|
ਕੁਲਵਿੰਦਰ ਬਾਠ ਨੇ ਆਪਣੀ ਇਸ ਪੁਸਤਕ ਵਿੱਚ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਉਹ ਅਨੁਭਵ ਪੇਸ਼ ਕੀਤੇ ਹਨ ਜਿਨਾਂ ਨੇ ਉਸ ਦੀ ਜ਼ਿੰਦਗੀ ਨੂੰ ਲੀਹੇ ਵੀ ਪਾਇਆ ਤੇ ਕਈ ਵਾਰੀ ਝੰਜੋੜ ਕੇ ਵੀ ਰੱਖ ਦਿੱਤਾ ।ਇਸ ਪੁਸਤਕ ਵਿੱਚ ਸਮਾਜਿਕ ਸੱਭਿਆਚਾਰਕ ਰਾਜਨੀਤਿਕ ਆਰਥਿਕ ਮਸਲਿਆਂ ਨਾਲ ਜੁੜੇ ਹੋਏ ਬਹੁਤ ਸਾਰੇ ਲੇਖ ਸ਼ਾਮਿਲ ਕੀਤੇ ਗਏ ਹਨ। ਨਿੱਕੇ ਨਿੱਕੇ ਲੇਖ ਬਹੁਤ ਵੱਡੇ ਵੱਡੇ ਅਰਥ ਆਪਣੇ ਵਿੱਚ ਸਮੋਈ ਬੈਠੇ ਹਨ। ਅਸਲ ਵਿੱਚ ਜਿਹੜੀ ਗੱਲ ਮਨੁੱਖ ਦੇ ਅਨੁਭਵ ਵਿੱਚੋਂ ਪੈਦਾ ਹੁੰਦੀ ਹੈ ਉਹ ਦੂਜਿਆਂ ਤੇ ਵੀ ਅਸਰ ਅੰਦਾਜ਼ ਹੁੰਦੀ ਹੈ ਡਾਕਟਰ ਕੁਲਵਿੰਦਰ ਸਿੰਘ ਬਾਠ ਬੇਸ਼ਕ ਅਮਰੀਕਾ ਵਰਗੇ ਅਡਵਾਂਸ ਮੁਲਕ ਵਿੱਚ ਰਹਿ ਰਿਹਾ ਹੈ ਪਰ ਫਿਰ ਵੀ ਉਹ ਆਪਣੀ ਧਰਤੀ ਨਾਲ ਜੁੜਿਆ ਹੋਇਆ ਮਨੁੱਖ ਹੈ। ਇਸ ਪੁਸਤਕ ਵਿੱਚ ਵੀ ਬਹੁਤ ਸਾਰੇ ਸਵੈ -ਜੀਵਨੀ ਨੁਮਾ ਲੇਖ ਅਜਿਹੇ ਹਨ ਜਿਨਾਂ ਵਿੱਚ ਉਹਨਾਂ ਨੇ ਆਪਣੇ ਅਤੀਤ ਨਾਲ ਸੰਵਾਦ ਰਚਾਉਣ ਦਾ ਯਤਨ ਕੀਤਾ ਹੈ। ਖਾਸ ਕਰਕੇ ਉਹਨਾਂ ਪਾਤਰਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਉਸਦੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਿਲ ਰਹੇ ਜਾਂ ਫਿਰ ਡਾਕਟਰ ਬਾਠ ਦਾ ਉਹਨਾਂ ਨਾਲ ਰਿਸ਼ਤਾ ਜੁੜਿਆ ਰਿਹਾ। ਇਹਨਾਂ ਪਾਤਰਾਂ ਵਿੱਚ ਉਸ ਦੇ ਪਰਿਵਾਰਿਕ ਮੈਂਬਰ ਵੀ ਹਨ ਅਤੇ ਉਹ ਵਿਅਕਤੀ ਵੀ ਹਨ ਜਿਹੜੇ ਉਨਾਂ ਦੇ ਪਰਿਵਾਰ ਨਾਲ ਜਾਂ ਸਮਾਜ ਨਾਲ ਪੀਡੀਆਂ ਗੰਢਾਂ ਪਾਈ ਬੈਠੇ ਸਨ ।ਇਹਨਾਂ ਵਿੱਚ ਰਾਜੋ ,ਹੁਕਮਾ ,ਕੇਸਰ ਰਾਮ, ਕੇਸੂ ਆਦਿ ਵਰਗੇ ਪਾਤਰ ਵੀ ਆਉਂਦੇ ਹਨ। ਇਸੇ ਤਰ੍ਹਾਂ ਤਾਰੂ ਘੱਚਾ ਬੁੜਾ ,ਦੁਰਗਾ ਦਾਸ ਆਦਿ ਬਾਰੇ ਵੀ ਜ਼ਿਕਰ ਜਰੂਰ ਹੋਇਆ ਹੈ। ਲੇਖਕ ਨੇ ਜਿੱਥੇ ਜੋਬਨ ਰੁਤੇ ਵਿਛੜ ਗਿਆਂ ਦੇ ਦਰਦ ਦੇ ਰੂਪ ਵਿੱਚ ਆਪਣੀ ਭੈਣ ਦਾ ਜ਼ਿਕਰ ਕੀਤਾ ਹੈ ਉੱਥੇ ਆਪਣੇ ਦੋਸਤ, ਆਪਣੇ ਸਹੁਰਾ ਪਰਿਵਾਰ ਅਤੇ ਵਿਸ਼ੇਸ਼ ਕਰਕੇ ਆਪਣੀ ਯੂਨੀਵਰਸਿਟੀ ਦੇ ਦਿਨਾਂ ਬਾਰੇ ਵੀ ਬਹੁਤ ਭਾਵਪੂਰਤ ਜ਼ਿਕਰ ਛੇੜਿਆ ਹੈ। ਕਈ ਥਾਵਾਂ ਤੇ ਲੇਖਕ ਨੇ ਦਾਰਸ਼ਨਿਕ ਸ਼ੈਲੀ ਵਿੱਚ ਵਿੱਚ ਵੀ ਸੰਵਾਦ ਰਚਾਇਆ ਹੈ ਜਿਵੇਂ , ਪਸੂ ਮਰੇ ਦਸ ਕਾਜ ਸਵਾਰੇ, ਜਰਾ ਸੰਭਲ ਕੇ ਬਈ, ਇਹ ਦੋ ਨੈਣ, ਅਕਲਾਂ ਦੇ ਚੱਕਰ ,ਆਦਿ ਲੇਖ ਇਸ ਪ੍ਰਸੰਗ ਵਿੱਚ ਵਿਚਾਰੇ ਜਾ ਸਕਦੇ ਹਨ। ਲੇਖਕ ਨੇ ਜਿੱਥੇ ਪ੍ਰਵਾਸੀ ਜੀਵਨ ਦੀਆਂ ਤੰਗੀਆਂ ਤੁਰਸ਼ੀਆਂ ਦਾ ਜ਼ਿਕਰ ਕੀਤਾ ਹੈ ਉੱਥੇ ਪਰਵਾਸ ਹੰਢਾਉਂਦਿਆਂ ਆਪਣੇ ਦੇਸ਼ ਵਿੱਚ ਵੱਡੇ ਘਰ ਬਣਾਉਣ ਦਾ ਜ਼ਿਕਰ ਕੀਤਾ ਹੈ ਜਿਨਾਂ ਨੂੰ ਅੱਜ ਕੱਲ ਜੰਦਰੇ ਲੱਗੇ ਹੋਏ ਹਨ ।ਇਸ ਦੇ ਨਾਲ ਹੀ ਲੇਖਕ ਨੇ ਸਦਾਚਾਰਕ ਰਹਿਣੀ ਬਹਿਣੀ ਵੀ ਆਪਣੇ ਲੇਖਾਂ ਵਿੱਚ ਪੇਸ਼ ਕੀਤੀ ਹੈ ਜਿਵੇਂ ਉਹ ਬੋਲਣ ਦਾ ਪਛਤਾਵਾ ਤੇ ਫਿਸਲ ਕੇ ਸੰਭਲੀ ਜੁਬਾਨ ਵਾਲੇ ਲੇਖ ਵਿੱਚ ਬੋਲਣ ਤੋਂ ਪਹਿਲਾਂ ਤੋਲਣਾ ਜਰੂਰੀ ਹੈ ਅਤੇ ਝੱਲਵਲੱਲੀਆਂ ਗੱਲਾਂ ਭਾਵੇਂ ਵੇਖਣ ਨੂੰ ਹਲਕਾ ਫੁਲਕਾ ਲੇਖ ਲੱਗਦਾ ਹੈ ਪਰ ਇਸ ਵਿੱਚ ਕੀਤਾ ਗਿਆ ਜ਼ਿਕਰ ਵਿਸ਼ੇਸ਼ ਤੌਰ ਤੇ ਧਿਆਨ ਦੀ ਮੰਗ ਕਰਦਾ ਹੈ ਜਿਵੇਂ ਲੇਖਕ ਨੇ ਪਰਵਦਗਾਰ ਪਰਮਾਤਮਾ ਬਾਰੇ ਇੱਕ ਤੋਂ ਬਾਅਦ ਦੂਜਾ ਵੇਰਵਾ ਦਰਜ ਕੀਤਾ ਹੈ। ਇਸ ਕਵਿਤਾ ਵਿਚ ਲੇਖਕ ਦੇ ਜੀਵਨ ਅਨੁਭਵ ਦਾ ਨਿਚੋੜ ਨਜ਼ਰ ਆਉਂਦਾ ਹੈ। ਲੇਖਕ ਦੀ ਸ਼ੈਲੀ ਇਸ ਗੱਲੋਂ ਵੀ ਟੁੰਬਦੀ ਹੈ ਕਿਉਂਕਿ ਬਹੁਤ ਸਾਰੇ ਲੇਖਾਂ ਵਿੱਚ ਉਹ ਆਪਣੀ ਗੱਲ ਨੂੰ ਬੜੇ ਸਹਿਜ ਰੂਪ ਵਿੱਚ ਪੇਸ਼ ਕਰਦਾ ਹੈ ਅਤੇ ਉਸ ਤੋਂ ਬਾਅਦ ਬਿਰਤਾਂਤਕ ਰੂਪ ਵਿੱਚ ਉਸ ਵਿੱਚ ਕੋਈ ਨਾ ਕੋਈ ਕਥਾ ਜਾਂ ਕਥਾ ਬਿਰਤਾਂਤ ਪੇਸ਼ ਕਰ ਦਿੰਦਾ ਹੈ ।ਇਸ ਤਰ੍ਹਾਂ ਕਰਨ ਨਾਲ ਲੇਖਕ ਪਾਠਕ ਨੂੰ ਆਪਣੀ ਲਿਖਤ ਦੇ ਨਾਲ ਜੋੜ ਲੈਂਦਾ ਹੈ ਤੇ ਲੇਖਕ ਦੇ ਨਾਲ- ਨਾਲ ਤੁਰਦਾ ਪਾਠਕ ਇਸਦਾ ਆਨੰਦ ਵੀ ਮਾਣਦਾ ਹੈ ਅਤੇ ਲੇਖਕ ਦੀ ਸਿਆਣਪ ਬਾਰੇ ਵੀ ਉਸ ਦੇ ਮਨ ਵਿੱਚ ਹੈਰਾਨੀ ਜਨਕ ਭਾਵ ਪੈਦਾ ਹੁੰਦੇ ਹਨ। ਜਦੋਂ ਅਸੀਂ ਇਸ ਪੁਸਤਕ ਦੇ ਤਾਣੇ -ਬਾਣੇ ਸਿਰਲੇਖ ਬਾਰੇ ਦੇਖਦੇ ਹਾਂ ਤਾਂ ਸਿਰਲੇਖ ਵਿੱਚ ਵੀ ਬੜਾ ਕੁਝ ਛੁਪਿਆ ਹੋਇਆ ਹੈ। ਤਾਣੇ- ਬਾਣੇ ਹਮੇਸ਼ਾ ਜ਼ਿੰਦਗੀ ਦੇ ਉਹਨਾਂ ਸੱਚਾਂ ਨੂੰ ਹੀ ਪੇਸ਼ ਕਰਦੇ ਹਨ ਜਿਨਾਂ ਦੇ ਰੂ-ਬਰੂ ਅਸੀਂ ਨਿਤਾ ਪ੍ਰਤੀ ਹੁੰਦੇ ਹਾਂ ਇਸ ਪੁਸਤਕ ਤਾਣੇ -ਬਾਣੇ ਦਾ ਅਧਿਐਨ ਕਰਦਿਆਂ ਕਈ ਵਾਰੀ ਲੇਖਕ ਨੇ ਇੰਨੀਆਂ ਰੌਚਕ ਤੇ ਤਤਕਾਲੀ ਸਮੇਂ ਨਾਲ ਸੰਬੰਧਿਤ ਘਟਨਾਵਾਂ ਪੇਸ਼ ਕੀਤੀਆਂ ਹਨ ਕਿ ਪਾਠਕ ਘਟਨਾਵਾਂ ਦੇ ਨਾਲ ਆਪਣੇ ਅਤੀਤ ਨਾਲ ਵੀ ਜੁੜ ਜਾਂਦਾ ਹੈ ।ਮਿਸਾਲ ਵਜੋਂ ਡਰ- ਡਰ ਕੇ ਜਿਉਂਦਿਆਂ ਵਾਲੇ ਸਵੈ -ਜੀਵਨੀ ਅੰਸ਼ ਵਿੱਚ ਪੰਜਾਬ ਦੇ ਕਾਲੇ ਦੌਰ ਦਾ ਜ਼ਿਕਰ ਲੇਖਕ ਨੇ ਬੜੀ ਫਰਾਖਦਿਲੀ ਤੇ ਵਿਵੇਕ ਨਾਲ ਕੀਤਾ ਹੈ। ਇਸੇ ਤਰ੍ਹਾਂ ਚੇਤਿਆਂ ਵਿੱਚ ਵਸਿਆ ਮੇਰਾ ਪਿੰਡ ਵਿੱਚ ਲੇਖਕ ਨੇ ਆਪਣੇ ਪਿੰਡ ਅਤੇ ਪਿੰਡ ਦੇ ਗਲੋਬਲ ਯੁਗ ਨਾਲ ਜੁੜਨ ਦੀ ਤਰੱਕੀ ਦੀ ਰਫਤਾਰ ਨੂੰ ਬੜੇ ਖੂਬਸੂਰਤ ਸ਼ਬਦਾਂ ਵਿੱਚ ਪੇਸ਼ ਕੀਤਾ ਹੈ। ਆਪਣੇ ਦੋਸਤਾਂ ਵਿੱਚ ਭੰਡਾਲ ਸਾਹਿਬ ਦਾ ਜ਼ਿਕਰ ਕਰਦਿਆਂ ਐਨਕ ਦੇ ਟੁੱਟਣ ਵਾਲਾ ਖੂਬਸੂਰਤ ਵਾਕਿਆ ਲੇਖਕ ਨੇ ਰੌਚਕ ਢੰਗ ਨਾਲ ਬਿਆਨ ਕੀਤਾ ਹੈ ਜਿਸ ਨੂੰ ਪੜ੍ਹਦਿਆਂ ਦੋਸਤੀਆਂ ਦੀ ਮਹਿਕਦੇ ਫੁੱਲ ਖਿੜਦੇ ਵਿਖਾਈ ਦਿੰਦੇ ਹਨ। ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਨੂੰ ਕਿਤੇ ਵੀ ਅਕੇਵਾਂ ਮਹਿਸੂਸ ਨਹੀਂ ਹੁੰਦਾ ਸਗੋਂ ਨਿੱਕੇ -ਨਿੱਕੇ ਸਵੈ -ਜੀਵਨੀ ਅੰਸ਼ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੇ ਹਨ ਅਤੇ ਉਹ ਜ਼ਿੰਦਗੀ ਦੇ ਤਾਣੇ- ਬਾਣੇ ਨੂੰ ਆਪਣੀ ਸਮਝ ਅਨੁਸਾਰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ ਪੁਸਤਕ ਵਿੱਚ ਰਿਸ਼ਤਿਆਂ ਦੀ ਮਹਿਕ ਹੈ ਆਪਣਿਆਂ ਦੇ ਵਿਛੜਨ ਦਾ ਗਮ ਹੈ। ਸੰਸਾਰ ਦੀ ਤਰੱਕੀ ਦੀ ਰਫਤਾਰ ਦਾ ਜ਼ਿਕਰ ਹੈ ਅਤੇ ਨਾਲ ਦੀ ਨਾਲ ਆਪਣੇ ਲੇਖਾਂ ਵਿੱਚ ਵਾਰਤਕ ਦੇ ਨਾਲ -ਨਾਲ ਕਵਿਤਾ ਦੀਆਂ ਲਾਈਨਾਂ ਜੋੜ ਕੇ ਲੇਖਕ ਨੇ ਇਸ ਨੂੰ ਹੋਰ ਵੀ ਸੁਚੱਜਾ ਰੂਪ ਦਿੱਤਾ ਹੈ । ਡਾਕਟਰ ਕੁਲਵਿੰਦਰ ਸਿੰਘ ਬਾਠ ਦੀ ਪੁਸਤਕ ਤਾਣੇ-ਬਾਣੇ ਐਵਿਸ ਪਬਲੀਕਸ਼ਨ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਦਾ ਮੁੱਲ 590 ਹੈ ਅਤੇ ਇਸ ਦੇ ਪੰਨੇ 231 ਹਨ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਸਰਦੂਲ ਸਿੰਘ ਔਜਲਾ
ਪਿੰਡ ਦੇ ਡਾਕਖਾਨਾ ਸੰਗੋਜਲਾ
ਜਿਲਾ ਕਪੂਰਥਲਾ-144804
+91 9814168611
e-mail:sardulsinghaujla.com
* ਡਾ. ਸਰਦੂਲ ਸਿੰਘ ਔਜਲਾ/ਜੀਵਨ ਬਿਓਰਾ ਅਤੇ ਰਚਨਾਵਾਂ ਦੀ ਸੂਚੀ:
sardul resume.docx (1)

by
ਕਿਸੇ ਵੀ ਲਿਖਤ ਵਿੱਚ ਆਪਣੇ ਆਪੇ ਨੂੰ ਪੇਸ਼ ਕਰ ਕਰਨਾ ਬੜਾ ਔਖਾ ਕੰਮ ਹੈ ਕਿਉਂਕਿ ਮਨੁੱਖ ਦੂਜਿਆਂ ਦੀਆਂ ਗਲਤੀਆਂ, ਦੂਜਿਆਂ ਦੀਆਂ ਕਮੀਆਂ ਤਾਂ ਦੇਖ ਸਕਦਾ ਹੈ ਪਰ ਆਪਣੀਆਂ ਕਮੀਆਂ ਤੇ ਆਪਣੀਆਂ ਗਲਤੀਆਂ ਨੂੰ ਦੇਖਣਾ ਬਹੁਤ ਔਖਾ ਕੰਮ ਹੈ। ਜਦੋਂ ਅਸੀਂ ਕੁਲਵਿੰਦਰ ਸਿੰਘ ਬਾਠ ਦੀ ਪੁਸਤਕ ਤਾਣੇ ਬਾਣੇ ਬਾਰੇ ਗੱਲ ਕਰਦੇ ਹਾਂ ਤਾਂ ਇਹ ਪੁਸਤਕ ਸਵੈ- ਜੀਵਨੀ ਤਾਂ ਨਹੀਂ ਪਰ ਸਵੈ -ਜੀਵਨੀ ਨੁਮਾ ਵਾਰਤਕ ਪੁਸਤਕ ਦੇ ਰੂਪ ਵਿੱਚ ਦੇਖੀ ਜਾ ਸਕਦੀ ਹੈ।