26 April 2024

ਪ੍ਰੋ. ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ ‘ਸਰਦਾਰਨੀਆਂ’ ਔਰਤ ਦੀ ਬਹਾਦਰੀ ਦਾ ਪ੍ਰਤੀਕ – – – ਉਜਾਗਰ ਸਿੰਘ

ਪ੍ਰੋ. ਰਾਮ ਲਾਲ ਭਗਤ ਬਹੁਪੱਖੀ ਸ਼ਾਇਰ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜ ਵਿੱਚ ਵਾਪਰਨ ਵਾਲੀਆਂ ਤਤਕਾਲੀ ਘਟਨਾਵਾਂ ਦੀ ਤਰਜਮਾਨੀ ਕਰਨ ਵਾਲੇ ਹੁੰਦੇ ਹਨ। ਉਸ ਨੇ ਹੁਣ ਤੱਕ 8 ਕਾਵਿ ਸੰਗ੍ਰਹਿ ਪ੍ਰਕਾਸ਼ਤ ਕੀਤੇ ਹਨ। ਪੜਚੋਲ ਅਧੀਨ ਕਾਵਿ ਸੰਗ੍ਰਹਿ ਦਾ ਸਿਰਲੇਖ ਕਿਸਾਨੀ ਨਾਲ ਸੰਬੰਧਤ ਸੰਸਾਰ ਵਿੱਚ ਸਭ ਤੋਂ ਵੱਡੇ ਕਿਸਾਨ ਅੰਦੋਲਨ ਵਿੱਚ ਇਸਤਰੀਆਂ ਦੇ ਯੋਗਦਾਨ ਬਾਰੇ ‘ਸਰਦਾਰਨੀਆਂ’ ਹੈ।

ਕਾਵਿ ਸੰਗ੍ਰਹਿ ਦਾ ਨਾਮ ‘ਸਰਦਾਰਨੀਆਂ’ ਸਮੁੱਚੀ ਇਸਤਰੀ ਜਾਤੀ ਦੀ ਪ੍ਰਤੀਨਿਧਤਾ ਕਰਦਾ ਹੈ ਕਿਉਂਕਿ ਸਿੱਖ ਇਤਿਹਾਸ ਵਿੱਚ ਸਰਦਾਰਨੀਆਂ ਨੂੰ ਬਹਾਦਰੀ ਦਾ ਪ੍ਰਤੀਕ ਗਿਣਿਆਂ ਜਾਂਦਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਸਮੁੱਚੇ ਭਾਰਤ ਵਿੱਚੋਂ ਕਿਸਾਨ ਅੰਦੋਲਨ ਵਿੱਚ ਇਸਤਰੀਆਂ ਦਾ ਵੱਡੀ ਮਾਤਰਾ ਵਿੱਚ ਸ਼ਾਮਲ ਹੋਣਾ ਹੀ ਨਹੀਂ ਸਗੋਂ ਲਗਾਤਾਰ ਡਟੇ ਰਹਿਣ ਦੀ ਬਹਾਦਰੀ ਦੇ ਸੋਹਲੇ ਗਾਏ ਗਏ ਹਨ।

ਇਸਤਰੀ ਦੀ ਹੋਂਦ ਤੋਂ ਬਿਨਾ ਸਮਾਜ ਅਧੂਰਾ ਹੁੰਦਾ ਹੈ। ਹੁਣ ਤੱਕ ਸੰਸਾਰ ਵਿੱਚ ਹੋਏ ਅੰਦੋਲਨਾ ਵਿੱਚ ਇਸਤਰੀਆਂ ਇਤਨੀ ਵੱਡੀ ਗਿਣਤੀ ਵਿੱਚ ਕਦੀਂ ਵੀ ਸ਼ਾਮਲ ਨਹੀਂ ਹੋਈਆਂ।

ਇਸ ਕਾਵਿ ਸੰਗ੍ਰਹਿ ਵਿੱਚ ਕਵਿਤਾ ਦੇ ਵੱਖ-ਵੱਖ ਰੂਪ ਵਾਲੀਆਂ 84 ਕਵਿਤਾਵਾਂ ਹਨ। ਪ੍ਰੋ. ਰਾਮ ਲਾਲ ਭਗਤ ਨੇ ਇਸਤਰੀ ਦੀ ਬਹਾਦਰੀ ਅਤੇ ਸਮਾਜ ਬਾਰੇ ਪ੍ਰਤੀਬੱਧਤਾ ਦਾ ਜ਼ਿਕਰ ਕਰਦਿਆਂ ਇਤਿਹਾਸ ਵਿੱਚੋਂ ਉਦਾਹਰਣਾ ਦੇ ਕੇ ਇਸਤਰੀ ਦੀ ਬਹਾਦਰੀ ਦੇ ਕਸੀਦੇ ਪੜ੍ਹੇ ਹਨ।

ਸਮਾਜ ਦੇ ਅੱਧੇ ਹਿੱਸੇ ਇਸਤਰੀਆਂ ਦੀ ਪੜ੍ਹਾਈ ‘ਤੇ ਜ਼ੋਰ ਦਿੰਦਿਆਂ ਕਵੀ ਲਿਖਦਾ ਹੈ ਕਿ ਵਿਦਿਆ ਦਾ ਚਾਨਣ ਫੈਲਾਉਣ ਵਿੱਚ ਇਸਤਰੀਆਂ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ ਕਿਉਂਕਿ ਪਰਿਵਾਰਾਂ ਦਾ ਭਵਿਖ ਪੜ੍ਹੀ ਲਿਖੀ ਇਸਤਰੀ ਤੇ ਨਿਰਭਰ ਹੁੰਦਾ ਹੈ। ਕਿਸਾਨ ਅੰਦੋਲਨ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਕਵੀ ਲੋਕਾਈ ਦੀ ਇੱਕਮੁੱਠਤਾ ਸ਼ਕਤੀ ਨੂੰ ਸਲਾਮ ਕਰਦਾ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਇਸਤਰੀਆਂ ਨੂੰ ਚੇਤੰਨ ਅਤੇ ਸੰਜੀਦਾ ਹੋ ਕੇ ਸੁਜੱਗ ਰਹਿਣ ‘ਤੇ ਵੀ ਜ਼ੋਰ ਦਿੰਦਾ ਹੈ।

‘ਕਵਿਤਾ’ ਸਿਰਲੇਖ ਵਾਲੀ ਕਵਿਤਾ ਵਿੱਚ ਇਸਤਰੀ ਦੀ ਬਹਾਦਰੀ ਨੂੰ ਸੰਸਾਰ ਦੇ ਅਧਿਆਤਮਿਕ ਮਹਾਂ ਪੁਰਖਾਂ ਦੀ ਅਕੀਦਤ ਦਾ ਜ਼ਿਕਰ ਕਰਦਾ ਹੈ। ‘ਸਤ ਫੁੱਲ’ ਕਵਿਤਾ ਵਿੱਚ ਕਵੀ ਇਸਤਰੀਆਂ ਅਤੇ ਬਜ਼ੁਰਗਾਂ ਨੂੰ ਪ੍ਰੇਰਨਾ ਵੀ ਕਰਦਾ ਹੈ ਕਿ ਆਪਣੀਆਂ ਨੂੰਹਾਂ ਦੀ ਕਦਰ ਕਰਨ ਦਾ ਪ੍ਰਣ ਲੈਣ ਤਾਂ ਜੋ ਸਮਾਜ ਸਿਹਤਮੰਦ ਬਣ ਸਕੇ।

‘ਬੇਬੇ ਦਾ ਸੰਦੂਕ’ ਕਵਿਤਾ ਪੰਜਾਬ ਦੀ ਵਿਰਾਸਤ ਸਾਂਭ ਕੇ ਰੱਖਣ ਦੀ ਤਾਕੀਦ ਕਰਦਾ ਹੈ।

‘ਵਲੈਤਣ ਜੁਗਨੀ’, ‘ਨੇਤਾ ਜੀ’, ‘ਵੋਟਾਂ’, ‘ਢੋਲੀਆ’ ਅਤੇ ‘ਭਾਰਤ ਮਹਾਨ’ ਕਵਿਤਾਵਾਂ ਵਿੱਚ ਸਮਾਜ ਵਿੱਚ ਵੱਧ ਰਹੇ ਭਰਿਸ਼ਟਾਚਾਰ, ਜਾਤਪਾਤ, ਮਿਲਾਵਟਖੋਰੀ, ਨੇਤਾਵਾਂ ਦੀ ਧਿੰਗੋਜੋਰੀ ਆਦਿ ਅਤੇ ਨਸ਼ਿਆਂ ਦਾ ਪ੍ਰਕੋਪ ਨੂੰ ਦੂਰ ਕਰਨ ਵਿੱਚ ਸਮਾਜ ਨੂੰ ਜਾਗ੍ਰਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਹ ਸਮਾਜਿਕ ਬੁਰਾਈਆਂ ਲੋਕਾਈ ਅਤੇ ਖਾਸ ਤੌਰ ‘ਤੇ ਇਸਤਰੀਆਂ ਦੇ ਸਹਿਯੋਗ ਤੋਂ ਬਿਨਾ ਖ਼ਤਮ ਨਹੀਂ ਕੀਤੀਆਂ ਜਾ ਸਕਦੀਆਂ। ਕਿਸਾਨਾ ਦੇ ਪੜ੍ਹੇ ਲਿਖੇ ਹੋਣ ਦੀ ਵੀ ਜ਼ਰੂਰਤ ਹੈ। ਗ਼ਰੀਬ ਅਮੀਰ ਦਾ ਪਾੜਾ ਵਧਾਉਣ ਦੇ ਜ਼ਿੰਮੇਵਾਰ ਸਿਆਸਤਦਾਨ ਅਤੇ ਅਧਿਕਾਰੀਆਂ ਨੂੰ ਗਰਦਾਨਦਾ ਹੈ।

‘ਕੁੜੀਆਂ’ ਸਿਰਲੇਖ ਵਾਲੀ ਕਵਿਤਾ ਲੜਕੀਆਂ ਵਿੱਚ ਆ ਰਹੀ ਜਾਗ੍ਰਤੀ ਦਾ ਪ੍ਰਤੀਕ ਹੈ। ਕੁੜੀਆਂ ਹੁਣ ਅਬਲਾ ਨਹੀਂ ਹਨ।

‘ਸਰਦਾਰਨੀਆਂ’ ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਸਮਾਜ ਦੇ ਜਾਗ੍ਰਤ ਹੋਣ ਨਾਲ ਲੋਕ ਆਪਣੇ ਹੱਕ ਆਪ ਹੀ ਖੋਹ ਲੈਣਗੇ। ਪੁਰਾਤਨ ਗਲੀਆਂ ਸੜੀਆਂ ਪਰੰਪਰਾਵਾਂ ਤੋਂ ਖਹਿੜਾ ਛੁਡਾਕੇ ਅੱਗੇ ਵੱਧਣ ਨੂੰ ਤਰਜੀਹ ਦਿੱਤੀ ਜਾਵੇ।

‘ਬੈਂਤ’ ਵਿੱਚ ਕਵੀ ਇਸਤਰੀ ਨੂੰ ਆਪਣਾ ਮੂਲ ਪਛਾਨਣ ਲਈ ਪ੍ਰੇਰਦਾ ਹੈ। ‘ਰਿਸ਼ਵਤਖ਼ੋਰ’ ਕਵਿਤਾ ਵਿੱਚ ਨਿਆਇਕ ਪ੍ਰਣਾਲੀ ਨੂੰ ਵੀ ਵੰਗਾਰਿਆ ਗਿਆ ਹੈ। ‘ਨੇਤਾ ਜੀ’ ਕਵਿਤਾ ਵਿੱਚ ਲੋਕਾਂ ਨੂੰ ਕਵੀ ਆਗਾਹ ਕਰਦਾ ਹੈ ਕਿ ਪਾਰਟੀਆਂ ਬਦਲ ਕੇ ਗੁਮਰਾਹ ਕਰਨ ਵਾਲੇ ਨੇਤਾਵਾਂ ਤੋਂ ਸੁਚੇਤ ਰਹੋ। ਵੋਟ ਦਾ ਇਸਤੇਮਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਲਾਲਚ ਨੂੰ ਤਿਆਗੋਗੇ ਤਾਂ ਹੀ ਸਿਹਤਮੰਦ ਸਮਾਜ ਉਸਰੇਗਾ।

‘ਕੈਨੇਡੀਅਨ ਲਾੜਾ’ ਕਵਿਤਾ ਪੰਜਾਬੀਆਂ ਦੀ ਪ੍ਰਵਾਸ ਵਿੱਚ ਗ਼ਲਤ ਢੰਗ ਨਾਲ ਅਣਜੋੜ ਵਿਆਹ ਕਰਵਾਕੇ ਜਾਣ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੀ ਹੈ। ‘ਲੋਰੀ’ ਕਵਿਤਾ ਭਰੂਣ ਹੱਤਿਆ ਦਾ ਪਾਜ ਖੋਲ੍ਹਦੀ ਹੈ ਕਿ ਕਿਵੇਂ ਜੰਮਦੀਆਂ ਬੱਚੀਆਂ ਦੀ ਭਰੂਣ ਹੱਤਿਆ ਕੀਤੀ ਜਾਂਦੀ ਹੈ।

‘ਮਾਵਾਂ’ ਕਵਿਤਾ ਪਰਵਾਸ ਵਿੱਚ ਵਸਣ ਲਈ ਗਏ ਪੁੱਤਰਾਂ ਦੀ ਉਡੀਕ ਵਿੱਚ ਤਰਸਦੀਆਂ ਮਾਵਾਂ ਦਾ ਬਿ੍ਰਤਾਂਤ ਹੈ। ‘ਕਾਵਾਂ’ ਕਵਿਤਾ ਵਿੱਚ ਅਨੇਕ ਵਿਸ਼ੇ ਛੋਹ ਕੇ ਦੱਸਿਆ ਗਿਆ ਹੈ ਕਿ ਪੰਜਾਬੀ ਆਪਣੀ ਅਮੀਰ ਵਿਰਾਸਤ ਤੋਂ ਵੀ ਕੁਝ ਗ੍ਰਹਿਣ ਕਰਨ ਲਈ ਤਿਆਰ ਨਹੀਂ ਹਨ। ‘ਜ਼ਰਾ ਬਚ ਕੇ ਮੋੜ ਤੋਂ’ ਕਵਿਤਾ ਵਿੱਚ ਮਾਪਿਆਂ ਦੀ ਕਮਾਈ ਦਾ ਨਜ਼ਾਇਜ਼ ਲਾਭ ਉਠਾਉਣ ਦੀ ਥਾਂ ਨੌਜਵਾਨਾ ਨੂੰ ਹੱਥੀਂ ਮਿਹਨਤ ਕਰਕੇ ਸਫਲ ਹੋਣ ਦੀ ਪ੍ਰੇਰਨਾ ਦਿੰਦੀ ਹੈ।

‘ਆਈਲੈਟਸ’ ਕਵਿਤਾ ਲੜਕਿਆਂ ਦੀ ਪੜ੍ਹਾਈ ਵਿੱਚ ਕਮਜ਼ੋਰੀ ਅਤੇ ਵਿਆਹ ਲਈ ਆਈਲੈਟਸ ਪੜ੍ਹੀਆਂ ਲੜਕੀਆਂ ਦੇ ਮਗਰ ਪਾਗਲਾਂ ਵਾਂਗ ਮੇਲ੍ਹਦੇ ਫਿਰਦੇ ਲੜਕਿਆਂ ਤ੍ਰਾਸਦੀ ਪ੍ਰਗਟਾਉਂਦੀ ਹੈ। ਲੜਕੀਆਂ ਦੀ ਪ੍ਰਤਿਭਾ ਦਾ ਹੁਣ ਮੁੱਲ ਪੈਣ ਲੱਗਿਆ ਹੈ। ‘ਵਿਦੇਸ਼’ ਕਵਿਤਾ ਵਿੱਚ ਪੰਜਾਬੀ ਨੌਜਵਾਨਾ ਨੂੰ ਆਪਣੇ ਦੇਸ਼ ਵਿੱਚ ਹੀ ਮਿਹਨਤ ਮਜ਼ਦੂਰੀ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਪ੍ਰਕਾਰ ਨੌਜਵਾਨ ਆਪਣੇ ਮਾਪਿਆਂ ਦੀ ਵੇਖ ਭਾਲ ਵੀ ਕਰ ਸਕਦੇ ਹਨ।

‘ਬਾਬੇ’ ਅਤੇ ‘ਅੰਨ੍ਹੀ ਸ਼ਰਧਾ’ ਕਵਿਤਾਵਾਂ ਆਧੁਨਿਕ ਠੱਗਾਂ ਦੀ ਬਾਤ ਪਾਉਂਦੀਆਂ ਹਨ। ਢੌਂਗੀ ਲੋਕ ਸ਼ਰੀਫ ਘਰਾਂ ਦੀਆਂ ਇਸਤਰੀਆਂ ਨੂੰ ਗੁਮਰਾਹ ਕਰਕੇ ਲਾਭ ਉਠਾਉਂਦੇ ਹਨ। ਕਵੀ ਇਸਤਰੀਆਂ ਨੂੰ ਆਗਾਹ ਕਰਦਾ ਹੈ ਕਿ ਵਹਿਮਾ ਭਰਮਾ ਵਿੱਚ ਪੈ ਕੇ ਬਾਬਿਆਂ ਦੇ ਚੁੰਗਲ ਵਿੱਚ ਫਸਣ ਤੋਂ ਪ੍ਰਹੇਜ਼ ਕਰਨ। ਔਰਤਾਂ ਵੱਲੋਂ ਇਹ ਪਾਖੰਡਵਾਦ ਅਤੇ ਰੂੜੀਵਾਦੀ ਸੋਚ ਤੋਂ ਕਿਨਾਰਾ ਕਰਨ ਨਾਲ ਹੀ ਸਮਾਜ ਬਿਹਤਰੀਨ ਬਣ ਸਕਦਾ ਹੈ। ਕੁੜੀਆਂ ਹੁਣ ਚਿੜੀਆਂ ਨਹੀਂ ਰਹੀਆਂ, ਹੁਣ ਉਹ ਹਰ ਚੁਣੌਤੀ ਦਾ ਮੁਕਾਬਲਾ ਕਰਨ ਦੇ ਸਮਰੱਥ ਹਨ।

‘ਲਾੜਿਆਂ ਦੀ ਸੇਲ’ ਕਵਿਤਾ ਕਾਟਵੇਂ ਵਿਅੰਗ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਕਵੀ ਮਹਿਸੂਸ ਕਰਦਾ ਹੈ ਕਿ ਨਸ਼ਿਆਂ ਦੀ ਲਾਹਨਤ ਨੂੰ ਪੜ੍ਹੀਆਂ ਲਿਖੀਆਂ ਇਸਤਰੀਆਂ ਆਪਣੇ ਬੱਚਿਆਂ ਨੂੰ ਸਹੀ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਦੇ ਕੇ ਖ਼ਤਮ ਕਰ ਸਕਦੀਆਂ ਹਨ। ‘ਸਰਦਾਰਨੀਆਂ ਧੀਆਂ’ ਕਵਿਤਾ ਵਿੱਚ ਔਰਤਾਂ ਨੂੰ ਬਾਬੇ ਦੀਆਂ ਲਾਡਲੀਆਂ, ਮਾਈ ਭਾਗੋ ਦੀਆਂ ਪਿਆਰੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਦਾ ਦਰਜਾ ਦਿੰਦਾ ਹੈ।

‘ਵੇ ਹਾਕਮਾ’ ਕਵਿਤਾ ਵਿੱਚ ਵਿਅੰਗ ਕਰਦਾ ਹੈ ਕਿ ਗ਼ਰੀਬ ਲੋਕਾਂ ਦੀਆਂ ਫਸਲਾਂ ਵਿਕ ਨਹੀਂ ਰਹੀਆਂ ਪ੍ਰੰਤੂ ਧਰਮਾ ਦੀਆਂ ਲੜਾਈਆਂ ਪਾ ਕੇ ਹਾਕਮ ਦੇਸ਼ ਨੂੰ ਵੇਚ ਰਹੇ ਹਨ। ਕਵੀ ਉਨ੍ਹਾਂ ਮਾਪਿਆਂ ਦੀ ਨਿੰਦਿਆ ਵੀ ਕਰਦਾ ਹੈ ਜੋ ਆਪਣੀਆਂ ਧੀਆਂ ਦੇ ਅਣਜੋੜ ਵਿਆਹ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਘਾਣ ਕਰਦੇ ਹਨ। ‘ਰੱਬਾ ਖ਼ੈਰ ਹੋਵੇ’ ਕਵਿਤਾ ਵਿੱਚ ਕਵੀ ਖੁਰਾਕੀ ਵਸਤਾਂ ਵਿੱਚ ਮਿਲਾਵਟ ਤੇ ਕਿੰਤੂ ਪ੍ਰੰਤੂ ਕਰਦਾ ਹੈ।

ਪ੍ਰੋ. ਰਾਮ ਲਾਲ ਭਗਤ ਦੀਆਂ ਸਾਰੀਆਂ ਕਵਿਤਾਵਾਂ ਇੱਕ ਧੀਅ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਉਨ੍ਹਾਂ ਆਪਣੀਆਂ ਕਵਿਤਾਵਾਂ ਵਿੱਚ ਕੋਸ਼ਿਸ਼ ਕੀਤੀ ਹੈ ਕਿ ਸਮਾਜ ਧੀਆਂ ਦੀ ਅਹਿਮੀਅਤ ਨੂੰ ਸਮਝਕੇ ਇਸ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਹੋਵੇ। ਹਰ ਪਰਿਵਾਰ ਇਕ ਧੀਅ ਦੇ ਆਲੇ ਦੁਆਲੇ ਹੀ ਘੁੰਮਦਾ ਹੈ, ਪਹਿਲਾਂ ਧੀਅ, ਨੂੰਹ, ਨਾਨੀ ਅਤੇ ਦਾਦੀ ਦੇ ਰੂਪ ਵਿੱਚ ਪਰਿਵਾਰ ਨੂੰ ਜੋੜੀ ਰੱਖਦੀ ਹੈ। ਇਕ ਭੈਣ ਹੀ ਭਰਾ ਦੀ ਮੰਗ ਕਰਦੀ ਹੋਈ ਅਰਜੋਈ ਕਰਦੀ ਹੈ। ਕਵੀ ਧੀਅ ਨੂੰ ਕਦੀ ਸ਼ੇਰਨੀਂ ਅਤੇ ਕਦੀ ਸਰਦਾਰਨੀਆਂ ਕਹਿਕੇ ਸਤਿਕਾਰ ਦਿੰਦਾ ਹੈ। ‘ਧੀਆਂ’ ਕਵਿਤਾ ਵਿੱਚ ਧੀਆਂ ਦੀ ਪ੍ਰਸੰਸਾ ਕਰਦਾ ਕਵੀ ਲਿਖਦਾ ਹੈ-

ਇਹ ਧੀਆਂ ਫੁੱਲ ਗੁਲਾਬ ਵਰਗੀਆਂ,
ਇਹ ਧੀਆਂ ਪੰਜ ਆਬ ਵਰਗੀਆਂ।
ਇਹ ਧੀਆਂ ਸੁੱਚੀ ਅਰਾਧਨਾ ਵਰਗੀਆਂ,
ਇਹ ਧੀਆਂ ਭਗਤੀ ਸਾਧਨਾ ਵਰਗੀਆਂ।

‘ਯਾਦਾਂ ਦੀ ਪਟਾਰੀ’ ਕਵਿਤਾ ਵਿੱਚ ਕਵੀ ਨੇ ਦੱਸਿਆ ਹੈ ਕਿ ਆਧੁਨਿਕਤਾ ਦੀ ਆੜ ਵਿੱਚ ਧੀਆਂ ਵਿਰਾਸਤੀ ਚੀਜ਼ਾਂ ਤੋਂ ਮੁੱਖ ਮੋੜ ਗਈਆਂ ਹਨ। ਉਨ੍ਹਾਂ ਨੂੰ ਚਰਖੇ ਕੱਤਣਾ, ਕਪਾਹ ਚੁਗਣਾ, ਫੁੱਲ ਬੂਟੀਆਂ ਦੀ ਕਢਾਈ, ਇੱਕ ਇੱਕ ਤੋਪਾ ਪਾਉਣਾ ਆਦਿ ਸਾਰਾ ਕੁਝ ਵਿਸਰ ਗਿਆ ਹੈ। ਵਿਰਾਸਤ ਗਹਿਣਾ ਹੁੰਦਾ ਹੈ। ਇਸ ‘ਤੇ ਪਹਿਰਾ ਦੇਣਾ ਚਾਹੀਦਾ ਹੈ। ‘ਲਾਡਲੀਆਂ’ ਕਵਿਤਾ ਵਿੱਚ ਧੀਆਂ ਬਾਰੇ ਲਿਖਿਆ ਹੈ-

ਰੁੱਖਾਂ ਦੀਆਂ ਛਾਵਾਂ ਕਦੇ ਨੂੰਹਾਂ ਕਦੇ ਮਾਵਾਂ,
ਸੋਹਣਾ ਵੰਸ਼ ਸਜਾਇਆ ਧੀਆਂ ਲਾਡਲੀਆਂ ਨੇ।

ਸਿਆਸਤਦਾਨ ਵੋਟਾਂ ਮੌਕੇ ਧੀਆਂ ਦੇ ਨਾਮ ‘ਤੇ ਪੈਨਸ਼ਨਾ ਵਧਾਉਂਦੇ ਅਤੇ ਸ਼ਗਨ ਸਕੀਮਾ ਲਾਗੂ ਕਰਕੇ ਲਾਭ ਉਠਾਉਂਦੇ ਹਨ। ਇਸ ਲਈ ਧੀਆਂ ਨੂੰ ਆਪਣੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ। ਲੁਭਾਊ ਗੱਲਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ।

118 ਪੰਨਿਆਂ, 250 ਰੁਪਏ ਕੀਮਤ ਵਾਲੀ ਰੰਗਦਾਰ ਮੁੱਖ ਕਵਰ ਵਾਲੀ ਇਹ ਪੁਸਤਕ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1060
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ