ਸਾਹਿਤਕ ਵੰਨਗੀਆਂ ਵਿਚੋਂ ਵਾਰਤਕ ਵਿਧਾ ਦਾ ਵੱਖਰਾ ਸਥਾਨ ਹੈ। ਵਾਰਤਕ ਵਿਚ ਸੰਬੰਧਿਤ ਵਿਸ਼ੇ ਦੀ ਜਾਣਕਾਰੀ ਦੇ ਨਾਲ-ਨਾਲ ਜਾਣਕਾਰ ਕਿਵੇਂ ਮੁਹੱਈਆ ਕਰਵਾਈ ਗਈ ਹੈ, ਵਾਰਤਕ ਸ਼ੈਲੀ ਅਤੇ ਭਾਸ਼ਾ ਦਾ ਆਪਸੀ ਸਮਤੋਲ ਕਿਵੇਂ ਰੱਖਿਆ ਗਿਆ ਹੈ, ਇਸ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਲੇਖਕ ਨੂੰ ਇਹ ਦੇਖਣਾ ਪੈਂਦਾ ਹੈ ਕਿ ਉਹ ਕਿਸ ਵਰਗ ਦੇ ਪਾਠਕਾਂ ਲਈ ਲਿਖ ਰਿਹਾ ਹੈ, ਜਿਹੜੇ ਵਿਸ਼ੇ ਤੇ ਲਿਖ ਰਿਹਾ ਹੈ, ਉਸ ਦਾ ਕੀ ਮਹੱਤਵ ਹੈ, ਕੀ ਵਿਸ਼ੇ ਅਨੁਸਾਰ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜੇ ਵਿਸ਼ਾ ਬੱਚਿਆਂ ਨਾਲ ਸੰਬੰਧਿਤ ਹੈ, ਪਰ ਭਾਸ਼ਾ ਔਖੀ ਵਰਤੀ ਗਈ ਹੈ ਤਾਂ ਲਿਖਣ ਦਾ ਮਕਸਦ ਹੀ ਪੂਰਾ ਨਹੀਂ ਹੁੰਦਾ। ਜੇ ਭਾਸ਼ਾ ਵੀ ਬੱਚਿਆਂ ਅਨੁਸਾਰ ਵਰਤੀ ਹੈ, ਪਰ ਲੇਖਕ ਦੀ ਸ਼ੈਲੀ ਵਿਚ ਹੀ ਕੋਈ ਖਿੱਚ ਨਹੀਂ ਤਾਂ ਪਾਠਕਾਂ ਨੂੰ ਉਹ ਲਿਖਤ ਕਦੇ ਵੀ ਪ੍ਰਭਾਵਿਤ ਨਹੀਂ ਕਰ ਸਕਦੀ। ਪੰਜਾਬੀ ਸਾਹਿਤ ਦੇ ਇਕ ਹਸਤਾਖਰ ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਦੀ ਪੁਸਤਕ ‘ਪੰਜਾਬੀ ਖੋਜਕਾਰ’ ਪੜ੍ਹਦਿਆਂ ਮੈਂ ਇਹ ਮਹਿਸੂਸ ਕੀਤਾ ਹੈ ਕਿ ਵਿਦਵਾਨ ਲੇਖਕ ਇਕ ਸਫਲ ਵਾਰਤਾਕਾਰ ਦੇ ਤੌਰ ਤੇ ਆਪਣੀ ਵੱਖਰ ਪਹਿਚਾਣ ਬਣਾਉਣ ਵਿਚ ਸਫਲ ਹੋਇਆ ਹੈ। ਇਸ ਪੁਸਤਕ ਵਿਚ ਪੰਜਾਬ ਨਾਲ ਸਬੰਧਿਤ 22 ਵਿਗਿਆਨਕਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਇਹਨਾਂ ਵਿਚੋਂ ਕਈ ਵਿਗਿਆਨਕ ਖੋਜੀਆਂ ਨੇ ਪੰਜਾਬ ਜਾਂ ਭਾਰਤ ਨੂੰ ਹੀ ਆਪਣੀ ਕਰਮ ਭੂਮੀ ਬਣਾਉਣ ਵਿਚ ਫਖਰ ਮਹਿਸੂਸ ਕੀਤਾ ਅਤੇ ਕਈਆਂ ਨੇ ਆਪਣੀ ਖੋਜ ਦੇ ਖੇਤਰ ਦੀ ਵਿਸ਼ਾਲਤਾ ਨੂੰ ਪਹਿਚਾਣਦੇ ਹੋਏ ਵਿਦੇਸ਼ਾਂ ਵੱਲ ਉਡਾਨ ਭਰੀ ਅਤੇ ਵਿਸ਼ੇਸ਼ ਪ੍ਰਾਪਤੀਆਂ ਕਰਦੇ ਹੋਏ ਆਪਣਾ ਅਤੇ ਆਪਣੀ ਜਨਮ ਭੂਮੀ ਦੇ ਨਾਂ ਨੂੰ ਚਮਕਾਇਆ। ਪ੍ਰਸਤੁਤ ਪੁਸਤਕ ਦੀ ਇਕ ਵਿਸ਼ੇਸ਼ਤਾ ਹੋਰ ਹੈ ਕਿ ਲੇਖਕ ਨੇ ਇਸ ਪੁਸਤਕ ਵਿਚ ਕਈ ਅਜਿਹੇ ਖੋਜਕਾਰ ਵਿਗਿਆਨੀਆਂ ਨਾਲ ਪਾਠਕਾਂ ਦੀ ਜਾਣ-ਪਛਾਣ ਕਰਵਾਈ ਹੈ ਜਿੰਨਾ ਸੰਬੰਧੀ ਪੰਜਾਬੀ ਵਿਚ ਪਹਿਲਾਂ ਬਹੁਤ ਕੁਝ ਨਹੀਂ ਸੀ ਲਿਖਿਆ ਗਿਆ। ਇਸ ਪੁਸਤਕ ਵਿਚ ਜਿਨ੍ਹਾਂ ਪੰਜਾਬੀ ਵਿਗਿਆਨਕ ਖੋਜੀਆਂ ਸੰਬੰਧੀ ਲੇਖ ਲਿਖੇ ਗਏ ਹਨ, ਉਹ ਹਨ:- ਡਾ. ਰੁਚੀ ਰਾਮ ਸਾਹਨੀ, ਡਾ. ਬੀਰਬਲ ਸਾਹਨੀ, ਡਾ. ਸ਼ਾਂਤੀ ਸਰੂਪ ਭਟਨਾਗਰ, ਡਾ. ਬੈਂਜਾਮਿਨ ਪੀਅਰੀ ਪਾਲ, ਡਾ. ਮਹਿੰਦਰ ਸਿੰਘ ਰੰਧਾਵਾ, ਡਾ. ਪਿਆਰਾ ਸਿੰਘ ਗਿੱਲ, ਡਾ. ਹਰਗੋਬਿੰਦ ਖੁਰਾਣਾ, ਮੁਹੰਮਦ ਅਬਦੁਸ ਸਲਾਮ, ਡਾ. ਨਰਿੰਦਰ ਸਿੰਘ ਕੰਪਾਨੀ, ਪ੍ਰੋ. ਯਸ਼ਪਾਲ, ਡਾ. ਓਮ ਪ੍ਰਕਾਸ਼ ਬਹਿਲ, ਡਾ. ਦਿਲਬਾਗ ਸਿੰਘ ਅਟਵਾਲ, ਡਾ. ਖੇਮ ਸਿੰਘ ਗਿੱਲ, ਰਾਜ ਕੁਮਾਰ ਪਥਰੀਆ, ਡਾ. ਗੁਰਦੇਵ ਸਿੰਘ ਖੁਸ਼, ਪ੍ਰੋ. ਕਮਲਜੀਤ ਸਿੰਘ ਬਾਵਾ, ਪ੍ਰੋ. ਵੇਦ ਪ੍ਰਕਾਸ਼ ਸੈਂਡਲਸ, ਡਾ. ਹਰਦੇਵ ਸਿੰਘ ਵਿਰਕ, ਡਾ. ਬਲਦੇਵ ਸਿੰਘ ਢਿੱਲੋਂ, ਡਾ. ਸੁਰੇਸ਼ ਰਤਨ, ਡਾ. ਗਗਨਦੀਪ ਕੰਗ, ਪ੍ਰੋ. ਅਰਵਿੰਦ। ਇਹਨਾਂ ਵਿਚੋਂ ਕੁਝ ਖੋਜਕਾਰਾਂ ਸੰਬੰਧੀ ਤਾਂ ਪੰਜਾਬੀ ਦੇ ਆਮ ਪਾਠਕ ਵੀ ਜਾਣਦੇ ਹਨ, ਪਰ ਕਈ ਖੋਜੀਆਂ ਸੰਬੰਧੀ ਮਾਇਰ ਸਾਹਿਬ ਨੇ ਪਹਿਲੀ ਵਾਰ ਜਾਣਕਾਰੀ ਮੁਹੱਈਆ ਕਰਵਾਈ ਹੈ। ਸਾਰੇ ਲੇਖਾਂ ਵਿਚ ਲੇਖਕ ਨੇ ਇਕ ਹੀ ਢੰਗ ਵਰਤਿਆ ਹੈ, ਮਸਲਨ ਵਿਗਿਆਨਕ ਬਾਰੇ ਕੁਝ ਸ਼ਬਦ, ਜਨਮ ਅਤੇ ਪਰਿਵਾਰ ਸੰਬੰਧੀ ਜਾਣਕਾਰੀ, ਵਿਦਿਅਕ ਯੋਗਤਾ, ਖੋਜ ਦਾ ਵਿਸ਼ਾ, ਆਪਣੇ ਖੇਤਰ ਦੀਆਂ ਪ੍ਰਾਪਤੀਆਂ, ਖੋਜ ਪੱਤਰ ਅਤੇ ਲਿਖੀਆਂ ਪੁਸਤਕਾਂ ਦਾ ਵੇਰਵਾ, ਇਨਾਮ/ ਸਨਮਾਨ, ਸ਼ੌਕ ਅਤੇ ਸਮੇਟਵੀਂ ਟਿੱਪਣੀ ਆਦਿ। ਲੇਖਕ ਨੇ ਇਸ ਢੰਗ ਨਾਲ ਪਾਠਕ ਨੂੰ ਸੰਬੰਧਿਤ ਖੋਜਕਾਰ ਸੰਬੰਧੀ ਮੁੱਢਲੀ ਜਾਣਕਾਰੀ ਦੇ ਕੇ ਇਹਨਾਂ ਮਹਾਨ ਪੰਜਾਬੀ ਖੋਜੀਆਂ ਸੰਬੰਧ ਵਿਸਤਾਰ ਵਿਚ ਜਾਣਕਾਰੀ ਪ੍ਰਾਪਤ ਕਰਨ ਦੀ ਚਿਣਗ ਸੁਲਘਾ ਦਿੱਤੀ ਹੈ। ਇਸ ਨੂੰ ਉੱਚ ਕੋਟੀ ਦੇ ਲੇਖਕ ਅਤੇ ਵਧੀਆ ਲਿਖਤ ਦੀ ਪ੍ਰਾਪਤੀ ਮੰਨਿਆ ਜਾਂਦਾ ਹੈ, ਜਦੋਂ ਪਾਠਕ ਦੇ ਮਨ ਵਿਚ ਸੰਬੰਧਿਤ ਵਿਸ਼ੇ ਪ੍ਰਤੀ ਹੋਰ ਰੁਚੀ ਪੈਦਾ ਹੋਵੇ। ਲੇਖਕ ਵੱਲੋਂ ਤਕਰੀਬਨ ਹਰ ਲੇਖ ਦਾ ਅੰਤ ਹੀ ਭਾਵਪੂਰਤ ਸ਼ਬਦਾਂ ਨਾਲ ਕੀਤਾ ਗਿਆ ਹੈ। ਇਸ ਦੀਆਂ ਕੁਝ ਉਦਾਹਰਣਾਂ ਹਨ: 1. ਆਓ ਆਪਾਂ ਮਾਂ-ਬੋਲੀ ਪੰਜਾਬੀ ਵਿਚ ਵਿਗਿਆਨਕ ਵਿਸ਼ੇ ਨੂੰ ਪੜਾਉਣ ਦੇ ਡਾ. ਸਾਹਨੀ ਵੱਲੋਂ ਲਏ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਯਤਨ ਮੁੜ ਤੋਂ ਅਰੰਭੀਏ।(ਡਾ. ਰੁਚੀ ਰਾਮ ਸਾਹਨੀ) 2. ਸਚਮੁਚ ਉਹ ਵਿਗਿਆਨ, ਟੈਕਨਾਲੋਜੀ ਅਤੇ ਮੁਲਕ ਦੇ ਵਿਕਾਸ ਵਿਚਕਾਰ ਦ੍ਰਿੜ ਇਰਾਦੇ ਵਾਲਾ ਇਕ ਮਜ਼ਬੂਤ ਪੁਲ ਬਣ ਕੇ ਜਿਉਂਦਾ ਰਿਹਾ ਸੀ।(ਸ਼ਾਂਤੀ ਸਰੂਪ ਭਟਨਾਗਰ) 3. ਉਸ ਦੀ ਨਿਜੀ ਪ੍ਰਯੋਗਸ਼ਾਲਾ ‘ਚੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਨੌਜਵਾਨ ਖੋਜੀ ਉਸ ਦੇ ਖੋਜ ਕਾਰਜਾਂ ਨੂੰ ਹੋਰ ਅੱਗੇ ਲੈ ਕੇ ਜਾਣ ਦਾ ਬੀੜਾ ਚੁੱਕਣ ਗੇ।(ਡਾ. ਹਰਗੋਬਿੰਦ ਖੁਰਾਣਾ) ਆਦਿ। ਹਰੀ ਕ੍ਰਿਸ਼ਨ ਮਾਇਰ ਦੀ ਸ਼ੈਲੀ ਦਾ ਮੀਰੀ ਗੁਣ ਇਹ ਹੈ ਕਿ ਉਹ ਕੁਝ ਸ਼ਬਦਾਂ ਵਿਚ ਹੀ ਬਹੁਤੀ ਜਾਣਕਾਰੀ ਦੇ ਜਾਂਦਾ ਹੈ। ਮੁਹੰਮਦ ਅਬਦੁਸ ਸਲਾਮ ਵਾਲੇ ਲੇਖ ਦੇ ਮੁੱਢ ਵਿਚ ਉਹ ਲਿਖਦਾ ਹੈ, “ਅੰਗ੍ਰੇਜ਼ੀ ਰਾਜ ਵੇਲੇ ਡਾ. ਅਬਦੁਸ ਸਲਾਮ ਭਾਰਤੀ ਪੰਜਾਬ ਦਾ ਇਕ ਸਿਧਾਂਤਕ ਭੌਤਿਕ ਵਿਗਿਆਨੀ ਹੋਇਆ ਹੈ, ਜਿਸ ਨੇ ਅੱਗੇ ਜਾ ਕੇ ਨੋਬਲ ਪੁਰਸਕਾਰ ਵੀ ਹਾਸਿਲ ਕੀਤਾ ਸੀ। ਵੰਡ ਤੋਂ ਪਿੱਛੋਂ ਉਸ ਦੀ ਜੰਮਣ ਭੋਇੰ ਪਾਕਿਸਤਾਨ ਵਿਚ ਚਲੀ ਗਈ ਸੀ। ਉਸ ਨੇ ਸੰਨ 1879 ਵਿਚ ਫਿਜ਼ਿਕਸ ਦਾ ਨੋਬਲ ਪੁਰਸਕਾਰ ਸ਼ੈਲਡਨ ਗਲਾਸ਼ੋ ਅਤੇ ਸਟੀਵਨ ਵੇਨਵਰਗ ਨਾਲ ਸਾਂਝੇ ਤੌਰ ਤੇ ਪ੍ਰਾਪਤ ਕੀਤਾ ਸੀ। ਪਰ ਅਹਿਮਦੀਆ ਪੰਜਾਬੀ ਹੋਣ ਕਰਕੇ ਨੋਬਲ ਪੁਰਸਕਾਰ ਦਾ ਜਸ਼ਨ ਪਾਕਿਸਤਾਨ ਵਿਚ ਨਹੀਂ ਮਨਾਇਆ ਗਿਆ ਸੀ।” ਵੱਖ-ਵੱਖ ਖੋਜਕਾਰਾਂ ਦੀਆਂ ਖੋਜਾਂ ਸੰਬੰਧੀ ਲੇਖਕ ਨੇ ਦਿਲਚਸਪ ਜਾਣਕਾਰੀ ਮੁਹੱਈਆ ਕਰਵਾਈ ਹੈ:- ਡਾ. ਬੀਰਬਲ ਸਾਹਨੀ ਜਦੋਂ ਪੜ੍ਹਦਾ ਸੀ, ਉਹ ਟੈਨਿਸ, ਹਾਕੀ ਅਤੇ ਸ਼ਤਰੰਜ ਖੇਡਣ ਦਾ ਸ਼ੌਕੀਨ ਸੀ। ਉਸ ਦੀ ਦਿਲਚਸਪੀ ਸੰਗੀਤ, ਸਿਤਾਰ ਅਤੇ ਵਾਇਲਿਨ ਵਜਾਉਣ ਵੱਲ ਸੀ। ਉਸ ਨੂੰ ਕਈ ਭਾਸ਼ਾਵਾਂ ਦਾ ਗਿਆਨ ਸੀ। ਉਹ ਵਧੀਆ ਲਿਖਾਰੀ ਅਤੇ ਪ੍ਰਭਾਵਸ਼ਾਲੀ ਬੁਲਾਰਾ ਵੀ ਸੀ। ਡਾ. ਸ਼ਾਂਤੀ ਸਰੂਪ ਭਟਨਾਗਰ ਨੂੰ ਇਕ ਤੇਲ ਕੰਪਨੀ ਦੀ ਸਹਾਇਤਾ ਕਰਨ ਬਦਲੇ ਕੰਪਨੀ ਨੇ ਉਸ ਨੂੰ ਡੇਢ ਲੱਖ ਰੁਪਏ ਦੇਣਾ ਚਾਹੁੰਦੀ ਸੀ, ਪਰ ਉਸ ਨੇ ਇਹ ਪੈਸਾ ਵਿਸ਼ਵ ਵਿਦਿਆਲਿਆ ਨੂੰ ਦੇਣ ਲਈ ਕਿਹਾ ਤਾਂ ਜੋ ਇਸ ਪੈਸੇ ਨਾਲ ਤੇਲ ਅਤੇ ਪੈਟ੍ਰੋਲੀਅਮ ਤੇ ਖੋਜ ਕੀਤੀ ਜਾਵੇ। ਡਾ. ਬੈਂਜਾਮਿਨ ਪੀਅਰੀ ਪਾਲ ਨੇ ਅਠਾਰਾਂ ਸਾਲ ਦੀ ਖੋਜ ਬਾਅਦ ਨਵੀਂ ਕਿਸਮ ਦੀ ਕਣਕ ਦੀ ਖੋਜ ਕੀਤੀ ਜਿਹੜੀ ਕਈ ਰੋਗਾਂ ਦਾ ਟਾਕਰਾ ਕਰ ਸਕਦੀ ਸੀ। ਇਹ ਕਣਕ ਵਿਸ਼ਵ ਭਰ ਵਿਚ ਪ੍ਰਸਿੱਧ ਹੋਈ। ਪ੍ਰੋ. ਯਸ਼ਪਾਲ ਨੇ ਸਭ ਭਾਰਤ ਵਿਚ ਸਭ ਤੋਂ ‘ਬੋਝ ਤੋਂ ਬਿਨਾਂ ਸਿੱਖਣਾ’ ਦਾ ਸੁਝਾਅ ਦਿੱਤਾ ਸੀ। ਡਾ. ਦਿਲਬਾਗ ਸਿੰਘ ਅਟਵਾਲ ਨੇ ਭਾਰਤ ਵਿਚ ਕਣਕ ਦੀ ‘ਕਲਿਆਣ’ ਕਿਸਮ ਦੀ ਖੋਜ ਕੀਤੀ, ਜਿਸ ਦੀ ਰੋਟੀ ਸੁੱਕਦੀ ਨਹੀਂ ਸੀ। ਆਪਣੇ ਪਿੰਡ ਕਲਿਆਣ ਪੁਰ ਦੇ ਨਾਂ ਤੇ ਕਣਕ ਦੀ ਇਸ ਨਵੀਂ ਕਿਸਮ ਦਾ ਨਾਂ ਰੱਖਿਆ ਸੀ। ਡਾ. ਖੇਮ ਸਿੰਘ ਗਿੱਲ ਨੇ ਜਿਆਦਾ ਝਾੜ ਦੇਣ ਵਾਲੀਆਂ ਕਣਕ ਦੀਆਂ ਕਿਸਮਾਂ ਦੀ ਖੋਜ ਕਰਕੇ ਭਾਰਤ ਨੂੰ ‘ਅੰਨ ਦੇ ਭੰਡਾਰ’ ਵੱਜੋਂ ਪ੍ਰਸਿੱਧ ਕੀਤਾ। ਡਾ. ਹਰਦੇਵ ਸਿੰਘ ਵਿਰਕ ਨੇ ‘ਬ੍ਰਹਿਮੰਡ ਦੀ ਰਚਨਾ’ ਪੁਸਤਕ ਰਾਹੀਂ ਗੁਰਬਾਣੀ ਦੀ ਵਿਗਿਆਨਕ ਵਿਆਖਿਆ ਕਰਨ ਦੀ ਸ਼ੁਰੂਆਤ ਕੀਤੀ। ਕਿਤਾਬ ਦੇ ਮੁੱਖ ਬੰਦ ਦੇ ਰੂਪ ਵਿਚ ਲਿਖੀ ‘ਜਾਣ-ਪਛਾਣ’ ਵਿਚ ਲੇਖਕ ਹਰੀ ਕ੍ਰਿਸ਼ਨ ਮਾਇਰ ਨੇ ਪੁਸਤਕ ਵਿਚ ਦਰਜ ਸਾਰੇ ਵਿਗਿਆਨਕ ਖੋਜੀਆਂ ਬਾਰੇ ਇਕ ਦੋ ਸਤਰਾਂ ਲਿਖ ਕੇ ਪਾਠਕਾਂ ਦੇ ਦਿਲ ਵਿਚ ਪੁਸਤਕ ਨੂੰ ਪੜ੍ਹਨ ਦੀ ਜਿਗਿਆਸਾ ਪੈਦਾ ਕਰ ਦਿੱਤੀ ਹੈ। ਨਿਰਸੰਦੇਹ ਇਸ ਪੁਸਤਕ ਨਾਲ ਪੰਜਾਬ ਦੀਆਂ ਖੋਜੀ ਸਖਸ਼ੀਅਤਾਂ ਨਾਲ ਜਾਣ-ਪਛਾਣ ਕਰਵਾ ਕੇ ਪੰਜਾਬੀ ਪਾਠਕਾਂ ਲਈ ਵਧੀਆ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਕੁਝ ਲੇਖਾਂ ਵਿਚ ਨਿਰੋਲ ਵਿਗਿਆਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਪਰ ਉਸ ਲਈ ਲੇਖਕ ਦੀ ਕੋਈ ਗਲਤੀ ਨਹੀਂ ਬਲਕਿ ਪੰਜਾਬੀ ਵਿਚ ਵਿਗਿਆਨਕ ਸ਼ਬਦਾਵਲੀ ਦੀ ਹੀ ਘਾਟ ਹੈ। ਇਹ ਪੁਸਤਕ ਬੱਚਿਆਂ ਅਤੇ ਵੱਡਿਆਂ ਦੋਹਾਂ ਲਈ ਪੜ੍ਹਨ ਯੋਗ ਹੈ। ਸੌਖੀ ਸ਼ਬਦਾਵਲੀ ਵਿੱਚ ਰਚੀ ਇਹ ਪੁਸਤਕ ਪਾਠ ਪੁਸਤਕ ਬਣਨ ਦੀ ਸਮਰਥਾ ਰੱਖਦੀ ਹੈ। ਗੋਰਕੀ ਪ੍ਰਕਾਸ਼ਨ, ਲੁਧਿਆਣਾ ਵੱਲੋਂ ਪ੍ਰਕਾਸ਼ਿਤ 112 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 140 ਰੁਪਏ ਬਹੁਤ ਵਾਜਬ ਹੈ। ਹਰੀ ਕ੍ਰਿਸ਼ਨ ਮਾਇਰ ਇਸ ਪੁਸਤਕ ਤੋਂ ਪਹਿਲਾਂ ਵੀ ਭਾਰਤ ਦੇ ਵਿਗਿਆਨੀ(ਦੋ ਭਾਗ), ਮਹਾਨ ਖੋਜਕਾਰ, ਭਾਰਤੀ ਖੋਜਕਾਰ ਸਮੇਤ ਜਾਣਕਾਰੀ ਭਰਪੂਰ 12 ਪੁਸਤਕਾਂ ਦੀ ਰਚਨਾ ਕਰ ਚੁੱਕਿਆ ਹੈ ਅਤੇ ਤਿੰਨ ਕਿਤਾਬਾਂ ਦਾ ਅਨੁਵਾਦ ਵੀ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |