24 May 2024

ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦੇ ਗ਼ਜ਼ਲ-ਸੰਗ੍ਰਹਿ “ਬੰਦਗੀ” ਦੀ ਘੁੰਡ-ਚੁਕਾਈ ਮੌਕੇ (ਡਾ.) ਗੁਰਦਿਆਲ ਸਿੰਘ ਰਾਏ ਵੱਲੋਂ ਦੋ ਸ਼ਬਦ—ਲਿਖਾਰੀ ਟੀਮ

ਯੂ.ਕੇ. ਦੇ ਸਕਾਈ ਚੈਨਲ਼ ਪੀ.ਬੀ.ਸੀ.775 ਵਲੋਂ  ਗੁਰਸ਼ਰਨ ਸਿੰਘ ਅਜੀਬ ਦੇ ਗ਼ਜ਼ਲ-ਸੰਗ੍ਰਿਹ  “ਬੰਦਗੀ” ਦੀ ਘੁੰਡ-ਚੁਕਾਈ

ਪੀਬੀਸੀ ਵੇਖ ਰਹੇ ਸੰਸਾਰ ਭਰ ਦੇ ਪੰਜਾਬੀ ਪਿਆਰਿਆ ਨੂੰ —ਗੁਰਦਿਆਲ ਸਿੰਘ ਰਾਏ— ਵੱਲੋਂ ਦਿੱਲ ਦੀਅਾਂ ਗਹਿਰਾਈਅਾਂ ਤੋਂ: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ।।
**
ਪਰਸੰਨਤਾ ਦੀ ਗੱਲ ਹੈ ਕਿ ਅੱਜ ਅਸੀਂ ਬਰਤਾਨੀਅਾ ਵੱਸਦੇ—-ਪੰਜਾਬੀ ਦੇ ਸਿਰ-ਮੌਰ ਗ਼ਜ਼ਲ-ਗੋ— ਸ. ਗੁਰਸ਼ਰਨ ਸਿੰਘ ਅਜੀਬ ਦੇ, ਪੰਜਵੇਂ ਗਜ਼ਲ ਸੰਗ੍ਰਹਿ ‘ਬੰਦਗੀ’ ਦੀ ਘੁੰਡ-ਚੁਕਾਈ ਦੀ ਰਸਮ ਦੇ ਪਰੋਗਰਾਮ ਵਾਸਤੇ ਇਕੱਤਰ ਹੋਏ ਹਾਂ। ਇਸ ਮੌਕੇ ‘ਤੇ ‘ਰਸਮਨ’ ਕੁਝ ਕਹਿਣ ਲਈ ਹਾਜ਼ਰ ਹਾਂ।
***
ਇਹ ਦਰੁਸਤ ਹੈ ਕਿ ਗੁਰਸ਼ਰਨ ਸਿੰਘ ਅਜੀਬ ਨੂੰ ਸ਼ਾਇਰੀ, ਗ਼ਜ਼ਲ ਲਿਖਣ-ਪੜ੍ਹਣ, ਬੋਲਣ ਅਤੇ ਗਾਉਣ ਦਾ ਬਹੁਤ ਪਹਿਲਾਂ ਤੋਂ ਹੀ ਸ਼ੌਕ ਸੀ।

(ਪਰ) ਅੱਜ ਗੁਰਸ਼ਰਨ ਸਿੰਘ ਅਜੀਬ “ਉਮਰ” ਅਤੇ “ਹੁਨਰ” ਦੇ ਜਿਸ ਮੁਕਾਮ ‘ਤੇ ਪੁੱਜ ਕੇ ਬੜੇ ਸਲੀਕੇ ਨਾਲ ਗ਼ਜ਼ਲਾਂ ਦੀ ਪੇਸ਼ਕਾਰੀ ਕਰ ਰਿਹਾ ਹੈ, ਇਸ “ਹੁਨਰ” ਦੀ ਪਰਾਪਤੀ ਲਈ ਉਸ ਨੇ ‘ਉੱਮਰ’ ਗਾਲ਼ੀ ਹੈ।

ਪਿਛਲ-ਝਾਤ ਮਾਰੀਏ ਤਾਂ ‘ਅਜੀਬ’ ਦੇ ਪ੍ਰਗਤੀ-ਪੈਂਡੇ ਵਿਚ, ਸਾਡੀ ਜਾਚੇ, ਕੁਝ ਵਰਤਾਰਿਅਾਂ ਦੀ ਵਿਸ਼ੇਸ਼ ਥਾਂ ਹੈ। ਇਹਨਾਂ ਦਾ ਸੰਖੇਪ ਜ਼ਿਕਰ ਕਰਨਾ ਬਣਦਾ ਹੈ:

ਪਹਿਲਾ ਹੈ (1) “ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਯੂ.ਕੇ ਲੰਡਨ” ਨਾਲ 21-22 ਵਰੵੇ ਜੁੜੇ ਰਹਿਣਾ। (ਕਦੇ ਪ੍ਰਧਾਨ, ਕਦੇ ਜਨਰਲ ਸਕੱਤ੍ਰ ਜਾਂ ਕਦੇ ਆਮ ਮੈਂਬਰ ਦੇ ਰੂਪ ਵਿਚ)। ਇਸ ਸਮੇਂ ਦੌਰਾਨ ਸਾਹਿਤਕਾਰ, ਅਦੀਬ ਮਿਲ ਬੈਠਦੇ ਰਹੇ, ਸਮਾਗਮ-ਕਾਨਫ਼ਰੰਸਾਂ, ਬੈਠਕਾਂ ਹੁੰਦੀਆਂ ਰਹੀਆਂ। ਭਾਰਤ ਪਾਕਿਸਤਾਨ ਤੋਂ ਵੀ ਲਿਖਾਰੀ ਆਉਂਦੇ ਰਹੇ ਅਤੇ ‘ਅਜੀਬ’ ਲਈ ‘ਲਿਖਣ’ ਜ਼ਮੀਨ ਜਰਖ਼ੇਜ਼ ਹੁੰਦੀ ਗਈ।

ਦੂਸਰਾ: ਇਸ ਸਮੇਂ ਹੀ “ਰਚਨਾ” ਮਾਸਕ ਪਰਚੇ ਦੀ ਲਗਪਗ ਦਸ ਕੁ ਸਾਲ ਦੀ ਸੰਪਾਦਨਾ ਕਰਨ ਦਾ ਕਾਰਜ ਲਾਹੇਵੰਦ ਰਿਹਾ। ‘ਰਚਨਾ’ ਦੀ ਸੰਪਾਦਕੀ ਨੇ ‘ਅਜੀਬ’ ਨਾਲ ਸ਼ਬਦਾਂ ਦਾ ਮੇਲ-ਜੋਲ ਵਧਾਇਆ, ਵਿਚਾਰਾਂ ਨੂੰ ਹੋਰ ਗੰਭੀਰ ਕੀਤਾ, ਦੂਜੇ ਲੇਖਕਾਂ ਦੀਆਂ ਰਚਨਾਵਾਂ ਨੂੰ ਪੜ੍ਹਣ ਲਈ ਪ੍ਰਰਿਆ, ਲਿਖਤਾਂ ਘੋਖਣ ਅਤੇ ਵਿਚਾਰਨ ਲਈ ਰਾਹ ਖੋਲ੍ਹੇ।

ਸਮੇਂ ਦੀ ਤੋਰ ਨਾਲ ਗ਼ਜ਼ਲਾਂ ਦੀ ਆਮਦ ਲਈ ਦਰ ਖੁੱਲ੍ਹਣੇ ਆਰੰਭ ਹੋ ਗਏ। ਭਾਵਨਾ ਨੇ ਪੰਖ ਖੋਲ੍ਹੇ। “ਗ਼ਜ਼ਲਾਂ” ਨੇ ਅਜੀਬ ਦੇ ਬੁੱਲ੍ਹਾਂ ‘ਤੇ ਗੁਨਗੁਨਾਉਣਾ ਆਰੰਭਿਆ। ਕਲਮ ਦੀ ਨੋਕ ਨੇ ਪੁਖ਼ਤਾ ਗ਼ਜ਼ਲ ਦੇ ਨਕਸ਼ ਉਭਾਰਨੇ ਸ਼ੁਰੂ ਕਰ ਦਿੱਤੇ। “ਗ਼ਜ਼ਲ” ਦੀ ਪੈਰੀਂ ਪਏ ਘੁੰਗਰੂਆਂ ਨੇ ਤਾਲ ਆਰੰਭ ਦਿੱਤੀ। ਉਸਦੇ ਹਿਰਦੇ ਵਿੱਚੋਂ ਗ਼ਜ਼ਲਾਂ ਨੇ ਛਹਿਬਰ ਲਾ ਦਿੱਤੀ। ਉਸਨੇ, ਗ਼ਜ਼ਲ ਨੂੰ ਆਪਣਾ ਆਪਾ, ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ।

1997 ‘ਚ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਯੂ.ਕੇ. ਲੰਡਨ ਵੱਲੋਂ  “ਬਰਤਾਨਵੀ ਪੰਜਾਬੀ ਗ਼ਜ਼ਲ” ਸੰਗ੍ਰਹਿ ਛਪਿਆ। ਇਸਦੇ ਸੰਪਾਦਕ ਸਨ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਅਤੇ ਗ਼ਜ਼ਲਗੋ/ਕਹਾਣੀਕਾਰ ਸਵਰਗਵਾਸੀ ਗੁਰਨਾਮ ਗਿੱਲ। ਇਸ ਸੰਗ੍ਰਹਿ ਵਿੱਚ “ਭਾਰਤੀ ਤੇ ਪਾਕਿਸਤਾਨੀ ਪੰਜਾਬਾਂ” ਤੋਂ ਆ ਕੇ, ਬਰਤਾਨੀਆ ਵਿਚ ਪੱਕੇ ਤੌਰ ‘ਤੇ ਵਸੇ ਹੋਏ “ਬਰਤਾਨਵੀ ਪੰਜਾਬੀ ਗ਼ਜ਼ਲਕਾਰਾਂ” ਦੀਆਂ ਗ਼ਜ਼ਲਾਂ ਸ਼ਾਮਲ ਸਨ। ਇਹ ਸੰਗ੍ਰਹਿ ਸ਼ਾਹਮੁਖੀ ਤੇ ਗੁਰਮੁਖੀ ਲਿਪੀ ਵਿਚ ਸੀ।

ਇਸ ਸੰਗ੍ਰਹਿ ਉਪਰੰਤ ਲਗਪਗ ਗਿਆਰਾਂ ਸਾਲ ਬਾਅਦ 2008 ਵਿਚ “ਕੂੰਜਾਂਵਲੀ” (120 ਗ਼ਜ਼ਲਾਂ), ਛੇ ਸਾਲ ਉਪਰੰਤ 2014 ਵਿਚ “ਪੁਸ਼ਪਾਂਜਲੀ” (189 ਗ਼ਜ਼ਲਾਂ), ਚਾਰ ਸਾਲ ਬਾਅਦ 2018 ਵਿਚ “ਗ਼ਜ਼ਲਾਂਜਲੀ” (312 ਗ਼ਜਲਾਂ ), ਤਿੰਨ ਸਾਲ ਉਪਰੰਤ 2021 ਵਿਚ “ਰਮਜ਼ਾਂਵਲੀ” (256 ਗ਼ਜ਼ਲਾਂ) ਗ਼ਜ਼ਲ ਸੰਗ੍ਰਹਿ ਆਏ। “ਪੁਸ਼ਪਾਂਜਲੀ’ ਗ਼ਜ਼ਲ ਸੰਗ੍ਰਹਿ ਸ਼ਾਹਮੁਖੀ ਵਿਚ ਵੀ ਛੱਪਿਅਾ।

ਹੁਣ ‘ਬੰਦਗੀ’ ਗ਼ਜ਼ਲ ਸੰਗ੍ਰਹਿ, ਗੁਰਸ਼ਰਨ ਸਿੰਘ ਅਜੀਬ ਦਾ 176 ਗ਼ਜ਼ਲਾਂ ਦਾ ਨਵਾਂ ‘ਤੇ ਪੰਜਵਾਂ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ। ਦੋ ਹੋਰ ਗ਼ਜ਼ਲ ਸੰਗ੍ਰਹਿ ਵੀ ਤਿਆਰੀ ਅਧੀਨ ਹਨ।

ਉਸਤਾਦ ਗ਼ਜ਼ਲ-ਗੋ ਗੁਰਸ਼ਰਨ ਸਿੰਘ ਅਜੀਬ ਨੇ ਹੁਣ ਤੱਕ 2,000 ਦੇ ਕਰੀਬ ਗ਼ਜ਼ਲਾਂ ਨਾਲ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਮਾਲਾ-ਮਾਲ ਕੀਤਾ ਹੈ। ਉਸਦੀਅਾਂ ਬਹੁਤ ਸਾਰੀਅਾਂ ਗ਼ਜ਼ਲਾਂ ਨੂੰ ਸੰਗਿਤਕਾਰਾਂ ਨੇ ਗਾਇਆ ਵੀ ਹੈ।
***
ਗ਼ਜ਼ਲ-ਗੋ ਗੁਰਸ਼ਰਨ ਸਿੰਘ ਅਜੀਬ ਦਾ ਪੱਕੀ ਤਰ੍ਹਾਂ ਮੰਨਣਾ ਹੈ ਕਿ ‘ਗ਼ਜ਼ਲ’ ਕਹਿਣ ਲਈ ‘ਇਲਮ-ਏ-ਅਰੂਜ਼’ ਸਿੱਖਣਾ ਬੇਹੱਦ ਜ਼ਰੂਰੀ ਹੈ। ਜਿਸਦਾ ਜ਼ਿਕਰ ਸ. ਅਜੀਬ ਆਪਣੇ ਚੌਥੇ ਗ਼ਜ਼ਲ-ਸੰਗ੍ਰਹਿ ‘ਰਮਜ਼ਾਂਵਲੀ’ ਦੀ 191ਵੀਂ ਗ਼ਜ਼ਲ ਵਿਚ ਵੀ ਕਰ ਚੁੱਕਿਆ ਹੈ। ਉਸਦਾ ਕਹਿਣਾ ਹੈ ਕਿ—

ਗ਼ਜ਼ਲ ਜੇ ਆਖਣੀ ਮਿਤਰੋ ਗ਼ਜ਼ਲ-ਪਿੰਗਲ ਪੜ੍ਹੋ ਪਹਿਲਾਂ,
ਅਖਾੜਾ ਏਸ ਦਾ ਡਾਢਾ ਗ਼ਲਤ ਘੋਲੀ ਢਹੇ ਯਾਰੋ।
….
ਗ਼ਜ਼ਲ ਪੱਕੀ ਅਸੂਲਾਂ ਦੀ ਸਦਾ ਬੰਦਸ਼ ‘ਚ ਰਹਿੰਦੀ ਹੈ,
ਕਰੇ ਨਾ ਪਾਰ ਰੇਖਾਵਾਂ ਇਹ ਸੀਤਾ ਬਣ ਰਹੇ ਯਾਰੋ। (ਗ਼ਜ਼ਲ 191)
**
ਹੁਣ ਮੁੜ ‘ਬੰਦਗੀ’ ਦੀਅਾਂ ਢੇਰ ਸਾਰੀਅਾਂ ਹੋਰ ਗ਼ਜ਼ਲਾਂ ਵਿਚ ਵੀ ਗ਼ਜ਼ਲਗੋ ‘ਇਲਮ-ਏ-ਅਰੂਜ਼’ ਦੀ ਮਹੱਤਤਾ ਨੂੰ ਦਰਸਾਂਦਾ ਹੈ। ਅੱਜ ਦੇ ਗ਼ਜ਼ਲਾਂ ਲਿੱਖਣ ਵਾਲਿਅਾਂ, ਖੁਲ੍ਹੀ ਕਵਿਤਾ ਵੱਲ ਪ੍ਰੇਰਤ ਜਾਂ ਵਾਰਤਕ ਵਾਂਗ ਹੀ ਕਵਿਤਾ ਲਿਖਣ ਅਤੇ ਮਨਮਤੀਅਾਂ ਕਰਨ ਵਾਲਿਅਾਂ ਨੂੰ, ਆਪਣੀ ਇੱਕ ਵਿਸ਼ੇਸ਼ ਗ਼ਜ਼ਲ (ਨੰਬਰ 68) ਰਾਹੀਂ ਸੋਚਣ-ਸਮਝਣ ਲਈ ਪ੍ਰੇਰਦਾ ਹੈ:

ਗ਼ਜ਼ਲ ਵਿਚ ਖੁਲ੍ਹ ਕਦ ਹੁੰਦੀ ਹੈ ਖੁਲ੍ਹੀ ਨਜ਼ਮ ਦੇ ਵਾਂਗੂੰ,
ਗ਼ਜ਼ਲ ਦਾ ਰੰਗ ਮਰਿਆਦਾ ‘ਚ ਹੀ ਪਹਿਚਾਨ ਹੁੰਦਾ ਹੈ।

ਗ਼ਜ਼ਲ ਦੇ ਸ਼ੇਅਰ ਵਿਚ ਸਕਤਾ ਨਹੀਂ ਪਰਵਾਨ ਕਿਧਰੇ ਵੀ,
ਕਿ ਸਕਤੇ ਨਾਲ ਸ਼ਾਇਰ ਦਾ ਬੜਾ ਅਪਮਾਨ ਹੁੰਦਾ ਹੈ।

ਐਵੇਂ ਹੀ ਵਾਹ ਵਾਹ ਵਾਹ ਕਰਨ ਵਾਲਿਅਾਂ ਨੂੰ ਵੀ ਉਹ ਤਾੜਨਾ ਕਰਦਾ ਹੈ:

ਬਿਨਾਂ ਕਾਰਨ ਕਿਸੇ ਦੀ ਲਿਖਤ ‘ਤੇ ਵਾਹ ਵਾਹ ਕਰੀ ਜਾਣੀਂ,
’ਅਜੀਬਾ’ ਏਸ ਕਾਰਨ ਵੀ ਬੜਾ ਨੁਕਸਾਨ ਹੁੰਦਾ ਹੈ। (ਗ਼ਜ਼ਲ 68)
**
ਅਦਬੀ ਦੋਸਤੋ ਜੀਵਨ ਬੜਾ ਵਿਸ਼ਾਲ ਅਤੇ ਗੁੰਝਲਦਾਰ ਹੈ। ਨਿਰੰਤਰ ਸਾਧਨਾ ਵਿੱਚ ਜੁੱਟੇ ਸੂਖ਼ਮ ਚਿੱਤ ਗ਼ਜ਼ਲਗੋ ‘ਅਜੀਬ’ ਨੇ ਆਪਣੀਆਂ ਗ਼ਜ਼ਲਾਂ ਲਈ ਜੀਵਨ ਨੂੰ ਚੁਨੌਤੀਆਂ ਦੇਂਦੇ ਬਹੁਤ ਸਾਰੇ ਵਿਸ਼ੇ ਅਤੇ ਸਮੱਸਿਆਵਾਂ ਨੂੰ ਆਧਾਰ ਬਣਾਇਆ ਹੈ। ਉਸਨੇ ਪ੍ਰਮੁੱਖ ਤੌਰ ਤੇ ਸੁੰਦਰਤਾ, ਪਿਆਰ, ਪਰਵਾਸ, ਸਮਾਜਿਕ ਰਿਸ਼ਤੇ ਅਤੇ ਰਿਸ਼ਤਿਆਂ ਦੀ ਟੁੱਟ-ਭੱਜ, ਨਵੀਂ ਪੀੜ੍ਹੀ ਦੀ ਦੁਬਿਧਾ ਜਾਂ ਸਮੇਂ ਕਾਰਨ ਪੀੜ੍ਹੀ-ਪਾੜੇ ਦੇ ਨਾਲ ਨਾਲ ਸਮੁੱਚੇ ਜੀਵਨ ਸਾਹਮਣੇ ਆ ਰਹੀਆਂ ਚੁਨੌਤੀਆਂ ਨੂੰ ਵੀ ਚਿਤਰਿਆ ਹੈ।

ਠੀਕ ਹੈ, ਉਹ ਸੁੰਦਰਤਾ ਤੇ ਪਿਆਰ ਦਾ ਪੁਜਾਰੀ ਹੈ ਪਰ ਉਹ ਸੁੰਦਰਤਾ ‘ਤੇ ਪਿਆਰ ਤੋਂ ਅੱਗੇ ਹੁਣ ਬੰਦਗੀ ਰਾਹੀਂ ਇਕ ਤਰ੍ਹਾਂ ਨਾਲ ਰੂਹਾਨੀਅਤ ਦੇ ਸਨਮੁੱਖ ਹੋ ਗਿਆ ਹੈ। ਇਸ਼ਕ ਮਜਾਜ਼ੀ ਤੋਂ ਅੱਗੇ ਹਕੀਕੀ ਪਿਆਰ ਦੀਆਂ ਬਾਤਾਂ ਕਰਨ ਲੱਗ ਪਿਆ ਹੈ। ਉਸਦੀ ਨਜ਼ਰ ਦੇ ਘੇਰੇ ਵਿੱਚ ਸਾਰੀ ਮਨੁੱਖਤਾ ਆ ਗਈ ਹੈ। ਨਿੱਜ ਤੋਂ ਅੱਗੇ ਹੁਣ ਸਾਰਾ ਸੰਸਾਰ ਹੀ ਉਸਦਾ ਆਪਣਾ ਹੋ ਨਿਬੜਿਆ ਹੈ। ਗ਼ਜ਼ਲ ਕਹਿੰਦਾ ਕਹਿੰਦਾ ਉਹ ਗ਼ਜ਼ਲ ਨੂੰ ਹੀ ਪਰਨਾਇਆ ਗਿਆ ਹੈ। ਗ਼ਜ਼ਲ ਹੀ ਉਸ ਲਈ ਜੀਣ ਦਾ ਇਕ ਮਕਸਦ ਬਣ ਗਿਆ ਹੈ। ਗ਼ਜ਼ਲ ਭਗਤੀ ਦਾ ਰੂਪ ਧਾਰਨ ਕਰ ਗਈ ਹੈ:

ਇਬਾਦਤ ਦੇ ਸਮੇਂ ਹਰ ਪਹਿਰ ਕਰਦਾ ਹਾਂ ਗ਼ਜ਼ਲ-ਭਗਤੀ।
ਪਵੇ ਬਾਰਿਸ਼ ਜਾਂ ਗੁਜ਼ਰੇ ਕਹਿਰ ਕਰਦਾ ਹਾਂ ਗ਼ਜ਼ਲ ਭਗਤੀ।

ਗ਼ਜ਼ਲ ਦਾ ਭਗਤ ਹਾਂ ਯਾਰੋ ਧਿਆਵਾਂ ਹਰ ਸਮੇਂ ਇਸ ਨੂੰ,
ਦਿਨੇਂ ਰਾਤੀਂ ਤੇ ਅੱਠੇ ਪਹਿਰ ਕਰਦਾ ਹਾਂ ਗ਼ਜ਼ਲ ਭਗਤੀ। (ਗ਼ਜ਼ਲ 1)

ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ‘ਬੰਦਗੀ’ ਗ਼ਜ਼ਲ ਸੰਗ੍ਰਹਿ ਵਿਚ 176 ਗ਼ਜ਼ਲਾਂ ਹਨ। ਪਰ ਇਹਨਾਂ ਗ਼ਜ਼ਲਾਂ ਦੇ ਨਾਲ ਹੀ, ਗ਼ਜ਼ਲ ਵਿਧਾਨ ਨੂੰ ਜਾਨਣ/ਸਮਝਣ ਵਾਲੇ, ਚਾਰ ਵਿਦਵਾਨ ਲਿਖਾਰੀ/ਗ਼ਜ਼ਲਕਾਰਾਂ ਵੱਲੋਂ ਵੀ ਪੁਸਤਕ ਵਿਚ ਲਿਖਿਆ ਗਿਆ ਹੈ। ਇਹ ਵਿਦਵਾਨ ਹਨ ਜਗਤ-ਪ੍ਰਸਿੱਧ ਗ਼ਜ਼ਲਗੋ ਜਨਾਬ ਨਦੀਮ ਪਰਮਾਰ, ਪ੍ਰਸਿੱਧ ਗ਼ਜ਼ਲਗੋ ਜਨਾਬ ਗੁਰਦੀਪ ਸਿੰਘ ਭਾਟੀਅਾ, ਨਾਮਵਰ ਲੇਖਕ/ਆਲੋਚਕ ਡਾ. ਪ੍ਰੀਤਮ ਸਿੰਘ ਕੈਂਬੋ ਅਤੇ ਸ਼੍ਰੀ ਬਲਦੇਵ ਕ੍ਰਿਸ਼ਨ ਸ਼ਰਮਾ। ਇਸ ਸੰਗ੍ਰਹਿ ਦੇ ਲੇਖਕ ਗ਼ਜ਼ਲਗੋ ਸ. ਗੁਰਸ਼ਰਨ ਸਿੰਘ ਅਜੀਬ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ।

ਮੰਨੇ ਪਰਮੰਨੇ ਉਸਤਾਦ ਗ਼ਜ਼ਲ-ਗੋ ਨਦੀਮ ਪਰਮਾਰ ਜੀ ਸੰਗ੍ਰਹਿ ਦੀ ਮੁਖ ਭੂਮਿਕਾ ਵਿਚ ’ਬੰਦਗੀ? ਇਕ ਸਵਾਲ’ ਦੀ ਅੰਤਿਕਾ ਵਿਚ ’ਬੰਦਗੀ’ ਨਾਂ ਕਿਉਂ? ਸਬੰਧੀ ਪੁੱਛਦੇ ਹਨ:

“—ਇਹ ਨਾਂ ‘ਬੰਦਗੀ’ ਗੁਰਸ਼ਰਨ ਨੇ ਕਿਸ ਬਿਨਾਂ ਤੇ ਰੱਖਿਆ ਹੈ? ਆਪਣੇ ਮੁਰਸ਼ਦ ਦੇ ਆਦੇਸ਼-‘ਸਾਲਾਹੀ ਸਾਲਾਹ’ ਤੇ? ਜਾਂ ਫਿਰ ਨਿਰੋਲ ਆਸ਼ਕਾਨਾ ਜਨੂੰਨ ਤਹਿਤ’ ਫਿਰ ਬੰਦਗੀ ਕਿਸ ਦੀ ਹੈ? ਗ਼ਜ਼ਲ ਦੀ? ਮਹਿਬੂਬ ਦੀ? ਜਾਂ ਉਹਦੀ, ਜੋ ‘ਕੁਦਰਤ ਵਸਿਆ’ ਜਾਂ ਫਿਰ ਤਿੰਨਾਂ ਦੀ ਹੀ?”

ਗੁਰਸ਼ਰਨ ਸਿੰਘ ਅਜੀਬ ‘ਦੇਰ ਆਏ! ਦਰੁਸਤ ਆਏ!!’ ਵਿਚ ਉਪਰੋਕਤ ਟਿੱਪਣੀ ਸਬੰਧੀ ਹੀ ਸ਼ਾਇਦ ਕੁਝ ਇਸ ਤਰ੍ਹਾਂ ਲਿਖਦਾ ਹੈ:

“ਏਥੇ ਮੈਂ ਇਹ ਗੱਲ ਦਸ ਦਿਅਾਂ ਕਿ ਮੇਰਾ ਗ਼ਜ਼ਲ ਕਹਿਣ ਦਾ ਰੰਗ ਢੰਗ ਆਪਣਾ ਹੈ। ਮੈਂ ਜੋ ਜੋ ਆਪਣੇ ਆਲੇ ਦੁਆਲੇ ਹੁੰਦਾ ਵੇਖਦਾਂ, ਹੰਢਾਉਂਦਾਂ, ਮਹਿਸੂਸਦਾਂ, ਉਹ ਸਭ ਕੁਝ ਦਾ ਵਿਸਥਾਰ ਹੀ ਮੇਰੀ ਗ਼ਜ਼ਲ ਵਿਚ ਰੂਪਮਾਨ ਹੁੰਦਾ ਹੈ।”

ਉਸਦਾ ਕਹਿਣਾ ਹੈ: “ਮੇਰੇ ਮਤਲੇ ਮਿਸਰੇ ਮਕਤੇਅ, ਲੋਕ ਦਿਲਾਂ ‘ਚੋਂ ਨਿਕਲੇ ਜਜ਼ਬਾਤ ਜਾਂ ਅਹਿਸਾਸ ਹੀ ਹੁੰਦੇ ਹਨ। ਗ਼ਜ਼ਲ-ਰਚਨਾ ਮੇਰੀ ਜ਼ਿੰਦਗੀ ਹੈ, ਮੇਰਾ ਇਸ਼ਕ ਹੈ, ਮੇਰੀ ਪੂਜਾ ਹੈ, ਮੇਰੀ ਬੰਦਗੀ ਹੈ ਜੋ ਮੈਂ ਪਿਛਲੇ 35 ਸਾਲ ਤੋਂ ਨਿਰੰਤਰ ਕਰ ਰਿਹਾ ਹਾਂ ਤੇ ਕਰਦਾ ਰਹਾਂਗਾ। ਇਸੇ ਕਰਕੇ ਹੀ ਮੈਂ ਇਸ ਪੁਸਤਕ ਦਾ ਨਾਮ ਵੀ ‘ਬੰਦਗੀ’ ਰੱਖਿਅਾ ਹੈ।”

ਉੱਘੇ ਸਾਹਿਤਕਾਰ/ਆਲੋਚਕ ਸ: ਹਰਮੀਤ ਸਿੰਘ ਅਟਵਾਲ ‘ਅਦੀਬ ਸਮੁੰਦਰੋਂ ਪਾਰ ਦੇ’ ਕਾਲਮ ਅਧੀਨ ਲਿਖੇ ਆਪਣੇ ਇਕ ਲੇਖ: ‘ਗ਼ਜ਼ਲ ਸਾਧਨਾ ’ਚ ਖੁੱਭਣ ਵਾਲਾ ਗੁਰਸ਼ਰਨ ਸਿੰਘ ਅਜੀਬ’ ਵਿਚ ‘ਗਲਤਾਨ’ ਸ਼ਬਦ ਦਾ ਹਵਾਲਾ ਦਿੰਦੇ ਹਨ। ਉਹ ਲਿਖਦੇ ਹਨ ਕਿ “ਗਲਤਾਨ ਸ਼ਬਦ ਦਾ ਕੋਸ਼ਗਤ ਅਰਥ ਹੈ ਡੁੱਬਿਆ ਹੋਇਆ ਜਾਂ ਲੀਨ। ਨਿਰਸੰਦੇਹ ਕਿਸੇ ਕਾਰਜ ਨੂੰ ਉਸ ਵਿਚ ਡੁੱਬ ਕੇ, ਖੁੱਭ ਕੇ ਜਾਂ ਲੀਨ ਹੋ ਕੇ ਕਰਨਾ ਹੀ ਉਸ ਵਿਚ ਗਲਤਾਨ ਹੋਣਾ ਹੁੰਦਾ ਹੈ। ਬਰਤਾਨੀਆ ਵਿਚ ਵੱਸਦਾ ਇਕ ਹੋਰ ਸਮਰੱਥ ਸ਼ਾਇਰ ਸਵਰਗਵਾਸੀ ਗੁਰਨਾਮ ਗਿੱਲ, ਬਰਤਾਨੀਆ ਵਿਚ ਹੀ ਵੱਸਦੇ ਨਾਮਵਰ ਸ਼ਾਇਰ ਗੁਰਸ਼ਰਨ ਸਿੰਘ ਅਜੀਬ ਨੂੰ ਗ਼ਜ਼ਲ ਵਿਚ ਗਲਤਾਨ ਗ਼ਜ਼ਲਗੋ ਆਖਦਾ ਹੈ, ਜੋ ਕਿ ਆਪਣੇ ਆਪ ਵਿਚ ਪੂਰਾ ਢੁੱਕਦਾ ਕਥਨ ਹੈ।”

ਨਿਰਸੰਦੇਹ ਗੁਰਸ਼ਰਨ ਸਿੰਘ ਅਜੀਬ ਸਚਮੁਚ ਹੀ ਗ਼ਜ਼ਲ ਵਿਚ ਗਲਤਾਨ ਜਾਂ ਡੁੱਬਿਆ ਹੋਇਆ ਗ਼ਜ਼ਲਗੋ ਹੈ।

‘ਹੱਥ ਕੰਗਣ ਨੂੰ ਆਰਸੀ ਕੀ?’ ਆਪ ਉਸਤਾਦ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦੇ ਮੁੱਖ ਤੋਂ ਉਚਾਰੀਅਾਂ ਗ਼ਜ਼ਲਾਂ ਨੂੰ ਸੁਣਦਿਅਾਂ-ਮਾਣਦਿਅਾਂ ਵੇਖੋਗੇ ਕਿ ਅਜੀਬ ਆਪਣੀ ਹਰ ਗ਼ਜ਼ਲ ਦੇ ਹਰ ਸ਼ਿਅਰ ਵਿਚ ਹੀ ‘ਖੁਭ੍ਹਿਅਾ ਹੋਇਆ ਤੇ ਲੀਨ/ਗਲਤਾਨ ਗ਼ਜ਼ਲ-ਗੋ ਸਾਬਤ ਹੁੰਦਾ ਹੈ। ਉਸਦਾ ਹਰ ਸ਼ਿਆਰ ਹੀ ਗੌਰ ਤਲਬ ਹੁੰਦਾ ਹੈ।

ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਜੀ!

ਸੁਲਤਾਨ ਗ਼ਜ਼ਲ ਦਾ ਆਖਾਂ ਤੈਂਨੂੰ ਜਾਂ ਮੈਂ ਆਖਾਂ ਰਾਜਾ।
ਜਾਂ ਫਿਰ ਆਖਾਂ *ਢੋਲ ਗ਼ਜ਼ਲ ਦਾ ਦੂਲਾ ਜਾਂ ਸ਼ਹਿਜ਼ਾਦਾ। (*ਮਾਹੀਅਾ)

ਤੇਰੇ ਨਾਲ ਵਿਆਹੀ ਲਗਦੀ ਯਾਰ ਗ਼ਜ਼ਲ ਇਹ ਸੁੰਦਰ,
ਰੱਖੇਂ ਯਾਰ ਹਮੇਸ਼ਾ ਇਸ ਦੀ ਤੂੰ ਪੂਰਨ ਮਰਿਆਦਾ। (ਗ਼ਜ਼ਲ 128)

ਪੰਜਵੇਂ ਗ਼ਜ਼ਲ-ਸੰਗ੍ਰਹਿ ‘ਬੰਦਗੀ’ ਲਈ ਹਿਰਦੇ ਦੀ ਗਹਿਰਾਈ ਤੋਂ ਵਧਾਈ ਦੇਂਦਿਅਾਂ ਢੇਰ ਸਾਰੀਅਾਂ ਸ਼ੁਭ ਕਾਮਨਾਵਾਂ।
ਆਮੀਨ
***

ਮੈਂ ਮਸ਼ਕੂਰ ਹਾਂ ਸ. ਸਰਬਜੀਤ ਸਿੰਘ ਢੱਕ (ਪ੍ਰੀਜ਼ੈਂਟਰ: ਵਾਹ ਵਾਹ), ਪੀਬੀਸੀ ਦੇ ਅਦਾਰੇ, ਵਿਸ਼ੇਸ਼ ਕਰਕੇ ਕੈਮਰਾ-ਕ੍ਰੂ ਅਤੇ ਸਾਰੇ ਸਟਾਫ਼ ਦਾ ਜਿੰਨ੍ਹਾਂ ਦੀ ਰਹਿਮਤ ਸਦਕਾ ਸੰਸਾਰ ਭਰ ਦੇ ਪੰਜਾਬੀਅਾਂ ਦੇ ਰੂ-ਬ-ਰੂ ਹੋਣ ਦਾ ਮੌਕਾ ਪ੍ਰਦਾਨ ਹੋਇਆ ਹੈ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1104
***

About the author

ਲਿਖਾਰੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ