18 September 2024

ਪੰਜਾਬੀ ਕਵਿਤਾ ਵਿਚ ਪਾਸ਼ ਦਾ ਸਥਾਨ – ਹਰਬਖਸ਼ ਮਕਸੂਦਪੁਰੀ

ਪੰਜਾਬੀ ਕਵਿਤਾ ਵਿਚ ਪਾਸ਼ ਦਾ ਸਥਾਨ – ਹਰਬਖਸ਼ ਮਕਸੂਦਪੁਰੀ

ਨਕਸਲਵਾਦੀ ਲਹਿਰ ਦੇ ਉਠਾਨ ਤੋਂ ਪਹਿਲਾਂ ਉਹ ਕਵਿਤਾ ਜਿਸਨੂੰ ਪ੍ਰਗਤੀਵਾਦੀ ਕਵਿਤਾ ਕਿਹਾ ਜਾਂਦਾ ਸੀ, ਉਨ੍ਹਾਂ ਗ਼ਰੀਬ ਪੇਂਡੂ ਲੋਕਾਂ ਤੋਂ ਕੱਟੀ ਹੋਈ ਸੀ, ਜਿਨ੍ਹਾਂ ਲਈ ਉਹ ਲਿਖੀ ਜਾਂਦੀ ਸੀ। ਇਹ ਕਵਿਤਾ ਨਾ ਇਨ੍ਹਾਂ ਲਈ ਸੀ, ਨਾ ਇਨ੍ਹਾਂ ਦੀ ਸੀ, ਨਾ ਇਨ੍ਹਾਂ ਵਾਸਤੇ ਸੀ, ਸਿਰਫ ਇਨ੍ਹਾਂ ਲੋਕਾਂ ਬਾਰੇ ਲਿਖੀ ਹੋਈ ਉਨ੍ਹਾਂ ਕਵੀਆਂ ਦੀ ਕਵਿਤਾ ਸੀ, ਜਿਹੜੇ ਆਪ ਇਨ੍ਹਾਂ ਵਿਚੋਂ ਨਹੀਂ ਸਨ। ਉਨ੍ਹਾਂ ਨੂੰ ਪੇਂਡੂ ਲੋਕਾਂ ਦੇ ਜੀਵਨ ਦਾ ਕੋਈ ਸਿੱਧਾ ਤਜੁਰਬਾ ਨਹੀਂ ਸੀ ਜਿਨ੍ਹਾ ਬਾਰੇ ਉਹ ਲਿਖਦੇ ਸਨ। ਇਸ ਲਈ ਉਨ੍ਹਾਂ ਦੀ ਕਵਿਤਾ ਵਿੱਚ ਪੇਂਡੂ ਜੀਵਨ ਨੂੰ ਉਸੇ ਕਿਸਮ ਦਾ ਪੇਸ਼ ਕੀਤਾ ਜਾਂਦਾ ਸੀ ਜਿਸ ਤਰ੍ਹਾਂ ਦਾ ਉਨ੍ਹਾਂ ਦੀਆਂ ਰੋਮਾਂਟਿਕ ਐਨਕਾਂ ਵਿਚੋਂ ਉਨ੍ਹਾਂ ਨੂੰ ਦਿਸਦਾ ਸੀ। ਇਹੀ ਕਾਰਨ ਹੈ ਕਿ ਪੋ੍ਰ: ਮੋਹਨ ਸਿੰਘ ਨੂੰ ਪੇਂਡੂ ਗ਼ਰੀਬ ਕਿਸਾਨ ਦੇ ਖੂਹ ਤੇ ਰੱਬ ਵਸਦਾ ਦਿਸਦਾ ਸੀ ਤੇ ਅਮ੍ਰਿਤ ਪ੍ਰੀਤਮ ਇਹ ਲਿਖ ਸਕਦੀ ਸੀ:-

ਇਹ ਰਾਤ ਸਾਰੀ ਤੇਰੇ ਖਿਆਲਾਂ ‘ਚ ਗੁਜ਼ਾਰ ਕੇ
ਹੁਣੇ ਹੁਣੇ ਜਾਗੀ ਹਾਂ ਸੱਤੇ ਬਹਿਸ਼ਤਾਂ ਉਸਾਰ ਕੇ
(ਸੁਨੇਹੜੇ ਵਿੱਚੋਂ)

   ਇਹ ਸੱਤੇ ਬਹਿਸ਼ਤਾਂ ਰਾਤ ਨੂੰ ਉਸਨੂੰ ਹੀ ਦਿਸ ਸਕਦੀਆਂ ਸਨ, ਜਿਸਨੇ ਪੇਂਡੂ ਗ਼ਰੀਬ ਲੋਕਾਂ ਦੇ ਦੁੱਖਾਂ ਭਰੇ ਜੀਵਨ ਦੀ ਝਾਕੀ ਨੂੰ ਨੇੜਿਓਂ ਨਾ ਦੇਖਿਆ ਹੋਵੇ। ਨਕਸਲਵਾਦੀ ਕਵੀ ਪਿੰਡਾਂ ਵਿੱਚ ਜੰਮੇ ਤੇ ਪੇਂਡੂ ਲੋਕਾਂ ਦੇ ਥੁੜਾਂ ਤੇ ਤੰਗੀਆਂ ਭਰੇ ਜੀਵਨ ਦੇ ਚੌਗਿਰਦੇ ਵਿਚ ਪਲ਼ੇ ਸਨ। ਉਹ ਕਿਵੇਂ ਆਪਣੇ ਖੂਹ ਤੇ ਵਸਦੇ ਰੱਬ ਨੂੰ ਦੇਖ ਸਕਦੇ ਸਨ ਤੇ ਨਾ ਹੀ ਉਹ ਮਹਿਬੂਬ ਦੇ ਖਿਆਲ ਵਿਚ ਸੁੱਤੇ ਹੋਏ ਸੱਤੇ ਬਹਿਸ਼ਤਾਂ ਉਸਾਰ ਸਕਦੇ ਸਨ। ਇਸ ਲਈ ਇਨ੍ਹਾਂ ਕਵੀਆਂ ਨੇ ਪੇਂਡੂ ਜੀਵਨ ਨੂੰ ਜਿਸਤਰ੍ਹਾਂ ਦਾ ਉਹ ਹੈ, ਉਸੇ ਤਰ੍ਹਾਂ ਦਾ ਚਿਤਰਨ ਦਾ ਯਤਨ ਕੀਤਾ ਤੇ ਪਾਸ਼ ਇਸ ਯਤਨ ਵਿਚ ਆਪਣੇ ਸੰਗੀ ਸਾਥੀ ਨਕਸਲਵਾਦੀ ਕਵੀਆਂ ਨਾਲੋਂ ਸਭ ਤੋਂ ਵਧ ਕਾਮਯਾਬ ਸਿੱਧ ਹੋਇਆ। ਉਹ ਆਪਣੇ ਨਕਸਲਵਾਦੀ ਸਾਥੀਆਂ ਦੀ ਭਾਰੂ ਗਿਣਤੀ ਵਾਂਗ ਉਸ ਜੱਟ ਜਾਤਿ ਵਿਚੋ਼ ਆੲਆ ਸੀ, ਜਿਸ ਵਿਚ ਆਪਣੀ ਕਿਸਮ ਦੀਆਂ ਤੰਗੀਆਂ ਤੁਰਸ਼ੀਆਂ ਦੇ ਹੋਣ ਤੇ ਵੀ ਭੂਪਵਾਦੀ ਸੱਗੋਂ ਕਿਸੇ ਹੱਦ ਤੱਕ ਕ਼ਬਾਇਲੀ ਸੋਚ ਭਾਰੂ ਹੁੰਦੀ ਹੈ ਤੇ ਉਹ ਪਿੰਡਾਂ ਵਿਚ ਵਸਦੇ ਬੇਜ਼਼ਮੀਨ ਕੰਮੀਆਂ ਨਾਲੋਂ ਕਿਤੇ ਵਧੇਰੇ ਚੰਗਾ ਜੀਵਨ ਜੀ ਰਹੇ ਹੁੰਦੇ ਹਨ। ਇਸ ਲਈ ਇਨ੍ਹਾਂ ਕਵੀਆਂ ਵਿਚ ਮਾਅਰਕੇਬਾਜ਼ੀ ਕੁਝ ਵਧੇਰੇ ਹੀ ਭਾਰੂ ਸੀ।

   ਪਾਸ਼ ਨਕਸਲਵਾਦੀ ਕਵੀਆਂ ਵਿਚੋਂ ਅਜੇਹਾ ਨਾਉਂ ਹੈ ਜਿਸਦੀ ਦੇਣ ਨੂੰ ਕਿਸੇ ਤਰ੍ਹਾਂ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ। ਉਹਦੀ ਕਾਵਿ-ਪ੍ਰਤਿਭਾ ਉਹਦੀ ਆਪਣੀ ਸੀ ਤੇ ਉਹਦੀਆਂ ਕਮਜ਼ੋਰੀਆ ਉਹਦੇ ਸਮੇਂ ਦੀ ਸਮੁੱਚੀ ਪ੍ਰਗਤੀਵਾਦੀ ਵਿਚਾਰਧਾਰਾ, ਖਾਸ ਤੌਰ ਤੇ ਨਕਸਲਵਾਦੀ ਵਿਚਾਰਧਾਰਾ ਦੀ ਦੇਣ ਸਨ। ਇਨ੍ਹਾਂ ਕਮਜ਼ੋਰੀਆਂ ਦਾ ਕਾਰਨ ਕਿਸੇ ਹੱਦ ਤੱਕ ਉਹਦਾ ਜੱਟ ਕਿਸਾਨੀ ਪਿਛੋਕੜ ਵੀ ਸੀ। ਕਵੀ ਦੇ ਤੌਰ ਤੇ ਉਹ ਨਕਸਲਵਾਦੀ ਲਹਿਰ ਦੇ ਪੈਦਾ ਹੋਣ, ਫੈਲਣ ਤੇ ਖੇਰੂੰ ਖੇਰੂੰ ਹੋ ਜਾਣ ਦੇ ਸਮੇਂ(1969-73) ਵਿੱਚ ਪਰਵਾਨ ਚੜ੍ਹਿਆ ਸੀ। ਉਹਦਾ ਆਗਮਨ ਉਸ ਸਮੇਂ ਵਿੱਚ ਹੋਇਆ ਸੀ ਜਦੋਂ ਪੰਜਾਬੀ ਸਾਹਿਤ ਵਿੱਚ ਪ੍ਰਗਤੀਵਾਦ, ਜਿਹੜਾ ਅਸਲ ਵਿਚ ਯਥਾਰਥਕ ਨਹੀਂ, ਰੋਮਾਂਟਿਕ ਪ੍ਰਗਤੀਵਾਦ ਸੀ, ਆਪਣੇ ਆਖਰੀ ਸਾਹਾਂ ਉੱਤੇ ਪੁਜ ਗਿਆ ਸੀ ਤੇ ਪੱਛਮ ਤੋਂ ਆਏ ਪ੍ਰਯੋਗਵਾਦ ਤੇ ਆਧੁਨਿਕਵਾਦ ਦਾ ਦੌਰ ਅਰੰਭ ਹੋ ਚੁੱਕਾ ਸੀ। ਇਨ੍ਹਾਂ ਨਵੇਂ ਅਰੰਭ ਹੋਏ ਵਾਦਾਂ ਦਾ ਸਹੀ ਜਵਾਬ ਤਾਂ ਰੋਮਾਂਟਕ ਪ੍ਰਗਤਵਾਦ ਦੀ ਥਾਂ ਆਧੁਨਿਕ ਯਥਾਰਥਕ ਪ੍ਰਗਤੀਵਾਦ ਹੀ ਦੇ ਸਕਦਾ ਸੀ ਪਰ ਜਵਾਬ ਦਿੱਤਾ ਉਸ ਜੁਝਾਰਵਾਦ ਨੇ ਜਿਸਦੀਆਂ ਨੀਹਾਂ ਭਾਰਤ ਦੇ ਉਸ ਸਮੇਂ ਦੇ ਪ੍ਰਾਪਤ ਯਥਾਰਥ ਦੀ ਥਾਂ ਬਾਹਰੋਂ ਲਏ ਸਿਧਾਂਤਾਂ ਤੇ ਟਿਕੀਆਂ ਹੋਈਆਂ ਸਨ, ਜਿਹੜੇ ਸਿਧਾਂਤ ਕਿਸੇ ਹੋਰ ਧਰਤੀ ਅਤੇ ਕਿਸੇ ਹੋਰ ਲੋਕ ਸਮੂਹਾਂ ਦੇ ਪ੍ਰਾਪਤ ਯਥਾਰਥ ਦੇ ਤਾਂ ਅਨੁਕੂਲ ਹੋ ਸਕਦੇ ਸਨ, ਉਸ ਸਮੇਂ ਦੇ ਭਾਰਤ ਦੇ ਯਥਾਰਥ ਦੇ ਕਦਾਚਿਤ ਅਨੁਕੂਲ ਨਹੀਂ ਸਨ। ਕਿਸੇ ਲਹਿਰ ਦਾ ਫੇਹਲ ਹੋ ਜਾਣਾ ਜਾਂ ਆਪਣੇ ਹੀ ਲੋਕਾਂ ਵਿਚ, ਜਿਨ੍ਹਾਂ ਦੇ ਕਲਿਆਣ ਲਈ ਉਹ ਲਹਿਰ ਚਾਲੂ ਹੋਈ ਹੋਵੇ ਪੈਰ ਨਾ ਜਮਾ ਸਕਣਾ, ਆਪਣੇ ਆਪ ਵਿਚ ਹੀ ਇਸ ਗੱਲ ਦਾ ਪਰਮਾਣ ਹੁੰਦਾ ਹੈ ਕਿ ਉਹ ਲਹਿਰ ਸਮੇਂ ਸਥਾਨ ਦੀਆਂ ਪ੍ਰਾਪਤ ਸਥਿਤੀਆਂ ਦੇ ਅਨੁਕੂਲ ਨਹੀਂ ਸੀ। ਇਹ ਤੱਥ ਭਾਰਤ ਵਿਚ ਆਈ ਸਮੁੱਚੀ ਕਮਿਊਨਿਸਟ ਲਹਿਰ ਤੇ ਵਿਚਾਰਧਾਰਾ ਲਈ ਵੀ ਓਨੇ ਹੀ ਸੱਚੇ ਹਨ।

   1950 ਵਿਚ ਜੰਮੇ ਪਾਸ਼ ਨੇ ਆਪਣੀ ਪਹਿਲੀ ਕਵਿਤਾ ਪੰਦਰਾਂ ਕੁ ਸਾਲ ਦੀ ਉਮਰ ਵਿਚ ਲਿਖੀ ਸੀ ਤੇ ਉਹ 19 ਸਾਲ ਦੀ ਉਮਰ ਵਿੱਚ ਭਾਰਤ ਦੀ ਕਮਊਨਿਸਟ ਪਾਰਟੀ ਵਿਚੋਂ ਦੀ ਲੰਘਦਾ ਹੋਇਆ ਨਕਸਲਬਾੜੀ ਲਹਿਰ ਦੇ ਅਸਰ ਹੇਠ ਵੀ ਆ ਗਿਆ ਸੀ ਤੇ ਜੇਲ੍ਹ ਵਿਚ ਬੈਠੇ ਦਾ ਉਸਦਾ ਪਹਿਲਾ ਕਾਵਿ ਸੰਗ੍ਰਹਿ 20 ਸਾਲ ਦੀ ਉਮਰ ਵਿਚ ‘ਲੋਹ-ਕਥਾ’ ਦੇ ਨਾਉਂ ਹੇਠ ਛਪ ਗਿਆ ਸੀ। ਉਸ ਸਮੇਂ ਤੱਕ ਉਸਦੀ ਸਕੂਲੀ ਪੜ੍ਹਾਈ ਮੈਟ੍ਰਿਕ ਤੋਂ ਵੀ ਥੱਲੇ ਹੀ ਸੀ। ਇਸ ਕਿਸ਼ੋਰ ਉਮਰ ਵਿਚ ਉਹ ਕੀ ਸੋਚਦਾ ਹੋਵੇਗਾ? ਸੋਚਦਾ ਹੋਵੇਗਾ ਵੀ ਕਿ ਨਹੀਂ? ਜਾਂ ਜਜ਼ਬਾਤ ਤੇ ਜੋਸ਼ ਦੀ ਅਨ੍ਹੇਰੀ ਵਿੱਚ ਉੜ ਰਿਹਾ ਹੋਵੇਗਾ। ਇਸ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਜਾਪਦੀ, ਕਿਉਂਕਿ ਅਸੀਂ ਆਪ ਵੀ ਤਾਂ ਕਦੀਂ ਅਜੇਹੀ ਉਮਰ ਵਿਚੋਂ ਲੰਘੇ ਹੀ ਸਾਂ। ਸਾਨੂੰ ਪਤਾ ਹੀ ਹੈ ਕਿ ਇਸ ਉਮਰ ਵਿਚ ਨਾ ਆਪਣੇ ਮਹਿਬੂਬ ਵਰਗਾ ਕੋਈ ਹੋਰ ਦਿਸਦਾ ਹੁੰਦਾ ਹੈ ਤੇ ਨਾ ਆਪਣੇ ਅਪਣਾਏ ਆਦਰਸ਼ ਵਰਗਾ ਕੋਈ ਹੋਰ ਆਦਰਸ਼। ਬੱਸ ਜਿਸਤਰ੍ਹਾਂ ਬਾਹਰਲੇ ਰੰਗ ਰੂਪ ਨੂੰ ਦੇਖ ਕੇ ਪਿਆਰ ਹੋ ਹੀ ਜਾਂਦਾ ਹੈ ਉਸੇਤਰ੍ਹਾਂ ਤੱਤੇ ਤੱਤੇ ਨਾਹਰਿਆਂ ਤੇ ਦੁਨੀਆ ਬਦਲ ਦੇਣ ਦੇ ਬਿਨਾਂ ਸੋਚੇ ਸਮਝੇ ਅਪਣਾਏ ਆਦਰਸ਼ ਨਾਲ ਵੀ ਇਕ ਕਿਸਮ ਦਾ ਅੰਨ੍ਹਾ ਇਸ਼ਕ ਹੋ ਜਾਂਦਾ ਹੈ। ਫੇਰ ਕੌਣ ਦੇਖਦਾ ਹੈ ਕਿ ਕੀ ਹੁੰਦਾ ਹੈ? ਮਿਰਜ਼ੇ ਦੀ ਬੱਕੀ ਤੋਂ ਫਰਿਸ਼ਤੇ ਡਰਨ ਲੱਗ ਪੈਂਦੇ ਹਨ ਤੇ ਮਿਰਜ਼ੇ ਤੋਂ ਡਰਦਿਆਂ ਰੱਬ ਨੂੰ ਕਾਂਬਾ ਛਿੜ ਜਾਂਦਾ ਹੈ। ਨਤੀਜਾ ਇਸ ਅੰਨ੍ਹੇ ਸਵੈ-ਭਰੋਸੇ ਦਾ ਜੋ ਨਿਕਲਦਾ ਹੈ, ਉਹ ਸਭ ਨੂੰ ਪਤਾ ਹੈ।

   ਕਿਸ਼ੋਰ ਉਮਰ ਵਿੱਚ ਪਏ ਅਜੇਹੇ ਪਿਆਰ ਜਿਸ ਵਿਚ ਸਫਲਤਾ ਵਰਤਮਾਨ ਸਮਾਜਕ ਤੇ ਆਰਥਕ ਢਾਂਚੇ ਵਿਚ ਸੰਭਵ ਨਹੀਂ ਹੁੰਦੀ, ਦਾ ਪ੍ਰਭਾਵ ਸੰਵੇਦਨਸ਼ੀਲ ਮਨ ਤੇ ਬਹੁਤ ਡੂੰਘਾ ਪੈਂਦਾ ਹੈ। ਕਿਸੇ ਇਕ ਨੁਕਤੇ ਤੇ ਮਨ ਦੀ ਇਕਾਗਰਤਾ ਹੋ ਜਾਣ ਦੀ ਆਦਤ ਸੁਤੇ ਸਿੱਧ ਪੈਦਾ ਹੋ ਜਾਂਦੀ ਹੈ, ਅਜੇਹੀ ਆਦਤ ਜਿਹੜੀ ਸਿੱਧ ਪੁਰਸ਼ ਬੜੀ ਸਾਧਨਾ ਪਿੱਛੋਂ ਪ੍ਰਾਪਤ ਕਰਦੇ ਹਨ। ਇਹ ਆਦਤ ਪਿੱਛੋਂ ਜਾ ਕੇ ਕਾਵਿ-ਸਿਰਜਣਾ ਦੀ ਪ੍ਰਕਿਰਿਆ ਵਿਚ ਬਹੁਤ ਹੱਦ ਤਕ ਸਹਾਈ ਹੁੰਦੀ ਹੈ। ਪਾਸ਼ ਦੀਆਂ ਆਪਣੀਆਂ ਲਿਖਤਾਂ ਤੋਂ ਇਹ ਪਤਾ ਲਗਦਾ ਹੈ ਕਿ ਉਹ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ। ਆਪਣੀ ਡਾਇਰੀ ਦੇ 1 ਜਨਵਰੀ 1972 ਵਾਲੇ ਸਫੇ ਤੇ ਉਹ ਲਿਖਦਾ ਹੈ:-“…ਇਸ ਵਰ੍ਹੇ ਮੈਂ ਤੈਨੂੰ ਪ੍ਰਾਪਤ ਕਰ ਕੇ ਹੀ ਰਹਾਂਗਾ“। ਇਸ ਅੰਦਰਾਜ ਤੋਂ ਇਹ ਸਾਫ ਪਰਗਟ ਹੁੰਦਾ ਹੈ ਕਿ ਇਸ ਤਾਰੀਖ਼ ਤੱਕ ਉਹ ਆਪਣੇ ਪਿਆਰ ਵਿਚ ਸਫਲ ਨਹੀਂ ਹੋ ਸਕਿਆ ਸੀ। ਫੇਰ ਇਸੇ ਡਾਇਰੀ ਵਿਚ 10 ਜੂਨ 1975 ਦੀ ਤਾਰੀਖ਼ ਵਿਚ ਦਰਜ ਹੈ:-” ਮੈਨੂੰ ਇਹ ਮੰਨਣ ਵਿਚ ਸੰਗ ਨਹੀਂ ਹੋਣੀ ਚਾਹੀਦੀ ਕਿ ਪਿਛਲੇ ਤਿੰਨ ਚਾਰ ਵਰ੍ਹੇ ਮੈਂ ਸਮੁੱਚੇ ਤੌਰ ਤੇ ਇਕ ਕੁੜੀ ਦੇ ਬਾਰੇ ਹੀ ਸੋਚਦਾ ਰਿਹਾ ਹਾਂ“। ਸੋ ਉਹਦਾ ਪਿਆਰ ਜਨਵਰੀ 1975 ਤੱਕ ਵੀ ਨਿਸਫਲ ਸੀ। ਉਸਦੇ ਕਾਵਿ-ਸੰਗ੍ਰਹਿ “ਸਾਡੇ ਸਮਿਆਂ ਵਿਚ” (1978) ਵਿਚ ਦਿੱਤੀਆਂ ਉਸ ਦੀਆਂ ਕੁਝ ਕਵਿਤਾਵਾਂ ਵਿਚੋਂ ਉਸਦੇ ਇਸ ਪਿਆਰ ਦੀ ਡੂੰਘਾਈ ਦਾ ਪਤਾ ਲਗਦਾ ਹੈ। ਇਸ ਸੰਗ੍ਰਹਿ ਦੀ ਕਵਿਤਾ ‘ਤੈਥੋਂ ਬਿਨਾ’ ਵਿਚ ਉਹ ਆਪਣੀ ਮਹਿਬੂਬ ਤੋਂ ਬਿਨਾਂ ਜੋ ਕੁਝ ਹੁੰਦਾ ਹੈ, ਉਸਦਾ ਵਰਨਣ ਕਰਦਾ ਹੈ। ਉਸਦੇ ਬਿਨਾਂ ਉਹ ‘ਸਾਰੇ ਦਾ ਸਾਰਾ ਝਖੜ’ ਹੁੰਦਾ ਹੈ, ‘ਲੈਨਨ ਤੇ ਆਈਨਸਟਾਈਨ’ ਨਾਲ ਵਾਕਫੀ ਗੰਢਦਾ ਹੈ। ਉਸਤੋਂ ਬਿਨਾਂ ਉਹ ‘ਸਿਧਾਰਥ ਨਹੀਂ ਬੁੱਧ’ ਹੁੰਦਾ ਹੈ ਤੇ ਇਸ ਕਵਿਤਾ ਦੀ ਅੰਤਮ ਸਤਰ ਹੈ:-

ਪਰ ਕਿੰਦਰ! ਬਲਦਾ ਜੀਵਨ ਮੱਥੇ ਲਗਦਾ ਹੈ
ਤੈਥੋਂ ਬਿਨਾ ਮੈਂ ਹੁੰਦਾ ਹੀ ਨਹੀਂ

   ਪਾਸ਼ ਦਾ ਇਹ ਸਵੈ-ਕਥਨ ਪੜ੍ਹਨ ਤੋਂ ਪਿੱਛੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਬੁਨਿਆਦੀ ਤੌਰ ਤੇ ਪਿਆਰ ਦਾ ਕਵੀ ਸੀ ਤੇ ਆਪਣੀ ਮਹਿਬੂਬ ਤੋਂ ਬਿਨਾਂ ਉਹ ਆਪਣੇ ਜੀਵਨ ਨੂੰ ਨਿਸਫਲ ਸਮਝਦਾ ਸੀ। ਪਿਆਰ ਵਿਚੋਂ ਮਿਲੀ ਨਿਰਾਸ਼ਾ ਦੇ ਕਾਰਨ ਹੀ ਉਹ ਆਪਣੇ ਸਮੇਂ ਦੇ ਸਮਾਜਕ ਤੇ ਆਰਥਕ ਵਰਤਾਰੇ ਦੇ ਸੱਚ ਨੂੰ ਬੜੀ ਨੀਝ ਨਾਲ ਦੇਖ ਪਰਖ ਸਕਿਆ, ਭਾਵੇਂ ਉਸ ਵਰਤਾਰੇ ਪਿੱਛੇ ਲੁਕੇ ਅਸਲ ਕਾਰਨਾਂ ਨੂੰ ਸਮਝਣ ਤੇ ਉਨ੍ਹਾਂ ਤੋਂ ਛੁਟਕਾਰਾ ਪਰਾਪਤ ਕਰਨ ਦੇ ਸਹੀ ਢੰਗ ਤਰੀਕਿਆਂ ਦਾ ਨਾ ਉਸਨੂੰ ਪਤਾ ਸੀ ਨਾ ਉਸਦੇ ਉਸ ਵੇਲੇ ਦੇ ਰਾਜਨੀਤਕ ਰਾਹ ਦਸੇਰਿਆਂ ਨੂੰ ਪਤਾ ਸੀ। ਫੇਰ ਵੀ ਪਾਸ਼ ਦੀ ਕਵਿਤਾ ਵਿਚ ਸਮਾਂ ਗੁਜ਼ਰਨ ਨਾਲ ਆਉਂਦਾ ਵਿਕਾਸ ਅਸੀਂ ਦੇਖ ਸਕਦੇ ਹਾਂ।

   ‘ਲੋਹ-ਕਥਾ’ ਵਿਚ ਉਸਦਾ ਇਨਕਲਾਬੀ ਜੋਸ਼ ਵੀ ਉਸਦੇ ਪਿਆਰ ਦੇ ਜੋਸ਼ ਵਾਂਗ ਅੰਨ੍ਹਾ ਹੈ। ਬਸ ਮਿਰਜ਼ੇ ਨੇ ਆਪਣੇ ਬਾਜ਼ੂਆਂ ਦੇ ਜ਼ੋਰ ਨਾਲ ਸਾਹਿਬਾਂ ਪ੍ਰਾਪਤ ਕਰ ਹੀ ਲੈਣੀ ਹੈ, ਚੰਧੜ ਤੇ ਦਾਨਾਬਾਦ ਦੇ ਸੂਰਮੇ ਤਾਂ ਕਾਗਜ਼ੀ ਸ਼ੇਰ ਹਨ। ਜਦੋਂ ਬੱਕੀ ਦੇ ਖੁਰਾਂ ਨਾਲ ਉੜਦੀ ਧੂੜ ਦੇਖੀ ਤਾਂ ਉਹ ਦੁਮ ਦਬਾ ਕੇ ਨਠ ਜਾਣਗੇ। ਜ਼ਰਾ ਇਸ ਸੰਗ੍ਰਹਿ ਵਿਚ ਦਿਤੀ ਕਵਿਤਾ ‘ਕਾਗ਼ਜ਼ੀ ਸ਼ੇਰਾਂ ਦੇ ਨਾਂ‘ ਵਿਚੋਂ ਇਹ ਸਤਰਾਂ ਪੜ੍ਹ ਕੇ ਦੇਖੋ:-

ਸਾਡੇ ਲਈ ਤਾਂ ਤੁਸੀਂ ਇਕ ਠੋਕਰ ਦੀ ਮਾਰ ਵੀ ਨਹੀਂ
ਸ਼ਾਇਦ ਤੁਹਾਨੂੰ ਆਪਣੀ ਹੋਂਦ ਦਾ ਕੋਈ ਵਹਿਮ ਹੈ
ਮੈਂ ਦਸਦਾਂ ਤੁਸੀਂ ਕੀ ਹੋ?
ਤੁਸੀਂ ਕਿਕਰ ਦੇ ਬੀਅ ਹੋ
ਜਾਂ ਟੁਟਿਆ ਹੋਇਆ ਟੋਕਰਾ
ਜੋ ਕੁਝ ਵੀ ਚੁਕਣ ਤੋਂ ਅਸੱਮਰਥ ਹੈ

   ਗੱਲ ਸਾਫ ਹੈ, ਇਹ ਜੋਸ਼ ਮਜ਼ਦੂਰ ਵਰਗ ਵਿੱਚੋਂ ਪੈਦਾ ਹੋਏ ਇਨਕਲਾਬੀ ਦਾ ਨਹੀਂ, ਗਰੀਬੀ ਦੇ ਲਤਾੜੇ ਭੂਪਤੀ/ਕ਼ਬਾਇਲੀ ਸੰਸਕਾਰ-ਗ੍ਰਸਤ ਕੱਚੀ ਉਮਰ ਦੇ ਜੱਟ ਦਾ ਹੈ। ਜਿਵੇਂ ਉਸਨੂੰ ਪਿਆਰ ਦੇ ਮਾਮਲੇ ਵਿਚ ਸਮਾਜਕ ਵਿਰੋਧ ਦਾ ਡਰ ਨਹੀਂ ਸੀ, ਬਸ ਆਪਣੀ ਮਹਿਬੂਬ ਨੂੰ ਹਰ ਹਾਲਤ ਵਿਚ ਜਿਤ ਲੈਣ ਵਿਚ ਯਕੀਨ ਸੀ, ਓਵੇਂ ਹੀ ਉਹ ਨਤੀਜਿਆਂ ਤੋਂ ਬੇਪਰਵਾਹ ਰਾਜ-ਸੱਤਾ ਨਾਲ ਟਕਰਾਉਣ ਲਈ ਤਿਆਰ ਤੇ ਕਾਹਲਾ ਸੀ:-

ਇਹ ਮਲਕਾਂ ਭੂਮੀਆਂ ਦੀ ਫੌਜ ਹੱਥਾਂ ਵਿਚ ਐਤਕੀ
ਮਸ਼ੀਨ ਗੰਨਾਂ ਲੈ ਕੇ ਨਿਕਲ ਆਈ ਹੈ
ਹੁਣ ਲੈਕਚਰ ਦਾ ਅਮ੍ਰਿਤ ਕਾਰਗਰ ਨਹੀਂ ਹੋਣਾ
ਅਸੀਂ ਤੈਥੋਂ ਕਦੇ ਨਾਬਰ ਨਹੀਂ, ਤੂੰ ਜਾਣੀਜਾਣ ਏਂ
…ਅਸੀਂ ਲੋਹੇ ਦੇ ਪਾਣੀ ਦੀ ਵਰਖਾ ਕਰਨ ਲੱਗੇ ਹਾਂ
(ਸ਼ਰਧਾਂਜਲੀ)

   ਪਾਸ਼ ਤੇ ਉਹਦੇ ਸਾਥੀ ਜਿਸ ਲੋਹੇ ਦੇ ਪਾਣੀ ਦੀ ਵਰਖਾ ਕਰਨ ਦੀ ਗੱਲ ਕਰਦੇ ਸਨ, ਉਹ ਦੇਸੀ ਸਾਖ਼ਤ ਦੇ ਟੁੱਟੇ ਫੱੁਟੇ ਪਸਤੌਲਾਂ ‘ਚੋਂ ਹੋਣੀ ਸੀ ਤੇ ਉਨ੍ਹਾਂ ਦਾ ਮੁਕਾਬਲਾ ਅਜੇਹੀ ਸਟੇਟ ਮਸ਼ਿਨਰੀ ਨਾਲ ਹੋਣਾ ਸੀ ਜਿਹੜੀ ਤੋਪਾਂ ਟੈਂਕਾਂ ਤੇ ਹਰ ਕਿਸਮ ਦੇ ਨਵੀਨਤਮ ਮਾਰੂ ਹਥਿਆਰਾਂ ਨਾਲ ਲੈਸ ਸੀ। ਉਹਨਾਂ ਨੂੰ ਇਸ ਗੱਲ ਦਾ ਫ਼ਿਕਰ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਉਨ੍ਹਾਂ ਲਈ ਸਟੇਟ ਮਸੀ਼ਨਰੀ ਤਾਂ ਬਸ ‘ਕਾਗਜ਼ੀ ਸ਼ੇਰ’ ਸੀ ਤੇ ਆਮ ਗਰੀਬ ਲੋਕਾਂ ਦੇ ਉੱਠੇ ਹੜ੍ਹ ਦੇ ਸਾਹਮਣੇ ਉਨ੍ਹਾਂ ਨੇ ਕਦੋਂ ਟਿਕ ਸਕਣਾ ਸੀ।? ਉਹ ਲਿਖਦਾ ਹੈ:-

ਦੇਖਿਓ ਇਹ ਸੁੱਕੀ ਰੋਟੀ ਖਾਣ ਵਾਲੇ
ਤੁਹਾਡੇ ਸ਼ਹਿਰ ਦੇ ਸੜਕਾਂ ਕਮਰੇ
ਨਿਗਲ ਜਾਣ ਲਈ ਆ ਪਹੁੰਚੇ ਹਨ
(ਗਲ਼ੇ ਸੜੇ ਫੁੱਲਾਂ ਦੇ ਨਾਂ)

   ਬਸ ਆਪਣੀ ਤੱਤੀ ਤੇ ਕੱਚੀ ਸੋਚ ਦੇ ਅਧੀਨ ਇਹ ਸਿੱਟਾ ਕੱਢ ਲਿਆ ਕਿ ਨਕਸਲਬਾੜੀ ਦਾ ਬਿਗਲ ਵਜਣ ਦੀ ਢਿਲ ਸੀ ਕਿ ਭਾਰਤ ਦੇ ਕਰੋੜਾਂ ਗਰੀਬ ਲੋਕ ਵਹੀਰਾਂ ਘੱਤ ਕੇ ਸ਼ਹਿਰਾਂ ਵਲ ਤੁਰ ਪਏ ਹਨ ਤੇ ਜਿਤ ਤਾਂ ਯਕੀਨੀ ਹੈ ਹੀ, ਆਖਰ ਕਾਗਜ਼ੀ ਸ਼ੇਰ ਕਿੰਨਾ ਕੁ ਚਿਰ ਲੋਕਾਂ ਦੇ ਹੜ੍ਹ ਸਾਹਮਣੇ ਖਲੋਤੇ ਰਹਿ ਸਕਦੇ ਹਨ। ਇਹੋ ਜੇਹੀ ਗੱਲ ਤਾਂ ਮੋਹਨ ਸਿੰਘ 1950 ਦੇ ਨੇੜੇ ਤੇੜੇ ਕਹਿ ਗਿਆ ਸੀ:-

ਉਠਣਾ ਜੰਤਾ ਦਾ ਹੜ੍ਹ ਹਾਥੀ ਜਿਵੇਂ ਚੰਘਾੜਨਾ
ਧੁੱਸ ਉਸਨੇ ਮਾਰ ਕੇ ਤੇਰਾ ਅਡੰਬਰ ਪਾੜਨਾ
ਝੂਠੇ ਤੇਰੇ ਮਾਣ ਨੂੰ ਪੈਰਾਂ ਵਿਚ ਲਤਿਆੜਨਾ
ਆਉਣ ਵਾਲੀ ਹੈ ਕਿਆਮਤ ਹੋਣ ਵਾਲੀ ਹੋਏਗੀ
ਤਾਂਬੇ ਦਾ ਆਸਮਾਨ ਬਣਸੀ ਧਰਤ ਬਣਸੀ ਲੋਹੇ ਦੀ
(ਕੱਚ-ਸੱਚ ਵਿਚੋਂ)

   ਉਪ੍ਰੋਕਤ ਕਥਨ ਪਾਸ਼ ਦੇ ਨਾਲ ਨਾਲ ਸਾਰੇ ਉਨ੍ਹਾਂ ਨਕਸਲਬਾੜੀ ਤੋਂ ਪ੍ਰਭਾਵਤ ਹੋ ਕੇ ਲਹਿਰ ਵਿਚ ਕੁੱਦੇ ਤੇ ਇਸ ਲਹਿਰ ਦੇ ਅਸਰ ਹੇਠ ਲਿਖਣ ਲੱਗੇ ਕਵੀਆਂ ਤੇ ਵੀ ਲਾਗੂ ਹੁੰਦਾ ਹੈ। ਬਾਅਦ ਵਿਚ ਪਾਸ਼ ਨੇ ਆਪ ਵੀ ਆਪਣੀ ਇਸ ਕਮਜ਼ੋਰੀ ਨੂੰ ਮੰਨਿਆ ਸੀ। 1985 ਵਿੱਚ ਸੁਖਵਿੰਦਰ ਸਿੰਘ ਰੰਧਾਵੇ ਨਾਲ ਇਕ ਮੁਲਾਕਾਤ ਵਿਚ ਪਾਸ਼ ਆਪ ਕਹਿੰਦਾ ਹੈ:-“ਮੇਰਾ ਸਮੁੱਚਾ ਰਾਜਨੀਤਕ ਅਨੁਭਵ ਕਚੇਰਾ ਸੀ। ਉਦੋਂ ਮੇਰੇ ‘ਚ ਨਾਅਰੇਬਾਜ਼ੀ ਦੀ ਸੁਰ ਭਾਰੂ ਸੀ”। ਇਸੇ ਮੁਲਾਕਾਤ ਵਿੱਚ ਇਕ ਹੋਰ ਪ੍ਰਸ਼ਨ ਦੇ ਉੱਤਰ ਵਿਚ ਉਹ ਕਹਿੰਦਾ ਹੈ:- ” …ਪਹਿਲਾਂ ਪਹਿਲਾਂ ਸਾਡੇ ਕੋਲ ਇਕ ਕਾਹਲ ਸੀ। ਲਹਿਰ ਦਾ ਸ਼ੋਰ ਸੀ, ਵਿਚਾਰਧਾਰਾ ਦੀ ਇਕ ਤੱਤਭੜੱਥੀ ਸਮਝ ਸੀ…“। ਇਹ ਤੱਤਭੜੱਥੀ ਸਮਝ ਉਸ ਸਮੇਂ ਦੀ ਸਥਿਤੀ ਦਾ ਗਲਤ ਨਿਰਣਾ ਕਰਨ ਲਈ ਕਿਸੇ ਹੱਦ ਤੱਕ ਤਾਂ ਜ਼ਿੰਮੇਵਾਰ ਸੀ ਹੀ, ਪਰ ਜੋ ਕੁਝ ਉਨ੍ਹਾਂ ਨੂੰ ਸਿਧਾਂਤ ਦੇ ਰੂਪ ਵਿਚ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਮਿਲਿਆ ਸੀ, ਉਹ ਵੀ ਤਾਂ ਇਸ ਤੱਤਭੜੱਥੀ ਸਮਝ ਲਈ ਜ਼ਿੰਮੇਵਾਰ ਸੀ। ਨਾਲੇ ਸੰਸਾਰ ਕਮਿਊਨਿਸਟ ਲਹਿਰ ਦੇ ਲੀਡਰ ਵੀ ਕਦ ਇਹ ਦਸਦੇ ਸਨ ਕਿ ਖ਼ੁਦ ਸੋਚੋ ਤੇ ਖ਼ੁਦ ਨਿਰਣਾ ਕਰੋ। ਭਾਰਤ ਦੀਆਂ ਕਮਿਊਨਿਸਟ ਪਾਰਟੀਆਂ ਦਾ ਇਤਿਹਾਸ ਬਾਹਰੋਂ ਆਏ ਆਦੇਸ਼ਾਂ ਦੇ ਅਸਰ ਹੇਠ ਕੀਤੇ ਫੈਸਲਿਆਂ ਕਾਰਨ ਵਾਪਰੇ ਹਾਸੋ ਹੀਣੇ ਹਾਦਸਿਆਂ ਨਾਲ ਭਰਿਆ ਪਿਆ ਹੈ। ਇਸ ਤੱਤਭੜੱਥੀ ਸਮਝ ਤੇ ਅਥਰੇ ਜੋਸ਼ ਦੇ ਸਿੱਟੇ ਵਜੋਂ ਕਵਿਤਾ ਵਿਚ ਸਪਾਟ ਨਾਅਰੇਬਾਜ਼ੀ ਤਾਂ ਆਉਣੀ ਹੀ ਸੀ, ਫੇਰ ਵੀ ਨਕਸਲਬਾੜੀ ਲਹਿਰ ਦੀ ਪੈਦਾਵਾਰ ਕਵੀਆਂ ਨੇ ਪਿੰਡਾਂ ਦੇ ਆਮ ਲੋਕਾਂ ਦੇ ਜੀਵਨ ਨੂੰ ਆਪਣੀ ਕਵਿਤਾ ਵਿਚ ਇਸਤਰ੍ਹਾਂ ਪੇਸ਼ ਕੀਤਾ, ਜਿਸਤਰ੍ਹਾਂ ਪਹਿਲਾਂ ਕਦੀਂ ਵੀ ਕੀਤਾ ਨਹੀਂ ਗਿਆ ਸੀ। ਪਰ ਜਿਸਤਰ੍ਹਾਂ ਪੇਂਡੂੰ ਲੋਕਾਂ ਦਾ ਜੀਵਨ ਪਾਸ਼ ਦੀ ਕਵਿਤਾ ਵਿਚ ਪੇਸ਼ ਹੋਇਆ ਹੈ, ਉਹ ਆਪਣੀ ਮਿਸਾਲ ਆਪ ਹੀ ਹੈ। ਉਸਦੀ ਕਾਵਿ-ਪ੍ਰਤਿਭਾ ਤੇੇ ਵਿਲੱਖਣਤਾ ਦੇ ਦਰਸ਼ਨ ਉਸਦੇ ਪਹਿਲੇ ਕਾਵਿ ਸੰਗ੍ਰਹਿ ਤੋਂ ਹੀ ਹੋਣ ਲਗ ਪੈਂਦੇ ਹਨ।

   ਪਾਸ਼ ਦਾ ਇਹ ਗੁਣ ਉਸਦੀ ਦੂਜੀ ਕਾਵਿ ਪੁਸਤਕ ‘ਉੱਡਦੇ ਬਾਜ਼ਾਂ ਮਗਰ‘(1974) ਵਿਚ ਹੋਰ ਵੀ ਵੀ ਉਘੜ ਕੇ ਸਾਹਮਣੇ ਆਉਂਦਾ ਹੈ। ਜ਼ਰਾ ਇਹ ਸਤਰਾਂ ਪੜ੍ਹ ਕੇ ਦੇਖੋ:-

ਜੇ ਤੁਸੀਂ ਮਾਣੀ ਹੋਵੇ ਗੰਡ ‘ਚ ਜੰਮਦੇ ਤੱਤੇ ਗੁੜ ਦੀ ਮਹਿਕ
ਅਤੇ ਤੱਕਿਆ ਹੋਵੇ ਸੁਹਾਗੀ ਹੋਈ ਵਤਰ ਭੌਂ ਦਾ
ਚੰਨ ਚਾਨਣੀ ‘ਚ ਚਮਕਣਾ
ਤਾਂ ਤੁਸੀਂ ਸਭ ਜ਼ਰੂਰ ਕੋਈ ਚਾਰਾ ਕਰੋਗੇ
ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ
ਜੋ ਲਾਲ਼ਾਂ ਸੁਟ ਰਹੀ ਹੈ ਸਾਡੇ ਖੂਹਾਂ ਦੀ ਹਰਿਆਵਲ ਤੇ
ਜਿਨ੍ਹਾਂ ਨੇ ਤੱਕੀਆਂ ਹਨ
ਕੋਠਿਆਂ ਤੇ ਸੁਕਦੀਆਂ ਸੁਨਹਿਰੀ ਛੱਲੀਆ
ਤੇ ਨਹੀਂ ਤੱਕੇ, ਮੰਡੀ ‘ਚ ਸੁਕਦੇ ਭਾਅ
ਉਹ ਕਦੇ ਨਹੀਂ ਸਮਝਣ ਲੱਗੇ
ਕਿ ਕਿਵੇਂ ਦੁਸ਼ਮਣੀ ਹੈ- ਦਿੱਲੀ ਦੀ ਉਸ ਹੁਕਮਰਾਨ ਔਰਤ ਦੀ
ਉਸ ਪੈਰੋਂ ਨੰਗੀ ਪਿੰਡ ਦੀ ਕੁੜੀ ਨਾਲ
(ਉੱਡਦੇ ਬਾਜ਼ਾਂ ਮਗਰ)

 ਇਨ੍ਹਾਂ ਸਤਰਾਂ ਵਿਚ ਵਰਤੇ ਪੇਂਡੂ ਜੀਵਨ ਨਾਲ ਸੰਬੰਧਤ ਬਿੰਬਾਂ ਦੀ ਕਮਾਲ ਦੀ ਵਰਤੋਂ ਤੋਂ ਤਾਂ ਕਿਸੇ ਨੂੰ ਵੀ ਇਨਕਾਰ ਨਹੀਂ ਹੋ ਸਕਦਾ। ਪਰ ਇਨ੍ਹਾਂ ਵਿਚ ਦਿੱਤੀ ਰਾਜਨੀਤਕ ਸੇਧ ਉਹੀ ਹੈ, ਜਿਹੋ ਜੇਹੀ ‘ਲੋਹ ਕਥਾ’ ਵਿਚ ਸੀ। ਇੱਥੇ ਪਾਸ਼ ਵੋਟ ਰਾਹੀਂ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਆਸ ਰਖਣ ਦੇ ਵਿਰੁਧ ਭੁਗਤਦਾ ਹੈ ਅਤੇ ਜਮਾਤੀ ਵਿਰੋਧ ਨੂੰ ਇਕ ਵਿਅਕਤੀ ਨਾਲ ਵਿਰੋਧ ਤਕ ਲੈ ਜਾਂਦਾ ਹੈ, ਜਿਵੇਂ ਕਿ ਉਸ ਵਿਅਕਤੀ ਦੀ ਮੌਤ ਨਾਲ ਸਾਰੇ ਜਮਾਤੀ ਵਿਰੋਧ ਖਤਮ ਹੋ ਜਾਣੇ ਹੋਣ। ‘ਉੱਡਦੇ ਬਾਜ਼ਾਂ ਮਗਰ’ ਵਿਚ ਵੀ ਉਹ ਪਹਿਲਾਂ ਵਾਂਗ ਹੀ ਵਿਅਕਤੀਗਤ ਅਮਲਾਂ ਤੇ ਵਿਸ਼ਵਾਸ਼ ਜ਼ਾਹਰ ਕਰਦਾ ਹੈ ਤੇ ਸ਼ਹੀਦੀ ਦੇ ਰੁਮਾਂਸ ਵਿਚ ਵੀ ਉਸਦਾ ਯਕੀਨ ਉਸੇ ਤਰ੍ਹਾਂ ਕਾਇਮ ਹੈ:-

ਜਿਨ੍ਹੀਂ ਪਲੀਂ ਮਹਿਬੂਬ ਦਾ ਹੁਸਨ
ਮੈਂ ਪੈਲੀਆਂ ਤੇ ਧੂੜ ਦਿਤਾ ਸੀ
ਉਨ੍ਹਾਂ ਦੇ ਮਾਣ ਤੇ ਹੁਣ ਪੈਲੀਆਂ ਤੋਂ
ਸਿਦਕ ਦਾ ਵਰ ਮੰਗਾਂਗਾ
ਸ਼ਹਾਦਤ ਦੀ ਸਦਾ ਕੁਆਰੀ ਸੜਕ ਨੂੰ
ਆਪਣੇ ਕੁਆਰੇ ਕਦਮਾਂ ਦਾ ਤਾਲ ਦੇਵਾਂਗਾ
(ਸਫਰ)

   ਜਦੋਂ ਸ਼੍ਰੇਣੀ ਘੋਲ ਸ਼੍ਰੇਣੀਆਂ ਦੀ ਪਹਿਚਾਣ ਕੀਤੇ ਬਿਨਾਂ ਲੜਿਆ ਜਾਂਦਾ ਹੈ ਉਹ ਵੀ ਹਥਿਆਰਬੰਦ, ਤਾਂ ਸ਼ਹਾਦਤ ਤੋਂ ਬਿਨਾਂ ਇਹਦਾ ਹੋਰ ਸਿੱਟਾ ਵੀ ਕੀ ਨਿਕਲ ਸਕਦਾ ਹੈ? ਲੋਕ-ਯੁਧ ਵਿਚ ਕੁੱਦ ਪੈਣਾ ਪਿਆਰ ਵਿਚ ਅਸਫਲਤਾ ਦੇ ਵਿਸ਼ਾਦ ਨੂੰ ਕਢਣ ਦਾ ਬਹੁਤ ਵਧੀਆ ਤਰੀਕਾ ਹੈ। ਜੇ ਮਹਿਬੂਬ ਦਾ ਹੁਸਨ ਪੈਲੀਆਂ ਤੇ ਧੂੜ ਦਿੱਤਾ ਗਿਆ ਹੈ ਤਾਂ ਇਨ੍ਹਾਂ ਪੈਲੀਆਂ ਤੋਂ ਸਿਦਕ ਦਾ ਵਰ ਮੰਗ ਕੇ ਸ਼ਹੀਦ ਹੋ ਜਾਣਾ ਮਹਿਬੂਬ ਨਾਲ ਮੇਲ ਵਰਗਾ ਹੀ ਤਾਂ ਹੁੰਦਾ ਹੈ। ਪਾਸ਼ ਨੂੰ ਇਸ ਯੁਧ, ਜਿਸਨੂੰ ਉਹ ਜਮਾਤੀ ਯੁਧ ਸਮਝੀ ਬੈਠਾ ਸੀ ਤੇ ਜੋ ਅਸਲ ਵਿਚ ਵਿਅਕਤੀਗਤ ਮਾਅਰਕੇਬਾਜ਼ੀ ਤੋਂ ਬਿਨਾਂ ਕੁਝ ਨਹੀਂ ਸੀ ਵਿਚ ਪੱਕਾ ਵਿਸ਼ਵਾਸ ਸੀ। ਇਸ ਲਈ ਉਹ ਕਹਿੰਦਾ ਹੈ:-

ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ ਤਾਂ ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ
(ਅਸੀਂ ਲੜਾਂਗੇ ਸਾਥੀ)

   ਸੂਰਮੇ ਦਾ ਕੰਮ ਤਾਂ ਲੜਨਾ ਹੀ ਹੈ, ਇਹ ਦੇਖਣਾ ਨਹੀਂ ਕਿ ਬਹੁਕਿ ਨਹੀਂ? ਨਾ ਇਹ -ਗਿਣਤੀ ਲੋਕ ਸਮੂਹ ਇਸ ਲੜਾਈ ਦੀ ਲੋੜ ਵੀ ਸਮਝਦੇ ਹਨ ਜਾਣਨ ਦੀ ਲੋੜ ਹੈ ਕਿ ਪ੍ਰਾਪਤ ਸਥਿਤੀ ਵਿਚ ਸ਼੍ਰੇਣੀ ਘੋਲ ਦੀ ਕੀ ਅਵਸਥਾ ਹੈ? ਇਸ ਸਮੇਂ ਤਕ ਪਾਸ਼ ਉਸੇ ਚੀਨੀ ਕਮਿਊਨਿਸਟ ਪਾਰਟੀ ਦੇ ਭਾਰਤ ਬਾਰੇ ਨਿਰਣੇ ਤੇ ਯਕੀਨ ਕਰੀ ਬੈਠਾ ਸੀ, ਜਿਸਦੇ ਹਿਸਾਬ ਨਾਲ ਭਾਰਤ ਤੇ ਰਾਜ ਕਰ ਰਹੀ ਜਮਾਤ ਦਲਾਲ ਸਰਮਏਦਾਰੀ ਸੀ ਤੇ ਦਲਾਲ ਵੀ ਉਹ ਸਾਮਰਾਜ ਇਕੱਲੇ ਦੀ ਨਹੀਂ ਸਗੋਂ ਸਮਾਜਕ ਸਾਮਰਾਜ ਯਾਨੀਕਿ ਸੋਵੀਅਤ ਯੂਨੀਅਨ ਦੀ ਵੀ ਸੀਇਨਕਲਾਬੀਆਂ ਨੂੰ’ । ਉਸਦੀਆਂ ਕਵਿਤਾਵਾਂ ‘ਲੰਕਾ ਦੇ ਅਤੇ ‘ਅਹਿਮਦ ਸਲੀਮ ਦੇ ਨਾਂ‘ ਇਸੇ ਸੋਚ ਦੀ ਦੇਣ ਹਨ।

   ਜਦੋਂ ਲੋਕਾਂ ਬਾਰੇ ਤੇ ਲੋਕਾਂ ਲਈ ਲਿਖਣਾ ਹੋਵੇ ਤਾਂ ਕਵਿਤਾ ਦਾ ਕਿਹੜਾ ਰੂਪ ਅਪਣਾਇਆ ਜਾਵੇ? ਲੋਕਾਂ ਨੂੰ ਸਮਝ ਆਉਣ ਵਾਲੀ ਸੰਤ ਰਾਮ ਉਦਾਸੀ ਦੀ ਕਵਿਤਾ ਵਰਗਾ ਕਿ ਪਾਸ਼ ਦੀ ਕਵਿਤਾ ਵਰਗਾ? ਇਹ ਦੁਬਿਧਾ ਬਹੁਤੇ ਨਕਸਲਵਾਦੀ ਕਵੀਆਂ ਵਿਚ ਸੀ। ਜੇ ਉਹ ਸੰਤ ਰਾਮ ਉਦਾਸੀ ਵਾਲੇ ਰੂਪ ਨੂੰ ਅਪਣਾਉਂਦੇ ਸਨ ਤਾਂ ਉਨ੍ਹਾਂ ਦੀ ਕਵਿਤਾ ਵਿੱਚ ਕਾਵਿਕਤਾ ਦੀ ਘਾਟ ਰੜਕਣ ਲੱਗ ਪੈਂਦੀ ਸੀ। ਜੇ ਉਹ ਪਾਸ਼ ਵਰਗਾ ਰੂਪ ਵਰਤਦੇ ਸਨ ਤਾਂ ਉਹਨ੍ਹਾਂ ਦੀ ਕਵਿਤਾ ਆਮ ਲੋਕਾਂ ਦੀ ਸਮਝ ਤੋਂ ਦੂਰ ਹੋ ਜਾਂਦੀ ਸੀ। ਪਾਸ਼ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਜਿਹੜਾ ਕਾਵਿ-ਰੂਪ ਉਹ ਵਰਤਦਾ ਸੀ, ਉਹ ਕਾਲਜਾਂ ਦੇ ਪਾੜ੍ਹਿਆਂ ਵਿਚ ਤਾਂ ਮਕਬੂਲ ਸੀ ਪਰ ਜਿਨ੍ਹਾਂ ਲੋਕਾਂ ਲਈ ਉਹ ਲਿਖਦਾ ਸੀ, ਉਹ ਲੋਕ ਉਦਾਸੀ ਵਾਲੇ ਰੂਪ ਨੂੰ ਹੀ ਪਸੰਦ ਕਰਦੇ ਸਨ। ਅਸਲ ਫਰਕ ਇੱਥੇ ਕਿਤਾਬ ਵਿਚੋਂ ਪੜ੍ਹੀ ਜਾਣ ਵਾਲੀ ਕਵਿਤਾ ਅਤੇ ਸਟੇਜ ਤੋਂ ਸੁਣੀ ਜਾਣ ਵਾਲੀ ਕਵਿਤਾ ਦਾ ਸੀ। ਸਾਫ ਜ਼ਾਹਰ ਹੈ ਕਿ ਕਿਤਾਬ ਵਿਚ ਲਿਖੀ ਕਵਿਤਾ ਨੂੰ ਉਹ ਬੰਦਾ ਹੀ ਪੜ੍ਹੇਗਾ ਜਿਹੜਾ ਕਿਤਾਬ ਵਿੱਚ ਲਿਖਿਆ ਹੋਇਆ, ਪੜ੍ਹਨ ਤੇ ਸਮਝਣ ਦੇ ਯੋਗ ਹੋਵੇਗਾ। ਕਿਤਾਬ ਵਿਚੋਂ ਕਵਿਤਾ ਪੜ੍ਹਦੇ ਸਮੇਂ ਛੇਤੀ ਸਮਝ ਅੰਦਰ ਨਾ ਆਈ ਕਿਸੇ ਗੱਲ ਬਾਰੇ ਕੁਝ ਅਟਕ ਕੇ ਸੋਚਿਆ ਵੀ ਜਾ ਸਕਦਾ ਹੈ ਪਰ ਪਿੰਡਾਂ ਦੇ ਆਮ ਲੋਕਾਂ ਦੀ ਸੂਝ ਦਾ ਪੱਧਰ ਨਾ ਇੰਨਾ ਉੱਚਾ ਹੁੰਦਾ ਹੈ ਤੇ ਨਾ ਸਟੇਜ ਤੋਂ ਸੁਣਾਈ ਜਾ ਰਹੀ ਕਵਿਤਾ ਬਾਰੇ ਸੋਚਣ ਦਾ ਸਮਾਂ ਹੰੁਦਾ ਹੈ। ਸਟੇਜ ਤੋਂ ਸੁਣਾਈ ਜਾਣ ਵਾਲੀ ਕਵਿਤਾ ਵਿਚ ਆਮ ਲੋਕਾਂ ਦੀ ਸਮਝ ਦੇ ਪੱਧਰ ਦਾ ਵੀ ਖਿਆਲ ਰਖਣਾ ਪੈਂਦਾ ਹੈ। ਇਸੇ ਅਹਿਸਾਸ ਅਧੀਨ ਪਾਸ਼ ਨੇ ਵੀ ਇਸ ਸਮੇਂ ਛੰਦ-ਵੱਧ ਕਵਿਤਾ ਲਿਖਣ ਵਲ ਰੁਚੀ ਦਿਖਾਈ ਸੀ। ਪਰ ਗੱਲ ਨਹੀਂ ਬਣੀ ਇਹ ਛੰਦ-ਬੱਧ ਕਵਿਤਾਵਾਂ ਉਸ ਦੀਆਂ ਖੁਲ੍ਹੀਆਂ ਕਵਿਤਾਵਾਂ ਦੀ ਊਰਜਾ ਦੇ ਸਾਹਮਣੇ ਬੇਜਾਨ ਜੇਹੀਆਂ ਜਾਪਦੀਆਂ ਹਨ। ਜ਼ਰਾ ਇਸ ਕਿਤਾਬ ਵਿਚ ਦਿਤੇ ਦੋ ਗੀਤਾਂ ਦੀਆਂ ਇਹ ਸਤਰਾਂ ਪੜ੍ਹ ਕੇ ਦੇਖੋ:-

ਪੈਰਾਂ ਦੀਏ ਮਿਟੀਏ ਪਹਾੜ ਬਣ ਜਾਈਂ
ਕੱਖਾਂ ਦੀਏ ਕੁੱਲੀਏ ਮੀਨਾਰ ਬਣ ਜਾਈਂ
ਆਪਣੀ ਕਮਾਈ ਸਾਂਭ ਰੱਖ ਨੀ……..
…………………………………
ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ
ਨਚੇਗਾ ਅੰਬਰ ਭੂਮੀ ਗਾਊ ਹਾਣੀਆ

   ‘ਉੱਡਦੇ ਬਾਜ਼ਾਂ ਮਗਰ’ ਦੇ ਅੰਤ ਤਕ ਪੁਜਦੇ ਪੁਜਦੇ ਪਾਸ਼ ਨੂੰ ਅਹਿਸਾਸ ਹੋ ਗਿਆ ਸੀ ਕਿ ਉਸ ਦੀ ਕਵਿਤਾ ਲੋਕਾਂ ਦੇ ਮਸਲੇ ਹੱਲ ਨਹੀਂ ਕਰ ਸਕਦੀ। ਤਾਂ ਹੀਂ ਤਾਂ ਉਹ ਲਿਖਦਾ ਹੈ:-

ਮਾਫ ਕਰਨਾ ਮੇਰੇ ਪਿੰਡ ਦੇ ਯਾਰੋ
ਕਵਿਤਾ ਲਿਖਣ ਵਾਲਾ ਇਹ ਪੜ੍ਹਾਕੂ ਮੁੰਡਾ
ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦਾ
– – – – – – – – – – — – –
ਮਸਲਿਆਂ ਦਾ ਮਤਾ ਮੇਰੇ ਦੋਸਤੋ ਕੁਝ ਇਸਤਰ੍ਹਾਂ ਹੁੰਦਾ
ਕਿ ਕਵਿਤਾ ਉੱਕੀ ਹੀ ਨਾਕਾਫੀ ਹੁੰਦੀ ਹੈ
ਤੇ ਤੁਸੀਂ ਬੜੀ ਦੂਰ ਨਿਕਲ ਜਾਂਦੇ ਹੋ
(ਜਿੱਥੇ ਕਵਿਤਾ ਖਤਮ ਹੁੰਦੀ ਹੈ)

   ‘ਸਾਡੇ ਸਮਿਆਂ ਵਿਚ’ (1978) ਕਾਵਿ ਸੰਗ੍ਰਹਿ ਵਿਚ ਪਾਸ਼ ਉਪ੍ਰੋਕਤ ਦੋਹਾਂ ਕਾਵਿ ਪੁਸਤਕਾਂ ਦੇ ਸਮੇਂ ਤੋਂ ਬਹੁਤ ਅੱਗੇ ਨਿਕਲ ਜਾਂਦਾ ਹੈ। ਇਸ ਸਗ੍ਰਹਿ ਵਿਚ ਨਾ ਤੱਤੇ ਸਪਾਟ ਨਾਅਰੇ ਹਨ, ਨਾ ਅੰਨ੍ਹਾ ਜੋਸ਼। ਉਸਦੀ ਕਵਿਤਾ ਵਿਚ ਆਈ ਤਬਦੀਲੀ ਤੇ ਵਿਕਾਸ ਸਾਫ ਦਿਸਦੇ ਹਨ। ਇਸ ਸਮੇਂ ਤੱਕ ਪੁਜਦਿਆਂ ਨਾ ਨਕਸਲਬਾੜੀ ਲਹਿਰ ਰਹੀ ਸੀ ਨਾ ਲਹਿਰ ਵਾਲਾ ਜੋਸ਼। ਪਾਸ਼ ਨੂੰ ਇਹ ਅਹਿਸਾਸ ਵੀ ਹੋ ਗਿਆ ਸੀ ਕਿ ਪਾਰਟੀ ਨਾਲ ਬੱਝ ਕੇ ਕਵਿਤਾ ਨਹੀਂ ਰਚੀ ਜਾ ਸਕਦੀ। ਇਸ ਸੰਗ੍ਰਹਿ ਦੇ ਮੁੱਖਬੰਦ ਵਿਚ ਉਹ ਲਿਖਦਾ ਹੈ:-

   “ਮੈਂ ਅਨੁਭਵ ਕੀਤਾ ਹੈ ਕਿ ਪਾਰਟੀਆਂ ਦੀ ਪੈਂਤੜੇਬਾਜ਼ੀ ਨਾਲ ਕਵਿਤਾ ਦੀ ਹੁਨਾੜੀ ਨਹੀਂ ਹੋ ਸਕਦੀ। ਪਾਰਟੀ ਲੇਬਲਾਂ ਤੋਂ ਪਿੱਛਾ ਛੁਡਾਉਣ ਲਈ ਮੈਨੂੰ ਬੜੀਆਂ ਸ਼ਰਾਰਤਾਂ ਕਰਨੀਆਂ ਪਈਆਂ। ਇੰਝ ਦੂਹਰੀ ਸਜ਼ਾ ਝੱਲਣ ਵੇਲੇ ਦੀ ਇਹ ਮੇਰੀ ਕਿਤਾਬ ਹੈ“। ਇਸ ਮੁਖਬੰਦ ਵਿਚ ਉਹ ਅੱਗੇ ਜਾ ਕੇ ਲਿਖਦਾ ਹੈ:-“ਪਿਛਲੀਆਂ ਦੋਹਾਂ ਕਿਤਾਬਾਂ ਵਿਚ ਮੇਰੀਆਂ ਲੱਗਭੱਗ ਸਾਰੀਆਂ ਕਵਿਤਾਵਾਂ ਲੋਹੇ ਦੀਆਂ ਜ਼ੰਜੀਰਾਂ ਪ੍ਰਤੀ ਮਨੱੁਖ ਦੀ ਅਨੁਭਵਸ਼ੀਲਤਾ ਸੀ, ਐਤਕੀਂ ਇਸ ਕਿਤਾਬ ਵਿਚ ਮੇਰੇ ਸਾਰੇ ਅਹਿਸਾਸ ਉਨ੍ਹਾਂ ਅਦਿਖ ਜ਼ੰਜੀਰਾਂ ਨਾਲ ਸਿਝਣ ਜਾਂ ਖਿਝਣ ਦਾ ਇਤਿਹਾਸ ਹਨ, ਜੋ ਲੋਹੇ ਦੀਆਂ ਨਹੀਂ ਪਰ ਲੋਹਾ ਉਨ੍ਹਾਂ ਦਾ ਹੈ’।

   ਹੁਣ ਉਹ ਪਾਰਟੀ ਲੇਬਲਾਂ ਤੋਂ ਉਪਰ ਉੱਠ ਚੱੁਕਾ ਸੀ ਤੇ ਨਕਸਲਬਾੜੀ ਅਤੇ ਕਮਿਊਨਿਸਟ ਲਹਿਰ ਦੀਆਂ ਬਹੁਤ ਸਾਰੀਆ ਅੰਦਰੂਨੀ ਭਰਾਂਤੀਆਂ ਨੂੰ ਵੀ ਜਾਣ ਚੁੱਕਾ ਸੀ ਜਿਸਦਾ ਸਬੂਤ ਉਸਦੀ ਲੰਮੀ ਕਵਿਤਾ ‘ਕਾਮਰੇਡ ਨਾਲ ਗੱਲਬਾਤ’ ਹੈ। ਉਹ ਤਿੰਨਾਂ ਕਿਸਮਾਂ ਦੇ ਕਾਮਰੇਡਾਂ ਤੋਂ ਬੇਜ਼ਾਰ ਹੋ ਗਿਆ ਲਗਦਾ ਹੈ। ਜਦੋਂ ਉਹ ਇਸ ਕਵਿਤਾ ਦੇ ਆਰੰਭ ਵਿਚ ਕਹਿੰਦਾ ਹੈ:-

ਐ ਸੀਤ ਦੇਗਚੀ! ਤੈਨੂੰ ਤੇ ਤੇਰੇ ਵਿਚ
ਉਬਲ ਰਹੇ ਵਕਤ ਨੂੰ ਸਲਾਮ
ਐ ਰਿੜਦੇ ਪ੍ਰਿੰਦੇ! ਤੈਨੂੰ ਤੇ ਤੇਰੇ ਵਿੱਚ
ਜਾਮ ਹੋਏ ਅੰਬਰ ਨੂੰ ਸਲਾਮ
ਹੇ ਜੋਗੀ ਮਰਦਿਆਂ ਬਣਾਂ ਦੇ!
ਤੇਰੇ ਸਿਲ੍ਹਾਬੇ ਹੋਏ ਜੱਤ ਸੱਤ ਨੂੰ
ਤੇ ਤੇਰੇ ਰਾਖ ਹੋ ਗਏ ਰੱਬ ਦੋਹਾਂ ਨੂੰ ਨਮਸਕਾਰ

   ਸਾਫ ਜ਼ਾਹਰ ਹੈ ਕਿ ਉਹ ਤਿੰਨਾਂ ਕਿਸਮਾਂ ਦੇ ਕਾਮਰੇਡਾਂ ਤੋਂ ਦੂਰ ਹੋ ਰਿਹਾ ਸੀ। ਉਸਨੂੰ ਪਹਿਲਾਂ ਵਾਂਗ ਬੁਰਜੁਆਜ਼ੀ ਹੁਣ ਕਾਗ਼ਜ਼ੀ ਸ਼ੇਰ ਨਹੀਂ ਦਿਸਦੀ ਸੀ ਤੇ ਨਾ ਕਾਮਰੇਡ ਪਹਿਲਾਂ ਵਾਂਗ ਉਸਨੂੰ ਲੋਹਾ ਦਿਸਦੇ ਸਨ। ਉਹ ਕਹਿੰਦਾ ਹੈ:-
ਕਾਮਰੇਡ ਇਹ ਬੁਰਜੁਆਜ਼ੀ ਜਾਣਦੈਂ
ਸ਼ਰਾਬ ਵਾਂਗ ਪੁਰਾਣੀ ਹੋ ਗਈ ਹੈ
ਤੇ ਅਸੀਂ ਮਾਸ ਦੇ ਟੁਕੜੇ ਵਾਂਗ

ਸਾਰੇ ਜਾਣਦੇ ਹਨ ਕਿ ਪੁਰਾਣੀ ਸ਼ਰਾਬ ਕੇਹੋ ਜੇਹੋ ਹੁੰਦੀ ਹੈ ਤੇ ਮਾਸ ਦੇ ਟੁਕੜੇ ਦਾ ਪੁਰਾਣਾ ਹੋ ਕੇ ਕੀ ਬਣ ਜਾਂਦਾ ਹੈ। ਜਿਸ ਸਤਾਲਿਨ ਦੇ ਦੌਰ ਦੀ ਨੁਕਤਾਚੀਨੀ ਕਰਨ ਤੋਂ ਹਾਲੀਂ ਵੀ ਬਹੁਤੇ ਕਾਮਰੇਡ ਕੰਨੀ ਕਤਰਾ ਜਾਂਦੇ ਹਨ, ਉਸ ਬਾਰੇ ਵੀ ਪਾਸ਼ ਸਪੱਸ਼ਟ ਹੋ ਗਿਆ ਸੀ:-

ਮੈਂ ਸਟੇਟ ਨੂੰ ਤੱਕਿਆ ਹੈ
ਲੋਕਾਂ ਆਸਰੇ ਲੜਦਿਆਂ
ਕਦੇ ਲੋਕਾਂ ਨਾਲ ਕਦੇ ਲੋਕਾਂ ਲਈ
ਮੈਂ ਵੇਖੇ ਨੇ ਅਰਸਤੂ ਤੇ ਸਟਾਲਿਨ
ਸਦੀਆਂ ਲੰਮੇ ਯੁਧ ਲੜਦੇ
ਕੇਵਲ ਇਹ ਪ੍ਰੀਭਾਸ਼ਤ ਕਰਨ ਲਈ
ਕਿ ਆਦਮੀ ਕਿਸ ਕਿਸਮ ਦਾ ਪਸੂ ਹੈ

   ਉਹ ਸਤਾਲਿਨ ਨੂੰ ਇਸ ਕਵਿਤਾ ਵਿਚ ‘ਬਹੁਤ ਬੜਬੋਲਾ ਕਹਿੰਦਾ ਹੈ, ਜਿਹੜਾ ਨਹੀਂ ਜਾਣਦਾ ਸੀ ਕਿ ‘ਆਦਮੀ ਦੇ ਲਹੂ ਵਿਚ ਸਹੀ ਇਤਿਹਾਸ ਦਾ ਸਹੀ ਬਦਲ ਵੀ ਹੁੰਦਾ ਹੈ’। ਪਰ ਸਤਾਲਿਨ ਜਿਸਨੂੰ ਇਤਿਹਾਸ ਦਸਦਾ ਸੀ, ਪਾਸ਼ ਦੇ ਕਹਿਣ ਅਨੁਸਾਰ ਉਹ ‘ਸਿਰਫ ਇਤਿਹਾਸ ਦੇ ਪੱਖੇ ਦਾ ਮੁਹਰੇ ਆ ਗਿਆ ਖੰਭਾਂ ਚੋਂ ਇੱਕ ਖੰਭ ਸੀ’। ਟ੍ਰਾਟਸਕੀ ਨਾਲ ਜੋ ਕੁਝ ਸਤਾਲਿਨ ਨੇ ਕੀਤਾ ਸੀ, ਉਹ ਵੀ ਪਾਸ਼ ਦੀ ਤਿੱਖੀ ਨਜ਼ਰ ਤੋਂ ਨਹੀਂ ਬਚਦਾ। ਪਾਸ਼ ਸ਼ਾਇਦ ਪਹਿਲਾ ਪੰਜਾਬੀ ਕਮਿਊਨਿਸਟ ਹੈ, ਜਿਸਨੇ ਟ੍ਰਾਟਸਕੀ ਦੀ ਮੌਤ ਦੇ ਕਾਰਨਾਂ ਤੋਂ ਪਰਦਾ ਚੱੁਕਿਆ ਹੈ, ਨਹੀਂ ਤਾਂ ਕਮਿਊਨਿਸਟ ਪਾਰਟੀਆਂ ਤਾਂ ਉਸੇ ਗੱਲ ਦਾ ਪਰਚਾਰ ਕਰਦੀਆਂ ਰਹੀਆਂ ਸਨ ਜਿਹੜੀ ਸਤਾਲਿਨ ਨੇ ਉਨ੍ਹਾਂ ਨੂੰ ਚਾਰੀ ਸੀ। ਇਸ ਕਵਿਤਾ ਵਿਚ ਪਾਸ਼ ਕਾਮਰੇਡ ਤੋਂ ਪੁਛਦਾ ਹੈ:-

ਅਫਲਾਤੂਨ ਦਾ ਗਣਰਾਜ
ਅਰਸਤੂ ਦਾ ਰਾਜ ਧਰਮ
ਤੇ ਟ੍ਰਾਟਸਕੀ ਦੀ ਖੋਪੜੀ ਵਿਚ ਖੁਭੀ
ਕਾਮਨਟਰਨ ਦੀ ਕੁਹਾੜੀ
ਕਾਮਰੇਡ! ਤੈਨੂੰ ਤਿੰਨਾਂ ਵਿਚ ਕੋਈ ਸਕੀਰੀ ਦਿਸਦੀ ਹੈ?

   ‘ਸਾਡੇ ਸਮਿਆਂ ਵਿਚ’ ਦੇ ਅਣਛਪੇ ਪਹਿਲੇ ਰੂਪ ‘ਇਹ ਕੋਈ ਕਵਿਤਾ ਨਹੀਂ’ ਦੀ ਭੂਮਿਕਾ ਵਿਚ ਪਾਸ਼ ਟ੍ਰਾਟਸਕੀ ਦੇ ਆਪਣੇ ਉੱਤੇ ਪਏ ਪ੍ਰਭਾਵ ਬਾਰੇ ਲਿਖਦਾ ਹੈ:-‘ਪਰ ਆਪਣੀ ਵਿਚਾਰਧਾਰਾ ਤੇ ਭਾਰਤੀ ਕਮਿਊਨਿਸਟ ਪ੍ਰੈਕਟਿਸ ਦੀਆਂ ਅੰਦਰੂਨੀ ਗੁੰਝਲਾਂ ‘ਚੋਂ ਮੈਂ ਉਦੋਂ ਹੀ ਨਿਕਲ ਸਕਿਆ, ਜਦੋਂ ਲਿਓਨ ਟ੍ਰਾਟਸਕੀ ਨੂੰ ਪੜ੍ਹਨਾ ਸ਼ੁਰੂ ਕੀਤਾ। ਜਿਵੇਂ ਜਿਵੇਂ ਟ੍ਰਾਟਸਕੀ ਦੇ ਵਿਚਾਰ ਪੜ੍ਹੇ, ਅਜੋਕੇ ਅੰਤਰਰਾਸ਼ਟਰੀ ਕਮਿਊਨਿਸਟ ਸੰਘਰਸ਼ਾਂ ਅਤੇ ਸਮਾਜਵਾਦ ਮੁਖੀ ਸਾਹਿਤ ਦੀਆਂ ਸਮੱਸਿਆਵਾਂ ਦੇ ਅਧਾਰ ਅਤੇ ਕਾਰਨ ਸਪੱਸ਼ਟ ਹੁੰਦੇ ਗਏ’। ਇਸੇ ਭੂਮਿਕਾ ਵਿਚ ਉਹ ਭਾਰਤੀ ਕਮਿਊਨਿਸਟ ਪਾਰਟੀਆਂ ਦੀ ਵਿਆਪਕ ‘ਸਤਾਲਿਨੀ ਨੀਤੀ’ ਦੀ ਕਰੜੀ ਅਲੋਚਨਾ ਕਰਦਾ ਹੈ। ਉਹ ਲਿਖਦਾ ਹੈ:-“… ਕਮਿਊਨਿਸਟ ਪਾਰਟੀਆਂ ਦੀ ਵਿਆਪਕ ਸਟਾਲਿਨੀ ਨੀਤੀ ਇਹੋ ਰਹੀ ਹੈ ਕਿ ਵਿਅਕਤੀਆਂ ਦੇ ਕਲਟ ਬਣਾਏ ਜਾਣ ਅਤੇ ਕਲਟ ਨੂੰ ਨੀਤੀ ਯੁਧ ਵਿਚ ਹਥਿਆਰ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਵਕਤੀ ਤੌਰ ਤੇ ਇਹ ਨੀਤੀ ਭਾਵੇਂ ਲਾਹੇਵੰਦੀ ਰਹਿੰਦੀ ਹੈ, ਪਰ ਸ਼ੁਧ ਮਾਰਕਸਵਾਦੀ ਬਿਆਨ ਦੇ ਵਿਕਾਸ਼ ਲਈ ਮਾਰੂ ਹੈ”।

   ਪਾਸ਼ ਦੀ ਕਾਵਿ-ਪ੍ਰਤਿਭਾ ਤੇ ਮੌਲਿਕਤਾ ਇਸ ਸੰਗ੍ਰਹਿ ਵਿਚ ਸਿਖਰ ਤੇ ਪੁੱਜ ਗਈ ਜਾਪਦੀ ਹੈ। ਇਸ ਸੰਗ੍ਰਹਿ ਵਿਚ ਉਸਨੇ ਪੇਂਡੂ ਲੋਕਾਂ ਦੇ ਜੀਵਨ ਨੂੰ ਮੂਲ ਰੂਪ ਵਿਚ ਵੀ ਤੇ ਬਿੰਬਾਂ ਦੇ ਰੂਪ ਵਿਚ ਵੀ ਜਿਸਤਰ੍ਹਾਂ ਵਰਤਿਆਂ ਹੈ ਉਹ ਉਸਦੀ ਸਿਖਰ ਤੇ ਪੁੱਜੀ ਕਲਾ ਕੌਸ਼ਲ਼ਤਾ ਦਾ ਪਰਮਾਣ ਹੈ। ਹੁਣ ਉਸ ਵਿਚ ਅੰਨ੍ਹੇ ਜੋਸ਼ ਦੀ ਥਾਂ ਠਰੱਮੇ ਨੇ ਲੈ ਲਈ ਸੀ। ਪਰ ਮੌਜੂਦਾ ਵਿਵਸਥਾ ਵਿਚ ਜੋ ਕੁਝ ਮਿਲਦਾ ਸੀ, ਉਹ ਉਸਨੂੰ ਪ੍ਰਵਾਨ ਨਹੀਂ ਸੀ। ਉਹ ਇਸ ਵਰਤਮਾਨ ਵਿਵਸਥਾ ਉੱਤੇ ਥਾਂ ਪੁਰ ਥਾਂ ਆਲੋਚਨਾ ਕਰਦਾ ਹੈ, ਪਰ ਪਹਿਲਾਂ ਵਾਂਗ ਨਾਅਰੇ ਨਹੀਂ ਲਾਉਂਦਾ, ਨਾ ਲੋਹੇ ਦੀ ਵਰਖਾ ਕਰਨ ਦੀ ਗੱਲ ਕਰਦਾ ਹੈ। ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ‘ਇਨਕਾਰ’ ਵਿਚ ਉਹ ਆਪਣੇ ਲਿਖਣ ਮੰਤਵ ਦਾ ਇਸਤਰ੍ਹਾਂ ਐਲਾਨ ਕਰਦਾ ਹੈ:-

ਮੇਰੇ ਤੋਂ ਆਸ ਨਾ ਰਖਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜੇਹਾ ਹਾਸਾ
ਮੈਂ ਤਾਂ ਜਦ ਵੀ ਕੀਤੀ ਖਾਦ ਦੇ ਘਾਟੇ
ਕਿਸੇ ਗ਼ਰੀਬੜੀ ਦੀ ਹਿੱਕ ਵਾਂਗ ਪਿਚਕ ਗਏ
ਗੰਨਿਆਂ ਦੀ ਗੱਲ ਹੀ ਕਰਾਂਗਾ

   ਪਰ ਜੇਹੋ ਜੇਹੀ ਕਵਿਤਾ ਪਾਸ਼ ਲਿਖਣੀ ਚਾਹੁੰਦਾ ਸੀ, ਉਹ ਮਹਿਸੂਸ ਕਰਦਾ ਹੈ ਕਿ ਵਰਤਮਾਨ ਵਿਵਸਥਾ ਵਿਚ ਅਜੇਹੀ ਕਵਿਤਾ ਲਿਖਣ ਦਾ ਮਾਹੌਲ ਨਹੀਂ ਹੈ। ਆਪਣੀ ਕਵਿਤਾ ‘ਜਿੱਥੇ ਕਵਿਤਾ ਖਤਮ ਹੁੰਦੀ ਹੈ’ ਵਿਚ ਉਹ਼ ਦਸਦਾ ਹੈ, ‘ਏਹੋ ਜੇਹੇ ਸਮੇਂ ਵਿਚ ਤਾਂ ਕਵਿਤਾ ਜਨਮ ਤੋਂ ਪਹਿਲਾਂ ਹੀ ਮਰ ਜਾਂਦੀ ਹੈ ਤੇ ਆਂਦਰਾਂ ਵਿਚ ਖੁਭੇ ਰਹਿ ਜਾਂਦੇ ਹਨ-‘ ਰੰਗਾਂ ਤੇ ਭੇਦਾਂ ਦੀ ਲੋਅ ਵਾਲੀ ਅਲੋਕਾਰ ਕਵਿਤਾ ਦੇ ਕਿਚਰ‘। ਉਹ ਮਹਿਸੂਸ ਕਰਦਾ ਹੈ ਕਿ ਪ੍ਰਾਪਤ ਹਾਲਾਤ ਵਿਚ , ‘ਮੈਂ ਜੋ ਆਦਮੀ ਬਣਨਾ ਚਾਹੁੰਦਾ ਸਾਂ ਕੀ ਬਣਾ ਦਿਤਾ ਗਿਆ ਹੈ ਮੈਨੂੰ‘। ਪਾਸ਼ ਨੂੰ ਅਹਿਸਾਸ ਸੀ ਕਿ ਪ੍ਰਾਪਤ ਵਿਵਸਥਾ ਵਿਚ ਕਵਿਤਾ ਬਹੁਤ ਨਿਸੱਤੀ ਹੋ ਜਾਂਦੀ ਹੈ। ਇਸ ਲਈ ਪਹਿਲਾਂ ਲੋੜ ਇਸ ਵਿਵਸਥਾ ਨੂੰ ਬਦਲਣ ਦੀ ਹੈ। ਇਹ ਵਿਵਸਥਾ ਕਿਵੇਂ ਬਦਲੀ ਜਾਵੇਂ? ਪਹਿਲਾਂ ਵਾਂਗ ਹੁਣ ਉਸ ਪਾਸ ਤੱਤਫੱਟ ਤੇ ਸਿੱਧਾ ਸਪਾਟ ਜਵਾਬ ਨਹੀਂ ਸੀ। ਉਹ ਇਸ ਸੰਗ੍ਰਹਿ ਵਿਚ ਵਿਵਸਥਾ ਦੇ ਘਿਨਾਉਣੇਪਨ ਨੂੰ ਅਨੇਕਾਂ ਕਵਿਤਾਵਾਂ ਵਿੱਚ ਨੰਗਿਆਂ ਕਰਦਾ ਹੈ। ਉਸਨੂੰ ਪਤਾ ਸੀ ਕਿ ਵਿਵਸਥਾ ਨੂੰ ਬਦਲਣ ਲਈ ਯੁਧ ਹੀ ਕਾਰਗਰ ਸਾਬਤ ਹੁੰਦਾ ਹੈ। ਪਰ ਯੁਧ ਦਾ ਕੀ ਰੂਪ ਹੋਵੇ? ਇਸ ਬਾਰੇ ਉਹ ਪਹਿਲਾਂ ਵਾਂਗ ਐਲਾਨ ਨਹੀਂ ਕਰਦਾ।

   ਪਾਸ਼ 1984 ਦੇ ਅੰਤ ਤੱਕ ਨਿਰਣਾ ਨਹੀਂ ਕਰ ਸਕਿਆ ਸੀ ਕਿ ਮੌਜੂਦਾ ਸਮੇਂ ਵਿਚ ਮੁੱਖ ਦੁਸ਼ਮਣ ਕੌਣ ਹੈ? ਜਾਂ ਰਾਜ ਕਰਦੀ ਬੁਰਜੁਆ ਪਾਰਟੀ ਤੇ ਹੱਦ ਦਰਜੇ ਦੀਆਂ ਪਿੱਛੇਖਿਚੂ ਫਿਰਕਾਪ੍ਰਸਤ ਸ਼ਕਤੀਆਂ ਜਿਨ੍ਹਾਂ ਦੀ ਸੋਚ ਦਾ ਅਧਾਰ ਸਾਮੰਤੀ ਵਿਚਾਰ ਹੁੰਦੇ ਹਨ, ਦੋਹਾਂ ਵਿੱਚੋਂ ਵਧੇਰੇ ਖਤਰਨਾਕ ਦੁਸ਼ਮਣ ਕੌਣ ਹੈ? ਹਾਲਾਂ ਕਿ ਭਿੰਡਰਾਂਵਾਲੇ ਦੇ ਆਦੇਸ਼ਾਂ ‘ਤੇ ਹਿੰਦੂਆਂ ਦੇ ਕ਼ਤਲਾਮ ਦੀਆਂ ਗੱਲਾਂ ਚਿਰਾਂ ਤੋਂ ਹੋ ਰਹੀਆਂ ਸਨ ਤੇ ਬੱਸਾਂ ਵਿਚੋਂ ਲਾਹ ਕੇ ਹਿੰਦੂਆਂ ਦੇ ਕ਼ਤਲ ਵੀ ਦਿਨ ਦਿਹਾੜੇ ਹੋਣ ਲੱਗ ਪਏ ਸਨ। ਫੇਰ ਵੀ ਪਾਸ਼ ਇੰਦਰਾ ਗਾਂਧੀ ਦੇ ਕਤਲ ਤੇ ਲਿਖਦਾ ਹੈ:-

ਮੈਂ ਉਮਰ ਭਰ ਉਸਦੇ ਖਿਲਾਫ ਸੋਚਿਆ ਤੇ ਲਿਖਿਆ
ਜੇ ਉਸਦੇ ਸੋਗ ਵਿਚ ਸਾਰਾ ਦੇਸ ਸ਼ਾਮਲ ਹੈ
ਤਾਂ ਇਸ ਦੇਸ਼ ਚੋਂ ਮੇਰਾ ਨਾਮ ਕੱਟ ਦੇਵੋਂ
(ਬੇਦਖਲੀ ਲਈ ਬਿਨੈ ਪੱਤਰ)

   ਉਸਦੀ ਪੁਸਤਕ ‘ਖਿਲਰੇ ਹੋਏ ਵਰਕੇ‘ ਜਿਹੜੀ ਉਸਦੀ ਸ਼ਹੀਦੀ ਪਿਛੋਂ 1989 ਵਿਚ ਛਪੀ ਸੀ, ਤੋਂ ਪਤਾ ਲਗਦਾ ਹੈ ਕਿ ਪਾਸ਼ ਨੇ ਆਖਰ ਸਭ ਤੋਂ ਖਤਰਨਾਕ ਦੁਸ਼ਮਣ, ਹਰ ਕਿਸਮ ਦੀ ਫਿਰਕਾਪ੍ਰਸਤੀ ਦੀ ਪਹਿਚਾਣ ਕਰ ਲਈ ਸੀ। ਉਸਦੀ ਕਵਿਤਾ ‘ਧਰਮ ਦੀਕਸ਼ਾ ਲਈ ਬਿਨੈ ਪੱਤਰ” ਤੋਂ ਇਹ ਸਪਸ਼ਟ ਹੋ ਜਾਂਦਾ ਹੈ:-

ਸਰਬ ਕਲਾ ਸਮਰੱਥ ਏਂ ਤੂੰ ਧਰਮ ਗੁਰੂ
ਤੇਰੀ ਇੱਕ ਮਾੜੀ ਜੇਹੀ ਤਿਉੜੀ ਵੀ
ਚੰਗੇ ਭਲੇ ਪਰਵਾਰ ਨੂੰ ਇੱਜੜ ਬਣਾ ਸਕਦੀ ਹੈ

ਮੈਂ ਤੇਰਾ ਸੱਚ ਹੀ ਇੱਕਲਾ ਸੱਚ ਜਚਾਇਆ ਕਰੂੰ
ਮੈਂ ਤੀਵੀਂ ਮਾਨੀ ਤੇਰੇ ਜਾਂਬਾਜ਼ ਸਿੱਖਾਂ ਦੇ ਮੂਹਰੇ ਹਾਂ ਵੀ ਕੀ

   ਜਦੋਂ ਪਾਸ਼ ਨੇ ਇਨ੍ਹਾਂ ਦੁਸ਼ਮਣਾਂ ਦੀ ਪਹਿਚਾਣ ਕਰ ਲਈ ਫੇਰ ਉਸਨੇ ਪਿਛੇ ਮੁੜ ਕੇ ਨਹੀਂ ਦੇਖਿਆ। ਇਨ੍ਹਾਂ ਦੇ ਖਿਲਾਫ ਲੋਕਾਂ ਦਾ ਏਕਾ ਉਸਾਰ ਕੇ ਸਖ਼ਤ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ। ਉਸਨੇ ਐਂਟੀ-47 ਪੈਂਫਿਲਟ ਨੰ: 4 ਵਿੱਚ ਐਲਾਨ ਕੀਤਾ:-“ਪੰਜਾਬ ਦੇ ਧੁਪੀਲੇ ਅਕਾਸ਼ਾਂ ਵਿਚ ਦਿਨੋ ਦਿਨ ਛਾਈ ਜਾ ਰਹੀ ਫਾਸ਼ੀਵਾਦ ਦੀ ਘਟਾ ਨੂੰ ਖਿੰਡਾਉਣ ਲਈ ਦੇਸ਼ ਅਤੇ ਵਿਦੇਸ਼ ਵਿਚ ਵਸਦੇ ਸਮੂਹ ਪੰਜਾਬੀਆਂ ਲਈ ਇਕਜੁੱਟ ਹੋਣ ਦੀ ਘੜੀ ਆਣ ਪਹੁੰਚੀ ਹੈ। ਹਿੰਦੂ ਫਿਰਕਾ ਪ੍ਰਸਤੀ, ਖਾਲਿਸਤਾਨੀ ਫਾਸ਼ੀਵਾਦ ਅਤੇ ਸਰਕਾਰੀ ਅਮਲੇ ਫੈਲੇ ਦੇ ਤਸੱ਼ਦਦ ਤੋਂ ਆਪਣੇ ਲੋਕਾਂ ਨੂੰ ਬਚਾਉਣ ਦੀ ਲੜਾਈ ਵਿਚ ਜੇ ਅਸੀਂ ਹੁਣ ਵੀ ਭਾਗ ਨਾ ਲਿਆ ਤਾਂ ਫਿਰ ਕਦੀਂ ਇਹਦੀ ਲੋੜ ਹੀ ਨਹੀਂ ਪੈਣੀ…………ਜੇ ਅਸੀਂ ਅੱਜ ਵੀ ਚੁੱਪ ਰਹੇ ਤਾਂ ਇਤਿਹਾਸ ਕੋਲ ਸਾਨੂੰ ਖਿਮਾ ਕਰਨ ਦਾ ਨਾ ਵਕਤ ਬਚੇਗਾ, ਨਾ ਉਚਿਤਤਾ ਅਤੇ ਨਾ ਹੀ ਦਲੀਲ ਬਚੇਗੀ। ਸਮੇਂ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਦਾ ਮੌਕਾ ਹੁਣੇ ਹੈ ਤੇ ਅੱਜ ਦਾ ਹੈ……

   ਵਿਲੱਖਣ ਪ੍ਰਤਿਭਾ ਦੇ ਮਾਲਕ ਸਾਡੇ ਹੋਣਹਾਰ ਕਵੀ ਨੇ ਨਤੀਜਿਆਂ ਦੀ ਪਰਵਾਹ ਕੀਤੇ ਬਿਨਾ ਸਮੇਂ ਦੀਆਂ ਅੱਖਾਂ ਵਿਚ ਅੱਖਾਂ ਪਾਈਆਂ ਤੇ ਆਪਣੇ ਪਰਣ ਨੂੰ ਨਿਭਾਉਂਦਾ ਹੋਇਆ 23 ਮਾਰਚ 1988 ਨੂੰ ਖਾਲਿਸਤਾਨੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ। ਜੇ ਪੰਜਾਬ, ਪੰਜਾਬੀਅਤ ਤੇ ਮਨੁੱਖਤਾ ਦੇ ਦੁਸ਼ਮਣ ਇਹ ਕਾਰਾ ਨਾ ਕਰਦੇ ਤਾਂ ਪਾਸ਼ ਨੇ ਸਾਹਿਤਕਾਰੀ ਤੇ ਰਾਜਨੀਤੀ ਦੇ ਮੈਦਾਨ ਵਿਚ ਕਿਥੇ ਤੱਕ ਜਾ ਪੁੱਜਣਾ ਸੀ? ਇਸਦਾ ਤਾਂ ਹੁਣ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਅੰਤ ਵਿਚ ਬਸ ਇਹੀ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕਵਿਤਾ ਵਿਚ ਨਵੀਆਂ ਲੀਹਾਂ ਪਾਉਣ ਵਿਚ ਪਾਏ ਯੋਗਦਾਨ ਲਈ ਤੇ ਅਤਿ ਦਰਜੇ ਦੀਆਂ ਪਿੱਛੇ ਖਿਚੂ ਫਿਰਕਾ-ਪ੍ਰਸਤ ਤਾਕਤਾਂ ਦਾ ਰਾਹ ਰੋਕਣ ਲਈ ਦਿਤੀ ਕੁਰਬਾਨੀ ਲਈ ਪਾਸ਼ ਨੂੰ ਪੰਜਾਬ ਦੇ ਇਤਿਹਾਸ ਵਿਚ ਸਦਾ ਯਾਦ ਰਖਿਆ ਜਾਵੇਗਾ।

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ ਸੰਨ 2004)
(ਦੂਜੀ ਵਾਰ 8 ਸਤੰਬਰ 2021)

***
332
***

ਹਰਬਖ਼ਸ਼ ਸਿੰਘ ਮਕਸੂਦਪੁਰੀ

ਹਰਬਖ਼ਸ਼ ਸਿੰਘ ਮਕਸੂਦਪੁਰੀ

View all posts by ਹਰਬਖ਼ਸ਼ ਸਿੰਘ ਮਕਸੂਦਪੁਰੀ →