7 December 2024

ਡਾ. ਸੁਖਪਾਲ ਸੰਘੇੜਾ ਨਾਲ ਗੱਲਬਾਤ — ਰਵਿੰਦਰ ਸਿੰਘ ਸੋਢੀ       

ਡਾ. ਸੁਖਪਾਲ ਸੰਘੇੜਾ ਪੰਜਾਬੀ ਕਵਿਤਾ ਦਾ ਪ੍ਰਮੁੱਖ ਹਸਤਾਖਰ ਹੈ। ਉਹਦੀਆਂ ਕਵਿਤਾਵਾਂ ਆਮ ਆਦਮੀ ਦੇ ਸਰੋਕਾਰਾਂ ਨਾਲ ਸੰਬੰਧਤ ਹਨ। ਗੱਲ ਕਹਿਣ ਦੀ ਸਹਿਜਤਾ ਤੇ ਸਾਦਗੀ ਬੌਧਿਕ ਡੁੰਘਾਈਆਂ ਦੇ ਬਾਵਜੂਦ ਵੀ ਉਹਦੀਆਂ ਕਵਿਤਾਵਾਂ ‘ਤੇ ਬੋਝ ਨਹੀਂ ਪੈਣ ਦਿੰਦੀ। ਪੰਜਾਬ ‘ਚ ਰਹਿੰਦਿਆਂ ਵੀ ਸਾਹਿਤਿਕ/ਵਿਦਿਆਰਥੀ ਖ਼ੇਤਰ ਤੌਰ ਵਿੱਚ ਕਾਫ਼ੀ ਸਰਗਰਮ ਰਿਹਾ। ਪੰਜਾਬ ਦੇ ਸਾਹਿਤਕਾਰਾਂ, ਰੰਗ ਮੰਚੀਆਂ, ਤੇ ਹੋਰ ਕਲਾਕਾਰਾਂ ਦੀ ਜਥੇਬੰਦੀ ‘ਪੰਜਾਬ ਲੋਕ ਸੱਭਿਆਂਚਾਰਿਕ ਮੰਚ’ ਦਾ ਬਾਨੀ ਜਨਰਲ ਸਕੱਤਰ ਰਹਿ ਚੁੱਕਿਆ ਹੈ, ਭਾਅ ਜੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਬਾਨੀ ਪ੍ਰਧਾਨ ਨਾਲ; ਉੱਨੀ ਸੌ ਸੱਤਰਵਿਆਂ ਦੀ ਪੰਜਾਬ ਸਟੂਡੈਂਟ ਯੂਨੀਅਨ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ। ਅਮਰੀਕਾ ਤੇ ਯੋਰਪ ਦੇ ਮਿਆਰੀ ਖੋਜ ਰਸਾਲਿਆਂ ਵਿਚ ਪ੍ਰਕਾਸ਼ਤ ਭੌਤਿਕੀ ਦੇ ਇਕ ਸੌ ਪੰਜਾਹ ਤੋਂ ਵੱਧ ਖੋਜ ਪੱਤਰਾਂ ਦਾ ਲੇਖਕ ਤੇ ਸਹਿ ਲੇਖਕ ਹੈ। ਇੰਟਰਨੈੱਟ/ਵੈੱਬ ਉੱਪਰ ਘੁੰਮਣ ਲਈ ਸਾਰੀ ਦੁਨੀਆਂ ਵਿਚ ਵਰਤੇ ਜਾਣ ਵਾਲੇ ਬਰਾਊਜ਼ਰਾਂ ਵਿੱਚੋਂ ਪਹਿਲੇ, ਯਾਣੀ ਨੈੱਟਸਕੇਪ ਬਰਾਊਜ਼ਰ, ਦੇ ਘਾੜਿਆਂ ਵਿੱਚੋਂ ਇੱਕ ਹੈ। ਸਦੀ ਦੇ ਮੌੜ ‘ਤੇ ਹਾਲੀਵੁੱਡ ਦੇ ਮੀਡੀਆ ਸਰਦਾਰਾਂ ਨੂੰ ਹੱਥਾਂ ਪੈਰਾਂ ਦੀਆਂ ਪਾ ਦੇਣ ਵਾਲੀ ਪਹਿਲੀ ਇੰਟਰਨੈੱਟ/ਵੈੱਬ ਸੰਗੀਤ ਕੰਪਨੀ, mp3.com, ਦੇ ਇੰਜਨੀਅਰਿੰਗ ਵਿਭਾਗ ਦਾ ਡਾਇਰੈਕਟਰ ਰਿਹਾ ਹੈ। ਅੱਜਕੱਲ ਅਮਰੀਕਾ ਵਿਚ ਇਕ ਸਫ਼ਲ ਵਿਗਿਆਨੀ (ਭੌਤਿਕੀ ਤੇ ਕੰਪਿਊਟਰ ਸਾਇੰਸ ਦੇ ਖੇਤਰ ਵਿਚ) ਤੇ ਅਧਿਆਪਕ ਵਜੋਂ ਨਾਮਣਾ ਖੱਟਦਾ ਚਲਿਆ ਆ ਰਿਹਾ ਹੈ। ਪੰਜਾਬੀ ਸਾਹਿਤ ਨੂੰ ਕਵਿਤਾ ਦੇ ਖੇਤਰ ਵਿਚ “ਟੱਕਰ”, “ਲੋਕ ਕਚਹਿਰੀ”, “ਗੋਦ ਲਏ ਗੀਤ”, “ਕਿੱਸਿਆਂ ਦੇ ਕੈਦੀ”, ਤੇ “ਭੂਤ ਨਗਰੀ”; ਨਾਵਲ ਦੇ ਖੇਤਰ ਵਿਚ “ਢੱਠਾ ਖੂਹ” ਤੇ “ਇੱਕ ਦਹਿਸ਼ਤ ਪਸੰਦ ਦੀ ਡਾਇਰੀ”; ਅਤੇ ਗ਼ਦ ਵਿੱਚ “ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ: ਯੂਰਪੀਅਨ ਰੇਨੇਸਾਂਸ ਦੇ ਪ੍ਰਸੰਗ ਵਿੱਚ” ਦੇ ਚੁੱਕਿਆ ਹੈ। ਸੰਗਾਊ ਸੁਭਾਅ ਕਾਰਨ ਪੰਜਾਬੀ ਸਾਹਿਤ ਵਿਚ ਉਹਦਾ ਚਰਚਾ ਬਹੁਤ ਘੱਟ ਰਿਹਾ ਹੈ। ਪਰ ਪੰਜਾਬੀ ਕਵਿਤਾ/ਸਾਹਿਤ ਬਾਰੇ ਜਦ ਵੀ ਗੰਭੀਰ ਚਰਚਾ ਚੱਲੇਗੀ ਉਹਦੀਆਂ ਕਵਿਤਾਵਾਂ/ਰਚਨਾਵਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕੇਗਾ।

ਪ੍ਰੇਰਨਾ, ਮਿਨੀ ਰੇਨਾਸਾਂਸ, ਵਿਗਿਆਨ ਦਾ ਉਧਾਲਾ, ਤੇ ਪਰਵਾਸਵਾਦ

? ਲਿਖਣਾ ਕਦੋਂ ਸ਼ੁਰੂ ਕੀਤਾ? ਇਸ ਪਿੱਛੇ ਕੋਈ ਪ੍ਰੇਰਨਾ?
——ਲਿਖਣ ਦਾ ਸ਼ੌਕ, ਸੋਢੀ ਜੀ, ਬਹੁਤ ਨਿਆਣੇ ਹੁੰਦੇ ਨੂੰ ਹੀ ਪੈ ਗਿਆ ਸੀ। ਪ੍ਰਇਮਰੀ ਤੇ ਮਿਡਲ ਸਕੂਲ ਦੇ ਦਿਨਾਂ ਵਿਚ ਈ ਕਿਆਰੇ ਮੋੜਦਿਆਂ ਕਵਿਤਾ ਜੋੜੀ ਜਾਣੀ। ਪਰ ਉਨ੍ਹਾਂ ਪਹਿਲੀਆਂ ਪਹਿਲੀਆਂ ਕਵਿਤਾਵਾਂ ਵਿਚ ਸੁਭਾਵਕ ਈ ਮੌਲਿਕਤਾ ਥੋੜ੍ਹੀ ਸੀ ਤੇ ਬੌਧਿਕਤਾ ਪੱਖੋਂ ਨਿਆਣੀਆਂ। ਇਸ ਲਈ ਉਹ ਪ੍ਰਕਾਸ਼ਨਾ ਤੱਕ ਪਹੁੰਚਣ ਲਈ ਮੇਰਾ ਲਾਗੂ ਸਵੈ-ਸੈਂਸਰਸ਼ਿਪ

ਬੀ.ਐਸ.ਸੀ. ਸਾਲ ਪਹਿਲਾ ਦਾ ਵਿਦਿਆਰਥੀ ਸੁਖਪਾਲ ਸੰਘੇੜਾ ਭਾਰਤ ਦੇ ਰਾਸ਼ਟਰਪਤੀ ਵੀ.ਵੀ. ਗਿਰੀ ਹੱਥੋਂ ਪੰਜਾਬੀ ਵਿਸ਼ੇ ਵਿੱਚ ਮੈਰਿਟ ਇਨਾਮ ਪ੍ਰਾਪਤ ਕਰਦਾ ਹੋਇਆ; ਡੀ.ਏ.ਵੀ. ਕਾਲਜ, ਜਲੰਧਰ, ਪੰਜਾਬ।

ਵੀ ਪਾਸ ਨਾ ਕਰ ਸਕੀਆਂ। ਪ੍ਰੇਰਨਾ ਸਰੋਤ? ਮੇਰੇ ਦਾਦੇ ਦਾ ਸਕਾ ਭਰਾ ਕਾਮਰੇਡ ਬੰਤਾ ਸਿੰਘ ਨੂਰਮਹਿਲ ਇਲਾਕੇ ਵਿਚ ਖੱਬੀ ਜਮਹੂਰੀ ਲਹਿਰ ਦਾ ਜਾਣਿਆਂ ਪਹਿਚਾਣਿਆਂ ਸਰਗਰਮ ਹਮਦਰਦ ਸੀ। ਖੱਬੀ ਲਹਿਰ ਦੇ ਆਗੂਆਂ ਦਾ, ਭਾਵੇਂ ਉਹ ਭੂਮੀਗਤ ਹੋਣ ਜਾਂ ਭੂਮੀ ਉੱਪਰ, ਅਕਸਰ ਸਾਡੇ ਘਰਾਂ/ਖ਼ੂਹਾਂ ‘ਤੇ ਲੋੜ ਅਨੁਸਾਰ ਲੋਏ ਜਾਂ ਨ੍ਹੇਰੇ ਸਨ੍ਹੇਰੇ ਆਉਣਾ ਜਾਣਾ ਰਹਿੰਦਾ ਸੀ। ਸਾਡੇ ਖਾਨਦਾਨ ਦੀ ਸੋਚਣੀ ਨੂੰ ਲੋਕ ਪੱਖੀ ਦਿਸ਼ਾ ਵਿਚ ਸੇਧੀ ਰੱਖਣ ਵਿਚ ਕਾਮਰੇਡ ਬੰਤਾ ਸਿੰਘ ਦਾ ਬੜਾ ਹੱਥ ਸੀ। ਇਹੀ ਦਿਸ਼ਾ ਮੈਨੂੰ ਕਾਮਰੇਡਾਂ ਦੇ ਡਰਾਮਿਆਂ ਦੇਖਣ ਵੱਲ ਖਿੱਚ ਕੇ ਲੈ ਜਾਂਦੀ ਸੀ। ਉਂਝ ਮੇਰੇ ਬਾਪ ਦੀ ਬਾਹਲੇ, ਜੇ ਸਾਰੇ ਨਹੀਂ, ਬਾਪਾਂ ਵਾਂਗ ਇਹੀ ਇਛਾ ਸੀ ਕਿ ਭਗਤ ਸਿੰਘ ਜੰਮਣਾਂ ਤਾਂ ਗੁਆਂਢੀਆਂ ਦੇ ਘਰ ਈ ਜੰਮੇ। ਸੋ ਕਾਮਰੇਡਾਂ ਦੇ ਡਰਾਮਿਆਂ ‘ਤੇ ਜਾਣ ਕਰਕੇ ਘਰੋਂ ਝਿੜਕਾਂ ਆਮ ਪੈਂਦੀਆਂ ਰਹਿੰਦੀਆਂ; ਜਿਵੇਂ ਸਾਰੇ ਘਰਦਿਆਂ ਨੂੰ ‘ਨਿਆਣਿਆਂ’ ਦਾ ‘ਫਿਕਰ’ ਹੁੰਦਾ ਹੀ ਹੈ; ਸਾਡੇ ਵਰਗੇ ਜਾਗੀਰੂ ਸਮਾਜ ਵਿੱਚ ਇਹ ‘ਫਿਕਰ’ ਕੁੱਝ ਜ਼ਿਆਦਾ ਹੀ ਹੋ ਜਾਂਦਾ ਹੈ। ਪਰ ਮੇਰਾ ਕਾਮਰੇਡਾਂ ਦੇ ਡਰਾਮੇ ਦੇਖਣ ਤੇ ਬਾਅਦ ਵਿੱਚ ਕਵਿਤਾਵਾਂ ਲਿਖ ਕੇ ਕਾਮਰੇਡਾਂ ਦੀਆਂ ਸਟੇਜਾਂ ਤੋਂ ਬੋਲਣ ਦਾ ਝੱਸ ਹੋਰ ਵੀ ਪਰਬੱਲ ਹੁੰਦਾ ਗਿਆ। ਉਦੋਂ ਪਿੰਡਾਂ ਦੇ ਨਿਆਣਿਆਂ ਜਾਂ ਛੋਟੀ ਉਮਰ ਦੇ ਮੁੰਡਿਆਂ ਦੀ ਪਹੁੰਚ ਫ਼ਿਲਮਾਂ ਤੱਕ ਤਾਂ ਹੁੰਦੀ ਨਹੀਂ ਸੀ, ਟੀ.ਵੀ. ਘਰਾਂ ਵਿੱਚ ਅਜੇ ਆਇਆ ਨਹੀਂ ਸੀ; ਇਸ ਲਈ ਕਾਮਰੇਡਾਂ ਦੇ ਡਰਾਮੇ, ਨਕਲਾਂ, ਚੁਗਲੀਆ, ਤੇ ਅਫ਼ਵਾਹਾਂ ਬਣਨ ਦੀ ਹੱਦ ਤੱਕ ਵਿਗ਼ੜ ਗਈਆ ਪਿੰਡ ਦੇ ਇਲਾਕੇ ਦੀਆ ਲੋਕਲ ਖਬਰਾਂ ਹੀ ਦਿਲ-ਪ੍ਰਚਾਵੇ ਦਾ ਸਾਧਨ ਬਣਦੀਆਂ ਸਨ। ਉਂਝ ਮੈਨੂੰ ਲੱਗਦਾ ਕਿ ਮੁੱਢਲਾ ਪ੍ਰੇਰਨਾ ਸਰੋਤ ਪਰਵਾਰਿਕ ਤੰਗੀ ਤੁਰਸ਼ੀ ਅਤੇ ਗਲ ਘੋਟੂ ਸਮਾਜਕ ਤੇ ਭ੍ਰਿਸ਼ਟ ਰਾਜਨੀਤਕ ਵਾਤਾਵਰਨ ਹੀ ਸੀ। ਜਦੋਂ ਆਲੇ ਦੁਆਲੇ ਸਭ ਕੁਝ ਟੁੱਟਿਆ ਫੁੱਟਿਆ, ਅਰਥਹੀਣ, ਤੇ ਇੱਕੋ ਥਾਂ ਫਸਿਆ ਫਸਿਆ ਲੱਗੇ ਤਾਂ ਬੰਦੇ ਦਾ ਕੁਝ ਐਸਾ ਕਰਨ ਨੂੰ ਜੀਆ ਕਰਦਾ ਜਿਹਦਾ ਕੋਈ ਅਰਥ ਹੋਵੇ, ਜੋ ਚੱਲਦਾ ਚੱਲਦਾ ਨਜ਼ਰ ਆਵੇ, ਤੇ ਜਿਹਦੇ ਤੋਂ ਕੁਝ ਸੰਤੁਸ਼ਟੀ ਮਿਲੇ। ਸ਼ੁਰੂ ਸ਼ੁਰੂ ਵਿੱਚ ਇਹੀ ਪ੍ਰੇਰਨਾ ਸਰੋਤ ਸੀ ਸਾਹਿਤਕ ਰਚਨਾ ਕਰਨ ਦਾ, ਤੇ ਇਹੀਓ ਪ੍ਰੇਰਨਾ ਸਰੋਤ ਸਕੂਲੀ ਪੜ੍ਹਾਈ ਜ਼ਾਰੀ ਰੱਖਣ ਦਾ। ਸਿੱਖਣ ਦੇ ਨਾਲ ਨਾਲ, ਸਕੂਲੀ-ਪੜ੍ਹਾਈ ਮੇਰੇ ਲਈ ਇੱਕ ਖੇਡ (game), ਯਾਨਿ ਦਿਲ ਪ੍ਰਚਾਵਾ, ਵੀ ਹੁੰਦੀ ਸੀ; ਹਰ ਜਮਾਤ ਚੋਂ ਅੱਵਲ ਆਉਣ ਦੀ ਖ਼ੁਦ-ਸਹੇੜੀ ਦੌੜ ਲੱਗੀ ਰਹਿੰਦੀ। ਸੋ, ਸਾਹਿਤਕ ਸਿਰਜਣਾ ਅਤੇ ਸਕੂਲੀ ਸਰਟੀਫ਼ੀਕੇਟ/ਡਿਪਲੋਮੇ ਤੇ ਯੂਨੀਵਰਸਟੀਆਂ ਦੀਆਂ ਡਿਗਰੀਆਂ ਕਿਸੇ ਹੱਦ ਤੱਕ ਇਸ ਪ੍ਰੇਰਨਾ ਸਰੋਤ ਤੋਂ ਮਿਲੀ ਊਰਜਾ ਦੇ ਨਿਕਾਸ ਲਈ ਬਣੀਆਂ ਨਾਲੀਆਂ ਦਾ ਵੀ ਰੋਲ ਨਿਭਾਉਂਦੀਆਂ ਰਹੀਆਂ ਨੇ।

? ‘ਪ੍ਰਇਮਰੀ ਤੇ ਮਿਡਲ ਸਕੂਲ’ ਦੀ ਪੜ੍ਹਾਈ ਦੌਰਾਨ ਕਵਿਤਾ ਲਿਖਣ ਦੀ ਧੁੰਨ ਬੜੀ ਦਿਲਚਸਪ ਲੱਗੀ। ਇਸ ਲਈ ਕਿਸੇ ਵਿਅੱਕਤੀ-ਵਿਸ਼ੇਸ਼ ਕੋਲੋਂ ਮਿਲੀ ਪ੍ਰੇਰਨਾ ਜਾਂ ਇਹ ਧੁੰਨ ਕਾਇਮ ਰੱਖਣ ਵਿੱਚ ਕਿਸੇ ਵਿਅੱਕਤੀ-ਵਿਸ਼ੇਸ਼ ਦਾ ਰੋਲ?
—— ਠੀਕ ਕਹਿੰਦੇ ਓਂ,ਸੋਢੀ ਜੀ, ਮਾਹੌਲ ਤਾਂ ਰੋਲ ਨਿਭਾਉਂਦਾ ਹੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਤੱਖਰ ਵਿੱਚ ਪਿੰਡ ਸਮਰਾਵਾਂ ਦਾ ਮਾਸਟਰ ਸਾਧੂ ਸਿੰਘ ਹਰੇਕ ਹਫ਼ਤੇ ‘ਰੰਗਾ-ਰੰਗ ਪ੍ਰੋਗਰਾਮ’ ਦਾ ਆਯੋਜਨ ਕਰਦਾ ਹੁੰਦਾ ਸੀ, ਜਿਸ ਵਿੱਚ ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ, ਜਾਂ ਹੋਰ ਦਿਲ-ਪ੍ਰਚਾਵਾ ਦੀਆਂ ਆਈਟਮਾਂ ਪੇਸ਼ ਕਰਨੀਆਂ ਹੁੰਦੀਆਂ ਸਨ। ਮੈਂ ਕਦੇ ਕਿਸੇ ਹੋਰ ਦਾ ਲਿਖਿਆ ਤੇ ਕਦੇ ਆਪਣਾ ਜੋੜਿਆ ਗੀਤ ਗਾ ਦਿੰਦਾ ਸੀ; ਮਾਸਟਰ ਜੀ ਤੋਂ ਸ਼ਾਬਾਸ਼ੇ ਮਿਲ ਜਾਂਦੀ ਸੀ। ਮਿਡਲ ਸਕੂਲ ਵਿੱਚ ਮੇਰੇ ਪੰਜਾਬੀ ਵਿਸ਼ੇ ਦੇ ਇੱਕ ਅਧਿਆਪਕ ਸਨ: ਜਗਤਾਰ, ਡਾ. ਜਗਤਾਰ ਬਣਨ ਤੋਂ ਪਹਿਲਾਂ, ਜਦੋਂ ਉਹ ਜਗਤਾਰ ਪਪੀਹਾ ਦੇ ਨਾਮ ਥੱਲੇ ਲਿਖਦੇ ਸਨ। ਜਮਾਤ ਵਿੱਚ, ਜਗਤਾਰ ਜੀ ਜਦੋਂ ਕਿਸੇ ਕਵਿਤਾ ਦੀ ਵਿਆਖਿਆ ਕਰਦੇ ਸਨ, ਤਾਂ ਜਿਵੇਂ ਉਸ ਵਿੱਚੋਂ ਭੇਤ ਨੂੰ ਉਧੇੜ ਸੁੱਟਦੇ ਸਨ, ਜਦੋਂ ਕਈ ਵਾਰੀ ਦੁਬਾਰਾ ਉਹੀ ਕਵਿਤਾ ਪੜਦੇ ਤਾਂ ਇੰਝ ਲੱਗਦਾ ਜਿਵੇਂ ਉਹੀ ਦੁਬਾਰਾ ਜਾਂ ਕੋਈ ਹੋਰ ਭੇਤ ਕਵਿਤਾ ਗ੍ਰਿਫਤਾਰ ਹੋ ਗਿਆ ਹੋਵੇ। ਮੈਨੂੰ ਇਹ ਭਾਣਾ ਇਕ ਹੱਥ ਅਜੀਬ ਤੇ ਦੂਜੇ ਹੱਥ ਦਿਲਚਸਪ ਲੱਗਦਾ; ਤੇ ਮੇਰਾ ਜੀਅ ਕਰਦਾ ਕਿ ਮੈਂ ਵੀ ਕੋਈ ਭੇਤ ਲੱਭ ਕੇ ਕਵਿਤਾ ਵਿੱਚ ਬੰਦ ਕਰ ਸਕਾਂ।

ਇਸ ਸਕੂਲ, ਜਾਣਿ ਸਰਕਾਰੀ ਹਾਈ ਸਕੂਲ ਗੋਰਾਇਆ, ਵਿੱਚ ਵਿਗਿਆਨ ਦੇ ਵਿਸ਼ੇ ਨਹੀਂ ਪੜਾਏ ਜਾਂਦੇ ਸਨ, ਜਿਨ੍ਹਾਂ ਵਿੱਚ ਮੇਰੀ ਦਿਲਚਸਪੀ ਜਾਗ ਉੱਠੀ ਸੀ। ਇਸ ਲਈ, ਅੱਠਵੀ ਪਾਸ ਕਰਨ ਤੋਂ ਬਾਅਦ ਹਾਈ ਸਕੂਲ ਪੂਰਾ ਕਰਨ ਲਈ, ਮੈਂ ਘਰਦਿਆਂ ਨੂੰ ਕਹਿ ਕੇ ਗੋਰਾਇਆ ਦੇ ਨੇੜੇ ਪਿੰਡ ਅੱਟਾ ਵਾਲੇ ਸਕੂਲ ਵਿੱਚ ਦਾਖ਼ਲਾ ਲੈ ਲਿਆ; ਜੋਰਾਵਰ ਸਿੰਘ ਫਤਹਿ ਹਰੀ ਖਾਲਸਾ ਹਾਇਰ ਸੈਕੰਡਰੀ ਸਕੂਲ, ਅੱਟਾ। ਉੱਥੇ ਇੱਕ ਅਧਿਆਪਕ ਸੀ ਜਿਹਨੂੰ ਕਵਿਤਾ ਬਾਰੇ ਬੜੀ ਸਮਝ ਸੀ, ਤੇ ਕਵਿਤਾ ਵਿੱਚ ਦਿਲਚਸਪੀ ਵੀ; ਉਨ੍ਹਾਂ ਦਾ ਨਾਮ ਸੀ: ਕਰਤਾਰ ਸਿੰਘ ਅਰਸ਼। ਭਾਵੇਂ ਅੱਟਾ ਵਾਲੇ ਸਕੂਲ ਵਿੱਚ ਮੈਂ ਵਿਗਿਆਨ ਤੇ ਹਿਸਾਬ ਦੇ ਵਿਸ਼ਿਆਂ ਕਾਰਨ ਆਇਆ ਸਾਂ, ਪਰ ਉਨ੍ਹਾਂ ਦੇ ਨਾਲ ਨਾਲ ਹੀ ਪੰਜਾਬੀ, ਹਿੰਦੀ, ਇੰਗਲਿਸ਼, ਤੇ ਇਤਿਹਾਸ ਦੇ ਵਿਸ਼ੇ ਹੀ ਮੈਂ ਲੈ ਰਿਹਾਂ ਸਾਂ, ਬਾਕੀ ਵਿਦਿਆਰਥੀਆਂ ਵਾਂਗ ਹੀ। ਕਰਤਾਰ ਸਿੰਘ ਅਰਸ਼ ਸਕੂਲ ਦੀ ਇੱਕ-ਕਮਰਾ ਸਾਈਜ਼ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਦਾ ਰੋਲ ਵੀ ਨਿਭਾਉਂਦਾ ਹੁੰਦਾ ਸੀ। ਮੈਂ ਅਕਸਰ ਲਾਇਬ੍ਰੇਰੀ ਵਿੱਚੋ ਕੋਈ ਨਾ ਕੋਈ ਕਿਤਾਬ ਕੱਢਾਉਂਦਾ ਰਹਿੰਦਾ ਸੀ, ਪੰਜਾਬੀ ਸਾਹਿਤ ਦੇ ਘੇਰੇ ਵਿੱਚੋਂ; ਜਸਵੰਤ ਸਿੰਘ ਕੰਵਲ ਤੇ ਨਾਨਕ ਸਿੰਘ ਆਦਿ ਦੇ ਨਾਵਲ ਵੀ ਮੈਂ ਇੱਥੋਂ ਪੜ੍ਹਣੇ ਸ਼ੁਰੂ ਕੀਤੇ। ਪਤਾ ਲੱਗਣ ਤੋਂ ਬਾਅਦ ਕਿ ਮੈਨੂੰ ਕਵਿਤਾ ਲਿਖਣ ਦਾ ਸ਼ੋਕ ਸੀ, ‘ਅਰਸ਼’ ਹੁਣੀਂ ਮੈਨੂੰ ਹੱਲਾ-ਸ਼ੇਰੀ ਦਿੰਦੇ ਰਹਿੰਦੇ। ਇੱਕ ਵਰਣਨਯੋਗ ਵਾਕਿਆ ਹੈ, ਜਦ ਇਕ ਸਾਲ ਗੁਰਪੁਰਬ ‘ਤੇ ਸਾਡੇ ਸਕੂਲ ਵਿੱਚ ਆਯੋਜਿਤ ਕੀਤਾ ਗਿਆ ‘ਰੰਗਾ-ਰੰਗ ਪ੍ਰੋਗਰਾਮ’ ਮੁਕਾਬਲਾ, ਜਿਸ ਵਿੱਚ ਇਲਾਕਾ ਭਰ ਦੇ ਸਕੂਲਾਂ ਨੇ ਹਿੱਸਾ ਲੈਣਾ ਸੀ; ਵਿਦਿਆਰਥੀਆਂ ਕਵਿਤਾ, ਗੀਤ ਆਦਿ ਆਈਟਮਾਂ ਪੇਸ਼ ਕਰ ਸਕਦੇ ਸਨ। ‘ਅਰਸ਼’ ਹੋਣਾਂ ਦੀ ਹੱਲਾ-ਸ਼ੇਰੀ ਨਾਲ ਮੈਂ ਆਪਣੀ ਕਵਿਤਾ ਲਿਖ ਕੇ ਉਸ ਪ੍ਰੋਗਰਾਮ ‘ਤੇ ਪੇਸ਼ ਕੀਤੀ, ਜੋ ਸ਼ੁਰੂ ਹੁੰਦੀ ਸੀ, “ਦਰਦਮੰਦਾਂ ਦਿਆਂ ਦਰਦੀਆ ਗੁਰੂ ਨਾਨਕ…”, ਨਾਲ, ਤੇ ਖ਼ਤਮ ਕੁਝ ਇਸ ਤਰ੍ਹਾਂ ਹੁੰਦੀ ਸੀ, “ਗੇੜ੍ਹਾ ਕੱਢੀ ਉਦਾਸੀ ਤੂੰ ਪੰਜਵੀ ਨੂੰ, ਕਲਮ ‘ਅਣਖੀ’ ਦੀ ‘ਵਾਜਾਂ ਮਾਰਦੀ ਏਂ”। ਜਮਾਤ ਵਿੱਚ ਮਾਸਟਰਾਂ ਨਾਲ ਦਲੀਲਬਾਜੀਆਂ ਕਰਨ ਬਦਲੇ ਸੰਗੀ ਵਿਦਿਆਰਥੀਆਂ ਨੇ ਮੇਰਾ ਨਾਮ ‘ਅਣਖੀ’ ਪਾਇਆ ਹੋਇਆ ਸੀ। ਖੈਰ, ਉਸੇ ਸਮਾਗਮ ਵਿੱਚ ਜਗਤਾਰ ਦੇ ਉਦੋਂ ਦੇ ਇੱਕ ਵਿਦਿਆਰਥੀ ਨੇ ਜਗਤਾਰ ਦੀ ਲਿਖੀ ਹੋਈ ਕਵਿਤਾ ਪੇਸ਼ ਕੀਤੀ, ਜੋ ਇਸ ਤਰ੍ਹਾਂ ਸ਼ੁਰੂ ਹੋਈ:

ਇਕ ਜੋਤ ਇਲਾਹੀ ਅਰਸ਼ਾਂ ਦੀ
ਅਰਸ਼ਾਂ ਤੋਂ ਆਈ ਧਰਤੀ ‘ਤੇ।
ਧਰਤੀ ਦਾ ਕਣ ਕਣ ਬੋਲ ਪਿਆ
ਫਿਰ ਗਈ ਦੁਹਾਈ ‘ਤੇ।

ਇਨ੍ਹਾਂ ਕਾਵਿ-ਸ਼ਤਰਾਂ ਵਿੱਚ ਨੱਚਦੇ ਸ਼ਬਦਾਂ ਦੇ ਤਾਲ ਦਾ ਜਾਦੂ ਤੁਸੀਂ ਖ਼ੁਦ ਮਹਿਸੂਸ ਕਰ ਸਕਦੇ ਹੋ। ਕੋਈ ਅਚੰਭਾ ਨਹੀਂ ਕਿ ਇਹ ਕਵਿਤਾ ਉਸ ਮੁਕਾਬਲੇ ਵਿੱਚ ਅੱਵਲ ਰਹੀ। ਭਾਵੇਂ ਮੇਰੀ ਕਵਿਤਾ ਅੱਬਲ ਨਹੀਂ ਆਈ, ਪਰ ਮੈਨੂੰ ਅਫ਼ਸੋਸ ਵੀ ਕੋਈ ਨਹੀਂ ਸੀ; ਆਖਰ ਇਹ ਮੇਰੇ ਅਧਿਆਪਕ ਦੀ ਕਵਿਤਾ ਨੂੰ ਹਾਰੀ ਸੀ। ਮੈਨੂੰ ਲੱਗਿਆ ਜਿਵੇਂ ਜਿੱਤੀ ਹੋਈ ਕਵਿਤਾ ਵਿੱਚੋਂ ਜਗਤਾਰ, ਮੇਰਾ ਅਧਿਆਪਕ, ਕਹਿ ਰਿਹਾ ਹੋਵੇ: “ਤੁਰਿਆ ਚੱਲ ਬੱਚੂ, ਅਜੇ ਲੰਬੇਰਾ ਪਾੜਾ ਏ।”

ਇੱਥੇ, ਇੱਕ ਹੋਰ ਵਾਕਿਆ ਦਾ ਜ਼ਿਕਰ ਕਰਨਾ ਚਾਹਾਂਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਾਈ ਸਕੂਲ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਮੈਂ ਦਿਹਾਤੀ ਪੰਜਾਬ ਵਿੱਚ ਦੂਜੇ ਨੰਬਰ ‘ਤੇ ਆਇਆ ਸੀ। ਮੈਂ ਤੇ ਇੱਕ ਦੋਸਤ ਮੱਖਣ ਸਿੰਘ, ਜਿਹਦਾ ਨਾਮ ਵੀ ਬੋਰਡ ਨਤੀਜਿਆ ‘ਚੇ ਮੈਰਿਟ ਲਿਸਟ ਵਿੱਚ ਸ਼ਾਮਲ ਸੀ, ਦੋਨੋਂ ਡੀ.ਏ.ਵੀ ਕਾਲਜ ਜਲੰਧਰ ਦੇ ਪਰਿੰਸੀਪਲ ਭੀਮ ਸੈਨ ਬਹਿਲ ਨੂੰ ਸਿੱਧੇ ਜਾ ਮਿਲੇ, ਜਿਸ ਨੇ ਸਾਡੇ ਨਤੀਜੇ ਵੇਖ ਕੇ ਕਾਲਜ ਫ਼ੀਸ ਮੁਆਫ਼ ਸਮੇਤ ਕੁੱਝ ਹੋਰ ਰਿਆਇਤਾਂ ਦਾ ਪੇਸ਼ਾਂ ਕੀਤੀਆਂ, ਜੇ ਅਸੀਂ ਉਹਦੇ ਕਾਲਜ ਵਿੱਚ ਦਾਖ਼ਲਾ ਲੈ ਲਈਏ ਤਾਂ। ਖ਼ੈਰ, ਦਾਖ਼ਲਾ ਲੈ ਲਿਆ, ਬੀ.ਐਸ.ਸੀ. ਸਾਲ ਪਹਿਲਾ ਵਿੱਚ। ਵਿਗਿਆਨ ਮੇਜਰ, ਭਾਵ ਮੁੱਖ ਵਿਸ਼ੇ ਵਿਗਿਆਨ ਦੇ, ਹੋਣ ਦੇ ਬਾਵਜੂਦ ਮੈਂ ਆਪਣਾ ਮਾਈਨਰ, ਯਾਨਿ ਨਾ-ਮੁੱਖ, ਵਿਸ਼ਾ ਪੰਜਾਬੀ ਚੁਣਿਆ। ਉੱਥੇ ਮੇਰੀ ਪੰਜਾਬੀ ਜਮਾਤ ਦਾ ਅਧਿਆਪਕ ਹੁੰਦਾ ਸੀ: ਪੂਰਾ ਨਾਂ ਤਾਂ ਮੈਨੂੰ ਯਾਦ ਨਹੀਂ, ਸ਼ਾਇਦ ਪ੍ਰੋ: ਸ਼ਿਗਾਰੀ। ਉਹ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਰੁਚੀ ਕਾਇਮ ਰੱਖਣ ਲਈ ਬੜਾ ਸਰਗਰਮ ਰਹਿੰਦਾ ਸੀ; ਅੰਤਰ-ਜਮਾਤ ਕਾਵਿ-ਮੁਕਾਬਲੇ ਕਰਵਉਣੇ ਆਦਿ। ਉਸ ਸਾਲ ਦੀ ਕਾਲਜ ਕਨਵੋਕੇਸ਼ਨ ਵਿੱਚ ਭਾਰਤ ਦੇ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਹੱਥ ਮਿਲਾ ਮੈਨੂੰ ਪੰਜਾਬੀ ਮਜ਼ਬੂਨ ਵਿੱਚ ਮੈਰਿਟ ਇਨਾਮ ਪ੍ਰਦਾਨ ਕੀਤਾ; ਇਹ ਉਸ ਸਮੇ ਵਿਦਿਆਰਥੀਆਂ ਵਜੋਂ ਬੇਸ਼ਕ ਲੋਹੜੇ ਦੀ ਹੌਸਲਾ ਅਫ਼ਜਾਈ ਸੀ।

? ਜਿਵੇਂ ਤੁਸੀਂ ਕਿਹਾ ਮਿਡਲ ਸਕੂਲ ਪਾਸ ਕਰਨ ਤੋਂ ਬਾਅਦ, ਤੁਸੀਂ ਵਿਗਿਆਨ ਦੇ ਵਿਸ਼ੇ ਲੈਣ ਲਈ ਗੋਰਾਇਆ ਸਕੂਲ ਛੱਡ ਕੇ ਅੱਟਾ ਸਕੂਲ ਵਿੱਚ ਦਾਖਲਾ ਲੈ ਲਿਆ। ਵਿਗਿਆਨ ਦੇ ਵਿੱਦਿਆਰਥੀ ਬਣਨ ਦੀ ਮੁੱਢਲੀ ਪ੍ਰੇਰਨਾ ਕਿੱਥੋਂ ਮਿਲੀ? ਤਾਂ ਪੁੱਛ ਰਿਹਾ, ਕਿਉਂਕਿ ਕਵਿਤਾ ਸਮੇਤ ਤੁਹਾਡੀ ਸਮੁੱਚੀ ਲੇਖਣੀ ਉੱਪਰ ਵਿਗਿਆਨ ਦਾ ਅਸਰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
—— ਕਿਰਸਾਨ ਪਰਵਾਰ ਵਿੱਚ ਜੰਮਿਆ ਪਲਿਆ; ਬਚਪਨ ਵਿੱਚ ਘਰੋਂ ਖੂਹ ਨੂੰ ਜਾਂਦਿਆਂ ਤੇ ਖੂਹ ਤੋਂ ਘਰ ਨੂੰ ਆਉਂਦਿਆਂ, ਪਗਡੰਡੀਆਂ ਤੇ ਰਾਹਾਂ ਤੋ ਇਲਾਵਾ ਪੈਰਾਂ ਨਾਲ ਕਬਰਾਂ, ਸਿਵੇ, ਤੇ ਫਸਲਾਂ ਵੀ ਗਾਹ ਮਾਰਨੀਆਂ। ਸਿਆੜਾਂ ਵਿੱਚ ਬੀਜੇ ਬੀਆਂ ਤੇ ਪੋਰੀਆਂ ਤੋਂ ਪੌਦਿਆਂ ਦਾ ਪੁੰਗਰਣਾ, ਪੌਦਿਆਂ ਦੀਆ ਫਸਲਾਂ ਦਾ ਬੜੇ ਹੋਣਾ, ਹਲ੍ਹਟ ਗੇੜ ਕੇ ਖੂਹ ਵਿੱਚੋਂ ਟਿੰਡਾਂ ਦੀ ਮਾਹਲ ਨਾਲ ਪਾਣੀ ਕੱਢਣਾ, ਆਡਾਂ ਰਾਹੀਂ ਪਾਣੀ ਦਾ ਆਪਣੇ ਆਪ ਹੀ ਖੇਤਾਂ ਦੇ ਕਿਆਰਿਆਂ ਵੱਲ ਨੂੰ ਵਗਣਾ, ਚੱਲਦੇ ਵੇਲਣੇ ‘ਤੇ ਗੰਨਿਆਂ ਦਾ ਟੋਕੇ ਤੇ ਗੁੜ ਦਾ ਬਦਲਣਾ, ਪੰਛੀਆਂ ਦਾ ਆਂਡੇ ਦੇਣਾ ਤੇ ਉਨ੍ਹਾਂ ਵਿੱਚੋਂ ਚੂਚੇ ਪੰਛੀਆਂ ਦਾ ਨਿਕਲਣਾ, ਗਾਈਆ, ਮੱਝਾਂ, ਤੇ ਕੁੱਤੀਆਂ ਦਾ ਸੂਣਾ…ਇਹ ਸਾਰੀ ਹਲਚਲ ਮੈਨੂੰ ਦਿਲਚਸਪ ਤੇ ਭੇਤਭਰੀ ਲੱਗਦੀ। ਇੱਥੇ ਹੀ ਬੱਸ ਨਹੀਂ: ਆਪਣੇ ਆਪ ਹੀ ਹਰ ਰੋਜ਼ ਸੂਰਜ ਦਾ ਆਸਮਾਨ ਦੇ ਇੱਕ ਪਾਸਿਆਂ ਨਿੱਕਲਣਾ ਤੇ ਦੂਜੇ ਪਾਸੇ ਡੁੱਬ ਜਾਣਾ, ਫਿਰ ਹੌਲੀ ਹੌਲੀ ਆਸਮਾਨ ਦਾ ਜਗਦੇ ਤਾਰਿਆਂ ਸਗ ਭਰ ਜਾਣਾ, ਚਾਣਨੀਆਂ ਰਾਤਾਂ ਦਾ ਹੋਣਾ, ਬੱਦਲਾਂ ਦਾ ਆਉਣਾ ਤੇ ਵਰ੍ਹ ਜਾਣਾ, ਸੱਭ ਕੁੱਝ ਗਿੱਲਾ ਗਿੱਲਾ, ਢਿੱਲਾ ਢਿੱਲਾ, ਤੇ ਕੁਝ ਚੋਂਦਾ ਚੋਂਦਾ ਕਰ ਜਾਣਾ…ਇਤਿਆਦਿ। ਇਸ ਸੱਭ ਕੁਝ ਜ਼ਰੂਰੀ ਤੌਰ ‘ਤੇ ਰੋਮਾਂਟਿਕ ਨਹੀਂ ਸੀਂ ਜਿੰਨਾ ਇੱਥੇ ਲਿਖਿਆ ਲੱਗ ਸਕਦਾ ਹੈ ਕਈਆਂ ਨੂੰ, ਪਰ ਇਹ ਹਕੀਕਤ ਸੀ ਜਿਸ ਵਿੱਚ ਹੇਠਲੀਆਂ ਸ਼ੈਆਂ ਵੀ ਸ਼ਾਮਲ ਸਨ: ਖੇਤਾਂ ਤੇ ਘਰਾਂ ਵਿੱਚ ਸੱਪਾਂ, ਚੂਹਿਆਂ, ਮੱਖੀਆਂ, ਮੱਛਰਾਂ ਦਾ ਵਸਣਾ; ਪੱਠੇ ਵੱਢਦਿਆਂ ਦਾਤਰੀ ਨਾਲ ਉਂਗਲ ਦਾ ਥੋੜਾ/ਬਹੁਤਾ ਜਿਹਾ ਵੱਢਿਆ ਜਾਣਾ ਤੇ ਇਲਾਜ ਵਜੋਂ ਉਂਗਲ ‘ਤੇ ਮੂਤ ਕਰਕੇ ਲੀਰ ਦੀ ਪੱਟੀ ਬੰਨਣਾ, ਹਰ ਗਰਮੀ ਰੁਤੇ ਮੱਛਰਾਂ ਦੇ ਖਾਧਿਆਂ ਨੂੰ ਬੁਖਾਰਾਂ ਦਾ ਚੜ੍ਹਨਾ, ਅਨਸੰਤੁਲਤ ਖੁਰਾਕ ਖਾਣ ਸਦਕਾ ਢਿੱਡ-ਪੀੜ ਤੇ ‘ਦਿਲ ਕੱਚਾ ਕੱਚਾ ਹੋਣ’ ਦਾ ਆਮ ਬਣ ਜਾਣਾ। ਇਸ ਸਾਰੀ ਹਲਚਲ, ਯਾਨਿ ਚੀਜ਼ਾਂ ਤੇ ਵਰਤਾਰਿਆਂ, ਨੂੰ ਵੇਖਣਾ ਜਾਂ/ਤੇ

‘ਕਿੱਸਿਆਂ ਦੇ ਕੈਦੀ’ ਦਾ ਰੀਲੀਜ਼ ਸਮਾਗ਼ਮ, ‘ਦੇਸ਼ ਭਗਤ ਯਾਦਗਾਰੀ ਹਾਲ ਵਿਖੇ. ਡਾ. ਸੁਖਪਾਲ ਸੰਘੇੜਾ ‘ਕਿੱਸਿਆਂ ਦੇ ਕੈਦੀ’ ‘ਚੋਂ ਕਵਿਤਾ ਪਾਠ ਕਰਦੇ ਹੋਏ। ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਭਤ: ਸੁਖਪਾਲ ਦੇ ਸੱਜਿਓਂ ਡਾ. ਜਗਤਾਰ, ਗ਼ਦਰੀ ਬਾਬਾ ਭਗਤ ਸਿੰਘ ਬਿਲਗਾ, ਕਾ. ਗੰਧਰਵ ਸੈਣ, ਤੇ ਪ੍ਰੋ. ਅਵਤਾਰ ਜੌੜਾ। (ਫ਼ੋਟੋ: ਜਨਵਰੀ 1998 ਦੇ ਪਹਿਲੇ ਦੇ ਹਫ਼ਤੇ ਦਾ ਕੋਈ ਦਿਨ)

ਹੰਢਾੳੇੁਣਾ ਮੇਰੇ ਮਨ ਵਿੱਚ ਕਿਸੇ ਨਾ ਕਿਸੇ ਰੂਪ ‘ਚੇ “ਕੀ, ਕਿੱਦਾਂ, ਕਿਓਂ” ਵਰਗੇ ਪ੍ਰਸ਼ਨ ਖੜ੍ਹੇ ਕਰਦਾ ਸੀ। ਪਰ, ਸਾਡੇ ਪਿੰਡ ਤੇ ਖੂਹਾਂ ਉੱਤੇ ‘ਰੱਬ’ ਰਹਿੰਦਾ, ਉੱਪਰ ਆਸਮਾਨ ਵਿੱਚ ਕਿਤੇ; ਸੱਭ ਕੁਝ ਉਸ ਦੀ ਮਰਜ਼ੀ ਨਾਲ ਹੀ ਹੁੰਦਾ ਸੀ: ਸੂਰਜ ਦਾ ਨਿੱਕਲਣਾ ਤੇ ਡੁੱਬਣਾ, ਬੋਏ ਬੀਆਂ ਦਾ ਫਸਲਾਂ ਬਣ ਜਾਣਾ, ਮੀਹਾਂ ਦਾ ਵਰ੍ਹਣਾ, ਬੰਦਿਆਂ ਦਾ ਜੰਮਣਾ ਤੇ ਮਰਨਾ…ਆਦਿ…ਸੱਭ ਕੁਝ, ਉਹ ਹੀ “ਕੀ, ਕਿੱਦਾਂ, ਕਿਓਂ” ਵਰਗੇ ਪ੍ਰਸ਼ਨਾਂ ਦਾ ਉੱਤਰ ਸੀ। ਪ੍ਰਇਮਰੀ ਸਕੂਲ ‘ਰੱਬ’ ਦੀ ਛਤਰ ਛਾਇਆ ਹੇਠ ਲੰਘ ਗਿਆ। ਇਹਦਾ ਮਤਲਬ ਇਹ ਨਹੀਂ ਕਿ ਚੀਜ਼ਾਂ ਤੇ ਵਰਤਾਰੇ ਮੈਨੂੰ ਦਿਲਚਸਪ ਲੱਗਣੋ ਜਾਂ ਹੈਰਾਨ ਕਰਨੋਂ ਹਟ ਗਏ, ਪਰ “ਕੀ, ਕਿੱਦਾਂ, ਕਿਓਂ” ਨੇ ਇੰਨਾ ਪ੍ਰੇਸ਼ਾਨ ਨਹੀਂ ਕੀਤਾ। ਜੋ ਕੁਝ ਵੀ ਹੋ ਰਿਹਾ ਸੀ, ‘ਰੱਬ’ ਦੀ ਮਰਜ਼ੀ ਨਾਲ ਹੋ ਰਿਹਾ ਸੀ, ਉਹ ਸੱਭ ਜਾਣੀ-ਜਾਨ ਸੀ ਕਿ ਉਹ ਕੀ ਕਰ ਰਿਹਾ ਤੇ ਕਿਓਂ, ਉਹਦੀਆਂ ਉਹੀ ਜਾਣੇ…। ਪਰ ਮਿਡਲ ਸਕੂਲ ਦੀ ਪੜ੍ਹਾਈ ਦੌਰਾਨ ਅਖੀਰ ਜਹੇ ‘ਤੇ ਇੱਕ ਗੜਬੜ ਹੋ ਗਈ, ਜਦੋਂ ਇਲਾਕੇ ਦੇ ਇੱਕ ਭਰੋਸੇਯੋਗ ਕਾਮਰੇਡ ਨੇ ਮੈਨੂੰ ਕਿਹਾ, ਜੋ ਮੇਰੇ ਲਈ ਖ਼ਬਰ ਸੀ, ”ਰੱਬ ਰੁੱਬ ਕੋਈ ਨਹੀਂ ਹੁੰਦਾ।” ਕਾਮਰੇਡ ਦੇ ਇਸ ਬਿਆਨ ਨੇ ਮੇਰੇ ਮਨ ਖਲਬਲੀ ਮਚਾ ਦਿੱਤੀ: ‘ਰੱਬ’ ਨਹੀ ਤਾਂ ਹੋਰ ਕੌਣ, ਜੋ ਕੁਝ ਚਲਾ ਰਿਹਾ ਕੁਦਰਤ ਦੀਆ ਚੀਜ਼ਾਂ ਤੇ ਵਰਤਾਰਿਆਂ ਨੂੰ? ਪੜ੍ਹ ਸੁਣ ਕੇ ਇਹ ਸੂਹ ਲੱਗ ਗਈ ਕਿ ਮੇਰੇ ਇਸ ਪ੍ਰਸ਼ਨ ਦਾ ਉੱਤਰ ਸ਼ਾਇਦ ਵਿਗਿਆਨ ਦੇ ਵਿਸ਼ਿਆਂ ਕੋਲ ਹੋਵੇ। ਸੋ, ਵਿਗਿਆਨ ਮੈਨੂੰ ਗੋਰਾਇਆਂ ਸਕੂਲ ਤੋਂ ਅਗਵਾ ਕਰਕੇ ਅੱਟਾ ਸਕੂਲ ਨੂੰ ਲੈ ਗਈ।

? ਤੁਸੀਂ ਉੱਨੀ ਸੌ 70ਵਿਆਂ ‘ਚੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਰਗਰਮ ਆਗੂ ਰਹੇ ਹੋ ਅਤੇ ਬਾਅਦ ਵਿਚ ਪੰਜਾਬ ਲੋਕ ਸੱਭਿਆਚਾਰਕ (ਪਲਸ ਮੰਚ) ਦੇ ਬਾਨੀ ਜਨਰਲ ਸਕੱਤਰ ਵੀ, ਬਾਨੀ ਪ੍ਰਧਾਨ ਗੁਰਸ਼ਰਨ ਸਿੰਘ ਨਾਲ, ਜੋ ਬਾਅਦ ਦੇ ਪੰਜਾਬ ਵਿੱਚ ‘ਭਾਈ ਮੰਨਾ ਸਿੰਘ’ ਦੇ ਨਾਮ ਨਾਲ ਵੀ ਜਾਣੇ ਜਾਣ ਲੱਗੇ। ਕੀ ਲਹਿਰਾਂ ਸਾਹਿਤਕ ਲਿਖਤਾਂ ਰਚਣ ‘ਚ ਰੋਲ ਅਦਾ ਕਰਦੀਆਂ?
—— ਬਿਨਾਂ-ਸ਼ੱਕ! ਸਾਹਿਤਕ ਰਚਨਾਵਾਂ ਅਕਸਰ ਸਿੱਧੀਆਂ ਜਾਂ ਅਸਿੱਧੀਆਂ ਜਾਂ ਤਾਂ ਕਿਸੇ ਘਟਨਾ ਜਾਂ ਵਰਤਾਰੇ ਉੱਪਰ ਅਧਾਰਤ ਹੁੰਦੀਆਂ ਨੇ ਜਾਂ ਉਨ੍ਹਾਂ ਤੋਂ ਪ੍ਰਭਾਵਤ। ਘਟਨਾ ਕੋਲੋਂ ਲੰਘ ਗਏ ਹੀਰਾਂ ਦੇ ਝੁੰਡ ਜਿੰਨੀ ਛੋਟੀ ਵੀ ਹੋ ਸਕਦੀ ਆ ਤੇ ਭਗਤ ਸਿੰਘ ਦੇ ਫਾਂਸੀ ਚੜ੍ਹਨ ਜਿੰਨੀ ਵੱਡੀ ਵੀ। ਲਹਿਰਾਂ ਘਟਨਾਵਾਂ ਨਾਲ ਭਰਪੂਰ ਹੁੰਦੀਆਂ ਤੇ ਸਮਾਜ ਨੂੰ ਪ੍ਰਭਾਵਤ ਕਰਦੀਆਂ ਨੇ। ਇਸ ਤਰਾਂ ਲਹਿਰਾਂ ਸੁਭਾਵਕ ਤੌਰ ਤੇ ਹੀ ਸਾਹਿਤ ਰਚਨਾ ਵਿਚ ਆਪਣਾ ਯੋਗਦਾਨ ਪਾ ਦਿੰਦੀਆਂ; ਲਹਿਰਾਂ ਸਾਹਿਤਕ ਰਚਨਾਵਾਂ ਦੇ ਉੱਗਣ ਤੇ ਪਲਣ ਲਈ ਜ਼ਰਖੇਜ਼ ਜ਼ਮੀਨ ਦਾ ਕੰਮ ਕਰਦੀਆਂ ਨੇ। ਇਹਤੋਂ ਵੀ ਵੱਧ, ਕਿਉਂਕਿ ਲਹਿਰਾਂ ਆਮ ਤੌਰ ‘ਤੇ ਅਸਾਧਾਰਨ ਹਾਲਤਾਂ ਜਾਂ ਹਾਲਾਤਾਂ, ਯਾਨਿ ਬੇ-ਜੜ੍ਹਤਾ, ਦੀ ਪੈਦਾਵਾਰ ਹੁੰਦੀਆਂ, ਇਸ ਲਈ ਉਹ ਅਸਾਧਾਰਨ ਸਾਹਿਤਕਾਰ ਵੀ ਪੈਦਾ ਕਰਦੀਆਂ ਜਿਵੇਂ ਰੂਸ ਵਿਚ ਗੋਰਕੀ, ਚਿੱਲੀ ਵਿਚ ਪਾਬਲੋ ਨੈਰੂਦਾ, ਤੇ ਪੰਜਾਬ ਵਿਚ ਸੰਤ ਰਾਮ ਉਦਾਸੀ ਤੇ ਪਾਸ਼।

ਵਿਅੱਕਤੀਗਤ ਪੱਧਰ ‘ਤੇ ਵੀ, ਮੇਰੀ ਪਹਿਲੀ ਕਵਿਤਾ/ਗੀਤ, ਉੱਨੀ ਸੌ 70ਵਿਆਂ ਦੇ ਪੰਜਾਬ ਵਿੱਚ, ਜੋ ਪ੍ਰਵਾਨ ਚੜ੍ਹਿਆ ਉਹ ਪੰਜਾਬ ਵਿੱਚ ਉਦੋਂ ਚੱਲ ਰਹੀ ਲਹਿਰ ਦੇ ਪ੍ਰਭਾਵ ਥੱਲੇ ਹੀ ਲਿਖਿਆ ਗਿਆ ਤੇ ਲਹਿਰਾਂ ਬਾਰੇ ਹੀ ਸੀ:

ਸੁਣ ਦਿੱਲੀ ਦੀਏ ਸਰਕਾਰੇ
ਤੇਰੇ ਸਾਡੇ ਵੈਰ ਕਰਾਰੇ
ਯੁੱਗੋਂ ਲੰਬੇ ਪਹਾੜੋਂ ਭਾਰੇ
ਕੱਚੀਆਂ ਗੜ੍ਹੀਆਂ ਮਹਿਲ ਮੁਨਾਰੇ
ਹਰ ਦਮ ਭਿੜਦੇ ਰਹਿਣੇ ਨੀ,
ਸੀਸ ਅਸਾਂ ਦੇ ਦਿੱਲੀ ਦੇ ਸੰਗ
ਮੁੜ ਮੁੜ ਖਹਿਣੇ ਨੀ।

ਮੇਰੀ ਇੱਕ ਨਵੀਂ ਕਵਿਤਾ ਦੀਆਂ ਕਾਵਿ-ਸ਼ਤਰਾਂ ਵੀ ਪੁੱਛੇ ਗਏ ਸੁਆਲ ਦਾ ਜੁਆਬ ਦਿੰਦੀਆਂ ਨੇ:

‘ਨਕਸਲਬਾੜੀ’ ਪੇਕੇ ਮੇਰੇ
‘ਰੇਨਾਸਾਂਸ’ ਨੇ ਸਹੁਰੇ,
‘ਇੰਨਲਾਈਟਨਮੈਂਟ’ ਦੀ ਲੋਏ ਚੱਲਦਾ
ਹਰ ਕੋਈ ਮੇਰਾ ਡੇਰਾ।

? ਲਹਿਰਾਂ ਤੇ ਰੇਨਾਸਾਂਸ ਦੀ ਗੱਲ ਚੱਲੀ ਹੈ ਤਾਂ ਮੈ, ਲੱਗਦੇ ਹੱਥ, ਇਸੇ ਹੀ ਲਾਇਨ ‘ਤੇ ਇੱਕ ਹੋਰ ਸੁਆਲ ਪੁੱਛ ਲਵਾਂ। ਪੰਜਾਬ ਪੀਪਲਜ਼ ਫ਼ੋਰਮ ਵਲੋਂ 2020 ਵਿੱਚ ਤੁਹਾਡੀ ਗ਼ਦ ਵਿੱਚ ਇੱਕ ਕਿਤਾਬ ਪ੍ਰਕਾਸ਼ਤ ਕੀਤੀ ਹੈ: “ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ (ਯੂਰਪੀਅਨ ਰੇਨਾਸਾਂਸ ਜਾਗਰਤੀ ਦੇ ਪ੍ਰਸੰਗ ਵਿੱਚ)” । ਇਸ ਕਿਤਾਬ ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ ਨੂੰ ਪਛਾਣਦੀ ਤੇ ਪ੍ਰਭਾਸ਼ਤ ਕਰਦੀ ਹੋਈ ਇਹਦੀ ਤੁਲਨਾ ਯੂਰਪੀਅਨ ਰੇਨਾਸਾਂਸ ਲਹਿਰ ਨਾਲ ਕਰਦੀ ਹੈ। ਇਹ ਕਿਤਾਬ ਲਿਖਣ ਲਈ ਕੋਈ ਪ੍ਰੇਰਨਾ ਸਰੋਤ?

——ਪ੍ਰੇਰਨਾ ਸਰੋਤ? ਆਪਣੀ ਜਨਮ-ਭੂਮੀ, ਪੰਜਾਬ/ਭਾਰਤ ਵਿੱਚ ਚੜ੍ਹਦੀ ਜਵਾਨੀ ਤੱਕ ਜੀਣ ਤੋਂ ਬਾਅਦ, ਕੈਨੇਡਾ, ਅਮਰੀਕਾ, ਤੇ ਯੋਰਪ ਸਮੇਤ ਪੱਛਮ ਵਿੱਚ ਪੱਛਮ ਨਾਲ ਰਲਗੱਡ ਹੋ ਕੇ ਜੀਣਾ, ਇਹਨੂੰ ਤੇ ਇਹਦੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਏ। ਕੈਨੇਡਾ ਤੇ ਅਮਰੀਕਾ ਦੀਆਂ ਯੁਨੀਵਰਸੀਟੀਆਂ ਪੜਿਆ ਹਾਂ, ਵਿਦਿਆਰਥੀ-ਹੋਸਟਲਾਂ ਵਿੱਚ ਰਿਹਾਂ ਹਾਂ, ਤੇ ਇੱਥੋਂ ਦੀਆਂ ਯੁਨੀਵਰਸੀਟੀਆਂ ਵਿੱਚ ਪੜਾਉਣ ਤੇ ਰੀਸਰਚ ਵਿੱਚ ਸ਼ਾਮਲ ਰਹਿੰਦਾ ਚਲਿਆਂ ਆ ਰਿਹਾ ਹਾਂ। ਰੀਸਰਚ ਕੰਮ ਲਈ ਮੈਂ ਯੂਰਪ ਵਿੱਚ ਵੀ ਜਾਂਦਾ ਤੇ ਉੱਥੇ ਰਹਿੰਦਾ ਰਿਹਾ ਹਾਂ। ਇਹ ਸੱਭ ਕੁਝ ਮੈਂ ਇੱਕ ਨਾਗਰਿਕ ਦੇ ਰੂਪ ਵਿੱਚ ਕਰਦਾ ਕਰਦਾ ਰਿਹਾ ਹਾਂ; ਇੱਥੋਂ ਦੀ ਜਿੰਦਗੀ ਵਿੱਚ ਟੁੱਭੀਆਂ ਲਾਉਂਦਾ, ਅੱਜ ਦਾ ਹਿੱਸਾ ਬਣ ਕੇ, ਨਾ ਕਿ ਜ਼ਿੰਦਗੀ ਭਰ ਸੈਲਾਨੀ, ਪ੍ਰਵਾਸੀ, ਜਾਂ ਬਿਦੇਸ਼ੀ ਹੋਣ ਦਾ ਆਪੇ ਸਿਰਜਿਆ ਸੰਤਾਪ ਹੰਡਾਉਂਦਿਆਂ।

ਮੇਰੇ ਇੱਕ ਕੰਨ ਵਿੱਚ ਜੇ ਪਾਸ਼, ਉਦਾਸੀ, ਸ਼ਿਵ ਤਾਂ ਦੂਸਰੇ ਕੰਨ ਵਿੱਚ ਅਮਰੀਕਾ ਦਾ ਕਾਰਲ ਸੈਂਡਬਰਗ ਤੇ ਵੁੱਡੀ ਗੱਥਰੀ, ਅਤੇ ਫ਼ਰਾਂਸ ਦਾ ਯੋਜੀਨ ਪੋਤੀਓ ਵੀ ਰਿਹਾ ਹੈ। ਮੈਂ ਜੇ ਸਿਆਲਾਂ ਦੇ ਚੂਚਕ ਦੀ ਦੁਰਕਾਰ ਜਾਂ ਕਰੋਪੀ ਹੰਡਾਈ ਹੈ, ਤਾਂ ਰੈਨਾਸਾਂਸ ਵਿੱਚੋਂ ਜਨਮੀ ਇੰਨਲਾਈਟਨਮੈਂਟ ਲਹਿਰ ਦੇ ਇੱਕ ਨੇਤਾ ਇਮਮੈਨੁਅਲ ਕਾਂਤ ਦਾ ਜ਼ਿੰਦਗੀ ਭਰ ਲੰਬਾ ਆਸੀਰਵਾਦ ਵੀ ਜੀਵਿਆਂ; ਤੇ ਮੈਂ ਜੇ ਪਾਸ਼ ਦੇ ਕਹਿਣ ਵਾਂਗ “ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੁੱਲ ਭੁੱਲਾਈਆਂ ਵਿੱਚ ਮਿਆਕਦਾ” ਦੇਖਿਆ ਹੈ, ਤਾਂ ਇੰਨਲਾਈਟਨਮੈਂਟ ਲਹਿਰ ਦੀ ਜ਼ਮੀਨ ਵਿੱਚੋਂ ਮਾਰਕਸ ਦਾ ਸਿਰ ਉੱਗਦਾ ਦੀ ਤੱਕਿਆ ਹੈ।

ਇਸ ਤੁਲਨਾਮਿਕ ਜੀਵਨ-ਤਜਰਬੇ ਤੇ ਤੱਕਣੀ ਦੀ ਲੋਏ ਮੈਨੂੰ ਮੱਧਕਾਲੀ ਪੰਜਾਬ ਦੀ ਤਿੰਨ ਲਹਿਰਾਂ (ਸਿੱਖ ਲਹਿਰ, ਭਗਤੀ ਲਹਿਰ, ਤੇ ਸੂਫੀ ਲਹਿਰ) ਇੱਕ, ਯਾਨਿ ਯੁਨੀਫ਼ਾਈਡ, ਹੁੰਦੀਆਂ ਦਿਸੀਆਂ, ਜਿਹਨੂੰ ਮੈਂ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ’ ਦਾ ਨਾਮ ਦਿੱਤਾ। ਕੁਝ ਹੋਰ ਨੇੜੇ ਹੋ ਕੇ ਤੱਕਿਆ ਤਾਂ ਪੰਜਾਬ ਦੀ ਇਸ ਜਾਗਰਤੀ ਲਹਿਰ ਦੇ ਨੈਣ-ਨਕਸ਼ ਤੇ ਅਕੀਦੇ ਮੈਨੂੰ ਇਸੇ ਸਮੇਂ ਚੱਲੀ ਯੋਰਪੀਅਨ ਰੇਨਾਂਸਾਂਸ ਲਹਿਰ ਨਾਲ ਮਿਲਦੀ-ਜੁਲਦੇ ਲੱਗੇ। ਅਤੇ ਇਤਿਹਾਸ ਗਵਾਹ ਹੈ: ਯੋਰਪੀਅਨ ਰੇਨਾਂਸਾਂਸ ਲਹਿਰ ਤੇ ਇਹਤੋਂ ਜਨਮੀ ਇੰਨਲਾਈਟਨਮੈਂਟ ਲਹਿਰ ਨੇ ਪੱਛਮ ਨੂੰ ਮੱਧਯੁੱਗ ਵਿਚੋਂ ਕੱਢ ਕੇ ਮਾਡਰਨ ਯੁੱਗ ਨਾਲ ਜੋੜਦੇ ਹੋਏ ਜਮਹੂਰੀਅਤ, ਜਮਹੂਰੀ ਅਦਾਰੇ, ਤੇ ਵਿਗਿਆਨਕ ਯੁੱਗ ਦਿੱਤੇ। ਮੁਕਾਬਲਤਨ, ਪੰਜਾਬ ਦੀ ਜਾਗਰਤੀ ਲਹਿਰ ਸਾਨੂੰ ਕੀ ਦਿੱਤਾ? ਮਹਾਂਰਾਜਾ ਰਣਜੀਤ ਸਿੰਘ ਦੇ ਸਿਰ ਉੱਪਰ ਝੂਲਦੀ ਸ਼ਾਹੀ ਕਲਗੀ! ਇਸ ਧਰਤੀ ਉੱਪਰ ਮਨੁੱਖੀ ਇਤਿਹਾਸ ਵਲੋਂ ਸਾਡੇ ਨਾਲ ਕੀਤਾ ਇਹ ਮਜ਼ਾਕ ਵੀ ਪ੍ਰੇਰਨਾ ਸਰੋਤ ਸੀ ਇਹ ਕਿਤਾਬ ਲਿਖਣ ਦਾ।

? ਜੇ ਪੁੱਛ ਸਕਾਂ ਤਾਂ, ਪੱਛਮ ਵਿੱਚ ਆਉਣ ਦਾ ਸਬੱਬ?
——ਉਦੋਂ ਮੈਂ ਭਾਰਤ ਦੀ ਹਿਮਾਂਚਲ ਪ੍ਰਦੇਸ਼ ਯੂਨੀਵਰਸਟੀ (HPU) ਸ਼ਿਮਲਾ ਵਿੱਚ ਦਾ ਭੌਤਿਕੀ, ਯਾਨਿ Physics, ਦਾ ਗ੍ਰੈਜੂਏਟ ਵਿਦਿਆਰਥੀ ਸੀ, ਤਾਂ ਦੁਨਿਆਂ ਹੋਰ ਯੂਨੀਵਰਸਿਟੀਆਂ ਨਾਲ ਤਾਲਮੇਲ ਤੇ ਪੁੱਛ ਪੁਛਾਅ ਦੇ ਜ਼ਰੀਏ ਮੈਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਪੱਛਮ ਵਿੱਚ ਭੌਤਿਕੀ ਸਮੇਤ ਵਿਗਿਆਨ ਦੀ ਵਿੱਦਿਆ ਤੇ ਖੋਜ, ਯਾਨਿ research, ਦਾ ਮਿਆਰ ਉੱਚੇਰਾ ਸੀ। ਵਿਗਿਆਨ ਮਿਆਰ ਚੁੰਬਕ ਹੈ ਤੇ ਮੈਂ ਉਸ ਵੱਲ ਨੂੰ ਖਿੱਚਿਆ ਜਾਣ ਵਾਲਾ ਲੋਹਾ। ਸੋ ਜਿੱਦਾਂ ਵਿਗਿਆਨ ਮੈਨੂੰ ਗੋਰਾਇਆਂ ਸਕੂਲ ਤੋਂ ਅਗਵਾ ਕਰਕੇ ਅੱਟਾ ਸਕੂਲ ਵਿੱਚ ਲੈ ਗਈ ਸੀ, ਉੱਦਾ ਹੀ ਵਿਗਿਆਨ ਮੈਨੂੰ ਸ਼ਿਮਲਾ ਵਾਲੀ ਯੂਨੀਵਰਸਟੀ ਤੋੰ ਅਗਵਾ ਕਰਕੇ ਕੈਨੇਡਾ ਦੇ ਗ੍ਰੇਟਰ ਵੈਨਕੋਵਰ ਵਿੱਚਲੀ ਸਾਇਮਨ ਫ੍ਰੇਜ਼ਰ ਯੁਨੀਵਰਸਟੀ ਤੇ ਬਾਅਦ ਵਿੱਚ ਓਟਾਵਾ ਦੀ ਕਾਰਲਿਟਨ ਯੁਨੀਵਰਸਟੀ ਵਿੱਚ ਲੈੰ ਗਈ, ਵਿਗਿਆਨ ਦੀ ਉੱਚ ਵਿਦਿਆ ਤੇ ਖੋਜ ਕੰਮ ਲਈ। ਇੱਥੋਂ ਮੇਰੀ ਪੱਛਮ ਵਿੱਚ ਜਿੰਦਗੀ, ਨਾ ਕਿ ਪਰਵਾਸ, ਦੀ ਕਹਾਣੀ ਸ਼ੁਰੂ ਹੁੰਦੀ ਆ।

? ਇੱਕ ਲਹਿਰ, ਉੱਨੀ ਸੌ 70ਵਿਆਂ ਦੀ ਪੰਜਾਬ ਦੀ, ਵਿੱਚੋੰ ਹੋਰਨਾਂ ਕਈਆਂ ਸਮੇਤ, ਤੁਸੀਂ ਵੀ ਲੰਘ ਕੇ ਆਏ। ਉਸ ਲਹਿਰ ਨੂੰ ਯੂਰਪੀਅਨ ਰੇਨਾਸਾਂਸ ਦੀ ਨਜ਼ਰ ਨਾਲ ਕਿੰਝ ਵੇਖੋਗੇ?
—-ਮੱਧਕਾਲੀ ਪੰਜਾਬ ਦੀ ਜਾਗਰਤੀ ਦੌਰਾਨ ਤੇ ਇਹਤੋਂ ਬਾਅਦ, ਆਪਣਾ ਰੇਨਾਸਾਂਸ ਪੂਰਾ ਕਰਨ ਦੀ ਅਸਫ਼ਲ ਕੋਸ਼ਿਸ ਜਾਂ ਰੇਨਾਸਾਂਸ ਨੂੰ ਫ਼ੇਲ ਕਰਨ ਦੀ ਸਫਲ ਕੋਸ਼ਿਸ਼ ਉਪਰੰਤ ਪੰਜਾਬੀ/ਭਾਰਤੀ ਕੌਮ ਸਿਰ ਮਨੁੱਖੀ ਇਤਿਹਾਸ ਦਾ ਇੱਕ ਭਾਰ, ਯਾਣੋ ਇੱਕ ਸਰਾਪ, ਚਲਿਆ ਆਉਂਦਾ ਹੈ: ਆਪਣਾ ਸਫ਼ਲ ਰੇਨਾਸਾਂਸ ਤੇ ਇੰਨਲਾਈਟਨਮੈਂਟ ਨਾ ਕਰਨ ਦਾ ਭਾਰ, ਯਾਣੋ ਸਰਾਪ। ਮੈਂ ਉੱਨੀ ਸੌ ਦੇਰ-60ਵਿਆਂ ਤੇ ਸਾਰੇ 70ਵਿਆਂ ਦੇ ਪੰਜਾਬ ਦੀ ਲਹਿਰ ਨੂੰ, ਇਹਦੇ ਸਾਹਿਤਕ ਤੇ ਸੱਭਿਆਚਾਰਕ ਪੱਖ ਤੋਂ ਦੇਖਦਾ ਹੋਇਆ, ਇਹਨੂੰ ਆਪਣੀ ਕਿਸਮ ਦਾ ਮਿੰਨੀ ਰੇਨਾਸਾਂਸ ਸਮਝਦਾ ਹਾਂ, ਜਿਸ ਵਿੱਚ ਉਦਾਸੀ ਤੇ ਪਾਸ਼ ਵਰਗੇ ਲੇਖਕ ਸਾਡੇ ‘ਰੇਨਾਸਾਂਸ ਮਿੰਨ’ ਸਨ, ਅਤੇ ਭਾਅ ਜੀ ਗੁਰਸ਼ਰਨ ਸਿੰਘ ਸੱਭ ਤੋਂ ਵੱਡਾ ਤੇਂ ਕੇਂਦਰੀ ‘ਰੇਨਾਸਾਂਸ ਮੈਨ’ ਸੀ। ਇਹ ਤੁਲਨਾ ਕਰਦੇ ਹੋਏ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਯੋਰਪੀਅਨ ਰੇਨਾਸਾਂਸ ਦੀ ਸਫ਼ਲਤਾ ਦਾ ਇੱਕ ਮੁੱਖ ਰਾਜ਼ ਸੀ ਕਿ ਇਸ ਲਹਿਰ ਦੇ ਸੰਚਾਲਕ ਚਲੇ ਆਉਂਦੇ ਜਾਗੀਰੂ-ਰਾਜਾਸ਼ਾਹੀ ਤੇ ‘ਧਰਮ (ਚਰਚ) ਪ੍ਰਧਾਨ’ ਯੁੱਗ ਉੱਪਰੋਂ ਛੜੱਪਾ ਮਾਰ ਕੇ ਗਰੀਕ ਫ਼ਿਲਾਸਫਰਾਂ ਦੇ ਯੁੱਗ ਪਹੁੰਚ ਗਏ, ਆਪਣੇ ‘ਅੱਜ’ ਦੀ ਰੌਸ਼ਨੀ ਵਿੱਚ ਗਰੀਕ ਫ਼ਿਲਾਸਫਰਾਂ ਦੇ ਯੁੱਗ ਦੀ ਸੋਚ, ਸਾਹਿਤ-ਕਲਾ, ਤੇ ਸੱਭਿਆਚਾਰ ਦੀ ਚੀਰ-ਫ਼ਾੜ ਕਰਕੇ, ਤੇ ਇੰਝ ਉਸ ਯੁੱਗ ਵਿੱਚੋਂ ‘ਤਰਕ’ ਨੂੰ ਅਤੇ ਜਮਹੂਰੀਅਤ ਤੇ ਵਿਗਿਆਨ ਦੇ ਬੀਜ-ਵਿਚਾਰਾਂ ਨੂੰ ਅਪਨਾ ਕੇ; ਉਨ੍ਹਾਂ ਵਿਚਾਰਾਂ ਨੂੰ ਵਿਕਸਿਤ ਕੀਤਾ ਭਵਿੱਖ ਵੱਲ ਨੂੰ ਅੱਗੇ ਵਧਣ ਲਈ। ਇੱਥੇ ਕੁੰਜੀ-ਨੁਕਤਾ (key point) ਇਹ ਆ ਕਿ ਉਨ੍ਹਾ ਨੇ ਜਾਗੀਰੂ-ਰਾਜਾਸ਼ਾਹੀ ਪ੍ਰਬੰਧ ਤੇ ਉਸ ਦੀਆਂ ਕਦਰਾਂ-ਕੀਮਤਾਂ ਨੂੰ ਠੁਕਰਾਇਆ, ਅੱਗੇ ਵਧਣ ਲਈ, ਮਨੁੱਖੀ ਵਿਕਾਸ ਦੇ ਰਾਹ ਉੱਪਰ। ਜਦ ਕਿ ਉਨੀਂ ਸੌ ਦੇਰ-60ਵਿਆਂ ਤੇ ਸਾਰੇ 70ਵਿਆਂ ਦਾ ਪੰਜਾਬ, ਬਾਕੀ ਭਾਰਤ ਸਮੇਤ ਹੀ, ਅਰਧ-ਜਾਗੀਰੂ ਸੀ (ਤੇ ਹੈ): ਆਪਣੇ ਸਮਾਜਿਕ, ਆਰਥਿਕ, ਰਾਜਨੀਤਿਕ, ਤੇ ਕਦਰਾਂ-ਕੀਮਤਾਂ ਦੇ ਢਾਂਚਿਆਂ ਤੋਂ। ਅਜੇਹੇ ਮਾਹੌਲ ਵਿੱਚ, ਉੱਚ ਜਾਤੀ ਜਾਂ ਅਮੀਰ/ਮੱਧ ਵਰਗਾਂ ਦੇ ਮਨਾਂ ਵਿੱਚ ਅਕਸਰ ਜਾਗੀਰੂ-ਰਾਜਾਸ਼ਾਹੀ ਕਲਗੀਆਂ ਝੁੱਲਦੀਆ ਨੇ। ਜਾਗੀਰੂ ਜਾਂ ਅਰਧ-ਜਾਗੀਰੂ ਸਮਾਜ ਵਿੱਚ ‘ਅਗਾਂਹ-ਵਧੂ’ ਜਾਂ ‘ਇੰਨਕਲਾਬੀ’ ਸੋਚ ਦੇ ਬੰਦੇ ਵੀ ਇਸੇ ਹੀ ਮਾਹੌਲ ਵਿੱਚ ਹੀ ਜੰਮੇ ਪਲੇ ਹੁੰਦੇ ਹਨ; ਨਤੀਜਣ ਉਨ੍ਹਾਂ ਦੇ ਮਨੀ ਵੀ ਕਲਗੀਆਂ ਉੱਗੀਆਂ ਹੁੰਦੀਆਂ ਨੇ। ਚੱਲ ਰਹੀ ਲਹਿਰ ਵਿੱਚ ਇਹ ਜਾਗੀਰੂ-ਰਾਜਾਸ਼ਾਹੀ ਕਲਗੀਆਂ ਝੱਖੜ ਬਣ ਝੁੱਲਦੀਆ ਨੇ, ਤੇ ਲਹਿਰ ਵਿੱਚ ਬੜਾ ਨੁਕਸਾਨ-ਦੇਹ ਖ਼ਲਾਰਾ ਪਾਉਂਦੀਆਂ ਨੇ; ਮਿਸਾਲ ਵਜੋ ਅੰਤਰ-ਪਾਰਟੀ ਭੇਦਾਂ ਨਾਲ ਵਿਗਿਆਨਕ ਤਰਕ ਸੰਗ ਸਿੱਝਣ ਦੀ ਬਜਾਏ ਸਰਦਾਰੀ/ਚੌਧਰ ਕਾਇਮ ਰੱਖਣ ਲਈ ਪਾਰਟੀ ਦੀਆਂ ਫ਼ਾਕੜਾਂ ਕਰੀ ਜਾਣੀਆਂ, ਇੱਕ ਤੋਂ ਦੋ, ਦੋ ਤੋਂ ਚਾਰ ਆਦਿ। ਸਾਡੇ ਬਾਹਲੇ ਲੋਕ-ਨਾਇਕ ਵੀ, ਕੁੱਲ ਮਿਲਾ ਕੇ, ਜਾਗੀਰੂ ਕਦਰਾਂ-ਕੀਮਤਾਂ ਤੇ ਆਨਾ-ਸ਼ਾਨਾਂ ਨਾਲ ਬੱਝੇ ਹੋਏ ਨੇ। ਇੰਝ, ਪੰਜਾਬ/ਭਾਰਤ ਵਿੱਚ, ਜਾਗੀਰੂ ਕਦਰਾਂ-ਕੀਮਤਾਂ ਅਤੇ ਲਹਿਰ ਦੀ ਇਨ੍ਹਾਂ ਸੰਗ ਅਸਰਦਾਇਕ ਢੰਗ ਨਾਲ ਨਜਿੱਠਣ ਵਿੱਚ ਅਯੋਗਤਾ ਮੂਲ ਰੂਪ ਵਿੱਚ ਪ੍ਰਗਤੀਸ਼ੀਲ ਲਹਿਰਾਂ ਦੀ ਅਸਫ਼ਲਤਾ ਦਾ ਇੱਕ ਵੱਡਾ ਕਾਰਨ ਬਣਦੀ ਚੱਲੀ ਆ ਰਹੀ ਹੈ।

?ਕਵਿਤਾ ਵੱਲ ਮੁੜਦੇ ਹੋਏ; ਪੰਜਾਬ ‘ਚੇ ਰਹਿੰਦੇ ਕਈ ਲੇਖਕ ਤੇ ਆਲੋਚਕ ਅਕਸਰ ਇਹ ਦੋਸ਼ ਲਾਉਂਦੇ ਰਹਿੰਦੇ ਆ ਕਿ ਪਰਵਾਸੀ ਲੇਖਕ ਡਾਲਰਾਂ ਦੇ ਜ਼ੋਰ ਆਪਣੀਆਂ ਨੀਵੇਂ ਪੱਧਰ ਦੀਆਂ ਲਿਖਤਾਂ ਦੀਆਂ ਕਿਤਾਬਾਂ ਛਪਵਾ ਲੈਂਦੇ ਆ। ਇਹਦੇ ਬਾਰੇ ਤੁਹਾਡਾ ਪ੍ਰਤੀਕਰਮ?
—— ਕੂੜਾ ਕਵਾੜ ਤਾਂ ਪੰਜਾਬ ਵਿਚ ਵੀ ਬਥੇਰਾ ਛਪਦਾ। ਬਾਕੀ, ਕਿਤਾਬ ਦਾ ਛਪਣਾ ਤੇ ਕਿਤਾਬ ਵਿਚਲੀਆਂ ਲਿਖਤਾਂ ਦੀ ਸਾਹਿਤਕ ਪੱਧਰ ਦੋ ਵੱਖੋ ਵੱਖਰੀਆਂ ਗੱਲਾਂ। ਪੰਜਾਬੀ ਵਿੱਚ ਕਿਤਾਬ ਛਪਵਾਉਣ ਲਈ ਹਰ ਕੋਈ ਅਸਰ ਰਸੂਖ ਵਰਤਦਾ। ਪੌਂਡ ਤੇ ਡਾਲਰ (ਕਰੰਸੀ) ਅਸਰ ਰਸੂਖ ਦਾ ਸਿਰਫ ਇਕ ਸਰੋਤ ਆ। ਕਰੰਸੀ ਪੰਜਾਬ ਦੇ ਲੇਖਕ ਵੀ ਛਪਣ ਲਈ ਵਰਤਦੇ ਈ ਆ, ਬਾਹਰਲੇ ਲੇਖਕ ਜ਼ਰਾ ਜ਼ਿਆਦਾ ਵਰਤ ਲੈਂਦੇ ਹੁਣੇ ਆਂ। ਪਰ ਅਸਰ ਰਸੂਖ ਦੇ ਹੋਰ ਬਥੇਰੇ ਸਰੋਤ ਹੈਗੇ ਆ, ਜਿਵੇਂ ਯੁਨੀਵਰਸਟੀਆਂ ਦੀਆਂ ਕੁਰਸੀਆਂ, ਸਾਹਿਤਕ ਸੰਸਥਾਵਾਂ ਵਲੋਂ ਵਰਤਾਏ ਜਾਂਦੇ ਇਨਾਮ ਸਨਮਾਨ, ਸਰਕਾਰੇ ਦਰਬਾਰੇ ਬਹਿਣੀ ਉੱਠਣੀ, ਅਤੇ ਸਥਾਪਤ ਲੇਖਕਾਂ ਤੇ ਅਲੋਚਕਾਂ ਨਾਲ ਯਾਰੀਆਂ ਤੇ ਚਾਅ ਪਲੂਸੀਆਂ; ਇਨ੍ਹਾਂ ਸਰੋਤਾਂ ਦੀ ਪੰਜਾਬ ਬੈਠੇ ਲੇਖਕ ਵੀ ਭਰਪੂਰ ਵਰਤੋਂ ਕਰਦੇ ਆ। ਮੈਂ ਤਾਂ ਚਾਹੁਨਾ ਪਈ ‘ਕਿਤਾਬ ਛਾਪਣੀ’ ਹਰ ਲੇਖਕ ਦੀ ਪਹੁੰਚ ਵਿਚ ਹੋਣੀ ਚਾਹੀਦੀ ਆ। ਜਿਵੇਂ ਮੇਰੀ ਪਿਛਲੀ ਗੱਲਬਾਤ ਦੌਰਾਨ, ਜੋ ਸੰਨ 2000 ਆਲੇ ਦੁਆਲੇ ‘ਨਵਾਂ ਜ਼ਮਾਨਾ’ ਛਪੀ ਜਦੋਂ ਇੰਟਰਨੈੱਟ/ਵੈੱਬ ਅਜੇ ਘਰ ਘਰ ਨਹੀਂ ਸੀ ਪਹੁੰਚੀ, ਮੈਂ ਕਿਹਾ ਸੀ ਕਿ ਵੈੱਬ ਨੇ ਕਿਤਾਬ ਛਾਪਣ ਦਾ ਕੰਮ ਟਾਈਪ ਕਰਨ ਜਿੰਨਾ ਸੌਖਾ ਕਰ ਦੇਣਾ, ਉਹ ਹੁਣ ਹੋ ਚੁਕਿਆ ਹੈ, ਕਈ ਪੱਖਾਂ ਤੋਂ। ਬਾਕੀ ਗੱਲ ਰਹੀ ਸਾਹਿਤਕ ਪੱਧਰ ਦੀ; ਕਿਸੇ ਵੀ ਕਿਤਾਬ ਦਾ ਛਪਣਾ ਉਹਦੇ ਸਾਹਿਤਕ ਪੱਧਰ ਦੀ ਗਰੰਟੀ ਨਹੀਂ ਹੁੰਦਾ। ਉਹਦਾ ਸਾਹਿਤਕ ਪੱਧਰ ਤੇ ਸਾਹਿਤ ਨੂੰ ਉਹਦੀ ਦੇਣ ਸਾਹਿਤ ਦੇ ਪਾਠਕਾਂ ਅਤੇ ਗੰਭੀਰ ਵਿਦਵਾਨਾਂ/ਆਲੋਚਕਾਂ ਵਲੋਂ ਤੈਅ ਕੀਤੀ ਜਾਣੀ ਹੁੰਦਾ ਆ, ਨਾ ਕਿ ਚਾਹ ਦੇ ਕੱਪਾਂ, ਸ਼ਰਾਬ/ਚਿੱਕਨਾਂ, ਇਨਾਮਾਂ/ਸਨਮਾਨਾਂ, ਤੇ ਹੋਰ ਗਰਜ਼ਾਂ ‘ਤੇ ਵਿਕ ਜਾਣ ਵਾਲੇ ਤਥਾ-ਕਥਿਤ ਆਲੋਚਕਾਂ ਵਲੋਂ। ਐਸਾ ਮੇਰਾ ਵਿਸ਼ਵਾਸ ਹੈ, ਤੇ ਉਮੀਦ ਵੀ।

? ਗੱਲ ਪਰਵਾਸੀ ਲੇਖਕਾਂ ਦੀ ਚੱਲੀ ਹੈ ਤਾਂ ਇਹ ਵੀ ਪੁੱਛ ਵੇਖਾਂ: ਪੰਜਾਬੀ ਸਾਹਿਤ ਵਿੱਚ ‘ਪਰਵਾਸੀ ਲੇਖਕ’ ਤੇ ‘ਪਰਵਾਸੀ ਕਵਿਤਾ’ ਆਦਿ ਸੰਕਲਪਾਂ ਬਾਰੇ ਤੁਹਾਡਾ ਕੀ ਵਿਚਾਰ ਹੈ?
——ਮੇਰੀ ਜਾਣਕਾਰੀ ਮੁਤਾਬਕ, ਅੰਗਰੇਜ਼ੀ, ਹਿੰਦੀ, ਜਾਂ ਕਿਸੇ ਵੀ ਭਾਸ਼ਾ-ਸਾਹਿਤ ਦਾ ਇਸ ਤਰ੍ਹਾਂ ਨਹੀਂ, ਜਿਸ ਤਰ੍ਹਾਂ ਇਹ ਵਰਤਿਆ ਜਾਂਦਾ, ਪੰਜਾਬੀ ਸਾਹਿਤ ਵਿੱਚ: ’ਪਰਵਾਸ’ ਬਹੁਤ ਖ਼ਤਰਨਾਕ, ਸ਼ਾਜਿਸ਼ੀ, ਤੇ ਭ੍ਰਿਸ਼ਟ ਸੰਕਲਪ ਆ, ਕਈ ਪੱਖਾਂ ਤੋਂ, ਸੋਢੀ ਜੀ, ਮੇਰੇ ਵਿਚਾਰ ਅਨੁਸਾਰ। ਇਸ ਦੀਆਂ ਜੜ੍ਹਾਂ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ, ਜਾਂ ਹਿੰਦੂ ਫ਼ਲਸਫ਼ੇ, ਦੇ ਉਸ ਹਿੱਸੇ ਤੱਕ ਪਹੁੰਚਦੀਆ, ਜਿਸ ਅਨੁਸਾਰ “ਪਹਿਲਾ ਯੁੱਗ ਸੱਤਯੁਗ ਸੀ ਅਤੇ ਤ੍ਰੇਤਾ ਤੇ ਦੁਆਪਰ ਤੋਂ ਬਾਅਦ ਹੁਣ ਦਾ ਯੁੱਗ ਕਲਯੁੱਗ ਹੈ।” ਇਹ ਵਿਸ਼ਵਾਸ ਭੂਤ-ਮੁੱਖੀ ਸੋਚ ਤੇ ਪਹੁੰਚ ਨੂੰ ਜਨਮ ਦਿੰਦਾ, ਜਿਹਦੇ ਧਾਰਨੀ ਅੱਜ ਸਮੱਸਿਆਵਾਂ ਦੇ ਹੱਲ ਭੂਤ ਕਾਲ ਲੱਭਦੇ ਆ। ਜੇ ਸੱਤਯੁੱਗ ਤਾਂ ਪਿੱਛੇ ਰਹਿ ਗਿਆ, ਅੱਜ ਕਲਯੁੱਗ, ਯਾਣਿ ਭੈੜਾ ਯੁੱਗ ਆ; ਤਾਂ ਪਿਛਲ-ਝਾਕ ਤਾਂ ਲੱਗਣੀ ਹੀ ਹੋਈ “ਭਲੇ ਜ਼ਮਾਨਿਆਂ” ਵੱਲ ਨੂੰ। ਮਿਸਾਲ ਦੇ ਤੌਰ ‘ਤੇ, ਸਾਡੇ ਵਿੱਚੋਂ ਵੱਡਾ ਹਿੱਸਾ, ਸਣੇ ਲੇਖਕ, ਪੰਜਾਬੀ ਅੱਜ ਵੀ ਰਣਜੀਤ ਸਿੰਘ ਦੀ ਰਾਜ-ਵਾਪਸੀ ਦੇ ਸੁਪਨੇ ਦੇਖਦੇ ਹਨ; ਵਾਰਿਸਸ਼ਾਹ, ਬਾਬਾ ਨਾਨਕ, ਬੁਲੇ ਸ਼ਾਹ, ਤੇ ਸ਼ਿਵ ਆਦਿ ਨੂੰ ਹਾਕਾਂ ਮਾਰਦੇ ਆ, ਜਾਂ ਉਨ੍ਹਾਂ ਨੂੰ ਹਾਕਾਂ ਉਪਰ ਤਾੜੀਆਂ ਮਾਰਦੇ ਨਹੀਂ ਥੱਕਦੇ। ਮੁੱਕਦੀ ਗੱਲ, ਭੂਤ-ਮੁੱਖੀ ਸੋਚ ਤੇ ਮਾਨਸਿਕਤਾ ਜੜ੍ਹਤਾ, ਯਾਨਿ ਤਬਦੀਲੀ ਦਾ ਵਿਰੋਧ, ਨੂੰ ਜਨਮ ਦਿਂਦੀ ਆ।

‘ਪਰਵਾਸ’ ਸੰਕਲਪ ਦੀ ਮਾਂ, ਪੰਜਾਬ ਤੇ ਭਾਰਤ ਸਰਕਾਰਾਂ ਸਮੇਤ, ਪੰਜਾਬੀ/ਭਾਰਤੀ ਕੌਮ ਦੀ ‘ਜੜ੍ਹਤਾ’ ਹੈ। ਪੰਜਾਬੀ ਯੂਨੀਵਰਸਿਟੀ ਦੇ ‘ਪੰਜਾਬੀ ਸ਼ਬਦ ਕੋਸ਼’ ਅਨੁਸਾਰ ‘ਪਰਵਾਸੀ’ ਦਾ ਅਰਥ ਹੈ, “ਆਪਣਾ ਦੇਸ ਛੱਡ ਦੇ ਵਿਦੇਸ਼ ਵਿੱਚ ਜਾ ਕੇ ਵਸਣ ਵਾਲਾ”, ਯਾਨਿ ਪਰਵਾਸ ਦਾ ਮਤਲਬ ਹੋਇਆ: ‘ਆਪਣਾ ਦੇਸ਼’ ਛੱਡ ਕਿਸੇ ਹੋਰ ਦੇਸ਼ ਜਾ ਵਸਣਾ। ਪਰਵਾਸ ਦੀ ਇਹ ਪ੍ਰਭਾਸ਼ਾ ਅਪਣਾਉਂਣਾ ਹੀ ਭਾਰਤ ਦੇ ਪਰਵਾਸ ਐਕਟ, ਯਾਨਿ The Emigration Act, 1983, ਅਨੁਸਾਰ, “ਪਰਵਾਸੀ ਦਾ ਮਤਲਬ ਹੈ ਭਾਰਤ ਦਾ ਕੋਈ ਨਾਗਰਿਕ ਜੋ ਪਰਵਾਸ ਕਰਨ ਦਾ ਇਰਾਦਾ ਰੱਖਦਾ ਹੈ ਜਾਂ ਪਰਵਾਸ ਕਰਦਾ ਹੈ ਜਾਂ ਪਰਵਾਸ ਕਰ ਚੁੱਕਾ ਹੈ।”

ਪਰਵਾਸ ਤੇ ਪਰਵਾਸੀ ਦੀ ਇਸ ਪ੍ਰਭਾਸ਼ਾ ਦੇ ਨਜ਼ਰੀਏ ਤੋਂ 1) ਬੰਦੇ ਦਾ ਇੱਕ ਹੀ ਦੇਸ਼ ਹੁੰਦਾ ਹੈ, ਬੇ-ਸ਼ੱਕ ਉਹਦਾ ਜਨਮ-ਦੇਸ਼, 2) ਜਦੋਂ ਉਹ ਕਿਸੇ ਵੀ ਹੋਰ ਦੇਸ਼ ਵਿੱਚ ਵਸ ਜਾਵੇ, ਭਾਵੇਂ ਉਸ ਦੇਸ਼ ਦਾ ਨਾਗਰਿਕ ਬਣਕੇ ਹੀ, ਤਾਂ ਉਹ ਪਰਵਾਸੀ ਜਾਂ ਵਿਦੇਸ਼ੀ ਹੋ ਜਾਂਦਾ ਹੈ। ਇਹ ਨਜ਼ਰੀਆ ਹੈ ਸਾਡੇ ਪ੍ਰਤੀ ਪੰਜਾਬ ਜਾਂ ਭਾਰਤ ਦੀ ਸਥਾਪਤੀ ਦਾ। ‘ਜ਼ਿੰਦਗੀ ਭਰ ਇੱਕੋ ਦੇਸ਼ ਤੇ ਬਾਕੀ ਸੱਭ ਵਿਦੇਸ਼’ ਦਾ ਸਿਧਾਂਤ ‘ਜੜ੍ਹਤਾ’ ਸੋਚ ਦੀ ਪੈਦਾਵਾਰ ਆ। ਇਹ ਮੇਲ ਨਹੀਂ ਖਾਂਦਾ ਆਧੁਨਿਕ ਯੁੱਗ ਦੀ ਸਚਾਈ ਨਾਲ, ਜਿਸਨੂੰ ਪੱਛਮ ਬਾਹਲੇ, ਜੇ ਸਾਰੇ ਨਹੀਂ, ਦੇਸ਼ ਪਛਾਣਦੇ ਨੇ ਕਿ ਬੰਦੇ ਦੇ ਇੱਕ ਤੋਂ ਜ਼ਿਆਦਾ ਦੇਸ਼ ਹੋ ਸਕਦੇ ਨੇ। ਮਿਸਾਲ ਵਜੋਂ, ਜਦੋਂ ਬੰਦਾ ਇੱਕ ਦੇਸ਼ ਵਿੱਚ ਪੈਦਾ ਹੋ ਕੇ ਉਮਰ ਦੇ ਕਿਸੇ ਵੀ ਪੜਾਅ ‘ਤੇ ਕਿਸੇ ਦੂਜੇ ਦੇਸ਼ ਵਿੱਚ ਆਣ ਵਸੇ ਤੇ ਉਹਦੀ ਨਾਗਰਿਕਤਾ ਗ੍ਰਹਿਣ ਕਰ ਲਵੇ ਤਾਂ ਇਹ ਦੂਜਾ ਦੇਸ਼ ਵੀ ਬੰਦੇ ਦਾ ਦੇਸ਼ ਬਣ ਜਾਂਦਾ ਹੈ, ‘ਜਨਮ-ਦੇਸ਼’ ਉੱਪਰ ਕਾਂਟਾ ਮਾਰੇ ਬਗ਼ੈਰ ਹੀ; ਦੂਜੇ ਜਾਂ ਨਵੇਂ ਨੂੰ ਆਪਣੀ ਮਰਜ਼ੀ ਜਾਂ ਚੋਣ ਦਾ ਦੇਸ਼, ਯਾਣਿ ਕਨਟ੍ਰੀ ਆਫ ਚੌਆਇਸ, ਵੀ ਕਿਹਾ ਜਾਂਦਾ ਹੈ। ਪਿਛਾਂਹ ਰਹਿ ਗਏ ਦੇਸ਼ ਨੂੰ ਜਨਮ ਦੇਸ਼ ਜਾਂ ਮੁੱਢਲਾ ਦੇਸ਼ ਕਿਹਾ ਜਾਂਦਾ ਹੈ। ਇੱਕ ਪਿੱਛੇ ਰਹਿ ਗਿਆ ਜਨਮ-ਦੇਸ਼ ਤੇ ਦੂਜਾ ਹੁਣ ਦਾ ਦੇਸ਼: ਪ੍ਰਦੇਸ਼ ਕੋਈ ਨਹੀਂ। ਮਿਸਾਲ ਵਜੋਂ ਜੇ ਤੁਸੀਂ ਕਿਸੇ ਪੱਛਮੀ ਦੇਸ਼, ਅਮਰੀਕਾ, ਕੈਨੇਡਾ, ਇੰਗਲੈਂਡ, ਆਦਿ ਦੇ ਨਾਗਰਿਕ ਹੋ, ਅਤੇ ਕਿਸੇ ਹੋਰ ਦੇਸ਼ ਮੂਵ ਹੋ ਕੇ ਉਹਦੀ ਨਾਗਰਿਕਤਾ ਲੈ ਲਵੋ, ਤਾਂ ਪਹਿਲਾ ਦੇਸ਼ ਤੁਹਾਡੀ ਨਾਗਰਿਕਤਾ ਕੈਂਸਲ ਨਹੀਂ ਕਰ ਦਿੰਦਾ। ਪਰ ਜੇ ਤੁਸੀਂ ਭਾਰਤੀ ਨਾਗਰਿਕ ਹੋ, ਤੇ ਕਿਸੇ ਹੋਰ ਦੇਸ਼ ਮੂਵ ਕਰ ਜਾਓ ਤਾਂ ਭਾਰਤੀ ਨਿਜ਼ਾਮ ਲਈ ਪਰਵਾਸੀ ਹੋ ਜਾਂਦੇ ਓਂ, ਅਤੇ ਜੇ ਤੁਸੀਂ ਉਸ ‘ਹੋਰ ਦੇਸ਼’ ਦੇ ਨਾਗਰਿਕ ਬਣ ਜਾਓ ਤਾਂ “ਜ਼ਿੰਦਗੀ ਭਰ ਇੱਕੋ ਦੇਸ਼ ਤੇ ਬਾਕੀ ਸੱਭ ਵਿਦੇਸ਼” ਦਾ ਆਪਣਾ ਸਿਧਾਂਤ ਲਾਗੂ ਕਰਦਾ ਭਾਰਤੀ ਨਿਜ਼ਾਮ ਤੁਹਾਡੀ ਭਾਰਤੀ ਨਾਗਰਿਕਤਾ ਉੱਪਰ ਕਾਂਟਾ ਮਾਰ ਦਿੰਦਾ, ਭਾਵੇੰ ਤੁਸੀੰ ਭਾਰਤ ਜੰਮੇ ਹੋਵੋਂ। ਭਾਰਤ ਦਾ ਸੰਵਿਧਾਨ ਆਗਿਆ ਨਹੀਂ ਦਿੰਦਾ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਦੇ ਨਾਲ ਨਾਲ ਭਾਰਤ ਦੀ ਨਾਗਰਿਕਤਾ ਕਾਇਮ ਰੱਖਣ ਦੀ। ਇੱਥੋਂ ਤੱਕ ਕਿ ਪਾਕਿਸਤਾਨ ਤੇ ਤਿੱਬਤ ਵੀ ਆਪਣੇ ਨਾਗਰਿਕਾਂ ਨਾਲ ਅਜੇਹਾ ਸਲੂਕ ਨਹੀਂ ਕਰਦੇ।

ਪਹਿਲਾ ਨੁਕਤਾ, ਅਸੀਂ ਭਾਰਤੀ ਨਾਗਰਿਕ ਹੁੰਦੇ ਹੋਏ ਕਿਸੇ ਹੋਰ ਦੇਸ਼ ਮੂਵ ਕਰ ਜਾਂਦੇ ਹਾਂ ਉੱਥੇ ਰਹਿਣ ਲਈ, ਭਾਰਤੀ ਨਿਜ਼ਾਮ ਲਈ ਅਸੀਂ ਪਰਵਾਸੀ ਹੋ ਜਾਂਦੇ। ਚਲੋ, ਮੰਨ ਲਿਆ। ਪਰ, ਭਾਰਤ ਤੋਂ ਬਾਹਰ ਪੱਛਮੀ ਦੇਸ਼ਾਂ ਵਿੱਚ ਰਹਿਣ ਵਾਲੇ ਬਹੁਤੇ ਪੰਜਾਬੀਆ ਨੇ ਉਨ੍ਹਾਂ ਦੇਸ਼ਾ ਦੀ ਨਾਗਰਿਕਤਾ ਲੈ ਰੱਖੀ ਹੈ, ਜਿਨ੍ਹਾਂ ਵਿੱਚ ਉਹ ਰਹਿੰਦੇ ਨੇ। ਨਤੀਜਣ ਭਾਰਤੀ ਨਿਜ਼ਾਮ ਨੇ ਉਨ੍ਹਾ ਦੀ ਭਾਰਤੀ ਨਾਗਰਿਕਤਾ ਭੰਗ ਕੀਤੀ ਹੋਈ ਹੈ। ਜੇ ਅਸੀ ਭਾਰਤੀ ਨਾਗਰਿਕ ਹੀ ਨਹੀਂ ਰਹੇ, ਤਾਂ ‘ਪਰਵਾਸੀ’ ਦੀ ਉੱਤਕ ਪ੍ਰਭਾਸ਼ਾ ਅਨੁਸਾਰ ਕੋਈ ਸਾਨੂੰ ਪਰਵਾਸੀ ਨਹੀਂ ਆਖ ਸਕਦਾ, ਕਿਉਕਿ ਇਹ ਪ੍ਰਭਾਸ਼ਾ ਭਾਰਤੀ ਨਾਗਰਿਕ ‘ਤੇ ਲਾਗੂ ਹੁੰਦੀ ਆ। ਪਰ ਅਸੀਂ, ਜੜ੍ਹਤਾ ਦਾ ਸ਼ਿਕਾਰ ਬੰਦੇ, ਆਪਣੇ ਨਵੇਂ ਦੇਸ਼ ਦੀ ਨਾਗਰਿਕਤਾ ਲੈ ਕੇ ਉਹਨੂੰ ਵਿਦੇਸ਼ ਸਮਝਦੇ ਹੋਏ ਉਹਦੇ ਵਿੱਚ ਪਰਵਾਸੀ ਜਾਂ ਵਿਦੇਸ਼ੀ ਬਣੇ ਰਹਿੰਦੇ ਆ, ਉਮਰ ਭਰ ਲਈ; ਖ਼ੁਦ ਨੂੰ ਆਪੂੰ ਦਿੱਤੀ ਜਲਾਵਤਨੀ ਦੀ ਉਮਰ-ਸਜ਼ਾ ਆਪਣੇ ਵਤਨ ਵਿੱਚ ਭੋਗ ਰਹੇ।

ਦੂਜਾ ਨੁਕਤਾ, ਭਾਰਤ ਵਿੱਚ ਪਰਵਾਸਵਾਦ ਕੁਝ ਜ਼ਿਆਦਾ ਹੀ ਭਾਰੂ ਹੈ। ਮਿਸਾਲ ਵਜੋਂ, ਜਦ ਬਿਹਾਰ, ਯੂ.ਪੀ. ਜਾਂ ਹੋਰ ਕਿਸੇ ਵੀ ਸੂਬੇ ਤੋਂ ਮਜ਼ਦੂਰ ਪੰਜਾਬ ਆ ਜਾਣ ਮਜ਼ਦੂਰੀ ਕਰਨ, ਤਾਂ ਉਹ ਵੀ ਪਰਵਾਸੀ ਮਜ਼ਦੂਰ ਕਹਿਲਾਉਂਦੇ ਆ, ਭਾਰਤੀ ਨਾਗਰਿਕ ਹੋਣ ਦੇ ਬਾਵਜੂਦ ਵੀ, ਭਾਰਤ ਦੇਸ਼ ਵੀ। ਇਸ ਤੱਥ ਦੀ ਲੋਏ, ਮੇਰਾ ਪੰਜਾਬ ਵਿੱਚ ਵਸਦੇ ਪੰਜਾਬੀ ਲੇਖਕਾਂ, ਆਲੋਚਕਾਂ, ਤੇ ਪੰਜਾਬੀ ਸਾਹਿਤ ਦੀ ਸਥਾਪਤੀ ਨੂੰ ਇੱਕ ਸੁਆਲ ਆ ਕੀ ਉਹ ਸਾਨੂੰ ਪਰਵਾਸੀ ਲੇਖਕ ਆਖਣ ਤੋਂ ਪਹਿਲਾਂ, ਪੰਜਾਬ ਤੋੰ ਬਾਹਰ ਪਰ ਭਾਰਤ ਦੇ ਅੰਦਰ ਵਸੇ ਪੰਜਾਬੀ ਲੇਖਕਾਂ/ਆਲੋਚਕਾਂ ਨੂੰ ਪਰਵਾਸੀ ਲੇਖਕ/ਆਲੋਚਕ ਆਖਣਗੇ?

ਭਾਰਤ ਵਿੱਚ ਰਹਿੰਦਿਆਂ ਤੇ ਭਾਰਤ ਛੱਡਣ ਤੋਂ ਬਾਅਦ ਵੀ, ਮੈਂ ਪੰਜਾਬੀ ਸਾਹਿਤ ਦੇ ਪ੍ਰਸ਼ਾਸਨੀ ਪ੍ਰਬੰਧ ਤੇ ਸਥਾਪਤੀ ਵਿੱਚ ਕਦੇ ਦਿਲਚਸਪੀ ਨਹੀਂ ਲਈ, ਕਿਉਕਿ ਜੋ ਪੜ੍ਹਦਾ ਸੁਣਦਾ ਰਿਹਾ ਹਾਂ, ਜੋ ਬਚਪਨ ਜਾਂ ਬਚਪਨੀ ਜਵਾਨੀ ਵਿੱਚ ਭਾਰਤ ਵਿੱਚ ਰਹਿੰਦਿਆਂ ਹੰਢਾਇਆ ਵੀ, ਉਸ ਅਨੁਸਾਰ, ਇਹ (ਯਾਨਿ ਪੰਜਾਬੀ ਸਾਹਿਤ ਦੇ ਪ੍ਰਸ਼ਾਸਨੀ ਪ੍ਰਬੰਧ ਤੇ ਸਥਾਪਤੀ) ਵੀ ਸਮੁੱਚੇ ਭਾਰਤੀ ਪ੍ਰਬੰਧ ਵਾਂਗ ਨੈਤਿਕ ਤੇ ਮਾਇਕ ਭ੍ਰਿਸ਼ਟਾਚਾਰ ਨਾਲ ਛਿਲਕੇ ਤੋਂ ਗਿਰੀ (core) ਤੱਕ ਗਲਿਆ ਸੜ੍ਹਿਆਂ ਹੋਇਆ ਸੀ/ਹੈ। ਇਸ ਸੰਦਰਭ ਵਿੱਚ ਇਹ ਵੀ ਪ੍ਰਮਾਣਿਕ ਸੱਚਾਈ ਆ ਕਿ ਪਰਵਾਸਵਾਦ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਫੈਲੇ ਹੋਏ ਸਾਹਿਤਿਕ ਤੇ ਮਾਇਕ ਭ੍ਰਿਸ਼ਟਾਚਾਰ ਹੀ ਇੱਕ ਹੋਰ ਚੈਨਲ ਆ। ਪੰਜਾਬ ਸਣੇ ਭਾਰਤ ਵਿੱਚ ਵਸਦੀ ਪੰਜਾਬੀ ਸਾਹਿਤ ਦੀ ਸਥਾਪਤੀ ਲਈ ਪਰਵਾਸਵਾਦ ਬੂਹਾ ਖੋਹਲਦਾ ਹੈ ਭਾਰਤ ਤੋੰ ਬਾਹਰ ਵਸਦੇ ਪੰਜਾਬੀ ਲੇਖਕਾਂ ਤੇ ਪਾਠਕਾਂ ਦੀ ਦੁਨੀਆਂ ਵੱਲ ਨੂੰ, ਤਾਂ ਕਿ ਸਥਾਪਤੀ ਉਨ੍ਹਾ ਦਾ ਸ਼ੋਸ਼ਨ ਕਰ ਸਕੇ। ਇੰਝ ਸਥਾਪਤੀ ਦੀ ਸਿਰਜੀ ਇਸ ‘ਪਰਵਾਸੀ ਪੰਜਾਬੀ ਸਾਹਿਤ’ ਦੀ ਦੁਨੀਆ ਵਿੱਚ ਲੇਖਕ, ਯਾਨਿ ਪਰਵਾਸੀ ਲੇਖਕ, ਪੰਜਾਬੀ ਸਾਹਿਤ ਦੇ ਦੂਸਰੇ ਦਰਜੇ ਦੇ ਸ਼ਹਿਰੀ, ਯਾਨਿ ਸੈਂਕੰਡ ਕਲਾਸ ਸਿਟੀਜ਼ਨ, ਨੇ: ਭਾਵ ਡੰਮ-ਡਾਊਨ ਲੇਖਕ, ਸਥਾਪਤੀ ਦੀ ਨਜ਼ਰ ਵਿੱਚ। ਸਥਾਪਤੀ ਵਲੋਂ ‘ਪਰਵਾਸੀ ਪੰਜਾਬੀ ਸਾਹਿਤ’ ਦੀ ਦੁਨੀਆਂ ਵਿੱਚ ਸਾਹਿਤ ਦੇ ਨਾਂ ‘ਤੇ ਚਾਅ-ਪਲੂਸੀਆਂ ਕਰਨੀਆਂ ਕਰਵਾਉਂਣੀਆਂ ਸ਼ੁਰੂ ਹੋ ਜਾਂਦੀਆਂ ਨੇ; ਪਰਵਾਸੀ ਲੇਖਕਾਂ, ਯਾਣਿ ਡੰਮ-ਡਾਊਨ ਲੇਖਕਾਂ, ਵੱਲ ਨੂੰ ਉਨ੍ਹਾਂ ਸਪੈਸ਼ਲ ਬਣਾਏ ਪਰਵਾਸੀ ਇਨਾਮ/ਸਨਮਾਨ ਸੁੱਟੇ ਜਾਂਦੇ ਆ, ਭਾਰਤ ਵਿੱਚ ਵਸਦੇ ਪੰਜਾਬੀ ਸਾਹਿਤ ਦੇ ‘ਪਹਿਲੇ ਦਰਜੇ ਦੇ ਸ਼ਹਿਰੀ’ ਲੇਖਕਾਂ ਦੇ ਇਨਾਮ/ਸਨਮਾਨ ਸਿਲਸਿਲੇ ਵਿੱਚ ਵਿਘਨ ਪਾਏ ਬਿਨ੍ਹਾਂ; ਪੰਜਾਬ/ਭਾਰਤ ਤੋਂ ਨਿੱਕਲਦੇ ਪੰਜਾਬੀ ਸਾਹਿਤਕ ਰਸਾਲਿਆਂ ਵਲੋਂ ਵਿਸ਼ੇਸ਼ ਪਰਵਾਸੀ ਸਾਹਤਿਕ ਅੰਕ ਕੱਢੇ ਜਾਂਦੇ ਨੇ, ਯਾਨਿ ‘ਡੰਮ-ਡਾਊਨ ਸਾਹਿਤ’ ਬਾਰੇ ਅੰਕ, ਜਿਨ੍ਹਾਂ ਵਿੱਚ ਸ਼ਾਮਲ ਕਰਨ ਲਈ ਲੇਖਕਾਂ ਦੀ ਚੋਣ ਅਕਸਰ ਗਰਜ਼ਾਂ ਤੇ ਅੰਤਰ ਚਾਅ-ਪਲੂਸੀਆਂ, ਨਾ ਕਿ ਸਾਹਿਤਕ ਗੁਣਵੱਤਾ, ਦੇ ਆਧਾਰ ‘ਤੇ ਕੀਤੀ ਜਾਂਦੀ ਆ; ਸਥਾਪਤੀ ਵਲੋਂ ਨਿਰੋਲ ਪਰਵਾਸੀ ਪਰਚੇ ਵੀ ਕੱਢੇ ਜਾਂਦੇ ਨੇ, ਜਿਨ੍ਹਾਂ ਵਿੱਚ ਵੀ ਲੇਖਕ ਅਕਸਰ ਆਪਸੀ ਗਰਜ਼ਾਂ, ਨਾ ਕਿ ਸਾਹਿਤਕ ਗੁਣਵੱਤਾ, ਦੇ ਆਧਾਰ ‘ਤੇ ਸ਼ਾਮਲ ਕੀਤੇ ਜਾਂਦੇ ਨੇ; ਇਨ੍ਹਾਂ ਪਰਚਿਆਂ ਵਿੱਚ, ਘੱਟੋ ਘੱਟ ਇੱਕ ਵਾਰ ਮੈਂ ਦੇਖਿਆ ਹੈ, ਸਾਹਿਤ ਦੀ ‘’ਡੰਮ-ਡਾਊਨ ਤਾ” ਇੰਨੀ ਡਿਗ ਪੈਦੀ ਹੈ ਕਿ ਕਰੀਬ ਸਾਰਾ ਅੰਕ ਹੀ ‘ਪਰਵਾਸੀ ਲੇਖਕਾਂ’ ਦੀਆਂ bio’s ਦੇ ਨਾਲ ਭਰ ਦਿੱਤਾ ਜਾਂਦਾ; ਅਤੇ “ਵਿਦੇਸੀ ਜਾਂ ਪਰਵਾਸੀ ਪੰਜਾਬ” ਦੇ ਦੌਰੇ ਨਿੱਕਲੇ, ਪੰਜਾਬ/ਭਾਰਤ ਤੋਂ ਪੰਜਾਬੀ ਲੇਖਕ/ਆਲੋਚਕ, ‘ਪਰਵਾਸੀ ਲੇਖਕਾਂ’ ਨੂੰ ਮੱਤਾਂ ਦੇਣ ਲੱਗ ਪੈਂਦੇ ਨੇ ਕਿ ਉਹ ਕੀ ਬਣ/ਕਰ ਸਕਦੇ ਆ, ਕੀ ਨਹੀਂ। ਮਿਸਾਲ ਵਜੋਂ, ਪਿੱਛੇ ਜਿਹੇ ਇੱਕ ਸਾਹਿਤਕ ਇੱਕਤਰਤਾ ਵਿੱਚ ਭਾਰਤ ਤੋਂ ਆਇਆ ਪੰਜਾਬੀ ਲੇਖਕ/ਆਲੋਚਕ ਸਾਨੂੰ ਦੱਸ ਰਿਹਾ ਸੀ ਕਿ ਅਸੀਂ, ਯਾਣਿ ਪਰਵਾਸੀ ਪੰਜਾਬੀ ਲੇਖਕ, ਪੰਜਾਬੀ ਕਵੀ ਜਾਂ ਕਹਾਣੀਕਾਰ ਤਾਂ ਬਣ ਸਕਦੇ ਅਾਂ, ਪਰ ਪੰਜਾਬੀ ਚਿੰਤਕ ਬਣਨ ਦੇ ਯੋਗ ਨਹੀਂ ਅਾਂ। ਕੁੱਲ ਮਿਲਾ ਕੇ, ਪੰਜਾਬ/ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ ਤੇ ਸਥਾਪਤੀ ਦਾ ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਪ੍ਰਤੀ ਵਤੀਰਾ ਇੱਦਾਂ ਦਾ, ਜਿਵੇਂ ਉਹ ਬਸਤੀਵਾਦੀ ਸ਼ਕਤੀ ਹੋਣ, ਤੇ ਅਸੀਂ ਭਾਰਤ ਤੋਂ ਬਾਹਰਲੇ ਦੇਸ਼ਾ ਵਿੱਚ ਰਹਿਣ ਵਾਲੇ ਪੰਜਾਬੀ ਲੇਖਕ ਉਨ੍ਹਾਂ ਦੀਆਂ ਛੋਟੀਆਂ ਛੋਟੀਆਂ ਬਸਤੀਆਂ, ਯਾਣਿ ਕਲੋਨੀਆਂ, ਹੋਈਏ। ਸੋ, ਪੰਜਾਬ/ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ ਤੇ ਸਥਾਪਤੀ ਲਈ ਪਰਵਾਸਵਾਦ ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਉੱਪਰ ਪਾਈ ਹੋਈ ਕਾਠੀ ਆ, ਜਿਹਨੂੰ ਸਾਡੇ ਵਿੱਚੋਂ ਬਹੁਤੇ, ਭੂਤਮੁੱਖੀ ਸੋਚ ਦੇ ਅਸਰ ਅਧੀਨ, ਸਵੀਕਾਰ ਕਰ ਲੈਨੇ ਆਂ।

? ਇਹਦਾ ਮਤਲਬ ਹੋਇਆ ਕਿ ਤੁਸੀਂ ਆਪਣੇ ਨੂੰ ‘ਪਰਵਾਸੀ ਲੇਖਕ’ ਜਾਂ ‘ਪਰਵਾਸੀ ਕਵੀ’ ਨਹੀ ਸਮਝਦੇ?
——ਜਿਸ ਤਰ੍ਹਾਂ ਪੰਜਾਬੀ ਸਾਹਿਤ ਤੇ ਭਾਈਚਾਰੇ ਵਿੱਚ ਵਰਤਿਆਂ ਜਾਂਦਾ ਹੈ, ਬਿੱਲਕੁਲ ਨਹੀਂ, ਸੋਢੀ ਜੀ! ਸਾਹਿਤਕ ਪਰਵਾਸਵਾਦ ਸਾਹਿਤ ਦੇ ਨਾਂ ‘ਤੇ ਚੱਲ ਰਿਹਾ ਧੰਦਾ ਹੈ, ਚੰਗਾ ਹੈ ਜਾਂ ਮੰਦਾ ਹੈ। ਮਿਸਾਲ ਵਜੋਂ, ਕਵਿਤਾ ਕਵਿਤਾ ਹੀ ਹੁੰਦੀ ਹੈ, ਵਾਸੀ ਕਵਿਤਾ ਤੇ ਪਰਵਾਸੀ ਕਵਿਤਾ ਨਹੀਂ ਹੁੰਦੀ। ਟਰਮ ‘ਪਰਵਾਸੀ ਕਵਿਤਾ’ ਕਵਿਤਾ ਨੂੰ ਕੱਢੀ ਕੋਈ ਭੱਦੀ ਗਾਲ੍ਹ ਜਿਹੀ ਲੱਗਦੀ ਆ, ਮਾਫ਼ ਕਰਨਾ, ਮੇਰੇ ਵਿਚਾਰ ਅਨੁਸਾਰ ਘੱਟੋ ਘੱਟ ਕਵੀ ਲਈ:

ਦੇਸ਼ ਪ੍ਰਦੇਸ਼ ਕੁਝ ਨਹੀਂਓਂ ਹੁੰਦਾ
ਨਾ ਵਾਸੀ ਪ੍ਰਵਾਸੀ।
ਬੰਦੇ ਮਨ ਲਕੀਰਾਂ ਖਿੱਚੀਆਂ
ਕੁਦਰਤ ਫ਼ਰਕ ਨਾ ਕਾਸੀ।

ਬ੍ਰਹਿਮੰਡ ਅੱਖ ਵਜ਼ੂਦ-ਏ-ਧਰਤੀ
ਬਿੰਦੀ ਤੋਂ ਵੀ ਛੋਟਾ,
ਕਿੰਨਾ ਛੋਟਾ ਮਨ ਜੋ ਸੋਚੇ
ਵਾਸੀ ਤੇ ਪ੍ਰਵਾਸੀ।

? ਜਿਹਨੂੰ ਤੁਸੀਂ ‘ਪਰਵਾਸਵਾਦ’ ਕਹਿੰਦੇ ਓਂ, ਜੇ ਇੰਨਾ ਈ ਭੈੜਾ ਤੇ ਬੋਗਸ ਆ, ਤਾਂ ਫਿਰ ਇਸ ਦਾ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਏਨਾਂ ਬੋਲਬਾਲਾ ਕਿਓਂ, ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ ਤੇ ਸਥਾਪਤੀ ਅੰਦਰ ਹੀ ਨਹੀਂ, ਸਗੋਂ ਬਾਹਰਲੇ ਦੇਸ਼ਾਂ ਵਿੱਚ ਵਸਦੇ ਪੰਜਾਬੀ ਲੇਖਕਾਂ ਦਰਮਿਆਨ ਵੀ?
——ਇੱਕ ਹੋਰ ਢੰਗ ਹੈ ਇਸ ਸਤਿਥੀ ਨੂੰ ਦੇਖਣ ਦਾ; ਮਾਨੋ ’ਪਰਵਾਸਵਾਦ’ ਪੰਜਾਬ/ਭਾਰਤ ਵਿੱਚ ਵਸਦੇ ਪੰਜਾਬੀ ਲੇਖਕਾਂ, ਆਲੋਚਕਾਂ, ਤੇ ਪੰਜਾਬੀ ਸਾਹਿਤ ਦੀ ਸਥਾਪਤੀ ਵਲੋਂ ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਉੱਪਰ ਸੁੱਟਿਆਂ ‘ਸਰਾਪ’ ਹੈ: ‘ਪਰਵਾਸੀ ਲੇਖਕ’, ‘ਪਰਵਾਸੀ ਕਵੀ’, ਤੇ ‘ਪਰਵਾਸੀ ਕਵਿਤਾ’ ਆਦਿ ਨਾਵਾਂ ਦੇ ਰੂਪਾਂ ਵਿੱਚ। ਇਹ ‘ਸਰਾਪ’ ਸਜ਼ਾ ਹੈ ਜੋ ਸਾਨੂੰ ਸੁਣਾਈ ਗਈ ਹੈ ਅਹਿੱਲ ਸਿਸਟਮ ਵਲੋਂ, ਜੜ੍ਹਤਾ ਦੇ ਖ਼ਿਲਾਫ ਚੱਲਣ ਦੀ, ਯਾਨਿ ਮੂਵ ਹੋਣ, ਦੇ ਦੋਸ਼ ਵਜੋਂ। ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ‘ਸੁਣਾਈ ਸਜ਼ਾ’ ਨੂੰ ਸਵੀਕਾਰ ਕਰ ਹੰਢਾਈਏ, ਜਾਂ ਆਪਣੇ ਚੁਣੇ ਹੋਏ ਦੇਸ਼ਾਂ ਵਿੱਚ ਤੇ ਧਰਤੀ ਉਤੇ ਵਾਸੀ ਬਣਕੇ ਰਹੀਏ, ਭਾਵੇਂ ਕਿਸੇ ਵੀ ਭਾਸ਼ਾ ਵਿੱਚ ਸਾਹਿਤ ਰਚਨਾ ਕਰੀਏ। ਦਿੱਕਤ ਜਾਂ ਬਿੱਜ ਇਹ ਪੈਂਦੀ ਆ ਕਿ ਇਨ੍ਹਾਂ ਦੇਸ਼ਾ ਵਿੱਚ ਆਈ ਪਹਿਲੀ ਪੀੜ੍ਹੀ ਦੇ ਪੰਜਾਬੀਆਂ ਦਾ, ਮਸਲਨ ਸਾਡਾ, ਜਨਮ ਤੇ ਪਾਲਣ-ਪੋਸਣ ਜਿੰਨਾ ਕੁ ਉੱਧਰ ਹੋਇਆ, ਪੰਜਾਬ ਦੇ ਭੂਤਮੁੱਖੀ ਸਮਾਜ ਵਿੱਚ ਹੋਇਆ, ਤੇ ਅਸੀਂ ਆਉਂਦੇ ਹੋਏ ਸੁਭਾਵਿਕ ਹੀ ਭੂਤਮੁੱਖੀ ਸੋਚ, ਖ਼ਾਬ, ਤੇ ਪਹੁੰਚ ਆਪਣੇ ਨਾਲ ਲੈ ਆਏ। ਇਹੀ ਭੇਤ ਆ ਕਿ ਕਿਵੇਂ ਅਸੀਂ, ਜਾਂ ਸਾਡੇ ਵਿੱਚੋਂ ਬਾਹਲੇ, ਪੰਜਾਬ/ਭਾਰਤ ਵਸਦੀ ਪੰਜਾਬੀ ਸਾਹਿਤ ਸਥਾਪਤੀ ਵਲੋਂ ਸੁੱਟੇ ਗਏ ‘ਪਰਵਾਸਵਾਦ’ ਦੇ ਇਸ ਜਾਲ ਵਿੱਚ ਸਹਿਜੇ ਹੀ ਫ਼ਸ ਜਾਂਦੇ ਆ।

? ਚਲੋ, ਜੇ ਤੁਹਾਡਾ ‘ਪਰਵਾਸਵਾਦ’ ਬਾਰੇ ਨਜ਼ਰੀਆ ਮੰਨ ਵੀ ਲਈਏ, ਫਿਰ ਵੀ ਸੱਚ ਹੈ ਕਿ ਅਸੀੰ, ਬਾਹਰਲੇ ਦੇਸ਼ਾ ਵਿੱਚ ਰਹਿਦੇ ਪੰਜਾਬੀ ਲੇਖਕ, ਪੰਜਾਬ ਵਿੱਚ ਤਾਂ ਹੁਣ ਰਹਿੰਦੇ ਨਹੀਂ। ਸਾਡੀ ਪਛਾਣ ਕੀ ਆ? ਇਸ ਵਿੱਚ ਕੁਛ ਤਾਂ ਵੱਖਰਾ ਹੋਊ ਪੰਜਾਬ ਵਸਦੇ ਪੰਜਾਬੀ ਲੇਖਕਾਂ ਨਾਲੋਂ।
——ਵਧੀਆ ਨੁਕਤਾ! ਸਾਡੀਆਂ, ਯਾਨਿ ਬਾਹਰ ਵਸਦੇ ਪੰਜਾਬੀ ਲੇਖਕਾਂ ਦੀਆਂ, ਅਤੇ ਪੰਜਾਬ/ਭਾਰਤ ਵਸਦੇ ਪੰਜਾਬੀ ਲੇਖਕਾਂ ਦੀਆ ਪਛਾਣਾਂ ਵਿਚਵਾਰ ਸਾਂਝ ਵੀ ਹੈ ਤੇ ਵਖਰੇਵਾਂ ਵੀ। ਸਾਂਝ ਇਹ ਹੈ ਅਸੀਂ, ਦੋਵੇਂ ਧਿਰਾਂ, ਇੱਕੋ ਭਾਸ਼ਾ (ਪੰਜਾਬੀ) ਦੇ ਲੇਖਕ ਆਂ, ਇੱਕੋ ਦੇਸ਼ (ਭਾਰਤ) ਦੇ ਜੰਮਪਲ ਅਾਂ, ਇੱਕੋ ਇਤਿਹਾਸਕ ਵਿਰਸੇ ਦੇ ਵਾਰਿਸ ਹਾਂ, ਅਤੇ ਇੱਕੋ ਧਰਤੀ ਦੇ ਵਾਸੀ ਹਾਂ। ਵਖਰੇਵਾਂ ਇਹ ਹੈ ਕਿ ਅਸੀਂ ਉਮਰ ਦੇ ਇੱਕ ਪੜਾਅ ‘ਤੇ ਭਾਰਤ ਤੋਂ ਮੂਵ ਹੋ ਕੇ ਕਿਸੇ ਪੱਛਮੀ ਦੇਸ਼ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਸੁਆਲ ਇਹ ਆ ਕਿ ਇਸ ਵੱਖਰੇਵੇਂ ਨੂੰ ਕੀ ਨਾਮ ਦਿੱਤਾ ਜਾਏ।

ਇੱਧਰ ਅਧਿਆਪਕ ਹੋਣ ਨਾਤੇ, ਮੈਂ ਦੱਸ ਦਿਆਂ ਕਿ ਬਾਹਰਲੇ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਨੂੰ ਇਧਰਲੀਆਂ ਯੂਨੀਵਰਸਿਟੀਆਂ ਕੀ ਕਹਿੰਦੀਆਂ ਨੇ: ਅੰਤਰਰਾਸ਼ਟਰੀ ਵਿਦਿਆਰਥੀ। ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਨੂੰ ਜੇ ਅੰਤਰਰਾਸ਼ਟਰੀ ਪੰਜਾਬੀ ਲੇਖਕ ਕਹਿ ਲਿਆ ਜਾਵੇ ਤਾਂ ਅਰਥ-ਭਰਪੂਰ ਹੋਏਗਾ, ‘ਪਰਵਾਸੀ ਪੰਜਾਬੀ ਲੇਖਕ’ ਟਰਮ ਦੀ ਨਿਆਰਥਕਤਾ ਸਾਹਵੇਂ। ਲੇਖਕ ਦੇ ਮੌਜੂਦਾ ਦੇਸ਼ ‘ਤੇ ਆਧਾਰਿਤ ਵੱਖਰੇਂਵਾਂ, ਜਿਵੇਂ ਅਮਰੀਕੀ ਪਂਜਾਬੀ ਕਵੀ, ਕੈਨੇਡੀਅਨ ਪੰਜਾਬੀ ਕਵੀ ਆਦਿ ਵੀ ‘ਪਰਵਾਸੀ ਪੰਜਾਬੀ ਕਵੀ’ ਟਰਮ ਦੀ ਨਾਨ ਸੈਂਸ ਨਾਲੋਂ ਕਿਤੇ ਚੰਗਾ ਆ; ਅੰਤਰਰਾਸ਼ਟਰੀ ਸੱਭ ਤੋਂ ਚੰਗਾ। ਕਿਓਂਕਿ ਸਾਡਾ ‘ਪਰਵਾਸਵਾਦ’ ਦਾ ਮੁੱਦਾ ਆਪਣੇ ਪਿਛਲੇ ਦੇਸ਼, ਜਾਂ ਇਹਦੇ ਲੇਖਕਾਂ ਨਾਲ ਹੈ, ‘ਪਰਵਾਸਵਾਦ’ ਸਿੱਕੇ ਦਾ ਦੂਜਾ ਪਾਸਾ ਹੈ: ਬਸਤੀਵਾਦ, ਜਿਸਦਾ ਜ਼ਿਕਰ ਹੀ ਮੈਂ ਕਰ ਚੁੱਕਾਂ ਕਿ ਪੰਜਾਬ/ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ ਤੇ ਸਥਾਪਤੀ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਨੇ, ਜਿਵੇਂ ਅਸੀਂ ਉਨਾਂ ਦੀਆਂ ਬਸਤੀਆਂ ਹੋਈਏ। ‘ਪਰਵਾਸਵਾਦ’ ਰੱਦ ਕਰਦੇ ਹੋਏ, ਅਪਣਾਉਣਾ ਚਾਹੀਦਾ ਹੈ ਅੰਤਰਰਾਸ਼ਟਰੀਵਾਦ, ਜਿਹਦਾ ਹਿੱਸਾ ਹੈ: ਵਿਸ਼ਵੀਕਰਨ, ਜਿਹਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆ, ਕਿਉਕਿ ਇਹ ਹੋ ਰਿਹਾ ਆ।

? ਸੁਆਲ ਪੈਦਾ ਹੁੰਦਾ ਹੈ ਕਿ ਸਾਡੀ ਪਛਾਣ ਵਿੱਚ ਵਖਰੇਵਾਂ ਸਰਾਪ ਹੈ ਜਾਂ ਵਰਦਾਨ?
——ਮੇਰੇ ਵਿਚਾਰ ਅਨੁਸਾਰ, ਸੋਢੀ ਜੀ, ਇਹ ਸਾਡੇ ‘ਤੇ ਨਿਰਭਰ ਕਰਦਾ ਹੈ। ਜੇ ਅਸੀਂ, ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੇਖਕ ਇਸ ਰਹਿਣੇ ਸੰਗ ਭੂਤਮੁੱਖੀ ਸੋਚ ਤੇ ਪਹੁੰਚ ਨਾਲ ਨਿਪਟੀਏ, ਤਾਂ ਪੰਜਾਬੀ ਸਾਹਿਤ ਦੀ ਸਥਾਪਤੀ ਵਲੋਂ ਸਾਡੇ ਉੱਪਰ ਸੁੱਟੇ ‘ਪਰਵਾਸਵਾਦ’ ਦੇ ‘ਸਰਾਪ’ ਦਾ ਸ਼ਿਕਾਰ ਹੁੰਦੇ ਰਵਾਂਗੇ, ਸਾਡੇ ਵਿੱਚੋਂ ਭਾਰੀ-ਗਿਣਤੀ, ਜੇ ਕਰੀਬ ਸਾਰੇ ਨਹੀਂ, ‘ਪਰਵਾਸਵਾਦ’ ਦਾ ਸ਼ਿਕਾਰ ਆਂ। ਲੇਕਿਨ, ਇਹ ‘ਸਰਾਪ’ ਹੋਣੀ ਅਟੱਲ ਨਹੀਂ। ਇਸ ਨੂੰ ਅਸੀਂ ਬਦਲ ਸਕਦੇ ਆਂ ‘ਵਰਦਾਨ’ ਹੋਣੀ ਵਿੱਚ। ਕਿੱਦਾਂ? ਭੂਤਮੁੱਖੀ ਦੀ ਥਾਂ ਭਵਿੱਖਮੁੱਖੀ ਸੋਚ ਤੇ ਪਹੁੰਚ ਅਪਣਾ ਕੇ, ਜਿਸ ਦੇ ਅਨੁਸਾਰ ਅਸੀਂ ਆਪਣੀ ਸੋਚ ਨੂੰ ਪਿਛਲ-ਝਾਤ ਦੇ ਕੀਲ੍ਹੇ ਨਾਲ ਨਾ ਬੰਨ੍ਹਦੇ ਹੋਏ, ਅੱਜ ਦੇ ਮੁੱਦਿਆਂ ਤੇ ਮਸਲਿਆਂ ਦੇ ਹੱਲ ਭੂਤ ‘ਚੋਂ ਤਲਾਸ਼ਣ ਦੀ ਬਜਾਇ, ਮੁੱਦਿਆਂ ਤੇ ਮਸਲਿਆਂ ਨੂੰ ਉਨ੍ਹਾਂ ਦੇ ਮੌਜੂਦਾ ਲੋਕਲ ਹਾਲਾਤਾਂ ਵਿੱਚ ਰੱਖ ਕੇ, ਉੱਚਿੱਤ ਵਿਸ਼ਵ ਪ੍ਰਸੰਗ ਵਿੱਚ, ਵਿਗਿਆਨਕ ਸੋਚ ਦੀ ਲੋਏ, ਉਨ੍ਹਾਂ ਦੇ ਹੱਲ ਖੋਜਾਂਗੇ। ਇੰਝ ਇਹ ਭਵਿੱਖਮੁੱਖੀ ਸੋਚ ਤੇ ਪਹੁੰਚ ਸਾਨੂੰ ਬਿੱਲਕੁੱਲ ਨਵਾਂ, ਜਾਣਿ ਬਰੈਂਡ ਨਿਊ, ਤੇ ਅਲਿਹਦਾ ਹਵਾਲਾ-ਫਰੇਮ ਮੁਹੱਈਆ ਕਰਦੀ ਹੈ। ਇਹ ਹਵਾਲਾ-ਫਰੇਮ ਹੀ ਵਰਦਾਨ ਹੈ, ਭਵਿੱਖਮੁੱਖੀ ਸੋਚ ਦਾ ਸਾਡੇ ਲਈ, ਇਸ ਹਾਲਾਤ ਵਿੱਚ, ਜਿਸ ਨੂੰ ਵਿਸ਼ਵ ਹਵਾਲਾ-ਫਰੇਮ ਕਹਿ ਸਕਦੇ ਆ।

? ਵਿਸ਼ਵ ਹਵਾਲਾ-ਫਰੇਮ ਵਰਦਾਨ ਹੈ; ਉਹ ਕਿਵੇਂ?
——ਪਹਿਲਾਂ ਪੁੱਛੀਏ ਕਿ ਹਵਾਲਾ-ਫਰੇਮ ਅਸਲ ਕੀ ਆ। ਭਵਿੱਖਮੁੱਖੀ ਸੋਚ ਤੇ ਪਹੁੰਚ ਸਾਨੂੰ ‘ਪਰਵਾਸਵਾਦ’ ਦੇ ‘ਸਰਾਪ’ ਤੋਂ ਮੁਕਤ ਕਰਵਾ ਦਿੰਦੀ ਆ; ਅਸੀਂ ਪਰਵਾਸੀ ਹੋਣ ਦੇ ਕੱਫ਼ਣ ‘ਚੋਂ ਨਿੱਕਲ ਕੇ ਆਪਣੇ ਇੱਧਰਲੇ ਆਪਣੇ ਨਵੇਂ ਦੇਸ਼/ਸਮਾਜ ਦੇ ਵਾਸੀ ਬਣ ਅੱਜ ਵਿੱਚ ਜੀਣ ਲੱਗ ਪੈਂਦੇ ਆਂ। ਆਪਣੇ ਹੀ ਸਿਰਫ ਪੰਜਾਬੀ/ਭਾਰਤੀ ਭਾਈਚਾਰੇ ਤੱਕ ਹੀ ਸੀਮਿਤ ਨਾ ਰਹਿ ਕੇ, ਘੇਰਾ ਵਿਸ਼ਾਲ ਕਰਦੇ ਹੋਏ, ਇਸ ਸਮਾਜ/ਦੇਸ਼ ਦੇ ਸਮਾਜਿਕ ਤੇ ਰਾਜਨੀਨਿਕ ਜੀਵਨ ਵਿੱਚ ਦਿਲਚਸਪੀ, ਸੰਭਾਵਿਤ ਹਿੱਸਾ, ਲੈਣ ਲੱਗ ਜਾਂਦੇ ਆਂ; ਇਸ ਦੇਸ਼ ਤੇ ਧਰਤੀ ਤੇ ਇਸ ਖ਼ਿੱਤੇ ਦੇ ਇਤਿਹਾਸ ਬਾਰੇ ਜਾਗਰੂਕ ਹੋਣ ਲੱਗਦੇ ਆਂ, ਇਤਿਆਦਿ। ਇੰਝ ਚੱਲਦੇ ਅੱਜ ਦੇ ਤੇ ਅੱਜ ਤੱਕ ਦੇ ਜੀਵਨ ਤਜਰਬੇ ਤੋਂ ਉੱਸਰਣ ਲੱਗਦਾ ਹੈ, ਇਹ ਨਵਾਂ ਤੇ ਅਲਿਹਦਾ ਹਵਾਲਾ-ਫਰੇਮ। ਚਲੋ, ਇਹਨੂੰ ਵਿਸ਼ਵ ਹਵਾਲਾ-ਫਰੇਮ ਕਹਿ ਲੈਂਦੇਂ ਆਂ, ਕਿਉਂਕਿ ਇਹ ਮੁਕਾਬਲਤਨ ਵਿਸ਼ਵ ਹਵਾਲਾ-ਫਰੇਮ ਦੇ ਨੇੜੇ ਆ, ਤੇ ਆਪਣੀਆਂ ਕੋਸ਼ਿਸ਼ਾਂ ਨਾਲ ਜਿੰਨਾ ਨੇੜੇ ਚਾਹੁੰਦੇ ਆਂ, ਕਰ ਸਕਦੇ ਆਂ।

? ਪਰ ਇਸ ਹਵਾਲਾ-ਫਰੇਮ ਦਾ ਪੰਜਾਬੀ ਸਾਹਿਤ ਨਾਲ ਵਾਸਤਾ?
——ਇੱਥੇ ਆਪਾਂ ਇੱਕ ਸਮਾਨਤਾ, ਯਾਣਿ ਆਨਾਲੋਜੀ (analogy), ਵਰਤ ਸਕਦੇ ਆਂ। ਜੇ ਕੋਈ ਭਾਰ ਉੱਪਰ ਨੂੰ ਚੁੱਕਣਾ ਮੁਸ਼ਕਲ ਜਾਂ ਅਸੰਭਵ ਹੋਵੇ, ਤਾਂ ਇਸ ਸਮੱਸਿਆ ਦਾ ਇੱਕ ਵਿਗਿਆਨਕ ਹੱਲ ਹੈ। ਇੱਕ ਲੰਬੀ ਲੱਠ ਲਓ ਤੇ ਇੱਕ ਸਹਾਰਾ ਜੋ ਲੱਠ ਨੂੰ ਪਕੜ ਰੱਖੇ ਪਰ ਇਹਨੂੰ ਉੱਪਰ ਥੱਲੇ ਪੂਰੀ ਆਜ਼ਾਦੀ ਨਾਲ ਜਾਣ ਦੇਵੇ। ਲੱਠ ਨੂੰ ਸਹਾਰੇ ਉੱਪਰ ਇਸ ਕਦਰ ਰੋਖੋ ਕਿ ਲੱਠ ਦਾ ਇੱਕ ਸਿਰਾ ਸਹਾਰੇ ਦੇ ਬਹੁਤ ਨੇੜੇ ਹੋਵੇ; ਇਸ ਸਿਰੇ ਨਾਲ ਭਾਰ ਬੰਨ੍ਹ ਦਿਓ; ਸਹਾਰੇ ਤੋਂ ਦੂਰ ਦਾ ਸਿਰਾ ਆਪਣੇ ਆਪ ਹੀ ਉਤਾਂਹ ਚੁੱਕਿਆ ਜਾਵੇਗਾ। ਹੁਣ, ਤੁਸੀਂ ਦੂਰ ਦੇ ਸਿਰੇ ਉੱਪਰ ਥੱਲੇ ਨੂੰ ਦਬਾਅ ਪਾ ਕੇ, ਨੇੜੇ ਦੇ ਸਿਰੇ ਨਾਲ ਬੰਨ੍ਹੇ ਭਾਰ ਨੂੰ, ਮੁਕਾਬਲਤਨ ਬੜੀ ਆਸਾਨੀ ਨਾਲ, ਉਤਾਂਹ ਉਠਾ ਸਕਦੇ ਹੋ। ਲੱਠ ਤੇ ਸਹਾਰੇ ਦੇ ਇਸ ਢਾਂਚੇ ਨੂੰ ਲੀਵਰ ਕਿਹਾ ਜਾਂਦਾ ਆ। ਲੀਵਰ ਦੇ ਇਸ ਗੁਣ ਉੱਪਰ ਜ਼ੋਰ ਦੇਣ ਲਈ ਪ੍ਰਸਿੱਧ ਵਿਗਿਆਨੀ ਆਰਕੀਮੀਡੀਜ਼ ਨੇ ਕਿਹਾ ਸੀ ਕਿ ਮੈਨੂੰ ਇੱਕ ਕਾਫ਼ੀ ਲੰਬਾ ਲੀਵਰ (ਤੇ ਸਪੇਸ ਵਿੱਚ ਪੈਰ ਧਰਨ ਲਈ ਜਗਹ) ਦਿਓ, ਮੈਂ ਸੰਸਾਰ ਨੂੰ ਹਿਲਾ ਦਿਆਂਗਾ।

ਇਸ ਸਮਾਨਤਾ ਵਿੱਚ, ਵਿਸ਼ਵ ਹਵਾਲਾ-ਫਰੇਮ ਸਾਡਾ ਲੀਵਰ ਆ, ਹਵਾਲਾ-ਫਰੇਮ ਵਿੱਚ ਸਾਡੇ ਮੌਜੂਦਾ ਦੇਸ਼ ਤੇ ਖਿੱਤੇ ਬਾਰੇ ਸਾਡੇ ਗਿਆਨ ਤੇ ਤਜਰਬੇ ਦੀ ਮਾਤਰਾ ਇਸ ਲੀਵਰ ਦੀ ਲੰਬਾਈ ਆ। ਜੇ ਇਸ ਲੀਵਰ ਕਾਫੀ ਲੰਬਾ ਹੈ, ਤਾਂ ਅਸੀਂ ਆਪਣੇ ਮੌਜੂਦਾ ਦੇਸ਼ਾ ਵਿੱਚ ਪੈਰ ਧਰ ਕੇ ਇਸ ਲੀਵਰ ਨਾਲ ਪੰਜਾਬ/ਭਾਰਤ ਦੇ ਪੰਜਾਬੀ ਸਾਹਿੱਤ ਦੇ ਸਾਰੇ ਸੰਸਾਰ/ਧਰਤੀ ਨੂੰ ਹਿਲਾ ਸਕਦੇ ਆਂ।

? ਪਰ, ਤੁਹਾਡਾ ਕੀ ਮੱਤਲਬ? ਜੋ ਤੁਸੀਂ ਕਹਿ ਰਹੇ ਓ, ਉਹ ਅਮਲ ਜਾਂ ਹਕੀਕਤ ਕਿਵੇਂ ਢਾਲਿਆ ਜਾ ਸਕਦਾ, ਮਸਲਨ?
——ਮਿਸਾਲ ਵਜੋਂ, ਮੰਨੋ ਕੋਈ ਪੰਜਾਬ ਵਿੱਚ ਰਹਿ ਰਿਹਾ; ਉੱਥੇ ਵਾਪਰਦੀਆਂ ਘਟਨਾਵਾਂ ਜਾਂ ਸਮੱਸਿਆਵਾਂ ਨੂੰ, ਉਨ੍ਹਾਂ ਘਟਨਾਵਾਂ ਜਾਂ ਸਮੱਸਿਆਵਾਂ ਦੇ ਸਥਾਨਿਕ ਵਿੱਚ ਹਾਲਾਤਾਂ ਵਿੱਚ ਹੀ ਰੱਖ ਕੇ ਦੇਖ, ਜਾਂ ਇਨ੍ਹਾਂ ਦਾ ਵਿਸ਼ਲੇਸ਼ਣ ਕਰ, ਰਿਹਾ; ਪੰਜਾਬ ਸਣੇ ਭਾਰਤ ਦੇ ਇਤਿਹਾਸ ਦੇ ਪ੍ਰਸੰਗ ਵਿੱਚ ਹੀ, ਜਿੱਦਾਂ ਪੰਜਾਬ/ਭਾਰਤ ਵਿੱਚ ਬੈਠੇ ਬਹੁਤ ਲੇਖਕ ਆਮ ਤੌਰ ‘ਤੇ ਕਰਦੇ ਈ ਆ। ਇਹੋ ਜਿਹੀ ਦ੍ਰਿਸ਼ਟੀ ਬੜੀ ਤੰਗ ਹੁੰਦੀ ਆ, ਤੇ ਇਹੋ ਜਿਹੇ ਵਿਸ਼ਲੇਸ਼ਣ ਦੇ ਸਿੱਟੇ ਅਕਸਰ ਨੁਕਸਦਾਰ ਹੁੰਦੇ ਨੇ, ਅੱਜ ਦੀ ਦੁਨੀਆਂ ਵਿੱਚ। ਇਨ੍ਹਾਂ ਸਿੱਟਿਆਂ ਦਾ ਗੁੜ ਭਾਵੇਂ ਵਾਰਿਸਸ਼ਾਹ ਦੇ ਮਗਰ ਲੱਗ ਕੇ ਜੱਗ ਤੋਂ ਲੁਕਾ ਲੁਕਾ ਲੱਖ ਖਾਂਦੇ ਰਹੀਏ, ਅਜੇਹਾ ਗੁੜ ਜ਼ਹਿਰੀਲਾ ਹੁੰਦਾ ਆ ਕੌਮ ਦੀ ਸਿਹਤ ਲਈ। ਅਜਿਹਾ ਗੁੜ ਖਾ ਖਾ ਆਪਣੀਆਂ ਇਤਿਹਾਸਕ ਹਾਰਾਂ ਕੌਮ ਨੂੰ ਇਤਿਹਾਸਕ ਜਿੱਤਾਂ ਦਿਸਣ ਲੱਗ ਜਾਂਦੀਆਂ ਨੇ; ਰਾਂਝੇ ਤੇ ਮਹੀਂਵਾਲ ਲੂਜ਼ਰ (ਹਾਰਧਾਰੀ) ਬੰਦੇ, ਜੋ ਇੱਕ ਰਿਸ਼ਤਾ ਵੀ ਮੇਨੇਜ ਕਰਨ ਵਿੱਚ ਫ਼ੇਲ ਹੋ ਗਏ, ਰੱਬ ਲੱਗਣ ਲੱਗਦੇ ਨੇ; ਆਪਣੇ ਹੰਕਾਰ ਹੱਥੋਂ ਮਰਿਆ ਮਿਰਜ਼ਾਂ ਕੌਮ ਦੀ ਅਣਖ ਦਾ ਚਿੰਨ੍ਹ ਦਿਸਣ ਲੱਗਦਾ ਆ; ‘ਇਸ਼ਕ’ ਜਿਹੀਆਂ ਮਾਨਸਿਕ ਬੀਮਾਰੀਆਂ ਦੇ ਬੀਮਾਰ ਰੱਬ ਬਣਨ ਲੱਗਦੇ ਆ, ਅਤੇ ਭਵਿਖ ਵੱਲ ਪਿੱਠ ਕਰੀ ਭੂਤਮੁੱਖੀ ਸੋਚ ਤੇ ਪਹੁੰਚ ਅਪਣਾਈ ਅਸੀਂ ਅੱਜ ਦੇ ਸੁਆਲਾਂ ਦੇ ਅਤੀਤ ਵਿੱਚੋਂ ਜੁਆਬ ਤਲਾਸ਼ਦੇ ਉਹੀ ਕਿੱਸੇ/ਕਹਾਣੀਆਂ, ਰਿਸ਼ੀਆਂ/ਮੁਨੀਆਂ, ਹੀਰ/ਰਾਂਝੇ, ਮਿਰਜ਼ਾ/ਸਾਹਿਬਾਂ, ਦੁੱਲੇ ਭੱਟੀਆਂ, ਤੇ ਪੁਰਾਣੀਆਂ ਹੰਢ ਚੁੱਕੀਆਂ ਕਦਰੀਂ-ਕੀਮਤਾਂ ਦੇ ਕੂੜ੍ਹੇ-ਕਰਕਟ ਨੂੰ ਵਾਰ ਵਾਰ ਪੀੜ੍ਹੀ-ਦਰ-ਪੀੜ੍ਹੀ ਰੀਸਾਈਕਲ ਕਰਦੇ ਰਹਿਦੇ ਆਂ। ਲੱਗਭੱਗ ਸਾਰੀ ਪੰਜਾਬੀ ਸਾਹਿਤ ਸਿਰਜਣਾ ਵਿੱਚ ਇਹੀ ਕੁਝ ਹੋ ਰਿਹਾ, ਤੇ ਵਾਰ ਵਾਰ ਹੋ ਰਿਹਾ। ਕੱਲ੍ਹ ਤੋਂ ਕੱਲ੍ਹ ਦੇ ਸਫ਼ਰ ਦੇ ਇਸ ਗਧੀ-ਗੇੜ੍ਹ ਵਿੱਚ ਕੌਮਾਂ ਅਕਸਰ ਪੈ ਜਾਂਦੀਆਂ ਹਨ ਜਦੋਂ ਉਹ ਸਥਾਨਿਕ ਘਟਨਾਵਾਂ/ਸਮੱਸਿਆਵਾਂ ਨੂੰ ਸਥਾਨਿਕ ਹਾਲਾਤਾਂ ਵਿੱਚ ਹੀ ਰੱਖ ਕੇ ਦੇਖਣ ਜਾਂ ਉਨ੍ਹਾਂ ਦਾ ਵਿਸ਼ਲੇਸ਼ਣ ਕਰਣ, ਸਥਾਨਿਕ ਇਤਿਹਾਸ ਦੇ ਪ੍ਰਸੰਗ ਵਿੱਚ ਹੀ; ਯਾਣਿ ਕਿ ਸਥਾਨਿਕ ਹਵਾਲਾ-ਫ਼ਰੇਮ ਵਿੱਚ ਹੀ। ਚਿੰਤਕਾਂ, ਸਾਹਿਤਕਾਰਾਂ, ਗਾਇਕਾਂ, ਰੰਗਕਰਮੀਆਂ, ਤੇ ਹੋਰ ਕਲਾਕਾਰਾਂ ਸਮੇਤ ਅਜੇਹੀ ਕੌਮ ਦੇ ਬੰਦੇ, ਅਕਸਰ ਕੁੱਲ ਮਿਲਾ ਕੇ ਇੱਕੋ ਖ਼ੂਹ ਦੇ ਡੱਡੂ ਹੁੰਦੇ ਆ, ਤੇ ਇਹ ਖ਼ੂਹ ਉਤਨਾਂ ਹੀ ਡੂੰਘਾ ਹੁੰਦਾ ਜਿਤਨਾਂ ਉਸ ਕੌਮ ਦਾ ਇਤਿਹਾਸ। ਮਾਫ਼ ਕਰਨਾ, ਬਾਹਲਾ, ਜੇ ਸਾਰਾ ਨਹੀਂ, ਸਮਕਾਲੀ ਪੰਜਾਬੀ ਸਾਹਿਤ, ਖ਼ਾਸਕਰ ਪੰਜਾਬੀ ਕਵਿਤਾ, ਇੱਕੋ ਖ਼ੂਹ ਦੇ ਡੱਡੂਆਂ ਦੀ ਟਰੈਂ ਟਰੈਂ ਹੈ; ਕੀ ਪੰਜਾਬ/ਭਾਰਤ ਵਿੱਚ ਰਚਿਆ ਜਾ ਰਿਹਾ ਤੇ ਕੀ ਉਹ ਜਿਹਨੂੰ ਪਰਵਾਸੀ ਸਾਹਿਤ ਕਹਿੰਦੇ ਆ। ਕਿਸੇ ਵੀ ਕੌਮ ਵਿੱਚ ਅਜੇਹੀ ਟਰੈਂ ਟਰੈਂ ਅਕਸਰ ‘ਖ਼ੂਹ’ ਵਿੱਚ ਬੋਲੀ ਜਾ ਰਹੀ ਭਾਸ਼ਾ ਦੀ ਹੋਂਦ ਨੂੰ ਖ਼ਤਰੇ ਦੀ ਵੱਜ ਰਹੀ ਘੰਟੀ ਵੀ ਹੁੰਦੀ ਆ।

? ਇਸ ਖ਼ਤਰੇ ਦਾ ਕੋਈ ਸਬੂਤ, ਏਵੀਡੈਂਸ?
——21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਅੱਧ ਕੁ ਵਿੱਚ ਸੰਯੁਗਤ ਰਾਸ਼ਟਰ ਸੰਘ ਦੀ ਸਿੱਖਿਆ, ਸੱਭਿਆਚਾਰ ਅਤੇ ਸਮਾਜੀ ਮਾਮਲਿਆਂ ਬਾਰੇ ਅਜੰਸੀ ਯੂਨੈਸਕੋ (UNESCO) ਨੇ ਵਿਗਿਆਨਕ ਅਧਿਅਨ ‘ਤੇ ਆਧਾਰਿਤ ਆਪਣੀ ਰਿਪੋਰਟ ਵਿੱਚ ਕਿਹਾ ਕਿ ਪੰਜਾਬੀ ਭਾਸ਼ਾ 50 ਸਾਲਾਂ ਵਿੱਚ ਲੋਪ ਹੋ ਜਾਣ ਵਾਲੀ ਆ। ਕੌਮ ਦਾ ਹਾਲ ਚਾਲ ਤਾਂ ਆਪਾਂ ਨੂੰ ਪਤਾ ਈ ਆ। ਸਮਾਜਿਕ ਤੇ ਰਾਜਨੀਤਿਕ ਢਾਂਚੇ ਦੀ ਭੂਤ-ਮੁੱਖੀ ਤੇ ਜਨ-ਵਿਰੋਧੀ ਪਹੁੰਚ ਸਦਕਾ ਪੰਜਾਬ ਦੀ ਭਵਿੱਖੋਂ ਬਾਂਝੀ ਜੁਆਨੀ ਨਸ਼ਿਆਂ/ਡਰੱਗਾਂ ‘ਤੇ ਲੱਗ ਰਹੀ ਆ, ਤੇ ਵਾਹ ਲੱਗਦੀ ਬਾਹਰਲੇ, ਖ਼ਾਸਕਰ ਪੱਛਮੀ, ਦੇਸ਼ਾਂ ਨੂੰ ਭੱਜ ਰਹੀ ਆ। ਜਦੋਂ ਮਾਪੇ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਹੱਥੀਂ ਚਾਈਂਂ ਚਾਈਂਂ ਜ਼ਹਾਜ਼ੇ ਚਾੜ੍ਹਣ, ਉਨ੍ਹਾਂ ਤੇ ਆਉਣ ਵਾਲੀਆ ਪੀੜ੍ਹੀਆਂ ਨੂੰ ਬੇਗਾਨੀਆਂ ਕੌਮਾਂ ਦੀਆਂ ਕੁੱਖਾਂ ਵਿੱਚ ਪਾਉਣ ਲਈ, ਤਾਂ ਇਹ ਸਬੂਤ ਹੀ ਆ ਕੌਮ ਦੀ ਹੋਂਦ ਨੂੰ ਖ਼ਤਰੇ ਦਾ, ਭਾਸ਼ਾ ਦੀ ਹੋਂਦ ਨੂੰ ਖ਼ਤਰਾ ਦੇ ਨਾਲ ਨਾਲ।

? ਸਥਾਨਿਕ ਘਟਨਾਵਾਂ ਜਾਂ ਸਮੱਸਿਆਵਾਂ ਨੂੰ ਸਥਾਨਿਕ ਹਾਲਾਤਾਂ ਵਿੱਚ ਹੀ ਰੱਖ ਕੇ ਦੇਖਣਾ, ਜਾਂ ਇਨ੍ਹਾਂ ਦਾ ਵਿਸ਼ਲੇਸ਼ਣ ਕਰਨਾ, ਸਥਾਨਿਕ ਇਤਿਹਾਸ ਦੇ ਪ੍ਰਸੰਗ ਵਿੱਚ ਹੀ; ਯਾਣਿ ਕਿ ਸਥਾਨਿਕ ਹਵਾਲਾ-ਫ਼ਰੇਮ ਵਿੱਚ ਹੀ, ਜੇ ਇਹ ਪਹੁੰਚ ਅਜੇਹੀਆਂ ਆਫ਼ਤਾਂ ਦੀ ਜਿੰਮੇਵਾਰ ਆ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਤਾਂ ਕਿਹੜਾ ਹਵਾਲਾ-ਫ਼ਰੇਮ ਠੀਕ ਰਹੇਗਾ, ਤੁਹਾਡੀ ਜਾਂਚੇ?
——ਆਪਣੀ ਸਮਾਨਤਾ, ਯਾਣਿ analogy, ਦੀ ਮਿਸਾਲ ਵੱਲ ਮੁੜਦੇ ਹੋਏ, ਘਟਨਾਵਾਂ ਜਾਂ ਸਮੱਸਿਆਵਾਂ ਨੂੰ ਸਥਾਨਿਕ ਹਵਾਲਾ ਫ਼ਰੇਮ ਵਿੱਚ ਰੱਖ ਕੇ ਹੀ ਦੇਖਣਾ, ਜਾਂ ਇਨ੍ਹਾਂ ਦਾ ਵਿਸ਼ਲੇਸ਼ਣ ਕਰਨਾ, ਇਸ ਤਰਾਂ ਹੁੰਦਾ ਹੈ ਜਿਵੇਂ ਕੋਈ ਲੀਵਰ ਨਾਲ ਉਸ ਭਾਰ (ਸਮੱਸਿਆ) ਨੂੰ ਚੁੱਕਣ (ਹੱਲ ਕਰਨ) ਦੀ ਕੋਸ਼ਿਸ਼ ਕਰੇ ਜਿਸ ‘ਤੇ ਉਹ ਖ਼ੁਦ ਬੈਠਾ ਹੈ; ਅਸਫ਼ਲਤਾ ਪੱਕੀ ਆ। ਇੱਕ ਹੋਰ ਹਵਾਲਾ ਫ਼ਰੇਮ ਵੀ ਵਰਤਣ ਦੀ ਲੋੜ ਆ; ਉਹ ਹੈ ਵਿਸ਼ਵ ਹਵਾਲਾ ਫ਼ਰੇਮ, ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁਕਾਂ, ਜਿਸ ਵਿੱਚ ਰਹਿ ਰਹੇ ਆ ਪੰਜਾਬ/ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਪੰਜਾਬੀ, ਵਾਸੀ, ਨਾ ਕਿ ਪਰਵਾਸੀ, ਬਣ ਕੇ; ਤੇ ਹਵਾਲਾ ਫ਼ਰੇਮ ਵਿੱਚ ਉਨ੍ਹਾਂ ਦੇ ਨਵੇਂ ਦੇਸ਼ਾਂ/ਸਮਾਜਾਂ ਬਾਰੇ ਜੀਵਨ-ਤਜਰਬੇ ਅਤੇ ਉਨ੍ਹਾਂ ਦੇਸ਼ਾਂ ਤੇ ਖਿੱਤਿਆਂ ਦੇ ਇਤਿਹਾਸ ਦਾ ਗਿਆਨ ਵੀ ਸ਼ਾਮਲ ਹੈ। ਹੁਣ, ਪੰਜਾਬ/ਭਾਰਤ ਵਿੱਚ ਵਾਪਰੇ ਕਿਸੇ ਵਰਤਾਰੇ ਨੂੰ ਸਥਾਨਿਕ ਹਵਾਲਾ-ਫ਼ਰੇਮ ਵਿੱਚ ਰੱਖ ਕੇ ਵਿਸ਼ਵ ਹਵਾਲਾ-ਫ਼ਰੇਮ ਦੇ ਪ੍ਰਸੰਗ ਵਿੱਚ ਦੇਖੀਏ ਜਾਂ ਉਹਦਾ ਵਿਸ਼ਲੇਸ਼ਣ ਕਰੀਏ ਨਜ਼ਾਰਾ ਤੇ ਸਿੱਟੇ ਕੁਝ ਹੋਰ ਹੀ ਹੋਣਗੇ, ਉਨਾਂ ਨਾਲੋਂ ਜੋ ਹੋਣੇ ਸਨ ਵਿਸ਼ਵ ਹਵਾਲਾ-ਫ਼ਰੇਮ ਦੀ ਗ਼ੈਰ-ਹਾਜ਼ਰੀ ਵਿੱਚ।

ਮਿਸਾਲ ਵਜੋਂ ਜੇ ਪੰਜਾਬ/ਭਾਰਤ ਵਿੱਚ ਬਾਬਾ ਨਾਨਕ ਦੇ ਸਮਿਆਂ ਨੂੰ ਸਥਾਨਿਕ ਹਵਾਲਾ-ਫ਼ਰੇਮ ਹੀ ਰੱਖ ਭੂਤਮੁੱਖੀ ਪਹੁੰਚ ਸੰਗ ਵਾਚੀਏ, ਤਾਂ ਅੱਜ ਵੀ ਉਸ ਦੇ ਸਿੱਟੇ ਕੁਝ ਇਸ ਤਰ੍ਹਾਂ ਦੇ ਨਿੱਕਲ ਸਕਦੇ ਨੇ:

“ਸਤਿਗੁਰ ਨਾਨਕ ਆ ਜਾ, ਦੁਨੀਆਂ ਨੂੰ ਦੀਦ ਦਿਖਾ ਜਾ
ਸੰਗਤ ਪਈ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ!”
—-ਲਾਲ ਚੰਦ ਯਮਲਾ ਜੱਟ

ਪਰ ਜੇ ਉਨ੍ਹਾਂ ਸਮਿਆਂ ਤੇ ਕੰਮਾਂ ਨੂੰ ਸਥਾਨਿਕ ਹਵਾਲਾ-ਫ਼ਰੇਮ ਵਿੱਚ ਰੱਖ ਕੇ ਵਿਸ਼ਵ ਹਵਾਲਾ-ਫ਼ਰੇਮ ਦੇ ਪ੍ਰਸੰਗ ਵਿੱਚ ਦੇਖੀਏ ਜਾਂ ਵਿਸ਼ਲੇਸ਼ਣ ਕਰੀਏ, ਤਾਂ ਉਹ ਕਿਸ ਤਰ੍ਹਾਂ ਦਾ ਲੱਗੇਗਾ ਜਾਂ ਉਹਦੇ ਕੀ ਸਿੱਟੇ ਨਿੱਕਲਣਗੇ, ਇਹ ਮਿਸਾਲ ਵਜੋਂ ਹੇਠਲੀ ਕਿਤਾਬ ਵਿੱਚ ਦਰਜ਼ ਹੈ: “ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ: ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ”, ਪੀਪਲਜ਼ ਫ਼ੋਰਮ, ਪੰਜਾਬ ਜਿਹਦਾ ਵੈੱਬ ਸੰਸਕਰਨ ਇੱਥੋਂ ਪੜ੍ਹ ਸਕਦੇ ਹੋ:
https://likhari.net/madhkaali-punjab-dee-jagritee-lehar-dr-sukhpal-sanghera/

ਇੱਕ ਹੋਰ ਮਿਸਾਲ ਆ, 1947 ਦੌਰਾਨ ਭਾਰਤ-ਪਾਕਿਸਤਾਨ ਵੰਡ ਦਾ ਘੱਲੂਘਾਰਾ, ਜਿਹਨੂੰ ਸਥਾਨਿਕ ਹਵਾਲਾ-ਫ਼ਰੇਮ ਹੀ ਰੱਖ ਭੂਤਮੁੱਖੀ ਪਹੰਚ ਸੰਗ ਵਾਚਦਿਆ ਕੋਈ ਕਵਿਤਾਅ ਸਕਦਾ:

“ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫ਼ੋਲ !”
—-ਅੰਮ੍ਰਿਤਾ ਪ੍ਰੀਤਮ

ਪਰ ਜੇ ਕਿਸੇ ਨੇ ਵੰਡ ਦੇ ਘੱਲੂਘਾਰੇ ਨੂੰ ਸਥਾਨਿਕ ਹਵਾਲਾ-ਫ਼ਰੇਮ ਵਿੱਚ ਰੱਖ ਕੇ ਵਿਸ਼ਵ ਹਵਾਲਾ-ਫ਼ਰੇਮ ਦੇ ਪ੍ਰਸੰਗ ਵਿੱਚ ਵਾਚਿਆ ਹੁੰਦਾ, ਤਾਂ ਉਸ ਵਿੱਚੋਂ ਜੋ ਕਵਿਤਾ ਨਿੱਕਲਦੀ, ਉਸ ਨੇ ਵਾਰਿਸ ਸ਼ਾਹ ਨੂੰ ਹਾਕਾਂ ਮਾਰਨ ਦੀ ਬਜਾਇ ਉਲਟਾ ਘੱਲੂਘਾਰੇ ਦੇ ਡੂੰਘ-ਜੜ੍ਹੇ ਕਾਰਨਾਂ ਨੂੰ ਪ੍ਰਨਾਏ ਨੁਕਤਿਆਂ ਵੱਲ ਇਸ਼ਾਰੇ ਕਰਨੇ ਸਨ ਮਸਲਨ ਸਦੀਆਂ ਬਾਅਦ ਅਸੀਂ ਅੱਜ ਵੀ ਕਿਉਂ ਵਾਰਿਸ ਸ਼ਾਹ ਦੇ ਵੇਲਿਆਂ ਦੀਆਂ ਕਦਰਾਂ-ਕੀਮਤਾਂ ਆਪਣੇ ਜੀਵਨ ਜਾਂ ਮਨ ਵਿੱਚ ਢੋਂਅਦੇ ਆ ਰਹੇ ਆਂ, ਹੀਰ ਦੀ ਇੱਕ ਵੀ ‘ਕਲੀ’ ਤੇ ਮਿਰਜ਼ੇ ਦੀ ਇੱਕ ਵੀ ‘ਸੱਦ’ ਨਹੀਂ ਟੱਪ ਜਾਂ ਉਲੰਘ ਸਕੇ ਆਂ; ਕਿਓਂ 20ਵੀਂ ਜਾਂ ਹੁਣ 21ਵੀਂ ਸਦੀ ਵਿੱਚ ਬੈਠੇ ਵੀ, 18ਵੀਂ, 15ਵੀਂ ਸਦੀ ਨੂੰ ਹਾਕਾਂ ਮਾਰ ਰਹੇ ਆਂ, ਸਾਡੀਆਂ ਅੱਜ ਦੀਆਂ ਸਮੱਸਿਆਵਾਂ ਹੱਲ ਕਰਨ ਲਈ; ਕੀ ਸ਼ਰਮ ਨਹੀਂ ਆਉਂਣੀ ਚਾਹੀਦੀ, ਆਪਣੇ ਅਜੇਹੇ ਹਾਲ ‘ਤੇ? ਖ਼ੈਰ, ਜੇ ਅਸੀਂ ਇਸ ਭੂਤਮੁੱਖੀ ਸੋਚ ਤੇ ਇਸ ਨਾਲ ਨੱਥੀ ਗ਼ੁਲਾਮ-ਮਾਨਸਿਕਤਾ ਦਾ ਸ਼ਿਕਾਰ ਨਾ ਹੁੰਦੇ, ਤਾਂ 1947 ਦਾ ਘੱਲੂਘਾਰਾ ਹੋਣਾ ਹੀ ਨਹੀਂ ਸੀ!
ਤੇ ਅਜੇਹੇ ਹਾਲ ਤੋਂ ਵਿਸ਼ਵ ਹਵਾਲਾ-ਫ਼ਰੇਮ ਹੀ ਬਚਾ ਸਕਦਾ ਹੈ, ਜਿਹਨੂੰ ਉਸਾਰਨ ਲਈ ਅਸੀਂ, ਪੰਜਾਬ/ਭਾਰਤ ਤੋਂ ਬਾਹਰਲੇ ਦੇਸ਼ਾ ਵਿੱਚ ਰਹਿਣ ਵਾਲੇ ਪੰਜਾਬੀ, ਚੰਗੇਰੀ ਸਥਿਤੀ ਵਿੱਚ ਹਾਂ, ਪੰਜਾਬ/ਭਾਰਤ ਵਾਸੀਆਂ ਦੇ ਮੁਕਾਬਲਤਨ, ਤਾਂ ਹੀ ਜੇ ਪਰਵਾਸ ਨਾ ਧਾਰੀਏ। ਵਿਸ਼ਵ ਹਵਾਲਾ-ਫ਼ਰੇਮ ਬਗ਼ੈਰ ਮੇਰੀਆ ਪਿਛਲੀਆਂ ਦੋ ਕਾਵਿ ਪੁਸਤਕਾਂ ‘ਭੂਤ ਨਗਰੀ’ ਤੇ ‘ਕਿੱਸਿਆਂ ਦੇ ਕੈਦੀ’ ਅਤੇ ਇੱਕ ਗ਼ਦ ਪੁਸਤਕ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ: ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ’ ਸੰਭਵ ਨਹੀਂ ਹੋਣੀਆਂ ਸਨ; ਯਾਣਿ ਜੇ ਮੈੰ ਭਾਰਤ ਨਾਂ ਛੱਡਦਾ ਜਾਂ ਭਾਰਤ ਛੱਡਣ ਬਾਅਦ ਇੱਧਰਲੇ ਦੇਸ਼ਾਂ ਵਿੱਚ ਆ ਪਰਵਾਸ ਧਾਰ ਲੈਂਦਾ ਤਾਂ ਇਹ ਪੁਸਤਕਾਂ ਨਹੀਂ ਲਿਖੀਆਂ ਜਾਣੀਆਂ ਸਨ।

ਮਿਨੀ ਰੇਨਾਸਾਂਸ ਤੋਂ ਬ੍ਰਹਿਮੰਡ ਦੇ ਆਰੰਭ ਤੱਕ

? ਤੁਸੀਂ ਉੱਨੀ ਸੌ 70ਵਿਆਂ ਦੇ ਪੰਜਾਬ ਦੀ ਲਹਿਰ ਦੇ ਸਾਹਿਤਕ ਤੇ ਸੱਭਿਆਚਾਰਕ ਪੱਖ ਨੂੰ ‘ਮਿੰਨੀ ਰੇਨਾਸਾਂਸ’ ਦਾ ਨਾਂ ਦੇ ਕੇ ਉਸ ਲਹਿਰ ਦੇ ਪ੍ਰਭਾਵ ਥੱਲੇ ਰਚੇ ਗਏ ਪੰਜਾਬੀ ਸਾਹਿਤ ਦੇ ਹਾਂ-ਪੱਖੀ ਰੋਲ ਨੂੰ ਉਭਾਰਦੇ ਹੋ। ਇਹਦੇ ਬਿੱਲਕੁਲ ਉਲਟ ਰਾਹ ਫ਼ੜਿਆ ਹੋਇਆ ਆ ਅਮਰਜੀਤ ਚੰਦਨ ਨੇ, ਜੋ ਖ਼ੁਦ ਉਸ ‘ਮਿੰਨੀ ਰੇਨਾਸਾਂਸ’ ਵਿੱਚ ਸ਼ਾਮਲ ਸੀ। ਉਦਾਹਰਣ ਦੇ ਤੌਰ ਤੇ, ਪਿੱਛੇ ਜਿਹੇ ਉਹਨੇ ਕਿਹਾ ਕਿ “ਪ੍ਰਗਤੀਵਾਦ ਤੇ ਨਕਸਲੀ ਲਹਿਰ ਨੇ ਪੰਜਾਬੀ ਕਵਿਤਾ ਦਾ ਵੱਡਾ ਨੁਕਸਾਨ ਕੀਤਾ ਹੈ।” ਇਸ ਬਾਰੇ ਕੀ ਕਹੋਗੇ?
——ਸੱਚ ਕਹਿ ਰਹਿ ਓਂ; ਮੈਂ ਵੀ ਅਮਰਜੀਤ ਚੰਦਨ ਵਲੋ ਦਿੱਤੇ ਅਜੇਹੇ ਬਿਆਨ ਇੱਧਰ ੳੇੱਧਰ ਪੜ੍ਹੇ ਨੇ, ਮਿਸਾਲ ਵਜੋਂ ‘ਏਬੀਪੀ ਸਾਂਝਾ’ ਨਾਲ ਗੱਲਬਾਤ ਦੌਰਾਨ (https://punjabi.abplive.com/news/punjab/amarjit-chandan-347132). ਮੇਰਾ ਪ੍ਰਤੀਕਰਮ ਹੈ ਕਿ ਯੋਰਪੀਅਨ ਇਨਲਾਈਟਨਮੈਂਟ ਲਹਿਰ ਬਾਅਦ, ਇਸਦੇ ਸਦਕੇ, ਸੰਸਾਰ ਵਿੱਚ ਚੱਲੀਆਂ ਪ੍ਰਗਤੀਵਾਦੀ ਲਹਿਰਾਂ, ਭਾਰਤ ਵਿੱਚ ਚੱਲੀ ਨਕਸਲੀ ਲਹਿਰ, ਜਾਂ ਹੋਰ ਕਿਸੇ ਵੀ ਲਹਿਰ, ਵਲੋਂ ‘ਕਵਿਤਾ’ ਦਾ ਨੁਕਸਾਨ ਕਰਨ ਦਾ ਉਹਦਾ ਮਾਅਰਕਾ ਜਾਂ ਸੰਕਲਪ ਆਧੁਨਿਕ ਯੁੱਗ ਵਿੱਚ ਨਿਰੋਲ ਪੰਜਾਬੀ ਹੈ; ਅੰਗਰੇਜ਼ੀ ਤਾਂ ਕੀ, ਇਹ ਹਿੰਦੀ ਤੱਕ ਜਾਂਦਿਆਂ ਜਾਂਦਿਆਂ ਹੀ ਦਮ ਤੋੜ ਜਾਂਦਾ ਆ। ਕਿਸੇ ਵੀ ਦੇਸ਼ ਜਾਂ ਭਾਸ਼ਾ ਵਿੱਚ ਚੱਲੀ ਕੋਈ ਲਹਿਰ, ਖ਼ਾਸਕਰ ਰਾਜਨੀਤਿਕ ਜਾਂ ਸਾਹਿਤਕ ਲਹਿਰ, ਉਸ ਦੇਸ਼ ਜਾਂ ਭਾਸ਼ਾ ਦੇ ਸਮੁੱਚੇ ਸਾਹਿਤਕ, ਸਮੇਤ ਕਾਵਿ, ਖ਼ਜ਼ਾਨੇ ਵਿੱਚ ਵੱਖ ਵੱਖ ਪਹਿਲੂਆਂ ਤੋਂ ਵਾਧਾ ਹੀ ਕਰ ਸਕਦੀ ਹੈ; ਇਹ ਉਸ ਲਹਿਰ ਦੀ ਦੇਣ ਹੁੰਦੀ ਹੈ। ਉਨੀਂ ਸੌ ਦੇਰ-60ਵਿਆਂ ਤੇ 70ਵਿਆਂ ਦੇ ਪੰਜਾਬ ਵਿੱਚ, ਨਕਸਲੀ ਲਹਿਰ ਦੇ ਪ੍ਰਭਾਵ ਹੇਠ ਚੱਲੀ ‘ਕ੍ਰਾਤੀਂਕਾਰੀ ਕਵਿਤਾ’, ਜਾਂ ‘ਜੁਝਾਰੂ ਕਵਿਤਾ’, ਲਹਿਰ ਪ੍ਰਗਤੀਵਾਦੀ ਕਵਿਤਾ ਦਾ ਹੀ ਇੱਕ ਰੂਪ ਸੀ, ਤੇ ਇਹਦੀ ਪੰਜਾਬੀ ਕਵਿਤਾ ਨੂੰ ਦੇਣ ਸਨ: ਪਾਸ਼ (ਅਵਤਾਰ ਸਿੰਘ ਸੰਧੂ), ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਅਤੇ ਹੋਰ ਅਨੇਕਾਂ ਕਵੀ ਤੇ ਉਨ੍ਹਾਂ ਦੀ ਕਵਿਤਾ। ਕਿਸੇ ਵੀ ਲਹਿਰ ਵਲੋਂ “ਪੰਜਾਬੀ ਕਵਿਤਾ” ਦਾ ਨੁਕਸਾਨ ਕਰਨ ਦੇ ਸੰਕਲਪ ਦੀਆਂ ਜੜ੍ਹਾਂ ਸਿੱਧੀਆਂ ਜਾਗੀਰੂ ਤੇ ਰਾਜਾਸ਼ਾਹੀ ਯੁੱਗ ਦੀ ਸੋਚ ਤੱਕ ਪਹੁੰਚਦੀਆਂ ਨੇ, ਜਿਵੇਂ “ਪੰਜਾਬੀ ਕਵਿਤਾ” ਕਿਸੇ ਦੀ ਜਾਗੀਰ ਹੋਵੇ ਤੇ ‘ਲਹਿਰ’ ਨਾਮੀ ਲੁਟੇਰਾ ਉਸ ਵਿਚੋਂ ਕੁਝ ਲੁੱਟ ਕੇ ਲੈ ਗਿਆ ਹੋਵੇ ਜਾਂ ਕੁਝ ਉਜਾੜ ਗਿਆ ਹੋਵੇ। ਜ਼ਾਹਿਰ ਹੈ ਕਿ ਇਸ ਸੰਕਲਪ ਦੇ ਧਾਰਨੀਆਂ ਦੇ ਮਨਾਂ ਵਿੱਚ ਕਵਿਤਾ ਦੀ ਆਮ (generic) ਪ੍ਰਭਾਸ਼ਾ ਨਹੀਂ, ਬਲਕਿ ਆਪਣੀ ਹੀ ਕੋਈ ਨਿੱਜੀ (private) ਪ੍ਰਭਾਸ਼ਾ ਅਟਕੀ ਹੁੰਦੀ ਹੈ, ਸੁਚੇਤ ਜਾਂ ਅਚੇਤ ਤੌਰ ‘ਤੇ। ਕਵਿਤਾ ਦੀ ਅਜੇਹੀ ਪ੍ਰਭਾਸ਼ਾ ਜਾਂ ਮੁੱਲਅੰਕਣ ‘ਤਰਕ’ ਜਾਂ ਮਿਆਰ-ਏ-ਪੈਮਾਨਾ ‘ਤੇ ਆਧਾਰਿਤ ਹੋਣ ਦੀ ਥਾਂ ਨਿੱਜੀ ਪਸੰਦ, ਹਿੱਤ-ਪੂਰਤੀ, ਜਾਂ ਕਿਸੇ ਸਥਿਰ ਸੋਚ ਦੇ ਕੀਲੇ ਨਾਲ ਬੰਨੇ ਹੁੰਦੇ ਨੇ।

ਇਸੇ ਗੱਲਬਾਤ ਦੌਰਾਨ ਚੰਦਨ ਬਿਨਾਂ ਕਿਸੇ ਦਲੀਲ ਤੋਂ, ਆਪਣੇ ਵਿਸ਼ਵਾਸ ‘ਤੇ ਆਧਾਰਿਤ ਇਹ ਦਾਅਵਾ ਵੀ ਕਰਦਾ ਆ:

“ਗੁੱਸੇ ‘ਚ ਕੋਈ ਚੰਗੀ ਕਵਿਤਾ ਨਹੀਂ ਰਚੀ ਜਾ ਸਕਦੀ।”

ਜਦ ਕਿ ਕੋਈ ਵੀ ਗੰਭੀਰ ਆਲੋਚਕ/ਚਿੰਤਕ ਕਿਸੇ ਵੀ ਲਹਿਰ ਦੀ ਕਵਿਤਾ ਦਾ ਮੁੱਲ-ਅੰਕਣ ਸਪਸ਼ਟ ਆਲੋਚਨਾ-ਮਿਆਰ, ਯਾਣਿ standard, ਪੈਮਾਨਿਆਂ, ਜਾਂ ਕਿਸੇ ਇਕਸਾਰ ਵਿਚਾਰਧਾਰਾ ਦੇ ਆਧਾਰ ‘ਤੇ ਕਰੇਗਾ, ਨਾ ਕਿ ਆਪਣੇ ਮਹਿਜ ਵਿਸ਼ਵਾਸ ਤੇ ਨਿੱਜੀ ਕਾਵਿ-ਸੁਆਦਾਂ ਦੇ ਆਧਾਰ ‘ਤੇ; ਪੰਜਾਬੀ ਵਿੱਚ ‘ਚੰਦਨ’ ਹੀ ਨਹੀ, ਬਾਹਲੇ ਆਲੋਚਕਾਂ ਦਾ ਇਹੀਓ ਹਾਲ ਆ। “ਪ੍ਰਗਤੀਵਾਦ ਤੇ ਨਕਸਲੀ ਲਹਿਰ ਨੇ ਪੰਜਾਬੀ ਕਵਿਤਾ ਦਾ ਵੱਡਾ ਨੁਕਸਾਨ ਕੀਤਾ ਹੈ।” ਦੇ ਆਪਣੇ ਵਿਸਵਾਸ਼ ਦੀ ਹਿਮਾਇਤ ਵਿੱਚ ਉੱਤਕ ਬਿਆਨ ਤੋਂ ਇਲਾਵਾ ਇਹਨੂੰ ਇੱਕ ਹੋਰ ਵਿਸ਼ਵਾਸ ਦਾ ਠੁੱਮਣਾ ਦਿੰਦਾ, ‘ਚੰਦਨ’ ਕਹਿੰਦਾ ਹੈ:

“ਹਮੇਸ਼ਾਂ ਸਹਿਜਤਾ ਨਾਲ ਬਣੀਆਂ ਚੀਜ਼ਾਂ ਹੀ ਟਿਕੀਆਂ ਰਹਿੰਦੀਆਂ ਹਨ।”

ਉੱਤਕ ਦਾਅਵਾ ਸ਼ਾਇਦ ਬ੍ਰਹਿਮੰਡ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਦੀ ਸਥਿਤੀ ਨਾਲ ਮੇਲ ਖਾਂਦਾ ਹੋਵੇ, ਪਰ ਬ੍ਰਹਿਮੰਡ ਦੇ ਹੋਂਦ ਵਿੱਚ ਆਉਣ ਦੇ ਪਲ ਤੋਂ ਲੈ ਕੇ ਨਾ ਕੋਈ ਸਥਾਈ ਸਹਿਜਤਾ ਹੈ ਤੇ ਨਾ ਟਿਕਾਓ। ਵਿਗਿਆਨ ਤੋਂ ਸਮਾਨਤਾ, ਯਾਣਿ analogy, ਨਾਲ ਸਿੱਖਦੇ ਹੋਏ, ਅਸੀਂ ਜਾਣਦੇ ਆ ਕਿ ‘ਸਹਿਜ’ ਤੋਂ ਜਾਂ ਨਾਲ ਕੁਝ ਨਹੀਂ ਬਣਦਾ। ਆਦਿ ਵਿੱਚ, ਬ੍ਰਹਿਮੰਡ ਦੀ ਸ਼ੁਰੂਆਤ ਸਹਿਜ ਨਾਲ ਨਹੀਂ, ਬਲਕਿ ਸੂਈ ਨੱਕੇ ਤੋਂ ਕਿਤੇ ਛੋਟੇ, ਊਰਜਾ ਨਾਲ ਤੁੰਨੇ, ਇੱਕ ਬਿੰਦੂ ਦੇ ਮਹਾਂ-ਧਮਾਕੇ ਸੰਗ ਫ਼ਟਣ ਨਾਲ ਹੋਈ ਸੀ; ਸ਼ੁਰੂਆਤ ਤੋਂ ਬਾਅਦ ਬ੍ਰਹਿਮੰਡ ਕਿਸੇ ਰਿਸ਼ੀ ਦੀ ‘ਸਹਿਜ’ ਸਮਾਧੀ ਵਾਂਗ ‘ਟਿਕ’ ਕੇ ਨਹੀਂ ਸੀ ਬਹਿ ਗਿਆ, ਸਗੋਂ ਲਗਾਤਾਰ ਸੁਰਜ/ਤਾਰੇ, ਧਰਤੀਆਂ, ਚੰਨ, ਤੇ ਇਨ੍ਹਾਂ ਨਾਲ ਭਰੀਆਂ ਗਲੈਕਸੀਆਂ ਬਣਾਉਂਦਾ, ਸਹਿਜ ਨਾਲ ਨਹੀਂ, ਬਲਕਿ ਧੂਮ ਧੜੱਕੇ ਨਾਲ, ਫ਼ੈਲ ਰਿਹਾ ਆ; ਇਸ ਧਰਤੀ ਉੱਪਰ ਇੱਕ ਸੈੱਲ ਤੋਂ ਸ਼ੁਰੂ ਹੋ ਕੇ ਜ਼ਿੰਦਗੀ ਦਾ ਅਨਗਣਿਤ ਜੂਨਾਂ, ਯਾਣਿ ਸਪੀਸੀਜ਼, ਵਿੱਚ ਫ਼ੈਲ ਜਾਣਾ, ਸਹਿਜ ਅਵਸਥਾ ਨਹੀਂ, ਬਲਕਿ ਵਾਤਾਵਰਣ ਵਿੱਚ ਵਾਰ ਵਾਰ ਕਠੋਰ ਆਫ਼ਤੀ ਤਬਦੀਲੀਆਂ ਵਿਚੋਂ ਜ਼ਿੰਦਗੀ ਦੇ ਲੰਘਦੇ ਰਹਿਣ ਦਾ ਸਿੱਟਾ ਆ, ਜਿਹਨੂੰ ੲੈਵੋਲੂਸ਼ਨ ਕਿਹਾ ਜਾਂਦਾ। ਨਾ ਹੀ ਇਸ ਧਰਤੀ ਉੱਪਰ ਮਨੁੱਖੀ ਜੂਨ ਦੇ ਵਿਕਾਸ ਦਾ ਇਤਿਹਾਸ ‘ਸਹਿਜ’ ਨਾਲ ਉੱਸਰਿਆ; ਸਗੋਂ ਗੁਫ਼ਾ/ਜੰਗਲ ਤੋਂ ਚੱਲ ਕੇ ਅੱਜ ਤੱਕ ਪਹੁੰਚਣ ਲਈ ਮਨੁੱਖ ਨੇ ਬੜਾ ਲੰਬਾ ਪੈਂਡਾ ਤਹਿ ਕੀਤਾ ਆ, ਤਰਕ ਤੇ ਵਿਗਿਆਨ ਦੀ ਮੱਦਦ ਨਾਲ, ਕਈ ਯੁਗ ਪਲਟਾਊ ਇਨਕਲਾਬਾਂ ‘ਚੀਂ ਲੰਘਦੇ ਹੋਏ।

ਫਿਰ ਵੀ ਵਿਚਾਰਨ ਵਾਲਾ ਨੁਕਤਾ ਆ, ਜਦੋਂ ‘ਚੰਦਨ’ ਆਪਣੇ ਦਾਅਵੇ
“ਹਮੇਸ਼ਾਂ ਸਹਿਜਤਾ ਨਾਲ ਬਣੀਆਂ ਚੀਜ਼ਾਂ ਹੀ ਟਿਕੀਆਂ ਰਹਿੰਦੀਆਂ ਹਨ।”
ਵਿੱਚ ‘ਟਿਕਾਅ’ ਦਾ ਜ਼ਿਕਰ ਕਰਦਾ ਹੈ ਤਾਂ ਇਹ ਬੇਤਰਤੀਬਾ, ਯਾਣਿ ਰੈਨਡਮ (random), ਨਹੀਂ। ਜਿਹੜੀ ਸਹਿਜਧਾਰੀ ਸੋਚ ਉਹ ਇੱਥੇ ਪੇਸ਼ ਕਰ ਰਿਹਾ, ਤੇ ਹੋਰ ਵੀ ਬਹੁਤ ਸਾਰੇ ਪੰਜਾਬੀ ਸਾਹਿਤਕਾਰਾਂ ਦੇ ਮਗ਼ਜ ਵਿੱਚ ਜੜ੍ਹਾਂ ਪਕੜ ਬੈਠੀ ਆ; ਉਸ ਸੋਚ ਜਾਂ ਪਹੁੰਚ ਦੀ ਗਿਰੀ ਆ ‘ਟਿਕਾਓ’, ਜਾਂ ਜੜ੍ਹਤਾ, ਭਾਵ ਤਬਦੀਲੀ ਦਾ ਵਿਰੋਧ। ਮੇਰਾ ਇਹ ਨੁਕਤਾ ਸਪਸ਼ਟ ਜਾਂਦਾ, ਜਦੋਂ ਉਹ ‘ਏਬੀਪੀ ਸਾਂਝਾ’ ਨਾਲ ਗੱਲਬਾਤ ਦੌਰਾਨ ਹੀ ‘ਚੰਦਨ’ ਇਸ ਦਾਅਵਾ ਕਰਦਾ:
“ਪੰਜਾਬੀ ਪ੍ਰੋਫੈਸਰਾਂ, ਅਲੋਚਕਾਂ ਤੇ ਪੰਜਾਬੀ ਅਖ਼ਬਾਰਾਂ ਨੇ ਮਾਂ ਬੋਲੀ ਦਾ ਸੱਤਿਆਨਸ ਕੀਤਾ ਹੈ। ਇਹ ਮਾਂ ਬੋਲੀ ਦੀ ਠੇਠਤਾ ਬਰਕਰਾਰ ਨਹੀਂ ਰੱਖ ਸਕੇ।”

ਡਾ. ਸੁਖਪਾਲ ਸੰਘੇੜਾ ਆਪਣੇ ਪਰਵਾਰ, ਪਤਨੀ ਰਨੇਅ ਸੰਘੇੜਾ ਤੇ ਪੁੱਤਰ ਆਦਮ ਸੰਘੇੜਾ, ਸੰਗ ਯੋਰਪੀਅਨ ਰੇਨਾਸਾਂਸ ਲਹਿਰ ਦੀ ਜਨਮ ਭੂਮੀ ਸ਼ਹਿਰ ਫਲੋਰੈਂਸ, ਇਟਲੀ ਵਿਖੇ।

ਉਹ ਇਸ ਦਾਅਵੇ ਦੀ ਵਿਆਖਿਆ ਕਰਦਾ ਵੈੱਬ ਮੈਗਜ਼ੀਨ/ਸਾਈਟ ‘ਲਿਖਾਰੀ’ ‘ਚੇ 31 ਅਗਸਤ 2021 ਨੂੰ ਪ੍ਰਕਾਸ਼ਤ ਆਪਣੇ ਇੱਕ ਲੇਖ “ਪੰਜਾਬੀ ਦਾ ਸਤਿਆਨਾਸ” ਵਿੱਚ। ਮਿਸਾਲ ਵਜੋਂ, ਪੰਜਾਬੀ ਕੋਲ, ਅੰਗਰੇਜ਼ੀ ਅਵਾਂਗ, ‘a’ ਤੇ ‘the’ ਜਿਹੇ ‘ਆਰਟੀਕਲਜ਼’ ਨਹੀਂ ਹੈਗੇ, ਤੇ ਇਨ੍ਹਾਂ ਦੀ ਅਨਹੋਂਦ ਸੰਚਾਰ ‘ਚੇ ਅਕਸਰ ਅਨਿਸ਼ਚਿਤਤਾ ਦਾ ਸਰੋਤ ਬਣਦੀ ਆ। ਜੇ ਆਪਣੀਆਂ ਲਿਖਤਾਂ ਰਾਹੀਂ ਕੋਈ ਬੰਦਾ ਇਸ ਸਮੱਸਿਆ ਦਾ ਹੱਲ ਸੁਝਾਵੇ ਜਾਂ ਲਾਗੂ ਕਰੇ, ਤਾਂ ਇਸ ‘ਵਿਕਾਸ’ ਕੋਸ਼ਿਸ਼ ਦੀ ਸਰਾਹਨਾ ਕਰਨ ਦੀ ਬਜਾਏ, ਪੰਜਾਬੀ ਬੰਦਾ ਆਪਣੀ ਪੂਰੀ ਜੜ੍ਹਤਾ ਨਾਲ, ‘ਚੰਦਨ’ ਦੇ ਰੂਪ ‘ਚੇ ਇਸ ਕੋਸ਼ਿਸ਼ ਮਗਰ ਸ਼ੁੱਧਤਾ ਤੇ ਠੇਠਤਾ ਦੀ ਡਾਂਗ ਕੱਢੀ ਫਿਰਦਾ ਆ, ਇਸ ਲੇਖ ‘ਚੇ। ਇਹ ਇੱਕ ਉਦਾਹਰਨ ਹੀ ਹੈ ਕਿ ਕਿੰਝ ਪੰਜਾਬੀ ਬੰਦੇ ਦੀ ‘ਜੜ੍ਹਤਾ’ ਤੇ ਭੂਤਮੁਖੀ ਸੋਚ ਪੰਜਾਬੀ ਬੋਲੀ ਦਾ ਨੁਕਸਾਨ ਕਰਦੀ ਹੈ।

ਤਬਦੀਲੀ ਤੇ ਨਤੀਜਣ ਵਿਕਾਸ ਕੁਦਰਤ ਦਾ ਅਟੱਲ ਨਿਯਮ ਆ। ਇਸ ਤਰ੍ਹਾਂ ਸਮਾਜ ਤੇ ਉਸ ਦੀਆਂ ਸੰਚਾਰ ਲੋੜਾਂ ਦਾ ਵੀ ਵਿਕਾਸ ਹੁੰਦਾ ਰਹਿੰਦਾ ਆ। ਬਦਲਦੀਆਂ ਸੰਚਾਰ ਲੋੜਾਂ ਨੂੰ ਪੂਰਨ ਦੇ ਯੋਗ ਰਹਿਣ ਲਈ, ਬੋਲੀ ਦਾ ਵਿਕਾਸ ਹੁੰਦੇ ਰਹਿਣਾ ਵੀ ਜ਼ਰੂਰੀ ਹੁੰਦਾ ਆ। ਪਰ ਪੰਜਾਬੀ ਬੰਦੇ ਦੀ ਜੜ੍ਹਤਾ ਤੇ ਭੂਤਮੁਖੀ ਸੋਚ ਪੰਜਾਬੀ ਬੋਲੀ/ਭਾਸ਼ਾ ਇਸ ਵਿਕਾਸ ਦੇ ਰਾਹ ‘ਤੇ ਇੰਝ ਕੰਡੇ ਵਿਖੇਰਦੀ ਰਹਿੰਦੀ ਆ। ਇੱਕ ਹੋਰ ਮਿਸਾਲ ਵਜੋਂ ਜੇ ਲੋੜ ਪੂਰਨ ਲਈ ਬੰਦਾ ਕਿਸੇ ਹੋਰ ਭਾਸ਼ਾ ‘ਚੋਂ ਸ਼ਬਦ ਲੈ ਲਵੇ, ਤਾਂ ਸਾਡੀ ‘ਜੜ੍ਹਤਾ’ ਦੁਹਾਈ ਪਾਉਣ ਲੱਗ ਪੈਂਦੀ ਆ ਸ਼ੁੱਧਤਾ ਤੇ ਠੇਠਤਾ ਭੰਗ ਹੋਣ ਦੀ। ਸਫ਼ਲ ਬੋਲੀਆਂ ਉਹ ਹੁੰਦੀਆ ਨੇ ਜੋ ਸੰਚਾਰ ਲੋੜਾਂ ਪੂਰਨ ਲਈ ਹੋਰਨਾਂ ਬੋਲੀਆਂ ਦੇ ਸ਼ਬਦ ਅਪਣਾਉਂਣੋਂ ਨਹੀਂ ਝਿਜਕਦੀਆਂ; ਜਿਵੇਂ ਅੰਗਰੇਜ਼ੀ।

ਕੁੱਲ ਮਿਲਾ ਕੇ, ਅਮਰਜੀਤ ਚੰਦਨ ਦੇ ਇਹ ਤਰਕੋਂ ਸੱਖਣੇ ਦਾਅਵੇ ਸਾਨੂੰ ਚੇਤਾ ਕਰਵਾਉਂਦੇ ਨੇ ਕਿ ਭੂਤਮੁੱਖੀ ਸੋਚ ਤੇ ਤਰਕਹੀਣਤਾ ਦਾ ਸੁਮੇਲ ਬਹੁਤ ਖ਼ਤਰਨਾਕ ਸ਼ੈਅ ਦੀ ਰੈਸਿਪੀ ਆ ਜਿਸ ‘ਚੋਂ ਅਕਸਰ ਧਾਰਮਿਕ ਜਾਂ ਰਾਜਨੀਤਕ ਕੱਟੜਵਾਦੀ ਲੀਡਰਾਂ ਦੇ ‘ਫ਼ਤਵੇ’ ਨਿੱਕਲਦੇ ਨੇ। “ਪ੍ਰਗਤੀਵਾਦ ਤੇ ਨਕਸਲੀ ਲਹਿਰ ਨੇ ਪੰਜਾਬੀ ਕਵਿਤਾ ਦਾ ਵੱਡਾ ਨੁਕਸਾਨ ਕੀਤਾ ਹੈ।” ਵਰਗੇ ਬਿਆਨ ਵੀ ਅਸਲੋਂ ‘ਫ਼ਤਵੇ’ ਹੀ ਨੇ। ਗ਼ਦਰ ਕਵਿਤਾ, ਬਾਵਾ ਬਲਬੰਤ, ਪ੍ਰੋ: ਮੋਹਨ ਸਿੰਘ, ਅਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ (‘ਲੂਣਾ’ ਵਰਗੀਆਂ ਰਚਨਾਵਾਂ ਕਰਕੇ) ਵਰਗੇ ਪ੍ਰਗਤੀਸ਼ੀਲ ਕਵੀਆ ਅਤੇ ‘ਨਕਸਲੀ ਲਹਿਰ’ ਲਹਿਰ ਦੇ ਪ੍ਰਭਾਵ ਹੇਠ ਚੱਲੀ ‘ਕ੍ਰਾਤੀਕਾਰੀ ਪੰਜਾਬੀ ਕਵਿਤਾ’ ਲਹਿਰ ਦੇ ਪਾਸ਼ ਤੇ ਸੰਤ ਰਾਮ ਉਦਾਸੀ ਵਰਗੇ ਕਵੀਆਂ ਤੋਂ ਬਗੈਰ ਆਧੁਨਿਕ ਪੰਜਾਬੀ ਕਵਿਤਾ ਕੀ ਰਹਿ ਜਾਂਦੀ ਹੈ? ਜ਼ਿਆਦਾਤਰ ‘ਗ਼ੁਲਾਮ-ਮਾਨਸਿਕਤਾ’ ਦੀ ਕਵਿਤਾ!

ਪੰਜਾਬ ਦੇ ਬਾਕੀ ਲੋਕਾਂ ਵਾਂਗ ਪ੍ਰਗਤੀਸ਼ੀਲ, ਜਾਂ ਖੱਬੀ, ਧਿਰ ਦੇ ਬੰਦੇ ਵੀ ਇਸੇ ਜਾਗੀਰੂ ਜਾਂ ਅਰਧ-ਜਾਗੀਰੂ ਸਮਾਜ ਦੀਆ ਜਾਗੀਰੂ ਕਦਰਾਂ-ਕੀਮਤਾਂ ਵਾਲੇ ਮਾਹੌਲ ਵਿੱਚ ਹੀ ਜੰਮੇ ਪਲੇ ਹੁੰਦੇ ਨੇ ਤੇ ਉਨ੍ਹਾਂ ਨੂੰ ਵੀ ਪੀੜ੍ਹੀ ਦਰ ਪੀੜ੍ਹੀ ਚਲੀ ਆਉਂਦੀ ਜੜ੍ਹਤਾ ਤੇ ਭੂਤ-ਮੁੱਖੀ ਸੋਚ ਦੀ ਗੁੜ੍ਹਤੀ ਵਿਰਸੇ ਵਿੱਚ ਮਿਲੀ ਹੁੰਦੀ ਆ। ਪੰਜਾਬ ਦੀ ਖੱਬੀ ਦੀ ਇਹ ਤ੍ਰਾਸਦੀ ਆ ਕਿ ਕਿਤਾਬਾਂ ਪੜ੍ਹ ਕੇ ਗ੍ਰਹਿਣ ਕੀਤੀ ਕੋਟੇਸ਼ਨਧਾਰੀ ਕਾਮਰੇਡੀ ਸੋਚ ਦੇ ਨਾਲ ਨਾਲ ਜਾਗੀਰੂ ਕਦਰਾਂ-ਕੀਮਤਾਂ, ਜੜ੍ਹਤਾ ਤੇ ਭੂਤ-ਮੁੱਖੀ ਸਮੇਤ, ਬੰਦੇ ਦੀ ਮਾਨਸਿਕਤਾ ਵਿੱਚ ਸਲਾਮਤ ਰਹਿੰਦੀਆਂ ਨੇ, ਥੋੜ੍ਹੀਆਂ ਜਾਂ ਬਹੁਤੀਆਂ, ਜੇ ਸਾਰੇ ਨਹੀਂ ਤਾਂ ਬਹੁਤੇ ਬੰਦਿਆਂ ਵਿੱਚ। ਅਜੇਹੇ ਕਾਮਰੇਡੀ ਸੋਚ ਵਾਲੇ ਕਈਆਂ ਬੰਦਿਆ ਨੂੰ ਜਦੋਂ ਤੁਸੀਂ ਜਾਂ ਹਾਲਾਤ, ਖਰੋਂਚ ਦੇ ਵੇਖਦੇ ਨੇ ਤਾਂ ਉਨਾਂ ਵਿੱਚਲਾ ਭੂਤ-ਮੁੱਖੀ ਸੋਚ ਤੇ ਜਾਗੀਰੂ ਕਦਰਾਂ-ਕੀਮਤਾਂ ਲੈਸ ਬੰਦਾ ਸਹਿਜ ਨਾਲ ਪ੍ਰਗਟ ਹੋ ਜਾਂਦਾ ਆ। ਇੰਝ ਕਈਆਂ ਦੀ ਸੋਚ ਦੀ ਘੋੜੀ ਮੁੜ ਮੁੜ ਜਾਗੀਰੂ ਕਦਰਾਂ-ਕੀਮਤਾਂ ਦੇ ਬੋਹੜ ਥੱਲੇ ਆ ਜਾਂਦੀ ਆ, ਤੇ ਹੋਰ ਕਈਆਂ ਦੀ, ਜਿਵੇਂ ਕਿਸੇ ਲਹਿਰ ਤੋਂ ਬਾਅਦ, ਜਾਗੀਰੂ ਕਦਰਾਂ-ਕੀਮਤਾਂ ਦੇ ਬੋਹੜ ਥੱਲੇ ਆ ਸਥਾਈ ਤੌਰ ‘ਤੇ ਰੁਕ ਜਾਂਦੀ ਆ। ਉਦਾਹਰਣ ਵਜੋਂ “ਸਾਬਕਾ ਮਾਰਕਸੀ/ਨਕਸਲੀ ਪਰ ਮੌਜੂਦਾ ‘ਸਿੱਖ ਚਿੰਤਕ’ “। ਮਿਸਾਲਾਂ ਲੱਭਣ ਵਿੱਚ ਕੋਈ ਦੇਰ ਨਹੀਂ ਲੱਗਣੀ; ਪਰ ਨਾਵਾਂ ਵਿੱਚ ਕੀ ਪਿਆ।

? ਇਹਤੋਂ ਵੀ ਬਹੁਤ ਪਹਿਲਾਂ, ਅਮਰਜੀਤ ਚੰਦਨ ਨੇ ਪਾਸ਼ ਬਾਰੇ ਵੀ ਕੁਝ ਇਸ ਤਰਾਂ ਦਾ ਹੀ ਕਿਹਾ ਸੀ ਕਿ ਪਾਸ਼ ਦੀ ਕਵਿਤਾ ਦਾ ਜ਼ਿਕਰ ਘੱਟ ਗਿਆ ਸੀ ਤੇ ਕੁਝ ਸਮੇਂ ਬਾਅਦ ਉਹਨੂੰ ਕਿਸੇ ਨਹੀਂ ਪੁੱਛਣਾ। ਮੈਨੂੰ ਤਾਂ ਲੱਗਦਾ, ਸਮੇਂ ਦੇ ਨਾਲ ਨਾਲ ਘੱਟਣੀ ਕੀ ਆ, ਪਾਸ਼-ਕਾਵਿ ਦੀ ਪ੍ਰਸਿੱਧੀ ਵਧੀ ਹੀ ਹੋਊ! ਤੁਹਾਡਾ ਇਸ ਬਾਰੇ ਕੀ ਵਿਚਾਰ ਆ?
—— ਮੇਰਾ ਜੁਆਬ ਤਾਂ ‘ਚੰਦਨ’ ਵਲੋਂ ਦਿੱਤੇ ਹੋਰ ਫ਼ਤਵਿਆਂ ਦੇ ਹੁੰਘਾਰਿਆਂ ਵਜੋਂ ਪ੍ਰਗਟ ਮੇਰੇ ਪ੍ਰਤੀਕਰਮਾਂ ਜਿਹਾ ਹੀ ਹੋਣਾ ਹੈ; ‘ਚੰਦਨ’ ਦੇ ਪਾਸ਼-ਕਾਵਿ ਬਾਰੇ ਦਿੱਤੇ ਇਸ ਫ਼ਤਵੇ ਦੇ ਪ੍ਰਤੀਕਰਮ ਵਜੋਂ ਮੈਨੂੰ ਸਿਰਜਣਾ ਵਾਲੇ ਡਾ. ਰਘਬੀਰ ਸਿੰਘ ਦਾ ਹਵਾਲਾ ਦੇਣ ਦਿਓ: ‘ਚੇਤਨਾ ਪ੍ਰਕਾਸ਼ਨ’ ਵਲੋਂ ਸਤੰਬਰ 2000 ਨੂੰ ਪ੍ਰਕਾਸ਼ਤ ‘ਸੰਪੂਰਨ ਪਾਸ਼-ਕਾਵਿ’ ਵਿਚ ਇੱਕ ਭੂਮਿਕਾ ਵਜੋਂ ਦਿੱਤੇ ਲੇਖ “ਪਾਸ਼ ਦੀ ਵਿਲੱਖਣਤਾ“ ਵਿੱਚ ਡਾ. ਰਘਬੀਰ ਸਿੰਘ ਲਿਖਦਾ:

“ ਪਤਾ ਨਹੀਂ ਕਿ ਪਾਸ਼ ਦੇ ਰਹਿ ਚੁੱਕੇ ਸਾਹਿਤਕ ਤੇ ਰਾਜਨੀਤਕ ਆੜੀ, ਅਮਰਜੀਤ ਚੰਦਨ ਦੇ ਇਸ ਕਥਨ ਪਿੱਛੇ ਕਿੰਨੀ ਕੁ ਸਾਹਿਤਕ ਸੂਝ ਹੈ ਤੇ ਕਿੰਨੀ ਕੁ ਵਿਹਾਰਕ ਚਤੁਰਾਈ ਕਿ ‘ਪਾਸ਼ ਦੀ ਰਚਨਾ ‘ਚ ਅੱਜ ਉਹ ਰੁਚੀ ਨਜ਼ਰ ਨਹੀਂ ਆ ਰਹੀ ਜੋ ਪੰਜ ਸਾਲ ਪਹਿਲਾਂ ਸੀ’ ਜਾਂ ‘ਵੀਹ ਪੰਚੀ ਪਿਛੋਂ ਉਹ ਗੌਲਿਆਂ ਨਹੀਂ ਜਾਏਗਾ’— ਇਹ ਹਕੀਕਤ ਹੈ ਕਿ ਪਾਸ਼ ਦੀ ਲਿਖਤ ਵਿੱਚ ਪਹਿਲਾਂ ਦੇ ਟਾਕਰੇ ਦਿਲਚਸਪੀ ਸਗੋਂ ਹੋਰ ਵੱਧੀ ਹੈ। ਹਾਂ, ਅਮਰਜੀਤ ਚੰਦਨ ਜਾਂ ਕੋਈ ਵੀ ਹੋਰ, ਜੋ ਵਿਅਕਤੀ ਮਹਿਜ਼ ਨਕਸਲਵਾਦੀ ਲਹਿਰ ਦੇ ਆਸਰੇ ਹੀ ਸਾਹਿਤਕ ਮੰਡਲਾਂ ਵਿੱਚ ਵਿਚਰਦੇ ਰਹੇ, ਉਨਾਂ ਦਾ ਕੋਈ ਵੀ ਜ਼ਿਕਰ ਸ਼ਾਇਦ ਹੀ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਆਵੇ।”

ਆਪਣੇ ਹੋਰ ਫ਼ਤਵਿਆਂ ਵਾਂਗ ਬਗ਼ੈਰ ਡੈਟਾ ਜਾਂ ਵਿਗਿਆਨਕ ਵਿਧੀ ਵਰਤੋਂ ਦੇ, ਵਿਸ਼ਵਾਸ ਤੇ ਪੱਖਪਾਤ ਦੇ ਆਧਾਰ ‘ਤੇ ਹੀ ਪਾਸ਼-ਕਾਵਿ ਉੱਪਰ ‘ਚੰਦਨ’ ਵਲੋਂ ਦਿੱਤੇ ਗਏ ਫ਼ਤਵੇ ਵਿੱਚਲੀ ਭਵਿੱਖ-ਬਾਣੀ ਨੂੰ ਸਮੇਂ ਨੇ ਸਿਰ ਦੇ ਭਾਰ ਖੜਿਆਂ ਕਰ ਦਿੱਤਾ ਹੈ, ਆਪਾਂ ਸਾਰਿਆਂ ਦੀਆਂ ਅੱਖਾਂ ਸਾਹਮਣੇ; ਸਮੇਂ ਦੇ ਨਾਲ ਨਾਲ ਘੱਟਣੀ ਕੀ ਆ, ਪਾਸ਼-ਕਾਵਿ ਦੀ ਪ੍ਰਸਿੱਧੀ ਵਧੀ ਹੀ ਆ। ਵੀਹ-ਪੰਚੀ ਸਾਲ ਵੀ ਕਦੋਂ ਦੇ ਬੀਤ ਗਏ, ਪਾਸ਼-ਕਾਵਿ ਦੀ ਪ੍ਰਸਿੱਧੀ ਅਜੇ ਵੀ ਵੱਧ ਰਹੀ ਆ ਜਾਂ ਸਿਖਰਾਂ ਛੋਹ ਰਹੀ ਆ, ਇੱਥੋਂ ਤੱਕ ਕਿ ‘ਵੀਹ ਪੰਚੀ ਪਿਛੋਂ ਪਾਸ਼ ਗੌਲਿਆਂ ਨਹੀਂ ਜਾਏਗਾ’ ਦਾ ਫ਼ਤਵਾ ਜਾਰੀ ਕਰਨ ਵਾਲੇ ‘ਚੰਦਨ’ ਨੂੰ ਪਾਸ਼ ਨੂੰ ਗੌਲਣਾ ਪੈ ਰਿਹਾ, ਮਿਸਾਲ ਵਜੋਂ, ਜਦੋਂ ਉਹ 21 ਜੁਲਾਈ 2023 ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਇੱਕ ਲੇਖ ਲਿਖਦਾ, ‘ਪਾਸ਼ ਦੀ ਕਵਿਤਾ’, ਜਿਸਦਾ ਆਖ਼ਰੀ ਵਾਕ ਹੈ: “ਪਾਸ਼ ਆਪਣੀ ਕਾਵਿਕ ਪ੍ਰਤਿਭਾ ਕਰ ਕੇ ਹੀ ਪਾਸ਼ ਹੈ।”

? ’ਏਬੀਪੀ ਸਾਂਝਾ’ ਨਾਲ ਇਸੇ ਗੱਲਬਾਤ ‘ਚੰਦਨ’ ਕਹਿਦਾ ਹੈ “ਪੰਜਾਬੀ ਸਾਹਿਤਕਾਰ ਕੁੱਕੜਾਂ ਦੇ ਖੁੱਡੇ ‘ਚ ਵੜੇ ਹਨ ਤੇ ਮੈਂ ਇਸ ਖੁੱਡੇ ‘ਚੋਂ ਬਾਹਰ ਹਾਂ।” ਤੇ ਤੁਸੀ ਹੋਰ ਪੰਜਾਬੀ ਸਾਹਿਤਕਾਰਾਂ ਵੱਲ ਨੂੰ ਇੱਕੋ ‘ਖ਼ੂਹ ਦੇ ਡੱਡੂ’ ਹੋਣ ਦੀ ਕਹਾਵਤ ਸੁੱਟ ਦਿੱਤੀ; ਫ਼ਰਕ ਕੀ ਹੋਇਆ?
——ਜਿਹੜੇ ਖ਼ੂਹ ਦੀ ਗੱਲ ਮੈਂ ਕਰ ਰਿਹਾਂ, ਉਸ ਭੂਤ ਨਗਰੀ ਦੇ ਖ਼ੂਹ, ਯਾਨਿ ਭੂਤਮੁੱਖੀ ਸੋਚ ਤੇ ਪਹੁੰਚ ਦੇ ਖ਼ੂਹ, ਦਾ ਤਰਕ ਤੇ ਪ੍ਰਸੰਗ ਮੈਂ ਪਹਿਲਾਂ ਹੀ ਦੇ ਚੁੱਕਿਆਂ ਆਂ। ਭਾਵੇਂ ‘ਚੰਦਨ’ ਨੇ ਆਪਣੇ ਵਰਤੇ ਵਾਕਾਂਸ਼ “ਪੰਜਾਬੀ ਸਾਹਿਤਕਾਰ ਕੁੱਕੜਾਂ ਦੇ ਖੁੱਡੇ ‘ਚ ਵੜੇ ਹਨ” ਦੀ ਕੋਈ ਵਿਆਖਿਆ ਨਹੀ ਕਰੀ, ਪਰ ਵਰਤੋਂ ਦੇ ਪ੍ਰਸੰਗ ਤੋਂ ਲੱਗਦਾ ਹੈ ਕਿ ਇਹਤੋਂ ਉਹਦਾ ਭਾਵ ਹੈ ਕਿ ਪੰਜਾਬੀ ਸਾਹਿਤਕਾਰ ਪੰਜਾਬੀ ਬੋਲੀ ਠੇਠਤਾ ਤੇ ‘ਪੰਜਾਬੀ ਕੌਮ’ ਦੀ ਗੱਲ ਇੰਨੀ ਹਿੰਮਤ ਨਾਲ ਕਰਦੇ; ਜਾਂ ਮੇਰੀ ਸ਼ਬਦਾਵਲੀ ਵਿੱਚ, ਭੂਤਮੁੱਖੀ ਸੋਚ ਦੀਆ ਬਾਗਾਂ ਇਤਨੀ ਜ਼ੋਰ ਦੀ ਨਹੀਂ ਦਿਦੇ, ਜਾਂ ਭੂਤ ਨਗਰੀ ਦੇ ਖ਼ੂਹ ਵਿੱਚ ਟਰੈਂ ਟਰੈਂ ਦਾ ਖੌਰੂ ਇਤਨੀ ਜ਼ੋਰ ਦੀ ਨਹੀਂ ਪਾਉੱਦੇ ਜਾਂ ਉਸ ਤਰਜ਼ ‘ਤੇ ਨਹੀਂ ਪਾਉਂਦੇ ਜਿੱਦਾਂ ‘ਚੰਦਨ’ ਚਾਹੁੰਦਾ। ਸੋ, ਫ਼ਰਕ ਹੈ ਭੂਤ ਨਗਰੀ ਦੇ ਖ਼ੂਹ ਦੀ ਗਹਿਰਾਈ ਜਿੱਡਾ, ਜਾਂ ਭੂਤ ਤੋਂ ਵਰਤਮਾਨ ਦੇ ਅਤੇ ਵਰਤਮਾਨ ਤੋਂ ਭਵਿੱਖ ਦੇ ਸਫ਼ਰ ਦੇ ਲੰਬਾਈ ਜਿੱਡਾ।

ਇਹ ਸਪਸ਼ਟ ਕਰ ਦਿਆਂ ਕਿ ਇੱਥੇ ਗੱਲ ਵਿਚਾਰਾਂ ਦੀ ਹੋ ਰਹੀ ਆ, ਬੰਦਿਆਂ ਦੀ ਨਹੀਂ। ਵਰਨਾ, ਨਿੱਜੀ ਤੌਰ ‘ਤੇ, ’ਚੰਦਨ’ ਤੇ ਹੋਰ ਸਾਹਿਤਕਾਰ, ਮੇਰੇ ਸਤਿਕਾਰ ਦੇ ਪਾਤਰ ਆ। ਮਿਸਾਲ ਵਜੋਂ, ਮੇਰੇ ਵਿਚਾਰ ਵਿੱਚ, ਉੱਨੀ ਸੌ 70ਵਿਆਂ ਦੇ ਪੰਜਾਬ ਵਿੱਚ ਚੱਲੀ ਲਹਿਰ, ਜਿਹਨੂੰ ਮੈਂ ਪੰਜਾਬ ਦਾ ਮਿੱਨੀ ਰੈਨਾਸਾਂਸ ਕਹਿਨਾਂ, ਨੂੰ ‘ਚੰਦਨ’ ਦੀ ਕਾਫ਼ੀ ਦੇਣ ਸੀ; ਉਹੀ ਲਹਿਰ ਜਿਹਨੂੰ ‘ਚੰਦਨ’ ਬਾਅਦ ਵਿੱਚ ਇੱਕ ਤਰ੍ਹਾਂ ਯੂ-ਟਰਨ ਮਾਰ ਕੇ ਨਿਕਾਰਨ ਲੱਗ ਪੈਂਦਾ।

? ਜੇ ‘ਚੰਦਨ’, ਤੁਹਾਡੇ ਕਹਿਣ ਮੁਤਾਬਕ, ਲਹਿਰ ਵਿੱਚ ਹਿੱਸਾ ਲੈਣ ਤੋਂ ਬਾਅਦ ਯੂ-ਟਰਨ ਮਾਰ ਕੇ ਕਹਿ ਸਕਦਾ ਹੈ, “ਪ੍ਰਗਤੀਵਾਦ ਤੇ ਨਕਸਲੀ ਲਹਿਰ ਨੇ ਪੰਜਾਬੀ ਕਵਿਤਾ ਦਾ ਵੱਡਾ ਨੁਕਸਾਨ ਕੀਤਾ ਹੈ।”, ਤਾਂ ਕੀ ਗਰੰਟੀ ਹੈ ਕਿਸੇ ਦੀ ਵੀ; ਉਦਾਹਰਣ ਦੇ ਤੌਰ ‘ਤੇ ਜੇ ਪਾਸ਼ ਸਾਡੇ ਵਿਚਕਾਰ ਰਹਿੰਦਾ, ਤਾਂ ਕੀ ਗਰੰਟੀ ਹੈ ਤੁਹਾਡੇ ਸ਼ਬਦਾਂ ਵਿੱਚ ਉਹਦੀ ਵੀ “ਸੋਚ ਦੀ ਘੋੜੀ ਮੁੜ ਜਾਗੀਰੂ ਕਦਰਾਂ-ਕੀਮਤਾਂ ਦੇ ਬੋਹੜ ਥੱਲੇ” ਆ ਕੇ ਨਾ ਰੁਕ ਜਾਂਦੀ?
—— ਬੜ੍ਹਾ ਵਧੀਆ ਸੁਆਲ ਕੀਤਾ, ਤੁਸੀਂ ਸੋਢੀ ਜੀ! ਤੁਸੀਂ ਠੀਕ ਓਂ, ਆਪਾਂ ਜਾਣਦੇ ਈ ਆਂ ਕਿ ਇਨ੍ਹਾਂ ਮਾਮਲਿਆਂ ਵਿੱਚ ਗਰੰਟੀ ਤਾਂ ਕਿਸੇ ਦੀ ਵੀ ਕੋਈ ਨਹੀ; ਬੰਦਿਆ ਦੇ ਵਿਚਾਰ ਬਦਲ ਸਕਦੇ ਆ। ਅਸਲ ਵਿੱਚ, ਆਮ ਤੌਰ ‘ਤੇ ਕਵਿਤਾ ਇੱਕ ਸਫ਼ਰ ਹੈ, ਕਿਉਂਕਿ ਸਮੇਂ ਦੇ ਨਾਲ ਨਾਲ ਕਵੀ ਦੇ ਵਿਚਾਰਾਂ ਤੇ ਕਾਵਿ-ਸ਼ਿਲਪ ਦਾ ਵਿਕਾਸ ਥੋੜਾ ਜਾਂ ਬਾਹਲਾ ਲਗਾਤਾਰ ਹੋਣਾ ਜਾਰੀ ਰਹਿ ਸਕਦਾ; ਪਰ ਗਰੰਟੀ ਕੋਈ ਨਹੀਂ। ਜੇ ਵਿਕਾਸ ਹੋ ਜਾਏ, ਤਾਂ ਮਹੱਤਵਪੂਰਨ ਪ੍ਰਸ਼ਨ ਹੁੰਦਾ ਕਿ ਵਿਕਾਸ ਕਿਸ ਦਿਸ਼ਾ ਵਿੱਚ ਹੋ ਰਿਹਾ? ਮਿਸਾਲ ਵਜੋ, ਭਵਿੱਖਮੁੱਖੀ ਜਾਂ ਭੂਤਮੁੱਖੀ ਦਿਸ਼ਾ ਵਿੱਚ? ਪਰ, ਆਪਾਂ ਇੱਕ ਵਿਗਿਆਨਿਕ ਤਰੀਕਾ, ਜੋ ਆਮ ਵਿਗਿਆਨਕ ਵਿਧੀ ਦਾ ਇੱਕ ਛੋਟਾ ਰਿਹਾ ਰੂਪ ਆ, ਵਰਤ ਸਕਦੇ ਆ ਇਹ ਭਵਿੱਖਬਾਣੀ ਕਰਨ ਲਈ ਪਾਸ਼ ਦੀ ਸੋਚ ਦੀ ਘੋੜੀ ਮੁੜ ਜਾਗੀਰੂ ਕਦਰਾਂ-ਕੀਮਤਾਂ ਦੇ ਬੋਹੜ ਥੱਲੇ ਆ ਕੇ ਰੁਕ ਜਾਂਦੀ ਜਾਂ ਨਾ? ਇਸ ਸੋਚ ਪ੍ਰਯੋਗ, ਯਾਣਿ ਥਾਊਟ ਇਕਸਪੈਰੀਮਿੰਟ, ਵਿੱਚ ਆਪਾਂ ਪਾਸ਼ ਦੀ ਕਵਿਤਾ ਨੂੰ ਡੈਟਾ, ਯਾਣਿ ਅੰਕੜੇ, ਸਰੋਤ ਵਜੋਂ ਵਰਤਾਂਗੇ। ਆਮ ਵਿਗਿਆਨਕ ਵਿਧੀ ਦੌਰਾਨ ਡੇਟਾ ਪ੍ਰਯੋਗ ਤੋਂ ਆਉੱਦਾ; ਇਸ ਅਭਿਆਸ ਵਿੱਚ ਪਾਸ਼ ਦੀ ਕਾਵਿ-ਰਚਨ ਪ੍ਰਕ੍ਰਿਆ ਸਾਡਾ ਪ੍ਰਯੋਗ ਆ/ਸੀ।

ਅਜੋਕੇ ਦੇ ਪ੍ਰਸੰਗ ਵਿੱਚ, ਜੇ ਕਵਿਤਾ ਵਿੱਚਲੀ ਸੋਚ ਦਾ ਸਹੀ ਦਿਸ਼ਾ ਵਿੱਚ ਵਿਕਾਸ ਹੁੰਦਾ ਰਹੇ, ਦੂਜੇ ਸ਼ਬਦਾਂ ਵਿੱਚ, ਕਵਿਤਾ ਸਹੀ ਦਿਸ਼ਾ ਵਿੱਚ ਵਿਕਾਸ-ਸਫ਼ਰ ਕਰਦੀ ਰਹੇ, ਤੇ ਕਵੀ ਵਿੱਚ ਆਪਣੀ ਕਵਿਤਾ ਲਈ ਪ੍ਰਤੀਬੱਧਤਾ ਹੋਵੇ, ਤਾਂ ਫਿਰ ਕਵੀ ਦੀ ਸੋਚ-ਘੋੜੀ ਦੀ ਮੁੜ-ਘਿੜ ਜਾਗੀਰੂ ਕਦਰਾਂ-ਕੀਮਤਾਂ ਦੇ ਬੋਹੜ ਥੱਲੇ ਆਉਣ ਦੀ ਗੂੰਜਾਇਸ਼ ਬੜ੍ਹੀ ਘੱਟ ਹੁੰਦੀ ਹੈ। ਮਨੁੱਖੀ ਇਤਿਹਾਸ ਦੇ ਭੂਤ ਤੋਂ ਭਵਿੱਖ ਵੱਲ ਨੂੰ ਪ੍ਰਗਤੀਸ਼ੀਲ ਵਿਕਾਸ-ਸਫ਼ਰ ਵਾਲੀ ਦਿਸ਼ਾ ਸਹੀ ਦਿਸ਼ਾ ਹੁੰਦੀ ਹੈ। ਪਾਸ਼ ਉੱਪਰ ਉੱਤਕ ਦੋਵੇਂ ਸ਼ਰਤਾਂ ਢੁੱਕਦੀਆਂ ਸਨ: ਪਾਸ਼ ਦੀ ਕਵਿਤਾ ‘ਚੇ ਸਹੀ ਦਿਸ਼ਾ ਵਿੱਚ ਵਿਕਾਸ-ਸਫ਼ਰ ਹੈ, ਤੇ ਉਹਦੇ ਵਿੱਚ ਆਪਣੀ ਕਵਿਤਾ ਲਈ ਲੋਹੜੇ ਦੀ ਪ੍ਰਤੀਬੱਧਤਾ ਸੀ, ਉਹਦੀ ਖ਼ਾਤਰ ਜੇਲ੍ਹ ਜਾਣ ਤੱਕ, ਹਕੂਮਤ ਵਲੋਂ ਨ੍ਹੇਰੇ-ਸਨ੍ਹੇਰੇ ਖਪਾ ਦੇਣ ਦੇ ਸਿਰ ਉੱਪਰ ਲਗਾਤਾਰ ਮੰਡਰਾਅ ਰਹੇ ਖ਼ਤਰੇ ਸਮੇਤ। ਆਪਣੇ ਪਹਿਲੇ ਕਾਵਿ-ਸੰਗ੍ਰਹਿ, ਲੋਹ ਕਥਾ, ਵਿੱਚ ਹੀ ਪਾਸ਼ ਦੀ ਕਵਿਤਾ ਨੇ ਹੇਮ-ਕੁੰਡ ‘ਤੇ ਬਹਿ ਭਗਤੀ ਕਰਨ [ਕਵਿਤਾ ‘ਅੰਤਿਕਾ’] ਤੋਂ ਲੈ ਕੇ ਉਹਦੇ ਅੱਜ ਦੇ ਸਮਾਜ ਦੇ ਪਿੰਡੇ ‘ਤੇ ‘ਕੰਡਿਆਲੀ ਥੋਹਰ’ (ਸ਼ਿਵ ਦੀ) ਬਣਕੇ ਉੱਗ ਆਈ ਵਾਰਸ ਸ਼ਾਹ ਦੀ ਲਾਸ਼ ਤੱਕਣ [ਕਵਿਤਾ ‘ਖੁੱਲੀ ਚਿੱਠੀ’] ਦਾ ਪ੍ਰਗਤੀਸ਼ੀਲ ਸਫ਼ਰ ਤੈਅ ਕਰ ਲਿਆ ਸੀ।

ਕਵਿਤਾ ‘ਅੰਤਿਕਾ’ ਵਿੱਚਲਾ ‘ਮੈਂ’ ਆਪਣੇ ਆਪ ਨੂੰ ਸਾਧਾਰਨ ਲੋਕਾਂ ਤੋਂ ਉੱਪਰ ਚੁੱਕ ਜਾਗੀਰੂ ਭਾਵਨਾ ‘ਚੋਂ ਉੱਪਜੇ ਪੈਗੰਬਰੀ ਅੰਦਾਜ ਵਿੱਚ ਕਹਿੰਦਾ ਹੈ:

“ਅਸੀਂ ਜੰਮਣਾ ਨਹੀਂ ਸੀ
ਅਸੀਂ ਲੜਨਾ ਨਹੀਂ ਸੀ
ਅਸੀਂ ਤਾਂ ਬਹਿ ਕੇ ਹੇਮਕੰਟ ਦੇ ਉੱਤੇ
ਭਗਤੀ ਕਰਨੀ ਸੀ
ਪਰ ਜਦ ਸਤਲੁਜ ਦੇ ਪਾਣੀ ਵਿੱਚੋਂ ਭਾਫ ਉੱਠੀ…
ਪਰ ਜਦ ਕਾਜ਼ੀ ਨਜ਼ਰੁਲ ਇਸਲਾਮ ਦੀ ਜੀਭ ਰੁਕੀ
ਜਦ ਕੁੜੀਆਂ ਦੇ ਕੋਲ ਜਿਮ ਕਾਰਟਰ ਤੱਕਿਆ।
ਤੇ ਮੁੰਡਿਆਂ ਕੋਲ ਤੱਕਿਆ ‘ਜੇਮਜ਼ ਬਾਂਡ’
ਤਾਂ ਮੈਂ ਕਹਿ ਉੱਠਿਆ ਚਲ ਬਈ ਸੰਤ (ਸੰਧੂ)
ਹੇਠਾਂ ਧਰਤੀ ‘ਤੇ ਚਲੀਏ
ਪਾਪਾਂ ਦਾ ਤਾਂ ਭਾਰ ਵੱਧਦਾ ਜਾਂਦਾ ਹੈ” —-(ਪਾਸ਼:ਅੰਤਿਕਾ)

‘ਅੰਤਿਕਾ’ ਤੋਂ ‘ਖੁੱਲ੍ਹੀ ਚਿੱਠੀ’, ਯਾਨਿ ਭੂਤ ਤੋਂ ਵਰਤਮਾਨ, ਤੱਕ ਦਾ ਸਫ਼ਰ ਪਾਸ਼ ਕਾਵਿ-ਸੰਗ੍ਰਹਿ ਵਿੱਚ ਹੀ ਤਹਿ ਕਰ ਜਾਂਦਾ ਹੈ, ਜਦੋਂ ਕਿ ਬਾਹਲੇ ਪੰਜਾਬੀ ਲੇਖਕ ਇਹ ਸਫ਼ਰ, ਅੱਜ ਇੱਕਵੀਂ ਸਦੀ ‘ਚੇ ਵੀ, ਜਿੰਦਗੀ ਭਰ ਤਹਿ ਨਹੀਂ ਕਰ ਪਾਉਂਦੇ। ਮਿਸਾਲ ਵਜੋਂ:

“ਅੱਜ ਵਾਰਸ ਸ਼ਾਹ ਦੀ ਲਾਸ਼
ਕੰਡਿਆਲੀ ਥੋਹਰ ਬਣ ਕੇ
ਸਮਾਜ ਦੇ ਪਿੰਡੇ ਤੇ ਉੱਗ ਆਈ ਹੈ-
ਉਸ ਨੂੰ ਕਹੋ ਕਿ
ਇਹ ਯੁੱਗ ਵਾਰਸ ਦਾ ਯੁੱਗ ਨਹੀਂ
ਵੀਤਨਾਮ ਦਾ ਯੁੱਗ ਹੈ
ਹਰ ਖੇੜੇ ਵਿਚ ਹੱਕਾਂ ਦੇ ਸੰਗ੍ਰਾਮ ਦਾ ਯੁੱਗ ਹੈ।”—-(ਪਾਸ਼: ਖੁੱਲ੍ਹੀ ਚਿੱਠੀ)

ਮਤਲਬ, ਪਾਸ਼ ਦੇ ਕਾਵਿ-ਸਫ਼ਰ ਦੀ ਸ਼ੁਰੂਆਤ ਹੀ ਜਾਗੀਰੂ ਕਦਰਾਂ-ਕੀਮਤਾਂ ਪਛਾਣ ਕੇ ਉਨਾਂ ਵਿਰੁੱਧ ਲੜਾਈ ਵਿੱਢਣ ਨਾਲ ਸ਼ੁਰੂ ਹੋਈ ਸੀ। ਅਗਾਂਹ ਦੇ ਸਫ਼ਰ ਦੌਰਾਨ ਇਹ ਪਛਾਣ ਹੋਰ ਬਰੀਕ/ਸਪਸ਼ਟ ਤੇ ਇਹ ਲੜਾਈ ਹੋਰ ਪ੍ਰਬਲ/ਤਿੱਖੀ ਹੀ ਹੁੰਦੀ ਗਈ। ਮਿਸਾਲ ਵਜੋਂ ਪਾਸ਼ ਆਪਣੇ ਅਗਲੇ ਕਾਵਿ-ਸੰਗ੍ਰਹਿ ‘ਉਡਦਿਆਂ ਬਾਜ਼ਾਂ ਮਗਰ’ ਵਿੱਚ ਜਾਗੀਰੂ ਜਾਂ ਅਰਧ-ਜਾਗੀਰੂ ਸਾਹਿਤਕ, ਰਾਜਨੀਤਿਕ, ਤੇ ਸੱਭਿਆਚਾਰਿਕ ਕਦਰਾਂ-ਕੀਮਤਾਂ ਦੇ ਬਿੰਬਾਂ ਨੂੰ ਪਛਾਣਦਾ ਹੋਇਆ ਉਨ੍ਹ੍ਹਾਂ ਨੂੰ ਨਿਕਾਰਦਾ ਆ, ਆਪਣੀ ਇੱਕ ਸ਼ਾਹਕਾਰ ਕਵਿਤਾ ‘ਚੇ:

“ਮੇਰੇ ਮੂੰਹ ‘ਚ ਤੁੰਨ ਦਿਓ ਯਮਲੇ ਜੱਟ ਦੀ ਤੂੰਬੀ…
ਮੇਰੀ ਹਿੱਕ ‘ਤੇ ਚਿਪਕਾ ਦਿਓ ਗੁਲਸ਼ਨ ਨੰਦਾ ਦੇ ਨਾਵਲ…
ਮੇਰੇ ਢੂਹੇ ‘ਚ ਦੇ ਦਿਓ ਲਾਲਾ ਜਗਤ ਨਰਾਇਣ ਦਾ ਸਿਰ…
ਮੇਰੀ ਪਿੱਠ ‘ਤੇ ਲੱਦ ਦਿਓ ਬਾਜਪਾਈ ਦਾ ਬੋਝਲ ਪਿੰਡਾ
ਸਾਂਭੋ ਆਨੰਦ ਬਖਸ਼ੀ, ਤੁਸੀਂ ਜਾਣੋ ਲਕਸ਼ਮੀ ਕਾਂਤ…
ਪਰ ਮੈਂਨੂੰ ਦੇ ਦਿਓ ਕੁਝ ਬੋਲ
ਜਿਨ੍ਹਾਂ ਦਾ ਇਕ ਗੀਤ ਬਣ ਸਕੇ…।” —-(ਪਾਸ਼: ’ਮੈਂਨੂੰ ਚਾਹੀਦੇ ਹਨ ਕੁਝ ਬੋਲ’)

ਇਹਤੋਂ ਵੀ ਅਗਲੇ ਕਾਵਿ-ਸੰਗ੍ਰਹਿ ‘ਸਾਡੇ ਸਮਿਆਂ ਵਿੱਚ’ ‘ਚੇ, ਮਿਸਾਲ ਵਜੋਂ, ਕਵਿਤਾ ‘ਧੁੱਪੇ ਵੀ ਤੇ ਛਾਵੇਂ ਵੀ’ ਵਿੱਚ ਭੂਤ ਨੂੰ ਪ੍ਰਗਤੀਸ਼ੀਲ ਨਜ਼ਰੀਏ ਤੋਂ ਨਜਿੱਠਦਾ ਹੋਇਆ ਪਾਸ਼ ਕਹਿੰਦਾ ਆ:

“ਇਹ ਜ਼ਰਾ ਜਿੰਨੀ ਵਿੱਥ, ਸ਼ਾਇਦ ਉਹ ਅਣਪੜ੍ਹੀਆਂ ਕਿਤਾਬਾਂ ਹਨ
ਜਿਨ੍ਹਾਂ ਵਿਚ ਗਿਆਨ ਦੇ ਜਗਦੇ ਦਰਖ਼ਤ ਹੌਲੀ ਹੌਲੀ ਅੰਨ੍ਹੇ ਹੋ ਰਹੇ ਹਨ।”
ਜਾਂ
“ਇਹ ਜ਼ਰਾ ਜਿੰਨੀ ਵਿੱਥ ਕੋਈ ਬੋਲੀ ਹਨੇਰੀ ਹੈ,
ਉਨ੍ਹਾਂ ਗੀਤਾਂ ਦੇ ਅਣਚੁਗੇ ਅਸਤਾਂ ਤੇ ਵਗਦੀ
ਜਿਨ੍ਹਾਂ ਨੂੰ ਮੈਂ ਪਹਾੜਿਆਂ ਤੇ ਕਾਇਦਿਆਂ ਵਿਚ ਕੱਲਿਆਂ ਛੱਡ ਆਇਆ ਸਾਂ”—-(ਪਾਸ਼: ’ਧੁੱਪੇ ਵੀ ਤੇ ਛਾਵੇਂ ਵੀ’)

ਇਸ ਕਾਵਿ-ਸਫ਼ਰ ਦੇ ਅਖ਼ੀਰ ਵੱਲ ਨੂੰ ਪਾਸ਼ ਦੀ ਲਿਖੀ ਕਵਿਤਾ ‘ਖੂਹ’ ਵਿੱਚ ਅੰਤ ਦੇ ਕਰੀਬ ਪੁਜੇ, ਗੁਜ਼ਰ ਰਹੇ, ਜਾਗੀਰੂ ਯੁੱਗ ਪ੍ਰਤੀ ਭੂਤਮੁੱਖੀ ਪਹੁੰਚ ਦੇ ਐਨ ਉਲਟ ਅਪਣਾਈ ਪ੍ਰਗਤੀਸ਼ੀਲ ਪਹੁੰਚ ਦੀ ਪ੍ਰੋੜਤਾ ਤੇ ਪ੍ਰਪੱਕਤਾ ਸਿਖਰ ‘ਤੇ ਪਹੁੰਚ ਜਾਂਦੀ ਹੈ, ਜਦੋਂ ਪਾਸ਼ ਅਲੋਪ ਹੋ ਰਹੇ ਖੂਹਾਂ ਨੂੰ ਗੁਜ਼ਰ ਰਹੇ ਜਾਗੀਰੂ ਦੇ ਪ੍ਰਤੀਕ ਵਜੋਂ ਵਰਤ ਕੇ ਜਾਗੀਰੂ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉੱਡਾਉਂਦਾ ਹੈ:

“ਖੂਹ ਬੜੇ ਥੋੜ੍ਹੇ ਬਚੇ ਨੇ ਹੁਣ
ਪਰ ਉਹ ਕੱਲਮ-ਕੱਲੇ ਸੁੰਨੇ ਜਹੇ ਜਿਥੇ ਵੀ ਹਨ
ਹਨੇਰੇ ਤੋਂ ਸੁਰੱਖਿਅਤ ਨਹੀਂ
ਜੋ ਪਿਆਸ ਦੇ ਪੱਜ ਉੱਤਰਦਾ ਹੈ ਉਨ੍ਹਾਂ ‘ਚ
ਤੇ ਮੌਤ ਭਰ ਦੇਂਦੈ
ਸਭ ਤੋਂ ਭੋਲ਼ੇ-ਭਾਲ਼ੇ ਪੰਛੀਆਂ ਦੇ ਆਂਡਿਆਂ ਵਿੱਚ।”

ਉਹਨੂੰ ਭੂਤ ਕਾਲ ਨਾਲ ਕੋਈ ਰੁਮਾਂਸਵਾਦੀ ਮੋਹ ਨਹੀਂ:

“ਖੂਹ ਤੁਹਾਨੂੰ ਜੋੜਦੇ ਹਨ ਮੋਈਆਂ ਸਦੀਆਂ ਨਾਲ
ਖੂਹ ਤੁਹਾਨੂੰ ਗੂੰਜ ਦੇ ਨਸ਼ੇ ‘ਤੇ ਲਾ ਕੇ
ਆਪਣੇ ਜ਼ਖ਼ਮਾਂ ਨੂੰ ਗਾਉਣਾ ਸਿਖਾਉਂਦੇ ਹਨ।”

ਕਿਸੇ ਰੂਪ ਵਿੱਚ, ਕਿਸੇ ਹੱਦ ਤੱਕ, ਭੂਤਮੁੱਖੀ ਸੋਚ/ਪਹੁੰਚ ਤੋਂ ਚੇਤਨ, ਪਾਸ਼ ਪਾਠਕ ਨੂੰ ਇਸ ਤੋਂ ਖ਼ਬਰਦਾਰ ਕਰਦਾ:

“ਵਸਤੂ ਜਾਂ ਮਸ਼ੀਨ ਨਹੀਂ
ਹੁਣ ਮੁਕੰਮਲ ਫ਼ਲਸਫ਼ਾ ਨੇ ਖੂਹ
ਖੂਹ ਤਾਂ ਚਾਹੁੰਦੇ ਹਨ ਉਨ੍ਹਾਂ ਸੰਗ ਜੁੜੀ ਹਰ ਭਿਆਨਕਤਾ
ਤੁਹਾਡੇ ਅੰਦਰ ਪਿਛਲਖੁਰੀ ਗਿੜਦੀ ਰਹੇ।”

ਸੋ, ਜਿਵੇ ਮੈਂ ਪਾਸ਼ ਦੇ ਕਾਵਿ-ਸਫ਼ਰ ‘ਚੋਂ ਚੰਦ ਮਿਸਾਲਾਂ ਦੇ ਕੇ ਦਿਖਾਇਆ ਆ ਕਿ ਕਿੰਝ ਇਸ ਸਫ਼ਰ ਦੇ ਸ਼ੁਰੂ ਵਿੱਚ ਹੀ ਉਹਦੀ ਕਵਿਤਾ ਜਾਗੀਰੂ ਕਦਰਾਂ-ਕੀਮਤਾਂ ਜਾਂ ਬਿੰਬਾਂ ਨੂੰ ਪਛਾਣਦੀ, ਉਨ੍ਹਾਂ ਪ੍ਰਤੀ ਪ੍ਰਗਤੀਸ਼ੀਲ ਪਹੁੰਚ ਅਪਣਾਉਂਦੀ, ਉਨਾਂ ਵਿਰੁੱਧ ਲੜਾਈ ਵਿੱਢ ਦਿੰਦੀ ਆ। ਸ਼ੁਰੂ ਤੋਂ ਚੱਲ ਕੇ ਅਖ਼ੀਰ ਨੂੰ ਵਧਦੀ ਹੋਈ, ਭੂਤਮੁੱਖੀ ਪਹੁੰਚ ਦੀ ਥਾਂ, ਭਵਿੱਖਮੁੱਖੀ/ਪ੍ਰਗਤੀਸ਼ੀਲ ਪਹੁੰਚ ਵਰਤਦੀ ਹੋਈ, ਇਹ ਪਛਾਣ ਹੋਰ ਬਰੀਕ/ਸਪਸ਼ਟ ਤੇ ਇਹ ਲੜਾਈ ਹੋਰ ਪ੍ਰਬਲ/ਤਿੱਖੀ ਹੁੰਦੀ ਜਾਂਦੀ ਹੈ, ਅਤੇ ਅੰਤ ‘ਤੇ ਆਪਣੀ ਚਰਮ-ਸੀਮਾ ‘ਤੇ ਜਾਂਦੀ ਆ, ਦੋਵੇਂ ਪੱਖਾਂ ਤੋਂ: ਸਾਮੱਗਰੀ ਤੇ ਕਲਾ-ਕੌਸ਼ਲਤਾ। ਇਸ ਪਛਾਣ ਦੀ ਬਰੀਕੀ, ਯਾਣਿ ਰਿਜ਼ੋਲੂਸ਼ਨ, ਤੇ ਲੜਾਈ ਦਾ ਤਿੱਖਾਪਨ, ਵਿਚਾਰਧਾਰਿਕ ਸਮਝਦਾਰੀ ਤੇ ਕਲਾ-ਕੌਸ਼ਲਤਾ ਦੇ ਘੇਰੇ ਵਿੱਚ ਰਹਿੰਦਾ ਹੋਇਆ, ਜਿੰਨਾ ਜ਼ਿਆਦਾ, ਉੱਨਾ ਹੀ ਵੱਧ ਪ੍ਰਭਾਵਸ਼ੀਲ ਪਾਠਕਾਂ ਲਈ।

ਇੱਥੇ ਮੈਂ ਪਾਸ਼ ਦੇ ਕਾਵਿ-ਸਫ਼ਰ ‘ਚੋਂ ਚੰਦ ਮਿਸਾਲਾਂ ਹੀ ਪੇਸ਼ ਕੀਤੀ ਆਂ, ਹੋਰ ਵੀ ਪੇਸ਼ ਕਰ ਸਕਦਾਂ; ਪਰ ਭਵਿੱਖ-ਬਾਣੀ ਦੀ ਵਿਗਿਆਨਕ ਵਿਧੀ ਦੇ ਪ੍ਰਦਰਸ਼ਨ ਲਈ, ਇੰਨੀਆ ਮਿਸਾਲਾਂ ਹੀ ਜਿੰਨੀਆਂ ਮੈਂ ਦਿੱਤੀਆਂ ਨੇ, ਕਾਫ਼ੀ ਆ। ਹਰੇਕ ਦਿੱਤੇ ਮਿਸਾਲੀ ਕਾਵਿ-ਟੋਟੇ ਜਾਂ ਸਬੰਧਿਤ ਕਵਿਤਾ ਨੂੰ ਇੱਕ ਡੇਟਾ ਬਿੰਦੂ ਸਮਝੋ। ਹਰ ਡੇਟਾ ਬਿੰਦੂ ਨੂੰ ਨੰਬਰ ਭਾਵ ਸਕੋਰ ਦਿਓ, ਉਹਦੇ ਨਾਲ ਜੁੜ੍ਹਦੇ ਕਾਵਿ-ਟੋਟੇ/ਕਵਿਤਾ ਵਲੋਂ ਜਾਗੀਰੂ ਕਦਰਾਂ-ਕੀਮਤਾਂ ਜਾਂ ਬਿੰਬਾਂ ਦੀ ਕੀਤੀ ਪਛਾਣ ਤੇ ਵਿਰੋਧਤਾ ਦੇ ਆਧਾਰ ‘ਤੇ; ਕਾਵਿ-ਟੋਟੇ ਦੀ ਜਿੰਨੀ ਵੱਧ ਪ੍ਰਭਾਵਸ਼ੀਲਤਾ ਉੱਨੇ ਜ਼ਿਆਦਾ ਨੰਬਰ। ਕਿਉਂਕਿ, ਜਿੱਦਾ ਮੈਂ ਇੱਥੇ ਦਿਖਾਇਆ ਆ, ਮਿਸਾਲਾਂ ਸਹਿਤ, ਕਿ ਪਾਸ਼ ਦੇ ਕਾਵਿ-ਸਫ਼ਰ ਦੌਰਾਨ ਇਹ ਪ੍ਰਭਾਵਸ਼ੀਲਤਾ ਵਧਦੀ ਗਈ ਸਮੇਂ ਦੇ ਵਧਣ ਦੇ ਨਾਲ ਨਾਲ; ਇਸ ਲਈ, ਸਿਫ਼ਰ ਤੋਂ 100 ਨੰਬਰਾਂ ਦੀ ਸਕੇਲ ਉੱਪਰ, ਮਿਸਾਲ ਵਜੋਂ, ਜੇ ‘ਲੋਹ ਕਥਾ’ ਦੇ ਪੈਗਬਰੀ (‘ਅੰਤਿਕਾ’) ਟੋਟੇ ਵਾਲੇ ਡੈਟਾ-ਬਿੰਦੂ ਨੂੰ ਸਿਫ਼ਰ, ‘ਖੁੱਲ੍ਹੀ ਚਿੱਠੀ’ ਵਾਲੇ ਨੂੰ 25,’ ਮੈਂਨੂੰ ਚਾਹੀਦੇ ਹਨ ਕੁਝ ਬੋਲ’ ਵਾਲੇ ਨੂੰ 50, ‘ਧੁੱਪੇ ਵੀ ਤੇ ਛਾਵੇਂ’ ਨੂੰ 60, ਅਤੇ ‘ਖੂਹ’ ਵਾਲੇ ਬਿੰਦੂਆਂ 70, 75, 80; ਤਾਂ ਤੁਸੀਂ ਦੇਖ ਸਕਦੇ ਜੋ ਕਿ ਸਮੇਂ ਦੇ ਨਾਲ ਨਾਲ ਡੇਟਾ ਬਿੰਦੂਆਂ ਦੇ ਨੰਬਰ ਉੱਪਰ ਨੂੰ ਵਧਦੇ ਹੀ ਜਾ ਰਹੇ ਨੇ। ਜੇ ਗ੍ਰਾਫ਼ ਪੇਪਰ ਵਿੱਚ ਇਨ੍ਹਾਂ ਬਿੰਦੂਆਂ ਵਿੱਚਦੀ ਲੰਘਦੀ ਇੱਕ ਸਿੱਧੀ ਰੇਖਾ ਜਾਂ ਕਰਵ ਖਿੱਚ ਦਿੱਤੀ ਜਾਵੇ ਤਾਂ ਉਹਦਾ ਮੂੰਹ ਉਤਾਂਹ ਨੂੰ ਹੋਵੇਗਾ ਕਿਉਂਕਿ ਨੰਬਰਾਂ ਦੀ ਕੀਮਤ ਸੱਜਿਓ ਖੱਬੇ, ਸਮੇਂ ਦੇ ਨਾਲ ਨਾਲ, ਵਧ ਰਹੀ ਹੈ। ਇਸ ਰੇਖਾ ਜਾਂ ਕਰਵ ਨੂੰ ਕੰਪਿਊਟਰ ਵਿਗਿਆਨ ਵਿੱਚ ਰੁਝਾਨ ਰੇਖਾ/ਕਰਵ, ਯਾਣਿ ਟਰੈਂਡ ਲਾਈਨ, ਕਿਹਾ ਜਾਂਦਾ ਆ। ਰੁਝਾਨ ਰੇਖਾ, ਵੱਖ ਵੱਖ ਮਾਡਲ ਵਰਤ ਕੇ, ਭਵਿਖ-ਬਾਣੀ ਕਰਨ ਲਈ ਵਰਤੀ ਜਾਂਦੀ ਆ ਕਿ ਮਿਣੀ ਜਾ ਰਹੀ ਚੀਜ਼, ਜੋ ਇੱਥੇ ਸਾਡੇ ਕੇਸ ਵਿੱਚ ਪ੍ਰਭਾਵਸ਼ੀਲਤਾ ਹੈ, ਦਾ ਮਿਣਤੀ ਨੰਬਰ ਭਵਿੱਖ ਵਿੱਚ ਕੀ ਹੋਵੇਗਾ। ਆਪਣੇ ਕੇਸ ਦੀ ਉੱਤਕ ਰੁਝਾਨ ਰੇਖਾ ਦੇ ਆਧਾਰ ‘ਤੇ, ਕੋਈ ਮਾਡਲ ਵਰਤ ਕੇ, ਕੀਤੀ ਭਵਿਖ-ਬਾਣੀ ਵਿੱਚ ਪ੍ਰਭਾਵਸ਼ੀਲਤਾ ਦਾ ਨੰਬਰ 80 ਨਾਲੋਂ ਜ਼ਿਆਦਾ ਹੀ ਹੋਵੇਗਾ, ਜੇ ਕੇਸ ਦੇ ਹਾਲਾਤ ਨਾ ਬਦਲ ਦਿੱਤੇ ਜਾਣ। ਇਸ ਦਾ ਮਤਲਬ ਹੋਇਆ ਕਿ ਪਾਸ਼ ਦੇ ਕਾਵਿ-ਸਫ਼ਰ ਵਿੱਚ ਉਹਦੀ ਕਵਿਤਾ ਵਲੋਂ ਜਾਗੀਰੂ ਕਦਰਾਂ-ਕੀਮਤਾਂ ਜਾਂ ਬਿੰਬਾਂ ਨੂੰ ਪਛਾਣਨ ਤੇ ਉਨ੍ਹਾਂ ਵਿਰੁੱਧ ਪ੍ਰਗਤੀਵਾਦੀ ਦਿਸ਼ਾ ਵਿੱਚ ਲੜਦੇ ਰਹਿਣ ਦੀ ਪ੍ਰਭਾਵਸ਼ੀਲਤਾ ਵਧਦੀ ਰਹਿਣੀ ਸੀ; ਘੱਟ ਤੋਂ ਘੱਟ, ਘੱਟਣੀ ਨਹੀਂ ਸੀ। ਦੂਜੇ ਸ਼ਬਦਾਂ ਵਿੱਚ, ਆਪਾਂ ਮਹਾਨ ਸੰਭਾਵਨਾ, ਯਾਣਿ ਗਰੇਟ ਲਾਈਕਲੀਹੁੱਡ, ਨਾਲ ਕਹਿ ਸਕਦੇ ਹਾਂ ਕਿ ਪਾਸ਼ ਦੀ ਸੋਚ ਦੀ ਘੋੜੀ ਜਾਗੀਰੂ ਕਦਰਾਂ-ਕੀਮਤਾਂ ਦੇ ਬੋਹੜ ਥੱਲੇ ਨਹੀਂ ਜਾਣੀ ਸੀ, ਘੜੀ ਭਰ ਆਰਾਮ ਕਰਨ ਲਈ ਵੀ ਨਹੀਂ! ਇਹ ਹੈ ਸਾਡੀ ਵਿਗਿਆਨ ਵਿਧੀ ਦੀ ਭਵਿੱਖ-ਬਾਣੀ ਇਸ ਕੇਸ ਲਈ।

? ਇਹ ਬੜਾ ਦਿਲਚਸਪ ਹੈ ਜਿੱਦਾਂ ਤੁਸੀਂ ਕੋਈ ਵਿਗਿਆਨਿਕ ਵਿਧੀ ਜਾਂ ਤਰੀਕਾ ਸਾਹਿਤ ਦੇ ਮੁੱਦੇ ਜਾਂ ਮਸਲੇ ‘ਤੇ ਲਾਗੂ ਕਰੀ ਜਾ ਰਹੇ ਓਂ। ਸਾਹਿਤ ਆਰਟ ਦਾ ਵਿਸ਼ਾ ਹੈ, ਵਿਗਿਆਨ ਦਾ ਨਹੀਂ। ਕੋਈ ਪੁੱਛ ਸਕਦਾ ਏਂ ਕਿ ਫਿਰ ਤੁਸੀਂ ਵਿਗਿਆਨਿਕ ਵਿਧੀ ਜਾਂ ਕੋਈ ਵੀ ਵਿਗਿਆਨਕ ਤਰੀਕਾ ਸਾਹਿਤਕ ਮੁੱਦਿਆਂ ਜਾਂ ਮਸਲਿਆਂ ‘ਤੇ ਕਿਵੇਂ ਲਾਗੂ ਕਰ ਸਕਦੇ ਓਂ?
—— ਬੜਾ ਵਧੀਆ ਸੁਆਲ ਆ! ਕੁਦਰਤ ਵੱਖ ਵੱਖ ਵਿਸ਼ਿਆਂ ਵਿਚਕਾਰ ਹੱਦਾਂ ਨਹੀਂ ਜਾਣਦੀ। ਵਿਗਿਆਨਿਕ ਵਿਧੀ ਕੁਦਰਤ ਦੇ ਨਿਯਮ, ਜਿਨ੍ਹਾਂ ਅਨੁਸਾਰ ਕੁਦਰਤ ਚੱਲਦੀ ਆ, ਖੋਜਣ ਲਈ ਵਰਤੀ ਜਾਂਦੀ ਆ। ਇਸ ਲਈ, ਵਿਗਿਆਨ ਦੇ ਵਿਸ਼ਿਆ ਵਿੱਚ ਵਿਗਿਆਨਿਕ ਵਿਧੀ ਦੀ ਵਰਤੋਂ ਲਾਜ਼ਮੀ ਆ। ਕਿਓਂਕਿ ਸਾਰੀਆ ਚੀਜ਼ਾਂ ਤੇ ਵਰਤਾਰੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੁਦਰਤ ਨਾਲ ਜੁੜੇ ਹੋਏ ਨੇ, ਆਰਟ ਦੇ ਵਿਸ਼ਿਆਂ ਵਿੱਚ ਵੀ, ਭਾਵੇਂ ਲਾਜ਼ਮੀ ਨਹੀਂ, ਵਿਗਿਆਨਕ ਵਿਧੀ ਵਰਤੀ ਜਾ ਸਕਦੀ ਆ, ਤੇ ਇਸ ਵਰਤੋਂ ਨਾਲ ਨਤੀਜੇ ਵੀ ਜ਼ਿਆਦਾ ਵਧੀਆ ਨਿਕਲਣਗੇ, ਹਕੀਕਤ ਨਾਲ ਜੁੜੇ ਹੋਏ। ਇਸੇ ਕਰਕੇ, ਮਾਡਰਨ ਯੁੱਗ ‘ਚੇ, ਅਸਲ ਵਿੱਚ, ਪੋਲੀਟੀਕਲ ਸਾਇੰਸ, ਸ਼ੋਸ਼ਲ ਸਇੰਸਿਜ਼, ਅਰਥ ਸ਼ਾਸਤਰ, ਤੇ ਬਿਜ਼ਨਸ ਆਦਿ ਵਿਸ਼ਿਆਂ ਵਿੱਚ ਵੀ ਵਿਗਿਆਨਕ ਵਿਧੀ ਤੇ ਤਰੀਕੇ ਆਮ ਵਰਤੇ ਜਾਂਦੇ ਆ; ਸਾਹਿਤ ਵੀ ਵਰਤ ਸਕਦੇ ਆਂ। ਵਿਗਿਆਨਕ ਸੋਚ, ਵਿਗਿਆਨਕ ਵਿਧੀ ਤੇ ਢੰਗ ਤਰੀਕੇ ਸਿਰਫ਼ ਵਿਗਿਆਨ ਦੇ ਵਿਸ਼ਿਆ ਨਾਲ ਹੀ ਨਹੀਂ ਬੱਝੇ ਹੋਏ, ਇਨ੍ਹਾਂ ਨੂੰ ਆਮ ਰੋਜ਼ਾਨਾ ਸਾਮਾਜਿਕ ਜਿੰਦਗੀ ਵਿੱਚ ਵੀ ਵਰਤਿਆਂ ਜਾ ਸਕਦਾ ਤੇ ਵਰਤਣੇ ਚਾਹੀਦੇ ਆ। ਜੇ ਇਹ ਵਰਤੋਂ ਪੰਜਾਬੀ ਸਮਾਜ ਵਿੱਚ ਹੋਣੀ ਸ਼ੁਰੂ ਹੋ ਜਾਏ, ਤਾਂ ਹੋਰ ਲਾਭਾਂ ਤੋੰ ਇਲਾਵਾ ਪਖੰਡੀ ਬਾਬਿਆ/ਪੀਰਾਂ ਦੇ ਡੇਰੇ ਆਪਣੇ ਆਪ ਹੀ ਮਿੱਟੀ ਵਿੱਚ ਮਿਲ ਜਾਣੇ ਆ, ਤੇ ਪਾਖੰਡੀ ਨੇਤਾਵਾਂ ਵੀ ਪੱਤੇ ਵੀ ਕੱਟੇ ਜਾਣੇ ਆ। ਪੱਛਮ ਵਿੱਚ ਇਹ ਸਦੀਆਂ ਪਹਿਲਾਂ ਵਾਪਰ ਗਿਆ ਸੀ ਰੇਨਾਸਾਂਸ ਤੇ ਇੰਨਲਾਈਟਨਮੈਂਟ ਲਹਿਰਾਂ ਜ਼ਰੀਏ ਦੇ ਸਦਕੇ।

? ਗੱਲ ਵਿਗਿਆਨਕ ਵਿਧੀ ਤੇ ਵਿਗਿਆਨਕ ਸੋਚ ਦੀ ਚੱਲੀ ਆ, ਤਾਂ ਇੱਕ ਸੁਆਲ ਤੁਹਾਡੇ ਅਕਾਦਮਿਕ ਕੰਮ ਬਾਰੇ ਪੁੱਛ ਲਵਾਂ; ਤੁਸੀਂ ਅਮਰੀਕਾ ਤੇ ਯੋਰਪ ਦੇ ਮਿਆਰੀ ਖੋਜ ਰਸਾਲਿਆਂ ਵਿਚ ਛਪੇ ਭੌਤਿਕ ਵਿਗਿਆਨ ਦੇ ਇਕ ਸੌ ਪੰਜਾਹ ਤੋਂ ਵੱਧ ਖੋਜ ਪੱਤਰਾਂ ਦੇ ਲੇਖਕ ਤੇ ਸਹਿ ਲੇਖਕ ਹੋ। ਸੌਖੇ ਸ਼ਬਦਾਂ ਵਿਚ ਦੱਸੋਗੇ ਕਿ ਤੁਹਾਡੀ ਖੋਜ ਕਿਸ ਵਿਸ਼ੇ ਉੱਪਰ ਆ?

——ਭੌਤਿਕ ਵਿਗਿਆਨ ਵਿਚ ਮੇਰੀ ਖੋਜ ਮੂਲ ਰੂਪ ਵਿੱਚ ਪਦਾਰਥ ਦੇ ਮੁੱਢਲੇ ਜ਼ਰਿਆਂ, ਜਾਂ ਕਣਾਂ, ਅਤੇ ਉਨ੍ਹਾਂ ਨਾਲ ਸਬੰਧਿਤ ਕੁਦਰਤੀ ਸ਼ਕਤੀ ਦੀ ਪੜਤਾਲ ਕਰਨ ਉੱਪਰ ਰਹੀ ਆ। ਮੁੱਢਲਾ ਸੁਆਲ ਇਹ ਆ ਪਈ ਇਹ ਪਦਾਰਥਕ, ਯਾਨਿ ਭੌਤਿਕ, ਸੰਸਾਰ ਕਿਨ੍ਹਾਂ ਮੁੱਢਲੇ ਜ਼ਰਿਆਂ/ਕਣਾਂ ਦਾ ਬਣਿਆਂ ਹੋਇਆ ਤੇ ਉਨ੍ਹਾਂ ਦੇ ਸੁਭਾਅ ਕੀ ਆ। ਇਸੇ ਸੁਆਲ ਦਾ ਦੂਜਾ ਪਾਸਾ ਇਹ ਆ ਕਿ ਇਹ ਬਹ੍ਰਿਮੰਡ ਕਿਵੇਂ ਹੋਂਦ ਵਿਚ ਆਇਆ। ਇਸ ਮੁੱਢਲੇ ਸੁਆਲ ਨਾਲ ਆਦਮੀ ਦੇ ਘੋਲ ਵਿੱਚੋਂ ਹੀ ਧਰਮ ਤੇ ਫਲਸਫੇ ਪੈਦਾ ਹੋਏ। ਜੋ ਵੀ ਵਿਗਿਆਨਕ ਗਿਆਨ ਸਾਡੇ ਪਾਸ ਅੱਜ ਹੈ, ਉਸ ਵਿੱਚੋ ਬਾਹਲਾ ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਸੇ ਸੁਆਲ ਨਾਲ ਵਿਗਿਆਨੀਆਂ ਦੇ ਕੀਤੇ ਘੋਲ ਦਾ ਨਤੀਜਾ ਆ। ਵਿਗਿਆਨ ਦੇ ਇਕ ਸਿਧਾਂਤ ਮੁਤਾਬਕ ਬ੍ਰਹਿਮੰਡ ਦਾ ਆਰੰਭ ਊਰਜਾ ਨਾਲ ਭਰੇ ਹੋਏ ਇਕ ਅਤਿ ਛੋਟੇ ਬਿੰਦੂ ਦੇ ਮਹਾਂ ਧਮਾਕੇ (ਬਿਗ ਬੈਂਗ) ਨਾਲ ਫ਼ਟਣ ਤੋਂ ਹੋਇਆ। ਮੈਂ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਨੇੜੇ ਸਥਿਤ ਸਰਨ, ਯਾਣਿ CERN (European Organization for Nuclear Research), ਪ੍ਰਯੋਗਸ਼ਾਲਾ ਵਿਖ਼ੇ ਵਿਗਿਆਨੀਆਂ ਦੀ ਇਕ ਟੋਲੀ ਨਾਲ ਮਿਲ ਕੇ ਦੁਨੀਆਂ ਦੀ ਸਭ ਤੋਂ ਵੱਡੀ ਵਿਗਿਆਨਕ ਮਸ਼ੀਨ ਲੈੱਪ (ਲਾਰਜ ਇਲੈਕਟਰੌਨ ਪੌਜ਼ੀਟਰੌਨ ਕੋਲਾਈਡਰ) ਵਿਚ ਉਸ ਮਹਾਂ ਧਮਾਕੇ ਨੂੰ ਛੋਟੀ ਪੱਧਰ ਉੱਪਰ ਮੁੜ-ਪੈਦਾ ਕਰਕੇ ਇਸ ਸਿਧਾਂਤ ਦੇ ਕੁਝ ਪੱਖਾਂ ਦੀ ਪੁਸ਼ਟੀ ਕੀਤੀ। ਇਸ ਸਿਧਾਂਤ ਮੁਤਾਬਕ ਧਮਾਕੇ ਤੋਂ ਤੁਰੰਤ ਬਾਅਦ ਕੁਝ ਮੁੱਢਲੇ ਜ਼ੱਰੇ, ਯਾਣਿ ਪਾਰਟੀਕਲਜ਼, ਹੀ ਮੌਜੂਦ ਸਨ ਜਿਨ੍ਹਾਂ ਨੂੰ ਕੁਆਰਕ ਕਿਹਾ ਜਾਂਦਾ। ਕੁਆਰਕ ਦੇ ਸੁਭਾਅ ਨੂੰ ਤੈਅ ਕਰਨ ਵਾਲੀ ਕੁਦਰਤੀ ਸ਼ਕਤੀ ਦਾ ਨਾਮ ਹੈ: ਮਜ਼ਬੂਤ ਨਿਊਕਲੀਅਰ ਸ਼ਕਤੀ। ਜਨੇਵਾ ਨੇੜੇ ਸਰਨ ਅਤੇ ਬਾਅਦ ਵਿਚ ਅਮਰੀਕਾ ਦੇ ਸੂਬੇ ਨਿਊਯੌਰਕ ਦੀ ਕੌਰਨੈੱਲ ਯੁਨੀਵਰਸਟੀ ਦੀ ਪ੍ਰਯੋਗਸ਼ਾਲਾ ਵਿਚ ਕੰਮ ਕਰਦੇ ਹੋਏ ਮੈਂ ਇਸ ਨਿਊਕਲੀਅਰ ਸ਼ਕਤੀ ਦੀ ਮਜ਼ਬੂਤੀ ਦੀ ਮਿਣਤੀ ਸਭ ਤੋਂ ਵੱਧ ਸ਼ੁੱਧਤਾ ਨਾਲ ਕੀਤੀ। ਇਸ ਪਰੋਸੈਸ ਦੇ ਦੌਰਾਨ ਹੀ ਮੈਂ ਇਨ੍ਹਾਂ ਮੁੱਢਲੇ ਜ਼ਰਿਆਂ ਸੁਭਾਵਾਂ ਨੂੰ ਤੈਅ ਕਰਦੀ ਕੁਆਂਟਮ ਥਿਓਰੀ ਦੀ ਇਕਸਾਰਤਾ ਤੇ ਹੋਰ ਪੱਖਾਂ ਨੂੰ ਵੀ ਟੈਸਟ ਕੀਤਾ; ਇੰਝ ਮੇਰੇ ਸਮੁੱਚੇ ਖ਼ੋਜ ਕੰਮ ਨੇ ਬ੍ਰਹਿਮੰਡ ਦੇ ‘ਸਟੈਂਡਰਡ ਮਾਡਲ’ ਦੇ ਵਿਕਾਸ ਤੇ ਸਮਝ ਵਿੱਚ ਹਿੱਸਾ ਪਾਇਆ।

ਭੌਤਿਕ ਵਿਗਿਆਨ ਪ੍ਰਯੋਗਸ਼ਾਲਾ ਤੋਂ ਸੂਚਨਾ ਇੰਨਕਲਾਬ ਤੱਕ

? ਚਲੋ, ਹੁਣ ਪੰਜਾਬ ਵੱਲ ਨੂੰ ਮੋੜਾ ਪਾਉਂਦੇ ਆ। ਪੰਜਾਬ/ਭਾਰਤ ‘ਚੇ ਰਹਿੰਦੇ ਲੇਖਕ ਅਕਸਰ ਕਹਿੰਦੇ ਚਲੇ ਰਹੇ ਆ ਕਿ ਟੀ.ਵੀ., ਕੰਪਿਊਟਰ, ਤੇ ਇੰਟਰਨੈੱਟ ਪੁਸਤਕ ਸੱਭਿਆਚਾਰ ‘ਤੇ ਮਾਰੂ ਅਸਰ ਪਾ ਰਹੇ ਆ। ਤੁਹਾਡੇ ਵਿਚਾਰ ਵਿਚ ਇਹ ਗੱਲ ਕਿੰਨੀ ਕੁ ਸਹੀ ਆ?
——ਪੰਜਾਬ ਵਿਚ ਸੋਢੀ ਜੀ, ਭਲਾ ਪੁਸਤਕ ਸੱਭਿਆਚਾਰ ਸੀ ਜਾਂ ਹੈ ਹੀ ਕਿੱਥੇ ਜਾਂ ਕਿੰਨਾ ਜਿਹਦੇ ਉੱਪਰ ਮਾਰੂ ਅਸਰ ਪੈ ਜਾਊ। ਜਿਹਨਾਂ ਸਮਾਜਾਂ ਵਿਚ ਪੁਸਤਕ ਸੱਭਿਆਚਾਰ ਸੀ/ਹੈ ਉੱਥੇ ਉਸ ਉੱਪਰ ਟੀ.ਵੀ., ਕੰਪਿਊਟਰ ਤੇ ਇੰਟਰਨੈੱਟ ਦਾ ਕੋਈ ਮਾਰੂ ਅਸਰ ਨਹੀਂ ਪਿਆ। ਉਦਾਹਰਣ ਵਜੋਂ ਅਮਰੀਕਾ ਵਿਚ ਅਜੇ ਵੀ ਕਿਤਾਬਾਂ ਛਪਣ ਦੇ ਲੱਖਾਂ ਕਰੋੜਾਂ ਡਾਲਰਾਂ ਦੇ ਸੌਦੇ ਹੁੰਦੇ ਆ। ਮਸਲਾ ਕਿਤਾਬ ਜਾਂ ਕੰਪਿਊਟਰ ਦਾ ਨਹੀਂ, ਮਸਲਾ ਲੇਖਕਾਂ ਤੇ ਪਾਠਕਾਂ/ਸਰੋਤਿਆਂ ਦਾ ਹੈ। ਟੀ.ਵੀ. ਦਾ ਮੀਡੀਆ ਵਿੱਚ ਆਪਣਾ ਥਾਂ ਹੈ। ਕਿਤਾਬ ਕਾਗਜ਼ ਜਾਂ ਕੰਪਿਊਟਰ, ਯਾਣਿ ਡਿਜੀਟਲ, ਮਾਧਿਅਮ ਵਿੱਚ ਵਿੱਚ ਹੋ ਸਕਦੀ ਆ। ਆਪਣੀ ਗੱਲ ਲੋਕਾਂ ਤੱਕ ਜੇ ਡਿਜੀਟਲ ਮਾਧਿਅਮ ਦੁਆਰਾ ਵਧੇਰੇ ਅਸਰਦਾਇਕ ਢੰਗ ਨਾਲ ਪਹੁੰਚਾਈ ਸਕਦੀ ਆ ਤਾਂ ਕਾਗਜ਼ ਮਾਧਿਅਮ ਵਰਤਣ ਦੀ ਜ਼ਿਦ ਕਿਉਂ? ਕੋਈ ਸਮਾਂ ਸੀ ਜਦੋਂ ਗੱਲ ਸਿਰਫ ਕਹਿਣ ਸੁਣਨ ਨਾਲ ਹੀ ਫੈਲਦੀ ਸੀ। ਫਿਰ ਕਾਗਜ਼ (ਕਿਤਾਬ, ਮੈਗਜ਼ੀਨ, ਅਖਬਾਰ), ਯਾਨਿ ਪ੍ਰਿਟਿੰਗ ਪਰੈੱਸ, ਦਾ ਸਮਾਂ ਆਇਆ, ਉਹਤੋਂ ਬਾਅਦ ਆਡੀਉ/ਰੇਡੀਓ ਤੇ ਵੀਡੀਉ/ਟੀ.ਵੀ. ਦਾ। ਹੁਣ ਵੈੱਬ/ਇੰਟਰਨੈੱਟ ਸਭ ਕੁਝ ਈ ਬਦਲ ਕੇ ਰੱਖ ਰਹੀ ਆ; ਜਿੱਦਾਂ ਮੇਰੀ ਪਹਿਲੀ ਗੱਲਬਾਤ ਵਿੱਚ ਭਵਿੱਖਬਾਣੀ ਕੀਤੀ ਸੀ। ਸਾਨੂੰ ਪੁਰਾਣੇ ਮਾਧਿਅਮਾਂ ਦੀ ਬਰਕਰਾਰੀ ਬਾਰੇ ਫ਼ਿਕਰਮੰਦ ਹੋਣ ਦੀ ਬਜਾਏ ਨਵੇਂ ਮਾਧਿਅਮਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਇਸ ਤਬਦੀਲੀ ਵਿੱਚੋਂ ਲੰਘਦਿਆਂ ਭਾਵੇਂ ਪੁਰਾਣੇ ਨਵੇਂ ਸੱਭ ਵਰਤੋ, ਜਿੱਦਾਂ ਵੀ ਸੂਤ ਲੱਗਦਾ; ਇੱਥੇ ਉਦੇਸ਼ ਤਾਂ ਆਪਣੀ ਗੱਲ ਲੋਕਾਂ ਤੱਕ ਅਸਰਦਾਇਕ ਢੰਗ ਨਾਲ ਪਹੁੰਚਾਉਣ ਦਾ ਹੈ। ਪਰ ਜਗੀਰੂ ਕਦਰਾਂ ਕੀਮਤਾਂ ਵਿਚ ਗ੍ਰਸਿਆ ਮਨ ਸੁਭਾਵਕ ਹੀ ਤਬਦੀਲੀ ਦਾ ਵਿਰੋਧ ਕਰਦਾ ਤੇ ਪੁਰਾਣੀ ਸਥਾਪਤੀ ਪ੍ਰਤੀ ਹੇਜ ਪਾਲਦਾ। ਸਾਡੇ ਪੰਜਾਬ/ਭਾਰਤ ਵਰਗੇ ਭੂਤਮੁੱਖੀ ਸਮਾਜ ਵਿੱਚ ਤਬਦੀਲੀ ਵਿੱਰੁੱਧ ਜੜ੍ਹਤਾ, ਯਾਣਿ ਇਨਰਸ਼ੀਆ, ਕੁਝ ਜ਼ਿਆਦਾ ਹੀ ਹੁੰਦਾ। ਪੁਸਤਕ ਸੱਭਿਆਚਾਰ ਬਾਰੇ ਫ਼ਿਕਰ ਦੇ ਨਾਂਅ ‘ਤੇ ਨਵੇਂ ਸੰਚਾਰ ਮਾਧਿਅਮ ਤੇ ਸੰਦਾਂ ਨੂੰ ਅਪਣਾਉਣ ਤੋਂ ਪੈਰ ਘਸੀੜਣੇ ਇਸੇ ਜੜ੍ਹਤਾ ਦਾ ਹੀ ਹਿੱਸਾ ਹੈ।

? ਕੁੱਝ ਪੰਜਾਬੀ ਲੇਖਕ ਇੰਟਰਨੈੱਟ/ਵੈੱਬ ਸ਼ੋਸ਼ਲ ਮੀਡੀਆ ਬਾਰੇ ਵੀ ਇਹੋ ਜਿਹੇ ਹੀ ਵਿਚਾਰ ਰੱਖਦੇ ਹਨ; ਉਦਾਹਰਣ ਦੇ ਤੌਰ ‘ਤੇ ਫੇਸਬੁੱਕ ਉੱਪਰ ਲਿਖਣ ਵਾਲਿਆਂ ਨੂੰ ‘ਫੇਸਬੁੱਕੀ ਕਵੀ’ ਜਾਂ ‘ਫੇਸਬੁੱਕੀ ਚਿੰਤਕ’ ਬਗੈਰਾ ਕਹਿ ਕੇ ਨਕਾਰਨਾ। ਇਸ ਬਾਬਤ ਤੁਸੀਂ ਕੀ ਕਹੋਗੇ?
—— ਮੂਲ ਤੌਰ ‘ਤੇ, ਇਹ ਵਤੀਰਾ ਵੀ ਕਾਗਜ਼ ਮਾਧਿਅਮ ਤੋੰ ਡਿਜੀਟਲ ਮਾਧਿਅਮ ਨੂੰ ਤਬਦੀਲੀ ਦੇ ਵਿਰੋਧ ਦਾ ਹੀ ਇੱਕ ਹੋਰ ਰੂਪ ਹੈ। ਸਪਸ਼ਟ ਹੈ ਜਾਂ ਹੋਣਾ ਚੀਹੀਦਾ ਹੈ ਕਿਸੇ ਰਚਨਾ ਖ਼ਾਸ ਦੀ ਮੂਲ ਕੀਮਤ ਉਸ ਦੀ ਸਮੱਗਰੀ ਤੇ ਪੇਸ਼ਕਾਰੀ ਕਲਾ ਦੀ ਗੁਣਵੱਤਾ ਤੋਂ ਹੁੰਦੀ ਆ, ਨਾ ਕਿ ਉਹਦੇ ਪੇਸ਼ਕਾਰੀ ਮਾਧਿਅਮ ਤੋਂ। ਮਾਧਿਅਮ ਤਾਂ ਮੂਲ ਰਚਨਾ ਨੂੰ ਵੰਡਣ ਤੇ ਖਪਤ ਕਰਨ ਦੇ ਵੱਖੋ-ਵੱਖਰੇ ਢੰਗ ਨੇ, ਉਨ੍ਹਾਂ ਦੀ ਆਪਣੀ ਕੀਮਤ ਤੇ ਅਸਰ ਹੁੰਦਾ ਆ।

? ਗੱਲ ਇੰਟਰਨੈੱਟ ਦੀ ਤੁਰੀ ਆ ਤਾਂ ਇਹ ਸੁਆਲ ਵੀ ਪੁੱਛ ਲੈਨਾਂ। ਸਦੀ-ਬਦਲੀ ਦੇ ਏੜ-ਗੇੜ ਭੌਤਿਕ ਵਿਗਿਆਨ ਤੋਂ ਕੰਪਿਊਟਰ ਵਿਗਿਆਨ ਵੱਲ ਨੂੰ ਤਬਦੀਲੀ ਦਾ ਕਾਰਨ?
—— ਕੁਦਰਤ ਵੱਖ ਵੱਖ ਵਿਸ਼ਿਆਂ, ਜਿਵੇਂ ਫਿਜ਼ਿਕਸ, ਕੈਮਿਸਟਰੀ, ਹਿਸਾਬ, ਜੀਵ-ਵਿਗਿਆਨ, ਤੇ ਕੰਪਿਊਟਰ ਸਾਇੰਸ ਬਗ਼ੈਰਾ ਬਗ਼ੈਰਾ ਦੇ ਵਿਚਕਾਰ ਹੱਦਾਂ ਨੂੰ ਨਹੀਂ ਜਾਣਦੀ। ਵਿਸ਼ਿਆਂ ਵਿਚਕਾਰ ਇਹ ਲਕੀਰਾਂ ਬੰਦਿਆਂ ਨੇ ਖਿੱਚੀਆਂ ਨੇ, ਜੋ ਬੰਦੇ ਵਲੋਂ ਕੁਦਰਤ ਬਾਰੇ ਜਾਣਨ ਦੀਆਂ ਤੇ ਜਾਣਨ ਢੰਗਾਂ ਦੀਅਂ ਸੀਮਾਵਾਂ ਤੇ ਕਮਜ਼ੋਰੀਆਂ ਦੀ ਹੀ ਤਜ਼ਰਮਾਨੀ ਕਰਦੀਆ ਨੇ। ਮਿਸਾਲ ਵਜੋਂ, ਹਿਸਾਬ ਬਾਝੋਂ ਫਿਜ਼ਿਕਸ ਵਿੱਚ ਤੁਸੀਂ ਕਦਮ ਨਹੀਂ ਪੁੱਠ ਸਕਦੇ। ਇਸੇ ਤਰ੍ਹਾਂ, ਮੇਰੇ ਖੋਜ ਖ਼ੇਤਰ, ਹਾਈ ਇਨਰਜੀ ਪਾਰਟੀਕਲ ਫਿਜ਼ਿਕਸ, ਵਿੱਚ ਸਾਨੂੰ ਢੇਰ ਸਾਰੀ ਕੰਪਿਊਟਰ ਸਾਇੰਸ ਵਰਤਣੀ ਪੈਂਦੀ ਹੈ। ਫਿਰ ਵੀ, ਤੁਹਾਡਾ ਪ੍ਰਸ਼ਨ ਉਚਿੱਤ ਆ, ਇੱਕ ਖੋਜ ਸਮੱਸਿਆ ਅਕਸਰ ਕਿਸੇ ਇੱਕ ਮੁੱਖ ਵਿਸ਼ੇ ਨਾਲ ਸਬੰਧਿਤ ਹੁੰਦੀ ਹੈ, ਦੂਸਰੇ ਵਿਸ਼ੇ ਹੱਲ ਕੱਢਣ ਵਿੱਚ ਸਹਾਈ ਹੋ ਸਕਦੇ ਨੇ।

1990 ਦੇ ਏੜਗੇੜ, ਯਾਣਿ ਆਂਢ-ਗੁਆਂਢ ਦੇ ਸਾਲਾਂ ਵਿੱਚ, ਜਦੋਂ ਮੈਂ ਜਨੇਵਾ ਵਿਚ ਸਰਨ ਪ੍ਰਯੋਗਸ਼ਾਲਾ ਵਿਖੇ ਭੌਤਿਕ ਵਿਗਿਆਨ ਦੇ ਹਾਈ ਇਨਰਜੀ ਪਾਰਟੀਕਲ ਫਿਜ਼ਿਕਸ ਖੇਤਰ ਵਿੱਚ ਖੋਜ ਦਾ ਕੰਮ ਕਰ ਰਿਹਾ ਸਾਂ ਤਾਂ ਸਾਡੀ ਟੀਮ ਇਕ ਮੁਸ਼ਕਲ ਦਾ ਸਾਹਮਣਾ ਕਰ ਰਹੀ ਸੀ। ਮੁਸ਼ਕਲ ਇਹ ਸੀ ਕਿ ਅਸੀਂ ਵੱਖੋ ਵੱਖਰੀ ਤਰਾਂ ਦੇ ਕੰਪਿਊਟਰਾਂ ਉੱਪਰ ਕੰਮ ਕਰਦੇ ਸਾਂ, ਵੱਖ ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ, ਮੈਂ ਓਟਾਵਾ, ਕੈਨੇਡਾ ਦੀ ਕਾਰਲਟਨ ਯੂਨੀਵਰਸਿਟੀ ਤੋਂ ਸਾਂ। ਸੋ, ਸਾਡਾ ਸਾਰੇ ਟੀਮ ਮੈਂਬਰਾਂ ਦਾ ਆਪੋ ਆਪਣੀ ਯੂਨੀਵਰਸਿਟੀ ਤੇ ਸਰਨ ਪ੍ਰਯੋਗਸ਼ਾਲਾ ਵਿਚਕਾਰ ਵਾਰੀ-ਗੇੜਾ ਲੱਗਦਾ ਰਹਿੰਦਾ ਸੀ। ਸੋ ਸਮੱਸਿਆ ਇਹ ਸੀ ਕਿ ਅਸੀਂ ਵੱਖੋ-ਵੱਖਰੀ ਤਰਾਂ ਦੇ ਕੰਪਿਊਟਰਾਂ ਤੇ ਵੱਖ ਵੱਖ ਸਥਾਨਾਂ ਤੋਂ ਡੇਟਾ, ਵਿਸ਼ਲੇਸ਼ਨ, ਤੇ ਹੋਰ ਸੂਚਨਾ ਇਕ ਦੂਜੇ ਨਾਲ ਲਗਾਤਾਰ ਕਿਵੇਂ ਸਾਂਝੀ ਕਰਦੇ ਰਹੀਏ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਾਡੀ ਪ੍ਰਯੋਗਸ਼ਾਲਾ ਦੇ ਇਕ ਕੰਪਿਊਟਰ ਵਿਗਿਆਨੀ ਨੇ ਸਾਡੇ ਲਈ ਇਕ ਕੰਪਿਊਟਰ ਪ੍ਰੋਗਰਾਮ ਸਿਸਟਿਮ ਦੀ ਉਸਾਰੀ ਕੀਤੀ। ਉਹ ਇਹੀ ਪ੍ਰੋਗਰਾਮ ਸਿਸਟਿਮ ਸੀ ਜੋ ਅੱਜਕੱਲ੍ਹ ਵਰਲਡ ਵਾਈਡ ਵੈੱਬ (ਜਾਂ ਆਮ ਲੋਕਾਂ ਵਿੱਚ ਇੰਟਰਨੈੱਟ) ਦੇ ਨਾਮ ਨਾਲ ਜਾਣਿਆਂ ਜਾਂਦਾ ਤੇ ਜਿਹਦੀ ਵਰਤੋਂ ਅੱਜ ਸਾਰੀ ਦੁਨੀਆਂ ਵਿਚ ਹੁੰਦੀ ਆ। ਮਿਸਾਲ ਵਜੋਂ ਸ਼ੋਸ਼ਲ ਮੀਡੀਆ, ਐਮਾਜ਼ੋਨ, ਜਾਂ ਕੋਈ ਵੂੀ ਆਨਲਾਈਨ ਬਿਜ਼ਨਿਸ, ਵਿੱਦਿਆ, ਆਦਿ ਵੈੱਬ ਸਾਈਟਾਂ ‘ਵਰਲਡ ਵਾਈਡ ਵੈੱਬ’, ਜਾਂ ਸੰਖੇਪ ਵਿੱਚ ਵੈੱਬ, ‘ਤੇ ਹੀ ਚੱਲਦੀਆਂ ਨੇ; ਤੇ ਵੈੱਬ ਖ਼ੁਦ, ਇੰਟਰਨੈੱਟ ‘ਤੇ। ਸ਼ੁਰੂ ਸ਼ੁਰੂ ਵਿੱਚ ਵੈੱਬ ਨੂੰ ਯੂਨੀਵਰਸਿਟੀਆਂ ਵਿੱਚ ਵਧਦਾ ਫੁੱਲਦਾ ਦੇਖ ਤੇ ਵਰਤ ਕੇ ਬਾਕੀ ਕਈ ਬੰਦਿਆਂ ਵਾਂਗ ਮੈਂ ਵੀ ਇਹ ਮਹਿਸੂਸ ਕੀਤਾ ਕਿ ਸਾਰੀ ਦੁਨੀਆਂ ਇਕ ਇਨਕਲਾਬ ਦੇ ਕੰਢੇ ‘ਤੇ ਖੜ੍ਹੀ ਆ, ਜਿਹਨੂੰ ਅਸੀਂ ਕੰਪਿਊਟਰ ਵਿਗਿਆਨੀ ਨੇ ‘ਸੂਚਨਾ ਇਨਕਲਾਬ’ ਕਿਹਾ ਕਰਦੇ ਸੀ, ਜਿਸ ਜ਼ਿਕਰ ਮੈਂ ਮੇਰੀ ਪਹਿਲੀ ਗੱਲਬਾਤ ਵਿੱਚ ਕੀਤਾ ਸੀ, ਜਦੋਂ ਦੁਨੀਆ ਅਜੇ ਇਸ ਇਨਕਲਾਬ ਦੀ ਲਪੇਟ ਨਹੀ ਸੀ; ਹੁਣ ਆ ਚੁੱਕੀ ਹੈ ਤਾਂ ਸੱਭ ਸਮਝ ਦੇ ਆਂ ਕਿ ਇਸ ਇਨਕਲਾਬ ਦੀ ਗਿਰੀ ਹੈ ਕੰਪਿਊਟਰ, ਭਾਵੇਂ ਵੱਡਾ ਹੋਵੇ ਤੁਹਾਡੇ ਮੇਜ਼ ‘ਤੇ ਪਿਆ, ਤੇ ਜਾਂ ਇਤਨਾ ਛੋਟਾ, ਤੁਹਾਡੇ ਸਮਾਰਟ ਫ਼ੋਨ ਵਿੱਚ ਛੁਪਿਆ ਆ। ਉਦੋਂ ਸ਼ੁਰੂ ਵਿੱਚ, ‘ਸੂਚਨਾ ਇਨਕਲਾਬ’ ਦੀ ਸੰਭਾਵਨਾਂ ਤੇ ਗੁੰਜ਼ਇਸ਼ ਤੋਂ ਪ੍ਰਭਾਵਤ ਹੋਇਆ ਹੋਰ ਕਈਆਂ ਵਾਂਗ ਮੈਂ ਵੀ ਕੰਪਿਊਟਰ ਵਿਗਿਆਨ ਵੱਲ ਖਿੱਚਿਆ ਗਿਆ, ਭੌਤਿਕ ਵਿਗਿਆਨ ਨੂੰ ਪੂਰੀ ਤਰ੍ਹਾਂ ਛੱਡੇ ਬਗ਼ੈਰ।

?ਵਰਲਡ ਵਾਈਡ ਵੈੱਬ, ਜਿਹਨੂੰ ਆਮ ਕੋਲ ਇੰਟਰਨੈੱਟ ਕਹਿ ਲੈਂਦੇ ਆ, ਤੁਹਾਡੀ ਪ੍ਰਯੋਗਸ਼ਾਲਾ ਵਿੱਚੋਂ ਬਾਹਰ ਨਿੱਕਲ ਕੇ ਆਮ ਲੋਕਾਂ ਵਿਚ ਕਿਵੇਂ ਆਇਆ?
—— ਵਰਲਡ ਵਾਈਡ ਵੈੱਬ ਨਾਲ ਆਮ ਲੋਕਾਂ ਨੂੰ ਜੋੜਨ ਲਈ ਜ਼ਰੂਰਤ ਸੀ ਇਕ ਐਸਾ ਕੰਪਿਊਟਰ ਪ੍ਰੋਗਰਾਮ ਉਸਾਰਨ ਦੀ ਜਿਹਨੂੰ ਆਮ ਲੋਕੀ ਆਪਣੇ ਕੰਪਿਊਟਰਾਂ ਉੱਪਰੋਂ ਆਸਾਨ ਵਰਤ ਸਕਣ, ਵੈੱਬ ਨਾਲ ਜੁੜਨ ਲਈ। ਐਸੇ ਕੰਪਿਊਟਰ ਪ੍ਰੋਗਰਾਮ ਨੂੰ ‘ਵੈੱਬ ਬਰਾਊਜ਼ਰ’ ਕਿਹਾ ਜਾਂਦਾ ਹੈ, ਤੇ ਇਹਦੇ ਦੂਜੇ ਪਾਸੇ ਨੂੰ ‘ਵੈੱਬ ਸਰਵਰ’, ਜਿੱਥੋਂ ਵੈੱਬ ਬਰਾਊਜ਼ਰ ਸੂਚਨਾ-ਸਾਮੱਗਰੀ ਚੁੱਕਦਾ ਹੈ ਤੁਹਾਨੂੰ ਪੇਸ਼ ਕਰਨ ਲਈ । ਸਭ ਤੋਂ ਪਹਿਲਾ ਵੈੱਬ ਬਰਾਊਜ਼ਰ/ਸਰਵਰ ਜੋ ਲੋਕਾਂ ਵਿਚ ਮਕਬੂਲ ਹੋਇਆ ਤੇ ਜਿਹਨੇ ਵਰਲਡ ਵਾਈਡ ਵੈੱਬ (ਜਾਂ ਇੰਟਰਨੈੱਟ) ਨੂੰ ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਚੋਂ ਕੱਢ ਕੇ ਆਮ ਲੋਕਾਂ ਤੱਕ ਲਿਆਂਦਾ, ਦਾ ਨਾਮ ਹੈ ਨੈੱਟਸਕੇਪ। ਉਨ੍ਹਾਂ ਦਰਜਨਾਂ ਇੰਜਨੀਅਰਾਂ ਵਿਚੋਂ ਮੈਂ ਵੀ ਇਕ ਆਂ ਜਿਨ੍ਹਾਂ ਨੇ ਨੈੱਟਸਕੇਪ ਬਰਾਊਜ਼ਰ/ਸਰਵਰ ਦੀ ਉਸਾਰੀ ਤੇ ਸੁਧਾਈ ਵਿਚ ਆਪਣਾ ਹਿੱਸਾ ਪਾਇਆ। ਹੁਣ ਦਾ ਫਾਇਰਫਾਕਸ (Firefox) ਨਾਮ ਦਾ ਬਰਾਊਜ਼ਰ/ਸਰਵਰ ਵੀ ਮੂਲ ਰੂਪ ਵਿੱਚ ਨੈੱਟਸਕੇਪ ਬਰਾਊਜ਼ਰ/ਸਰਵਰ ਦੇ ਕੋਡ ਉੱਪਰ ਹੀ ਆਧਾਰਿਤ ਹੈ। ਪਿਛਲੇ ਦੋ ਦਹਾਕਿਆਂ ਤੋਂ ਸਾਰੀ ਦੁਨੀਆਂ ਜਿਸ ਸੂਚਨਾ ਇਨਕਲਾਬ ‘ਚੋਂ ਗੁਜ਼ਰਦੀ ਆ ਰਹੀ ਆ, ਵਰਲਡ ਵਾਈਡ ਵੈੱਬ (ਜਾਂ ਇੰਟਰਨੈੱਟ) ਇਸ ਇਨਕਲਾਬ ਦਾ ਮੂਲ ਪਲੇਟਫਾਰਮ ਰਿਹਾ ਆ।

? ਸੂਚਨਾ ਇਨਕਲਾਬ ਤੋਂ ਤੁਹਾਡਾ ਕੀ ਮਤਲਬ ਆ? ਇਸ ਨੇ ਕਿਵੇਂ ਦੁਨੀਆਂ ਨੂੰ ਬਦਲਿਆਂ ਤੇ ਬਦਲ ਰਿਹਾ ਹੈ?
—— ਸਾਰੀ ਗੱਲ, ਕੰਪਿਊਟਰ ਤੋਂ ਸ਼ੁਰੂ ਹੁੰਦੀ ਆ, ਭਾਵੇਂ ਉਹ ਇਕੱਲਾ ਹੋਵੇ ਜਾਂ ਜੰਤਰਾਂ, ਜਿਵੇਂ ਫੋਨ, ਵਿੱਚ। ਕੁਝ ਇਕ ਕੰਪਿਊਟਰਾਂ ਨੂੰ ਇਕ ਦੂਜੇ ਨਾਲ ਜੋੜ ਦਿਉ ਤਾਂ ਨੈੱਟਵਰਕ ਬਣ ਜਾਂਦਾ। ਉਸ ਨੈੱਟਵਰਕ ਦੇ ਕਿਸੇ ਵੀ ਕੰਪਿਊਟਰ ਰਾਹੀਂ ਤੁਸੀ ਕਿਸੇ ਵੀ ਦੂਜੇ ਕੰਪਿਊਟਰ ਨਾਲ ਤਾਲਮੇਲ ਕਰ ਸਕਨੇ ਉਂ। ਨੈੱਟਵਰਕ ਦੇ ਸਾਰੇ ਕੰਪਿਊਟਰ ਫਾਈਲਾਂ ਤੇ ਪਰਿੰਟਰਾਂ ਨੂੰ ਸਾਂਝੇ ਤੌਰ ਤੇ ਵਰਤ ਸਕਦੇ ਆ। ਜਾਣੀ ਕਿ ਸਾਰਾ ਨੈੱਟਵਰਕ ਇਕ ਵੱਡਾ ਸਾਰਾ ਕੰਪਿਊਟਰ ਈ ਆ। ਜਦੋਂ ਦੁਨੀਆਂ ਦੇ ਵੱਖੋ ਵੱਖ ਹਿੱਸਿਆਂ ਵਿਚ ਬਣੇ ਕੰਪਿਊਟਰ ਨੈੱਟਵਰਕਾਂ ਨੂੰ ਇਕ ਦੂਜੇ ਨਾਲ ਜੋੜ ਦਿਉ ਤਾਂ ਇੰਟਰਨੈੱਟ ਬਣ ਗਈ। ਇਹਦਾ ਮਤਲਬ ਹੋਇਆ ਕਿ ਇੰਟਰਨੈੱਟ ਨਾਲ ਜੁੜਿਆ ਕੰਪਿਊਟਰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਇੰਟਰਨੈੱਟ ਨਾਲ ਜੁੜੇ ਕਿਸੇ ਦੂਜੇ ਕੰਪਿਊਟਰ ਨਾਲ ਗੱਲ ਕਰ ਸਕਦਾ। ਇਸ ਤਰ੍ਹਾਂ, ਇੰਟਰਨੈੱਟ ਮਾਨੋ ਬਹੁਤ ਬੜਾ ਕੰਪਿਊਟਰ ਨੈੱਟਵਰਕ ਹੀ ਆ ਜਿਹਦੇ ਕਲਾਵੇ ਵਿੱਚ ਸਾਰੀ ਦੁਨੀਆਂ ਆਉਂਦੀ ਆ। ਵਰਲਡ ਵਾਈਡ ਵੈੱਬ ਇਕ ਐਸਾ ਪਰੋਗਰਾਮ ਆ ਜੋ ਇੰਟਰਨੈੱਟ ਨਾਲ ਜੁੜੇ ਕੰਪਿਉਟਰਾਂ ਉੱਪਰ ਚੱਲਦਾ। ਇਹਨੂੰ ਵਰਤ ਕੇ ਤੁਸੀਂ ਆਪਣੀ ਸੂਚਨਾ ਕੰਪਿਊਟਰ ਉੱਪਰ ਪ੍ਰਕਾਸ਼ਤ ਕਰ ਸਕਦੇ ਉਂ। ਐਸੀ ਪ੍ਰਕਾਸ਼ਤ ਜਗ੍ਹਾ ਨੂੰ ਵੈੱਬ ਸਾਈਟ ਕਿਹਾ ਜਾਂਦਾ; ਮਿਸਾਲ ਵਜੋਂ ਫੇਸਬੁੱਕ ਵੀ ਵੈੱਬ ਸਾਈਟ ਹੀ ਹੈ। ਤੁਸੀਂ ਆਪਣੀ ਵੈੱਬ ਸਾਈਟ ਉੱਪਰ ਆਪਣੀ ਸੂਚਨਾ ਪ੍ਰਕਾਸ਼ਤ ਕਰ ਸਕਨੇ ਉਂ ਤੇ ਹੋਰਨਾਂ ਦੀ ਪ੍ਰਕਾਸ਼ਤ ਸੂਚਨਾ ਵੈੱਬ ਸਾਈਟਾਂ ‘ਤੇ ਪੜ੍ਹ ਸਕਨੇ ਉਂ; ਇੰਟਰਨੈੱਟ ਨਾਲ ਜੁੜੇ ਆਪਣੇ ਕੰਪਿਊਟਰ ਤੋਂ, ਵੈੱਬ ਬਰਾਊਜ਼ਰ ਨਾਲ ਦੁਨੀਆਂ ਭਰ ਵੈੱਬ ਸਾਈਟਾਂ ਤੋਂ ਪ੍ਰਾਪਤ ਕਰ ਸਕਦੇ ਹੋ ਸੁਚਨਾ-ਸਮੱਗਰੀ: ਜਿਵੇਂ ਖ਼ਬਰਾਂ, ਵੱਜ ਰਹੇ ਗੀਤ, ਕਵਿਤਾ, ਮੂਵੀ, ਇਤਿਆਦਿ। ਵਰਲਡ ਵਾਈਡ ਵੈੱਬ ਨੂੰ ਵਰਤ ਕੇ ਤੁਸੀਂ ਇੰਟਰਨੈੱਟ ਉੱਪਰ ਚੀਜ਼ਾਂ ਵੇਚਣ ਲਈ ਆਪਣੀਆਂ ਦੁਕਾਨਾਂ ਵੀ ਖੋਹਲ ਸਕਨੇ ਉਂ। ਇਹ ਬਹੁਤ ਵੱਡੀ ਗੱਲ ਆ ਕਿਉਂਕਿ ਇਸ ਤਰਾਂ ਦੁਕਾਨਦਾਰ ਦੀ ਪਹੁੰਚ ਵਿਚ ਸਿਰਫ ਇਕ ਸ਼ਹਿਰ ਜਾਂ ਦੇਸ਼ ਨਹੀਂ ਸਗੋਂ ਸਾਰੀ ਦੁਨੀਆਂ ਆ ਜਾਂਦੀ ਆ, ਜਿਵੇਂ ਐਮਾਜ਼ੋਨ। ਆਪਣੀ ਸੂਚਨਾ ਪ੍ਰਕਾਸ਼ਤ ਕਰਨ ਲਈ ਕਿਸੇ ਨੂੰ ਰੇਡੀਉ, ਟੀ. ਵੀ., ਜਾਂ ਅਖਬਾਰ ਵਿਚਲੇ ਵਿਚੋਲਿਆਂ ‘ਚੀਂ ਲੰਘਣ ਦੀ ਜ਼ਰੂਰਤ ਨਹੀਂ। ਤੁਸੀਂ ਆਪਣੇ ਆਪਣੇ ਵੈੱਬ/ਇੰਟਰਨੈੱਟ ਰੇਡੀਓ ਤੇ ਟੀ.ਵੀ. ਵੀ ਸ਼ੁਰੂ ਕਰ ਸਕਦੇ ਓਂ, ਆਪਣੇ ਨਿੱਜੀ ਵੀ, ਤੇ ਸ਼ੋਸ਼ਲ ਮੀਡੀਆ ਵੈੱਬ ਸਾਈਟਾਂ, ਜਿਵੇਂ ਫੇਸਬੁੱਕ, ‘ਤੇ ਵੀ। ਕੋਈ ਵੀ ਆਪਣੇ ਵਿਚਾਰ ਸਿੱਧੇ ਲੋਕਾਂ ਨਾਲ ਸਾਂਝੇ ਕਰ ਸਕਦਾ। ਮਿਸਾਲ ਵਜੋਂ ਫੇਸਬੁੱਕ, ਵੱਟਸਐਪ, ਯੂਟਿਊਬ, ਗੂਗਲ, ਆਦਿ ਸੱਭ ਵੈੱਬ ਉੱਪਰ ਹੀ ਚੱਲਦੇ ਆ। ਇਸ ਤਰ੍ਹਾਂ, ਦੁਨੀਆਂ ਦੇ ਕਿਸੇ ਵੀ ਕੋਨਿਆਂ ਵਿਚ ਬੈਠੇ ਬੰਦੇ ਵੈੱਬ/ਇੰਟਰਨੈੱਟ ਨਾਲ ਜੁੜ ਆਪਣੀ ਸੂਚਨਾ ਕਿਸੇ ਵੀ ਵਕਤ ਇਸ ਦੂਜੇ ਨਾਲ ਸਾਂਝੀ ਕਰ ਸਕਦੇ ਆ; ਇਹ ਆ ਸੂਚਨਾ ਇਨਕਲਾਬ ਦਾ ਧੂਰਾ। ਇਸ ਇਨਕਲਾਬ ਦੇ ਸ਼ੁਰੂ ਵਿੱਚ, ਜਦੋਂ ਕੋਈ ਫੇਸਬੁੱਕ, ਵੱਟਸਐਪ, ਯੂਟਿਊਬ ਨਹੀਂ ਸੀ, ਆਪਣੀ ਪਿਛਲੀ ਗੱਲਬਾਤ ਦੌਰਾਨ ਮੈਂ ਤੁਹਾਨੂੰ ਇਸ ਪ੍ਰਸੰਗ ਇੱਕ ਨਿੱਜੀ ਮਿਸਾਲ ਦਿੱਤੀ ਸੀ ਕਿ ਸੂਚਨਾ ਇਨਕਲਾਬ ਤੋਂ ਕਾਫ਼ੀ ਪਹਿਲਾਂ, ਜਦੋਂ ਕਾਲਜ ਵਿਚ ਪੜ੍ਹਦਾ ਸੀ ਤਾਂ, ਇਕ ਝੱਲ ਉੱਠਿਆ। ਆਪਣੇ ਇੱਕ ਦੋਸਤ ਦਾ ਚੁੱਕਿਆ ਚੁਕਾਇਆ, ਆਪਣੇ ਗੀਤਾਂ ਦੀ ਕਾਪੀ ਲੈ ਕੇ ਅਕਾਸ਼ਵਾਣੀ ਜਲੰਧਰ ਦੇ ਸੋਹਣ ਸਿੰਘ ਮੀਸ਼ਾ ਕੋਲ ਚਲਿਆ ਗਿਆ। ਮੀਸ਼ਾ ਨੇ ਬਿਨਾਂ ਗੀਤ ਪੜ੍ਹਿਆਂ ਹੀ ਫਤਵਾ ਸੁਣਾ ਮਾਰਿਆ: ਇਹ ਕਾਪੀ ਇੱਥੇ ਰੱਦੀ ਦੀ ਟੋਕਰੀ ਵਿਚ ਈ ਡਿਗਣੀ ਆਂ ਇਸ ਲਈ ਤੂੰ ਆਪਣੇ ਨਾਲ ਈ ਲੈ ਜਾ। ਤੇ ਜਿਵੇਂ ਮੈਂ, ਪਿਛਲੀ ਗੱਲਬਾਤ ਦੌਰਾਨ, ਕਿਹਾ ਸੀ ਕਿ ਉਹ ਰਿਕਾਰਡ ਹੋਏ ਗੀਤ mp3 ਕੰਪਨੀ ਦੀ ਵੈੱਬ ਸਾਈਟ ਉੱਪਰ ਟਿਕੇ, ਜਿਸ ਉੱਪਰੋਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠਾ ਬੰਦਾ ਇੰਟਰਨੈੱਟ ਨਾਲ ਜੁੜੇ ਕਿਸੇ ਵੀ ਕੰਪਿਊਟਰ ਤੋਂ ਇਹ ਗੀਤ ਸੁਣ ਸਕਦਾ ਸੀ; ਕਿਸੇ ਮੀਸ਼ੇ ਵਰਗੇ ਵਿਚੋਲੇ ਦੀ ਮੱਦਦ ਤੋਂ ਬਿਨਾਂ ਹੀ। “ਇਨ੍ਹਾਂ ਨੂੰ ਇੰਟਰਨੈੱਟ ਉੱਪਰ ਪਾਉਣ ਵਿਚ ਮੇਰਾ ਕੋਈ ਖਰਚ ਨਹੀਂ ਹੋਇਆ। ਹੁਣ ਮੇਰੇ ਇਨ੍ਹਾਂ ਗੀਤਾਂ ਤੇ ਇਨ੍ਹਾਂ ਨੂੰ ਸੁਣਨ ਵਾਲਿਆਂ ਵਿਚਕਾਰ ਕੋਈ ਮੀਸ਼ਾ ਨਹੀਂ ਰਿਹਾ, ਕੋਈ ਆਕਾਸ਼ਵਾਣੀ ਜਲੰਧਰ ਨਹੀਂ ਰਿਹਾ।” ਸੂਚਨਾ ਇਨਕਲਾਬ ਦੀ ਇਹ ਸੂਖਮ ਖਿਲੌਣਾ ਝਲਕ ਦਿਖਾਉਂਦਿਆਂ, ਮੈਂ ਭਵਿੱਖਬਾਣੀ ਕਰਦਿਆਂ ਕਿਹਾ ਸੀ, “ਹਾਲਾਤ ਇੱਥੋਂ ਤੱਕ ਪਹੁੰਚ ਜਾਣੇ ਆਂ ਪਈ ਕੋਈ ਵੀ ਬੰਦਾ ਇੰਟਰਨੈੱਟ ਉੱਪਰ ਆਪਣਾ ਆਕਾਸ਼ਵਾਣੀ ਜਲੰਧਰ ਚਾਲੂ ਕਰ ਸਕਦਾ, ਆਪਣੀ ਅਖਬਾਰ ਸ਼ੂਰੂ ਕਰ ਸਕਦਾ। ਹੌਲੀ ਹੌਲੀ ਅਖਬਾਰਾਂ, ਰੇਡੀਉ, ਟੀ.ਵੀ. ਆਦਿ ਸਭ ਇੰਟਰਨੈੱਟ ਨਾਲ ਇਕ ਮਿਕ ਹੋ ਜਾਣੇ ਆਂ। ਇੰਟਰਨੈੱਟ ਉੱਪਰ ਕਿਉਂਕਿ ਕੋਈ ਵੀ ਕਿਸੇ ਨਾਲ ਵੀ ਗੱਲ ਕਰ ਸਕਦਾ, ਇਸ ਲਈ ਇੰਟਰਨੈੱਟ ਟੀ.ਵੀ., ਰੇਡੀਉ ਜਾਂ ਅਖਬਾਰਾਂ ਵਾਂਗ ਪ੍ਰਸਾਰਨ ਮਾਧਿਅਮ ਨਹੀਂ ਕਿ ਇਕ ਬੰਦਾ ਬੋਲ ਰਿਹਾ ਬਾਕੀ ਸਾਰਾ ਮੁਲਖ ਸੁਣ ਰਿਹਾ। ਕਿਉਂਕਿ ਕੋਈ ਵੀ ਬੰਦਾ ਆਪਣੀ ਗੱਲ ਕਹਿ ਸਕਦਾ, ਇਹ ਆਪਣੇ ਆਪ ਵਿਚ ਇਕ ਇਨਕਲਾਬ ਆ। ਕਿਉਂਕਿ ਇੰਟਰਨੈੱਟ ਦੇ ਮਾਧਿਅਮ ਦੇ ਘੇਰੇ ਵਿਚ ਸਾਰੀ ਦੁਨੀਆਂ ਆਉਂਦੀ ਆ, ਇਸ ਲਈ ਏਨੇ ਵੱਡੇ ਅਸਰ ਘੇਰੇ ਵਾਲਾ ਇਨਕਲਾਬ ਦੁਨੀਆਂ ਨੇ ਪਹਿਲਾਂ ਕਦੀ ਨਹੀਂ ਦੇਖਿਆ।” ਇਹ ਸਾਰਾ ਕੁੱਝ ਪਿਛਲੇ ਦੋ ਦਹਾਕਿਆਂ ਤੋ ਆਪਾਂ, ਦੁਨੀਆਂ ਸਮੇਤ, ਦੇਖਦੇ ਤੇ ਭੋਗਦੇ/ਹੰਢਾਉਂਦੇ ਆ ਰਹੇ ਆ।

ਮਿਸਾਲ ਵਜੋਂ, ਸੰਗੀਤ/ਰੇਡੀਓ ਦੇ ਖੇਤਰ ਵਿੱਚ ਸੂਚਨਾ ਇਨਕਲਾਬ ਮੇਰੀ ਪਹਿਲੀ ਗੱਲਬਾਤ ਤੋਂ ਥੋੜ੍ਹਾ ਪਹਿਲਾਂ ਹੀ ਸ਼ੁਰੂ ਹੋ ਚੁੱਕਿਆਂ ਸੀ, ਯੂਟਿਊਬ ਤੋਂ ਵੀ ਪਹਿਲਾਂ। ਆਪਣੇ ਕੰਮ ਚੋਂ ਇਕ ਤਜਰਬਾ ਦੱਸਦਾਂ, ਜਦੋਂ ਮੈਂ ਇਕ ਐਸੀ ਕੰਪਨੀ, mp3, ਵਿਚ ਕੰਮ ਕਰਦਾ ਸੀ ਜੋ ਸੰਗੀਤ/ਰੇਡੀਓ ਦੇ ਖੇਤਰ ਵਿਚ ਇਨਕਲਾਬ ਲਿਆ ਰਹੀ ਸੀ। ਅਸੀਂ ਆਪਣੀ ਵੈੱਬਸਾਈਟ ਉੱਪਰੋਂ ਦੁਨੀਆਂ ਭਰ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਸਾਈਟ ਦੁਆਰਾ ਆਪਣਾ ਸੰਗੀਤ ਸਿੱਧਾ ਲੋਕਾਂ ਤੱਕ ਪਹੁੰਚਣ। ਲੱਖਾਂ ਜਾਣੇ ਤੇ ਅਣਜਾਣੇ ਸੰਗੀਤਕਾਰਾਂ ਨੇ ਆਪਣਾ ਸੰਗੀਤ ਲੋਕਾਂ ਨੂੰ ਸਿੱਧਾ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਹਾਲੀਵੁਡ ਦੇ ਮੀਡੀਆ ਸਰਦਾਰਾਂ ਨੂੰ ਇਹ ਦੇਖ ਕੇ ਹੱਥਾਂ ਪੈਰਾਂ ਦੀਆਂ ਪੈ ਗਈਆਂ। ਇਸ ਖੇਤਰ ਵਿੱਚ, ਪਿਛਲੀ ਇੱਕ ਸਦੀ ਤੋਂ ਪੰਜ ਵੱਡੀਆਂ ਕੰਪਨੀਆਂ ਟਾਇਮ ਵਾਰਨਰਜ਼, ਈ. ਐੱਮ.ਆਈ, ਯੁਨੀਵਰਸਲ, ਸੋਨੀ, ਤੇ ਬੀ.ਐੱਮ.ਜੀ ਸੰਗੀਤ ਵਰਤਾਉਣ ਦੇ ਸਾਧਨਾਂ ਉੱਪਰ ਜੱਫ਼ਾ ਮਾਰੀ ਬੈਠੇ ਸਨ। ਇੰਟਰਨੈੱਟ ਨੂੰ ਉਨ੍ਹਾਂ ਨੇ ਨਜ਼ਰ ਅੰਦਾਜ਼ ਕੀਤਾ ਹੋਇਆ ਸੀ ਕਿਉਂਕਿ ਇਸ ਉੱਪਰ ਉਨ੍ਹਾਂ ਦਾ ਕਬਜ਼ਾ ਨਹੀਂ ਸੀ। ਜਦੋਂ ਇਸ ਇਨਕਲਾਬ ਦੇ ਹੂੰਝੇ ਸਾਹਮਣੇ ਆਪਣੇ ਆਪ ਨੂੰ ਬੇਸਹਾਰਾ ਹੁੰਦੇ ਮਹਿਸੂਸ ਕੀਤਾ ਤਾਂ ਇਨ੍ਹਾਂ ਪੰਜ ਵੱਡੇ ਸਰਦਾਰਾਂ ਨੇ ਸਾਡੇ ਉੱਪਰ ਮੁਕੱਦਮਾਂ ਕਰ ਮਾਰਿਆ। ਇਹ ਛੋਟੀ ਜਿਹੀ ਉਦਾਹਰਣ ਇਸ ਗੱਲ ਦਾ ਸਬੂਤ ਸੀ ਕਿ ਸੂਚਨਾ ਇਨਕਲਾਬ ਸੱਚਮੁਚ ਵਾਪਰਣਾ ਸ਼ੁਰੂ ਹੋ ਰਿਹਾ ਸੀ; ਜਿਹਦੇ ਬਾਰੇ ਜਿਵੇ ਮੈਂ ਉਦੋਂ, ਮੇਰੀ ਪਹਿਲੀ ਗੱਲਬਾਤ ਦੌਰਾਨ, ਕਿਹਾ ਸੀ, “ਇਹਦੇ ਅਸਰ ਖੇਤਰ ਵਿਚ ਸਾਰੇ ਦੇਸ਼, ਸਾਰੇ ਸੱਭਿਆਚਾਰ, ਤੇ ਸਾਰੇ ਖੇਤਰ ਆ ਜਾਣੇ ਆਂ। ਇੰਨੇ ਵੱਡੇ ਪ੍ਰਭਾਵ ਖੇਤਰ ਵਾਲਾ ਇਨਕਲਾਬ ਇਸ ਧਰਤੀ ਉੱਪਰ ਮਨੁੱਖਤਾ ਦੇ ਇਤਿਹਾਸ ਵਿਚ ਪਹਿਲਾਂ ਕਦੀ ਨਹੀਂ ਵਾਪਰਿਆ।”

? ਹਾਂ, ਜਿਵੇਂ ਤੁਸੀਂ ਕਿਹਾ ਸੀ, ਪਿਛਲੇ ਦੋ ਦਹਾਕਿਆਂ ਤੋਂ ਉਵੇਂ ਹੁੰਦਾ ਆਇਆ ਹੈ। ਦੁਨੀਆਂ ਬੜੀ ਬਦਲ ਗਈ ਆ ਸੰਚਾਰ ਦੇ ਖ਼ੇਤਰ ਵਿੱਚ, ਤੇ ਇਹ ਤਬਦੀਲੀ ਦੂਸਰੇ ਖ਼ੇਤਰਾਂ ਵਿੱਚ ਵੀ ਤਬਦੀਲੀਆਂ ਉਪਜਾਉਂਦੀ ਆ ਰਹੀ ਆ। ਖ਼ੈਰ, ਅੱਜਕੱਲ ਵਿਗਿਆਨ ਵਿੱਚ ਤੁਹਾਡੀਆ ਕੀ ਸਰਗਰਮੀਆਂ? ਕੰਪਿਊਟਰ ਵਿਗਿਆਨ ਵੱਲ ਨੂੰ ਮੋੜਾ ਕੱਟਣ ਤੋਂ ਬਾਅਦ ਤੁਸੀਂ ਭੌਤਿਕ ਵਿਗਿਆਨ ਦੇ ਖੋਜ ਖ਼ੇਤਰ ਨਾਲ ਵੀ ਕਿੰਨਾ ਕੁ ਸੰਪਰਕ ਰੱਖਦੇ ਆ ਰਹੇ ਹੋ, ਭਵਿੱਖ ਦੀ ਪਲੈਨ?
——ਦੇਖੋ ਸੋਢੀ ਜੀ, ਵਿਗਿਆਨੀ ਆ, ਪਰ ਵਿਗਿਆਨ ਦੇ ਸਿਰਫ਼ ਇੱਕ ਹੀ ਕੋਨੇ ਵਿੱਚ ਬੈਠਿਆਂ ਮੇਰਾ ਜੀਅ ਨਹੀਂ ਲੱਗਦਾ; ਇਸ ਲਈ ਮੈਂ ਸਮੇਂ ਦੇ ਨਾਲ ਨਾਲ ਤਿੰਨ ਵਿਗਿਆਨ ਵਿਸ਼ਿਆ ਵਿੱਚ ਗਰੇਜੂਏਟ, ਜਿਹਨੂੰ ਭਾਰਤ ਵਿੱਚ ਪੋਸਟ-ਗਰੇਜੂਏਟ ਕਹਿੰਦੇ ਆ, ਡਿਗਰੀਆਂ ਕਮਾ ਰੱਖੀਆਂ ਨੇ: ਭੌਤਿਕ ਵਿਗਿਆਨ, ਕੰਪਿਊਟਰ ਵਿਗਿਆਨ, ਤੇ ਜੀਵ ਵਿਗਿਆਨ ਵਿੱਚ। ਪਰ, ਭੌਤਿਕ ਵਿਗਿਆਨ ਦਾ ਕੋਨਾ ਮੇਰਾ ਵਧੇਰੇ ਪਸੰਦੀਦਾ ਹੈ, ਉਸ ਨਾਲ ਥੋੜਾ ਜਾਂ ਬਹੁਤਾ ਸੰਪਰਕ ਵਿੱਚ ਮੈਂ ਹਮੇਸ਼ਾ ਵਿੱਚ ਰਹਿੰਦਾ ਆ। ਆਸਾਰ ਬਣ ਰਹੇ ਆ ਕਿ ਆਉਦੇ ਸਮੇਂ ਭੌਤਿਕ ਵਿਗਿਆਨ ਖੋਜ ਵਿੱਚ ਫਿਰ ਜ਼ਿਆਦਾ ਸਰਗਰਮ ਹੋ ਜਾਵਾਂਗਾ।

? ਚੱਲੋ ਗੱਲ ਨੂੰ ਫਿਰ ਕਵਿਤਾ ਵੱਲ ਨੂੰ ਮੋੜੀਏ। ਤੁਹਾਡਾ ਕੰਮ-ਖੇਤਰ ਵਿਗਿਆਨ ਖੋਜ ਤੇ ਵਿਗਿਆਨ ਅਧਿਆਪਨ ਦਾ ਹੈ। ਕਵਿਤਾ ਵਰਗੀ ਨਾਜ਼ਕ ਵਿਧਾ ਲਈ ਇਹ ਅੜਚਣ ਤਾਂ ਨਹੀਂ ਬਣਦਾ?
——ਤੁਹਾਡਾ ਸੁਆਲ, ਸੋਢੀ ਜੀ, ਬੜਾ ਬਾਜਵ ਆ। ਦੇਖਣ ਨੂੰ ਤਾਂ ਇੰਝ ਈ ਲੱਗਦਾ ਕਿ ਕਵੀ ਤੇ ਵਿਗਿਆਨੀ ਦੋ ਅਲੱਗ ਅਲੱਗ ਸੰਸਾਰਾਂ ਦੇ ਵਾਸੀ ਆ ਤੇ ਬੰਦਾ ਦੋ ਬਿਲਕੁਲ ਅਲੱਗ ਦਿਸਦੇ ਸੰਸਾਰਾਂ ਵਿਚ ਇੱਕੋ ਸਮੇਂ ਕਿਵੇਂ ਰਹਿ ਸਕਦਾ। ਕਵਿਤਾ ਤੇ ਵਿਗਿਆਨ ਵਿਚ ਇਹ ਵਿਰੋਧ ਸਾਨੂੰ ਇਸ ਲਈ ਦਿਸਦਾ ਕਿਉਂਕਿ ਸਾਡਾ ਵਿਸ਼ਵਾਸ਼ ਆ ਕਿ ਕਵਿਤਾ ਦਾ ਸੰਬੰਧ ਕਲਪਨਾ ਨਾਲ ਹੈ ਤੇ ਵਿਗਿਆਨ ਦਾ ਤਰਕ ਤੇ ਪ੍ਰਯੋਗ ਨਾਲ। ਪਰ, ਇਹ ਕਲਪਿਤ ਵਿਰੋਧ ਆਪਣੇ ਆਪ ਹੀ ਗਾਇਬ ਹੋ ਜਾਂਦਾ ਜੇ ਅਸੀਂ ਇਸ ਸਚਾਈ ਨੂੰ ਗਹ੍ਰਿਣ ਕਰ ਲਈਏ ਕਿ ਨਾਂ ਤਾਂ ਕਵਿਤਾ ਹੀ ਤਰਕ ਤੋਂ ਪੂਰੀ ਤਰਾਂ ਮੁਕਤ ਹੈ ਤੇ ਨਾ ਹੀ ਵਿਗਿਆਨ ਦੀ ਕਲਪਨਾ ਤੋਂ ਬਿਨਾਂ ਪ੍ਰਗਤੀ ਹੋਣੀ ਸੰਭਵ ਆ। ਵਿਗਿਆਨ ਵਿੱਚ ਖੋਜ ਉਨ੍ਹਾਂ ਚੀਜ਼ਾਂ ਜਾਂ ਵਰਤਾਰਿਆਂ ਬਾਰੇ ਕੀਤੀ ਜਾਂਦੀ ਆ ਜਿਨ੍ਹਾਂ ਬਾਰੇ, ਜਾਂ ਜਿਨ੍ਹਾਂ ਦੇ ਕੁਝ ਪੱਖਾਂ ਬਾਰੇ, ਸਾਨੂੰ ਅਜੇ ਗਿਆਨ ਨਹੀਂ ਹੁੰਦਾ। ਅਜਿਹੀ ਖੋਜ ਕਰਦੇ ਸਮੇਂ ਵਿਗਿਆਨੀ ਨੂੰ ਪ੍ਰਾਪਤ ਗਿਆਨ ਦੇ ਧਰਾਤਲ ਉੱਪਰ ਖੜ੍ਹ ਕੇ ਅਣਸਮਝੀ ਅਣਜਾਣੀ ਦੁਨੀਆਂ ਵੱਲ ਨੂੰ ਕਲਪਨਾ ਦੀ ਉਡਾਰੀ ਮਾਰਨੀ ਪੈਂਦੀ ਆ। ਪ੍ਰਾਪਤ ਗਿਆਨ ਦੇ ਧਰਾਤਲ ਤੇ ਖੜ੍ਹ ਕੇ ਮਾਰੀ ਇਸ ਕਲਪਨਾ ਉਡਾਰੀ ‘ਚੋਂ ਵਿਗਿਆਨਕ ਸਿਧਾਂਤ ਜਾਂ ਪਰਿ-ਸਿਧਾਂਤ ਜਨਮ ਲੈਂਦੇ ਆ। ਨਿਸ਼ਚੇ ਹੀ ਐਸੇ ਸਿਧਾਂਤ ਜਾਂ ਪਰਿ-ਸਿਧਾਂਤ ਨੂੰ ਵਿਗਿਆਨਕ ਤਜਰਬਿਆਂ/ਪ੍ਰਯੋਗਾਂ ਦੀ ਕਸਵੱਟੀ ਉੱਪਰ ਪਰਖਿਆ ਜਾਏਗਾ, ਪਰ ਐਸੇ ਸਿਧਾਂਤ ਤੱਕ ਪਹੁੰਚਣ ਲਈ ਕਲਪਨਾ ਨਿਸ਼ਚੇ ਹੀ ਮਹੱਤਵਪੂਰਨ ਰੋਲ ਨਿਭਾਉਂਦੀ ਆ। ਸਾਰਥਿਕ ਕਵਿਤਾ ਵੀ ਤਾਂ ਹੀ ਲਿਖੀ ਜਾਂਦੀ ਆ ਜੇ ਪ੍ਰਾਪਤ ਗਿਆਨ ਦੇ ਧਰਾਤਲ ‘ਤੇ ਖੜ੍ਹਕੇ ਅਣਜਾਣੀ ਦੁਨੀਆਂ ਵੱਲ ਨੂੰ ਕਲਪਨਾ ਦੀ ਉਡਾਰੀ ਮਾਰੀ ਜਾਵੇ। ਸੋ, ਵਿਗਿਆਨ ਦਾ ਕਵਿਤਾ ਵਿਚ ਰੋਲ ਵਿਘਨ ਪਾਉਣ ਵਾਲਾ ਨਹੀਂ ਸਗੋਂ ਮੱਦਦ ਕਰਨ ਵਾਲਾ। ਮੇਰੇ ਅੰਦਰ ਵਿਗਿਆਨ ਤੇ ਕਵਿਤਾ ਦੋਨ੍ਹੋਂ ਪ੍ਰਸਪਰ ਸਦਭਾਵਨਾ ਤੇ ਸਮਤੋਲ,ਸਮਤਾਲ ਵਿਚ ਰਹਿੰਦੇ ਆ। ਦੋਨ੍ਹਾਂ ਵਿਚ ਕਦੀ ਕਲੇਸ਼ ਨਹੀਂ ਹੋਇਆ। ਕਿਸੇ ਵੀ ਭਾਸ਼ਾ ਦੀ ਕਵਿਤਾ ਵਾਂਗ, ਪੰਜਾਬੀ ਕਵਿਤਾ ਦਾ ਭਲਾ ਵੀ ਵਿਗਿਆਨ ਤੇ ਤਰਕ ਨੂੰ ਨਿਕਾਰਨ ਵਿਚ ਨਹੀਂ ਸਗੋਂ ਇਨ੍ਹਾਂ ਨੂੰ ਅਪਣਾਉਣ ਵਿਚ ਆ। ਵਿਗਿਆਨ ਦਾ ਮੂਲ ਕੰਮ ਹੈ਼: ਕੁਦਰਤ ਦੇ ਭੇਤ ਖੋਜਣਾ ਜਾਂ ਉਧੇੜਣਾ। ਵਿਗਿਆਨ ਦੀ ਅੱਖ ਨਾਲ ਵੇਖਿਆਂ ਮੈਨੂੰ ਤਾਂ ਕੁਦਰਤ ਅਨਗਣਿਤ ਕਵਿਤਾਵਾਂ ਸੰਗ ਭਰਿਆਂ ਮਹਾਂ-ਕਾਵਿ ਹੀ ਲੱਗਦੀ ਆ:

ਕਦ ਹਰ ਥਾਂ ਖਿੜੀ ਬਹਾਰ ਦਿਸੇ ਕਦ ਪੱਤਝੜ ਰੁੰਡ ਮਰੁੰਡ ਕਰੇ,
ਹੁਣੇ ਅੱਗ ਅਸਮਾਨੋਂ ਵਰ੍ਹਦੀ ਸੀ ਹੁਣ ਅੰਬਰੋਂ ਕੂਲੀ ਬਰਫ਼ ਝੜੇ।
ਚੜ੍ਹ ਬੱਦਲਾਂ ਦੀ ਕੰਧੇੜੀ ‘ਤੇ ਕਦੀ ਵਿਹੜੇ ਸਾਗਰ ਆਣ ਵਰ੍ਹੇ,
ਤੇਰੀ ਕਾਰ ਤੋਂ ਇਕ ਹਜ਼ਾਰ ਗੁਣਾ ਦੀ ਤੇਜ਼ੀ ਦੇ ਨਾਲ ਨਾਚ ਕਰੇ,

ਨੱਚ ਜ਼ਮੀਂ ਦੁਆਲੇ ਸੂਰਜ ਦੇ ਰੁੱਤਾਂ ਦੀ ਚੱਕੀ ਫੇਰੀ ਹੈ,
ਹੁਣ ਇਹਤੋਂ ਵੱਡੀ ਦੱਸ ਕਵੀਆ ਕਵੀਆਂ ਦੀ ਕਵਿਤਾ ਕਿਹੜੀ ਹੈ?

‘ਮੈਂ’ ਦੇ ਰੀਬੂਟ ਤੋਂ ਹੁਣ ਤੱਕ

? ਤੁਹਾਡਾ ਪਹਿਲਾ ਕਾਵਿ-ਸੰਗ੍ਰਹਿ ‘ਟੱਕਰ’ ਭਾਅ ਜੀ ਗੁਰਸ਼ਰਨ ਸਿੰਘ ਹੁਣਾਂ ਨੇ ‘ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ’ ਵਲੋਂ ਪ੍ਰਕਾਸ਼ਤ ਕੀਤਾ, 1980 ਵਿੱਚ। ਉਦੋਂ ਤੱਕ ਇਸ ‘ਚੋਂ ਸੱਤਰਵਿਆਂ ਵਿਚ ਤੁਹਾਡਾ ਗੀਤ “ਸੁਣ ਦਿੱਲੀ ਦੀਏ ਸਰਕਾਰੇ, ਤੇਰੇ ਸਾਡੇ ਵੈਰ ਕਰਾਰੇ…” ਉਦਾਸੀ ਦੇ ਗੀਤਾਂ ਤੇ ਪਾਸ਼ ਦੀ ਕਵਿਤਾ ਵਾਂਗ ਹੀ ਪੰਜਾਬ ਵਿਚ ਮਕਬੂਲ ਹੋ ਚੁੱਕਿਆ ਸੀ। ਪਲਸ ਮੰਚ ਦੀਆਂ ਟੇਪਾਂ ਵਿਚ ਤੁਹਾਡੇ ਗੀਤ ਵੀ ਰਿਕਾਰਡ ਹੁੰਦੇ ਰਹੇ। ਅੱਸੀਵਿਆਂ ਦੇ ਮੰਦਭਾਗੇ ਫਿਰਕੂ ਮਹੌਲ ਦੌਰਾਨ ਮਕਬੂਲ ਹੋਇਆ ਗੀਤ “ਲਹੂ ਵਿਚ ਭਿੱਜਿਆ ਗੁਲਾਬ ਸਾਥੀਉ, ਉੱਠੋ ਸਾਂਭੋ ਆਪਣਾ ਪੰਜਾਬ ਸਾਥੀਉ” ਵੀ ਤੁਹਾਡੀ ਕਲਮ ‘ਚੋਂ ਨਿੱਕਲਿਆ। ਇਸ ਸਮੇਂ ਦੌਰਾਨ ਇਸੇ ਵਿਸ਼ੇ ‘ਤੇ ਤੁਸੀਂ ਇੱਕ ਬੜਾ ਵਿਲੱਖਣ ਨਾਵਲ “ਢੱਠਾ ਖੂਹ” ਵੀ ਲਿਖਿਆ, ਜੋ ਪਲਸ ਮੰਚ ਵਲੋਂ ਪ੍ਰਕਾਸ਼ਤ ਹੋਇਆ। 1982 ‘ਚੇ ਤੁਹਾਡੇ ਵਲੋਂ ਲਿਖਿਆ, ਯੋਜੀਨ ਪੋਤੀਓ ਦੇ ‘ਇੰਟਰਨੈਸ਼ਨਲ’ ਗੀਤ ਦਾ ਪੰਜਾਬੀ ਰੂਪ “ਲਹਿਰਾਂ ਬਣ ਉੱਠੋ ਭੁੱਖਾਂ ਦਿਓ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ…”, ਉਦੋਂ ਤੋਂ ਹੁਣ ਤੱਕ ਪੰਜਾਬ ਦੀ ਪ੍ਰਗਤੀਸ਼ੀਲ ਧਿਰ ਦੀਆਂ ਸਟੇਜਾਂ ‘ਤੇ ਚੱਲਦਾ। 1997 ਵਿੱਚ ਤੁਹਾਡਾ ਕਾਵਿ-ਸੰਗ੍ਰਹਿ ‘ਕਿੱਸਿਆਂ ਦੇ ਕੈਦੀ’ ਗੁਰਸ਼ਰਨ ਸਿੰਘ ਹੁਣਾਂ ਦੀ ‘ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ’ ਵਲੋਂ ਪ੍ਰਕਾਸ਼ਤ ਕੀਤਾ ਗਿਆ। 2000 ਵਿੱਚ ਤੁਹਾਡਾ ਦੂਜਾ ਨਾਵਲ “ਇੱਕ ‘ਦਹਿਸ਼ਤ ਪਸੰਦ’ ਦੀ ਡਾਇਰੀ” ਸ਼ਹੀਦ ਪਬਲੀਕੇਸ਼ਨਜ਼ ਪ੍ਰਕਾਸ਼ਨ ਪੰਜਾਬ ਵਲੋਂ ਪ੍ਰਕਾਸ਼ਤ ਕੀਤਾ ਗਿਆਨ, 2004 ਵਿੱਚ ਚੇਤਨਾ ਪ੍ਰਕਾਸ਼ਨਾ ਨੇ ਤੁਹਾਡੇ ਕਾਵਿ-ਸੰਗ੍ਰਹਿ ‘ਭੂਤ ਨਗਰੀ’ ਦੀ ਪ੍ਰਕਾਸ਼ਨਾ ਕੀਤੀ, ਤੇ 2020 ਵਿੱਚ ਪੰਜਾਬ ਪੀਪਲਜ਼ ਫ਼ੋਰਮ ਨੇ, ਗ਼ਦ ਦੇ ਖ਼ੇਤਰ ‘ਚੇ ਤੁਹਾਡੀ ਕਿਤਾਬ “ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ (ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ)” ਪ੍ਰਕਾਸ਼ਤ ਕੀਤੀ, ਜੋ ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ ਨੂੰ ਪਛਾਣਦੀ ਤੇ ਪ੍ਰਭਾਸ਼ਤ ਕਰਦੀ ਹੋਈ ਇਹਦੀ ਤੁਲਨਾ ਯੂਰਪੀਅਨ ਰੇਨਾਸਾਂਸ ਲਹਿਰ ਨਾਲ ਕਰਦੀ ਹੈ। ਭਾਰਤੀ ਕਿਸਾਨ ਅੰਦੋਲਨ 2020-2021 ਦੌਰਾਨ ਤੁਹਾਡਾ ਗੀਤ “ਸੁਣ ਦਿੱਲੀ ਦੀਏ ਸਰਕਾਰੇ, ਤੇਰੇ ਸਾਡੇ ਵੈਰ ਕਰਾਰੇ” ਲੋਕ-ਗੀਤਾਂ ਵਾਂਗ ਗਾਇਆ ਜਾਂਦਾ ਰਿਹਾ; ਤੁਹਾਡਾ ਲਿਖਿਆ ਤੇ ਬਰਕਤ ਸਿੱਧੂ ਦਾ ਗਾਇਆ “ਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਓਏ” ਗੀਤ ਦਾ ਸੰਸਕਰਨ ਵੀ ਵੱਜਦਾ ਰਿਹਾ। ਉਹਤੋਂ ਬਾਅਦ ਕਵਿਤਾਵਾਂ ਤੇ ਲੇਖ ਲਿਖਦੇ ਚਲੇ ਆਉਂਦੇ ਹੋ। ਫਿਰ ਵੀ ਪੰਜਾਬੀ ਸਾਹਿਤ ਦੇ ਖ਼ੇਤਰ ਵਿੱਚ ਤੁਹਾਡਾ ਬਣਦਾ ਨੋਟਿਸ ਨਹੀਂ ਲਿਆ ਗਿਆ। ਦੂਜੇ ਸ਼ਬਦਾਂ ਵਿਚ, ਪੰਜਾਬੀ ਆਲੋਚਨਾ ਜਾਂ ਆਲੋਚਕਾਂ ਤੋਂ ਕਿੰਨਾ ਕੁ ਖੁਸ਼ ਹੋ?

——ਮੈਂ ਸ਼ੁਰੂ ਵਿੱਚ ਹੀ ਅਨੁਭਵ ਲਿਆ ਸੀ ਕਿ ਪੰਜਾਬੀ ਸਾਹਿਤ ਦੀ ਸਥਾਪਤੀ ਦੀ ਨਜ਼ਰ ਚੜ੍ਹਨ ਲਈ ਕਈ ਤਰਾਂ ਦੇ ਪਾਪੜ ਵੇਲਣੇ ਪੈਣਗੇ। ਜ਼ਿੰਦਗੀ ਬਹੁਤ ਛੋਟੀ ਭਾਸਦੀ ਹੈ, ਇਸ ਲਈ ਮੈਂ ਆਪਣਾ ਵਕਤ ਬੜਾ ਸੋਚ ਸਮਝ ਕੇ ਵਰਤਦਾਂ। ਉਂਝ ਵੀ ਇਸ ਤਰ੍ਹਾਂ ਦੇ ਪਾਪੜ ਵੇਲਣ ਲਈ ਆਪਣੀ ਜ਼ਮੀਰ ਗਹਿਣੇ ਗਹਿਣੇ ਰੱਖਣੀ ਪੈਂਦੀ ਹੋਊ, ਜੋ ਮੈਨੂੰ ਮਨਜ਼ੂਰ ਨਹੀਂ। ਸੋ, ਮੈਂ ਇਹ ਖੇਡ ਖੇਡਣ ਤੋਂ ਕੰਨੀ ਕਤਰਾ ਗਿਆ। ਇਹ ਮੇਰੀ ਆਪਣੀ ਚੋਣ ਸੀ ਤੇ ਹੈ; ਨਤੀਜਾ ਖਿੜੇ ਮੱਥੇ ਭੁਗਤ ਰਿਹਾਂ। ਦੂਜੇ ਸ਼ਬਦਾਂ ਵਿਚ, ਪੰਜਾਬੀ ਸਾਹਿਤਕਾਰ ਵਜੋਂ ਮੈਂ ਆਮ ਤੌਰ ‘ਤੇ ਪੰਜਾਬੀ ਅਲੋਚਨਾ ਤੋਂ ਸੰਤੁਸ਼ਟ ਨਹੀਂ ਆਂ ਤੇ ਪੰਜਾਬੀ ਆਲੋਚਕਾਂ ਉੱਪਰ ਨਿੱਜੀ ਤੌਰ ‘ਤੇ ਗਿਲਾ ਵੀ ਕੋਈ ਨਹੀਂ। ਮੈਂ ਉਨ੍ਹਾਂ ਦੀਆਂ ਦੁਕਾਨਾਂ ਉੱਪਰੋਂ ਕਦੀ ਸੌਦਾ ਖਰੀਦਣ ਹੀ ਨਹੀਂ ਗਿਆ, ਤਾਂ ੳਨ੍ਹਾਂ ਦੀ ਨਜ਼ਰੀਂ ਹੀ ਨਹੀਂ ਪਿਆ, ਨਜ਼ਰ ਚੜ੍ਹਨਾ ਤਾਂ ਗੱਲ ਦੂਰ ਦੀ। ਸਾਹਿਤਕਾਰ ਵਜੋਂ ਗ਼ੈਰ-ਸੰਤੁਸ਼ਟੀ ਇਸ ਵਿੱਚ ਆ ਕਿ ਪੰਜਾਬੀ ਸਾਹਿੱਤ ਦੇ ਸਦੀਆਂ ਲੰਬੇ ਇਤਿਹਾਸ ਦੇ ਬਾਵਜੂਦ ਵੀ ਅਜੋਕੀ ਪੰਜਾਬੀ ਸਾਹਿਤ ਆਲੋਚਨਾ ਦਾ ਖੇਤਰ ਕਈ ਪੱਖਾਂ ਤੋਂ ਅਜੇ ਵੀ ਬੜੇ ਗੈਰ ਸੰਜੀਦਾ ਤੇ ਪਰਾਰੰਭਿਕ ਦੌਰ ਵਿਚ ਲੱਗਦਾ ਆ। ਪਹਿਲੀ ਗੱਲ ਤਾਂ ਇਹ ਕਿ ਅਲੋਚਕ ਪ੍ਰਕਾਸ਼ਤ ਹੋ ਰਹੇ ਸਾਹਿਤ ਦੇ ਇਕ ਬੜੇ ਛੋਟੇ ਜਿਹੇ ਹਿੱਸੇ ਵੱਲ ਵੀ ਧਿਆਨ ਦਿੰਦੇ ਆ। ਬਾਕੀ ਦੇ ਹਿੱਸੇ ਤੱਕ ਪਹੁੰਚਣ ਲਈ ਜਾਂ ਤਾਂ ਉਹ ਕੋਸ਼ਿਸ਼ ਨਹੀਂ ਕਰਦੇ ਜਾਂ ਉਹਨੂੰ ਅਣਗੌਲਿਆਂ ਕਰ ਦਿੰਦੇ ਆ। ਜਿਹੜਾ ਹਿੱਸਾ ਉਹਨਾਂ ਦੇ ਧਿਆਨ ਘੇਰੇ ਵਿਚ ਆਉਂਦਾ ਵੀ ਆ ਉਹਦੀ ਅਲੋਚਨਾ ਵੀ ਕਿਸੇ ਮਿਆਰੀ ਮਾਪ ਦੰਡਾਂ ਦੇ ਆਧਾਰ ਉੱਪਰ ਨਹੀਂ ਹੁੰਦੀ ਸਗੋਂ ਆਲੋਚਕ ਅਕਸਰ ਲਿਖਤ ਅਤੇ ਲੇਖਕ ਪ੍ਰਤੀ ਆਪਣੀਆਂ ਨਿੱਜੀ ਭਾਵਨਾਵਾਂ ਜਾਂ ਅਗਾਂਊ ਤਹਿ ਯੋਜਨਾ ‘ਤੇ ਆਧਾਰਿਤ ਸ਼ਬਦ ਜਾਲ ਬੁਣਨ ਲੱਗ ਪੈਂਦਾ ਆ। ਲੇਖਕਾਂ ਨੂੰ ਉੱਪਰ ਚੁੱਕਣਾਂ, ਥੱਲੇ ਲਾਹੁਣਾ, ਜਾਂ ਅਣਗੌਲਿਆਂ ਕਰਨਾ ਅਲੋਚਕਾਂ ਦੇ ਨਿੱਜੀ ਦਾਇਰਿਆਂ, ਗੁੱਟਬੰਦੀਆਂ, ਯਾਰੀਆਂ, ਦੁਸ਼ਮਣੀਆਂ ਉੱਪਰ ਜ਼ਿਆਦਾ ਅਧਾਰਤ ਆ। ਅਲੋਚਕਾਂ ਉੱਪਰ ਗਿਲਾ ਇਸ ਲਈ ਨਹੀਂ ਕਿ ਮੈਂ ਜਗੀਰੂ ਕਦਰਾਂ ਕੀਮਤਾਂ ਵਾਲੇ ਸਮਾਜ ਵਿਚ ਰਹਿ ਰਹੇ, ਤੇ ਉਪਰੋਂ ਭੂਤਮੁੱਖੀ ਸੋਚ ਦੇ ਸ਼ਿਕਾਰ, ਅਲੋਚਕਾਂ ਕੋਲੋਂ ਇਹਤੋਂ ਵੱਧ ਆਸ ਵੀ ਕੋਈ ਨਹੀਂ ਰੱਖਦਾ। ਪੰਜਾਬੀ ਸਾਹਿਤਕ ਆਲੋਚਨਾ ਦੀ ਮੇਰੇ ਵਲੋਂ ਕੀਤੀ ਉੱਤਕ ਆਲੋਚਨਾ,ਬਦਕਿਸਮਤੀ ਨੂੰ, ਲੱਗਭੱਗ ਸਾਰੇ ਪੰਜਾਬੀ ‘ਤੇ ਢੁੱਕਦੀ ਹੈ, ਪਰ ਖੁਸ਼ਕਿਸਮਤੀ ਨੂੰ ‘ਵੀਂਹ ਵੀਂਹ ਕੋਹ ‘ਤੇ ਦੀਵਾ’ ਤਾਂ ਜਗਦਾ ਹੀ ਹੈ। ਭਾਵੇਂ ‘ਆਟੇ ਵਿੱਚ ਲੂਣ ਬਰਾਬਰ’ ਹੀ ਸਹੀ, ਪਰ ਕੁਝ ਅਸਲੀ, ਯਾਣਿ genuine, ਆਲੋਚਕ ਤੇ ਸਮੀਖਿਆ/ਮੁਲਾਂਕਣ ਕਾਰ ਪੰਜਾਬੀ ਸਾਹਿਤ ਵਿੱਚ ਵੀ ਮਿਲ ਜਾਂਦੇ ਨੇ; ਮਿਸਾਲ ਵਜੋਂ ਜਿਨ੍ਹਾਂ ਦੇ ਰਾਹਾਂ ਨਾਲ ਮੇਰੇ ਰਾਹ ਪਾਰ ਹੋਏ, ਉਹ ਨੇ ਭਾਅ ਜੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ), ਡਾ. ਉਮਿੰਦਰ ਜੌਹਲ, ਰਵਿੰਦਰ ਸਿੰਘ ਸੋਢੀ, ਆਦਿ।

?ਤੁਸੀਂ ਖੁੱਲ੍ਹੀ ਕਵਿਤਾ ਵੀ ਲਿਖੀ ਹੈ ਤੇ ਪ੍ਰਗੀਤਕ ਵੀ। ਇਹ ਫੈਸਲਾ ਕਿਵੇਂ ਕਰਦੇ ਉਂ ਕਿ ਕਦੋਂ ਖੁੱਲ੍ਹੀ ਕਵਿਤਾ ਲਿਖਣੀ ਆਂ ਤੇ ਕਦੋਂ ਗੀਤ ਦੇ ਰੂਪ ਵਿਚ ਜਾਂ ਪ੍ਰਗੀਤਕ?
——ਕਵਿਤਾ ਦਾ ਖੁੱਲ੍ਹੀ ਜਾਂ ਪ੍ਰਗੀਤਕ ਹੋਣਾ ਕਾਵਿ-ਰੂਪ ਦਾ ਮਸਲਾ ਹੈ, ਤੇ ਕਵਿਤਾ ਵਿਚਲਾ ਖਿਆਲ ਤੇ ਮਸਾਲਾ ਕਵਿਤਾ ਦਾ ਵਿਸ਼ਾ-ਵਸਤੂ ਹੁੰਦਾ ਆ। ਕੋਈ ਵਿਸ਼ਾ-ਵਸਤੂ ਖੁੱਲ੍ਹੀ ਕਵਿਤਾ ਵਿਚ ਜ਼ਿਆਦਾ ਅਸਰਦਾਇਕ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਤੇ ਕੋਈ ਹੋਰ ਵਿਸ਼ਾ-ਵਸਤੂ ਪ੍ਰਗੀਤਕ ਕਵਿਤਾ ਵਿਚ। ਸੋ, ਮੇਰੇ ਵਿਚਾਰ ਅਨੁਸਾਰ, ਕਾਵਿ ਰੂਪ ਆਮ ਤੌਰ ‘ਤੇ ਵਿਸ਼ਾ-ਵਸਤੂ ਉੱਪਰ ਨਿਰਭਰ ਕਰਦਾ। ਬਾਕੀ, ਹਰੇਕ ਕਵੀ ਦਾ ਕਵਿਤਾ ਲਿਖਣ ਦਾ ਆਪਣਾ ਹੀ ਢੰਗ ਹੁੰਦਾ (ਜਾਂ ਹੋਣਾ ਚਾਹੀਦਾ) ਜਿਹਨੂੰ ਕਾਵਿ-ਵਿਧੀ ਕਹਿ ਸਕਦੇ ਆਂ; ਇਹ ਕਾਵਿ-ਵਿਧੀ ਅਕਸਰ ਤਜਰਬੇ, ਯਾਣਿ experience, ‘ਚੋਂ ਉੱਸਰਦੀ ਆ। ਮੌਲਿਕਤਾ ਪੈਦਾ ਕਰਨ ਲਈ ਕਵੀ ਵਾਸਤੇ ਬੜਾ ਜ਼ਰੂਰੀ ਹੁੰਦਾ ਆ ਕਿ ਉਹ ਆਪਣੀ ਅਲੱਗ ਕਾਵਿ-ਵਿਧੀ ਵਿਕਸਿਤ ਕਰੇ। ਇਹ ਕਾਵਿ-ਵਿਧੀ ਵੀ ਇਸ ਫੈਸਲੇ ਵਿਚ ਰੋਲ ਅਦਾ ਕਰਦੀ ਆ ਕਿ ਕੋਈ ਵਿਸ਼ਾ-ਵਸਤੂ ਖੁੱਲ੍ਹੀ ਕਵਿਤਾ ਦੇ ਜ਼ਿਆਦਾ ਮੇਚ ਆਊ ਜਾਂ ਪ੍ਰਗੀਤਕ ਕਵਿਤਾ ਦੇ।

? ਕਵਿਤਾ ਦਾ ਖ਼ਿਆਲ ਆਓਣ ਤੋਂ ਲੈ ਕੇ ਕਵਿਤਾ ਪੂਰੀ ਤਰ੍ਹਾਂ ਲਿਖਣ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਹੈ ਤੁਹਾਡਾ?
——ਬੜਾ ਸੋਹਣਾ ਤੇ ਰੌਚਕ ਸੁਆਲ! ਤੁਸੀਂ ਠੀਕ ਬੁੱਝਿਆ; ਮੇਰੀ ਲਈ ਹਰ ‘ਕਵਿਤਾ ਉਸਾਰੀ’ ਇੱਕ ਸਫ਼ਰ ਹੈ, ਤੇ ਇਹ ਸਫ਼ਰ ਖ਼ਿਆਲ ਤੋਂ ਸ਼ੁਰੂ ਹੁੰਦਾ ਆ। ਖ਼ਿਆਲ ਆਉਣ ਲੱਗਾ ਥਾਂ ਤੇ ਸਮਾਂ ਨਹੀਂ ਵੇਖਦਾ, ਨਾ ਇਸ ਗੱਲ ਦੀ ਪ੍ਰਵਾਹ ਕਰਦਾ ਪਈ ਮੈਂ ਕਿਸ ਹਾਲਤ ਵਿੱਚ ਆ, ਕੀ ਕਰ ਰਿਹਾ, ਜਾਗਦਾ ਜਾਂ ਸੁੱਤਾ, ਇਤਿਆਦਿ। ਮੈਨੂੰ ਜਦ ਖਿਆਲ ਜਾਂ ਕਾਵਿ-ਖ਼ਿਆਲ ਆਉਂਦਾ ਤਾਂ ਮੈਂ ਫ਼ਟਾਫੱਟ ਲੈਪਟਾਪ ਚੁੱਕ ਕੇ ਕਵਿਤਾ ਲਿਖਣ ਨਹੀਂ ਲੱਗ ਪੈਂਦਾ। ਬਲਕਿ, ਮੈਂ ਖ਼ਿਆਲ ਨਾਲ ਘੁਲਦਾ ਰਹਿੰਦਾ ਹਾਂ ਉਹਦੇ ਵੱਖ ਵੱਖ ਪਹਿਲੂ ਟੋਹਣ ਲਈ, ਤੇ ਇਸ ਖ਼ਿਆਲ ਨੂੰ ਇਹਦੇ ਗੁਆਂਢੀ ਖ਼ਿਆਲਾਂ ਨਾਲ ਲੜਨ ਝਗੜਣ ਦਿੰਦਾ। ਫਿਰ ਕਵਿਤਾ ਸ਼ੁਰੂ ਹੋ ਜਾਂਦੀ ਆ, ਮਨ ਹੀ ਮਨ, ਕਵਿਤਾ ਘੁਲਦਾ ਆ, ਮਨ ਹੀ ਮਨ। ਆਖ਼ਰੀ ਕਦਮ ਆ, ਲੈਪਟਾਪ ਚੁੱਕ ਕੇ ਕਵਿਤਾ ਲਿਖਣੀ ਸ਼ੁਰੂ ਕਰਨਾ। ਖ਼ਿਆਲ ਦੀ ਆਮਦ ਤੋਂ ਕਵਿਤਾ ਲਿਖਣ ਦੇ ਸਫ਼ਰ ਦੌਰਾਨ, ਕਈ ਵਾਰ ਜੇ ਨਵ-ਆਏ ਖ਼ਿਆਲ ਉੱਪਰ ਬੈਠਾ ਹੀ ਰਹਾਂ, ਉਸ ਉੱਪਰ ਕੰਮ ਸ਼ੁਰੂ ਕਰਨ ਦੀ ਬਜਾਏ, ਤਾਂ ਖ਼ਿਆਲ ੳਡਾਰੀ ਮਾਰ ਜਾਂਦਾ ਆ। ਕਈ ਵਾਰ ਅਜੇਹਾ ਖ਼ਿਆਲ ਵਾਪਸ ਆ ਜਾਂਦਾ, ਕਈ ਵਾਰੀ ਨਹੀਂ:

ਪਤਾ ਨਹੀਂ ਕਿੱਧਰੋਂ ਆਇਆ
ਤੇ ਕਿੱਧਰ ਚਲਾ ਗਿਆ ਹੈ
ਉਹ ਮੇਰੇ ਆਸਣ ਦੀਆਂ
ਚੂਲ੍ਹਾਂ ਹਿਲਾ ਗਿਆ।

ਨਾ ਮਾਇਆ, ਨਾ ਸ਼ਹੁਰਤ
ਮਹਿਜ ਇੱਕ ਖ਼ਿਆਲ ਸੀ,
ਚਿੱਕੜ ‘ਚੋਂ ਚੁੱਕ ਮੈਨੂੰ ‘ਪਰਖ਼ਿਆ’
ਚੋਟੀ ‘ਤੇ ਬਿਠਾ ਗਿਆ।

? ਕਵਿਤਾ ਵਿਚ ਸਿਆਸੀ ਦਖ਼ਲਅੰਦਾਜ਼ੀ ਬਾਰੇ ਤੁਹਾਡਾ ਕੀ ਵਿਚਾਰ ਆ। ਕਵਿਤਾ ਕਦੋਂ ਕਵਿਤਾ ਹੁੰਦੀ ਆ ਤੇ ਕਦੋਂ ਸਿਆਸੀ ਨਾਹਰੇਬਾਜ਼ੀ?
——ਜੇ ਸੋਚੀਏ ਤਾਂ, ਇਹ ਮੁੱਦਾ ਬੜਾ ਸਧਾਰਨ ਤੇ ਸੌਖਾ ਆ। ਸਿਆਸਤ ਕਈ ਵਿਸ਼ਿਆਂ ਵਿੱਚੋਂ ਇਕ ਵਿਸ਼ਾ ਤੇ ਬੜਾ ਮਹੱਤਵਪੂਰਨ ਵਿਸ਼ਾ। ਜੇ ਬਾਕੀ ਦੇ ਵਿਸ਼ੇ ਕਵਿਤਾ ਵਿਚ ਦਖ਼ਲ ਅੰਦਾਜ਼ੀ ਕਰ ਸਕਦੇ ਆ ਤਾਂ ਸਿਆਸਤ ਕਿਉਂ ਨਹੀਂ? ਜੇ ਕਵਿਤਾ ਬਾਕੀ ਵਿਸ਼ਿਆਂ, ਮਿਸਾਲ ਵਜੋਂ ਪਿਆਰ, ਵਿਯੋਗ, ਤੇ ਧਰਮ, ਨੂੰ ਛੋਂਹਦੀ ਹੋਈ ਵੀ ਕਵਿਤਾ ਰਹਿ ਸਕਦੀ ਆ ਤਾਂ ਉਹ ਸਿਆਸਤ ਨੂੰ ਛੋਂਹਦਿਆਂ ਅਚਾਨਕ ਅਕਵਿਤਾ ਕਿਉਂ ਹੋ ਜਾਊ? ਕੁਝ ਤੱਤ ਨੇ ਜੋ ਮਿਲਕੇ ਕਿਸੇ ਰਚਨਾ ਨੂੰ ਕਵਿਤਾ ਬਣਾਉਂਦੇ ਨੇ, ਜਿਵੇਂ ਤੁਕਬੰਦੀ, ਬਿੰਬ, ਅਲੰਕਾਰ, ਤੇ ਮੂਰਤੀਮਾਨਤਾ (ਇਮੇਜਰੀ), ਤੇ ਕਵਿਤਾਉਣ ਦੇ ਢੰਗ ਤੇ ਤਕਨੀਕਾਂ ਆਦਿ; ਇਸ ਸੱਭ ਕੁਝ ਨੂੰ ਅਸੀਂ ਕਾਵਿ-ਸੰਦ ਕਹਿ ਸਕਦੇ ਹਾਂ। ਕਿਸੇ ਕਵਿਤਾ ਦਾ ਗੁਣਾਤਮਕ ਪੱਧਰ ਇਸ ਪੈਮਾਨਾ ਤੋਂ ਮਿਣਿਆਂ ਜਾਂਦਾ (ਜਾਂ ਮਿਣਿਆਂ ਜਾਣਾ ਚਾਹੀਦਾ) ਕਿ ਕਵੀ ਨੇ ਆਪਣੀ ਗੱਲ ਕਹਿਣ ਲਈ ਹਥਲੀ ਕਵਿਤਾ ਦੇ ਰੂਪ ਤੇ ਵਿਸ਼ੇ ‘ਤੇ ਆਧਾਰਿਤ ਉਚਿੱਤ ਤੇ ਢੁੱਕਵੇਂ ਕਾਵਿ-ਸੰਦਾ ਦੀ ਯੋਗ ਵਰਤੋਂ ਕਿੰਨੀ ਨਿਪੁੰਨਤਾ ਨਾਲ ਕੀਤੀ ਆ, ਨਾ ਕਿ ਕਵਿਤਾ ਵਿੱਚ ਸਿਆਸੀ ਅੰਸ਼ ਜਾਂ ਨਾਹਰੇ ਦੀ ਮੌਜ਼ੂਦਗੀ ਜਾਂ ਗੈਰਮੌਜੂਦਗੀ ਤੋਂ। ਪੰਜਾਬੀ ਕਵਿਤਾ ਦੇ ਬਾਹਲੇ ਆਲੋਚਕਾਂ ਨੇ ਕਵਿਤਾ ਦੀ ਪਹਿਲੀ ਜਮਾਤ ਦਾ ਇਹ ਸਬਕ ਜਾਂ ਪੜ੍ਹਿਆ ਨਹੀਂ ਜਾਂ ਉਹ ਜਾਣਬੁੱਝ ਕੇ ਭੁੱਲ ਜਾਂਦੇ ਆ ਕਿ ਕਵਿਤਾ ਦਾ ਕਾਵਿਕ ਮੁਲਅੰਕਣ ਉਹਦੇ ਵਿਚਲੇ ਵਿਸ਼ੇ ਜਾਂ ਫਲਸਫੇ ਤੋਂ ਨਹੀਂ ਸਗੋਂ ਉਹਦੇ ਵਿਚ ਵਰਤੇ ਗਏ ਕਾਵਿਕ ਤੱਤਾਂ ਤੇ ਕਾਵਿ ਵਿਧੀ ਦੇ ਆਧਾਰ ਤੇ ਕੀਤਾ ਜਾਣਾ ਚਾਹੀਦਾ।

ਇਨ੍ਹਾਂ ਤਕਨੀਕਬਾਜੀਆਂ (technicalities) ਤੋਂ ਇਲਾਵਾ ਵੀ, ਸਿਆਸਤ ਬਹੁਤ ਮਹੱਤਵਪੂਰਨ ਵਿਸ਼ਾ ਆ ਜਿਹਦੇ ਘੇਰੇ ਵਿੱਚ ਦੇਸ਼ਾਂ ਦੀਆਂ ਹਕੂਮਤਾਂ ਅਤੇ ਹਕੂਮਤਾਂ ਤੇ ਰਾਜਨੀਤਿਕ/ਸਮਾਜਿਕ ਪ੍ਰਬੰਧਾਂ ਵਿਰੁੱਧ ਲੜਨ ਸ਼ਕਤੀਆਂ ਵੀ ਆਉਂਦੀਆਂ ਨੇ। ਇੰਝ ਇਹ ਵਿਸ਼ਾ, ਸਿਰਫ਼ ਵਿਸ਼ਵ ਮਹੱਤਤਾ ਵਾਲਾ ਹੀ ਨਹੀਂ, ਸਗੋਂ ਇਸ ਧਰਤੀ ‘ਤੇ ਮਨੁੱਖਤਾ ਦਾ ਇਤਿਹਾਸ ਸਿਰਜਣ ਵਿੱਚ ਅਹਿਮ ਰੋਲ ਅਦਾ ਕਰਦਾ ਆ। ਇੰਨੀ, ਜਾਂ ਵੱਧ, ਮਹੱਤਤਾ ਵਾਲਾ ਹੋਰ ਵਿਸ਼ਾ ਸਿਰਫ਼ ਵਿਗਿਆਨ ਹੈ। ਇਸ ਤੋਂ ਇਲਾਵਾ, ਇਹ ਦੋਨੋਂ ਵਿਸ਼ੇ ਬਾਕੀ ਦੇ ਕਰੀਬ ਸਾਰੇ ਵਿਸ਼ਿਆਂ ਨੂੰ ਪ੍ਰਭਾਵਿਤ ਕਰਦੇ ਆ। ਇਸ ਲਈ ਜੇ ਕਵਿਤਾ, ਜਾਂ ਸਾਹਿਤ ਦੇ ਕਿਸੇ ਹੋਰ ਰੂਪ, ਨੇ ਮਨੁੱਖੀ ਪ੍ਰਗਤੀ ਦੇ ਰਾਹ ਉੱਪਰ ਮਾਰਚ ਕਰ ਰਹੇ ਹਰਾਵਲ ਦਸਤੇ ਵਿੱਚ ਸ਼ਾਮਲ ਰਹਿਣਾ, ਜਾਂ ਸ਼ਾਮਲ ਹੋਣਾ, ਤਾਂ ਉਹਨੂੰ ਬਾਕੀ ਵਿਸ਼ਿਆਂ ਦੇ ਨਾਲ ਨਾਲ ਸਿਆਸਤ ਤੇ ਵਿਗਿਆਨ ਨੂੰ ਬੜ੍ਹੀ ਸ਼ਿੱਦਤ ਨਾਲ ਨਿਭਾਉਣਤ ਕਰਨਾ ਪਊ, ਅੱਖੋਂ ਪਰੋਖੇ ਕਰਨ ਦੀ ਥਾਂ।

? ਲੇਖਕ ਦੀ ਪ੍ਰਤੀਬੱਧਤਾ ਬਾਰੇ ਕੀ ਖਿਆਲ ਆ?
——ਨਿਰਭਰ ਕਰਦਾ ਕਿ ਪ੍ਰਤੀਬੱਧਤਾ ਦੀ ਕੀ ਪ੍ਰੀਭਾਸ਼ਾ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਨਾ। ਜੇ ਮਨੁੱਖੀ ਤੇ ਕਿਰਤੀ ਹੱਕਾਂ ਦਾ ਝੰਡਾ-ਬਰਦਾਰ ਮਾਨਵਵਾਦੀ ਲੇਖਕ ਆ, ਤੇ ਇਨ੍ਹਾਂ ਹੱਕਾਂ ਦੇ ਖ਼ਿਲਾਫ ਭੁਗਤ ਕੋਈ ਸੰਸਥਾ ਜਾਂ ਹਕੂਮਤ ਮੈਨੂੰ ਸਾਹਿਤਕ ਜਾਂ ਹੋਰ ਇਨਾਮ/ਸਨਮਾਨ/ਉਪਾਧੀ ਦੇਣਾ ਚਾਹੇ ਤਾਂ ਮੈਨੂੰ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦੇਣਾ ਚਾਹੀਦਾ। ਇੰਨੀ ਕੁ ਪ੍ਰਤੀਬੱਧਤਾ ਲੇਖਕ ਦੀ ਆਪਣੀ ਰਚਨਾ ਪ੍ਰਤੀ ਤਾਂ ਜ਼ਰੂਰ ਹੋਣੀ ਚਾਹੀਦੀ ਆ। ਅਸੀਂ ਕਈ ਵਾਰੀ ਪ੍ਰਤੀਬੱਧਤਾ ਦੇ ਵਿਸ਼ੇ ਨੂੰ ਲੈ ਕੇ ਲੇਖਕਾਂ ਪ੍ਰਤੀ ਕੁਝ ਜ਼ਿਆਦਾ ਈ ਸਖਤੀ ਵਾਲਾ ਰਵਈਆਂ ਅਖਤਿਆਰ ਕਰਦੇ ਰਹੇ ਆਂ। ਮਿਸਾਲ ਵਜੋਂ, ਜੇ ਕਿਸੇ ਲੇਖਕ ਦੀਆਂ ਲਿਖਤਾਂ ਵਿੱਚਲੀ ਸੋਚ ਕਿਸੇ ਰਾਜਨੀਤਿਕ ਪਾਰਟੀ ਦੀ ਸੋਚ ਨਾਲ ਮੇਲ ਖਾਂਦੀ ਹੋਵੇ, ਤਾਂ ਜ਼ਰੂਰੀ ਨਹੀਂ ਕਿ ਉਹ ਲੇਖਕ ਉਸ ਪਾਰਟੀ ਦਾ ਮੈਂਬਰ ਜਾਂ ਸਰਗਰਮ ਕਰਿੰਦਾ ਬਣੇ। ਜਦੋਂ ਕੋਈ ਲੇਖਕ ਆਪਣਾ ਵਕਤ ਤੇ ਦੀਮਾਗ ਖਰਚ ਕੇ ਕੋਈ ਰਚਨਾ ਸਿਰਜਦਾ, ਇਹ ਆਪਣੇ ਆਪ ਵਿਚ ਇਕ ਪ੍ਰਤੀਬੱਧਤਾ ਆ, ਜਿੰਨਾ ਚਿਰ ਉਹ ਮੁੱਦਿਆਂ ਬਾਰੇ ਲਿਖਣ ਤੇ ਅਮਲੀ ਜਿੰਦਗੀ ਦੇ ਅਭਿਆਸ ਵਿੱਚ ਦਕੀਆਨੂਸੀ ਪਹੁੰਚ ਨਾ ਅਪਣਾਵੇ।

?ਪਿਛੇ ਜਿਹੇ ਕੁਝ ਸਮੇਂ ਲਈ ਪੰਜਾਬੀ ਲੇਖਕਾਂ/ਅਲੋਚਕਾਂ ਦੇ ਇਕ ਖੇਮੇ ਵਲੋਂ ਉਤਰ-ਆਧੁਨਿਕਤਾ ਦੇ ਡੰਕੇ ਬੜੇ ਜ਼ੋਰ ਸ਼ੋਰ ਨਾਲ ਵਜਾਏ ਗਏ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ?
——ਸੁਆਲ ਪੈਦਾ ਹੁੰਦਾ ਕਿ ਉਤਰ ਆਧੁਨਿਕਤਾ ਹੈ ਕੀ? ਇਸ ਫਲਸਫੇ ਦਾ ਇਕ ਧਰਾਤਲ ਹੈ ਵਿਗਿਆਨ ਦੀ ਗਿਆਨ ਪ੍ਰਾਪਤੀ ਦੀਆਂ ਸੀਮਾਵਾਂ ਤੋਂ ਪੈਦਾ ਹੋਈ ਨਿਰਾਸ਼ਤਾ। ਮੈਂ ਇਸ ਫਲਸਫੇ ਨਾਲ ਸਹਿਮਤ ਹੋਵਾਂ ਜਾਂ ਨਾ, ਪਰ ਇਸ ਗੱਲ ਨਾਲ ਜ਼ਰੂਰ ਸਹਿਮਤ ਹਾਂ ਕਿ ਪੱਛਮ ਵਿਚ ਰੋਜ਼ਾਨਾ ਸਮਾਜਕ ਜ਼ਿੰਦਗੀ ਦੇ ਮਾਨਸਿਕ ਤੇ ਪਦਾਰਥਕ ਖੇਤਰਾਂ ਵਿਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਵਿਗਿਆਨ ਦਾ ਬੜਾ ਮਹੱਤਵਪੂਰਨ ਰੋਲ ਆ; ਇੱਥੋਂ ਤੱਕ ਕਿ ਆਮ ਜਨ-ਸੋਚਣੀ ਵਿੱਚ ਵੀ। ਸੋ, ਉੱਤਕ ਨਿਰਾਸ਼ਾ ਬਿਲਕੁਲ ਅਰਥਹੀਣ ਨਹੀਂ ਹੋ ਸਕਦੀ। ਪਰ ਪੰਜਾਬ ਵਰਗੇ ਸੂਬੇ ਵਿਚ ਜਿੱਥੇ, ਬਾਕੀ ਭਾਰਤ ਵਾਂਗ, ਅਜੇ ਤੱਕ ਵੀ ਜਗੀਰੂ ਕਦਰਾਂ ਕੀਮਤਾਂ ਭਾਰੂ ਨੇ, ਜਿੱਥੇ ਮਾਨਸਿਕ ਤੇ ਪਦਾਰਥਿਕ ਖੇਤਰਾਂ ਵਿਚ ਮੌਜੂਦਾ ਵਿਗਿਆਨਕ ਗਿਆਨ ਜਾਂ ਤਕਨਾਲੋਜੀ ਦਾ ਬਹੁਤ ਹੀ ਘੱਟ ਲਾਭ ਉਠਾਇਆ ਗਿਆ ਹੈ, ਉੱਥੇ ਵਿਗਿਆਨਕ ਗਿਆਨ ਪ੍ਰਾਪਤੀ ਦੀਆਂ ਸੀਮਾਵਾਂ ਬਾਰੇ ਨਿਰਾਸ਼ਤਾ ਦਾ ਆਧਾਰ ਹੀ ਨਹੀਂ। ਸੋ ਸਪਸ਼ਟ ਆ ਕਿ ਕੁਝ ਲੇਖਕਾਂ/ਅਲੋਚਕਾਂ ਨੇ ਉੱਤਰ ਆਧੁਨਿਕਤਾ ਨੂੰ ਪੱਛਮੀ ਦੇਸ਼ਾਂ ‘ਚੋਂ ਨਕਲ ਕੀਤਾ, ਇਹਦਾ ਭਾਰਤ ਵਿਚ ਕੋਈ ਸਮਾਜਕ ਆਧਾਰ ਨਹੀਂ। ਇਸ ਪ੍ਰਸੰਗ ਵਿੱਚ ਸੁਆਲ ਪੁੱਛਣਾ ਬਣਦਾ ਕੀ ਪੰਜਾਬੀ ਸਾਹਿਤਕਾਰਾਂ ਨੇ ਪ੍ਰਾਪਤ ਵਿਗਿਆਨਕ ਗਿਆਨ ਦਾ ਪੂਰਾ ਲਾਭ ਉਠਾ ਲਿਆ ਆ? ਇਸ ਗਿਆਨ ਨੂੰ ਉਨ੍ਹਾਂ ਕਿਸੇ ਵੀ ਤਰਾਂ ਕਿਸੇ ਵੀ ਸੰਦਰਭ ਵਿਚ ਆਪਣੀਆਂ ਰਚਨਾਵਾਂ ਵਿਚ ਕਿੰਨਾ ਕੁ ਅਪਣਾਇਆ? ਜੁਆਬ ਹੈ: ਕਰੀਬ ਸਿਫ਼ਰ ਜਾਂ ਆਟੇ ਵਿੱਚ ਲੂਣ ਬਰਾਬਰ। ੳਤਰ ਆਧੁਨਿਕਤਾ ਦੀ ਕਵਿਤਾ ਅਮਰੀਕਾ ਵਿਚ 1950 ਵਿਚ ਸ਼ੁਰੂ ਹੋ ਗਈ ਸੀ। ਕਰੀਬ ਪੌਣੀ ਸਦੀ ਬਾਅਦ ਹੁਣ ਹਿੰਦੋਸਤਾਨ ਵਰਗੇ ਦੇਸ਼ ਵਿਚ ਜਿੱਥੇ ਅਜੇ ਪੂਰੀ ਤਰਾਂ ਆਧੁਨਿਕਤਾ ਵੀ ਨਹੀਂ ਆਈ, ਉੱਥੇ ਅੱਜ ਜਾਂ ਅੱਜ ਤੋਂ ਪਹਿਲਾਂ ਉਤਰ ਆਧੁਨਿਕਤਾ ਦਾ ਰਾਮ-ਰੌਲਾ ਸੁਣ ਕੇ ਮੇਰਾ ਤਾਂ ਚੁੱਪ ਰਹਿਣ ਜਾਂ ਰੋਣ ਨੂੰ ਹੀ ਜੀਅ ਕਰੇਗਾ। ਇਹ ਵਰਤਾਰਾ ਵੀ ਮਿਆਰੀ ਮਾਪ-ਦੰਡਾਂ ਦੇ ਆਧਾਰ ‘ਤੇ ਗੰਭੀਰ ਅਲੋਚਨਾ ਦੀ ਥਾਂ ਫ਼ਤਵੇਬਾਜ਼ੀਆਂ, ਧੜੇਬੰਦੀਆਂ, ਤੇ ਯਾਰ ਪੂਜਾ ਵਾਲੀ ਅਲੋਚਨਾ ਦੀ ਹੀ ਇਕ ਹੋਰ ਉਦਾਹਰਣ ਹੈ।

? ਭਾਵੇਂ ਤੁਸੀਂ ਪੰਜਾਬੀ ਸਾਹਿਤ ਦੀ ਸਥਾਪਤੀ ਤੇ ਆਲੋਚਕਾਂ ਦੀਆਂ ਨਜ਼ਰਾਂ ਤੋਂ ਅਕਸਰ ਬਚਦੇ ਰਹੇ ਹੋ, ਪਰ ਜਿਹਨੂੰ ਤੁਸੀਂ ਉੱਨੀ ਸੌ 70ਵਿਆਂ ਦੇ ਪੰਜਾਬ ਦੀ ਮਿੰਨੀ ‘ਸਾਹਿਤਕ ਸੱਭਿਆਚਾਰਕ ਰੇਨਾਸਾਂਸ ਲਹਿਰ’ ਦਾ ਕੇਂਦਰੀ ‘ਰੇਨਾਸਾਂਸ ਮੈਨ’ ਕਹਿੰਦੇ ਓਂ, ਉਹਦੀ ਨਜ਼ਰ ਤੋਂ ਨਾ ਬਚ ਸਕੇ। “ਕਿੱਸਿਆਂ ਦੇ ਕੈਦੀ” ਕਾਵਿ ਸੰਗ੍ਰਹਿ ‘ਤੇ ਟਿੱਪਣੀ ਕਰਦੇ ਹੋਏ ਆਪਣੇ 12 ਅਪਰੈਲ 1997 ਦੇ ‘ਇਹੁ ਹਮਾਰਾ ਜੀਵਣਾ’ ਕਾਲਮ ਵਿੱਚ ਭਾਅ ਜੀ ਗੁਰਸ਼ਰਨ ਸਿੰਘ ਹੁਣਾਂ ਤੁਹਾਡੀ “ਕਵਿਤਾ ਨੂੰ ਇਕ ਇਤਿਹਾਸਕ ਘਟਨਾ ਸਵੀਕਾਰ” ਕੀਤਾ ਸੀ। ਫਿਰ ਵੀ, “ਕਿੱਸਿਆਂ ਦੇ ਕੈਦੀ” ਤੋਂ ਸ਼ੁਰੂ ਹੋ ਕੇ ਤੁਹਾਡੀ ਕਵਿਤਾ ਤੇ ਲੇਖਾਂ ਵਿਚ ਪੰਜਾਬੀ ਵਿਰਸੇ ਦੇ ‘ਪਿਛਾਂਹ ਖਿਚੂ’ ਪੱਖਾਂ ਦੀ ਬੜੀ ਭੰਡੀ ਆ। ਕਈ ਵਾਰ ਤਾਂ ਪੜ੍ਹਨ ਵਾਲੇ ਨੂੰ ਇੰਝ ਲੱਗਣ ਸਕਦਾ ਕਿ ਜਿਵੇਂ ਤੁਹਾਨੂੰ ਪੰਜਾਬੀ ਵਿਰਸੇ ਦਾ ‘ਅਗਾਂਹ ਵਧੂ’ ਪੱਖ ਦਿਸਦਾ ਈ ਨਾ ਹੋਵੇ। ਇਹਦੇ ਬਾਰੇ ਕੁਝ ਕਹੋਗੇ?
——ਦੋਖੋ ਸੋਢੀ ਜੀ, ਗੱਲ ਬੜੀ ਆਸਾਨ ਤੇ ਕੁਦਰਤੀ ਆ, ਅੱਜ ਵਿਚ ਜੀਣ ਦਾ ਅਰਥ ਹੈ ਕੱਲ੍ਹ ਨੂੰ ਵਿਦਾ ਕਰਕੇ ਭਲਕ ਵੱਲ ਨੂੰ ਕਦਮ ਪੁੱਟਣਾ। ਜੋ ਸਮਾਜ ਇਹ ਕਦਮ ਪੁੱਟਣ ਤੋਂ ਇਨਕਾਰੀ ਹੋ ਜਾਂਦਾ, ਉਹ ਚੱਲਦੇ ਫਿਰਦੇ ਮੁਰਦਿਆਂ ਦਾ ਸਮਾਜ ਹੋ ਕੇ ਰਹਿ ਜਾਂਦਾ। ਮੇਰੀ ਕਵਿਤਾ ਦਾ ਇਕ ਲਕਸ਼ ਆਂ ਪੰਜਾਬੀ ਬੰਦੇ ਨੂੰ ਇਹ ਕਦਮ ਚੁੱਕਣ ਤੇ ਚੁੱਕਦੇ ਲਈ ਹੁੱਝਾਂ ਮਾਰਨੀਆਂ। ਵਿਰਸੇ ਦੇ ਚੰਗੇ/ਮਾੜੇ, ਜਾਂ ਅਗਾਂਹ ਵਧੂ /ਪਿਛਾਂਹ ਖਿਚੂ ਪੱਖਾਂ ਦੀਆਂ ਸਿਫਤਾਂ ਬਥੇਰੀ ਕੀਤੀਆਂ ਜਾ ਚੁੱਕੀਆਂ ਆ ਤੇ ਬਥੇਰੀਆਂ ਕੀਤੀਆ ਜਾ ਰਹੀਆਂ ਆ, ਬਥੇਰਿਆਂ ਵਲੋਂ। ਪੰਜਾਬੀ ਸਾਹਿਤ ਵਿਚ ਘਾਟ ਰਹੀ ਆ ਪੰਜਾਬੀ ਵਿਰਸੇ ਤੇ ਸੁਭਾਅ ਦੇ ਪਿਛਾਂਹ ਖਿੱਚੂ ਕਿਰਦਾਰ ਉੱਪਰ ਉਂਗਲੀ ਧਰਨ ਦੀ। ਸ਼ਿਵ ਕੁਮਾਰ ਦੀ “ਲੂਣਾ” ਵਰਗੇ ਉਂਗਲਾਂ ਤੇ ਗਿਣੇ ਜਾਣ ਯੋਗੇ ਯਤਨ ਨੇ ਜਿਨ੍ਹਾਂ ਨੇ ਪੰਜਾਬੀ ਬੰਦੇ ਦੀ ਭੂਤਮੁੱਖੀ ਜਗੀਰੂ ਹਾਂ ਅਰਧ-ਜਾਗੀਰੂ ਸੋਚ ਨੂੰ ਚੁਣੌਤੀ ਦਿੱਤੀ ਅਗਾਂਹ ਵਧੂ ਦਿਸ਼ਾ ਵਿੱਚ। ਜੇ ਅਸੀਂ ਆਪਣੀਆਂ ਕਮਜ਼ੋਰੀਆਂ ਤੇ ਬੇਪ੍ਰਵਾਹੀਆਂ ਨੂੰ ਏਦਾਂ ਹੀ ਵਡਿਆਉਂਦੇ ਰਹੇ, ਪੂਰਨ ਸਿੰਘ ਦੇ “ਬੇਪ੍ਰਵਾਹ ਜਵਾਨ ਪੰਜਾਬ ਦੇ” ਬਣ ਕੇ ਤਾਂ ਅੰਦਰੋਂ ਹੋਰ ਹੋਰ ਖੋਖਲੇ ਹੁੰਦੇ ਜਾਵਾਂਗੇ। ਭਾਵੇਂ ਢਾਡੀ ਜਥੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਇਤਿਹਾਸਕ ਹਾਰਾਂ ਨੂੰ ਜਿੱਤਾਂ ਬਣਾ ਬਣਾ ਕੇ ਪੇਸ਼ ਕਰਨ ਨਾਲ ਕੋਈ ਵੀ ਕੌਮ ਬਹਾਦਰ ਜਾਂ ਜੇਤੂ ਨਹੀਂ ਬਣ ਜਾਂਦੀ, ਸਗੋਂ ਭਵਿਖ ਵਿਚ ਆਪਣੀ ਹਾਰ ਦੇ ਬੀਜ ਈ ਬੀਜਦੀ ਆ। ਮੇਰੀ ਕਵਿਤਾ ਤੇ ਗ਼ਦ ਰਚਨਾ ਦਾ ਇਕ ਲਕਸ਼ ਆ ਪੰਜਾਬੀ ਬੰਦੇ ਨੂੰ ਆਪਣੇ ਇਤਿਹਾਸ, ਗਿਆਨ, ਤੇ ਵਿਸ਼ਵਾਸ਼ ਪ੍ਰਬੰਧ ਦੀ ਪਰਖ਼ ਪੜਤਾਲ ਲਈ ਉਤਸ਼ਾਹਤ ਕਰਨਾ ਜਾਂ ਉਕਸਾਉਣਾ। ਗੁਫ਼ਾ/ਜੰਗਲ ਤੋਂ ਚੱਲ ਕੇ ਅੱਜ ਤੱਕ ਪਹੁੰਚਣ ਲਈ ਮਨੁੱਖ ਨੇ ਬੜਾ ਲੰਬਾ ਪੈਂਡਾ ਤਹਿ ਕੀਤਾ ਆ। ਕਈ ਯੁਗ ਪਲਟਾਊ ਇਨਕਲਾਬਾਂ ‘ਚੀਂ ਲੰਘਣ ਤੋਂ ਬਾਅਦ ਅੱਜ ਉਹ ਸੂਚਨਾ ਇਨਕਲਾਬ ਵਿਚੀਂ ਗੁਜ਼ਰ ਰਿਹਾ। ਇਸ ਇਨਕਲਾਬ ਦੀ ਅਸਰ ਸ਼ਕਤੀ ਤੇ ਅਸਰ ਘੇਰਾ ਇਸ ਧਰਤੀ ਉਪਰ ਪਹਿਲਾਂ ਹੋਏ ਕਿਸੇ ਵੀ ਇਨਕਲਾਬ ਨਾਲੋਂ ਕਿਤੇ ਵੱਧ ਹੋਣਾ; ਜਿਵੇਂ ਮੈਂ ਮੇਰ਼ੀ ਪਿਛਲੀ ਗੱਲਬਾਤ ਦੌਰਾਨ ਕਿਹਾ ਸੀ ਕਿ ਇਸ ਇਨਕਲਾਬ ਨਾਲ “ਆਦਮੀ ਨੇ ਸੂਚਨਾ ਯੁਗ ਵਿਚ ਦਾਖਲ ਹੋ ਜਾਣਾ ਤੇ ਸਾਰੀ ਦੁਨੀਆਂ ਨੇ ਇਕ ਪਿੰਡ ਵਿਚ ਬਦਲ ਜਾਣਾ। ਜੇ ਤੁਸੀਂ ਇਸ ਪਿੰਡ ਵਿਚ ਕਮਲ ਕੁੱਟਿਆ ਤਾਂ ਉਹਦੀ ਭੰਡੀ ਇਕ ਗਲੀ ਵਿਚ ਜਾਂ ਪਿੰਡ ਦੇ ਇਕ ਪਾਸੇ ਨਹੀਂ ਹੋਣੀ ਸਗੋਂ ਸਾਰੇ ਸੰਸਾਰ ਵਿਚ ਹੋਣੀ ਆਂ।” ਇਸ ਯੁਗ ਦੇ ਹਾਣ ਦਾ ਹੋਣ ਲਈ ਪੰਜਾਬੀ ਬੰਦੇ ਨੂੰ ਆਪਣੀ ਮਾਨਸਿਕਤਾ ਵਿਚ ਝੂਲ ਰਹੀਆਂ ਰਜਵਾੜਾਸ਼ਾਹੀ ਦੀਆਂ ਕਲਗੀਆਂ ਤੇ ਨੱਚ ਰਹੀਆਂ ਗ਼ੁਲਾਮੀ ਦੀਆਂ ਪੂਛਾਂ ਦੋਵਾਂ ਵਿਰੁਧ ਇਕ ਲੜਾਈ ਲੜਨੀ ਪੈਣੀ ਆਂ। ਮੇਰੀ ਕਵਿਤਾ ਦੇ ਗ਼ਦ ਦਾ ਇੱਕ ਲਕਸ਼ ਆ ਇਸ ਲੜਾਈ ਲਈ ਪੰਜਾਬੀ ਬੰਦੇ ਨੂੰ ਉਤਸ਼ਾਹਤ ਕਰਨਾ, ਮੇਰੇ ਸਮੇਤ।

? ਸੰਨ 2004 ਵਿੱਚ ‘ਚੇਤਨਾ ਪ੍ਰਕਾਸ਼ਨਾ’ ਵਲੋਂ ਤੁਹਾਡੇ ਕਾਵਿ-ਸੰਗ੍ਰਹਿ ‘ਭੂਤ ਨਗਰੀ’ ਦੀ ਪ੍ਰਕਾਸ਼ਨਾ ਤੋਂ ਬਾਅਦ ਤੁਹਾਡੀ ਅਗਲੀ ਕਿਤਾਬ ਪ੍ਰਕਾਸ਼ਤ ਹੁੰਦੀ ਹੈ 2020 ਵਿੱਚ, ਪੰਜਾਬ ਪੀਪਲਜ਼ ਫ਼ੋਰਮ ਵਲੋਂ, ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ (ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ)’, ਗ਼ਦ ਦੇ ਖ਼ੇਤਰ ‘ਚੇ, ਪਰ ਕਵਿਤਾ ਦੀ ਕੋਈ ਕਿਤਾਬ 2004 ਤੋਂ ਬਾਅਦ ਅਜੇ ਤੱਕ ਵੀ ਨਹੀਂ ਆਈ, ਭਾਵੇਂ ਕਿ ਤੁਹਾਡੀਆਂ ਨਵੀਂਆਂ ਕਵਿਤਾਵਾਂ ਇੱਧਰ ਉੱਧਰ ਛਪਦੀਆਂ ਰਹਿੰਦੀਆਂ ਨੇ। ਕਿਤਾਬੀ ਰੂਪ ਵਿੱਚ ਕਾਵਿ-ਸੰਗ੍ਰਹਿ ਪ੍ਰਕਾਸ਼ਨਾ ਤੋਂ ਇੰਨੀ ਲੰਬੀ ਛੁੱਟੀ ਦਾ ਕਾਰਣ?
——ਗ਼ਦ ਦੀ ਕਿਤਾਬ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ (ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ)’ ਤਾਂ ਪ੍ਰਕਾਸ਼ਤ ਹੋ ਗਈ ਕਿਉਂਕਿ ਉਹਨੂੰ ‘ਅਸਲੀ ਪ੍ਰਕਾਸ਼ਕ’ ਲੱਭ ਪਿਆ ‘ਪੰਜਾਬ ਪੀਪਲਜ਼ ਫ਼ੋਰਮ’ ਦੇ ਰੂਪ ਵਿੱਚ। ਕਵਿਤਾ ਲਿਖਣੀ ਵੀ ਬੰਦ ਨਹੀਂ ਹੋਈ। ਤਿੰਨ ਕਾਵਿ ਸੰਗ੍ਰਿਹਾਂ ਦੇ ਖਰੜੇ ਤਿਆਰ ਪਏ ਨੇ ਪ੍ਰਕਾਸ਼ਤ ਹੋਣ ਲਈ: ਖੁੱਲ੍ਹੀ ਕਵਿਤਾ ਦਾ, ਪ੍ਰਗੀਤਕ ਲਗੂ ਕਵਿਤਾ, ਤੇ ਪ੍ਰਗੀਤਕ ਆਮ-ਆਕਾਰ ਕਵਿਤਾ ਦਾ। ਜਦੋਂ ਇਨ੍ਹਾਂ ਕਾਵਿ ਸੰਗ੍ਰਿਹਾਂ ਲਈ ਕੋਈ ‘ਅਸਲੀ ਪ੍ਰਕਾਸ਼ਕ’ ਮਿਲ ਗਿਆ ਤਾਂ ਜ਼ਰੂਰ ਪ੍ਰਕਾਸ਼ਤ ਹੋਣਗੇ; ‘ਪੀਪਲਜ਼ ਫ਼ੋਰਮ’ ਵਾਲਿਆਂ ਦੇ ਪ੍ਰਕਾਸ਼ਕੀ ਘੇਰੇ ਵਿੱਚ ਕਵਿਤਾ ਆਮ ਤੌਰ ‘ਤੇ ਨਹੀਂ ਆਉਂਦੀ।

? ‘ਅਸਲੀ ਪ੍ਰਕਾਸ਼ਕ’ ਤੋਂ ਤੁਹਾਡਾ ਕੀ ਮਤਲਬ?
——ਪੰਜਾਬੀ ਵਿੱਚ ਆਮ ਲੇਖਕਾਂ ਲਈ ਬਾਹਲੇ, ਜੇ ਸਾਰੇ ਨਹੀਂ, ਤਥਾ-ਕਥਿਕ ਪ੍ਰਕਾਸ਼ਕ ਅਸਲੋਂ ‘ਮਹਿੰਗੇ’ ਵਾਲੇ ਛਾਪਕ ਹੀ ਹੁੰਦੇ ਨੇ ਜੋ ਪ੍ਰਕਾਸ਼ਕ ਹੋਣ ਦਾ ਢੌਂਗ ਰਚਾ ਕੇ ਲੇਖਕ ਕੋਲੋਂ ਪੇਸੇ ਭੋਟ ਕੇ ‘ਮਹਿੰਗੇ’ ਭਾਅ ‘ਉਹਦੇ ਹਿੱਸੇ ਦੀਆਂ’ ਕਿਤਾਬ ਦੀਆਂ ਕਾਪੀਆਂ ਛਪਾ ਕੇ “ਆ ਕੇ ਚੁੱਕ ਲੈ ਜਾਓ” ਦਾ ਸੁਨੇਹਾ ਘੱਲ ਦਿੰਦੇ ਆ, ਪਰ ਪਾਠਕ ਤੱਕ ਕਿਤਾਬ ਪਹੁੰਚਾਉਣ ਲਈ ਕੋਈ ਗੰਭੀਰ ਜਾਂ ਅਸਰਦਾਇਕ ਯਤਨ ਤੱਕ ਵੀ ਨਹੀਂ ਕਰਦੇ। ਐਸੇ ‘ਨਕਲੀ ਪ੍ਰਕਾਸ਼ਕ’ ਕਿਸੇ ਵੀ ਲੇਖਕ ਦੀ ਕੋਈ ਵੀ ਕਿਤਾਬ ਛਾਪ ਦੇਣਗੇ ਕਿਉਂਕਿ ਉਨ੍ਹਾਂ ਨੇ ਛਪਾਈ ਵਿੱਚ ਹੀ ਮੁਨਾਫ਼ਾ ਕਮਾਉਣਾ ਹੁੰਦਾ ਹੈ, ਲੇਖਕ ਤੋਂ ਉਗਾਰਾਹੇ ਪੈਸਿਆਂ ‘ਚੋਂ, ਕਿਤਾਬ ਪਾਠਕਾਂ ਤੱਕ ਤਾਂ ਪਹੁੰਚਾਉਂਣੀ ਹੀ ਨਹੀਂ ਹੁੰਦੀ। ਪਹੁੰਚਾਉਂਦੇ ਵੀ ਨੇ, ਪਰ ਕੇਵਲ ਆਪਣੇ ਚਹੇਤੇ ਲੇਖਕਾਂ ਦੀਆਂ ਕਿਤਾਬਾਂ ਹੀ, ਬਾਕੀ ਲੇਖਕਾਂ ਨੂੰ ਲੁੱਟਦੇ ਨੇ ਆਪਣੀ ਪ੍ਰਾਕਾਸ਼ਕੀ ਦੇ ਨਾਂ ਉੱਤੇ। ਇਹਦੇ ਉਲਟ, “ਅਸਲੀ ਪ੍ਰਕਾਸ਼ਕ” ਦੇ ਕੁਝ ਅਸੂਲ ਹੁੰਦੇ ਨੇ। ਉਹ ਐਸੀ ਕਿਤਾਬ ਹੀ ਛਾਪੇਗਾ ਜੋ ਉਹਦੇ ਜਾਂ ਪ੍ਰਕਾਸ਼ਨਾ ਦੇ ਅਸੂਲਾਂ ਤੇ ਗੁਣਵੱਤਾ ਪੱਧਰ ‘ਤੇ ਪੂਰੀ ਉੱਤਰਦੀ ਹੋਵੇ, ਤੇ ਪਾਠਕਾਂ ਤੱਕ ਪਹੁੰਚਾ ਕੇ ਉਹ ਘੱਟੋ ਘੱਟ ਕਿਤਾਬ-ਛਪਾਈ ਖ਼ਰਚਾ ਕੱਢ ਸਕੇ। ਮਿਸਾਲ ਵਜੋਂ, ‘ਪੰਜਾਬ ਪੀਪਲਜ਼ ਫ਼ੋਰਮ’ ਵਾਲਿਆਂ ਮੇਰੇ ਕੋਲੋਂ ਇੱਕ ਵੀ ਪੈਸਾ ਵਸੂਲ ਕੀਤੇ ਬਗ਼ੈਰ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ (ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ)’ ਕਿਤਾਬ ਛਾਪ ਕੇ ਪਾਠਕਾਂ ਪਹੁੰਚਾਈ ਤੇ ਸੰਭਾਵਿਕ ਪਾਠਕਾਂ ਲਈ ਉਪਲੱਬਧ ਕਰਵਾਈ। ਇਹਨੂੰ ਕਹਿੰਦੇ ਨੇ “ਅਸਲੀ ਪ੍ਰਕਾਸ਼ਕ”। ਹੋਰ ਅਸਲੀ ਪ੍ਰਕਾਸ਼ਕਾਂ ਦੀ ਮੇਰੀ ਲਿਸਟ ਵਿੱਚ ਸ਼ਾਮਲ ਨੇ ਜਿਹਨਾਂ ਮੇਰੀਆਂ ਕਿਤਾਬਾਂ ਪ੍ਰਕਾਸ਼ਤ ਕੀਤੀਆਂ: ਭਾਅ ਜੀ ਗੁਰਸ਼ਰਨ ਸਿੰਘ ਹੁਣਾਂ ਦੀ ‘ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ’, ਪਲਸ ਮੰਚ ਪ੍ਰਕਾਸ਼ਨ, ਸੁਰਖ ਰੇਖਾ ਪ੍ਰਕਾਸ਼ਨ, ਤੇ ਸ਼ਹੀਦ ਪ੍ਰਕਾਸ਼ਨ।

? ਅੱਜਕੱਲ੍ਹ ਕੀ ਲਿਖ ਰਹੇ ਉਂ?
——ਕਵਿਤਾ ਲਿਖਣ ਦਾ ਕੰਮ ਤਾਂ ਚੱਲਦਾ ਈ ਰਹਿੰਦਾ ਹੌਲੀ ਹੌਲੀ, ਇਹ ਕਿਹੜੀ ਕਿਸੇ ਨੂੰ ਪੁੱਛ ਕੇ ਆਉਂਦੀ ਆ। ਹੋਰ, ਮਿੱਥ ਕੇ ਕਰਨੇ ਵਾਲੇ ਦੋ ਪ੍ਰੋਜੈਕਟ ਆ ਮਨ ਵਿੱਚ, ਅੱਜ-ਭਲਕ। ਇੱਕ ਕਾਵਿ-ਨਾਟ, ਜਾਂ ਕਹਿ ਲਓ ਓਪੇਰਾ, ਕੁਦਰਤ ਬਾਰੇ, ਜਿਸ ਵਿੱਚ ਦਿਖ਼ਾਇਆ ਜਾਏਗਾ ਕਿ ਕਿੰਝ ਕੁਦਰਤ ਹੀ ਕਾਦਰ ਆ, ਯਾਣਿ “ਸਤਿਨਾਮੁ ਕਰਤਾ ਪੁਰਖੁ” ਆ, ਤੇ ਇਹਨੂੰ ਕੀ ਤੇ ਕਿਵੇਂ ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਤੇ ਗੁਰ ਪ੍ਰਸਾਦਿ ਬਣਾਉਂਦੇ ਨੇ। ਦੂਸਰਾ ਪ੍ਰੋਜੈਕਟ ਆ ਗ਼ਦ ਵਿੱਚ, ਤਰਕਸ਼ੀਲਤਾ ਤੇ ਵਿਗਿਆਨਕ ਤਰਕ ਵਿਧਾਨ ਸੰਗ ਆਮ ਪਾਠਕ ਨੂੰ ਲੈਸ ਕਰਦੀ ਕਿਤਾਬ ਲਿਖਣ ਦਾ, ਤਾਂ ਜੋ ਪਾਠਕ ਤਰਕਹੀਣ ਜਾਂ ਖ਼ੋਟੇ ਤਰਕ ਦੇ ਅਧਾਰਿਤ ਪਰਚਾਰ ਤੋੰ ਆਪਣੀ ਰਾਖੀ ਕਰ ਸਕੇ ਅਤੇ ਖ਼ੁਦ ਵਿਗਿਆਨਕ ਤਰਕ ਵਿਧਾਨ ਦੇ ਆਧਾਰ ‘ਤੇ ਖ਼ਰੀਆ ਦਲੀਲਾਂ ਨੂੰ ਉਸਾਰ ਕੇ ਵਿਚਾਰਾਂ ਨੂੰ ਉਸਾਰ, ਅਪਨਾ, ਜਾਂ ਠੁਕਰਾ ਸਕੇ।

? ‘ਕੁਦਰਤ’ ਤੁਹਾਡੇ ਹੁਣ ਦੇ ਕਾਵਿ ਵਿੱਚ ਕਾਫ਼ੀ ਆਉਂਦੀ ਹੈ। ਪੰਜਾਬੀ ਕਵਿਤਾ ਵਿੱਚ ਹੁਣ ਤੱਕ ਆਮ ਤੌਰ ‘ਤੇ ‘ਕੁਦਰਤ’ ਵਿਸ਼ੇ ਉੱਪਰ ਧਰਮਿਕ ਜਾਂ ਅਧਿਆਤਮਿਕਵਾਦੀ ਜਾਂ ਇਨ੍ਹਾਂ ਰੰਗਾਂ ਵਾਲੀ ਕਵਿਤਾ ਹੀ ਭਾਰੂ ਰਹੀ ਹੈ, ਨਾ ਕਿ ਪ੍ਰਗਤੀਸ਼ੀਲ ਕਵਿਤਾ। ਸਵਾਲ ਪੁੱਛਣਾ ਬਣਦਾ ਕਿ ਅਧਿਆਤਮਿਕਵਾਦੀ ਕਵਿਤਾ ਵਿੱਚਲੀ ‘ਕੁਦਰਤ’ ਤੇ ਤੁਹਾਡੀ ਕਾਵਿ ਦੀ ‘ਕੁਦਰਤ’ ਵਿੱਚ ਜੇ ਕੋਈ ਫਰਕ ਹੈ, ਤਾਂ ਉਹ ਕੀ ਹੈ?
—— ਪੰਜਾਬੀ ਪ੍ਰਗਤੀਸ਼ੀਲ ਕਵਿਤਾ ਵਿੱਚ ‘ਕੁਦਰਤ’ ਐਨੀ ਸ਼ਾਮਲ ਨਹੀਂ, ਕਿਉਂਕਿ ਪੰਜਾਬੀ ਵਿੱਚ ਹੋਰਨਾਂ ਵਾਂਗ ਬਾਹਲੇ, ਜੇ ਸਾਰੇ ਨਹੀ, ਪ੍ਰਗਤੀਸ਼ੀਲ ਕਵੀ ਵੀ ਬਹੁਤੇ ਜਾਂ ਥੋੜੇ ਭੂਤੀਮੁੱਖੀ ਸੋਚ ਤੇ ਪਹੁੰਚ ਦੇ ਸ਼ਿਕਾਰ ਰਹੇ ਨੇ, ਨਾ ਕਿ ਉੱਨੇ ਵਿਗਿਆਨਕ ਸੋਚ ਤੇ ਪਹੁੰਚ ਦੇ। ਆਮ ਤੌਰ ‘ਤੇ ਅਸੀਂ ਪ੍ਰਤੀਬੱਧਤਾ ਦੀ ਘਾਟ ਕਾਰਨ ਵਿਗਿਆਨ ਤੇ ਵਿਗਿਆਨਕ ਸੋਚ ਪ੍ਰਤੀ ਦਕੀਆਨੂਸੀ ਪਹੁੰਚ ਅਪਨਾਉਂਦੇ ਰਹੇ ਆ; ਮਿਸਾਲ ਵਜੋਂ ਵਿਗਿਆਨੀ ਹੋਣ ਦੇ ਬਾਵਜੂਦ, ਆਪਣੀ ਪੰਜਾਬੀ ਕਵਿਤਾ ਵਿੱਚ ਪ੍ਰੋਃ ਪੂਰਨ ਸਿੰਘ ਦੀ ਲਾਗੂ ਸੋਚ ਤੇ ਪਹੁੰਚ ਜ਼ਿਆਦਾਤਰ ਭੂਤਮੁੱਖੀ ਤੇ ਜੜ੍ਹਤਾਬੰਦ ਸੀ/ਹੈ। ਬਾਕੀ, ਅਧਿਆਤਮਿਕਵਾਦੀ ਤੇ ਮੇਰੇ ਕਾਵਿ ਵਿੱਚਲੀ ‘ਕੁਦਰਤ’ ਵਿਚਾਲੇ ਕੀ ਫਰਕ ਹੈ? ਮੇਰੇ ਕਾਵਿ ਵਿੱਚਲੀ ਕੁਦਰਤ ਉਹ ਹੈ ਜਿਹਦੇ ਭੇਤ ਖੋਲ੍ਹਦੇ ਨਿਯਮਾਂ ਨੂੰ ਖੋਜਦਿਆਂ ਖੋਜਦਿਆਂ ਵਿਗਿਆਨੀਆਂ ਨੇ ਵਿਗਿਆਨ ਦਾ ਇਤਿਹਾਸ ਰਚਿਆ ਹੈ; ਇਹ ਕੁਦਰਤ ਮਾਦੇ ਤੇ ਊਰਜਾ ਦਾ ਇੱਕ ਸਵੈ-ਸਿਰਜਿਕ, ਸਵੈ-ਨਾਸ਼ਿਕ, ਤੇ ਸਵੈ-ਚਾਲਿਕ ਢਾਂਚਾ ਹੈ, ਜਿਹਨੂੰ ਕਿਸੇ ਸਿਰਜਨਹਾਰ ਤੇ ਡਰਾਈਵਰ, ਯਾਣਿ ਕਾਦਰ, ਦੀ ਜਰੂਰਤ ਨਹੀਂ; ਇਹਦੇ ਨਿਯਪ ਹੀ ਇਹਦੇ ਕਾਦਰ ਨੇ, ਤੇ ਨਿਯਮ ਹੀ ਕਾਦਰ, ਯਾਨਿ ਕਰਤਾ-ਪੁਰਖੁ, ਨੂੰ ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਤੇ ਗੁਰ ਪ੍ਰਸਾਦਿ ਬਣਾਉਂਦੇ ਨੇ, ਮਿਸਾਲ ਵਜੋਂ ਜਿੱਦਾਂ ਮੈਂ ਆਪਣੀ ਕਵਿਤਾ ‘ਵਿਗਿਆਨ ਦਾ ਮੂਲਮੰਤਰ’ ਵਿੱਚ ਬਿਆਨਿਆ ਹੈ, ਤੇ ਜਿੱਦਾਂ ਇਹਦਾ ਵਰਣਨ ਆਪਣੀ ਕਿਤਾਬ “ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ: ਯੂਰਪੀਅਨ ਰੇਨੇਸਾਂਸ ਦੇ ਪ੍ਰਸੰਗ ਵਿੱਚ” ਦੇ ਇੱਕ ਪੂਰੇ ਅਧਿਆਏ “ਪੰਜਾਬ ਜਾਗਰਤੀ ਲਹਿਰ ਵਿਗਿਆਨ ਦੀ ਸਰਦਲ ‘ਤੇ: ਕੀ ਗੁਰਬਾਣੀ ਤੇ ਵਿਗਿਆਨ ਦਾ ਮੂਲ ਮੰਤਰ ਇੱਕੋ ਹੀ?” ਵਿੱਚ ਕੀਤਾ ਆ। ਵਿਗਿਆਨੀਆਂ ਵਲੋਂ ਇਨ੍ਹਾਂ ਨਿਯਮਾਂ ਦੀਆਂ ਖੋਜਾਂ ਦੇ ਆਧਾਰ ‘ਤੇ ਹੀ ਮਨੁੱਖ ਗੁਫ਼ਾਵਾਂ/ਜੰਗਲਾਂ ਦੇ ਪੱਥਰ ਯੁੱਗ ਤੋਂ ਅਜੋਕੇ ਆਧੁਨਿਕ ਯੁੱਗ ਤੱਕ ਪਹੁੰਚ ਸਕਿਆਂ ਹੈ। ਇਸ ਤਰ੍ਹਾਂ ਧਰਤੀ ‘ਤੇ ਮਨੁੱਖਤਾ ਦਾ ਪੱਥਰ ਯੁੱਗ ਤੋਂ ਅਜੋਕੇ ਆਧੁਨਿਕ ਯੁੱਗ ਤੱਕ ਦਾ ਇਤਿਹਾਸ ਸਿਰਜਨ ਵਿੱਚ ਤਿੰਨ ਚੀਜ਼ਾਂ ਦਾ ਮੁੱਖ ਰੋਲ ਰਿਹਾ ਹੈ: ਕੁਦਰਤ ਦੇ ਨਿਯਮ, ਵਿਗਿਆਨ, ‘ਤੇ ਕਿਰਤ।

? ਮੈਗਜ਼ੀਨ ‘ਹੁਣ’ ਦੇ ਜਨਵਰੀ-ਅਪ੍ਰੈਲ 2024 ਅੰਕ ‘ਬੁੱਢਾਪਾਨਾਮਾ’ ਸ਼ੀਰਸ਼ੱਕ ਤਹਿਤ ਤੁਹਾਡੀਆਂ ਬੁੱਢਾਪੇ ਤੇ ਰਿਟਾਇਰਮੈਂਟ ਉੱਪਰ ਕਵਿਤਾਵਾਂ ਪੜ੍ਹੀਆਂ ਤਾਂ ਖਿਆਲ ਆਇਆ ਕਿ ਤੁਹਾਡੇ ਹੁਣ ਦੇ ਕਾਵਿ ਵਿੱਚ ਵਿਸ਼ਿਆਂ ਦਾ ਘੇਰਾ ਬੜਾ ਵਿਸ਼ਾਲ ਹੁੰਦਾ ਜਾ ਰਿਹਾ; ਕੁਦਰਤ, ਬ੍ਰਹਿਮੰਡ, ਵਿਕਾਸਵਾਦ, ਇਤਿਹਾਸ, ਭੂਤਮੁੱਖੀ ਸੋਚ ਤੇ ਪਹੁੰਚ, ਮਾਨਸਿਕ ਗੁਲਾਮੀ, ਮਨੁੱਖਵਾਦ, ਮਨੁੱਖ ਦੀ ਮਨੁੱਖ ਹੋਥੋਂ ਲੁੱਟ-ਖਸੁੱਟ, ਪਰਵਾਸਵਾਦ, ਆਦਿ ਤੇ ਇਨ੍ਹਾਂ ਦੇ ਉਪ ਵਿਸ਼ੇ। ਕਾਵਿ ਵਿਸ਼ਿਆਂ ਦੇ ਘੇਰੇ ਦੀ ਇਸ ਵਿਸ਼ਾਲਤਾ ਦਾ ਰਾਜ਼?
—- ਜਿਵੇਂ ਮੈਂ ਪਹਿਲਾ ਕਿਹਾ, ਧਰਤੀ ‘ਤੇ ਮਨੁੱਖਤਾ ਦਾ ਪੱਥਰ ਯੁੱਗ ਤੋਂ ਅਜੋਕੇ ਆਧੁਨਿਕ ਯੁੱਗ ਤੱਕ ਦਾ ਇਤਿਹਾਸ ਸਿਰਜਨ ਵਿੱਚ ਤਿੰਨ ਚੀਜ਼ਾਂ ਦਾ ਮੁੱਖ ਰੋਲ ਰਿਹਾ ਹੈ: ਕੁਦਰਤ ਦੇ ਨਿਯਮ, ਵਿਗਿਆਨ, ‘ਤੇ ਕਿਰਤ। ਜਦ ਬੰਦੇ ਨੂੰ ਕੁਦਰਤ ਦਾ ਚਸਕਾ ਲੱਗ ਜਾਵੇ, ਤਾਂ ਕੁਦਰਤ ਵਿੱਚ ਤਾਂ, ਇਸ ਸੂਰਜ ਥੱਲੇ ਦੇ ਹੀ ਨਹੀਂ, ਬ੍ਰਹਿਮੰਡ ਵਿੱਚਲੇ ਸਾਰੇ ਵਿਸ਼ੇ ਆ ਜਾਂਦੇ ਨੇ। ਵਿਗਿਆਨ ਤੇ ਮਨੁੱਖੀ ਕਿਰਤ ਨੂੰ ਹਾਈਲਾਈਟ ਕਰਕੇ ਤਾਂ ਵਿਸ਼ਿਆਂ ਦੇ ਘੇਰੇ ਦਾ ਆਕਾਰ ਬੇਅੰਤਤਾ ਨੂੰ ਪਹੁੰਚ ਜਾਂਦਾ ਆ। ਵਿਸ਼ਿਆਂ ਦੀ ਬੇਅੰਤਤਾ ਦੇ ਸਮੁੰਦਰ ਵਿੱਚੋਂ ਮੈਂ ਤਾਂ ਅਜੇ ਬੂੰਦ ਭਰ ਵਿਸ਼ੇ ਵੀ ਨਹੀਂ ਛੋਹੇ; ਪਰ ਤੁਹਾਡੀ ਫ਼ਿਰਾਕ-ਦਿਲੀ ਲਈ ਸ਼ੁਕਰੀਆ, ਸੋਢੀ ਜੀ।

? ਤੁਹਾਡੀ ਪਿਛਲੀ ਗੱਲਬਾਤ ਦੋਰਾਨ “ਅੱਜਕੱਲ੍ਹ ਕੀ ਲਿਖ ਰਹੇ ਉਂ?” ਦੇ ਜੁਆਬ ਵਿੱਚ ਤੁਸੀਂ ਕਿਹਾ ਸੀ, “ਕਿਤਾਬ ‘ਭੂਤ ਨਗਰੀ’ ਛਪਣ ਲਈ ਤਿਆਰ ਪਈ ਆ। ਇਕ ਨਾਵਲ ‘ਕਲਗੀ’ ਛੇਤੀ ਹੀ ਛਪਣ ਲਈ ਤਿਆਰ ਹੋਣ ਵਾਲਾ।” ਕਾਵਿ ਸੰਗ੍ਰਹਿ ‘ਭੂਤ ਨਗਰੀ’ ਤਾਂ ‘ਚੇਤਨਾ ਪ੍ਰਕਾਸ਼ਨ’ ਵਲੋਂ ਪ੍ਰਕਾਸ਼ਤ ਹੋ ਗਿਆ ਸੀ, ਪਰ ਨਾਵਲ ‘ਕਲਗੀ’ ਨਹੀਂ ਦਿਸਿਆ ਕਿਤੇ; ਇਸ ਕਿਸ ਵਿਸ਼ੇ ਬਾਰੇ ਹੈ?
——ਤੁਸੀਂ ਠੀਕ ਓਂ, ਸੋਢੀ ਜੀ, ‘ਕਲਗੀ’ ਲਿਖਿਆ ਪਿਆ ਕਦੋਂ ਦਾ ਹੀ, ਪਰ ਅਜੇ ਪ੍ਰਕਾਸ਼ਤ ਨਹੀਂ ਹੋਇਆ। ਮੇਰੀ ਹਰ ਰਚਨਾ ਨੂੰ ਮੇਰਾ ਖ਼ੁਦ ਲਗਾਇਆ ਮਿਆਰ ਪਾਸ ਕਰਨਾ ਪੈੰਦਾ, ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਪ੍ਰਕਾਸ਼ਤ ਹੋਣ ਲਈ ਭੇਜ ਸਕਾਂ। ‘ਕਲਗੀ’ ਦੇ ਦੋ ਸੰਸਕਰਨ, ਯਾਣਿ ਵਰਜ਼ਨ, ਲਿਖ ਚੁੱਕਿਆ, ਪਰ ਅਜੇ ਗੱਲ ਬਣੀ ਨਹੀਂ। ਵਿਸ਼ਾ? ਇਹ ਨਾਵਲ ਉੱਨੀ ਸੌ 70ਵਿਆਂ ਦੇ ਪੰਜਾਬ ਵਿੱਚ ਚੱਲਦੀ ਇਨਕਲਾਬੀ ਲਹਿਰ ਵਿੱਚੀਂ ਲੰਘਦੇ ਨਿਆਣੇ ਨੌਜਵਾਨ ਦੀ ਕਹਾਣੀ ਦੱਸਦਾ ਜਾਂ ਇਹ ਕਹਿ ਲਓ ਕਿ ਲਹਿਰ ਦੀ ਕਹਾਣੀ ਉਸ ਨੌਜਵਾਨ ਦੇ ਦ੍ਰਿਸ਼ਟੀਕੋਣ ਤੋਂ।

? ਉਵੇਂ ਤਾਂ ਭਾਵੇਂ ਹਰ ਲੇਖਕ ਦਾ ਸਮੇਂ ਦੇ ਨਾਲ ਨਾਲ ਵਿਕਾਸ਼ ਹੁੰਦਾ ਰਹਿੰਦਾ, ਪਰ ਫਿਰ ਵੀ ਦਿੱਤੇ ਸਮੇਂ ‘ਤੇ ਹਰ ਲੇਖਕ ਦਾ ਇੱਕ ਕੋਡ ਜਾਂ ਕੁੰਜੀ ਹੁੰਦੀ ਏ, ਜਿਹੜੀ ਉਹਦੇ ‘ਲਿਖਣ ਸੰਸਾਰ’ ਵੱਲ ਨੂੰ ਦਰਵਾਜ਼ਾ ਖੋਹਲ ਸਕਦੀ ਆ। ਜੇ ਮੈੰ ਪੁੱਛਾਂ ਕਿ ਤੁਹਾਡੇ ‘ਲਿਖਣ ਸੰਸਾਰ’ ਦਾ ਕੋਡ ਕੀ ਆ, ਤੇ “ਕੋਡ ਕੋਈ ਨਹੀਂ” ਗਲਤ ਉੱਤਰ ਹੋਵੇ, ਤਾਂ ਤੁਹਾਡਾ ਜੁਆਬ ਕੀ ਹੋਵੇਗਾ?

ਅ-ਹ-ਮ…ਓ ਕੇ…ਕੋਡ:
ਭੇਤ ਜਦ ਉਸ ਦੇ ਲੱਭਣ ਤੁਰਿਆ
ਮੈਂ ਕੁਦਰਤ ਦਾ ਬੰਦਾ,
ਪਰਖ਼ਪੁਰੀ ਦਾ ਜਾਇਆ ਰਾਹੀ
‘ਪਰਖ਼ਾ’ ਨਾਮ ਹੈ ਮੇਰਾ।

ਨਕਸਲਬਾੜੀ ਪੇਕੇ ਮੇਰੇ
ਰੇਨਾਸਾਂਸ ਨੇ ਸਹੁਰੇ,
ਇੰਨਲਾਈਟਨਮੈਂਟ ਦੀ ਲੋਏ ਚੱਲਦਾ
ਹਰ ਕੋਈ ਮੇਰਾ ਡੇਰਾ।

? ਅੰਤ ਵਿਚ ਕੁਝ ਨਿੱਜੀ ਜ਼ਿੰਦਗੀ ਬਾਰੇ ਵੀ ਹੋ ਜਾਏ। ਪਿੱਛੇ ਜਿਹੇ ਸੁਣਿਆ, ਤੁਹਾਡੀ ਸਿਹਤ ਨੂੰ ਕੋਈ ਆਫ਼ਿਤ ਆਣ ਪਈ ਸੀ। ਇਸ ਸਬੰਧ ਵਿੱਚ ਕੁਝ ਸਾਂਝਾ ਕਰਨਾ ਚਾਹੋਗੇ? ਨਿੱਜੀ ਲਹਿਜੇ ਵਿੱਚ ਨਹੀਂ, ਤਾਂ ਤਜ਼ਰਬੇ, ਯਾਨੀ ‘ਕੀ ਸਿੱਖਿਆਂ ਕੀ ਪਾਇਆ’, ਦੇ ਨਜ਼ਰੀਏ ਤੋਂ ਹੀ ਸਹੀ।
——ਕਿਸੇ ਜਮਾਤ ਵਿੱਚ ਫੇਲ੍ਹ, ਯਾਣਿ ਐੱਫ਼ ਗਰੇਡ, ਤੋਂ ਲੈ ਕੇ ਫ਼ਸ਼ਟ ਕਲਾਸ, ਯਾਣਿ ਏ ਗਰੇਡ, ਤੱਕ ਦੇ ਵਿੱਦਆਰਥੀ ਹੁੰਦੇ ਨੇ; ਵਿੱਚ ਵਿਚਾਲੇ ਡੀ, ਸੀ, ਤੇ ਬੀ ਆਦਿ ਗਰੇਡ ਆ ਜਾਂਦੇ ਨੇ। ਇਸੇ ਤਰ੍ਹਾਂ, ਹਰ ਕਿੱਤੇ ਵਿੱਚ ਕਿੱਤਾਕਾਰ ਵੀ ਆਪਣੇ ਕੰਮ ਦੀ ਗੁਣਵੱਤਾ (quality) ਦੇ ਆਧਾਰ ‘ਤੇ ਵੀ ਗਰੇਡ ਐੱਫ ਤੋਂ ਏ ਤੱਕ ਜਾਂਦੇ ਨੇ। ਹੋਇਆ ਇਹ ਕਿ ਕਿਸੇ ਡੀ ਜਾਂ ਸੀ ਗਰੇਡ ਡਾਕਟਰ ਦੁਆਰਾ ਗਲਤ-ਨਿਦਾਨ (misdiagnose) ਜ਼ਰੀਏ ਮੈਂ ਇੱਕ ਸੇਹਤ ਸਮੱਸਿਆ ਵਿੱਚ ਫ਼ਸ ਗਿਆ, ਜਿਸ ਨੇ ਮੇਰੇ ਬੋਲਣ ਗੁਣ ਤੇ ਦਿਮਾਗ਼ ‘ਤੇ ਅਸਰ ਪਾਇਆ। ਮੇਰੀ ‘ਬੋਲਦੀ’ ਬਿੱਲਕੁੱਲ ਬੰਦ ਹੋ ਗਈ, ਤੇ ਪੜ੍ਹਨ ਲਿਖਣ ਗੁਣਾਂ ਦੀ ਸੂਈ ਸਿਫ਼ਰ ‘ਤੇ ਆਣ ਡਿਗੀ। ਇਸ ਕਾਰਣ, ਕਿਉਂਕਿ ਖੋਜ ਤੇ ਅਧਿਆਪਨ ਕੰਮ ਨੂੰ ਬਰੇਕਾਂ ਲੱਗ ਗਈਆਂ, ਮੈਂ ਆਪਣੇ ਦਿਮਾਗ਼ ਨੂੰ ਚੈਲਿੰਜ਼ ਜਾਂ ਰੀਬੂਟ ਕਰਨ ਲਈ ਨਵੇਂ ਵਿਸ਼ੇ ‘ਤੇ ਗਰੇਜੂਏਟ ਡਿਗਰੀ ਸ਼ੁਰੂ ਕਰ ਦਿੱਤੀ: ਮਾਸਟਰ ਇਨ ਬਾਇਓ ਇੰਜਨੀਅਰਿੰਗ। ਇਹ ਸਭ ਤੋਂ ਵਧੀਆ ਥੈਰੇਪੀ ਸਾਬਤ ਹੋਈ ਮੇਰਾ ਦਿਮਾਗ਼ ਰਿਸ਼ਟ-ਪੁਸ਼ਟ ਕਰਨ ਲਈ। ਇਸ ਸਿਹਤ-ਸੰਕਟ ‘ਚੋਂ ਬਾਇਓ ਇੰਜੀਨੀਅਰਿੰਗ ਐੈਮ.ਐਸ.ਸੀ. ਦੀ ਡਿਗਰੀ ਤੇ ਗਿਆਨ ਪ੍ਰਾਪਤ ਕਰਨ ਤੋਂ ਇਲਾਵਾ ਇੱਕ ਹੋਰ ਫ਼ਾਇਦਾ ਹੋਇਆ। ਇਸ ਸੰਕਟ ਤੋਂ ਪਹਿਲਾਂ, ਕੁਝ ਪੰਜਾਬੀ ਸਾਹਿਤਕ ਜਗਤ ਵਿੱਚਲੀ ਸਥਾਪਤੀ, ਸਰਗਰਮੀਆਂ/ਕਾਰਵਾਈਆਂ, ਤੇ ਆਮ ਵਾਤਾਵਰਣ ਹੱਥੋਂ ਬੋਰ ਤੇ ਸਤਿਆ ਹੋਇਆ ਅਤੇ ਕੁਝ ਰੋਜ਼ਾਨਾਂ ਜ਼ਿਦਗੀ ਦੇ ਕੰਮਾਂ ਵਿੱਚ ਮਸ਼ਰੂਫ਼, ਮੈਂ ਪੰਜਾਬੀ ਤੇ ਪੰਜਾਬੀ ਸਾਹਿਤ ਨਾਲੋਂ ਟੁੱਟਦਾ ਟੁੱਟਦਾ ਲੱਗਭਗ ਟੁੱਟ ਹੀ ਚੁੱਕਾ ਸਾਂ। ਪਰ, ਇਸ ਸੰਕਟ ਦੌਰ ਵਿੱਚ ਅੰਗਰੇਜ਼ੀ ਵਾਂਗ ਹੀ ਪੰਜਾਬੀ ਵੀ ਅੱਖਰਾਂ ਤੋਂ ਸ਼ੁਰੂ ਕਰਕੇ ਦੁਬਾਰਾ ਪੜ੍ਹਣ/ਲਿਖਣ/ਬੋਲਣ ਸਿੱਖਣ ਦੇ ਅਭਿਆਸ ਦੌਰਾਨ ਪੰਜਾਬੀ ਤੇ ਪੰਜਾਬੀ ਸਾਹਿਤ ਨਾਲ ਦੁਬਾਰਾ ਜੁੜਣ ਦੀ ਇੱਛਾ ਜਾਗ ਪਈ।

ਇਸ ਸਿਹਤ-ਸੰਕਟ ਦੌਰਾਨ ਮੈਂ ਨਾ ਪੜ੍ਹ, ਨਾ ਲਿਖ, ਤੇ ਨਾ ਬੋਲ ਸਕਦਾ ਸੀ। ਮਾਨੋ ਕੁਦਰਤ ਨੇ ਅੱਖ-ਝਪਾਕੇ ਮੈਂਨੂੰ ਬੰਦ (ਸ਼ੱਟ-ਡਾਊਨ) ਕਰਕੇ ਆਪਣੇ ਲਲਕਾਰੇ ਬੰਦਿਆਂ ਦੀ ਦੁਨੀਆਂ ਵਿੱਚ ਸੁੱਟ ਦਿੱਤਾ ਸੀ, ਦੁਬਾਰਾ ਸ਼ੁਰੂ (ਰੀਬੂਟ) ਹੋਣ ਦੀ ਚੁਨੌਤੀ ਸੰਗ: “ਹੁਣ ਉਠੇਂ ਤਾਂ ਜਾਣਾਂ।” ਕੀ ਸਿੱਖਿਆਂ? ਜੇ ਕੋਈ ਕੁਦਰਤ ਦੇ ਲਲਕਾਰੇ ਬੰਦਿਆਂ ਦੀ ਅਜੇਹੀ ਦੁਨੀਆਂ ਕੋਈ ਡਿਗ ਪਿਆ ਹੋਵੇ ਜਿੱਥੇ ਕੁਦਰਤ ਨੇ ਉਹਨੂੰ ਉੱਠ ਕੇ ਬਾਹਰ ਨਿੱਕਲਣ ਦੀ ਚੁਨੌਤੀ ਦਿੱਤੀ ਹੋਵੇ, ਤਾਂ ਮੈਂ ਆਪਣੇ ਤਜਰਬੇ ਅਧਾਰ ‘ਤੇ ਕਹਾਂਗਾ: ਦੂਸਰਿਆਂ ਤੋਂ ਆਸ ਮੱਤ ਰੱਖੋ ਕਿ ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਉਸ ਡਿਗੀ ਦੁਨੀਆਂ ‘ਚੋਂ ਬਾਹਰ ਆ ਗਏ ਹੋ ਜਾਂ ਕਿੰਨਾਂ ਕੁ। ਇਹ ਫ਼ੈਸਲਾ ਤੇ ਐਲਾਨ ਤੁਹਾਨੂੰ ਆਪਣੇ ਆਪ ਲਈ ਖ਼ੁਦ ਹੀ ਕਰਨਾ ਪਏਗਾ ਅਤੇ ਇਸ ਫ਼ੈਸਲੇ ਤੇ ਐਲਾਨ ਨੂੰ ਆਪਣੀ ਰੋਜ਼ਾਨਾ ਜ਼ਿਦਗੀ ਦੀਆਂ ਗਤੀਵਿਧੀਆਂ ਰਾਹੀਂ ਅਮਲੀ ਤੌਰ ‘ਤੇ ਲਾਗੂ ਕਰਨਾ ਹੋਵੇਗਾ। ਇੱਥੇ ਹੀ ਬੱਸ ਨਹੀਂ; ਇਸ ਫ਼ੈਸਲੇ ਤੇ ਐਲਾਨ ‘ਤੇ ਪਹਿਰਾ ਦਿੰਦੇ ਹੋਏ ਤੁਹਾਨੂੰ ਡਿਗੀ ਦੁਨੀਆਂ ਵਿੱਚ ਨੂੰ ਵਾਪਸ ਧਕੇਲਣ ਦੀਆਂ ਅਚੇਤ ਤੇ ਸੁਚੇਤ ਕੋਸ਼ਿਸ਼ਾਂ/ਸ਼ਕਤੀਆਂ ਨੂੰ ਵੀ ਪਛਾੜਨਾ ਪਏਗਾ, ਆਪਣੀਆਂ ਰੋਜ਼ਾਨਾ ਅਮਲੀ ਜੀਵਨ ਦੀਆਂ ਗਤੀਵਿਧੀਆਂ ਜਾਰੀ ਰੱਖ ਕੇ।

ਜ਼ਿੰਦਗੀ ਜਿੰਦਾਬਾਦ!

? ਜਿੰਦਾਬਾਦ!! ਜਿੰਦਾਬਾਦ!!!
ਸ਼ਾਲਾ ਲੰਬੀ ਸਿਹਤਮੰਦ ਉਮਰ ਹੋਵੇ; ਪਰ ਇਸ ਗੱਲਬਾਤ ਦੇ ਆਖਰੀ ਸ਼ਬਦ?
—- ਤੁਹਾਡੀ ਲੰਬੀ ਸਿਹਤਮੰਦ ਉਮਰ ਦੀ ਦੁਆ, ਸੋਢੀ ਜੀ!

ਜ਼ਿੰਦਗੀ ਦੇ ਇਸ ਸਫ਼ਰ ਵਿੱਚ
ਆਡ ਆਡ ਤੋਂ ਲੈ ਕੇ
ਸਮੁੰਦਰ ਸਮੁੰਦਰ ਤੱਕ ਦਾ ਪਾਣੀ ਡੱਫਿਆ ਹੈ,
ਫਿਰ ਵੀ ਹਰ ਸਫਰ ਦੇ ਹਰ ਅੰਤ ‘ਤੇ
‘ਪਰਖ਼ਿਆ’, ਪਿਆਸ ਤੋਂ ਬਿਨਾਂ ਸਾਡੇ ਕੋਲ
ਕੁਝ ਨਹੀਂ ਬਚਿਆ ਹੈ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1413
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ