7 December 2024

ਡਾ. ਕਰਨੈਲ ਸ਼ੇਰਗਿੱਲ ਦਾ ਕਹਾਣੀ ਸੰਗ੍ਰਹਿ ‘ਮੈਮੋਰੀ ਲੇਨ——ਡਾ. ਗੁਰਦਿਆਲ ਸਿੰਘ ਰਾਏ

ਬਰਤਾਨੀਆ ਵੱਸਦਾ, ਪੇਸ਼ੇ ਵੱਲੋਂ ਸਫ਼ਲ ਮੈਡੀਕਲ ਡਾਕਟਰ, ਡਾ. ਕਰਨੈਲ ਸ਼ੇਰਗਿੱਲ ਇੱਕ ਜਾਣਿਆ-ਪਹਿਚਾਣਿਆ ਪਰਵਾਸੀ ਸਾਹਿਤਕਾਰ ਹੈ। ਉਸਨੇ ਕਵਿਤਾ, ਕਹਾਣੀ ਅਤੇ ਨਾਵਲ ਦੀ ਵਿਧਾ ਵਿੱਚ ਬੜੀ ਨਿਪੁੰਨਤਾ ਨਾਲ ਕਲਮੀ ਜੌਹਰ ਵਿਖਾਏ ਹਨ। ‘ਮੈਮੋਰੀ ਲੇਨ’ ਕਹਾਣੀ ਸੰਗ੍ਰਹਿ ਵਿੱਚ ਡਾ. ਸ਼ੇਰਗਿੱਲ ਨੇ ਆਪਣੀਆ ਦੱਸ ਕਹਾਣੀਆਂ ਨਾਲ ਦਸਤਕ ਦਿੱਤੀ ਹੈ। ਇਸਤੋਂ ਪਹਿਲਾਂ ਉਸਦੇ ਪਹਿਲੇ ਕਹਾਣੀ ਸੰਗ੍ਰਹਿ ‘ਪੰਦਰਵਾਂ ਲਾਲ ਕਰਾਸ’ ਦੇ 1992 ਤੋਂ ਲੈ ਕੇ ਹੁਣ ਤੱਕ ਚਾਰ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ। ਕਹਾਣੀ ਤੋਂ ਬਿਨਾਂ ਉਸ ਦੇ ਦੋ ਕਾਵਿ ਸੰਗ੍ਰਹਿ: ‘ਹੁਣ ਮੈਂ ਅਜਨਬੀ ਨਹੀਂ’ (2019) ਅਤੇ ਕਾਵਿ ਸੰਗ੍ਰਹਿ ‘ਕੌਣ ਸੂਤਰਧਾਰ’; ਅਤੇ ਨਾਵਲ ’ਲਾਕਡਾਊਨ ਅਲਫ਼ਾ’ ਛੱਪ ਚੁੱਕੇ ਹਨ। ਨਾਵਲ ‘ਲਾਕਡਾਊਨ ਅਲਫ਼ਾ’ ਦੇ ਸ਼ਾਹਮੁੱਖੀ ਅਤੇ ਅੰਗਰੇਜ਼ੀ ਅਨੁਵਾਦ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਡਾ. ਸ਼ੇਰਗਿੱਲ ਦੇ ਖੋਜ-ਕਾਰਜ ਅਤੇ ਬਿਮਾਰੀਆਂ ਸਬੰਧੀ ਕਿਤਾਬਚੇ ਵੀ ਅੰਗਰੇਜ਼ੀ ਵਿੱਚ ਉਪਲੱਭਦ ਹਨ।

ਸਾਡੀ ਹੱਥਲੀ ਸੰਖੇਪ ਵਿਚਾਰ ਅਧੀਨ ‘ਮੈਮੋਰੀ ਲੇਨ’ ਵਿੱਚ ਪ੍ਰਕਾਸ਼ਿਤ ਉਹ ਕਹਾਣੀਆਂ ਹਨ ਜਿਹਨਾਂ ਦਾ ਵਿਸ਼ਾ ਵਸਤੂ ਸਾਰੇ ਵਿਸ਼ਵ ਵਿੱਚ ਵਿੱਚਰ ਰਹੇ ਅਤੇ ਵਿਸ਼ੇਸ਼ ਕਰਕੇ ਪਰਵਾਸ ਭੋਗਦੇ ਅਤੇ ਦਿਨੋ-ਦਿਨ ਸਰੀਰਕ ਅਤੇ ਮਨ ਕਰਕੇ ਖੰਡਿਤ ਹੁੰਦੇ ਜਾ ਰਹੇ ਉਹਨਾਂ ਪੰਜਾਬੀਆਂ ਨਾਲ ਹੈ ਜਿਹਨਾਂ ਨੇ ਬਰਤਾਨੀਆ ਦੀ ਧਰਤ ਨੂੰ ਹੀ ਹੁਣ ਆਪਣਾ ਘਰ ਅਤੇ ਕਾਰਜ ਖੇਤਰ ਬਣਾ ਲਿਆ ਹੈ। ਭੂਗੋਲਿਕ ਤੌਰ ਤੇ ਇਹਨਾਂ ਕਹਾਣੀਆਂ ਦਾ ਪਿਛੋਕੜ ਕਾਨੂੰਨੀ ਜਾਂ ਗ਼ੈਰ-ਕਾਨੂਨੀ ਤੌਰ ਤੇ ਬਰਤਾਨੀਆ ਆਏ—ਆ ਕੇ ਪਰਵਾਸੀ ਬਣੇ— ਏਸ਼ੀਅਨ ਖ਼ਿੱਤੇ ਦੇ ਮੂਲ ਵਾਸੀਆਂ ਨਾਲ ਹੀ ਹੈ। ਵਿਚਾਰ ਨੂੰ ਅਗ੍ਹਾਂ ਤੋਰਨ ਤੋਂ ਪਹਿਲਾਂ ਇਹਨਾਂ ਕਹਾਣੀਆ ਦੇ ਪਿੱਠ ਪਿੱਛੇ ਕਾਰਜ ਸ਼ੀਲ ਕੁਝ ਵਰਤਾਰਿਆਂ ਦਾ ਜ਼ਿਕਰ ਕਰਨਾ ਸਾਡੀ ਸੋਚ ਲਈ ਰਾਹ ਪਧਰਾ ਕਰਨ ਵਿੱਚ ਸਹਾਈ ਹੋਵੇਗਾ।

ਬਰਤਾਨੀਆ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ‘ਇਤਿਹਾਸ ਦੀ ਉੱਮਰ ਕੋਈ ਬਹੁਤੀ ਲੰਮੇਰੀ ਨਹੀਂ’। ਭਾਰਤ ਨੂੰ ਆਜ਼ਾਦੀ ਮਿਲਣ ਦੇ ਥੋੜਾ ਚਿਰ ਮਗਰੋਂ ਭਾਵ 1952-53 ਤੋਂ ਹੀ ਆਪਣੀ ਆਰਥਕ ਹਾਲਤ ਸੁਧਾਰਨ ਲਈ ਪੰਜਾਬ/ਭਾਰਤ ਵਾਸੀਆਂ ਵੱਲੋਂ ਬਰਤਾਨੀਆ ਆਉਣ ਦੀ ਕਿਰਿਆ ਆਰੰਭ ਹੋ ਗਈ ਸੀ। ਫਿਰ 1962 ਵਿੱਚ ‘ਇਮੀਗਰੇਸ਼ਨ ਐਕਟ’ ਨਾਲ ਬਰਤਾਨੀਆ ਆ ਵੱਸਣ ਅਤੇ ਕੰਮਾਂ-ਕਾਰਜਾਂ ਲਈ ਵਾਊਚਰ ਮਿਲਣੇ ਆਰੰਭ ਹੋ ਗਏ। ਪਹਿਲਾਂ ਆਮ ਕਾਮੇ ਆਏ ਸਨ ਫਿਰ ਪੜ੍ਹਿਆ-ਲਿਖਿਆ ਵਰਗ ਵੀ ਆਇਆ। ਪਰ ਕੰਮ ਸਬੰਧੀ ਵਾਊਚਰਾਂ ਅਧੀਨ ਆਏ ਲੋਕਾਂ ਦੀ ਖੁਸ਼ੀ ਉਦੋਂ ਉੱਡ-ਪੁੱਡ ਗਈ ਜਦੋਂ ਉਹਨਾਂ ਵੇਖਿਆ ਕਿ ‘ਵਾਊਚਰ’ ਹੋਣ ਦੇ ਬਾਵਜੂਦ ਚੰਗੇ ਕੰਮ ਲੱਭਣੇ ਅਤੇ ਮਿਲਣੇ ਔਖੇ ਹਨ। ਟੱਕਰਾਂ ਮਾਰਨ ਉਪਰੰਤ ਸੋਝੀ ਪਈ ਕਿ ਵਾਊਚਰਾਂ ਅਧੀਨ ਆਏ ਲੋਕਾਂ ਨੂੰ ‘ਬਲੂ-ਕੌਲਰ ਜੌਬਜ਼’ ਭਾਵ ਆਮ ਮਜ਼ਦੂਰੀ ਦੇ ਕੰਮਾਂ ਲਈ ਹੀ ਸੱਦਿਆ ਗਿਆ ਸੀ। ਅਕਾਦਮਿਕ ਡਿਗਰੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਇੰਡੀਆ ਤੋਂ ਇੱਥੇ ਆਏ ਬਹੁਤੇ ਪੜ੍ਹੇ-ਲਿਖੇ ਅਤੇ ਅਧਿਆਪਕ ਤਬਕੇ ਦੇ ਲੋਕਾਂ ਨੂੰ ਮੁੱਢਲੇ ਸਮੇਂ ਵਿੱਚ ਮਜ਼ਦੂਰਾਂ ਵਾਲਾ ਕੰਮ ਹੀ ਕਰਨਾ ਪਿਆ ਜਾਂ ਫਿਰ ਪੋਸਟ ਆਫ਼ਿਸ ਵਿੱਚ ‘ਚਿੱਠੀ-ਰਸੈਣ’ ਜਾਂ ਬੱਸਾਂ ਦੀ ਡਰਾਇਵਰੀ ਦਾ। ਅਧਿਆਪਨ ਦੇ ਕਾਰਜਾਂ ਜਾਂ ਹੋਰ ਕਿੱਤਿਆਂ ਵਿੱਚ ਨੌਕਰੀਆਂ ਪਰਾਪਤ ਕਰਨ ਲਈ ਬਹੁਤਿਆਂ ਨੂੰ ਮੁੜਕੇ ‘ਥੋੜ੍ਹੀ ਜਾਂ ਬਹੁ-ਚਿਰੀ’ ਹੋਰ ਵਾਧੂ ਦੀ ‘ਬਰਤਾਨਵੀ ਅਕਾਦਮਿਕ’ ਯੋਗਤਾ ਪਰਾਪਤ ਕਰਨ ਲਈ ਪੜ੍ਹਨਾ ਪਿਆ। ਕਾਨੂੰਨੀ ਤੌਰ ਤੇ ਆਏ ਇਹਨਾਂ ਆਵਾਸੀਆਂ ਦਾ ਪਰਵਾਸੀ ਬਣਨ ਦਾ ਸਫ਼ਰ ਕਾਫ਼ੀ ਚੁਨੌਤੀਆਂ ਭਰਿਆ ਅਤੇ ਤਰੱਦਦ ਦਾ ਰਿਹਾ। ਆਵਾਸ ਦੀ ਕਾਨੂੰਨੀ ਆਗਿਆ ਸਮਾਪਤ ਹੋਣ ਉਪਰੰਤ ਗ਼ੈਰ-ਕਾਨੂਨੀ ਤੌਰ ਤੇ ਆਉਣ ਵਾਲਿਆਂ ਨੇ ਜਿਸ ਤਰ੍ਹਾਂ ਦੀਆਂ ਕਠਿਨਾਈਆਂ ਅਤੇ ਕਸ਼ਟਾਂ ਭਰੀ ਜ਼ਿੰਦਗੀ ਦਾ ਸਾਹਮਣਾ ਕੀਤਾ ਉਸਦੀ ਝਲਕ ਸਾਨੂੰ ਡਾ. ਸ਼ੇਰਗਿੱਲ ਦੀਆਂ ਕਈ ਕਹਾਣੀਆਂ ਵਿੱਚੋਂ ਮਿਲ ਜਾਂਦੀ ਹੈ ਜਿਸਨੂੰ ਪੜ੍ਹਦਿਆਂ ਪਾਠਕਾਂ ਨੂੰ ਪਰਵਾਸੀਆਂ ਦੇ ਸੰਘਰਸ਼ ਅਤੇ ਸੰਤਾਪ ਸਬੰਧੀ ਜਾਣਕਾਰੀ ਮਿਲਦੀ ਹੈ।

ਦਰਅਸਲ ਡਾ. ਕਰਨੈਲ ਸ਼ੇਰਗਿੱਲ ਬਰਤਾਨੀਆ ਵਿੱਚ ਜਦੋਂ1976 ਵਿੱਚ ਪੁੱਜਿਆ ਤਾਂ ਬਰਤਾਨੀਆ ਵੱਸਦੇ ਪਰਵਾਸੀ ਨਸਲੀ ਵਿਤਕਰੇ ਅਤੇ ਹੋਰ ਬਹੁਤ ਸਾਰੀਆਂ ਕੰਮ-ਧੰਧੇ ਅਤੇ ਰਹਿਣ-ਬਹਿਣ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਦੇ ਆ ਰਹੇ ਸਨ। ਸਾਰੇ ਬਰਤਾਨੀਆ ਵਿੱਚ ਵੱਖ ਵੱਖ ਥਾਵਾਂ ਤੇ ਗੁਰਦੁਆਰੇ, ਮਸਜਿਦਾਂ ਅਤੇ ਮੰਦਰ ਆਦਿ ਉਸੱਰ ਰਹੇ ਸਨ ਜਾਂ ਉੱਸਰ ਚੁੱਕੇ ਸਨ। ਬਹੁਤ ਸਾਰੇ ਏਸ਼ਿਆਈ ਵੱਖ ਵੱਖ ਤਰ੍ਹਾਂ ਦੀਆਂ ਨੌਕਰੀਆਂ ਕਰ ਰਹੇ ਸਨ। ਲੋਕੀ ਬੇਕਾਰ ਵੀ ਸਨ ਅਤੇ ਕੰਮਾਂ ਦੀ ਭਾਲ ਵਿੱਚ ਵੀ। ਕਈਆਂ ਨੇ ਆਪਣੇ ਚੰਗੇ ਕਾਰੋਬਾਰ ਵੀ ਖੋਲ੍ਹ ਲਏ ਸਨ। ਗੱਲ ਕੀ ਪਰਵਾਸੀ ਆਪਣੀਆਂ ਜੜ੍ਹਾਂ ਬਰਤਾਨੀਆ ਵਿੱਚ ਚੰਗੀ ਤਰ੍ਹਾਂ ਜਮਾਉਣ ਦੇ ਆਹਰ ਵਿੱਚ ਸਨ। ਡਾ. ਸ਼ੇਰਗਿੱਲ ਨੇ ਬਹੁਤ ਜਲਦ ਹੀ ਆਪਣੇ ਆਲੇ-ਦੁਆਲੇ ਨੂੰ ਭਾਂਪਿਆ ਅਤੇ ਆਪਣੇ ਭਾਈਚਾਰੇ ਦੀਆਂ ਸਾਰੀਆਂ ਹੀ ਵਿਹਾਰਕ, ਨਿਤਾਪ੍ਰਤੀ ਦੀਆਂ ਜਟਿਲ ਅਤੇ ਭਾਵਨਾਤਮਕ ਸਮੱਸਿਆਵਾਂ ਨੂੰ ਸਮਝ ਲਿਆ। ਡਾਕਟਰੀ ਕਿੱਤੇ ਨੇ ਵੀ ਉਸਦੀ ਸਹਾਇਤਾ ਕੀਤੀ। ਆਪਣੀ ਵਿਗਿਆਨਕ ਸੋਚ ਰਾਹੀਂ ਉਸਨੇ ਪਰਵਾਸੀਆਂ ਦੀਆਂ ਸਾਰੀਆਂ ਹੀ ਸਮੱਸਿਆਵਾਂ ਨੂੰ ਨਾ ਕੇਵਲ ਜ਼ਾਹਰਾ ਤੌਰ ਤੇ ਸਮੱਝਿਆ ਸਗੋਂ ਭਾਵਨਾਤੁਮਕ ਤੌਰ ਤੇ ਵੀ ਡੁੰਘਾਈ ਵਿੱਚ ਪੁੱਜਦਿਆਂ ਅਤੇ ਮਨੋਵਿਗਿਆਨਕ ਤੈਹਾਂ ਫਰੋਲਦਿਆਂ ਪਾਠਕਾਂ ਦੀ ਕਚਹਿਰੀ ਵਿੱਚ ਸਫ਼ਲਤਾ ਨਾਲ ਪੇਸ਼ ਵੀ ਕੀਤਾ। ਪੰਜਾਬੀ ਦੇ ਨਾਮਵਰ ਆਲੋਚਕ ਸ. ਹਰਮੀਤ ਸਿੰਘ ਅਟਵਾਲ ਨੇ ਤਾਂ ਹੀ ਤਾਂ ਡਾ. ਕਰਨੈਲ ਸ਼ੇਰਗਿੱਲ ਨੂੰ ‘ਸਮੇਂ ਨੂੰ ਸਮਝਦਾ ਸਾਹਿਤਕਾਰ’ ਆਖਿਆ ਹੈ ਜੋ ਕਿ ਬਿਲਕੁਲ ਸਹੀ ਹੈ। ਕਿਉਂਕਿ ਸਮੇਂ ਦੀ ਗਤੀ ਨੂੰ ਸਮਝਣ ਅਤੇ ਸਮੇਂ ਦੀ ਤੋਰ ਨਾਲ ਕਦਮ ਮਿਲਾ ਕੇ ਚੱਲਣ ਦਾ ਚਲਨ ਲਿਖਾਰੀ ਲਈ ਮਹੱਤਵ ਪੂਰਨ ਮੰਨਿਆ ਜਾਂਦਾ ਹੈ।

‘ਮੈਮੋਰੀ ਲੇਨ’ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਮੈਮੋਰੀ ਲੇਨ’ ਹੈ ਜਿਸਨੂੰ ਉਦਾਹਰਣ ਵਜੋਂ ਜ਼ਰਾ ਕੁ ਵਿਸਥਾਰ ਦੇਣ ਦੀ ਖੁਲ੍ਹ ਲੈ ਰਿਹਾ ਹਾਂ ਕਿਉਂ ਜੋ ਇਹ ਕਹਾਣੀ ਇਸ ਕਹਾਣੀ ਸੰਗ੍ਰਹਿ ਦੀ ਚੂਲ ਹੈ। ਧੁਰਾ ਹੈ। ਇਸ ਕਹਾਣੀ ਦੇ ਨਾਮ ਨੂੰ ਹੀ ਸੰਗ੍ਰਹਿ ਦਾ ਨਾਮ Memory Lane ਦਿੱਤਾ ਜਾਣਾ ਅਹਿਮੀਅਤ ਰੱਖਦਾ ਹੈ।‘ਮੈਮੋਰੀ ਲੇਨ’ ਬੁਹ-ਅਰਥੀ ਸ਼ਬਦ-ਜੁੱਟ ਹੈ। ਸਿੱਧਾ ਜਿਹਾ ਇੱਕ ਅਰਥ ਸੜਕ/ਗਲੀ/ਮਹੱਲੇ ਨਾਲ ਹੈ ਜਿਵੇਂ ਕਿ ‘ਰੋਡ’ ਜਾਂ ‘ਲੇਨ’। ਅਸਲ ਮੁਹਾਵਰਾ ਹੈ: Trip down Memory Lane ਪਿੱਛੇ ਬੀਤ ਚੁੱਕੀਆਂ ਘਟਨਾਵਾਂ ਜਾਂ ਮੌਕਿਆਂ ਨੂੰ ਚੇਤੇ ਕਰਨਾ ਜਾਂ ਉਹਨਾਂ ਸਬੰਧੀ ਗਲਬਾਤ ਕਰਨਾ। ਸਾਰੀਆਂ ਹੀ ਕਹਾਣੀਆਂ ਲੇਖਕ ਡਾ. ਸ਼ੇਰਗਿੱਲ ਦੇ ਹੰਢਾਏ ਹੋਏ ਜੀਵਨ ਦੀ ‘ਯਾਦ ਪਟਾਰੀ’—ਮੈਮੋਰੀ ਲੇਨ— ਦੀ ਹੀ ਧਰੋਹਰ ਹਨ।

‘ਮੈਮੋਰੀ ਲੇਨ’ ਕਹਾਣੀ ਦੀਆਂ ਚਾਰ ਮੁੱਖ ਘਟਨਾਵਾਂ ਹਨ ਜਿਹਨਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਗੁੰਦ ਕੇਕਹਾਣੀਕਾਰ ਨੇ ਕਹਾਣੀ ਦੀ ਸਿਰਜਣਾ ਕੀਤੀ ਹੈ। ਕਹਾਣੀ ਦਾ ਘਟਨਾ ਕ੍ਰਮ ਉਸ ਢੰਗ ਨਾਲ ਨਹੀਂ ਦਰਸਾਇਆ ਗਿਆ ਜਿਵੇਂ ਇਹ ਵਾਪਰਿਆ। ਮਿਸਾਲ ਵਜੋਂ ਵੇਖਿਆ ਜਾਵੇ ਤਾਂ ਇਸ ਕਹਾਣੀ ਦੇ ਅਗ੍ਹਾਂ ਦਰਜ ਛੇ ਭਾਗ ਹਨ:

1.  ‘ਮੈਮੋਰੀ ਲੇਨ’ ਦਾ ਮੁੱਖ ਪਾਤਰ ਬਚਨ ਸਿੰਘ ਪੰਜਾਬ ਤੋਂ ਬਰਤਾਨੀਆ ਵਿੱਚ ਜਾਅਲੀ ਪੁੱਜਦਾ ਹੈ। ਉਸਦਾ ਸਾਹਮਣਾ ਡਾਕਟਰ ਸਿੰਘ ਨਾਲ ਉਸ ਸਮੇਂ ਹੁੰਦਾ ਹੈ ਜਦੋਂ ਬਚਨ ਸਿੰਘ ਨੂੰ ਬਹੁਤ ਹੀ ਮੰਦੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਡਾ. ਸਿੰਘ ਜੀ.ਪੀ.(ਫੈਮਲੀ ਡਾਕਟਰ) ਬਣਨ ਦੀ ਟਰੇਨਿੰਗ ਲੈ ਰਿਹਾ ਹੁੰਦਾ ਹੈ।

ਇੱਥੇ ਹੀ ਡਾ. ਸਿੰਘ ਬਚਨ ਸਿੰਘ ਨੂੰ ਪੁੱਛਦਾ ਹੈ: ਬਚਨ ਸਿੰਘ ਜੀ ਤੁਹਾਡਾ ਐਡਰੈਸ?

‘ਅਜੇ ਤੱਕ ਤਾਂ ਕੋਈ ਨਹੀਂ—-ਇੱਕ ਮਹੀਨਾ ਧੱਕੇ ਖਾਦਾ ਮੈਂ ਪੰਜਾਬ ਤੋਂ ਇਰਾਕ ਆਇਆਂ ਤੇ  ਫਿਰਕਿਸ਼ਤੀ ਰਾਹੀਂ ਇਟਲੀ।’  ਬਚਨ ਸਿੰਘ ਹੋਰ ਦਸਦਾ ਹੈ ਕਿ ਕਿਵੇਂ ਉਹ ਏਜੰਟਾਂ ਰਾਹੀ ਜਾਅਲੀ ਤਰੀਕੇ ਨਾਲ ਦਿੱਲੀ ਤੋਂ ਤੁਰਕਸਤਾਨ, ਇਰਾਨ, ਇਰਾਕ, ਇਟਲੀ ਅਤੇ ਫਿਰ ਫਰਾਂਸ ਰਾਹੀਂ ਹੁੰਦਾ ਹੋਇਆ ਲਾਰੀਆਂ ਵਿੱਚ ਲੁੱਕਕੇ ਇੱਥੇ ਪੁੱਜਣ ਲਈ ਲੱਖਾਂ ਰੁਪਏ ਖਰਚਕੇ ਆਇਆ ਹੈ। ਗੱਲ ਕੀ ਭਾਈਆ ਬਚਨ ਸਿੰਘ ਪੰਜਾਬ ਤੋਂ ਬਰਤਾਨੀਆ ਆਉਣ ਸਬੰਧੀ ਆਪਣਾ ਸਾਰਾ ਚਿੱਠਾ ਫਰੋਲ ਦਿੰਦਾ ਹੈ।

2. ਡਾਕਟਰ ਸਿੰਘ ਨੇ ਹੀ ਬਚਨ ਸਿੰਘ ਨੂੰ ਕੌਂਸਲ ਦਾ ਫਲੈਟ ਰਹਿਣ ਲਈ ਦਿਲਵਾ ਦਿੱਤਾ। ਇੱਥੇ ਰਹਿੰਦਿਆਂ ਹੀ ਭਾਈਏ ਨੇ ਆਪਣੀ ਗਵਾਂਢ ਰਹਿੰਦੀ ਜ਼ੂਨ ਫਰੇਜ਼ਰ ਨਾਲ ਬਰਤਾਨੀਆ ਵਿਚ ਪੱਕਾ ਹੋਣ ਲਈ ਵਿਆਹ ਕਰਵਾ ਲਿਆ। ਉਸਨੇ ਜ਼ੂਨ ਨੂੰ ਆਪਣੀ ਪੰਜਾਬ ਵਾਲੀ ਪਤਨੀ ਬਾਰੇ ਪਤਾ ਨਾ ਲੱਗਣ ਦਿੱਤਾ। ਬਚਨ ਸਿੰਘ ਨੇ ਖੂਬ ਪੈਸਾ ਕਮਾਇਆ। ਫਿਰ ਆਪਣੀ ਪਤਨੀ ਜ਼ੂਨ ਨਾਲ ‘ਮੈਮੋਰੀ ਲੇਨ’ ‘ਤੇ ਸਥਿਤ ਟੇਰਸ ਹਾਊਸ ਵਿੱਚ ਰਹਿਣ ਲੱਗ ਪਿਆ।

3. ਡਾ. ਸਿੰਘ ਨੇ ਫੈਮਲੀ ਡਾਕਟਰ ਦੀ ਟਰੇਨਿੰਗ ਸਮਾਪਤ ਕਰਕੇ ਲੈਸਟਰ ਵਿੱਚ ਆਪਣੀ ਸਰਜਰੀ ਖੋਲ੍ਹ ਲਈ। ਬਚਨ ਸਿੰਘ ਮਗਰੋਂ ਇੱਥੇ ਡਾ. ਸਿੰਘ ਦੇ ਮੈਡੀਕਲ ਸੈਂਟਰ ਵਿਚ ਹੀ ਰਜਿਸਟਰਡ ਹੋ ਜਾਂਦਾ ਹੈ।

4. ਭਾਈਆ ਬਚਨ ਸਿੰਘ ਬਿਮਾਰ ਨਹੀਂ ਹੈ ਪਰ ਉਹ ਕ੍ਰਿਸਮਸ ਦੇ ਮੌਕੇ ਬਿਮਾਰੀ ਦੇ ਬਹਾਨੇ ਡਾਕਟਰ ਸਿੰਘ ਨੂੰ ਘਰ ਸੱਦ ਲੈਂਦਾ ਹੈ ਅਤੇ ਫਿਰ “ਹੈਪੀ ਕ੍ਰਿਸਮਸ, ਇਹ ‘ਸ਼ੈਂਪੂਨ’ ਦੀ ਬੋਤਲ ਮੈਂ ਤੇਰੇ ਵਾਸਤੇ ਸਾਂਭਕੇ ਰੱਖੀ ਸੀ” ਕਹਿਕੇ ਉਸਦਾ ਸੁਆਗਤ ਕਰਦਾ ਹੈ। ਡਾਕਟਰ ਝਿਜਕਦਿਆਂ ਬੋਤਲ ਫੜ ਲੈਂਦਾ ਹੈ। ਭਾਈਏ ਦੀ ਗੋਰੀ ਪਤਨੀ ਜੂਨ ਸੋਧ ਕਰਦੀ ਹੈ: ਸ਼ੈਂਪੂਨ ਨਹੀਂ, ਸ਼ੈਂਪੇਨ, ਇਹਨੂੰ ਕਿੰਨੀ ਵਾਰ ਸਿਖਾਇਆ ਪਰ ਨਹੀਂ ਸਿੱਖਿਆ ਪੱਕਾ ਪੰਜਾਬੀ।

5. ਭਾਈਆ ਬਚਨ ਸਿੰਘ ਮੁੜ ਪੰਜਾਬ ਨਾ ਗਿਆ। ਉਸ ਪੰਜਾਬ ਵਾਲੀ ਪਤਨੀ ਨਾਲ ਸਾਰੇ ਸਬੰਧ ਤੋੜ ਲਏ। ਪੰਜਾਬਣ ਪਤਨੀ ਨੂੰ ਜਦ ਗੋਰੀ ਪਤਨੀ (ਸੌਂਕਣ) ਬਾਰੇ ਪਤਾ ਲੱਗਿਆ ਤਾਂ ਉਹ ਸਹਾਰ ਨਾ ਸਕੀ। ਉਸ ਖੂਹ ਵਿੱਚ ਛਾਲ ਮਾਰਕੇ ਜਾਨ ਦੇ ਦਿੱਤੀ। ਇਸ ਖਬਰ ਨਾਲ ਬਚਨ ਸਿੰਘ ਉਦਾਸ ਰਹਿਣ ਲੱਗਿਆ ਅਤੇ ਉਸਨੇ ਵੱਧ ਸ਼ਰਾਬ ਪੀਣੀ ਆਰੰਭ ਦਿੱਤੀ। ਉਸਦੀ ਗੋਰੀ ਪਤਨੀ ਵੀ ਉਸਨੂੰ ਛੱਡ ਕੇ ਆਪਣੇ ਮੁੰਡੇ ਪਾਸ ਰਹਿਣ ਲਈ ਮਾਨਚੈਸਟਰ ਚਲੇ ਗਈ।

6. ਸਾਲਾਂ ਦੇ ਸਾਲ ਲੰਘ ਗਏ। ਸਰਕਾਰ ਵੱਲੋਂ ਮਿਲਦੇ ਪੈਸਿਆਂ ਦੀ ਸ਼ਰਾਬ ਪੀ ਪੀ ਕੇ ਭਾਈਏ ਨੇ ਆਪਣਾ ਸਰੀਰ ਬਿਮਾਰੀਆਂ ਦਾ ਖੌ ਬਣਾ ਲਿਆ ਅਤੇ ਅੰਤ ਉਸਨੂੰ ਚੇਤਾ ਭੁੱਲਣ ਦੀ ਬਿਮਾਰੀ ਨੇ ਆ ਦਬੋਚਿਆ।ਭਾਈਆ ਅੰਦਰੋਂ ਅੰਦਰੀ ਅੇਸਾ ਟੁੱਟਣਾ ਆਰੰਭ ਹੋਇਆ ਕਿ ਸ਼ਰਾਬ ਵਿੱਚ ਡੁੱਬਕੀਆਂ ਲਾਉਂਦਾ ਹੋਇਆ ‘ਡਿਮੈਂਨਸ਼ੀਆ’ ਦਾ ਸ਼ਿਕਾਰ ਹੋ ਗਿਆ। ਸਭ ਕੁਝ ਭੁੱਲਣਾ ਸ਼ੁਰੂ ਹੋ ਗਿਆ। ਹੁਣ ਮੁੜ ਕ੍ਰਿਸਮਿਸ ਦਾ ਮੌਕਾਸੀ। ਉਸਦਾ ਡਾਕਟਰ ਸ਼ੈਂਪੇਨ ਦੀ ਬੋਤਲ ਲੈ ਕੇ ਨਰਸਿੰਗ ਹੋਮ ਵਿੱਚ ਭਾਈਏ ਨੂੰ ਮਿਲਣ ਆਇਆ। ਉਸਨੇ ਭਾਈਏ ਹੱਥ ਬੋਤਲ ਫੜਾਈ ਤੇ ਕਿਹਾ: ਭਾਈਆ ‘ਸ਼ੈਪੂਨ’ ।

ਭਾਈਆ ਹੱਸ ਕੇ ਬੋਲਿਆ: ‘ਸ਼ੈਂਪੂਨ ਨਹੀਂ ਸ਼ੈਂਪੇਨ’।
(ਹੈਰਾਨੀ ਦੀ ਗੱਲ ਹੈ ਕਿ ਅੱਜ ਚੇਤਾ ਭੁੱਲਣ ਦੀ ਬਿਮਾਰੀ ਨਾਲ ਗ੍ਰਸਤ ਹੋਣ ਦੇ ਬਾਵਜੂਦ ਭਾਈਏ ਨੂੰ ਯਾਦਹੈ ਕਿ ਇਹ ਸ਼ੈਂਪੂਨ ਨਹੀਂ ਸ਼ੈਂਪੇਨ ਹੈ)
ਡਾ. ਸਿੰਘ ਫਿਰ ਪੁੱਛਦਾ ਹੈ: ‘ਇਹ ਬੋਤਲ ਤੂੰ ਮੈਂਨੂੰ ਕਿੱਥੇ ਦਿੱਤੀ ਸੀ?’
ਭਾਈਏ ਬਚਨ ਸਿੰਘ ਨੇ ਹੱਸ ਕੇ ਜਵਾਵ ਦਿੱਤਾ: ‘ਮੈਂਮੋਰੀ ਲੇਨ’ ‘ਚ।’

ਕਹਾਣੀਕਾਰ ਡਾ. ਸ਼ੇਰਗਿੱਲ ਜਾਣਦਾ ਹੈ ਕਿ ਉਹ ਰੀਪੋਰਟਰ ਨਹੀਂ ਅਤੇ ਨਾ ਹੀ ਫੋਟੋਗਰਾਫਰ ਹੀ। ਉਸਨੇ ਕਹਾਣੀ ਕਿਵੇਂ ਗੁੰਦਣੀ ਹੈ ਉਹ ਭਲੀਭਾਂਤਿ ਜਾਣਦਾ ਹੈ ਅਤੇ ਉਹ ਕਹਾਣੀ ਦਾ ਆਰੰਭ ਘਟਨਾਵਾਂ ਦੇ ਕ੍ਰਮ ਅਨੁਸਾਰ ਨਹੀਂ ਕਰਦਾ ਸਗੋਂ ‘ਮੈਮੋਰੀ ਲੇਨ’ ਵਿੱਚ ਰਹਿੰਦੇ ਅਤੇ ਹੱਡ ਬੀਤੀਆ ਸੁਨਾਉਣ ਵਾਲੇ ਭਾਈਆ ਬਚਨ ਸਿੰਘ ਵੱਲੋਂ ਹੋਮ ਵਿਜ਼ਿਟ ਲਈ ਸੱਦੇ ਡਾਕਟਰ ਨਾਲ ਕਰਦਾ ਹੈ। ਭਾਈਏ ਦਾ ਪਾਤਰ ਚਿਤਰਣ ਜਿੱਥੇ ਪਾਠਕਾਂ ਨੂੰ ਮੋਹ ਲੈਂਦਾ ਹੈ ਓਥੇ ਪਾਠਕਾਂ ਨੂੰ ਭਾਈਏ ਦੇ ਦੁੱਖਾਂ ਨੂੰ ਵੀ ਸਮਝਣ ਵਿੱਚ ਔਖ ਨਹੀਂ ਹੁੰਦੀ। ਦਰਅਸਲ ‘ਭਾਈਆ ਬਚਨ ਸਿੰਘ’  ਇੱਕ ਤਰ੍ਹਾਂ ਨਾਲ ਅਨਗਿਣਤ ਜਾਅਲੀ ਢੰਗ ਨਾਲ ਬਰਤਾਨੀਆ ਆਏ ਅਤੇ ਸਮਾਂ ਪਾਕੇ ਪੱਕੇ ਬਣੇ ਪਰਵਾਸੀਆਂ ਦੀ ਮੂੰਹ ਬੋਲਦੀ ਤਸਵੀਰ ਹੈ। ਇਹ ਕਹਾਣੀ ਬਹੁਤ ਹੀ ਲਜਵਾਬ ਹੈ ਜੋ ਭਾਈਏ ਰਾਹੀਂ ਪਰਵਾਸੀ ਦੀ ਪਰਵਾਰਕ ਟੁੱਟ-ਭੱਜ, ਧੁੱਰ ਅੰਦਰ ਦੀ ਹਲਚਲ ਅਤੇ ਖੇਰੂੰ ਖੇਰੂੰ ਹੁੰਦੀ ਮਾਨਸਿਕਤਾ ਨੂੰ ਬੜੀ ਸਫਲਤਾ ਨਾਲ ਉਜਾਗਰ ਕਰਦੀ ਹੈ।

ਇੰਝ ਹੀ ਅਸੀਂ ਪੜ੍ਹਦਿਆਂ ਵੇਖਦੇ ਹਾਂ ਕਿ ’ਮੈਮੋਰੀ ਲੇਨ ਦੀਆਂ ਬਾਕੀ ਕਹਾਣੀਆਂ ਦੀ ਗੋਂਦ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ ਹੈ ਅਤੇ ਕਹਾਣੀਆਂ ਦੇ ਵਿਸ਼ੇ ਵੀ ਵੱਖਰੇ ਵੱਖਰੇ ਲਏ ਗਏ ਹਨ।

ਇਸ ਸੰਗ੍ਰਹਿ ਦੀ ਦੂਜੀ ਕਹਾਣੀ ‘ਕਣਕ’ ਵੀ ਪੰਜਾਬ ਤੋਂ ਬਰਤਾਨੀਆ ਆਕੇ ਨੌਕਰੀ ਲੱਭਣ ਵਿੱਚ ਯਤਨਸ਼ੀਲ, ਪੜ੍ਹੇ-ਲਿਖੇ ਡਿਗਰੀ ਪਰਾਪਤ ਕੰਵਲ ਸਬੰਧੀ ਹੈ ਜਿਸਨੂੰ ਬਰਤਾਨੀਆ ਆਕੇ ਲੱਖ ਯਤਨ ਕਰਨ ‘ਤੇ ਵੀ ਨੌਕਰੀ ਨਹੀਂ ਲੱਭਦੀ ਅਤੇ ਜਦ ਫਿਰ ਉਹ ਇੱਕ ਭਾਈਬੰਦ ਦੀ ਸਹਾਇਤਾ ਨਾਲ ਕੰਮ ਕਰਨਾ ਅਰੰਭਦਾ ਹੈ ਤਾਂ ਉਹ ਕੰਮ ਵਿਚ ਇੰਨਾ ਲੀਨ ਹੋ ਜਾਂਦਾ ਹੈ ਕਿ ਆਪਣੀ ਸਿਹਤ ਦੀ ਕੋਈ ਪਰਵਾਹ ਨਹੀਂ ਕਰਦਾ ਅਤੇ ਨਾ ਹੀ ਕਣਕ ਵਿੱਚ ਮੌਜੂਦ ਇੱਕ ਤੱਤ ਗਲੂਟਨ ਕਰਕੇ ਸੀਲੀਅਕ ਬਿਮਾਰੀ ਦਾ ਮਰੀਜ਼ ਹੋਣਦੇ ਬਾਵਜੂਦ ਇਲਾਜ ਕਰਵਾਉਣ ਲਈ ਸਮਾਂ ਹੀ ਕੱਢਦਾ ਹੈ। ਅੰਤ ਲਿੰਫੋਮਾ ਨਾਂ ਦੇ ਕੈਂਸਰ ਕਾਰਨ ਇੱਕ ਦਿਨ ਸੁੱਤਾ ਹੀ ਰਹਿ ਜਾਂਦਾ ਹੈ। ਟੇਬਲ ਤੇ ਪਈ ਕਣਕ ਦੀ ਰੋਟੀ ਤੇ ਬੀਆਰ ਦੇ ਖਾਲੀ ਡੱਬੇ ਉਸਨੂੰ ਘੂਰ ਰਹੇ ਹੁੰਦੇ ਹਨ। ਆਰਥਿਕਤਾ ਸੁਧਾਰਨ ਦਾ ਚੱਕਰ ਉਸਨੂੰ ਲੈ ਡੁੱਬਦਾ ਹੈ। ਪਰਵਾਸੀਆਂ ਦੇ ਜੀਵਨ ਵਿਚ ਬਹੁਤੀ ਵਾਰ ਅਜਿਹਾ ਚੱਕਰ ਆਮ ਵੇਖਣ ਨੂੰ ਮਿਲ ਜਾਂਦਾ ਹੈ।

ਤੀਜੀ ਕਹਾਣੀ ‘ਆਸਤਿਕ, ਨਾਸਤਿਕ’ ਡਾਕਟਰ ਦੇ ਆਪਣੇ ਦਿਲ ਦੀ ਚੀਰ-ਫਾੜ (ਸਰਜਰੀ) ਦੀ ਕਹਾਣੀ ਪੇਸ਼ ਕਰਦੀ ਹੈ। ਡਾਕਟਰ ਖੁੱਦ ਦਿਲ ਦੇ ਰੋਗਾਂ ਦਾ ਮਾਹਰ ਹੈ, ਸਰਜਰੀ ਸਬੰਧੀ ਸਭ ਕੁਝ ਜਾਣਦਾ ਹੈ ਪਰ ਡਾਕਟਰ ਹੈ ਤਾਂ ਕੀ ਹੋਇਆ? ਹੈ ਤਾਂ ਆਖਿ਼ਰ ਇਨਸਾਨ ਹੀ। ਜਦੋਂ ਉਹ ਖੁੱਦ ਦਿਲ ਦਾ ਮਰੀਜ਼ ਬਣਦਾ ਹੈ ਤਾਂ ਉਹ ਇਕ ਆਮ ਮਰੀਜ਼ ਵਾਂਗ ਹੀ ਚਿੰਤਤ ਹੁੰਦਾ ਹੈ। ਹੋਣੀ ਤੋਂ ਡਰਦਾ ਹੈ। ਉਸਨੂੰ ਵੀ ਆਮ ਬੰਦੇ ਵਾਂਗ ਹੀ ਘਬਰਾਹਟ ਹੁੰਦੀ ਹੈ ਕਿ ਕੋਈ ‘ਕੰਪਲੀਕੇਸ਼ਨ’ ਨਾ ਹੋ ਜਾਵੇ। ਭਰੋਸੇ ਅਤੇ ਨਾਸਤਿਕਤਾ ਸਬੰਧੀ ਦਵੰਦ ਦਾਚੱਕਰ ਚੱਲਦਾ ਹੈ। ਨਾਲ ਦੇ ਮਰੀਜ਼ ‘ਅੱਲਾ, ਵਾਹਿਗੁਰੂ, ਭਗਵਾਨ ਜਾਂ ਜੀਸਸ ਭਲੀ ਕਰੇਗਾ’ ਦੀਆਂ ਸ਼ੁੱਭ ਇਛਾਵਾਂ ਦਿੰਦੇ ਹਨ। ਡਾਕਟਰ ਮੌਰਫੀਨ ਦੇ ਇੰਜੈਕਸ਼ਨ ਦੇ ਅਸਰ ਹੇਠ ਜਦੋਂ ਜੀਸਸ ਨੂੰ ਵੇਖਦਾ ਹੈ ਤਾਂ ਦੁਬਿਧਾ ਹੋਰ ਵੀ ਵੱਧ ਜਾਂਦੀ ਹੈ। ਕਹਾਣੀਕਾਰ ਇਸ ਵਰਤਾਰੇ ਰਾਹੀਂ, ਡਾਕਟਰ ਦੇ ਆਸਤਿਕ-ਨਾਸਤਿਕ ਸੰਘਰਸ਼ ਨੂੰ ਦਿਮਾਗ਼ੀ ਪੱਧਰ ਤੇ ਸਾਵਾਂ ਤੋਲਣ ਵਿੱਚ ਸਫ਼ਲ ਰਿਹਾ ਹੈ। ਸੈਮ ਨੂੰ ਡਾਕਟਰ ਹੋਣ ਦੇ ਨਾਤੇ ਪਤਾ ਸੀ ਕਿ ਉਸ (ਆਪਰੇਸ਼ਨ ਕਰਵਾ ਰਹੇ ਮਰੀਜ਼ ਡਾਕਟਰ) ਦਾ ਜੀਸਸ ਨੂੰ ਦੇਖਣਾ ਇੱਕ ਹੈਲੂਸੀਲੀਏਸ਼ਨ ਸੀ, ਜਿਸਦਾ ਮਤਲਬ ਐਸੀ ਚੀਜ਼ ਦਾ ਦਿਸਣਾ ਜੋ ਅਸਲੀ ਨਹੀਂ ਹੁੰਦੀ। ਇਹ ਤਜ਼ਰੁਬਾ ਬਾਈਪਾਸ ਅਪਰੇਸ਼ਨ ਤੇ ਮੌਰਫੀਨ ਨਾਲ ਹੋ ਸਕਦਾ ਸੀ।

‘ਇੰਫਿਨਿਟੀ’ ਇਸ ਸੰਗ੍ਰਿਹ ਦੀ ਚੌਥੀ ਕਹਾਣੀ ਹੈ ਜਿਸ ਵਿੱਚ ਦੋ ਵੱਖ ਵੱਖ ਦੇਸ਼ਾਂ ਦੇ ਦੋ ਜਵਾਨ, ਮਾਈਕ ਤੇ ਵਿਕਾਸ,  ਪਰਬਤ ਦੇ ਸਿੱਖਰ ਉੱਪਰ ਆਪਣੇ ਆਪਣੇ ਦੇਸ਼ ਦੇ ਝੰਡੇ ਲਹਿਰਾਉਣਾ ਚਾਹੁੰਦੇ ਸਨ। ਪਰ ਦੋਵੇਂ ਹੀ ਕੋਸ਼ਿਸ਼ਾਂ ਦੇ ਬਾਵਜ਼ੂਦ ਅਸਫਲ ਹੋ ਜਾਂਦੇ ਹਨ। ‘ਮਾਈਕ ਨੂੰ ਇਸ ਮਿਸ਼ਨ ਤੇ ਜਾਂਦਿਆਂ ਵਿਕਾਸ ਨਾਲ ਅੰਦਰੋ ਅੰਦਰੀ ‘ਨਸਲੀ ਵਿਤਕਰਾ’ ਸੀ ਤੇ ਵਿਕਾਸ ਨੂੰ ਇਸਦਾ ਅੰਦਰੋ ਅੰਦਰੀ ਅਹਿਸਾਸ ਵੀ ਸੀ। ਪਰ ਦੂਜੇ ਦਿਨ ਪੌੜੀ ਸਮੇਤ ਵਿਕਾਸ ਪਹਾੜ ਤੋਂ ਡਿੱਗ ਕੇ ਸਿੱਧਾ ਖਾਈ ਵਿੱਚ ਡਿੱਗ ਪੈਂਦਾ ਹੈ। ਮਾਈਕ ਨੂੰ ਕੋਈ ਬਹੁਤਾ ਅਫਸੋਸ ਨਹੀਂ ਹੁੰਦਾ। ਉਹ ਭਾਵੇਂ ਆਪਣੀ ਸੋਚ ਅਨੁਸਾਰ ਇੰਫਿਨਟੀ ਪਰਬਤ ਉੱਪਰ ਝੰਡਾ ਗੱਡ ਵੀ ਲੈਂਦਾ ਹੈ ਪਰ ਫਿਰ ਵੇਖਦਾ ਹੈ ਕਿ ‘ਇੰਫਿਨਿਟੀ’ ਪਰਬਤ ਤਾਂ ਹਾਲਾਂ ਹੋਰ ਵੀ ਦੂਰ ਹੈ। ਦੁੱਖ ਅਤੇ ਮੌਸਮ ਦੀ ਖਰਾਬੀ ਸਦਕਾ ਉਹ ਵੀ ਜਿਉੰਦਾ ਵਾਪਸ ਨਹੀਂ ਮੁੜਦਾ। ਮੁੜਦੀਆਂ ਹਨ ਤਾਂ ਦੋਹਾਂ ਦੀਆਂ ਲਾਸ਼ਾਂ ਅਤੇ ਪਾਠਕ ਠੰਠਬਰ ਜਾਂਦਾ ਹੈ। ਇਸ ਕਹਾਣੀ ਰਾਹੀਂ ਲੇਖਕ ਇਹ ਦਸਣ ਵਿਚ ਸਫਲ ਰਿਹਾ ਹੈ ਕਿ ਮਨੁੱਖ ਦੀ ਮਨੋ ਸਥਿਤੀ ਸਦਾ ਹੀ ਕੁਝ ਪਾਉਣ ਦੀ ਹੈ ਅਤੇ ਇਸਦਾ ਕੋਈ ਅੰਤ ਨਹੀਂ। ਮਨੁੱਖ ਦੀ ਸੋਚ ਉਸ ਨੂੰ ਕਿਤੇ ਦਾ ਕਿਤੇ ਪਹੁੰਚਾ ਦਿੰਦੀ ਹੈ ਅਤੇ ਅਕਸਰ ਮਨੁੱਖ ਨੂੰ ਸਵਾਰਥੀ ਵੀ ਬਣਾ ਦੇਂਦੀ ਹੈ ਪਰ ਕੁਦਰਤ ਜਿੱਤ ਤਾਂ ਸਿਰਫ਼ ਸਦਾ ਅਦਿੱਸਦੇ ਦੀ ਕਰਦੀ ਹੈ।

ਪੰਜਵੀਂ ਕਹਾਣੀ ‘ਕਲੇਅਰਵੋਐਂਸ’ ਮਨੋਵਿਗਿਆਨ ਅਤੇ ਪੈਰਾ-ਮਨੋਵਿਗਿਆਨ ਨੂੰ ਦਰਸਾਉਂਦੀ ਅਲੌਕਿਕ ਕੌਤਕ ਭਰੀ ਕਹਾਣੀ ਹੈ। ਕਹਾਣੀ ਦੀ ਨਾਇਕਾ ‘ਕਲੇਅਰ’ ਪਾਸ ਮਨ-ਦਿਮਾਗ਼ ਨੂੰ ਪੜ੍ਹਨ ਦੀ ਅਲੌਕਿਕ ਮਾਨਸਿਕ ਸ਼ਕਤੀ ਅਤੇ ਵਿਸ਼ੇਸ਼ਤਾ ਹੈ। ਉਹ ਇਸ ਪੈਰਾ-ਮਨੋਵਿਗਿਆਨਿਕ ਸ਼ਕਤੀ ਦੁਆਰਾ ਕਿਸੇ ਦਾ ਵੀਭੂਤ, ਭਵਿੱਖ ਅਤੇ ਵਰਤਮਾਨ ਵਿੱਚ ਵਾਪਰਨ ਵਾਲਾ ਜਾਂ ਵਾਪਰ ਚੁੱਕਿਆ ਦੱਸ ਸਕਦੀ ਹੈ। ਕਹਾਣੀਕਾਰ ਡਾ. ਸ਼ੇਰਗਿੱਲ ਅਜਿਹੀ ਸ਼ਕਤੀ ਰੱਖਣ ਵਾਲੀ ਕਲੇਅਰ ਸਬੰਧੀ ਕਹਾਣੀ ਸਿਰਜਦਾ ਹੈ। ਵਿਗਿਆਨ ਪੱਖੀ ਡਾਕਟਰ ‘ਕਲੇਅਰ’ ਨੂੰ ਪਾਗਲ ਸਮਝਦਿਆਂ ‘ਸਾਈਕੈਟਰਸਟ’ (ਮਨੋਵਿਗਿਆਨਿਕ ਡਾਕਟਰਾਂ) ਪਾਸ ਪਹੁੰਚਾ ਦਿੰਦੇ ਹਨ ਤਾਂ ਜੋ ਉਸਦੀ ਦਿਮਾਗੀ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕੇ। ਪਰ ‘ਕਲੇਅਰ’ ਬਜ਼ਿੱਦ ਹੈ ਕਿ ਉਹ ਆਪਣੀ ਤੀਜੀ ਅੱਖ ਨਾਲ ਸਭ ਕੁਝ ਵੇਖ ਪਾ ਰਹੀ ਹੈ। ਪਰ ਮਨੋਵਿਗਿਆਨੀ ਡਾਕਟਰਵੱਲੋਂ ਉਸਨੂੰ ‘ਸਾਈਜ਼ੋਫਰਨੀਆ’ ਦਾ ਰੋਗੀ ਘੋਸ਼ਿਤ ਕਰਕੇ ਮਾਨਸਿਕ ਬਿਮਾਰੀ ਦੀਆਂ ਦਵਾਈਆਂ ਆਰੰਭੀਆਂ ਜਾਂਦੀਆ ਹਨ। ‘ਕਲੇਅਰ’ ਮਨੋਵਿਗਿਆਨਿਕ ਡਾਕਟਰਾਂ ਨੂੰ ਚੁਨੌਤੀ ਦੇਂਦੀ ਹੈ ਅਤੇ ਕਾਨੂੰਨੀ ਮਾਹਿਰਾਂ ਦੀ ਸਲਾਹ ਨਾਲ ‘ਮੈਂਟਲ ਟ੍ਰਾਈਬੀਊਨਲ’ ਪਾਸ ਅਪੀਲ ਕਰਦੀ ਹੈ। ਪੈਨਲ ਨੂੰ ਮੰਨਣਾ ਪੈਂਦਾ ਹੈ ਕਿ ਭਾਵੇਂ ‘ਕਲੇਅਰ’ ਵੱਲੋਂ ਪੇਸ਼ ਕੀਤੀਆਂ ਗਈਆਂ ਅਲੌਕਿਕ ਅਤੇ ਮਾਨਸਿਕ ਯੋਗਤਾਵਾਂ ਸਬੰਧੀ ਕੋਈ ਵਿਗਿਆਨਿਕ ਠੋਸ ਸਬੂਤ ਪੇਸ਼ ਨਹੀਂ ਕੀਤਾ ਜਾ ਸਕਦਾ ਪਰ ਸੰਸਾਰ ਦਾ ਵਿਗਿਆਨਿਕ ਭਾਈਚਾਰਾ ‘ਪੈਰਾ-ਸਾਈਕੌਲਿਜੀ’ ਨੂੰ ਤਾਂ ਮੰਨਦਾ ਹੈ। ਕਈ ਵਿਗਿਆਨੀਆਂ ਦੀਆਂ ਖੋਜਾਂ ਦੇ ਯੋਗ ਨਤੀਜੇ ਭਰੋਸੇ ਯੋਗ ਹਨ ਕਿ‘ਕਲੇਅਰਵੌਇੰਸ’ ਦੀ ਯੋਗਤਾ ਲਗਭਗ ਚਾਲੀ ਪ੍ਰਤੀਸ਼ਤ ਲੋਕਾਂ ਵਿੱਚ ਹੁੰਦੀ ਹੈ ਜਿਸ ਵਿੱਚ ਕਲੇਅਰ ਵੀ ਸ਼ਾਮਲ ਹੈ। ‘ਕਲੇਅਰ’ ਮੈਂਟਲ (ਦਿਮਾਗ਼ੀ) ਹਸਪਤਾਲ ਤੋਂ ਬਾਹਰ ਆ ਜਾਂਦੀ ਹੈ। ਹੁਣ ਸੋਸ਼ਲ ਵਰਕਰਜ਼ ਨੇ ਉਸਦੇ ਬੱਚਿਆਂ ਨੂੰ ਵੀ ਉਸਦੀ ਦੇਖ-ਰੇਖ ਵਿੱਚ ਦੇ ਦਿੱਤਾ। ਅੰਤ ਉਹ ਆਪਣੇ ਡਾਕਟਰ ਦਾ ਧੰਨਵਾਦ ਕਰਨ ਲਈ ਸੋਹਣੇ ਕਾਗ਼ਜਾਂ ਵਿਚ ਲਪੇਟੀ ‘ਗਿਫ਼ਟ’ ਲਿਆਉਂਦੀ ਹੈ। ਡਾਕਟਰ ਗਿਫ਼ਟ ਖੋਲ੍ਹਦਾ ਹੈ ਤਾਂ ਉਸ ਵਿੱਚੋਂ ਇੱਕ ਵੱਧੀਆ ਕਿਤਾਬ ਨਿਕਲਦੀ ਹੈ ਜਿਸਦਾ ਟਾਈਟਲ ਹੁੰਦਾ ਹੈ: ‘ਕਲੇਅਰਵੋਐਸ’ ਲੇਖਕ: ਕਲੇਅਰ ਪਾਰਜੀਵਲਾ। ਕਿਤਾਬ ਖੁਲ੍ਹਣ ‘ਤੇ ਵਿੱਚੋਂ ਇੱਕ ਪਰਚੀ ਨਿਕਲਦੀ ਹੈ ਜਿਸ ਉੱਪਰ ਲਿਖਿਆ ਹੁੰਦਾ ਹੈ: ‘ਡਾਕਟਰ ਮੈਂ ਤੇਰੇ ਬਾਰੇ ਵੀ ਸਭ ਕੁਝ ਜਾਣਦੀ ਹਾਂ।’ ਇਹ ਕਹਾਣੀ ਪੜ੍ਹਦਿਆਂ ਪਾਠਕ ਦੀ ਉਤਸੁਕਤਾ ਤਾਂ ਬਰਕਰਾਰ ਰਹਿੰਦੀ ਹੀ ਹੈ ਪਰ ਨਾਲ ਹੀ ਵਿਗਿਆਨਿਕ ਵਿਚਾਰ ਅਤੇ ਪੈਰਾ-ਵਿਗਿਆਨਿਕ ਸੋਚ ਸਬੰਧੀ, ਨਵੀਂ ਜਾਣਕਾਰੀ ਵੀ ਹਾਸਲ ਹੁੰਦੀ ਹੈ।

ਇਸ ਸੰਗ੍ਰਹਿ ਦੀ ਛੇਵੀਂ ਸੰਕੇਤਕ ਕਹਾਣੀ ‘ਟ੍ਰਿਕ ਟ੍ਰੀਟ’ ਇਕਲਾਪਾ ਭੋਗਦੇ ਡਾਕਟਰ ਇਕਬਾਲ ਸਿੰਘ ਦੀ ਹੈ। ਉਹ ਪਤਨੀ ਸ਼ਰੀਨਾ ਦੀ ਮੌਤ ਪੱਛੋਂ ਰੀਟਾਇਰਡ ਹੋ ਕੇ ਉੱਮਰ ਭਰ ਦੀ ਟੁੱਟ-ਭੱਜ ਤੋਂ ਬਾਅਦ ਜਦੋਂ ਬੁਢਾਪੇ ਅਤੇ ਇਕੱਲਤਾ ਦਾ ਜੀਵਨ ਜੀਉਣ ਲਈ ਮਜ਼ਬੂਰ ਹੁੰਦਾ ਹੈ ਤਾਂ ਉਸਦੇ ਧੁੱਰ ਅੰਦਰ ਕੀ ਕੁਝ ਵਾਪਰ ਰਿਹਾ ਹੁੰਦਾ ਹੈ ਉਸਦੀ ਸੁੱਧ-ਬੁੱਧ ਤਾਂ ਉਸਨੂੰ ਖੁੱਦ ਵੀ ਨਹੀਂ ਹੁੰਦੀ। ਕਹਾਣੀਕਾਰ ਕਹਾਣੀ ਦਾ ਆਰੰਭ ਅਤੇ ਅੰਤ ‘ਹੈਲੋਵੀਨ’ ਦੇ ਤਿਉਹਾਰ ਨਾਲ ਹੀ ਕਰਦਾ ਹੈ। ਚੇਤੇ ਦੀ ਚੰਗੇਰ ‘ਚੋਂ—ਪਤਨੀ ਸ਼ਰੀਨ ਦੇ ਜਿਉਂਦਿਆਂ ਦੋ ਗੋਰੇ ਬੱਚੇ ਲੋਹੜੀ ਵਾਂਗ ਹੀ ‘ਟ੍ਰਿਕ-ਟ੍ਰੀਟ’ ਮੰਗਦੇ ਘਰੇ ਆਉਂਦੇ ਹਨ। ਡਾਕਟਰ ਪੰਜਾਂ ਦਾ ਨੋਟ ਦੇ ਕੇ ਬੱਚਿਆਂ ਨੂੰ ਖੁਸ਼  ਕਰ ਦਿੰਦਾ ਹੈ। ਪਤਨੀ ਸ਼ਰੀਨਾ ਮਾਂ ਨਹੀਂ ਸੀ ਬਣ ਸਕਦੀ ਇਸ ਲਈ ਉਸਨੂੰ ਦੋਹਾਂ ਬੱਚਿਆਂ ਨਾਲ ਪਿਆਰ-ਹਮਦਰਦੀ ਜਿਹੀ ਹੋ ਜਾਂਦੀ ਹੈ। ਸਮਾਂ ਆਪਣੀ ਤੋਰੇ ਚੱਲਦਾ ਜਾ ਰਿਹਾ ਹੈ। ਦਸ ਕੁ ਸਾਲ ਦਾ ਮੁੰਡਾ ‘ਜੈਕ’, ਬਾਰਾਂ ਕੁ ਸਾਲਾਂ ਦੀ ‘ਹੈਨਾ’ ਆਪਣੀ ਮਾਂ ਕੈਥਰੀਨ ਨਾਲ ਰਹਿੰਦੇ, ਆਪਣਾ ਦੁੱਖ-ਦਰਦ ਸਹਿੰਦੇ, ਗੋਰੇ ਟਰਕ ਡਰਾਈਵਰ ਦੀਆਂ ਵਧੀਕੀਆ ਜਰਦੇ, ਦੁੱਖਾਂ-ਦਰਦਾਂ ਭਰਿਆ ਜੀਵਨ ਬਤੀਤ ਕਰ ਰਹੇ ਹਨ। ਕਈ ਸਾਲਾਂ ਬਾਅਦ, ਇਕਲਾਪੇ ਅਤੇ ਗੁੰਮਨਾਮੀ ਦਾ ਜੀਵਨ ਬਿਤਾਂਦਿਆ ਜਦੋਂ ਡਾ. ਇਕਬਾਲ ਸਿੰਘ ਨੂੰ ਇਹ ਦੋਵੇਂ ਬੱਚੇ ਵੱਡੇ ਹੋਏ ਮਿਲੇ ਤਾਂ ਉਸਦਾ ਚਿਹਰਾ ਖਿੜ ਉੱਠਿਆ। ਉਸਨੂੰ ਸ਼ਰੀਨਾ ਦੀ ਬਹੁਤ ਯਾਦ ਆਈ। ਉਸਦੀਆਂ ਅੱਖਾਂ ਡੁਲ੍ਹਣ ਹੀ ਵਾਲੀਆਂ ਸਨ ਕਿ ਹੈਲੋਵੀਨ ਦੀ ਸ਼ਾਮ ਨੂੰ ਦੋ ਨਿੱਕੇ ਬੱਚੇ ਉਸਨੂੰ ਆ ਲਿਪਟੇ ਅਤੇ ਉਹਨਾਂ ਆਪਣੇ ਮਾਂ-ਪਿਉ ਦੇ ਹੱਥ ਡਾਕਟਰ ਦੇ ਹੱਥਾਂ ਵਿੱਚ ਫੜਾ ਦਿੱਤੇ। ਜੈਕ ਤੇ ਹੈਨਾ ਨੇ ਕਿਹਾ: ਡੈੱਡ ਇਸ ਵਾਰੀ ਟ੍ਰਿਕ ਵੀ ਤੇ ਟ੍ਰੀਟ ਵੀ। ਇਹ ਕਹਾਣੀ ਦੋ ਸਭਿਆਚਾਰਾਂ ਵਿਚਕਾਰ ਇੱਕ ਪਿਆਰ ਸਾਂਝ ਦਾ ਪ੍ਰਗਟਾਵਾ ਹੈ। ਇਹ ਕਹਾਣੀ ਦਸਦੀ ਹੈ ਕਿ ਖ਼ੂਨ ਦੇ ਰਿਸ਼ਤੇ ਦੇ ਨਾਲ ਨਾਲ ਮੋਹ-ਪਿਆਰ ਦਾ ਰਿਸ਼ਤਾ ਵੀ ਸੁੱਖਾਂ ਭਰਿਆ ਹੋ ਸਕਦਾ ਹੈ।

ਸਤਵੀਂ ਕਹਾਣੀ ਦਾ ਸਬੰਧ ਇੱਕ ਗ਼ੈਰ-ਕਾਨੂਨੀ ਇਮੀਗਰੈਂਟ (ਆਵਾਸੀ) ਦੇ ਘਰ ਪੈਦਾ ਹੋਏ ਰਫ਼ੀਕ ਨਾਲ ਹੈ। ਇਹ ਕਹਾਣੀ ਬਹੁਤ ਹੀ ਮਾਰਮਿਕ ਹੈ, ਦਿਲ ਦਹਿਲਾਉਣ ਵਾਲੀ ਅਤੇ ਦੁਖਾਂਤਿਕ ਹੈ। ਰਫ਼ੀਕ ਦੀ ਮਾਂ ਚੰਡੀਗੜ੍ਹ ਤੋਂ ਆਈ ਜਸਵਿੰਦਰ ਸੀ। ਇਸ ਕਹਾਣੀ ਰਾਹੀਂ ਕਹਾਣੀਕਾਰ ਇਹ ਦੱਸਣ ਵਿੱਚ ਸਫ਼ਲ ਰਿਹਾ ਹੈ ਕਿ ਕਿਵੇਂ ਏਜੰਟ ਬਾਹਰਲੇ ਮੁਲਕਾਂ ਤੋਂ ਜਾਅਲੀ ਢੰਗ ਨਾਲ ਲੋਕਾਂ ਨੂੰ ਬਰਤਾਨੀਆ ਲਿਆਉਂਦੇ ਹਨ ਅਤੇ ਫਿਰ ਉਹਨਾਂ ਨੂੰ ਵੱਖ ਵੱਖ ਤਰ੍ਹਾਂ ਨਾਲ ਪੀੜਤ ਕਰਦੇ ਹਨ।

ਸਾਈਦ ਖ਼ਾਨ, ਗ਼ੈਰ-ਕਾਨੂਨੀ ਢੰਗ ਨਾਲ ਜਾਅਲੀ ਤੌਰ ਤੇ ਲੋਕਾਂ ਨੂੰ ਬਰਤਾਨੀਆ ਵਿੱਚ ਲਿਆਉਣ ਵਾਲੇ ਗ੍ਰੋਹ ਦਾ ਮੁੱਖੀ ਸੀ। ਉਸ ਪਾਸ ਬਰਤਾਨੀਆ ਵਿੱਚ ਪੱਕੇ ਤੌਰ ਤੇ ਰਹਿਣ ਦੀ ਆਗਿਆ ਸੀ। ਜਸਵਿੰਦਰ ਨੂੰ ਵਾਪਸ ਪੰਜਾਬ ਭੇਜਣ ਦਾ ਡਰਾਵਾ ਦੇ ਕੇ ਸਾਈਦ ਖਾਨ ਨੇ ਉਸ ਨਾਲ ਜਬਰਦਸਤੀ ਵਿਆਹ ਕਰਵਾ ਲਿਆ ਸੀ। ਇੱਕ ਤਰ੍ਹਾਂ ਨਾਲ ਇਸ ਵਿੱਚ ਜੈਸੀ ਦਾ ਹੀ ਭਲਾ ਸੀ ਕਿਉਂ ਜੁ ਸਾਈਦ ਨਾਲ ਵਿਆਹ ਕਰਵਾ ਕੇ ਉਹ ਬਰਤਾਨੀਆ ਵਿੱਚ ਰਹਿਣ ਲਈ ਪੱਕੀ ਹੋ ਸਕਦੀ ਸੀ। ਉਹ ਪੱਕੀ ਹੋ ਵੀ ਗਈ। ਉਸਨੇ ਸਾਈਦ ਤੋਂ ਗਰਭਵਤੀ ਹੋਣ ਮਗਰੋਂ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਪੁੱਤਰ ਦਾ ਨਾਮ ਰਫ਼ੀਕ ਰੱਖਿਆ ਪਰ ਸਾਈਦ ਦਾ ਕਹਿਣਾ ਸੀ ਕਿ ਇਹ ਮੇਰਾ ਪੁੱਤਰ ਨਹੀਂ ਤੇਰੇ ਕਿਸੇ ਪ੍ਰੇਮੀ ਦਾ ਪੁੱਤਰ ਹੈ। ਅੰਤ ਜਸਵਿੰਦਰ ਇਸ ਬੱਚੇ ਨੂੰ ਸਵੇਰੇ ਸਵੇਰੇ ਬੱਘੀ ਵਿੱਚ ਪਾਕੇ ਸੋਸ਼ਲ ਸਰਵਸਿਜ਼ ਦੇ ਦਫ਼ਤਰ ਦੇ ਦਰਵਾਜੇ ਲਾਗੇ ਛੱਡ ਆਈ ਅਤੇ ਆਪ ਲੰਡਨ ਵਿੱਚ ਕਿਧਰੇ ਆਲਪੋ ਹੋ ਗਈ। ਇਹ ਬੱਚਾ ਰਫੀਕ ਫੌਸਟਰ ਕੇਅਰ ਲਈ ਕਿਸੇ ਅੰਗਰੇਜ਼ ਜੋੜੇ ਪਾਸ ਪੁੱਜਦਾ ਹੈ ਅਤੇ ਇੱਥੇ ਰਹਿੰਦਿਆਂ ਉਦਾਸੀ ਦਾ ਸ਼ਿਕਾਰ ਹੋ ਜਾਂਦਾ ਹੈ। ਸਕੂਲ ਦੀ ਉਮਰ ਹੋਣ ਮਗਰੋਂ ਸਕੂਲ ਵਿੱਚ ਭੰਨ ਤੋੜ ਆਰੰਭ ਕਰ ਦਿੰਦਾ ਹੈ ਅਤੇ ਪੜ੍ਹਾਈ ਵਿੱਚ ਵੀ ਬਿਲਕੁਲ ਵੀ ਧਿਆਨ ਨਹੀਂ ਦਿੰਦਾ।‘ਅਟੈਨਸ਼ਨ ਡੈਫਿਸ਼ਿਆਨਸੀ ਤੇ ਹਾਈਪਰੋ ਐਕਟਿਵ ਡਿਸਆਰਡਰ’ ਦਾ ਸ਼ਿਕਾਰ ਹੋ ਜਾਂਦਾ ਹੈ। ਮਾਪਿਆਂ(ਸਾਈਦ ਅਤੇ ਜਸਵਿੰਦਰ) ਦੀ ਬੇਮੁੱਖਤਾ ਅਤੇ ਪਿਆਰ ਤੋਂ ਵਾਂਝਿਆਂ ਹੋਣ ਕਾਰਨ ਰਫ਼ੀਕ ਡਰੱਗੀ ਬਣ ਜਾਂਦਾ ਹੈ ਅਤੇ ਅੰਤ ਬੇਘਰਾ ਹੋਕੇ ਅੰਡਰਗਰਾਊਂਡ ਸਟੇਸ਼ਨ ਦੇ ਬਾਹਰ ਕਾਰਡ ਬੋਰਡ ਅਤੇ ਸਲੀਪਿੰਗ ਬੈਗ ਵਿੱਚ ਬਹਿ ਕੇ ਆਉਂਦੀਆਂ ਜਾਂਦੀਆਂ ਸਵਾਰੀਆਂ ਸਾਹਮਣੇ ਆਪਣੀ ਰੱਖੀ ਹੋਈ ਕਟੋਰੀ ਵਿੱਚ ਪੈਂਦੇ ਪੈਸਿਆਂ ਰਾਹੀ ਗੁਜ਼ਾਰਾ ਕਰਦਾ ਹੈ। ਡਰੱਗ ਖਾਂਦਾ ਹੈ। ਸ਼ਰਾਬ ਪੀਂਦਾ ਹੈ। ਜਸਵਿੰਦਰ ਨਾਲ ਵੀ ਘੱਟ ਨਹੀਂ ਹੁੰਦੀ। ਸਈਦ ਇਟਲੀ ਪੁੱਜਣ ‘ਤੇ ਜਸਵਿੰਦਰ ਦੇ ਪਾਸਪੋਰਟ ਤੋਂ ਬਰਤਾਨੀਆ ਵਿੱਚ ਪੱਕੇ ਤੌਰ ਤੇ ਰਹਿਣ ਦੇ ਕਾਗ਼ਜ਼ਾਤ ਪਾੜ ਦਿੰਦਾ ਹੈ ਤੇ ਜਸਵਿੰਦਰ ਨੂੰ ਇਟਲੀ ਤੋਂ ਮੁੜ ਭਾਰਤ ਪੁੱਜਣਾ ਪੈਂਦਾ ਹੈ। ਜਸਵਿੰਦਰ ਬਰਤਾਨਵੀ ਸਫਾਰਤਖਾਨੇ ਪੁੱਜਕੇ ਆਪਣੇ ਪਾਸਪੋਰਟ ਸਬੰਧੀ ਸਾਰੀ ਗਲਬਾਤ ਖੋਲ੍ਹਦੀ ਹੈ ਅਤੇ ਪੂਰੀ ਜਾਂਚ ਹੋਣ ਉਪਰੰਤ ਉਸਨੂੰ ਬਰਤਾਨੀਆ ਜਾਣ ਦੀ ਆਗਿਆ ਮਿਲ ਜਾਂਦੀ ਹੈ। ਜਸਵਿੰਦਰ (ਜੈਸੀ) ਬਰਤਾਨੀਆਆ ਕੇ ਮੁੜ ਪਹਿਲਾਂ ਵਾਲਾ ਜਾਅਲੀ ਬੰਦਿਆਂ ਦੀ ਢੋਆ-ਢਿਆਈ ਦਾ ਕਾਰਜ ਆਰੰਭ ਦਿੰਦੀ ਹੈ ਪਰ ਹੁਣ ਗ਼ੈਰ-ਕਾਨੂੰਨੀ/ਜਾਅਲੀ ਤੌਰ ‘ਤੇ ਲੋਕਾਂ ਨੂੰ ਲਿਆਉਣ ਵਾਲੇ ਗਰੋਹਾਂ ਦਾ ਪਤਾ ਲੱਗ ਜਾਣ ਕਾਰਨ ਪੁਲਸ ਹਰਕਤ ਵਿੱਚ ਆ ਜਾਂਦੀ ਹੈ ਜਿਸ ਕਾਰਨ ਜਸਵਿੰਦਰ ਨੂੰ ਵੀ ਨੱਸਣਾ ਪੈਂਦਾ ਹੈ ਅਤੇ ਉਹ ਉਸੇ ਸਟੇਸ਼ਨ ਦੇ ਬਾਹਰ ਪੁੱਜਦੀ ਹੈ ਜਿੱਥੇ ਉਸਦਾ ਪੁੱਤਰ ਰਫ਼ੀਕ ਸੁੱਤਾ ਪਿਆ ਹੁੰਦਾ ਹੈ। ਉਹ ਲੁੱਕਣ ਲਈ ਆਸਰਾ ਲੱਭਦੀ ਰਫੀਕ ਦੇ ਸਲੀਪਿੰਗ ਬੈੱਗ ਵਿੱਚ ਹੀ ਲੁੱਕ ਜਾਂਦੀ ਹੈ। ਪੁਲਸ ਅਗ੍ਹਾਂ ਲੰਘ ਜਾਂਦੀ ਹੈ। ਰਫ਼ੀਕ ਦੀ ਨਜ਼ਰ ਜੱਸੀ ਦੇ ਹੱਥ ਦੇ ਪੁੱਠੇ ਪਾਸੇ ਪੈਂਦੀ ਹੈ ਜਿੱਥੇ ਲਿਖਿਆ ਹੁੰਦਾ ਹੈ: ਜੱਸੀ। ਬੜਾ ਹੀ ਦਰਦ ਭਰਿਆ ਸਮਾਂ ਹੈ ਜੱਦ ਰਫ਼ੀਕ ਆਪਣੀ ਮਾਂ ਨੂੰ ਪਹਿਚਾਣ ਕੇ ‘ਮਮ’ ਕਹਿੰਦਾ ਹੈ ਅਤੇ ਜੱਸੀ ਪੁੱਛਦੀ ਹੈ: ਰਫ਼ੀਕ। ‘ਹਾਂ ਮੰਮ ਰਫ਼ੀਕ, ਤੇਰਾ ਪੁੱਤਰ ਰਫ਼ੀਕ।’ ਦੋਹਾਂ ਘੁੱਟ ਕੇ ਜਫ਼ੀ ਪਾਈ, ਮਾਂ ਨੇ ਆਪਣੇ ਪੁੱਤਰ ਦਾ ਮੱਥਾ ਕਈ ਵਾਰ ਚੁੰਮਿਆ। ਪਰ ਪੁਲਸ ਮੁੜ ਆ ਜਾਂਦੀ ਹੈ। ਜੱਸੀ ਨੂੰ ਫੜ ਲਿਆ ਜਾਂਦਾ ਹੈ। ਮਾਂ ਜਾਂਦਿਆਂ ਜਾਂਦਿਆਂ ਪੁੱਤਰ ਦੇ ਦੁਆਲੇ ਆਪਣਾ ਗਰਮ ਕੋਟ ਲਪੇਟ ਜਾਂਦੀ ਹੈ। ਬਰਫ਼ ਪੈ ਰਹੀ ਹੁੰਦੀ ਹੈ ਅਤੇ ਰਫ਼ੀਕ ਮਾਂ ਨੂੰ ਮਿਲਣ ਉਪਰੰਤ ਸਦਾ ਦੀ ਨੀਂਦੇ ਸੌ ਜਾਂਦਾ ਹੈ। ‘ਬੇਘਰਾ’ ਕਹਾਣੀ ਕਿਸੇ ਇੱਕ ਰਫ਼ੀਕ ਦੀ ਕਹਾਣੀ ਨਹੀਂ ਤੁਸੀਂ ਅੱਜ ਵੀ ’ਬੇਘਰੇ’ ਲੋਕ ਬਰਤਾਨੀਆ ਦੇ ਹਰ ਗਲੀ-ਮੁਹਲੇ ਜਾਂ ਸੜਕਾਂ ਕੰਢੇ ਵੇਖ ਸਕਦੇ ਹੋ। ਹਾਂ, ਜ਼ਰੂਰੀ ਨਹੀਂ ਕਿ ਹਰ ਇੱਕ ਰਫ਼ੀਕ ਦਾ ਰੰਗ ਕਣਕ-ਵੰਨਾ ਹੀ ਹੋਵੇ। ਇਹ ਕਾਲਾ ਵੀ ਹੋ ਸਕਦਾ ਹੈ ਗੋਰਾ ਵੀ। ਕਹਾਣੀਕਾਰ ਇਸ ਦਰਦਭਰੀ ਕਹਾਣੀ ਰਾਹੀਂ ਇਹ ਦਰਸਾਉਣ ਵਿੱਚ ਸਫ਼ਲ ਰਿਹਾ ਹੈ ਕਿ ਅੱਜ ਦਾ ਮਨੁੱਖ ਪਦਾਰਥੀ ਚਕਾਚੌਂਧ ਕਾਰਨ ਗਿਰਾਵਟ ਦੀ ਕਿਸ ਪੱਧਰ ਤੱਕ ਆ ਪੁੱਜਿਆ ਹੈ ਕਿ ਨਿੱਜੀ ਸੁਆਰਥ ਪੂਰਤੀ ਲਈ ਖ਼ੂਨ ਦੇ ਰਿਸ਼ਤਿਆਂ ਤੱਕ ਨੂੰ ਵੀ ਬਲੀ ਦਾ ਬਕਰਾ ਬਨਾਉਣ ਲਈ ਤਿਆਰ ਰਹਿੰਦਾ ਹੈ।

’ਰਾਣੀ ਬੇਗਮਪੁਰਾ’ ਕਹਾਣੀ ਦਾ ਅੰਤ ਵੀ ਦੁੱਖਦਾਇਕ ਹੈ ਅਤੇ ਇਸਦੀ ਪਿੱਠ-ਭੂਮੀ ਵਿਚ ਵੀ ਚੰਕਾਚੌਂਦ ਦੇ ਪਰਦੇ ਹੇਠ ਪਰਵਾਸੀ ਦੀ ਅਜਿਹੀ ਦੁਰਦਸ਼ਾ ਵੱਲ ਇਸ਼ਾਰਾ ਹੈ ਕਿ ਪਾਠਕ ਪੜ੍ਹਦਾ ਪੜ੍ਹਦਾ ਠੰਠਬਰ ਜਾਂਦਾ ਹੈ। ਇਹ ਠੀਕ ਹੈ ਕਿ ਦੇਸੋਂ ਬਾਹਰ ਆ ਕੇ ਬੰਦਾ ਜ਼ਾਤ-ਪਾਤ ਦੇ ਅਖੌਤੀ ਘੇਰੇ ਤੋਂ ਉੱਪਰ ਉੱਠ ਕੇ ਮਿਹਨਤ-ਮੁਸ਼ਕਤ ਦਾ ਮੁੱਲ ਪਾਕੇ ਆਪਣੀ ਆਰਥਕ ਹਾਲਤ ਨੂੰ ਸੁਧਾਰ ਲੈਂਦਾ ਹੈ ਅਤੇ ਆਪਣੇ ਮਨਚਾਹੇ ਅਹੁਦੇ ਵੀ ਪਾ ਲੈਂਦਾ ਹੈ। ਆਪਣੇ ਪਿਛੋਕੜ ਵੱਲ ਝਾਕਦਿਆਂ ਉਸ ਦੇ ਸੁਧਾਰ ਲਈ ਵੀ ਕਦਮ ਪੁੱਟਣ ਵੱਲ ਅਗ੍ਰਸਰ ਹੁੰਦਾ ਹੈ ਪਰ ਕਹਾਣੀ ਦੇ ਅੰਤ ਦੇ ਮੱਦੇ-ਨਜ਼ਰ ਪਾਠਕ ਇਹ ਸੋਚਣ ਲਈ ਵੀ ਮਜ਼ਬੂਰ ਹੋ ਜਾਂਦਾ ਹੈ ਕਿ ਕੀ ਆਰਥਕਤਾ ਦਾ ਸੁਧਾਰ ਕਰ ਲੈਣਾ ਅਤੇ ਜੀਵਨ ਦੀਆਂ ਸਚਿਆਈਆਂ ਤੋਂ ਅੱਖਾਂ ਮੀਚ ਕੇ ਹਰ ਜਾਇਜ਼-ਨਾਜਾਇਜ਼ ਸਾਧਨਾ ਰਾਹੀਂ ਸਫ਼ਲਤਾ ਦੀ ਸਿੱਖਰ ਤੱਕ ਪੁੱਜਣਾ ਹੀ ਜੀਵਨ ਜੀਉਣ ਦਾ ਸਹੀ ਮਕਸਦ ਹੈ। ਰਣਜੀਤ ਸਿੰਘ ਪੰਜਾਬ ਤੋਂ ਬਰਤਾਨੀਆ ਵਿਚ ਕਿਸੇ ਪ੍ਰਸਿੱਧ ਪੰਜਾਬੀ ਅਖ਼ਬਾਰ ਦੀ ਪੱਤਰਕਾਰੀ ਲਈ ਕੁਝ ਇੰਟਰਵੀਊਜ਼ ਕਰਨ ਲਈ ਆਉੰਦਾ ਹੈ। ਏਅਰਪੋਰਟ ਉੱਤੇ ‘ਜਟਾਨਾਂ ਕਲਾਂ’ ਤੋਂ ਆਈ ਹੋਈ ਜਗੀਰ ਕੌਰ ਰਾਹੀਂ ਹੀ ਰਣਜੀਤ ਸਿੰਘ ਉਸਦੀ ਬੌਸ ਰਾਣੀ ਨੂੰ ਮਿਲਦਾ ਹੈ। ਰਾਣੀ ਬੇਗਮਪੁਰਾ ਸਮਿੱਥ ਵੀ ‘ਜਟਾਨਾਂ ਕਲਾਂ’ ਤੋਂ ਹੀ ਹੈ ਪਰ ਇਹ ਪੰਜਾਬ ਰਹਿੰਦਿਆਂ ਘਰਾਂ ਦੀ ਸਾਫ਼-ਸਫ਼ਾਈ ਅਤੇ ਗੋਹਾ-ਕੂੜਾ ਕਰਦੀ ਸੀ ਪਰ ਜਗੀਰ ਕੌਰ ਦਾ ਪਤੀ ਉਸਨੂੰ ਪੰਜਾਬ ਤੋਂ ਬਰਤਾਨੀਆ ਲੈ ਕੇ ਆਇਆ ਅਤੇ ਉਹ ਰਾਣੀ ਦੇ ਬਲਾਤਕਾਰ ਦੇ ਜੁਰਮ ਵਿਚ ਸਜ਼ਾ ਖਾ ਜਾਂਦਾ ਹੈ। ਉਪਰੰਤ ਰਾਣੀ ਇੱਕ ਡਾਕਟਰ ਜੋੜੇ ਦੀ ਮਦਦ ਨਾਲ ਡਾਕਟਰ ਦੇ ਪਰਵਾਰ ਵਿਚ ਹੀ ਰਹਿੰਦੀ ਹੈ ਜਿੱਥੇ ਉਸਨੂੰ ਗੁਲਾਮੀ ਦਾ ਜੀਵਨ ਜੀਣਾ ਪੈਂਦਾ ਹੈ। ਪਰ ਸਮਿੱਥ ਨਾਂ ਦੇ ਇੱਕ ਗੋਰੇ ਗਵਾਂਢੀ ਦੀ ਸਹਾਇਤਾ ਨਾਲ ਪੁਲਸ ਡਾਕਟਰ ਨੂੰ ‘ਸਲੇਵਰੀ ਐਕਟ’ ਅਧੀਨ ਸਜ਼ਾ ਦਿਲਵਾਉਣ ਵਿਚ ਸਫ਼ਲ ਹੋ ਜਾਂਦੀ ਹੈ। ਰਾਣੀ ਸਮਿੱਥ ਨਾਲ ਵਿਆਹ ਕਰਵਾਕੇ ਰਾਣੀ ਬੇਗਮਪੁਰਾ ਸਮਿਥ ਬਣ ਜਾਂਦੀ ਹੈ ਅਤੇ ਉਹਸਮਿੱਥ ਨਾਲ ਮਿਲ ਕੇ ਆਪਣਾ ਕਾਰੋਬਾਰ ਆਰੰਭ ਕਰਦੀ ਹੈ। ਆਰਥਕ ਤੌਰ ਤੇ ਸੁਤੰਤਰ ਹੋ ਕੇ ਉਹ ਬਹੁਤਹੀ ਸ਼ਾਹੀ ਸ਼ਾਨ ਨਾਲ ਆਲੀਸ਼ਾਨ ਮਕਾਨ ਵਿਚ ਰਹਿਣ ਲੱਗਦੀ ਹੈ। ਜੀਵਨ ਬੜਾ ਸਹਿਜ ਅਤੇ ਆਨੰਦ ਨਾਲ ਗੁਜ਼ਰ ਰਹਿ ਹੁੰਦਾ ਹੈ। ਪਰ ਦੁਖਾਂਤ ਦਾ ਝਟਕਾ ਉਸ ਸਮੇਂ ਲੱਗਦਾ ਹੈ ਜੱਦ ਪਿੰਡ ਦੇ ਗੇਟ ਤੋਂ ‘ਪਿੰਡ ਜਟਾਨਾਂਕਲਾਂ’ ਦਾ ਬੋਰਡ ਲਾਹ ਕੇ ਨਵਾਂ ਨਾਂ ਰੱਖਣ ਲਈ ਪਰਦਾ ਹਟਾਇਆ ਜਾਂਦਾ ਹੈ। ਸਾਰੀਆਂ ਰਸਮਾਂ ਤੋਂ ਬਾਅਦ ਰਾਣੀ ਬੇਗਮਪੁਰਾ ਖੁਸ਼ ਸੀ ਅਤੇ ਉਹ ਵਾਪਸ ਅਚਾਨਕ ਬਰਤਾਨੀਆ ਆ ਕੇ ਆਪਣੇ ਪਤੀ ਸਮਿੱਥ ਨੂੰਹੈਰਾਨ ਕਰਨਾ ਚਾਹੁੰਦੀ ਸੀ। ਜੱਦ ਉਹ ਆਪਣੇ ਘਰ ਆਪਣੇ ਪਤੀ ਸਮਿੱਥ ਨੂੰ ‘ਸਰਪਰਾਈਜ਼’ ਦੇਣ ਲਈ ਪੁੱਜਦੀ ਹੈ ਤਾਂ ਖੁੱਦ ਹੀ ਸਰਪਰਾਈਜ਼ ਹੋ ਜਾਂਦੀ ਹੈ। ਪਤੀ ਸਮਿੱਥ ਨੇ ਕਿਸੇ ਹੋਰ ਔਰਤ ਨੂੰ ਆਪਣੀਆਂ ਬਾਹਾਂ ਵਿਚ ਘੁੱਟਿਆ ਹੋਇਆ ਸੀ। ਉਹ ਆਪਣੇ ਪਿੰਡ, ਪੈਸਿਆਂ ਦੇ ਜਲੌ ਸਦਕਾ, ਭਾਵੇਂ ਬੇਗਮਪੁਰਾ ਵਸਾ ਆਈ ਸੀ ਪਰ ਬਰਤਾਨੀਆ ਪੁੱਜ ਕੇ ਉਸ ਵੇਖਿਆ ਕਿ ਉਸਦਾ ਆਪਣਾ ਬੇਗਮਪੁਰਾ ਉੱਜੜ-ਪੁੱਜੜ ਚੁੱਕਿਆ ਸੀ। ਬਰਤਾਨੀਆ ਆ ਕੇ ਵੱਸਣ ਵਾਲਿਆਂ ਦੇ ਪਤਾ ਨਹੀਂ ਕਿੰਨੇ ਕੁ ਬੇਗਮਪੁਰੇ ਉਜਾੜੇ ਦਾ ਸ਼ਿਕਾਰ ਹੋਏ? ਪੱਛਮ ਆ ਕੇ ਪਤਾ ਨਹੀਂ ਕੀ ਖੱਟਿਆ? ਕੀ ਗੁਆਇਆ? ਇਹ ਕਹਾਣੀ ਦਰਸਾਉਂਦੀ ਹੈ ਕਿ ਆਰਥਕਤਾ ਦੀ ਉਨੱਤੀ ਅਤੇ ਸਿੱਖਰ ਕਿਵੇਂ ਮਨੁੱਖੀ ਰਿਸ਼ਤਿਆਂ ਨੂੰ ਨਾਜਾਇਜ਼ ਕਰਾਰ ਦੇਣ ਲਈ ਮਨੁੱਖ ਨੂੰਮਜ਼ਬੂਰ ਕਰਦੀ ਹੈ।

‘ਏਰੀਅਨ ਡੈਫੌਡਿਲਜ਼’ ਨਾਂ ਦੀ ਕਹਾਣੀ ਸਪਸ਼ਟ ਕਰਦੀ ਹੈ ਕਿ ਕਿਵੇਂ ਪੱਛਮੀ ਸਮਾਜ ਵਿਚ ਮਨੁੱਖੀ ਰਿਸ਼ਤੇ ਕਪੜਿਆਂ ਵਾਂਗ ਹੀ ਪਲ ਪਲ ਬਦਲੇ ਜਾਂਦੇ ਹਨ। ਇਸ ਕਹਾਣੀ ਦਾ ਆਰੰਭਕ ਵਾਕ ਹੀ ਬੜਾ ਬਲਵਾਨ ਅਤੇ ਗਿਆਨ ਵਰਧਕ ਹੈ ਜਦੋਂ ਏਰੀਅਨ ਦਾ ਸੱਤ ਸਾਲਾਂ ਵਿਚ ਪੰਜਵਾਂ ਪਤੀ ਡਾਕਟਰ ਦੇ ਕੰਸਲਟਿੰਗ ਰੂਮ ਵਿਚ ਦਾਖ਼ਲ ਹੁੰਦਾ ਹੈ। ਮਿਸਟਰ ਵਿਲੀਅਮ ਸਮਿੱਥ ਦੀ ਪਤਨੀ ਏਰੀਅਨ ਦਾ ਸ਼ੌਕ ਵੀ ਬੜਾ ਅਵੱਲਾ ਹੈ। ਹਰ ਨਵੇਂ ਵਿਆਹ ਤੋਂ ਬਾਅਦ ਉਹ ਆਪਣੇ ਘਰ ਦੇ ਮੂਹਰਲੇ ਅਤੇ ਪਿਛਲੇ ਬਗੀਚੇ(ਗਾਰਡਨ) ਵਿਚ ਡੈਫੋਡਿਲਜ਼ ਦੇ ਫੁੱਲ ਬੀਜਦੀ ਹੈ। ਇਸ ਕਹਾਣੀ ਦਾ ਸਬੰਧ ਸਵਿੰਦਰ (ਸੈਮ) ਨਾਲ ਹੈ।ਏਰੀਅਨ ਡਾਕਟਰ ਨੂੰ ਦਸਦੀ ਹੈ ਕਿ ਸੈਮ ਉਸਦਾ ਅਗਲਾ ਪਤੀ ਹੋਵੇਗਾ। ਉਹ ਡਾਕਟਰ ਨੂੰ ਆਪਣੇ ਵਿਆਹ ‘ਤੇ ਆਉਣ ਲਈ ਸੱਦਾ ਵੀ ਦਿੰਦੀ ਹੈ। ਸੈਮ ਪਹਿਲਾਂ ਵਿਆਹਿਆ ਹੋਇਆ ਅਤੇ ਦੋ ਬੱਚਿਆਂ ਦਾ ਪਿਤਾ ਹੈ ਪਰ ਸਮੇਂ ਦੇ ਚੱਕਰ ਵਿੱਚ ਉਸਦਾ ਤਲਾਕ ਹੋ ਜਾਂਦਾ ਹੈ, ਜੇਲ੍ਹ ਕੱਟਦਾ ਹੈ ਅਤੇ ਵਾਪਸ ਆ ਕੇ ਬਿਮਾਰ ਵੀ ਪੈ ਜਾਂਦਾ ਹੈ। ਉਸਦਾ ਜੀਵਨ ਬੜੇ ਹੀ ਦੁੱਖਾਂ ਭਰਿਆ ਹੁੰਦਾ ਹੈ। ਗਰਦਨ ਦੀ ਗਿਲਟੀ ਵਿਚ ‘ਕੈਂਸਰ’ ਹੋਣ ਕਾਰਨ ਉਸਦੀ ਦਰਦ ਦਾ ਇਲਾਜ ਕੇਵਲ ਮੌਰਫ਼ੀਨ ਹੀ ਹੁੰਦਾ ਹੈ। ਏਰੀਅਨ ਉਸਦੀ ਸੇਵਾ ਕਰਦੀ ਹੈ ਪਰ ਉਹ, ਸੈਮ ਨੂੰ ਲੋੜ ਤੋਂ ਵੱਧ ਮੌਰਫ਼ੀਨ ਦੇ ਦਿੰਦੀ ਹੈ। ਡਾਕਟਰ ਨੂੰ ਸਰਿੰਜ ਵੇਖ ਕੇ ਇਸਦਾ ਪਤਾ ਲੱਗ ਜਾਂਦਾ ਹੈ। ਏਰੀਅਨ ਪਿਛਲੇ ਗਾਰਡਨ ਤੋਂ ਡੈਫੋਡਿਲਜ਼ ਦਾ ਫੁੱਲ ਲਿਆਕੇ ਸੈਮ ਦੇ ਹੱਥ ਵਿੱਚ ਰੱਖਦਿਆਂ ਡਾਕਟਰ ਨੂੰ ਦੱਸਦੀ ਹੈ ਕਿ ਸੈਮ ਬਹੁੱਤ ਦਰਦ ਵਿੱਚ ਸੀ ਇਸ ਲਈ ਉਸਨੇ ਕੁਝ ਵੱਧ ਮੌਰਫੀਨ ਦੇ ਦਿੱਤੀ ਸੀ ਤਾਂ ਜੋ ਉਹ ਘੱਟ ਦੁੱਖ ਸਹਿੰਦਿਆਂ ਸੁਖਾਲੇ ਢੰਗ ਨਾਲ ਮਰ ਸਕੇ। ਅਜਿਹਾ ਦੁਖਾਂਤ ਵੀ ਸਾਡੇ ਪੰਜਾਬੀ ਭੋਗਦੇ ਆ ਰਹੇ ਹਨ।

‘ਬਾਰਬੇਕਿਊ’ ਇਸ ਸੰਗ੍ਰਹਿ ਦੀ ਆਖਰੀ ਕਹਾਣੀ ਹੈ। ਭਾਰਤ ਵਿਚ ‘ਵਿਕਾਸ’ ਫਿਲਾਸਫੀ ਦਾ ਪ੍ਰੋਫੈਸਰ ਸੀ ਪਰ ਬਾਹਰ ਆਉਣ ਦੇ ਚੱਕਰ ਵਿਚ ਪਰਦੇਸੋਂ ਆਈ ਕੁੜੀ ਦੇ ਵਿਆਹ ਦਾ ਇਸ਼ਤਿਹਾਰ ਅਤੇ ਕੁੜੀ ਦੀ ਤਸਵੀਰ ਵੇਖ ਕੇ ਬਾਹਰ ਜਾਣ ਦੇ ਲਾਲਚ ਵਿਚ ਉਸਤੇ ਲੱਟੂ ਹੋ ਜਾਂਦਾ ਹੈ। ਪਰ ਵਿਆਹ ਮਗਰੋਂ ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਪਤਨੀ ‘ਲਰਨਿੰਗ ਡਿਫੀਕਲਟੀ’ ਦੀ ਸ਼ਿਕਾਰ ਹੈ। ਮਜ਼ਬੂਰੀ-ਵੱਸ ਉਹ ਪਤਨੀ ਦੀਦੇਖ-ਭਾਲ ਅਤੇ ਸੇਵਾ-ਸੰਭਾਲ ਦੇ ਨਾਲ ਨਾਲ ਖ਼ੂਬ ਮਿਹਨਤ ਕਰਨ ਸਦਕਾ ਆਪਣਾ ‘ਹੌਜ਼ਰੀ’ ਦਾ ਵਿਉਪਾਰ ਸਥਾਪਤ ਕਰਨ ਵਿੱਚ ਸਫ਼ਲ ਹੋ ਜਾਂਦਾ ਹੈ। ਪਰ ਫਿਰ ਵੀ ਉਸਦੇ ਧੁੱਰ ਅੰਦਰ ਇੱਕ ‘ਖਲਾਅ’ ਸੀ ਜੋ ਉਸ ਸਮੇਂ ਆਪਣੇ ਸਿੱਖਰ ਤੇ ਪੁੱਜ ਜਾਂਦਾ ਹੈ ਜੱਦ ਉਹ ਆਪਣੇ ਘਰ ਆ ਕੇ ਵੇਖਦਾ ਹੈ ਕਿ ਉਸਦੇ ਸੌਹਰਿਆਂ ਵੱਲੋਂ ਆਏ ਸਾਰੇ ਪ੍ਰਾਹੁਣੇ ‘ਬਾਰਬੇਕਿਊ’ ਦੇ ਮਜ਼ੇ ਲੁੱਟ ਰਹੇ ਹਨ। ਉਹ ਵੀ ਸ਼ਰਾਬ ਪੀਂਦਾ ਹੈ ਅਤੇ ਫਿਰ ਨਸ਼ੇ ਵਿੱਚ ਸਾਰਿਆਂ ਨੂੰ ਘਰੋਂ ਚਲੇ ਜਾਣ ਲਈ ਆਖਦਾ ਹੈ। ਪਤਨੀ ਪੁੱਛਦੀ ਹੈ: ‘ਮੈਂ ਵੀ?’ ਗੁੱਸੇ ਵਿਚ ਵਿਕਾਸਕਹਿੰਦਾ ਹੈ: ‘ਜੈੱਸ……ਇਨਕਲੂਡਿੰਗ ਯੂ।’ ਇਸ ਵੇਲੇ ਹੀ ਫੋਨ ਖਟਕਦਾ ਹੈ। ਉਹ ਪੰਜਾਬੋ ਆਏ ਆਪਣੇ ਮਹਿਬੂਬ ਦਾ ਸੁਨੇਹਾ ਪੜ੍ਹਦਾ ਹੈ: ‘ਸੁਣਿਐ—ਤੁਸੀਂ ਕਾਫ਼ੀ ਦੁੱਖੀ ਰਹੇ ਹੋ—  ਨਹੀਂ ਸੀ ਜਾਣਾ ਬਾਹਰ—ਪੁੱਛੇ ਬਗ਼ੈਰ—ਕਦੋਂ ਵਾਪਸ ਆ ਰਹੇ ਹੋ— ਬਾਰਬੇਕਿਊ ਹੁਣ ਸਾਨੂੰ ਵੀ ਕਰਨੇ ਆਉਂਦੇ ਨੇ— ਮਹਿਬੂਬ ਅਜੇ ਤੱਕ ਨਹੀਂ ਮਰਿਆ ਅਤੇ ਨਾ ਹੀ ਲਾ-ਪਤਾ ਹੋਇਆ ਹੈ— ਜੇ ਵਾਪਸ ਆਇਆ ਤਾਂ ਮੂੰਹ ਤੋਂ ਮਖੌਟਾ ਲਾਹ ਕੇ ਆਉਣਾ— ਮੈਨੂੰ ਪਛਾਨਣ ਵਿੱਚ ਦਿੱਕਤ ਨਾ ਆਵੇ। ਅੱਗ ਨੇੜੇ ਬੈਠੇ ਵਿਕਾਸ ਨੂੰ ਉਸਦੇ ਪਿੰਡੇ ਤੋਂ ਅੱਗ ਵਿਚ ਡਿੱਗ ਰਿਹਾ ਪਸੀਨਾ ਇੰਝ ਪਰਤੀਤ ਹੋਇਆ ਜਿਵੇਂ ਉਸਦੇ ਮੂੰਹ ਉੱਤੇ ਚੜ੍ਹਿਆ ਪਲਾਸਟਿਕ ਦਾ ਮਖੌਟਾ ਬਾਰਬੇਕਿਊ ਦੀ ਅੱਗ ਵਿਚ ਡਿੱਗ ਕੇ ਭਸਮ ਹੋ ਰਿਹਾ ਹੋਵੇ। ਪਰਾਈ ਧਰਤੀ ਤੇ ਵਿਕਾਸ ਦਾ ਇਹ ਆਖਰੀ ਬਾਰਬੇਕਿਊ ਸੀ। ਪੱਛਮ ਦੇ ਜਰਜਰੇ ਸਮਾਜ ਤੋਂ ਆਜ਼ਾਦ ਹੋ ਕੇ ਵਿਕਾਸ ਨੇ ਸੁੱਖ ਦਾ ਸਾਹ ਲਿਆ।

‘ਮੈਮੋਰੀ ਲੇਨ’ ਦੀਆਂ ਦੱਸ ਕਹਾਣੀਆਂ ਵਿੱਚੋਂ ਛੇ ਕਹਾਣੀਆਂ ਦੇ ਸਿਰਲੇਖ (ਨਾਮ) ਅੰਗਰੇਜ਼ੀ ਵਿਚ ਹਨ ਭਾਵੇਂ ਕਿ ਇਹਨਾਂ ਨੂੰ ਪੰਜਾਬੀ ਵਿਚ ਹੀ ਲਿਖਿਆ ਗਿਆ ਹੈ। ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਹਨਾਂ ਕਹਾਣੀਆਂ ਦੇ ਸਾਰੇ ਹੀ ਪਾਤਰ ਪੰਜਾਬ ਤੋਂ ਬਰਤਾਨੀਆ ਆ ਵਸੇ ਪਰਵਾਸੀ ਹਨ। ਇਸ ਜੱਦੀ ਸੰਸਾਰ ਨੇ ਪਰਵਾਸੀ ਮਨੁੱਖਾਂ ਦੀ ਮਾਨਸਿਕਤਾ ਨੂੰ ਪੱਛਮੀ ਸੰਸਾਰ ਦੀਆਂ ਕਦਰਾਂ ਕੀਮਤਾਂ ਅਨੁਸਾਰ ਢਾਲਣ ਦੀ ਕੋਸ਼ਿਸ਼ ਕੀਤੀ ਹੈ। ਇਹ ਗੱਲ ਬਹੁਤ ਹੀ ਸੁਖਾਲੇ ਢੰਗ ਨਾਲ ਬਾਬ੍ਹਰਕੇ ਨਹੀਂ ਕਹੀ ਜਾ ਸਕਦੀ ਕਿ ਪਰਵਾਸੀ ਆਪਣੀਆਂ ਜੜ੍ਹਾਂ ਨਾਲ ਕਦੋਂ ਤੱਕ ਜੁੜੇ ਰਹਿਣਗੇ ਜਾਂ ਦੋਹਰੇ ਮਾਪਦੰਡਾਂ ਨੂੰ ਕਦੋਂ ਤੱਕ ਭੋਗ ਸਕਣਗੇ। ਪਰਵਾਸੀ, ਪੱਛਮੀ ਪਰਭਾਵ ਨੂੰ ਕਿੰਨਾ ਕੁ ਗ੍ਰਹਿਣ ਕਰਨਗੇ ਇਹ ਗੱਲ ਵੀ ਦੋਚਿੱਤੀ ਵਾਲੀ ਹੀ ਹੈ। ਨਵੀਂ ਪੀੜ੍ਹੀ ਇਸ ਤਬਦੀਲੀ ਤੋਂ ਬਚਣੋਂ ਰਹਿ ਸਕੇਗੀ ਜਾਂ ਨਹੀਂ ਇਹ ਵੀ ਨਹੀਂ ਕਿਹਾ ਜਾ ਸਕਦਾ। ਉਂਝ ਅਸੀਂ ਸੰਸਾਰ ਦੇ ਕਿਸੇ ਕੋਣੇ ਵਿੱਚ ਵੀ ਜਾ ਵਸੀਏ ਇਹ ਸੰਭਾਵਨਾ ਬਿਲਕੁਲ ਵੀ ਨਹੀਂ ਕਿ ਅਸੀਂ ਜਾਂ ਸਾਡੀ ਸੰਤਾਨ ਆਪਣੇ ਆਲੇ ਸੁਆਲੇ ਦੇ ਪ੍ਰਭਾਵਾਂ ਤੋਂ ਅਛੂਤੇ ਰਹਿ ਸਕੀਏ। ਨਿਰਸੰਦੇਹ ਦੂਜੀ-ਤੀਜੀ ਪੀੜ੍ਹੀ ਬਾਅਦ ਬਹੁਤ ਕੁਝ ਬਦਲ ਜਾਵੇਗਾ।

ਡਾਕਟਰ ਦੇ ਰੂਪ ਵਿਚ ਕਹਾਣੀਕਾਰ ਡਾ. ਕਰਨੈਲ ਸ਼ੇਰਗਿੱਲ ਆਪਣੇ ਪਾਤਰਾਂ ਦੇ ਸਰੀਰਕ ਰੋਗ ਨਵਿਰਤੀ ਕਰਨ ਦੇ ਢੰਗ ਅਪਨਾਉਣ ਦੇ ਨਾਲ ਨਾਲ ਆਪਣੇ ਪਾਤਰਾਂ ਦੇ ਮਾਨਸਿਕ ਇਲਾਜ ਅਤੇ ਵਿਸ਼ਲੇਸ਼ਣ ਕਰਨ ਵੱਲ ਵੀ ਅਗ੍ਰਸਰ ਹੁੰਦਾ ਹੈ। ਅਜਿਹਾ ਕਰਦਿਆਂ ਅਣਭੋਲ ਹੀ ਕਹਾਣੀਕਾਰ ਡਾਕਟਰੀ ਇਲਾਜ ਨਾਲ ਸੰਬੰਧਤ ਅਨੇਕਾਂ ਹੀ ਵਰਤਾਰਿਆਂ ਨੂੰ ਵੀ ਪਾਠਕਾਂ ਗੋਚਰੇ ਕਰਨ ਵਿਚ ਸਮਰਥ ਰਿਹਾ ਹੈ। ਲਗਪਗ ਹਰ ਕਹਾਣੀ ਵਿਚ ਅਨਗਿਣਤ ਮੈਡੀਕਲ ਇਲਾਜ ਲਈ ਵਰਤੀਂਦੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਪਾਠਕ ਇਸ ਜਾਣਕਾਰੀ ਸਦਕਾ ਅੱਧਾ ਡਾਕਟਰ ਤਾਂ ਖੁੱਦ ਹੀ ਬਣ ਜਾਣ ਦੀ ਸੰਭਾਵਨਾ ਰੱਖਦਾ ਹੈ। ਕਹਾਣੀਕਾਰ ਨੇ ਦਿਲ ਦੀਆਂ ਬਿਮਾਰੀਆਂ, ਸਿਲੀਅਕ ਡਜੀਜ਼, ਗੌਲ ਬਲੈਡਰ ਅਤੇ ਪੈਨਕਰੀਜ਼ ਦੇ ਕੈਂਸਰ, ਗਲੇ ਦੀਆਂ ਗਿਲਟੀਆਂ ਦੇ ਕੈਂਸਰ, ਡਰਗਜ਼, ਚੇਤਾ ਭੁੱਲਣ, ਮਨੋਵਿਗਿਆਨਿਕ ਬਿਮਾਰੀਆਂ, ਪੈਰਾ-ਮੈਡੀਕਲ, ਕਲੇਅਰੋਵੋਐਂਸ ਆਦਿ ਅਨਗਿਣਤ ਸਮੱਸਿਆਵਾਂ ਬਾਰੇ ਲਾਭਦਾਇਕ ਜਾਣਕਾਰੀ ਉਪਲੱਭਦ ਕਰਵਾਈ ਹੈ। ਮੈਡੀਕਲ ਸ਼ਬਦ ਜਾਂ ਵਰਤਾਰੇ ਓਪਰੇ ਨਹੀਂ ਲਗਦੇ ਸਗੋਂ ਕਹਾਣੀਆਂ ਵਿਚ ਇਹਨਾਂ ਸ਼ਬਦਾਂ ਨੂੰ ਅਤੁੱਟ ਲੜੀ ਵਾਂਗ ਪਰੋਇਆ ਗਿਆ ਹੈ। ਮੁੱਖ ਰੂਪ ਵਿਚ ਕਹਾਣੀਆਂ ਦੀ ਬੋਲੀ ਭਾਵੇਂ ਪੰਜਾਬੀ ਹੀ ਹੈ ਪਰ ਹਰ ਕਹਾਣੀ ਵਿਚ ਵਰਤੀਂਦੇ ਅੰਗਰੇਜ਼ੀ ਸ਼ਬਦਾਂ ਦੀ ਭਰਮਾਰ ਇੱਥੇ ਵੱਸਦੇ ਪੰਜਾਬੀਆਂ ਲਈ ਕੋਈ ਓਪਰੀ ਨਹੀਂ ਮਹਿਸੂਸ ਹੁੰਦੀ।

ਇਹਨਾਂ ਕਹਾਣੀਆਂ ਵਿਚ ਬਾਹਰਲੇ ਦੇਸ਼ਾਂ ਦਾ ਵੀ ਲੋੜੀਂਦਾ ਜ਼ਿਕਰ ਮਿਲਦਾ ਹੈ। ਕਹਾਣੀਆਂ ਦੇ ਮੁੱਖ ਪਾਤਰ, ਮਰੀਜ਼ਾਂ ਦੇ ਰੂਪ ਵਿਚ ਹੀ ਡਾਕਟਰ ਨਾਲ ਵਾਦ-ਸੰਵਾਦ ਰਚਾਉਂਦੇ, ਆਪਣੀ ਅੰਦਰਲੀ ਟੁੱਟ-ਭੱਜ ਦਰਸਾਉਂਦੇ, ਮਾਨਸਿਕ ਦੁੱਖ-ਸੰਤਾਪ ਭੋਗਦੇ ਅਤੇ ਆਪਣਾ ਨਿੱਜ ਫਰੋਲਦੇ ਨਜ਼ਰ ਆਉਂਦੇ ਹਨ। ਡਾ. ਸ਼ੇਰਗਿੱਲ ਕਹਾਣੀ ਕਹਿਣ ਵਿਚ ਨਿਪੁੰਨ ਹੈ। ਲੱਗਦਾ ਹੈ ਕਿ ਉਸਨੂੰ ਆਪਣੀ ਗੱਲ ਕਹਿਣ ਵਿਚ ਕੋਈ ਵਿਸ਼ੇਸ਼ ਉਚੇਚ ਨਹੀਂ ਕਰਨਾ ਪੈਂਦਾ। ਉਸਦੀਆਂ ਕਹਾਣੀਆਂ ਪਾਤਰ ਪਰਧਾਨ ਹਨ ਅਤੇ ਉਸਦੀਆਂ ਕਹਾਣੀਆਂ ਦੇ ਪਾਤਰ ਪਰਵਾਸੀਆਂ ਦੀਆਂ ਸਮਕਾਲੀਨ, ਸਮਾਜਕ ਅਤੇ ਨਿੱਜੀ ਸਮੱਸਿਆਵਾਂ ਦੀ ਸਹੀ ਤਰਜਮਾਨੀ ਕਰਦੀਆਂ ਹਨ। ਉਸਨੇ ਆਪਣੀਆਂ ਕਹਾਣੀਆਂ ਰਾਹੀਂ ਆਪਣੇ ਪਾਤਰਾਂ ਦੇ ਦਿਲੀ ਦਰਦ, ਦੁੱਖ-ਸੁੱਖ, ਹੰਝੂ-ਹਾਸੇ, ਅਕੇਵੇਂ-ਥਕੇਵੇਂ, ਮਿਲਣੀਆਂ-ਵਿਛੋੜੇ, ਇਕਲਾਪੇ ਅਤੇ ਸੰਤਾਪ ਦੇ ਦ੍ਰਿਸ਼ ਬੜੇ ਹੀ ਮਾਰਮਿਕ ਢੰਗ ਨਾਲ ਪਰ ਸਹਿਜ ਅਵਸਥਾ ਵਿਚ ਪੇਸ਼ ਕੀਤੇ ਹਨ। ਕਹਾਣੀ ਦੇ ਪਾਤਰ ਸਾਨੂੰ ਆਪਣੇ ਆਲੇ ਦੁਆਲੇ ਆਮ ਮਿਲਣ ਵਾਲੇ ਹਨ ਅਤੇ ਪਾਤਰ ਉਸਾਰੀ ਵੀ ਤਕੜੀ ਉਸਾਰੂ ਅਤੇ ਸਜੀਵ ਹੈ। ਡਾ. ਕਰਨੈਲ ਸ਼ੇਰਗਿੱਲ ਆਪਣੀਆ ਕਹਾਣੀਆਂ ਰਾਹੀਂ ਕੇਵਲ ਕਹਾਣੀ ਕਹਿਣ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਜੋ ਉਹਕ ਹਿਣਾ ਚਾਹੁੰਦਾ ਹੈ ਉਸ ਵਿੱਚ ਕਲਾਤਮਿਕਤਾ ਦੇ ਬੁਰਸ਼ ਰਾਹੀਂ ਸੱਤਰੰਗੀ ਪੀਂਘ ਵਰਗੇ ਰੰਗ ਭਰਨ ਵਿੱਚ ਵੀ ਸਮਰਥ ਹੁੰਦਿਆ ਅਛੋਪਲੇ ਹੀ ਹੁਨਰੀ ਢੰਗ ਨਾਲ ਆਪਣੇ ਵਿਚਰਦੇ ਸਮਾਜ ਨੂੰ ਵੀ ਗੰਭੀਰਤਾ ਨਾਲ ਟੁੰਬਣ ਦੀ ਜੁਰਅੱਤ ਕਰਦਾ ਹੈ।

ਆਮੀਨ!
***
ਹਵਾਲੇ ਅਤੇ ‘ਲਿਖਾਰੀ’ ਵਿਚ ‘ਮੈਮੋਰੀ ਲੇਨ’ ਪੁਸਤਕ ਸਬੰਧੀ ਛਪੀਆਂ ਕੁਝ ਰਚਨਾਵਾਂ:

  1. ਸਮੇਂ ਨੂੰ ਸਮਝਦਾ ਸਾਹਿਤਕਾਰ ਡਾ. ਕਰਨੈਲ ਸ਼ੇਰਗਿੱਲ—— ਹਰਮੀਤ ਸਿੰਘ ਅਟਵਾਲ
  2. ਬਰਤਨਵੀ ਪੰਜਾਬੀ ਕਲਮਾਂ—ਗੁਰਦਿਆਲ ਸਿੰਘ ਰਾਏ (ਡਾ.)
  3. ਮੈਮੋਰੀ ਲੇਨ—ਡਾ. ਕਰਨੈਲ ਸ਼ੇਰਗਿੱਲ—ਡਾ. ਸੁਮਨ ਡਡਵਾਲ
  4. ਮੈਮੋਰੀ ਲੇਨ ਕਹਾਣੀ ਸੰਗ੍ਰਹਿ ਦੀ ਸਮੀਖਿਆ—ਡਾ. ਮੋਹਣ ਬੇਗੋਵਾਲ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1411
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦਿਆਲ ਸਿੰਘ ਰਾਏ
ਮੁੱਖ-ਸੰਪਾਦਕ,
‘ਲਿਖਾਰੀ’
(www.likhari.net)
ਜਨਮ : 1 ਮਈ 1937
ਜਨਮ ਸਥਾਨ: ਤਿੰਨਸੁਖੀਆ, (ਆਸਾਮ)
ਪਿਤਾ ਦਾ ਨਾਮ : ਸ. ਬਿਸ਼ਨ ਸਿੰਘ
ਮਾਤਾ ਦਾ ਨਾਮ: ਸਰਦਾਰਨੀ ਗੁਰਬਚਨ ਕੌਰ
ਵਿੱਦਿਆ:
ਐਮ.ਏ. (ਪੰਜਾਬੀ), ਐਮ.ਐਸਸੀ (ਨੀਊਟਰੀਸ਼ੀਅਨ), ਪੀ.ਐਚ-ਡੀ(ਨੀਊਟਰੀਸ਼ੀਅਨ)
Three Years Teaching Certificate in Education(Univ. Of London)
Dip. In Teaching in a Multi-Ethnic School (CNAA)
Dip. In Language Teaching (RSA)
D. Hom, D.I.Hom (British Institute of Homeopathy
Reflex Zone Therapy (ITEC)
Fellow British Institute of Homeopathy
Fellow Institute of Holistic Health

ਕਿੱਤਾ:
ਡਾਕੀਅਾ ,ਅਧਿਆਪਨ, ਸੰਪਾਦਨਾ (ਅਤੇ ਕਈ ਛੋਟੇ-ਮੋਟੇ ਹੋਰ ਕੰਮ)
ਪ੍ਰਮੁੱਖ ਰਚਨਾਵਾਂ:
1. ਅੱਗ (ਕਾਵਿ ਸੰਗ੍ਰਹਿ)
2. ਮੋਏ ਪੱਤਰ (ਕਹਾਣੀ ਸੰਗ੍ਰਹਿ)
3. ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਿਹ)
4. ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ)
5. ਗੁਆਚੇ ਪਲਾਂ ਦੀ ਤਲਾਸ਼ (ਨਿਬੰਧ)
6. ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ)
7. ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ)
8. ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ)
ਮਾਣ/ਸਨਮਾਨ:
1. ਆਲ ਇੰਡੀਆ ਲਿਟਰੇਰੀ ਕੌਂਸਲ, (ਸ਼ਿਮਲਾ) ਵਲੋਂ ‘ਕਹਾਣੀ’ ਲਈ ਸਨਮਾਨ—-1959
2. ਅੰਤਰ ਰਾਸ਼ਟਰੀ ਸੈਮੀਨਾਰ (27 ਮਾਰਚ-31 ਮਾਰਚ 1989) ਗੁਰੂ ਨਾਨਕ ਦੇਵ ਯੂਨੀਵਰਸਿਟੀ, ਵਿਸ਼ਵ ਪੰਜਾਬੀ ਸਾਹਿਤ ਤੇ ਰਾਸ਼ਟਰੀ ਜਾਗਰੂਕਤਾ ਸਮੇਂ ਬਦੇਸ਼ੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ
2. ਈਸਟ ਮਿਡਲੈਂਡਜ਼ ਆਰਟਸ ਕੌਂਸਲ ਵਲੋਂ ‘ਕਹਾਣੀ’ ਲਈ ਇਨਾਮ/ਸਨਮਾਨ
3. ਪੰਜਾਬੀ ਰਾਈਟਰਜ਼ ਫੋਰਮ, ਸਾਊਥੈਂਪਟਨ ਵਲੋਂ ਸਾਹਿਤਕ ਐਵਾਰਡ ਆਫ ਆਨਰ
4. ਪੰਜਾਬੀ ਕਵੀ ਦਰਬਾਰ ਵਾਲਥਮਸਟੋ ਵਲੋਂ ‘ਲਿਖਾਰੀ’ ਅਤੇ ਸਾਹਿਤਕ ਘਾਲਣਾ ਲਈ
5. ਆਲਮੀ ਪੰਜਾਬੀ ਕਾਨਫਰੰਸ ਲੰਡਨ ਵਲੋਂ ‘ਵਾਰਸ ਸ਼ਾਹ ਐਵਾਰਡ’
6. ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆ ਵਲੋਂ ਸਰਵੋਤਮ ਸਾਹਿਤਕਾਰ ਸਨਮਾਨ ਚਿੰਨ੍ਹ

Before migrating to the U.K. in 1963:
(a) Worked as a School Teacher/Lecturer,
(b) Editted a literary Punjabi Monthly Magazine PATTAN (Adampur, Jallandhar)
(c) Worked as Sub-Editor in the Daily Akali Patrika (Jallandhar)

Upon arrival in the U.K.worked as a postman. Then after acquiring Three Years Teaching Certificate in Education from the University of London worked as a teacher in different education authorities in the U.K…… Newham, Sandwell, Wolverhampton and the City of Birmingham. In the U.K. also edited various papers and magazines such as: Mamta (weekly/Monthly), Punjabi Post(weekly), Asian Post.
His literary work appeared in well known monthlies, weeklies and daily News-papers such as Des Perdase, Sirnawaan, Mehram, Kahani Punjab, Punjabi Digest, Akaas, Nwaan Jamana, Punjabi Tribune, Ajit, Des Pardes, Punjab Times Weekly, Punjab Mail International, Meri Boli Mera Dharam.
His work in Hindi has appeared in Mukta, Man-Mukta, Naya Akaash and Ira India. His work in Urdu has appeared in Ravi, Lehraan, Daily Front.

ਸਾਹਿਤਕ ਪਰਾਪਤੀਆਂ ਸਬੰਧੀ ਕੁਝ ਟਿੱਪਣੀਆਂ:

1. “‘ਗੋਰਾ ਰੰਗ ਕਾਲੀ ਸੋਚ’, ‘ਮੋਏ ਪੱਤਰ’ ਤੇ ‘ਲੇਖਕ ਦਾ ਚਿੰਤਨ’ ਤਿੰਨੇ ਹੀ ਅੱਖਰ ਅੱਖਰ ਪੜ੍ਹਕੇ ਸਵਾਦ, ਪ੍ਰੇਰਨਾ ਤੇ ਸਿੱਖ-ਮਤ ਲਈ ਹੈ। ਧੰਨ ਹੋ ਜੋ ਅੰਗ੍ਰੇ੍ਰਜ਼ੀ ਦੇ ਗੜ੍ਹ ਤੇ ਸੋਮੇ ਵਿਚ ਨਹਾਉਂਦੇ ਭੀ ਪੰਜਾਬੀ ਨੂੰ ਨਹੀਂ ਭੁੱਲੇ।--- ‘ਲੇਖਕ ਦਾ ਚਿੰਤਨ’ ਬਹੁਤ ਸ਼ਲਾਘਾ ਯੋਗ ਉਦਮ ਤੇ ਸਦਾ ਸਾਂਭਣ ਵਾਲਾ ਹੀਰਾ ਹੈ, ਖਾਸ ਕਰਕੇ ਪਜਾਬੀ ਸਾਹਿਤ ਦੇ ਇਤਿਹਾਸਕਾਰਾਂ ਲਈ। ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਿਆ ਖੋਜ-ਪਤਰ ਸਚੀਂਮੁਚੀਂ ਬਹੁਤ ਖੋਜ ਭਰੀ ਕੀਮਤੀ ਸੁਗਾਤ ਬਣ ਗਈ ਹੈ।”
(ਸਵ: ਪ੍ਰਿੰਸੀਪਲ ਐਸ.ਐਸ. ਅਮੋਲ 17.11.1990)

2. “ਰਾਏ ਦੀ ਕਹਾਣੀ ਵਿਚ ਇਕ ਅਣਗੌਲਿਆ ਪਰ ਪ੍ਰਭਾਵ-ਸ਼ੀਲ ਸੰਦੇਸ਼ਾ ਜਾਂ ਸੇਧ ਹੈ।”(ਪ੍ਰਿੰਸੀ: ਐਸ¤ਐਸ¤ ਅਮੋਲ)

3. “ਗੁਰਦਿਆਲ ਸਿੰਘ ਰਾਏ ਦੀਆਂ ਕਹਾਣੀਆਂ ਵਿਚ ਇੱਕ ਪੈਗ਼ਾਮ ਹੁੰਦਾ ਹੈ, ਦਰਦ ਹੁੰਦਾ ਹੈ ਤੇ ਇੱਕ ਖਾਸ ਉਦੇਸ਼ ਹੁੰਦਾ ਹੈ।”(ਡਾ: ਜੋਗਿੰਦਰ ਸਿੰਘ ਨਿਰਾਲਾ)

4. “ਰਾਏ ਦੀ ਪ੍ਰਤਿਭਾ ਬਹੁ-ਪੱਖੀ ਹੈ। ਪੰਜਾਬੀ ਦੇ ਕਿੰਨੇ ਹੀ ਚੰਗੇ ਮੰਦੇ ਰਸਾਲਿਆਂ ਤੇ ਅਖਬਾਰਾਂ ਵਿਚ ਉਹ 1955 ਤੋਂ ਹੀ ਕਦੇ ਘੱਟ, ਕਦੇ ਵੱਧ ਛਪਦਾ ਆ ਰਿਹਾ ਹੈ।”(ਪ੍ਰੋ. ਓ.ਪੀ. ਗੁਪਤਾ)

5. “ਰਾਏ ਦਾ ਮੁੱਖ ਉੱਦੇਸ਼ ਸੁਧਾਰਵਾਦੀ ਤੇ ਸਮਾਜ ਉਸਾਰੀ ਹੈ।”(ਨਿਰੰਜਣ ਸਿੰਘ ਨੂਰ)

6. “ਡਾ: ਗੁਰਦਿਆਲ ਸਿੰਘ ਰਾਏ ਚੰਗੀ ਕਹਾਣੀ ਲਿਖਣ ਦੇ ਯੋਗ ਵੀ ਹੈ ਤੇ ਕਹਾਣੀ ਕਲਾ ਦਾ ਪੂਰਨ ਗਿਆਨ ਵੀ ਰੱਖਦਾ ਹੈ।” (ਹਰਬਖਸ਼ ਸਿੰਘ ਮਕਸੂਦਪੁਰੀ, ਸਾਡਾ ਹਿੱਸਾ `ਚ)

7. “ਗੁਰਦਿਆਲ ਸਿੰਘ ਰਾਏ ਜੀਵਨ ਦੀ ਕਿਸੇ ਸਾਰਥਕ ਘਟਨਾ ਨੂੰ ਸਿੱਧ-ਪੱਧਰੇ ਲਫ਼ਜ਼ਾਂ ਵਿਚ ਕਹਾਣੀ ਦੇ ਰੂਪ ਵਿਚ ਪੇਸ਼ ਕਰਦਾ ਹੈ। ਕਹਾਣੀ ਦੇ ਅੰਤ ਨੂੰ ਪਹਿਲਾਂ ਦਰਸਾ ਕੇ ਸਾਰੀ ਕਹਾਣੀ ਸੁਣਾਉਂਦਾ ਹੈ। ਆਰੰਭ ਕਰਨ ਲੱਗਿਆਂ ਜਲਦੀ ਹੀ ਪਾਠਕ ਨੂੰ ਪਹਿਲੇ ਸ਼ਬਦਾਂ ਵਿਚ ਕੀਲ ਲੈਂਦਾ ਹੈ। (ਡਾ: ਪ੍ਰੀਤਮ ਸਿੰਘ ਕੈਂਬੋ)

8. “ਡਾ: ਗੁਰਦਿਆਲ ਸਿੰਘ ਰਾਏ ਕਵਿਤਾ, ਕਹਾਣੀ, ਆਲੋਚਨਾ ਤੇ ਨਿਬੰਧ ਆਦਿ ਵਿਧਾ ਤੇ ਕਲਮ-ਅਜ਼ਮਾਈ ਕਰ ਚੁੱਕਿਆ ਹੈ। ---ਨਿਬੰਧ ਸਿਰਜਣਾ ਦੇ ਖੇਤਰ ਵਿਚ ਉਸਨੇ ਪੰਜਾਬੀ ਪਾਠਕਾਂ ਦਾ ਉਚੇਚੇ ਤੌਰ ਤੇ ਧਿਆਨ ਆਪਣੇ ਵੱਲ ਖਿਚ੍ਹਿਆ ਹੈ। --- ਡਾ: ਰਾਏ ਇੱਕ ਉਹ ਵਿਦਵਾਨ ਸਿਰਜਕ ਲੇਖਕ ਹੈ ਜਿਸ ਪਾਸ ਵਿਸ਼ਾਲ ਦ੍ਰਿਸ਼ਟੀ ਵੀ ਹੈ ਅਤੇ ਦ੍ਰਿਸ਼ਟੀਕੋਣ ਵੀ। ਉਹ ਜਿਹੜੇ ਵੀ ਵਿਸ਼ੇ ਨੂੰ ਲੈ ਕੇ ਨਿਬੰਧ ਰਚਨਾ ਕਰਦਾ ਹੈ ਉਸ ਨਾਲ ਪਾਠਕਾਂ ਨੂੰ ਭਰਪੂਰ ਗਿਆਨ ਪ੍ਰਦਾਨ ਕਰਦਾ ਹੋਇਆ, ਉਹਨਾਂ ਨੂੰ ਬੌਧਿਕ ਤੇ ਮਾਨਸਿਕ ਤ੍ਰਿਪਤੀ ਦਿੰਦਾ ਹੋਇਆ, ਉਹਨਾਂ ਨੂੰ ਪੂਰੀ ਤਰ੍ਹਾਂ
ਸੰਤੁਸ਼ਟ ਕਰਨ ਦੀ ਸਮਰਥਾ ਰੱਖਦਾ ਹੈ।” (ਗੁਰਮੇਲ ਮਡਾਹੜ)

9. “ਡਾ: ਗੁਰਦਿਆਲ ਸਿੰਘ ਰਾਏ ਨੇ ਪੰਜਾਬੀ ਵਾਰਤਕ ਅਤੇ ਵਿਸ਼ੇਸ਼ ਕਰਕੇ ਪਰਵਾਸੀ ਪੰਜਾਬੀ ਨਿਬੰਧ ਸਾਹਿਤ ਵਿੱਚ ਗੁਣਾਤਮਕ ਪੱਖੋਂ ਮਹੱਤਵਪੂਰਨ ਯੋਗਦਾਨ ਪਾਇਆ ਹੈ।”(ਡਾ: ਮਹਿੰਦਰ ਸਿੰਘ ਡਡਵਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ)

10. “ਸੁਭਾਵਕ ਹੀ ਇਕ ਰਾਤ ਮੈਂ ਰਾਏ ਜੀ ਦੀ ਪੁਸਤਕ ‘ਗੁਆਚੇ ਪਲਾਂ ਦੀ ਤਲਾਸ਼’ ਨੂੰ ਛੇੜ ਬੈਠਾ। ਬਰਤਾਨੀਆਂ ਦੇ ਲੇਖਕ ਦੀ ਪੁਸਤਕ ਤੇ ਉਹ ਵੀ ਨਿਬੰਧਾਂ ਦੀ? ਮੈਂਨੂੰ ਯਕੀਨ ਨਹੀਂ ਸੀ ਆ ਰਿਹਾ। ਮੈਂ ਆਪਣਾ ਭਰਮ ਨਿਵਾਰਨ ਹਿੱਤ ਪੁਸਤਕ ਦੇ ਮੁੱਖ ਪੰਨੇ ਤੇ ਲੇਖਕ ਦੇ ਨਾਂ ਨੂੰ ਗੌਰ ਨਾਲ ਮੁੜ ਪੜ੍ਹਿਆ। ਠੀਕ ਗੁਰਦਿਆਲ ਸਿੰਘ ਰਾਏ ਹੀ ਸੀ। ਮੈਂਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਅਕਾਲ ਪੁਰਖ ਦਾ ਸ਼ੁਕਰ ਕੀਤਾ ਕਿ ਭਾਰਤ ਵਿਚ ਮੇਰੇ ਕੋਲ ਗੁਰਦਿਆਲ ਸਿੰਘ ਨਾਵਲਕਾਰ ਹੈ ਸੀ, ਨਾਟਕਾਰ ਗੁਰਦਿਆਲ ਸਿੰਘ ਇੱਕ ਛੱਡ ਦੋ ਸਨ। ਇੱਕ ਗੁਰਦਿਆਲ ਸਿੰਘ ਫ਼ੁੱਲ (ਸਵਰਗਵਾਸੀ) ਤੇ ਗੁਰਦਿਆਲ ਸਿੰਘ ਖੋਸਲਾ ਤੇ ਹੁਣ ਇੱਥੇ ਚੋਟੀ ਦਾ ਨਿਬੰਧਕਾਰ ਗੁਰਦਿਆਲ ਸਿੰਘ ਰਾਏ ਮਿਲ ਗਿਆ ਹੈ, ਜਿਸਨੇ ਮੈਂਨੂੰ ਆਪਣੇ ਜ਼ਿਹਨ ਵਿੱਚ ਧੁੰਧਲੇ ਹੋ ਰਹੇ ਪੰਜਾਬੀ ਨਿਬੰਧਕਾਰ ਮੁੜ ਚੇਤੇ ਕਰਵਾ ਦਿੱਤੇ ਹਨ।” (ਪ੍ਰਿੰਸੀਪਲ ਗੁਰਬਚਨ ਸਿੰਘ ਭੂਈ ਸੰਪਾਦਕ ਮੇਰੀ ਬੋਲੀ ਮੇਰਾ ਧਰਮ, ਜੂਨ, 1994)

11. “ਬਿਨਾਂ ਕਿਸੇ ਕਹਾਣੀ ਤੋਂ ਹੀ ਕਹਾਣੀ ਲਿਖ ਦੇਣੀ ਆਪ (ਗੁਰਦਿਆਲ ਸਿੰਘ ਰਾਏ) ਦੀ ਖੂਬੀ ਹੈ। ਪ੍ਰਯੋਗਸ਼ੀਲਤਾ ਵੀ ਆਪਦਾ ਵਿਸ਼ੇਸ਼ ਗੁਣ ਹੈ।”(ਗੁਰਦਾਸ ਸਿਘ ਪਰਮਾਰ, ਬਰਤਾਨਵੀ ਪੰਜਾਬੀ ਕਹਾਣੀ ਵਿਚ)

12. “ਏੱਥੇ (ਬਰਤਾਨੀਆ ਵਿਚ) ਚਿਰ ਕਾਲ ਤੋਂ ਪੂਰਨ ਸਹਿਜ-ਅਵਸਥਾ ਵਿਚ ਪਰਿਵਾਸੀ ਜੀਵਨ ਭੋਗ ਰਿਹਾ ਡਾ: ਗੁਰਦਿਆਲ ਸਿੰਘ ਰਾਏ ਨਿਸੰਦੇਹ ਅਸਲੋਂ ਹੀ ਵਿਲੱਖਣ ਅਤੇ ਬਹੁ-ਪੱਖੀ ਸਾਹਿਤਕ ਪ੍ਰਤਿਭਾ ਦਾ ਸੁਆਮੀ ਹੈ। ਉਹ ਪੰਜਾਬੀ ਦਾ ਇੱਕ ਸਫਲ ਕਹਾਣੀਕਾਰ ਵੀ ਹੈ ਅਤੇ ਨਿਪੁੰਨ ਨਿਬੰਧਕਾਰ ਵੀ। ਪਰੋਢ ਤੇ ਸ਼ਾਸਤਰੀ ਆਲੋਚਕ ਵਾਲੇ ਲੋੜੀਂਦੇ ਲਗਪਗ ਸਾਰੇ ਗੁਣ ਵੀ ਉਸ ਵਿਚ ਮੌਜੂਦ ਹਨ। ਪਰ ਇਸ ਸਭ ਕੁਝ ਤੋਂ ਬਿਨਾਂ ਜਿਹੜਾ ਗੁਣ ਰਾਏ ਹੁਰਾਂ ਦੇ ਸਾਹਿੱਤਕ ਕੱਦ ਨੂੰ ਸਮਕਾਲੀ ਲੇਖਕਾਂ ਤੋਂ ਕਦਰੇ ਹੋਰ ਉੱਚਾ ਕਰਦਾ ਹੈ ਉਹ ਹੈ, ਭਾਰਤ ਦੀਆਂ ਅਨੇਕਾਂ ਭਾਸ਼ਾਵਾਂ ਜਿਵੇਂ ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਉੜੀਆ, ਤਿਲਗੋ, ਮਲਾਇਮ ਆਦਿ ਤੋਂ ਬਿਨਾਂ ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦੀਆਂ ਭਿੰਨ ਭਿੰਨ ਰੂਪਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਲਗਾਤਾਰਤਾ ਨਾਲ ਪੰਜਾਬੀ ਵਿਚ ਅਨੁਵਾਦਣ ਦਾ।---ਡਾ: ਰਾਏ ਅਨੁਵਾਦਕਾਰਾਂ ਦੀ ਮੁਹਰਲੀ ਕਤਾਰ ਵਿਚ ਖੜੇ ਹੋਣ ਦਾ ਮੁਸਤਹਕ ਹੈ।” (ਪ੍ਰਿੰਸੀਪਲ ਗੁਰਬਚਨ ਸਿੰਘ ਭੂਈ, ਸੰਪਾਦਕ, ਮੇਰੀ ਬੋਲੀ ਮੇਰਾ ਧਰਮ, ਸਤੰਬਰ 1995)

13. “ ਲੇਖਕ ਦਾ ਚਿੰਤਨ’ ਦੋ ਪੱਧਰਾਂ ਉਪਰ ਧਿਆਨ ਆਕਰਸ਼ਿਤ ਕਰਦੀ ਹੈ। ਬਰਤਾਨਵੀ ਸਾਹਿਤ ਚਿੰਤਨ ਉਪਰ ਕੇਂਦਰਿਤ ਹੋਣ ਕਰਕੇ ਇਹ ਪੁਸਤਕ ਉਹਨਾਂ ਖੋਜੀਆਂ ਲਈ ਮੂਲ ਸਾਮਗਰੀ ਪ੍ਰਸਤੁਤ ਕਰਦੀ ਹੈ ਜੋ ਇਸ ਸਾਹਿਤ ਦੀ ਇਤਿਹਾਸਕਾਰੀ ਵੱਲ ਰੁਚਿੱਤ ਹਨ। ਦੂਜੀ ਪੱਧਰ ਉਪਰ ਇਹ ਪੁਸਤਕ ਸਾਹਿਤ ਚਿੰਤਨ ਅਤੇ ਸਿਰਜਣ-ਪ੍ਰਕ੍ਰਿਆ ਸੰਬੰਧੀ ਕੁਛ ਮੂਲ ਨੁੱਕਤੇ ਪ੍ਰਸਤੁਤ ਕਰਦੀ ਹੈ ਜੋ ਵਧੇਰੇ ਕਰਕੇ ਜ਼ਾਤੀ ਅਨੁਭਵ ਨਾਲ ਜੁੜੇ ਹੋਏ ਹਨ।” (ਡਾ: ਅਮਰਜੀਤ ਸਿੰਘ ਕਾਂਗ, ਕੁਰਕਸ਼ੇਤਰ ਯੂਨੀਵਰਸਿਟੀ)

14. “ਗੁਰਦਿਆਲ ਸਿੰਘ ਰਾਏ ਦੀ ਕਹਾਣੀ ਕਲਾ ਵਿਚ ਆਪਣੀ ਕਿਸਮ ਦੀ ਪਕਿਆਈ ਹੈ। ਉਹ ਜੀਵੇ ਹੋਏ ਅਨੁਭਵ ਦੀ ਪ੍ਰਮਾਣਿਕਤਾ ਦਾ ਬੋਲ ਉਚਾਰਦਾ ਹੈ ਅਤੇ ਸਾਧਾਰਣ ਘਟਨਾਵਾਂ ਦੀ ਤਹਿ ਵਿਚ ਲੁਕੇ ਡੂੰਘੇ ਦਾਰਸ਼ਨਿਕ ਅਰਥਾਂ ਨੂੰ ਫਰੋਲਣ ਦਾ ਯਤਨ ਕਰਦਾ ਹੈ।”(ਡਾ: ਜਗਬੀਰ ਸਿੰਘ, ਪੰਜਾਬੀ ਟ੍ਰਿਬੀਊਨ)

15. “ਪੰਜਾਬੀ ਦੇ ਪ੍ਰਵਾਸੀ ਕਹਾਣੀਕਾਰਾਂ ਵਿਚ ਗੁਰਦਿਆਲ ਸਿੰਘ ਰਾਏ (ਆਫ਼ ਬਰਮਿੰਘਮ) ਇਕ ਚਰਚਿਤ ਹਸਤਾਖਰ ਹੈ। ਉਸਨੂੰ ਕਹਾਣੀ ਫੜਨੀ, ਘੜਨੀ, ਕਹਿਣੀ ਤੇ ਮਟਕਾਉਣੀ ਆਉਂਦੀ ਹੈ। ਪਾਠਕ ਰੋਟੀ ਤਾਂ ਵਿਚੇ ਛੱਡ ਸਕਦਾ ਹੈ ਪਰ ਰਾਏ ਦੀ ਕਿਸੇ ਕਹਾਣੀ ਨੂੰ ਵਿਚ ਵਿਚਾਲੇ ਨਹੀਂ ਛੱਡ ਸਕਦਾ। ਇੰਨੀ ਉਤਸੁਕਤਾ ਤੇ ਰੌਚਕਤਾ ਹੁੰਦੀ ਹੈ ਉਸ ਦੀਆਂ ਕਹਾਣੀਆਂ ਵਿਚ।” (ਦਲੀਪ ਸਿੰਘ ਭੂਪਾਲ, ਅਜੀਤ 16 ਦਸੰਬਰ 1990)

16. “ਡਾ: ਗੁਰਦਿਆਲ ਸਿੰਘ ਰਾਏ ਪੰਜਾਬੀ ਦੇ ਸਰਬਾਂਗੀ ਅਤੇ ਪ੍ਰਤੀਭਾਸ਼ਾਲੀ ਕਹਾਣੀਕਾਰ ਅਤੇ ਨਿਬੰਧਕਾਰ ਹਨ। ਉਹਨਾਂ ਦੀਆਂ ਕਹਾਣੀਆਂ ਭਾਰਤ ਅਤੇ ਬਰਤਾਨੀਆ ਵਿਚਾਲੇ ਭਾਵਾਤਮਕ ਪੁੱਲ ਉਸਾਰਦੀਆਂ ਹਨ।” (ਪ੍ਰੋ: ਹਮਦਰਦਵੀਰ ਨੌਸ਼ਹਿਰਵੀ, ਸਮਰਾਲਾ)

17. “ਰਾਏ ਦੀ ਕਲਮ ਵਿਚ ਸਹਿਜ ਹੈ, ਸ਼ੋਖੀ ਹੈ ਅਤੇ ਉਲਾਰੂ ਸ਼ਿੱਦਤ ਨਹੀਂ।” (ਡਾ: ਚੰਨਣ ਸਿੰਘ ਚੰਨ)

18. “A chronicler of ordinary, inconspicuous lives, Gurdial Sngh Rai writes in an unpretentiously simple, straight-from-the heart, chatty style.” Rana Nayar (from Across the Shores: Punjabi Short Stories by Asian in Britain, 2002
***

 

 

 

ਡਾ. ਗੁਰਦਿਆਲ ਸਿੰਘ ਰਾਏ

ਡਾ. ਗੁਰਦਿਆਲ ਸਿੰਘ ਰਾਏ ਮੁੱਖ-ਸੰਪਾਦਕ, ‘ਲਿਖਾਰੀ’ (www.likhari.net) ਜਨਮ : 1 ਮਈ 1937 ਜਨਮ ਸਥਾਨ : ਤਿੰਨਸੁਖੀਆ, (ਆਸਾਮ) ਪਿਤਾ ਦਾ ਨਾਮ : ਸ. ਬਿਸ਼ਨ ਸਿੰਘ ਮਾਤਾ ਦਾ ਨਾਮ: ਸਰਦਾਰਨੀ ਗੁਰਬਚਨ ਕੌਰ ਵਿੱਦਿਆ: ਐਮ.ਏ. (ਪੰਜਾਬੀ), ਐਮ.ਐਸਸੀ (ਨੀਊਟਰੀਸ਼ੀਅਨ), ਪੀ.ਐਚ-ਡੀ(ਨੀਊਟਰੀਸ਼ੀਅਨ) Three Years Teaching Certificate in Education(Univ. Of London) Dip. In Teaching in a Multi-Ethnic School (CNAA) Dip. In Language Teaching (RSA) D. Hom, D.I.Hom (British Institute of Homeopathy Reflex Zone Therapy (ITEC) Fellow British Institute of Homeopathy Fellow Institute of Holistic Health ਕਿੱਤਾ: ਡਾਕੀਅਾ ,ਅਧਿਆਪਨ, ਸੰਪਾਦਨਾ (ਅਤੇ ਕਈ ਛੋਟੇ-ਮੋਟੇ ਹੋਰ ਕੰਮ) ਪ੍ਰਮੁੱਖ ਰਚਨਾਵਾਂ: 1. ਅੱਗ (ਕਾਵਿ ਸੰਗ੍ਰਹਿ) 2. ਮੋਏ ਪੱਤਰ (ਕਹਾਣੀ ਸੰਗ੍ਰਹਿ) 3. ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਿਹ) 4. ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ) 5. ਗੁਆਚੇ ਪਲਾਂ ਦੀ ਤਲਾਸ਼ (ਨਿਬੰਧ) 6. ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ) 7. ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ) 8. ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ) ਮਾਣ/ਸਨਮਾਨ : 1. ਆਲ ਇੰਡੀਆ ਲਿਟਰੇਰੀ ਕੌਂਸਲ, (ਸ਼ਿਮਲਾ) ਵਲੋਂ ‘ਕਹਾਣੀ’ ਲਈ ਸਨਮਾਨ—-1959 2. ਅੰਤਰ ਰਾਸ਼ਟਰੀ ਸੈਮੀਨਾਰ (27 ਮਾਰਚ-31 ਮਾਰਚ 1989) ਗੁਰੂ ਨਾਨਕ ਦੇਵ ਯੂਨੀਵਰਸਿਟੀ, ਵਿਸ਼ਵ ਪੰਜਾਬੀ ਸਾਹਿਤ ਤੇ ਰਾਸ਼ਟਰੀ ਜਾਗਰੂਕਤਾ ਸਮੇਂ ਬਦੇਸ਼ੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ 2. ਈਸਟ ਮਿਡਲੈਂਡਜ਼ ਆਰਟਸ ਕੌਂਸਲ ਵਲੋਂ ‘ਕਹਾਣੀ’ ਲਈ ਇਨਾਮ/ਸਨਮਾਨ 3. ਪੰਜਾਬੀ ਰਾਈਟਰਜ਼ ਫੋਰਮ, ਸਾਊਥੈਂਪਟਨ ਵਲੋਂ ਸਾਹਿਤਕ ਐਵਾਰਡ ਆਫ ਆਨਰ 4. ਪੰਜਾਬੀ ਕਵੀ ਦਰਬਾਰ ਵਾਲਥਮਸਟੋ ਵਲੋਂ ‘ਲਿਖਾਰੀ’ ਅਤੇ ਸਾਹਿਤਕ ਘਾਲਣਾ ਲਈ 5. ਆਲਮੀ ਪੰਜਾਬੀ ਕਾਨਫਰੰਸ ਲੰਡਨ ਵਲੋਂ ‘ਵਾਰਸ ਸ਼ਾਹ ਐਵਾਰਡ’ 6. ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆ ਵਲੋਂ ਸਰਵੋਤਮ ਸਾਹਿਤਕਾਰ ਸਨਮਾਨ ਚਿੰਨ੍ਹ Before migrating to the U.K. in 1963: (a) Worked as a School Teacher/Lecturer, (b) Editted a literary Punjabi Monthly Magazine PATTAN (Adampur, Jallandhar) (c) Worked as Sub-Editor in the Daily Akali Patrika (Jallandhar) Upon arrival in the U.K. worked as a postman. Then after acquiring Three Years Teaching Certificate in Education from the University of London worked as a teacher in different education authorities in the U.K…… Newham, Sandwell, Wolverhampton and the City of Birmingham. In the U.K. also edited various papers and magazines such as: Mamta (weekly/Monthly), Punjabi Post(weekly), Asian Post. His literary work appeared in well known monthlies, weeklies and daily News-papers such as Des Perdase, Sirnawaan, Mehram, Kahani Punjab, Punjabi Digest, Akaas, Nwaan Jamana, Punjabi Tribune, Ajit, Des Pardes, Punjab Times Weekly, Punjab Mail International, Meri Boli Mera Dharam. His work in Hindi has appeared in Mukta, Man-Mukta, Naya Akaash and Ira India. His work in Urdu has appeared in Ravi, Lehraan, Daily Front. ਸਾਹਿਤਕ ਪਰਾਪਤੀਆਂ ਸਬੰਧੀ ਕੁਝ ਟਿੱਪਣੀਆਂ: 1. “‘ਗੋਰਾ ਰੰਗ ਕਾਲੀ ਸੋਚ’, ‘ਮੋਏ ਪੱਤਰ’ ਤੇ ‘ਲੇਖਕ ਦਾ ਚਿੰਤਨ’ ਤਿੰਨੇ ਹੀ ਅੱਖਰ ਅੱਖਰ ਪੜ੍ਹਕੇ ਸਵਾਦ, ਪ੍ਰੇਰਨਾ ਤੇ ਸਿੱਖ-ਮਤ ਲਈ ਹੈ। ਧੰਨ ਹੋ ਜੋ ਅੰਗ੍ਰੇ੍ਰਜ਼ੀ ਦੇ ਗੜ੍ਹ ਤੇ ਸੋਮੇ ਵਿਚ ਨਹਾਉਂਦੇ ਭੀ ਪੰਜਾਬੀ ਨੂੰ ਨਹੀਂ ਭੁੱਲੇ।--- ‘ਲੇਖਕ ਦਾ ਚਿੰਤਨ’ ਬਹੁਤ ਸ਼ਲਾਘਾ ਯੋਗ ਉਦਮ ਤੇ ਸਦਾ ਸਾਂਭਣ ਵਾਲਾ ਹੀਰਾ ਹੈ, ਖਾਸ ਕਰਕੇ ਪਜਾਬੀ ਸਾਹਿਤ ਦੇ ਇਤਿਹਾਸਕਾਰਾਂ ਲਈ। ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਿਆ ਖੋਜ-ਪਤਰ ਸਚੀਂਮੁਚੀਂ ਬਹੁਤ ਖੋਜ ਭਰੀ ਕੀਮਤੀ ਸੁਗਾਤ ਬਣ ਗਈ ਹੈ।” (ਸਵ: ਪ੍ਰਿੰਸੀਪਲ ਐਸ.ਐਸ. ਅਮੋਲ 17.11.1990) 2. “ਰਾਏ ਦੀ ਕਹਾਣੀ ਵਿਚ ਇਕ ਅਣਗੌਲਿਆ ਪਰ ਪ੍ਰਭਾਵ-ਸ਼ੀਲ ਸੰਦੇਸ਼ਾ ਜਾਂ ਸੇਧ ਹੈ।”(ਪ੍ਰਿੰਸੀ: ਐਸ¤ਐਸ¤ ਅਮੋਲ) 3. “ਗੁਰਦਿਆਲ ਸਿੰਘ ਰਾਏ ਦੀਆਂ ਕਹਾਣੀਆਂ ਵਿਚ ਇੱਕ ਪੈਗ਼ਾਮ ਹੁੰਦਾ ਹੈ, ਦਰਦ ਹੁੰਦਾ ਹੈ ਤੇ ਇੱਕ ਖਾਸ ਉਦੇਸ਼ ਹੁੰਦਾ ਹੈ।”(ਡਾ: ਜੋਗਿੰਦਰ ਸਿੰਘ ਨਿਰਾਲਾ) 4. “ਰਾਏ ਦੀ ਪ੍ਰਤਿਭਾ ਬਹੁ-ਪੱਖੀ ਹੈ। ਪੰਜਾਬੀ ਦੇ ਕਿੰਨੇ ਹੀ ਚੰਗੇ ਮੰਦੇ ਰਸਾਲਿਆਂ ਤੇ ਅਖਬਾਰਾਂ ਵਿਚ ਉਹ 1955 ਤੋਂ ਹੀ ਕਦੇ ਘੱਟ, ਕਦੇ ਵੱਧ ਛਪਦਾ ਆ ਰਿਹਾ ਹੈ।”(ਪ੍ਰੋ. ਓ.ਪੀ. ਗੁਪਤਾ) 5. “ਰਾਏ ਦਾ ਮੁੱਖ ਉੱਦੇਸ਼ ਸੁਧਾਰਵਾਦੀ ਤੇ ਸਮਾਜ ਉਸਾਰੀ ਹੈ।”(ਨਿਰੰਜਣ ਸਿੰਘ ਨੂਰ) 6. “ਡਾ: ਗੁਰਦਿਆਲ ਸਿੰਘ ਰਾਏ ਚੰਗੀ ਕਹਾਣੀ ਲਿਖਣ ਦੇ ਯੋਗ ਵੀ ਹੈ ਤੇ ਕਹਾਣੀ ਕਲਾ ਦਾ ਪੂਰਨ ਗਿਆਨ ਵੀ ਰੱਖਦਾ ਹੈ।” (ਹਰਬਖਸ਼ ਸਿੰਘ ਮਕਸੂਦਪੁਰੀ, ਸਾਡਾ ਹਿੱਸਾ `ਚ) 7. “ਗੁਰਦਿਆਲ ਸਿੰਘ ਰਾਏ ਜੀਵਨ ਦੀ ਕਿਸੇ ਸਾਰਥਕ ਘਟਨਾ ਨੂੰ ਸਿੱਧ-ਪੱਧਰੇ ਲਫ਼ਜ਼ਾਂ ਵਿਚ ਕਹਾਣੀ ਦੇ ਰੂਪ ਵਿਚ ਪੇਸ਼ ਕਰਦਾ ਹੈ। ਕਹਾਣੀ ਦੇ ਅੰਤ ਨੂੰ ਪਹਿਲਾਂ ਦਰਸਾ ਕੇ ਸਾਰੀ ਕਹਾਣੀ ਸੁਣਾਉਂਦਾ ਹੈ। ਆਰੰਭ ਕਰਨ ਲੱਗਿਆਂ ਜਲਦੀ ਹੀ ਪਾਠਕ ਨੂੰ ਪਹਿਲੇ ਸ਼ਬਦਾਂ ਵਿਚ ਕੀਲ ਲੈਂਦਾ ਹੈ। (ਡਾ: ਪ੍ਰੀਤਮ ਸਿੰਘ ਕੈਂਬੋ) 8. “ਡਾ: ਗੁਰਦਿਆਲ ਸਿੰਘ ਰਾਏ ਕਵਿਤਾ, ਕਹਾਣੀ, ਆਲੋਚਨਾ ਤੇ ਨਿਬੰਧ ਆਦਿ ਵਿਧਾ ਤੇ ਕਲਮ-ਅਜ਼ਮਾਈ ਕਰ ਚੁੱਕਿਆ ਹੈ। ---ਨਿਬੰਧ ਸਿਰਜਣਾ ਦੇ ਖੇਤਰ ਵਿਚ ਉਸਨੇ ਪੰਜਾਬੀ ਪਾਠਕਾਂ ਦਾ ਉਚੇਚੇ ਤੌਰ ਤੇ ਧਿਆਨ ਆਪਣੇ ਵੱਲ ਖਿਚ੍ਹਿਆ ਹੈ। --- ਡਾ: ਰਾਏ ਇੱਕ ਉਹ ਵਿਦਵਾਨ ਸਿਰਜਕ ਲੇਖਕ ਹੈ ਜਿਸ ਪਾਸ ਵਿਸ਼ਾਲ ਦ੍ਰਿਸ਼ਟੀ ਵੀ ਹੈ ਅਤੇ ਦ੍ਰਿਸ਼ਟੀਕੋਣ ਵੀ। ਉਹ ਜਿਹੜੇ ਵੀ ਵਿਸ਼ੇ ਨੂੰ ਲੈ ਕੇ ਨਿਬੰਧ ਰਚਨਾ ਕਰਦਾ ਹੈ ਉਸ ਨਾਲ ਪਾਠਕਾਂ ਨੂੰ ਭਰਪੂਰ ਗਿਆਨ ਪ੍ਰਦਾਨ ਕਰਦਾ ਹੋਇਆ, ਉਹਨਾਂ ਨੂੰ ਬੌਧਿਕ ਤੇ ਮਾਨਸਿਕ ਤ੍ਰਿਪਤੀ ਦਿੰਦਾ ਹੋਇਆ, ਉਹਨਾਂ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਨ ਦੀ ਸਮਰਥਾ ਰੱਖਦਾ ਹੈ।” (ਗੁਰਮੇਲ ਮਡਾਹੜ) 9. “ਡਾ: ਗੁਰਦਿਆਲ ਸਿੰਘ ਰਾਏ ਨੇ ਪੰਜਾਬੀ ਵਾਰਤਕ ਅਤੇ ਵਿਸ਼ੇਸ਼ ਕਰਕੇ ਪਰਵਾਸੀ ਪੰਜਾਬੀ ਨਿਬੰਧ ਸਾਹਿਤ ਵਿੱਚ ਗੁਣਾਤਮਕ ਪੱਖੋਂ ਮਹੱਤਵਪੂਰਨ ਯੋਗਦਾਨ ਪਾਇਆ ਹੈ।”(ਡਾ: ਮਹਿੰਦਰ ਸਿੰਘ ਡਡਵਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) 10. “ਸੁਭਾਵਕ ਹੀ ਇਕ ਰਾਤ ਮੈਂ ਰਾਏ ਜੀ ਦੀ ਪੁਸਤਕ ‘ਗੁਆਚੇ ਪਲਾਂ ਦੀ ਤਲਾਸ਼’ ਨੂੰ ਛੇੜ ਬੈਠਾ। ਬਰਤਾਨੀਆਂ ਦੇ ਲੇਖਕ ਦੀ ਪੁਸਤਕ ਤੇ ਉਹ ਵੀ ਨਿਬੰਧਾਂ ਦੀ? ਮੈਂਨੂੰ ਯਕੀਨ ਨਹੀਂ ਸੀ ਆ ਰਿਹਾ। ਮੈਂ ਆਪਣਾ ਭਰਮ ਨਿਵਾਰਨ ਹਿੱਤ ਪੁਸਤਕ ਦੇ ਮੁੱਖ ਪੰਨੇ ਤੇ ਲੇਖਕ ਦੇ ਨਾਂ ਨੂੰ ਗੌਰ ਨਾਲ ਮੁੜ ਪੜ੍ਹਿਆ। ਠੀਕ ਗੁਰਦਿਆਲ ਸਿੰਘ ਰਾਏ ਹੀ ਸੀ। ਮੈਂਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਅਕਾਲ ਪੁਰਖ ਦਾ ਸ਼ੁਕਰ ਕੀਤਾ ਕਿ ਭਾਰਤ ਵਿਚ ਮੇਰੇ ਕੋਲ ਗੁਰਦਿਆਲ ਸਿੰਘ ਨਾਵਲਕਾਰ ਹੈ ਸੀ, ਨਾਟਕਾਰ ਗੁਰਦਿਆਲ ਸਿੰਘ ਇੱਕ ਛੱਡ ਦੋ ਸਨ। ਇੱਕ ਗੁਰਦਿਆਲ ਸਿੰਘ ਫ਼ੁੱਲ (ਸਵਰਗਵਾਸੀ) ਤੇ ਗੁਰਦਿਆਲ ਸਿੰਘ ਖੋਸਲਾ ਤੇ ਹੁਣ ਇੱਥੇ ਚੋਟੀ ਦਾ ਨਿਬੰਧਕਾਰ ਗੁਰਦਿਆਲ ਸਿੰਘ ਰਾਏ ਮਿਲ ਗਿਆ ਹੈ, ਜਿਸਨੇ ਮੈਂਨੂੰ ਆਪਣੇ ਜ਼ਿਹਨ ਵਿੱਚ ਧੁੰਧਲੇ ਹੋ ਰਹੇ ਪੰਜਾਬੀ ਨਿਬੰਧਕਾਰ ਮੁੜ ਚੇਤੇ ਕਰਵਾ ਦਿੱਤੇ ਹਨ।” (ਪ੍ਰਿੰਸੀਪਲ ਗੁਰਬਚਨ ਸਿੰਘ ਭੂਈ ਸੰਪਾਦਕ ਮੇਰੀ ਬੋਲੀ ਮੇਰਾ ਧਰਮ, ਜੂਨ, 1994) 11. “ਬਿਨਾਂ ਕਿਸੇ ਕਹਾਣੀ ਤੋਂ ਹੀ ਕਹਾਣੀ ਲਿਖ ਦੇਣੀ ਆਪ (ਗੁਰਦਿਆਲ ਸਿੰਘ ਰਾਏ) ਦੀ ਖੂਬੀ ਹੈ। ਪ੍ਰਯੋਗਸ਼ੀਲਤਾ ਵੀ ਆਪਦਾ ਵਿਸ਼ੇਸ਼ ਗੁਣ ਹੈ।”(ਗੁਰਦਾਸ ਸਿਘ ਪਰਮਾਰ, ਬਰਤਾਨਵੀ ਪੰਜਾਬੀ ਕਹਾਣੀ ਵਿਚ) 12. “ਏੱਥੇ (ਬਰਤਾਨੀਆ ਵਿਚ) ਚਿਰ ਕਾਲ ਤੋਂ ਪੂਰਨ ਸਹਿਜ-ਅਵਸਥਾ ਵਿਚ ਪਰਿਵਾਸੀ ਜੀਵਨ ਭੋਗ ਰਿਹਾ ਡਾ: ਗੁਰਦਿਆਲ ਸਿੰਘ ਰਾਏ ਨਿਸੰਦੇਹ ਅਸਲੋਂ ਹੀ ਵਿਲੱਖਣ ਅਤੇ ਬਹੁ-ਪੱਖੀ ਸਾਹਿਤਕ ਪ੍ਰਤਿਭਾ ਦਾ ਸੁਆਮੀ ਹੈ। ਉਹ ਪੰਜਾਬੀ ਦਾ ਇੱਕ ਸਫਲ ਕਹਾਣੀਕਾਰ ਵੀ ਹੈ ਅਤੇ ਨਿਪੁੰਨ ਨਿਬੰਧਕਾਰ ਵੀ। ਪਰੋਢ ਤੇ ਸ਼ਾਸਤਰੀ ਆਲੋਚਕ ਵਾਲੇ ਲੋੜੀਂਦੇ ਲਗਪਗ ਸਾਰੇ ਗੁਣ ਵੀ ਉਸ ਵਿਚ ਮੌਜੂਦ ਹਨ। ਪਰ ਇਸ ਸਭ ਕੁਝ ਤੋਂ ਬਿਨਾਂ ਜਿਹੜਾ ਗੁਣ ਰਾਏ ਹੁਰਾਂ ਦੇ ਸਾਹਿੱਤਕ ਕੱਦ ਨੂੰ ਸਮਕਾਲੀ ਲੇਖਕਾਂ ਤੋਂ ਕਦਰੇ ਹੋਰ ਉੱਚਾ ਕਰਦਾ ਹੈ ਉਹ ਹੈ, ਭਾਰਤ ਦੀਆਂ ਅਨੇਕਾਂ ਭਾਸ਼ਾਵਾਂ ਜਿਵੇਂ ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਉੜੀਆ, ਤਿਲਗੋ, ਮਲਾਇਮ ਆਦਿ ਤੋਂ ਬਿਨਾਂ ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦੀਆਂ ਭਿੰਨ ਭਿੰਨ ਰੂਪਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਲਗਾਤਾਰਤਾ ਨਾਲ ਪੰਜਾਬੀ ਵਿਚ ਅਨੁਵਾਦਣ ਦਾ।---ਡਾ: ਰਾਏ ਅਨੁਵਾਦਕਾਰਾਂ ਦੀ ਮੁਹਰਲੀ ਕਤਾਰ ਵਿਚ ਖੜੇ ਹੋਣ ਦਾ ਮੁਸਤਹਕ ਹੈ।” (ਪ੍ਰਿੰਸੀਪਲ ਗੁਰਬਚਨ ਸਿੰਘ ਭੂਈ, ਸੰਪਾਦਕ, ਮੇਰੀ ਬੋਲੀ ਮੇਰਾ ਧਰਮ, ਸਤੰਬਰ 1995) 13. “ ਲੇਖਕ ਦਾ ਚਿੰਤਨ’ ਦੋ ਪੱਧਰਾਂ ਉਪਰ ਧਿਆਨ ਆਕਰਸ਼ਿਤ ਕਰਦੀ ਹੈ। ਬਰਤਾਨਵੀ ਸਾਹਿਤ ਚਿੰਤਨ ਉਪਰ ਕੇਂਦਰਿਤ ਹੋਣ ਕਰਕੇ ਇਹ ਪੁਸਤਕ ਉਹਨਾਂ ਖੋਜੀਆਂ ਲਈ ਮੂਲ ਸਾਮਗਰੀ ਪ੍ਰਸਤੁਤ ਕਰਦੀ ਹੈ ਜੋ ਇਸ ਸਾਹਿਤ ਦੀ ਇਤਿਹਾਸਕਾਰੀ ਵੱਲ ਰੁਚਿੱਤ ਹਨ। ਦੂਜੀ ਪੱਧਰ ਉਪਰ ਇਹ ਪੁਸਤਕ ਸਾਹਿਤ ਚਿੰਤਨ ਅਤੇ ਸਿਰਜਣ-ਪ੍ਰਕ੍ਰਿਆ ਸੰਬੰਧੀ ਕੁਛ ਮੂਲ ਨੁੱਕਤੇ ਪ੍ਰਸਤੁਤ ਕਰਦੀ ਹੈ ਜੋ ਵਧੇਰੇ ਕਰਕੇ ਜ਼ਾਤੀ ਅਨੁਭਵ ਨਾਲ ਜੁੜੇ ਹੋਏ ਹਨ।” (ਡਾ: ਅਮਰਜੀਤ ਸਿੰਘ ਕਾਂਗ, ਕੁਰਕਸ਼ੇਤਰ ਯੂਨੀਵਰਸਿਟੀ) 14. “ਗੁਰਦਿਆਲ ਸਿੰਘ ਰਾਏ ਦੀ ਕਹਾਣੀ ਕਲਾ ਵਿਚ ਆਪਣੀ ਕਿਸਮ ਦੀ ਪਕਿਆਈ ਹੈ। ਉਹ ਜੀਵੇ ਹੋਏ ਅਨੁਭਵ ਦੀ ਪ੍ਰਮਾਣਿਕਤਾ ਦਾ ਬੋਲ ਉਚਾਰਦਾ ਹੈ ਅਤੇ ਸਾਧਾਰਣ ਘਟਨਾਵਾਂ ਦੀ ਤਹਿ ਵਿਚ ਲੁਕੇ ਡੂੰਘੇ ਦਾਰਸ਼ਨਿਕ ਅਰਥਾਂ ਨੂੰ ਫਰੋਲਣ ਦਾ ਯਤਨ ਕਰਦਾ ਹੈ।”(ਡਾ: ਜਗਬੀਰ ਸਿੰਘ, ਪੰਜਾਬੀ ਟ੍ਰਿਬੀਊਨ) 15. “ਪੰਜਾਬੀ ਦੇ ਪ੍ਰਵਾਸੀ ਕਹਾਣੀਕਾਰਾਂ ਵਿਚ ਗੁਰਦਿਆਲ ਸਿੰਘ ਰਾਏ (ਆਫ਼ ਬਰਮਿੰਘਮ) ਇਕ ਚਰਚਿਤ ਹਸਤਾਖਰ ਹੈ। ਉਸਨੂੰ ਕਹਾਣੀ ਫੜਨੀ, ਘੜਨੀ, ਕਹਿਣੀ ਤੇ ਮਟਕਾਉਣੀ ਆਉਂਦੀ ਹੈ। ਪਾਠਕ ਰੋਟੀ ਤਾਂ ਵਿਚੇ ਛੱਡ ਸਕਦਾ ਹੈ ਪਰ ਰਾਏ ਦੀ ਕਿਸੇ ਕਹਾਣੀ ਨੂੰ ਵਿਚ ਵਿਚਾਲੇ ਨਹੀਂ ਛੱਡ ਸਕਦਾ। ਇੰਨੀ ਉਤਸੁਕਤਾ ਤੇ ਰੌਚਕਤਾ ਹੁੰਦੀ ਹੈ ਉਸ ਦੀਆਂ ਕਹਾਣੀਆਂ ਵਿਚ।” (ਦਲੀਪ ਸਿੰਘ ਭੂਪਾਲ, ਅਜੀਤ 16 ਦਸੰਬਰ 1990) 16. “ਡਾ: ਗੁਰਦਿਆਲ ਸਿੰਘ ਰਾਏ ਪੰਜਾਬੀ ਦੇ ਸਰਬਾਂਗੀ ਅਤੇ ਪ੍ਰਤੀਭਾਸ਼ਾਲੀ ਕਹਾਣੀਕਾਰ ਅਤੇ ਨਿਬੰਧਕਾਰ ਹਨ। ਉਹਨਾਂ ਦੀਆਂ ਕਹਾਣੀਆਂ ਭਾਰਤ ਅਤੇ ਬਰਤਾਨੀਆ ਵਿਚਾਲੇ ਭਾਵਾਤਮਕ ਪੁੱਲ ਉਸਾਰਦੀਆਂ ਹਨ।” (ਪ੍ਰੋ: ਹਮਦਰਦਵੀਰ ਨੌਸ਼ਹਿਰਵੀ, ਸਮਰਾਲਾ) 17. “ਰਾਏ ਦੀ ਕਲਮ ਵਿਚ ਸਹਿਜ ਹੈ, ਸ਼ੋਖੀ ਹੈ ਅਤੇ ਉਲਾਰੂ ਸ਼ਿੱਦਤ ਨਹੀਂ।” (ਡਾ: ਚੰਨਣ ਸਿੰਘ ਚੰਨ) 18. “A chronicler of ordinary, inconspicuous lives, Gurdial Sngh Rai writes in an unpretentiously simple, straight-from-the heart, chatty style.” Rana Nayar (from Across the Shores: Punjabi Short Stories by Asian in Britain, 2002 ***      

View all posts by ਡਾ. ਗੁਰਦਿਆਲ ਸਿੰਘ ਰਾਏ →