28 April 2024

ਤਿੰਨ ਕਵਿਤਾਵਾਂ ‘ਤੇ ਇੱਕ ਗ਼ਜ਼ਲ — ਪ੍ਰੋ. ਨਵ ਸੰਗੀਤ ਸਿੰਘ

ਮੇਰੀ ਦੁਨੀਆਂ
 
ਮੇਰੀ ਦੁਨੀਆਂ ਵਿੱਚ ਵੱਸਦੇ ਨੇ, 
ਤਰ੍ਹਾਂ-ਤਰ੍ਹਾਂ ਦੇ ਲੋਕ।
ਕੁਝ ਨੇ ਹੱਸਣ-ਖੇਡਣ ਵਾਲੇ, 
ਕੁਝ ਰਹਿੰਦੇ ਵਿੱਚ ਸ਼ੋਕ।
ਓਸ ਪ੍ਰਭੂ ਨੇ ਸਾਜੀ ਹੈ, 
ਇਹ ਦੁਨੀਆਂ ਰੰਗ-ਬਿਰੰਗੀ।
ਕਿਸੇ ਲਈ ਇਹ ਮਾਇਆ-ਛਾਇਆ, 
ਕਿਸੇ ਲਈ ਹੈ ਚੰਗੀ।
ਜੀਵਨ ਹੈ ਇਹ ਚਾਰ ਦਿਹਾੜੇ, 
ਏਥੇ ਸਦਾ ਨਹੀਂ ਰਹਿਣਾ।
ਚਾਨਣ ਵੰਡੀਏ, ਖੁਸ਼ਬੋ ਦੇਈਏ, 
ਜੀਕਰ ਕੋਈ ਟਟਹਿਣਾ।
ਦੁਨੀਆਂ ਵਿੱਚ ਜੇ ਆਏ ਹਾਂ, 
ਤਾਂ ਨੇਕ ਕੰਮ ਅਸੀਂ ਕਰੀਏ।
ਗਲੇ ਲਗਾਈਏ ਹਰ ਇੱਕ ਨੂੰ, 
ਤੇ ਸਭ ਦੇ ਦੁਖ ਨੂੰ ਹਰੀਏ।
ਖਾਲੀ ਕੋਈ ਨਾ ਜਾਏ, 
ਦਰ ਤੇ ਕਰਦਾ ਜੋ ਫ਼ਰਿਆਦ।
ਐਸੇ ਕੰਮ ਕਰ ਜਾਈਏ, 
ਪਿੱਛੋਂ ਦੁਨੀਆਂ ਰੱਖੇ ਯਾਦ।
           ***2. ਰਾਤ ਦਿਨ

ਕਦੇ ਇੱਥੇ ਸੋਕਾ ਪੈਂਦਾ ਹੈ, 
ਕਦੇ ਹੋਵੇ ਬਰਸਾਤ।
ਏਸੇ ਤਰ੍ਹਾਂ ਹੀ ਦਿਨ ਤੋਂ ਪਿੱਛੋਂ, 
ਆ ਜਾਂਦੀ ਏ ਰਾਤ।
ਕੱਲ੍ਹ ਵਰਗਾ ਤਾਂ ਅੱਜ ਨਹੀਂ ਹੈ, 
ਬਦਲਣਗੇ ਹਾਲਾਤ।
ਸੱਥਰ ਵਿਛਿਆ ਕਿਸੇ ਦੇ ਘਰ ਵਿੱਚ, 
ਇੱਕ ਚੜ੍ਹਿਆ ਬਾਰਾਤ।
ਗੁੰਮਨਾਮੀ ਵਿੱਚ ਡੁੱਬਾ ਕੋਈ, 
ਇੱਕ ਹੋਇਆ ਵਿਖਿਆਤ। 
ਚੰਦਰਮਾ ਤੇ ਤਾਰੇ ਛੁਪ ਗਏ, 
ਹੋ ਚੱਲੀ ਪਰਭਾਤ।
ਦਿਲ ਵਿੱਚ ਉੱਠਣ ਮਧੁਰ ਤਰੰਗਾਂ, 
ਮਚਲ ਰਹੇ ਜਜ਼ਬਾਤ।
ਝੂਠ ਨਹੀਂ ਹੈ ਰੱਤੀ ਭਰ ਵੀ, 
ਬਿਲਕੁਲ ਸੱਚੀ ਬਾਤ।
ਬੰਦਾ ਤਾਂ ਕੇਵਲ ਕਠਪੁਤਲੀ, 
ਕੀ ਇਹਦੀ ਔਕਾਤ।
ਪ੍ਰਕਿਰਤੀ ਹੈ ਦਿੰਦੀ ਸਾਨੂੰ, 
ਰੋਜ਼ ਨਵੀਂ ਸੌਗਾਤ।
***

3. ਮਨ ਨੀਵਾਂ ਮੱਤ ਉੱਚੀ 

ਸਾਡੇ ਬਾਬੇ ਆਖ ਗਏ : ਰੱਖਣਾ ਮਨ ਨੀਵਾਂ ਮੱਤ ਉੱਚੀ। 
ਗੱਲ ਪੱਲੇ ਬੰਨ੍ਹ ਲਈਏ, ਬਣੇਗੀ ਜ਼ਿੰਦਗੀ ਸੱਚੀ-ਸੁੱਚੀ।
ਮਨ ਦੇ ਪਿੱਛੇ ਲੱਗ ਕੇ, ਸਭ ਕੁਝ ਹੱਥੋਂ ਅਸੀਂ ਗਵਾਇਆ।
ਕਾਬੂ ਨਾ ਮਨ ਹੋਵੇ, ਤਾਂ ਹੀ ਆਪਣਾ ਹੋਇਆ ਪਰਾਇਆ।
ਜੇ ਮਨ ਨੂੰ ਜਿੱਤ ਲਈਏ, ਸਾਰਾ ਜੱਗ ਕਬਜ਼ੇ ਵਿੱਚ ਆ ਜੂ।
ਨਾ ਜੇਕਰ ਗੱਲ ਮੰਨੀ, ਸਾਡਾ ਆਪਣਾ ਸਾਨੂੰ ਖਾ ਜੂ।
ਵੇਖੋ ਅਕਲਾਂ ਵਾਲਿਆਂ ਨੇ, ਕੈਸੇ ਪੁਰਸਕਾਰ ਨੇ ਜਿੱਤੇ।
ਮੱਤ ਨੀਵੀਂ ਵਾਲੇ ਤਾਂ, ਇਨ੍ਹਾਂ ਨੂੰ ਵੇਖ ਕੇ ਪੈਂਦੇ ਛਿੱਥੇ।
ਮਨ ਘੋੜੇ ਵਰਗਾ ਹੈ, ਇਹਦੀਆਂ ਹੋਰ ਲਗਾਮਾਂ ਕਸੀਏ।
ਮੰਨੀਏ ਇਸ ਮੰਤਰ ਨੂੰ, ਛੱਡੀਏ ਰੋਣਾ ਖਿੜਖਿੜ ਹੱਸੀਏ।
ਚੰਚਲ ਮਨ ਪਾਪੀ ਨੇ, ਸਾਨੂੰ ਕੀਤਾ ਕੱਖੋਂ ਹੌਲ਼ੇ।
ਪਰ ਅਕਲਾਂ ਵਾਲਿਆਂ ਦੇ, ਨੱਚੇ ਧਰਤੀ ਅੰਬਰ ਮੌਲ਼ੇ।
***

4. ਗ਼ਜ਼ਲ

ਕੁਝ ਨਹੀਂ ਹਾਸਲ ਹੋਣਾ ਬੂਹਾ ਭੇੜੇ ਤੋਂ।
ਖ਼ੁਸ਼ੀਆਂ ਨਿਕਲਣ ਗ਼ਮ ਦਾ ਕੋਹਲੂ ਗੇੜੇ ਤੋਂ।

ਭਟਕ ਰਿਹੈਂ ਕਿਉਂ ਜੰਗਲ-ਬੀਆਬਾਨਾਂ ਵਿੱਚ,
ਮਿਲਣੀ ਆਖ਼ਰ ਸ਼ਾਂਤੀ ਨੇੜੇ-ਤੇੜੇ ਤੋਂ।

ਦਿਲ ਮੇਰੇ ਦਾ ਮਹਿਰਮ ਤਾਂ ਬਸ ਰਾਂਝਾ ਹੈ,
ਕੀ ਮਿਲਿਆ ਸੀ ਹੀਰ ਨੂੰ ਸੈਦੇ ਖੇੜੇ ਤੋਂ।

ਨੇੜ ਨਾ ਜਾਈਂ ਕਿਧਰੇ ਬੂਥਾ ਸੁੱਜ ਜਾਣਾ,
ਹੱਥ ਲਾਇਆਂ ਭੂੰਡਾਂ ਦੇ ਖੱਖਰ ਛੇੜੇ ਤੋਂ।

ਗੱਲ ਤਾਂ ਆਖ਼ਰ ਮਿਲ ਕੇ ਬੈਠ ਕੇ ਨਿਬੜੇਗੀ,
ਖੱਜਲ-ਖੁਆਰੀ ਮਿਲਣੀ ਝਗੜੇ-ਝੇੜੇ ਤੋਂ।

ਇਸ਼ਕ ਦਾ ਰੋਗ ਅਵੱਲਾ ਸ਼ਫ਼ਾ ਨਹੀਂ ਕਿਧਰੇ,
ਕਿਵੇਂ ਛੁੱਟੇਗੀ ਜਾਨ ਇਹ ਦਰਦ ਸਹੇੜੇ ਤੋਂ।

‘ਨਵ ਸੰਗੀਤ’ ਸੰਭਲ ਕੇ ਰਹਿੰਦਾ ਹੈ ਅੱਜਕੱਲ੍ਹ,
ਡਰ ਲੱਗਦਾ ਹੈ ਊਟਪਟਾਂਗ ਬਖੇੜੇ ਤੋਂ।
***
# ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
9417692015.  
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1298
***

About the author

ਪ੍ਰੋ. ਨਵ ਸੰਗੀਤ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →