24 January 2026

ਸਮੀਖਿਆ: ਰਾਵਣ ਹੀ ਰਾਵਣ (ਕਾਵਿ ਸੰਗ੍ਰਹਿ) — ਨਵਦੀਪ ਕੌਰ, ਬਾਬਾ ਫਰੀਦ ਕਾਲਜ, ਬਠਿੰਡਾ

ਰਵਿੰਦਰ ਸਿੰਘ ਸੋਢੀ ਪੰਜਾਬੀ ਦਾ ਬਹੁ-ਵਿਧਾਈ ਸਾਹਿਤਕਾਰ ਅਤੇ ਆਲੋਚਕ ਹੈ। ਹੁਣ ਤੱਕ ਲੇਖਕ ਦੀਆਂ ਆਲੋਚਨ, ਨਾਟਕ, ਕਹਾਣੀਆਂ, ਕਵਿਤਾਵਾਂ, ਅਨੁਵਾਦਿਤ ਸਾਹਿਤ ਅਤੇ ਸੰਪਦਨਾਂ ਦੀਆਂ ਲਗਭਗ ਸਵਾ ਦਰਜ਼ਨ ਦੇ ਕਰੀਬ ਕਿਤਾਬਾਂ ਪ੍ਰਕੀਸ਼ਤ ਹੋ ਚੁੱਕੀਆਂ ਹਨ। ‘ਰਾਵਣ ਹੀ ਰਾਵਣ’ ਲੇਖਕ ਦਾ ਕਾਵਿ ਸੰਗ੍ਰਹਿ ਹੈ। ਜਿਸ ਵਿੱਚ ਗੀਤ, ਗ਼ਜ਼ਲ ਅਤੇ ਖੁੱਲ੍ਹੀ ਕਵਿਤਾ ਦੇ ਰੂਪ ਵਿੱਚ ਕੁੱਲ 43 ਰਚਨਾਵਾਂ ਦਰਜ਼ ਹਨ ਅਤੇ ਇਨ੍ਹਾਂ ਰਚਨਾਵਾਂ ਰਾਹੀ ਲੇਖਕ ਨੇ ਜਿੱਥੇ ਵਰਤਮਾਨ ਸਮੇਂ ਦੇ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਪੱਖਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਵਿਸ਼ਾ ਬਣਾਇਆ ਹੈ ਉੱਥੇ ਹੀ ਮਨੁੱਖ ਦੇ ਨਿੱਜੀ ਭਾਵਾਂ ਨੂੰ ਵੀ ਟੁੰਬਿਆ ਹੈ।

ਰਾਵਣ ਹੀ ਰਾਵਣ ਪੁਸਤਕ  ਦਾ ਸਿਰਲੇਖ ਸਧਾਰਨ ਦੀ ਬਜਾਇ ਗਹਿਰੇ ਅਰਥਾਂ ਵਿੱਚ ਆਪਣੇ ਭਾਵ ਪ੍ਰਗਟਾਉਂਦਾ ਹੋਇਆ ਸਮਾਜ ਦੇ ਹਰ ਖੇਤਰ ਵਿੱਚ ਫੈਲ੍ਹੀ ਹੋਈ ਬੁਰਾਈ ਵੱਲ ਸੰਕੇਤ ਕਰਦਾ ਹੈ। ਰਾਵਣ, ਰਮਾਇਣ ਵਿੱਚ ਬੁਰਾਈ ਦਾ ਪ੍ਰਤੀਕ ਹੈ ਅਤੇ ਲੇਖਕ ਲਈ ਸਮਾਜ ਵਿੱਚ ਮੌਜੂਦ ਵੱਖ-ਵੱਖ ਬੁਰਾਈਆਂ ਦਾ ਅਧਿਕਾਰਿਕ ਰੂਪ ਹੈ। ਜਿੱਥੇ ਰਮਾਇਣ ਕਾਲ  ਵਿੱਚ ਸਿਰਫ ਇੱਕ ਰਾਵਣ ਸੀ, ਉੱਥੇ ਆਧੁਨਿਕ ਸਮਾਜ ਦੀ ਹਰ ਨੁੱਕਰ ਵਿੱਚ ਬੁਰਾਈਆਂ ਦੇ ਰਾਵਣ ਖੜ੍ਹੇ ਹਨ। ਲੇਖਕ ਰਾਵਣ ਦੇ ਪ੍ਰਤੀਕ ਰਾਹੀਂ ਸਮਾਜ ਵਿੱਚ ਮੌਜੂਦ ਵਿਸੰਗਤੀਆਂ, ਧੋਖੇ ਅਤੇ ਅਨਿਆਂ ਆਦਿ ਦੀ ਗਹਿਰਾਈ ਨਾਲ ਪੜਤਾਲ ਕਰਦਾ ਹੋਇਆ ਸਮਾਜ ਦੇ ਕਣ-ਕਣ ਵਿੱਚ ਫੈਲੇ ਬੁਰਾਈ ਰੂਪੀ ਰਾਵਣ ਨੂੰ ਖ਼ਤਮ ਕਰਨ ਲਈ ਅਵਾਜ਼ ਬੁਲੰਦ ਕਰਦਾ ਹੋਇਆ ਕਹਿੰਦਾ ਹੈ ਕਿ:-

ਹੋਰ ਵੀ ਬਹੁਤ ਰਾਵਣ
ਫਿਰ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ  ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਫ਼ਤਮ ਨਾ ਹੋਵੇ
ਇੱਕਲੇ-ਇੱਕਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ
ਪ੍ਰਬੰਧ ਕਰੋ।

ਇਸ ਪੁਸਤਕ ਵਿੱਚ ਕਈ ਕਵਿਤਾਵਾਂ ਰਾਜਨੀਤਿਕ ਹਾਲਾਤਾਂ ਤੇ ਤਿੱਖੇ ਤੰਜ਼ ਕਰਦੀਆਂ ਹਨ। ਜਿਵੇਂ ਲੇਖਕ ਦੀ ਕਵਿਤਾ ਡਾਇਨਾਸੋਰ ਸੱਤਾ ਦੀ ਭੁੱਖ ਅਤੇ ਰਾਜਨੀਤਕ ਲਾਲਚ ਨੂੰ ਬੇਨਕਾਬ ਕਰਦੀ ਹੈ:

ਆਪਣੀ-ਆਪਣੀ ਕੁਰਸੀ ਦੇ ਲਾਲਚ ਵਿੱਚ,
ਇੱਕ ਦੇਸ਼ ਦੇ ਦੋ ਹਿੱਸੇ ਬਣਾਉਣ ਵਾਲੇ,
ਅਣਗਿਣਤ ਲੋਕਾਂ ਦੇ ਖ਼ੂਨ ਨਾਲ ਨਹਾਉਂਦੇ ਰਹੇ।”

ਇਸੇ ਤਰ੍ਹਾਂ, ਹੀ ਉਨ੍ਹਾਂ ਦੀ ਕਵਿਤਾ ਸੋਚ ਦਾ ਫ਼ਰਕਅਸਲੀ ਆਗੂ ਅਤੇ ਰਾਜਸੀ ਆਗੂ ਵਿੱਚ ਫਰਕ ਕਰਦੀ ਹੋਈ ਰਾਜਨੀਤਿਕ ਲੀਡਰਾਂ ਦੁਆਰਾ ਵੱਲੋਂ ਭੋਲੇ-ਭਾਲੇ ਆਮ ਲੋਕਾਂ ਦੀ ਕੀਤੀ ਜਾਂਦੀ ਲੁੱਟ-ਖਸੁੱਟ ‘ਤੇ ਕਰਾਰੀ ਚੋਟ ਕਰਦੀ ਹੋਈ ਰਾਜਸੀ ਆਗੂਆਂ ਵੱਲੋਂ ਵੋਟਾਂ ਵੇਲੇ ਲੋਕਾਂ ਤੱਕ ਕੀਤੀ ਜਾਂਦੀ ਰਸਾਈ ‘ਤੇ ਵੀ ਵਿਅੰਗ ਕਰਦੀ ਹੈ। ਜਦੋਂ ਉਹ ਲਖਦੇ ਹਨ ਕਿ:-

ਰਾਜਸੀ ਨੇਤਾ ਤਾਂ
ਮਤਲਬ ਤੋਂ ਬਿਨਾਂ
ਕਿਸੇ ਵੀ ਝਮੇਲੇ ਵਿੱਚ ਪੈਣ ਤੋਂ ਡਰੇ
ਚੋਣਾਂ ਵੇਲੇ
ਆਮ ਲੋਕਾਂ ਸਾਹਮਣੇ
ਹੱਥ ਜੋੜ
ਸੇਵਾ ਦਾ ਇੱਕ ਹੋਰ ਮੌਕਾ ਦੀ
ਫ਼ਰਿਆਦ ਕਰੇ।

ਕਵੀ ਆਪਣੀਆਂ ਕਵਿਤਾਵਾਂ ਰਾਹੀਂ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ ਨੂੰ ਵੀ ਆਪਣਾ ਵਿਸ਼ਾ ਬਣਾਉਂਦਾ ਹੈ। ਉਹ ਮਾਨਸਿਕ ਬਲਾਤਕਾਰਕਵਿਤਾ ਰਾਹੀਂ ਬਚਪਨ ਤੋਂ ਲੈ ਕੇ ਜਵਾਨੀ ਤੱਕ  ਇੱਕ ਔਰਤ ਨਾਲ, ਹਰ ਖੇਤਰ ਵਿੱਚ ਹੁੰਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਨੂੰ ਬਿਆਨਦਾ ਹੈ ਅਤੇ ਔਰਤ ਨੂੰ ਮਜ਼ਬੂਤ ਬਣਨ ਦੀ ਪ੍ਰੇਰਨਾ ਵੀ ਦਿੰਦਾ ਹੈ, ਜਦੋਂ ਉਹ ਕਹਿੰਦਾ ਹੈ ਕਿ:-

ਇਹ ਸਭ ਕੁੱਝ ਔਰਤ ਦਾ
ਮਾਨਸਿਕ ਬਲਾਤਕਾਰ ਹੀ ਹੁੰਦਾ ਹੈ।
ਇਸ ਬਲਾਤਕਾਰ ਦੀ ਸਜ਼
ਕਾਨੂੰਨ ਨਹੀਂ
ਔਰਤ
ਆਪ ਤੈਅ ਕਰ ਸਕਦੀ ਹੈ
ਬਸ਼ਤਰੇ ਉਸਦੀਆਂ ਬਾਹਾਂ ਵਿਚ
ਰੰਗ ਬਰੰਗੀਆਂ ਚੂੜੀਆਂ ਦੇ ਨਾਲ
ਹੱਥ
ਲੱਤ
ਚਲਾਉਣ ਦੀ ਕਲਾ ਹੋਵੇ
ਸਮਾਜ ਦੀ ਸ਼ਰਮ ਨਾਲੋਂ
ਦਿਲੋਂ ਦਿਮਾਗ ਵਿਚ
ਇਕ ਲਲਕਾਰ ਹੋਵੇ।

ਕਵੀ ਆਪਣੀ ਗ਼ਜ਼ਲ ਰਾਹੀਂ ਇੱਕ ਔਰਤ ਮਨ ਵਿੱਚ ਮਾਂ ਬਣਨ ਦੀ ਪਈ ਤਾਂਘ, ਮਾਂ ਦੀ ਜੀਵਨ ਵਿੱਚ ਮਹੱਤਤਾ ਅਤੇ ਔਰਤ ਦੇ ਮਤ੍ਰੇਈ ਮਾਂ ਦੇ ਕਰੂਰ ਰੂਪ ਨੂੰ ਵੀ ਆਪਣਾ ਵਿਸ਼ਾ ਬਣਾਉਂਦਾ ਹੈ, ਜਦੋਂ ਉਹ ਕਹਿੰਦਾ ਹੈ ਕਿ:

ਸੁੰਨੀ ਕੁੱਖ ਤੋਂ ਜਾ ਕੇ ਪੁੱਛੋ, ਬਾਲ ਦੀ ਚਾਹਤ ਕੀ ਹੁੰਦੀ ਹੈ।
ਮਤ੍ਰੇਈ ਦੇ ਵੱਸ ਪਿਆ ਲਈ, ਮਾਂ ਦੀ ਚਾਹਤ ਕੀ ਹੁੰਦੀ ਹੈ।

ਲੇਖਕ ਸਮਾਜ ਦੀਆਂ ਸਮੱਸਿਆਵਾਂ ਅਤੇ ਵਿਸੰਗਤੀਆਂ ਦੇ ਨਾਲ-ਨਾਲ ਮਨੁੱਖ ਦੇ ਦਿਲ ਵਿੱਚ ਪਏ ਪਿਆਰ ਭਾਵਾਂ ਨੂੰ ਵੀ ਬੜੇ ਖੂਬਸੂਰਤ ਢੰਗ ਨਾਲ ਬਿਆਨਦਾ ਹੈ। ਜਦੋਂ ਉਹ ਲਿਖਦਾ ਹੈ ਕਿ:-

ਕਦੇ ਉਹ ਫੁੱਲ ਬਣ ਜਾਵੇ, ਕਦੇ ਖ਼ਾਰ ਬਣ ਜਾਵੇ
ਕਦੇ ਖ਼ਿਜ਼ਾ ਜਹੀ ਲੱਗਦੀ ਕਦੇ ਬਹਾਰ ਬਣ ਜਾਵੇ।
ਉਹਦੇ ਸੁਰਮੇ ਦੀ ਧਾਰੀ ਲੱਗੇ ਸਭ ਨੂੰ ਪਿਆਰੀ
ਕਦੇ ਸੂਲਾਂ ਜਹੀ ਜਾਪੇ ਕਦੇ ਹਾਰ ਬਣ ਜਾਵੇ।

ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਇਸ ਪੁਸਤਕ ਵਿੱਚ ਲੇਖਕ ਨੇ ਮਨੁੱਖੀ ਜੀਵਨ ਨਾਲ ਜੁੜੇ ਹਰ ਸੁਖਦ ਅਤੇ ਤਲਖ਼ ਪਲਾਂ ਤੇ ਹਾਲਾਤ ਨੂੰ ਆਪਣਾ ਵਿਸ਼ਾ ਬਣਾਇਆ ਹੈ। ਲੇਖਕ ਦੀ ਭਾਸ਼ਾ ਸਰਲ, ਪਰ ਪ੍ਰਭਾਵਸ਼ਾਲੀ ਹੈ। ਲੇਖਕ ਨੇ ਕਾਵਿ ਦੇ  ਵੱਖ-ਵੱਖ ਦੇ ਗੀਤ, ਗ਼ਜ਼ਲ, ਅਤੇ ਕਵਿਤਾਵਾਂ ਰਾਹੀਂ ਆਪਣੇ ਵਿਚਾਰਾਂ  ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ ਹੈ। ਹਰ ਰਚਨਾ ਦੇ ਸ਼ਬਦਾਂ ਦੀ ਚੋਣ ਅਤੇ ਪੇਸ਼ਕਾਰੀ ਉਨ੍ਹਾਂ ਦੀ ਲਿਖਣ ਦੀ ਸਮਝ ਅਤੇ ਕਲਾ ਨੂੰ ਦਰਸਾਉਂਦੀ ਹੈ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1464
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਵਦੀਪ ਕੌਰ
ਬਾਬਾ ਫ਼ਰੀਦ ਕਾਲਜ
ਬਠਿੰਡਾ

ਨਵਦੀਪ ਕੌਰ

ਨਵਦੀਪ ਕੌਰ ਬਾਬਾ ਫ਼ਰੀਦ ਕਾਲਜ ਬਠਿੰਡਾ

View all posts by ਨਵਦੀਪ ਕੌਰ →