7 December 2024

“ਮਿਰੇ ਪਰਮਾਤਮਾ ਦੇ ਦੇ ਕੋਈ ਵਰਦਾਨ ਗੁਲਸ਼ਨ ਨੂੰ”—-ਅਦੀਬ ਬਲਵੰਤ ਸਿੰਘ ਬੈਂਸ

“ਮਿਰੇ ਪਰਮਾਤਮਾ ਦੇ ਦੇ ਕੋਈ ਵਰਦਾਨ ਗੁਲਸ਼ਨ ਨੂੰ” ਵਾਲ਼ੀ ਗੁਰਸ਼ਰਨ ਸਿੰਘ ਅਜੀਬਦੀ ਉਪਰੋਕਤ ਗ਼ਜ਼ਲ ‘ਤੇ
ਪੇਸ਼ ਹੈ ਪਰਸਿਧ ਅਦੀਬ ਬਲਵੰਤ ਸਿੰਘ ਬੈਂਸ ਹੋਰਾਂ ਦੀ ਇਸ ਦੇ ਸ਼ਿਅਰਾਂ ਦੀਆਂ ਪੇਚਦਾਰ ਜ਼ੁਲਫ਼ਾਂ ਨੂੰ ਖੋਲ੍ਹਣ ਦੀ ਕਲ਼ਾਕਾਰੀ।

ਅਜੀਬ ਸਾਹਬ ਗੁਜ਼ਾਰਿਸ਼ ਕਰਦਾ ਹਾਂ ਕਿ ਇਸ ਤਹਿਰੀਰ ਨੂੰ ਵਿਹਲੇ ਵੇਲ਼ੇ, ਸ਼ਾਂਤ-ਚਿੱਤ, ਇਕਾਂਤ-ਚਿੱਤ, ਸਰਸਾ-ਚਿੱਤ, ਸਾਗਰ-ਚਿੱਤ, ਤਨਾਓ-ਰਹਿਤ, ਖ਼ੁਸ਼-ਤਬੀਅਤ, ਖ਼ੁਸ਼-ਖ਼ਿਆਲ, ਖ਼ੁਸ਼-ਰੌਅ, ਦਿਲਰੂੂਪੀ ਦਰਿਆ ਵਿੱਚ ਗ਼ੋਤਾਜ਼ਨ ਹੋ ਕੇ ਪਡ਼੍ਹਣ ਦੀ ਮਿਹਰਬਾਨੀ ਜ਼ਰੂਰ ਕਰਨਾ। – ਬਲਵੰਤ ਸਿੰਘ ਬੈਂਸ
**

ਹਮ ਹੂਏ, ਤੁਮ ਹੂਏ , ਕਿਹ ਮੀਰ ਹੂਏ,
ਸਭ ਉਸੀ ਕੀ ਜ਼ੁਲਫ਼ ਕੇ ਅਸੀਰ ਹੂਏ।
                          …… ਮੀਰ ਤੱਕੀ ਮੀਰ।

ਅਦਬ ਹੋ, ਅਦੀਬ ਹੋ, ਜਨਾਬ ਸੱਚ ਮੁੱਚ ਹੀ ਤੁਸੀਂ ਗੁਰਸ਼ਰਨ ‘ਅਜੀਬ’ ਹੋ!

ਧੋਕਾ ਹੈ ਤਮਾਮ ਬਹਿਰ ਦੁਨੀਯਾ,
ਦੇਖੀਏਗਾ ਕਿਹ ਹੋਂਟ ਤਰ ਨਾ ਹੋਗਾ।
…….. ਮੀਰ ਤੱਕੀ ਮੀਰ।

ਮਾਣ ਯੋਗ ਜਨਾਬ ‘ਅਜੀਬ’ ਸਾਹਬ ਜੀ ਤੁਹਾਡੀ “ਮਿਰੇ ਪਰਮਾਤਮਾ ਦੇ ਦੇ ਕੋਈ ਵਰਦਾਨ ਗੁਲਸ਼ਨ ਨੂੰ” ਵਾਲ਼ੀ ਗ਼ਜ਼ਲ ਮੈਨੂੰ ਬਹੁੱਤ ਹੀ ਭਾਅ ਗਈ ਅਤੇ ਮੈਂ ਉਸ ਗ਼ਜ਼ਲ ਦੀ ਸ਼ਬਦਾਵਲੀ, ਸ਼ਿਅਰ, ਖ਼ਿਆਲ, ਗਹਿਰਾਈ, ਦਰਿਆਈ, ਰਵਾਨਗੀ ਤੇ ਦੀਵਾਨਗੀ ਉਪਰ ਕਾਇਲ ਹੋ ਕੇ ਮਸਤਾਵਾਰ ਅਤੇ ਰਿੰਦਾਨਾ ਰੰਗ ਵਿਚ ਅਸ਼ਕਬਾਰ ਹੋ ਗਿਆ ਹਾਂ। ਮੇਰੇ ਦਿਲ ਦੇ ਵਿਚ ਪਿਆਰ ਤੇ ਸਤਿਕਾਰ ਦੀ ਲਹਿਰ, ਚਾਹਤ, ਰੀਝ, ਸੱਧਰ ਜਾਂ ਤਮੰਨਾ ਪੈਦਾ ਹੋ ਗਈ ਕਿ ਨਾਚੀਜ਼ (ਬੈਂਸ) ਨੂੰ ਇਸ ਗ਼ਜ਼ਲ ਦੀਆਂ ਪੇਚਦਾਰ ਜ਼ੁਲਫ਼ਾਂ ਨੂੰ ਖੋਲਣ੍ਹ, ਸ਼ਰਹ ਜਾਂ ਟੀਕਾ ਕਰਕੇ ‘ਅਜੀਬ’ ਸਾਹਬ ਨੂੰ ਪੇਸ਼ ਕਰਨਾ ਚਾਹੀਦਾ ਹੈ। ਤੁਸੀਂ ਬਹੁਤ ਹੀ ਤਜਰਬੇਕਾਰ ਉਸਤਾਦ ਗ਼ਜ਼ਲਗੋ ਸ਼ਾਇਰ ਹੋ। ਬਹੁਤ ਹੀ ਮਿਆਰੀ ਤੇ ਮਿਕਦਾਰੀ ਗਿਣਤੀ ਵਿੱਚ ਕਲਮਕਾਰੀ ਕਰਕੇ ਪੰਜਾਬੀ ਮਾਤ ਭਾਸ਼ਾ ਦੇ ਦਾਮਨ ਨੂੰ ਅਨਮੋਲ ਮੋਤੀਆਂ ਦੇ ਨਾਲ਼ ਮਾਲਾਮਾਲ ਕਰਕੇ, ਪੰਜਾਬੀ ਭਾਸ਼ਾ ਨੂੰ ਅਮੀਰਤਾਈ ਬਖ਼ਸ਼ ਰਹੇ ਹੋ। ਮੈਂ ਆਪ ਜੀ ਦੇ ਇਸ ਉਪਰਾਲੇ ‘ਤੇ ਮੁਬਾਰਿਕਬਾਦ ਪੇਸ਼ ਕਰ ਰਿਹਾ ਹਾਂ। ਮਾਲਕ ਦੇ ਪਾਸ ਦੁਆਗੋ ਹਾਂ ਕਿ ਆਇੰਦਾ ਤੋਂ ਵੀ ਕਲਮਕਾਰੀ ਕਰਕੇ, ਮਾਤ ਭਾਸ਼ਾ ਦੇ ਜ਼ਖ਼ੀਰੇ ਨੂੰ ਅਮੀਰਤਾ ਤੇ ਭਰਪੂਪਤਾ ਬਖ਼ਸ਼ਦੇ ਰਹੋਗੇ।

ਸ਼ਿਅਰ: 1

ਮਿਰੇ ਪਰਮਾਤਮਾ ਦੇ ਦੇ ਕੋਈ ਵਰਦਾਨ ਗੁਲਸ਼ਨ ਨੂੰ।
ਬਣਾ ਸੁੰਦਰ ਅਤੀ ਰਮਣੀਕ ਗੁਲਿਸਤਾਨ ਗੁਲਸ਼ਨ ਨੂੰ।

ਕਠਨ ਸ਼ਬਦਾਂ ਦੇ ਅਰਥ:

*ਪਰਮਾਤਮਾ: ਈਸ਼ਵਰ, ਰੱਬ, ਭਗਵਾਨ, ਖ਼ੁਦਾ, ਪਰਮਆਤਮਾ, ਪਰਮੇਸ਼ਵਰ, ਵਾਹਿਗੁਰੂ, ਕਰਤਾਰ, ਕਰਤਾਰਪੁਰਖ।
*ਵਰਦਾਨ: ਅਸ਼ੀਰਵਾਦ, ਬਖ਼ਸ਼ਿਸ਼, ਮਿਹਰ, ਕਿਰਪਾ, ਸ਼ੁਭ ਕਾਮਨਾ, ਦਾਤ, ਉਦਾਰਤਾ, ਦਿਆਲਤਾ, ਪੁਰਸਕਾਰ, ਪ੍ਰੀਫਲ, ਇਨਾਮ, ਇਵਜ਼ਾਨਾ, ਸਿਲਾ।
*ਗੁਲਸ਼ਨ: ਬਾਗ਼, ਪੁਸ਼ਪ, ਵਾਟਿਕਾ, ਬਗ਼ੀਚਾ, ਉਧਵਨ, ਫੁੱਲਵਾਡ਼ੀ।
*ਸੁੰਦਰ: ਸੋਹਣਾ, ਮਨਮੋਹਣਾ, ਖ਼ੂਬਸੂਰਤ।
*ਅਤੀ: ਬਹੁੱਤ, ਬੇਹੱਦ, ਬੇਸ਼ੁਮਾਰ, ਬੇਅੰਤ।
*ਰਮਣੀਕ: ਸੁੰਦਰ, ਮਨੋਹਰ, ਲਭਾਉਣਾ, ਦਿਲਖਿੱਚਵਾਂ, ਖਿੱਚਮਈ, ਆਕਰਸ਼ਮਈ, ਸੋਹਣਾ, ਮੋਹਿਤਮਈ, ਮਨਮੋਹਕ, ਕਸ਼ਸ਼ਮਈ, ਦਿਲਕਸ਼।
*ਗੁਲਿਸਤਾਨ: ਫੁੱਲਾਂ ਦੀ ਵਾਦੀ, ਪੁਸ਼ਪਵਾਦੀ ਜਾਂ ਦੁਨੀਆ ਰੂਪੀ ਸੰਸਾਰ ਜਾਂ ਮੁਲਕ।

ਅਰਥ:

ਕਵੀ ਦੁਨੀਆ ਰੂਪੀ ਬਾਗ਼ ਦੇ ਲਈ ਭਗਵਾਨ ਦੇ ਪਾਸ ਬਹੁੱਤ ਹੀ ਨਿਮ੍ਰਤਾ ਅਤੇ ਆਜਜ਼ੀ ਨਾਲ ਬੇਨਤੀ ਕਰਦਾ ਹੈ ਕਿ, ਹੇ ਮੇਰੇ ਆਕਾ (ਮਾਲਿਕ ਜਾਂ ਸਵਾਮੀ) ਇਸ ਪਦਾਰਥਿਕਵਾਦੀ ਸੰਸਾਰ
ਜਾਂ ਦੁਨੀਆ ਨੂੰ ਅਸੀਸ ਦੇ ਦੇਵੋ ਕਿ ਇਹ ਇਕ ਪਵਿੱਤਰ ਅਤੇ ਮਹਿਕਮਈ ਸੰਸਾਰ ਬਣ ਜਾਵੇ। ਇਹ ਕਾਰਜ ਆਪ ਜੀ ਦੀ ਰਹਿਮਤ ਤੋਂ ਬਗ਼ੈਰ ਹੋ ਜਾਣਾ ਅਸੰਭਵ ਹੈ। ਇਹ ਜੋਖਮ ਭਰਿਆ ਕਾਰਜ ਤੁਹਾਡੀ ਹੀ ਕ੍ਰਿਪਾ ਦੀ ਕ੍ਰਿਸ਼ਮਾਸਾਜ਼ੀ ਦੇ ਨਾਲ ਹੀ ਹੋ ਸਕਦਾ ਹੈ। ਕਵੀ ਇਸ ਸੰਸਾਰ ਨੂੰ ਸੋਹਣਾ, ਦਿਲਖਿੱਚਵਾਂ, ਅਮਨਮਈ, ਪਿਆਰਮਈ, ਰਹਿਮਮਈ, ਪੁਸ਼ਪਮਈ, ਵੇਖਣ ਦਾ ਚਾਹਵਾਨ ਹੈ। ਕਵੀ ਦਾ ਵਿਚਾਰ ਹੈ ਕਿ ਜੇਕਰ ਇਸ ਸੰਸਾਰ ਦੇ ਲੋਕ ਸੁਭਾਅ, ਚਰਿੱਤਰ, ਵਤੀਰੇ ਜਾਂ ਰਵੱਈਏ ਦੇ ਪੱਖ ਤੋਂ ਨੇਕ ਬਣ ਜਾਣ ਤਾਂ ਸਾਰੀ ਦੁਨੀਆ ਹੀ ਮਹਿਕਮਈ, ਸ਼ਾਂਤਮਈ, ਸਵਰਗਮਈ, ਸਾਂਝਮਈ ਅਤੇ ਸਕੂਨਮਈ ਬਣ ਸਕਦੀ ਹੈ। ਇਹ ਹੀ ਸੰਸਾਰ ਜੰਨਤ ਤੋਂ ਵੱਧ ਕੇ ਨਜ਼ਰ ਆਏਗਾ ਜਾਂ ਮਹਿਸੂਸ ਕੀਤਾ ਜਾਏਗਾ। ਉਸਦੀ ਚਾਹਤ, ਲੋਚਨਾ, ਜਾਂ ਦਿਲੀ ਸੱਧਰ ਹੈ ਕਿ ਇਹ ਸੰਸਾਰ ਇਕ ਧਾਰਮਿਕ ਤੇ ਪਵਿੱਤਰਤਾਮਈ ਮੰਦਰ ਬਣ ਜਾਵੇ।

ਸ਼ਿਅਰ: 2

ਦੁਆਵਾਂ ਹੀ ਦੁਆਵਾਂ ਇਸ ਲਈ ਪਰਮਾਤਮਾ ਮੰਗਾਂ,
ਕਰੀਂ ਨਾ ਕਿਰਸ ਜਦ ਚਾਡ਼੍ਹੇਂ ਕਦੇ ਅਸਮਾਨ ਗੁਲਸ਼ਨ ਨੂੰ।

ਕਠਨ ਸ਼ਬਦਾਂ ਦੇ ਅਰਥ:

*ਦੁਆਵਾਂ=ਅਰਦਾਸ, ਪ੍ਰਾਰਥਨਾ, ਬੇਨਤੀ, ਅਰਜ਼, ਖ਼ੈਰ, ਇੱਛਾ, ਕਾਮਨਾ ਜਾਂ ਖ਼ਾਹਿਸ਼ ਕਰਨਾ।
*ਕਿਰਸ=ਸੰਜਮ ਕਰਨਾ, ਸਰਫ਼ਾ, ਕੰਜੂਸੀ, ਸਰਫ਼ੇਖ਼ੋਰੀ, ਪੱਲਾ ਬਚਾਊ, ਸੂਮਪੁਣਾ।
*ਆਸਮਾਨ ਤੇ ਚਾਡ਼੍ਹਣਾ=ਤਰੱਕੀ ਜਾਂ ਉੱਨਤੀ ਬਖ਼ਸ਼ਣਾ, ਰੁਤਬਾ ਬੁਲੰਦ ਕਰਨਾ, ਰੂਹਾਨੀ ਪੌਡ਼ੀਆਂ ਦੇ ਸਿਖਰ ‘ਤੇ ਪਹੁੰਚਾਉਣਾ, ਅਰੂਜ ‘ਤੇ ਪਹੁੰਚਾਉਣਾ।

ਅਰਥ:

ਐ ਮੇਰੇ ਮਾਲਿਕ ਮੈਂ ਤਾਂ ਤੇਰੇ ਦਰ ਦਾ ਕੂਕਰ ਹਾਂ। ਮੇਰੇ ਪਾਸ ਤਾਂ ਪ੍ਰਾਰਥਨਾ ਤੋਂ ਛੁੱਟ ਕੁਝ ਵੀ ਨਹੀਂ ਹੈ। ਮੈਂ ਇਸ ਬਾਗ਼ (ਦੁਨੀਆ) ਦੀ ਭਲਾਈ, ਤਰੱਕੀ , ਮਹਾਨਤਾ, ਇਮਾਨਦਾਰੀ ਅਤੇ ਸੱਚਾਈ ਦੇ ਲਈ ਤੁਹਾਡੇ ਪਾਸ ਅਰਜ਼ੋਈ ਕਰਦਾ ਹਾਂ। ਆਸ ਕਰਦਾ ਹਾਂ ਕਿ ਤੁਸੀਂ ਮਿਹਰਵਾਨ ਹੋ ਕੇ ਮੇਰੀ ਸੱਖਣੀ ਝੋਲੀ ਦੇ ਵਿਚ ਖ਼ੈਰਾਤ ਪਾਉਣ ਦੀ ਕ੍ਰਿਪਾਲਤਾ ਕਰਕੇ ਇਸ ਨਾਚੀਜ਼ ਨੂੰ ਆਪਣੀ ਮਿਹਰ ਦਾ ਪਾਤਰ ਬਣਨ ਦਾ ਮੌਕਾ ਪ੍ਰਦਾਨ ਕਰਕੇ, ਮੈਨੂੰ ਸਜਦਾਰੇਜ਼ ਹੋਣ ਦੇ ਫ਼ਰਜ਼ ਨੂੰ ਨਿਭਾਉਣ ਵਿੱਚ ਆਪਣੀ ਰੌਸ਼ਨਮਈ ਅਤੇ ਦੌਲਤਮਈ ਕ੍ਰਿਪਾ ਦੇ ਨਾਲ ਭਰਪੂਰ ਕਰ ਦਿਉਗੇ। ਐ ਮੇਰੇ ਆਕਾ (ਮਾਲਿਕ) ਇਸ ਸੰਸਾਰ ਨੂੰ ਤੁਸੀਂ ਨੇਕੀ, ਸਚਾਈ, ਪ੍ਰੇਮ ਅਤੇ ਰੂਹਾਨੀਅਤ ਬੁਲੰਦੀਆਂ ਵਲ ਜਾਣ ਦੀ ਕ੍ਰਿਪਾ ਦ੍ਰਿਸ਼ਟੀ ਕਰੋ ਤਾਂ ਤੁਸੀਂ ਕੰਜੂਸੀ ਨਹੀਂ ਬਲਕਿ ਆਪਣੀ ਮਹਾਨ ਵਿਸ਼ਾਲਤਾ ਦਾ ਪ੍ਰਸ਼ਾਦ ਪ੍ਰਦਾਨ ਜ਼ਰੂਰ ਕਰਨਾ। ਮੈਂ (ਕਵੀ) ਚਾਹਵਾਨ ਤੇ ਦੁਆਗੋ ਵੀ ਹਾਂ ਕਿ ਇਹ ਸੰਸਾਰ ਅਤੇ ਇਸ ਦੇ ਵਸਨੀਕ ਰੂਹਾਨੀਅਤ ਦੀਆਂ ਸਿੱਖਰਾਂ ਨੂੰ ਛੋਹ ਸਕਣ ਅਤੇ ਇਸ ਨਰਕਭਰੀ, ਪਦਾਰਥਿਕਵਾਦੀ, ਈਰਖਾਭਰੀ, ਕਲੇਸ਼ਭਰੀ, ਕਲੰਕਭਰੀ ਦੁਨੀਆ ਤੋਂ ਛੁੱਟਕਾਰਾ ਪਾ ਕੇ ਤੇਰੇ ਨਾਮਲੇਵਾ ਪੁਜਾਰੀ ਬਣ ਜਾਣ। ਇਸ ਮਿਹਰ ਦੇ ਲਈ ਮੈਂ ਤੇ ਸਾਰੀ ਦੁਨੀਆਂ ਆਕਾ (ਭਗਵਾਨ) ਤੇਰੇ ਕਰਜ਼ਦਾਰ ਅਤੇ ਅਹਿਸਾਨਮੰਦ ਰਹੇਗੀ। ਇਸ ਦੇ ਨਾਲ ਇਹ ਸੰਸਾਰ ਸਵਰਗਮਈ ਜ਼ਰੂਰ ਨਜ਼ਰ ਆਏਗਾ।

ਸ਼ਿਅਰ: 3

ਰਿਝਾਵੇ ਲੋਕਤਾ, ਵੰਡੇ ਜੋ ਮਹਿਕਾਂ ਮੁਫ਼ਤ ਲੋਕਾਂ ਵਿੱਚ,
ਦਿਓ ਕੁਝ ਦੋਸਤੋ ਸਤਿਕਾਰ ਤੇ ਸਨਮਾਨ ਗੁਲਸ਼ਨ ਨੂੰ।

ਕਠਨ ਸ਼ਬਦਾਂ ਦੇ ਅਰਥ:

*ਰਿਝਾਵੇ: ਪ੍ਰਸੰਨ ਜਾਂ ਖ਼ੁਸ਼ ਕਰਨਾ, ਤ੍ਰਿਪਤ ਜਾਂ ਸੰਤੁਸ਼ਟ ਕਰਨਾ, ਰਜਾ ਦੇਣਾ, ਸਕੂਨ ਪ੍ਰਦਾਨ ਕਰਨਾ।
*ਸਤਿਕਾਰ: ਇੱਜ਼ਤ, ਮਾਣ, ਆਓ-ਭਗਤ, ਧਿਆਨ ਦੇਣਾ, ਪੂਜਣਾ, ਖ਼ਿਆਲ ਦੇਣਾ।

*ਸਨਮਾਨ: ਕਦਰ, ਅਦਬ, ਇੱਜ਼ਤ, ਮਾਣ, ਵਡਿਆਈ,ਸਤਿਕਾਰ, ਪੂਜਣਾ।

ਅਰਥ:

ਕਵੀ ਇਹੋ ਜਿਹੇ ਸੰਸਾਰ ਦਾ ਸੁਪਨਸਾਜ਼ , ਚਾਹਵਾਨ, ਤਾਂਘਵਾਨ ਜਾਂ ਇੱਛੁਕ ਹੈ ਜਿੱਥੇ ਆਮ ਮਾਨਵ ਨੂੰ ਸੰਸਾਰਿਕ ਜੀਵਾਂ ਨੂੰ ਖ਼ੁਸ਼, ਤ੍ਰਿਪਤ ਜਾਂ ਸੰਤੁਸ਼ਟ ਕਰਨ ਦੀ ਭਾਵਨਾ ਜਾਂ ਲਗਨ ਦਿਲ ਦੇ ਵਿੱਚ ਸਮਾਈ ਹੋਈ ਹੋਵੇ। ਉਹ ਨੇਕ ਇਨਸਾਨ ਸੰਸਾਰ ਦੇ ਲੋਕਾਂ ਵਿੱਚ ਮਹਿਕਾਂ ਰੂਪੀ ਭਲਾਈ, ਨੇਕੀ ਅਤੇ ਸੱਚਾਈ ਦਾ ਪਰਸਾਰ ਤੇ ਪਰਚਾਰ ਕਰ ਰਿਹਾ ਹੋਵੇ। ਇਹੋ ਜਿਹੇ ਨੇਕ ਤੇ ਸੱਚੇ ਇਨਸਾਨ ਖ਼ੁਦਗ਼ਰਜ਼ੀ, ਲਾਲਚੀ ਤੇ ਲੋਭੀ ਹੋਣ ਤੋਂ ਕੋਹਾਂ ਦਾ ਫਾਸਲਾ ਰੱਖਦੇ ਹੋਣ। ਦੁਨੀਆ ਦੀ ਸੇਵਾ ਇਕ ਵਪਾਰੀ ਧੰਦਾ ਬਣਾ ਕੇ ਜੰਨਤਾ ਨੂੰ ਲੁੱਟਣ ਦੀ ਕੋਸ਼ਿਸ਼ ਨਾ ਕਰਨ ਸਗੋਂ ਨਿਸ਼ਕਾਮ ਸੇਵਾ ਵਿੱਚ ਸਦਾ ਹੀ ਲੀਨ ਰਹਿਣ ਦੀ ਰੁਚੀ ਅਪਨਾਉਣ ਅਤੇ ਮਾਲਿਕ ਦੀ ਰਜ਼ਾ ਦੇ ਵਿੱਚ ਚੱਲਣ ਦੀ ਕੋਸ਼ਿਸ਼ ਵਿੱਚ ਗਾਮਜ਼ਨ ਰਹਿਣ। ਐ ਸੰਸਾਰ ਦੇ ਲੋਕੋ ਉਸ ਮਾਲਿਕ ਦੀ ਇਬਾਦਤ ਕਰਦੇ ਹੋਏ ਉਸ ਦੀ ਮਹਿਮਾ ਦਾ ਗਾਇਨ ਕਰਨਾ ਸਾਡਾ ਇਨਸਾਨੀ ਫ਼ਰਜ਼ ਹੈ। ਉਸ ਮਾਲਿਕ ਨੇ ਸਾਨੂੰ ਬਹੁਤ ਹੀ ਸੋਹਣਾ, ਮਨਮੋਹਣਾ, ਮਹਿਕਮਈ, ਸਦਾ ਬਹਾਰ ਅਤੇ ਸਰਸਬਜ਼ ਸੰਸਾਰ ਰਹਿਣ ਲਈ ਪ੍ਰਦਾਨ ਕੀਤਾ ਹੈ। ਖ਼ੁਰਾਕ, ਪਾਣੀ, ਹਵਾ, ਸੂਰਜ, ਚੰਦ ਤਾਰੇ ਜਾਂ ਅਨੇਕਾਂ ਹੀ ਸ਼ੈਆਂ ਜਾਂ ਪਦਾਰਥਾਂ ਨਾਲ ਸਾਨੂੰ ਭਰਪੂਰਤਾ ਬਖ਼ਸ਼ੀ ਹੈ। ਸਾਨੂੰ ਇਸ ਸੰਸਾਰ ਦੇ ਸਾਜ਼ਗਾਰ ਦੀ ਸਿਫ਼ਤ ਜਾਂ ਨਾਮ ਦਾ-ਗਾਇਨ ਕਰਕੇ ਉਸ ਮਾਲਿਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ।

ਸ਼ਿਅਰ: 4

ਹੀ ਕਿੰਨੇ ਲੋਕ ਇਸ ਵਿਚ ਆਣ ਕੇ ਨੇ ਕਰ ਗਏ ਮੌਜਾਂ,
ਨਾ ਲੱਗਾ ਅੱਜ ਤਕ ਕੋਈ ਭੀ ਹੈ ਅਨੁਮਾਨ ਗੁਲਸ਼ਨ ਨੂੰ।

ਅਰਥ:

ਬੇਸ਼ੁਮਾਰ ਜੀਅ ਇਸ ਜਗ ਵਿਚ ਵਿਚਰ ਕੇ, ਏਥੇ ਦੇ ਬੇਅੰਤ ਪਦਾਰਥਾਂ ਦਾ ਪ੍ਰਯੋਗ ਕਰਕੇ, ਖ਼ੂਬ ਆਨੰਦਮਈ, ਖ਼ੁਸ਼ੀਮਈ ਤੇ ਮਸਤੀਮਈ ਜ਼ਿੰਦਗੀ ਗੁਜ਼ਾਰ ਕੇ ਇਸ ਮਾਦੀ ਦੁਨੀਆ ਦਾ ਸਫ਼ਰ ਤਹਿ ਕਰਕੇ ਅਗਲੀ ਦੁਨੀਆ ਦੇ ਲਈ ਰਵਾਨਾ ਹੋ ਚੁਕੇ ਹਨ। ਕਵੀ ਜਾਂ ਸੰਸਾਰ ਨੂੰ ਉਨ੍ਹਾਂ ਜੀਵਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ ਲਗ ਸਕਿਆ। ਸੰਸਾਰੀ ਜੀਵ, ਪੰਛੀ ਅਤੇ ਜਾਨਵਰ ਭਾਰੀ ਤਾਦਾਦ ਵਿਚ ਇਥੋਂ ਦੇ ਬੇਸ਼ੁਮਾਰ ਪਦਾਰਥਾਂ ਨੂੰ ਭੋਗ ਕੇ ਇਸ ਫ਼ਾਨੀ ਸੰਸਾਰ ‘ਚੋਂ ਕੂਚ ਕਰ ਗਏ ਹਨ। ਪ੍ਰਮਾਤਮਾ ਦੀਆਂ ਦਾਤਾਂ ਦਾ ਅੰਤ ਨਹੀਂ ਹੈ। ਉਨ੍ਹਾਂ ਪਦਾਰਥਾਂ ਦੇ ਵਿਚ ਕਦੀ ਵੀ ਕਮੀ, ਥੋਡ਼੍ਹ ਜਾਂ ਘਾਟ ਨਹੀਂ ਪਾਈ ਗਈ। ਪ੍ਰਮਾਤਮਾ ਖ਼ੁਦ ਹੀ ਸਭ ਕੁਝ ਜੀਵਾਂ ਨੂੰ ਪ੍ਰਦਾਨ ਕਰ ਰਿਹਾ ਹੈ। ਉਸ ਦਾ ਖ਼ਜ਼ਾਨਾ ਅਟੁਟ ਤੇ ਅਤੁਟ ਹੈ। ਕਵੀ ਤੇ ਸੰਸਾਰ ਖ਼ੁਦ ਵੀ ਪ੍ਰਮਾਤਮਾ ਦੀ ਅਥਾਹ ਸ਼ਕਤੀ ਤੋਂ ਅਚੰਭਿਤ ਹੋ ਕੇ ਰੱਬ ਦੇ ਬਲ ਅਤੇ ਰਜ਼ਾ ਦੇ ਸਾਹਮਣੇ ਸਜਦਾਰੇਜ਼ ਹੋ ਰਹੇ ਹਨ। ਉਹਦੇ ਭਾਣੇ ਵਿੱਚ ਹੀ ਸਦਾ ਰਹਿਣਾ ਸਾਡਾ ਜ਼ਾਤੀ ਫ਼ਰਜ਼ ਅਤੇ ਭਗਤੀ ਹੈ।

ਸ਼ਿਅਰ: 5

ਦਿਖੇ ਨਾ ਉਜਡ਼ਿਆ ਗੁਲਸ਼ਨ ਕਦੇ ਭੁੱਲ ਕੇ ਵੀ ਇਸ ਜਗ ਵਿਚ,
ਅਜੇਹੇ ਹਾਲ ਵਿਚ ਗੁਲਸ਼ਨ ਨਹੀ ਪ੍ਰਵਾਨ ਗੁਲਸ਼ਨ ਨੂੂੰ।

ਕਠਨ ਸ਼ਬਦਾਂ ਦੇ ਅਰਥ:

*ਉਜਡ਼ਿਆ: ਤਬਾਹ, ਬਰਬਾਦ, ਵਿਨਾਸ਼, ਸੰਘਾਰ, ਸਰਵਨਾਸ਼,ਬੰਜਰ, ਨਿਰਜਨ ਥਾਂ ਜਾਂ ਜਗ੍ਹਾ।
*ਗੁਲਸ਼ਨ: ਬਾਗ਼ਰੂਪੀ ਅਤੇ ਰੌਣਕਮਈ ਦੁਨੀਆ।
*ਜੱਗ: ਲੋਕਾਈ, ਸੰਸਾਰ।
*ਗੁਲਸ਼ਨ: ਲੋਕਾਈ।

ਅਰਥ:

ਇਹ ਦੁਨੀਆ ਕਦੇ ਵੀ ਐ ਮੇਰੇ ਮਾਲਿਕ ਸਾਨੂੰ ਬਰਬਾਦ ਹੋਈ ਨਾ ਨਜ਼ਰ ਨਾ ਆਵੇ। ਅਸੀਂ ਸਦਾ ਹੀ ਇਸ ਦੁਨੀਆ ਨੂੁੰ ਪ੍ਰਫੁੱਲਤ , ਸ਼ਾਂਤਮਈ, ਖ਼ੁਸ਼ਹਾਲ, ਹਰਿਆਵਲਤਾਮਈ ਅਤੇ ਸਦਾ-ਬਹਾਰ ਵੇਖਣ ਦੇ ਚਾਹਵਾਨ ਹਾਂ। ਸਾਡੀ ਪ੍ਰਮਾਤਮਾ ਦੇ ਪਾਸ ਅਰਜ਼ੋਈ ਹੈ ਕਿ ਇਸ ਕਾਇਨਾਤ ਦਾ ਮਾਲਿਕ ਇਸ ਦੁਨੀਆ ਉੱਤੇ ਕ੍ਰਿਪਾ ਦ੍ਰਿਸ਼ਟੀ ਬਣਾਈ ਰੱਖੇ। ਦੁਨੀਆ ਆਪਸੀ ਈਰਖਾ, ਜ਼ਿੱਦਬਾਜ਼ੀ, ਪੰਗੇਬਾਜ਼ੀ, ਦੰਗੇਬਾਜ਼ੀ ਅਤੇ ਯੁੱਧ ਤੋਂ ਗੁਰੇਜ਼ ਕਰੇ ਅਤੇ ਹਰ ਇਕ ਮੁਲਕ ਆਪਸ ਦੇ ਵਿਚ ਸ਼ਾਂਤਮਈ, ਪਿਆਰਮਈ, ਮਨਮੋਹਕਮਈ ਅਤੇ ਹਮਦਰਦੀ ਦੇ ਮਾਹੌਲ ਵਿਚ ਰਹਿ ਕੇ ਇਸ ਸੰਸਾਰ ਨੂੰ ਸੁੱਖਮਈ ਅਤੇ ਸਵਰਗਮਈ ਬਣਾਉਣ ਵਿਚ ਯਤਨਸ਼ੀਲ ਹੋ ਕੇ ਸ਼ਾਂਤਮਈ ਤੇ ਸੁਖਾਵਾਂ ਵਾਤਾਵਰਨ ਪ੍ਰਦਾਨ ਕਰ ਸਕੀਏ। ਅਖ਼ੀਰ ਵਿੱਚ ਸ਼ਾਇਰ ਦੁਨੀਆ ਦੀ ਭਲਾਈ, ਬੇਹਤਰੀ, ਉੱਨਤੀ ਤੇ ਤਰੱਕੀ ਦਾ ਚਾਹਵਾਨ ਹੈ। ਕਵੀ ਪ੍ਰਮਾਤਮਾ ਦੇ ਪਾਸ ਪ੍ਰਾਰਥਨਾ ਜਾਂ ਅਰਜ਼ੋਈ ਕਰਦਾ ਹੈ ਕਿ ਨਾਚੀਜ਼ ਦਾ ਦਿਲ ਇਸ ਦੁਨੀਆ ਨੂੰ ਰਾਖ ਦਾ ਢੇਰ ਨਹੀਂ ਵੇਖਣਾ ਚਾਹੁੰਦਾ। ਕਵੀ ਇਸ ਸੰਸਾਰ ਨੂੰ ਨੂੰ ਸ਼ਾਂਤਮਈ, ਸਕੂਨਮਈ ਅਵਸਥਾ ਦੇ ਵਿੱਚ ਵੇਖਣ ਦਾ ਚਾਹਵਾਨ ਤੇ ਆਸ਼ਿਕ ਹੈ। ਦੁਨੀਆ ਦੇ ਉੱਚੇ ਤੇ ਸੁੱਚੇ ਮਿਆਰ ਦੇਖਣਾ ਲੋਚਦਾ ਹੈ।

ਸ਼ਿਅਰ: 6

ਮਿਰੇ ਮੌਲ਼ਾ ਇਨਾਇਤ ਕਰ ਤੇ ਲੈ ਜਾ ਚੁਕ ਕਰੋਨਾ ਨੂੰ,
ਕਿ ਕਲ੍ਹ ਨੂੰ ਕਹਿਣ ਨਾ ਲੋਕੀਂ ਹੀ ਕਬਰਸਤਾਨ ਗੁਲਸ਼ਨ ਨੂੁੰ।

ਕਠਨ ਸ਼ਬਦਾਂ ਦੇ ਅਰਥ:

*ਮੌਲ਼ਾ: ਪ੍ਰਮਾਤਮਾ, ਖ਼ੁਦਾ, ਵਾਹਿਗੁਰੂ, ਪ੍ਰਫੁੱਲਤ ਕਰਨ ਵਾਲਾ, ਆਨੰਦ-ਪ੍ਰਦਾਇਕ, ਮਾਲਿਕ। *ਇਨਾਇਤ: ਦਿਆਲਤਾ, ਕ੍ਰਿਪਾਲਤਾ, ਮਿਹਰਬਾਨੀ, ਰਹਿਮਦਿਲੀ, ਸਨੇਹ-ਭਾਵਨਾ।
*ਕਰੋਨਾ: ਮਹਾਮਾਰੀ, ਖ਼ਾਮੋਸ਼-ਘਾਤਕ ਰੋਗ, ਜਾਨਲੇਵਾ ਮਰਜ਼, ਕੋਈ ਗ਼ੈਬੀ ਬਲਾ।
*ਕਬਰਸਤਾਨ: ਸਿਵੇ, ਮਡ਼੍ਹੀਆਂ, ਮੁਰਦਿਆਂ ਨੂੰ ਦਫ਼ਨਾਉਣ ਵਾਲੀ ਜਗਹ।
*ਗੁਲਸ਼ਨ: ਸੰਸਾਰ।

ਅਰਥ:

ਸ਼ਾਇਰ ਪ੍ਰਮਾਤਮਾ ਦੇ ਪਾਸ ਜੇਦਡ਼ੀ ਕਰਦਾ ਹੈ ਕਿ, ਹੇ ਮਾਲਕ ਸਾਰੇ ਹੀ ਸੰਸਾਰ ਦੇ ਉੱਤੇ ਆਪਣਿ ਕ੍ਰਿਪਾ ਦ੍ਰਿਸ਼ਟੀ ਦੀ ਦਿਆਲਤਾ ਕਰਕੇ ਇਸ ਗ਼ੈਬੀ ਖ਼ਾਮੋਸ਼ ਘੀਤਕ ਮਰਜ਼ ਕਰੋਨਾ ਤੋਂ ਲੋਕਾਈ ਦਾ ਛੁਟਕਾਰਾ ਕਰਵਾ ਦਿਓ। ਇਸ ਜਾਨਲੇਵਾ ਬਿਮੀਰੀ ਦਾ ਸਾਡੇ ਪਾਸੋਂ ਹਾਲੇ ਕੋਈ ਹਲ, ਦਵਾਈ ਜਾਂ ਇਲਾਜ ਈਜਾਦ ਨਹੀਂ ਹੋ ਸਕਿਆ। ਦੁਨੀਆ ਦੇ ਸਭ ਤੋਂ ਵੱਡੇ ਹਕੀਮ ਜਾਂ ਸ਼ਫ਼ਾਕਾਰ ਤੁਸੀ ਹੀ ਹੋ। ਅਸੀਂ ਬਹੁੱਤ ਹੀ ਨਿਮਰਤਾ ਦੇ ਨਾਲ ਬੇਨਤੀ ਕਰਦੇ ਹਾਂ ਕਿ ਇਸ ਲਾ-ਇਲਾਜ ਤੇ ਭਿਆਨਕ ਮਰਜ਼ ਤੋਂ ਸਾਡਾ ਛੁੱਟਕਾਰਾ ਕਰਨ ਵਿਚ ਸਹਾਈ ਹੋਣ ਦੀ ਕ੍ਰਿਪਾਲਤਾ ਕਰੋ। ਜਿਸ ਪ੍ਰਕਾਰ ਭਾਰੀ ਤਾਦਾਦਵਦੇ ਵਿੱਚ ਦੁਨੀਆ ਇਸ ਰੋਗ ਦੇ ਵਿੱਚ ਗ੍ਰਸਥ ਹੈ ਅਤੇ ਭਾਰੀ ਗਿਣਤੀ ਵਿੱਚ ਜੀਵ ਇਸ ਦੁਨੀਆ ਤੋਂ ਕੂਚ ਕਰ ਰਹੇ ਹਨ। ਇੰਝ ਮਹਿਸੂਸ ਹੋ ਰਿਹਾ ਹੈ ਕਿ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਤੇਰੀ ਸਾਜ਼ੀ ਹੋਈ ਦੁਨੀਆ ਇਕ ਸ਼ਮਸ਼ਾਨਘਾਟ ਹੀ ਬਣ ਕੇ ਰਹਿ ਜਾਏਗੀ। ਮਾਲਿਕ ਤੇਰੀ ਇਬਾਦਤ ਕਰਨ ਵਾਲਾ ਵੀ ਕੋਈ ਨਜ਼ਰ ਨਹੀਂ ਆਏਗਾ। ਇਸ ਬਾਗ਼ਰੂਪੀ ਦੁਨੀਆ ਨੂੰ ਉੱਜਡ਼ਨ ਤੋਂ ਬਚਾ ਲਵੋ। ਇਹ ਸੰਸਾਰ ਬੰਜਰਸਤਾਨ ਹੀ ਨਾ ਬਣ ਜਾਏ। ਇਸ ਨੂੰ ਆਪਣੀ ਮਿਹਰ ਦੇ ਸਦਕੇ ਹਰਿਆ ਭਰਿਆ ਅਤੇ ਰੌਣਕਮਈ ਹੀ ਬਣਿਆ ਰਹਿਣ ਦਿਓ। ਇਹ ਤੁਹਾਡੀ ਕ੍ਰਿਪਾ ਦ੍ਰਿਸ਼ਟੀ ਤੋਂ ਬਗ਼ੈਰ ਨਹੀਂ ਹੋ ਸਕਦਾ। ਸ਼ਾਇਰ ਸੰਸਾਰ ਦੀ ਭਲਾਈ ਦਾ ਚਾਹਵਾਨ ਹੈ ਅਤੇ ਪ੍ਰਮਾਤਮਾ ਦੇ ਭਾਣੇ ਵਿਚ ਸਜਦਾਰੇਜ਼ ਹੈ।

ਸ਼ਿਅਰ: 7

ਨਿਰਾ ਹੀ ਸੋਨਾ ਹੈ ਧਰਤੀ ਜੋ ਦੇਵੇ ਖਾਣ ਨੂੰ ਦਾਣੇ,
ਨਾ ਸਮਝੋ ਏਸ ਨੂੰ ਬੰਜਰ ਜਾਂ ਰੇਗਿਸਤਾਨ ਗੁਲਸ਼ਨ ਨੂੰ।

ਕਠਨ ਸ਼ਬਦਾਂ ਦੇ ਅਰਥ:

*ਨਿਰਾ ਹੀ ਸੋਨਾ: ਅਨਮੋਲ, ਵਡਮੁੱਲੀ ਸ਼ੈਅ ਜਾਂ ਖਣਿਜ ਪਦਾਰਥ।
*ਬੰਜਰ: ਬਾਂਝ, ਅਫੱਲ, ਖ਼ੁਸ਼ਕ, ਨੀਰਸ, ਰੱਕਡ਼, ਬੇਪੈਦ (ਜਿੱਥੇ ਕੁਝ ਵੀ ਪੈਦਾ ਨਾ ਹੁੰਦਾ ਹੋਵੇ।
*ਰੇਗਿਸਤਾਨ: ਮਾਰੂਥਲ, ਉਜਾਡ਼, ਵੀਰਾਨ, ਬੇਅਬਾਦ ਜਗਹ।
*ਗੁਲਸ਼ਨ: ਰੌਣਕਮਈ ਸੰਸਾਰ।

ਅਰਥ:

ਹੇ ਮਾਲਕ ਇਹ ਧਰਤੀ ਵੀ ਤੇਰਾ ਹੀ ਕ੍ਰਿਸ਼ਮਾ ਹੈ । ਧਰਤੀ ਦੇ ਹੇਠਾਂ ਇਨਸਾਨ ਦੀ ਵਰਤੋਂ ਵਾਸਤੇ ਬੇਅੰਤ ਖਣਿਜ ਪਦਾਰਥਾਂ ਦੇ ਖ਼ਜ਼ਾਨੇ ਹਨ। ਕੋਲਾ, ਲੋਹਾ, ਸੋਨਾ, ਤੇਲ, ਪਾਣੀ ਆਦਿ। ਧਰਤੀ ਦੇ ਉੱਪਰ ਬੇਸ਼ੁਮਾਰ ਫੱਲ, ਦਰਖ਼ਤ, ਅਨੇਕਾਂ ਪ੍ਰਕਾਰ ਦੀਆਂ ਖਾਣ ਵਾਲੀਆਂ ਵਸਤਾਂ, ਹਵਾ, ਪਾਣੀ ਆਦਿ ਬੇਅੰਤ ਨਿਅਮਤਾਂ ਹਨ। ਸੋਨਾ ਗਹਿਣਾ ਬਨਾਉਣ ਦੇ ਕੰਮ ਆਉਂਦਾ ਹੈ। ਲੋਕ ਇਸ ਦੇ ਜ਼ੇਵਰ ਪਹਿਨ ਕੇ ਆਪਣੇ ਆਪ ਨੂੰ ਸ਼ਿੰਗਾਰ ਸਕਦੇ ਹਨ। ਪਰ ਦੂਸਰਾ ਸੋਨਾ, ਅਨਾਜ ਦੇ ਦਾਣੇ ਹਨ ਜੋ ਕੇ ਅਸਲੀ ਸੋਨੇ ਤੋਂ ਵੀ ਕੀਮਤੀ ਤੇ ਮਹੱਤਵਪੂਰਨ ਹਨ ਜਿਨ੍ਹਾਂ ਨੂੰ ਅਸੀਂ ਅਨਾਜ ਦੇ ਰੂਪ ਵਿਚ ਖਾ ਕੇ ਆਪਣੀ ਭੁੱਖ ਦੀ ਤ੍ਰਿਪਤੀ ਕਰਦੇ ਹਾਂ। ਇਹ ਅਨਾਜ ਵੀ ਮਾਨਵੀ ਜਾਤੀ, ਪੰਛੀ ਤੇ ਜਾਨਵਰਾਂ ਦੀ ਪੇਟ ਪੂਜਾ ਕਰਦਾ ਹੈ।

ਐ ਲੋਕੋ! ਤੁਸੀਂ ਸੰਸਾਰ ਦੀ ਧਰਤੀ ਨੂੰ ਬਾਂਝ, ਆਫੱਲ, ਨੀਰਸ, ਰਕਡ਼ ਮਾਰੂਥਲ ਜਾਂ ਵੀਰਾਨ ਜਗਹ ਨਾ ਸਮਝੋ। ਇਸ ਸੰਸਾਰ ਨੂੰ ਪੁਸ਼ਪਵਾਦੀ ਜਾਂ ਗੁਲਸਤਾਨ ਸਮਝਣਾ ਚਾਹੀਦਾ ਹੈ। ਇਸ ਸੰਸਾਰ ਨੂੰ ਹੋਰ ਸੁੰਦਰ ਬਨਾਉਣ ਅਤੇ ਗੰਦਗੀ ਰਹਿਤ ਕਰਨ ਵਿੱਚ ਸਖ਼ਤ ਮਿਹਨਤਕਸ਼ ਹੋਣਾ ਚਾਹੀਦਾ ਹੈ। ਸ਼ਾਇਰ ਸੰਸਾਰ ਨੂੰ ਸੁੰਦਰ ਅਤੇ ਮਨਮੋਹਕ ਵੇਖਣ ਦਾ ਚਾਹਵਾਨ ਜਾਂ ਤਾਂਘਵਾਨ ਹੈ। ਪ੍ਰਮਾਤਮਾ ਦੀਆਂ ਦਿੱਤੀਆ ਦਾਤਾਂ ਦੀ ਸਾਨੂੰ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਮਾਲਿਕ ਦੀਆਂ ਦਾਤਾਂ ਦੇ ਸਾਨੂੰ ਧਨਵਾਦੀ ਹੋਣਾ ਚਾਹੀਦਾ ਹੈ।

ਸ਼ਿਅਰ: 8

ਅਹੂਤੀ ਪ੍ਰੇਮ ਦੀ ਦੇ ਕੇ ਬਨਾਉਣੈਂ ਸੁਰਗ ਗੁਲਸ਼ਨ ਨੂੰ,
‘ਅਜੀਬਾ’ ਬੈਠ ਸੇਵਾ ਨਿਤ ਕਰੋ ਪਰਦਾਨ ਗੁਲਸ਼ਨ ਨੂੰ।

ਕਠਿਨ ਸ਼ਬਦਾਂ ਦੇ ਅਰਥ:

*ਅਹੂਤੀ: ਦੇਵਤਾ ਨੂੰ ਸੱਦਣ ਦੀ ਕ੍ਰਿਆ, ਦੇਵਤਾ ਨੂੰ ਸੰਬੋਧਨ ਕਰਕੇ ਅਗਨੀ ਵਿਚ ਘਿਓ ਆਦਿਕ ਪਾਉਣ ਦੀ ਕ੍ਰਿਆ, ਹਵਨ, ਹਵਨ ਦੀ ਸਮੱਗਰੀ, ਕੁਰਬਾਨੀ ਕਰਨੀ
*ਸੁਰਗ: ਸਵਰਗ, ਜੰਨਤ।

*ਤੱਤੀ ‘ਵਾ: ਦੁਖ, ਤਕਲੀਫ਼, ਮੁਸੀਬਤ, ਬਿਪਤਾ।
*ਪਰਦਾਨ: ਦੇਣਾ, ਸੌਂਪਣ ਦਾ ਕਾਰਜ, ਦਾਨ ਭੇਟਾ, ਮਦਦ, ਕਿਸੇ ਨੂੰ ਕੋਈ ਚੀਜ਼ ਮੁਹੱਈਆ ਕਰਨਾ, ਕਿਸੇ ਦੀਆਂ ਲੋਡ਼ਾਂ ਪੂਰੀਆਂ ਕਰਨ ਦਾ ਪ੍ਰਬੰਧ, ਇੰਤਜ਼ਾਮ ਕਰਨਾ।

ਅਰਥ:

ਸ਼ਾਇਰ ਇਸ ਸੰਸਾਰ ਨੂੰ ਜੰਨਤ ਬਨਾਉਣਾ ਲੋਚਦਾ ਹੈ। ਉਹਦੀ ਦਿਲੀ ਚਾਹਤ ਜਾਂ ਤਮੰਨਾ ਹੈ ਕਿ ਉਹ ਇਸ ਦੁਨੀਆ ਨੂੰ ਹਰ ਲਿਹਾਜ ਨਾਲ ਜ਼ਿਆਦਾ ਖ਼ੂਬਸੂਰਤ, ਸੋਹਣਾ ਤੇ ਮਨਮੋਹਕ ਬਣਾ ਕੇ ਦੇਵਤਿਆਂ ਦੀ ਖ਼ੂਬਸੂਰਤ ਜੰਨਤ ਤੋਂ ਵੀ ਜ਼ਿਆਦਾ ਕਸ਼ਸ਼ਮਈ ਬਣਾ ਕੇ ਦੇਵਤਿਆਂ ਨੂੰ ਸਾਬਤ ਕਰਨਾ ਲੋਚਦਾ ਹੈ ਕਿ ਭਾਵੇਂ ਮੈਨੂੰ ਜੰਨਤ ਦੇ ਵਿੱਚੋਂ ਕੱਢ ਦਿੱਤਾ ਸੀ ਪਰ ਫਿਰ ਵੀ ਮੈਂ ਆਪਣੀ ਸਖ਼ਤ ਮਿਹਨਤ ਦੇ ਸਦਕੇ ਇਸ ਧਰਤੀ ਦੇ ਖ਼ਿੱਤੇ ਨੂੰ ਹੀ ਸਵਰਗ ਬਣਾ ਦਿੱਤਾ ਹੈ। ਸ਼ਾਇਰ ਸੰਸਾਰ ਦੇ ਜੀਵਾਂ ਨੂੰ ਜੋਦਡ਼ੀ ਕਰਦਾ ਹੈ ਕਿ ਸਾਰੇ ਹੀ ਲੋਕ ਏਕਤਾ ਅਤੇ ਪਿਆਰ ਵਿਚ ਰਹਿੰਦੇ ਹੋਏ ਸਾਂਝੇ ਯਤਨਾਂ ਦੇ ਨਾਲ ਯੋਗਦਾਨ ਪਾ ਕੇ ਇਸ ਸੰਸਾਰ ਨੂੰ ਜੰਨਤ ਤੋਂ ਵੀ ਜ਼ਿਆਦਾ ਖ਼ੁਸ਼ਬੂਮਈ, ਰਮਣੀਕ ਅਤੇ ਕਸ਼ਸ਼ਮਈ ਬਣਾਉਣ ਤਾਂ ਕਿ ਫ਼ਰਿਸ਼ਤੇ ਭੀ ਹੈਰਾਨ ਰਹਿ ਜਾਣ ਕਿ ਜੰਨਤ ਤੋਂ ਖ਼ਾਰਜ ਕੀਤੇ ਪੰਜ ਭੂਤਕ ਜੀਵ ਨੇ ਕਿਤਨੇ ਮਾਅਰਕੇ (ਤਰੱਕੀ, ਬੁਲੰਦੀ) ਮਾਰ ਕੇ ਬਹੁਤ ਕੁਝ ਕਰ ਵਿਖਾਇਆ ਹੈ। ਸ਼ਾਇਰ ਖ਼ਾਕੀ ਪੁਤਲੇ ਦੀ ਅਰੂਜਤਾ ਵਲ ਸੰਕੇਤ ਕਰ ਰਿਹਾ ਹੈ।

“ਅਰੂਜਿ ਆਦਮੇ ਖ਼ਾਕੀਅੰਜੁਮ ਸਹਿਮੇਂ ਜਾਤੇ ਹੈਂ,
ਕਹ ਯਿਹ ਟੂਟਾ ਹੁਯਾ ਤਾਰਾ ਕਹੀਂ ਮਾਹਿ ਕਾਮਿਲ ਨਾ ਬਣ ਜਾਏ।”
                                                 – ਡਾ. ਮੁਹੰਮਦ ਇਕ਼ਬਾਲ

“ਜੋ ਫ਼ਰਿਸ਼ਤੇ ਕਰਤੇ ਹੈਂ ਕਰ ਸਕਤਾ ਹੈ ਇਨਸਾਨ ਭੀ,
ਪਰ ਫ਼ਰਿਸ਼ਤੋਂ ਸੇ ਨਾ ਹੋ ਜੋ, ਕਾਮ ਹੈ ਇਨਸਾਨ ਕਾ।”
                                                 – ਉਸਤਾਦ ਜ਼ੌਕ਼।

ਸ਼ਿਅਰ: 9

“ਕਦੇ ਤੱਤੀ ਨਾ ਲੱਗੇ ‘ਵਾ ਮਿਰੇ ਗੁਲਸ਼ਨ ਨੂੰ ਐ ਮਾਲਕ’
‘ਅਜੀਬਾ’ ਨਾ ਕਦੇ ਪਹੁੰਚੇ ਕੋਈ ਨੁਕਸਾਨ ਗੁਲਸ਼ਨ ਨੂੰ।”

ਕਠਨ ਸ਼ਬਦਾਂ ਦੇ ਅਰਥ:

*ਤੱਤੀ ‘ਵਾ: ਦੁੱਖ ਤਕਲੀਫ਼, ਮੁਸੀਬਤ, ਬਿਪਤਾ।
*ਮਾਲਕ: ਪ੍ਰਮਾਤਮਾ, ਰਬ, ਈਸ਼ਵਰ, ਸਾਈਂ, ਵਾਰਿਸ, ਸਵਾਮੀ, ਪਤੀ।

*ਅਜੀਬਾ: ਸ਼ਾਇਰ ਦਾ ਕਲਮੀ ਨਾਮ, ਉਪਨਾਮ, ਤਖ਼ੱਲਸ, ਵਚਿੱਤਰ, ਅਨੋਖਾ।
*ਗੁਲਸ਼ਨ: ਬਾਗ਼, ਵਾਟਿਕਾ, ਸੰਸਾਰ ਜਾਂ ਦੁਨੀਆ।

ਅਰਥ:

ਸ਼ਾਇਰ ਭਗਵਾਨ ਦੇ ਪਾਸ ਇਸ ਮਾਦੀ ਦੁਨੀਆ ਦੀ ਬਿਹਤਰੀ, ਭਲਾਈ ਅਤੇ ਤਰੱਕੀ ਦੇ ਲਈ ਦੁਆਗੋ ਹੈ। ਪ੍ਰਮਾਤਮਾ ਜੋ ਕਿ ਪੂਰੀ ਕਾਇਨਾਤ ਦਾ ਸਾਜ਼ਗਾਰ ਹੈ, ਨੂੰ ਜੋਦਡ਼ੀ ਕਰਦਾ ਹੈ ਕਿ : ਹੇ ਭਗਵਾਨ! ਤੁਹਾਡੀ ਰਚਾਈ ਹੋਈ ਦੁਨੀਆ ਦੀ ਦੇਖ ਭਾਲ ਅਤੇ ਭਲਾਈ ਵੀ ਤੁਸੀਂ ਆਪ ਹੀ ਕਰਨੀ ਹੈ। ਸ਼ਾਇਰ ਇਸ ਦੁਨੀਆ ਰੂਪੀ ਗੁਲਸ਼ਨ (ਬਾਗ਼) ਨੂੰ ਮਹਿਕਮਈ, ਕੋਮਲ, ਨਾਜ਼ੁਕ, ਇਤਰਮਈ, ਨਿਮ੍ਰਤਾਮਈ, ਸ਼ਾਂਤਮਈ ਅਤੇ ਇਕ ਪੂਜਕ ਸਥਾਨ ਜਾਂ ਪਾਕ ਮੰਦਰ ਦੇ ਰੂਪ ਵਿਚ ਵੇਖਣ ਦਾ ਚਾਹਵਾਨ ਤੇ ਉਪਾਸ਼ਕ ਹੈ ਜਿੱਥੇ ਕਿ ਸਾਰੀ ਹੀ ਲੋਕਾਈ ਮਾਲਿਕ ਦੇ ਗੁਣ ਗਾਇਨ ਕਰਦੀ ਨਜ਼ਰ ਆਏ ਅਤੇ ਮਾਲਿਕ ਦੀ ਹਸਤੀ ਤੇ ਰਜ਼ਾ ਦੇ ਸਾਹਮਣੇ ਸਜਦਾਰੇਜ਼ ਹੋ ਕੇ ਉਸ ਸਾਜੂਦ ਦੀ ਸਿਫ਼ਤ ਦਾ ਪਾਠ ਜਾਂ ਕੀਰਤਨ ਕਰਦੇ ਹੋਏ ਉਸ ਦੀ ਭਗਤੀ ਦੇ ਵਿੱਚ ਲਵਲੀਨ ਹੋਏ। ਇਹ ਦੁਨੀਆ ਇਮਾਨਦਾਰੀ, ਸੱਚਾਈ, ਇਨਸਾਫ਼ ਅਤੇ ਇਨਸਾਨੀਅਤ ਦੀ ਮੂਰਤ ਪੇਸ਼ ਕਰਕੇ ਮੂਰਤੀਮਾਨਤੀ ਦੀ ਮਾਨਵਤਾ ਦੇ ਸਾਹਮਣੇ ਰੰਗੀਨ ਤੇ ਰਾਗਮਈ ਨਮੂਨਾ ਜਾਂ ਉਦਾਹਰਨ ਪੇਸ਼ ਕਰ ਸਕੇ। ਸ਼ਾਇਰ ਇਸ ਦੁਨੀਆ ਨੂੰ ਕਿਸੇ ਪ੍ਰਕਾਰ ਦੀ ਔਕਡ਼ ਤੇ ਮੁਸੀਬਤ ਤੋਂ ਆਜ਼ਾਦ ਵੇਖਣ ਦਾ ਤਮੰਨਾਈ ਹੈ। ਉਹ (ਕਵੀ) ਇਸ ਪੂਰੀ ਦੁਨੀਆ ਜਾਂ ਕਾਇਨਾਤ ਨੂੰ ਕਿਸੇ ਪ੍ਰਕਾਰ ਦੀ ਹਾਨੀ ਜਾਂ ਇਸਦਾ ਨੁਕਸਾਨ ਹੁੰਦਾ ਨਹੀਂ ਦੇਖਣਾ ਚਾਹੁੰਦਾ। ਉਹ ਸਦਾ ਹੀ ਪ੍ਰਮਾਤਮਾ ਦੇ ਪਾਸ ਦੁਨੀਆ ਦੀ ਭਲਾਈ ਦਾ ਸ਼ੁਭਿਚਿੰਤਕ ਅਤੇ ਚਾਹਵਾਨ ਹੈ। ਲੋਕ ਭਲਾਈ ਹੀ ਉਸਦੀ ਮੰਜ਼ਿਲ, ਟੀਚਾ ਅਤੇ ਭਗਤੀ ਹੈ।

ਅਜੀਬ ਸਾਹਬ ਇਹ ਤੁਹਾਡੀ ਕਮਾਲ ਦੀ ਕ੍ਰਿਤ ਹੈ। ਇਸ ਗ਼ਜ਼ਲ ਦੇ ਰੂਹਾਨੀ ਰੰਗ ਨੂੰ ਵੇਖ ਕੇ ਮੈਨੂੰ ਕਲਮਕਾਰੀ ਕਰਨ ਦੀ ਚਾਹਤ ਪੈਦਾ ਹੋਈ ਅਤੇ ਨਾਚੀਜ਼ ਨੇ ਜੋ ਕੁਝ ਮੁਨਾਸਬ ਜਾਂ ਜਾਇਜ਼ ਸਮਝਿਆ ਉਸ ਨੂੰ ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਇਸ ਤਹਿਰੀਰ ਨੂੰ ਪਡ਼੍ਹ ਕੇ, ਘੋਖ ਕੇ, ਮੈਨੂੰ ਸੰਕੇਤ ਕਰਨ ਦੀ ਮਿਹਰਬਾਨੀ ਜ਼ਰੂਰ ਕਰਨਾ ਕਿ ਤੁਹਾਨੂੰ ਇਹ ਸ਼ਰਹ ਕਿਸ ਤਰ੍ਹਾਂ ਲੱਗੀ ਹੈ। ਕਿਤੇ ਮੈਂ ਦਮਗੇਬਾਜ਼ੀਆਂ ਹੀ ਤਾਂ ਨਹੀਂ ਮਾਰੀਆਂ। ਜੋ ਵੀ ਤੁਸੀਂ ਰਾਏ ਜਾਂ ਫ਼ੈਸਲਾ ਦਿਓਗੇ ਮੈਂ ਬਡ਼ੇ ਹੀ ਸਤਿਕਾਰ ਨਾਲ ਕਬੂਲ ਕਰਾਂਗਾ। ਜੇਕਰ ਮੇਰਾ ਕੀਤਾ ਹੋੰਇਆ ਟੀਕਾ ਤੁਹਾਨੂੰ ਭਾ ਗਿਆ ਤਾਂ ਸ਼ਾਇਦ ਮੇਰੀ ਤਹਿਰੀਰ ਤੁਹਾਡੀ ਨਿੱਜੀ ਮਿਸਲ ਦਾ ਸ਼ਿੰਗਾਰ ਵੀ ਬਣ ਸਕਦੀ ਹੈ। ਜੇਕਰ ਲਿਖਤ ਨਾ ਜਚੀ ਤਾਂ ਕੂਡ਼ਾਦਾਨ ਵੀ ਨਸੀਬ ਹੋ ਸਕਦਾ ਹੈ। ਅਖ਼ੀਰ ਦੇ ਵਿਚ ਮੌਲਾਨਾ ਹਾਲੀ ਦੀ ਪੋਤਰੀ ਮੁਮਤਾਜ਼ ਮਿਰਜ਼ਾ ਦਾ ਬਹੁਤ ਹੀ ਪਿਆਰਾ ਸ਼ਿਅਰ ਦਰਜ ਕਰਕੇ ਲਿਖਤ ਸਮਾਪਤ ਕਰਦਾ ਹਾਂ:

“ਲਿਖ ਰੱਖੇ ਹੈਂ ਆਂਖੇਂ ਮੇਂ ਮਿਲੇ ਵਕਤ ਤੋ ਪਡ਼੍ਹਨਾ,
ਵੋਹ ਲਫ਼ਜ਼ ਜੋ ਤਹਿਰੀਰ ਸੇ ਬਾਹਰ ਨਹੀਂ ਆਏ।”
***
ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਲੋਂ:
ਖ਼ਾਕਸਾਰ, ਆਜਿਜ ਤੇ ਅਜ਼ੀਜ
ਬਲਵੰਤ ਸਿੰਘ ਬੈਂਸ
ਵੁਲਵਰਹੈਂਪਟਨ, ਯੂ.ਕੇ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1414
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਬਲਵੰਤ ਸਿੰਘ ਬੈਂਸ
ਵੁਲਵਰਹੈਂਪਟਨ, ਯੂ.ਕੇ.

ਬਲਵੰਤ ਸਿੰਘ ਬੈਂਸ

ਬਲਵੰਤ ਸਿੰਘ ਬੈਂਸ ਵੁਲਵਰਹੈਂਪਟਨ, ਯੂ.ਕੇ.

View all posts by ਬਲਵੰਤ ਸਿੰਘ ਬੈਂਸ →