ਜਸਮੇਰ ਸਿੰਘ ਸੇਠੀ ਬਰਤਾਨੀਆਂ ਦੇ ਬਰਮਿੰਘਮ ਸ਼ਹਿਰ ਵਿੱਚ ਵਸੇ ਹੋਏ ਪੰਜਾਬੀ ਦੇ ਸਿਰਮੌਰ ਲੇਖਕ ਹਨ, ਜਿਹੜੇ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਨਾਲ ਪਿਆਰ ਕਰਨ ਵਾਲੇ ਇਨਸਾਨ ਹਨ। ਹੁਣ ਤੱਕ ਉਨ੍ਹਾਂ ਦੀਆਂ 6 ਪੰਜਾਬੀ ਅਤੇ 3 ਹਿੰਦੀ ਵਿੱਚ ਨਿਵੇਕਲੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ‘ਸਤ ਵਾਰ’ ਪੁਸਤਕ ਭਾਰਤੀਆਂ, ਪੰਜਾਬੀਆਂ ਅਤੇ ਖਾਸ ਤੌਰ ‘ਤੇ ਨਾਨਕ ਨਾਮ ਲੇਵਾ ਸੰਗਤ ਲਈ ਅਦਭੁਤ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਪੁਸਤਕ ਵਿੱਚ 7 ਦਿਨ ਐਤਵਾਰ ਤੋਂ ਸਨਿਚਰਵਾਰ ਅਤੇ 7 ਗ੍ਰਹਿਾਂ ਸੂਰਜ, ਚੰਦਰਮਾ, ਮੰਗਲ, ਬੁਧ, ਬ੍ਰਸਪਤੀ ਗੁਰੂ, ਸ਼ੁਕਰ ਅਤੇ ਸ਼ਨੀ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਹੋਈ ਹੈ ਜੋ ਕਿ ਸਿੱਖ ਧਰਮ ਦੇ ਮੁੱਦਈਆਂ ਨੂੰ ਵਹਿਮਾ ਭਰਮਾ ਤੋਂ ਦੂਰ ਰਹਿਣ ਸੰਬੰਧੀ ਵਿਲੱਖਣ ਜਾਣਕਾਰੀ ਦਿੰਦੀ ਹੈ। ਇਹ ਪੁਸਤਕ ਮੈਨੂੰ ‘ਪੰਜਾਬੀ ਯੂਰਪੀ ਸੱਥ ਵਾਲਸਾਲ ਦੇ ਸੰਚਾਲਕ’ ਮੋਤਾ ਸਿੰਘ ਸਰਾਏ ਦੇ ਉਦਮ ਰਾਹੀਂ ਪ੍ਰਾਪਤ ਹੋਈ ਹੈ। ਸਿੱਖ ਧਰਮ ਵਿੱਚ ਜਿਹੜੀ ਗ੍ਰਹਿਾਂ ਵਾਲੀ ਗੱਲ ਹੈ, ਇਹ ਆਮ ਸਿੱਖ ਸੰਗਤ ਨੂੰ ਵਹਿਮਾ ਭਰਮਾ ਵਿੱਚ ਪੈਣ ਦਾ ਸ਼ੱਕ ਪ੍ਰਗਟ ਕਰਦੀ ਸੀ। ਇਸ ਪੁਸਤਕ ਨੂੰ ਪੜ੍ਹਨ ਤੋਂ ਪਤਾ ਲੱਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤ ਵਾਰ ਅਤੇ ਦੋ ਬਾਰਹ ਮਾਹਾ ਹਨ, ਜੋ ਸੂਰਜ ਦੇ ਚਲਣ ਨਾਲ ਤਬਦੀਲੀ ਆਉਂਦੀ ਹੈ, ਮਹੀਨੇ ਬਦਲਦੇ ਹਨ, ਸਾਂਕਰਾਂਤੀ ਆਉਂਦੀ ਹੈ, ਜਿਸ ਨੂੰ ਅਸੀਂ ਸੰਗ੍ਰਾਂਦ ਕਹਿੰਦੇ ਹਾਂ। ਰੁੱਤਾਂ ਬਦਲਦੀਆਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੁੱਤਾਂ ਬਾਰੇ ਵੀ ਵਖਿਆਨ ਹੈ। ਚੰਦਰਮਾ ਅਨੁਸਾਰ ਤਿੱਥਾਂ ਦੇ ਬਦਲਣ ਨਾਲ, ਚੰਦਰਮਾ ਦੇ ਚਲਣ ਨਾਲ ਮਹੀਨਾ ਪੂਰਾ ਪੂਰਨਮਾਸ਼ੀ ਤੇ ਮੱਸਿਆ ਆਦਿ ਆਉਂਦੀਆਂ ਹਨ। ਜਸਮੇਰ ਸਿੰਘ ਸੇਠੀ ਨੇ ਇਹ ਪੁਸਤਕ ਪੂਰੀ ਖੋਜ ਤੋਂ ਬਾਅਦ ਲਿਖੀ ਲਗਦੀ ਹੈ। ਉਨ੍ਹਾਂ ਪਾਠਕਾਂ ਨੂੰ ਵਿਸਤਾਰ ਪੂਰਬਕ ਦਿਨਾ ਅਤੇ ਗ੍ਰਹਿਾਂ ਬਾਰੇ ਧਾਰਮਿਕ, ਸਮਾਜਿਕ ਅਤੇ ਵਿਗਿਆਨਿਕ ਜਾਣਕਾਰੀ ਦੇ ਕੇ ਸਾਰੇ ਭਰਮ ਭੁਲੇਖੇ ਦੂਰ ਕੀਤੇ ਹਨ। ਇਸ ਦੇ ਨਾਲ ਉਨ੍ਹਾਂ ਨੇ ਇਨ੍ਹਾਂ ਪੱਖਾਂ ਦੇ ਮੁਕਾਬਲੇ ਗੁਰਮਤਿ ਦੀਆਂ ਉਦਾਹਰਨਾ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਧਰਮ ਵਿੱਚ ਇਨ੍ਹਾਂ ਬਾਰੇ ਵੀ ਸਹੀ ਜਾਣਕਾਰੀ ਉਪਲਭਧ ਹੈ। ਭਾਵ ਇਨ੍ਹਾਂ ਦਿਨਾਂ ਅਤੇ ਗ੍ਰਹਿਾਂ ਬਾਰੇ ਸਿੱਖ ਧਰਮ ਦਾ ਦ੍ਰਿਸ਼ਠੀਕੋਣ ਦਰਸਾਇਆ ਗਿਆ ਹੈ। ਪੰਜਾਬੀ ਵਿੱਚ ਇਹ ਅਜਿਹੀ ਪਹਿਲੀ ਪੁਸਤਕ ਹੈ, ਜਿਸ ਵਿੱਚ ਇਤਨੀ ਵਿਆਖਿਆ ਨਾਲ ਦੱਸਿਆ ਗਿਆ ਹੈ। ਸਿੱਖ ਧਰਮ ਨਵਾਂ ਹੈ ਪ੍ਰੰਤੂ ਇਹ ਮਜ਼ਮੂਨ ਪੁਰਾਣਾ ਹੈ, ਅਰਥਾਤ ਕਰੋੜਾਂ ਅਰਬਾਂ ਸਾਲ ਦਾ ਹੈ। ਸਦੀਆਂ ਤੋਂ ਚਲੇ ਆ ਰਹੇ ਭਰਮ ਭੁੱਲੇਖੇ ਦੂਰ ਕਰਨ ਲਈ ਸਤਿਗੁਰਾਂ ਨੇ ਥਿੱਤੀ ਬਾਣੀਆਂ ਤੇ ਸਤ ਵਾਰਾਂ ਦੇ ਉਪਦੇਸ਼ ਬਖ਼ਸ਼ਿਸ਼ ਕੀਤੇ ਹਨ। ਪੁਰਾਤਨ ਪ੍ਰਚਲਿਤ ਰੀਤਾਂ ਦਾ ਵਰਣਨ ਕਰਕੇ ਸਿੱਖਾਂ ਨੂੰ ਨਿਆਰੇ ਰਹਿਣ ਲਈ ਪ੍ਰਭੂ ਭਗਤੀ ਦੀ ਰੀਤ ਨੂੰ ਦ੍ਰਿੜ੍ਹ ਰੱਖਣ ਲਈ ਪ੍ਰੇਰਿਆ ਹੈ। ਜੇ ਸਤਿਗੁਰੂ ਜੀ ਗੁਰਬਾਣੀ ਵਿੱਚ ਚੰਦਰਮਾ ਦੀਆਂ ਤਿੱਥਾਂ ਬਾਰੇ ਤਿੰਨ ਬਾਣੀਆਂ ਅੰਕਿਤ ਕਰਦੇ ਹਨ ਤਾਂ ਖਾਸ ਹੀ ਸਮਝੋ। ਸਤ ਵਾਰ ਵਿੱਚ ਗ੍ਰਹਿਾਂ ਦੀ ਦੂਰੀ, ਉਨ੍ਹਾਂ ਦੀ ਰਫ਼ਤਾਰ ਤੇ ਹੋਰ ਨਿਧੀਆਂ, ਸਿਧੀਆਂ ਬਾਰੇ ਬਹੁਤ ਥਾਵਾਂ ‘ਤੇ ਹਿੰਦੂਇਜ਼ਮ ਦੀਆਂ ਉਦਾਹਰਣਾਂ ਦੇ ਕੇ ਕਮਾਲ ਕੀਤੀ ਹੈ। ਇਨ੍ਹਾਂ 9 ਗ੍ਰਹਿਾਂ ਨੂੰ ਦੇਵਤੇ ਵੀ ਕਿਹਾ ਜਾਂਦਾ ਹੈ। ਕਈ ਸਾਇੰਸਦਾਨ 8 ਗ੍ਰਹਿ ਮੰਨਦੇ ਹਨ। ਕੁਝ ਖਾਸ ਦਿਨ ਅਸੀਂ ਮਨਾਉਂਦੇ ਹਾਂ ਜਿਵੇਂ ਜਨਮ ਦਿਨ, ਵਿਆਹ ਦੀ ਵਰੵੇ ਗੰਢ, ਮਦਰਜ਼, ਫਾਦਰਜ਼ ਦਿਨ, ਆਦਿ ਪ੍ਰੰਤੂ ਸਾਰੇ ਦਿਨ ਇਕੋ ਜਹੇ ਹੁੰਦੇ ਹਨ, ਕੋਈ ਚੰਗਾ ਜਾਂ ਬੁਰਾ ਨਹੀਂ ਹੁੰਦਾ। ਸ੍ਰਿਸ਼ਟੀ ਦੀ ਸਿਰਜਣਾ ਬਾਰੇ ਵਿਗਿਆਨੀਆਂ ਦੀਆਂ ਦੋ ਧਾਰਾਵਾਂ ਹਨ ਪ੍ਰੰਤੂ ਬਹੁਮਤ ਇਹ ਮੰਨਦੇ ਹਨ ਕਿ ਸ਼ਾਇਦ ਪਹਿਲਾਂ ਮੱਛੀਆਂ ਸਨ, ਫਿਰ ਰੀਂਗਣ ਵਾਲੇ ਜੀਵ ਬਣੇ, ਫਿਰ ਥਣਧਾਰੀ ਤੇ ਫਿਰ ਵਿਕਾਸ ਕਰਕੇ ਬਾਂਦਰ ਤੋਂ ਮਨੁੱਖ ਬਣੇ। ਬਹੁਤੇ ਧਰਮਾ ਦੀਆਂ ਥੀਓਰੀਆਂ ਵੱਖਰੀਆਂ ਹਨ। ਇਸ ਪੁਸਤਕ ਦੇ 8 ਚੈਪਟਰ ‘ਆਦਿਤ ਕਰੈ ਭਗਤਿ ਆਰੰਭ’, ‘ਸੋਮਵਾਰਿ ਸਸਿ ਅੰਮਿ੍ਰਤੁ ਝਰੈ॥’, ‘ਚੰਦਰਮਾ ਦੀਆਂ ਥਿੱਤਾਂ’, ‘ਮੰਗਲਿ ਮਾਇਆ ਮੋਹੁ ਉਪਾਇਆ’॥, ‘ਬੁਧਵਾਰਿ ਆਪੇ ਬੁਧਿ ਸਾਰੁ॥’, ਵੀਰਵਾਰਿ ਵੀਰ ਭਰਮਿ ਭੁਲਾਏ॥’, ‘ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ॥’ ਛਨਿਛਰਵਾਰਿ ਸਉਣ ਸਾਸਤ ਬੀਚਾਰੁ॥’ ਅਤੇ ‘ਰਾਹੂ ਕੇਤੂ ਤੇ ਨੌਂ ਗ੍ਰਹਿ’ ਹਨ। ਸਿਰਫ ਸਿੱਖ ਧਰਮ ਦੀ ਵਿਚਾਰਧਾਰਾ ਵਿਗਿਆਨੀਆਂ ਦੇ ਨਾਲ ਮਿਲਦੀ ਜੁਲਦੀ ਹੈ, ਜਿਵੇਂ ਗੁਰੂ ਸਾਹਿਬ ਲਿਖਦੇ ਹਨ- ਆਪੇ ਸ੍ਰਿਸਟ ਉਪਾਇਦਾ ਪਿਆਰ ਕਰਿ ਸੂਰਜੁ ਚੰਦੁ ਚਾਨਾਣੁ॥ (ਅੰਗ 606) ਸ੍ਰੀ ਗੁਰੂ ਅਮਰ ਦਾਸ ਜੀ ਉਚਾਰਦੇ ਹਨ- ਸੂਰਜੁ ਚੰਦੁ ਕਰਹਿ ਉਜੀਆਰਾ॥ ਸ੍ਰੀ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਲਿਖਦੇ ਹਨ- ਕੇਤੇ ਇੰਦ ਚੰਦ ਸੂਰਜ ਕੇਤੇ ਕੇਤੇ ਮੰਡਲ ਦੇਸ॥ ਇਹੋ ਗੱਲ ਸਾਇੰਸਦਾਨ ਕਹਿੰਦੇ ਹਨ। ਇਕ ਹੈਰਾਨੀ ਦੀ ਗੱਲ ਹੈ ਕਿ ਸਾਇੰਸਦਾਨਾ ਨੇ ਆਕਾਸ਼ ਨੂੰ ਤਾਂ ਬਹੁਤ ਖੋਜਿਆ ਹੈ, ਪ੍ਰੰਤੂ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਹੈ- ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੋ॥ (ਅੰਗ 1390) ਸਾਇੰਸਦਾਨ ਅਜੇ ਵੀ ਖੋਜ ਕਰਨ ‘ਤੇ ਲੱਗੇ ਹੋਏ ਹਨ ਪ੍ਰੰਤੂ ਗੁਰੂ ਸਾਹਿਬ ਨੇ ਕਹਿ ਦਿੱਤਾ ਹੈ ਕਿ- ਏਹੁ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥ (ਅੰਗ 5) ਆਦਿਤ ਐਤਵਾਰ ਨੂੰ ਕਿਹਾ ਜਾਂਦਾ ਹੈ। ਸਾਡੀ ਬਾਣੀ ਵਿਗਿਆਨਕ ਅਸੂਲਾਂ ‘ਤੇ ਖੜ੍ਹੀ ਹੈ। ਸੂਰਜ ਸਾਰੀ ਸੂਰਜੀ ਪ੍ਰਣਾਲੀ ਦੇ ਵਿਚਕਾਰ ਹੈ। ਸਾਇੰਸਦਾਨ ਇਸਨੂੰ 46 ਖਰਬ ਸਾਲ ਪਹਿਲਾਂ ਹੋਂਦ ਵਿੱਚ ਆਇਆ ਮੰਨਦੇ ਹਨ। ਸੂਰਜ ਦਾ ਆਕਾਰ ਧਰਤੀ ਤੋਂ 13 ਲੱਖ ਗੁਣਾ ਵੱਧ ਹੈ। ਧਰਤੀ ਕਿਸ ਦਿਸ਼ਾ ਤੇ ਸੂਰਜ ਦੁਆਲੇ ਘੁੰਮਦੀ ਮੋੜ ਕੱਟਦੀ ਹੈ ਤਾਂ ਰਾਤ ਹੁੰਦੀ ਹੈ। ਗੁਰਬਾਣੀ ਦਾ ਫਰਮਾਨ ਹੈ- ਜਿਨਿ ਦਿਨੁ ਕਰਿ ਕੀਤੀ ਰਾਤਿ॥ ਦਿਨ ਅਤੇ ਰਾਤ ਜੀਵਾਂ ਵਾਸਤੇ ਦੋਵੇਂ ਖਿਡਾਵੀ ਤੇ ਖਿਡਾਵਾ ਹਨ ਤੇ ਇਨ੍ਹਾਂ ਦੇ ਪ੍ਰਭਾਵ ਹੇਠ ਜਗਤ ਖੇਡ ਰਿਹਾ ਹੈ। ਐਤਵਾਰ ਵਾਲਾ ਦਿਨ ਜ਼ਿਆਦਾਤਰ ਜਗਤ ਵਿੱਚ ਛੁੱਟੀ ਵਾਲਾ ਦਿਨ ਹੈ। ਇਸ ਲਈ ਜ਼ਿਆਦਾ ਸਮਾਗਮ ਇਸੇ ਦਿਨ ਹੁੰਦੇ ਹਨ। ਗੁਰਬਾਣੀ ਅਨੁਸਾਰ ਸਿੱਧ ਹੋ ਚੁੱਕਾ ਹੈ ਕਿ ਸੂਰਜ, ਚੰਦ ਤੇ ਹੋ ਤਾਰੇ ਸਿਤਾਰੇ ਨੌਂ ਗ੍ਰਹਿ ਸਭ ਪ੍ਰਮਾਤਮਾ ਨੇ ਸਿ੍ਰਸ਼ਿਟੀ ਦੀ ਰਚਨਾ ਕੀਤੀ ਹੈ। – ਕਈ ਕੋਟਿ ਸਸੀਆਰ ਸੂਰ ਨਖ੍ਹਤ੍ਰ॥ (ਅੰਗ 275) ਐਤਵਾਰ ਦੀ ਧਾਤ ਸੋਨੇ ਨੂੰ ਮੰਨਦੇ ਹਨ। ਐਤਵਾਰ ਨੂੰ ਗਹਿਣੇ ਪਾਉਣੇ ਸ਼ੁੱਭ ਸ਼ਗਨ ਗਿਣਿਆ ਜਾਂਦਾ ਹੈ। ਅਖਾਣ ਹੈ- ਬੁਧਿ ਛਨਿਛਰ ਕਪੜਾ ਗਹਿਣਾ ਐਤਵਾਰ। ਸੋਮਵਾਰ ਨੂੰ ਚੰਦਰਮਾ ਦਾ ਦਿਨ ਮੰਨਦੇ ਹਨ। ਅੰਗਰੇਜ਼ੀ ਵਿੱਚ ਚੰਦਰਮਾ ਨੂੰ ਮੂਨ ਆਖਦੇ ਹਨ ਤੇ ਮੂਨ ਤੋਂ ਹੀ ਮੰਡੇ ਸੋਮਵਾਰ ਭਾਵ ਚੰਦਰਮਾ ਦਾ ਦਿਨ ਮਿਥਿਆ ਗਿਆ ਹੈ। ਚੰਦਰਮਾ ਨੂੰ ਧਰਤੀ ਦਾ ਭਰਾ ਵੀ ਮੰਨਦੇ ਹਨ। ਧਰਤੀ ਦੇ ਆਕਾਰ ਸਾਮ੍ਹਣੇ ਚੌਥੇ ਹਿੱਸੇ ਦੇ ਕਰੀਬ ਹੈ। ਚੰਦਰਮਾ ਦੀਆਂ ਥਿੱਤਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਬਾਣੀਆਂ ਹਨ। ਜਿਵੇਂ ਸੂਰਜ ਦੇ ਦਿਨਾ ਨੂੰ ਵਾਰ ਆਖਿਆ ਜਾਂਦਾ ਹੈ, ਇਸ ਤਰ੍ਹਾਂ ਚੰਦਰਮਾ ਦੇ ਦਿਨਾ ਨੂੰ ਥਿੱਤਾਂ ਆਖਿਆ ਜਾਂਦਾ ਹੈ। ਬਹੁਤ ਸਾਰੇ ਭਾਰਤੀ ਤਿਉਹਾਰ, ਉਤਸਵ ਤੇ ਗੁਰਪੁਰਵ ਥਿੱਤਾਂ ਅਨੁਸਾਰ ਮਨਾਏ ਜਾਂਦੇ ਹਨ। ਜਿਵੇਂ ਦੀਵਾਲੀ, ਮੱਸਿਆ ਅਤੇ ਪੂਰਨਮਾਸ਼ੀ। ਦੁਸਹਿਰਾ, ਹੋਲੀ ਤੇ ਹੋਲਾ ਮਹੱਲਾ ਆਦਿ ਦੇਸੀ ਤਰੀਕਾਂ ਅਨੁਸਾਰ ਹਨ। ਐਤਵਾਰ ਤੋਂ ਬਾਅਦ ਸੋਮਵਾਰ ਆਉਂਦਾ ਹੈ। ਦੁਨੀਆਂ ਵਿੱਚ ਹਫਤੇ ਦਾ ਪਹਿਲਾ ਕਾਰੋਬਾਰੀ ਦਿਨ ਹੈ। ਪੁਰਾਤਨ ਸਭਿਆਤਾਵਾਂ ਵਿੱਚ ਚੰਦਰਮਾ ਤੇ ਸੋਮਵਾਰ ਬਾਰੇ ਲਿਖਿਆ ਮਿਲਦਾ ਹੈ। ਵੱਖਰੇ-ਵੱਖਰੇ ਪ੍ਰਾਂਤਾਂ ਵਿੱਚ ਸੋਮਵਾਰ ਦੀ ਖਾਸ ਮਹਾਨਤਾ ਹੈ। ਸੋਮਵਾਰ ਦੀ ਧਾਤੂ ਚਾਂਦੀ ਮੰਨੀ ਜਾਂਦੀ ਹੈ। ਮੰਗਲਿ ਮਾਇਆ ਮੋਹੁ ਉਪਾਇਆ॥ ਮੰਗਲਵਾਰ ਨੂੰ ਮੰਗਲ ਗ੍ਰਹਿ ਦਾ ਦਿਨ ਮੰਨਦੇ ਹਨ। ਸੋਮਵਾਰ ਤੋਂ ਬਾਅਦ ਮੰਗਲਵਾਰ ਆਉਂਦਾ ਹੈ। ਮੰਗਲ ਗ੍ਰਹਿ ਨੂੰ ਲੜਾਕਾ ਗ੍ਰਹਿ ਮੰਨਦੇ ਹਨ। ਹਿੰਦੂ ਧਰਮ ਵਿੱਚ ਲਾੜਾ ਆਪਣੀ ਦੁਲਹਨ ਨੂੰ ਮੰਗਲ ਸੂਤਰ ਪਹਿਨਾਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫੁਰਮਾਨ ਹੈ- ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ॥ ਸ੍ਰੀ ਗੁਰੂ ਅਮਰ ਦਾਸ ਜੀ ਆਨੰਦ ਸਾਹਿਬ ਵਿੱਚ ਫੁਰਮਾਉਂਦੇ ਹਨ- ਹਰਿ ਮੰਗਲੁ ਗਾਉ ਸਖੀ ਗ੍ਰਹਿ ਮੰਦਰੁ ਬਣਿਆ॥ ਮੰਗਲ ਗ੍ਰਹਿ ਦੀ ਧਾਤੂ ਲੋਹੇ ਨੂੰ ਮੰਨਦੇ ਹਨ। ਬੁਧਵਾਰਿ ਆਪੇ ਬੁਧਿ ਸਾਰੁ॥ ਬੁੱਧਵਾਰ ਨੂੰ ਬੁਧ ਗ੍ਰਹਿ ਦਾ ਦਿਨ ਮੰਨਦੇ ਹਨ। ਸਾਰੇ ਦੇਸਾਂ ਵਿੱਚ ਇਸ ਨੂੰ ਸ਼ੁਭ ਗ੍ਰਹਿ ਮੰਨਦੇ ਹਨ। ਸ੍ਰੀ ਗੁਰੂ ਅਮਰ ਦਾਸ ਜੀ ਬਿਲਾਵਲ ਰਾਗ ਵਿੱਚ ਫੁਰਮਾਉਂਦੇ ਹਨ- ਥਿਤੀ ਵਾਰ ਸਭਿ ਸਬਦਿ ਸੁਹਾਏ॥ ਸਤਿਗੁਰੁ ਸੇਵੇ ਤਾ ਫਲ ਪਾਏ॥ ਵੀਰਵਾਰਿ ਵੀਰ ਭਰਮਿ ਭੁਲਾਏ॥ ਵੀਰਵਾਰ ਨੂੰ ਗ੍ਰਹਿ ਬ੍ਰਹਿਸਪਤੀ ਦਾ ਦਿਨ ਮੰਨਦੇ ਹਨ। ਬ੍ਰਹਿਸਪਤੀ ਦੀ ਧਾਤ ਕਲੀ ਟੀਨ ਦਾ ਡੱਬਾ ਮੰਨੀ ਜਾਂਦੀ ਹੈ। ਜਗਤ ਵਹਿਮਾਂ-ਭਰਮਾ ਕਰਕੇ ਵੀਰਵਾਰ ਅਤੇ ਮੰਗਲਵਾਰ ਨੂੰ ਚੰਗਾ ਨਹੀਂ ਸਮਝਦੇ। ਗੁਰਮਤਿ ਅਨੁਸਾਰ ਸਾਰੇ ਦਿਨ ਇਕ ਬਰਾਬਰ ਹੁੰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ- ਨਾਨਕ ਸਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਚਿਤਿ॥ ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ॥ ਸ਼ੁਕਰਵਾਰ ਨੂੰ ਵੀਨਸ ਗ੍ਰਹਿ ਦਾ ਦਿਨ ਮੰਨਦੇ ਹਨ। ਵੀਨਸ ਗ੍ਰਹਿ ਸੂਰਜ ਤੋਂ ਦੂਜਾ ਗ੍ਰਹਿ ਹੈ। ਵੀਨਸ ਗ੍ਰਹਿ ਸਾਰੇ ਸੂਰਜੀ ਮੰਡਲ ਵਿੱਚ ਸਭ ਤੋਂ ਜ਼ਿਆਦਾ ਗਰਮ ਹੈ। ਵੀਨਸ ਬਾਕੀ ਗ੍ਰਹਿਆਂ ਨਾਲੋਂ ਕੁਝ ਵੱਖਰੀ ਹੈ। ਭਾਵੇਂ ਇਹ ਵੀ ਸੂਰਜ ਦੁਆਲੇ ਘੁੰਮਦੀ ਹੈ। ਸ਼ੁਕਰ ਸੰਸਕਿ੍ਰਤ ਦਾ ਸ਼ਬਦ ਹੈ, ਜਿਸ ਦਾ ਮਤਲਬ ਸਾਫ਼, ਸਪਸ਼ਟ, ਚਮਕੀਲਾ, ਲਿਸ਼ਕਦਾ ਚਮਕਦਾਰ ਹੈ। ਸ਼ੁਕਰ ਗ੍ਰਹਿ ਦੀ ਧਾਤ ਤਾਂਬਾ ਹੈ। ਛਨਿਛਰਵਾਰਿ ਸਉਣ ਸਾਸਤ ਬੀਚਾਰੁ॥ ਸਾਰੇ ਗ੍ਰਹਿ ਮੰਡਲ ਵਿੱਚ ਸ਼ਨੀ ਨੂੰ ਸਭ ਤੋਂ ਸੁੰਦਰ ਮੰਨਦੇ ਹਨ। ਇਹ ਬਹੁਤ ਹੌਲੀ-ਹੌਲੀ ਸੂਰਜ ਦੇ ਦੁਆਲੇ ਘੁੰਮਦਾ ਹੈ। ਹਿੰਦੂ ਧਰਮ ਵਾਲੇ ਇਸ ਨੂੰ ਸ਼ਨੀ ਦੇਵਤੇ ਨਾਲ ਜੋੜਦੇ ਹਨ। ਕਹਿਣ ਨੂੰ ਦੇਵਤਾ ਆਖਦੇ ਹਨ ਪ੍ਰੰਤੂ ਇਸ ਤੋਂ ਡਰਦੇ ਬਹੁਤ ਹਨ ਕਿਉਂਕਿ ਜਿਥੇ ਸ਼ਨੀ ਹੁੰਦਾ ਹੈ ਉਥੋਂ ਸੁੱਖ ਨੱਸ ਜਾਂਦੇ ਸਮਝੇ ਜਾਂਦੇ ਹਨ। ਰਾਹੂ ਕੇਤੂ ਤੇ ਨੌਂ ਗ੍ਰਹਿ ਜੋਤਿਸ਼ ਸ਼ਾਸਤ੍ਰ ਦੇ ਅਨੁਸਾਰ ਸੱਤ ਦਿਨ ਅਤੇ ਰਾਹੂ ਕੇਤੂ ਨੌਂ ਗ੍ਰਹਿ ਹਨ। ਆਧੁਨਿਕ ਵਿਗਿਆਨੀਆਂ ਅਨੁਸਾਰ ਕਿਸੇ ਗ੍ਰਹਿ ਦੀ ਆਕਾਸ਼ੀ ਮੰਡਲ ਸੌਰ ਪ੍ਰਵਾਰ ਵਿੱਚ ਕੋਈ ਹਸਤੀ ਨਹੀਂ ਹੈ। ਇਨ੍ਹਾਂ ਨੂੰ ਉਤਰੀ ਤੇ ਦੱਖਣੀ ਧ੍ਰੁਵਾਂ ਦੀ ਛਾਇਆ ਮਾਤਰ ਮੰਨਦੇ ਹਨ। ਰਾਹੂ ਇਕ ਤਾਕਤਵਰ ਕਪਟੀ, ਦੋਖੀ ਗ੍ਰਹਿ ਹੈ ਜੋ ਸੂਰਜ, ਚੰਦਰਮਾ ਤੇ ਮੰਗਲ ਨੂੰ ਆਪਣੇ ਦੁਸ਼ਮਣ ਜਾਣਦਾ ਹੈ। ਬੁੱਧ, ਸ਼ੁਕਰ ਤੇ ਛਨਿਛਰ ਨੂੰ ਮਿਤਰ ਸਮਝਦਾ। ਬ੍ਰਹਸਪਤੀ ਨਿਰਪੱਖ ਹੈ। ਕੇਤੂ ਨੂੰ ਸਾਊਥ ਲੂਨਰ ਨੋਡ ਆਖਦੇ ਹਨ। ਕੇਤੂ ਨੂੰ ਸਭ ਤਰ੍ਹਾਂ ਦੇ ਦੁੱਖਾਂ ਤੇ ਸੁੱਖਾਂ ਨਾਲ ਵੀ ਜੋੜਦੇ ਹਨ। ਧਨ ਦੌਲਤ ਤੇ ਅਧਿਆਮਿਕ ਤਰੱਕੀ ਲਈ ਵੀ ਸਹਾਇਕ ਮੰਨਦੇ ਹਨ। 200 ਰੁਪਏ ਕੀਮਤ, 247 ਪੰਨਿਆਂ , ਰੰਗਦਾਰ ਸਰਵਰਕ ਵਾਲੀ ਇਹ ਪੁਸਤਕ ‘ਯੂਰਪੀ ਪੰਜਾਬੀ ਸੱਥ ਵਾਲਸਾਲ’ ਨੇ ਪ੍ਰਕਾਸ਼ਤ ਕੀਤੀ ਹੈ। ਪਾਠਕਾਂ ਲਈ ਬਹੁਤ ਹੀ ਲਾਭਕਾਰੀ ਹੈ। |