2 March 2026

ਰੱਬ ਨੂੰ ਵਿਸਾਰਨਾ ਸੱਭ ਤੋਂ ਵੱਡੀ ਅਕ੍ਰਿਤਘਣਤਾ — ਡਾ. ਸਤਿੰਦਰ ਪਾਲ ਸਿੰਘ 

ਮਨੁੱਖ ਨੂੰ ਜੋ ਦਿੱਸਦਾ ਹੈ ਉਸ ਤੇ ਉਹ ਸਹਿਜ ਹੀ ਵਿਸ਼ਵਾਸ ਕਰ ਲੈਂਦਾ , ਜਿਸ ਤੋਂ ਕੁੱਝ ਵੀ ਪ੍ਰਾਪਤ ਹੋਵੇ ਉਸ ਨੂੰ ਦਾਤਾ ਮੰਨ ਲੈਂਦਾ ਹੈ , ਜਿਸ ਦਾ ਹੁਕਮ ਚੱਲਦਾ ਹੋਵੇ ਉਸ ਅੱਗੇ ਸਿਰ ਨਿਵਾਉਂਦਾ ਹੈ। ਸੰਸਾਰ ਵਿੱਚ ਵਿਆਪ ਰਹੀ ਮਾਇਆ ਦੀ ਖੇਡ ਮੋਹਕ  ਪ੍ਰਤੀਤ ਹੁੰਦੀ ਹੈ। ਮਨੁੱਖ ਦੀਆਂ ਕਾਮਨਾਵਾਂ ਬੇਹਿਸਾਬ ਹਨ ਪਰ ਸਬਰ ਨਹੀਂ ਹੈ। ਉਸ ਨੂੰ ਤਤਕਾਲ ਲਾਭ ਚਾਹੀਦੇ। ਇਸ ਕਾਰਨ ਉਸ ਦੇ ਜੀਵਨ ਵਿੱਚ ਚੈਨ  ਦੇ ਪਲ ਅਲੱਭ ਹੀ ਹੁੰਦੇ ਹਨ। ਇਹ ਵਿਵਹਾਰਕ ਜੀਵਨ ਦਾ ਸੱਚ ਹੈ। ਪਰ ਹਰ ਮਨੁੱਖ ਦੇ ਮਨ ਦੇ ਕਿਸੇ ਕੋਨੇ ਵਿੱਚ ਅਧਿਆਤਮਕ ਜੀਵਨ ਦੀ ਲੌ ਵੀ ਬਲ ਰਹੀ ਹੁੰਦੀ ਹੈਜੋ ਪਰਮਾਤਮਾ ਦਾ ਮਾਰਗ ਵਿਖਾਉਂਦੀ ਹੈ । ਮਾਇਆ ਦੀ ਧੁੰਧ ਵਿੱਚ ਇਹ ਕੈਦ  ਹੋ ਜਾਂਦੀ ਹੈ ਤੇ ਪਰਮਾਤਮਾ ਦੇ ਮਾਰਗ ਨੂੰ ਹਨੇਰਾ ਢੱਕ ਲੈਂਦਾ ਹੈ। ਪਰਮਾਤਮਾ ਵਿਖਾਈ ਨਹੀਂ ਦਿੰਦਾ , ਪਰਮਾਤਮਾ ਦਾ ਕੋਈ ਸਾਕਾਰ ਦਰਬਾਰ ਨਹੀਂ ਜਿੱਥੇ ਦਾਤਾਂ ਵੰਡਿਆਂ ਜਾ ਰਹਿਆਂ ਹੋਣ , ਪਰਮਾਤਮਾ ਦਾ ਕਿਸੇ ਰਾਜ ਦੇ ਸੰਵਿਧਾਨ , ਵਿਧੀ ਵਿਵਸਥਾ ਵਿੱਚ ਕੋਈ ਦਖਲ ਨਹੀਂ , ਕੋਈ ਹੁਕਮ ਨਹੀਂ ਚੱਲਦਾ ਤਾਂ ਮਨੁੱਖ ਲਈ  ਉਸ ਵੱਲ  ਵੇਖਣ ਦੀ ਵੀ ਕੋਈ ਮਜਬੂਰੀ ਨਹੀਂ ਹੁੰਦੀ। ਪਰਮਾਤਮਾ ਵਿਸਰਦਾ ਜਾਂਦਾ ਹੈ। ਪਰਮਾਤਮਾ ਯਾਦ ਆਉਂਦਾ ਹੈ ਪਰ ਉਸ ਵੇਲੇ ਜਦੋਂ ਮਨੁੱਖ ਨੂੰ ਹਰ ਥਾਂ ਤੇ ਨਿਰਾਸ਼ਾ ਮਿਲੇ। ਜਿਸ ਤੋਂ ਵੀ ਉਹ ਆਸ ਰੱਖਦਾ ਹੋਵੇ ਉਹ ਵਿਅਰਥ ਹੋ ਜਾਵੇ।ਧਰਮ ਪੁਰਖਾਂ , ਧਾਰਮਕ ਗ੍ਰੰਥਾਂ ਤੋਂ  ਮਨੁੱਖ ਨੇ ਸੁਣਿਆ ਹੁੰਦਾ ਹੈ ਕਿ  ਪਰਮਾਤਮਾ ਸਰਵ ਸਮਰੱਥ ਹੈ , ਦਿਆਲੂ ਦਾਤਾ ਹੈ। ਵਿਕਲਪ ਹੀਂ ਤੋਂ ਬਾਅਦ ਉਹ ਪਰਮਾਤਮਾ ਤੇ ਯਕੀਨ ਕਰਨਾ ਚਾਹੁੰਦਾ ਹੈ।  ਚੁਫੇਰੇ ਨਿਰਾਸ਼ ਹੋਣ ਤੋਂ ਬਾਅਦ ਪਰਮਾਤਮਾ ਨੂੰ ਇੱਕ ਵਿਕਲਪ ਦੇ ਤੌਰ ਤੇ ਵੇਖਦਾ ਹੈ। ਮਾਇਆ ਵਿੱਚ ਰਮ  ਕੇ ਪਰਮਾਤਮਾ ਨੂੰ ਵਿਸਾਰ ਦੇਣਾ ਜਿੱਥੇ ਮਨੁੱਖ  ਦੀ  ਅਕ੍ਰਿਤਘਣਤਾ ਹੈ , ਵਿਕਲਪ ਵੱਜੋਂ ਪਰਮਾਤਮਾ ਨੂੰ ਵੇਖਣਾ  ਵੀ  ਅਕ੍ਰਿਤਘਣਤਾ ਹੈ। ਪਰਮਾਤਮਾ ਨੂੰ ਵਿਸਾਰ , ਮਾਇਆ ਵਿੱਚ ਲਿਪਤ ਹੋ ਜਾਣਾ ਅਗਿਆਨਤਾ ਹੈ। ਪਰਮਾਤਮਾ ਨੂੰ ਆਪਣੇ ਸੁੱਖ ਲਈ ਵਿਕਲਪ ਵੱਜੋਂ ਵੇਖਣਾ ਚਤੁਰਾਈ ਹੈ। ਗੁਰਮਤਿ ਵਿੱਚ ਨਾ ਤਾਂ ਅਗਿਆਨਤਾ ਪ੍ਰਵਾਨ ਹੈ ਨਾਂ ਹੀ ਚਤੁਰਤਾ, ਸਿਆਣਪ। ਜੋ ਅਕ੍ਰਿਤਘਣ ਹੈ ਉਹ ਭਾਰੀ ਦੁੱਖ ਭੋਗਦਾ ਹੈ “ ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ “ । ਅਜਿਹਾ ਮਨੁੱਖ ਕਦੇ ਦੁੱਖਾਂ ਤੋਂ ਉਬਰ ਨਹੀਂ ਸਕਦਾ। 

ਮਨੁੱਖ ਪਰਮਾਤਮਾ ਪ੍ਰਤੀ ਅਗਿਆਨੀ ਕਿਵੇਂ ਹੋ ਸਕਦਾ ਹੈ। ਪਰਮਾਤਮਾ ਉਸ ਦਾ ਜੀਵਨ ਦਾਤਾ ਹੈ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ “ ਮਿਲਿ ਮਾਤ ਪਿਤਾ ਪਿੰਡੁ ਕਮਾਇਆ।। ਤਿਨਿ ਕਰਤੈ ਲੇਖੁ ਲਿਖਾਇਆ।। “ । ਮਾਤਾ ਪਿਤਾ ਦਾ ਸੰਜੋਗ ਪਰਮਾਤਮਾ ਹੀ ਬਣਾਉਂਦਾ ਹੈ ਤਾਂ ਪਿੰਡ ਬਣਦਾ ਹੈ। ਪਿੰਡ ਵਿੱਚ ਪ੍ਰਾਣ ਪਰਮਾਤਮਾ ਹੀ ਪਾਉਂਦਾ ਹੈ , ਉਸ ਦਾ ਜੀਵਨ ਮਨੋਰਥ ਨਿਸ਼ਚਿਤ ਕਰਦਾ ਹੈ। ਉਸ ਮਨੋਰਥ ਦੀ ਪ੍ਰਾਪਤੀ ਲਈ ਸਮਰੱਥਾ ਵੀ ਪਰਮਾਤਮਾ ਹੀ ਦਿੰਦਾ ਹੈ “ ਲਿਖੁ ਦਾਤਿ ਜੋਤਿ ਵਡਿਆਈ “ . ਪਰਮਾਤਮਾ ਦੀ ਬਖਸ਼ੀ ਸਮਰੱਥਾ ਹੀ ਮਨੁੱਖ ਨੂੰ ਜੀਵਨ ਯੋਗ ਬਣਾਉਂਦੀ ਹੈ। ਪਰ ਮਨੁੱਖ ਜਦੋਂ ਮਾਇਆ ਸੇ ਸੰਪਰਕ ਵਿਚ ਆਉਂਦਾ ਹੈ ਪਰਮਾਤਮਾ ਦੀ ਬਖਸ਼ਿਸ਼ ਨੂੰ ਵਿਸਾਰ ਦਿੰਦਾ ਹੈ “ ਮਿਲਿ ਮਾਇਆ ਸੁਰਤਿ ਗਵਾਈ ”। ਪਰਮਾਤਮਾ ਨੇ ਚੌਰਾਸੀ ਲੱਖ ਜੋਨਿਆਂ ਵਿੱਚ ਭਟਕ ਰਹੇ ਜੀਵ ਨੂੰ ਮਨੁੱਖੀ ਜੂਨ ਬਖਸ਼ੀ।  ਇਹ ਸੱਭ ਤੋਂ ਵੱਡੀ ਦਾਤ ਹੈ। ਇਹ ਦਾਤ ਬਖਸ਼ੀ ਕਿ ਉਹ ਆਵਾਗਮਨ ਤੋਂ ਮੁਕਤ ਹੋ ਸਕੇ  ਜੋ ਜੀਵ ਦਾ ਸੱਭ ਤੋਂ ਵੱਡਾ ਦੁੱਖ ਹੈ ਜਿਸ ਨੂੰ ਉਹ ਜਨਮਾਂ ਜਨਮਾਂ ਤੋਂ ਭੋਗਦਾ ਆ ਰਿਹਾ ਹੈ। ਮਨੁੱਖੀ ਜੂਨ ਵਿੱਚ ਹੀ ਜੀਵਨ ਇਹ ਮਨੋਰਥ ਪ੍ਰਾਪਤ ਕਰ ਸਕਦਾ ਹੈ , ਕਿਸੇ ਹੋਰ ਜੂਨ ਵਿੱਚ ਰਹਿ ਕੇ ਇਹ ਸੰਭਵ ਨਹੀਂ ਹੁੰਦਾ। ਮਾਇਆ ਦੇ ਭਰਮ ਵਿੱਚ ਉਲਝ ਕੇ ਮਨੁੱਖ ਜੀਵਨ ਦਾ ਮਨੋਰਥ ਅਲਪ ਸੁੱਖਾਂ ਵਿੱਚ ਵੇਖਣ ਲੱਗਦਾ ਹੈ ਜਿਵੇਂ ਧਨ ਕਮਾਉਣਾ , ਜਾਇਦਾਦ ਬਣਾਉਣਾ , ਭੋਗ ਵਿਲਾਸ ਕਰਨਾ , ਤਾਕਤ , ਰੁਤਬਾ ਕਾਇਮ ਕਰਨਾ ਆਦਿਕ ਆਦਿਕ। ਉਸ ਨੂੰ ਯਾਦ ਹੀ ਨਹੀਂ ਰਹਿੰਦਾ, ਨਾਂ ਹੀ ਯਕੀਨ ਆਉਂਦਾ ਹੈ ਕਿ ਇਹ ਸਾਰੇ ਚੰਚਲ ਤੇ ਨਾਸ਼ਵਾਨ  ਹਨ। ਸੰਸਾਰ ਅੰਦਰ ਇਹ ਹੁੰਦੀਆਂ ਵੇਖਦਾ ਵੀ ਹੈ ਪਰ ਭਰਮ ਵਿੱਚ ਰਹਿੰਦਾ ਹੈ ਕਿ ਉਹ ਸਿਆਣਾ ਹੈ , ਜੋ ਦੂਜਿਆਂ ਨਾਲ ਹੋਇਆ ਉਸ ਨਾਲ ਨਹੀਂ ਹੋਵੇਗਾ। ਉਹ ਗੁਰੂ ਦਾ ਅਟਲ ਵਚਨ ਭੁੱਲ ਜਾਂਦਾ ਹੈ ਕਿ “ ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ” ।  ਜਿਨ੍ਹਾਂ ਦਾ ਧਨ ਚਲਾ ਗਿਆ , ਕੁਲ ਡੁੱਬ  ਹੋ ਗਿਆ , ਰਾਜ ਨਾਸ਼ ਹੋ ਗਿਆ , ਸਿਆਣੇ ਉਹ ਵੀ ਸਨ। ਪਰ ਸਿਆਣਪ ਅੱਜ ਤੱਕ ਕਿਸੇ ਦੀ ਨਹੀਂ ਚੱਲੀ। ਸਦੀਵੀ ਸੁੱਖ ਪਰਮਾਤਮਾ ਦੀ ਭਗਤੀ ਤੇ ਉਸ ਦੀ ਮਿਹਰ ਵਿੱਚ ਹੀ ਹੈ “ ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ” ।  

ਮਨੁੱਖ ਇਤਨਾ ਅਕਿਤਘਣ ਹੈ ਕਿ ਪਰਮਾਤਮਾ ਨੇ ਉਸ ਨੂੰ ਜੋ ਸਮਰੱਥਾ ਜੀਵਨ ਮੁਕਤ ਹੋਣ ਲਈ ਬਖਸ਼ੀ ਉਸ ਦੀ ਉਲਟ ਵਰਤੋਂ ਉਹ ਉਸ ਮੂਲ ਮਨੋਰਥ ਨੂੰ ਵਿਸਾਰ ਕੇ ਮਾਇਆ ਲਈ ਕਰ ਰਿਹਾ ਹੈ। ਗੁਰੂ ਅਰਜਨ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ੯੧੩ ਤੇ ਸੁਸ਼ੋਭਿਤ ਆਪਣੇ ਵਚਨ ਵਿੱਚ ਮਨੁੱਖ ਨੂੰ ਪ੍ਰੇਰਨਾ ਕੀਤੀ ਕਿ ਜਿਸ ਪਰਮਾਤਮਾ  ਨੇ ਮਾਤਾ ਪਿਤਾ ਦਿੱਤੇ , ਪਤਨੀ ਤੇ ਸੱਜਣ ਦਿੱਤੇ ਉਸ ਨੂੰ ਸਿਮਰੇ “ ਤਿਸੁ ਠਾਕੁਰ ਕਉ ਰਖਿ ਲੇਹੁ ਚੀਤਾ ” । ਪਰਮਾਤਮਾ ਦਾ ਸਿਮਰਨ ਛੱਡ ਕੇ ਮਨੁੱਖ ਪਰਿਵਾਰ ਦੇ ਮੋਹ ਵਿੱਚ ਸਮਾਂ ਅਕਾਰਥ ਕਰ ਦਿੰਦਾ ਹੈ। ਪਰਿਵਾਰ ਦੇ ਮੋਹ ਵਿੱਚ ਮਨੁੱਖ ਪਾਪ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ ਤੇ ਆਪਣੇ ਆਪ ਨੂੰ ਪਰਿਵਾਰ ਦਾ ਕਰਤਾ , ਦਾਤਾ ਮੰਨ ਲੈਂਦਾ ਹੈ।  ਇਸ ਭਰਮ ਵਿੱਚ ਉਹ ਸਾਰਾ ਜੀਵਨ ਲਗਾ ਦਿੰਦਾ ਹੈ। ਆਪਣੀ ਸਮਰੱਥਾ ਸੰਸਾਰਕ ਸੁੱਖਾਂ ਨੂੰ ਇਕੱਤਰ ਕਰਨ ਵਿੱਚ ਖਰਚ ਕਰ ਦਿੰਦਾ ਹੈ ਤੇ ਆਵਾਗਮਨ ਤੋਂ ਮੁਕਤ ਹੋਣ ਦਾ ਮਨੋਰਥ ਅਣਦੇਖਾ ਰਹਿ ਜਾਂਦਾ ਹੈ।  ਸੰਸਾਰਕ ਪਦਾਰਥ , ਸੰਸਾਰਕ ਸਬੰਧ ਹੀ ਮੁੱਖ ਹੋ ਜਾਂਦੇ ਹਨ। ਇਸ ਜੀਵਨ ਦੀ ਚਿੰਤਾ ਨਹੀਂ ਰਹਿੰਦੀ , ਨਾਂ ਹੀ ਅਗਲੇ ਜੀਵਨ ਦੀ ਕੋਈ ਤਿਆਰੀ ਹੁੰਦੀ ਹੈ । ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਪਰਮਾਤਮਾ ਨੂੰ ਕਿਵੇਂ ਵਿਸਾਰਿਆ ਜਾ ਸਕਦਾ ਹੈ ਜਿਸ ਨੇ ਸਦਾ ਵੱਗਣ ਵਾਲੇ ਅਨਮੋਲ ਪਵਨ ਦੀ ਦਾਤ ਦਿੱਤੀ ਹੈ , ਅਮੁੱਲ ਪਾਣੀ ਬਖਸ਼ਿਆ ਹੈ , ਅਗਨੀ ਦਿੱਤੀ ਹੈ। ਮਨੁੱਖ ਪਵਨ ਬਿਨਾ ਇੱਕ ਖਿਨ ਵੀ ਜੀਵਤ ਨਹੀਂ ਰਹਿ ਸਕਦਾ।  ਉਹ ਪਰਮਾਤਮਾ ਦੇ ਬਖਸ਼ੇ ਪਵਨ ਵਿੱਚ  ਸਵਾਸ ਲੈਂਦਾ ਹੈ ਤਾਂ ਜੀਵਤ ਰਹਿੰਦਾ ਹੈ।  ਉਸ ਦਾ ਸਵਾਸ ਸਵਾਸ ਪਰਮਾਤਮਾ ਦਾ ਰਿਣੀ ਹੈ , ਪਰ ਦਾਤਾ ਨੂੰ ਚੇਤੇ ਨਹੀਂ ਕਰਦਾ।  ਪਰਮਾਤਮਾ ਜੇ ਥੜੇ ਸਮੇਂ ਲਈ ਵੀ ਪਵਨ ਦਾ ਵੱਗਣਾ ਰੋਕ ਦੇਵੇ ਤਾਂ ਕੀ ਹੋਵੇਗਾ ਇਸ ਦੀ ਚਿੰਤਾ ਉਸ ਨੇ ਕਦੇ ਨਹੀਂ ਕੀਤੀ। ਕੋਈ ਵੇਮੁਖ ਹੈ ਜਾਂ ਸੰਨਮੁਖ ਹੈ ਸਾਰੀਆਂ ਨੂੰ ਪਰਮਾਤਮਾ ਇੱਕੋ ਵਿਧੀ ਨਾਲ ਪਵਨ ਦੇਈ ਜਾ ਰਿਹਾ ਹੈ। ਇਵੇਂ ਹੀ ਜਲ ਹੈ , ਅਗਨੀ ਹੈ। ਮਨੁੱਖ ਵਰਤੋਂ ਕਰਦਾ ਹੈ ਪਰ ਪਰਮਾਤਮਾ ਦੀ ਦਾਤ ਮੰਨ ਕੇ ਉਸ ਦਾ ਸ਼ੁਕਰਗੁਜ਼ਾਰ ਨਹੀਂ ਹੁੰਦਾ , ਆਪਣਾ ਸੁਭਾਵਕ ਹੱਕ ਮੰਨ ਕੇ ਵਰਤਦਾ ਹੈ। ਇਹ ਉਸ ਦਾ ਢੀਠ ਪੁਨਾ ਹੈ। ਕਿਉਂਕਿ ਜਲ ਤੇ ਅਗਨੀ ਬਿਨਾ ਜੀਵਨ ਹੀ ਨਹੀਂ ਹੈ।  ਉਹ ਜੀਵਨ ਜਿਉਂ ਰਿਹਾ ਹੈ ਪਰ ਜਿਉਣਾ ਸੰਭਵ ਬਣਾਉਣ ਵਾਲੇ ਪ੍ਰਤੀ ਭਾਵਨਾ ਤੋਂ ਸੱਖਣਾ ਹੈ। ਗੁਰੂ ਅਰਜਨ ਸਾਹਿਬ ਨੇ ਵਚਨ ਕੀਤਾ ਕਿ ਇਸ ਮਹਾਨ ਉਪਕਾਰ ਲਈ ਤਾਂ ਮਨੁੱਖ ਦਾ ਮਨ ਸਦਾ ਹੀ ਪਰਮਾਤਮਾ ਦੀ ਸ਼ਰਣ ਵਿੱਚ ਰਹਿਣਾ ਚਾਹੀਦੇ “ ਤਿਸੁ ਠਾਕੁਰ ਕੀ ਰਹੁ ਮਨ ਸਰਨਾ ” । ਪਰਮਾਤਮਾ ਨੇ ਭਿੰਨ ਭਿੰਨ ਪ੍ਰਕਾਰ ਦੇ ਅੰਨ ਪੈਦਾ ਕੀਤੇ ਹਨ ਜਿਨ੍ਹਾਂ ਨਾਲ ਮਨੁੱਖ ਸੁਆਦਲੇ ਭੋਜਨ ਕਰਦਾ ਹੈ , ਭੋਜਨ ਖਾਨ ਤੇ ਪਚਾਉਣ ਲਈ ਪਰਮਾਤਮਾ ਨੇ ਮਨੁੱਖ ਦੇ ਅੰਦਰ ਸ੍ਰੇਸ਼ਟ ਪਾਚਨ ਤੰਤਰ ਬਣਾਇਆ ਹੈ। ਉਸ ਨੂੰ ਰਹਿਣ ਲਈ ਧਰਤੀ ਦਾ ਅਡੋਲ ਆਧਾਰ ਦਿੱਤਾ ਹੈ। ਇਸ ਨਾਲ ਜੀਵਨ ਸੁੱਖਮਈ ਤੇ ਸਹਿਜ ਹੋ ਗਿਆ ਹੈ। ਇਤਨਾ ਹੀ ਨਹੀਂ ਪਰਮਾਤਮਾ ਨੇ ਵੇਖਣ ਲਈ ਨੇਤਰ , ਸੁਨਣ ਲਈ ਕੰਨ , ਕਾਰਜ ਕਰਨ ਲਈ ਹੱਥ , ਬੋਲਣ ਲਈ ਰਸਨਾ ਤੇ ਸੁਗੰਧ ਲਈ ਨੱਕ , ਚੱਲਣ ਲਈ ਪੈਰ ਦਿੱਤੇ ਹਨ।  ਇਹ ਪਰਮਾਤਮਾ ਦੀ ਭਗਤੀ ਵਿੱਚ ਸਹਾਇਕ ਹੋਣ , ਭਗਤੀ ਨੂੰ ਸਹਿਜ ਬਣਾਉਣ ਲਈ ਹਨ। ਪਰ ਮਨੁੱਖ ਇਨ੍ਹਾਂ ਦੀ ਵੀ ਦੁਰਵਰਤੋਂ ਕਰ ਰਿਹਾ ਹੈ ਤੇ ਮਾਇਆ ਨੂੰ `ਭੋਗਣ ਵਿੱਚ ਲਾ ਰਿਹਾ ਹੈ। ਪਰਮਾਤਮਾ ਨੇ ਮਨੁੱਖ ਨੂੰ ਸਿਰ  ਦਿੱਤਾ  ਹੈ ਜਿਸ ਦੀ ਰਚਨਾ ਸਾਰੇ ਜੀਵਨ ਵਿੱਚੋਂ ਅਦਭੂਤ ਤੇ ਸਰਵਉੱਤਮ ਹੈ। ਮਨੁੱਖ ਸੋਚ ਵਿਚਾਰ ਕਰ ਸਕਦਾ ਹੈ , ਸਮਝ ਸਕਦਾ ਹੈ। ਇਹ ਸਮਰੱਥਾ ਕਿਸੇ ਹੋਰ ਜੀਵ ਵਿੱਚ ਨਹੀਂ ਹੈ। ਚੌਰਾਸੀ ਲੱਖ ਜੋਨਿਆਂ ਵਿੱਚ ਇਕੱਲਾ ਮਨੁੱਖ ਹੀ ਵਡਭਾਗੀ ਜੀਵ ਹੈ ਜਿਸ ਤੇ ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਹੋਈ ਹੈ। ਉਸ ਨੂੰ ਤਾਂ ਪਰਮਾਤਮਾ ਦੇ ਚਰਨਾਂ ਦਾ ਦਾਸ ਬਣ ਜਾਣਾ ਚਾਹੀਦੇ “ ਮਨ ਤਿਸੁ ਠਾਕੁਰ ਕੇ ਪੂਜਹੁ ਪੈਰਾ ” । 

ਮਨੁੱਖ ਦਾ ਰੋਮ ਰੋਮ ਜਿਸ ਪਰਮਾਤਮਾ ਦਾ ਕਰਜਦਾਰ ਹੈ ਉਸ ਨੂੰ ਧਿਆਉਣ ਤੋਂ ਅਲਾਵਾ ਉਸ ਕੋਲ ਹਰ ਕਾਰਜ ਲਈ ਸਮਾਂ ਹੈ। ਨਿਤਨੇਮ ਲਈ ਸਮਾਂ ਨਹੀਂ , ਸਾਧਸੰਗਤ ਵਿੱਚ  ਰੁਚੀ ਨਹੀਂ , ਆਵਾਗਮਨ ਦੇ ਫੇਰ ਤੋਂ ਮੁਕਤ ਹੋਣ ਲਈ ਕੋਈ ਜਤਨ ਨਹੀਂ। ਪਰਮਾਤਮਾ ਤੋਂ ਵੇਮੁਖ ਹੋ ਕੇ ਜੀਵਿਆ ਜੀਵਨ ਵਿਅਰਥ ਹੈ ਇੱਕ ਪਲ ਵੀ ਲੇਖੇ ਨਹੀਂ ਲੱਗਦਾ। 

ਤਿਸੁ ਸੇਵਤ ਮਨਿ ਆਲਸੁ ਕਰੈ।।
ਜਿਸੁ ਵਿਸਰਿਐ ਇਕ ਨਿਮਖ ਨ ਸਰੈ।।—–( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 913 ) 

ਪਰਮਾਤਮਾ ਦੇ ਸਿਮਰਨ ਬਿਨਾ ਇੱਕ ਪਲ ਦਾ ਵੀ ਜੀਵਨ ਜੇ ਵਿਅਰਥ ਹੈ ਤਾਂ ਉਸ ਤੋਂ ਵੇਮੁਖ ਹੋ ਕੇ ਜਿਉਣਾ ਮ੍ਰਿਤਕ ਸਮਾਨ  ਜੀਵਨ ਹੈ। ਉਹ ਹਰ ਕਾਰਜ ਵਿਅਰਥ ਹੈ ਜੋ ਆਵਾਗਮਨ ਤੋਂ ਮੁਕਤ ਹੋਣ ਦੇ ਮਨੋਰਥ ਵਿੱਚ ਸਹਾਇਕ ਨਹੀਂ ਹੈ। ਉਹ ਭਗਤੀ ਨਹੀਂ ਕਿ ਨਿਤ ਗੁਰੂ ਘਰ ਵਿੱਚ ਜਾਣਾ ਹੋਵੇ ਪਰ ਆਪਣੀਆਂ ਮੰਗਾਂ ਦੀ ਪੂਰਤੀ ਲਈ , ਨਿਤਨੇਮ ਕੀਤਾ ਜਾਵੇ ਪਰ ਮਨੋਰਥ ਸੰਸਾਰਕ ਲੋੜਾਂ ਨਾਲ ਜੁੜਿਆ ਹੋਵੇ। ਗੁਰੂ ਨਾਨਕ ਸਾਹਿਬ ਨੇ ਕਿਹਾ ਸੁਆਰਥ ਦੇ ਤਹਿਤ ਕੀਤੀ ਗਈ ਭਗਤੀ ਪਰਮਾਤਮਾ ਨੂੰ ਪ੍ਰਵਾਨ ਨਹੀਂ ਹੁੰਦੀ “ ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ।। ਬਧੇ ਕਰਨਿ ਸਲਾਮ ਖਸਮ ਨ ਭਾਣਿਆ ।। “ । ਇਹ ਚਿਤਾਵਨੀ ਭਗਤੀ ਤੇ ਪਖੰਡ , ਭਗਤ ਤੇ ਕ੍ਰਿਤਘਣ ਵਿੱਚ ਸਾਫ਼ ਸਾਫ਼ ਫਰਕ ਕਰਦੀ ਹੈ। ਪਰਮਾਤਮਾ ਨੇ ਤਾਂ ਜੋ ਕੁੱਝ ਦੇ ਕੇ ਸੰਸਾਰ ਵਿੱਚ ਭੇਜਿਆ ਹੈ ਉਹ ਹੀ ਅਨਮੋਲ ਹੈ। ਉਸ ਲਈ ਜੀਵਨ ਦਾ ਹਰ ਪਲ ਸ਼ੁਕਰਾਨਾ ਵੀ ਘੱਟ ਪੈ ਜਾਵੇਗਾ। ਪਰਮਾਤਮਾ ਦੀਆਂ ਬਖਸ਼ਿਸ਼ਾਂ ਦਾ ਰਿਣ  ਤਾਂ ਤਿਲ ਮਾਤਰ ਵੀ ਨਹੀਂ ਉਤਾਰਿਆ ਜਾ ਸਕਦਾ “ ਕਿਆ ਹਮ ਜੀਅ ਜੰਤ ਬੇਚਾਰੇ ਬਰਨਿ ਨ ਸਾਕਹ ਏਕ ਰੋਮਾਈ ” । ਜਿਸ ਦੀ ਵਡਿਆਈ ਦਾ ਰੋਮ ਮਾਤਰ ਵੀ ਵਰਨਣ ਨਹੀਂ ਕੀਤਾ ਜਾ ਸਕਦਾ , ਬਸ ਦੀਨ ਬਣ ਕੇ ਹੀ ਉਸ ਦੀ ਸ਼ਰਣ ਦੀ ਬੇਨਤੀ ਹੀ ਕੀਤੀ ਜਾ ਸਕਦੀ ਹੈ।  ਇਹ ਭਾਵਨਾ ਹੀ ਅਕ੍ਰਿਤਘਣ ਹੋਣ ਤੋਂ ਬਚਾ ਸਕਦੀ ਹੈ।
***
ਡਾ. ਸਤਿੰਦਰ ਪਾਲ ਸਿੰਘ
ਈ – 1716 , ਰਾਜਾਜੀਪੁਰਮ
ਲਖਨਊ – 226017
ਈ ਮੇਲ – akaalpurkh.7@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1766
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com   

ਡਾ. ਸਤਿੰਦਰ ਪਾਲ ਸਿੰਘ

ਡਾ. ਸਤਿੰਦਰ ਪਾਲ ਸਿੰਘ ਦਿ ਪਾਂਡਸ ਸਿਡਨੀ , ਆਸਟ੍ਰੇਲੀਆ ਈ ਮੇਲ - akaalpurkh.7@gmail.com   

View all posts by ਡਾ. ਸਤਿੰਦਰ ਪਾਲ ਸਿੰਘ →