ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (6 ਫਰਵਰੀ 2022 ਨੂੰ) 73ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਮਨੁੱਖਤਾਵਾਦੀ ਦ੍ਰਿਸ਼ਟੀ ਦਾ ਮਾਲਕ ਮਹਿੰਦਰ ਸਿੰਘ ਦਿਲਬਰ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਮਹਿੰਦਰ ਸਿੰਘ ਦਿਲਬਰ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਮਹਿੰਦਰ ਸਿੰਘ ਦਿਲਬਰ‘ ਨੂੰ ਹਾਰਦਿਕ ਵਧਾਈ ਹੋਵੇ। ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ
**
ਅਦੀਬ ਸਮੁੰਦਰੋਂ ਪਾਰ ਦੇ :
ਮਨੁੱਖਤਾਵਾਦੀ ਦ੍ਰਿਸ਼ਟੀ ਦਾ ਮਾਲਕ ਮਹਿੰਦਰ ਸਿੰਘ ਦਿਲਬਰ
-ਹਰਮੀਤ ਸਿੰਘ ਅਟਵਾਲ-
ਕਿਸੇ ਮਨੁੱਖ ਦਾ ਮਨੁੱਖਤਾਵਾਦੀ ਹੋਣਾ ਆਪਣੇ ਆਪ ’ਚ ਉਸ ਦੀ ਸ਼ਖ਼ਸੀਅਤ ਦਾ ਇਕ ਮਹੱਤਵਪੂਰਨ ਪੱਖ ਹੈ। ਸੁਆਰਥ ਤੋਂ ਉੱਪਰ ਉੱਠ ਸਰਬੱਤ ਦਾ ਸੋਚਣਾ ਸੁਚੱਜੀ ਸੋਚ ਦੀ ਸਹੀ ਸਿਫ਼ਤ ਹੁੰਦੀ ਹੈ। ਵਲੈਤ ਵਿਚ ਵੱਸਦਾ ਸਾਡਾ ਪੰਜਾਬੀ ਅਦੀਬ ਮਹਿੰਦਰ ਸਿੰਘ ਦਿਲਬਰ ਇਕ ਕਾਬਲ ਕਵੀ ਅਤੇ ਬਾਗ਼ਬਾਨੀ ਦਾ ਸ਼ੌਕ ਰੱਖਣ ਵਾਲਾ ਕਹਾਣੀਕਾਰ ਵੀ ਹੈ। ਉਹ ਇਕ ਖ਼ਲੀਕ ਅਰਥਾਤ ਖ਼ੁਸ਼-ਤਬੀਅਤ ਮਨੁੱਖ ਹੈ। ਉਸ ਦੇ ਲਈ ਮਾਨਵਤਾ ਬੜੀ ਮੁੱਲਵਾਨ ਹੈ। ਉਸ ਦੀ ਦ੍ਰਿਸ਼ਟੀ ਮਨੁੱਖਤਾਵਾਦੀ ਹੈ ਤੇ ਉਸ ਦੀ ਸਾਰੀ ਸਾਹਿਤਕਾਰੀ ਇਨਸਾਨੀਅਤ ਨੂੰ ਸਮਰਪਿਤ ਹੈ। ਮਹਿੰਦਰ ਸਿੰਘ ਦਿਲਬਰ ਬਾਰੇ ਡਾ. ਨਿਰਮਲ ਸਿੰਘ ਲਾਂਬੜਾ ਦੇ ਇਨ੍ਹਾਂ ਵਿਚਾਰਾਂ ਦਾ ਇੱਥੇ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ:
* ਮਹਿੰਦਰ ਸਿੰਘ ਦਿਲਬਰ ਨੇ ਆਪਣੇ ਨਾਂ ਦੀ ਲੱਜ ਪਾਲ਼ੀ ਹੈ। ਕਿਉਂ ਜੋ ਦਿਲਬਰ ਤਾਂ ਓਹੀਓ ਸੱਜਣ ਸੁਹੇਲਾ ਹੁੰਦਾ ਏ ਜਿਹੜਾ ਆਪਣੇ ਦਿਲ ਵਿਚ ਲੋਕਾਈ ਦਾ ਦਰਦ ਰੱਖਦਾ ਹੋਵੇ। ਦਰਦ ਵੀ ਉਹ ਜਿਹੜਾ ਸਾਰੇ ਮਨੁੱਖੀ ਭਾਈਚਾਰੇ ਤੇ ਖ਼ਾਸ ਕਰ ਪੰਜਾਬੀਆਂ ਨੂੰ ਦਿਨ ਰਾਤ ਸਤਾਉਂਦਾ, ਨਿਰੰਤਰ ਘਟਣ ਦੀ ਥਾਂ, ਨਿਰੰਤਰ ਵਧਦਾ ਹੀ ਜਾ ਰਿਹਾ ਹੋਵੇ। ਖੇਤਰ ਭਾਵੇਂ ਸਿਆਸਤ ਦਾ ਹੋਵੇ ਜਾਂ ਧਰਮ ਦਾ, ਰਿਸ਼ਤੇ ਨਾਤਿਆਂ ਦੇ ਤਿੜਕਣ ਤੇ ਕਦਰਾਂ ਕੀਮਤਾਂ ਦੇ ਘਾਣ ਦਾ, ਵਾਤਾਵਰਨ ਦੀ ਤਬਾਹੀ ਦਾ, ਨਸ਼ਿਆਂ ਦੀ ਕਾਂਗ ਦਾ, ਬੋਲੀ ਵਿਰਾਸਤ ਨਾਲੋਂ ਟੁੱਟਣ ਦਾ ਅਤੇ ਨੁਮਾਇਸ਼ੀ ਭੋਗਵਾਦੀ ਰੁਚੀਆਂ ਦਾ ਮਹਿੰਦਰ ਸਿੰਘ ਹੋਰਾਂ ਦੀਆਂ ਅੱਖਾਂ ਤੋਂ ਕਦੇ ਓਹਲੇ ਨਹੀਂ ਰਿਹਾ। ਰਹਿੰਦੇ ਵਲਾਇਤ ਵਿਚ ਨੇ ਪਰ ਦਿਲ ਪੰਜਾਬ ਦੇ ਦੁਖੜਿਆਂ ਨਾਲ ਕਰਾਹ ਰਿਹਾ ਹੈ।
ਮਹਿੰਦਰ ਸਿੰਘ ਦਿਲਬਰ ਦਾ ਜਨਮ 10 ਨਵੰਬਰ 1944 ਈ. ਨੂੰ ਪਿਤਾ ਊਦੋ ਰਾਮ ਤੇ ਮਾਤਾ ਚਿੰਤੀ ਕੌਰ ਦੇ ਘਰ ਹੋਇਆ। ਦਿਲਬਰ ਦਾ ਪਿੰਡ ਬੰਗਿਆਂ ਦੇ ਇਲਾਕੇ ਵਿਚ ਮੁਕੰਦਪੁਰ ਨੇੜੇ ਖਾਨਪੁਰ (ਨਵਾਂ ਸ਼ਹਿਰ, ਹੁਣ ਸ਼ਹੀਦ ਭਗਤ ਸਿੰਘ ਨਗਰ) ਹੈ। ਦਿਲਬਰ ਨੇ ਉਨ੍ਹਾਂ ਭਲੇ ਵੇਲਿਆਂ ’ਚ ਹਾਇਰ ਸੈਕੰਡਰੀ ਕਰਨ ਉਪਰੰਤ 1966 ਵਿਚ ਵਲੈਤ ਵਿਚ ਜਾ ਵਾਸਾ ਕੀਤਾ।
ਦਿਲਬਰ ਦੇ ਸਿਰਜਣਾ ਵਾਲੇ ਪਾਸੇ ਆਉਣ ਦੀ ਗੱਲ ਚੱਲਦੀ ਹੈ ਤਾਂ ਉਸ ਦਾ ਆਖਣਾ ਹੈ ਕਿ ‘ਮੈਂ ਨੌਵੀਂ ਜਮਾਤ ਵਿਚ ਪੜ੍ਹਦਾ ਹੀ ਜਗਤਪੁਰ ਲਿਖਾਰੀ ਸਭਾ ਦਾ ਮੈਂਬਰ ਬਣ ਗਿਆ ਸੀ। ਸਭਾ ਦੇ ਸਕੱਤਰ ਮਹਿੰਦਰ ਦੋਸਾਂਝ ਹੁਣਾਂ ਨੇ ਹੀ ਮੈਨੂੰ ਮੇਰਾ ਤਖੱਲਸ ਦਿਲਬਰ ਦਿੱਤਾ ਹੋਇਆ ਹੈ। ਲਿਖਣ ਲਈ ਮੇਰੀ ਰੁਚੀ ਸ਼ੁਰੂ ਤੋਂ ਹੀ ਸੀ। ਇੰਗਲੈਂਡ ਆਉਣ ਤੋਂ ਬਾਅਦ ਮੇਰਾ ਸਾਹਿਤ ਸਫ਼ਰ ਧੀਮੀ ਰਫ਼ਤਾਰ ਨਾਲ ਚਲਦਾ ਰਿਹਾ। ਪਹਿਲਾਂ ਪਹਿਲ ਮੈਂ ਕਵਿਤਾ ਤੇ ਗੀਤ ਹੀ ਲਿਖੇ ਹਨ।’
ਮਹਿੰਦਰ ਸਿੰਘ ਦਿਲਬਰ ਦੀਆਂ ਹੁਣ ਤਕ ਤਿੰਨ ਪੁਸਤਕਾਂ ਪਾਠਕਾਂ ਦੇ ਅਧਿਐਨ ਦੇ ਅਧੀਨ ਆਈਆਂ ਹਨ। ‘ਕਾਲਾ ਗੁਲਾਬ’, ‘ਅਮਨ ਜਲ ਰਿਹਾ ਹੈ’ ਤੇ ‘ਇਕ ਸੀ ਸ਼ਾਜ਼ੀਆ’। ਪਹਿਲੀਆਂ ਦੋ ਕਾਵਿ-ਰਚਨਾਵਾਂ ਦੀਆਂ ਹਨ ਤੇ ਤੀਜੀ ਪੁਸਤਕ ਕਹਾਣੀਆਂ ਦੀ ਹੈ। ਦਿਲਬਰ ਮੁਤਾਬਕ ‘ਕਾਲਾ ਗੁਲਾਬ’ ਵਿਚਲੀਆਂ ਕਵਿਤਾਵਾਂ ਲਿਖਣ ਸਮੇਂ ਉਸ ਨੇ ਕਾਲੇ ਲੋਕਾਂ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਬਾਰੇ ਲਿਖਣ ਦੀ ਇੱਛਾ ਤਹਿਤ ਮਾਰਟਨ ਲੂਥਰ ਕਿੰਗ, ਮੁਹੰਮਦ ਅਲੀ ਬੌਕਸਰ ਤੇ ਨੈਲਸਨ ਮੰਡੇਲਾ ਨੂੰ ਧਿਆਨ ’ਚ ਰੱਖਿਆ ਤੇ ਇਨ੍ਹਾਂ ਵਿੱਚੋਂ ਵੀ ਨੈਲਸਨ ਮੰਡੇਲਾ ਨੂੰ ਚੁਣਿਆ ਤੇ ਉਸ ’ਤੇ ਕਵਿਤਾ ਲਿਖ ਕੇ ਉਸ ਨੂੰ ਕਾਲਾ ਗੁਲਾਬ ਤੇ ਚਿੱਟੀ ਮਹਿਕ ਸੰਬੋਧਨ ਕੀਤਾ ਹੈ। ਦਿਲਬਰ ਦੀ ਅਗਲੀ ਕਾਵਿ-ਪੁਸਤਕ ਹੈ ‘ਅਮਨ ਜਲ ਰਿਹਾ ਹੈ’। 163 ਪੰਨਿਆਂ ਦੀ ਇਸ ਕਾਵਿ-ਪੁਸਤਕ ’ਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਹਨ ਜਿਨ੍ਹਾਂ ਵਿਚਲਾ ਅੰਤਰਵਸਤੂ ਵਰਤਮਾਨ ਸਮਾਜਕ ਵਰਤਾਰਾ, ਆਰਥਕ ਲੱੁਟ, ਨਾ ਬਰਾਬਰੀ, ਵਰਣ ਵੰਡ, ਆਏ ਦਿਨ ਵਧਦਾ ਅਮੀਰ-ਗ਼ਰੀਬ ਵਿਚਲਾ ਪਾੜਾ, ਜਾਤ ਪਾਤੀ ਨਫ਼ਰਤ ਤੇ ਹੰਕਾਰ ਆਦਿ ਅਨੇਕ ਭਾਂਤੀ ਵਿਸੰਗਤੀਆਂ ਨੂੰ ਆਪਣੇ ਥੀਮਕ ਪਾਸਾਰ ਦਾ ਕੇਂਦਰ ਬਣਾਉਂਦਾ ਹੈ। ਯੂਰਪ ਦੇ ਪ੍ਰਸਿੱਧ ਵਿਦਵਾਨ ਆਲੋਚਕ ਡਾ. ਪ੍ਰੀਤਮ ਸਿੰਘ ਕੈਂਬੋ ਨੇ ਇਸ ਪੁਸਤਕ ਦੀ ਗੱਲ ਕਰਦਿਆਂ ਲਿਖਿਆ ਹੈ ਕਿ ‘ਕਾਵਿ-ਬੋਲ ਭਾਵੇਂ ਸਰਲਤਾ ਨਾਲ ਪੇਸ਼ ਹੋਏ ਹਨ ਪਰ ਇਨ੍ਹਾਂ ਵਿਚਲੀ ਭਾਵੁਕਤਾ ਹਿਰਦੇ ਨੂੰ ਛੂੰਹਦੀ ਹੈ। ਲੇਖਕ ਨੇ ਸਮਾਜਕ ਨੈਤਿਕਤਾ ਦੇ ਨਿਘਾਰ ਦਾ ਵਰਣਨ ਮਾਨਸਿਕਤਾ ਨਾਲ ਚਿਤਰਿਆ ਹੈ।’
ਮਹਿੰਦਰ ਸਿੰਘ ਦਿਲਬਰ ਦੀ 17 ਕਹਾਣੀਆਂ ਦੀ ਪੁਸਤਕ ‘ਇਕ ਸੀ ਸ਼ਾਜ਼ੀਆ’ ਵੀ ਪਾਠਕਾਂ ਨੇ ਪੜ੍ਹੀ ਹੈ। ਇਸ ਪੁਸਤਕ ਵਿਚਲੀਆਂ ਕਹਾਣੀਆਂ ਵੱਖੋ ਵੱਖਰੇ ਸਮਾਜਕ ਵਿਸ਼ਿਆਂ ਨੂੰ ਆਪਣੇ ਕਲੇਵਰ ’ਚ ਲੈਂਦੀਆਂ ਹਨ। ‘ਸਲਮਾ ਅਤੇ ਸੱਤੋ’ ਅਤੇ ‘ਪ੍ਰੀਤੋ ਮੈਨੂੰ ਮਾਫ਼ ਕਰੀ’ ਦੇਸ਼ ਵੰਡ ਨਾਲ ਸਬੰਧਤ ਕਥਾ ਰਚਨਾਵਾਂ ਹਨ। ਪੁਸਤਕ ਦੇ ਨਾਂ ਵਾਲੀ ਕਹਾਣੀ ‘ਇਕ ਸੀ ਸ਼ਾਜ਼ੀਆ’ ਇਕ ਮੁਸਲਿਮ ਪਰਿਵਾਰ ਦੀ ਕੁੜੀ ਦੀ ਹੈ ਜੋ ਕਿ ਸਰੂਪ ਸਿੰਘ ਨਾਂ ਦੇ ਸਰਦਾਰ ਦੀ ਫੈਕਟਰੀ ਵਿਚ ਕੰਮ ਕਰਦੀ ਹੈ। ਸਰੂਪ ਸਿੰਘ ਦੇ ਘਰ ਕੋਈ ਔਲਾਦ ਨਹੀਂ ਸੀ। ਸ਼ਾਜ਼ੀਆ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣ ਗਈ ਸੀ। ਫਿਰ ਸ਼ਾਜ਼ੀਆ ਨੇ ਇਸ ਪਰਿਵਾਰ ਲਈ ਕੀ ਕੁਝ ਕੀਤਾ, ਇਹ ਕਹਾਣੀ ਪੜ੍ਹਕੇ ਜਾਣਿਆ-ਸਮਝਿਆ ਜਾ ਸਕਦਾ ਹੈ। ‘ਮੋਟੀ ਢੇਰੀ’, ‘ਕੰਮੀਆ ਦੀ ਧੀ’, ‘ਕਾਨਿਆਂ ਦੀ ਛੱਤ’, ‘ਗਲੀ ਗੁਆਂਢ, ‘ਫਲੂਹਾ’, ‘ਬੇਰੰਗ’ ਆਦਿ ਕਹਾਣੀਆਂ ਵਾਂਗ ਬਾਕੀ ਸਾਰੀਆਂ ਕਹਾਣੀਆਂ ਲਿਖਾਰੀ ਦੀ ਕਥਾਤਮਕ ਅੰਤਰਦ੍ਰਿਸ਼ਟੀ ਦੀ ਪ੍ਰਭਾਵ-ਪੂਰਨ ਅੰਦਾਜ਼ ’ਚ ਅਭਿਵਿਅਕਤੀ ਕਰਦੀਆਂ ਹਨ।
ਮਹਿੰਦਰ ਸਿੰਘ ਦਿਲਬਰ ਦੀ ਕਥਾ ਸ਼ੈਲੀ ਅੰਦਰੋਂ ਭਵਿੱਖ ਵਿਚ ਉਸ ਦੀ ਕਲਮ ਵਲੋਂ ਨਾਵਲ ਲਿਖੇ ਜਾਣ ਦੀਆਂ ਸੰਭਾਵਨਾਵਾਂ ਵੀ ਉਜਾਗਰ ਹੁੰਦੀਆਂ ਹਨ। ਦਿਲਬਰ ਨਾਲ ਹੋਈ ਅਦਬੀ ਗੱਲਬਾਤ ’ਚੋਂ ਉਸ ਵਲੋਂ ਕੁਝ ਅੰਸ਼ ਹਾਜ਼ਰ ਹਨ :
* ਮੈਂ ਯੂਕੇ ਵਿਚ ਮਿਡਲੈਂਡ ਦੇ ਸ਼ਹਿਰ ਬਰਮਿੰਘਮ ਨੇੜੇ ਵਾਲਸਲ ਵਿਚ ਹੀ ਸ਼ੁਰੂ ਤੋਂ ਰਹਿ ਰਿਹਾ ਹਾਂ। ਮੇਰੇ ਨੇੜੇ ਦੇ ਸ਼ਹਿਰਾਂ ਵੁਲਵਰਹੈਂਪਟਨ, ਬਰਮਿੰਘਮ ਤੇ ਕਵੈਂਟਰੀ ਵਿਚ ਅੱਛੀਆਂ ਸਾਹਿਤ ਸਭਾਵਾਂ ਹਨ ਜਿਨ੍ਹਾਂ ਵਿਚ ਸ਼ਾਇਰਾਂ ਨਾਲ ਸਾਹਿਤਕ ਮਿਲਣੀਆਂ ਹੁੰਦੀਆਂ ਰਹਿੰਦੀਆਂ ਹਨ। ਕਾਫ਼ੀ ਉੱਚ ਪੱਧਰ ਦੇ ਕਵੀ ਦਰਬਾਰ ਹੁੰਦੇ ਰਹਿੰਦੇ ਹਨ। ਚੰਗੇ ਵਿਦਵਾਨਾਂ ਨੂੰ ਮਿਲ ਕੇ ਚੰਗਾ ਲਿਖਣ ਦਾ ਬਲ ਮਿਲਦਾ ਹੈ।
* ਜ਼ਿਆਦਾਤਰ ਅਸੀਂ ਲੋਕਾਂ ਨੇ ਆਰਥਕ ਤੰਗੀ ਤੇ ਗ਼ਰੀਬੀ ਨੂੰ ਦੂਰ ਕਰਨ ਲਈ ਆਪਣਾ ਅਸਲੀ ਵਤਨ ਛੱਡਕੇ ਸੱਤ ਸਮੁੰਦਰ ਪਾਰ ਬੇਗਾਨੀ ਧਰਤੀ ’ਤੇ ਆ ਡੇਰੇ ਲਾਏ। ਸਖ਼ਤ ਮੁਸ਼ੱਕਤ ਕਰ ਕੇ ਪਿਛਲਿਆਂ ਨੂੰ ਘਰ ਘਾਟ ਬਣਾ ਕੇ ਦਿੱਤੇ ਤੇ ਇਥੇ ਅਸੀਂ ਆਪਣੇ ਘਰ ਘਾਟ ਬਾਅਦ ਵਿਚ ਬਣਾਏ। ਚੰਗਾ ਭਵਿੱਖ ਬਣਾਉਣ ਲਈ ਕੁਝ ਨਾ ਕੁਝ ਗਵਾਇਆ ਵੀ ਹੈ।
* ਸਾਡੀ ਪਹਿਲੀ ਜ਼ਿੰਦਗੀ ਤਾਂ ਸਖ਼ਤ ਕੰਮਾਂ-ਕਾਰਾਂ ’ਚ ਗੁਜ਼ਰੀ ਹੈ ਪਰ ਹੌਲੀ-ਹੌਲੀ ਇਥੇ ਸਾਹਿਤ ਸਭਾਵਾਂ ਪ੍ਰਫੁਲਤ ਹੋਈਆਂ ਹਨ। ਪਹਿਲੀ ਪੀੜ੍ਹੀ ਦੇ ਸਾਹਿਤਕਾਰਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਹੈ। ਹੁਣ ਉਹ ਲੋਕ ਤੁਰ ਗਏ ਹਨ ਜਾਂ ਤੁਰੀ ਜਾ ਰਹੇ ਹਨ। ਹੁਣ ਤਰਾਸਦੀ ਇਹ ਹੈ ਕਿ ਸਾਡੀ ਤੀਜੀ ਪੀੜ੍ਹੀ ਸਾਹਿਤ ਅਤੇ ਮਾਂ ਬੋਲੀ ਤੋਂ ਦੂਰ ਹੋ ਰਹੀ ਹੈ।
* ਪਹਿਲੇ ਸਮਿਆਂ ਵਿਚ ਪਾਠਕਾਂ ਨੂੰ ਕਿਤਾਬਾਂ ਨਹੀਂ ਸੀ ਮਿਲਦੀਆਂ। ਅੱਜ ਕੱਲ੍ਹ ਕਿਤਾਬਾਂ ਨੂੰ ਪਾਠਕ ਨਹੀਂ ਮਿਲ ਰਹੇ। ਪਹਿਲਾਂ ਸਾਹਿਤ ਅਤੇ ਲੇਖਕ ਥੋੜ੍ਹੇ ਸਨ ਪਰ ਮਿਆਰੀ ਸਨ। ਜਿਵੇਂ-ਜਿਵੇਂ ਕਿਸੇ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ, ਉਵੇਂ-ਉਵੇਂ ਉਸ ਦੀ ਕਦਰ ਕੀਮਤ ਵੀ ਘਟਦੀ ਜਾਂਦੀ ਹੈ। ਬਾਕੀ ਇੰਟਰਨੈੱਟ ਨੇ ਵੀ ਪੰਜਾਬੀ ਲਿਪੀ ਦੇ ਪਾਠਕਾਂ ਨੂੰ ਢਾਅ ਲਾਈ ਹੈ।
* ਲੇਖਕ ਨੂੰ ਇਨਾਮਾਂ-ਸਨਮਾਨਾਂ ਦੀ ਝਾਕ ਨਹੀਂ ਰੱਖਣੀ ਚਾਹੀਦੀ। ਚੰਗਾ ਸਾਹਿਤ ਲਿਖਿਆ ਹੋਵੇ ਤਾਂ ‘ਹੱਥ ਕੰਗਣ ਨੂੰ ਆਰਸੀ’ ਦੀ ਜ਼ਰੂਰਤ ਨਹੀਂ ਪੈਂਦੀ। ਇਨਾਮਾਂ ਦੀ ਝਾਕ ਸਾਹਿਤਕ ਮਿਆਰ ਨੂੰ ਡੇਗਦੀ ਹੈ। ਬਾਕੀ ਸਨਮਾਨ ਦੇਣ ਵਾਲੀਆਂ ਸ਼੍ਰੋਮਣੀ ਸਾਹਿਤ ਸਭਾਵਾਂ ਨੂੰ ਵੀ ਭਰਾ-ਭਤੀਜਾਵਾਦ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ।
* ਪਹਿਲਾਂ ਨਾਲੋਂ ਅੱਜ ਕੱਲ੍ਹ ਪੰਜਾਬੀ ਲਿਪੀ ਨੂੰ ਲਿਖਣ ਲੱਗਿਆ ਅਸੀਂ ਢੇਰ ਸਾਰੀਆਂ ਗ਼ਲਤੀਆਂ ਕਰ ਰਹੇ ਹਾਂ। ਬਿੰਦੀਆਂ ਦੀਆਂ ਗ਼ਲਤੀਆਂ ਆਮ ਹੀ ਹੁੰਦੀਆਂ ਹਨ। ਛੱਪੜ, ਛਤਰੀ, ਛੱਤ, ਛੱਨਾਂ, ਪੜਛੱਤੀ, ਛਾਪਾ, ਛੜੱਪਾ ਆਦਿ ਸ਼ਬਦ ਇਸ ਬੜੇ ਛ ਨਾਲ ਹੀ ਲਿਖੇ ਜਾ ਸਕਦੇ ਹਨ।
ਬਿਨਾਂ ਸ਼ੱਕ ਮਹਿੰਦਰ ਸਿੰਘ ਦਿਲਬਰ ਦੇ ਵਿਚਾਰਾਂ ਨੂੰ ਗੌਲਣਾ ਚਾਹੀਦਾ ਹੈ। ਉਸ ਦੀ ਮਨੁੱਖਤਾਵਾਦੀ ਦ੍ਰਿਸ਼ਟੀ ਨੂੰ ਮਹੱਤਵ ਦੇਣਾ ਬਣਦਾ ਹੈ।
*** 576 *** |