ਦਿੱਲੀ ਵੱਲ ਨੂੰ ਚੱਲੇ ਪੰਜਾਬੀ
ਪਰਜਾ ਦਾ ਗਲ਼ ਘੁਟੀ ਜਾਵੇ, ਮੂੜ ਮੱਤ ਸਰਕਾਰ ਐ।
ਪੰਜਾਬ ਦੇ ਨਾਲ ਇਹ ਮੁੱਢੋਂ, ਰੱਖਦੀ ਆਈ ਖਾਰ ਐ।
ਸਾਰੇ ਭਾਰਤ ਦਾ ਢਿੱਡ ਭਰਕੇ, ਕੈਮ ਰੱਖੀ ਸਰਦਾਰੀ।
ਵਸਦੇ ਰਸਦੇ ਲੋਕਾਂ ਤਾਂਈ, ਚੋਟ ਜ਼ਾਬਰਾਂ ਮਾਰੀ।
ਪੰਜਾਬੀ ਸ਼ੇਰਾਂ ਦੀ ਚੜ੍ਹਤ ਨੂੰ, ਰਹੇ ਸਦਾ ਦਬਾਉਂਦੇ।
ਕਿਸਾਨਾਂ ਦੀ ਧਰਤੀ ਮਾਂ ਨੂੰ, ਇਹ ਗਹਿਣੇ ਪਾੳਂੁਦੇ।
ਕਿਰਤੀ ਅਤੇ ਕਿਸਾਨਾਂ ਦੇ ਘਰ ਉੱਤੇ, ਤੁਸੀਂ ਮਾਰਿਆ ਡਾਕਾ।
ਕਾਲੇ ਕਾਨੂੰਨਾ ਵਾਲਿਉ ਥੋਡਾ, ਲੋਕੀ ਕਰਨ ਸਿਆਪਾ।
ਪੂਰੇ ਗੁਰ ਦੇ ਸਨਮੁਖ ਹੋ ਕੇ, ਤੇ ਅਰਦਾਸਾਂ ਕਰਕੇ।
ਦਿੱਲੀ ਵੱਲ ਨੂੰ ਚੱਲੇ ਪੰਜਾਬੀ, ਜਾਨ ਤਲ਼ੀ ਤੇ ਧਰਕੇ।
ਲਈਆਂ ਤੋਰ ਟਰਾਲੀਆਂ, ਰਾਸ਼ਨ ਪੂਰੇ ਭਰਕੇ।
ਖੱਟਰ ਨੇ ਅਗੋਂ ਜ਼ੋਰ ਲਗਾ ਕੇ, ਰਸਤੇ ਸੀ ਬੰਦ ਕਰਤੇ।
ਨਾਕੇ ਦਿੱਤੇ ਤੋੜ ਖੱਟਰ ਦੇ, ਝੱਲ ਕੇ ਜ਼ਬਰ ਜੁਆਨਾਂ।
ਜਾਂ ਮਰੀਏ ਜਾਂ ਮਾਰੀਏ, ਮਿਥਿਆ ਇਹ ਨਿਸ਼ਾਨਾ।
ਜ਼ੋਰ ਹਿੱਕ ਦੇ ਨਾਲ ਪੰਜਾਬੀ, ਪੁਹੁੰਚ ਗਏ ਸਭ ਦਿੱਲੀ।
ਸ਼ੇਰਾਂ ਅਗੇ ਸਰਕਾਰ ਫ਼ਸੀ ਹੈ, ਜਿਵੇਂ ਵਾੜ ਵਿਚ ਬਿੱਲੀ
ਜ਼ਬਰ ਕਰਨ ਵਾਲਿਆਂ ਨੂੰ ਵੀ, ਸਿੰਘਾਂ ਲੰਗਰ ਛਕਾਏ।
ਪੰਗਤਾਂ ਦੇ ਵਿਚ ਬੈਠ ਪੁਲਸ ਨੇ, ਰੱਜ਼ ਰੱਜ਼ ਭੋਜਨ ਖਾਏ।
ਛੱਤੀ ਮੀਲ ਲੰਮਾਂ ਲਾਰਾ ਤੱਕ ਕੇ, ਥੰਮ ਸੈਂਟਰ ਦੇ ਹਿੱਲੇ।
ਪੰਜਾਬ ਨਾਲ ਰਲ਼ ਸਾਰੇ ਸੂਬੇ, ਰਣ ਜਿੱਤਣ ਲਈ ਚੱਲੇ।
ਕਿਸਾਨ ਵੀਰਾਂ ਦੀ ਰੋਕਤੀ, ਮੋਦੀ ਨੇ ਉਸਾਰੀ।
ਮਿਲ਼ ਗਏ ਭਾਈ ਭਾਈ ਵਿਛੜੇ, ਆਖੇ ਪਰਜਾ ਸਾਰੀ।
ਹਰਿਆਣੇ ਪੰਜਾਬ ‘ਚ ਫੁੱਟ ਸੀ, ਲੋਭੀ ਲੋਕਾਂ ਨੇ ਪਾਈ।
ਮੁੱਕ ਜਾਣੇ ਪਾਣੀ ਦੇ ਝੇੜੇ, ਇਕ ਹੋਗੇ ਜਦ ਭਾਈ।
ਦੇਸ਼ ਵਾਸੀਆਂ ਦਿੱਲੀ ਘੇਰਲੀ, ਹੋ ਗਿਆ ਜਾਣ ਮਹੀਨਾ
ਬਹਿਗੇ ਭਾਰਤੀ ਤੰਬੂ ਤਾਣਕੇ, ਕਦੇ ਤਾਂ ਮੁੜੂ ਕਮੀਨਾ।
ਬੇ ਪਰਵਾਹਾ ਲੰਗਰ ਗੁਰੂ ਦਾ, ਪਤਾ ਨਹੀਂ ਕਿਥੋਂ ਆਵੇ।
ਗਿੱਲਾ ਸੁੱਕਾ ਬੜਾ ਸੁਆਦੀ, ਸਭਦੇ ਮਨ ਨੂੰ ਭਾਵੇ।
ਸਾਰੀ ਦੁਨੀਆਂ ਉੱਤੇ ਮੋਦੀਆ, ਹੋਗੀ ਤੇਰੀ ਭੰਡੀ।
ਇਕ ਜੁਟ ਹੋਏ ਸਭੇ ਭਾਰਤੀ, ਤੇਰੀ ਭੰਨਣਗੇ ਘੰਡੀ।
ਅੰਨਦਾਤਾ ਹੀ ਪਾਲ਼ੇ ਮੂਰਖਾ, ਇਹ ਮਨੁੱਖਤਾ ਸਾਰੀ।
ਮੂਰਖ ਮਾਲੀ ਮੋਦੀ ਵਰਗੇ, ਜੜ੍ਹੀਂ ਫੇਰਦੇ ਆਰੀ।
ਪੰਜਾਬ ਹਰਿਆਣਾ ਇਕ ਹੋ ਜਾਵੇ, ਸਾਰੀ ਦੁਨੀਆ ਭਾਖੇ।
ਅਕਲ ਟਿਕਣੇ ਆਊ ਚੋਰਾਂ ਦੀ, ਜਾਗ ਪਏ ਹੁਣ ਰਾਖੇ।
ਅੰਨਦਾਤੇ ਨਾਲ ਜ਼ਬਰ ਕਰੇਂ ਤੂੰ, ਸਮੇਂ ਦੀਏ ਸਰਕਾਰੇ।
ਸਾਰੇ ਭਾਰਤੀ ਹੱਕ ਲੈਣ ਲਈ, ਬੋਲਣ ਬੋਲ ਕਰਾਰੇ।
ਸੋਚ ਹੈ ਸਰੂਪ ਮੁੰਡੇਰ ਦੀ, ਮੰਨ ਜਾਣੇ ਜਰਵਾਣੇ।
ਕਿਰਤੀ ਕਿਸਾਨ ਚਾਹੀਦੇ ਦਾਤਾ, ਦਿੱਲੀਓ ਜਿੱਤ ਕੇ ਜਾਣੇ।
***
ਸਰੂਪ ਸਿੰਘ ਮੰਡੇਰ ਫ਼ੋਨ ਨੂੰ: 403-836-1486