23 May 2024

ਅਦੀਬ ਸਮੁੰਦਰੋਂ ਪਾਰ ਦੇ: ਪਰਵਾਸ ਦੀਆਂ ਔਕੜਾਂ ਦਾ ਸਿਰਜਕ ਜਰਨੈਲ ਸਿੰਘ ਸੇਖਾ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (3 ਅਪਰੈਲ 2022 ਨੂੰ) 80ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਪਰਵਾਸ ਦੀਆਂ ਔਕੜਾਂ ਦਾ ਸਿਰਜਕ ਜਰਨੈਲ ਸਿੰਘ ਸੇਖਾ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਜਰਨੈਲ ਸਿੰਘ ਸੇਖਾ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਜਰਨੈਲ ਸਿੰਘ ਸੇਖਾਂ’ ਨੂੰ ਹਾਰਦਿਕ ਵਧਾਈ ਹੋਵੇ।  ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਅਦੀਬ ਸਮੁੰਦਰੋਂ ਪਾਰ ਦੇ:
ਪਰਵਾਸ ਦੀਆਂ ਔਕੜਾਂ ਦਾ ਸਿਰਜਕ ਜਰਨੈਲ ਸਿੰਘ ਸੇਖਾ
-ਹਰਮੀਤ ਸਿੰਘ ਅਟਵਾਲ-

ਵਿਦਵਾਨ ਸੱਜਣਾਂ ਮੁਤਾਬਕ ਨਾਵਲ ਦੀ ਪ੍ਰਮੁੱਖ ਵਿਸ਼ੇਸ਼ਤਾ ਉਸ ਦਾ ਵਧੀਆ ਬਿਰਤਾਂਤਕ ਸਰੂਪ ਹੈ। ਕੈਨੇਡਾ ਦੇ ਸਰੀ ਸ਼ਹਿਰ ਵਿਚ ਵੱਸਦੇ ਸਾਡੇ ਅਮੀਰ ਅਨੁਭਵੀ ਸਾਹਿਤਕਾਰ ਜਰਨੈਲ ਸਿੰਘ ਸੇਖਾ ਨੇ ਭਾਵੇਂ ਕਵਿਤਾਵਾਂ ਤੇ ਕਹਾਣੀਆਂ ਵੀ ਉੱਚ ਪਾਏ ਦੀਆਂ ਲਿਖੀਆਂ ਹਨ ਪਰ ਸਾਹਿਤਕ ਦੁਨੀਆ ਵਿਚ ਉਸ ਦੀ ਪਛਾਣ ਇਕ ਗੁਣੀ ਗਲਪਕਾਰ ਵੱਜੋਂ ਵਧੇਰੇ ਉੱਭਰੀ ਹੈ। ਉਸ ਦੇ ਹੁਣ ਤਕ ਦੇ ਸਾਰੇ ਨਾਵਲ ਵਿਲੱਖਣ ਵਿਸ਼ਵ ਦ੍ਰਿਸ਼ਟੀ ਦੇ ਮਾਲਕ ਤੇ ਵਧੀਆ ਬਿਰਤਾਂਤਕ ਸਰੂਪ ਵਾਲੇ ਹਨ। ਜਰਨੈਲ ਸਿੰਘ ਸੇਖਾ ਦਾ ਜਨਮ 1 ਅਗਸਤ 1934 ਈ: ਨੂੰ ਪਿਤਾ ਮਹਿੰਦਰ ਸਿੰਘ ਸਰਾ ਤੇ ਮਾਤਾ ਪਰਤਾਪ ਕੌਰ ਦੇ ਘਰ ਪਿੰਡ ਸੇਖਾ ਕਲਾਂ ਜ਼ਿਲ੍ਹਾ ਮੋਗਾ ਵਿਖੇ ਹੋਇਆ। ਖਾਸੀ ਵਿੱਦਿਆ ਪ੍ਰਾਪਤ ਕਰਨ ਉਪਰੰਤ ਉਹ ਅਧਿਆਪਕ ਬਣਿਆ ਤੇ ਭਾਸ਼ਾ ਅਧਿਆਪਕ ਵਜੋਂ ਸੇਵਾ ਮੁਕਤੀ ਉਪਰੰਤ ਉਹ ਪਿੰਡ ਦੀ ਪੰਚਾਇਤ ਦਾ ਮੈਂਬਰ ਵੀ ਚੁਣਿਆ ਗਿਆ। ਸਮਾਂ ਪਾ ਕੇ 1994 ਵਿਚ ਉਸ ਨੇ ਪੱਕੇ ਤੌਰ ‘ਤੇ ਕੈਨੇਡਾ ਵਿਚ ਵਾਸਾ ਕਰ ਲਿਆ।

ਜਰਨੈਲ ਸਿੰਘ ਸੇਖਾ ਚੁੱਪ-ਚੁਪੀਤੇ ਸੁਭਾਅ ਵਾਲਾ ਸ਼ਖ਼ਸ ਹੈ। ਆਪਣਾ ਸਾਹਿਤਕ ਰੁਝਾਨ ਬਣਨ ਦੇ ਉਸ ਨੇ ਦੋ ਪ੍ਰੇਰਨਾ ਸਰੋਤ ਦੱਸੇ ਹਨ। ਉਸ ਦੇ ਆਪਣੇ ਲਫ਼ਜ਼ਾਂ ਵਿਚ :-

* ਪਹਿਲਾ, ਮੇਰਾ ਸਕਾ ਚਾਚਾ, ਜਿਹੜਾ ਪਿੰਡ ਭਗਤਾ ਭਾਈਕਾ ਦੇ ਇਕ ਕਵੀਸ਼ਰ ਵਸਾਖਾ ਸਿੰਘ ਨਾਲ ਕਦੀ-ਕਦੀ ਕਵੀਸ਼ਰੀ ਕਰਨ ਚਲਿਆ ਜਾਂਦਾ ਹੁੰਦਾ ਸੀ। ਬਹੁਤ ਸਾਰੇ ਛੰਦ ਚਾਚੇ ਦੇ ਜ਼ੁਬਾਨੀ ਯਾਦ ਸਨ। ਉਸ ਵੇਲੇ ਮੈਂ ਕੋਈ ਛੰਦ ਲੈ ਲੈਣਾ ਤੇ ਗੁਰਦਵਾਰੇ ਗਾ ਦੇਣਾ। ਸਾਡੇ ਪਿੰਡ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ‘ਤੇ ਨਗਰ ਕੀਰਤਨ ਨਿਕਲਦਾ ਹੁੰਦਾ ਸੀ ਜਿੱਥੇ ਕਵੀਸ਼ਰ, ਢਾਡੀ ਅਤੇ ਸਕੂਲਾਂ ਦੇ ਮੁੰਡੇ ਕੁਝ ਨਾ ਕੁਝ ਸੁਣਾਉਂਦੇ ਹੁੰਦੇ ਸਨ। ਇਕ ਵਾਰ ਉਦੋਂ ਮੈਂ ਛੇਵੀਂ ਵਿਚ ਪੜ੍ਹਦਾ ਸੀ। ਆਪਣੇ ਚਾਚੇ ਨੂੰ ਆਜ਼ਜ਼ੀ ਜਿਹੀ ਨਾਲ ਕਿਹਾ, ”ਚਾਚਾ, ਇਸ ਵਾਰ ਮੈਂ ਵੀ ਗੁਰਪੁਰਬ ‘ਤੇ ਗਾਉਣਾ ਚਾਹੁੰਨਾ, ਤੂੰ ਮੈਨੂੰ ਇਕ ਛੰਦ ਲਿਖਾਦੇ।” ਉਹ ਬੋਲੀ ਗਿਆ ਤੇ ਮੈਂ ਲਿਖੀ ਗਿਆ। ਉਸ ਛੰਦ ਦੇ ਸਥਾਈ ਬੋਲ ਸਨ, ‘ਮੈਂ ਐਸੇ ਪ੍ਰੀਤਮ ਦੇ ਜਾਵਾਂ ਚਰਨਾਂ ਤੋਂ ਬਲਿਹਾਰੇ।’ ਉਸ ਛੰਦ ਵਿਚ ਇਕ ਤਰ ਆਉਂਦੀ ਸੀ, ‘ਪੁਹ ਸੁਦੀ ਸੱਤਮੀਂ ਜੀ, ਸਾਲ ਸਤਾਰਾਂ ਸੌ ਅਜਿਆਰੇ।’ ਮੈਂ ਚਾਚੇ ਕੋਲੋਂ ਪੁੱਛ ਲਿਆ ਕੇ ‘ਅਜਿਆਰੇ’ ਦਾ ਕੀ ਮਤਲਬ ਹੁੰਦੈ? ਉਹ ਕਹਿੰਦਾ, ”ਮਤਲਬ ਮੁਤਲਬ ਵਲ ਨਈਂ ਜਾਈਦਾ, ਤੁਕ ਨਾਲ ਤੁਕ ਜੁੜਨੀ ਚਾਹੀਦੀ ਐਂ।” ਮੈਂ ਸੋਚਿਆ ਕਿ ‘ਇਉਂ ਤਾਂ ਮੈਂ ਵੀ ਤੁਕ ਨਾਲ ਤੁਕ ਜੋੜ ਸਕਦਾ ਹਾਂ।’ ਸੋ ਮੈਂ ਤੁਕ ਨਾਲ ਤੁਕ ਜੋੜਦਾ ਹੋਇਆ ਕਵਿਤਾ ਲਿਖਣ ਲਗ ਪਿਆ।

* ਮੇਰੀ ਪ੍ਰੇਰਨਾ ਦੇ ਦੂਜੇ ਸਰੋਤ ਹਨ ਜਸਵੰਤ ਸਿੰਘ ਕੰਵਲ। ਜਦੋਂ 1954 ਵਿਚ ਟੀਚਰ ਟਰੇਨਿੰਗ ਲਈ ਮਿਸ਼ਨ ਸਕੂਲ ਮੋਗਾ ਵਿਚ ਦਾਖ਼ਲਾ ਲਿਆ ਤਾਂ ਉਦੋਂ ਜਸਵੰਤ ਸਿੰਘ ਕੰਵਲ ਨਾਲ ਮੇਲ ਹੋਇਆ। ਅਸੀਂ, ਮੁਢਲੇ ਪੰਜ ਮੈਂਬਰਾਂ ਨੇ ਲਿਖਾਰੀ ਸਭਾ ਮੋਗਾ ਦਾ ਗਠਨ ਕੀਤਾ, ਜਿਸ ਦੇ ਪ੍ਰਧਾਨ ਜਸਵੰਤ ਸਿੰਘ ਕੰਵਲ ਸਨ। ਮੈਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ। ਲਿਖਾਰੀ ਸਭਾ ਮੋਗਾ ਵਿਚ ਕੁਝ ਨਾ ਕੁਝ ਸੁਣਾਉਣਾ ਜ਼ਰੂਰੀ ਹੁੰਦਾ ਸੀ। ਕੰਵਲ ਸਾਹਿਬ ਰਾਹੀਂ ਸਾਹਿਤਕ ਸ਼ਖ਼ਸੀਅਤਾਂ ਨਾਲ ਮੇਲ ਮਿਲਾਪ ਵੀ ਹੁੰਦਾ ਅਤੇ ਲਿਖਣ ਲਈ ਉਤਸ਼ਾਹ ਵੀ ਮਿਲਦਾ।

ਜਰਨੈਲ ਸਿੰਘ ਸੇਖਾ ਦੀਆਂ ਜਿਹੜੀਆਂ ਪੁਸਤਕਾਂ ਪਾਠਕਾਂ ਨੇ ਹੁਣ ਤਕ ਪੜ੍ਹੀਆਂ ਹਨ, ਉਹ ਹਨ: ‘ਦੁਨੀਆ ਕੈਸੀ ਹੋਈ’, ‘ਭਗੌੜਾ’, ‘ਵਿਗੋਚਾ’ ਤੇ ‘ਬੇਗਾਨੇ’ (ਚਾਰੇ ਨਾਵਲ) ‘ਉਦਾਸੇ ਬੋਲ’ ਤੇ ‘ਆਪਣਾ ਆਪਣਾ ਸੁਰਗ’ (ਦੋਵੇਂ ਕਹਾਣੀ ਸੰਗ੍ਰਹਿ), ‘ਦੁੱਲੇ ਦਾ ਬਾਰ ਤਕ’ (ਸਫ਼ਰਨਾਮਾ) ਤੇ ‘ਕੰਡਿਆਰੇ ਪੰਧ’ (ਸਵੈ ਜੀਵਨੀ)। ਉਪਰੋਕਤ ਸਾਰੀਆਂ ਪੁਸਤਕਾਂ ਦੀ ਅੰਤਰਵਸਤੂ ਦੀ ਸੰਖਿਪਤ ਵਿਚਾਰ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਜਰਨੈਲ ਸਿੰਘ ਸੇਖਾ ਦਾ ਨਾਵਲ ‘ਦੁਨੀਆ ਕੈਸੀ ਹੋਈ’ ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਬੇਰੀ ਫਾਰਮਾਂ ਨੂੰ ਆਪਣੀ ਕਰਮ ਭੂਮੀ ਬਣਾਉਂਦਾ ਹੈ। ਸੇਖਾ ਨੇ ਉਥੋਂ ਦੇ ਬੇਰੀ ਫਾਰਮਾਂ ਵਿੱਚੋਂ ਪ੍ਰਾਪਤ ਕੀਤੇ ਆਪਣੇ ਅਨੁਭਵਾਂ ਨੂੰ ਇਸ ਨਾਵਲ ਵਿਚ ਬੜੀ ਕੁਸ਼ਲਤਾ ਨਾਲ ਬਿਰਤਾਂਤਕ ਸਰੂਪ ਦਿੱਤਾ ਹੈ। ਇਸ ਨਾਵਲ ਦੇ ਵੱਖ-ਵੱਖ ਚੈਪਟਰ ਆਪਣੇ ਆਪ ਵਿਚ ਵੱਖਰੀਆਂ ਕਹਾਣੀਆਂ ਵੀ ਹਨ ਤੇ ਅੰਤ ਨੂੰ ਇਕ ਸਮੂਹਕ ਗਲਪੀ ਬੁਣਤੀ ਦੀ ਉੱਤਮ ਉਦਾਹਰਣ ਵੀ ਬਣਦੀਆਂ ਹਨ। ਇਨ੍ਹਾਂ ਵਿਚ ਕੜੀ ਜੋੜਨ ਵਾਲਾ ਨਾਵਲ ਦਾ ਇਕ ਪਾਤਰ ਜਗਤਾਰ ਸਿੰਘ ਹੈ ਜਿਹੜਾ ਹਰ ਕਹਾਣੀ ਵਿਚ ਹਾਜ਼ਰ ਰਹਿੰਦਾ ਹੈ, ਬਾਕੀ ਫਾਰਮਾਂ ਦਾ ਸਥਾਨ, ਸਮਾਂ ਤੇ ਪਾਤਰ ਬਦਲਕੇ ਆਉਂਦੇ ਹਨ। ਇਹ ਪੰਜਾਬੀ ਵਿਚ ਆਪਣੀ ਕਿਸਮ ਦਾ ਪਹਿਲਾ ਤੇ ਪ੍ਰਭਾਵਸ਼ਾਲੀ ਨਾਵਲ ਹੈ ਜਿਹੜਾ ਕੈਨੇਡਾ ਵਿਚ ਬੇਰੀਆਂ ਤੋੜਨ ਦੇ ਕੰਮ ਤੇ ਕਾਮਿਆਂ ਬਾਰੇ ਬੜਾ ਬੱਝਵਾਂ ਪ੍ਰਕਾਸ਼ ਪਾਉਂਦਾ ਹੈ। ਸੇਖਾ ਦਾ ਦੂਜਾ ਨਾਵਲ ‘ਭਗੌੜਾ’ ਕੈਨੇਡਾ ਵਿਚ ਗੈਰ ਕਾਨੂੰਨੀ ਆਉਣ ਵਾਲੇ ਪਰਵਾਸੀਆਂ ਦੀ ਸਮੱਸਿਆ ਨੂੰ ਸਾਹਮਣੇ ਲਿਆਉਂਦਾ ਹੈ। ਨਾਵਲ ਦਾ ਵਿਸ਼ਾ ਵਸਤੂ ਇਸ ਪੱਖ ‘ਤੇ ਵੀ ਚਾਨਣਾ ਪਾਉਂਦਾ ਹੈ ਕਿ ਕੈਨੇਡਾ ਜਾ ਕੇ ਬਹੁਤੇ ਪਰਵਾਸੀ ਪਹਿਲਾਂ ਮਜ਼ਦੂਰੀ ਹੀ ਕਰਦੇ ਹਨ ਪਰ ਜਦੋਂ ਉਹ ਆਪ ਮਜ਼ਦੂਰ ਤੋਂ ਮਾਲਕ ਬਣ ਜਾਂਦੇ ਹਨ ਤਾਂ ਆਪਣੇ ਕਾਮਿਆਂ ਪ੍ਰਤੀ ਕਿਸ ਤਰ੍ਹਾਂ ਦਾ ਵਤੀਰਾ ਧਾਰਕ ਕਰ ਲੈਂਦੇ ਹਨ। ਦਰਅਸਲ ਇਹ ਸਮੇਂ ਦਾ ਕੌੜਾ ਸੱਚ ਹੈ ਕਿ ਪੂੰਜੀਵਾਦੀ ਮੰਡੀ ਮਾਨਸਿਕਤਾ ਨੇ ਮਨੁੱਖ ਨੂੰ ਇਕ ਮਸ਼ੀਨ ਦੀ ਨਿਆਈਂ ਬਣਾ ਦਿੱਤਾ ਹੈ। ਮਨੁੱਖ ਨਿੱਜਵਾਦੀ ਹੋ ਗਿਆ ਹੈ। ਉਹ ਸਿਰਫ਼ ਆਪਣੇ ਬਾਰੇ ਸੋਚਦਾ ਹੈ, ਸਮਾਜ ਬਾਰੇ ਨਹੀਂ। ਜਰਨੈਲ ਸਿੰਘ ਸੇਖਾ ਦੇ ਤੀਜੇ ਨਾਵਲ ‘ਵਿਗੋਚਾ’ ਵਿਚ ਅਤੀਤ ਤੇ ਸਮਕਾਲ ਦੀਆਂ ਦੋ ਧਾਰਾਵਾਂ ਨਾਲ-ਨਾਲ ਚਲਦੀਆਂ ਹਨ। ਇਕ ਹੈ ਕੈਨੇਡਾ ਵਿਚ ਪੰਜਾਬੀ ਗਭਰੂਆਂ ਦਾ ਨਸ਼ਾ ਤਸਕਰੀ ਨਾਲ ਜੁੜਨਾ ਤੇ ਨਸ਼ਾ-ਜੰਡਲੀਆਂ ਦੀ ਆਪਸੀ ਖ਼ਹਿਬਾਜ਼ੀ ਕਾਰਨ ਕਤਲ ਹੋਣੇ। ਅਜਿਹੇ ਸਮੂਹਾਂ ਦੀ ਖ਼ਹਿਬਾਜ਼ੀ ਕਾਰਨ ਕਤਲ ਹੋਏ ਗਭਰੂਆਂ ਦੇ ਮਾਪਿਆਂ ਨੂੰ ਵਿਗੋਚਾ ਸਹਿੰਦਿਆਂ ਕਿਹੜੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੀ ਧਾਰਾ ਇਹ ਹੈ ਕਿ ਸਦੀ ਦੇ ਮੁਢਲੇ ਸਾਲਾਂ ਵਿਚ ਕੈਨੇਡਾ ਆਏ ਪੰਜਾਬੀਆਂ ਉੱਪਰ ਕਿਹੋ ਜਿਹੀਆਂ ਬੰਦਸ਼ਾਂ ਲਗਾਈਆਂ ਗਈਆਂ। ਅੰਤ ਨੂੰ ਕੈਨੇਡੀਅਨ ਪੰਜਾਬੀਆਂ ਦੀ ਕੀਤੀ ਗਈ ਜੱਦੋ ਜਹਿਦ ਸਦਕਾ ਕੈਨੇਡਾ ਵਿੱਚ ਪਰਵਾਸ ਦੀਆਂ ਔਕੜਾਂ ‘ਤੇ ਕਿਵੇਂ ਅਬੂਰ ਹਾਸਲ ਕੀਤਾ ਗਿਆ। ਇਸ ਸਭ ਕਾਸੇ ਦਾ ਵੀ ਬੜੇ ਭਾਵਪੂਰਤ ਅੰਦਾਜ਼ ਵਿੱਚ ਨਾਵਲ ਵਿੱਚ ਜ਼ਿਕਰ ਹੈ।

ਜਰਨੈਲ ਸਿੰਘ ਸੇਖਾ ਦਾ ਚੌਥਾ ਨਾਵਲ ‘ਬੇਗਾਨੇ’ ਪਰਵਾਸੀ ਪੰਜਾਬੀ ਔਰਤਾਂ ਤੇ ਬੱਚਿਆਂ ਦੀ ਹੋਂਦ-ਹਸਤੀ ਦੀ ਤ੍ਰਾਸਦਿਕ ਸਥਿਤੀ ਨੂੰ ਵਿਸ਼ਾ ਵਸਤੂ ਦੇ ਕੇਂਦਰ ਵਿੱਚ ਰੱਖਦਾ ਹੈ। ਸੇਖਾ ਦੇ ਉਪਰੋਕਤ ਵਰਣਿਤ ਦੋਵਾਂ ਕਹਾਣੀ ਸੰਗ੍ਰਹਿਆਂ ਵਿਚ ਕੁਲ 30 ਕਹਾਣੀਆਂ ਹਨ ਜਿਨ੍ਹਾਂ ਦੀ ਮੂਲ ਸੁਰ ਕਿਸਾਨੀ ਨਾਲ ਸਬੰਧਿਤ ਹੈ। ਇਨ੍ਹਾਂ ਵਿੱਚੋਂ ਕੁਝ ਇਕ ਕਹਾਣੀਆਂ ਕਿਸਾਨੀ ਤੋਂ ਬਾਹਰੀ ਸੰਸਾਰ ਦੀਆਂ ਸਮੱਸਿਆਵਾਂ ਨੂੰ ਵੀ ਬਾਖੂਬੀ ਚਿਤਰਦੀਆਂ ਹਨ। ‘ਦੁੱਲੇ ਦੀ ਬਾਰ ਤਕ’ ਸੇਖਾ ਦਾ ਪਾਕਿਸਤਾਨੀ ਸਫ਼ਰਨਾਮਾ ਹੈ ਜਿਸ ਨੂੰ ਪੜ੍ਹਨ ਦਾ ਆਪਣਾ ਹੀ ਜਾਣਕਾਰੀ ਭਰਪੂਰ ਸਾਹਿਤਕ ਆਨੰਦ ਹੈ। ਪਿਛਲੇ ਸਾਲ ਸੇਖਾ ਦੀ ਵਡਆਕਾਰੀ ਸਵੈ ਜੀਵਨੀ ‘ਕੰਡਿਆਰੇ ਪੰਧ’ ਵੀ ਪਾਠਕਾਂ ਕੋਲ ਪੁੱਜੀ ਹੈ ਜਿਸ ਵਿੱਚੋਂ ਜਰਨੈਲ ਸਿੰਘ ਸੇਖਾ ਦੀ ਹੁਣ ਤਕ ਦੀ ਬਹੁ-ਪੱਖੀ ਜੀਵਨ-ਯਾਤਰਾ ਨੂੰ ਜਾਣਿਆ-ਸਮਝਿਆ ਜਾ ਸਕਦਾ ਹੈ। ਸੇਖਾ ਦੇ ਜੀਵਨ ਤੇ ਰਚਨਾ ਬਾਰੇ ਵਿਸ਼ਲੇਸ਼ਣਾਤਮਕ ਰੂਪ ਵਿੱਚ ਜਾਣਨ ਲਈ ਡਾ. ਸੁਖਪ੍ਰੀਤ ਕੌਰ ਦੀ ਪੁਸਤਕ ‘ਪਰਵਾਸੀ ਗਲਪਕਾਰ : ਜਰਨੈਲ ਸਿੰਘ ਸੇਖਾ (ਜੀਵਨ ਤੇ ਰਚਨਾ) ਵੀ ਜ਼ਰੂਰ ਪੜ੍ਹੀ ਜਾਣੀ ਚਾਹੀਦੀ ਹੈ। ਉਂਝ ਕਈ ਸੱਜਣਾਂ ਨੇ ਸੇਖਾ ਦੇ ਸਾਹਿਤ ‘ਤੇ ਕਈ ਐੱਮ.ਫਿਲ ਤੇ ਪੀਐੱਚ ਡੀਆਂ ਵੀ ਕੀਤੀਆਂ ਹਨ।

ਜਰਨੈਲ ਸਿੰਘ ਸੇਖਾ ਨਾਲ ਪਿਛਲੇ ਦਿਨਾਂ ਵਿੱਚ ਹੋਈ ਸਾਹਿਤਕ ਵਿਚਾਰ ਵਿਮਰਸ਼ ਵਿੱਚੋਂ ਉਸ ਵੱਲੋਂ ਕੁਝ ਅੰਸ਼ ਇਥੇ ਸਾਂਝੇ ਕੀਤੇ ਜਾਂਦੇ ਹਨ :-

* ਪੰਜਾਬ ਰਹਿੰਦੇ ਲੇਖਕ ਤਾਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਵਸਤੂ ਬਣਾਉਂਦੇ ਹੀ ਹਨ ਪਰ ਬਦੇਸ਼ੀ ਲੇਖਕਾਂ ਦੀਆਂ ਬਹੁਤੀਆਂ ਰਚਨਾਵਾਂ ਦਾ ਵਿਸ਼ਾ ਵਸਤੂ ਵੀ ਪੰਜਾਬ ਦੀਆਂ ਸਮੱਸਿਆਵਾਂ ਨਾਲ ਹੀ ਸਬੰਧਿਤ ਹੁੰਦਾ ਸੀ। ਬਹੁਤ ਘੱਟ ਲੇਖਕ ਸਨ ਜੋ ਪਰਵਾਸੀ ਸਮੱਸਿਆਵਾਂ ਨੂੰ ਆਪਣੀ ਲਿਖਤ ਦਾ ਆਧਾਰ ਬਣਾਉਂਦੇ ਸਨ। ਜਦੋਂ ਮੈਂ ਕੈਨੇਡਾ ਆਇਆ ਤਾਂ ਮੈਂ ਸੋਚਿਆ ਕਿ ਇਸ ਜਮੂਦ ਨੂੰ ਤੋੜਨਾ ਚਾਹੀਦਾ ਹੈ। ਸੋ ਮੈਂ ਕੈਨੇਡਾ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਵਸਤੂ ਬਣਾਇਆ।

* ਪੰਜਾਬੀ ਕਹਾਣੀ ਬਹੁਤ ਵਿਕਸਤ ਹੋ ਗਈ ਹੈ। ਅਜੋਕੀ ਪੰਜਾਬੀ ਕਹਾਣੀ ਵਿਕਸਤ ਭਾਸ਼ਾਵਾਂ ਵਿਚ ਲਿਖੀਆਂ ਜਾਣ ਵਾਲੀਆਂ ਕਹਾਣੀਆਂ ਤੋਂ ਅੱਗੇ ਨਹੀਂ ਤਾਂ ਪਿੱਛੇ ਵੀ ਨਹੀਂ ਹੈ।

* ਹਰ ਆਲੋਚਕ ਦੀ ਆਲੋਚਨਾ ਵਿਧੀ ਆਪਣੀ ਹੁੰਦੀ ਹੈ। ਪਹਿਲੀਆਂ ਵਿਚ ਸੰਤ ਸਿੰਘ ਸੇਖੋਂ ਅਤੇ ਡਾ. ਹਰਿਭਜਨ ਸਿੰਘ ਨੂੰ ਪੰਜਾਬੀ ਦੇ ਵੱਡੇ ਆਲੋਚਕ ਮੰਨਿਆ ਜਾਂਦਾ ਸੀ ਪਰ ਬਹੁਤ ਸਾਰੇ ਲੇਖਕ ਉਨ੍ਹਾਂ ਦੀ ਆਲੋਚਨਾ ਤੋਂ ਵੀ ਖ਼ੁਸ਼ ਨਹੀਂ ਸਨ। ਹੁਣ ਵੀ ਪੰਜਾਬੀ ਗਲਪ ਆਲੋਚਨਾ ਵਿਚ ਕੁਝ ਇੱਕ ਵੱਡੇ ਨਾਮ ਹਨ ਜਿਨ੍ਹਾਂ ਦੀ ਆਲੋਚਨਾ ਵਿੱਚੋਂ ਨਿਰਪੱਖਤਾ ਦਾ ਪ੍ਰਗਟਾਵਾ ਹੁੰਦਾ ਹੈ। ਉਂਜ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਕੁਝ ਕੁ ਜੁਗਾੜਬੰਦੀ ਦਾ ਸਿਲਸਿਲਾ ਚਲਦਾ ਵੀ ਮਹਿਸੂਸ ਹੁੰਦਾ ਹੈ।

* ਸਵੈ ਜੀਵਨੀ ਲਿਖਣ ਦਾ ਮੇਰਾ ਅਸਲ ਮੰਤਵ ਵੀ ਇਹੀ ਸੀ ਕਿ ਬਹੁਤਾ ਉਸ ਸਮੇਂ ਦੇ ਪੇਂਡੂ ਸਮਾਜ ਦੀ ਰਹਿਤਲ ਤੇ ਸੱਭਿਆਚਾਰ ਬਾਰੇ ਜ਼ਿਆਦਾ ਲਿਖਿਆ ਜਾਵੇ, ਜਿਹੜਾ ਕਿ ਹੁਣ ਬਹੁਤ ਬਦਲ ਚੁੱਕਿਆ ਹੈ।

* ਕੈਨੇਡਾ ਆ ਕੇ ਮੈਂ ‘ਪੰਜਾਬੀ ਲੇਖਕ ਮੰਚ ਵੈਨਕੂਵਰ’ ਨਾਲ ਜੁੜ ਗਿਆ। ਇਹ ਸੰਸਥਾ ਕੈਨੇਡਾ ਵਿਚ ਸਭ ਤੋਂ ਪਹਿਲੀ ਸਾਹਿਤਕ ਸੰਸਥਾ ਹੈ। ਇਸ ਸੰਸਥਾ ਦੀ 50 ਵੀਂ ਵਰੵੇ ਗੰਢ 2023 ਵਿਚ ਮਨਾਉਣ ਦੀਆਂ ਤਿਆਰੀਆਂ ਹੁਣ ਤੋਂ ਹੀ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਸੰਸਥਾ ਦੇ ਮੈਂਬਰਾਂ ਨੇ ਹੀ ਇੱਥੋਂ ਦੇ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਦਾ ਬੀੜਾ ਚੁੱਕਿਆ ਤੇ ਸਫ਼ਲਤਾ ਹਾਸਲ ਕੀਤੀ।

* ਦੂਜੀਆਂ ਭਾਸ਼ਾਵਾਂ ਦੇ ਪਾਠਕਾਂ ਦੀ ਨਿਸਬਤ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਘਾਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

* ਲੇਖਕ ਨੂੰ ਚੰਗਾ ਲਿਖਦੇ ਰਹਿਣ ਲਈ ਆਪਣੇ ਮਾਹੌਲ ਨੂੰ ਸਾਜ਼ਗਾਰ ਬਣਾਈ ਰੱਖਣ ਦੀ ਲੋੜ ਹੁੰਦੀ ਹੈ। ਚੰਗਾ ਮਾਹੌਲ, ਚੰਗਾ ਸਾਹਿਤ ਪੜ੍ਹਨਾ ਤੇ ਚੰਗੇ ਲੋਕਾਂ ਦੀ ਸੰਗਤ ਚੰਗੀ ਲਿਖਤ ਲਈ ਕਾਰਗਰ ਸਿੱਧ ਹੁੰਦੀ ਹੈ।

ਨਿਰਸੰਦੇਹ ਜਰਨੈਲ ਸਿੰਘ ਸੇਖਾ ਦੀ ਹਰ ਗੱਲ ਆਪਣੇ ਅਰਥ ਰੱਖਦੀ ਹੈ। ਉਸ ਦੀ ਆਂਤ੍ਰਿਕ ਤੇ ਬਾਹਰੀ ਅਨੁਭੂਤੀ ਵੀ ਅਮੀਰ ਹੈ ਜਿਸ ਸਦਕਾ ਉਹ ਗਲਪ ਦਾ ਵਧੀਆ ਬਿਰਤਾਂਤਕ ਸਰੂਪ ਸਿਰਜ ਸਕਣ ਦੀ ਸਮਰੱਥਾ ਰੱਖਦਾ ਹੈ ਤੇ ਇਸੇ ਸਦਕਾ ਹੀ ਪੰਜਾਬੀ ਪਾਠਕਾਂ ਵਿਚ ਮਕਬੂਲੀਅਤ ਦੀ ਪੱਧਰ ‘ਤੇ ਪਰਵਾਨ ਹੈ।
***

***
718

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ