੋਵੇਗੀ ਇਸ ਦਾ ਅੰਦਾਜ਼ਾ ਨਾ ਉਸ ਨੂੰ ਅਤੇ ਨਾ ਮੈਨੂੰ ਹੀ ਸੀ। ਆਪਣੇ ਸਮਾਰਟ ਫੋ਼ਨ ਵਿੱਚੋਂ ਇੱਕ ਪੁਰਾਣੀ ਫੋਟੋ ਕੱਢਦਿਆਂ ਅਤੇ ਡਾ. ਪਾਲ ਨੂੰ ਦਿਖਾਉਂਦਿਆਂ ਉਹ ਬੋਲੀ,…”ਆਹ.. ਦੇਖ ਲੈ ਮੌਮ! ਮੈਂ ਆਪਣਾ ਵਾਅਦਾ ਨਿਭਾ ਦਿੱਤਾ! ਆਹ… ਆਪਣੇ ਡਾ. ਹਰਪਾਲ ਸਿੰਘ ਸੰਧੂ ਨੂੰ ਵੀ ਭਾਵੇਂ ਪੁੱਛ ਲਵੋ!” ਡਾ. ਪਾਲ ਆਪਣੀ ਅਤੇ ਡਾ. ਡੌਲੀ ਦੀ ਤੀਹ ਕੁ ਸਾਲ ਪੁਰਾਣੀ ਅੰਬਰਸਰ ਮੈਡੀਕਲ ਕਾਲਜ ਵੇਲਿਆਂ ਦੀ ਫੋਟੋ ਦੇਖ ਕੇ ਦੋਹਾਂ ਹੱਥਾਂ ਨਾਲ਼ ਅੱਖਾਂ ‘ਚੋਂ ਛਲਕਦੇ ਹੰਝੂਆਂ ਨੂੰ ਸਾਫ਼ ਕਰਦਿਆਂ ਬਸ ਐਨਾ ਕੁ ਹੀ ਬੋਲ ਸਕਿਆ “ਹੋ ਸਕੇ ਤਾਂ… ਮੈਨੂੰ ਮੁਆਫ਼ ਕਰਨਾ, ਡੌਲੀ ਜੀ… ਤੂੰ ਤਾਂ ਲੋਕਾਂ ਨੂੰ ਜ਼ਿੰਦਗੀਆਂ ਦਿੰਦੀ ਏਂ… ਤੂੰ ਤਾਂ ‘ਕਰਮਾਂ ਵਾਲੀ’ ਏਂ,… ਜ਼ਿੰਦਗੀ ਦੇ ਹੱਸਦੇ ਵੱਸਦੇ ਬਾਗ ਚਿਰ ਪਹਿਲਾਂ ਉੱਜੜ ਗਏ… ਫੇਰ ਵੀ ਰਿੰਮੀ ਬੇਟੀ ਦੇ ਆਸਰੇ ਅਤੇ ਖ਼ੁਦ ਦੀ ਰੂਹ ਦੀਆਂ ਬੁਲੰਦੀਆਂ ਦੇ ਵਾਸਤੇ ਕਦੇ-ਕਦਾਈਂ ਡਾ. ਪਾਲ ਮਨ ਹੀ ਮਨ ਗੁਣਗੁਣਾਉਂਦਾ ਰਹਿੰਦਾ ਹੈ… ਸਦਾ ਨਾ ਸਦਾ ਨਾ ਜ਼ਿੰਦਗੀ ਜ਼ਿੰਦਾਬਾਦ! |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਕਰਮਾਂ ਵਾਲੀ… ਡਾ. ਕੁਲਵਿੰਦਰ ਸਿੰਘ ਬਾਠ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by 