ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਾਲ਼ੇ ਹਰ ਸਾਲ, ਇੱਕ ਨਵਾਂ ਸ਼ਬਦ ਸਿਰਜਦੇ ਜਾਂ ਅਪਣਾਉਂਦੇ ਹਨ, ਜੋ ਸੰਸਾਰ ਦੇ ਪਰਚੱਲਤ ਅੰਦਾਜ਼, ਸ਼ੈਲੀ, ਲੋਕਾ-ਚਾਰ ਜਾਂ ਇਸ ਦੀ ਕਿਸੇ ਸਮਕਾਲੀ ਵਿਸ਼ੇਸ਼ਤਾ ਦੀ ਤਰਜਮਾਨੀ ਕਰਦਾ ਹੈ। ਇਹ ਸ਼ਬਦ, ਮੌਕੇ ਦੇ ਸਭਿਆਚਾਰਕ, ਰਾਜਨੀਤਕ, ਸਮਾਜਿਕ ਜਾਂ ਹੋਰ ਖੇਤਰਾਂ ਦੀ ਦਸ਼ਾ ਅਤੇ ਦਿਸ਼ਾ ਦਾ ਪ੍ਰਤੀਕ ਹੁੰਦਾ ਹੈ ਅਤੇ ਇੱਕ ਸ਼ਬਦ ਹੁੰਦਿਆਂ ਹੋਇਆਂ ਵੀ, ਇਹ ਇੱਕ ਪਰਿਭਾਸ਼ਾ ਦਾ ਕੰਮ ਕਰਦਾ ਹੈ। ਇਸ ਪ੍ਰਥਾ ਅਨੁਸਾਰ ਇਨ੍ਹਾਂ ਨੇ 2016 ’ਚ ‘ਪੋਸਟ-ਟਰੁੱਥ’ (Post-Truth) ਨੂੰ ਆਪਣਾ ‘ਵਰਡ ਆਫ਼ ਦਾ ਈਅਰ’ ਘੋਸ਼ਿਤ ਕੀਤਾ। ਇਸ ਦੀ ਪਰਿਭਾਸ਼ਾ ਹੈ: ‘ਓਹ ਯੁੱਗ ਜਿਸ ’ਚ ਜਨ-ਮੱਤ ਬਣਾਉਣ ਜਾਂ ਬਦਲਣ ਲਈ, ਅਸਲੀਅਤ ਅਤੇ ਸੱਚ ਦੀ ਬਜਾਇ, ਜਜ਼ਬਾਤਾਂ ਅਤੇ ਨਿਜੀ ਮਾਨਤਾਵਾਂ ਨੂੰ ਟੁੰਬਣ ਵਾਲ਼ੀਆਂ ਅਪੀਲਾਂ ਕਿਤੇ ਵੱਧ ਅਸਰਦਾਰ ਹੁੰਦੀਆਂ ਹਨ।’ ਇਸ ਗੱਲ ਨੂੰ ਦਸ ਸਾਲ ਹੋਣ ਲੱਗੇ ਹਨ, ਭਾਵ ਕਿ ਅੱਜ ਅਸੀਂ ‘ਸੱਚ-ਯੁਗ ਤੋਂ ਬਾਅਦ ਦੇ ਯੁਗ’ (ਪੋਸਟ-ਟਰੁੱਥ ਇਰਾ) ’ਚ ਵਿਚਰ ਰਹੇ ਹਾਂ। ‘ਪੋਸਟ-ਟਰੁੱਥ’ (Post-Truth) ਸ਼ਬਦ ਦੀ ਸਿਰਜਣਾ ਦਾ ਇਹ ਮਤਲਬ ਵੀ ਨਹੀਂ ਕਿ ਇਹ ਕੋਈ ਨਵਾਂ ਵਰਤਾਰਾ ਹੈ। ਸੱਚ ਦਾ ਝੂਠ ਅਤੇ ਝੂਠ ਦਾ ਸੱਚ, ਹਰ ਯੁਗ ’ਚ ਬਣਾਇਆ ਜਾਂਦਾ ਰਿਹਾ ਹੈ। ਇਨ੍ਹਾਂ ਦੀ ਮਾਤਰਾ ਵੱਧ-ਘੱਟ ਕਰ ਕੇ, ਆਪੋ-ਆਪਣੀਆਂ ਨਾ-ਪਾਕ ਗਰਜਾਂ ਪੂਰੀਆਂ ਕਰਨ ਲਈ ਇਨ੍ਹਾਂ ਦੇ ਅਨੇਕਾਂ ਜੋੜ-ਕੁਜੋੜ ਬਣਾਏ ਜਾਂਦੇ ਰਹੇ ਹਨ। ਅੱਜ, ਹਰ ਪੁਰਾਤਨ ਵਰਤਾਰੇ ਨੂੰ ਅਜੋਕੇ ਪਰਿਪੇਖ ਅਨੁਸਾਰ ਮੁੜ ਵਿਚਾਰਨ ਦੀ ਜ਼ਰੂਰਤ ਹੈ, ਕਿਉਂਕਿ ਹਰ ਯੁਗ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਜਿਨ੍ਹਾਂ ਦੇ ਸਰਬ-ਵਿਆਪੀ ਚੰਗੇ ਅਤੇ ਮੰਦੇ ਪ੍ਰਭਾਵ ਹੁੰਦੇ ਹਨ। ਇੱਕ ਉਦੇਸ਼-ਪੂਰਨ, ਸਫਲ ਅਤੇ ਪ੍ਰਸੰਨ-ਚਿੱਤ ਜੀਵਨ ਜਿਉਣ ਲਈ ਸਾਨੂੰ ਇਨ੍ਹਾਂ ਪ੍ਰਭਾਵਾਂ ਅਨੁਸਾਰ ਬਦਲ ਦੇ ਰਹਿਣਾ ਪੈਂਦਾ ਹੈ। ਚੰਗੇ ਪ੍ਰਭਾਵਾਂ ਨੂੰ ਕਬੂਲਣ ਅਤੇ ਮੰਦਿਆਂ ਤੋਂ ਬਚਣ ਦੀ ਸਿਆਣਪ ਸਿਖਦੇ ਰਹਿਣਾ ਪੈਂਦਾ ਹੈ। ਇਸ ਵਾਸਤੇ ਸਾਨੂੰ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਵੀ ਅਤੇ ਇਨ੍ਹਾਂ ਦੇ ਚੰਗੇ-ਮੰਦੇ ਪ੍ਰਭਾਵਾਂ ਦਾ ਵੀ, ਸਹੀ ਗਿਆਨ ਹਾਸਲ ਕਰਨਾ ਜ਼ਰੂਰੀ ਹੈ। ਅੱਜ ਦੇ ਯੁੱਗ ਦੀਆਂ ਅਨੇਕਾਂ ਵਿਸ਼ੇਸ਼ਤਾਵਾਂ ’ਚੋਂ ਮੁੱਖ, ਤਕਨੌਲੋਜੀ ਅਤੇ ਖਾਸ ਕਰ ਕੇ ਇਸ ਦੀ ਉਪ-ਬ੍ਰਾਂਚ ਏ.ਆਈ ਦੇ, ਆਪਣੇ ਚੰਗੇ ਅਤੇ ਮੰਦੇ ਪ੍ਰਭਾਵ ਹਨ। ਨਿਰ-ਸੰਦੇਹ ਤਕਨੌਲੋਜੀ ਰਾਹੀਂ ਸੰਸਾਰ ਨੇ ਬਹੁਤ ਵਿਕਾਸ ਕੀਤਾ ਹੈ ਅਤੇ ਬੇ-ਇੰਤਹਾ ਪਦਾਰਥਿਕ ਖੁਸ਼ਹਾਲੀ ਪ੍ਰਾਪਤ ਕੀਤੀ ਹੈ। ਇਸ ਸਦਕਾ ਅੱਜ ਆਪਾਂ ਆਪਣੇ ਪੂਰਵਜਾਂ ਤੋਂ ਕਿਤੇ ਵੱਧ ਖ਼ੁਸ਼ਹਾਲ, ਸਾਧਨ-ਸੰਪੰਨ, ਸਿਹਤ-ਵੰਦ, ਪੜ੍ਹੇ-ਲਿਖੇ ਅਤੇ ਆਤਮ-ਨਿਰਭਰ ਹਾਂ। ਆਪਾਂ ਨੂੰ ਕੁਦਰਤੀ ਆਫ਼ਤਾਵਾਂ ਤੋਂ ਬਚਣ ਦੇ ਢੰਗ-ਤਰੀਕੇ, ਖਾਧ-ਖੁਰਾਕ ਦੇ ਵਸੀਲੇ, ਆਵਾਜਾਈ ਅਤੇ ਢੋਅ-ਢੁਆਈ ਦੇ ਸਾਧਨ ਅਤੇ ਰਾਜਨੀਤਕ ਅਤੇ ਸਮਾਜਿਕ ਖੁੱਲ੍ਹਾਂ, ਹਾਸਲ ਹਨ। ਪਰ ਤ੍ਰਾਸਦੀ ਇਹ ਹੈ ਕਿ ਸਵਾ ਅੱਠ ਸੌ ਕਰੋੜ ਦੀ ਅਬਾਦੀ ਵਾਲ਼ੇ ਅੱਜ ਦੇ ਸੰਸਾਰ ’ਚ, ਇਸ ਤਕਨੌਲੋਜੀ ਦੇ ਚੌਧਰੀ ਬਹੁਤ ਹੀ ਘੱਟ ਹਨ। ਇਨ੍ਹਾਂ ਨੇ ਤਕਨੌਲੋਜੀ ਰਾਹੀਂ ਆਪਣੇ ਕੋਲ਼ ਅਥਾਹ ਆਰਥਿਕ, ਰਾਜਨੀਤਕ ਅਤੇ ਸਮਾਜਿਕ ਤਾਕਤ ਇਕੱਠੀ ਕਰ ਲਈ ਹੈ ਅਤੇ ‘ਟੂਅ ਬਿੱਗ ਟੂ ਫੇਲ’ ਕਾਰਪੋਰੇਸ਼ਨਾਂ ਸਥਾਪਿਤ ਕਰ ਲਈਆਂ ਹਨ। ਗਿਣਤੀ ਦੇ ਇਨ੍ਹਾਂ ਇਜਾਰੇਦਾਰ-ਚੌਧਰੀਆਂ ਨੇ ਇਸ ਨੂੰ ਸ਼ੋਸ਼ਣ ਦਾ ਮੁੱਖ ਸਾਧਨ ਬਣਾ ਲਿਆ ਹੈ। ਕਹਿਣ ਨੂੰ ਸਮੁੱਚੀ ਮਨੁੱਖਤਾ ਦੀ ਵਿਆਪਕ ਅਤੇ ਸਰਬ-ਸਾਂਝੀ ਭਲਾਈ ਲਈ ਬਣਾਈ ਅਤੇ ਵਰਤੀ ਜਾ ਰਹੀ ਤਕਨੌਲੋਜੀ ਦੀ, ਇਹ ਰਲ਼ ਕੇ ਅਤੇ ਬੇ-ਹਿਯਾਈ ਨਾਲ਼ ਆਪਣੇ ਮੁਫਾਦਾਂ ਲਈ ਦੁਰ-ਵਰਤੋਂ ਕਰ ਰਹੇ ਹਨ। ਪਰ ਸੰਸਾਰ ਵਾਸਤੇ ਨਵੀਂ ਕਿਸਮ ਦੀਆਂ ਅਨੇਕਾਂ ਸਮੱਸਿਆਵਾਂ ਖੜੀਆਂ ਕਰ ਰਹੇ ਹਨ, ਅਤੇ ਜਾਣ-ਬੁੱਝ ਕੇ ਇਨ੍ਹਾਂ ਸਮੱਸਿਆਵਾਂ ਨੂੰ ਛੁਪਾਅ ਵੀ ਰਹੇ ਹਨ ਅਤੇ ਛੁਟਿਆ ਰਹੇ ਹਨ। ਇਹ ਦੁਰ-ਵਰਤੋਂ, ਤਕਨੌਲੋਜੀ ਦੀ ਵਿਆਪਕ ਉਪ-ਯੋਗਤਾ ਦੇ ਪੜਦੇ ਓਹਲੇ ਕੀਤੀ ਜਾ ਰਹੀ ਹੈ, ਤਾਂ ਕਿ ਅਸੀਂ ਇਸ ਦੀ ਵਰਤੋਂ ਕਰਦੇ ਰਹੀਏ। ਇਸ ਦੁਰ-ਵਰਤੋਂ ਤੋਂ ਇਲਾਵਾ, ਇਸ ਦੇ ਅਨੇਕਾਂ ਅਣ-ਚਾਹੇ ਅਤੇ ਅਣ-ਕਿਆਸੇ ਮੰਦੇ ਅਸਰ ਹਨ, ਜਿਨ੍ਹਾਂ ਦਾ ਇਸ ਨੂੰ ਬਣਾਉਣ ਵਾਲ਼ਿਆਂ ਨੂੰ ਵੀ ਪਹਿਲਾਂ ਕੋਈ ਚਿੱਤ-ਚੇਤਾ ਨਹੀਂ ਹੁੰਦਾ। ਅੰਗਰੇਜੀ ’ਚ ਇਨ੍ਹਾਂ ਨੂੰ ‘Unintended Consequences of Technology’ ਕਿਹਾ ਜਾਂਦਾ ਹੈ। ਇਸ ਤਰ੍ਹਾਂ ਆਪਾਂ ਦੂਹਰੀ ਮਾਰ ਝੱਲ ਰਹੇ ਹਾਂ – ਜਾਣ-ਬੁੱਝ ਕੇ ਇਸ ਦੀ ਦੁਰ-ਵਰਤੋਂ ਕਰਕੇ ਹੋ ਰਹੇ ਅਤੇ ਇਸ ਦੇ ਅਣ-ਕਿਆਸੇ, ਦੋਹਾਂ ਕਿਸਮਾਂ ਦੇ ਮੰਦੇ ਪ੍ਰਭਾਵਾਂ ਹੇਠ ਦਰੜੇ ਜਾ ਰਹੇ ਹਾਂ। ਇਨ੍ਹਾਂ ਦੇ ਸਮਾਧਾਨ ਲਈ ਆਪਾਂ ਨੂੰ ਨਵੇਕਲ਼ੀ ਕਿਸਮ ਦੇ ਅਤੇ ਨਿਰੰਤਰ ਉਪਰਾਲੇ ਕਰਦੇ ਰਹਿਣ ਦੀ ਲੋੜ ਹੈ, ਕਿਉਂਕਿ ਇਤਿਹਾਸ ’ਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪਹਿਲਾਂ ਕਦੇ ਆਈਆਂ ਹੀ ਨਹੀਂ। ‘ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ’ ਦੀ ਮਨੌਤ ਤਕਨੌਲੋਜੀ ’ਤੇ ਲਾਗੂ ਨਹੀਂ ਹੁੰਦੀ, ਅਤੇ ਨਾਲ਼ ਹੀ ਤਕਨੌਲੋਜੀ ਇੱਕ ਗਤੀ-ਸ਼ੀਲ ਵਿਸ਼ਾ ਹੈ। ਫ਼ੌਰੀ ਧਿਆਨ-ਯੋਗ ਸਮੱਸਿਆਵਾਂ ’ਚੋਂ ਇੱਕ ਖਾਸ ਹੈ: ਸੱਚ ਅਤੇ ਝੂਠ ਵਿਚਲਾ ਮਿਟ ਰਿਹਾ ਫਰਕ, ਜਿਸ ਦੀ ਭੂਮਿਕਾ ਪਹਿਲੇ ਪਹਿਰੇ ’ਚ ਬੰਨ੍ਹੀ ਜਾ ਚੁੱਕੀ ਹੈ। ਇਸ ਯੁੱਗ ਵਿੱਚ, ‘ਸੱਚ’ ਉਸ ਨੂੰ ਨਹੀਂ ਮੰਨਿਆ ਜਾਂਦਾ ਜੋ ਅਸਲੀਅਤ ਬਿਆਨ ਕਰਦਾ ਹੋਵੇ ਅਤੇ ਤੱਥਾਂ ‘ਤੇ ਖਰਾ ਉੱਤਰਦਾ ਹੋਵੇ, ਸਗੋਂ ਉਸ ਨੂੰ ਮੰਨਿਆ ਜਾਂਦਾ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰੇ ਜਾਂ ਉਨ੍ਹਾਂ ਦੀਆਂ ਪਹਿਲਾਂ ਤੋਂ ਬਣੀਆਂ ਹੋਈਆਂ ਧਾਰਨਾਵਾਂ ਨਾਲ ਮੇਲ ਖਾਂਦਾ ਹੋਵੇ। ਹੁਣ ਉਹ ਗੱਲ ਸੱਚੀ ਮੰਨੀ ਜਾਂਦੀ ਹੈ ਜੋ ਸਭ ਤੋਂ ਵੱਧ ‘ਲਾਈਕ’, ‘ਸ਼ੇਅਰ’ ਅਤੇ ‘ਕਮੈਂਟਸ’ ਪ੍ਰਾਪਤ ਕਰਦੀ ਹੈ। ਅੱਜ ਲੋਕ ਅਸਲੀਅਤ ਦੀ ਬਜਾਏ, ਆਪਣੀਆਂ ਮਨ-ਆਈਆਂ ਅਤੇ ਗਰਜਾਂ ਪੂਰੀਆਂ ਕਰਨ ਵਾਲ਼ੀਆਂ ਗੱਲਾਂ ‘ਤੇ ਯਕੀਨ ਕਰਦੇ ਹਨ। ਅੱਜ ਅਜਿਹੇ ਝੂਠ ਨੂੰ ਹੀ ਸੱਚ ਮੰਨਿਆ ਜਾਂਦਾ ਹੈ ਜੋ ਸਾਡੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਨ ਲਈ, ਸਾਡੇ ‘ਬਿੱਗ ਡਾਟਾ’ (ਆਦਤਾਂ, ਸੁਭਾਅ, ਮਨੋ-ਵੇਗਾਂ, ਚਾਹਤਾਂ, ਸੰਬੰਧਾਂ ਆਦਿ ਦੀ ਜਾਣਕਾਰੀ) ਦੇ ਆਧਾਰ ‘ਤੇ ਡਿਜ਼ਾਈਨ ਕੀਤੇ ਜਾਂਦੇ ਹਨ। ਇਹ ਝੂਠ ਐਸੇ ਢੰਗ ਨਾਲ ਪੇਸ਼ ਕੀਤੇ ਹੋਏ ਹੁੰਦੇ ਹਨ ਕਿ ਇਹ ਸੱਚ ਲਗਦੇ ਹਨ, ਭਾਵਨਾਵਾਂ ਨੂੰ ਉਤੇਜਿਤ ਕਰਦੇ ਹਨ ਅਤੇ ਤੇਜੀ ਨਾਲ਼ ਫੈਲਦੇ ਹਨ। ਸੱਚ ਵਿਚਾਰਾ ਬਣ ਕੇ ਰਹਿ ਗਿਆ ਹੈ, ਇਸ ਨਾਲ਼ ਵਿਸ਼ੇਸ਼ਣ ਲਾਉਣੇ ਜ਼ਰੂਰੀ ਹੋ ਗਏ ਹਨ। ਅਸਲ ਸੱਚ, ਅੰਦਰਲਾ ਸੱਚ, ਪੂਰਾ ਸੱਚ, ਕਪੜ-ਛਾਣ ਕੀਤਾ ਹੋਇਆ ਸੱਚ, ਸਟੀਕ ਸੱਚ, ਕਸੀਦ ਕੀਤਾ ਹੋਇਆ ਸੱਚ ਆਦਿ। ਇਹ ਵਰਤਾਰਾ ਸਾਡੇ ਸਮਾਜਿਕ, ਰਾਜਨੀਤਿਕ, ਅਤੇ ਨੈਤਿਕ ਢਾਂਚੇ ਲਈ ਇੱਕ ਵੱਡੀ ਚੁਣੌਤੀ ਬਣ ਚੁੱਕਿਆ ਹੈ। ਆਪਾਂ ਤਕਨੌਲੋਜੀ ਅਤੇ ਏ.ਆਈ ਦੇ ਇਸ ਤਰ੍ਹਾਂ ਦੇ ਦੂਰ-ਗਾਮੀ ਮੰਦੇ ਅਸਰਾਂ ਬਾਰੇ ਘੱਟ ਗੱਲ ਕਰਦੇ ਹਾਂ, ਕਿਉਂਕਿ ਡੂੰਘੀ ਸੋਚ-ਵਿਚਾਰ ਵਾਲ਼ਾ ਸਾਡਾ ਕਿਰਦਾਰ ਹੀ ਗੌਣ ਹੋ ਗਿਆ ਹੈ। ਅਸੀਂ ਸਤਹੀ ਮਸਲਿਆਂ ਦੀਆਂ ਗੱਲਾਂ ਵੱਧ ਕਰਦੇ ਹਾਂ ਪਰ ਸੱਚ ਅਤੇ ਅਣ-ਸੱਚ ਵਰਗੇ ਬਰੀਕ ਵਰਤਾਰਿਆਂ ਬਾਰੇ ਘੱਟ ਸੋਚਦੇ-ਵਿਚਾਰਦੇ ਹਾਂ। ਸੰਚਾਰ-ਕ੍ਰਾਂਤੀ ਦੇ ਇਸ ਯੁੱਗ ’ਚ, ਜਾਣਕਾਰੀ ਅਤੇ ਸੂਚਨਾਵਾਂ ਦੀ ਭਰਮਾਰ ਹੈ, ਖ਼ਬਰਾਂ ਦਾ ਚੱਕਰ ਨਿਰੰਤਰ ਚੱਲਦਾ ਰਹਿੰਦਾ ਹੈ ਅਤੇ ਸੋਸ਼ਲ ਮੀਡੀਆ ਬਹੁਤ ਤੇਜ ਗਤੀ ਨਾਲ ਨਵੀਆਂ ਧਾਰਨਾਵਾਂ ਸਿਰਜ ਰਿਹਾ ਹੈ। ਇਨ੍ਹਾਂ ਕਰ ਕੇ ਇਹ ਵਰਤਾਰਾ ਤੇਜੀ ਨਾਲ਼ ਸਥਾਪਿਤ ਹੋਇਆ ਹੈ ਅਤੇ ਆਪਾਂ ਇਸ ਦੇ ਪ੍ਰਭਾਵਾਂ ਨੂੰ ਪ੍ਰਤੱਖ ਦੇਖ ਰਹੇ ਹਾਂ। ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋ ਰਿਹਾ ਹੈ ਕਿ ਸਾਡੇ ਸਭ ਕਿਸਮ ਦੇ ਭਰੋਸੇ ਟੁੱਟ ਰਹੇ ਹਨ। ਸਾਡੇ ਆਪਸੀ ਭਰੋਸੇ, ਸਰਕਾਰਾਂ ਅਤੇ ਅਦਾਲਤਾਂ ’ਚ ਭਰੋਸੇ, ਆਪਣੇ ਲੀਡਰਾਂ ਅਤੇ ਮਾਹਿਰਾਂ ’ਚ ਭਰੋਸੇ, ਆਪਣੀਆਂ ਸੰਸਥਾਵਾਂ ਅਤੇ ਆਪਣੇ ਧਰਮਾਂ ’ਚ ਭਰੋਸੇ − ਸਭ ਤਿੜਕ ਰਹੇ ਹਨ। ਜਦ ਕਿ ਆਪਾਂ ਨੂੰ ਇਕੱਠੇ ਰਹਿਣ ਲਈ ਇਨ੍ਹਾਂ ਸਭ ਭਰੋਸਿਆਂ ਦੇ ਨਾਲ਼-ਨਾਲ਼ ਸਾਂਝੀਆਂ ਕਦਰਾਂ-ਕੀਮਤਾਂ, ਸਾਂਝੇ ਵਿਸ਼ਵਾਸ਼ਾਂ ਅਤੇ ਸਾਂਝੇ ਅਕੀਦਿਆਂ ’ਚ ਭਰੋਸੇ ਦੀ ਅਹਿਮ ਲੋੜ ਹੈ। ਸਾਨੂੰ ਆਪਣੇ ਲੀਡਰਾਂ, ਸੰਸਥਾਵਾਂ, ਮਾਹਿਰਾਂ, ਲਾਹੇ-ਬੰਦ ਬਿਰਤਾਂਤਾਂ ਅਤੇ ਨਰੋਏ ਵਿਰਸੇ ’ਚ ਭਰੋਸਿਆਂ ਦੀ ਲੋੜ ਹੈ। ਸਾਡੇ ਲਈ ਸਰਬ-ਸਾਂਝੇ ਵਿਸ਼ਵਾਸਾਂ ਅਤੇ ਸਰਬ-ਸਾਂਝੀਆਂ ਮਾਨਤਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਡੇ ਭਰੋਸਿਆਂ ਦਾ ਆਧਾਰ ਹਨ। ਪਰ ਸੱਚ-ਯੁੱਗ ਤੋਂ ਬਾਅਦ ਦੇ ਯੁਗ ’ਚ ਇਹ ਖੁਰ ਰਹੇ ਹਨ। ਹੁਣ ਤੱਕ ਆਪਾਂ ਨੂੰ ਇਹ ਵੀ ਪਤਾ ਲੱਗ ਚੁੱਕਿਆ ਹੈ ਕਿ ਏ.ਆਈ ਵਾਲ਼ੀਆਂ ਵੱਡੀਆਂ ਕੰਪਨੀਆਂ (ਜਾਂ ਕਾਰਪੋਰੇਸ਼ਨਾਂ) ਸਾਡੀਆਂ ਆਦਤਾਂ, ਵਿਚਾਰਾਂ ਅਤੇ ਬਿਰਤਾਂਤਾਂ ਨੂੰ ਜਾਣ ਕੇ ਹੀ ਸਾਡੇ ਲਈ ਉਕਸਾਊ, ਭਰਮਾਊ, ਭੜਕਾਊ ਅਤੇ ਭਟਕਾਊ ਕਿਸਮ ਦੀਆਂ ਵੀਡੀਓਜ ਬਣਾਉਂਦੀਆਂ ਹਨ। ਇਹ ਕੋਈ ਅਥ-ਕਥਨੀ ਨਹੀਂ ਕਿ ਇਹ ਸਾਡੇ ‘ਰਗ-ਰਗ ਦੀਆਂ ਵਾਕਿਫ’ ਹੋ ਚੁੱਕੀਆਂ ਹਨ। ਜਨ-ਸਧਾਰਨ ਨੇ ਇਨ੍ਹਾਂ ਕਾਰਪੋਰੇਸ਼ਨਾਂ ਦਾ ਮੁਕਾਬਲਾ ਕੀ ਕਰ ਲੈਣਾ ਹੈ, ਇਹ ਸਰਕਾਰਾਂ ਤੋਂ ਪੂਰੇ ਨਾਬਰ ਹੋਏ ਪਏ ਹਨ। ਆਪਾਂ ਨੂੰ ਇਨ੍ਹਾਂ ਵਲੋਂ ਵਰਤੇ ਜਾ ਰਹੇ ਖੁਦ-ਗਰਜ਼ ਢੰਗ-ਤਰੀਕਿਆਂ ਦੀ ਜਾਣਕਾਰੀ ਭਾਵੇਂ ਪਤਾ ਨਹੀਂ ਲੱਗ ਸਕਦੀ ਪਰ ਇਨ੍ਹਾਂ ਦੇ ਮੰਦੇ ਪ੍ਰਭਾਵਾਂ ਤੋਂ ਬਚਣ ਲਈ ਸਿਆਣਪ ਜ਼ਰੂਰ ਮਿਲ ਸਕਦੀ ਹੈ। ਚੰਗੀ ਗੱਲ ਇਹ ਹੈ ਕਿ ਇਨ੍ਹਾਂ ਵਲੋਂ ਸੱਚ ਤੇ ਚੜ੍ਹਾਏ ਜਾ ਰਹੇ ਪੜਦਿਆਂ ਨੂੰ ਹਟਾਇਆ ਜਾ ਸਕਦਾ ਹੈ, ਅਤੇ ਇਸ ਦੀ ਰੋਸ਼ਨੀ ਬਹਾਲ ਕੀਤੀ ਜਾ ਸਕਦੀ ਹੈ। ਇਹ ਠੀਕ ਹੈ ਕਿ ਸੱਚ ਨੂੰ ਮੁੜ ਸਥਾਪਿਤ ਕਰਨਾ ਔਖਾ ਹੈ, ਪਰ ਇਸ ਲਈ ਭਰਪੂਰ ਕੋਸ਼ਿਸ਼ਾਂ ਕਰਨੀਆਂ ਜ਼ਰੂਰੀ ਹਨ ਤਾਂ ਕਿ ਅਸੀਂ ਆਪਣੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਪ੍ਰਤੀ ਆਪਣਾ ਫ਼ਰਜ ਨਿਭਾਅ ਸਕੀਏ। ਇਹ ਕਰਨ ਲਈ ਕੁਛ ਵਿਚਾਰ ਅੱਗੇ ਦਿੱਤੇ ਗਏ ਹਨ। ਪੱਥਰ ਚੱਟ ਕੇ ਮੁੜੀ ਮੱਛੀ ਵਾਂਗੂੰ, ਅੱਜ ਦੇ ਪੱਛਮੀ ਜਗਤ ਦੀ ਨਵੀਂ ਵਿਚਾਰ-ਧਾਰਾ ‘Finding Modern Truth in Ancient Wisdom’ ਬਣ ਰਹੀ ਹੈ। ਸਾਡੇ ਲਈ ਇਸ ਨੂੰ ਸਮਝਣਾ, ਇਸ ’ਤੇ ਭਰੋਸਾ ਕਰਨਾ ਅਤੇ ਇਸ ਨੂੰ ਅਪਣਾਉਣ ਹੋਰ ਵੀ ਸੌਖਾ ਹੈ ਕਿਉਂਕਿ ਇਹ ਸਾਡੇ ਪੂਰਬੀ ਮਹਾਂ-ਪੁਰਖਾਂ ਦੀਆਂ ਚਿਰ-ਕਾਲੀ ਸਿੱਖਿਆਵਾਂ ਤੇ ਅਧਾਰਿਤ ਹੈ। ਅੱਜ ਦੇ ਚੋਟੀ ਦੇ ਇਤਿਹਾਸਕਾਰ-ਫਿਲਾਸਫਰ ਯੁਵਲ ਹਰਾਰੀ ਦੀ ਇੱਕ ਮਾਅਰਕੇ-ਦਾਰ ਨਸੀਹਤ ਹੈ ਕਿ ਅੱਜ ਗੂਗਲ ਅਤੇ ਹੋਰ ਏਜੰਸੀਆਂ ਸਾਡੀ ‘ਪਛਾਣ’ ਕਰ ਕੇ ਹੀ ਸਾਡਾ ਸ਼ੋਸ਼ਣ ਕਰ ਸਕਦੀਆਂ ਹਨ। ਜੇ ਅਸੀਂ, ‘ਆਪਣੇ-ਆਪ ਨੂੰ ਪਛਾਣਨ’ ’ਚ ਅਤੇ ਉਨ੍ਹਾਂ ਵਲੋਂ ‘ਸਾਨੂੰ ਪਛਾਨਣ’ ਦੀ ਦੌੜ ’ਚ ਪਿੱਛੇ ਰਹਿ ਗਏ ਤਾਂ ਸਾਡਾ ਸ਼ੋਸ਼ਣ ਲਾਜ਼ਮੀ ਹੈ। ਸਪਸ਼ਟ ਹੈ ਕਿ ਉਸ ਦੀ ਇਹ ਮੱਤ ‘ਆਪਣੇ ਆਪ ਨੂੰ ਪਛਾਣੋ’ (Know Thyself) ਦੇ ਯੂਨਾਨੀ ਸਿਧਾਂਤ ਵਿੱਚੋਂ ਲਈ ਗਈ ਹੈ। ਉਸ ਦੀ ਦੂਜੀ ਨਸੀਹਤ ਖੇਡਾਂ ਅਤੇ ਸਾਧਨਾ (Sports and Meditation) ਨੂੰ ਸੁਹਿਰਦਤਾ ਨਾਲ਼ ਅਪਣਾਉਣਾ ਹੈ। ਇਸ ਤਰ੍ਹਾਂ ਅਸੀਂ ਆਪਣੇ ਸਰੀਰ ਅਤੇ ਮਨ ਦੋਹਾਂ ਨੂੰ ਤਕੜਾ ਕਰ ਕੇ ਅਜੋਕੀਆਂ ਸਮੱਸਿਆਵਾਂ ਦਾ ਸਮਾਧਾਨ ਕਰ ਸਕਾਂਗੇ, ਜਾਂ ਇਨ੍ਹਾਂ ਨੂੰ ਸਾਰਥਿਕਤਾ ਨਾਲ਼ ਜਰ ਸਕਾਂਗੇ। ਬਾਬਾ ਨਾਨਕ ਨੇ ਇਸ ਸਿਧਾਂਤ ਨੂੰ ‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ’ ਕਹਿ ਕੇ ਅੱਪਡੇਟ ਕੀਤਾ ਹੈ। ਅੱਜ ਦੇ ਯੁਗ ’ਚ ਇਸ ਦੀ ਪ੍ਰਸੰਗਕਿਤਾ ਹੋਰ ਵੀ ਵਧ ਗਈ ਹੈ। ਪੋਸਟ-ਟਰੁੱਥ ਦੇ ਯੁੱਗ ਵਿੱਚ, ਜਿੱਥੇ ਹਰ ਕੋਈ ਆਪਣੇ ਆਪ ਨੂੰ ਮਾਹਰ ਸਮਝਦਾ ਹੈ, ਇਹ ਸਿਧਾਂਤ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜਦੋਂ ਅਸੀਂ ਕਿਸੇ ਗੁੰਝਲਦਾਰ ਮੁੱਦੇ ‘ਤੇ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਪਹਿਲਾਂ ਇਹ ਮੰਨਣਾ ਚਾਹੀਦਾ ਹੈ ਕਿ ਇਸ ਬਾਰੇ ਸਾਡਾ ਗਿਆਨ ਸੀਮਤ ਹੈ। ਇਸ ਮਾਨਤਾ ਨਾਲ ਅਸੀਂ ਸਹੀ ਜਾਣਕਾਰੀ ਦੀ ਭਾਲ ਕਰਨ ਅਤੇ ਮਾਹਰਾਂ ‘ਤੇ ਭਰੋਸਾ ਕਰਨ ਲਈ ਤਿਆਰ ਹੁੰਦੇ ਹਾਂ। ਆਪਣੇ ਆਪ ਨੂੰ ਪਛਾਣਨ ਦਾ ਮਤਲਬ ਇਹ ਵੀ ਹੈ ਕਿ ਅਸੀਂ ਦੂਜੇ ਲੋਕਾਂ ਨੂੰ ਵਧੇਰੇ ਸਮਝ ਨਾਲ ਦੇਖੀਏ। ਜਦੋਂ ਅਸੀਂ ‘ਆਪਣੇ-ਆਪ’ ਨੂੰ ਸਮਝ ਲੈਂਦੇ ਹਾਂ, ਤਾਂ ਅਸੀਂ ਉਨ੍ਹਾਂ ਲੋਕਾਂ ਦੇ ਵਿਚਾਰਾਂ ਨੂੰ ਵੀ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ ਜਿਨ੍ਹਾਂ ਨਾਲ ਅਸੀਂ ਸਹਿਮਤ ਨਹੀਂ ਹੁੰਦੇ। ਇਸ ਨਾਲ ਵਿਵੇਕ-ਸ਼ੀਲ ਅਤੇ ਰਚਨਾਤਮਕ ਵਿਚਾਰ-ਵਟਾਂਦਰੇ ਦਾ ਰਾਹ ਖੁੱਲ੍ਹਦਾ ਹੈ, ਇੱਕ-ਦੂਜੇ ਨੂੰ ਨਕਾਰਨ ਦੀ ਬਜਾਏ ਅਸੀਂ ਆਪਸੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਹਾਂ। ਇਸ ਨਸੀਹਤ ਉੱਤੇ ਅਸੀਂ ਦੋ ਸਟੇਜਾਂ ’ਚ ਕੰਮ ਕਰ ਸਕਦੇ ਹਾਂ। ਸੰਸਥਾਈ ਅਤੇ ਸਮਾਜਿਕ ਪੱਧਰ ‘ਤੇ ਯਤਨ:
ਨਿੱਜੀ ਪੱਧਰ ‘ਤੇ ਸਾਵਧਾਨੀਆਂ:
*** |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਇੰਜ. ਈਸ਼ਰ ਸਿੰਘ
Brampton, Ontario, Canada.
Phone: 647 - 640 - 2014
e-mail: ishersingh44@hotmail.com