ਪੁਸਤਕ ਮੇਰੀ ਨਜ਼ਰ ਵਿੱਚ |
ਪੁਸਤਕ ਦਾ ਨਾਂ: ‘ਰਾਵਣ ਹੀ ਰਾਵਣ’ ਲੇਖਕ ਰਵਿੰਦਰ ਸਿੰਘ ਸੋਢੀ
ਪੁਸਤਕ ਦੇ ਅਧਿਐਨ ਦੌਰਾਨ ਧਿਆਨ ਵਿੱਚ ਆਇਆ ਹੈ ਕਿ ਹਥਲੇ ਕਾਵਿ ਸੰਗ੍ਰਹਿ ਦੀ ਸਿਰਲੇਖਤ ਕਵਿਤਾ ‘ਰਾਵਣ ਹੀ ਰਾਵਣ’ ਚੌਥੇ ਸਥਾਨ ਤੇ ਦਰਜ ਹੈ। ਇਹ ਕਵਿਤਾ ਕਹਿੰਦੀ ਹੈ ਕਿ ਰਾਵਣ ਦਾ ਪੁਤਲਾ ਤਾਂ ਫੂਕ ਲਿਆ ਪਰ ਜਿਹੜੇ ਰਾਜਨੀਤਕ, ਵੋਟਾਂ ਲਈ ਦੰਗੇ ਕਰਵਾਉਣ ਵਾਲੇ, ਮਿਲਾਵਟ ਕਰਨ ਵਾਲੇ, ਰਿਸ਼ਵਤਖੌਰ, ਸਕੂਲਾਂ ਵਿੱਚ ਨਕਲਾਂ ਕਰਵਾਉਣ ਵਾਲੇ ਭਰਿਸ਼ਟ ਲੋਕ, ਨਸ਼ਿਆਂ ਦੇ ਸੌਦਾਗਰ, ਆਦਮਖੋਰ, ਬਲਾਤਕਾਰੀ, ਮਾਨ ਸਨਮਾਨਾਂ ਦੇ ਜੁਗਾੜੀ, ਆਦਿ ਰਾਵਣ ਹਨ, ਇਹਨਾਂ ਨੂੰ ਵੀ ਨੱਥ ਪਾਉਣੀ ਪਾਏਗੀ। ਕਵਿਤਾ ਦੇ ਅੰਸ਼ ਦਾ ਮੁਤਾਲਿਆ ਕਰੋ: ‘ਨਸ਼ਿਆਂ ਦੇ ਸੌਦਾਗਰ ਪੁਸਤਕ ਵਿੱਚ ਅੰਤਰ ਰਾਸ਼ਟਰੀ ਪੱਧਰ ਦੇ ਵਰਤਾਰੇ ਦੀਆਂ ਕਵਿਤਾਵਾਂ ਵੀ ਸ਼ਾਮਲ ਹਨ। ਨਿੱਜ ਤੋਂ ਹੱਟ ਕੇ ਲਿਖੀਆਂ ਗਈਆਂ ਕਵਿਤਾਵਾਂ ਦੀ ਉਸ ਦੀ ਲੇਖਣੀ ਵਿੱਚੋਂ ਝਲਕ ਪੈਂਦੀ ਹੈ। ਉਸ ਦੀ ਕਵਿਤਾ ਰੁੱਤਾਂ, ਪੌਣਾਂ, ਰੁੱਖਾਂ, ਬੁੱਤਾਂ, ਫੁੱਲ, ਤਿਤਲੀਆਂ, ਬਿਜਲੀਆਂ, ਦਰਿਆਵਾਂ, ਵਿਹਲੇ ਬੰਦੇ, ਕਲਮਾਂ ਵਾਲੇ, ਹੱਸਣ ਵਾਲੇ, ਮੁਟਿਆਰ, ਗਭਰੂ, ਬੁਢੇ ਬਾਬੇ ਆਦਿ ਨੂੰ ਕੈਦ ਕਰਨ ਦੀ ਗੱਲ ਕਰਦੀ ਹੈ। ਪਹਿਲੀ ਕਵਿਤਾ, ‘ਕੈਦ ਕਰੋ, ਕੈਦ ਕਰੋ’। ਆਪਣੀ ਆਪਣੀ ਕੁਰਸੀ ਦੇ ਲਾਲਚ ਵਿੱਚ ਦੇਸ਼ ਦੇ ਬਟਵਾਰੇ, ਵੀਅਤਨਾਮ ਵਿੱਚ ਦਹਿਸ਼ਤ ਫੈਲਾਉਣ ਵਾਲੇ, ਅਫ਼ਗਾਨਿਸਤਾਨ ਵਿੱਚ ਕੁਹਰਾਮ ਮਚਾਉਣ ਵਾਲੇ ਕਦੋਂ ਬਾਜ਼ ਆਉਣਗੇ? ਕਵਿਤਾ ‘ਅੱਜ ਦਾ ਡਾਇਨਾਸੋਰ’ ਚਿੰਤਾ ਪ੍ਰਗਟ ਕਰਦੀ ਹੈ। ਮਨੁੱਖ ਦੀਆਂ ਮਜ਼ਬੂਰੀਆਂ ਦਰਸਾਉਂਦੀ ਕਵਿਤਾ ‘ਜ਼ਿੰਦਗੀਨਾਮਾ’ ਹਾਲਾਤਾਂ ਦਾ ਵਰਨਣ ਕਰਦੀ ਹੈ। ਇਵੇਂ ਹੀ ਕਵਿਤਾ ‘ਮੈਂ ਕੌਣ ਹਾਂ?’ ਵਿੱਚ ਬੱਚਿਆਂ ਵਲੋਂ ਪੁਰਾਣ ਬੰਦਿਆਂ ਨੂੰ ਪੁਰਾਣੀ ਸਦੀ ਦੇ ਦੱਸਣਾ, ਪਤਨੀ ਵਲੋਂ ਪਤੀ ਨੂੰ ਮਾਂ ਦਾ ਸਰਵਣ ਪੁੱਤਰ ਆਖਣਾ, ਦਫਤਰ ਵਿੱਚ ਔਰਤਾਂ ਵੱਲ ਭੇੜੀਏ ਵਾਂਗ ਝਾਕਣਾ ਕਹਿਣ ਤੇ ਸਮਝ ਨਹੀਂ ਆਉਂਦੀ ਕਿ ਮੈਂ ਕੌਣ ਹਾਂ। ਸਮੁੱਚੀ ਕਵਿਤਾ ਵਿੱਚ ਜਿੱਥੇ ਸਰਕਾਰਾਂ ਦੀ ਤਾਨਾਸ਼ਾਹੀ, ਰੱਬ ਦੀ ਅਮੀਰਾਂ ਨਾਲ਼ ਗੰਢ ਤੁੱਪ, ਮਰੀਆਂ ਜ਼ਮੀਰਾਂ, ਬੁੱਤ ਪ੍ਰਸਤੀ, ਭਿਖਾਰੀਪਨ, ਯਾਦਾਂ ਦੇ ਪਰਛਾਵੇਂ, ਪੱਥਰਾਂ ਦੇ ਸ਼ਹਿਰ, ਸੋਚ ਦਾ ਫ਼ਰਕ, ਮਾਨਸਿਕ ਸੋਸ਼ਣ, ਰਿਸ਼ਤਿਆਂ ਦੇ ਨਿਘਾਰ ਆਦਿ ਪਹਿਲੂਆਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ, ਉੱਥੇ ਧਾਰਮਿਕ ਅਤੇ ਹੋਰ ਲਿਖਤਾਂ ਵੀ ਅੰਕਿਤ ਹਨ ਜਿਵੇਂ ਕਿ ਗੁਰੂ ਅਰਜਨ ਦੇਵ, ਮੁਕਤਸਰ ਦੀ ਧਰਤੀ, ਨਵੇ ਸਾਲ ਦਾ ਬਦਲਣਾ, ਮਜਦੂਰ ਦਿਵਸ ਆਦਿ ਵੀ ਸ਼ਾਮਲ ਹਨ। ਪੁਸਤਕ ਵਿੱਚ ਮੁਹੱਬਤ ਅਤੇ ਬਿਰਹਾ ਦੀ ਗੱਲ ਵੀ ਆਈ ਹੈ ਦੇਖੋ : ‘ਸਾਵਣ ਦੀਆਂ ਕਣੀਆਂ ਨੇ ਅਤੇ ‘ਮੇਰੇ ਰਾਹਾਂ ਤੋਂ ਅੱਡ ਹੋ ਗਏ ਨੇ ਰਾਹ ਭਾਵੇਂ ਤੇਰੇ ਬਦਲੇ ਸਮੇਂ ਦੀ ਤਸਵੀਰ ਦਿਖਾਉਂਦੀ ਗ਼ਜ਼ਲ ‘ਕਦੇ ਮਹਿਮਾਨ ਸੀ ਰੱਬ ਵਰਗੇ—।’ ਜਿਹਨਾਂ ਮਹਿਮਾਨਾਂ ਨੂੰ ਅਸੀ ਰੱਬ ਮੰਨਦੇ ਸੀ ਹੁਣ ਵਾਧੂ ਜਿਹੇ ਲੱਗਦੇ ਹਨ, ਘਰ ਦਾ ਵਿਹਲਾ ਬੰਦਾ ਵੀ ਵਾਧੂ ਲੱਗਦੈ। ਬਜ਼ੁਰਗਾਂ ਨੂੰ ਘਰ ਦਾ ਜ਼ਿੰਦਰਾ ਮੰਨ ਕੇ ਨਿਸ਼ਚਿੰਤ ਰਹਿਦੇ ਸਾਂ, ਹੁਣ ਵੱਖਰੇ ਵੱਖਰੇ ਕਮਰੇ ਨੂੰ ਲੋਹੇ ਦੇ ਜ਼ਿੰਦਰੇ ਲੱਗਣ ਲੱਗ ਪਏ ਹਨ। ਮੀਆਂ ਬੀਵੀ ਦੇ ਰਿਸ਼ਤੇ ਵਿੱਚ ਹੁਣ ਕਾਟੋ ਕਲੇਸ਼ ਰਹਿਣ ਲੱਗ ਪਿਆ ਹੈ। ਤੋਤੇ, ਚਿੜੀਆਂ, ਗੋਲੇ ਕਬੂਤਰ ਅਲੋਪ ਹੋ ਗਏ ਹਨ ਪਰ ਗਊਆਂ, ਵੱਛੀਆਂ ਅਤੇ ਸਾਹਨਾਂ ਦਾ ਮੇਲਾ ਸੜਕਾਂ ਤੇ ਹੁੰਦਾ ਹੈ ਜਿਸ ਦਾ ਸ਼ਿਕਾਰ ਲੋਕ ਹੁੰਦੇ ਹਨ। ਜ਼ਿੰਦਗੀ ਦੀ ਭਟਕਣ ਦੀ ਗੱਲ ਕਰਦੀ ਗ਼ਜ਼ਲ ‘ਜ਼ਿੰਦਗੀ ਦਾ ਇਹ ਸਫ਼ਰ’ ਸੁਚੇਤ ਕਰਦੀ ਹੈ ਕਿ ਜ਼ਿੰਦਗੀ ਦਾ ਸਫ਼ਰ ਤਾਂ ਕਬਰਾਂ ਤੇ ਜਾ ਕੇ ਹੀ ਖ਼ਤਮ ਹੋਣਾ ਹੈ। ਜਿਉਂਦੇ ਮਨੁੱਖ ਵਲੋਂ ਰੱਬ ਦੇ ਨਾਂ ਦੁਕਾਨਾਂ ਖੋਲ੍ਹ ਕੇ ਭਟਕਦਾ ਰਹਿੰਦਾ ਹੈ ਰੱਬ ਤਾਂ ਇਨਸਾਨ ਵਿੱਚ ਵਸਦਾ ਹੈ, ਜਿੱਥੇ ਅਸੀ ਲੱਭਦੇ ਹੀ ਨਹੀਂ। ਗੀਤਾਂ ਵਿੱਚ ਧੀਆਂ ਦੀ ਤਰਾਸਦੀ, ਭਰੂਣ ਹੱਤਿਆ ਦਾ ਬਿਆਨ ਕਰਦਿਆਂ ਲਿਖਿਆ ਗਿਆ ਹੈ ਕਿ ਕੁਝ ਜੰਮਦਿਆਂ ਮਰਦੀਆਂ, ਫਾਹ ਲੈ ਕੇ ਮਰਦੀਆਂ ਹਨ, ਕੁਝ ਕੁੱਖ ਵਿੱਚ ਮਾਰੀਆਂ ਜਾਂਦੀਆਂ ਹਨ, ਕੁਝ ਸਾੜੀਆਂ ਜਾਂਦੀਆਂ ਹਨ। ਭੇੜੀਆਂ ਦਾ ਸ਼ਿਕਾਰ ਹੁੰਦੀਆਂ ਹਨ ਜਦੋਂ ਆਪਣੇ ਵੀ ਬੇਗਾਨੇ ਬਣ ਜਾਂਦੇ ਨੇ। ਧੀਆਂ ਤਾਂ ਰੱਬ ਦੀ ਰੂਹ, ਫੁੱਲਾਂ ਦੀ ਖ਼ੁਸ਼ਬੂ, ਘਰ ਦੀ ਰੌਣਕ ਹੁੰਦੀਆਂ ਹਨ। ਉਹਨਾਂ ਦੇ ਦੁੱਖ ਦੂਰ ਕਰਨ ਲਈ ਬਾਬਾ ਨਾਨਕ ਨੂੰ ਸੱਦਾ ਦਿੰਦੇ ਹਨ। ਗਰੀਬਾਂ ਦੀ ਮਜ਼ਬੂਰੀ ਅਤੇ ਰੱਜਿਆਂ ਨਾਲ ਰੱਬ ਦਾ ਜੋੜ ਬਾਰੇ ਗੀਤ ਦੀਆਂ ਸਤਰਾਂ ਦੇਖੋ : ‘ਕੁਝ ਸ਼ੌਂਕ ਨਾਲ ਹੀ ਅੱਧ ਨੰਗੇ ‘ਡੱਬੂ’ ਅਤੇ ਟੁੱਟੇ ‘ਖੰਭਾਂ’ ਵਾਲੇ ਦੀ ਖੇਡ ਕਵਿਤਾ ਪ੍ਰਤੀਬਿੰਬ ਲੈ ਕੇ ਅੰਤਰ ਰਾਸ਼ਟਰੀ ਵਰਤਾਰਿਆਂ ਦੀ ਗੱਲ ਕੀਤੀ ਗਈ ਹੈ। ਧਰਮੀਆਂ ਵਲੋਂ ਧਰਮ ਦੇ ਵਹਿਮਾਂ ਵਿੱਚ ਉਲਝਾਉਣ ਵਾਲੇ, ਕੁੱਤੀ ਦਾ ਚੌਰਾਂ ਨਾਲ਼ ਰਲਣਾ, ਮਜ਼੍ਹਬ ਦਾ ਰੌਲਾ ਦੇਖ ਕੇ ਮੁੜ ਬਚਪਨ ਦੇ ਦਿਨਾਂ ਨੂੰ ਯਾਦ ਕਰਕੇ ਬਚਪਨ ਦੇ ਮੁੜ ਆਉਣ ਦੀ ਇੱਛਾ ਹੁੰਦੀ ਹੈ ਕਿਉਕਿ ਬਚਪਨ ਦਾ ਸਮਾਂ ਬਿਨਾਂ ਕਿਸੇ ਫਿਕਰ ਫਾਕੇ ਦੇ ਹੁੰਦਾ ਹੈ ਅਤੇ ਇਹਨਾਂ ਸਾਰੇ ਝਮੇਲਿਆਂ ਤੋਂ ਸੁਰਖਰੂ ਹੁੰਦਾ ਹੈ। ਪੁਸਤਕ ਦੀਆਂ ਹੋਰ ਕਵਿਤਾਵਾਂ ਸ਼ਹੀਦਾਂ ਦਾ ਪਰਿਵਾਰ, ਸੋਚਣ ਵੇਲਾ, ਸੱਥ ਵਿੱਚ ਉੱਠੀ ਗੱਲ ਵੀ ਪੜ੍ਹਨ ਲਾਇਕ ਹਨ। ਕਵੀ ਇਸ ਪੁਸਤਕ ਲਈ ਵਧਾਈ ਦਾ ਪਾਤਰ ਹੈ ਕਿਉਕਿ ਉਸ ਨੇ ਪੁਸਤਕ ਵਿਚਲੀਆਂ ਕਵਿਤਾਵਾਂ ਦੇ ਵਰਤਮਾਨ ਵਰਤਾਰਿਆਂ ਦੇ ਵਿਸ਼ੇ ਨੂੰ ਛੋਹਿਆ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਤੇਜਿੰਦਰ ਚੰਡਿਹੋਕ
ਸਾਬਕਾ ਏ.ਐਸ.ਪੀ,
ਨੈਸ਼ਨਲ ਐਵਾਰਡੀ ਬਰਨਾਲਾ।
ਸੰਪਰਕ +91 95010-00224