ਅੱਜ ਦੇ ਪ੍ਰਸਿੱਧ ਇਤਿਹਾਸਕਾਰ-ਫਿਲਾਸਫਰ ਯੁਵਾਲ ਨੋਆ ਹਰਾਰੀ ਵਲੋਂ ਲਿਖੀ ਅਤੇ 2024 ਵਿੱਚ ਛਪੀ ਕਿਤਾਬ ‘ਨੈਕਸਜ’( Nexus), ਸੰਸਾਰ ਦੀਆਂ ‘ਬੈਸਟ ਸੈੱਲਰਜ’ ਵਿੱਚੋਂ ਵੀ ਚੋਟੀ ਦੀ ਕਿਤਾਬ ਹੈ। ਇਹ ਪੱਥਰ ਯੁਗ ਤੋਂ ਲੈ ਕੇ, ਅੱਜ ਦੀ ਏ.ਆਈ ਤੱਕ ਦੇ ਸੂਚਨਾ-ਜਾਲ਼ਾਂ (ਇਨਫਾਰਮੇਸ਼ਨ ਨੈੱਟ-ਵਰਕਸ) ਦਾ ਸੰਖੇਪ ਇਤਿਹਾਸ ਹੈ। ਸੂਚਨਾ-ਜਾਲ਼ ਤੋਂ ਭਾਵ ਹੈ ਸੂਚਨਾ (ਜਾਣਕਾਰੀ) ਦੇ ਸੰਚਾਰ ਜਾਂ ਪਰਸਾਰ ਦਾ ਸਿਸਟਮ, ਤਾਣਾ-ਬਾਣਾ। ਪੱਥਰ-ਯੁਗ ਤੋਂ ਸ਼ੁਰੂ ਹੋ ਕੇ ਸਮੇਂ-ਸਮੇਂ ਸਿਰ, ਸਥਾਨਕ ਲੋੜਾਂ ਅਤੇ ਹਾਲਾਤਾਂ ਅਨੁਸਾਰ, ਸੂਚਨਾ-ਪਰਸਾਰ ਦੇ ਅਨੇਕਾਂ ਸਿਸਟਮ ਵਿਕਸਿਤ ਹੋਏ ਹਨ – ਉਦਾਹਰਨ ਵਜੋਂ, ਅਵਾਜਾਂ ਰਾਹੀਂ,ਪੈਦਲ ਅਤੇ ਘੋੜ-ਸਵਾਰਾਂ ਰਾਹੀਂ, ਕਬੂਤਰਾਂ ਰਾਹੀਂ। ਢਾਈ ਹਜ਼ਾਰ ਸਾਲ ਪਹਿਲਾਂ ਦੌੜਾਕ ਫਾਈਡਿਪੀਡੀਜ਼ ਨੇ, ਮੈਰਾਥਨ ਦੇ ਯੁੱਧ ਦੀ ਜਿੱਤ ਦੀ ਸੂਚਨਾ, ਯੂਨਾਨ ਦੀ ਰਾਜਧਾਨੀ ਐਥਨਜ ਤੱਕ ਦੌੜ ਕੇ ਹੀ ਪਹੁੰਚਾਈ ਸੀ। ਡਾਕ-ਤਾਰ ਵਿਭਾਗ, ਟੈਲੀਫ਼ੋਨ, ਰੇਡੀਓ, ਇੰਟਰਨੈੱਟ ਆਦਿ ਮਾਡਰਨ ਯੁਗ ਦੇ ਸੂਚਨਾ-ਜਾਲ਼ਾਂ ਦੀਆਂ ਉਦਾਹਰਣਾਂ ਹਨ। ਸੂਚਨਾ ਦੇ ਅਣਗਿਣਤ ਪਰਸਾਰ-ਸਾਧਨ ਹਨ ਅਤੇ ਇਹ ਇਕੱਲਾ ਲਿਖਤਾਂ ਜਾਂ ਬੋਲੀਆਂ ਰਾਹੀਂ ਹੀ ਨਹੀਂ ਹੁੰਦਾ। ਕਿਸੇ ਚੌਂਕ ’ਚ ਲੱਗੀਆਂ ਲਾਲ-ਹਰੀਆਂ ਲਾਈਟਾਂ ਵੀ ਕਿਸੇ ਸੂਚਨਾ-ਜਾਲ਼ ਦਾ ਹਿੱਸਾ ਹਨ। ਛੋਟੇ ਬੱਚੇ ਦਾ ਰੋਣਾ ਮਾਂ ਲਈ ਸੂਚਨਾ ਹੈ ਅਤੇ ਮਾਂ ਦੀ ਤੱਕਣੀ ਵਿੱਚ ਬੱਚੇ ਲਈ ਸੂਚਨਾ ਹੈ। ਸੂਚਨਾ-ਜਾਲ਼ਾਂ ਨੇ ਤਕਨੌਲੋਜੀ, ਸਮਾਜਿਕ ਢਾਂਚਿਆਂ, ਰਾਜਨੀਤਕ ਪ੍ਰਣਾਲ਼ੀਆਂ, ਅਰਥ-ਵਿਵਸਥਾਵਾਂ ਅਤੇ ਸਭਿਆਚਾਰਾਂ ਦੇ ਵਿਕਾਸ ਅਤੇ ਬਦਲਾਓ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਰਥਾਤ ਇਨ੍ਹਾਂ ਨੇ ਸੰਸਾਰ ਦੇ ਹੋਰ ‘ਨੈੱਟ-ਵਰਕਸ’ ’ਤੇ ਬਹੁਤ ਡੂੰਘਾ ਅਸਰ ਪਾਇਆ ਹੈ। ਇਤਿਹਾਸ ਗਵਾਹ ਹੈ ਕਿ ਸੂਚਨਾ-ਪਰਸਾਰ ਦੀ ਹਰ ਵੱਡੀ ਕਾਢ ਤੋਂ ਬਾਅਦ, ਸੰਸਾਰ ਵਿੱਚ ਅਭੂਤ-ਪੂਰਬ ਤਬਦੀਲੀਆਂ ਹੁੰਦੀਆਂ ਰਹੀਆਂ ਹਨ – ਇੱਥੋਂ ਤੱਕ ਕਿ ਕ੍ਰਾਂਤੀਆਂ ਵੀ ਹੁੰਦੀਆਂ ਰਹੀਆਂ ਹਨ। ਹੁਣ ਤੱਕ ਅਸੀਂ ਆਪਣੇ ਇਤਿਹਾਸ ਨੂੰ ਰਾਜਨੀਤਕ, ਆਰਥਿਕ ਸਮਾਜਿਕ ਅਤੇ ਧਾਰਮਿਕ ਪਰਿਪੇਖਾਂ ਅਨੁਸਾਰ ਲਿਖਿਆ-ਪੜ੍ਹਿਆ ਹੈ ਪਰ ਹੁਣ ਇਸ ਨੂੰ, ਇਸ ਤਰ੍ਹਾਂ ਦੇ ਅਹਿਮ ਪਰ ਅਣਗੌਲ਼ੇ ਪੱਖਾਂ ਤੋਂ ਵੀ ਵਿਚਾਰਿਆ ਜਾਣ ਲੱਗਾ ਹੈ। ਸੂਚਨਾ ਦਾ ਅਸਲੀਅਤ ਅਤੇ ਸੱਚ ਨਾਲ਼ ਬਹੁਤਾ ਸੰਬੰਧ ਨਹੀਂ। ਮਨੁੱਖ ਵਲੋਂ ਇਸ ਦੀ ਵਰਤੋਂ ਕਹਾਣੀਆਂ, ਮਿੱਥ, ਸੰਕਲਪ, ਵਿਸ਼ਵਾਸ ਅਤੇ ਬ੍ਰਿਤਾਂਤ ਸਿਰਜਣ ਅਤੇ ਝੂਠ ਬੋਲਣ ਵਿੱਚ ਵੀ ਬਹੁਤ ਹੁੰਦੀ ਸੀ ਅਤੇ ਹੈ। ਇਨ੍ਹਾਂ ਕਹਾਣੀਆਂ, ਮਿੱਥਾਂ, ਬ੍ਰਿਤਾਂਤਾਂ ਅਤੇ ਸੰਕਲਪਾਂ ਆਦਿ ਨੇ ਹੀ ਮਨੁੱਖ ਨੂੰ ਵਿਸ਼ਾਲ ਸਮੂਹ ਬਣਾ ਕੇ ਇਕੱਠੇ ਰਹਿਣ ਅਤੇ ਰਲ਼ ਕੇ ਕੰਮ ਕਰਨਾ ਸਿਖਾਇਆ। ਇਸ ਸਮਰੱਥਾ ਨੇ ਹੀ ਉਸ ਨੂੰ ਬਾਕੀ ਸਾਰੇ ਜੀਵਾਂ ਨਾਲੋਂ ਸ਼ਕਤੀ-ਸ਼ਾਲੀ ਬਣਾਇਆ। ਹੋਰ ਜੀਵ ਇਸ ਤਰ੍ਹਾਂ ਨਹੀਂ ਕਰ ਸਕਦੇ ਭਾਵੇਂ ਕਿ ਬੋਲੀਆਂ ਉਨ੍ਹਾਂ ਦੀਆਂ ਵੀ ਹਨ। ਇਨ੍ਹਾਂ ਗੁਣਾਂ (ਔਗੁਣਾਂ) ਨੇ ਸਾਨੂੰ ਛੋਟੇ-ਛੋਟੇ ਸਮੂਹਾਂ ਨੂੰ ਇਕੱਠੇ ਕਰ ਕੇ, ਵੱਡੇ ਸਮਾਜ ਬਣਾਉਣ ਦੀ ਸਮਰੱਥਾ ਦਿੱਤੀ। ਇਨ੍ਹਾਂ ਅਦਿੱਖ ਤਾਣਿਆਂ-ਬਾਣਿਆਂ ਨੇ ਮਨੁੱਖ ਨੂੰ ਇੱਕ ਦੂਜੇ ਨਾਲ ਇਸ ਤਰ੍ਹਾਂ ਜੋੜ ਦਿੱਤਾ ਕਿ ਓਹ ਇਕੱਲੇ ਖੂਨ ਦੇ ਰਿਸ਼ਤੇ ਨਾਲ ਹੀ ਨਹੀਂ, ਬਲਕਿ ਸਾਂਝੀਆਂ ਕਹਾਣੀਆਂ, ਸਾਂਝੇ ਮਿੱਥਾਂ ਅਤੇ ਬ੍ਰਿਤਾਂਤਾ ਦੇ ਰਿਸ਼ਤਿਆਂ ਰਾਹੀਂ ਵੀ ਜੁੜੇ ਹੋਏ ਸਨ। ਭਾਵ ਇਹ ਕਿ ਸੂਚਨਾ (ਜਾਣਕਾਰੀ) ਦੇ ਸ਼ੁਰੂਆਤੀ ਨੈੱਟ-ਵਰਕ ਕਹਾਣੀਆਂ ਅਤੇ ਵਿਸ਼ਵਾਸਾਂ ‘ਤੇ ਆਧਾਰਿਤ ਸਨ। ਡਾ. ਹਰਾਰੀ ਇਹ ਗੱਲ ਜ਼ੋਰ ਦੇ ਕੇ ਕਹਿੰਦੇ ਹਨ ਕਿ ਸਾਨੂੰ ਜੋੜਨ ਲਈ ਅਸਲੀਅਤ ਅਤੇ ਸੱਚ ਦੀ ਓਨੀ ਭੂਮਿਕਾ ਨਹੀਂ, ਜਿੰਨੀ ਕਿ ਕਥਾ-ਕਹਾਣੀਆਂ, ਬ੍ਰਿਤਾਂਤਾਂ, ਸੰਕਲਪਾਂ ਅਤੇ ਵਿਸ਼ਵਾਸਾਂ ਦੀ ਹੈ। ਭਾਵ ਸੂਚਨਾ ਦਾ ਅਸਲੀਅਤ ਅਤੇ ਸੱਚ ਨਾਲ਼ ਬਹੁਤਾ ਸੰਬੰਧ ਨਹੀਂ – ਜੇ ਹੁੰਦਾ ਤਾਂ ਅੱਜ ਦੀ ਸੂਚਨਾ-ਭਰਪੂਰ ਦੁਨੀਆ ’ਚ, ਸੱਚ ਦਾ ਹੀ ਬੋਲ-ਬਾਲਾ ਹੋਣਾ ਸੀ। ਇਹ ਤੱਥ ਇੱਕ ਗੁੰਝਲ਼ਦਾਰ ਬੁਝਾਰਤ ਹੈ ਕਿ ਸੱਚ ਸਾਨੂੰ ਆਪਸ ’ਚ ਜੋੜਨ ਦੀ ਓਨੀ ਸਮਰੱਥਾ ਨਹੀਂ ਰਖਦਾ, ਜਿੰਨਾ ਕਿ ਅਸੀਂ ਸਮਝੀਂ ਬੈਠੇ ਹਾਂ। Information isn’t truth. —-and information networks throughout history have often privileged order over truth (p-400). ‘Nexus’ By Harari ਵਿਚਾਰ ਦੀ ਗੱਲ ਹੈ ਕਿ ਜੇ ਇਤਿਹਾਸ ਵਿੱਚ ਇਹ ਸਭ ਕੁਝ ਹੁੰਦਾ ਰਿਹਾ ਹੈ ਤਾਂ ਅੱਜ ਦੇ ਯੁਗ ਵਿੱਚ ਡਿਜ਼ਿਟਲ ਡੈਟਾ, ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਏ.ਆਈ ਦੇ ਸੂਚਨਾ-ਜਾਲ਼ਾਂ ਦਾ ਮਨੁੱਖ ਦੇ ਵਰਤਮਾਨ ਅਤੇ ਭਵਿੱਖ ਤੇ ਕੀ ਅਸਰ ਪਵੇਗਾ? ਡਾ. ਹਰਾਰੀ ਵਲੋਂ ਇਸ ਵਿਸ਼ੇ ਤੇ ਕਿਤਾਬ ਲਿਖਣਾ ਅਤੇ ਉਸ ਕਿਤਾਬ ਦਾ ਫ਼ੌਰੀ ਤੌਰ ਤੇ ਬੈਸਟ-ਸੈੱਲਰ ਬਣ ਜਾਣਾ, ਇਸ ਵਿਸ਼ੇ ਦੀ ਮਹੱਤਤਾ ਦਰਸਾਉਂਦੇ ਹਨ। ਉਨ੍ਹਾਂ ਦੀ ਕਿਤਾਬ ਦਾ ਮੰਤਵ ਹੀ ਸੰਸਾਰ ਨੂੰ ਇਸ ਸੰਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਵਲੋਂ ਇਸ ਵਿੱਚ ਚਿਤਾਵਨੀਆਂ ਦਿੱਤੀਆਂ ਗਈਆਂ ਹਨ ਕਿ ਏ.ਆਈ ਦੀ ਅੰਧਾ-ਧੁੰਦ ਵਰਤੋਂ ਦੇ ਕੀ-ਕੀ ਮੰਦੇ ਪਰਭਾਵ ਪੈਣ ਦੇ ਆਸਾਰ ਹਨ ਅਤੇ ਇਨ੍ਹਾਂ ਤੋਂ ਬਚਣ ਲਈ ਕੀ-ਕੀ ਸਾਵਧਾਨੀਆਂ ਜ਼ਰੂਰੀ ਹਨ। ਡਾ. ਹਰਾਰੀ ਦੀਆਂ ਨਸੀਹਤਾਂ ਦੀ ਅਹਿਮੀਅਤ ਸਮਝਣ ਲਈ ਇਤਿਹਾਸ ਦੇ ਮੁੱਖ ਸੂਚਨਾ-ਜਾਲ਼ਾਂ (ਇਨਫਾਰਮੇਸ਼ਨ ਨੈੱਟ-ਵਰਕਸ) ’ਤੇ ਵਿਚਾਰ ਕਰਦੇ ਹਾਂ। ਇਨ੍ਹਾਂ ਨੂੰ ਪੰਜ ਇਤਿਹਾਸਕ ਯੁਗਾਂ ਅਨੁਸਾਰ ਵੰਡਿਆ ਗਿਆ ਹੈ:
ਭਾਵੇਂ ਮਨੁੱਖ ਸ੍ਰਿਸ਼ਟੀ ਦਾ ਸਭ ਤੋਂ ਤਾਕਤਵਰ ਪ੍ਰਾਣੀ ਨਹੀਂ, ਪਰ ਭਾਸ਼ਾ ਅਤੇ ਬੋਲੀ ਨੇ ਉਸ ਨੂੰ ਇਸ ਦਾ ਮਾਲਕ ਬਣਾ ਦਿੱਤਾ ਹੈ, ਅਤੇ ਇਹੀ ਸਾਡੀ ਸੂਚਨਾ (ਜਾਣਕਾਰੀ) ਦੇ ਪਰਸਾਰ ਦਾ ਮੁੱਖ ਆਧਾਰ ਬਣੀ ਹੈ। ਸਪਸ਼ਟ ਹੈ ਕਿ ਸੂਚਨਾ, ਗਿਆਨ ਅਤੇ ਸ਼ਕਤੀ ਦਾ ਮੁੱਖ ਸਾਧਨ ਸੀ ਅਤੇ ਹੈ। ਸਾਧਨ ਇਹ ਸਿਆਣਪ ਦਾ ਵੀ ਹੈ, ਪਰ ਮਨੁੱਖ ਇਸ ਕੰਮ ਲਈ ਇਸ ਦੀ ਬਹੁਤੀ ਵਰਤੋਂ ਨਹੀਂ ਕਰਦਾ। ਇਸ ਲਈ ਸੰਸਾਰ ’ਚ ਸਿਆਣਪ ਦੀ ਆਦਿ-ਕਾਲ ਤੋਂ ਹੀ ਘਾਟ ਰਹੀ ਹੈ। ਸ਼ੁਰੂ ਵਿੱਚ ਸੂਚਨਾ-ਪਰਸਾਰ ਦਾ ਕੰਮ ਮੂੰਹੋ-ਮੂੰਹੀ ਸੀ ਜੋ ਮਨੁੱਖ ਦੀ ਬੋਲਣ ਦੀ ਸਮਰੱਥਾ ਅਤੇ ਯਾਦ-ਸ਼ਕਤੀ ਤੇ ਨਿਰਭਰ ਸੀ। ਪਰ ਇਸ ਨੈੱਟ-ਵਰਕ ਦੀ ਇੱਕ ਹੱਦ ਸੀ ਕਿਉਂਕਿ ਇਹ ਮਨੁੱਖੀ ਯਾਦ-ਸ਼ਕਤੀ ‘ਤੇ ਨਿਰਭਰ ਸੀ। ਜਦੋਂ ਹਜ਼ਾਰਾਂ ਤੋਂ ਵੱਧ ਕੇ ਲੱਖਾਂ ਲੋਕਾਂ ਦਾ ਸਮਾਜ ਬਣਾਉਣ ਦੀ ਗੱਲ ਆਈ, ਤਾਂ ਸਿਰਫ ਯਾਦ-ਸ਼ਕਤੀ ‘ਤੇ ਭਰੋਸਾ ਕਰਨਾ ਸਫਲ ਨਹੀਂ ਹੋ ਸਕਿਆ। ਇਨਸਾਨੀ ਦਿਮਾਗ, ਇੰਨਾ ‘ਡੈਟਾ’ ਅਤੇ ਇੰਨੀ ਜਾਣਕਾਰੀ/ਸੂਚਨਾ ਯਾਦ ਨਹੀਂ ਸੀ ਰੱਖ ਸਕਦਾ। ਮਨੁੱਖਤਾ ਇੱਕ ਐਸੇ ਮੋੜ ‘ਤੇ ਪਹੁੰਚ ਗਈ ਸੀ ਜਿੱਥੇ ਉਸਨੂੰ ਵਿਸ਼ਾਲ ਸਾਮਰਾਜ ਅਤੇ ਵੱਡੇ-ਵੱਡੇ ਸ਼ਹਿਰ ਬਣਾਉਣ ਲਈ ਸੂਚਨਾ-ਪਰਸਾਰ ਦੇ ਨਵੇਂ ਅਤੇ ਵੱਧ ਭਰੋਸੇ-ਮੰਦ ਤਾਣੇ-ਬਾਣੇ ਦੀ ਜ਼ਰੂਰਤ ਸੀ।
ਇਨ੍ਹਾਂ ਹਾਲਾਤਾਂ ਨੇ ਸਾਢੇ ਕੁ ਪੰਜ ਕੁ ਹਜ਼ਾਰ ਪਹਿਲਾਂ ਲਿਖਾਈ ਦੀ ਕ੍ਰਾਂਤੀ ਨੂੰ ਜਨਮ ਦਿੱਤਾ। ਇਸ ਨੇ ਜਾਣਕਾਰੀ ਨੂੰ ਭੌਤਿਕ ਰੂਪ ਦਿੱਤਾ, ਜਿਸ ਕਰ ਕੇ ਇਸ ਨੂੰ ਦੇਖਿਆ ਜਾ ਸਕਦਾ ਸੀ, ਛਪਵਾਇਆ ਜਾ ਸਕਦਾ ਸੀ ਅਤੇ ਸਾਲਾਂ-ਸਾਲ ਸੰਭਾਲ਼ਿਆ ਜਾ ਸਕਦਾ ਸੀ। ਦੁਨੀਆ ਹੁਣ ਸਿਰਫ਼ ਵਿਅਕਤੀਆਂ ਅਤੇ ਵਸਤੂਆਂ ਦਾ ਸਮੂਹ ਹੀ ਨਹੀਂ ਰਹਿ ਗਈ ਸੀ ਬਲਕਿ ਇਹ ਸਿਲਾ-ਲੇਖਾਂ, ਕਾਗਜਾਂ, ਫ਼ਾਈਲਾਂ, ਰਜਿਸਟਰਾਂ ਅਤੇ ਨਕਸ਼ਿਆਂ ਦਾ ਇੱਕ ਪ੍ਰਣਾਲ਼ੀ-ਬਧ ਸਿਸਟਮ ਵੀ ਬਣ ਗਈ ਸੀ। ਇਹ ਸੂਚਨਾ/ਜਾਣਕਾਰੀ ਦਾ ਇੱਕ ਨਵਾਂ ਅਤੇ ਜ਼ਿਆਦਾ ਤਾਕਤਵਰ ਨੈੱਟ-ਵਰਕ ਸੀ ਜੋ ਕਾਗਜ਼, ਸਿਆਹੀ ਅਤੇ ਅਧਿਕਾਰੀ-ਵਰਗ ’ਤੇ ਨਿਰਭਰ ਸੀ। ਸਪਸ਼ਟ ਹੈ ਕਿ ਲਿਖਾਈ ਕਰ ਕੇ ਹੀ ਰੋਮਨ ਜਾਂ ਮੌਰੀਆ ਵਰਗੇ ਵਿਸ਼ਾਲ ਸਾਮਰਾਜ ਸੰਭਵ ਹੋ ਸਕੇ। ਲਿਖਾਈ ਕਰਕੇ ਹੀ ਧਾਰਮਿਕ ਫ਼ਲਸਫ਼ਿਆਂ ਨੂੰ ਲਿਖਤੀ ਰੂਪ ਦਿੱਤਾ ਗਿਆ, ਜਿਨ੍ਹਾਂ ਨੇ ਅਣਗਿਣਤ ਲੋਕਾਂ ਨੂੰ ਆਪਸ ਵਿੱਚ ਜੋੜਿਆ ਹੋਇਆ ਸੀ। ਪਰ ਜਿਨ੍ਹਾਂ ਪਵਿੱਤਰ ਕਿਤਾਬਾਂ ਵਿੱਚ ਇਹ ਦਰਜ ਸਨ ਅਤੇ ਹੋਰ ਰਾਜਸੀ ਫ਼ਰਮਾਨ ਕੁਝ ਬੰਦਿਆਂ ਕੋਲ਼ ਹੀ ਸਨ ਅਤੇ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਸਨ। ਆਮ ਇਨਸਾਨਾਂ ਨੂੰ ਉਹੀ ਮੰਨਣਾ ਪੈਂਦਾ ਸੀ ਜੋ ਉਸ ਦੇ ਧਰਮ ਦੇ ਲੀਡਰ ਜਾਂ ਰਾਜੇ ਦੇ ਅਧਿਕਾਰੀ ਉਨ੍ਹਾਂ ਨੂੰ ਦਸਦੇ ਸਨ। ਗਿਆਨ ਕੁਝ ਖਾਸ ਗਿਰਜਿਆਂ, ਮਠਾਂ, ਮੰਦਰਾਂ ਅਤੇ ਪੁਸਤਕਾਂ ਵਿੱਚ ਬੰਦ ਹੋ ਗਿਆ। ਲਿਖਾਈ ਦੀ ਕਲਾ ਨੇ ਜਾਣਕਾਰੀ ਨੂੰ ਅਮਰ ਜ਼ਰੂਰ ਬਣਾ ਦਿੱਤਾ, ਪਰ ਨਾਲ ਹੀ ਇਸ ਨੂੰ ਕੁਝ ਚੋਣਵੇਂ ਲੋਕਾਂ ਦੀ ਇਜਾਰੇ-ਦਾਰੀ ਬਣਾ ਦਿੱਤਾ। ਕਿਸੇ ਕਿਤਾਬ ਦੀ ਨਕਲ ਕਰਨਾ ਬਹੁਤ ਮਹਿੰਗਾ ਅਤੇ ਮਿਹਨਤ ਦਾ ਕੰਮ ਸੀ। ਇਸ ਲਈ ਕਿਤਾਬਾਂ ਬਹੁਤ ਥੋੜੀਆਂ ਅਤੇ ਬਹੁਤ ਮਹਿੰਗੀਆਂ ਸਨ। ਨਾਂ-ਬਰਾਬਰੀ ਅਤੇ ਸਮਾਜਿਕ ਵਰਗੀ-ਕਰਨ ਪੈਦਾ ਵੀ ਹੋਏ ਅਤੇ ਪੱਕੇ ਵੀ ਹੁੰਦੇ ਗਏ। ਹਜ਼ਾਰਾਂ ਸਾਲ ਜਨ-ਸਧਾਰਨ ਇਹ ਸਭ ਸਹਿੰਦੇ ਰਹੇ ਅਤੇ ਦੁਨੀਆ ਬਹੁਤ ਹੀ ਮੱਠੀ ਚਾਲ ਨਾਲ਼ ਚਲਦੀ ਰਹੀ। ਪਰ ਫਿਰ ਇੱਕ ਮਸ਼ੀਨ ਨੇ ਸਭ ਕੁਝ ਬਦਲ ਦਿੱਤਾ।
15ਵੀਂ ਸਦੀ ਵਿੱਚ ਜਰਮਨੀ ਵਿੱਚ ਬਣਾਈ ਗੁਟਿਨਬਰਗ ਦੀ ਪ੍ਰਿੰਟਿੰਗ ਪ੍ਰੈਸ ਨੇ ਸੂਚਨਾ/ ਜਾਣਕਾਰੀ ਦੇ ਨੈੱਟ-ਵਰਕ ਨੂੰ ਹਮੇਸ਼ਾ ਲਈ ਬਦਲ ਦਿੱਤਾ। ਇਹ ਮਸ਼ੀਨ ਇੱਕ ਐਸੀ ਕ੍ਰਾਂਤੀ ਸੀ ਜਿਸ ਨੇ ਜੋ ਗਿਆਨ ਪਹਿਲਾਂ ਗਿਰਜਿਆਂ, ਮਠਾਂ ਅਤੇ ਰਾਜ-ਮਹਿਲਾਂ ਵਿੱਚ ਕੈਦ ਸੀ, ਉਸ ਨੂੰ ਆਮ ਆਦਮੀ ਤੱਕ ਪਹੁੰਚਾ ਦਿੱਤਾ। ਇਸਦਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਅਸਰ ਧਰਮ ‘ਤੇ ਪਿਆ ਪਰ ਇਹ ਪ੍ਰਭਾਵ ਧਰਮ ਤੱਕ ਸੀਮਿਤ ਨਹੀਂ ਰਿਹਾ। ਵਿਗਿਆਨ ਦੀ ਦੁਨੀਆ ਵਿੱਚ ਵੀ ਕੌਪਰਨਿਕਸ, ਗੈਲਿਲਿਓ, ਨਿਊਟਨ ਵਰਗੇ ਵਿਗਿਆਨੀਆਂ ਦੇ ਵਿਚਾਰ ਹੁਣ ਕਿਤਾਬਾਂ ਦੇ ਰੂਪ ਵਿੱਚ ਛਪ ਕੇ ਪੂਰੇ ਯੂਰਪ ਦੇ ਵਿਗਿਆਨੀਆਂ ਤੱਕ ਪਹੁੰਚਣ ਲੱਗੇ। ਇਸੇ ਕਾਰਨ ਵਿਗਿਆਨਿਕ ਕ੍ਰਾਂਤੀ ਸੰਭਵ ਹੋ ਸਕੀ, ਜਿਸ ਨੇ ਸਾਨੂੰ ਬ੍ਰਹਿਮੰਡ ਦੇ ਨਿਯਮਾਂ ਨੂੰ ਸਮਝਣ ਦੀ ਤਾਕਤ ਦਿੱਤੀ। ਇਸ ਮਸ਼ੀਨ ਨੇ ਧਰਮ ਨੂੰ ਚੁਣੌਤੀ ਦਿੱਤੀ, ਵਿਗਿਆਨ ਨੂੰ ਜਨਮ ਦਿੱਤਾ ਅਤੇ ਰਾਸ਼ਟਰਾਂ ਦਾ ਨਿਰਮਾਣ ਕੀਤਾ। ਜਾਣਕਾਰੀ ਦੇ ਨੈੱਟ-ਵਰਕ ਨੇ ਹੋਰ ਕ੍ਰਾਂਤੀਆਂ ਨੂੰ ਜਨਮ ਦਿੱਤਾ, ਜਿਵੇਂ ਕਿ: ਅਮਰੀਕੀ ਅਤੇ ਫ਼ਰਾਂਸੀਸੀ ਕ੍ਰਾਂਤੀਆ। ਆਜ਼ਾਦੀ, ਬਰਾਬਰੀ, ਭਾਈਚਾਰੇ ਵਰਗੇ ਵਿਚਾਰ ਪੁਸਤਕਾਂ ਰਾਹੀਂ ਹੀ ਫੈਲੇ ਅਤੇ ਇਨ੍ਹਾਂ ਨੇ ਹੀ ਲੋਕਾਂ ਨੂੰ ਰਾਜਾ-ਸ਼ਾਹੀ ਵਿਰੁੱਧ ਲਾਮ-ਵੰਦ ਕੀਤਾ। ਇਸਦੇ ਨਾਲ ਹੀ ਰਾਸ਼ਟਰਵਾਦ ਦੀ ਭਾਵਨਾ ਦਾ ਜਨਮ ਹੋਇਆ। ਪਰ ਕਿਤਾਬਾਂ ਆਦਿ ਦਾ ਲਾਭ ਵੀ ਸਮਾਜ ਦੇ ਉੱਚ ਵਰਗਾਂ ਅਤੇ ਸ਼ਹਿਰਾਂ ਤੱਕ ਹੀ ਸੀਮਤ ਰਿਹਾ। ਨਾਲ਼ ਹੀ ਇਸ ਨਵੇਂ ਨੈੱਟ-ਵਰਕ ਦੀਆਂ ਹੋਰ ਵੀ ਚੁਣੌਤੀਆਂ ਸਨ। ਹੁਣ ਕੋਈ ਕੁਝ ਵੀ ਛਾਪ ਸਕਦਾ ਸੀ। ਸੱਚ ਦੇ ਨਾਲ਼ ਨਾਲ਼ ਝੂਠ ਦਾ ਪਰਚਾਰ ਵੀ ਉਤਨੀ ਹੀ ਤੇਜ਼ੀ ਨਾਲ ਫੈਲਾਇਆ ਜਾ ਸਕਦਾ ਸੀ। ਭਾਵੇਂ ਜਾਣਕਾਰੀ ਹੁਣ ਤੇਜ਼ੀ ਨਾਲ ਫੈਲ ਸਕਦੀ ਸੀ ਪਰ ਹੁਣ ਵੀ ਉਸਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਿੱਚ ਸਮਾਂ ਲਗਦਾ ਸੀ। (ਉਦਾਹਰਣ ਵਜੋਂ ਰਾਸ਼ਟਰਪਤੀ ਲਿੰਕਨ ਦੀ ਹੱਤਿਆ ਦੀ ਖ਼ਬਰ ਯੂਰਪ ਵਿੱਚ 12 ਦਿਨਾਂ ਬਾਅਦ ਪਹੁੰਚੀ ਸੀ)। ਇਸ ਸੀਮਾ ਨੂੰ ਖਤਮ ਕਰਨ ਲਈ ਇੱਕ ਹੋਰ ਮਹੱਤਵਪੂਰਣ ਤਕਨਾਲੋਜੀ ਦੀ ਜ਼ਰੂਰਤ ਸੀ ਜੋ ਜਾਣਕਾਰੀ ਨੂੰ ਤੇਜ ਰਫ਼ਤਾਰ ਦੇ ਸਕੇ।
ਫਿਰ 19ਵੀਂ ਸਦੀ ਵਿੱਚ ਇਨਸਾਨ ਨੇ ਬਿਜਲੀ ਨੂੰ ਕਾਬੂ ਕਰਨਾ ਸਿੱਖ ਲਿਆ ਅਤੇ ਇਸ ਦੀ ਵਰਤੋਂ ਕਰਕੇ ਟੈਲੀਗ੍ਰਾਫ ਦੀ ਕਾਢ ਕੱਢੀ। ਸੂਚਨਾ ਤਾਰਾਂ ਰਾਹੀਂ, ਚਾਨਣ ਦੀ ਗਤੀ ਨਾਲ ਹਜ਼ਾਰਾਂ ਕਿਲੋ ਮੀਟਰ ਦਾ ਸਫਰ ਕਰ ਸਕਦੀ ਸੀ। ਜਲਦੀ ਬਾਅਦ ਹੀ ਟੈਲੀਫ਼ੋਨ ਦਾ ਆਵਿਸ਼ਕਾਰ ਹੋ ਗਿਆ, ਜਿਸ ਨੇ ਮਨੁੱਖੀ ਆਵਾਜ਼ ਨੂੰ ਤਾਰਾਂ ਰਾਹੀਂ ਭੇਜਣਾ ਸੰਭਵ ਬਣਾਇਆ। ਟੈਲੀਵਿਜ਼ਨ ਨੇ ਆਵਾਜ਼ ਹੀ ਨਹੀਂ ਸਗੋਂ ਤਸਵੀਰਾਂ ਨੂੰ ਵੀ ਲੋਕਾਂ ਤੱਕ ਪਹੁੰਚਾਇਆ। ਹੁਣ ਦੁਨੀਆਂ ਦੇ ਕਿਸੇ ਇੱਕ ਕੋਨੇ ਵਿੱਚ ਹੋ ਰਹੀ ਘਟਨਾ ਦੀ ਖ਼ਬਰ ਅਤੇ ਤਸਵੀਰਾਂ ਤੁਰੰਤ ਪੂਰੀ ਦੁਨੀਆ ਵਿੱਚ ਪਹੁੰਚ ਜਾਂਦੀਆਂ ਹਨ। ਇਸ ਨਾਲ਼ ਸਾਡੇ ਆਵਾਜਾਈ ਅਤੇ ਢੋਅ-ਢੁਆਈ ਦੇ ਸਿਸਟਮ ਹੋਰ ਮਜਬੂਤ ਹੋਏ। ਵਪਾਰ ’ਚ ਵਾਧਾ ਹੋਇਆ।
20ਵੀਂ ਸਦੀ ਦੇ ਅਖੀਰ ਵਿੱਚ ਇੱਕ ਐਸੀ ਤਕਨੌਲੋਜੀ ਦਾ ਵਿਕਾਸ ਹੋਇਆ ਜੋ ਹਰ ਸੂਚਨਾ ਦਾ ਪਰਸਾਰ ਕਰਨ ਤੋਂ ਇਲਾਵਾ ਇਸ ਨੂੰ ਬਣਾਉਣ ਦੀ ਸ਼ਕਤੀ ਵੀ ਰਖਦੀ ਸੀ। ਪਿਛਲੀਆਂ ਕ੍ਰਾਂਤੀਆਂ ਨੇ, ਭਾਵੇਂ ਉਹ ਲਿਖਾਈ ਹੋਵੇ, ਪ੍ਰਿੰਟਿੰਗ ਹੋਵੇ ਜਾਂ ਬਿਜਲੀ ਦਾ ਜਾਲ਼ ਹੋਵੇ, ਜਾਣਕਾਰੀ ਦੇ ਪ੍ਰਵਾਹ ਨੂੰ ਤੇਜ਼ ਅਤੇ ਵਿਸ਼ਵ-ਵਿਆਪੀ ਬਣਾਇਆ। ਪਰ ਉਨ੍ਹਾਂ ਨੂੰ ਬਣਾਉਣ ਅਤੇ ਵਿਆਪਕ ਪੱਧਰ ‘ਤੇ ਪਰਸਾਰ ਕਰਨ ਦਾ ਕੰਮ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਸੀ। ਚਾਹੇ ਉਹ ਪੁਜਾਰੀ-ਵਰਗ ਹੋਵੇ, ਪ੍ਰਕਾਸ਼ਕ ਹੋਣ ਜਾਂ ਮੀਡੀਆ ਹਾਊਸ ਹੋਣ – ਆਮ ਆਦਮੀ ਇੱਕ ਉਪ-ਭੋਗਤਾ ਸੀ। ਫਿਰ ਇੰਟਰਨੈਟ ਆਇਆ ਜਿਸ ਰਾਹੀਂ ਕੋਈ ਵੀ, ਕਦੇ ਵੀ ਆਪਣੀ ਗੱਲ ਸਾਰੀ ਦੁਨੀਆ ਤੱਕ ਪਹੁੰਚਾ ਸਕਦਾ ਸੀ। ਵਿਕੀਪੀਡੀਆ ਨੇ ਦੁਨੀਆਂ ਦੇ ਸਭ ਤੋਂ ਵੱਡੇ ਵਿਸ਼ਵ-ਕੋਸ਼ ਨੂੰ ਸਭ ਲਈ ਮੁਫਤ ਕਰ ਦਿੱਤਾ। ਗੂਗਲ ਨੇ ਦੁਨੀਆਂ ਦੀ ਕਿਸੇ ਵੀ ਜਾਣਕਾਰੀ ਦੀ ਇੱਕ ਸਕਿੰਟ ਵਿੱਚ ਖੋਜ ਕਰਨੀ ਸੰਭਵ ਬਣਾ ਦਿੱਤੀ। ਯੂ-ਟਿਊਬ ਨੇ ਸਿੱਖਣ ਅਤੇ ਸਿਖਾਉਣ ਦੇ ਤਰੀਕੇ ਨੂੰ ਬਦਲ ਦਿੱਤਾ। ਪਰ ਜਿਵੇਂ ਕਿ ਡਾ. ਹਰਾਰੀ ਸਾਨੂੰ ਚੇਤਾਵਨੀ ਦਿੰਦੇ ਹਨ ਕਿ ਹਰ ਨਵੇਂ ਸੂਚਨਾ-ਜਾਲ਼ ਦਾ ਵਿਕਾਸ ਆਪਣੇ ਨਾਲ ਨਵੇਂ ਖ਼ਤਰੇ ਲਿਆਉਂਦਾ ਹੈ। ਨਵੀਂ ਸੂਚਨਾ ਤਕਨੌਲੋਜੀ ਸੱਚ ਤੇ ਝੂਠ ਵਿਚਲਾ ਫਰਕ ਮਿਟਾ ਰਹੀ ਹੈ। ਝੂਠੀਆਂ ਖ਼ਬਰਾਂ, ਗਲਤ ਜਾਣਕਾਰੀ ਅਤੇ ਭੰਡੀ-ਪ੍ਰਚਾਰ ਤੇਜੀ ਨਾਲ਼ ਫੈਲ ਰਹੇ ਹਨ। ਪਹਿਲਾਂ ਜਾਣਕਾਰੀ ਨੂੰ ਦਰੁਸਤ ਕਰਨ ਲਈ ਸੰਪਾਦਕ ਅਤੇ ਪੱਤਰਕਾਰ ਹੁੰਦੇ ਸਨ। ਪਰ ਹੁਣ ਇੱਕ ਝੂਠੀ ਖ਼ਬਰ ਵੀ ਉਤਨੀ ਹੀ ਤੇਜ਼ੀ ਨਾਲ ਫੈਲਦੀ ਹੈ ਜਿੰਨੀ ਕਿ ਸੱਚੀ, ਬਲਕਿ ਓਸ ਤੋਂ ਵੀ ਜ਼ਿਆਦਾ ਤੇਜ਼ੀ ਨਾਲ, ਕਿਉਂਕਿ ਉਹ ਸਾਡੀਆਂ ਭਾਵਨਾਵਾਂ ਨੂੰ ਵੱਧ ਉਤੇਜਿਤ ਕਰਦੀ ਹੈ। ਅਸੀਂ ਸਿਰਫ ਉਹੀ ਵਿਚਾਰ ਸੁਣਦੇ ਹਾਂ, ਜਿਨ੍ਹਾਂ ਨਾਲ ਅਸੀਂ ਪਹਿਲਾਂ ਤੋਂ ਹੀ ਸਹਿਮਤ ਹੁੰਦੇ ਹਾਂ। ਇਸ ਤਰ੍ਹਾਂ ਦੀ ਸੂਚਨਾ ਬਣਾਉਣ ਵਾਲ਼ੀਆਂ ਕੰਪਨੀਆਂ ਸਿਰਫ ਸਾਨੂੰ ਹੀ ਜਾਣਕਾਰੀ ਨਹੀਂ ਦਿੰਦੀਆਂ ਬਲਕਿ ਸਾਡੇ ਬਾਰੇ ਵੀ ਲਗਾਤਾਰ ਜਾਣਕਾਰੀ ਇਕੱਠੀ ਕਰਦੀਆਂ ਹਨ। ਅਸੀਂ ਕੀ ਪਸੰਦ ਕਰਦੇ ਹਾਂ? ਕੀ ਚਾਹੁੰਦੇ ਹਾਂ? ਕਿਸ ਵੀਡੀਓ ‘ਤੇ ਕਿੰਨੀ ਦੇਰ ਰੁਕਦੇ ਹਾਂ? ਹਰ ਇਕ ਕਲਿੱਕ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ। ਇਸ ‘ਬਿੱਗ ਡੈਟਾ’ ਦਾ ਵਿਸ਼ਲੇਸ਼ਣ ਕਰਕੇ ਏ.ਆਈ ਅਧਾਰਿਤ ‘ਅਲਗੋਰਿਦਮ’ ਸਾਡਾ ਪ੍ਰੋਫਾਈਲ ਬਣਾਉਂਦੇ ਹਨ। ਉਹ ਸਾਨੂੰ ਸਾਡੇ ਤੋਂ ਬਿਹਤਰ ਜਾਣਦੇ ਹਨ ਕਿ ਸਾਨੂੰ ਕੀ ਪਸੰਦ ਹੈ। ਸਾਡੇ ਰਾਜਨੀਤਕ ਵਿਚਾਰ ਕੀ ਹਨ ਅਤੇ ਸਾਡਾ ਅਗਲਾ ਕਦਮ ਕੀ ਹੋ ਸਕਦਾ ਹੈ। ਫਿਰ ਉਹ ਸਾਨੂੰ ਓਹੀ ਗੱਲਾਂ ਦਿਖਾਉਂਦੇ ਹਨ ਜੋ ਸਾਨੂੰ ਹੋਰ ਜ਼ਿਆਦਾ ਉਕਸਾਉਣ ਅਤੇ ਸਾਨੂੰ ਹੋਰ ਜ਼ਿਆਦਾ ਕਲਿੱਕ ਕਰਨ ਲਈ ਮਜਬੂਰ ਕਰਨ। ਜਾਣਕਾਰੀ ਦਾ ਨੈੱਟਵਰਕ ਹੁਣ ਸਿਰਫ ਇਨਸਾਨਾਂ ਦੁਆਰਾ ਹੀ ਨਹੀਂ ਬਲਕਿ ਏ.ਆਈ-ਯੁਕਤ ਮਸ਼ੀਨਾਂ ਦੁਆਰਾ ਚਲਾਇਆ ਜਾ ਰਿਹਾ ਹੈ। ਅਸੀਂ ਉਸ ਯੁਗ ਵਿੱਚ ਪੁੱਜ ਗਏ ਹਾਂ ਜਿੱਥੇ ਇਨਸਾਨੀ ਧਿਆਨ ਹੀ ਸਭ ਤੋਂ ਮਹੱਤਵਪੂਰਨ ਕਰੰਸੀ ਹੈ ਅਤੇ ਵਿਸ਼ਾਲ ਕੰਪਨੀਆਂ ਅਤੇ ਸਰਕਾਰਾਂ ਇਸ ਕਰੰਸੀ ਨੂੰ ਖੋਹਣ ਲਈ ਸਾਡੀਆਂ ਭਾਵਨਾਵਾਂ ਅਤੇ ਕਮਜ਼ੋਰੀਆਂ ਦਾ ਫਾਇਦਾ ਉਠਾ ਰਹੀਆਂ ਹਨ। ਏ.ਆਈ ਹੁਣ ਲੇਖ ਲਿਖ ਸਕਦਾ ਹੈ, ਤਸਵੀਰਾਂ ਬਣਾ ਸਕਦਾ ਹੈ, ਸੰਗੀਤ ਤਿਆਰ ਕਰ ਸਕਦਾ ਹੈ। ਜਦੋਂ ਏ.ਆਈ ਕਿਸੇ ਇਨਸਾਨ ਦੀ ਆਵਾਜ਼ ਅਤੇ ਚਿਹਰੇ ਦੀ ਹੂ-ਬ-ਹੂ ਨਕਲ ਕਰ ਸਕਦਾ ਹੈ, ਤਾਂ ਅਸੀਂ ਆਪਣੇ ਦੋਸਤਾਂ ਅਤੇ ਨੇਤਾਵਾਂ ਉੱਤੇ ਕਿਵੇਂ ਭਰੋਸਾ ਕਰ ਸਕਾਂਗੇ? ਭਰੋਸੇ ਟੁੱਟ ਰਹੇ ਹਨ। ਅਸੀਂ ਇੱਕ ਐਸਾ ਜਾਲ ਬੁਣ ਲਿਆ ਹੈ ਜੋ ਹੁਣ ਸਾਨੂੰ ਹੀ ਕੰਟ੍ਰੋਲ ਕਰਨ ਦੀ ਸਮਰੱਥਾ ਰੱਖਦਾ ਹੈ। ਜਾਣਕਾਰੀ ਦੇ ਜਾਲ਼ਾਂ ਨੇ ਮਨੁੱਖ ਨੂੰ ਸ਼ਕਤੀ-ਸ਼ਾਲੀ ਬਣਾਇਆ ਹੈ। ਪਰ ਇਹੀ ਜਾਲ਼ ਮਨੁੱਖੀ ਆਜ਼ਾਦੀ, ਲੋਕਤੰਤਰ ਤੇ ਸੱਚ ਲਈ ਖ਼ਤਰਾ ਬਣ ਸਕਦੇ ਹਨ। ਭਵਿੱਖ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਏ ਆਈ ਅਤੇ ਡਿਜ਼ਿਟਲ ਜਾਲ਼ਾਂ ਨੂੰ ਕਿਵੇਂ ਕੰਟ੍ਰੋਲ ਕਰਦੇ ਹਾਂ।
ਯੂਵਾਲ ਨੋਆ ਹਰਾਰੀ ਦੀ ਕਿਤਾਬ (ਨੈਕਸਜ) ਦਾ ਸਾਰ ਇਹ ਹੈ ਕਿ ਮਨੁੱਖੀ ਇਤਿਹਾਸ ਦੀ ਕੁੰਜੀ ਇਹ ਸਮਝਣ ਵਿੱਚ ਹੈ ਕਿ ਪਹਿਲੇ ਸਮਿਆਂ ਵਿੱਚ ਜਾਣਕਾਰੀ ਦੇ ਨੈੱਟ-ਵਰਕ ਕਿਵੇਂ ਵਿਕਸਿਤ ਹੋਏ। ਆਪਣੇ ਸਮਿਆਂ ’ਚ ਉਨ੍ਹਾਂ ਨੇ ਸੰਸਾਰ ਦੇ ਹੋਰ ਨੈੱਟ-ਵਰਕਾਂ ਅਤੇ ਸਿਸਟਮਾਂ ’ਤੇ ਕੀ-ਕੀ ਪ੍ਰਭਾਵ ਪਏ? ਉਨ੍ਹਾਂ ਤੋਂ ਸਿੱਖਿਆ ਲੈ ਕੇ ਅਸੀਂ ਸਮਝੀਏ ਕਿ ਹੁਣ ਵਿਕਸਤ ਹੋਏ ਸੂਚਨਾ-ਜਾਲ਼ ਸੰਸਾਰ ਨੂੰ ਕਿਵੇ ਪ੍ਰਭਾਵਿਤ ਕਰਨਗੇ। ਇਹ ਸਪਸ਼ਟ ਹੈ ਕਿ ਸਰਕਾਰ ਸਦਾ ਉਸ ਕੋਲ਼ ਰਹੀ ਹੈ ਜਿਸ ਨੇ ਇਨ੍ਹਾਂ ਨੈੱਟ-ਵਰਕਾਂ ਨੂੰ ਕੰਟ੍ਰੋਲ ਕੀਤਾ ਹੈ। ਜੋ ਸਾਡਾ ਧਿਆਨ ਕੰਟ੍ਰੋਲ ਕਰੇਗਾ, ਓਹੀ ਸਾਡੀ ਸੋਚ ਨੂੰ ਕੰਟ੍ਰੋਲ ਕਰੇਗਾ ਅਤੇ ਜੋ ਸਾਡੀ ਸੋਚ ਨੂੰ ਕੰਟ੍ਰੋਲ ਕਰੇਗਾ, ਓਹੀ ਸਾਨੂੰ ਕੰਟ੍ਰੋਲ ਕਰੇਗਾ। ਅੱਜ ਅਸੀਂ ਇੱਕ ਦੁਰਾਹੇ ‘ਤੇ ਖੜੇ ਹਾਂ। ਇਕ ਰਸਤਾ ਸਾਨੂੰ ਇੱਕ ਐਸੇ ਭਵਿੱਖ ਵਲ ਲੈ ਜਾ ਰਿਹਾ ਹੈ ਜਿੱਥੇ ਏ.ਆਈ ਅਤੇ ਜਾਣਕਾਰੀ ਦੀ ਸਹੀ ਵਰਤੋਂ ਕਰਕੇ ਅਸੀਂ ਗਰੀਬੀ, ਬਿਮਾਰੀ, ਨਾਂ-ਬਰਾਬਰੀ ਅਤੇ ਜੰਗ ਵਰਗੀਆਂ ਸਮੱਸਿਆਵਾਂ ਦਾ ਹੱਲ ਲੱਭ ਸਕਦੇ ਹਾਂ। ਦੂਜਾ ਰਸਤਾ ਐਸੇ ਹਨੇਰੇ ਭਵਿੱਖ ਵੱਲ ਜਾਂਦਾ ਹੈ ਜਿੱਥੇ ਸਾਡੇ ਲਈ ਸਾਰੇ ਫੈਸਲੇ ਐਲਗੋਰਿਦਮ ਅਤੇ ਏ.ਆਈ ਹੀ ਕਰਨਗੇ। ਜਿੱਥੇ ਸਾਡੀ ਆਜ਼ਾਦੀ ਇੱਕ ਧੋਖਾ ਬਣ ਕੇ ਰਹਿ ਜਾਏਗੀ ਅਤੇ ਅਸੀਂ ਆਪਣੀ ਹੀ ਬਣਾਈ ਹੋਈ ਤਕਨੌਲੋਜੀ ਦੇ ਗੁਲਾਮ ਬਣ ਜਾਵਾਂਗੇ। ਇੱਕ ਐਸੀ ਦੁਨੀਆ ਜਿੱਥੇ ਐਸੀ ਡਿਜੀਟਲ ਤਾਨਾ-ਸ਼ਾਹੀ ਦਾ ਉਭਾਰ ਹੋ ਰਿਹਾ ਹੈ ਜੋ ਇਤਿਹਾਸ ਦੇ ਕਿਸੇ ਵੀ ਤਾਨਾ-ਸ਼ਾਹੀ ਨਾਲੋਂ ਵੱਧ ਖਤਰਨਾਕ ਹੋਵੇਗੀ, ਕਿਉਂਕਿ ਇਹ ਸਾਡੇ ਦਿਲਾਂ ਅਤੇ ਦਿਮਾਗਾਂ ਨੂੰ ਕੰਟ੍ਰੋਲ ਕਰੇਗੀ। ਫਿਰ ਅਸੀਂ ਕੀ ਕਰੀਏ? ਸਭ ਤੋਂ ਪਹਿਲਾ ਕਦਮ ਹੈ ਜਾਗਰੂਕਤਾ – ਇਹ ਸਮਝਣਾ ਕਿ ਇਹ ਨੈੱਟ-ਵਰਕ ਕਿਸ ਤਰ੍ਹਾਂ ਕੰਮ ਕਰਦੇ ਹਨ। ਜਦੋਂ ਵੀ ਆਪਾਂ ਆਪਣੇ ਮੋਬਾਈਲ ਦੀ ਵਰਤੋਂ ਕਰਦੇ ਹਾਂ ਤਾਂ ਆਪਣੇ-ਆਪ ਨੂੰ ਪੁੱਛੀਏ ਕਿ ਇਹ ਵੀਡੀਓ ਮੈਨੂੰ ਕਿਉਂ ਦਿਖਾਈ ਜਾ ਰਹੀ ਹੈ? ਇਸਦੇ ਪਿਛੇ ਕਿਸ ਦਾ ਅਤੇ ਕੀ ਮੰਤਵ ਹੈ? ਸਾਨੂੰ ਆਪਣੇ ਧਿਆਨ ਨੂੰ ਲੈ ਕੇ ਬਹੁਤ ਜ਼ਿਆਦਾ ਸਾਵਧਾਨ ਅਤੇ ਜਾਗਰੂਕ ਹੋਣ ਦੀ ਲੋੜ ਹੈ। ਸਾਨੂੰ ਜਾਣਕਾਰੀ ਦੇ ਵੱਖ-ਵੱਖ ਸਰੋਤਾਂ ਨੂੰ ਸਮਝਣਾ ਪਵੇਗਾ। ਸਾਨੂੰ ਆਪਣੇ ਤੋਂ ਅੱਡ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਵੀ ਸੁਣਨਾ ਚਾਹੀਂਦਾ ਹੈ ਅਤੇ ਕਿਸੇ ਗੱਲ ‘ਤੇ ਅੱਖਾਂ ਬੰਦ ਕਰ ਕੇ ਵਿਸ਼ਵਾਸ ਕਰਨ ਦੀ ਬਜਾਏ ਸਵਾਲ ਪੁੱਛਣ ਦੀ ਆਦਤ ਪਾਉਣੀ ਚਾਹੀਂਦੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਤਕਨੌਲੋਜੀ ਤੋਂ ਇਲਾਵਾ ਇਤਿਹਾਸ, ਰਾਜਨੀਤੀ, ਅਰਥ-ਸਾਸਤਰ, ਮਨੋ-ਵਿਗਿਆਨ ਵਰਗੇ ਵਿਸ਼ੇ ਪੜਾਉਣੇ ਪੈਣਗੇ ਤਾਂ ਜੋ ਉਹ ਸਮਝ ਸਕਣ ਕਿ ਇਹ ਦੁਨੀਆ ਕਿਵੇਂ ਕੰਮ ਕਰਦੀ ਹੈ। ਓਹ ਡਿਜ਼ੀਟਲ ਦੁਨੀਆਂ ਦੇ ਖ਼ਤਰਿਆਂ ਨੂੰ ਸਮਝ ਸਕਣ। ਖੇਡਾਂ ਅਤੇ ਅਧਿਆਤਮਵਾਦ ਵਲ ਮੁੜਨਾ ਪਵੇਗਾ ਅਤੇ ਆਪਣੇ ਸਮਾਜਿਕ ਨੈੱਟ-ਵਰਕਾਂ ਦਾ ਘੇਰਾ ਵੱਡਾ ਅਤੇ ਤਕੜਾ ਕਰਨਾ ਪਵੇਗਾ। (ਸੂਚਨਾ:- ਇਸ ਲੇਖ ਵਿੱਚ ਦਿੱਤੇ ਸਾਰੇ ਵਿਚਾਰ ਡਾ. ਯੂਵਾਲ ਨੋਆ ਹਰਾਰੀ ਦੀ ਕਿਤਾਬ ‘Nexus: A Brief History of Information Networks from the Stone Age to AI’ ‘ਤੇ ਆਧਾਰਿਤ ਹਨ। ਇਹ ਲੇਖ ਸਿਰਫ ਸਮੀਖਿਆ ਦੇ ਰੂਪ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਸਹਿਤ ਲਿਖਿਆ ਗਿਆ ਹੈ। ਮੂਲ ਕਿਤਾਬ ਅਤੇ ਇਸਦੇ ਕਾਪੀ-ਰਾਈਟ ਦੇ ਸਭ ਹੱਕ ਲੇਖਕ ਅਤੇ ਪ੍ਰਕਾਸ਼ਕ ਕੋਲ਼ ਹਨ।) |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਇੰਜ. ਈਸ਼ਰ ਸਿੰਘ
Brampton, Ontario, Canada.
Phone: 647 - 640 - 2014
e-mail: ishersingh44@hotmail.com