13 June 2024

ਹਰਦੀਪ ਸਭਰਵਾਲ ਦਾ ‘ਔਰ ਕਿਤਨੇ ਦੁਰਯੋਧਨ’ ਸਮਾਜਿਕ ਸਰੋਕਾਰਾਂ ਦਾ ਕਾਵਿ ਸੰਗ੍ਰਹਿ—ਉਜਾਗਰ ਸਿੰਘ

ਹਰਦੀਪ ਸਭਰਵਾਲ ਬਹੁ-ਭਾਸ਼ੀ ਅਤੇ ਬਹੁ-ਪੱਖੀ ਸਾਹਿਤਕਾਰ ਹੈ। ਉਹ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਕਵਿਤਾਵਾਂ ਅਤੇ ਕਹਾਣੀਆਂ ਲਿਖਦਾ ਹੈ। ਚਰਚਾ ਅਧੀਨ ਉਸ ਦਾ ਹਿੰਦੀ ਕਾਵਿ ਸੰਗ੍ਰਹਿ ‘ਔਰ ਕਿਤਨੇ ਦੁਰਯੋਧਨ’ ਸੰਜੀਦਾ ਵਿਸ਼ਿਆਂ ਦੀ ਤਰਜਮਾਨੀ ਕਰਦਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਉਸ ਦੀਆਂ 81 ਕਵਿਤਾਵਾਂ ਹਨ। ਉਸ ਦੀਆਂ ਬਹੁਤੀਆਂ ਕਵਿਤਾਵਾਂ ਸਮਾਜਿਕ ਤਾਣੇ ਵਿੱਚ ਫ਼ੈਲੀਆਂ ਬੁਰਾਈਆਂ ਦਾ ਖੰਡਨ ਕਰਦੀਆਂ ਹਨ। ਇਸ ਕਾਵਿ ਸੰਗ੍ਰਹਿ ਨੂੰ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਵੀ ਕਿਹਾ ਜਾ ਸਕਦਾ ਹੈ।

ਹਰਦੀਪ ਸਭਰਵਾਲ ਦੀਆਂ ਕਵਿਤਾਵਾਂ ਦੇ ਵਿਸ਼ੇ ਵੀ ਬਹੁ-ਪਰਤੀ, ਬਹੁ-ਦਿਸ਼ਾਵੀ ਅਤੇ ਬਹੁਰੰਗੀ ਹਨ। ਉਹ ਇਕ ਕਵਿਤਾ ਵਿੱਚ ਹੀ ਅਨੇਕਾਂ ਵਿਸ਼ਿਆਂ ਨੂੰ ਛੋਹ ਜਾਂਦਾ ਹੈ। ਉਸ ਦਾ ਕਵਿਤਾਵਾਂ ਲਿਖਣ ਦਾ ਢੰਗ ਵੀ ਨਿਵੇਕਲਾ ਹੈ। ਕਈ ਵਾਰੀ ਉਹ ਸਿੱਧੀ ਸਪਾਟ ਟਕੋਰ ਮਾਰਦਾ ਹੈ ਅਤੇ ਕਈ ਵਾਰੀ ਵਿਅੰਗ ਕਰਦਾ ਹੈ। ਕਈ ਕਵਿਤਾਵਾਂ ਵਿੱਚ ਪਹਿਲਾਂ ਸੁਨਹਿਰੇ ਸਮੇਂ ਦੀ ਯਾਦ ਕਰਕੇ ਸ਼ਲਾਘਾ ਕਰਦਾ ਹੈ ਅਤੇ ਵਰਤਮਾਨ ਵਿੱਚ ਬੁਰੇ ਵਕਤ ਦੀ ਨਿੰਦਿਆ ਪ੍ਰਗਟ ਕਰਦਾ ਹੈ।

ਉਸ ਦੀਆਂ ਬਹੁਤੀਆਂ ਕਵਿਤਾਵਾਂ ਸਮਾਜ ਵਿੱਚ ਵਾਪਰ ਰਹੀਆਂ ਵਿਸੰਗਤੀਆਂ ਬਾਰੇ ਹਨ। ਕਵੀ ਸਮਾਜ ਪ੍ਰਤੀ ਚਿੰਤਤ ਲਗਦਾ ਹੈ ਜਦੋਂ ਉਹ ਪ੍ਰੇਮੀਆਂ ਵਲੋਂ ਪ੍ਰੇਮ ਸੰਬੰਧਾਂ ਦੀ ਆੜ ਵਿੱਚ ਕੀਤੀਆਂ ਜਾਂਦੀਆਂ ਗ਼ਲਤ ਕਾਰਵਾਈਆਂ ਬਾਰੇ ਚਿੰਤਾ ਪ੍ਰਗਟ ਕਰਦਾ ਹੈ। ਉਸ ਦਾ ਸੰਗ੍ਰਹਿ ਪੜ੍ਹਨ ਤੋਂ ਬਾਅਦ ਜੋ ਪ੍ਰਭਾਵ ਪੈਂਦੇ ਹਨ, ਉਹ ਇਸ ਪ੍ਰਕਾਰ ਹਨ: ਕਵੀ ਮਹਿਸੂਸ ਕਰਦਾ ਹੈ ਕਿ ਜਾਨਵਰ ਜੰਗਲਾਂ ਵਿੱਚ ਹੀ ਨਹੀਂ ਸਗੋਂ ਸਮਾਜ ਵਿੱਚ ਵਿਚਰ ਰਹੇ ਲੋਕ ਜਾਨਵਰਾਂ ਨਾਲੋਂ ਵੀ ਵੱਧ ਖ਼ਤਰਨਾਕ ਹਨ। ਸ਼ਾਵਾ ਵਾਹਵਾ ਖੱਟਣ ਲਈ ਲੋਕ ਲੰਗਰ ਵੰਡ ਕੇ ਅਖ਼ਬਾਰਾ ਵਿੱਚ ਫੋਟੋਆਂ ਪ੍ਰਕਾਸ਼ਤ ਕਰਵਾਉਣ ਲਈ ਉਤਾਵਲੇ ਹੁੰਦੇ ਹਨ।

ਬੇਰੋਜ਼ਗਾਰੀ ਵੀ ਉਸ ਦੀਆਂ ਕਵਿਤਾਵਾਂ ਦਾ ਵਿਸ਼ਾ ਹੈ। ਪੜ੍ਹੇ ਲਿਖੇ ਨੌਜਵਾਨ ਬੇਰੋਜ਼ਗਾਰ ਫਿਰਦੇ ਹਨ ਜਾਂ ਫਿਰ ਟਰੱਕਾਂ ਦੀ ਡਰਾਇਵਰੀ ਕਰਦੇ ਹੋਏ ਆਪਣੀ ਮਾਨਸਿਕ ਤ੍ਰਿਪਤੀ ਲਈ ਅਜੀਬ ਕਿਸਮ ਦੇ ਸਲੋਗਨ ਲਿਖ ਕੇ ਕਰਦੇ ਹਨ। ਇਸਤਰੀਆਂ ਗੱਲਾਂ ਕੁਝ ਹੋਰ ਕਰਦੀਆਂ ਹਨ ਪਰੰਤੂ ਅਮਲੀ ਤੌਰ ‘ਤੇ ਲੜਕੀ ਤੇ ਨੂੰਹ ਨੂੰ ਬਰਾਬਰ ਨਹੀਂ ਸਮਝਦੀਆਂ ਸਗੋਂ ਦਾਜ ਲੈਣ ਵਿਚ ਮੋਹਰੀ ਹੁੰਦੀਆਂ ਹਨ, ਭਾਵ ਮਖੌਟੇ ਪਾਈ ਫਿਰਦੀਆਂ ਹਨ। ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਬਾਰੇ ਕਵੀ ਲਿਖਦਾ ਹੈ ਕਿ ਲੋਕਾਂ ਦੀ ਮਾਨਸਿਕਤਾ ਘਸੀ ਪਿਟੀ ਹੀ ਹੈ, ਪਹਿਲਾਂ ਪਾਖਾਨਿਆਂ ਦੀਆਂ ਦੀਵਾਰਾਂ ‘ਤੇ ਅਸ਼ਲੀਲ ਗੱਲਾਂ ਲਿਖਦੇ ਸੀ, ਹੁਣ ਸ਼ੋਸ਼ਲ ਮੀਡੀਆ ‘ਤੇ ਲਿਖਦੇ ਹਨ। ਗ਼ਰੀਬ ‘ਤੇ ਕੋਈ ਇਤਬਾਰ ਨਹੀਂ ਕਰਦਾ ਪਰੰਤੂ ਅਮੀਰ ਧੋਖਾ ਸੌਖਿਆਂ ਹੀ ਦੇ ਜਾਂਦਾ ਹੈ। ਹਰ ਇਨਸਾਨ ਵਿੱਚ ਕਾਬਲੀਅਤ ਹੁੰਦੀ ਹੈ ਪਰੰਤੂ ਉਸ ਨੂੰ ਟਟੋਲਣਾ ਪੈਂਦਾ ਹੈ।

1947 ਅਤੇ 1984 ਦਾ ਕਤਲੇਆਮ ਮਾਨਵੀ ਫ਼ਿਰਕਾਪ੍ਰਸਤੀ ਦਾ ਕਰੂਰ ਤੇ ਦਰਦਨਾਕ ਪ੍ਰਗਟਾਵਾ ਸੀ। ਕੋਈ ਧਰਮ ਹਿੰਸਾ ਦੀ ਇਜ਼ਾਜ਼ਤ ਨਹੀਂ ਦਿੰਦਾ। ਸੌੜੀ ਰਾਜਨੀਤੀ ਨੇ ਮਾਨਵਤਾ ਦਾ ਘਾਣ ਕੀਤਾ ਹੈ। ਜ਼ਾਤ ਕੋਈ ਬੁਰੀ ਨਹੀਂ ਹੁੰਦੀ ਪਰੰਤੂ ਸੋਚ ਮਾੜੀ ਹੋ ਸਕਦੀ ਹੈ। ਸਮਾਜ ਮਰਦ ਪ੍ਰਧਾਨ ਹੈ, ਘਰਾਂ ਦੇ ਬਾਹਰ ਲੱਗੀਆਂ ਨੇਮ ਪਲੇਟਾਂ ਉਨ੍ਹਾਂ ਦੀ ਔਕਾਤ ਦਾ ਪ੍ਰਗਟਾਵਾ ਕਰਦੀਆਂ ਹਨ। ਉਸ ਦੀ ਕਵਿਤਾ ਗ਼ਰੀਬਾਂ ਦੀ ਤਰਜਮਾਨੀ ਕਰਦੀ ਹੈ ਕਿ ਉਹ ਗ਼ਰੀਬ ਕਾਲੋਨੀਆਂ ਵਿੱਚ ਰਹਿੰਦੇ ਹੋਏ ਮਾਨਸਿਕ ਤੌਰ ‘ਤੇ ਵੀ ਗ਼ਰੀਬ ਹੋ ਜਾਂਦੇ ਹਨ। ਆਪਣੀ ਸਿਹਤ ਦਾ ਆਪ ਨੁਕਸਾਨ ਕਰਦੇ ਹਨ।

ਉਜਾਗਰ ਸਿੰਘਇਕ ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਜਦੋਂ ਕੋਈ ਘਟਨਾ ਹੁੰਦੀ ਹੈ, ਮੌਕੇ ‘ਤੇ ਮੀਡੀਆ ਅਤੇ ਨੇਤਾ ਪਹੁੰਚਦੇ ਹਨ, ਮੁਆਵਜੇ ਵੰਡੇ ਜਾਂਦੇ ਹਨ, ਇਨ੍ਹਾਂ ਖ਼ਬਰਾਂ ਦੇ ਬਹਾਨੇ ਗ਼ਲਤੀਆਂ ਦਬਾ ਲਈਅਾਂ ਜਾਂਦੀਆਂ ਹਨ। ਕਵੀ ਲਿਖਦਾ ਹੈ ਕਿ ਗ਼ਰੀਬ ਲੜਕੀਆਂ ਦੇ ਸੁਪਨੇ ਹਸੀਨ ਰਾਜਕੁਮਾਰ ਪਾਉਣ ਦੇ ਨਹੀਂ ਸਗੋਂ ਰੋਟੀ ਕਪੜਾ ਅਤੇ ਮਕਾਨ ਦੀ ਪ੍ਰਾਪਤੀ ਹੁੰਦੇ ਹਨ। ਸਮਾਜ ਦੀ ਮਾੜੀ ਪ੍ਰਣਾਲੀ, ਕਿਡਨੀ ਤੇ ਬੱਚਾ ਚੋਰ, ਇਨਾਸਫ ਦੀਆਂ ਕੁਰੀਤੀਆਂ ਦੇ ਬਾਵਜੂਦ ਵਿਸ਼ਵ ਗੁਰੂ ਬਣਨ ਲਈ ਤਿਆਰ ਤੇ ਵਿਅੰਗ। ‘ਇਸ਼ਕ ਔਰ ਰੋਟੀ’ ਕਵਿਤਾ ਵਿੱਚ ਅਮੀਰ ਆਨੰਦ ਮਾਣਦੇ ਹਨ ਅਤੇ ਗ਼ਰੀਬ ਰੋਜ਼ੀ ਰੋਟੀ ਨੂੰ ਤਰਸਦੇ ਹਨ। ਸ਼ਾਇਰ ਬੜੇ ਸੰਜੀਦਾ ਵਿਸ਼ਿਆਂ ਬਾਰੇ ਲਿਖਦਾ ਹੈ ਜਿਵੇਂ ਜਾਨਵਰਾਂ ਦੀ ਨਕਲ ਇਨਸਾਨ ਕਰਦੇ ਹਨ। ਇਨਸਾਨ ਜਵਾਨੀ ਵਿੱਚ ਬੜੇ ਦਮਗਜ਼ੇ ਮਾਰਦਾ ਹੈ ਪਰੰਤੂ ਪ੍ਰਣਾਲੀ ਵਿੱਚ ਆਉਂਦਿਆਂ ਹੀ ਅਹੁਦੇ ਪ੍ਰਾਪਤ ਕਰਕੇ ਸਭ ਭੁੱਲ ਜਾਂਦਾ ਹੈ।

ਕਵੀ ਜ਼ਾਤ ਪਾਤ ਅਤੇ ਦੇਸ਼ ਧਰੋਹੀ ਦੇ ਇਲਜ਼ਾਮਾ ਦੇ ਵਿਰੁਧ, ਸਹੀ ਨੁਮਾਇੰਦੇ ਚੁਣਨ, ਧਰਮ ਨਿਰਪੱਖਤਾ ਦੇ ਲੇਬਲ, ਘੱਟ ਗਿਣਤੀਆਂ ‘ਤੇ ਜ਼ੁਲਮ, ਬਹੁ ਸੰਖਿਅਕਾਂ ਦੀ ਮਨਮਰਜੀ ਬਾਰੇ ਵਿਅੰਗਾਤਮਿਕ ਢੰਗ ਨਾਲ ਲਿਖਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਲੋਕ ਜ਼ਿਆਦਤੀਆਂ ਚੁੱਪ ਕਰਕੇ ਸਹਿਣ ਦੇ ਆਦੀ ਬਣ ਗਏ ਹਨ। ਤਾਕਤ, ਹੁਸਨ ਅਤੇ ਦੌਲਤ ਵਾਲੇ ਦਾ ਜ਼ਮਾਨਾ ਹੈ। ਇਨਸਾਨ, ਸਮੱਸਿਆਵਾਂ ਤੇ ਉਲਝਣਾ ਵਿੱਚ ਰੁਲਿਆ ਪਿਆ ਹੈ। ਗ਼ਰੀਬ ਨੂੰ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਤੇ ਅਮਲ ਕਰਨ ਅਤੇ ਅਧਿਆਤਮਿਕ ਤਲਾਸ਼ ਕਰਨ ਲਈ ਕਿਹਾ ਜਾਂਦਾ ਹੈ। ਸਭਿਅਕ ਲੋਕ ਹੀ ਅਸਭਿਅਕ ਕੰਮ ਕਰਦੇ ਹਨ। ਝੂਠ ਬੋਲਣ ਵਾਲੇ ਵਿਖਾਵਾ ਸੱਚਾਈ ਦਾ ਕਰਦੇ ਹਨ। ਦੁਕਾਨਦਾਰੀ ਦੇ ਸਾਰੇ ਪੁਰਾਣੇ ਢੰਗ ਬਦਲ ਗਏ ਹਨ। ਮਰਦ ਔਰਤ ਨੂੰ ਹੀਣ ਤੇ ਕਮਜ਼ੋਰ ਸਮਝਦਾ ਰਿਹਾ ਹੈ, ਭਾਵੇਂ ਔਰਤ ਦੇ ਸੁਪਨੇ ਰਾਣੀ ਝਾਂਸੀ ਬਣਨ ਦੇ ਨਹੀਂ ਪਰੰਤੂ ਫਿਰ ਵੀ ਪਰਿਵਾਰ ਤਾਂ ਪਾਲਦੀ ਰਹੀ ਹੈ। ਮਰਦ ਔਰਤ ਦੀ ਗੱਲ ਨਹੀਂ, ਚੰਗਾ ਇਨਸਾਨ ਬਣਨਾ ਜ਼ਰੂਰੀ ਹੈ। ਕਰਾਂਤੀ ਬਿਹਤਰੀਨ ਹਾਲਾਤ ਪੈਦਾ ਕਰਦੀ ਹੈ। ਪਿਆਰ ਅਨੇਕਾਂ ਰੰਗਾਂ ਵਿੱਚ ਬਦਲ ਗਿਆ ਹੈ। ਇਕ ਕਿਸਮ ਨਾਲ ਪਿਆਰ ਦੀ ਪਰਿਭਾਸ਼ਾ ਹੀ ਬਦਲ ਗਈ ਹੈ। ਇਨਸਾਨ ਦੀਆਂ ਸੂਖਮ ਭਾਵਨਾਵਾਂ ਦੇ ਖ਼ਤਮ ਹੋਣ ਨਾਲ ਇਨਸਾਨ ਮਾਨਸਿਕ ਤੌਰ ‘ਤੇ ਮਰ ਜਾਂਦਾ ਹੈ।

ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਦਾ ਅੰਤਰ ਬਹੁਤ ਜ਼ਿਆਦਾ ਹੈ। ਗ਼ਰੀਬ ਲੋਕ ਸਰਕਾਰੀ ਸਕੂਲਾਂ ਵਿੱਚ ਪੜ੍ਹਕੇ ਵੀ ਪ੍ਰਾਪਤੀਆਂ ਕਰ ਜਾਂਦੇ ਹਨ। ਅਸਮਾਜਿਕਤਾ ‘ਤੇ ਚਿੰਤਾ ਕਰਨ ਦੀ ਥਾਂ ਅਮਲੀ ਰੂਪ ਵਿੱਚ ਕੰਮ ਕਰੋ। ਸਮੱਸਿਆਵਾਂ ਦੇ ਹੁੰਦਿਆਂ ਮੁਸਕਰਾਹਟ ਦੇ ਕੇ ਵਕਤ ਲੰਘਾ ਰਹੇ ਹਨ ਲੋਕ। ਔਰਤ ਬਾਰੇ ਲੋਕਾਂ ਦੇ ਦ੍ਰਿਸ਼ਟੀਕੋਣ, ਰਿਸ਼ਤਿਆਂ ਦੀ ਮ੍ਰਿਗ ਤ੍ਰਿਸ਼ਣਾ, ਸੁਪਨਿਆਂ ਦੇ ਗ਼ਰੀਬੀ ਹੇਠ ਦਬ ਜਾਣ, ਕਵਿਤਾਵਾਂ ਰੋਜ਼ਗਾਰ ਨਹੀਂ, ਰਾਸ਼ਟਰੀ ਸੋਚ ਤੋਂ ਪਰਿਵਾਰਵਾਦ ਭਾਰੂ, ਅਖੌਤੀ ਬੁੱਧੀਜੀਵੀਆਂ ਦਾ ਖੋਖਲਾਪਣ ਅਤੇ ਸਮਾਜਿਕ ਬੁਰਾਈਆਂ ਬਾਰੇ ਕਵਿਤਾਵਾਂ ਇਨਸਾਨੀਅਤ ਨੂੰ ਕੁਰੇਦਦੀਆਂ ਹਨ। ‘ਔਰ ਕਿਤਨੇ ਦੁਰਯੋਧਨ’ ਬਹੁਤ ਹੀ ਸੰਜੀਦਾ ਕਵਿਤਾ ਹੈ ਜਿਸ ਵਿੱਚ ਵਰਤਮਾਨ ਨਿੱਜੀ ਹਿੱਤਾਂ ਦੀ ਪੂਰਤੀ ਲਈ ਅਨੇਕ ਧਿਰਤਰਾਸ਼ਟਰ ਪੈਦਾ ਹੋ ਚੁੱਕੇ ਹਨ ਅਤੇ ਕ੍ਰਿਸ਼ਨ ਜੀ ਦੀ ਆਮਦ ਦੀ ਉਡੀਕ ਕਰ ਰਹੇ ਹਨ। ਵਿਚਾਰਧਾਰਾ ਦੀਆਂ ਦੀਵਾਰਾਂ ਅਤੇ ਅੱਗ, ਇਨਸਾਨੀ ਮਾਨਸਿਕਤਾ ਦਾ ਉਤਰਾਅ ਚੜ੍ਹਾਅ, ਇਛਾਵਾਂ, ਇਮਾਨਦਾਰ ਹੋ ਕੇ ਦੁਸ਼ਮਣ ਪੈਦਾ ਕਰਨ ਅਤੇ ਅਸਲੀਅਤ ਤੋਂ ਮੁਨਕਰ ਹੋਣ ਬਾਰੇ ਵੀ ਕਮਾਲ ਦੀਆਂ ਕਵਿਤਾਵਾਂ ਲਿਖੀਆਂ ਹਨ।

ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਉਸ ਦੀ ਪਹਿਲੀ ਕਵਿਤਾ ‘ਨਿੱਛ’ ਜਿਸ ਨੂੰ ਛਿੱਕ ਵੀ ਕਿਹਾ ਜਾਂਦਾ ਹੈ, ਪੰਜਾਬੀਆਂ ਵਿੱਚ ਵਹਿਮਾਂ ਭਰਮਾਂ ਦੀ ਪ੍ਰਵਿਤੀ ਦਾ ਪ੍ਰਗਟਾਵਾ ਕਰਦੀ ਹੈ ਕਿ ਨਿੱਛ ਆਉਂਦੀ ਤਾਂ ਨੱਕ ‘ਤੇ ਕਿਸੇ ਵਾਤਾਵਰਨ ਦੇ ਪ੍ਰਭਾਵ ਕਰਕੇ ਹੈ ਪਰੰਤੂ ਪੰਜਾਬੀ ਇਸ ਨੂੰ ਵਹਿਮਾਂ ਭਰਮਾਂ ਨਾਲ ਜੋੜ ਲੈਂਦੇ ਹਨ। ਏਸੇ ਤਰ੍ਹਾਂ ‘ਅਸ਼ਲੀਲ ਕਵਿਤਾ’ ਵਿੱਚ ਇਨਸਾਨ ਦੀ ਨੰਗੇਜ਼ ਬਾਰੇ ਸੋਚ ਨੂੰ ਕਵਿਤਾ ਦੀ ਨੰਗੇਜ਼ਤਾ ਨਾਲ ਜੋੜ ਕੇ ਦੱਸਿਆ ਗਿਆ ਹੈ ਕਿਉਂਕਿ ਕਵਿਤਾ ਵੀ ਮਨੁੱਖ ਦੇ ਮਨ ਦੀ ਸੋਚ ਦਾ ਹੀ ਪ੍ਰਮਾਣ ਹੁੰਦੀ ਹੈ। ਉਨ੍ਹਾਂ ਇਸ ਕਵਿਤਾ ਵਿੱਚ ਕਈ ਵਿਸ਼ੇ ਲਏ ਹਨ, ਜਿਨ੍ਹਾਂ ਵਿੱਚ ਗ਼ਰੀਬੀ, ਅਨਿਆਏ, ਭਰਿਸ਼ਟਾਚਾਰ, ਲਿੰਗ ਭੇਦ, ਕ੍ਰਾਂਤੀ, ਲਾਚਾਰੀ, ਜ਼ਾਤ ਪਾਤ ਆਦਿ। ਇਸੇ ਤਰ੍ਹਾਂ ‘ਅਜ਼ੀਬ ਬਾਤ’ ਕਵਿਤਾ ਵਿੱਚ ਵੀ ਅਤਵਾਦ, ਪੁਲਿਸ ਦਾ ਕੰਮ ਕਰਨ ਦਾ ਢੰਗ, ਬੇਰੋਜ਼ਗਾਰੀ, ਆਤਮ ਹੱਤਿਆਵਾਂ ਅਤੇ ਨਸ਼ੇ ਆਦਿ ਦੇ ਦੁਰਪ੍ਰਭਾਵਾਂ ਬਾਰੇ ਲਿਖਿਆ ਹੈ। ‘ਸ਼ਤਰੰਜ ਦੀ ਬਿਸਾਤ’ ਕਵਿਤਾ ਵਿੱਚ ਰਾਜਿਆਂ ਰਾਣੀਆਂ ਦੇ ਪਿਆਦਿਆਂ ਅਤੇ ਸਰਹੱਦਾਂ ‘ਤੇ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨਾਂ ਦੇ ਫਰਜ਼ਾਂ ਬਾਰੇ ਵਿਅੰਗ ਕੀਤਾ ਗਿਆ ਹੈ। ‘ਭਰੀ ਸਭਾ ਮੇਂ’ ਕਵਿਤਾ ਵਿੱਚ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਵੀ ਨੇ ਲਿਖਿਆ ਹੈ ਕਿ ਜਦੋਂ ਜ਼ਿਆਦਤੀਆਂ ਹੁੰਦੀਆਂ ਹਨ ਜਿਵੇਂ ਦਰੋਪਦੀ ਦਾ ਚੀਰ ਹਰਨ, ਸੀਤਾ ਨੂੰ ਬਨਵਾਸ, ਸ਼੍ਰੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ, ਗਾਂਧੀ ਨੂੰ ਅਫ਼ਰੀਕਾ ਵਿੱਚੋਂ ਕੱਢਣਾ, ਭਗਤ ਸਿੰਘ ਨੂੰ ਫਾਂਸੀ ਆਦਿ ਤਾਂ ਰਾਜਿਆਂ ਦੇ ਰਾਜ ਕਰਕੇ ਕਿਸੇ ਨੇ ਵਿਰੋਧ ਨਹੀਂ ਕੀਤਾ ਪਰੰਤੂ ਹੁਣ ਪਰਜਾਤੰਤਰ ਵਿੱਚ ਵੀ ਜ਼ਿਅਦਤੀਆਂ ਹਨ ਤਾਂ ਵੀ ਕੋਈ ਬੋਲ ਨਹੀਂ ਰਿਹਾ। ‘ਮਧ ਵਰਗ ਦੀਆਂ ਔਰਤਾਂ’ ਕਵਿਤਾ ਅਮੀਰ ਅਤੇ ਮਧ ਵਰਗ ਦੀਆਂ ਔਰਤਾਂ ਦੀ ਜ਼ਿੰਦਗੀ ਦੇ ਅੰਤਰ ਦਾ ਪ੍ਰਗਟਾਗਾ ਕਰਦੀ ਹੈ। ਮਧ ਵਰਗ ਦੀਆਂ ਔਰਤਾਂ ਜੀਵਨ ਨਿਰਵਾਹ ਤੱਕ ਸੀਮਤ ਹਨ। ‘ਸਮਾਨਾਰਥਿਕ’ ਕਵਿਤਾ ਵਿੱਚ ਸਮਾਂ ਇਕੋ ਜਿਹਾ ਨਹੀਂ ਰਹਿੰਦਾ। ‘ਅਪਾਹਜ਼’ ਕਵਿਤਾ ਦਾ ਅਰਥ ਹੈ ਕਿ ਮੁਫ਼ਤਖੋਰੀ ਬੰਦ ਕਰਕੇ ਲੋਕਾਂ ਨੂੰ ਕੰਮ ਦਿੱਤਾ ਜਾਵੇ। ‘ਅਨੁਤੀਰਣ ਪ੍ਰੇਮ’ ਵੀ ਵਿਅੰਗਾਤਮਿਕ ਕਵਿਤਾ ਹੈ, ਜਿਸ ਵਿੱਚ ਪ੍ਰੇਮ ਦੀ ਦੁਰਵਰਤੋਂ ਦਾ ਪ੍ਰਗਟਾਵਾ ਹੈ। ਕਵੀ ਲਿਖਦਾ ਹੈ ਕਿ ਸਚਾਈ ਦਾ ਢੌਂਗ ਰਚਣ ਵਾਲੇ ਜਿੱਤ ਜਾਂਦੇ ਹਨ। ਸੱਚੇ ਲੋਕਾਂ ਨੂੰ ਹਮੇਸ਼ਾਂ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਰਿਸ਼ਟਾਚਾਰ, ਮਹਿੰਗਾਈ ਅਤੇ ਬੇਰੋਜ਼ਗਾਰੀ ਕਰਕੇ ਇਨਸਾਫ ਦੀ ਉਮੀਦ ਖ਼ਤਮ ਹੁੰਦੀ ਦਿਖਾਈ ਦਿੰਦੀ ਹੈ, ਜਦੋਂ ਹਰਿਆਣਾ ਵਿੱਚ ਪੱਤਰਕਾਰ ਦੀ ਮੌਤ ਦਾ ਇਨਸਾਫ ਲੈਣ ਲਈ ਬੈਠੀਆਂ ਔਰਤਾਂ ‘ਤੇ ਲਾਠੀਆਂ ਬਰਸਦੀਆਂ ਹਨ। ਲੋਕਾਂ ਦੀ ਜ਼ਮੀਰ ਮਰ ਗਈ ਹੈ। ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਵਾਲੇ ਪੱਤਰਕਾਰ ਬੇਈਮਾਨ ਹੋ ਗਏ ਹਨ। ਲੋਕਤੰਤਰ ਵਿੱਚ ਲੁਟੇਰਿਆਂ ਦਾ ਬੋਲਬਾਲਾ ਹੈ। ਨਫ਼ਰਤ ਫੈਲਾਈ ਜਾ ਰਹੀ ਹੈ। ਬਲਾਤਕਾਰੀ ਇਨਸਾਨੀਅਤ ਦਾ ਘਾਣ ਕਰ ਰਹੇ ਹਨ। ਕਵੀ ਦਾ ਭਵਿਖ ਸੁਨਿਹਰੀ ਲੱਗਦਾ ਹੈ।

118 ਪੰਨਿਆਂ, 300 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ਸ਼ਬਦ ਆਹੂਤੀ ਪਬਲੀਕੇਸ਼ਨ ਨਵੀਂ ਦਿੱਲੀ ਨੇ ਪ੍ਰਕਾਸ਼ਤ ਕੀਤਾ ਹੈ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1015
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ