******************************************************
ਛਟੀ ਛਟੀ ਕੀਤੀ ਜਦੋਂ, ਪਲਾਂ ਚ ਹਰੇਕ ਤੋੜੀ, ਬਾਲ-ਮਨ ਉੱਪਰ ਅਜਿਹੀਆਂ ਕਹਾਣੀਆਂ ਕਥਾ ਰਸ ਨੂੰ ਨਾਲ ਲੈ ਕੇ ਇੱਕ ਸਿੱਖਿਆ ਪਰੋਸਦੀਆਂ ਹਨ। ਜਸਵਿੰਦਰ ਸਿੰਘ ਨੇ ਮੁੱਖ ਵਿਸ਼ੇ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਵਿਚਲੀ ਜੀਵਨ-ਜਾਚ ਨੂੰ ਨਿਭਾਇਆ ਹੈ। ਸਿੱਖ ਇਤਿਹਾਸ ਨੇ ਜੋ ਸਮੇਂ ਦੀ ਹਿੱਕ ਤੇ ਪੈੜਾਂ ਕੀਤੀਆਂ ਹਨ, ਉਹਨਾਂ ਨੂੰ ਲੋਕ-ਮਨਾਂ ਵਿੱਚ ਪੁਨਰ-ਸੁਰਜੀਤ ਕਰਦਿਆਂ ਕਵੀ ਪ੍ਰੇਰਣਾ-ਸਰੋਤ ਵਾਂਗ ਪੇਸ਼ ਕਰਦਾ ਹੈ। ਖਾਲਸੇ ਦੀ ਸਾਜਨਾ, ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾਂ,ਔਰੰਗਜੇਬ ਅਤੇ ਨੌਵੇਂ ਪਾਤਸ਼ਾਹ ਦਾ ਸੰਵਾਦ ਜਾਂ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ, ਆਦਿ ਅਜਿਹੀਆਂ ਰਚਨਾਵਾਂ ਹਨ ਜੋ ਸਿੱਖ ਇਤਿਹਾਸ ਨੂੰ ਸਜੱਗ ਕਰਦੀਆਂ ਸਾਡੀ ਸੋਚ ਵਿੱਚ ਜੀਵਨ-ਜਾਚ ਦੇ ਬੀਜ ਕੇਰਦੀਆਂ ਹਨ। ਇਉਂ ਸਿੱਖ ਇਤਿਹਾਸ ਦੀ ਪੁਨਰ-ਸੁਰਜੀਤੀ ਸਾਨੂੰ ਥਾਪੜਾ ਦੇ ਕੇ ਸ਼ੁਭ ਕਰਮ ਲਈ ਪ੍ਰੇਰਿਤ ਕਰਦੀ ਹੈ। ਇਸ ਰਚਨਾ ਦਾ ਇੱਕ ਹੋਰ ਮੁੱਖ ਵਿਸ਼ਾ ਸਾਹਿਤਕਾਰੀ ਕਿਹਾ ਜਾ ਸਕਦਾ ਹੈ। ਕਵੀ ਦਾ ਸਿਰਜਣਾ ਕਰਦਿਆਂ ਮਾਨਸਿਕ ਬੋਝ ਦਰਸਾ ਰਿਹਾ ਉਹ ਲਿਖਦਾ ਹੈ– ਲੇਖਕ ਦੀ ਪਹਿਚਾਣ ਹੈ ਅਧਿਐਨ ਕਰੇ ਆਪ । ਸਾਹਿਤ ਸਿਰਜਣਾ ਸੰਬੰਧੀ ਲਿਖਣਾ ਉਸਦਾ ਦੂਜਾ ਮਨ-ਭਾਉਂਦਾ ਵਿਸ਼ਾ ਕਿਹਾ ਜਾ ਸਕਦਾ ਹੈ। ਉਸ ਨੇ ਸਾਹਿਤਿਕ ਚੋਰੀ, ਮਗਰੋਂ ਛੰਦ ਬਣਾਵੋ, ਕਿਤਾਬ ਤੋਂ ਗਿਆਨ, ਛੰਦ ਰਚਨਾ, ਲੇਖਕ ਦੀ ਤਾਰੀਫ,ਆਦਿ ਅਜਿਹੀਆਂ ਕਾਵਿ-ਸਤਰਾਂ ਪਰੋਸੀਆਂ ਹਨ, ਜਿਹਨਾਂ ਰਾਹੀਂ ਉਹ ਸਿਰਜਣਾ ਦੇ ਪਿੜ ਵਿੱਚ ਹੀ ਪਾਠਕ ਨੂੰ ਲੈ ਜਾਂਦਾ ਹੈ। ਇਸ ਲਿਖਤ ਦੀ ਇਕ ਹੋਰ ਖੂਬੀ ਇਸ ਵਿਚ ਕਿਤੇ ਕਿਤੇ ਨਿਭਦਾ ਵਿਅੰਗ ਕਹੀ ਜਾ ਸਕਦੀ ਹੈ: ਇੱਕੀਆਂ ਤੋਪਾਂ ਦੀ ਤਾਂ ,ਓਸਨੂੰ ਸਲਾਮੀ ਦੇਈਏ, ਇਸ ਵਿਅੰਗ ਦੀ ਸਰਲਤਾ ਅਤੇ ਸਹਿਜਤਾ ਸਲਾਹੁਣ ਵਾਲੀ ਵੀ ਹੈ ਅਤੇ ਮਾਨਣ ਵਾਲੀ ਵੀ ਹੈ। ਇਹ ਸਹਿਜ ਹੀ ਇਸ ਕਾਵਿ ਦਾ ਸੁਹਜ ਹੈ। ਸ਼ਬਦ-ਸ਼ਕਤੀ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਾਨੂੰ ਸਿੱਖ ਕਾਵਿ ਨੇ ਸ਼ਬਦ ਦੇ ਲੜ ਲਾ ਕੇ ਇਹ ਦਰਸਾ ਦਿੱਤਾ ਹੈ ਕਿ ਹਰ ਰੋਗ ਦਾ ਇਲਾਜ ਇਸੇ ਸ਼ਬਦਾਂ ਦੇ ਅਸਲੀ ਅਰਥਾਂ ਤੱਕ ਅਪੜਨ ਵਿੱਚ ਹੀ ਹੈ। ਸ਼ਬਦ ਸਾਡੇ ਲਈ ਅਜਿਹਾ ਰਾਹ ਦਸੇਰਾ, ਚਾਨਣ ਮੁਨਾਰਾ ਜਾਂ ਜੀਵਨ-ਜਾਚ ਹੈ ਜਿਸ ਦੇ ਅਰਥਾਂ ਤੱਕ ਅਪੜ ਕੇ ਅਸੀਂ ਮਾਣ ਹਾਸਲ ਕਰਦੇ ਹਾਂ: ਜਿਹੜੀ ਸੁਰਤ ਵਿੱਚ ਸ਼ਬਦ ਦਾ ਵਾਸ ਹੋਵੇ, ਸਾਡੇ ਲਈ ਇਹ ਸ਼ਬਦ ਰੂਹ ਅਤੇ ਦਿੱਖ ਦੋਵੇਂ ਹੋ ਨਿੱਬੜੇ ਹਨ, ਜਦੋ ਅਸੀਂ ਇਹਨਾਂ ਸ਼ਬਦਾਂ ਦੀਆਂ ਰਮਜਾਂ ਤੱਕ ਅੱਪੜਦੇ ਹਾਂ।
ਕਵੀ ਨੇ ਬਾਲ-ਮਨ ਦੀਆਂ ਪਰਤਾਂ ਨੂੰ ਵੀ ਜਾ ਟੋਹਿਆ ਹੈ । ਕੋਟਲਾ-ਛਪਾਕੀ, ਕਛੂ ਖਰਗੋਸ਼ ਦੀ ਕਹਾਣੀ,ਜਾਂ ਸਾਡੇ ਲਈ ਰੇਡੀਓ ਯਾਰਾਂ ਦਾ ਯਾਰ ਸੀ ਵੱਖਰੀ ਮਾਨਸਿਕਤਾ ਦੀਆਂ ਲਖਾਇਕ ਹਨ। ਰਸੀਲਾ-ਕਾਵਿ ਬਾਰੇ ਲਿਖਦਿਆਂ ਇਉਂ ਮਹਿਸੂਸ ਹੋਇਆ ਕਿ ਕਵਿਤਾ ਬਾਰੇ ਲਿਖਣਾ ਹੋਰ ਵੀ ਔਖਾ ਕਾਰਜ ਹੈ। ਕਵਿਤਾ ਨੂੰ ਜਾਨਣ ਅਤੇ ਮਾਨਣ ਵਿੱਚ ਅੰਤਰ ਸਪਸ਼ਟ ਹੁੰਦਾ ਹੈ। ਮੇਰੀ ਜਾਚੇ ਇਸ ਪੁਸਤਕ ਦੀ ਸੰਪਾਦਨਾ ਥੋੜ੍ਹੀ ਢਿੱਲੀ ਰਹੀ ਹੈ।ਵੱਖਰੇ ਵਿਸ਼ੇ ਆਪਣੀ ਗੰਭੀਰਤਾ ਨੂੰ ਵੱਖਰੇ ਹਿੱਸੇ ਵਿੱਚ ਬਰਕਰਾਰ ਰੱਖ ਸਕਦੇ ਸਨ। ਸ਼ਾਇਦ ਇਸ ਕਾਵਿ ਨੂੰ ਮੇਰੀ ਜਾਚੇ ਤਿੰਨ ਵੱਖਰੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਸੀ। ਪਹਿਲਾ ਅਤੇ ਅਹਿਮ ਭਾਗ ਸਿੱਖੀ ਸੰਬੰਧੀ ਕਵਿਤਾਵਾਂ ਦਾ ਹੋ ਸਕਦਾ ਸੀ।ਦੂਜਾ ਭਾਗ ਸਾਹਿਤਕਾਰਾਂ ਬਾਰੇ ਜਾਂ ਲਿਖਣ ਕਲਾ ਬਾਰੇ ਰੱਖਿਆ ਜਾ ਸਕਦਾ ਸੀ ਅਤੇ ਤੀਜੇ ਭਾਗ ਵਿੱਚ ਹੋਰ ਵਿਸ਼ੇ ਨਿਭਾਏ ਜਾ ਸਕਦੇ ਸਨ। ਹੁਣ ਜਦੋਂ ਅਸੀਂ ਰੇਡੀਓ ਦੀਆਂ ਸੁਰਾਂ ਜਾਣਦੇ ਠੰਡੂ ਰਾਮ ਨੂੰ ਸੱਜਰੇ ਕਰ ਰਹੇ ਹੁੰਦੇ ਹਾਂ, ਅਗਲੀ ਕਵਿਤਾ ਖਾਲਸਾ ਸਾਜਨਾ ਕਰਕੇ ਬਹੁਤ ਗੰਭੀਰ ਮਾਹੌਲ ਸਿਰਜਦੀ ਹੈ। ਇਉਂ ਹੀ ਕਿਸਾਨ ਬਾਰੇ ਕਵੀ ਨੇ ਪੰਨਾ 70, 138 ਤੇ 154 ਵਿੱਚ ਇੱਕੋ ਵਿਸ਼ੇ ਨੂੰ ਦੁਹਰਾਇਆ ਹੈ। ਕਵੀ ਮਨ ਤਾਂ ਭਾਵੁਕ ਹੋਣ ਕਰਕੇ ਆਪਣੀ ਨਜਰ ਇੱਕ ਵਿਸ਼ੇ ਤੋਂ ਦੂਜੇ ਵਿਸ਼ੇ ਤੇ ਕਰ ਸਕਦਾ ਹੈ ਪਰ ਪਾਠਕ-ਮਨ ਦੀ ਸਥਿਤੀ ਹੋਰ ਹੁੰਦੀ ਹੈ। ਉਸਨੂੰ ਕੋਟਲਾ-ਛਪਾਕੀ ਖੇਡਦੇ ਖੇਡਦੇ ਹੀ ਕਿਸੇ ਗੰਭੀਰਤਾ ਤੱਕ ਅੱਪੜਨਾ ਔਖਾ ਲੱਗਦਾ ਹੈ। ਇਸ ਰਚਨਾ ਦੀ ਸਭ ਤੋਂ ਖੂਬਸੂਰਤ ਕਵਿਤਾ “ਲੋਕ-ਧਾਰਾ ਦਾ ਤਾਂ ਖੇਤਰ ਵਿਸ਼ਾਲ ਜੀ” ਕਹੀ ਜਾ ਸਕਦੀ ਹੈ। ਕਵੀ ਨੇ ਇਸ ਕਵਿਤਾ ਨਾਲ ਲੋਕ ਮਨ ਵਿਚ ਪਲਦੀਆਂ ਸਭ ਧਾਰਨਾਵਾਂ, ਕਹਾਣੀਆਂ ਜਾਂ ਗੀਤਾਂ, ਬੋਲੀਆਂ, ਤਿਉਹਾਰਾਂ ਆਦਿ ਦਾ ਜਿਕਰ ਕਰਕੇ ਲੋਕ ਮਨ ਦੇ ਵਿਗਸਣ ਦੇ ਸਭ ਪੱਖਾਂ ਦੀ ਗੱਲ ਬਹੁਤ ਖੂਬਸੂਰਤੀ ਨਾਲ ਕੀਤੀ ਹੈ। ਸਮੁੱਚੇ ਰੂਪ ਵਿੱਚ ਇਹ ਮਨੁੱਖੀ ਵਿਕਾਸ ਲਈ ਵੱਖੋ ਵੱਖਰੇ ਕੋਣਾਂ ਤੋਂ ਜਗਤ ਨਾਲ ਸੰਬੰਧਿਤ ਮੁੱਲਾਂ ਦਾ ਅਕਸ ਚਿਤਰਦਾ ਕਾਵਿ ਹੈ।ਕਵੀ ਜਿਵੇਂ ਮਹਿਸੂਸਦਾ,ਵੇਖਦਾ ਅਤੇ ਬਿਆਨਦਾ ਹੈ, ਉਸ ਨਾਲ ਉਸਦੀ ਸੋਚ ਦੀਆਂ ਕਈ ਸੁਰਾਂ ਪਛਾਣੀਆਂ ਜਾ ਸਕਦੀਆਂ ਹਨ। ਉਹ ਆਪਣੇ ਅਹਿਸਾਸ ਜਾਂ ਅਨੁਭਵ ਨੂੰ ਸਰਲ ਭਾਸ਼ਾ ਵਿੱਚ ਬਿਆਨ ਕਰਦਾ ਹੈ। ਇਹ ਪੰਜਾਬੀ ਸੱਭਿਆਚਾਰ ਵਿਸ਼ੇਸ਼ ਕਰਕੇ ਸਿੱਖ ਕਾਵਿ ਦੀ ਤਰਜਮਾਨੀ ਕਰਦਾ ਕਾਵਿ ਹੈ। ਕਵੀ ਸਮਾਜ ਦੇ ਸਰਬ ਪੱਖੀ ਵਿਕਾਸ ਦੀ ਲੋਚਾ ਕਰਦਾ ਹੈ। ਪਾਠਕਾਂ ਦੇ ਭਰਪੂਰ ਹੁੰਗਾਰੇ ਦੀ ਅਰਦਾਸ ਕਰਦੀ ਹਾਂ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਬਲਵਿੰਦਰ ਕੌਰ ਬਰਾੜ
ਸਾਬਕਾ ਮੁਖੀ,
ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ ਪਟਿਆਲਾ
+1 403 590 9629