ਡਾ.ਕੁਲਵਿੰਦਰ ਬਾਠ ਨੂੰ ਪੰਜਾਬ ਛੱਡ ਅਮਰੀਕਾ ਦੀ ਧਰਤੀ ਤੇ ਰਹਿੰਦਿਆਂ ਨੂੰ ਭਾਵੇਂ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅੱਜ ਵੀ ਉਹ ਮਹਿਸੂਸ ਕਰਦਾ ਹੈ ਕਿ ਹੁਣ ਭਾਵੇਂ ਉਹ ਪਿੰਡ ਵਿੱਚ ਨਹੀਂ ਰਹਿੰਦਾ ਪਰ ਉਸ ਦਾ ਪਿੰਡ ਅੱਜ ਵੀ ਉਸ ਦੇ ਅੰਦਰ ਵੱਸਦਾ ਹੈ ਤੇ ਅਚਨਚੇਤ ਹੀ ਜਦ ਕੋਈ ਵੀ ਪਿੰਡ ਬਾਰੇ ਗੱਲ ਕਰੇ ਤਾਂ ਉਹ ਸ਼ਖ਼ਸ ਉਸ ਨੂੰ ਫ਼ਰਿਸ਼ਤਿਆਂ ਵਰਗਾ ਜਾਪਦਾ ਹੈ। ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਡਾ.ਕੁਲਵਿੰਦਰ ਬਾਠ ਦਾ ਨਾਮ ਪੰਜਾਬੀ ਸਾਹਿਤ ਦੇ ਵਿਸ਼ਾਲ ਖੇਤਰ ਵਿੱਚ ਬੜੀ ਤੇਜ਼ੀ ਨਾਲ਼ ਉੱਭਰ ਕੇ ਸਾਹਮਣੇ ਆ ਰਿਹਾ ਹੈ।ਉਹ ਇੱਕੋ ਸਮੇਂ ਕਵਿਤਾ ਰਚਦਾ ਹੈ,ਆਲੋਚਨਾ ਦੇ ਖੇਤਰ ਵਿੱਚ ਵਿਚਰਦਾ ਹੈ, ਵਾਰਤਕ ਲਿਖਦਾ ਹੈ ਅਤੇ ਕਿਤਾਬਾਂ ਦੇ ਰੀਵਿਊ ਕਰਕੇ ਅਲੱਗ-ਅਲੱਗ ਅਖ਼ਬਾਰਾਂ ਮੈਗ਼ਜ਼ੀਨਾਂ ਵਿੱਚ ਪ੍ਰਕਾਸ਼ਿਤ ਵੀ ਕਰਵਾਉਂਦਾ ਹੈ।ਹਾਲਾਂਕਿ ਉਸ ਦੇ ਕਾਰਜ ਖੇਤਰ ਦਾ ਕਵਿਤਾ ਜਾਂ ਸਾਹਿਤ ਨਾਲ਼ ਦੂਰ-ਦੂਰ ਤਕ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਵਾਸਤਾ ਨਹੀਂ ਹੈ ਪਰ ਨਰਮ ਦਿਲ ਇਨਸਾਨ ਤੇ ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਵਾਲੇ ਕੁਲਵਿੰਦਰ ਨੂੰ ਕੁਦਰਤ ਨੇ ਜਦ ਕਲ਼ਮ ਫੜਾਈ ਤਾਂ ਓਸ ਵੀ ਪਿਛਾਂਹ ਮੁੜ ਕੇ ਨਹੀਂ ਦੇਖਿਆ ਤੇ ਪਿਛਲੇ ਦੋ ਸਾਲਾਂ ਤੋਂ ਨਿਰੰਤਰ ਲਿਖ ਰਿਹਾ ਹੈ।ਉਸ ਦੀ ਕਵਿਤਾ ਦੀ ਵਿਸ਼ੇਸ਼ਤਾ ਉਸ ਦੀ ਕਵਿਤਾ ਦਾ ਨਵਾਂਪਣ ਹੈ। ਉਸ ਦਾ ਵਿਗਿਆਨਕ ਨਜ਼ਰੀਆ ਉਸ ਦੀਆਂ ਕਵਿਤਾਵਾਂ ਵਿੱਚ ਵੀ ਨਜ਼ਰ ਆਉਂਦਾ ਹੈ।ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਬੜੇ ਨਵੇਂ ਨਕੋਰ ਤੇ ਵੰਨ ਸੁਵੰਨੇ ਹਨ ਤੇ ਉਸ ਦੀ ਕਵਿਤਾ ਵਿਚ ਨਵੇਂ ਰੰਗ ਭਰਦੇ ਹਨ।ਜ਼ਿੰਦਗੀ ਨੂੰ ਸਮਝਣ ਦੇਖਣ ਤੇ ਵਾਚਣ ਦਾ ਉਸ ਦਾ ਅਲੱਗ ਨਜ਼ਰੀਆ ਉਸ ਨੂੰ ਹੋਰਾਂ ਤੋਂ ਅਲੱਗ ਖੜਾ ਕਰਦਾ ਹੈ।ਘਰ ਤੋਂ ਪਰਵਾਸ ਕਰਕੇ ਹਜ਼ਾਰਾਂ ਕਿਲੋਮੀਟਰ ਦੂਰ ਵਿਦੇਸ਼ੀ ਧਰਤੀ ਤੇ ਟਿਕਾਣਾ ਕਰ ਲਿਆ ਤਾਂ ਬੇਗਾਨੀ ਧਰਤ ਨੂੰ ਹੀ ਆਪਣਾ ਘਰ ਬਣਾ ਲਿਆ।ਪਰਵਾਸ ਦੌਰਾਨ ਜੋ ਵੀ ਉਸ ਨੇ ਦੇਖਿਆ ਸੁਣਿਆ ਤੇ ਜਾਣਿਆਂ ਉਹ ਵੀ ਉਸ ਦੀ ਕਵਿਤਾ ਦਾ ਹਿੱਸਾ ਬਣਦਾ ਹੈ।
ਕਦੀ-ਕਦੀ ਗੁਰੂ ਨਾਨਕ ਦੇਵ ਦਾ ਉਹ ਕਥਨ ਯਾਦ ਆਉਂਦਾ ਹੈ ਜਦ ਉਹਨਾਂ ਕਿਸੇ ਪਿੰਡ ਦੇ ਭਲ਼ੇ ਤੇ ਸਾਊ ਲੋਕਾਂ ਨੂੰ ਉੱਜੜ ਜਾਣ ਦਾ ਅਸ਼ੀਰਵਾਦ ਦਿੱਤਾ ਸੀ ਤੇ ਬੁਰੇ ਲੋਕਾਂ ਨੂੰ ਪਿੰਡ ਵਿੱਚ ਹੀ ਵੱਸਣ ਦਾ।ਪਰ ਡਾ.ਕੁਲਵਿੰਦਰ ਬਾਠ ਨੂੰ ਅੱਜ ਵੀ ਆਪਣੇ ਪਿੰਡ ਨਾਲ ਇੰਨਾ ਮੋਹ ਹੈ ਕਿ ਉਸ ਨੂੰ ਲੱਗਦਾ ਹੈ ਕਿ ਜਿਵੇਂ ਉਸ ਦੇ ਪਿੰਡ ਵਿੱਚ ਰੱਬ ਵੱਸਦਾ ਹੈ:-
ਪੰਛੀਆਂ ਦੇ ਰਾਗ
ਗੀਤ ਤੇ ਸੰਗੀਤ
ਚੁਬੱਚਿਆਂ ਤੇ ਆਡਾਂ ‘ਚ
ਦੌੜਦਾ ਨਿਰਮਲ ਪਾਣੀ
ਗੁਰਦੁਆਰੇ ਦੀ ਗੁਰਬਾਣੀ
ਖੂਹਾਂ ਨੂੰ ਜਾ ਰਹੇ ਹਾਲ਼ੀ
ਸਭ
ਗਵਾਹੀ ਤਾਂ ਭਰਦੇ ਹਨ
ਰੱਬ ਵੱਸਦਾ ਹੈ ਮੇਰੇ ਪਿੰਡ
ਅਜੇ ਵੀ ਰੱਬ ਵੱਸਦਾ ਹੈ।
ਪਰਵਾਸ ਕਰਦੇ ਪੰਜਾਬੀਆਂ ਨੂੰ ਦੇਖ ਸੁਣ ਕੇ ਇਉਂ ਲੱਗਦਾ ਹੈ ਜਿਵੇਂ ਸਾਰੇ ਭਲ਼ੇ ਮਨੁੱਖ ਭਾਰਤ ਦੀ ਧਰਤ ਨੂੰ ਛੱਡੀ ਜਾ ਰਹੇ ਹੋਣ। ਹਾਲਾਂਕਿ ਲੋਕ ਆਪਣੇ ਤੇ ਆਪਣਿਆਂ ਦੇ ਬਿਹਤਰ ਭਵਿੱਖ ਲਈ ਹੀ ਆਪਣਾ ਘਰ ਪਿੰਡ ਸ਼ਹਿਰ ਤੇ ਸਥਾਨ ਛੱਡ ਕੇ ਦੂਜੀ ਧਰਤ ‘ਤੇ ਰੈਣ ਬਸੇਰਾ ਕਰਨ ਨੂੰ ਮਜਬੂਰ ਹੁੰਦੇ ਹਨ। ਦੇਸ਼ ਦੀ ਆਜ਼ਾਦੀ ਦੇ ਇੰਨੇ ਦਹਾਕੇ ਬੀਤਣ ਦੇ ਬਾਵਜੂਦ ਵੀ ਸਾਡੀਆਂ ਸਰਕਾਰਾਂ ਆਮ ਲੋਕਾਂ ਨੂੰ ਚੱਜ ਦਾ ਜੀਵਨ ਦੇਣ ਵਿੱਚ ਅਸਮਰਥ ਰਹੀਆਂ ਹਨ। ਪਰ ਪਰਵਾਸ ਕਰ ਕੇ ਪਰਦੇਸੀ ਹੋਏ ਲੋਕਾਂ ਦਾ ਮਨ ਤਾਂ ਹਮੇਸ਼ਾਂ ਆਪਣੇ ਪਿੰਡ ਨਗਰ ਲਈ ਹੀ ਤੜਪਦਾ ਰਹਿੰਦਾ ਹੈ। ਡਾ.ਕਲਵਿੰਦਰ ਬਾਠ ਅਜਿਹੇ ਵਿਰਤਾਂਤ ਬਾਰੇ ਆਪਣੀ ਵੇਦਨਾ ਪ੍ਰਗਟਾਉਂਦਿਆਂ ਲਿਖਦਾ ਹੈ:-
ਸਾਡੇ
ਆਪਣੇ ਹੱਥੀਂ ਉਜਾੜੇ
ਘਰਾਂ ਦੇ ਬੰਦ ਪਏ ਦਰਵਾਜ਼ੇ
ਫ਼ਿਰ ਵੀ ਕਦੇ
ਖੁੱਲ੍ਹਣ ਦੀ ਆਸ ‘ਚ
ਸਾਨੂੰ ਉਡੀਕਦੇ ਹੀ
ਹਾਲ ਬੇਹਾਲ
ਤੇ ਥੱਕ ਹਾਰ ਕੇ ਬਹਿ ਗਏ
ਉਸ ਦੀ ਕਵਿਤਾ ਦਾ ਪਾਠ ਕਰਦਿਆਂ ਮੈਨੂੰ ਇਹ ਅਨੁਭਵ ਹੋਇਆ ਕਿ ਉਸ ਦੀਆਂ ਕਵਿਤਾਵਾਂ ਦੇ ਪਾਤਰ ਆਮ ਪੇਂਡੂ ਖਿੱਤੇ ਨਾਲ਼ ਸਬੰਧਿਤ ਲੋਕ ਹਨ ਜਿਹਨਾਂ ਦੇ ਦਿਲ-ਓ-ਦਿਮਾਗ਼ ਵਿੱਚ ਹਮੇਸ਼ਾਂ ਕੋਈ ਨਾ ਕੋਈ ਸਵਾਲ ਚੱਲਦੇ ਰਹਿੰਦੇ ਹਨ। ਉਸ ਦੀਆਂ ਕਵਿਤਾਵਾਂ ਦੇ ਪਾਤਰ ਚੱਲ ਰਹੀਆਂ ਰੂੜੀਵਾਦੀ ਮਿੱਥਾਂ ‘ਤੇ , ਖੋਖਲੀ ਹੋ ਰਹੀ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਵਿਵਸਥਾ ਤੇ ਸਵਾਲ ਉਠਾਉਂਦੇ ਹਨ:-
ਇਕ ਦਿਨ
ਮੇਰੀ ਜਵਾਨ ਹੋ ਰਹੀ ਧੀ
ਆ ਪੁੱਛਦੀ ਹੈ ਮੈਨੂੰ
ਡੈਡ..!
ਜੇ ਵਿਆਹ ਕਰਾ ਕੇ
ਮੈਂ ਉਸ ਦੇ ਘਰ
ਰਹਿ ਸਕਦੀ ਹਾਂ
ਤਾਂ ਉਹ ਮੇਰੇ ਘਰ
ਕਿਉਂ ਨਹੀਂ ਰਹਿ ਸਕਦਾ ?
ਉਸ ਦੀ ਕਵਿਤਾ ਵਿਚ ਸਾਦਗੀ ਹੈ,ਸਰਲਤਾ ਹੈ ਸਪੱਸ਼ਟਤਾ ਹੈ ਇਸੇ ਲਈ ਉਸ ਦੀ ਕਵਿਤਾ ਦਿਮਾਗ਼ ਨਹੀਂ ਖਾਂਦੀ ਸਗੋਂ ਪਾਠਕ ਦੇ ਸੁਹਜ ਸੁਆਦ ਨੂੰ ਹੋਰ ਵੀ ਵਧਾਉਂਦੀ ਹੈ ਅਤੇ ਪਾਠਕ ਤੇ ਸਿੱਧਾ ਅਸਰ ਪਾਉਣ ਵਿੱਚ ਕਾਮਯਾਬ ਰਹਿੰਦੀ ਹੈ। ਉਸ ਦੀ ਕਵਿਤਾ ਵਿਚ ਸਹਿਜ ਹੈ, ਸੁਹਜ ਹੈ, ਸੰਵੇਦਨਾ ਹੈ। ਉਸ ਦੀ ਕਾਵਿ ਸਿਰਜਣਾ ਕਮਾਲ ਦੀ ਹੈ।ਉਸ ਦੀ ਕਾਵਿ ਸ਼ੈਲੀ ਤੇ ਵਿਲੱਖਣ ਸ਼ਬਦ ਚੋਣ ਕਰਕੇ ਉਸ ਦੀ ਕਵਿਤਾ ਆਮ ਤੋਂ ਆਮ ਪਾਠਕ ਦੀ ਸੂਝ ਸਮਝ ਤੇ ਅਪਣਾ ਪ੍ਰਭਾਵ ਛੱਡਦੀ ਹੈ। ਕੋਈ ਇਹ ਵੀ ਸੋਚ ਸਕਦਾ ਹੈ ਕਿ ਕਵਿਤਾ ਤਾਂ ਨਿਰੀ ਪੁਰੀ ਕਲਪਨਾ ਤੇ ਅਧਾਰਿਤ ਹੁੰਦੀ ਹੈ ਜਾਂ ਕਿਸੇ ਖਿੱਤੇ ਦੀਆਂ ਹਕੀਕਤਾਂ ਦੀ ਕੌੜੀ ਸਚਾਈ ਹੁੰਦੀ ਹੈ ਤਾਂ ਇੱਕ ਵਿਗਿਆਨੀ ਕੋਈ ਇੰਨਾ ਅੱਛਾ ਕਵੀ ਕਿਵੇਂ ਹੋ ਸਕਦਾ ਹੈ ? ਸ਼ਾਇਦ ਇਸ ਨੂੰ ਹੀ ਕੁਦਰਤ ਦੀ ਕਿਰਪਾ ਕਿਹਾ ਜਾਂਦਾ ਹੋਵੇਗਾ। ਵੈਸੇ ਵਿਗਿਆਨੀ ਵੀ ਤਾਂ ਹਰ ਵਸਤ ਨੂੰ ਹਰ ਘਟਨਾ ਨੂੰ ਸੂਖ਼ਮ ਦ੍ਰਿਸ਼ਟੀ ਨਾਲ ਵੇਖਦੇ ਹਨ ਤੇ ਕਵੀਆਂ ਬਾਰੇ ਤਾਂ ਪਹਿਲਾਂ ਹੀ ਇਹ ਕਹਾਵਤ ਮਸ਼ਹੂਰ ਹੈ ਕਿ ‘ਜਿੱਥੇ ਨਾ ਪਹੁੰਚੇ ਰਵੀ ਓਥੇ ਪਹੁੰਚੇ ਕਵੀ।’ ਵਿਗਿਆਨੀ ਤੇ ਕਵੀ ਦੋਵੇਂ ਹੀ ਮਨੁੱਖ ਨੂੰ ਕਲਪਨਾ ਕਰਨ ਦੀ ਇੱਛਾ ਦਿੰਦੇ ਹਨ ਅਜਿਹੀ ਕਲਪਨਾ ਜਿਸ ਵਿੱਚੋਂ ਨਵੀਆਂ ਚੀਜਾਂ ਦਾ ਅਵਿਸ਼ਕਾਰ ਹੁੰਦਾ ਹੈ।
ਡਾ.ਕੁਲਵਿੰਦਰ ਬਾਠ ਨੇ ਜ਼ਿੰਦਗੀ ਦਾ ਹਰ ਪਲ ਉਸਾਰੂ ਕਾਰਜਾਂ ਅਧੀਨ ਲਗਾਇਆ ਹੋਇਆ ਹੈ ਤੇ ਉਹ ਖ਼ੁਦ ਮੰਨਦਾ ਵੀ ਹੈ ਕਿ ਅਜੋਕੇ ਸਮਿਆਂ ਵਿੱਚ ਇਨਸਾਨ ਦਾ ਬਹੁਤਾ ਸਮਾਂ ਰੋਜ਼ ਮਾਰਾ ਦੀਆਂ ਦੁਨਿਆਵੀ ਜ਼ਰੂਰਤਾਂ ਨੂੰ ਇਕੱਠਿਆਂ ਕਰਨ ਵਿੱਚ ਹੀ ਗੁਜ਼ਰ ਜਾਂਦਾ ਹੈ।ਅਜਿਹੀਆਂ ਵਸਤਾਂ ਜਿਹਨਾਂ ਬਗ਼ੈਰ ਵੀ ਜੀਵਨ ਚੱਲਦਾ ਨਹੀਂ ਹੈ।ਜਿਹੜਾ ਥੋੜ੍ਹਾ ਬਹੁਤਾ ਸਮਾਂ ਬਚਦਾ ਹੈ ਉਹ ਖਾਣ ਪੀਣ ਸੌਣ ਜਾਂ ਹੋਰ ਕੰਮਾਂ ਕਾਰਾਂ ਵਿੱਚ ਨਿੱਕਲ ਜਾਂਦਾ ਹੈ।ਬਹੁਤੇ ਲੋਕ ਇੱਕ ਦੂਜੇ ਦੀਆਂ ਚੁਗਲੀਆਂ ਕਰਨ ਜਾਂ ਬੁਰਾਈਆਂ ਕਰਨ ਵਿੱਚ ਵੀ ਆਪਣਾ ਕੀਮਤੀ ਸਮਾਂ ਬਰਬਾਦ ਕਰ ਲੈਂਦੇ ਹਨ ਪਰ ਉਸ ਦਾ ਇਹ ਵੀ ਮੰਨਣਾ ਹੈ ਕਿ ਹਰ ਮਨੁੱਖ ਦਾ ਅਪਣਾ ਅਪਣਾ ਸੁਭਾਅ ਹੁੰਦਾ ਹੈ ਤੇ ਵਿਅਕਤੀ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ ਉਹ ਇਹ ਸਭ ਜ਼ਰੂਰੀ ਵੀ ਸਮਝਦਾ ਹੈ। ਉਸ ਦਾ ਮੰਨਣਾ ਹੈ ਕਿ ਸੰਘਰਸ਼ ਭਰਪੂਰ ਅਤੇ ਦੋਹਰੀ ਜ਼ਿੰਦਗੀ ਜਿਊਣ ਲਈ ਮਜਬੂਰ ਪਰਵਾਸੀਆਂ ਲਈ ਮਾਨਸਿਕ ਤੰਦਰੁਸਤੀ ਇਕ ਵੱਡੀ ਸਮੱਸਿਆ ਬਣ ਗਈ ਹੈ।ਵਿਦੇਸ਼ ਰਹਿੰਦੇ ਉਹ ਪੰਜਾਬ ਲਈ ਤਰਸਦੇ ਹਨ ਤੇ ਪੰਜਾਬ ਆ ਕੇ ਪਿੱਛੇ ਕੰਮ ਕਾਰਾਂ ਦੀ ਚਿੰਤਾ ਵੱਢ-ਵੱਢ ਖਾਂਦੀ ਹੈ।ਪਰਵਾਸੀ ਹੋਣ ਦਾ ਦਰਦ ਉਸ ਨੇ ਮਹਿਸੂਸ ਹੀ ਨਹੀਂ ਕੀਤਾ ਸਗੋਂ ਹੰਢਾਇਆ ਵੀ ਹੈ ਇਸ ਲਈ ਪਰਦੇਸੀਆਂ ਪਰਵਾਸੀਆਂ ਦੀਆਂ ਨਿੱਤ ਦੀਆਂ ਸਮੱਸਿਆਵਾਂ ਤੋਂ ਉਹ ਭਲੀ ਭਾਂਤ ਜਾਣੂੰ ਹੈ।
ਕੁਝ ਸ਼ਖ਼ਸ
ਘਰੋਂ ਨਿੱਕਲੇ ਸਨ
ਕਿਸੇ ਦੂਰ ਸੁਪਨਿਆਂ ਦੇ ਦੇਸ਼ ਨੂੰ
ਕਿਰਤਾਂ ਤੇ ਕਮਈਆਂ ਕਰਨ
ਘਰ ਵੱਲ ਤੱਕਦੇ ਤੱਕਦੇ
ਸਿਵਿਆਂ ਦੇ ਰਾਹ ਪੈ ਗਏ
ਘਰ
ਤੱਕਦੇ ਤੱਕਦੇ ਤੇ
ਉਡੀਕਦੇ ਉਡੀਕਦੇ
ਖੋਲ਼ੇ ਈ ਬਣ ਗਏ
ਨਾ ਪਰਦੇਸੀ ਆਪ ਹੀ ਬਹੁੜੇ
ਤੇ ਨਾ ਕਿਰਸ ਕਮਾਈਆਂ ਹੀ।
ਮੇਰਾ ਮੰਨਣਾ ਹੈ ਕਿ ਕਵਿਤਾ ਹਰ ਇਨਸਾਨ ਦੇ ਅੰਦਰ ਵੱਸਦੀ ਹੈ।ਅਹਿਸਾਸਾਂ ਦੇ ਰੂਪ ਵਿੱਚ ਭਾਵਨਾਵਾਂ ਦੀ ਸ਼ਕਲ ਵਿੱਚ।ਹਰ ਇਨਸਾਨ ਇਹਨਾਂ ਅਹਿਸਾਸਾਂ ਨੂੰ ਬਾਹਰ ਨਹੀਂ ਕੱਢ ਸਕਦਾ ਪਰ ਇਹਨਾਂ ਅਹਿਸਾਸਾਂ ਇਹਨਾਂ ਭਾਵਨਾਵਾਂ ਨੂੰ ਸੁਤੰਤਰਤਾ ਪੂਰਵਕ ਬਾਹਰ ਕੱਢਣ ਦਾ ਨਾਮ ਹੀ ਕਵਿਤਾ ਹੈ।ਪਹਿਲਾਂ ਪਹਿਲ ਡਾ.ਕੁਲਵਿੰਦਰ ਬਾਠ ਨੂੰ ਵੀ ਇਹ ਲੱਗਦਾ ਸੀ ਕਿ ਲਿਖਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ।ਇਸ ਲਈ ਉਸ ਨੇ ਕਦੇ ਇਹ ਵੀ ਨਹੀਂ ਸੋਚਿਆ ਸੀ ਕਿ ਉਹ ਵੀ ਕਦੇ ਲਿਖ ਸਕਦਾ ਹੈ ਪਰ ਉਸ ਨੂੰ ਇਹ ਵੀ ਜਾਪਦਾ ਸੀ ਕਿ ਹਰ ਇਨਸਾਨ ਦੀ ਜ਼ਿੰਦਗੀ ਇਕ ਕਵਿਤਾ/ਕਹਾਣੀ/ਵਾਰਤਾ ਜਾਂ ਜਸ਼ਨ ਹੀ ਹੁੰਦਾ ਹੈ ਜਿਸ ਨੂੰ ਉਹ ਭਾਵੇਂ ਲਿਖਦਾ ਨਾ ਵੀ ਹੋਵੇ ਪਰ ਜਿਉਂਦਾ ਤਾਂ ਹੁੰਦਾ ਹੀ ਹੈ ਤੇ ਸ਼ਾਇਦ ਮਾਣਦਾ ਵੀ ਹਰ ਪਲ ਹੋਵੇ।
ਕਿਹਾ ਜਾਂਦਾ ਹੈ ਕਿ ਕਿਤਾਬਾਂ ਆਪ ਨਹੀਂ ਬੋਲਦੀਆਂ ਪਰ ਜਿਹੜਾ ਇੱਕ ਵਾਰ ਪੜ੍ਹ ਲਵੇ ਉਸ ਨੂੰ ਬੋਲਣ ਜ਼ਰੂਰ ਲਗਾ ਦਿੰਦੀਆਂ ਹਨ। ਇਸੇ ਲਈ ਸਾਡੇ ਮਹਾਨ ਰਹਿਬਰਾਂ ਨੇ ਹਮੇਸ਼ਾਂ ਗਿਆਨ ਪ੍ਰਾਪਤ ਕਰਨ ਦੀ ਗੱਲ ਵੱਡੇ ਪੱਧਰ ਤੇ ਕੀਤੀ ਹੈ।
ਡਾ. ਕੁਲਵਿੰਦਰ ਬਾਠ ਜਿਸ ਨੂੰ ਹਮੇਸ਼ਾਂ ਇਹ ਲੱਗਦਾ ਰਿਹਾ ਕਿ ਕਿਤਾਬਾਂ ਚੰਗੇ ਦੋਸਤ ਦੀ ਤਰ੍ਹਾਂ ਹੁੰਦੀਆਂ ਹਨ ਪਰ ਸਾਇੰਸ ਦਾ ਵਿਦਿਆਰਥੀ ਹੋਣ ਕਰਕੇ ਤੇ ਜੀਵਨ ਨੂੰ ਸੁਖਾਲਾ ਕਰਨ ਦੀ ਸੋਚ ਨੇ ਉਸ ਨੂੰ ਲੰਬਾ ਸਮਾਂ ਸਾਹਿਤ ਅਤੇ ਸਾਹਤਿਕ ਕਿਤਾਬਾਂ ਤੋਂ ਦੂਰ ਹੀ ਰੱਖਿਆ ਪਰ ਜਦੋਂ ਉਸ ਦੀ ਦੋਸਤੀ ਸਾਹਤਿਕ ਕਿਤਾਬਾਂ ਨਾਲ ਹੋਈ ਤਾਂ ਉਸ ਦੇ ਅੰਦਰ ਵੱਸਦੀ ਕਵਿਤਾ ਆਪ ਮੁਹਾਰੇ ਪ੍ਰਗਟ ਹੋ ਉੱਠੀ।ਸ਼ਬਦਾਂ ਦੇ ਫੁੱਲ ਕਲੀਆਂ ਖਿੜ ਉੱਠੇ, ਖ਼ਿਆਲਾਂ ਦੇ ਵਹਿਣ ਵਗਣ ਲੱਗੇ। ਸੋਚਾਂ ਦੀ ਲਾੜੀ ਸ਼ੋਲਾਂ ਸ਼ਿੰਗਾਰ ਕਰਨ ਲੱਗੀ ਤੇ ਉਸ ਅੰਦਰੋਂ ਕਵਿਤਾ ਇਵੇਂ ਵਗ ਟੁਰੀ ਜਿਵੇਂ ਕੋਈ ਨਦੀ ਪਹਾੜਾਂ ਦੀ ਹਿੱਕ ਚੀਰਦੀ ਅਪਣਾ ਸਫ਼ਰ ਸ਼ੁਰੂ ਕਰਕੇ ਅੱਗੇ ਵਧਦੀ ਹੈ।
ਉਸ ਦੇ ਸਾਹਿਤ ਨਾਲ਼ ਜੁੜਨ ਪਿੱਛੇ ਵੀ ਘਟੀ ਇਕ ਰੌਚਿਕ ਘਟਨਾ ਦਾ ਜ਼ਿਕਰ ਕਰਨਾ ਬਣਦਾ ਹੈ।ਹੋਇਆ ਇੰਝ ਕਿ ਡਾ.ਕੁਲਵਿੰਦਰ ਬਾਠ ਦੇ ਸਾਇੰਸ ਦਾ ਵਿਦਿਆਰਥੀ ਹੋਣ ਕਰਕੇ ਪੰਜਾਬੀ ਭਾਸ਼ਾ ਨਾਲ ਉਸ ਦਾ ਸਾਥ ਦਸਵੀਂ ਤੀਕ ਹੀ ਰਿਹਾ।ਉਸ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਪੜ੍ਹਾਈ ਕਰਨ ਕਰਕੇ ਅਤੇ ਪਰਵਾਸ ਦੀ ਵਿਅਸਤ ਅਤੇ ਸੰਘਰਸ਼ ਭਰੀ ਜ਼ਿੰਦਗੀ ਕਾਰਨ ਉਹ ਸਾਹਿਤ ਤੋਂ ਕੋਹਾਂ ਦੂਰ ਹੀ ਰਿਹਾ ਸੀ ਜਿਸ ਦਾ ਉਹ ਹੁਣ ਦਿਲ ਹੀ ਦਿਲ ਪਛਤਾਵਾ ਵੀ ਕਰਦਾ ਹੈ।ਹੋਇਆ ਇੰਝ ਕਿ ਅੱਜ ਤੋਂ ਕੋਈ ਡੇਢ ਕੂ ਦਹਾਕਾ ਪਹਿਲਾਂ ਦੂਹਰੀ ਰਿਸ਼ਤੇਦਾਰੀ ‘ਚੋਂ ਉਸ ਦੀ ਮਾਸੀ/ਤਾਈ ਦਾ ਪੁੱਤਰ ਸੁਰਜੀਤ ਬਾਠ ਕਨੇਡਾ ਤੋਂ ਉਸ ਨੂੰ ਮਿਲਣ ਅਮਰੀਕਾ ਉਸ ਦੇ ਘਰ ਆਇਆ।ਉਹਨਾਂ ਵੇਲਿਆਂ ਵਿੱਚ ਉਹ ਇਹਨਾਂ ਦੇ ਪਰਿਵਾਰ ਤੋਂ ਹੀ ਨਹੀਂ ਸਗੋਂ ਪਿੰਡ ਤੋਂ ਵੀ ਬੀ.ਏ. ਕਰਨ ਵਾਲ਼ਾ ਪਹਿਲਾ ਵਿਦਿਆਰਥੀ ਸੀ ਜੋ ਪੜ੍ਹਾਈ ਖ਼ਤਮ ਕਰਦਿਆਂ ਹੀ ਵੈਨਕੂਵਰ ਕਨੇਡਾ ਪਰਵਾਸ ਕਰ ਗਿਆ ਸੀ।ਸਾਹਿਤ ਦਾ ਰਸੀਆ ਹੋਣ ਕਰਕੇ ਉਸ ਨੇ ਗੱਲੀਂ ਬਾਤੀਂ ਹੀ ਕੁਲਵਿੰਦਰ ਨੂੰ ਪੁੱਛਿਆ ਕਿ ‘ਤੇਰੀ ਲਾਇਬ੍ਰੇਰੀ ਕਿੱਥੇ ਆ? ਕੋਈ ਕਿਤਾਬਾਂ ਕਤੂਬਾਂ ਨਹੀਂ ਰੱਖੀਆਂ’? ਤਾਂ ਕੁਲਵਿੰਦਰ ਨੇ ਆਪਣੇ ਮੌਸੇਰੇ ਭਰਾ ਨੂੰ ਆਪਣੀ ਪ੍ਰੋਫੈਸ਼ਨਲ ਪੜ੍ਹਾਈ ਦੀਆਂ ਕਿਤਾਬਾਂ ਦੀ ਲਾਇਬ੍ਰੇਰੀ ਮੂਹਰੇ ਲੈ ਜਾ ਕੇ ਖੜ੍ਹਾ ਕਰ ਦਿੱਤਾ ਤੇ ਕਿਹਾ,”ਆਹ ਕਿਤਾਬਾਂ ਤਾਂ ਬਹੁਤ ਹਨ ਪਰ ਮੈਨੂੰ ਨਹੀਂ ਲੱਗਦਾ ਤੁਹਾਡੇ ਪਸੰਦ ਆਉਣਗੀਆਂ। ਉਹ ਅੱਗੋਂ ਹੱਸਿਆ ਤੇ ਬੋਲਿਆ ਕਿ ਮੈਂ ਕੋਈ ਸਾਹਿਤ ਦੀ ਕਿਤਾਬ ਪੜ੍ਹਨਾ ਚਾਹੁੰਦਾ ਹਾਂ ਤੇਰੇ ਪ੍ਰੋਫੈਸ਼ਨ ਦੀ ਨਹੀਂ। ਸ਼ਰਮਿੰਦਾ ਹੋਏ ਕੁਲਵਿੰਦਰ ਨੇ ਸਿਰ ਨਾਂਹ ਵਿੱਚ ਹਿਲਾਇਆ ਪਰ ਇਸ ਨਿੱਕੀ ਜਿਹੀ ਤੇ ਸਧਾਰਨ ਜਿਹੀ ਘਟਨਾ ਨੇ ਉਸ ਨੂੰ ਸਾਹਿਤ ਪੜ੍ਹਨ ਤੇ ਲਿਖਣ ਵੱਲ ਤੁਰਨ ਦਾ ਰਾਹ ਦਿਖਾਇਆ। ਬਾਅਦ ਵਿੱਚ ਸੁਰਜੀਤ ਨੇ ਕੁਲਵਿੰਦਰ ਨੂੰ ਪੰਜਾਬੀ ਦੀਆਂ ਕਈ ਪੁਸਤਕਾਂ ਪੜ੍ਹਨ ਨੂੰ ਦਿੱਤੀਆਂ ਜਿਹਨਾਂ ਨੂੰ ਪੜ੍ਹਨ ਤੋਂ ਬਾਅਦ ਕਿਤਾਬਾਂ ਨੂੰ ਉਹ ਆਪਣਾ ਦੋਸਤ ਸਮਝਣ ਲੱਗ ਪਿਆ।ਪੜ੍ਹਨਾ ਲਿਖਣਾ ਉਸ ਦੀ ਆਦਤ ਬਣ ਗਿਆ ਤੇ ਇਸ ਆਦਤ ਨੇ ਉਸਦੇ ਬੌਧਿਕ ਵਿਕਾਸ ਵਿੱਚ ਅਤੇ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਅਹਿਮ ਯੋਗਦਾਨ ਪਾਇਆ। ਇਕ ਘਟਨਾ ਹੋਰ ਹੈ ਜਦ ਉਸ ਨੂੰ ਕਾਲਜ ਪੜ੍ਹਦਿਆਂ ਨਾ ਚਾਹੁੰਦਿਆਂ ਹੋਇਆ ਵੀ ਕਾਲਜ ਦੇ ਮੈਗਜ਼ੀਨ ਲਈ ਜ਼ਿੰਦਗੀ ਦਾ ਪਹਿਲਾ ਲੇਖ ਲਿਖਣਾ ਪਿਆ ਸੀ ਇਸ ਦਾ ਵਰਣਨ ਉਸ ਦੀ ਪੁਸਤਕ ਤਾਣੇ ਬਾਣੇ ਵਿੱਚ ਲਿਖੇ ਲੇਖ ‘ਅੰਨ੍ਹੀ ਕੁੱਕੜੀ ਤੇ ਖਸ-ਖਸ ਦਾ ਚੋਗਾ’ ਵਿੱਚ ਵਿਸਥਾਰ ਪੂਰਵਕ ਪੜ੍ਹਨ ਨੂੰ ਮਿਲ਼ਦਾ ਹੈ।ਕਨੇਡਾ ਵਿਖੇ ਪੰਜਾਬੀ ਭਵਨ ਚਲਾਉਣ ਵਾਲ਼ਾ ਤੇ ਪੰਜਾਬ ਵਿੱਚ ਵੱਡੇ ਪੱਧਰ ਤੇ ਪੰਜਾਬੀ ਬੋਲੀ ਦੀ ਉੱਨਤੀ ਲਈ ਯਤਨਸ਼ੀਲ ਪੰਜਾਬੀ ਮਾਂ ਬੋਲੀ ਦਾ ਅਲੰਬਰਦਾਰ, ਸਮਾਜ ਸੇਵੀ ਸੁੱਖੀ ਬਾਠ ਉਸ ਦੇ ਦੂਜੇ ਤਾਏ ਦਾ ਮੁੰਡਾ ਹੈ।
ਡਾ.ਕੁਲਵਿੰਦਰ ਬਾਠ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਛਾਉਣੀ ਹਲਕੇ ਵਿੱਚ ਪੈਂਦੇ ਮੇਰੇ ਗੁਆਂਢੀ ਪਿੰਡ ਹਰਦੋ ਫਰਾਲਾ ਵਿਖੇ ਪਿਤਾ ਸ.ਮੋਹਨ ਸਿੰਘ ਬਾਠ ਅਤੇ ਮਾਤਾ ਸ਼੍ਰੀਮਤੀ ਗਿਆਨ ਕੌਰ ਬਾਠ ਦੇ ਘਰ 25 ਮਾਰਚ 1966 ਨੂੰ ਹੋਇਆ। ਦੋ ਭੈਣਾਂ ਦਾ ਇੱਕੋ ਭਰਾ।ਹੁਣ ਇਕ ਭੈਣ ਅਮਰੀਕਾ ਅਤੇ ਦੂਜੀ ਇੰਗਲੈਂਡ ਵਿੱਚ ਰਹਿੰਦੀ ਹੈ।ਇਹ ਪਿੰਡ ਚਿੱਟੀ ਵੇਈਂ (ਜੋ ਹੁਣ ਕਾਲ਼ੀ ਵੇਈਂ ਹੋ ਗਈ ਹੈ) ਦੇ ਪਰਲੇ ਪਾਸੇ ਪੈਂਦਾ ਸੀ, ਜਿਸ ਨੂੰ ਉਹਨਾਂ ਸਮਿਆਂ ਵਿੱਚ ਢੰਗ ਦਾ ਕੋਈ ਰਸਤਾ ਵੀ ਨਹੀਂ ਸੀ ਇਸ ਲਈ ਇਸ ਪਿੰਡ ਨੂੰ ਤੇ ਆਸੇ ਪਾਸੇ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਪਿੱਛੜੇ ਪਿੰਡ ਸਮਝਿਆ ਜਾਂਦਾ ਸੀ।ਉਸ ਦੇ ਪਿਤਾ ਜੀ ਇੱਕ ਵੱਡੀ ਕੰਪਨੀ ਵਿੱਚ ਓਵਰਸੀਅਰ ਅਤੇ ਇੰਜੀਨੀਅਰ ਹੁੰਦਿਆਂ ਭਾਰਤ ਦੇ ਵੱਖ ਵੱਖ ਇਲਾਕਿਆਂ ਵਿੱਚ ਨੌਕਰੀ ਕਰਦੇ ਰਹੇ ਅਤੇ ਘਰ ਪਰਿਵਾਰ ਦੀ ਜਿੰਮੇਵਾਰੀ ਉਸ ਦੀ ਮਾਤਾ ਜੀ ਸੰਭਾਲਦੇ ਰਹੇ। ਕੁਲਵਿੰਦਰ ਨੇ ਮੁੱਢਲੀ ਵਿੱਦਿਆ ਪਿੰਡ ਅਤੇ ਨਾਲ਼ ਦੇ ਪਿੰਡਾਂ ਤੋਂ ਕਰਨ ਮਗਰੋਂ ਅਗਲੀ ਪੜ੍ਹਾਈ ਬੀ.ਏ. ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ(1984-1987) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ (1987-1991) ਐਮ.ਐਸ.ਸੀ. ਅਤੇ ਐਮ.ਫਿਲ. ਮਾਈਕਰੋ ਬਾਇਓਲੌਜੀ/ਬਾਇਓਕੈਮਿਸਟਰੀ ਦੀਆਂ ਡਿਗਰੀਆਂ ਹਾਸਲ ਕੀਤੀਆਂ। 1990 ਵਿੱਚ ਜੰਡਿਆਲਾ ਮੰਜਕੀ ਦੀ ਬੀਬੀ ਗੁਰਜੋਤ ਕੌਰ ਨਾਲ਼ ਉਸ ਦਾ ਵਿਆਹ ਹੋ ਗਿਆ ਅੱਗੋਂ ਚੱਲ ਕੇ ਇਕ ਬੇਟਾ ਸੁਖਰਾਜ ਬਾਠ ਅਤੇ ਇਕ ਬੇਟੀ ਹਰਮਨ ਬਾਠ ਪੈਦਾ ਹੋਏ ਤਾਂ ਪਰਿਵਾਰ ਵੀ ਇਕ ਕਿਸਮ ਨਾਲ਼ ਮੁਕੰਮਲ ਹੋ ਗਿਆ।
ਯੂਨੀਵਰਸਿਟੀ ਦੀ ਪੜ੍ਹਾਈ ਖ਼ਤਮ ਹੁੰਦਿਆਂ ਹੀ ਅਗਲੇਰੀ ਸਿੱਖਿਆ ਅਤੇ ਚੰਗੇ ਭਵਿੱਖ ਲਈ ਉਹ ਨਾ ਚਾਹੁੰਦਿਆਂ ਹੋਇਆਂ ਵੀ ਹੋਰਨਾਂ ਪਰਵਾਸੀਆਂ ਵਾਂਗ 1992 ਵਿੱਚ ਅਪਣਾ ਘਰ ਪਿੰਡ ਤੇ ਦੇਸ਼ ਛੱਡਣ ਲਈ ਮਜਬੂਰ ਹੋ ਗਿਆ ਤੇ ਅਮਰੀਕਾ ਆ ਪਹੁੰਚਾ। ਏਥੇ ਆ ਕੇ ਜ਼ਿੰਦਗੀ ਦਾ ਅਗਲੇਰਾ ਸਫ਼ਰ ਜ਼ੀਰੋ ਤੋਂ ਹੀ ਸ਼ੁਰੂ ਕਰਨਾ ਪਿਆ। ਕਰੜਾ ਸੰਘਰਸ਼ ਪਰ ਉਸ ਹਿੰਮਤ ਨਹੀਂ ਹਾਰੀ ਅਤੇ ਕੋਸ਼ਿਸ਼ਾਂ ਸਦਕਾਂ ਮੰਜ਼ਿਲ ਵੱਲ ਨਿਰੰਤਰ ਵਧਦਾ ਗਿਆ। ਵੈਸੇ ਵੀ ਸਫ਼ਲਤਾ ਜ਼ਿੰਦਗੀ ਦੇ ਤੂਫ਼ਾਨ ਤੋਂ ਬਚ ਕੇ ਨਹੀਂ ਸਗੋਂ ਇਸ ਵਿੱਚੋਂ ਲੰਘ ਕੇ ਹੀ ਪ੍ਰਾਪਤ ਕੀਤੀ ਜਾਂਦੀ ਹੈ। ਕੁਲਵਿੰਦਰ ਬਾਠ ਜਾਣਦਾ ਸੀ ਤੇ ਸਮਝਦਾ ਵੀ ਸੀ ਕਿ ਸਾਡੇ ਮੁਲਕ ਦੀ ਤ੍ਰਾਸਦੀ ਹੈ ਕਿ ਏਥੇ ਹਜ਼ਾਰਾਂ ਕਰੋੜ ਰੁਪਏ ਮੂਰਤੀਆਂ ਸਥਾਪਿਤ ਕਰਨ ਤੇ ਲਗਾਏ ਜਾਂਦੇ ਹਨ ਪਰ ਸਕੂਲਾਂ ਦੀਆਂ ਚੋਂਦੀਆਂ ਛੱਤਾਂ ਤੇ ਹੋਰ ਦੇਖਭਾਲ ਲਈ ਸਰਕਾਰਾਂ ਬੱਜਟ ਨਹੀਂ ਰੱਖਦੀਆਂ ਜਦਕਿ ਦੇਸ਼ ਦਾ ਭਵਿੱਖ ਦੇਸ਼ ਦੇ ਪੜ੍ਹੇ ਲਿਖੇ ਬੱਚੇ ਹੀ ਬਣਦੇ ਹਨ ਅਤੇ ਵੱਡੀਆਂ ਵੱਡੀਆਂ ਮੂਰਤੀਆਂ ਲਾਉਣ ਜਾਂ ਸ਼ਾਨਦਾਰ ਇਮਾਰਤਾਂ ਨਾਲ਼ ਦੇਸ਼ ਨਹੀਂ ਬਣਦਾ ਸਗੋਂ ਸਿੱਖਿਅਤ ਲੋਕਾਂ ਨਾਲ ਹੀ ਦੇਸ਼ ਬਣਦਾ ਹੈ।ਇਸੇ ਲਈ ਉਸ ਨੇ ਵਿਦੇਸ਼ ਦੀ ਧਰਤੀ ਤੇ ਰਹਿੰਦਿਆਂ ਖ਼ੂਬ ਮਿਹਨਤ ਕੀਤੀ ਅਤੇ ਉਸ ਨੇ ਓਥੇ ਹੀ ਇਹ ਮਹਿਸੂਸ ਕੀਤਾ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਸਗੋਂ ਕੰਮ ਕੰਮ ਹੀ ਹੁੰਦਾ ਹੈ। ਅਮਰੀਕਾ ਤੋਂ ਹੀ ਐਮ.ਬੀ.ਏ. ਅਤੇ ਪੀ.ਐਚ.ਡੀ. ਦੀ ਪੜ੍ਹਾਈ ਪੂਰੀ ਕਰ ਕੇ ਉਹ ਪੱਕਾ ਹੀ ਕੈਲੇਫੋਰਨੀਆਂ ਦਾ ਵਾਸੀ ਹੋ ਗਿਆ। ਕਿੱਤੇ ਵਜੋਂ ਸਾਇੰਸਦਾਨ ਹੈ ਪਰ ਦਿਲ ਤੇ ਸੋਚ ਸ਼ਾਇਰਾਂ ਵਾਲ਼ੀ। ਸਾਹਿਤਿਕ ਰੁਚੀਆਂ ਪੈਦਾ ਹੋਣ ਉਪਰੰਤ ਉਸ ਨੇ ਜਿੱਥੇ ਪੰਜਾਬੀ ਸਾਹਿਤ ਖ਼ੂਬ ਪੜ੍ਹਿਆ ਓਥੇ ਹੀ ਕਦੇ ਕਦਾਈਂ ਕੁਝ ਲਿਖ ਵੀ ਲੈਣਾਂ ਤੇ ਦੋਸਤਾਂ ਮਿੱਤਰਾਂ ਨਾਲ਼ ਸਾਂਝਾ ਕਰਨਾ ਤਾਂ ਉਹਨਾਂ ਹੋਰ ਲਿਖਣ ਲਈ ਹੌਸਲਾ ਦੇਣਾ। ਬਹੁਤ ਕੁਝ ਲਿਖਿਆ ਜੋ ਨਾ ਸਾਂਭਣ ਕਰਕੇ ਗੁਆਚ ਵੀ ਗਿਆ। ਦੋ ਕੂ ਸਾਲ ਪਹਿਲਾਂ ਕੁਲਵਿੰਦਰ ਦਾ ਰਾਬਤਾ ਜਲੰਧਰ ਛਾਉਣੀ ਵਿਖੇ ਪੜ੍ਹਾਉਂਦੇ ਪ੍ਰਸਿੱਧ ਲੇਖਕ ਹਰਮੀਤ ਅਟਵਾਲ ਨਾਲ਼ ਬਣਿਆ ਤਾਂ ਉਹਨੇ ਪੈਂਦੀ ਸੱਟੇ ਹੀ ਪੁੱਛਿਆ, ‘ਕੀ ਲਿਖਿਆ ਹੈ ਹੁਣ ਤਕ’ ? ਦੱਸਦਾ ਵੀ ਕੀ ? ਕਿਉਂਕਿ ਪਹਿਲਾਂ ਲਿਖਿਆ ਕੁਝ ਸੰਭਾਲਿਆ ਹੀ ਨਹੀਂ ਸੀ ਇਸ ਲਈ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਵਿਧੀਵਤ ਢੰਗ ਨਾਲ਼ ਲਿਖਣਾ ਉਸ ਨੇ ਦੋ ਵਰ੍ਹੇ ਪਹਿਲਾਂ (2023-24) ਹੀ ਸ਼ੁਰੂ ਕੀਤਾ ਹੈ। ਭਾਵੇਂ ਕਿ ਕਾਲਜ ਪੜ੍ਹਦੇ ਸਮੇਂ ਉਸ ਨੇ ਕਾਲਜ ਮੈਗਜ਼ੀਨ ਲਈ ਸਾਇੰਸ ਦਾ ਇਕ ਆਰਟੀਕਲ ਲਿਖਿਆ ਸੀ ਪਰ ਅਸਲ ਵਿੱਚ ਉਸ ਦਾ ਪਹਿਲਾ ਲੇਖ ਉਸ ਨੇ ਆਪਣੇ ਪਿੰਡ ਦੇ ਹੀ ਨਾਮਵਰ ਸਾਹਿਤਕਾਰ ਰਵਿੰਦਰ ਸਹਿਰਾਅ ਬਾਰੇ ਲਿਖਿਆ ਸੀ ਜਿਹੜਾ ਅਮਰੀਕਾ ਦੀ ਅਖ਼ਬਾਰ ਪੰਜਾਬ ਟਾਈਮਜ਼ ਵਿਚ ਛਪਿਆ ਸੀ। ਇਸ ਲੇਖ ਦੇ ਛਪਣ ਤੋਂ ਬਾਅਦ ਉਸ ਦੇ ਹੌਸਲੇ ਬੁਲੰਦ ਹੋਏ ਤੇ ਉਸ ਨੂੰ ਖ਼ੁਦ ਤੇ ਯਕੀਨ ਵੀ ਹੋਇਆ ਕਿ ਉਹ ਵੀ ਕੁਝ ਲਿਖ ਸਕਦਾ ਹੈ।ਉਸ ਤੋਂ ਬਾਅਦ ਲਗਾਤਾਰ ਉਸ ਦੀ ਲੇਖਣੀ ਦਾ ਸਫ਼ਰ ਜਾਰੀ ਹੈ।
ਉਹ ਤਿੰਨ ਪੁਸਤਕਾਂ ਨਾਲ਼ ਸਾਹਿਤ ਜਗਤ ਵਿਚ ਹਾਜ਼ਰੀ ਭਰ ਚੱਕਾ ਹੈ। ਕਾਵਿ ਸੰਗ੍ਰਹਿ ਜ਼ਿੰਦਾਦਿਲੀ, ਵਾਰਤਕ ਪੁਸਤਕ ਤਾਣੇ-ਬਾਣੇ ਅਤੇ ਆਲੋਚਨਾ ਦੀ ਪੁਸਤਕ ਸਮੇਂ ਦਾ ਸਾਹਿਤ ਉਸ ਦੀਆਂ ਸਾਹਤਿਕ ਪ੍ਰਾਪਤੀਆਂ ਹਨ।
ਡਾ.ਕੁਲਵਿੰਦਰ ਬਾਠ ਬੋਲਣ ਨਾਲੋਂ ਸੁਣਨਾ ਤੇ ਲਿਖਣ ਨਾਲੋਂ ਪੜ੍ਹਨਾ ਵਧੇਰੇ ਪਸੰਦ ਕਰਦਾ ਹੈ। ਇਸੇ ਲਈ ਉਹ ਅੱਜ ਵੀ ਖ਼ੁਦ ਨੂੰ ਇਕ ਲੇਖਕ ਨਾਲੋਂ ਪਾਠਕ ਜ਼ਿਆਦਾ ਮੰਨਦਾ ਹੈ। ਜਦ ਵੀ ਕਦੀ ਪੰਜਾਬ ਆਉਂਦਾ ਹੈ ਤਾਂ ਏਥੋਂ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਖ੍ਰੀਦ ਕੇ ਲੈ ਜਾਂਦਾ ਹੈ। ਉਸਦਾ ਮੰਨਣਾ ਹੈ ਕਿ ਕੋਈ ਵੀ ਲੇਖਕ ਸਿਰਜਣਾ ਕਰਦੇ ਸਮੇਂ ਇਹ ਸੋਚ ਕੇ ਨਹੀਂ ਲਿਖਦਾ ਕਿ ਇਸ ਨੂੰ ਸਾਹਿਤ ਅਕਾਦਮੀ ਜਾਂ ਭਾਸ਼ਾ ਵਿਭਾਗ ਸਨਮਾਨਿਤ ਕਰੇਗਾ ਬਲਕਿ ਉਹ ਆਪਣੇ ਮਨ ਦੇ ਵਲਵਲਿਆਂ, ਅਹਿਸਾਸਾਂ, ਅਨੁਭਵਾਂ ਨੂੰ ਆਪਣੀਆਂ ਰਚਨਾਵਾਂ ਰਾਹੀਂ ਪਾਠਕ ਤੀਕ ਪੁਚਾਉਂਦਾ ਹੈ ਤੇ ਇਹ ਉਮੀਦ ਵੀ ਕਰਦਾ ਹੈ ਕਿ ਪਾਠਕ ਇਸ ਤੇ ਆਪਣਾ ਬਣਦਾ ਪ੍ਰਤੀਕਰਮ ਵੀ ਦੇਣ। ਇਸ ਲਈ ਜਦ ਵੀ ਕੋਈ ਕੁਲਵਿੰਦਰ ਨੂੰ ਕਿਤਾਬ ਭੇਜੇ ਜਾਂ ਉਹ ਆਪ ਖ੍ਰੀਦ ਕੇ ਪੜ੍ਹੇ ਤਾਂ ਉਹ ਆਪਣੇ ਵਿਵੇਕ ਬੁੱਧੀ ਅਨੁਸਾਰ ਉਸ ਦਾ ਰੀਵਿਊ ਕਰਨਾ ਅਪਣਾ ਫ਼ਰਜ਼ ਸਮਝਦਾ ਹੈ ਜੋ ਵੱਖ ਵੱਖ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਆਪਣੇ ਘਰ ਵਿੱਚ ਹੁਣ ਉਸ ਨੇ ਲਾਇਬ੍ਰੇਰੀ ਵੀ ਬਣਾ ਰੱਖੀ ਹੈ ਜਿਸ ਵਿਚ ਪਈਆਂ ਕਿਤਾਬਾਂ ਨੂੰ ਉਹ ਆਪਣਾ ਦੋਸਤ ਸਮਝਦਾ ਹੈ। ਉਸ ਦਾ ਮੰਨਣਾ ਹੈ ਕਿ ਲੇਖਕ ਛੋਟਾ ਜਾਂ ਵੱਡਾ ਨਹੀਂ ਹੁੰਦਾ ਸਗੋਂ ਲੇਖਕ ਲੇਖਕ ਹੁੰਦਾ ਹੈ। ਉਸ ਅਨੁਸਾਰ ਸਿਰਜਣਾ ਕਰਦੇ ਸਮੇਂ ਉਹ ਲਫਜ਼ਾਂ ਨੂੰ ਲਗਾਮ ਨਹੀਂ ਪਾਉਂਦਾ, ਤੁਣਕੇ ਨਹੀਂ ਮਾਰਦਾ,ਗਲ਼ਾ ਨਹੀਂ ਘੁੱਟਦਾ ਅਤੇ ਨਾ ਹੀ ਵਾਧੂ ਦੀਆਂ ਬੰਦਿਸ਼ਾਂ ਨਾਲ਼ ਸ਼ਬਦਾਂ ਦੀ ਰੂਹ ਨੂੰ ਫ਼ਾਂਸੀ ਦਿੰਦਾ ਹੈ। ਅਸਲ ਵਿੱਚ ਕਵਿਤਾ ਹੁੰਦੀ ਵੀ ਉਹੀ ਹੈ ਜਿਹੜੀ ਕਵੀ ਦੇ ਅੰਦਰੋਂ ਕਰੂੰਬਲਾਂ ਵਾਂਗੂੰ ਆਪ ਮੁਹਾਰੇ ਫੁੱਟੇ। ਡਾ.ਕੁਲਵਿੰਦਰ ਬਾਠ ਬਾਰੇ ਇਹ ਕਹਾਵਤ ਬਿਲਕੁਲ ਢੁੱਕਦੀ ਹੈ ਕਿ ‘ਦੇਰ ਆਏ ਦਰੁਸਤ ਆਏ।’ ਭਾਵੇਂ ਉਸ ਨੂੰ ਲਿਖਦਿਆਂ ਨੂੰ ਅਜੇ ਦੋ ਕੂ ਸਾਲ ਹੀ ਹੋਏ ਹੋਣ ਪਰ ਉਸ ਕੋਲ਼ ਜ਼ਿੰਦਗੀ ਜਿਊਣ ਦਾ ਹੀ ਨਹੀਂ, ਜ਼ਿੰਦਗੀ ਨੂੰ ਅਲੱਗ-ਅਲੱਗ ਨਜ਼ਰੀਏ ਤੋਂ ਦੇਖਣ ਦਾ ਇੱਕ ਅਲੱਗ ਅਨੁਭਵ ਹੈ। ਉਸ ਕੋਲ਼ ਇਕ ਉਮਰ ਦਾ ਤਜਰਬਾ ਹੈ।ਇਸੇ ਲਈ ਉਸ ਦੀਆਂ ਕਵਿਤਾਵਾਂ ਪੜ੍ਹਦਿਆਂ ਇੱਕ ਨਵੇਂ ਕਵੀ ਦਾ ਨਹੀਂ ਸਗੋਂ ਇਕ ਪ੍ਰੋੜ੍ਹ ਕਵੀ ਦੀਆਂ ਰਚਨਾਵਾਂ ਦਾ ਅਹਿਸਾਸ ਹੁੰਦਾ ਹੈ ਜਿਹੜਾ ਇਹ ਜਾਣਦਾ ਹੈ ਕਿ ਕਿਸ ਤਰ੍ਹਾਂ ਰਿਸ਼ੀਆਂ ਮੁਨੀਆਂ ਸੂਫ਼ੀਆਂ ਸੰਤਾਂ ਯੋਧਿਆਂ ਤੇ ਕਲਾਕਾਰਾਂ ਦਾ ਪੰਜਾਬ ਅੱਜ ਅੱਜ ਗੈਂਗਸਟਰਾਂ, ਨਸ਼ੇੜੀਆਂ ਦੇ ਪੰਜਾਬ ਵਜੋਂ ਜਾਣਿਆਂ ਜਾਣ ਲੱਗਾ ਹੈ।ਜਿਸ ਨੂੰ ਇਹ ਵੀ ਇਲਮ ਹੈ ਕਿ ਪੰਜਾਬ ਹਮੇਸ਼ਾਂ ਹੀ ਉੱਜੜਦਾ ਤੇ ਵੱਸਦਾ ਰਿਹਾ ਹੈ ਸਾਡੇ ਆਉਣ ਤੋਂ ਪਹਿਲਾਂ ਵੀ ਤੇ ਹੁਣ ਵੀ ਤੇ ਲੱਗਦਾ ਹੈ ਅਗਾਂਹ ਵੀ ਅਜਿਹਾ ਹੀ ਹੁੰਦਾ ਰਹੇਗਾ। ਜਿਸ ਨੂੰ ਇਹ ਇਲਹਾਮ ਹੈ ਕਿ ਅੱਜ ਦੇ ਹਾਲਾਤ ਵਿੱਚ ਕਿਵੇਂ ਬੰਦਾ ਧੁੱਪੇ ਬੈਠੇ ਵੀ ਠਰਿਆ ਰਹਿੰਦਾ ਹੈ,ਉੱਠਦਾ ਬਹਿੰਦਾ ਤੁਰਿਆ ਫਿਰਦਾ ਮਰਿਆ ਰਹਿੰਦਾ ਹੈ ਤੇ ਸਿਖ਼ਰ ਦੁਪਹਿਰੇ ਵੀ ਦੀਵੇ ਭਾਲ਼ਦਾ ਰਹਿੰਦਾ ਹੈ। ਉਸ ਦੀਆਂ ਕਵਿਤਾਵਾਂ ਕਮਲੀ ਔਰਤ,ਛਟਿਆ ਅਤੇ ਛਾਂਗਿਆ ਮਨ, ਕੜੇ ਦਾ ਭੰਬਲ਼ਭੂਸਾ, ਦਿਹਾੜੀ,ਫ਼ਿਕਰ ਹੈ,ਪਰਦੇਸੀ ਮਨ ਦੀ ਕਸ਼ਮਕਸ਼,ਪਿੰਡ ਨਾ ਭਾਵੇਂ ਪਹਿਲਾਂ ਵਾਲ਼ਾ ਪਿੰਡ ਰਿਹਾ, ਮੇਰੇ ਪਿੰਡ ਰੱਬ ਵੱਸਦਾ, ਚਿੱਟੀ ਬੇਈਂ ਦਾ ਉਲਾਂਭਾ, ਜ਼ਿੰਦਗੀ ਦੇ ਰੰਗ,ਮਜ਼ਦੂਰ ਬਾਲ, ਅਧੂਰਾ ਸੀ ਪੂਰਾ ਹੋ ਗਿਆ,ਸਧਾਰਨ ਜਿਹੀ ਗੱਲ,ਦੋਹਰੀ ਜ਼ਿੰਦਗੀ ਜਿਊਣ ਦਾ ਸਰਾਪ, ਖੂਹ ਤਾਂ ਚੱਲਦੇ ਹੀ ਭਲੇ,ਕਿਤਾਬ ਦਿਵਸ, ਮਿੱਟੀ ਤੇ ਗ਼ਰੀਬੀ ਸੁਭਾਵ,ਸੁਖ਼ਨਵਰ ਵੀ ਗਏ ਕਦੇ ਭਲਾ,ਘਰ ਪਰਤੇ ਈ ਨਾ ਪਰਦੇਸੀ,ਦੂਰ ਦੇ ਭੁਲੇਖੇ, ਆਓ ਮਹਿਲਾ ਦਿਵਸ ਮਨਾਈਏ, ਘਰ ਅਤੇ ਘਰ, ਨਾਨਕ ਦਾ ਗੁਰਪੁਰਬ ਅਤੇ ਅਸੀਂ ਆਦਿ ਵਿਸ਼ੇਸ਼ ਧਿਆਨ ਕੇਂਦਰਿਤ ਕਰਦੀਆਂ ਹਨ।
ਜਗਦੀਸ਼ ਰਾਣਾ
79862-07849
**************
ਡਾ.ਕੁਲਵਿੰਦਰ ਬਾਠ ਦੀਆਂ ਦੋ ਕਵਿਤਾਵਾਂ
1 ਕੌਣ ਹੈ ?
ਕੌਣ ਹੋ ਭਾਈ ਤੁਸੀਂ
ਪਿੰਡ ਵਾਲੇ ਘਰ ਦੇ
ਗੇਟ ਨਾਲ ਬੰਨ੍ਹਿਆ ਕੁੱਤਾ
ਜ਼ੋਰ ਜ਼ੋਰ ਨਾਲ਼
ਭੌਂਕ ਰਿਹਾ ਹੈ
ਸ਼ਾਇਦ ਪੁੱਛ ਰਿਹਾ ਏ
ਕੌਣ ਹੋ, ਭਾਈ ਤੁਸੀਂ ?
ਐਥੇ ਕੀ ਕਰਨ ਆਏ ਹੋ ?
ਖ਼ੁਸ਼ ਹੈ ਜਾਂ ਗੁੱਸੇ
ਪਤਾ ਨਹੀਂ
ਪਰ ਭੌਂਕ ਰਿਹਾ ਹੈ
ਤੇ
ਜ਼ੋਰ ਜ਼ੋਰ ਨਾਲ਼ ਭੌਂਕ ਰਿਹਾ ਹੈ
ਪਿੰਡ ਦੀ ਦੁਕਾਨ ਵਿੱਚ
ਗੱਲਾਂ ਬਾਤਾਂ ਦਰਮਿਆਨ
ਇੱਕ ਕੁੱਤਾ ਭੌਂਕਦਾ ਤਾਂ ਨਹੀਂ
ਪਰ
ਸੁੰਘਦਾ, ਦੁਆਲ਼ੇ ਘੁੰਮਦਾ
ਤੇ ਫ਼ਿਰ ਘੋਖਦਾ ਹੈ
ਸ਼ਾਇਦ
ਪੁੱਛ ਉਹ ਵੀ ਇਹੀ ਰਿਹਾ ਹੈ
ਕੌਣ ਹੋ,ਭਾਈ ਤੁਸੀਂ ?
ਐਥੇ ਕੀ ਕਰਨ ਆਏ ਹੋ ?
ਮੈਥੋਂ ਹੀ
ਮੈਨੂੰ ਜਾਣ ਕੇ
ਦੁਕਾਨਦਾਰ ਕੁੱਤੇ ਨੂੰ ਬੋਲਦਾ
ਪਰ੍ਹੇ ਜਾਹ !
ਇਹ ਕੋਈ ਓਪਰਾ ਨਹੀਂ ਹੈ
‘ਆਪਣੇ ਪਿੰਡ ਦਾ ਈ
ਬੰਦਾ ਆ’
ਸ਼ਾਇਦ
ਦੁਕਾਨਦਾਰ ਦੇ
ਬੋਲਾਂ ਤੇ ਯਕੀਨ ਕਰ
ਉਹ ਦਰਵੇਸ਼
ਪੂਛ ਹਿਲਾਉਂਦਾ
ਅੱਗੇ ਤੁਰ ਜਾਂਦਾ ਹੈ।
***
2 ਦਿਹਾੜੀ
ਇਸ ਵਾਰ
ਪਿੰਡ ਗਿਆ
ਆਪਣੇ ਦੋਸਤ ਨੂੰ ਮਿਲਣ
ਚੱਲ ਪਿਆ
ਉਹ ਬੋਲਿਆ
ਚੱਲ ! ਮੈਂ ਤੈਨੂੰ ਅਪਣਾ
ਨਵਾਂ ਘਰ ਦਿਖਾਵਾਂ
ਤਿਆਰ ਹੋ ਰਹੇ
ਆਲੀਸ਼ਾਨ ਘਰ ਨੂੰ
ਦਿਖਾਉਂਦਾ ਦੋਸਤ
ਬਹੁਤ ਖ਼ੁਸ਼ ਸੀ
ਖ਼ੁਸ਼ੀ ਦੀ ਗੱਲ ਵੀ ਤਾਂ ਸੀ
ਉਸ ਦੇ
ਕਿਸੇ ਨਾਲ਼ ਫ਼ੋਨ ਤੇ ਲੱਗਦਿਆਂ ਹੀ
ਮੈਂ
ਮਿੱਟੀ ਘੱਟੇ ਨਾਲ਼ ਲਿੱਬੜੇ ਤੇ
ਹਲਕੇ ਜਿਹੇ ਜੁਆਨ ਕੋਲ
ਜਾ ਖੜ੍ਹਾ ਹੋਇਆ
ਆਪਣੇ ਕੰਮ ਵਿਚ ਮਸਤ ਸੀ
ਪੁੱਛਿਆ, ਤੇਰਾ ਮਨ ਨਹੀਂ ਕਰਦਾ
ਐਦਾਂ ਦੇ ਘਰ ਵਿੱਚ ਰਹਿਣ ਨੂੰ ?
ਬੋਲਿਆ
ਨਹੀਂ ਜੀ
ਪੁੱਛਿਆ
ਕਿਉਂ ਬਈ ?
ਕਹਿੰਦਾ
ਮੈਂ ਕੀ ਕਰਨਾ ਐਸਾ ਮਕਾਨ ?
ਮੈਨੂੰ ਤਾਂ ਬਸ
ਦਿਹਾੜੀ ਚਾਹੀਦੀ
ਘਰ ਦੇ ਰੋਟੀ ਪਾਣੀ ਲਈ
ਮੇਰੀ ਮਾਂ ਦੇ ਖ਼ਰਚੇ ਲਈ
ਛੋਟੀ ਭੈਣ ਲਈ
ਤੇ ਸਾਡੀ ਬਿੱਲੀ ਲਈ
ਬਾਪੂ ਕੀ ਕਰਦਾ ਆ, ਬਈ ਤੇਰਾ ?
ਉਹ ਤਾਂ
ਜੀ ਕਰਦਾ ਹੁੰਦਾ ਸੀ
ਪਰ ਮਰ ਗਿਆ
ਚਿਰ ਪਹਿਲਾਂ
ਐਦਾਂ ਹੀ
ਮਕਾਨ ਦੀ ਪੈੜ ਤੋਂ ਡਿੱਗ ਕੇ
ਮਾਂ ਦੱਸਦੀ ਹੁੰਦੀ ਆ ਸਾਨੂੰ
ਮੈਂ ਕੀ ਕਰਨਾ ਇਹ ਮਕਾਨ ?
ਨਹੀਂ ਚਾਹੀਦਾ ਜੀ
ਐਦਾਂ ਦਾ ਮਕਾਨ
ਕਹਿੰਦਾ ਕਹਿੰਦਾ
ਉਹ ਮਕਾਨ ਦੀ ਪੈੜ
ਤੇ ਜਾ ਚੜ੍ਹਿਆ।
*** ਡਾ. ਕੁਲਵਿੰਦਰ ਬਾਠ
001-209-600-2897
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਜਗਦੀਸ਼ ਰਾਣਾ
+91 79862-07849
ਸੰਪੂਰਨ ਤੌਰ ਤੇ ਸਾਹਿਤ ਨੂੰ ਸਮਰਪਤ ਅਤੇ ਸਾਹਿਤਕ ਹਲਕਿਆਂ ਵਿੱਚ ਜਾਣੀ ਪਛਾਣੀ ਸ਼ਖਸੀਅਤ ਜਗਦੀਸ਼ ਰਾਣਾ ਜਲੰਧਰ ਜ਼ਿਲੇ ਦੇ ਪਿੰਡ ਸੋਫ਼ੀ ਪਿੰਡ ਦੇ ਵਸਨੀਕ ਹਨ। ਗੀਤਕਾਰ, ਕਵੀ, ਗ਼ਜ਼ਲਗੋ ਹੁੰਦਿਆਂ ਕਈ ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਕਈ ਸਾਹਿਤਕ ਸਭਾਵਾਂ ਨਾਲ ਜੁੜੇ ਹੁੰਦਿਆਂ ਸਾਹਿਤਕ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।

by
ਡਾ.ਕੁਲਵਿੰਦਰ ਬਾਠ ਨੂੰ ਪੰਜਾਬ ਛੱਡ ਅਮਰੀਕਾ ਦੀ ਧਰਤੀ ਤੇ ਰਹਿੰਦਿਆਂ ਨੂੰ ਭਾਵੇਂ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅੱਜ ਵੀ ਉਹ ਮਹਿਸੂਸ ਕਰਦਾ ਹੈ ਕਿ ਹੁਣ ਭਾਵੇਂ ਉਹ ਪਿੰਡ ਵਿੱਚ ਨਹੀਂ ਰਹਿੰਦਾ ਪਰ ਉਸ ਦਾ ਪਿੰਡ ਅੱਜ ਵੀ ਉਸ ਦੇ ਅੰਦਰ ਵੱਸਦਾ ਹੈ ਤੇ ਅਚਨਚੇਤ ਹੀ ਜਦ ਕੋਈ ਵੀ ਪਿੰਡ ਬਾਰੇ ਗੱਲ ਕਰੇ ਤਾਂ ਉਹ ਸ਼ਖ਼ਸ ਉਸ ਨੂੰ ਫ਼ਰਿਸ਼ਤਿਆਂ ਵਰਗਾ ਜਾਪਦਾ ਹੈ। ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਡਾ.ਕੁਲਵਿੰਦਰ ਬਾਠ ਦਾ ਨਾਮ ਪੰਜਾਬੀ ਸਾਹਿਤ ਦੇ ਵਿਸ਼ਾਲ ਖੇਤਰ ਵਿੱਚ ਬੜੀ ਤੇਜ਼ੀ ਨਾਲ਼ ਉੱਭਰ ਕੇ ਸਾਹਮਣੇ ਆ ਰਿਹਾ ਹੈ।ਉਹ ਇੱਕੋ ਸਮੇਂ ਕਵਿਤਾ ਰਚਦਾ ਹੈ,ਆਲੋਚਨਾ ਦੇ ਖੇਤਰ ਵਿੱਚ ਵਿਚਰਦਾ ਹੈ, ਵਾਰਤਕ ਲਿਖਦਾ ਹੈ ਅਤੇ ਕਿਤਾਬਾਂ ਦੇ ਰੀਵਿਊ ਕਰਕੇ ਅਲੱਗ-ਅਲੱਗ ਅਖ਼ਬਾਰਾਂ ਮੈਗ਼ਜ਼ੀਨਾਂ ਵਿੱਚ ਪ੍ਰਕਾਸ਼ਿਤ ਵੀ ਕਰਵਾਉਂਦਾ ਹੈ।ਹਾਲਾਂਕਿ ਉਸ ਦੇ ਕਾਰਜ ਖੇਤਰ ਦਾ ਕਵਿਤਾ ਜਾਂ ਸਾਹਿਤ ਨਾਲ਼ ਦੂਰ-ਦੂਰ ਤਕ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਵਾਸਤਾ ਨਹੀਂ ਹੈ ਪਰ ਨਰਮ ਦਿਲ ਇਨਸਾਨ ਤੇ ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਵਾਲੇ ਕੁਲਵਿੰਦਰ ਨੂੰ ਕੁਦਰਤ ਨੇ ਜਦ ਕਲ਼ਮ ਫੜਾਈ ਤਾਂ ਓਸ ਵੀ ਪਿਛਾਂਹ ਮੁੜ ਕੇ ਨਹੀਂ ਦੇਖਿਆ ਤੇ ਪਿਛਲੇ ਦੋ ਸਾਲਾਂ ਤੋਂ ਨਿਰੰਤਰ ਲਿਖ ਰਿਹਾ ਹੈ।
ਉਸ ਦੇ ਸਾਹਿਤ ਨਾਲ਼ ਜੁੜਨ ਪਿੱਛੇ ਵੀ ਘਟੀ ਇਕ ਰੌਚਿਕ ਘਟਨਾ ਦਾ ਜ਼ਿਕਰ ਕਰਨਾ ਬਣਦਾ ਹੈ।ਹੋਇਆ ਇੰਝ ਕਿ ਡਾ.ਕੁਲਵਿੰਦਰ ਬਾਠ ਦੇ ਸਾਇੰਸ ਦਾ ਵਿਦਿਆਰਥੀ ਹੋਣ ਕਰਕੇ ਪੰਜਾਬੀ ਭਾਸ਼ਾ ਨਾਲ ਉਸ ਦਾ ਸਾਥ ਦਸਵੀਂ ਤੀਕ ਹੀ ਰਿਹਾ।ਉਸ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਪੜ੍ਹਾਈ ਕਰਨ ਕਰਕੇ ਅਤੇ ਪਰਵਾਸ ਦੀ ਵਿਅਸਤ ਅਤੇ ਸੰਘਰਸ਼ ਭਰੀ ਜ਼ਿੰਦਗੀ ਕਾਰਨ ਉਹ ਸਾਹਿਤ ਤੋਂ ਕੋਹਾਂ ਦੂਰ ਹੀ ਰਿਹਾ ਸੀ ਜਿਸ ਦਾ ਉਹ ਹੁਣ ਦਿਲ ਹੀ ਦਿਲ ਪਛਤਾਵਾ ਵੀ ਕਰਦਾ ਹੈ।ਹੋਇਆ ਇੰਝ ਕਿ ਅੱਜ ਤੋਂ ਕੋਈ ਡੇਢ ਕੂ ਦਹਾਕਾ ਪਹਿਲਾਂ ਦੂਹਰੀ ਰਿਸ਼ਤੇਦਾਰੀ ‘ਚੋਂ ਉਸ ਦੀ ਮਾਸੀ/ਤਾਈ ਦਾ ਪੁੱਤਰ ਸੁਰਜੀਤ ਬਾਠ ਕਨੇਡਾ ਤੋਂ ਉਸ ਨੂੰ ਮਿਲਣ ਅਮਰੀਕਾ ਉਸ ਦੇ ਘਰ ਆਇਆ।ਉਹਨਾਂ ਵੇਲਿਆਂ ਵਿੱਚ ਉਹ ਇਹਨਾਂ ਦੇ ਪਰਿਵਾਰ ਤੋਂ ਹੀ ਨਹੀਂ ਸਗੋਂ ਪਿੰਡ ਤੋਂ ਵੀ ਬੀ.ਏ. ਕਰਨ ਵਾਲ਼ਾ ਪਹਿਲਾ ਵਿਦਿਆਰਥੀ ਸੀ ਜੋ ਪੜ੍ਹਾਈ ਖ਼ਤਮ ਕਰਦਿਆਂ ਹੀ ਵੈਨਕੂਵਰ ਕਨੇਡਾ ਪਰਵਾਸ ਕਰ ਗਿਆ ਸੀ।ਸਾਹਿਤ ਦਾ ਰਸੀਆ ਹੋਣ ਕਰਕੇ ਉਸ ਨੇ ਗੱਲੀਂ ਬਾਤੀਂ ਹੀ ਕੁਲਵਿੰਦਰ ਨੂੰ ਪੁੱਛਿਆ ਕਿ ‘ਤੇਰੀ ਲਾਇਬ੍ਰੇਰੀ ਕਿੱਥੇ ਆ? ਕੋਈ ਕਿਤਾਬਾਂ ਕਤੂਬਾਂ ਨਹੀਂ ਰੱਖੀਆਂ’? ਤਾਂ ਕੁਲਵਿੰਦਰ ਨੇ ਆਪਣੇ ਮੌਸੇਰੇ ਭਰਾ ਨੂੰ ਆਪਣੀ ਪ੍ਰੋਫੈਸ਼ਨਲ ਪੜ੍ਹਾਈ ਦੀਆਂ ਕਿਤਾਬਾਂ ਦੀ ਲਾਇਬ੍ਰੇਰੀ ਮੂਹਰੇ ਲੈ ਜਾ ਕੇ ਖੜ੍ਹਾ ਕਰ ਦਿੱਤਾ ਤੇ ਕਿਹਾ,”ਆਹ ਕਿਤਾਬਾਂ ਤਾਂ ਬਹੁਤ ਹਨ ਪਰ ਮੈਨੂੰ ਨਹੀਂ ਲੱਗਦਾ ਤੁਹਾਡੇ ਪਸੰਦ ਆਉਣਗੀਆਂ। ਉਹ ਅੱਗੋਂ ਹੱਸਿਆ ਤੇ ਬੋਲਿਆ ਕਿ ਮੈਂ ਕੋਈ ਸਾਹਿਤ ਦੀ ਕਿਤਾਬ ਪੜ੍ਹਨਾ ਚਾਹੁੰਦਾ ਹਾਂ ਤੇਰੇ ਪ੍ਰੋਫੈਸ਼ਨ ਦੀ ਨਹੀਂ। ਸ਼ਰਮਿੰਦਾ ਹੋਏ ਕੁਲਵਿੰਦਰ ਨੇ ਸਿਰ ਨਾਂਹ ਵਿੱਚ ਹਿਲਾਇਆ ਪਰ ਇਸ ਨਿੱਕੀ ਜਿਹੀ ਤੇ ਸਧਾਰਨ ਜਿਹੀ ਘਟਨਾ ਨੇ ਉਸ ਨੂੰ ਸਾਹਿਤ ਪੜ੍ਹਨ ਤੇ ਲਿਖਣ ਵੱਲ ਤੁਰਨ ਦਾ ਰਾਹ ਦਿਖਾਇਆ। ਬਾਅਦ ਵਿੱਚ ਸੁਰਜੀਤ ਨੇ ਕੁਲਵਿੰਦਰ ਨੂੰ ਪੰਜਾਬੀ ਦੀਆਂ ਕਈ ਪੁਸਤਕਾਂ ਪੜ੍ਹਨ ਨੂੰ ਦਿੱਤੀਆਂ ਜਿਹਨਾਂ ਨੂੰ ਪੜ੍ਹਨ ਤੋਂ ਬਾਅਦ ਕਿਤਾਬਾਂ ਨੂੰ ਉਹ ਆਪਣਾ ਦੋਸਤ ਸਮਝਣ ਲੱਗ ਪਿਆ।ਪੜ੍ਹਨਾ ਲਿਖਣਾ ਉਸ ਦੀ ਆਦਤ ਬਣ ਗਿਆ ਤੇ ਇਸ ਆਦਤ ਨੇ ਉਸਦੇ ਬੌਧਿਕ ਵਿਕਾਸ ਵਿੱਚ ਅਤੇ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਅਹਿਮ ਯੋਗਦਾਨ ਪਾਇਆ। ਇਕ ਘਟਨਾ ਹੋਰ ਹੈ ਜਦ ਉਸ ਨੂੰ ਕਾਲਜ ਪੜ੍ਹਦਿਆਂ ਨਾ ਚਾਹੁੰਦਿਆਂ ਹੋਇਆ ਵੀ ਕਾਲਜ ਦੇ ਮੈਗਜ਼ੀਨ ਲਈ ਜ਼ਿੰਦਗੀ ਦਾ ਪਹਿਲਾ ਲੇਖ ਲਿਖਣਾ ਪਿਆ ਸੀ ਇਸ ਦਾ ਵਰਣਨ ਉਸ ਦੀ ਪੁਸਤਕ ਤਾਣੇ ਬਾਣੇ ਵਿੱਚ ਲਿਖੇ ਲੇਖ ‘ਅੰਨ੍ਹੀ ਕੁੱਕੜੀ ਤੇ ਖਸ-ਖਸ ਦਾ ਚੋਗਾ’ ਵਿੱਚ ਵਿਸਥਾਰ ਪੂਰਵਕ ਪੜ੍ਹਨ ਨੂੰ ਮਿਲ਼ਦਾ ਹੈ।